Siharfian : Muhammad Boota Gujrati

ਸੀਹਰਫ਼ੀਆਂ : ਮੁਹੰਮਦ ਬੂਟਾ ਗੁਜਰਾਤੀ

ਅਲਫ਼-ਔਖੜਾ ਰਾਹ ਅਨੋਖੜਾ ਈ

ਅਲਫ਼-ਔਖੜਾ ਰਾਹ ਅਨੋਖੜਾ ਈ,
ਸਖਤ ਧੋਖੜਾ ਪ੍ਰੀਤ ਲਗਾਵਣੇ ਦਾ।
ਤਾਈਂ ਪੈਰ ਧਰੀਏ ਮੌਤੋਂ ਨਾ ਡਰੀਏ,
ਅੱਵਲ ਫ਼ਿਕਰ ਕਰੀਏ ਮੁਹਰਾ ਖਾਵਣੇ ਦਾ।
ਦਈਏ ਜਾਣ ਨਿਸ਼ੰਗ ਨਾ ਸੰਗ ਕਰੀਏ,
ਕਰੀਏ ਢੰਗ ਮਹਿਬੂਬ ਮਨਾਵਣੇ ਦਾ।
ਪੁਛੋ ਬੂਟਿਆ ਪ੍ਰੀਤ ਪਤੰਗ ਕੋਲੋਂ,
ਕਿਹਾ ਜ਼ਾਇਕਾ ਅੰਗ ਜਲਾਵਣੇ ਦਾ।

ਅਲਫ਼-ਏਸ ਪ੍ਰੇਮ ਦੇ ਨਗਰ ਅੰਦਰ

ਅਲਫ਼-ਏਸ ਪ੍ਰੇਮ ਦੇ ਨਗਰ ਅੰਦਰ,
ਡਿਠੇ ਵਸਦੇ ਕੁੱਠੜੀ ਜਾਨ ਵਾਲੇ।
ਦੁਆਰ ਇਸ਼ਕ ਦੇ ਬੈਠ ਕੇ ਕਰਨ ਪੂਜਾ,
ਡਿਠੇ ਹਾਫ਼ਜ਼ ਖਾਸ ਕੁਰਾਨ ਵਾਲੇ।
ਸੂਲੀ ਸਾਰ ਤੇ ਸਿਰੇ ਦੇ ਭਾਰ ਲਟਕਣ,
ਡਿਠੇ ਯਾਰ ਦਾ ਭੇਤ ਛੁਪਾਣ ਵਾਲੇ।
ਖ਼ੂਕ ਚਾਰਦੇ ਬ੍ਰੂਟਿਆ ਇਸ਼ਕ ਪਿਛੇ,
ਡਿਠੇ ਵਲੀ ਕਮਾਲ ਸਦਾਣ ਵਾਲੇ।

ਐਨ-ਇਸ਼ਕ ਦੇ ਮਗਰ ਜੋ ਨਸ਼ਰ ਹੋਏ

ਐਨ-ਇਸ਼ਕ ਦੇ ਮਗਰ ਜੋ ਨਸ਼ਰ ਹੋਏ,
ਪਰਦਾ ਉਹਨਾਂ ਦਾ ਕਿਸੇ ਨੇ ਪਾੜਨਾ ਕੀ ।
ਮੋਏ ਜਲ ਜੋ ਇਸ਼ਕ ਦੀ ਅੱਗ ਅੰਦਰ,
ਦੋਜ਼ਖ਼ ਭਾਹ ਨੇ ਓਹਨਾਂ ਨੂੰ ਸਾੜਨਾ ਕੀ ।
ਹੋਏ ਦੀਦ ਤੇ ਆਪ ਸ਼ਹੀਦ ਜੇਹੜੇ,
ਸੂਲੀ ਓਹਨਾਂ ਨੂੰ ਕਿਸੇ ਨੇ ਚਾਹੜਨਾ ਕੀ ।
ਦਿਲ ਜਿਹਨਾਂ ਦੇ ਬੂਟਿਆ ਇਸ਼ਕ ਲੁੱਟੇ,
ਘਰ ਉਹਨਾਂ ਦਾ ਕਿਸੇ ਉਜਾੜਨਾ ਕੀ ।

ਐਨ-ਇਸ਼ਕ ਰਬਾਬ ਜਾਂ ਵੱਜਿਆ ਸੀ

ਐਨ-ਇਸ਼ਕ ਰਬਾਬ ਜਾਂ ਵੱਜਿਆ ਸੀ,
ਤਦੋਂ ਸਰਹ ਨਿਬੇੜਦਾ ਕੌਣ ਸੀ ਜੀ ।
ਜਦੋਂ ਰਾਂਝਣੇ ਹੀਰ ਪਿਆਰ ਪਾਇਆ,
ਤਦੋਂ ਜ਼ਾਤ ਨਿਖੇੜਦਾ ਕੌਣ ਸੀ ਜੀ ।
ਜੋਗੀ ਹੋਇ ਹੁਣ ਮੁੰਦਰਾਂ ਪਾ ਆਇਆ,
ਝੰਗ ਮਝੀਆਂ ਛੇੜਦਾ ਕੌਣ ਸੀ ਜੀ ।
ਬੈਠਾ ਬੂਟਿਆ ਛਪ ਵਿਚ ਹੋ ਬੁਰਕੇ,
ਪਹਿਲੋਂ ਆਪ ਖਹੇੜਦਾ ਕੌਣ ਸੀ ਜੀ ।

ਸੀਨ-ਸਲ ਸੀਨੇ ਨਾਹੀਂ ਹਲ ਸਕਾਂ

ਸੀਨ-ਸਲ ਸੀਨੇ ਨਾਹੀਂ ਹਲ ਸਕਾਂ,
ਪਾਈਆਂ ਗਲ ਪ੍ਰੇਮ ਥੀਂ ਤੰਦੀਆਂ ਮੈਂ ।
ਸਾਰੀ ਸ਼ਰਮ ਤੈਨੂੰ ਰਖੀਂ ਭਰਮ ਪਿਆਰੇ,
ਕਰ ਕਰਮ ਕਦੀਮ ਥੀਂ ਬੰਦੀਆਂ ਮੈਂ ।
ਰਹਮ ਰਖ ਨਾ ਐਬ ਪਰਖ ਮੇਰੇ,
ਤੋੜੇ ਲਖ ਨਿਕਾਰੜੀ ਗੰਦੀਆਂ ਮੈਂ ।
ਤੇਰੇ ਦਰ ਤੇ ਬੂਟਿਆ ਧਰ ਮਥਾ,
ਅਰਜ਼ ਕਰ ਥਕੀ ਅਡ ਦੰਦੀਆਂ ਮੈਂ ।

ਸੁਆਦ-ਸਿਫ਼ਤ ਮਹਿਬੂਬ ਦੀ ਸੁਣੀ ਤਦੋਂ

ਸੁਆਦ-ਸਿਫ਼ਤ ਮਹਿਬੂਬ ਦੀ ਸੁਣੀ ਤਦੋਂ,
ਜਦੋਂ 'ਅਰਜ਼-ਸਮਾ' ਦਾ ਨਾਮ ਨਾ ਸੀ।
ਅਸਾਂ ਪੂਜਿਆ ਯਾਰ ਦਾ ਬੁਤ ਤਦੋਂ,
ਜਦੋਂ ਕੁਫ਼ਰ ਤੇ ਦੀਨ ਇਸਲਾਮ ਨਾ ਸੀ।
ਹੋਈ ਸ਼ੌਕ ਥੀਂ ਹੋਸ਼ ਬੇਹੋਸ਼ ਤਦੋਂ,
ਜਦੋਂ ਮੱਦ ਸ਼ਰਾਬ ਤੇ ਜਾਮ ਨਾ ਸੀ।
ਸੁਣਿਆ ਬੂਟਿਆ ਇਸ਼ਕ ਸਰੋਦ ਤਦੋਂ,
ਜਦੋਂ ਹਦ ਹਲਾਲ ਹਰਾਮ ਨਾ ਸੀ।

ਸ਼ੀਨ-ਸ਼ਹਿਰ ਦੇ ਉੜਦ ਬਾਜ਼ਾਰ ਅੰਦਰ

ਸ਼ੀਨ-ਸ਼ਹਿਰ ਦੇ ਉੜਦ ਬਾਜ਼ਾਰ ਅੰਦਰ,
ਅਸਾਂ ਸਾਧ ਤੇ ਚੋਰ ਇਕ ਜਾ ਡਿੱਠੇ ।
ਉਪਰ ਸ਼ਾਖ਼ ਸ਼ਗੂਫ਼ਿਆਂ ਨਾਚ ਕਰਦੇ,
ਅਸਾਂ ਭੂੰਡ ਤੇ ਭੌਰ ਇਕ ਜਾ ਡਿੱਠੇ ।
ਅੰਦਰ ਜੰਗਲਾਂ ਚੁਗਦੇ ਡਾਰ ਬਨ੍ਹ ਬਨ੍ਹ,
ਅਸਾਂ ਕਾਗ ਤੇ ਮੋਰ ਇਕ ਜਾ ਡਿੱਠੇ ।
ਫਿਰਦੇ ਬੂਟਿਆ ਗਿਰਦ ਖ਼ਜ਼ਾਨਿਆਂ ਦੇ,
ਚਸ਼ਮ ਸ਼ੋਖ਼ ਤੇ ਕੋਰ ਇਕ ਜਾ ਡਿੱਠੇ ।

ਸ਼ੀਨ-ਸ਼ਰਾਅ ਫਰਮਾਂਦੜੀ ਕੀ ਸਾਨੂੰ

ਸ਼ੀਨ-ਸ਼ਰਾਅ ਫਰਮਾਂਦੜੀ ਕੀ ਸਾਨੂੰ,
ਮੁਲਾਂ ਮਸਲੇ ਉਲਟ ਸੁਣਾ ਨਾਹੀਂ।
ਜਿਹੜਾ ਦਮ ਗਾਫ਼ਲ ਸੋਈ ਦਮ ਕਾਫ਼ਰ,
ਸਾਨੂੰ ਯਾਰ ਦੀ ਯਾਦ ਭੁਲਾ ਨਾਹੀਂ।
ਸੱਜਦਾ ਯਾਰ ਨੂੰ ਸੀਸ ਨਿਵਾ ਕੀਤਾ,
ਹੋਰ ਨਮਾਜ਼ ਰਵਾ ਨਾਹੀਂ।
.....................
.....................

ਸ਼ੀਨ-ਸ਼ਾਨ ਗਮਾਨ ਦਿਖਾਣ ਸੋਹਣੇ

ਸ਼ੀਨ-ਸ਼ਾਨ ਗਮਾਨ ਦਿਖਾਣ ਸੋਹਣੇ,
ਦਰਦ ਮੰਦਾਂ ਦੇ ਮੰਦੜੇ ਹੀਲੜੇ ਨੀ।
ਖ਼ੂਨ ਆਸ਼ਕਾਂ ਦਾ ਮਹਿੰਦੀ ਸੋਹਣਿਆਂ ਦੀ,
ਕਰਦੇ ਰੰਗ ਤੇ ਹਥ ਰੰਗੀਲੜੇ ਨੀ।
ਰਹੇ ਚੈਨ ਮਹਿਬੂਬਾਂ ਨੂੰ ਜੋਬਨਾਂ ਦੀ,
ਰਖਤ ਆਸ਼ਕਾਂ ਮਾਤਮੀ ਨੀਲੜੇ ਨੀ।
ਆਸ਼ਕ ਬੂਟਿਆ ਤੜਫਦੇ ਵਿਚ ਕਦਮਾਂ,
ਕਰਨ ਤਰਸ ਨਾ ਰੂਪ ਰਸੀਲੜੇ ਨੀ।

ਹੇ-ਹਰ ਪਾਸੇ ਦਿਸੇ ਮਾਹੀ ਮੈਨੂੰ

ਹੇ-ਹਰ ਪਾਸੇ ਦਿਸੇ ਮਾਹੀ ਮੈਨੂੰ,
ਜਿਧਰ ਕੰਡ ਕਰਾਂ ਗੁਨਹਾਗਾਰ ਹੋਵਾਂ ।
ਹਾਸਿਲ ਹੋਵੇ ਮਕਸੂਦ ਮੁਰਾਦ ਵਾਲੀ,
ਜੇ ਕਰ ਯਾਰ ਸੰਦੀ ਖ਼ਿਦਮਤਗਾਰ ਹੋਵਾਂ ।
ਕਰੇ ਕਰਮ ਨਿਗਾਹ ਜੇ ਇਕ ਸੋਹਣਾ,
ਸੁੱਕੇ ਕੱਲਰੋਂ ਸਬਜ਼ ਗੁਲਜ਼ਾਰ ਹੋਵਾਂ ।
ਮੁਹੰਮਦ ਬੂਟਿਆ ਯਾਰ ਦੀ ਖ਼ਾਕ ਉਤੋਂ,
ਲਖ ਵਾਰ ਕੁਰਬਾਨ ਨਿਸਾਰ ਹੋਵਾਂ ।

ਹੇ-ਹੁਸਨ ਦਾ ਮੁਲਕ ਮਸ਼ਹੂਰ ਖ਼ੂਨੀ

ਹੇ-ਹੁਸਨ ਦਾ ਮੁਲਕ ਮਸ਼ਹੂਰ ਖ਼ੂਨੀ,
ਬਣਦੇ ਨੈਣਾਂ ਦੇ ਤੇਜ਼ ਕਟਾਰ ਉਥੇ।
ਵਾਂਗ ਆਬਿ-ਹਿਯਾਤ ਉਹ ਰਾਹ ਔਖਾ,
ਧੁੰਧੂਕਾਰ ਗ਼ੱਬਾਰ ਹਜ਼ਾਰ ਉਥੇ।
ਆਵੇ ਪਰਤ ਨਾ ਜੀਉਂਦਾ ਫੇਰ ਮੁੜ ਕੇ,
ਪਾਵੇ ਝਾਤ ਜਿਹੜਾ ਇਕ ਵਾਰ ਉਥੇ।
............................
............................

ਹੇ-ਹੋਸ਼ ਤੇ ਅਕਲ ਨੂੰ ਦੂਰ ਕਰ ਕੇ

ਹੇ-ਹੋਸ਼ ਤੇ ਅਕਲ ਨੂੰ ਦੂਰ ਕਰ ਕੇ,
ਨੈਣਾਂ ਵਾਲੜਾ ਚਾ ਵਿਹਾਜ ਕਰੀਏ ।
ਬਹੀਏ ਸਬਰ ਦੇ ਤਖ਼ਤ ਤੇ ਨਾਲ ਖ਼ੁਸ਼ੀ,
ਸਿਰ ਨਫ਼ੀ ਅਸਬਾਤ ਦਾ ਤਾਜ ਕਰੀਏ ।
ਪਾ ਕੇ ਫ਼ਤਹ ਇਸ ਕਿਬਰ ਦੇ ਕਿਲ੍ਹੇ ਉਤੇ,
ਵਿਚ ਪਰੇਮ ਨਗਰ ਦੇ ਰਾਜ ਕਰੀਏ ।
ਆਵੇ ਰੂਬਰੂ ਬੂਟਿਆ ਤਦੋਂ ਪਿਆਰਾ,
ਜਦੋਂ ਹਾਸਿਲ ਹੁਸਨ ਦੇ ਬਾਜ ਕਰੀਏ ।

ਕਾਫ਼-ਕਿਲਾ ਉਸਾਰ ਕੇ ਹੁਸਨ ਵਾਲਾ

ਕਾਫ਼-ਕਿਲਾ ਉਸਾਰ ਕੇ ਹੁਸਨ ਵਾਲਾ,
ਸੋਹਣਾ ਨੈਣਾਂ ਦੇ ਮੋਰਚੇ ਲਾ ਬੈਠਾ।
ਪਲਕਾਂ ਵਾਲੀਆਂ ਪੱਟੀਆਂ ਚਾਹੜ ਕੇ ਤੇ,
ਮੈਂਡਾ ਅਕਲ ਤੇ ਸਬਰ ਲੁਟਾ ਬੈਠਾ।
ਵਲ ਵਲ ਕੇ ਦਿਲ ਨੂੰ ਘਤ ਘੇਰਾ,
ਫੰਧ ਜ਼ੁਲਫ਼ ਕਮੰਦ ਦੇ ਪਾ ਬੈਠਾ।
ਮੇਰੀ ਦਿਲ ਦੀ ਬੂਟਿਆ ਲੁਟ ਦਿੱਲੀ,
ਹੁਸਨ ਆਪਣਾ ਹੁਕਮ ਚਲਾ ਬੈਠਾ।

ਗ਼ੈਨ ਗ਼ਨੀ ਮੈਂ ਲਖ ਗ਼ਨੀਮਤਾਂ ਥੀਂ

ਗ਼ੈਨ ਗ਼ਨੀ ਮੈਂ ਲਖ ਗ਼ਨੀਮਤਾਂ ਥੀਂ,
ਤੋੜੇ ਮੰਗਤੀ ਤੈਂਡੜੀ ਖ਼ੈਰ ਦੀ ਹਾਂ ।
ਹਰ ਦਮ ਮੈਂ ਚੁਮ ਕਦਮ ਰਹੀਆਂ,
ਤੋੜੇ ਖ਼ਾਕ ਤੁਸਾਡੜੇ ਪੈਰ ਦੀ ਹਾਂ ।
ਤੇਰੀ ਸਾਹਿਬਾਂ ਸਦੀਆਂ ਜੱਗ ਗੋਲੀ,
ਤੋੜੇ ਜੱਟੜੀ ਮੈਂ ਕੌਮ ਗ਼ੈਰ ਦੀ ਹਾਂ ।
ਹੋਈ ਬੂਟਿਆ ਫ਼ਰਸ਼ ਮੈਂ ਬੈਠ ਤਲੀਆਂ,
ਤੋੜੇ ਚਮਕਣੀ ਧੁਪ ਦੋਪੈਹਰ ਦੀ ਹਾਂ ।

ਜੀਮ-ਜਾ ਡਿਠਾ ਸੋਹਣਾ ਬੁਤ ਖ਼ਾਨੇ

ਜੀਮ-ਜਾ ਡਿਠਾ ਸੋਹਣਾ ਬੁਤ ਖ਼ਾਨੇ,
ਮੱਥੇ ਤਿਲਕ ਤੇ ਬਗ਼ਲ ਕੁਰਆਨ ਦਿਸਦਾ ।
ਇਕ ਹਥ ਮਾਲਾ ਇਕ ਹਥ ਤਸਬੀਹ,
ਨਾ ਓਹ ਹਿੰਦੂ ਤੇ ਨਾ ਮੁਸਲਮਾਨ ਦਿਸਦਾ ।
ਕੀਤਾ ਯਾਰ ਦਾ ਮਜ਼ਹਬ ਕਬੂਲ ਮੈਂ ਭੀ,
ਓਸੇ ਵਿਚ ਇਸਲਾਮ ਈਮਾਨ ਦਿਸਦਾ ।
ਮੁਹੰਮਦ ਬੂਟਿਆ ਚਮਕਦਾ ਹਰ ਤਰਫ਼ੋਂ,
ਜਲਵਾ ਯਾਰ ਦਾ ਵਿਚ ਜਹਾਨ ਦਿਸਦਾ ।

ਜ਼ਾਲ-ਜ਼ਰਾ ਨਾ ਆਉਂਦੀ ਸਮਝ ਮੁਲਾਂ

ਜ਼ਾਲ-ਜ਼ਰਾ ਨਾ ਆਉਂਦੀ ਸਮਝ ਮੁਲਾਂ,
ਤੇਰੇ ਇਲਮ ਤੇ ਵਾਅਜ਼ ਕੁਰਾਨ ਵਾਲੀ।
ਰੱਖ ਠੱਪ ਕਿਤਾਬ ਸ਼ਤਾਬ ਹੱਥੋਂ,
ਕਰ ਸਿਫ਼ਤ ਕੋਈ ਯਾਰ ਦੇ ਨਾਮ ਵਾਲੀ।
ਅਸਾਂ ਇਸ਼ਕ ਕਫ਼ਾਰ ਦੇ ਕਾਫ਼ਰਾਂ ਨੂੰ,
ਕੁਝ ਸਮਝ ਨਾ ਮਜ਼੍ਹਬ ਇਸਲਾਮ ਵਾਲੀ।
..............................
..............................

ਜ਼ੁਆਦ-ਜ਼ਾਮਿਨ ਗ਼ਮਾਂ ਦਾ ਕੌਨ ਹੋਵੇ

ਜ਼ੁਆਦ-ਜ਼ਾਮਿਨ ਗ਼ਮਾਂ ਦਾ ਕੌਨ ਹੋਵੇ,
ਆਹਾ ਯਾਰ ਦਰਦੀ ਸੋ ਭੀ ਨਸ ਗਿਆ ।
ਨਹੀਂ ਬੰਦਗੀ ਪਈ ਕਬੂਲ ਮੇਰੀ,
ਸਿਜਦੇ ਕਰਦਿਆਂ ਮਥੜਾ ਘਸ ਗਿਆ ।
ਡਿੱਠਾ ਵਾਹ ਮੈਂ ਬੇ ਪਰਵਾਹ ਸੋਹਣਾ,
ਸਾਨੂੰ ਰੋਂਦਿਆਂ ਵੇਖ ਕੇ ਹਸ ਗਿਆ ।
ਕੀਤੇ ਬੂਟਿਆ ਲਖ ਹਜ਼ਾਰ ਤਰਲੇ,
ਜਾਨੀ ਇਕ ਨਾ ਦਿਲੇ ਦੀ ਦੱਸ ਗਿਆ ।

ਜ਼ੇ-ਜ਼ਾਰੀਆਂ ਯਾਰੀਆਂ ਵਿਚ ਯਾਰੋ

ਜ਼ੇ-ਜ਼ਾਰੀਆਂ ਯਾਰੀਆਂ ਵਿਚ ਯਾਰੋ,
ਬੰਨ੍ਹ ਮਾਰੀਆਂ ਇਸ਼ਕ ਵਿਚਾਰੀਆਂ ਨੀ।
ਸੱਸੀ ਸਾਹਿਬਾਂ ਹੀਰ ਥੀਂ ਚਲ ਪੁਛੋ,
ਜਿਨ੍ਹਾਂ ਚੱਖੀਆਂ ਇਸ਼ਕ ਕਟਾਰੀਆਂ ਨੀ।
ਤਦੋਂ ਨਜ਼ਰ ਮਹਿਬੂਬ ਮਨਜ਼ੂਰ ਹੋਈਆਂ,
ਬਣੀਆਂ ਜੱਗ ਤੇ ਜਦੋਂ ਖ਼ੁਆਰੀਆਂ ਨੀ।
ਔਖੀ ਬੂਟਿਆ ਰੀਤ ਪ੍ਰੀਤ ਵਾਲੀ,
ਲੋਕ ਆਖਦੇ ਸੌਖੀਆਂ ਯਾਰੀਆਂ ਨੀ।

ਜ਼ੋਏ-ਜ਼ੁਲਮ ਹੈ ਯਾਰ ਵਿਸਾਰ ਜਾਣਾ

ਜ਼ੋਏ-ਜ਼ੁਲਮ ਹੈ ਯਾਰ ਵਿਸਾਰ ਜਾਣਾ,
ਇਕ ਵਾਰ ਆਵੀਂ ਸਦਕੇ ਜਾਵਨੀ ਹਾਂ ।
ਰਗਾਂ ਤਾਰ ਤੇ ਤਨ ਰਬਾਬ ਕਰਕੇ,
ਤੇਰੇ ਰਾਗ ਵਿਰਾਗ ਥੀਂ ਗਾਵਨੀ ਹਾਂ ।
ਝਬ ਆ ਤੇ ਮੁਖ ਵਿਖਾ ਮੈਨੂੰ,
ਵੇਖਾਂ ਰਾਹ ਤੇ ਕਾਗ ਉਡਾਵਨੀ ਹਾਂ ।
ਫਿਰਾਂ ਭਾਲਦੀ ਬੂਟਿਆ ਲਾਲ ਤਾਈਂ,
ਨਿਤ ਫ਼ਾਲ ਕਿਤਾਬ ਕਢਾਵਨੀ ਹਾਂ ।

ਜ਼ੋਏ-ਜ਼ੁਲਮ ਮੁਸੀਬਤਾਂ ਝੱਲ ਸਿਰ ਤੇ

ਜ਼ੋਏ-ਜ਼ੁਲਮ ਮੁਸੀਬਤਾਂ ਝੱਲ ਸਿਰ ਤੇ,
ਇਕ ਯਾਰ ਦੀ ਯਾਦ ਨਾ ਹਾਰ ਦਿਲ ਥੀਂ ।
ਚੁਮ ਕਦਮ ਮਹਬੂਬ ਦੇ ਖ਼ਾਕ ਹੋ ਕੇ,
ਏਸ ਖ਼ੁਦੀ ਹੰਕਾਰ ਨੂੰ ਮਾਰ ਦਿਲ ਥੀਂ ।
ਆਸਨ ਸਿਦਕ ਤੇ ਮਨ ਦੀ ਫੇਰ ਮਾਲਾ,
ਬੈਠ ਯਾਰ ਦਾ ਨਾਮ ਚਿਤਾਰ ਦਿਲ ਥੀਂ ।
ਮਿਲੇ ਬੂਟਿਆ ਸਿੱਰ ਜੇ ਸਿਰ ਉਤੋਂ,
ਕਰ ਵਣਜ ਇਹ ਸ਼ੁਕਰ ਗੁਜ਼ਾਰ ਦਿਲ ਥੀਂ ।

ਤੇ-ਤੇਜ਼ ਪ੍ਰੇਮ ਦੀ ਅੱਗ ਮਿੱਠੀ

ਤੇ-ਤੇਜ਼ ਪ੍ਰੇਮ ਦੀ ਅੱਗ ਮਿੱਠੀ,
ਮਜ਼ਾ ਆਉਂਦਾ ਜਾਨ ਜਲਾਵਣੇ ਥੀਂ।
ਝਿੜਕ ਝੰਮ ਮੁਸੀਬਤਾਂ ਗ਼ਮ ਹਰ ਦਮ,
ਤੁਹਫ਼ੇ ਮਿਲਣ ਹਰ ਦਮ ਨੇਹੁੰ ਲਾਵਣੇ ਥੀਂ।
ਸਿਰ ਦਿਤਿਆਂ ਯਾਰ ਜੇ ਹੋਣ ਰਾਜ਼ੀ,
ਨਾਹੀਂ ਝਕੀਏ ਜਾਨ ਵੰਜਾਵਣੇ ਥੀਂ।
ਇਹੋ ਬੂਟਿਆ ਰਸਮ ਰੰਗੀਲਿਆਂ ਦੀ,
ਕਰਨ ਤਰਸ ਨਾ ਖ਼ੂਨ ਬਹਾਵਣੇ ਥੀਂ।

ਦਾਲ-ਦਰਸ ਪਰੀਤ ਪਰੇਮ ਵਾਲੇ

ਦਾਲ-ਦਰਸ ਪਰੀਤ ਪਰੇਮ ਵਾਲੇ,
ਪੜ੍ਹਦੇ ਪੱਟੀਆਂ ਪੀਰ ਮੁਗ਼ਾਨ ਡਿੱਠੇ ।
ਭੁਲਾ ਸਬਕ ਤੇ ਹੋਰ ਧਿਆਨ ਵਿਚੋਂ,
ਉਲਫ਼ਤ ਅਲਫ਼ ਦੀ ਵਿਚ ਹੈਰਾਨ ਡਿੱਠੇ ।
ਲੰਮਾਂ ਇਲਮ ਏ ਪਿੱਟਣਾ ਅਮਲ ਬਾਹਜੋਂ,
ਨੁਕਤੇ ਨਾਮ ਦੇ ਤੇ ਕੁਰਬਾਨ ਡਿੱਠੇ ।
ਇਸਮ ਅਲਾ ਦਾ ਬੂਟਿਆ ਯਾਦ ਕਰਦੇ,
ਅੱਠੇ ਪਹਿਰ ਵਿਚ ਏਸ ਧਿਆਨ ਡਿੱਠੇ ।

ਫ਼ੇ-ਫ਼ਜ਼ਰ ਦੇ ਵਕਤ ਪਖੇਰੂਆਂ ਦੀ

ਫ਼ੇ-ਫ਼ਜ਼ਰ ਦੇ ਵਕਤ ਪਖੇਰੂਆਂ ਦੀ,
ਆਵੇ ਮਸਤ ਆਵਾਜ਼ ਹਰ ਦਾ ਸਾਨੂੰ ।
ਉਡ ਬੁਲਬੁਲੇ ਬਾਗ਼ ਨੂੰ ਜਾਹ ਜਲਦੀ,
ਲਿਆ ਕੇ ਗੁਲ ਦੀ ਗਲ ਸੁਨਾ ਸਾਨੂੰ ।
ਮਸਤ ਮੁਸ਼ਕ ਮਾਸ਼ੂਕ ਦੀ ਜ਼ੁਲਫ਼ ਵਿਚੋਂ,
ਪਈ ਆਉਂਦੀ ਨਾਲ ਹਵਾ ਸਾਨੂੰ ।
ਕਲੀਆਂ ਖਿਲੀਆਂ ਬੂਟਿਆ ਬਾਗ਼ ਅੰਦਰ,
ਸ਼ਾਹਲਾ ਮਿਲੇ ਮਾਲੀ ਹੁਣ ਆ ਸਾਨੂੰ ।

ਬੇ-ਬਹੁਤ ਦਰਾਜ਼ ਉਹ ਬੁਰਜ ਉੱਚਾ

ਬੇ-ਬਹੁਤ ਦਰਾਜ਼ ਉਹ ਬੁਰਜ ਉੱਚਾ,
ਜਿੱਥੇ ਇਸ਼ਕ ਦੇ ਝੰਡੜੇ ਝੁੱਲਦੇ ਨੀ ।
ਏਹ ਇਸ਼ਕ ਬਾਜ਼ਾਰ ਬੇਪਾਰ ਡਾਹਢਾ,
ਜਿਥੇ ਸੌਦੜੇ ਸਿਰਾਂ ਦੇ ਤੁੱਲਦੇ ਨੀ ।
ਫਿਰਨ ਕਾਲੜੇ ਮਾਤਮੀ ਵੇਸ ਕਰਕੇ,
ਆਸ਼ਿਕ ਭੌਰ ਮੁਸ਼ਤਾਕ ਜੋ ਫੁੱਲ ਦੇ ਨੀ ।
ਕੈਦੀ ਇਸ਼ਕ ਦੇ ਬੂਟਿਆ ਲੈਨ ਤਰਲੇ,
ਗਲੋਂ ਜ਼ੁਲਫ਼ ਦੇ ਤੌਕ ਨਾ ਖੁਲ੍ਹਦੇ ਨੀ ।

ਬੇ-ਬਦੀ ਬਦਨਾਮਗੀ ਜੱਗ ਦੀ ਥੀਂ

ਬੇ-ਬਦੀ ਬਦਨਾਮਗੀ ਜੱਗ ਦੀ ਥੀਂ,
ਦਿਲ ਡਰੇ ਤੇ ਮੁਖੜਾ ਜੋੜੀਏ ਨਾ।
ਜੇ ਕਰ ਜੋੜੀਏ ਫੇਰ ਮੂੰਹ ਮੋੜੀਏ ਨਾ,
ਕਰੀਏ ਸ਼ਰਮ ਪ੍ਰੀਤ ਤਰੋੜੀਏ ਨਾ।
ਇਕੋ ਯਾਰ ਦਾ ਨਾਮ ਚਿਤਾਰੀਏ ਜੀ,
ਹੋਰ ਸੰਗ-ਕੁਸੰਗ ਦਾ ਜੋੜੀਏ ਨਾ।
ਕਰੀਏ ਬੂਟਿਆ ਜ਼ਿਕਰ ਮਹਿਬੂਬ ਵਾਲਾ,
ਗਾਫ਼ਲ ਹੋ ਕੇ ਉਮਰ ਨਿਖੋੜੀਏ ਨਾ।

ਯੇ-ਯਾਰੀਆਂ ਲਾਉਣੀਆਂ ਬਹੁਤ ਮੁਸ਼ਕਲ

ਯੇ-ਯਾਰੀਆਂ ਲਾਉਣੀਆਂ ਬਹੁਤ ਮੁਸ਼ਕਲ,
ਮੈਨੂੰ ਲੋਕ ਕਿਉਂ ਆਖਦੇ ਸੌਖੜਾ ਈ।
ਧੁੰਧੂਕਾਰ ਜਿਉਂ ਆਬਿ-ਹਿਯਾਤ ਗਿਰਦੇ,
ਤਿਉਂ ਇਸ਼ਕ ਨੂੰ ਲੱਭਣਾ ਔਖੜਾ ਈ।
ਉਹ ਬੇਲੜਾ ਇਸ਼ਕ ਦਾ ਸਖਤ ਖ਼ੂਨੀ,
ਉਥੇ ਜਾਨ ਦਾ ਵਡੜਾ ਧੋਖੜਾ ਈ।
ਝੱਲੇ ਬੂਟਿਆ ਇਸ਼ਕ ਦੀ ਝਾਲ ਕਿਹੜਾ,
ਇਹ ਤੇ ਭਾਰ ਪਹਾੜ ਥੀਂ ਚੋਖੜਾ ਈ।

ਲਾਮ-ਲੈਲਾਤੁਲ ਕਦਰ ਦਾ ਨੂਰ ਡਿੱਠਾ

ਲਾਮ-ਲੈਲਾਤੁਲ ਕਦਰ ਦਾ ਨੂਰ ਡਿੱਠਾ,
ਓਸ ਯਾਰ ਦੀ ਜ਼ੁਲਫ਼ ਸਿਆਹ ਵਿਚੋਂ ।
ਪਾਇਆ ਇਸ਼ਕ ਦਾ ਪਤਾ ਨਿਸ਼ਾਨ ਪੱਕਾ,
ਓਸ ਯਾਰ ਦੀ ਲੁਤਫ਼ਿ ਗੁਨਾਹ ਵਿਚੋਂ ।
ਮਿਲਿਆ ਇਸ਼ਕ ਈਮਾਨ ਦਾ ਦਾਨ ਸਾਨੂੰ,
ਓਸ ਯਾਰ ਦੀ ਖ਼ਾਸ ਦਰਗਾਹ ਵਿਚੋਂ ।
ਲਧਾ ਬੂਟਿਆ ਵਸਲ ਦਾ ਅਸਲ ਮੋਤੀ,
ਓਸ ਯਾਰ ਦੀ ਖ਼ਾਸ ਨਿਗਾਹ ਵਿਚੋਂ ।

(ਆਪਣਾ ਪਤਾ-ਕਿੱਸਾ ਸ਼ੀਰੀਂ-ਫ਼ਰਹਾਦ)

ਜੇ ਕਰ ਸ਼ਕ ਹੈ ਪੁਛ ਬੇਸ਼ੱਕ ਮੈਨੂੰ,
ਛੱਤੀ ਸਾਲ ਦੀ ਉਮਰ ਜ਼ਰੂਰ ਯਾਰਾ।
ਜੇ ਕਰ ਸ਼ੌਕ ਹੋਵੇ, ਮੇਰੇ ਮਿਲਣ ਸੰਦਾ,
ਦੇਸਾਂ ਪਤਾ ਨਿਸ਼ਾਨ ਜ਼ਰੂਰ ਯਾਰਾ।
ਨਾਮੀ ਨਾਮ ਗੁਜਰਾਤ, ਚਨਾਬ ਉਤੇ,
ਹੋਈ ਸੋਹਣੀ ਸੋਹਣੀ ਹੂਰ ਯਾਰਾ।
ਵਿਚ ਸ਼ਹਿਰ ਗੁਜਰਾਤ ਮਕਾਨ ਮੇਰਾ,
ਮਿਲੀਂ ਆ, ਹੋਕੇ ਮਸਰੂਰ ਯਾਰਾ।
ਚੜ੍ਹਦੇ ਸ਼ਹਿਰ ਥੀਂ ਨਵਾਂ ਬਾਜ਼ਾਰ ਪੁੱਛੀਂ,
ਕਟੜਾ ਸ਼ਾਲਬਾਫਾਂ ਮਸ਼ਹੂਰ ਯਾਰਾ।
ਪਹਿਲੀ ਵਾਰ ਦਾ ਸ਼ੇਅਰ ਨ ਐਬ ਰਖੀਂ,
ਪਰਦੇ ਪੋਸ਼ ਹੋ, ਦੇਖ ਕਸੂਰ ਸਾਰਾ।
ਦੂਜੀ ਵਾਰ ਇੰਨਸ਼ਾ-ਅੱਲਾ ! ਜੋ ਸ਼ੇਅਰ ਕਰਸਾਂ,
ਹੋਸੀ ਸ਼ਾਇਰਾਂ ਵਿਚ ਮਨਜ਼ੂਰ ਯਾਰਾ।
ਕਿੱਸਾ ਆਖਿਆ ਹੋ ਉਤਾਵਲਾ ਮੈਂ,
ਹੋਇਆ ਜੋਸ਼ਿ-ਜਨੂੰਨ ਤੰਦੂਰ ਯਾਰਾ।
ਦੋ ਮਾਹ ਦਸ ਯੌਮ ਵਿਚ ਕੁੱਲ ਕਿੱਸਾ,
ਬੈਠ ਆਖਿਆ ਨਾਲ ਸ਼ਊਰ ਯਾਰਾ।

..............................
ਇਕ ਵਿਚ ਬਾਜ਼ਾਰ ਰਫ਼ੀਕ ਮੇਰਾ,
ਸ਼ਮਸੁੱਦੀਨ ਉਸ ਨਾਮ ਦਿਲਦਾਰ ਜਾਨੀ।
ਸ਼ਮਸ ਦੀਨ ਗੋਯਾ ਸ਼ਮਸਿ ਦੀਨ ਹੈ ਈ,
ਰਖੇ ਯਾਦ ਅੱਲ੍ਹਾ ਨੇਕੋ ਕਾਰ ਜਾਨੀ।
ਕੀਤੀ, ਓਸ ਮਹਿਬੂਬ ਫ਼ਰਮਾਇਸ਼ ਮੈਨੂੰ,
ਸੰਨ ਈਸਵੀ ਆਖ ਇਜ਼ਹਾਰ ਜਾਨੀ।
੧੮੭੩ ਈ:
ਬੂਟੇ ਸੰਨ ਸੁਣਾਈ ਤਦੋਂ ਯਾਰਾ,
ਹੋਇਆ ਕਰਮ ਜਾਂ ਰਬ ਰਹੀਮ ਜਾਨੀ।

ਸੀਹਰਫ਼ੀਆਂ ਵਿੱਚੋਂ ਕੁਝ ਸ਼ੇਅਰ

1
ਸ਼ਾਮ ਵੇਂਹਦਿਆਂ ਸ਼ਾਮ ਕਜ਼ਾ ਹੋ ਗਈ,
ਗਈ ਭੁਲ ਨਿਮਾਜ਼ ਧਿਆਨ ਵਿਚੋਂ।
ਚੜ੍ਹੀ ਸ਼ੌਕ ਸ਼ਰਾਬ ਦੀ ਆਣ ਮਸਤੀ,
ਕਲਮਾ ਪੜ੍ਹਾਂ ਮੈਂ ਕਿਸ ਜ਼ਬਾਨ ਵਿਚੋਂ।
2
ਕਾਫ-ਕੁੱਠੜੀ ਇਸ਼ਕ ਨੇ ਲੁੱਟੜੀ ਮੈਂ,
ਫਿਰਾਂ ਮੁੱਠੜੀ ਦੀਦ ਜਮਾਲ ਦੀ ਮੈਂ।
ਲਟਾਂ ਖੋਹਨੀਆਂ ਤੇ ਹੰਝੂ ਰੋਨੀਆਂ ਮੈਂ,
ਜੰਗਲ ਭੌਨੀਆਂ ਯਾਰ ਨੂੰ ਭਾਲਦੀ ਮੈਂ।
3
ਲਾਇਆ ਨੇਹੁੰ ਸੀ ਸੁਖ ਆਰਾਮ ਕਾਰਨ,
ਸਗੋਂ ਦੁਖ ਤੇ ਦਰਦ ਅਜ਼ਾਬ ਮਿਲਿਆ।
ਮੁਹੰਮਦ ਬ੍ਰੂਟਿਆ ਰੋਂਦਿਆਂ ਉਮਰ ਗੁਜ਼ਰੀ,
ਕਿਹਾ ਧੁਰੋਂ ਨਸੀਬ ਖ਼ਰਾਬ ਮਿਲਿਆ।
4
ਫ਼ੇ-ਫਿਕਰ ਤੇ ਖ਼ੌਫ਼ ਨਾ ਦੋਜ਼ਖ਼ਾਂ ਦਾ,
ਅਤੇ ਨਾਹੀਂ ਬਹਿਸ਼ਤ ਦਾ ਚਾਅ ਮੈਨੂੰ।
ਸਿਰਫ਼ ਇਸ਼ਕ ਹਜ਼ੂਰ ਥੀਂ ਮੰਗਣੀ ਹਾਂ,
ਨਾਹੀਂ ਲੋੜ ਨਮਾਜ਼ ਦੀ ਕਾ ਮੈਨੂੰ।
5
ਯਾਦ ਯਾਰ ਦੀ ਛਡਕੇ, ਵਿਚ ਮਸਜਦ,
ਮੱਥੇ ਦਾਗ਼ ਸਿਆਹੀਆਂ ਲਾਈਏ ਕਿਉਂ?
ਮਿਲੇ ਬੂਟਿਆ ਯਾਰ ਜ਼ਨਾਰ ਪਾਇਆਂ,
ਪਕੜ ਤਸਬੀਹਾਂ ਵਿਰਦ ਕਮਾਈਏ ਕਿਉਂ?
6
ਜਲਵਾ ਨੂਰ ਜ਼ਹੂਰ ਕੋਹਿਤੂਰ ਕੋਲੋਂ,
ਡਿੱਠੀ ਯਾਰ ਦੀ ਝਾਤ ਚੰਗੇਰੜੀ ਜੀ।
ਜਾਮਿ ਖਿਜ਼ਰ ਤੇ ਆਬਿ ਹਿਆਤ ਕੋਲੋਂ,
ਡਿੱਠੀ ਯਾਰ ਦੀ ਜ਼ਾਤ ਚੰਗੇਰੜੀ ਜੀ।
7
ਬੇ-ਬੱਸ ਕਿਤਾਬ ਨੂੰ ਠੱਪ ਮੁੱਲਾਂ,
ਕੋਈ ਇਸ਼ਕ ਦੀ ਬਾਤ ਸੁਣਾ ਸਾਨੂੰ।
ਸੂਰਤ ਲੈਲੋ-ਅਲ-ਸ਼ਮਸ਼ ਨਾ ਸਮਝ ਸਾਨੂੰ,
ਸੂਰਤ ਯਾਰ ਦੀ ਅਸਲ ਦਿਖਾ ਸਾਨੂੰ।
8
ਤਸਬੀਹ ਹੰਝੂਆਂ ਵਾਲੜੀ ਪਕੜ ਹੱਥੀਂ,
ਨਾਮ ਯਾਰ ਦਾ ਵਿਰਦ ਕਮਾਈਏ ਜੀ।
ਵਾਂਗ ਬਾਂਸਰੀ ਜਿਗਰ ਨੂੰ ਛੇਕ ਕਰ ਕੇ,
ਵਿਚ ਜੀਅ ਮਹਿਬੂਬ ਨੂੰ ਗਾਈਏ ਜੀ।
9
ਹੁਸਨ ਯੂਸਫ਼ ਸੰਦਾ ਭੁੱਲ ਗਿਆ,
ਸੁਣੀ ਸਿਫ਼ਤ ਜਾਂ ਯਾਰ ਰੰਝੇਟੜੇ ਦੀ।
ਜਲਵਾ ਤੂਰ ਦਾ ਦੂਰ ਥੀਂ ਨੂਰ ਪਾਇਆ,
ਡਿੱਠੀ ਚਮਕਣੀ ਝਾਤ ਰੰਝੇਟੜੇ ਦੀ।
10
ਬਾਂਕੀ ਬਾਂਸਰੀ ਬਾਂਸ ਦੀ ਰਾਂਝੜੇ ਦੀ,
ਸੁਣੋ ! ਕੀ ਆਵਾਜ਼ ਕਰੇਂਦੜੀ ਨੀ।
ਦੱਸ ਕੇ ਬਾਂਕੜੀ ਚਾਲ ਮਾਹੀ, ਮੁੱਠੀ,
ਹੀਰ ਜਟੇਟੜੀ ਝੰਗ ਦੀ ਨੀ।
11
ਜੱਗ ਸਾਰੇ ਵਿਚੋਂ ਚੁਣ ਲਿਆ,
ਰਾਂਝਾ ਫੁਲ ਗੁਲਾਬ ਅਨੋਖੜਾ ਈ।
ਬਾਂਕੀ ਚਾਲ ਰੰਗੀਲੜੀਂ ਸ਼ਾਨ ਵਾਲਾ,
ਸਾਡਾ ਚਾਕ ਮਹਿਤਾਬ ਅਨੋਖੜਾ ਈ।
12
ਬੁਤ ਰੂਹ ਜਦੋਂ ਇਕਰਾਰ ਕੀਤਾ,
ਸਾਡਾ ਮੀਤ ਨਾਲ ਪਿਆਰ ਚਿਰੋਕਣਾ ਸੀ।
13
ਚੁਣਕੇ ਜੱਗ ਥੀਂ ਬੂਟਿਆ ਹੀਰ ਲੱਧਾ,
ਰਾਂਝਾ ਫੁੱਲ ਗੁਲਾਬ ਜੇਹਾ।
14
ਮਸਤ ਮੁਸ਼ਕ ਮਾਸ਼ੂਕ ਦੀ ਜ਼ੁਲਫ਼ ਵਿਚੋਂ,
ਪਈ ਆਉਂਦੀ ਹਵਾ ਸਾਨੂੰ।
15
ਔਗਣਹਾਰ ਜਟੇਟੜੀ ਕੋਹਝੜੀ ਮੈਂ,
ਸੋਹਣੇ ਯਾਰ ਦੇ ਵਡੜੇ ਨਾਜ਼ ਸੁਣੀਏ।
16
ਤੇ-ਤੱਕਿਆ ਯਾਰ ਦੀ ਜ਼ੁਲਫ਼ ਅੰਦਰ,
ਪਿਆ ਚਮਕਦਾ ਨੂਰ ਕੋਹਿ ਤੂਰ ਵਾਲਾ।
17
ਗਿਆ ਭੁਲ ਇਸਲਾਮ ਦਾ ਨਾਮ ਮੈਨੂੰ,
ਸੂਣਿਆਂ ਰਾਗ ਜਾਂ ਇਸ਼ਕ ਰਬਾਬ ਥੀਂ ਮੈਂ।
18
ਜ਼ੇ-ਜ਼ਰ ਜ਼ੇਵਰ ਦਰਕਾਰ ਨਹੀਂ,
ਪਾਇਆ ਰਾਂਝਣਾ ਮੋਤੀ ਲਾਲ ਇਕੋ।
19
ਉਸ ਮਾਹਿ ਮਨੀਰ ਦੇ ਮੁਖੜੇ ਤੋਂ,
ਸੂਰਜ ਚੰਦ ਦੀ ਝਾਤ ਕੁਰਬਾਨ ਕਰੀਏ।
20
ਦਿੱਲੀ ਦਿਲੇ ਦੀ ਬੂਟਿਆ ਲੁਟ ਲੈਂਦੇ,
ਚਾਹੜ ਹੁਸਨ ਦੇ ਕਟਕ ਪਿਆਦੜੇ ਨੀ।
21
ਦਿੱਲੀ ਦਿਲੇ ਦੀ ਸਾਡੜੀ ਲੁਟ ਗਿਆ,
ਜ਼ਰਾ ਸਾਹਮਣੇ ਹੁਸਨ ਦਾ ਚੋਰ ਦਸੀਂ।
22
ਜਿਵੇਂ ਵੰਝਲੀ ਡਾਲੀਉਂ ਟੁਟ ਚੀਕੇ,
ਤਿਵੇਂ ਬਾਝ ਤੇਰੇ ਮੈਂ ਵੀ ਰੋਨੀ ਆਂ ਵੇ।
23
ਰਗਾਂ ਤਾਰ ਤੇ ਤਨ ਰਬਾਬ ਕਰ ਕੇ,
ਤੇਰੇ ਰਾਗ ਵਿਰਾਗ ਥੀਂ ਗਾਵਨੀ ਆਂ।
24
ਪੂਜਾਂ ਦਿਲ ਦਿਲਬਰ ਦਾ ਸਮਝ ਕਾਅਬਾ,
ਕਿਹੜੇ ਵੱਕਤ ਮਸੀਤ ਉਸਾਰੀਏ ਜੀ।
25
ਜ਼ੁਆਦ-ਜ਼ਰਬ ਪ੍ਰੇਮ ਦੀ ਜਿਨ੍ਹਾਂ ਖਾਧੀ,
ਹੋਣਾ ਕਰਬਲਾ ਤਿਨ੍ਹਾਂ ਸ਼ਹੀਦ ਕਾਹਨੂੰ।
26
ਦੁਆਰੇ ਇਸ਼ਕ ਦੇ ਬੈਠ ਕੇ ਕਰਨ ਪੂਜਾ,
ਡਿਠੇ ਹਾਫ਼ਜ਼ ਖ਼ਾਸ ਕੁਰਾਨ ਵਾਲੇ।
27
ਮੁਹੰਮਦ ਬੂਟਿਆ ਚਮਕੇ ਹਰ ਤਰਫ਼ੋਂ,
ਜਲਵਾ ਯਾਰ ਦਾ ਇਹ ਜਹਾਨ ਦਿਸਦਾ।
28
ਸ਼ਾਹ ਰਗ ਥੀਂ ਬੂਟਿਆ ਯਾਰ ਨੇੜੇ,
ਢੂੰਡਣ ਲੋਕ ਕਿਉਂ ਜੰਗਲੀਂ ਜਾਂਦੜੇ ਨੇ।
29
ਜੰਗਲ ਭਾਉਣਾ ਕੰਮ ਦੀਵਾਨਿਆਂ ਦਾ,
ਲੱਭੋ ਵਿਚ ਉਜਾੜ ਨਾ ਯਾਰ ਮੂਲੇ।
30
ਜਿਧਰ ਦੇਖਣੀ ਹਾਂ ਉਧਰ ਯਾਰ ਦਿਸੇ,
ਹੁਣ ਕੰਡ ਕਰਾਂ ਕੇਹੜੇ ਦਾਅ ਵੱਲੇ।
31
ਜ਼ਿਕਰ ਮਹਿਬੂਬ ਦਾ ਨਾਮ ਹਰ ਦਮ,
ਕਿਹੜੇ ਵਕਤ ਹੁਣ ਰੱਬ ਚਿਤਾਰੀਏ ਜੀ।
32
ਮਿਲੇ ਬੂਟਿਆ ਯਾਰ ਬੁੱਤ ਖ਼ਾਨਿਉਂ ਜੇ,
ਕਾਅਬੇ ਗਿਰਦ ਫ਼ਿਰ ਭੌਣਾ ਰਵਾਂ ਨਾਹੀਂ।
33
ਸੇ-ਸਾਬਤ ਰਹੀ ਨਾ ਅਕਲ ਮੇਰੀ,
ਪੀਤਾ ਜਾਮ ਜਾਂ ਸ਼ੌਕ ਸ਼ਰਾਬ ਥੀਂ ਮੈਂ।
34
ਹੋਸ਼ ਤੇ ਅਕਲ ਨੂੰ ਦੂਰ ਕਰਕੇ,
ਨੈਣਾਂ ਵਾਲੜਾ ਚਾ ਵਿਹਾਜ ਕਰੀਏ।
35
ਖ਼ੇ-ਖ਼ੁਆਰੀਆਂ ਭਾਰੀਆਂ ਯਾਰੀਆਂ ਥੀਂ,
ਬਾਝ ਯਾਰੀਆਂ ਕੁਝ ਵਸੂਲ ਨਾਹੀਂ।
36
ਕੈਂਚੀ ਜ਼ੁਲਫ਼ ਮਹਿਬੂਬ ਦੀ ਗਲ ਪੈ ਕੇ,
ਛਾਤੀ ਚੀਰ ਕੀਤੀ ਲੀਰੋ ਲੀਂਰ ਮੇਰੀ।
37
ਨਾਮ ਯਾਰ ਦਾ ਨਕਸ਼ ਉਤਾਰ ਸੀਨੇ,
ਲਿਖਿਆ ਪਕੜ ਕੇ ਕਲਮ ਤਕਦੀਰ ਮੇਰਾ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ