Sidh Goshat : Guru Nanak Dev Ji

ਸਿਧ ਗੋਸਟਿ : ਗੁਰੂ ਨਾਨਕ ਦੇਵ ਜੀ

ਰਾਮਕਲੀ ਮਹਲਾ ੧ ਸਿਧ ਗੋਸਟਿ ੴ ਸਤਿਗੁਰ ਪ੍ਰਸਾਦਿ

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥ਪੰਨਾ 938॥

(ਸਿਧ ਸਭਾ=ਰੱਬੀ ਮਜਲਸ,ਉਹ ਇਕੱਠ ਜਿਥੇ ਰੱਬ ਦੀਆਂ
ਗੱਲਾਂ ਹੋ ਰਹੀਆਂ ਹੋਣ, ਕਰਿ=ਬਣਾ ਕੇ, ਆਸਣਿ=ਆਸਣ ਉਤੇ,
(ਭਾਵ),ਅਡੋਲ, ਜੈਕਾਰੋ=ਨਮਸਕਾਰ, ਤਿਸੁ ਆਗੈ=ਉਸ 'ਸੰਤ
ਸਭਾ' ਅੱਗੇ, ਰਹਰਾਸਿ=ਅਰਦਾਸ, ਮਸਤਕੁ=ਮੱਥਾ, ਸਿਰ,
ਧਰੀ=ਮੈਂ ਧਰਾਂ, ਸਹਜ ਭਾਇ=ਸੁਖੈਨ ਹੀ, ਜਸੁ ਲੇਉ=ਜਸ
ਕਰਾਂ,ਪ੍ਰਭੂ ਦੇ ਗੁਣ ਗਾਵਾਂ)

ਕਿਆ ਭਵੀਐ ਸਚਿ ਸੂਚਾ ਹੋਇ ॥
ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥
(ਕਿਆ ਭਵੀਐ=ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਦਾ
ਕੀਹ ਲਾਭ? ਸਚਿ='ਸੱਚ' ਵਿਚ, ਸਦਾ ਕਾਇਮ ਰਹਿਣ ਵਾਲੇ
ਪ੍ਰਭੂ ਵਿਚ, ਸੂਚਾ=ਪਵਿਤ੍ਰ, ਰਹਾਉ=ਠਹਰ ਜਾਓ, (ਭਾਵ),
ਇਸ ਸਾਰੀ ਬਾਣੀ ਦਾ 'ਮੁੱਖ ਭਾਵ' ਇਹਨਾਂ ਦੋ ਤੁਕਾਂ ਵਿਚ ਹੈ )

ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥
ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥

(ਤੁਮ੍ਹੇ=ਅੱਖਰ 'ਮ' ਦੇ ਨਾਲ ਅੱਧਾ 'ਹ' ਹੈ,
ਮਾਰਗੁ=ਰਸਤਾ, ਪੰਥ, ਮਤ, ਸੁਆਓ=ਮਨੋਰਥ,
ਕਹਉ=ਮੈਂ ਕਹਿੰਦਾ ਹਾਂ,ਜਪਦਾ ਹਾਂ, ਹਉ=ਮੈਂ,
ਕਹ=ਕਿਥੇ?ਕਿਸ ਦੇ ਆਸਰੇ? ਬੈਸਹੁ=ਬੈਠਦੇ
ਹੋ,ਸ਼ਾਂਤ-ਚਿੱਤ ਹੁੰਦੇ ਹੋ, ਬਾਲੇ=ਹੇ ਬਾਲਕ!
ਬੈਰਾਗੀ=ਹੇ ਬੈਰਾਗੀ! ਹੇ ਸੰਤ ਜੀ! ਸਾਚੁ=
ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਰਾਹੋ=
ਰਾਹੁ,ਮਤ,ਮਾਰਗ)

ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥
ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥
ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥
ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥

(ਘਟਿ ਘਟਿ=ਹਰੇਕ ਘਟ ਵਿਚ,ਹਰੇਕ ਸਰੀਰ ਵਿਚ,
ਬੈਸਿ=ਬੈਠ ਕੇ,ਟਿਕ ਕੇ, ਨਿਰੰਤਰਿ=ਨਿਰ-ਅੰਤਰਿ,ਸਦਾ,
ਅੰਤਰ=ਵਿੱਥ,ਵਕਫ਼ਾ, ਰਹੀਐ=ਰਹੀਦਾ ਹੈ,ਸੁਰਤਿ ਜੁੜਦੀ
ਹੈ, ਭਾਏ=ਭਾਉ ਵਿਚ,ਮਰਜ਼ੀ ਵਿਚ, ਸਹਜੇ=ਸੁਤੇ ਹੀ,
ਹੁਕਮਿ=ਹੁਕਮ ਵਿਚ, ਸਿਧਾਏ=ਫਿਰਦੇ ਹਾਂ, ਰਜਾਏ=ਰਜ਼ਾ
ਵਿਚ, ਆਸਣਿ=ਆਸਣ ਵਾਲਾ, ਬੈਸਣਿ=ਬੈਠਣ ਵਾਲਾ,
ਥਿਰੁ=ਕਾਇਮ ਰਹਿਣ ਵਾਲਾ, ਬੂਝੈ=ਸਮਝ ਵਾਲਾ ਬਣਦਾ
ਹੈ, ਗਿਆਨਵਾਨ ਹੁੰਦਾ ਹੈ, ਆਪੁ=ਆਪਣੇ ਆਪ ਨੂੰ)

ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥

(ਦੁਤਰੁ=ਦੁੱਤਰੁ, ਦੁਸ-ਤਰ,ਜਿਸ ਨੂੰ ਤਰਨਾ ਔਖਾ ਹੈ,
ਕਿਉਕਰਿ=ਕਿਵੇਂ? ਪਾਰੋ=ਪਾਰਲਾ ਕੰਢਾ, ਅਉਧੂ=ਵਿਰਕਤ,
ਸਾਚੁ ਕਹਹੁ=ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ,
ਪਾਰਗਰਾਮੀ=(ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਵਾਲਾ,
ਬੈਸਣੁ=(ਉਕਾਈ,ਨੁਕਸ, (ਵਯਸਨ-ਪ੍ਰਹਾਰੀ (ਸੰ: ਵਯਸਨ
ਪ੍ਰਹਾਰਿਨ)=ਉਹ ਜੋ ਚਰਚਾ ਵਿਚ ਆਪਣੇ ਵਿਰੋਧੀ ਦੀ
ਕਿਸੇ ਉਕਾਈ ਤੇ ਚੋਟ ਮਾਰਦਾ ਹੈ)

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥

(ਨਿਰਾਲਮੁ=ਨਿਰਾਲੰਭ, (ਨਿਰ+ਆਲੰਭ) ਨਿਰ-ਆਸਰਾ,
ਨਿਰਾਲਾ, ਨੈ=ਨਈ,ਨਦੀ ਵਿਚ, ਸਾਣੇ=ਜਿਵੇਂ, ਵਖਾਣੇ=ਵਖਾਣ
ਕੇ,ਜਪ ਕੇ, ਅਗਮੁ=ਅ-ਗਮ,ਜਿਸ ਤਕ ਜਾਇਆ ਨ ਜਾ ਸਕੇ
ਗਮ=ਜਾਣਾ, ਅਗੋਚਰ=ਅ-ਗੋ-ਚਰ {ਅ-ਨਹੀਂ, ਗੋ=ਗਿਆਨ
ਇੰਦ੍ਰੇ, ਚਰ=ਅੱਪੜਨਾ}, ਜਿਸ ਤਕ ਗਿਆਨ-ਇੰਦ੍ਰਿਆਂ ਦੀ
ਪਹੁੰਚ ਨਾਹ ਹੋ ਸਕੇ)

ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥
ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥
ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥

(ਸਾਚੁ=ਸਹੀ, ਠੀਕ, ਰੋਸੁ=ਗੁੱਸਾ, ਗੁਰਦੁਆਰੋ=ਗੁਰੂ ਦਾ
ਦਰ, ਚਲਤਉ=ਚੰਚਲ, ਸਚ ਘਰਿ=ਸੱਚੇ ਦੇ ਘਰ ਵਿਚ,
ਅਧਾਰੋ=ਆਸਰਾ, ਸਾਚਿ=ਸੱਚੇ ਪ੍ਰਭੂ ਵਿਚ)

ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥
ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥

(ਹਾਟੀ=ਮੇਲਾ,ਦੁਕਾਨ, ਰੂਖਿ=ਰੁੱਖ ਹੇਠ, ਬਿਰਖਿ=ਬਿਰਖ
ਹੇਠ, ਉਦਿਆਨੇ=ਜੰਗਲ ਵਿਚ, ਕੰਦ=ਧਰਤੀ ਦੇ ਅੰਦਰ
ਉੱਗਣ ਵਾਲੀਆਂ ਗਾਜਰ ਮੂਲੀ ਵਰਗੀਆਂ ਸਬਜ਼ੀਆਂ,
ਕੰਦ-ਮੂਲੁ=ਮੂਲੀ, ਅਹਾਰੋ=ਖ਼ੁਰਾਕ, ਅਉਧੂ=ਵਿਰਕਤ,
ਜੋਗੀ, ਬੋਲੈ=ਬੋਲਿਆ, ਤੀਰਥਿ=ਤੀਰਥ ਉਤੇ, ਗੋਰਖ
ਪੂਤੁ=ਗੋਰਖਨਾਥ ਦਾ ਚੇਲਾ, ਸਾਈ=ਇਹੀ)

ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ (ਡੋ)(ਡੁ)ਲਾਈ ॥
ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥
ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥
ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥

(ਡੁਲਾਈ=ਅੱਖਰ 'ਡ' ਦੇ ਨਾਲ ਦੋ 'ਲਗਾਂ' ਹਨ,(ਡੋ) ਅਤੇ
(ਡੁ), ਲਫ਼ਜ਼ ਦੀ ਅਸਲ 'ਲਗ' (ਡੋ) ਹੈ, ਪਰ ਇਥੇ ਛੰਦ
ਦੀ ਚਾਲ ਨੂੰ ਪੂਰਾ ਰੱਖਣ ਲਈ (ਡੁ) ਪੜ੍ਹਨਾ ਹੈ, ਭੂਖ=ਤ੍ਰਿਸ਼ਨਾ,
ਲਾਲਚ, ਹਾਟੁ=ਦੁਕਾਨ, ਪਟਣੁ=ਸ਼ਹਿਰ, ਸਹਜੇ=ਸਹਜ-ਅਵਸਥਾ
ਵਿਚ ਟਿਕ ਕੇ, ਅਡੋਲ ਰਹਿ ਕੇ, ਖੰਡਿਤ=ਘੱਟ ਕੀਤੀ ਹੋਈ,
ਅਲਪ=ਥੋੜ੍ਹਾ)

ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥
ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥
ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥
ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥

(ਦਰਸਨੁ=ਮਤ, ਜੋਗਿੰਦ੍ਰਾ=ਜੋਗੀ-ਰਾਜ ਦਾ, ਖਿੰਥਾ=ਗੋਦੜੀ,
ਬਾਰਹ=ਜੋਗੀਆਂ ਦੇ ੧੨ ਪੰਥ=ਰਾਵਲ, ਹੇਤੁ ਪੰਥ, ਪਾਵ ਪੰਥ,
ਆਈ ਪੰਥ, ਗਮਯ ਪੰਥ, ਪਾਗਲ-ਪੰਥ, ਗੋਪਾਲ-ਪੰਥ, ਕੰਥੜੀ-ਪੰਥ,
ਬਨ ਪੰਥ, ਧ੍ਵਜ ਪੰਥ, ਚੋਲੀ, ਦਾਸ ਪੰਥ, ਏਕੁ=ਇਕ 'ਆਈ ਪੰਥ',
ਸਾਡਾ ਆਈ ਪੰਥ, ਸਰੇਵਹੁ=ਧਾਰਨ ਕਰੋ, ਕਬੂਲੋ, ਖਟੁ ਦਰਸਨ=
ਛੇ ਭੇਖ=ਜੰਗਮ, ਜੋਗੀ, ਜੈਨੀ, ਸੰਨਿਆਸੀ, ਬੈਰਾਗੀ, ਬੈਸਨੋ,
ਇਕ ਪੰਥਾ=ਸਾਡਾ ਜੋਗੀ-ਪੰਥ)

ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥
ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥
ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥

(ਅੰਤਰਿ=ਅੰਦਰ, ਨਿਰੰਤਰਿ=ਨਿਰ-ਅੰਤਰਿ,ਇੱਕ-ਰਸ,
ਮਮ=ਮੇਰਾ, ਮਮਤਾ=ਮੇਰ-ਪਨ, ਨਿਵਾਰੈ=ਦੂਰ ਕਰਦਾ ਹੈ,
ਸਬਦਿ=ਸ਼ਬਦ ਦੀ ਰਾਹੀਂ, ਸੁ=ਚੰਗੀ, ਭਰਿ ਪੁਰਿ=ਭਰਪੂਰ,
ਸਾਚਾ=ਸਦਾ ਕਾਇਮ ਰਹਿਣ ਵਾਲਾ, ਨਾਈ=ਵਡਿਆਈ,
ਖਰੀ ਬਾਤ=ਖਰੀ ਗੱਲ ਦੀ ਰਾਹੀਂ,ਸੱਚੇ ਸ਼ਬਦ ਦੀ ਰਾਹੀਂ)

ਊਂਧਉ ਖਪਰੁ ਪੰਚ ਭੂ ਟੋਪੀ ॥
ਕਾਂਇਆ ਕੜਾਸਣੁ ਮਨੁ ਜਾਗੋਟੀ ॥
ਸਤੁ ਸੰਤੋਖੁ ਸੰਜਮੁ ਹੈ ਨਾਲਿ ॥
ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥

(ਊਂਧਉ=ਉਲਟਿਆ ਹੋਇਆ,ਸੰਸਾਰਕ ਖ਼ਾਹਸ਼ਾਂ ਵਲੋਂ ਮੁੜਿਆ ਹੋਇਆ,
ਖਪਰੁ=ਜੋਗੀ ਜਾਂ ਮੰਗਤੇ ਦਾ ਉਹ ਪਿਆਲਾ ਜਿਸ ਵਿਚ ਭਿੱਖਿਆ
ਪੁਆਂਦਾ ਹੈ, ਭੂ=ਤੱਤ, ਪੰਚਭੂ=ਪੰਜਾਂ ਤੱਤਾਂ ਦੇ ਉਪਕਾਰੀ ਗੁਣ=
(ਅਕਾਸ਼ ਦੀ ਨਿਰਲੇਪਤਾ; ਅਗਨੀ ਦਾ ਸੁਭਾਉ ਮੈਲ ਸਾੜਨਾ;
ਵਾਯੂ ਦੀ ਸਮ-ਦਰਸਤਾ; ਜਲ ਦੀ ਸੀਤਲਤਾ; ਧਰਤੀ ਦੀ ਧੀਰਜ),
ਕੜਾਸਣੁ=ਕਟ ਦਾ ਆਸਣ, ਕਟ=ਫੂਹੜੀ. ਜਾਗੋਟੀ=ਲੰਗੋਟੀ,
ਗੁਰਮੁਖਿ=ਗੁਰੂ ਦੀ ਰਾਹੀਂ, ਸਮਾਲਿ=ਸਮਾਲੇ,ਸਮ੍ਹਾਲਦਾ ਹੈ)

ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥
ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥
ਕਵਨੁ ਸੁ ਆਵੈ ਕਵਨੁ ਸੁ ਜਾਇ ॥
ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥
ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥
ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥
ਮਨਮੁਖਿ ਬਿਨਸੈ ਆਵੈ ਜਾਇ ॥
ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥

(ਗੁਪਤਾ=ਲੁਕਿਆ ਹੋਇਆ, ਅੰਤਰਿ=ਅੰਦਰੋਂ, ਬਾਹਰਿ=
ਬਾਹਰੋਂ, ਅੰਤਰਿ ਬਾਹਰਿ=ਮਨ ਦੀ ਰਾਹੀਂ ਅਤੇ ਸਰੀਰ
ਦੀ ਰਾਹੀਂ, ਜੁਗਤਾ=ਜੁੜਿਆ ਹੋਇਆ, ਆਵੈ ਜਾਇ=
ਜੰਮਦਾ ਮਰਦਾ, ਤ੍ਰਿਭਵਣ=ਤਿੰਨਾਂ ਭਵਨਾਂ ਦੇ ਮਾਲਕ ਵਿਚ,
ਤਿੰਨ-ਭਵਨਾਂ-ਵਿਚ-ਵਿਆਪਕ ਪ੍ਰਭੂ ਵਿਚ (ਤਿੰਨ ਭਵਨ=
ਆਕਾਸ਼, ਮਾਤ ਲੋਕ ਤੇ ਪਾਤਾਲ), ਘਟਿ ਘਟਿ=ਹਰੇਕ
ਘਟ ਵਿਚ, ਗੁਰਮੁਖਿ=ਜੋ ਮਨੁੱਖ ਗੁਰੂ ਦੇ ਸਨਮੁਖ ਹੈ,
ਸਬਦਿ=ਸ਼ਬਦ ਵਿਚ (ਜੁੜਿਆ ਹੋਇਆ), ਬਿਨਸੈ=
ਨਾਸ ਹੁੰਦਾ ਹੈ, ਸਾਚਿ=ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ)

ਕਿਉ ਕਰਿ ਬਾਧਾ ਸਰਪਨਿ ਖਾਧਾ ॥
ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥
ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥
ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥

(ਸਰਪਨਿ=ਸਪਣੀ, ਮਾਇਆ, ਕਿਉਕਰਿ=ਕਿਵੇਂ?
ਸੁ ਗੁਰੂ ਹਮਾਰਾ=ਉਹ ਸਾਡਾ ਗੁਰੂ ਹੈ,ਅਸੀ ਉਸ
ਅੱਗੇ ਸਿਰ ਨਿਵਾਵਾਂਗੇ)

ਦੁਰਮਤਿ ਬਾਧਾ ਸਰਪਨਿ ਖਾਧਾ ॥
ਮਨਮੁਖਿ ਖੋਇਆ ਗੁਰਮੁਖਿ ਲਾਧਾ ॥
ਸਤਿਗੁਰੁ ਮਿਲੈ ਅੰਧੇਰਾ ਜਾਇ ॥
ਨਾਨਕ ਹਉਮੈ ਮੇਟਿ ਸਮਾਇ ॥੧੫॥
ਸੁੰਨ ਨਿਰੰਤਰਿ ਦੀਜੈ ਬੰਧੁ ॥
ਉਡੈ ਨ ਹੰਸਾ ਪੜੈ ਨ ਕੰਧੁ ॥
ਸਹਜ ਗੁਫਾ ਘਰੁ ਜਾਣੈ ਸਾਚਾ ॥
ਨਾਨਕ ਸਾਚੇ ਭਾਵੈ ਸਾਚਾ ॥੧੬॥

(ਮੇਟਿ=ਮਿਟਾ ਕੇ, (ਸੁੰਨ=ਸੰ: ਸ਼ੂਨਯ) ਅਫੁਰ
ਪਰਮਾਤਮਾ,ਨਿਰਗੁਣ-ਸਰੂਪ ਪ੍ਰਭੂ, ਨਿਰੰਤਰਿ=
ਲਗਾਤਾਰ, ਬੰਧੁ=ਬੰਨ੍ਹ,ਰੋਕ, ਉਡੈ ਨ=ਭਟਕਦਾ
ਨਹੀਂ, ਹੰਸਾ=ਜੀਵ, ਮਨ, ਕੰਧੁ=ਸਰੀਰ, ਨ ਪੜੈ=
ਨਹੀਂ ਢਹਿੰਦਾ,ਛਿੱਜਦਾ ਨਹੀਂ, ਸਹਜ=ਮਨ ਦੀ
ਉਹ ਹਾਲਤ ਜਦੋਂ ਇਹ ਅਡੋਲ ਹੈ,ਅਡੋਲਤਾ)

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥
ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥
ਕਿਸੁ ਵਖਰ ਕੇ ਤੁਮ ਵਣਜਾਰੇ ॥
ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥

(ਕਿਸੁ ਕਾਰਣੁ=ਕਾਹਦੇ ਲਈ? ਤਜਿਓ=
ਤਿਆਗਿਆ ਸੀ, ਉਦਾਸੀ=ਵਿਰਕਤ ਹੋ ਕੇ,
ਨਿਵਾਸੀ=ਧਾਰਨ ਵਾਲੇ, ਵਣਜਾਰੇ=ਵਪਾਰੀ,
ਸਾਥੁ=(ਸੰ: ਸਾਰਥੁ) ਕਾਫ਼ਲਾ)

ਗੁਰਮੁਖਿ ਖੋਜਤ ਭਏ ਉਦਾਸੀ ॥
ਦਰਸਨ ਕੈ ਤਾਈ ਭੇਖ ਨਿਵਾਸੀ ॥
ਸਾਚ ਵਖਰ ਕੇ ਹਮ ਵਣਜਾਰੇ ॥
ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥

(ਭਏ=ਬਣੇ ਸਾਂ, ਕੈ ਤਾਈ=ਦੀ ਖ਼ਾਤਰ,
ਦਰਸਨ=ਗੁਰਮੁਖਾਂ ਦਾ ਦਰਸ਼ਨ)

ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥
ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥
ਕਿਤੁ ਬਿਧਿ ਆਸਾ ਮਨਸਾ ਖਾਈ ॥
ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥
ਬਿਨੁ ਦੰਤਾ ਕਿਉ ਖਾਈਐ ਸਾਰੁ ॥
ਨਾਨਕ ਸਾਚਾ ਕਰਹੁ ਬੀਚਾਰੁ ॥੧੯॥

(ਕਿਤੁ ਬਿਧਿ=ਕਿਸ ਤਰੀਕੇ ਨਾਲ?
ਜਨਮੁ ਵਟਾਇਆ=ਜ਼ਿੰਦਗੀ ਪਲਟ ਲਈ ਹੈ,
ਕਾਹੇ ਕਉ=ਕਿਸ ਨਾਲ? ਮਨਸਾ=ਮਨ ਦਾ
ਫੁਰਨਾ, ਖਾਈ=ਖਾ ਲਈ ਹੈ, ਜੋਤਿ=ਰੱਬੀ
ਪ੍ਰਕਾਸ਼, ਦੰਤ=ਦੰਦ, ਸਾਰੁ=ਲੋਹਾ)

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥
ਅਨਹਤਿ ਰਾਤੇ ਇਹੁ ਮਨੁ ਲਾਇਆ ॥
ਮਨਸਾ ਆਸਾ ਸਬਦਿ ਜਲਾਈ ॥
ਗੁਰਮੁਖਿ ਜੋਤਿ ਨਿਰੰਤਰਿ ਪਾਈ ॥
ਤ੍ਰੈ ਗੁਣ ਮੇਟੇ ਖਾਈਐ ਸਾਰੁ ॥
ਨਾਨਕ ਤਾਰੇ ਤਾਰਣਹਾਰੁ ॥੨੦॥

(ਸਤਿਗੁਰ ਕੈ=ਸਤਿਗੁਰੂ ਦੇ ਘਰ ਵਿਚ,
ਸਤਿਗੁਰ ਕੇ ਜਨਮੇ=ਸਤਿਗੁਰੂ ਦੇ ਘਰ ਵਿਚ
ਜਨਮ ਲਿਆਂ, ਗਵਨੁ=ਭਟਕਣਾ, ਅਨਹਤਿ=
ਅਨਹਤ ਵਿਚ, ਅਨਹਤ=ਇਕ-ਰਸ ਵਿਆਪਕ
ਪ੍ਰਭੂ, ਰਾਤੇ=ਮਸਤ ਹੋਇਆ, ਲਾਇਆ=ਪਰਚਾ
ਲਿਆ, ਤ੍ਰੈਗੁਣ=ਮਾਇਆ ਦੇ ਤਿੰਨ ਗੁਣ; ਤਮੋ ਗੁਣ,
ਰਜੋ ਗੁਣ,ਸਤੋ ਗੁਣ; ਅਗਿਆਨ,ਪ੍ਰਵਿਰਤੀ,ਗਿਆਨ;
ਪ੍ਰਕ੍ਰਿਤੀ ਵਿਚੋਂ ਉੱਠੀਆਂ ਲਹਿਰਾਂ ਜੋ ਤਿੰਨ ਕਿਸਮ
ਦਾ ਅਸਰ ਸਾਡੇ ਮਨ ਤੇ ਪਾਂਦੀਆਂ ਹਨ, ਇਹ ਤਿੰਨ
ਗੁਣ ਹਨ ਮਾਇਆ ਦੇ=ਸੁਸਤੀ, ਚੁਸਤੀ ਤੇ ਸ਼ਾਂਤੀ)

ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥
ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥
ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥
ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥
ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥
ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥

(ਆਦਿ=ਮੁੱਢ,ਜਗਤ-ਰਚਨਾ ਦਾ ਮੁੱਢ, ਕਥੀਅਲੇ=ਕਿਹਾ ਜਾਂਦਾ ਹੈ,
ਸੁੰਨ=ਅਫੁਰ ਪਰਮਾਤਮਾ,ਨਿਰਗੁਣ-ਸਰੂਪ ਪ੍ਰਭੂ, ਘਰ ਵਾਸੋ=ਟਿਕਾਣਾ,
ਗਿਆਨ=ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ, ਮੁਦ੍ਰਾ=(੧) ਮੁੰਦ੍ਰਾਂ,
(੨) ਨਿਸ਼ਾਨੀ, (੩) ਜੋਗੀਆਂ ਦੇ ਪੰਜ ਸਾਧਨ ਖੇਚਰੀ, ਭੂਚਰੀ,
ਗੋਚਰੀ, ਚਾਚਰੀ, ਉਨਮਨੀ, ਠੀਗਾ=ਚੋਟ,ਸੋਟਾ, ਜਲਾਈਅਲੇ=
ਸਾੜਿਆ ਜਾਏ, ਘਰਿ=ਘਰ ਵਿਚ, ਬੈਰਾਈਐ=ਵੈਰੀ ਨੂੰ, ਜਿਨਿ=ਜਿਸ)

ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥
ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥
ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥
ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥
ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥
ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥

(ਕਹਾ ਤੇ=ਕਿਥੋਂ? ਇਹੁ=ਇਹ ਜੀਵ, ਅਰਥਾਵੈ=ਸਮਝਾ ਦੇਵੇ,
ਤਮਾਈ=ਤਮਾ,ਲਾਲਚ, ਤਤੁ=ਅਸਲੀਅਤ, ਜਗਤ ਦਾ ਅਸਲਾ
ਪ੍ਰਭੂ, ਅਵਿਗਤ=ਅੱਵਿਅਕਤ, ਅਦ੍ਰਿਸ਼ਟ ਪ੍ਰਭੂ, ਸੁਰਤਾ=ਸੁਣਨ
ਵਾਲਾ, ਗਤਿ=ਹਾਲਤ, ਮਿਤਿ=ਮਾਪ)

ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥
ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥
ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥
ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥
ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥
ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥

(ਬਿਸਮਾਦੁ=ਅਸਚਰਜ, ਕਲਪਤ=ਬਣਾਈ ਹੋਈ, ਨਕਲੀ,
ਅਕਲਪਤ=ਅਸਲੀ, ਮੁਦ੍ਰਾ=ਸਾਧਨ, ਅਵਿਗਤਿ=ਅਦ੍ਰਿਸ਼ਟ ਪ੍ਰਭੂ
ਵਿਚ, ਸਹਜਿ=ਅਡੋਲਤਾ ਵਿਚ, ਨਿਰਾਲਮੁ=ਨਿਰਾਲਾ,ਨਿਰਲੇਪ)

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥
ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ ॥
ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥
ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ ॥
ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ॥
ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥੨੪॥

(ਅਵਿਗਤੋ=ਅਵਿਗਤ ਤੋਂ, ਅਦ੍ਰਿਸ਼ਟ ਤੋਂ, ਉਪਜੇ=ਪਰਗਟ ਹੁੰਦਾ ਹੈ,
ਨਿਰਗੁਣ=ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ, ਸਰਗੁਣੁ=ਮਾਇਆ
ਦੇ ਤਿੰਨ ਗੁਣਾਂ ਸਮੇਤ, ਪਰਚੈ=ਪਤੀਜਣ ਨਾਲ, ਪਰਮ ਪਦੁ=ਉੱਚੀ
ਆਤਮਕ ਅਵਸਥਾ)

ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥
ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ ॥
ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ ॥
ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥
ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥
ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥

(ਸਾਚੌ=ਸਦਾ ਕਾਇਮ ਰਹਿਣ ਵਾਲੇ ਪ੍ਰਭੂ ਤੋਂ, ਸੂਚੇ=ਪਵਿਤ੍ਰ
ਮਨੁੱਖ, ਏਕ ਮਇਆ=ਇਕ-ਮਿਕ, ਆਵਾਗਉਣੁ=ਜਨਮ ਮਰਨ
ਦਾ ਗੇੜ, ਬੇਦਨ=ਵੇਦਨ,ਦੁੱਖ, ਦੂਜੈ=ਪ੍ਰਭੂ ਤੋਂ ਬਿਨਾ ਹੋਰ ਨਾਲ
ਪਿਆਰ ਦੇ ਕਾਰਨ, ਬਿਆਪੀ=ਸਤਾ ਰਹੀ ਹੈ, ਰਸਾਇਣੁ=
(ਰਸ+ਅਯਨ) ਰਸਾਂ ਦਾ ਘਰ, ਪਰਹਰਿਆ=ਦੂਰ ਕੀਤਾ)

ਮਨਮੁਖਿ ਭੂਲੈ ਜਮ ਕੀ ਕਾਣਿ ॥
ਪਰ ਘਰੁ ਜੋਹੈ ਹਾਣੇ ਹਾਣਿ ॥
ਮਨਮੁਖਿ ਭਰਮਿ ਭਵੈ ਬੇਬਾਣਿ ॥
ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥
ਸਬਦੁ ਨ ਚੀਨੈ ਲਵੈ ਕੁਬਾਣਿ ॥
ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥

(ਕਾਣਿ=ਮੁਥਾਜੀ, ਜੋਹੈ=ਤੱਕਦਾ ਹੈ, ਹਾਣੇ ਹਾਣਿ=
ਹਾਣਿ ਹੀ ਹਾਣਿ, ਘਾਟਾ ਹੀ ਘਾਟਾ, ਭਰਮਿ=ਭਰਮ
ਵਿਚ, ਬੇਬਾਣਿ=ਜੰਗਲ ਵਿਚ, ਵੇਮਾਰਗਿ=ਗ਼ਲਤ
ਰਸਤੇ ਤੇ, ਮੂਸੈ=ਠੱਗਿਆ ਜਾਂਦਾ ਹੈ, ਮੰਤ੍ਰਿ=ਮੰਤ੍ਰ
ਪੜ੍ਹਨ ਵਾਲਾ, ਮਸਾਣਿ=ਮਸਾਣ ਵਿਚ, ਲਵੈ=ਲਉਂ
ਲਉਂ ਕਰਦਾ ਹੈ, ਕੁਬਾਣਿ=ਦੁਰਬਚਨ)

ਗੁਰਮੁਖਿ ਸਾਚੇ ਕਾ ਭਉ ਪਾਵੈ ॥
ਗੁਰਮੁਖਿ ਬਾਣੀ ਅਘੜੁ ਘੜਾਵੈ ॥
ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥
ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥

(ਅਘੜੁ=ਅਮੋੜ ਮਨ,ਜੋ ਚੰਗੀ ਤਰ੍ਹਾਂ ਘੜਿਆ
ਹੋਇਆ ਨਹੀਂ, ਪਰਮ ਪਦੁ=ਸਭ ਤੋਂ ਉੱਤਮ
ਦਰਜਾ, ਰੋਮਿ ਰੋਮਿ=ਹਰੇਕ ਰੋਮ ਦੀ ਰਾਹੀਂ;
ਤਨੋਂ ਮਨੋਂ, ਸਾਚਿ=ਸੱਚੇ ਪ੍ਰਭੂ ਵਿਚ)

ਗੁਰਮੁਖਿ ਪਰਚੈ ਬੇਦ ਬੀਚਾਰੀ ॥
ਗੁਰਮੁਖਿ ਪਰਚੈ ਤਰੀਐ ਤਾਰੀ ॥
ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥
ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥
ਗੁਰਮੁਖਿ ਪਾਈਐ ਅਲਖ ਅਪਾਰੁ ॥
ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥

(ਪਰਚਾ=ਡੂੰਘੀ ਸਾਂਝ, ਮਿੱਤ੍ਰਤਾ ਕਾਇਮ ਕਰਨੀ)

ਗੁਰਮੁਖਿ ਅਕਥੁ ਕਥੈ ਬੀਚਾਰਿ ॥
ਗੁਰਮੁਖਿ ਨਿਬਹੈ ਸਪਰਵਾਰਿ ॥
ਗੁਰਮੁਖਿ ਜਪੀਐ ਅੰਤਰਿ ਪਿਆਰਿ ॥
ਗੁਰਮੁਖਿ ਪਾਈਐ ਸਬਦਿ ਅਚਾਰਿ ॥
ਸਬਦਿ ਭੇਦਿ ਜਾਣੈ ਜਾਣਾਈ ॥
ਨਾਨਕ ਹਉਮੈ ਜਾਲਿ ਸਮਾਈ ॥੨੯॥

(ਅਕਥੁ=ਜੋ ਕਥਿਆ ਨਾਹ ਜਾ ਸਕੇ, ਬੀਚਾਰਿ=
ਵਿਚਾਰ ਦੀ ਰਾਹੀਂ, ਨਿਬਹੈ=ਪੁੱਗਦਾ ਹੈ, ਸਪਰਵਾਰਿ=
ਸ+ਪਰਵਾਰਿ,ਪਰਵਾਰ ਵਿਚ ਰਹਿੰਦਿਆਂ, ਅੰਤਰਿ=
ਹਿਰਦੇ ਵਿਚ, ਪਿਆਰਿ=ਪਿਆਰ ਨਾਲ, ਸਬਦਿ=
ਗੁਰਸ਼ਬਦ ਦੀ ਰਾਹੀਂ, ਅਚਾਰਿ=ਆਚਾਰ ਦੀ ਰਾਹੀਂ,
ਚੰਗੇ ਆਚਰਨ ਨਾਲ, ਭੇਦਿ=ਵਿੰਨ੍ਹ ਕੇ, ਜਾਣਾਈ=
ਜਾਣਾਏ, ਹੋਰਨਾਂ ਨੂੰ ਦੱਸਦਾ ਹੈ, ਜਾਲਿ=ਸਾੜ ਕੇ )

ਗੁਰਮੁਖਿ ਧਰਤੀ ਸਾਚੈ ਸਾਜੀ ॥
ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥
ਗੁਰ ਕੈ ਸਬਦਿ ਰਪੈ ਰੰਗੁ ਲਾਇ ॥
ਸਾਚਿ ਰਤਉ ਪਤਿ ਸਿਉ ਘਰਿ ਜਾਇ ॥
ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥
ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥

(ਸਾਚੈ=ਸੱਚੇ ਪ੍ਰਭੂ ਨੇ, ਤਿਸੁ ਮਹਿ=ਉਸ ਵਿਚ,
ਓਪਤਿ=ਉਤਪੱਤੀ, ਖਪਤਿ=ਨਾਸ, ਬਾਜੀ=ਖੇਡ,
ਰਪੈ=ਰੰਗਿਆ ਜਾਂਦਾ ਹੈ, ਰਤਉ=ਰੱਤਾ ਹੋਇਆ,
ਪਤਿ=ਇੱਜ਼ਤ, ਰੰਗੁ=ਪਿਆਰ)

ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥
ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥
ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥
ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥
ਗੁਰਮੁਖਿ ਤਾਰੇ ਪਾਰਿ ਉਤਾਰੇ ॥
ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥

(ਗੁਰਮੁਖਿ=ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ,
ਅਸਟ=ਅੱਠ, ਅਸਟ ਸਿਧੀ=ਅੱਠ ਸਿੱਧੀਆਂ (ਅੱਠ
ਕਰਾਮਾਤੀ ਤਾਕਤਾਂ=ਅਣਿਮਾ, ਮਹਿਮਾ, ਲਘਿਮਾ,
ਗਰਿਮਾ, ਪ੍ਰਾਪਤੀ, ਪ੍ਰਾਕਾਮਯ, ਈਸ਼ਿਤਾ, ਵਸ਼ਿਤਾ,
ਅਣਿਮਾ=ਦੂਜੇ ਦਾ ਰੂਪ ਹੋ ਜਾਣਾ, ਮਹਿਮਾ=ਦੇਹ ਨੂੰ
ਵੱਡਾ ਕਰ ਲੈਣਾ, ਲਘਿਮਾ=ਸਰੀਰ ਨੂੰ ਛੋਟਾ ਕਰ
ਲੈਣਾ, ਗਰਿਮਾ=ਭਾਰੀ ਹੋ ਜਾਣਾ, ਪ੍ਰਾਪਤੀ=ਮਨ-
ਇੱਛਤ ਭੋਗ ਹਾਸਲ ਕਰ ਲੈਣ ਦੀ ਸਮਰੱਥਾ,
ਪ੍ਰਾਕਾਮਯ-ਹੋਰਨਾਂ ਦੇ ਦਿਲ ਦੀ ਜਾਣ ਲੈਣ ਦੀ
ਤਾਕਤ, ਈਸ਼ਿਤਾ=ਆਪਣੀ ਇੱਛਾ ਅਨੁਸਾਰ ਸਭ
ਨੂੰ ਪ੍ਰੇਰਨਾ, ਵਸ਼ਿਤਾ=ਸਭ ਨੂੰ ਵੱਸ ਕਰ ਲੈਣਾ),
ਸੁਧੀ=ਸ੍ਰੇਸ਼ਟ ਮੱਤ, ਅਪਸਰ=ਮੰਦਾ ਸਮਾ, ਸਰ=
ਚੰਗਾ ਸਮਾ, ਪਰਵਿਰਤਿ=ਗ੍ਰਹਣ, ਨਰਵਿਰਤਿ=
ਤਿਆਗ)

ਨਾਮੇ ਰਾਤੇ ਹਉਮੈ ਜਾਇ ॥
ਨਾਮਿ ਰਤੇ ਸਚਿ ਰਹੇ ਸਮਾਇ ॥
ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥
ਨਾਮਿ ਰਤੇ ਪਾਵਹਿ ਮੋਖ ਦੁਆਰੁ ॥
ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥
ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥

(ਨਾਮੇ=ਨਾਮ ਵਿਚ ਹੀ, ਮੋਖ=ਮੁਕਤੀ,ਖ਼ਲਾਸੀ,
ਹਉਮੈ ਤੋਂ ਖ਼ਲਾਸੀ, ਤ੍ਰਿਭਵਣ=ਤ੍ਰਿਲੋਕੀ ਦੀ, ਸਦਾ
ਸੁਖੁ=ਸਦਾ ਕਾਇਮ ਰਹਿਣ ਵਾਲਾ ਸੁਖ, ਰਾਤੇ=
ਰੱਤੇ ਹੋਏ ਦੀ)

ਨਾਮਿ ਰਤੇ ਸਿਧ ਗੋਸਟਿ ਹੋਇ ॥
ਨਾਮਿ ਰਤੇ ਸਦਾ ਤਪੁ ਹੋਇ ॥
ਨਾਮਿ ਰਤੇ ਸਚੁ ਕਰਣੀ ਸਾਰੁ ॥
ਨਾਮਿ ਰਤੇ ਗੁਣ ਗਿਆਨ ਬੀਚਾਰੁ ॥
ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥

(ਸਿਧ=ਪੂਰਨ ਪਰਮਾਤਮਾ, ਗੋਸਟਿ=ਮਿਲਾਪ,
ਸਿਧ ਗੋਸਟਿ=ਪਰਮਾਤਮਾ ਨਾਲ ਮਿਲਾਪ, ਸਾਰੁ=
ਸ੍ਰੇਸ਼ਟ, ਵੇਕਾਰੁ=ਵੇ-ਕਾਰ, ਵਿਅਰਥ, ਤਪੁ=(੧)
ਮਨ ਨੂੰ ਮਾਰਨ ਲਈ ਸਰੀਰ ਉਤੇ ਕਸ਼ਟ ਸਹਾਰਨ
ਦਾ ਸਾਧਨ; (੨) ਪੁੰਨ-ਕਰਮ, ਗਿਆਨ=ਸਾਂਝ)

ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥
ਜੋਗ ਜੁਗਤਿ ਸਚਿ ਰਹੈ ਸਮਾਇ ॥
ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ ॥
ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥
ਬਿਨੁ ਸਬਦੈ ਸਭਿ ਦੂਜੈ ਲਾਗੇ ਦੇਖਹੁ ਰਿਦੈ ਬੀਚਾਰਿ ॥
ਨਾਨਕ ਵਡੇ ਸੇ ਵਡਭਾਗੀ ਜਿਨੀ ਸਚੁ ਰਖਿਆ ਉਰ ਧਾਰਿ ॥੩੪॥

(ਸਚਿ=ਸੱਚ (ਪ੍ਰਭੂ) ਵਿਚ, ਬਾਰਹ=ਜੋਗੀਆਂ ਦੇ ਬਾਰਾਂ ਫ਼ਿਰਕੇ,
ਛਿਅ ਚਾਰਿ=(੬+੪) ਦਸ ਫ਼ਿਰਕੇ ਸੰਨਿਆਸੀਆਂ ਦੇ=ਤੀਰਥ,
ਆਸ੍ਰਮ, ਬਨ, ਆਰੰਨÎ, ਗਿਰਿ, ਪਰਬਤ, ਸਾਗਰ, ਸਰਸ੍ਵਤ,
ਭਾਰਤੀ, ਪੁਰੀ, ਉਰਧਾਰਿ=ਉਰਿ+ਧਾਰਿ, ਹਿਰਦੇ ਵਿਚ ਧਾਰ ਕੇ,
ਉਰ=ਹਿਰਦਾ)

ਗੁਰਮੁਖਿ ਰਤਨੁ ਲਹੈ ਲਿਵ ਲਾਇ ॥
ਗੁਰਮੁਖਿ ਪਰਖੈ ਰਤਨੁ ਸੁਭਾਇ ॥
ਗੁਰਮੁਖਿ ਸਾਚੀ ਕਾਰ ਕਮਾਇ ॥
ਗੁਰਮੁਖਿ ਸਾਚੇ ਮਨੁ ਪਤੀਆਇ ॥
ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ ॥
ਨਾਨਕ ਗੁਰਮੁਖਿ ਚੋਟ ਨ ਖਾਵੈ ॥੩੫॥

(ਗੁਰਮੁਖਿ=ਜੋ ਮਨੁੱਖ ਗੁਰੂ ਦੇ ਸਨਮੁਖ ਹੈ,
ਰਤਨੁ=ਪ੍ਰਭੂ ਦਾ ਨਾਮ-ਰੂਪ ਕੀਮਤੀ ਪਦਾਰਥ,
ਸੁਭਾਇ=ਸੁਤੇ ਹੀ, ਸੁਭਾਵਕ ਹੀ, ਪਤੀਆਇ=
ਤਸੱਲੀ ਕਰਾ ਲੈਂਦਾ ਹੈ, ਅਲਖੁ=ਜਿਸ ਦਾ ਕੋਈ
ਖ਼ਾਸ ਲੱਛਣ ਨਾਹ ਦਿੱਸੇ, ਲਖਾਏ=ਸੂਝ ਪੈਦਾ
ਕਰ ਦੇਂਦਾ ਹੈ, ਤਿਸੁ=ਉਸ ਪ੍ਰਭੂ ਨੂੰ, ਚੋਟ=ਮਾਰ)

ਗੁਰਮੁਖਿ ਨਾਮੁ ਦਾਨੁ ਇਸਨਾਨੁ ॥
ਗੁਰਮੁਖਿ ਲਾਗੈ ਸਹਜਿ ਧਿਆਨੁ ॥
ਗੁਰਮੁਖਿ ਪਾਵੈ ਦਰਗਹ ਮਾਨੁ ॥
ਗੁਰਮੁਖਿ ਭਉ ਭੰਜਨੁ ਪਰਧਾਨੁ ॥
ਗੁਰਮੁਖਿ ਕਰਣੀ ਕਾਰ ਕਰਾਏ ॥
ਨਾਨਕ ਗੁਰਮੁਖਿ ਮੇਲਿ ਮਿਲਾਏ ॥੩੬॥

(ਗੁਰਮੁਖਿ ਨਾਮੁ=ਗੁਰਮੁਖਿ ਮਨੁੱਖ ਦਾ ਹੀ ਨਾਮ
(ਜਪਣਾ ਪ੍ਰਵਾਨ ਹੈ), ਭਉ ਭੰਜਨੁ=ਦੁਨੀਆ ਵਾਲੇ
ਡਰ-ਸਹਿਮ ਨਾਸ ਕਰਨ ਵਾਲਾ ਪ੍ਰਭੂ, ਪਰਧਾਨੁ=
ਸਭ ਦਾ ਮੁਖੀ, ਸਭ ਦਾ ਮਾਲਕ, ਕਰਣੀ ਕਾਰ=
ਕਰਨ-ਜੋਗ ਕੰਮ)

ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ॥
ਗੁਰਮੁਖਿ ਪਾਵੈ ਘਟਿ ਘਟਿ ਭੇਦ ॥
ਗੁਰਮੁਖਿ ਵੈਰ ਵਿਰੋਧ ਗਵਾਵੈ ॥
ਗੁਰਮੁਖਿ ਸਗਲੀ ਗਣਤ ਮਿਟਾਵੈ ॥
ਗੁਰਮੁਖਿ ਰਾਮ ਨਾਮ ਰੰਗਿ ਰਾਤਾ ॥
ਨਾਨਕ ਗੁਰਮੁਖਿ ਖਸਮੁ ਪਛਾਤਾ ॥੩੭॥

(ਭੇਦ=ਰਮਜ਼, ਭੇਤ ਦੀ ਗੱਲ, ਘਟਿ ਘਟਿ=
ਹਰੇਕ ਘਟ ਵਿਚ ਵਿਆਪਕ ਪ੍ਰਭੂ, ਗਣਤ=
ਲੇਖਾ,ਹਿਸਾਬ)

ਬਿਨੁ ਗੁਰ ਭਰਮੈ ਆਵੈ ਜਾਇ ॥
ਬਿਨੁ ਗੁਰ ਘਾਲ ਨ ਪਵਈ ਥਾਇ ॥
ਬਿਨੁ ਗੁਰ ਮਨੂਆ ਅਤਿ ਡੋਲਾਇ ॥
ਬਿਨੁ ਗੁਰ ਤ੍ਰਿਪਤਿ ਨਹੀ ਬਿਖੁ ਖਾਇ ॥
ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ ॥
ਨਾਨਕ ਗੁਰ ਬਿਨੁ ਘਾਟੇ ਘਾਟ ॥੩੮॥

(ਭਰਮੈ=ਭਟਕਦਾ ਹੈ, ਥਾਇ ਨ ਪਵਈ=
ਕਬੂਲ ਨਹੀਂ ਹੁੰਦੀ, ਮਨੂਆ=ਚੰਚਲ ਮਨ,
ਡੋਲਾਇ=ਡੋਲਦਾ ਹੈ, ਬਿਖੁ=ਵਿਹੁ, ਤ੍ਰਿਪਤਿ=
ਸੰਤੋਖ, ਬਿਸੀਅਰੁ=ਸੱਪ (ਜਗਤ ਦਾ ਮੋਹ)

ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥
ਅਵਗਣ ਮੇਟੈ ਗੁਣਿ ਨਿਸਤਾਰੈ ॥
ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ ॥
ਗੁਰਮੁਖਿ ਕਦੇ ਨ ਆਵੈ ਹਾਰਿ ॥
ਤਨੁ ਹਟੜੀ ਇਹੁ ਮਨੁ ਵਣਜਾਰਾ ॥
ਨਾਨਕ ਸਹਜੇ ਸਚੁ ਵਾਪਾਰਾ ॥੩੯॥

(ਗੁਣਿ=ਗੁਣ ਦੀ ਰਾਹੀਂ, ਹਾਰਿ=ਹਾਰ ਕੇ,
ਹਟੜੀ=ਸੋਹਣੀ ਜਿਹੀ ਹੱਟੀ, ਸਹਜੇ='ਸਹਜ'
ਅਵਸਥਾ ਵਿਚ ਜੁੜ ਕੇ,ਆਤਮਕ ਅਡੋਲਤਾ)

ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥
ਲੰਕਾ ਲੂਟੀ ਦੈਤ ਸੰਤਾਪੈ ॥
ਰਾਮਚੰਦਿ ਮਾਰਿਓ ਅਹਿ ਰਾਵਣੁ ॥
ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥
ਗੁਰਮੁਖਿ ਸਾਇਰਿ ਪਾਹਣ ਤਾਰੇ ॥
ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥

(ਸੇਤੁ=ਪੁਲ, ਬਿਧਾਤੈ=ਵਿਧਾਤਾ ਨੇ,ਕਰਤਾਰ ਨੇ,
ਦੈਤ=ਰਾਖਸ਼, ਸੰਤਾਪੈ=ਦੁਖੀ ਕਰਦਾ ਹੈ, ਰਾਮਚੰਦਿ=
ਸ੍ਰੀ ਰਾਮ ਚੰਦ ਨੇ, ਅਹਿ=ਸੱਪ (ਮਨ), ਪਰਚਾਇਣੁ=
ਉਪਦੇਸ਼, ਸਾਇਰਿ=ਸਾਗਰ ਉਤੇ, ਪਾਹਣ=ਪੱਥਰ,
ਬਭੀਖਣ=ਰਾਵਣ ਦਾ ਭਾਈ ਜਿਸ ਨੇ ਰਾਮ ਚੰਦ੍ਰ ਜੀ
ਨੂੰ ਸਾਰੇ ਭੇਤ ਦੱਸੇ ਸਨ)

ਗੁਰਮੁਖਿ ਚੂਕੈ ਆਵਣ ਜਾਣੁ ॥
ਗੁਰਮੁਖਿ ਦਰਗਹ ਪਾਵੈ ਮਾਣੁ ॥
ਗੁਰਮੁਖਿ ਖੋਟੇ ਖਰੇ ਪਛਾਣੁ ॥
ਗੁਰਮੁਖਿ ਲਾਗੈ ਸਹਜਿ ਧਿਆਨੁ ॥
ਗੁਰਮੁਖਿ ਦਰਗਹ ਸਿਫਤਿ ਸਮਾਇ ॥
ਨਾਨਕ ਗੁਰਮੁਖਿ ਬੰਧੁ ਨ ਪਾਇ ॥੪੧॥

(ਪਛਾਣੁ=ਪਛਾਣੂ, ਸਹਜਿ=ਸਹਜ ਵਿਚ, ਬੰਧੁ=ਰੋਕ,
ਗੁਰਮੁਖਿ=ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ)

ਗੁਰਮੁਖਿ ਨਾਮੁ ਨਿਰੰਜਨ ਪਾਏ ॥
ਗੁਰਮੁਖਿ ਹਉਮੈ ਸਬਦਿ ਜਲਾਏ ॥
ਗੁਰਮੁਖਿ ਸਾਚੇ ਕੇ ਗੁਣ ਗਾਏ ॥
ਗੁਰਮੁਖਿ ਸਾਚੈ ਰਹੈ ਸਮਾਏ ॥
ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ॥
ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥

(ਨਿਰੰਜਨ=ਨਿਰ-ਅੰਜਨ, ਮਾਇਆ ਤੋਂ ਰਹਿਤ, ਸਾਚੈ=
ਸੱਚੇ ਪ੍ਰਭੂ ਵਿਚ, ਸਾਚਿ=ਸੱਚ ਵਿਚ, ਨਾਮਿ=ਨਾਮ ਵਿਚ,
ਪਤਿ=ਇੱਜ਼ਤ)

ਕਵਣ ਮੂਲੁ ਕਵਣ ਮਤਿ ਵੇਲਾ ॥
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥
ਕਵਣ ਕਥਾ ਲੇ ਰਹਹੁ ਨਿਰਾਲੇ ॥
ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥
ਏਸੁ ਕਥਾ ਕਾ ਦੇਇ ਬੀਚਾਰੁ ॥
ਭਵਜਲੁ ਸਬਦਿ ਲੰਘਾਵਣਹਾਰੁ ॥੪੩॥

(ਮੂਲੁ=ਮੁੱਢ, ਵੇਲਾ=ਸਮਾ, ਕਥਾ=ਗੱਲ,
ਕਵਣ ਕਥਾ ਲੇ=ਕੇਹੜੀ ਗੱਲ ਨਾਲ, ਨਿਰਾਲੇ=
ਵੱਖਰੇ, ਨਿਰਲੇਪ, ਬਾਲੇ=ਹੇ ਬਾਲਕ! ਸਬਦਿ=
ਸ਼ਬਦ ਦੀ ਰਾਹੀਂ, ਲੰਘਾਵਣਹਾਰੁ=ਲੰਘਾਣ-ਜੋਗਾ)

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਅਕਥ ਕਥਾ ਲੇ ਰਹਉ ਨਿਰਾਲਾ ॥
ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
ਏਕੁ ਸਬਦੁ ਜਿਤੁ ਕਥਾ ਵੀਚਾਰੀ ॥
ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥

(ਪਵਨ=ਪ੍ਰਾਣ, ਸੁਰਤਿ ਧੁਨਿ=ਸੁਰਤਿ ਦੀ ਧੁਨਿ,
ਲਗਨ, ਟਿਕਾਉ, ਅਕਥ=ਉਹ ਪ੍ਰਭੂ ਜਿਸ ਦਾ ਸਹੀ
ਸਰੂਪ ਬਿਆਨ ਨਹੀਂ ਹੋ ਸਕਦਾ, ਰਹਉ=ਮੈਂ ਰਹਿੰਦਾ
ਹਾਂ, ਜੁਗਿ ਜੁਗਿ=ਹਰੇਕ ਜੁਗ ਵਿਚ, ਗੋਪਾਲ=ਧਰਤੀ
ਨੂੰ ਪਾਲਣ ਵਾਲਾ, ਏਕੁ ਸਬਦੁ=ਕੇਵਲ ਸ਼ਬਦ ਹੀ,
ਜਿਤੁ=ਜਿਸ ਦੀ ਰਾਹੀਂ, ਨਿਵਾਰੀ=ਦੂਰ ਕੀਤੀ)

ਮੈਣ ਕੇ ਦੰਤ ਕਿਉ ਖਾਈਐ ਸਾਰੁ ॥
ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥
ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥
ਕਵਨ ਗੁਫਾ ਜਿਤੁ ਰਹੈ ਅਵਾਹਨੁ ॥
ਇਤ ਉਤ ਕਿਸ ਕਉ ਜਾਣਿ ਸਮਾਵੈ ॥
ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥

(ਮੈਣ=ਮੋਮ, ਸਾਰੁ=ਲੋਹਾ, ਜਿਤੁ=ਜਿਸ ਦੀ ਰਾਹੀਂ,
ਗਰਬੁ=ਅਹੰਕਾਰ, ਅਹਾਰੁ=ਖਾਣਾ, ਹਿਵ=ਬਰਫ਼,
ਪਿਰਾਹਨੁ=ਪੈਰਾਹਨ,ਚੋਲਾ, ਜਿਤੁ ਗੁਫਾ=ਜਿਸ ਗੁਫਾ
ਵਿਚ, ਅਵਾਹਨੁ=ਅਡੋਲ,ਅਹਿੱਲ, ਇਤ ਉਤ=ਇਥੇ
ਓਥੇ, ਲੋਕ ਪਰਲੋਕ ਵਿਚ, ਮਨਹਿ=ਮਨ ਵਿਚ ਹੀ,
ਧਿਆਨੁ=ਸੁਰਤਿ ਦਾ ਨਿਸ਼ਾਨਾ, ਮਨ ਨੂੰ ਇਕ ਟਿਕਾਣੇ
ਰੱਖਣ ਲਈ ਟਿਕਵਾਂ ਬੱਝਵਾਂ ਖ਼ਿਆਲ)

ਹਉ ਹਉ ਮੈ ਮੈ ਵਿਚਹੁ ਖੋਵੈ ॥
ਦੂਜਾ ਮੇਟੈ ਏਕੋ ਹੋਵੈ ॥
ਜਗੁ ਕਰੜਾ ਮਨਮੁਖੁ ਗਾਵਾਰੁ ॥
ਸਬਦੁ ਕਮਾਈਐ ਖਾਈਐ ਸਾਰੁ ॥
ਅੰਤਰਿ ਬਾਹਰਿ ਏਕੋ ਜਾਣੈ ॥
ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥੪੬॥

(ਦੂਜਾ=ਮੇਰ-ਤੇਰ,ਵਿਤਕਰਾ, ਸਾਰੁ=ਲੋਹਾ,
ਅਗਨਿ=ਤ੍ਰਿਸ਼ਨਾ-ਅੱਗ, ਹਉ ਹਉ, ਮੈ ਮੈ=ਹਰ
ਵੇਲੇ 'ਮੈਂ' ਦਾ ਖ਼ਿਆਲ;ਮੈਂ ਵੱਡਾ ਹੋ ਜਾਵਾਂ)

ਸਚ ਭੈ ਰਾਤਾ ਗਰਬੁ ਨਿਵਾਰੈ ॥
ਏਕੋ ਜਾਤਾ ਸਬਦੁ ਵੀਚਾਰੈ ॥
ਸਬਦੁ ਵਸੈ ਸਚੁ ਅੰਤਰਿ ਹੀਆ ॥
ਤਨੁ ਮਨੁ ਸੀਤਲੁ ਰੰਗਿ ਰੰਗੀਆ ॥
ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥
ਨਾਨਕ ਨਦਰੀ ਨਦਰਿ ਪਿਆਰੇ ॥੪੭॥

(ਸਚ ਭੈ=ਸੱਚੇ ਪ੍ਰਭੂ ਦੇ ਡਰ ਵਿਚ, ਗਰਬੁ=
ਅਹੰਕਾਰ, ਅੰਤਰਿ ਹੀਆ=ਹਿਰਦੇ ਵਿਚ,
ਰੰਗਿ=ਰੰਗਿ ਵਿਚ, ਨਦਰੀ=(ਮੇਹਰ ਦੀ)
ਨਜ਼ਰ ਕਰਨ ਵਾਲਾ ਪ੍ਰਭੂ)

ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥
ਕਵਨ ਮੁਖਿ ਸੂਰਜੁ ਤਪੈ ਤਪਾਇਆ ॥
ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥
ਕਵਨ ਬੁਧਿ ਗੁਰਮੁਖਿ ਪਤਿ ਰਹੈ ॥
ਕਵਨੁ ਜੋਧੁ ਜੋ ਕਾਲੁ ਸੰਘਾਰੈ ॥
ਬੋਲੈ ਬਾਣੀ ਨਾਨਕੁ ਬੀਚਾਰੈ ॥੪੮॥

(ਕਵਨ ਮੁਖਿ=ਕਿਸ ਦੁਆਰੇ ਤੋਂ? ਕਿਸ ਵਸੀਲੇ
ਦੀ ਰਾਹੀਂ? ਹਿਵੈ ਘਰੁ=ਬਰਫ਼ ਦਾ ਘਰ, ਛਾਇਆ=
ਪ੍ਰਭਾਵ ਪਾਈ ਰੱਖੇ, ਸੂਰਜੁ=ਗਿਆਨ ਦਾ ਸੂਰਜ,
ਜੋਹਤ=ਤੱਕਦਾ, ਜੋਧੁ=ਸੂਰਮਾ, ਸੰਘਾਰੈ=ਮਾਰ ਦੇਵੇ,
ਬਾਣੀ ਬੀਚਾਰੈ=ਵੀਚਾਰ ਦੀ ਬਾਣੀ,ਵਿਚਾਰ ਦੇ
ਸਿਲਸਿਲੇ ਦੀ ਗੱਲ, 'ਗੋਸਟਿ' ਦੇ ਸਨਬੰਧ ਵਿਚ)

ਸਬਦੁ ਭਾਖਤ ਸਸਿ ਜੋਤਿ ਅਪਾਰਾ ॥
ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥
ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥
ਆਪੇ ਪਾਰਿ ਉਤਾਰਣਹਾਰਾ ॥
ਗੁਰ ਪਰਚੈ ਮਨੁ ਸਾਚਿ ਸਮਾਇ ॥
ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੪੯॥

(ਭਾਖਤ=ਉੱਚਾਰਦਿਆਂ, ਸਸਿ=ਚੰਦ੍ਰਮਾ, ਘਰਿ=
ਘਰ ਵਿਚ, ਸੂਰੁ=ਸੂਰਜ (ਭਾਵ, ਗਿਆਨ), ਸਮ=
ਇੱਕੋ ਜਿਹਾ,ਬਰਾਬਰ, ਅਧਾਰ=ਆਸਰਾ, ਗੁਰ
ਪਰਚੈ=ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ,
ਸਾਚਿ=ਸੱਚੇ ਪ੍ਰਭੂ ਵਿਚ, ਪ੍ਰਣਵਤਿ=ਬੇਨਤੀ ਕਰਦਾ ਹੈ)

ਨਾਮ ਤਤੁ ਸਭ ਹੀ ਸਿਰਿ ਜਾਪੈ ॥
ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥
ਤਤੋ ਤਤੁ ਮਿਲੈ ਮਨੁ ਮਾਨੈ ॥
ਦੂਜਾ ਜਾਇ ਇਕਤੁ ਘਰਿ ਆਨੈ ॥
ਬੋਲੈ ਪਵਨਾ ਗਗਨੁ ਗਰਜੈ ॥
ਨਾਨਕ ਨਿਹਚਲੁ ਮਿਲਣੁ ਸਹਜੈ ॥੫੦॥

(ਤਤੁ=ਅਸਲੀਅਤ,ਸੱਚਾਈ, ਨਾਮ ਤਤੁ=
ਪ੍ਰਭੂ ਦੇ ਨਾਮ ਦੀ ਸੱਚਾਈ, ਸਭ ਹੀ ਸਿਰਿ
ਜਾਪੈ=ਸਾਰੇ ਜਾਪਾਂ ਦੇ ਸਿਰ ਤੇ ਹੈ, ਸੰਤਾਪੈ=
ਦੁਖੀ ਕਰਦਾ ਹੈ, ਤਤੋ ਤਤੁ=ਤੱਤ ਹੀ ਤੱਤ,
ਨਿਰੋਲ ਤੱਤ, ਨਿਰੋਲ ਪ੍ਰਭੂ-ਨਾਮ ਦੀ ਸੱਚਾਈ,
ਇਕਤੁ ਘਰਿ=ਇੱਕ ਘਰ ਵਿਚ, ਪਵਨ=ਪ੍ਰਾਣ,
ਬੋਲੈ ਪਵਨਾ=ਪ੍ਰਾਣ ਬੋਲਦਾ ਹੈ, ਰੱਬੀ ਜੀਵਨ
ਦੀ ਲਹਿਰ ਚੱਲ ਪੈਂਦੀ ਹੈ, ਗਗਨੁ=ਆਕਾਸ਼,
ਦਸਮ-ਦੁਆਰ, ਰੱਬੀ ਮਿਲਾਪ ਦੀ ਅਵਸਥਾ,
ਗਰਜੈ=ਗੱਜਦਾ ਹੈ, ਬਲਵਾਨ ਹੁੰਦਾ ਹੈ, ਮਿਲਣੁ=
ਮਿਲਾਪ, ਸਹਜੈ=ਸਹਜ ਅਵਸਥਾ ਵਿਚ,
ਆਤਮਕ ਅਡੋਲਤਾ ਵਿਚ)

ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥
ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥
ਘਟਿ ਘਟਿ ਸੁੰਨ ਕਾ ਜਾਣੈ ਭੇਉ ॥
ਆਦਿ ਪੁਰਖੁ ਨਿਰੰਜਨ ਦੇਉ ॥
ਜੋ ਜਨੁ ਨਾਮ ਨਿਰੰਜਨ ਰਾਤਾ ॥
ਨਾਨਕ ਸੋਈ ਪੁਰਖੁ ਬਿਧਾਤਾ ॥੫੧॥

(ਸੁੰਨ=ਨਿਰਗੁਣ ਪ੍ਰਭੂ,ਉਹ ਪ੍ਰਭੂ ਜਿਸ ਵਿਚ ਮਾਇਆ
ਵਾਲੇ ਫੁਰਨੇ ਨਹੀਂ ਉਠਦੇ, ਸੁੰਨ ਮਸੁੰਨ=ਸੁੰਨ ਹੀ ਸੁੰਞ,
ਨਿਰੋਲ ਨਿਰਗੁਣ ਪ੍ਰਭੂ ਹੀ, ਚਉਥੇ ਸੁੰਨ=ਚਉਥੀ
ਅਵਸਥਾ ਵਾਲੇ ਨਿਰਗੁਣ ਪ੍ਰਭੂ ਨੂੰ, ਘਟਿ ਘਟਿ ਸੁੰਨ
ਕਾ=ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ;
ਭੇਉ=ਭੇਤ, ਆਦਿ=ਸਭ ਦਾ ਮੁੱਢ, ਬਿਧਾਤਾ=ਕਰਤਾ,
ਸਿਰਜਨਹਾਰ)

ਸੁੰਨੋ ਸੁੰਨੁ ਕਹੈ ਸਭੁ ਕੋਈ ॥
ਅਨਹਤ ਸੁੰਨੁ ਕਹਾ ਤੇ ਹੋਈ ॥
ਅਨਹਤ ਸੁੰਨਿ ਰਤੇ ਸੇ ਕੈਸੇ ॥
ਜਿਸ ਤੇ ਉਪਜੇ ਤਿਸ ਹੀ ਜੈਸੇ ॥
ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥
ਨਾਨਕ ਗੁਰਮੁਖਿ ਮਨੁ ਸਮਝਾਹਿ ॥੫੨॥

(ਸੁੰਨੋ ਸੁੰਨੁ=ਸੁੰਞ ਹੀ ਸੁੰਞ, ਨਿਰੋਲ ਉਹ ਅਵਸਥਾ
ਜਿਥੇ ਮਾਇਆ ਦੇ ਫੁਰਨੇ ਨਾਹ ਉੱਠਣ, ਅਨਹਤ=
ਇੱਕ-ਰਸ, ਕਹਾ ਤੇ=ਕਿਸ ਤੋਂ? ਕਿਥੋਂ? ਕਿਵੇਂ?
ਸੁੰਨਿ=ਅਫੁਰ ਅਵਸਥਾ ਵਿਚ, ਓਇ=ਉਹ ਬੰਦੇ,
ਸਭੁ ਕੋਈ=ਹਰੇਕ ਮਨੁੱਖ)

ਨਉ ਸਰ ਸੁਭਰ ਦਸਵੈ ਪੂਰੇ ॥
ਤਹ ਅਨਹਤ ਸੁੰਨ ਵਜਾਵਹਿ ਤੂਰੇ ॥
ਸਾਚੈ ਰਾਚੇ ਦੇਖਿ ਹਜੂਰੇ ॥
ਘਟਿ ਘਟਿ ਸਾਚੁ ਰਹਿਆ ਭਰਪੂਰੇ ॥
ਗੁਪਤੀ ਬਾਣੀ ਪਰਗਟੁ ਹੋਇ ॥
ਨਾਨਕ ਪਰਖਿ ਲਏ ਸਚੁ ਸੋਇ ॥੫੩॥

(ਜਹ=ਜਿਸ ਅਵਸਥਾ ਵਿਚ, ਨਉ ਸਰ=
ਸਰੀਰ ਦੀਆਂ ਨੌ ਗੋਲਕਾਂ, ਨਉ ਸਰ ਸੁਭਰ=
ਨਕਾ-ਨਕ ਭਰੇ ਹੋਏ ਸਰੋਵਰਾਂ ਵਰਗੀਆਂ ਨੌ
ਗੋਲਕਾਂ, ਦਸਵੈ=ਦਸਵੇਂ (ਸਰ) ਵਿਚ, ਤਹ=
ਉਸ ਅਵਸਥਾ ਵਿਚ, ਅਨਹਤ ਸੁੰਨ ਤੂਰੇ=
ਇੱਕ-ਰਸ ਅਫੁਰ ਅਵਸਥਾ ਦੇ ਵਾਜੇ,
ਤੂਰੇ=ਵਾਜੇ, ਹਜੂਰੇ=ਹਾਜ਼ਰ-ਨਾਜ਼ਰ,
ਗੁਪਤੀ ਬਾਣੀ=ਲੁਕਵੀਂ ਰੌ, ਸੋਇ=ਉਹ ਮਨੁੱਖ)

ਸਹਜ ਭਾਇ ਮਿਲੀਐ ਸੁਖੁ ਹੋਵੈ ॥
ਗੁਰਮੁਖਿ ਜਾਗੈ ਨੀਦ ਨ ਸੋਵੈ ॥
ਸੁੰਨ ਸਬਦੁ ਅਪਰੰਪਰਿ ਧਾਰੈ ॥
ਕਹਤੇ ਮੁਕਤੁ ਸਬਦਿ ਨਿਸਤਾਰੈ ॥
ਗੁਰ ਕੀ ਦੀਖਿਆ ਸੇ ਸਚਿ ਰਾਤੇ ॥
ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥

(ਸਹਜ ਭਾਇ=ਸੁਤੇ ਹੀ, ਅਡੋਲਤਾ ਵਿਚ ਅੱਪੜ ਕੇ,
ਸੁੰਨ ਸਬਦੁ=ਨਿਰਗੁਣ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ
ਬਾਣੀ, ਅਪਰੰਪਰਿ=ਅਪਰੰਪਰ ਵਿਚ, ਬੇਅੰਤ ਪ੍ਰਭੂ ਵਿਚ,
ਸਬਦਿ=ਸ਼ਬਦ ਦੀ ਰਾਹੀਂ, ਦੀਖਿਆ=ਉਹ ਸਿੱਖਿਆ
ਜਿਸ ਨਾਲ ਸਿੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ
ਕਰਦਾ ਹੈ, ਭ੍ਰਾਤੇ=ਭ੍ਰਾਂਤਿ,ਭਟਕਣਾ )

ਕੁਬੁਧਿ ਚਵਾਵੈ ਸੋ ਕਿਤੁ ਠਾਇ ॥
ਕਿਉ ਤਤੁ ਨ ਬੂਝੈ ਚੋਟਾ ਖਾਇ ॥
ਜਮ ਦਰਿ ਬਾਧੇ ਕੋਇ ਨ ਰਾਖੈ ॥
ਬਿਨੁ ਸਬਦੈ ਨਾਹੀ ਪਤਿ ਸਾਖੈ ॥
ਕਿਉ ਕਰਿ ਬੂਝੈ ਪਾਵੈ ਪਾਰੁ ॥
ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥

(ਚਵਾਵੈ=ਚੁਕਾ ਦੇਵੇ, ਦੂਰ ਕਰੇ, ਸੋ=ਇਹ ਗੱਲ,
ਕਿਤੁ ਠਾਇ=ਕਿਸ ਥਾਂ ਤੇ? ਦਰਿ=ਦਰ ਤੇ, ਪਤਿ
ਸਾਖ=ਇੱਜ਼ਤ ਤੇ ਇਤਬਾਰ, ਪਾਰੁ=ਪਾਰਲਾ ਬੰਨਾ)

ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥
ਸਤਿਗੁਰੁ ਭੇਟੈ ਮੋਖ ਦੁਆਰ ॥
ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥
ਦੁਰਮਤਿ ਵਿਛੁੜਿ ਚੋਟਾ ਖਾਇ ॥
ਮਾਨੈ ਹੁਕਮੁ ਸਭੇ ਗੁਣ ਗਿਆਨ ॥
ਨਾਨਕ ਦਰਗਹ ਪਾਵੈ ਮਾਨੁ ॥੫੬॥

(ਭੇਟੈ=ਮਿਲੈ, ਦੁਰਮਤਿ=ਭੈੜੀ ਅਕਲ ਦੇ ਕਾਰਨ,
ਚੋਟਾ ਖਾਇ=ਮਾਰ ਖਾਂਦਾ ਹੈ)

ਸਾਚੁ ਵਖਰੁ ਧਨੁ ਪਲੈ ਹੋਇ ॥
ਆਪਿ ਤਰੈ ਤਾਰੇ ਭੀ ਸੋਇ ॥
ਸਹਜਿ ਰਤਾ ਬੂਝੈ ਪਤਿ ਹੋਇ ॥
ਤਾ ਕੀ ਕੀਮਤਿ ਕਰੈ ਨ ਕੋਇ ॥
ਜਹ ਦੇਖਾ ਤਹ ਰਹਿਆ ਸਮਾਇ ॥
ਨਾਨਕ ਪਾਰਿ ਪਰੈ ਸਚ ਭਾਇ ॥੫੭॥

(ਪਲੈ ਹੋਇ=ਹਾਸਲ ਕੀਤਾ ਹੋਵੇ, ਸੋਇ=ਉਹ
ਮਨੁੱਖ, ਸਹਜਿ=ਸਹਿਜ ਵਿਚ,ਅਡੋਲਤਾ ਵਿਚ,
ਪਤਿ=ਇੱਜ਼ਤ, ਸਚ ਭਾਇ=ਸੱਚ ਦੇ ਭਾਵ ਵਿਚ,
ਸੱਚੇ ਪ੍ਰਭੂ ਦੇ ਅਨੁਸਾਰ ਹੋ ਕੇ)

ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥
ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥
ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥
ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥
ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥
ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥

(ਸੁ=ਉਸ, ਜਿਤੁ=ਜਿਸ (ਸ਼ਬਦ) ਦੀ ਰਾਹੀਂ, ਕਥੀਅਲੇ=
ਕਿਹਾ ਜਾਏ, ਤ੍ਰੈ ਸਤ=ਤਿੰਨ ਤੇ ਸੱਤ,ਦਸ, ਵਾਈ=ਪ੍ਰਾਣ
(ਜੋਗੀਆਂ ਦੇ ਖ਼ਿਆਲ ਅਨੁਸਾਰ ਸਾਹ ਬਾਹਰ ਵਲ ਕੱਢਿਆਂ
ਹਵਾ ਦਸ ਉਂਗਲ ਦੇ ਫ਼ਾਸਲੇ ਤਕ ਬਾਹਰ ਜਾਂਦੀ ਹੈ, ਫਿਰ
ਸਾਹ ਅੰਦਰ ਵਲ ਖਿੱਚੀਦਾ ਹੈ), ਤ੍ਰੈ ਸਤ ਅੰਗੁਲ ਵਾਈ=
ਦਸ ਉਂਗਲ-ਪ੍ਰਮਾਣ ਪ੍ਰਾਣ, ਕਹੁ=ਦੱਸੋ, ਕਵਨੁ=ਕੀਹ?
ਸੁਣਿ=ਸੁਣ ਕੇ, ਮਨ ਸਮਝਾਏ=ਕਿਉਂਕਰਿ ਆਪਣੇ ਮਨ
ਸਮਝਾਏ, (ਨੋਟ:- ਪਹਿਲੀਆਂ ਚਾਰ ਤੁਕਾਂ ਵਿਚ ਜੋਗੀ ਦਾ
ਪ੍ਰਸ਼ਨ ਹੈ, ਪੰਜਵੀਂ ਤੁਕ ਤੋਂ ਉੱਤਰ ਸ਼ੁਰੂ ਹੁੰਦਾ ਹੈ), ਗੁਰਮੁਖਿ=
ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ, ਸਬਦੇ=ਸ਼ਬਦ ਦੀ
ਰਾਹੀਂ, ਸਚਿ=ਸੱਚੇ ਪ੍ਰਭੂ ਵਿਚ, ਨਦਰੀ=ਮੇਹਰ ਦੀ ਨਜ਼ਰ,
ਦਾਨਾ=ਦਿਲ ਦੀ ਜਾਣਨ ਵਾਲਾ ਪ੍ਰਭੂ, ਬੀਨਾ=ਪਛਾਣਨ ਵਾਲਾ,
ਪੂਰੈ ਭਾਗਿ=ਉੱਚੀ ਕਿਸਮਤ ਦੇ ਕਾਰਨ, ਸਮਾਏ=(ਪ੍ਰਭੂ ਵਿਚ)
ਟਿਕਿਆ ਰਹਿੰਦਾ ਹੈ)

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥
ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥
ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੋ (ਮੁ) ਮੰਨਿ ਵਸਾਏ ॥
ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥
ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥

(ਕਉ=ਨੂੰ, ਨਿਰੰਤਰਿ=ਇੱਕ-ਰਸ, ਦੇਖਾ=ਵੇਖਦਾ ਹਾਂ, ਪਵਨ=
ਸ਼ਬਦ, ਗੁਰੂ ਦਾ ਸ਼ਬਦ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ,
(ਨੋਟ:-"ਤ੍ਰੈ ਸਤ ਅੰਗੁਲ ਵਾਈ" ਦਾ ਉੱਤਰ ਪਉੜੀ ਨੰ: ੬੦ ਵਿਚ
ਹੈ, ਸੋ, ਇਥੇ 'ਪਵਨ' ਦਾ ਅਰਥ 'ਵਾਈ' ਜਾਂ 'ਹਵਾ' ਨਹੀਂ ਹੈ,
ਭਾਈ ਗੁਰਦਾਸ ਜੀ ਲਿਖਦੇ ਹਨ="ਪਵਨ ਗੁਰੂ ਗੁਰਸਬਦੁ ਹੈ,"
ਭਾਵ, 'ਪਵਨ'='ਗੁਰਸਬਦੁ' ਹੈ), ਅਕਲ=ਜਿਸ ਦੇ ਟੋਟੇ ਟੋਟੇ
ਨਹੀਂ ਹਨ, ਪੂਰਨ ਪਾਰਬ੍ਰਹਮ, ਕਲਾਧਰ=ਸੱਤਾ ਧਾਰਨ ਵਾਲਾ,
ਨਾਮੋ=ਅੱਖਰ 'ਮ' ਦੇ ਨਾਲ ਦੋ 'ਲਗਾਂ' ਹਨ, ਪਾਠ ਵਿਚ (ਮੋ)
ਪੜ੍ਹਨਾ ਹੈ, ਮੰਨਿ=ਮਨ ਵਿਚ, ਭਵ=ਸੰਸਾਰ, ਛਾਇਆ=ਪ੍ਰਭਾਵ)

ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥
ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥
ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥
ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥
ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥
ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥

(ਅਉਧੂ=ਹੇ ਜੋਗੀ! ਆਹਾਰੋ=ਖ਼ੁਰਾਕ, ਆਸਰਾ, ਬੋਲੈ=ਜਪਦਾ ਹੈ,
ਤਤੁ=ਅਸਲੀਅਤ, ਵਿਰੋਲੈ=ਰਿੜਕਦਾ ਹੈ, ਇੜਾ=ਖੱਬੀ ਨਾਸ ਦੀ
ਨਾੜੀ, ਪਿੰਗੁਲਾ=ਸੱਜੀ ਨਾਸ ਦੀ ਨਾੜੀ, ਸੁਖਮਨਾ=ਵਿਚਕਾਰਲੀ
ਨਾੜੀ ਜਿਥੇ ਪ੍ਰਾਣਾਯਾਮ ਵੇਲੇ ਸੁਆਸ ਟਿਕਾਈਦੇ ਹਨ, ਤਿਹੁ ਤੇ=
ਤਿਨ੍ਹਾਂ ਤੋਂ, ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ, ਪ੍ਰਾਣਾਯਾਮ
ਤੋਂ, ਮਨਿ=ਮਨ ਵਿਚੋਂ, ਚੂਕੈ=ਮੁੱਕ ਜਾਂਦਾ ਹੈ)

ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥
ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥
ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥
ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥
ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥
ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥੬੧॥

(ਜੀਉ=ਜਿੰਦ,ਆਸਰਾ, ਪਵਨੁ=ਪ੍ਰਾਣ, ਰਸੁ=ਖ਼ੁਰਾਕ, ਕਹਾ=ਕਿਥੋਂ?
ਮੁਦ੍ਰਾ=ਸਾਧਨ, ਅਉਧੂ=ਹੇ ਜੋਗੀ! ਸਿਧ=ਜੋਗ-ਸਾਧਨਾਂ ਵਿਚ ਪੁੱਗਾ
ਹੋਇਆ ਜੋਗੀ, ਕਵਨ ਕਮਾਈ=ਕੀਹ ਮਿਲ ਜਾਂਦਾ ਹੈ? ਅਘਾਇ ਰਹੇ=
ਰੱਜੇ ਰਹਿੰਦੇ ਹਨ, ਕਿਤੁ ਭੋਜਨਿ=ਕਿਸ ਭੋਜਨ ਨਾਲ? ਤ੍ਰਿਪਤਾਸੈ=
ਤ੍ਰਿਪਤ ਰਹੀਦਾ ਹੈ, ਸਮ=ਬਰਾਬਰ, ਇੱਕ-ਸਮਾਨ, ਗ੍ਰਾਸੈ=ਗ੍ਰਸਦਾ,
ਵਿਆਪਦਾ)

ਰੰਗਿ ਨ ਰਾਤਾ ਰਸਿ ਨਹੀ ਮਾਤਾ ॥
ਬਿਨੁ ਗੁਰ ਸਬਦੈ ਜਲਿ ਬਲਿ ਤਾਤਾ ॥
ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥
ਪਵਨੁ ਨ ਸਾਧਿਆ ਸਚੁ ਨ ਅਰਾਧਿਆ ॥
ਅਕਥ ਕਥਾ ਲੇ ਸਮ ਕਰਿ ਰਹੈ ॥
ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥

(ਰੰਗਿ=ਰੰਗ ਵਿਚ, ਪਿਆਰ ਵਿਚ, ਰਸਿ=ਰਸ ਵਿਚ,
ਮਾਤਾ=ਮਸਤ,ਖੀਵਾ, ਤਾਤਾ=ਸੜਦਾ, ਖਿੱਝਦਾ, ਬਿੰਦੁ=
ਵੀਰਜ, ਬਿੰਦੁ ਨ ਰਾਖਿਆ=ਉਸ ਮਨੁੱਖ ਨੇ ਵੀਰਯ ਨਹੀਂ
ਸਾਂਭਿਆ,(ਭਾਵ) ਉਹ ਕਾਹਦਾ ਜਤੀ? ਪਵਨੁ ਨ ਸਾਧਿਆ=
(ਪ੍ਰਾਣਾਯਾਮ ਦੀ ਰਾਹੀਂ) ਪ੍ਰਾਣ ਵੱਸ ਵਿਚ ਨਹੀਂ ਕੀਤੇ)

ਗੁਰ ਪਰਸਾਦੀ ਰੰਗੇ ਰਾਤਾ ॥
ਅੰਮ੍ਰਿਤੁ ਪੀਆ ਸਾਚੇ ਮਾਤਾ ॥
ਗੁਰ ਵੀਚਾਰੀ ਅਗਨਿ ਨਿਵਾਰੀ ॥
ਅਪਿਉ ਪੀਓ ਆਤਮ ਸੁਖੁ ਧਾਰੀ ॥
ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ ॥
ਨਾਨਕ ਬੂਝੈ ਕੋ ਵੀਚਾਰੀ ॥੬੩॥

(ਰੰਗੇ=(ਪ੍ਰਭੂ ਦੇ) ਪਿਆਰ ਵਿਚ, ਪੀਆ=ਪੀਤਾ,
ਅਪਿਉ=ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ
ਨਾਮ ਜਲ, ਪੀਓ=ਪੀਤਾ, ਧਾਰੀ=ਧਾਰਿਆ,ਲੱਭਾ,
ਵੀਚਾਰੀ=ਵਿਚਾਰ-ਵਾਨ, ਤਰੁ ਤਾਰੀ=ਤਾਰੀ ਤਰੁ,
ਪਾਰ ਲੰਘ, ਕੋ=ਕੋਈ ਵਿਰਲਾ)

ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ ॥
ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਭਵਨਾ ॥
ਨਦਰਿ ਕਰੇ ਤਾ ਸਤਿਗੁਰੁ ਮੇਲੇ ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥
ਆਪੈ ਆਪੁ ਖਾਇ ਤਾ ਨਿਰਮਲੁ ਹੋਵੈ ਧਾਵਤੁ ਵਰਜਿ ਰਹਾਏ ॥
ਕਿਉ ਮੂਲੁ ਪਛਾਣੈ ਆਤਮੁ ਜਾਣੈ ਕਿਉ ਸਸਿ ਘਰਿ ਸੂਰੁ ਸਮਾਵੈ ॥
ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ ॥੬੪॥

(ਮੈਗਲੁ=(ਸੰ: ਮਦਕਲ) ਮਸਤ ਹਾਥੀ, ਭਵਨਾ=ਭਟਕਣਾ, ਆਪੈ
ਆਪੁ=ਆਪਣੇ ਆਪ ਨੂੰ, ਧਾਵਤੁ=(ਵਿਕਾਰਾਂ ਵਲ) ਦੌੜਦਾ, ਵਰਜਿ=
ਰੋਕ ਕੇ, ਸਸਿ=ਚੰਦ੍ਰਮਾ, ਹਉਮੈ=ਹਉ ਮੈਂ, ਮੈਂ ਮੈਂ,ਹਰ ਵੇਲੇ ਆਪਣੇ
ਆਪ ਦਾ ਖ਼ਿਆਲ, ਖ਼ੁਦਗ਼ਰਜ਼ੀ, ਸਹਜਿ=ਸਹਿਜ ਵਿਚ)

ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ ॥
ਨਾਭਿ ਪਵਨੁ ਘਰਿ ਆਸਣਿ ਬੈਸੈ ਗੁਰਮੁਖਿ ਖੋਜਤ ਤਤੁ ਲਹੈ ॥
ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥
ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਿ ਰਹੈ ॥
ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ ॥
ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ ॥੬੫॥

(ਨਿਹਚਲੁ=ਅਡੋਲ ਹੋ ਕੇ, ਹਿਰਦੈ=ਹਿਰਦੇ ਵਿਚ, ਆਸਣਿ=
ਆਸਣ ਉੱਤੇ, ਬੈਸੈ=ਬੈਠਦਾ ਹੈ, ਨਿਜ ਘਰਿ=ਆਪਣੇ ਅਸਲ
ਘਰ ਵਿਚ, ਆਛੈ=ਹੈ, ਅਰਥਾਵੈ=ਅਰਥ ਸਮਝਦਾ ਹੈ, ਸਚਿ=
ਸੱਚ ਵਿਚ, ਰਪੈ=ਰੰਗਿਆ ਜਾਂਦਾ ਹੈ)

ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ ॥
ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ ॥
ਰੂਪੁ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ ॥
ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥
ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ ॥
ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ॥੬੬॥

(ਦੇਹ=ਸਰੀਰ, ਮਨੁ=ਚੇਤਨ ਸੱਤਾ, ਕੈਠੈ=ਕਿਹ ਠਾਂ? ਕਿਸ
ਥਾਂ ਤੇ? ਅਸਥੰਭੁ=ਥੰਮ੍ਹੀ, ਸਹਾਰਾ, ਪਵਨੁ=ਪ੍ਰਾਣ,ਸੁਆਸ,
ਸਹਤਾ=ਆਸਰਾ ਲੈਂਦਾ ਸੀ, ਸਬਦਿ=ਸ਼ਬਦ ਨੇ, ਰਕਤੁ=ਰਤ,
ਬਿੰਦੁ=ਬੀਰਜ, ਮੜੀ=ਸਰੀਰ, ਮਿਤਿ=ਅੰਦਾਜ਼ਾ, ਅਸਰੂਪੁ=
ਸ੍ਵਰੂਪੁ, ਸਰੂਪ, ਇਬ=ਹੁਣ ਜਦੋਂ ਸਰੀਰ ਮੌਜੂਦ ਹੈ, ਤਬ=
ਤਦੋਂ ਜਦੋਂ ਸਰੀਰ ਨਹੀਂ ਸੀ)

ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥
ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥
ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥
ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥
ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥
ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥

(ਅਉਧੂ=ਹੇ ਜੋਗੀ! ਸੁੰਨਿ=ਅਫੁਰ ਪ੍ਰਭੂ ਵਿਚ, ਅਨਰਾਗੀ=ਪ੍ਰੇਮੀ ਹੋ ਕੇ,
ਜਾਤਿ=ਹੋਂਦ,ਉਤਪੱਤੀ, ਅਕੁਲੀਣਿ=ਅਕੁਲੀਣ ਵਿਚ, ਕੁਲ-ਰਹਿਤ ਪ੍ਰਭੂ
ਵਿਚ, ਗਉਨੁ=ਗਵਨੁ, ਗਮਨ, ਚਾਲ, ਜਗਤ ਦੀ ਚਾਲ, ਜਗਤ ਦੀ
ਹੋਂਦ, ਗਗਨੁ=ਅਕਾਸ਼, ਵਿਡਾਣੀ=ਅਸਚਰਜ)

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥
ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥
ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥
ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥

(ਕਿਤੁ=ਕਿਸ ਨਾਲ? ਕਿਤੁ ਬਿਧਿ=ਕਿਸ ਵਿਧੀ ਨਾਲ? ਪੁਰਖਾ=
ਹੇ ਪੁਰਖ! ਦੁਖਿ=ਦੁੱਖ ਨਾਲ, ਹਉਮੈ=ਵੱਖਰਾ-ਪਨ, ਮੇਰ-ਤੇਰ,
ਨਾਮਿ ਵਿਸਰਿਐ=ਜੇ ਨਾਮ ਵਿੱਸਰ ਜਾਏ, ਸਬਦਿ=ਗੁਰ-ਸ਼ਬਦ
ਦੀ ਰਾਹੀਂ, ਸਾਚੈ=ਸੱਚੇ ਪ੍ਰਭੂ ਵਿਚ, ਨਾਮੇ ਨਾਮਿ=ਨਾਮਿ ਹੀ ਨਾਮਿ,
ਨਾਮ ਹੀ ਨਾਮ ਵਿਚ,ਨਿਰੋਲ ਪ੍ਰਭੂ-ਨਾਮ ਵਿਚ, ਜੋਗੁ=ਮਿਲਾਪ)

ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥
ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥
ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥
ਗੁਰਮੁਖਿ ਨਿਜ ਘਰਿ ਵਾਸਾ ਹੋਇ ॥
ਗੁਰਮੁਖਿ ਜੋਗੀ ਜੁਗਤਿ ਪਛਾਣੈ ॥
ਗੁਰਮੁਖਿ ਨਾਨਕ ਏਕੋ ਜਾਣੈ ॥੬੯॥

(ਬਾਣੀ=ਗੁਰੂ ਦੀ ਬਾਣੀ ਦੀ ਰਾਹੀਂ,
ਨਿਜ ਘਰਿ=ਆਪਣੇ ਅਸਲ ਸਰੂਪ ਵਿਚ,
ਜੁਗਤਿ=ਜੋਗ ਦੀ ਜੁਗਤਿ)

ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥
ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥
ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥
ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥
ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥
ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥

(ਗਰਬਿ=ਅਹੰਕਾਰ ਵਿਚ, ਗੁਬਾਰਿ=ਹਨੇਰੇ ਵਿਚ,
ਹਾਰਿ=ਹਾਰ ਕੇ, ਜੋਗੁ=ਮਿਲਾਪ)

ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥
ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥
ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥
ਗੁਰਮੁਖਿ ਦਰਗਹ ਨ ਆਵੈ ਹਾਰਿ ॥
ਗੁਰਮੁਖਿ ਮੇਲਿ ਮਿਲਾਏ ਸੋ (ਸੁ) ਜਾਣੈ ॥
ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥

(ਉਰ=ਹਿਰਦਾ, ਬਿਦਾਰਿ=ਪਾੜ ਕੇ, ਮੇਲਿ=
ਸੰਜੋਗ ਦੀ ਰਾਹੀਂ, ਸੰਜੋਗ ਬਣਾ ਕੇ, ਸੋ=(ਨੋਟ:-
ਅੱਖਰ 'ਸ' ਨਾਲ ਦੋ ਲਗਾਂ ਹਨ, ਅਸਲੀ ਲਗ
(ਸੋ) ਹੈ, ਪਰ ਇਥੇ ਛੰਦ ਦੀ ਚਾਲ ਨੂੰ ਠੀਕ
ਰੱਖਣ ਲਈ (ਸੁ) ਪੜ੍ਹਨਾ ਹੈ)

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥
ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥
ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥
ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥

(ਸਬਦੈ ਕਾ=ਸਾਰੇ ਸ਼ਬਦ ਦਾ, ਸਾਰੇ ਉਪਦੇਸ਼ ਦਾ, ਨਿਬੇੜਾ=ਫ਼ੈਸਲਾ,
ਸਾਰ, ਅਉਧੂ=ਹੇ ਜੋਗੀ! ਮਾਤੇ=ਮਤਵਾਲੇ, ਸਚੈ=ਸੱਚੇ ਪ੍ਰਭੂ ਨੇ, ਖੁਆਈ=
ਕੁਰਾਹੇ ਪਾਏ ਹਨ, ਅਨਦਿਨੁ=ਹਰ ਰੋਜ਼, ਹਰ ਵੇਲੇ )

ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥
ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥
ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥
ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥
ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥
ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥ਪੰਨਾ 946॥

(ਨੋਟ:- ਇਸ ਬਾਣੀ ਦੇ ਜਿਵੇਂ ਸ਼ੁਰੂ ਵਿਚ "ਮੰਗਲਾਚਰਣ" ਦੀ ਪਉੜੀ ਸੀ,
ਹੁਣ ਪਉੜੀ ਨੰ: ੭੨ ਤਕ "ਪ੍ਰਭੂ ਮਿਲਾਪ" ਬਾਰੇ ਚਰਚਾ ਮੁਕਾ ਕੇ ਅਖ਼ੀਰ
ਵਿਚ "ਪ੍ਰਾਰਥਨਾ" ਹੈ; ਗਤਿ=ਹਾਲਤ, ਮਿਤਿ=ਮਿਣਤੀ, ਸਾਧਿਕ=ਸਾਧਨ
ਕਰਨ ਵਾਲੇ, ਸਿਧ=ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਫੁਰਮਾਣੈ=
ਫੁਰਮਾਨ ਵਿਚ ਹੀ, ਤੇਰੇ ਹੁਕਮ ਵਿਚ ਹੀ, ਪ੍ਰਭਿ=ਪ੍ਰਭੂ ਨੇ;
ਨੋਟ:- ਅਖ਼ੀਰਲੇ ਅੰਕ '੧' ਦਾ ਭਾਵ ਇਹ ਹੈ ਕਿ 'ਸਿਧ ਗੋਸਟਿ' ਦੀਆਂ
੭੩ ਪਉੜੀਆਂ ਨੂੰ ਸਮੁੱਚੇ ਤੌਰ ਤੇ ਕੇਵਲ ਇੱਕ ਬਾਣੀ ਸਮਝਣਾ;
ਸਾਰੀ ਬਾਣੀ ਦਾ ਇਕ ਸਾਂਝਾ ਭਾਵ ਹੈ)

  • ਮੁੱਖ ਪੰਨਾ : ਬਾਣੀ, ਗੁਰੂ ਨਾਨਕ ਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ