Punjabi Ghazlan Saleem Dilawari

ਪੰਜਾਬੀ ਗ਼ਜ਼ਲਾਂ ਸਲੀਮ ਦਿਲਾਵਰੀ

੧. ਹੋਠਾਂ ਉੱਤੇ ਚੁੱਪ ਦਾ ਪਹਿਰਾ, ਪੈਰੀਂ ਪਾ ਜ਼ੰਜੀਰ ਗਿਆ

ਹੋਠਾਂ ਉੱਤੇ ਚੁੱਪ ਦਾ ਪਹਿਰਾ, ਪੈਰੀਂ ਪਾ ਜ਼ੰਜੀਰ ਗਿਆ ।
ਸਧਰਾਂ ਦੀ ਮੁਟਿਆਰ ਦੀ ਚੁੰਨੀ, ਕਰ ਕੋਈ ਲੀਰੋ ਲੀਰ ਗਿਆ ।

ਕਿਹੜੇ ਫੁੱਲ ਦੀ ਤਾਂਘ ਨੇ ਤੈਨੂੰ, ਅਧਮੋਇਆ ਕਰ ਦਿੱਤਾ ਏ ?
ਵਿੱਚ ਬਹਾਰਾਂ ਬੁਲ-ਬੁਲ ! ਤੇਰਾ ਰੋਣਾ ਸੀਨਾ ਚੀਰ ਗਿਆ ।

ਕੱਲ੍ਹ ਦੀ ਟੱਕਰ ਵਿੱਚ ਜੋ ਮਰਿਆ, ਦੁਨੀਆਂ ਵਾਲੇ ਜਾਨਣ ਕੀ,
ਤਾਜ ਕੀਹਦਾ ਸੀ ? ਪੁੱਤਰ ਕੀਹਦਾ ? ਕਿਸ ਦਾ ਸੋਹਣਾ ਵੀਰ ਗਿਆ ?

ਸੋਚ-ਸਮਝ ਦਾ ਪਾਂਧੀ ਬਣ ਕੇ, ਕਿੰਨਾਂ-ਕੁ ਚਿਰ ਲੜਦਾ ਉਹ,
ਅੱਜ ਤੇ 'ਰਾਂਝਾ' ਅਪਣੇ ਹੱਥੀਂ 'ਸੈਦੇ' ਨੂੰ ਦੇ 'ਹੀਰ' ਗਿਆ ।

ਸੁਖ ਕੀ ?ਸੁਖ ਦੀ 'ਵਾ ਵੀ ਭੁੱਲ ਕੇ, ਮੇਰੇ ਵਿਹੜੇ ਆਈ ਨਾ,
ਤੈਨੂੰ ਮੇਰੇ ਖ਼ੁਆਬ ਦੀ ਕੋਈ, ਉਲਟੀ ਦੱਸ ਤਾਬੀਰ ਗਿਆ ।

ਅੱਖਾਂ ਸੁੱਕੀਆਂ ਵੇਖ ਨਾ ਸਮਝੀਂ, ਮੈਨੂੰ ਗੱਲਾਂ ਭੁੱਲੀਆਂ ਨੇ,
ਸੀਨੇ ਭਾਂਬੜ ਬਲਦਾ ਹੈ, ਪਰ ਅੱਖਾਂ 'ਚੋਂ ਸੁੱਕ ਨੀਰ ਗਿਆ ।

ਲੋਕੀਂ ਮੈਥੋਂ ਪੁੱਛਣ ਤੇ, ਫਿਰ ਦੱਸ 'ਸਲੀਮ' ਮੈਂ ਦੱਸਾਂ ਕੀ ?
ਇੱਕੋ ਆਸ ਦਾ ਤਾਰਾ ਸੀ, ਤੇ ਉਹ ਵੀ ਡੁੱਬ ਅਖ਼ੀਰ ਗਿਆ ।

੨. ਡੂੰਘੀਆਂ-ਡੂੰਘੀਆਂ ਸੋਚਾਂ ਸਨ ਤੇ, ਪਲ-ਪਲ ਜੀਅ ਘਬਰਾਂਦਾ ਸੀ

ਡੂੰਘੀਆਂ-ਡੂੰਘੀਆਂ ਸੋਚਾਂ ਸਨ ਤੇ, ਪਲ-ਪਲ ਜੀਅ ਘਬਰਾਂਦਾ ਸੀ ।
ਨਿੰਮ੍ਹਾ-ਨਿੰਮ੍ਹਾ ਚਾਨਣ ਸੀ ਤੇ, ਰਾਹੀ ਟੁਰਦਾ ਜਾਂਦਾ ਸੀ ।

ਨਾ ਕੁਈ ਸੱਜਣ, ਨਾ ਕੁਈ ਬੇਲੀ, ਨਾ ਕੁਈ ਆਇਆ ਸੁਖ ਦਾ ਸਾਹ,
ਖ਼ੌਰੇ ਅੱਜ ਬਨੇਰੇ ਉੱਤੇ, ਕਾਂ ਕਾਹਤੋਂ ਕੁਰਲਾਂਦਾ ਸੀ ?

ਇਹ ਵੀ ਸੱਚ ਏ ਮੇਰੇ ਮੂੰਹ 'ਤੇ, ਉਹਨੇ ਹਾਰ ਨਾ ਮੰਨੀ ਸੀ,
ਇਹ ਵੀ ਸੁਣਿਐਂ ਮੇਰੇ ਵਾਂਗੂੰ, ਉਹ ਪਿੱਛੋਂ ਪਛਤਾਂਦਾ ਸੀ ।

ਓਸੇ ਖੁੱਡੋਂ ਉਹਨੂੰ ਵੈਰੀ, ਨਾਗ-ਜ਼ਹਿਰੀ ਨੇ ਡੰਗਿਆ ਏ,
ਅਪਣਾ-ਆਪ ਬਚਾਵਣ ਲਈ ਉਹ, ਜਿਸ ਤੋਂ ਮੈਨੂੰ ਆਂਹਦਾ ਸੀ ।

ਉਹਨੇ ਆਪਣੀ ਗੱਲ ਕੋਈ ਵੀ, ਚੇਤੇ ਵਿੱਚ ਨਾ ਰੱਖੀ ਸੀ,
ਮੈਨੂੰ ਮੇਰੀਆਂ ਕੀਤੀਆਂ ਹੋਈਆਂ, ਸਾਰੀਆਂ ਯਾਦ ਕਰਾਂਦਾ ਸੀ ।

ਲੰਘ ਗਿਆ ਸੀ ਵੇਲਾ ਓਦੋਂ, ਜਦੋਂ 'ਸਲੀਮ' ਇਹ ਹੋਸ਼ ਆਈ,
ਮੈਂ ਉਹਨੂੰ ਅਜ਼ਮਾਂਦਾ ਸਾਂ ਤੇ, ਉਹ ਮੈਨੂੰ ਅਜ਼ਮਾਂਦਾ ਸੀ ।

੩. ਲੰਘੀਆਂ ਨੇ ਸਿਰ 'ਤੋਂ ਭਾਵੇਂ ਜ਼ੁਲਮ ਦੀਆਂ ਗੱਡੀਆਂ

ਲੰਘੀਆਂ ਨੇ ਸਿਰ 'ਤੋਂ ਭਾਵੇਂ ਜ਼ੁਲਮ ਦੀਆਂ ਗੱਡੀਆਂ ।
ਸੱਚ ਆਖਣ ਵਾਲੀਆਂ ਮੈਂ ਆਦਤਾਂ ਨਹੀਂ ਛੱਡੀਆਂ ।

ਜ਼ੁਲਮ ਨੇ ਅੱਜ ਫੇਰ ਉਹਦੇ ਜ਼ਰਫ਼ਾਂ ਨੂੰ ਲਲਕਾਰਿਆ,
ਜਿਸ ਦੇ ਅੱਗੇ ਵੇਲਿਆਂ ਗਿਣ-ਗਿਣ ਲਕੀਰਾਂ ਕੱਢੀਆਂ ।

ਆਸ ਦਾ ਸੂਰਜ ਪਤਾ ਨਹੀਂ ਪੁੰਘਰੇਗਾ ਕਿਸ ਘੜੀ,
ਪਾਗ਼ਲਾਂ ਦੇ ਵਾਂਗ ਦੇਖਾਂ ਰੋਜ਼ ਚੁੱਕ-ਚੁੱਕ ਅੱਡੀਆਂ ।

ਸੋਚ ਦੇ ਵੇਲੇ ਸੀ ਜਿਹੜੇ ਨੀਂਦਰਾਂ ਨੇ ਖੋਹ ਲਏ,
ਮਿੱਲ ਦੇ ਵਿੱਚ ਕੰਮ ਕਰ-ਕਰ ਚੂਰ ਹੋਈਆਂ ਹੱਡੀਆਂ ।

ਮੈਂ ਵੀ ਆਂ ਮਕਰੂਜ਼, ਮੇਰਾ ਬਾਪ ਵੀ ਮਕਰੂਜ਼ ਸੀ,
ਮੇਰੀਆਂ ਸੋਚਾਂ ਨੇ ਮੇਰੀ ਉਮਰ ਤੋਂ ਵੀ ਵੱਡੀਆਂ ।

ਵਕਤ ਦਾ 'ਈਸਾ' 'ਸਲੀਮ' ਅੱਜ ਮੁਸ਼ਕਿਲਾਂ ਵਿੱਚ ਘਿਰ ਗਿਆ,
ਸੋਚ ਨੇ ਉਸ ਵਾਸਤੇ ਥਾਂ ਥਾਂ ਸਲੀਬਾਂ ਗੱਡੀਆਂ ।

(ਜ਼ਰਫ਼=ਵਰਤਾਉ, ਮਕਰੂਜ਼=ਕਰਜਾਈ)

੪. ਔਖਾ ਸਹੀ, ਪਰ ਮੇਰੀ ਮੰਨੋਂ, ਇਹ ਵੀ ਕੰਮ ਸਰਕਾਰ ਕਰੋ

ਔਖਾ ਸਹੀ, ਪਰ ਮੇਰੀ ਮੰਨੋਂ, ਇਹ ਵੀ ਕੰਮ ਸਰਕਾਰ ਕਰੋ ।
ਨਿੱਕੇ-ਵੱਡੇ ਸਭਨਾਂ ਦੇ ਲਈ, ਇੱਕੋ ਜਿੰਨਾਂ ਪਿਆਰ ਕਰੋ ।

ਮੈਂ ਆਂ ਵੇਲਾ, ਮੇਰੇ ਮੂੰਹ 'ਤੇ ਸੱਚੀ ਗੱਲ ਈ ਰਹਿੰਦੀ ਏ,
ਹਿੰਮਤ ਹੈ ਜੇ ਤਾਂ ਫਿਰ ਆਉ, ਮੈਨੂੰ ਵੀ ਸੰਗ-ਸਾਰ ਕਰੋ ।

ਜਿਹੜੇ ਭਾਅ ਵੀ ਲੱਭੇ ਸੱਜਣੋਂ, 'ਹੱਕ' ਮੈਂ ਲੈ ਕੇ ਜਾਣਾ ਏਂ,
ਐਵੇਂ ਮੇਰਾ ਦਿਲ ਨਾ ਢਾਉ, ਐਵੇਂ ਨਾ ਤਕਰਾਰ ਕਰੋ ।

ਅੱਜ ਮੈਂ ਨਵੀਂ ਤਸੱਲੀ ਲੈ ਕੇ, ਵਾਪਸ ਘਰ ਵੱਲ ਜਾਣਾ ਨਹੀਂ,
ਕਿੱਥੋਂ ਦਾ ਦਸਤੂਰ ਏ ? ਬੇੜੀ ਆਰ ਕਰੋ ਜਾਂ ਪਾਰ ਕਰੋ ।

ਸੂਰਜ ਚੜ੍ਹਿਆ ਤੇ ਫਿਰ ਕਿਰਨਾਂ ਹਰ ਥਾਂ ਅੱਪੜ ਜਾਣਾ ਏਂ,
ਅਪਣੇ ਘਰ ਦੀ ਜਿੰਨੀ ਮਰਜ਼ੀ ਉੱਚੀ ਹੋਰ ਦੀਵਾਰ ਕਰੋ ।

ਪਿਆਰ-ਪ੍ਰੀਤ ਦਾ ਫੰਡਿਆ ਹੋਇਆ, ਤਰਲੇ ਲੈਂਦਾ ਫਿਰੇ 'ਸਲੀਮ',
ਚੋਖਾ ਨਹੀਂ ਤੇ ਦੋ ਘੜੀਆਂ ਈ, ਮੇਰੇ 'ਤੇ ਇਤਬਾਰ ਕਰੋ ।

੫. ਹਾਰੀਆਂ ਹੋਈਆਂ ਸੋਚਾਂ ਨੂੰ ਕਿਉਂ, ਮੁੜ ਮੁੜ ਪਿਆ ਅਜ਼ਮਾਉਂਦਾ ਏਂ

ਹਾਰੀਆਂ ਹੋਈਆਂ ਸੋਚਾਂ ਨੂੰ ਕਿਉਂ, ਮੁੜ ਮੁੜ ਪਿਆ ਅਜ਼ਮਾਉਂਦਾ ਏਂ ।
ਜ਼ਾਲਿਮ ਖ਼ਾਤਰ ਜ਼ਾਲਿਮ ਬਣ ਜਾ, ਜੇ ਕਰ ਬਚਣਾ ਚਾਹੁੰਦਾ ਏਂ ।

ਇੱਕ ਦਿਨ ਤੈਨੂੰ ਡੋਬ ਦੇਣਾ ਏ, ਤੇਰੀ ਇਸ ਹਮਦਰਦੀ ਨੇ,
ਮੈਂ ਸੁਣਿਐਂ ਤੂੰ ਸੱਪਾਂ ਨੂੰ ਵੀ, ਅੱਜ-ਕੱਲ੍ਹ ਦੁੱਧ ਪਿਲਾਉਂਦਾ ਏਂ ।

ਅਪਣੇ ਵੱਲੋਂ ਦੇਖ ਲੈ ਹਰ ਇੱਕ, ਇੰਜ ਹੀ ਅੱਖੀਆਂ ਭਰਿਆ ਏ,
ਝੱਲਿਆ ਸੱਜਣਾ ! ਸੱਜਣਾਂ ਨੂੰ ਤੂੰ, ਕਾਹਨੂੰ ਪਿਆ ਅਜ਼ਮਾਉਂਦਾ ਏਂ ।

ਲੁੱਕਣ-ਮੀਟੀ ਦੇ ਵਿੱਚ ਲੁੱਕੇ, ਸੱਜਣ ਲੱਭਣਾਂ ਚਾਹੁੰਨਾਂ ਵਾਂ,
ਛੇਤੀ ਚੜ੍ਹ ਪਉ ਸੋਹਣਿਆਂ ਚੰਨਾਂ ! ਚੜ੍ਹਦਾ ਕਿਉਂ ਸ਼ਰਮਾਉਂਦਾ ਏਂ ?

ਤੇਰੀ ਆਸ ਭੜੋਲੀ ਇਸ ਲਈ ਦਾਣਿਆਂ ਨਾਲ ਭਰੇਂਦੀ ਨਹੀਂ,
ਵੱਤਰ ਆਈ ਭੋਇੰ ਵੀ ਤੂੰ ਵੇਲੇ ਸਿਰ ਨਾ ਵਾਹੁੰਦਾ ਏਂ ।

ਹੋਰ ਘੜੀ ਨੂੰ ਚੰਨ ਚੜ੍ਹਿਆ ਤੇ, ਨ੍ਹੇਰਾ ਉੱਡ-ਪੁਡ ਜਾਣਾ ਏਂ,
ਐਡਾ ਔਖਾ ਪੈਂਡਾ ਨਹੀਂ, ਤੂੰ ਜਿੰਨਾਂ ਪਿਆ ਘਬਰਾਉਂਦਾ ਏਂ ।

ਯਾ 'ਸਲੀਮ' ਤੂੰ ਡਰਿਆ ਹੋਇਐਂ, ਯਾ ਤੂੰ ਅੰਦਰੋਂ ਮੁੱਕਿਆ ਏਂ,
ਕੋਈ ਤੇ ਗੱਲ ਹੈ ਨਾ ਜਿਹੜੀ ਮੈਥੋਂ ਯਾਰ, ਲੁਕਾਉਂਦਾ ਏਂ ।

6. ਸਦਮਾ ਉਹਦੇ ਜਾਵਣ ਦਾ ਨਾ ਖ਼ੁਸ਼ੀਆਂ ਉਹਦੇ ਆਉਣ ਦੀਆਂ

ਸਦਮਾ ਉਹਦੇ ਜਾਵਣ ਦਾ ਨਾ ਖ਼ੁਸ਼ੀਆਂ ਉਹਦੇ ਆਉਣ ਦੀਆਂ ।
ਬਾਲਪੁਣੇ ਵਿੱਚ ਕਿੰਨੀਆਂ ਚੰਗੀਆਂ, ਰੁੱਤਾਂ ਹੈਸਨ 'ਸਾਉਣ' ਦੀਆਂ ।

ਖੇਡੇ, ਤਾਂ ਫਿਰ ਓਸੇ ਥਾਂ ਹੀ, ਖੇਡੇ ਰਲਕੇ ਸ਼ਾਮਾਂ ਤੀਕ,
ਕੀਹਨੂੰ ਹੋਸ਼ਾਂ ਹੈ ਸਨ ਓਦੋਂ, ਰੁੱਸੇ ਯਾਰ ਮਨਾਉਣ ਦੀਆਂ ।

ਬੁਰਕੀ ਖੋਹੀ, ਰੋਟੀ ਵੰਡੀ, ਜੂਠਾ ਖਾਧਾ, 'ਚਾਰਾਂ' ਨਾਲ,
ਵੱਖ ਹੋਇਆਂ ਨਹੀਂ ਰਹਿੰਦੀਆਂ ਬਾਕੀ, ਚੱਸਾਂ ਕੱਠੀ ਤਾਉਣ ਦੀਆਂ ।

ਠੁੱਡਾ ਲੱਗਿਆ, ਫਿਰ ਉੱਠ ਬੈਠੇ, ਚਿੱਕੜ ਲੱਗਿਆ ਪੂੰਝ ਲਿਆ,
ਕਿੰਨੀਆਂ ਸੋਹਣੀਆਂ ਘੜੀਆਂ ਸਨ ਉਹ, ਨੰਗੇ ਪੈਲਾਂ ਪਾਉਣ ਦੀਆਂ ।

ਲੁੱਕਣ-ਮੀਚੀ ਦੇ ਵਿੱਚ ਰਾਤਾਂ, ਏਸ ਤਰ੍ਹਾਂ ਨੇ ਬੀਤ ਗਈਆਂ,
ਵੇਲਾ ਮਿਥਿਆ ਜਾਗਣ ਦਾ ਨਾ ਘੜੀਆਂ ਗਿਣੀਆਂ ਸੌਣ ਦੀਆਂ ।

ਰੀਝ ਹੰਢਾਉਣ ਲਈ ਹੱਟੀ ਤੋਂ, ਮੁੱਲ ਲੈਂਦੇ ਹਾਂ ਬੇਰਾਂ ਨੂੰ,
ਕਦੀ ਤੇ ਛੋਟਾਂ ਹੁੰਦੀਆਂ ਹੈਸਨ ਝੂਟਾ ਮਾਰ ਹਿਲਾਉਣ ਦੀਆਂ ।

ਚੁੱਪ 'ਸਲੀਮ' ! ਹੁਣ ਏਸ ਸਮੇਂ ਵਿੱਚ ਕਿਹੜਾ ਤੇਰੀ ਸੁਣਦਾ ਏ,
ਐਵੇਂ ਕਾਹਨੂੰ ਗੱਲਾਂ ਕਰਨੈਂ ਸੁੱਤੇ ਦਰਦ ਜਗਾਉਣ ਦੀਆਂ ।