Sain Labhu Shah ਸਾਈਂ ਲੱਭੂ ਸ਼ਾਹ

ਸਾਈਂ ਲੱਭੂ ਸ਼ਾਹ (੧੮੮੦?-੧੯੪੭) ਦਾ ਸੰਬੰਧ ਕਾਦਰੀ ਸੰਪਰਦਾ ਦੀ ਨੌਸ਼ਾਹੀਆ ਸ਼ਾਖ ਨਾਲ ਸੀ । ਉਹ ਪਿੰਡ ਜਗਦੇਓ ਕਲਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ । ਆਪ ਅਰਾਈਂ ਸਨ ਅਤੇ ਸੱਯਦ ਹਾਸ਼ਮ ਸ਼ਾਹ ਦੇ ਪੋਤਰੇ ਮੀਆਂ ਨੱਥੇ ਸ਼ਾਹ ਦੇ ਮੁਰੀਦ ਸਨ । ਆਪ ਨੇ ਕਿੱਸਾ 'ਹੀਰ ਰਾਂਝਾ', ਕਾਫ਼ੀਆਂ, ਗ਼ਜ਼ਲਾਂ ਅਤੇ ਦੋਹੜਿਆਂ ਦੀ ਰਚਨਾ ਕੀਤੀ । ਆਪ ਦੇ ਦੋਹੜੇ 'ਗੰਜੇ ਇਰਫ਼ਾਨਾ' ਪੁਸਤਕ ਵਿਚ ਪ੍ਰਕਾਸ਼ਿਤ ਹੋਏ ਸਨ । ਆਪਨੂੰ ਅਤੇ ਆਪਦੇ ਹੋਰ ਸਾਥੀਆਂ ਨੂੰ ੧੯੪੭ ਦੀ ਕਹਿਰੀ ਹਨੇਰੀ ਆਪਣੇ ਨਾਲ ਉਡਾ ਕੇ ਲੈ ਗਈ ।

ਪੰਜਾਬੀ ਕਵਿਤਾ ਸਾਈਂ ਲੱਭੂ ਸ਼ਾਹ

ਦੋਹੜੇ-ਸਾਈਂ ਲੱਭੂ ਸ਼ਾਹ

1
ਬਣ ਕਿਰਸਾਨ ਹੱਲ ਜੋੜ ਇਸ਼ਕ ਦਾ, ਵਾਹ ਘੁਸਾ ਭਰਮ ਦਾ ਪਾੜਾ ।
ਅਤੇ ਬੀਜ ਮੁਹੱਬਤ ਦਾ ਫੇਰ ਬੀਜੀਂ; ਟੁੱਟੇ ਮੋਹ ਹੰਕਾਰ ਦਾ ਜਾੜਾ ।
ਤਸੱਵਰ ਪੀਰ ਦਾ ਪਾਣੀ ਦੇਵੀਂ, ਤੇਰਾ ਫ਼ਸਲ ਨਾ ਹੋਵੇ ਮਾੜਾ ।
ਵੱਢ ਹਿਰਸ ਦੀ ਖੇਤੀ ਲੱਭੂ, ਫਿਰ ਗਾਹ ਨਫ਼ਸ ਖਲਵਾੜਾ ।

2
ਮੱਕੇ ਭੀ ਰੱਬ ਸਚ ਮੁਚ ਹੈਗਾ, ਪਰ ਵੇਖਣ ਕੋਈ ਨਾ ਜਾਂਦਾ ।
ਲੱਥਾ ਫ਼ਰਜ਼ ਖ਼ੁਦਾ ਉਤੇ ਪੈਸੇ ਖ਼ਰਚੇ, 'ਹਾਜੀ ਜੀ' ਨਾਮ ਰਖਾਂਦਾ ।
ਲੰਮਾ ਝੱਗਾ ਉਤੇ ਰੱਖ ਜੜਾਵਾਂ, ਪਿਆ ਮਨ ਦਾ ਖੋਟ ਲੁਕਾਂਦਾ ।
ਲੱਭੂ ਸ਼ਾਹ ਜਿਹਦੀ ਮਿਟ ਗਈ ਹਸਤੀ, ਉਹ ਘਰ ਵਿਚ ਹਰਿ ਨੂੰ ਪਾਂਦਾ ।

3
ਇਸ਼ਕ ਕਸਾਈ ਆਦਮ ਖ਼ੋਰਾ, ਸਿਰ ਕਫ਼ਨ ਬੰਨ੍ਹ ਕੇ ਆਇਆ ।
ਜਿਥੇ ਸੂਈ ਨਾ ਸਿੰਜਰ ਸਕੇ, ਉਥੇ ਪਾੜ ਇਸ਼ਕ ਨੇ ਲਾਇਆ ।
ਸੱਸੀ ਥਲ ਵਿਚ ਰੋਲੀ, ਸੋਹਣੀ ਨੈਂ ਵਿਚ ਡੋਬੀ, ਮਜਨੂੰ ਜੰਗਲ ਵਿਚ ਰੁਲਾਇਆ ।
ਲੱਭੂ ਸ਼ਾਹ ਇਸ਼ਕ ਬੇਦਰਦ ਨੇ, ਫਿਰ ਕਿਸ ਨੂੰ ਤੋੜ ਚੜ੍ਹਾਇਆ ।

4
ਮਾਂ-ਪਿਉ, ਭਾਈ ਤੇ ਸੱਜਣ-ਮਿੱਤਰ, ਅਸਾਂ ਸਭਨਾ ਨੂੰ ਅਜ਼ਮਾਇਆ ।
ਥੋੜਾ ਖੱਟੇ ਤੇ ਮਾਂ-ਪਿਉ ਆਖੇ; ਸ਼ਾਲਾ ! ਨਿੱਜ ਅਸਾਂ ਤੈਨੂੰ ਜਾਇਆ ।
ਦੂਰੋਂ ਵੇਖ ਯਾਰ ਖਿਸਕਦੇ, 'ਕੁਝ ਮੰਗੂਗਾ ਜੇ ਮੂੰਹ ਲਾਇਆ ।'
ਲੱਭੂ ਸ਼ਾਹ ਇਕ ਮੁਰਸ਼ਦ ਬਾਝੋਂ, ਤੈਨੂੰ ਕਿਸੇ ਨਾ ਕੋਲ ਬਹਾਇਆ ।

5
ਔਗੁਣ ਬਹੁਤੇ ਵਿਚ ਗੁਣ ਨਾ ਕੋਈ, ਆ ਦਰ ਤੇਰੇ ਉੱਤੇ ਢੱਠੇ ।
ਦਰਦ-ਰੰਞਾਣੇ ਅਤੇ ਹਿਜਰ-ਸਤਾਣੇ, ਨਾਲੇ ਲੋਕ ਕਰੇਂਦੇ ਠੱਠੇ ।
ਇਕ ਪਲ ਮੈਨੂੰ ਚੈਨ ਨਾ ਦੇਂਦੇ, ਸਭ ਦੁਸ਼ਮਨ ਹੋਏ ਕੱਠੇ ।
ਲੱਭੂ ਸ਼ਾਹ ਘੱਤ ਵਸਲ ਦਾ ਪਾਣੀ, ਹੋਣ ਭਾਂਬੜ ਹਿਜਰ ਦੇ ਮੱਠੇ ।

6
ਤੁਸਾਂ ਕਰਾਰ ਮਿਲਣ ਦੇ ਕੀਤੇ, ਫਿਰ ਢਿੱਲ ਕਿਉਂ ਇਤਨੀ ਲਾਈ ?
ਅਸੀਂ ਹਿਜਰ ਵਿਚ ਕਮਲੇ ਹੋਏ, ਨਾਲੇ ਆਖਣ ਲੋਕ ਸ਼ੁਦਾਈ ।
ਰਾਤੀਂ ਨੀਂਦ ਅਰਾਮ ਨਾ ਦਿਲ ਨੂੰ, ਤੁਸਾਂ ਕੀਤੀ ਬੇਪਰਵਾਹੀ ।
ਲੱਭੂ ਸ਼ਾਹ ਕੀ ਹੱਜ ਜੀਉੁਣ ਦਾ, ਬੁਰੀ ਮੌਤੋਂ ਸਖ਼ਤ ਜੁਦਾਈ ।

7
ਜੇ ਤੂੰ ਸਾਨੂੰ ਪੈਦਾ ਕੀਤਾ, ਵਿਚ ਦੂਈ ਕਾਹਨੂੰ ਪਾਈ ।
ਹਿਰਸ, ਮੋਹ ਤੇ ਗ਼ੁੱਸੇ ਵਾਲੀ, ਵਿਚ ਬਾਲ ਚੁਆਤੀ ਲਾਈ ।
ਉਹਲਾ ਕਰ ਕੇ ਤੂੰ ਵਿਚੇ ਹੀ ਲੁਕਿਉਂ, ਤੇਰੀ ਵਾਹ ਵਾਹ ਇਹ ਚਤੁਰਾਈ ।
ਲੱਭੂ ਸ਼ਾਹ ਤੈਨੂੰ ਵਰਜੇ ਕਿਹੜਾ, ਤੂੰ ਕਰਦਾ ਏਂ ਬੇਪਰਵਾਹੀ ।

8
ਇਹ ਦਿਲ ਅੱਖੀਂ ਨੇ ਤੇਰੇ ਬਦਲੇ, ਅਗੋਂ ਝਿੜਕ ਅੱਖੀਂ ਦੀ ਝਲੀ ।
ਖਾ ਕੇ ਝਿੜਕਾਂ ਫਿਰ ਪਿਛਾਂਹ ਨਾ ਮੁੜੀਆਂ, ਨਿਤ ਫਿਰਦੀਆਂ ਓਸੇ ਗਲੀ ।
ਮੁੜਨ ਜੋਗੀਆਂ ਰਹੀਆਂ ਨਾਹੀਂ, ਇਹ ਵਾਟ ਬੈਠੀਆਂ ਮਲੀ ।
ਲੱਭੂ ਸ਼ਾਹ ਮੁੜ ਫੱਗਣ ਆਵੇ, ਫਿਰ ਖਿਲੇ ਉਮੀਦ ਦੀ ਕਲੀ ।

9
ਐ ਦਿਲ ! ਵਰਜ ਰਿਹਾ ਮੈਂ ਤੈਨੂੰ, ਇਹ ਨਾ ਕਰ ਚੋਗ ਪਿਆਰੀ ।
ਇਰਦ ਗਿਰਦ ਇਹਦੇ ਫਾਹੀਆਂ ਲੱਗੀਆਂ, ਬੈਠਾ ਛਿਪ ਕੇ ਮੀਰ ਸ਼ਿਕਾਰੀ ।
ਜੇ ਫਸਿਉਂ ਹੁਣ ਫਟਕਣ ਕੇਹਾ, ਝਲ ਚਲਦੀ ਤੇਜ਼ ਕਟਾਰੀ ।
ਲੱਭੂ ਸ਼ਾਹ ਨਹੀਂ ਮੁੜਨ ਮੁਨਾਸਬ, ਜਿਨ੍ਹਾਂ ਜਾਨ ਇਸ਼ਕ ਵਿਚ ਹਾਰੀ ।

10
ਐ ਦਿਲ ਡੋਲ ਨਾ ਰਹੋ ਖਲੋਤਾ, ਉਹ ਪਲ ਵਿਚ ਸਭ ਕੁਝ ਕਰਦਾ ।
ਨਦੀਆਂ ਟਿੱਬੇ ਅਤੇ ਟਿੱਬੇ ਨਦੀਆਂ, ਇਹ ਕੰਮ ਉਹਦੇ ਸਭ ਘਰ ਦਾ ।
ਫਲ ਵਾਲਾ ਪਲ ਵਿਚ ਸੁਕਾਵੇ, ਕਰੇ ਗੰਨਾ ਕਾਨਾ ਸਰ ਦਾ ।
ਲੱਭੂ ਸ਼ਾਹ ਉਹਦੀ ਬੇਪਰਵਾਹੀਉਂ, ਮੇਰਾ ਹਰ ਵੇਲੇ ਦਿਲ ਡਰਦਾ ।

11
ਜਿਸ ਨੇ ਚਮਕ ਡਿੱਠੀ ਦਿਲਬਰ ਦੀ, ਉਹ ਤੜਫ਼ ਦੀਵਾਨਾ ਹੋਇਆ ।
ਰਾਤੀਂ ਨੀਂਦ ਅਰਾਮ ਨਾ ਉਸਨੂੰ, ਦਿਨ ਰਾਹਾਂ ਦੇ ਵਿਚ ਰੋਇਆ ।
ਦੀਨ ਮਜ਼ਹਬ ਤੇ ਹਸਤੀ ਛੱਡੀ, ਉਹ ਹੋ ਨਿਰਵੈਰ ਖਲੋਇਆ ।
ਲੱਭੂ ਸ਼ਾਹ ਉਹ ਜ਼ਿੰਦਾ ਹੋਇਆ, ਉਹਨੂੰ ਬਿਲਕੁਲ ਕਹਿ ਨਾ ਮੋਇਆ ।

12
ਸੋਹਣੀ ਹੋਈ ਤਾਂ ਹੀ ਸੋਹਣੀ, ਜੇ ਲਹਿ ਪਾਣੀ ਲੱਜ ਟੁੱਟੀ ।
ਨੰਗ ਨਾਮੂਸ ਤੇ ਸ਼ਰਮ ਹਯਾ ਦੀ, ਲਾਹ ਚਾਦਰ ਭੁੰਞੇ ਸੁੱਟੀ ।
ਹੱਠ ਨਾ ਛੱਡਿਆ ਅਤੇ ਜਾਨ ਗਵਾਈ, ਤਾਂ ਇਸ਼ਕ ਦੀ ਮਾਲੀ ਲੁੱਟੀ ।
ਲੱਭੂ ਸ਼ਾਹ ਉਹ ਮੰਜ਼ਲ ਪਹੁੰਚੇ, ਜਿਨ੍ਹਾਂ ਹਸਤੀ ਦੀ ਜੜ੍ਹ ਪੁੱਟੀ ।

13
ਜਿਨ੍ਹਾਂ ਚਮਕ ਡਿੱਠੀ ਦਿਲਬਰ ਦੀ, ਕੀ ਦਸਾਂ ਕੰਮ ਉਨ੍ਹਾਂ ਦੇ ।
ਸਿਰ ਕਟਵਾਏ ਤੇ ਸੂਲੀ ਚੜ੍ਹ ਗਏ, ਫਿਰ ਲੱਥੇ ਚੰਮ ਉਨ੍ਹਾਂ ਦੇ ।
ਪਾਣੀ ਬਾਝ ਤਿਹਾਏ ਤੜਫ਼ਣ, ਅਤੇ ਕੈਦੀ ਹਰਮ ਉਨ੍ਹਾਂ ਦੇ ।
ਲੱਭੂ ਸ਼ਾਹ ਆਖ਼ਰ ਵਿਚ ਸਿਜਦੇ, ਫਿਰ ਨਿਕਲੇ ਦਮ ਉਨ੍ਹਾਂ ਦੇ ।

14
ਜਿਨ੍ਹਾਂ ਚਮਕ ਡਿੱਠੀ ਦਿਲਬਰ ਦੀ, ਉਹ ਰੋ ਰੋ ਦੇਣ ਦੁਹਾਈ ।
ਜੰਗਲ ਦੇ ਵਿਚ ਭੌਂਦੇ ਫਿਰਦੇ, ਨਾਲੇ ਆਖਣ ਲੋਕ ਸ਼ੁਦਾਈ ।
ਵਿਚ ਦਰਿਆ ਦੇ ਡੁਬ ਕੇ ਮਰ ਗਏ, ਕਿਤੇ ਥਲ ਵਿਚ ਜਾਨ ਗਵਾਈ ।
ਲੱਭੂ ਸ਼ਾਹ ਕੋਈ ਡਿੱਠਾ ਕਿਤਾਬੋਂ, ਨਾਲੇ ਗੱਲਾਂ ਕਰੇ ਲੁਕਾਈ ।

15
ਕੈਦੋ ਨੇ ਮੇਰੀ ਸ਼ੁਹਰਤ ਕੀਤੀ, ਤੇਰੇ ਭਾਈਆਂ ਧੱਕੇ ਮਾਰੇ ।
ਵਿਹੜਿਉਂ ਸਾਨੂੰ ਬਾਹਰ ਕੱਢਿਆ, ਤੇਰੇ ਪਿਉ ਮਾਰੇ ਲਲਕਾਰੇ ।
ਮਗਰ ਮਹੀਂ ਦੇ ਖੱਪ ਖੱਪ ਮੋਏ, ਅਸਾਂ ਔਖੇ ਵਕਤ ਗੁਜ਼ਾਰੇ ।
ਲੱਭੂ ਸ਼ਾਹ ਅਸੀਂ ਵਿਚੇ ਈ ਗਲ ਗਏ, ਨਾ ਹੋਏ ਕਿਸੇ ਕਿਨਾਰੇ ।

16
ਮੈਂ ਕਦੋਂ ਗਲ ਲੱਗੀ ਭਾਈਆਂ, ਜੇ ਤੂੰ ਮਗਰ ਮਹੀਂ ਦੇ ਗਲਿਆ ।
ਤੇਰੀ ਮੇਰੀ ਪਈ ਜੁਦਾਈ, ਮੇਰਾ ਲੇਖ ਮੱਥੇ ਦਾ ਬਲਿਆ ।
ਜਿਗਰ ਅੰਗੀਠੀ ਵਿਚ ਹਿਜਰ ਦੇ ਕੋਲੇ, ਵਾਂਗ ਕਬਾਬ ਦੇ ਜਲਿਆ ।
ਲੱਭੂ ਸ਼ਾਹ ਤੈਨੂੰ ਮਿੱਲੀ ਅਜ਼ਾਦੀ, ਮੈਨੂੰ ਕੈਦ ਬੁਰੀ ਵਿਚ ਵਲਿਆ ।

17
ਪਾਣੀ ਬੰਦ ਡੱਬੀ ਦੇ ਅੰਦਰ, ਜਿਉਂ ਵਿਚ ਸਮੁੰਦਰ ਤਰਦਾ ।
ਡੱਬੀ ਨੇ ਉਹਨੂੰ ਕੀਤਾ ਵੱਖਰਾ, ਹੈ ਪਾਣੀ ਉਸੇ ਸਰ ਦਾ ।
ਉਸ ਨਾਲ ਤੇਰਾ ਫ਼ਰਕ ਨਾ ਕੋਈ, ਵਿਚ ਹੈ ਹਸਤੀ ਦਾ ਪਰਦਾ ।
ਲੱਭੂ ਸ਼ਾਹ ਜਦ ਮਿਟ ਗਈ ਹਸਤੀ, ਫਿਰ ਹਰਿ ਤੇਰਾ ਤੂੰ ਹਰਿ ਦਾ ।

18
ਜਿਸ ਨੂੰ ਤੂੰ ਜੰਗਲ ਵਿਚ ਲੱਭੇਂ, ਉਹ ਘਰ ਤੇਰੇ ਵਿਚ ਵੱਸਦਾ ।
ਤੂੰ ਕੁਝ ਉਸ ਦਾ ਪਤਾ ਨਾ ਪਾਵੇਂ, ਕਈ ਸ਼ਕਲਾਂ ਬਣ ਬਣ ਦੱਸਦਾ ।
ਕਦੀ ਗੰਗਾ, ਕਦੀ ਮੱਕੇ ਜਾਵੇਂ, ਤੂੰ ਖਪ ਗਿਉਂ ਭੱਜਦਾ ਨੱਸਦਾ ।
ਲੱਭੂ ਸ਼ਾਹ ਤੂੰ ਛੱਡ ਦੇ ਹਸਤੀ, ਤੈਨੂੰ ਯਾਰ ਮਿਲੇ ਘਰ ਹੱਸਦਾ ।

19
ਨਾ ਹੋ ਭਲਿਆ ਨਫ਼ਸ ਦਾ ਕੈਦੀ, ਸਗੋਂ ਇਸ ਨੂੰ ਕਾਬੂ ਕਰ ਲੈ ।
'ਹੂ' ਦਾ ਚਾਬਕ ਹੱਥ ਵਿਚ ਫੜ ਕੇ, ਉਤੇ ਸਬਰ ਦੀ ਕਾਠੀ ਧਰ ਲੈ ।
ਨਫ਼ੀ ਅਸਬਾਤ ਦੀਆਂ ਪਾ ਲੈ ਵਾਗਾਂ, ਜੋ ਬਣੇ ਤੂੰ ਜਾਨ ਤੇ ਜਰ ਲੈ ।
ਲੱਭੂ ਸ਼ਾਹ ਉੱਤੇ ਕਰ ਅਸਵਾਰੀ, ਵਿਚ ਇਸ਼ਕ ਹਵਾ ਦੇ ਤਰ ਲੈ ।

20
ਜਿਨ੍ਹਾਂ ਏਸ ਨੂੰ ਕਾਬੂ ਕੀਤਾ, ਫਿਰ ਨਾਲ ਉਨ੍ਹਾਂ ਕੀ ਹੋਇਆ ।
ਪੋਸ਼ ਲੁਹਾ ਕੇ ਭੋਹ ਨਾਲ ਭਰਿਆ, ਕੋਈ ਸੂਲੀ ਦੇ ਵਲ ਢੋਇਆ ।
ਕਿਸੇ ਕਟਾਇਆ ਸੀਸ ਦਿੱਲੀ ਵਿਚ, ਕੋਈ ਚਾਲ੍ਹੀ ਬਰਸਾਂ ਰੋਇਆ ।
ਲੱਭੂ ਸ਼ਾਹ ਕਿਸੇ ਕਰਬਲ ਜਾ ਕੇ, ਤਨ ਤੀਰਾਂ ਨਾਲ ਪਰੋਇਆ ।

21
ਹਿਰਸ ਦੇ ਨਾਲ ਨਫ਼ਸ ਤੂੰ ਪਾਲੇਂ, ਤੂੰ ਕਰਨਾ ਏਂ ਗ਼ਲਤੀ ਭਾਰੀ ।
ਇਹ ਤੇਰੇ ਕਿਸੇ ਕੰਮ ਨਾ ਆਵੇ, ਜਦੋਂ ਵਜਿਆ ਬਿਗਲ ਤਿਆਰੀ ।
ਬੰਨ੍ਹ ਲੈ ਇਸ ਨੂੰ ਕਰ ਸਾਫ਼ ਝੱਗੇ ਨੂੰ, ਹੱਥ ਨਫ਼ੀ ਦੀ ਪਕੜ ਬਹਾਰੀ ।
ਲੱਭੂ ਸ਼ਾਹ ਜੇ ਤੂੰ ਕਰ ਲਿਆ ਕਾਬੂ, ਫਿਰ ਤੂੰ ਡਾਢਾ ਬਲ-ਧਾਰੀ ।

22
ਸਭ ਜਿਨਸਾਂ ਦਾ ਬੀ ਘਰ ਤੇਰੇ, ਨਾਲੇ ਮੌਸਮ ਹੈ ਬਿਆਈ ।
ਬੀਜ ਫ਼ਸਲ ਕੰਮ ਆਵੇ ਤੇਰੇ, ਕਿਉਂ ਢਿੱਲ ਬੀਜਣ ਵਿਚ ਲਾਈ ।
ਹੱਲ ਛੱਡ ਤੂੰ ਵਿਹਲਾ ਬੈਠੋਂ, ਤੈਨੂੰ ਗ਼ਫ਼ਲਤ ਪਈ ਸਿਆਹੀ ।
ਪਈ ਭੋਂ ਦਾ ਜਦੋਂ ਪੈ ਗਿਆ ਹਾਲਾ, ਲੱਭੂ ਰੋ ਰੋ ਦੇਂ ਦੁਹਾਈ ।

23
ਇਲਮ ਪੜ੍ਹਦਿਆਂ ਤੂੰ ਉਮਰ ਗੁਜ਼ਾਰੀ, ਤੂੰ ਅਮਲ ਵਿਚ ਕਦੋਂ ਲਿਆਵੇਂ ?
ਇਸ ਦੇ ਨਾਲੋਂ ਇਕ ਅਲਫ਼ ਚੰਗੇਰਾ, ਜੇ ਇਸ ਤੇ ਅਮਲ ਕਮਾਵੇਂ ।
ਅਮਲ ਬਿਨਾਂ ਹੈ ਇਲਮ ਨਿਕੰਮਾ, ਐਵੇਂ ਜ਼ਾਇਆ ਵਕਤ ਗੁਆਵੇਂ ।
ਲੱਭੂ ਸ਼ਾਹ ਇਹ ਲੰਮੀ ਕਹਾਣੀ, ਤੂੰ ਅਲਫ਼ੋਂ ਅੱਲਾ ਪਾਵੇਂ ।

24
ਪੈਸੇ ਖ਼ਰਚ ਕੇ ਬਣਿਉਂ ਹਾਜੀ, ਇਕ ਇਹ ਭੀ ਹੈ ਵਡਿਆਈ ।
ਸਫ਼ਰ ਵਿਚ ਕਈ ਦਿਨ ਭੁੰਞੇਂ ਸੁੱਤੋਂ, ਉਥੇ ਪਹੁੰਚਿਉਂ ਨਾਲ ਸਫ਼ਾਈ ।
ਜ਼ਮ-ਜ਼ਮੀਆਂ ਕੁਝ ਲਈਆਂ ਤਸਬੀਆਂ, ਗੱਲ ਅਸਲੀ ਹੱਥ ਨਾ ਆਈ ।
ਆ ਕੇ ਪਕੜਿਆ ਛੁਰਾ ਲੱਭੂ ਸ਼ਾਹ, ਤੇਰੀ ਔਤਰ ਗਈ ਕਮਾਈ ।

25
ਇਸ਼ਕ ਤੇਰੇ ਨੇ ਪੁੰਨੂੰ ਯਾਰਾ, ਅਸੀਂ ਸ਼ਹਿਰੋਂ ਬਾਹਰ ਨਿਕਾਲੇ ।
ਤੱਤੀ ਰੇਤ ਤੇ ਤੱਤੀ ਤੜਫ਼ਾਂ, ਮੇਰੇ ਪੈਰੀਂ ਪੈ ਗਏ ਛਾਲੇ ।
ਪਲੰਘ ਉਤੋਂ ਕਦੀ ਪੈਰ ਨਾ ਲਾਹਿਆ, ਤੇਰੇ ਇਸ਼ਕ ਨੇ ਪਾਏ ਕਸਾਲੇ ।
ਲੱਭੂ ਸ਼ਾਹ ਅਸਾਂ ਤੋੜ ਨਿਬਾਹੀ, ਹੁਣ ਤੇਰੇ ਤੁਧ ਹਵਾਲੇ ।

26
ਕੱਚਾ ਘੜਾ ਖੁਰ ਢੇਰੀ ਹੋਇਆ, ਉਹ ਹੇਠ ਪਿਆ ਉਸੇ ਬੂਟੇ ।
ਸਮਝਿਆ ਮੁੜਨਾ ਨਹੀਂ ਮੁਨਾਸਬ, ਮਤਾ ਕੌਲੋਂ ਹੋਈਏ ਝੂਠੇ ।
ਕੌਲੋਂ ਹਾਰੇ ਜਿਨ੍ਹਾਂ ਯਾਰ ਵਿਸਾਰੇ, ਉਹ ਜਾ ਜਹੱਨਮ ਲੂਠੇ ।
ਲੱਭੂ ਸ਼ਾਹ ਜਿਹੜੇ ਬੋਲ ਦੇ ਪੱਕੇ, ਉਹ ਲੈਣ ਪ੍ਰੇਮ ਦੇ ਝੂਟੇ ।

27
ਦੰਦ ਚਿੱਟੇ ਭਰਵਟੇ ਕਾਲੇ, ਅਤੇ ਸਿਰ ਤੇ ਖ਼ੂਨੀ ਛੱਤੇ ।
ਤਨ ਮਨ ਜਾਨ ਕਰਾਂ ਕੁਰਬਾਨੀ, ਜੇ ਸੋਹਣਾ ਮੈਂ ਵੱਲ ਵੱਤੇ ।
ਦਿਲਬਰ ਵਿਚ ਕਲਾਵੇ ਨਾਹੀਂ, ਦਿੱਸੇ ਹਰ ਹਰ ਡਾਲੀ ਪੱਤੇ ।
ਲੱਭੂ ਸ਼ਾਹ ਹੋਵੇ ਮਿਟੀਉਂ ਸੋਨਾ, ਇਕ ਝਾਤ ਕਰਮ ਦੀ ਘੱਤੇ ।

28
ਮਾਹੀ ਯਾਰ ਵਿਸਾਰੀਂ ਨਾਹੀਂ, ਵੇ ਮੈਂ ਹੁਸਨ ਤੇਰੇ ਦੀ ਬਰਦੀ ।
ਹਿਜਰ ਤੜਫ਼ਦੀ ਨਹੀਂ ਝਲਦਾ ਕੋਈ, ਵੇ ਮੈਂ ਰੋ ਰੋ ਹੌਕੇ ਭਰਦੀ ।
ਐਬ ਵੇਖ ਮੇਰੇ ਨਾ ਹੱਟ ਪਿੱਛੇ, ਵੇ ਮੈਂ ਤੜਫ਼ ਤੜਫ਼ ਕੇ ਮਰਦੀ ।
ਲੱਭੂ ਸ਼ਾਹ ਜੇ ਤੂੰ ਜਿੰਦੜੀ ਮੰਗੇਂ, ਵੇ ਮੈਂ ਰੱਤੀ ਉਜ਼ਰ ਨਾ ਕਰਦੀ ।

ਆਪਣੇ ਪੀਰ ਬਾਰੇ

ਉੱਨੀ ਸੌ ਅਠਵੰਜਾ ਬਿਕਰਮ, ਦਰ ਪੀਰ ਦੇ ਜਾਇ ਖਲੋਤਾ ।
ਨੱਥੇ ਸ਼ਾਹ ਇਸਮ ਗਰਾਮੀ, ਹਾਸ਼ਮ ਸ਼ਾਹ ਦਾ ਪੋਤਾ ।
ਰਾਹ ਤੌਹੀਦ ਸਿਖਾਇਆ ਮੈਨੂੰ, ਬਣ ਮੁਰਸ਼ਦ ਬੰਦ ਖਲੋਤਾ ।
ਲੱਭੂ ਜਿਸ ਤਸਬੀ ਦਾ ਮਣਕਾ, ਉਨ੍ਹਾਂ ਉਥੇ ਹੀ ਪਕੜ ਪਰੋਤਾ ।

........................................................
ਉੱਨੀ ਸੌ ਛਿਆਸਠ ਬਿਕਰਮ, ਅਤੇ ਜੇਠ ਉੱਨੀ ਦਿਨ ਬੀਤਾ ।
ਉੱਨੀ ਸੌ ਦਸ ਤੇ ਮਈ ਇਕੱਤੀ, ਜਦ ਕੂਚ ਜਨਾਬ ਨੇ ਕੀਤਾ ।
ਤੇਰਾਂ ਸੈ ਸਤਾਈਸ ਹਿਜਰੀ, ਭਰ ਜਾਮ ਜ਼ਾਇਕਾ ਪੀਤਾ ।
ਸੋਮਵਾਰ ਦਾ ਰੋਜ਼ ਲੱਭੂ ਸ਼ਾਹ, ਉਨ੍ਹਾਂ ਰਾਹ ਫ਼ਰਦੌਸ ਦਾ ਕੀਤਾ ।

ਕਾਫ਼ੀ-ਸਾਈਂ ਲੱਭੂ ਸ਼ਾਹ

ਤੇਰੇ ਖੇਤ ਵਿਚ ਜੰਮਿਆ ਈ ਜਾੜਾ,
ਦਲਿੱਦਰੀਆ ਘੂਕ ਸੁੱਤੋਂ ।

ਤੌਹੀਦ ਦੀ ਲੈ ਲੈ ਹਲ ਪੰਜਾਲੀ,
ਜ਼ਿਕਰ ਫ਼ਿਕਰ ਤੂੰ ਲਾ ਦੇ ਹਾਲੀ;
ਵਾਹ ਘੁਸਾ ਭਰਮ ਦਾ ਪਾੜਾ,
ਦਲਿੱਦਰੀਆ ਘੂਕ ਸੁੱਤੋਂ… ।

ਕਾਮ ਕ੍ਰੋਧ ਦੇ ਬੂਝੇ ਪੁਟ ਦੇ;
ਮੋਹ, ਹੰਕਾਰ ਪੱਟ ਬੰਨੇ ਸੁੱਟ ਦੇ ।
ਫੜ ਲੋਭ ਲੈ ਘਤ ਉਜਾੜਾ,
ਦਲਿੱਦਰੀਆ ਘੂਕ ਸੁੱਤੋਂ… ।

ਕਹੀ ਨਫ਼ੀ ਨਾਲ ਬੰਨ੍ਹ ਕਿਆਰਾ,
ਕਰ ਲੈ ਅਪਣਾ ਖੇਤ ਨਿਆਰਾ ।
ਆ ਲਾਜ ਨਾ ਮਾਰੇ ਧਾੜਾ,
ਦਲਿੱਦਰੀਆ ਘੂਕ ਸੁੱਤੋਂ… ।

ਵਾਹ ਪੈਲੀ ਜੋ ਸਬਰ ਸੁਹਾਗਾ,
ਫਿਰ ਹਸਤੀ ਫਿਰ ਤੂੰ ਵਡਭਾਗਾ ।
ਤੇਰਾ ਵਾਹਣ ਨਾ ਰਹਿ ਜਾਏ ਮਾੜਾ,
ਦਲਿੱਦਰੀਆ ਘੂਕ ਸੁੱਤੋਂ… ।

ਦਿਲ ਨੂੰ ਖੇਤ ਸਮਝ ਲੈ ਭਾਈ,
ਰਮਜ ਫ਼ਕਰ ਦੀ ਕਰ ਲੈ ਬਿਆਈ ।
ਇਹ ਵਕਤ ਹੈ ਕੋਈ ਦਿਹਾੜਾ,
ਦਲਿੱਦਰੀਆ ਘੂਕ ਸੁੱਤੋਂ… ।

ਬੀਜ ਮੁਰਾਦ ਦਾ ਉਗਿਆ ਜਾਣੀ,
ਤਸੱਵਰ ਦਾ ਫਿਰ ਦੇਵੀਂ ਪਾਣੀ ।
ਝਾੜ ਇਸ਼ਕ ਦਾ ਹੋ ਜਾਏ ਗਾੜ੍ਹਾ,
ਦਲਿੱਦਰੀਆ ਘੂਕ ਸੁੱਤੋਂ… ।

ਗਲ ਗਿਆ ਬੀਜ ਜ਼ਿਮੀਂ ਵਿਚ ਸਾਰਾ,
ਝਾੜ ਹੈ ਇਸ ਬੀ ਦਾ ਬਿਸਤਾਰਾ ।
ਇਹ ਹੂ ਤਵਾ ਦਾ ਹੈ ਅਖਾੜਾ,
ਦਲਿੱਦਰੀਆ ਘੂਕ ਸੁੱਤੋਂ… ।

ਲੱਭੂ ਸ਼ਾਹ ਗੱਲ ਪੀਰ ਸੁਣਾਈ,
ਜਿਸ ਨੇ ਹਸਤੀ ਖ਼ਾਕ ਮਿਲਾਈ,
ਉਹ ਹੋ ਗਿਆ ਜਗ ਦਾ ਲਾੜਾ,
ਦਲਿੱਦਰੀਆ ਘੂਕ ਸੁੱਤੋਂ… ।
ਤੇਰੇ ਖੇਤ ਵਿਚ ਜੰਮਿਆ ਈ ਜਾੜਾ… ।