Sadhujan ਸਾਧੂਜਨ

ਬਾਬਾ ਸਾਧੂਜਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਸਿੱਖ ਸਨ । ਉਹ ਉਨ੍ਹਾਂ ਦੀ ਸਪੁੱਤਰੀ ਬੀਬੀ ਵੀਰੋ ਜੀ ਨੂੰ ਵਿਆਹੇ ਹੋਏ ਸਨ ।

ਪੰਜਾਬੀ ਕਵਿਤਾ ਸਾਧੂਜਨ

ਛੰਦ

੧.

ਛੰਦ
੧. ਵਾਹਿ ਗਰੀਬੀ ਬੇਪ੍ਰਵਾਹੀ

ਵਾਹਿ ਗਰੀਬੀ ਬੇਪ੍ਰਵਾਹੀ
ਜਾਂ ਕੈ ਘਟਿ ਪ੍ਰਗਟਹਿ ਵਡਭਾਗਣਿ, ਤਾਂ ਕੋ ਮਿਲੈ ਅਟਲ ਪਾਤਸ਼ਾਹੀ ।੧।ਰਹਾਉ।

ਤੁਰੀਆ ਤਖਤੁ ਬਿਬੇਕੁ ਝਰੋਖਾ । ਮਿਟ ਗਯਾ ਜਨਮ ਮਰਨ ਕਾ ਧੋਖਾ
ਖਿਮਾ ਖਜ਼ਾਨਾ ਖਰਚ ਅਥਾਹਾ ਬਖਸ਼ਿਸ ਕੀਏ ਨਿਖੁਟਿ ਨ ਜਾਈ ।੧।

ਖਿਜਮਤਗਾਰ ਬੈਰਾਗੁ ਬਿਚਾਰਾ । ਦਰ ਠਾਂਢਾ ਘਰ ਕਾ ਰਖਵਾਰਾ
ਤਸਕਰ ਪਾਂਚ ਪਕਰਿ ਦੀਏ ਬੰਦੀ, ਨਿਰਭਉ ਰਾਜ ਭਯਾ ਨਿਰਦੁੰਦੀ ।੨।

ਆਦਿ ਨਿਰੰਜਨੁ ਆਪ ਨਿਵਾਜੀ, ਨਿੰਮ੍ਰਤਾ ਕੀ ਨਉਬਤਿ ਬਾਜੀ
ਆਤਮ ਰਾਮ ਪਰਮ ਗਤਿ ਪਾਈ, ਪਰਜਾ ਪਗ ਪਰਸਣ ਕਉ ਆਈ ।੩।

ਸਿਰ ਪਰਿ ਕ੍ਰਿਪਾ ਕੁਲਹ ਬਿਰਾਜੈ, ਜਗਮਗ ਜੋਤ ਮਹਾਂ ਛਬਿ ਛਾਜੈ
ਸਾਧੂ ਕੀ ਸੰਗਤਿ ਮਜਲਸ ਖਾਸੀ, ਸਾਧੂਜਨ ਅਲਮਸਤ ਉਦਾਸੀ ।੪।

(ਰਾਗ ਬਿਭਾਸ ਪ੍ਰਭਾਤੀ)

੨. ਕੋਈ ਜਨ ਕਾਇਆ ਨਗਰ ਕਉ ਰਾਜਾ

ਕੋਈ ਜਨ ਕਾਇਆ ਨਗਰ ਕਉ ਰਾਜਾ
ਤਾਂ ਕਉ ਅਮਰ ਸਦਾ ਪ੍ਰਭੁ ਕੀਨੋ, ਤੀਨ ਪੁਰੀ ਮਹਿੰ ਬਾਜਾ ।੧।ਰਹਾਉ।

ਕਾਮ ਕ੍ਰੋਧ ਕਉ ਬਧ ਕਰ ਰਾਖਹਿ, ਲੋਭ ਕੀ ਲਹਰ ਨਿਵਾਰੈ
ਮੋਹ ਮਾਇਆ ਕੀ ਫਾਸੀ ਕਾਟਹਿ, ਸਚੁ ਸਬਦੁ ਬੀਚਾਰੈ ।੧।

ਧਰਮ ਕਉ ਧਿਆਨ ਧਰਹਿ ਮਨ ਅੰਤਰਿ, ਕੂੜੁ ਕਪਟੁ ਨ ਕਮਾਵੈ
ਸਭ ਤੇ ਨੀਚ ਆਪਿ ਕਉ ਜਾਨਹਿ, ਸਭ ਹੂੰ ਕੇ ਊਪਰਿ ਆਵੈ ।੨।

ਉਸਤਤਿ ਨਿੰਦਾ ਦੋਊ ਬਿਬਰਜਤ, ਹਰਖ ਸੋਗ ਤੇ ਨਿਆਰਾ
ਤ੍ਰਿਸਨਾ ਤਿਆਗੀ ਹਰਿ ਲਿਵ ਲਾਗੀ, ਮਿਟ ਗਏ ਸਗਲਿ ਵਿਕਾਰਾ ।੩।

ਤਾਂ ਕੀ ਸਰਨ ਪਰਹਿ ਸੋ ਛੂਟੈ, ਸਹਜ ਖੰਡ ਕਉ ਵਾਸੀ
ਸਾਧੂਜਨ ਬਲਿ ਬਲਿ ਤਿਹ ਊਪਰਿ, ਜੋ ਘਰ ਹੀ ਮਾਹਿ ਉਦਾਸੀ ।੪।

(ਰਾਗ ਗਉੜੀ)

੩. ਬੰਦੇ ! ਜਾਣ ਸਦਾ ਹਜੂਰਿ

ਬੰਦੇ ! ਜਾਣ ਸਦਾ ਹਜੂਰਿ
ਮਿਹਰ ਦਿਲ ਨਜ਼ਦੀਕ ਬਾਸ਼ਦ ਬੇਮਿਹਰ ਤੇ ਦੂਰਿ ।੧।ਰਹਾਉ।

ਆਬ ਆਤਸ਼ ਬਾਦ ਖੁਨਕੀ, ਜ਼ਿਮੀ ਅਰੁ ਅਸਮਾਨ
ਬਾਜਿ ਖਾਲਕ ਖਲਕ ਸਾਜੀ, ਤਾਸ ਪਰਿ ਕੁਰਬਾਨ ।੧।

ਆਪਿ ਕਾਦਰ ਕਰੀ ਕੁਦਰਤਿ, ਕਰਹਿ ਕਵਨ ਸ਼ੁਮਾਰ
ਦੇਤਿ ਹਮਹਿ ਰਵਾਹ ਰੋਜ਼ੀ, ਪਾਕ ਪਰਵਦਗਾਰੁ ।੨।

ਮੀਰ ਮਲਕ ਮਲੂਕ ਉਮਰਾਇ, ਖਾਨ ਅਰੁ ਬਾਦਸ਼ਾਹ
ਉਮਰ ਦਮ ਦਮ ਕਮ ਸ਼ਵੰਦਿ, ਮੇਬੀਨ ਹਮਾ ਫਨਾਹ ।੩।

ਦੁਨੀਆ ਦਰੋਗ ਹਮਹ ਦਿਵਾਨੀ, ਨਾ ਸਬਰ ਨਾਪਾਕੁ
ਸਾਧੂਜਨ ਕੁਨ ਬੰਦਗੀ, ਨਾਪਾਕ ਤੇ ਸ਼ਵ ਪਾਕੁ ।੪।

(ਰਾਗ ਆਸਾ)

੪. ਲੋਕ ਲਡੀਂਦਾ ਤੈਨੂੰ ਸੱਜਣ ਕੇਹਾ

ਲੋਕ ਲਡੀਂਦਾ ਤੈਨੂੰ ਸੱਜਣ ਕੇਹਾ
ਭੰਬੀਆਂ ਅੱਖੀਆਂ ਲਗ ਵੈਸੀਆ ਲੇਹਾ ।੧।ਰਹਾਉ।

ਕੰਚਨ ਦੇਹੀ ਰਲਿ ਵੈਸੀਆ ਖੇਹਾ
ਭਜ ਲੈ ਤੂੰ ਰਾਮ ਤੇਰੀ ਵਾਰੀ ਏਹਾ ।੨।

ਫੇਰਿ ਨ ਥੀਸੀਆ ਏਹ ਮਾਨਸ ਦੇਹਾ
ਸਾਧੂਜਨ ਦਾ ਸੁਣ ਤੂ ਸਚ ਸੰਨੇਹਾ ।੩।

(ਰਾਗ ਢੋਲਾ)

੫. ਅਸਾਡੇ ਸੱਜਣਾ ਵੋ ਅਸਾਂ ਕੂ ਦੁਆਰੇ ਤੇ ਨ ਕਰਿ ਦੂਰ

ਅਸਾਡੇ ਸੱਜਣਾ ਵੋ ਅਸਾਂ ਕੂ ਦੁਆਰੇ ਤੇ ਨ ਕਰਿ ਦੂਰ
ਅਸਾਂ ਕੂ ਦਰਸ਼ਨ ਦੇਹਿ ਹਜੂਰਿ ।
ਪੰਜੀਂ ਚੋਰੀਂ ਵੇੜਿਆ ਮੈਨੂੰ ਰਹਣ ਨ ਦੇਣ ਹਜੂਰਿ ।੧।ਰਹਾਉ।

ਅਸਾਂ ਕੂੰ ਆਨ ਨ ਆਸਰਾ, ਮਤ ਅਉਗੁਣ ਚਿਤਿ ਕਰੇਇ
ਲੁੜ ਵੈਸਾਊ ਸਾਂਈਆਂ, ਮੈਨੂੰ ਭੈਜਲੁ ਲੁੜਨਿ ਨ ਦੇਇ ।੨।

ਜਾਂ ਤੂ ਸੱਜਣ ਅਸਾਂ ਵਲਿ, ਤਾਂ ਸੱਜਣ ਸਭ ਕੋਇ
ਜਾਂ ਤੂ ਵਲਿ ਨ ਹੋਵਈ, ਤਾਂ ਸਾਡਾ ਸੱਜਣ ਕੋਇ ਨ ਹੋਇ ।੩।

ਕੇਤੇ ਪਤਿਤ ਜਗ ਊਧਰੇ, ਹਰਿਨਾਮ ਸਮਾਲਿ ਸਮਾਲਿ
ਸਾਧੂਜਨ ਕੀ ਬੇਨਤੀ, ਸੁਣ ਦੀਨ ਦਯਾਲ ਕ੍ਰਿਪਾਲਿ ।੪।

(ਰਾਗ ਮਾਰੂ)

ਕਥਾ ਸੋਲਾਂ ਸਹੇਲੀਆਂ ਕੀ (ਵਾਸੀ ਮੁਲਤਾਨ ਕੀ)

ਸਿਫਤਿ ਕਰਉਂ ਕਰਤਾਰ ਦੀ, ਜਿਨ ਸਿਰਜਿਆ ਸਭ ਕੋਇ
ਸਹੰਸ੍ਰ ਅਠਾਰਹ ਆਲਮਾਂ, ਰੋਜ਼ੀ ਦੇਂਦਾ ਸੋਇ
ਰੋਜ਼ੀ ਦੇਂਦਾ ਸਭ ਕਿਸੇ, ਰਿਜ਼ਕ ਭਿ ਦੇਂਦਾ ਓਇ
ਲਿਖਿਆ ਮਸਤਕਿ ਵਰ ਮਿਲਿਆ, ਮੇਟਿ ਨ ਸਕੈ ਕੋਇ
ਨਉਂ ਤੇ ਸੱਤ ਸਹੇਲੀਆਂ, ਨ੍ਹਾਵਣ ਚਲੀਆਂ ਜਾਇ
ਨ੍ਹਾਇ ਧੋਇ ਕੀਤੋ ਨੇ ਕਪੜੇ, ਬੈਠੀਆਂ ਚੰਗੀ ਥਾਂਇ
ਆਪੋ ਆਪਣੇ ਕੰਤ ਦੀ, ਗਾਲ ਕਰੈਂ ਸਭ ਆਇ ।੧।

ਪਹਿਲੀ ਕਹੈ ਸਹੇਲੜੀ, ਮੇਰਾ ਕੰਤ ਸੁਜਾਣ
ਸੁਘੜ ਸਿਆਣਾ ਸੋਇ ਨਰ, ਬੁਝੈ ਸਭ ਗਿਆਨ
ਮਤੀਂ ਦੇਂਦਾ ਚੰਗੀਆਂ, ਚੰਗੇਵਾਈ ਸੋਇ
ਸਹਰਾ ਦੇਖਾਂ ਹਰ ਕਦੀ, ਅਹਰਾ ਕਦੀ ਨ ਹੋਇ
ਵਰ ਸਾ ਜੀ ਨੂੰ ਅਗਲਾ, ਸੇਜ ਰਵੇਂਦਾ ਚਾਇ
ਗਾਲੀ ਕਰੈ ਮਨ ਭਾਉਂਦੀਆਂ, ਸੁਖ ਸੋ ਰੈਣ ਵਿਹਾਇ
ਕਦੀ ਨ ਦਿਤੋਸੁ ਮੇਹਣਾ, ਕਦੀ ਨ ਦਿਤੋਸੁ ਗਾਲ੍ਹ
ਸਾਈਂ ਦਿਤੁ ਸੁ ਜਾਲਣਾ, ਚੰਗੇ ਮਾਹਣੂ ਨਾਲਿ ।੧।

ਦੂਜੀ ਕਹੈ ਸਹੇਲੜੀ, ਮੈਂ ਵਰ ਮੂਰਖ ਲਧੁ
ਅਣਧੋਤੇ ਮੂੰਹ ਵਤਣਾ, ਫਿਰ ਘਰਿ ਆਵੈ ਸੰਝ
ਪੈਕਾ ਖੱਟਿ ਨ ਆਵਦਾ, ਰੋਟੀਆਂ ਮੰਗੇ ਪੰਜ
ਜੇ ਮੈਂ ਝੂਰਾਂ ਜੇ ਝੁਖਾਂ, ਤੈ ਸਹੁ ਖਬਰਿ ਨ ਕਾਇ
ਜਿੰਦ ਗਵਾਇਮੁ ਝੂਰ ਝੁਖ, ਨੈਣ ਗਵਾਇਮੁ ਰੋਇ
ਮੂਰਖ ਸੇਤੀ ਜਾਲਣਾਂ, ਸਾਂਈਂ ਕਿਸੈ ਨ ਹੋਇ ।੨।

ਤੀਜੀ ਕਹੈ ਸਹੇਲੜੀ, ਮੇਰਾ ਕੰਤ ਵਿਝਾਰ
ਕੀਮਤਿ ਜਿਸ ਘਰਿ ਅਗਲੀ, ਲੱਖਾਂ ਕਰੈ ਵਪਾਰ
ਸਕੇ ਸੋਰੇ ਦੁਬਲੇ, ਸਭਨੀਂ ਲਹਿੰਦਾ ਸਾਰੁ
ਭੱਟ ਬ੍ਰਾਹਮਣ ਜਾਚਕਾਂ, ਹਸਿ ਹਸਿ ਦੇਂਦਾ ਦਾਨ
ਦਿਲ ਜਿਸੈ ਦਾ ਪਾਤਸ਼ਾਹ, ਸੁਨੋ ਸਖੀ ਦੇ ਕਾਨ ।੩।

ਚਉਥੀ ਕਹੈ ਸਹੇਲੜੀ, ਮੈਂ ਨਰ ਲੱਧਾ ਸੂਮ
ਜੈ ਘਰਿ ਕੋਈ ਨ ਆਂਵਦਾ, ਭੱਟ, ਬ੍ਰਾਹਮਣ, ਡੂਮ
ਪੈਕਾ ਕਿਸੇ ਨ ਦੇਂਵਦਾ, ਲੁੱਝੀ ਲਾਵਣਹਾਰ
ਸਕੇ ਸੋਰੇ ਤਿਸੈ ਨੂੰ, ਮਿਲਿ ਮਿਲਿ ਕਰਨ ਖੁਆਰੁ
ਸੁਣਹੁ ਸਖੀ ਮੇਰੇ ਕੰਤ ਦਾ, ਨਿਤ ਨਿਤ ਬੁਰਾ ਹਵਾਲ ।੪।

ਪੰਜਵੀਂ ਕਹੈ ਸਹੇਲੜੀ, ਮੈਂ ਵਰੁ ਸੂਰੋ ਕੰਤੁ
ਨਾਲਿ ਮਲੂਕਾਂ ਸੋ ਬਹੈ, ਸਦਾ ਹਸੰਤਿ ਖੇਲੰਤਿ
ਤਾਜ਼ੀ ਤੁਰਕੀ ਸੋਹਣੇ, ਬਾਜ਼ਨ ਤੇ ਦਰਬਾਰ
ਚੜ੍ਹੇ ਰਕੇਬਾਂ ਲੱਤ ਦੈ, ਲੱਕ ਬੱਧੇ ਤਲਵਾਰ
ਸਨਮੁਖ ਹੋਇਕੈ ਸੋ ਲੜੇ, ਆਵਸਿ ਦਾਉ ਕੁਦਾਉ
ਦਲ ਵਿਚਿ ਕੰਡ ਨ ਦੇਂਵਦਾ, ਧੰਨੁ ਸਿ ਜਣਿਆ ਮਾਉ ।੫।

ਛਿਹਵੀਂ ਕਹੈ ਸਹੇਲੜੀ, ਕਾਇਰ ਕੰਤ ਲਧੋਮਿ
ਵਸੁ ਮਹਿੰਡਾ ਕੋ ਨਹੀਂ, ਲਿਖਿਆ ਵਰ ਮਿਲਿਓਮਿ
ਕਦੀ ਨ ਲਾੜਾ ਮਾਰਿਓ, ਚੜ੍ਹਿ ਘੋੜੇ ਅਸਵਾਰ
ਪਿਛੈ ਲਗਾ ਸੋ ਫਿਰੈ, ਮੈਂ ਦੇਂਦੀ ਲਜ ਮਾਰਿ ।੬।

ਸੱਤਵੀਂ ਕਹੈ ਸਹੇਲੜੀ, ਮੇਰਾ ਕੰਤੁ ਦਾਤਾਰੁ
ਦਿਲ ਜਿਸੈ ਦਾ ਪਾਤਸ਼ਾਹੁ, ਰਤਨੀਂ ਕਰੇ ਵਾਪਾਰੁ
ਸਾਧੂ ਸੰਤ ਫ਼ਕੀਰ ਦੀ, ਹਸਿ ਹਸਿ ਕਰਦਾ ਸਾਰੁ
ਗਰੀ ਛੁਹਾਰਾ ਸੇਜ ਸਿਰਿ, ਮੇਵਾ ਖਾਵੈ ਨਿਤ
ਸੁਣਹੁ ਸਖੀ ਮੇਰੇ ਕੰਤ ਦਾ, ਸਰਵਰ ਜੇਡਾ ਚਿਤੁ ।੭।

ਅੱਠਵੀਂ ਕਹੈ ਸਹੇਲੜੀ, ਨਿਰਧਨ ਮਹੀਂ ਭਤਾਰ
ਮੂੜੀ ਜਿਸ ਨਹੀਂ ਆਪਣੀ, ਕੇਤਾ ਕਰੈ ਵਾਪਾਰੁ
ਜੇ ਧਨ ਨ ਪੱਲੇ ਆਪਣੇ, ਤ ਭੀ ਰਲੀਆਂ ਚਾਉ ਕਰੇਇ
ਸੱਦੇ ਬਾਝਹੁੰ ਆਪਣੇ, ਸਾਈ ਕਿਸੈ ਨ ਦੇਇ ।੮।

ਨਾਵੀਂ ਕਹੈ ਸਹੇਲੜੀ, ਮੈਂ ਵਰ ਆਪੁ ਜੁੜਾਣ
ਮੁਢ ਵਿਚ ਇਕੋ ਜੇਹਵੇ, ਇਕੋ ਜੇਹਵਾ ਹਾਣ
ਮੁੰਹ ਪਰਿ ਕਾਲੀ ਮਸੁ ਹੈ, ਆਪ ਤਾਂ ਤਰਲ ਜੁਆਣੁ
ਉਸ ਦੇਖੇ ਮੈਂ ਨੀਂਹ ਹੈ, ਮੈਂ ਦੇਖੇ ਉਸ ਚਾਉ
ਹੇਤ ਦੋਹਾਂ ਦਾ ਅਗਲਾ, ਜਿਉਂ ਰਾਮ ਸੀਤਾ ਦਾ ਸਾਉ ।੯।

ਦਸਵੀਂ ਕਹੈ ਸਹੇਲੜੀ, ਮੈਂ ਵਰ ਬੁੱਢਾ ਅਤਿ
ਦੁਨੀਆ ਦੇ ਲੜਿ ਲੋਭ ਕੈ, ਮਾਂ ਪਿਉ ਸਾੜੀ ਘਤਿ
ਸੁਤੇ ਇਕਤੇ ਸੇਜ ਪਰਿ, ਏਵੈਂ ਭਈ ਨਿਰਾਸ
ਮੰਦਾ ਮਸਤਕ ਲਿਖਿਆ, ਕਦੀ ਨ ਹੋਂਦਾ ਰਾਸਿ
ਕਦੀ ਨ ਬਰਕਤਿ ਉਸ ਵਿਚ, ਸੇਜ ਭਿਜਾਈ ਰੋਇ
ਬੁੱਢਾ ਮਸਤਕਿ ਲਿਖਿਆ, ਮੇਟ ਨ ਸਕੈ ਕੋਇ ।੧੦।

ਯਾਰ੍ਹਵੀਂ ਕਹੈ ਸਹੇਲੜੀ, ਬਾਲਕ ਮੇਰਾ ਕੰਤੁ
ਖਬਰਿ ਨਹੀਂ ਜਿਸ ਆਪਣੀ, ਚਿੰਤਾ ਕਰੀ ਅਨੰਤ
ਸੇਜੈ ਕਦੀ ਨ ਆਇਓ, ਨੈਣ ਗਵਾਏ ਰੋਇ
ਜੋਬਨ ਦੀ ਰੁਤ ਸਭ ਗਈ, ਕਦੀ ਨ ਮੇਲਾ ਹੋਇ
ਮੈਂ ਲੋੜੀਂ ਸ਼ਹੁ ਆਪਣਾ, ਤੈਂ ਸਹੁ ਖਬਰਿ ਨ ਕਾਇ
ਨਿੱਕੇ ਵਰ ਨੂੰ ਦੇਂਦਿਆਂ, ਨਿਜ ਜਣੇਂਦੀ ਮਾਇ ।੧੧।

ਬਾਰ੍ਹਵੀਂ ਕਹੈ ਸਹੇਲੜੀ, ਮੇਰਾ ਕੰਤੁ ਮਲੂਕੁ
ਕਉੜਾ ਬੋਲਿ ਨ ਜਾਣਦਾ, ਸੁੰਦ੍ਰ ਰੂਪ ਅਨੂਪ
ਬਿਧਾਤੇ ਲੇਖੁ ਬਣਾਯਾ, ਮੇਰੈ ਘਰਿ ਆਨੰਦ
ਕਰਦੀ ਭੋਗ ਬਿਲਾਸ ਨਿਤ, ਕਦੀ ਨ ਮਨ ਤਨ ਭੰਗੁ
ਵਰ ਐਸਾ ਜਿਂਹ ਸਖੀ ਦਾ, ਜਾਂ ਕੈ ਮਸਤਕਿ ਭਾਗੁ
ਸੁਣੋ ਸਖੀ ਮੇਰੇ ਕੰਤ ਦਾ, ਮੈਂ ਘਰਿ ਸਦਾ ਸੁਹਾਗੁ ।੧੨।

ਤੇਰ੍ਹਵੀਂ ਕਹੈ ਸਹੇਲੜੀ, ਅੰਧਾ ਮਹੀਂ ਭਤਾਰੁ
ਵਸੁ ਮਹਿੰਡਾ ਕੋ ਨਹੀਂ, ਜੋ ਲਿਖਿਆ ਕਰਤਾਰੁ
ਬਿਨੁ ਨੈਣਾਂ ਜੋ ਜੀਵਣਾ, ਜਨਮੁ ਅਕਾਰਥ ਖੋਇ
ਬਿਰਥਾ ਜਨਮ ਗਵਾਯਾ, ਦਰਗਹਿ ਚਲਿਆ ਰੋਇ
ਸਿੰਮਲ ਰੁਖ ਸਰੇਵਿਆ, ਫਲ ਨ ਆਇਆ ਹਥਿ
ਦੁਖ ਕਰੰਮੈ ਲਿਖਿਆ, ਸੁਖ ਪਾਇਆ ਕਿਤ ਭਤਿ ।੧੩।

ਕਹੈ ਸਹੇਲੀ ਚੌਧਵੀਂ, ਮੈਂ ਵਰ ਪਾਇਆ ਸਾਧੁ
ਕਰਦਾ ਕਿਰਤ ਨਿਤ ਧਰਮ ਦੀ, ਨ ਕਰਦਾ ਅਪਰਾਧੁ
ਕਦੀ ਨ ਕਿਸੈ ਦੁਖਾਵੰਦਾ, ਨੀਵਾਂ ਮਸਤਕਿ ਜਿਸੁ
ਜਿਹਵਾ ਮੀਠਾ ਬੋਲਦਾ, ਬੁਰਾ ਨ ਬੋਲੈ ਕਿਸ
ਧੰਨ ਜਣੇਂਦੀ ਮਾਉ ਤਿਸ, ਕਰਮ ਲਿਖਿਆ ਸੀ ਮੋਹਿ
ਸੁਣਹੁ ਸਹੇਲੀ ਮੇਰੀਅਹੁ, ਮੈਂ ਸੁਖੀ ਤਿਹੁੰ ਲੋਇ ।੧੪।

ਪੰਧਰਵੀਂ ਕਹੈ ਸਹੇਲੜੀ, ਮੈਂ ਵਰੁ ਪਾਇਆ ਚੋਰੁ
ਕਦੀ ਮੇਵਾ ਲੈ ਆਂਵਦਾ, ਕਦੀ ਹਥਿ ਨ ਆਵੈ ਰੋਰੁ
ਜਦ ਚੋਰੀ ਉਠਿ ਧਾਂਵਦਾ, ਮਨ ਤਨ ਕੰਪੈ ਮੁਝ
ਨੰਗੇ ਭੁਖੇ ਸਭਸ ਦਾ, ਜਲਦੀ ਛਾਤੀ ਰੁਝ
ਡਰੇ ਸੁ ਹਿਰਦਾ ਰਾਤ ਦਿਨ, ਮਨ ਤਨ ਅੰਤਰਿ ਪੀੜ
ਸੁਣਹੁ ਸਹੇਲੀ ਮੇਰੀਅਹੁ, ਦੁਖਾਂ ਭਰਿਆ ਸਰੀਰੁ ।੧੫।

ਕਹੈ ਸਹੇਲੀ ਸੋਲ੍ਹਵੀਂ, ਮੈਂ ਵਰੁ ਲੱਧਾ ਸੰਤੁ
ਬੇਪ੍ਰਵਾਹ ਸਦਾ ਹੈ, ਏਵਡ ਪਾਇਆ ਕੰਤੁ
ਮੂੰਹ ਤਿਸਦਾ ਅਤਿ ਸੋਹਣਾ, ਮਨ ਤਨ ਅਤਿ ਗੁਲਾਲੁ
ਮੂੰਹ ਤੇ ਮਿਠਾ ਬੋਲਦਾ, ਰੰਗੁ ਬਣਾਇਆ ਲਾਲੁ
ਦਸਵੇਂ ਘਰਿ ਔਤਾਕ ਜਿਸੁ, ਪੂਰਨ ਤਾਂਕੇ ਭਾਗ
ਸਾਧੂਜਨ ਕੀ ਬੇਨਤੀ, ਗੁਰ ਕੀ ਚਰਣੀਂ ਲਾਗਿ ।੧੬।