Sadhu Dhian Singh Arif
ਸਾਧੂ ਧਿਆਨ ਸਿੰਘ ਆਰਫ਼

Punjabi Kavita
  

Kafian Sadhu Dhian Singh Arif

ਪੰਜਾਬੀ ਕਾਫ਼ੀਆਂ ਸਾਧੂ ਧਿਆਨ ਸਿੰਘ ਆਰਫ਼

1. ਮੇਰੀ ਮੇਰੀ ਨਾ ਕਰ ਗਾਫ਼ਲ

ਮੇਰੀ ਮੇਰੀ ਨਾ ਕਰ ਗਾਫ਼ਲ
ਇਹ ਧਨ ਜਾਣ ਪਰਾਇਆ ਈ ।
ਸਾਈਂ ਵਿਸਾਰ ਕੇ ਦੁਨੀਆਂ ਅੰਦਰ
ਸਿਰ ਤੋਂ ਖ਼ੌਫ਼ ਭੁਲਾਇਆ ਈ ।

ਸੁਖ ਅਨੰਦ ਛੋਡ ਕੇ ਆਪੇ
ਪੈਰ ਦੁਖਾਂ ਵਿੱਚ ਪਾਇਆ ਈ ।
ਹੂੰਝ ਪਾਪ ਦਾ ਕਲਰ ਕੂੜਾ
ਹਥੋਂ ਲਾਲ ਗੁਵਾਇਆ ਈ ।

ਭੈ ਭੰਜਨ ਸੁਖ ਸਾਗਰ ਸਰਵਰ
ਕਿਉਂ ਮਨ ਸਿਉਂ ਬਿਸਰਾਇਆ ਈ ।
ਪੰਜ ਉਚਕਿਆਂ ਰਲ ਮਿਲ ਤੈਨੂੰ
ਪਾ ਲਿਆ ਉਪਰ ਸਾਇਆ ਈ ।

ਮੋਹ ਮਾਇਆ ਨਾ ਵਿੱਚੋਂ ਕੱਢੇਂ
ਨਾਮ ਫ਼ਕੀਰ ਧਰਾਇਆ ਈ ।
ਚਿਟੀ ਚਾਦਰ ਸੰਤਾਂ ਵਾਲੀ
ਦਾਗ਼ ਸਿਆਹੀ ਲਾਇਆ ਈ ।

ਰੰਗ ਦਵੈਸ਼ ਜਿਸ ਮੈਲ ਨ ਧੋਤੀ
ਆਖ਼ਰ ਓਹ ਪਛਤਾਇਆ ਈ ।
ਸ਼ਾਹ ਗ਼ਰੀਬ ਸਭ ਇਕੋ ਥਾਂ ਤੇ
ਮਿਟੀ ਵਿੱਚ ਸਮਾਇਆ ਈ ।

ਛਡਕੇ ਮਹਿਲ ਮੁਨਾਰੇ ਸਭਨਾਂ
ਕੋਠਾ ਗੋਰ ਬਨਾਇਆ ਈ ।
ਵਾਰੋ ਵਟੀ ਹਰ ਇਕ ਤਾਈਂ
ਮੌਤ ਕਸੈਨ ਦਬਾਇਆ ਈ ।

ਵਾਂਗ ਪਤਾਸੇ ਬੰਦਾ ਬਣਿਆ
ਬਹੁਤ ਵੇਰ ਅਜ਼ਮਾਇਆ ਈ ।
ਤੇਰੇ ਨਾਲੋਂ ਡੰਗਰ ਚੰਗੇ
ਜਿਨ੍ਹਾਂ ਦੁਧ ਪਲਾਇਆ ਈ ।

ਜਿਨ੍ਹਾਂ ਮਨ ਦਾ ਕੁਸ਼ਤਾ ਕੀਤਾ
ਓਹਨਾਂ ਰੰਗ ਉਡਾਇਆ ਈ ।
ਸਤ ਸੰਤੋਖ ਨਾ ਧਾਰੇਂ ਅੰਦਰ
ਅਗਨੀ ਵਾਂਗ ਤਪਾਇਆ ਈ ।

ਲਦ ਗਏ ਵਨਜਾਰੇ ਲਖਾਂ
ਕਿਸੇ ਨਾ ਅੰਤ ਛੁਡਾਇਆ ਈ ।
ਕਾਰੂ ਛਡ ਖਜ਼ਾਨੇ ਸਭੇ
ਨੰਗੇ ਹਥ ਸਿਧਾਇਆ ਈ ।

ਹੁਸਨ ਜਵਾਨੀ ਜਾਨ ਪਰਾਨੀ
ਜਿਉਂ ਬਾਦਰ ਕੀ ਛਾਇਆ ਈ ।
ਉਸ ਨੇ ਪਾ ਲਈ ਫਤਿਹ ਜਹਾਨੋਂ
ਜਿਸ ਨੇ ਨਾਮ ਧਿਆਇਆ ਈ ।

ਧਿਆਨ ਸਿੰਘਾ ਪੜ੍ਹ ਹਰਿ ਹਰਿ ਮੰਤਰ
ਹੁਕਮ ਹਜ਼ੂਰੋਂ ਆਇਆ ਈ ।

2. ਵਿਚ ਸਵਰਗ ਦੇ ਮੌਜਾਂ ਮਾਨੇ

ਵਿਚ ਸਵਰਗ ਦੇ ਮੌਜਾਂ ਮਾਨੇ
ਜੇੜਾ ਜਨਮ ਸਵਾਰ ਗਿਆ ।
ਪਰ ਸੇਤ ਘਰ ਗਿਆ ਖਸਮ ਦੇ
ਨਾਲੇ ਸੰਗੀ ਤਾਰ ਗਿਆ ।

ਤਮ੍ਹੇ ਝੂਠ ਦੇ ਸਿਰ ਪੈ ਜਾਨੋਂ
ਡਾਰ ਭਾਠ ਕੀ ਛਾਰ ਗਿਆ ।
ਹੋ ਨਿਰਮਾਨ ਗਿਆ ਜਗ ਉੱਤੇ
ਸੁਟ ਖੁਦੀ ਦਾ ਭਾਰ ਗਿਆ ।

ਜਿੰਦਾ ਮਰਕੇ ਫੰਦੋਂ ਛੁਟਾ
ਮਨ ਪਾਪੀ ਨੂੰ ਮਾਰ ਗਿਆ ।
ਬੀਜ ਬੀਜ ਕੇ ਅੰਮ੍ਰਿਤ ਮਿਠਾ
ਦੁਖ ਤਸੀਹੇ ਟਾਰ ਗਿਆ ।

ਪੀ ਕੇ ਜਾਮ ਹਯਾਤੀ ਜੁਗ ਜੁਗ
ਸਚੇ ਸਿਉਂ ਕਰ ਪਿਆਰ ਗਿਆ ।
ਹੋ ਨਿਰਲੇਪ ਕਮਲ ਫੁਲ ਵਾਂਗੂੰ
ਸਭ ਕੁਝ ਗੁਰ ਤੋਂ ਵਾਰ ਗਿਆ ।

ਦਿਲ ਅਪਨੇ ਵਿਚ ਅਕਸ ਜਮਾ ਕਰ
ਨਕਸ਼ਾ ਖਿਚ ਮੁਰਾਰ ਗਿਆ ।
ਧਿਆਨ ਸਿੰਘਾ ਕਢ ਸੰਸਾ ਵਿੱਚੋਂ
ਹਰ ਹਰ ਨਾਮ ਚਿਤਾਰ ਗਿਆ ।

3. ਵਿੱਚ ਗਰਭ ਦੇ ਪੁੱਠਾ ਹੋ ਕੇ

ਵਿੱਚ ਗਰਭ ਦੇ ਪੁੱਠਾ ਹੋ ਕੇ
ਸੌ ਸੌ ਤਰਲਾ ਪਾਇਆ ਸੀ ।
ਸਤਿਗੁਰ ਬਾਝੋਂ ਸੁਣਦਾ ਕੋਈ ਨਾ
ਰੋ ਰੋ ਹਾਲ ਵੰਜਾਇਆ ਸੀ ।

ਭਾਰੀ ਦੁਖ ਤਸੀਹੇ ਵਿੱਚੋਂ
ਸਤਿਗੁਰ ਆਨ ਛੁਡਾਇਆ ਸੀ ।
ਦੀਨਾ ਨਾਥ, ਨਾਥ ਬਿਨ ਤੇਰਾ
ਕਿਸ ਨੇ ਦੁਖ ਮਿਟਾਇਆ ਸੀ ।

ਐਸਾ ਦੁਖ ਮਿਟਾਵਨ ਦੇ ਲਈ
ਹਰ ਹਰ ਨਾਮ ਧਿਆਇਆ ਸੀ ।
ਪਵਨ ਰੂਪ ਹਰ ਬਾਨਾ ਧਰਕੇ
ਵਿੱਚੇ ਰਿਜ਼ਕ ਪੁਚਾਇਆ ਸੀ ।

ਫਿਰ ਫਿਰ ਜੂਨਾਂ ਹੋਰ ਅਨੇਕਾਂ
ਜਨਮ ਸਬਬੀ ਆਇਆ ਸੀ ।
ਧਿਆਨ ਸਿੰਘ ਫਸ ਧੰਦੇ ਅੰਦਰ
ਹਰ ਦਾ ਨਾਮ ਭੁਲਾਇਆ ਸੀ ।

4. ਜਿਸ ਪਾਪੀ ਨੇ ਜਨਮ ਹਾਰਿਆ

ਜਿਸ ਪਾਪੀ ਨੇ ਜਨਮ ਹਾਰਿਆ
ਹੋ ਕਰ ਬਹੁਤ ਲਾਚਾਰ ਗਿਆ ।
ਮੇਰੀ ਮੇਰੀ ਰਿਹਾ ਸੁਨਾਂਦਾ
ਹਰ ਦਾ ਵਿਰਦ ਵਿਸਾਰ ਗਿਆ ।

ਅੰਤ ਛੋੜ ਕੇ ਧਰੀ ਧਰਾਈ
ਕੂੜੀ ਖੇਡ ਖਡਾਰ ਗਿਆ ।
ਮੋਹਲਤ ਪੁੰਨੀ ਭਇਆ ਨਿਰਾਸਾ
ਰੋਂਦਾ ਜ਼ਾਰੋ ਜ਼ਾਰ ਗਿਆ ।

ਪੂਰੇ ਗੁਰ ਕੀ ਸੇਵਾ ਤਜ ਕੇ
ਕੂੜ ਪਸਾਰ ਪਸਾਰ ਗਿਆ ।
ਹਥ ਕਿਸੇ ਦੇ ਕਛੂ ਨਾ ਆਇਆ
ਰੋਂਦਾ ਸਭ ਸੰਸਾਰ ਗਿਆ ।

ਓਥੋਂ ਮੁੜ ਕੇ ਕੋਈ ਨਾ ਆਇਆ
ਇਥੋਂ ਲਖ ਹਜ਼ਾਰ ਗਿਆ ।
ਮੌਜਾਂ ਲੈਂਦੇ ਸੋ ਸਹਜੀ ਵਾਲੇ
ਨਰਕਾਂ ਵਿੱਚ ਗਵਾਰ ਗਿਆ ।

ਭਵਜਲ ਦੇ ਵਿੱਚ ਗੋਤੇ ਖਾਂਦਾ
ਨਾ ਉਹ ਪਾਰ ਉਰਾਰ ਗਿਆ ।
ਧਿਆਨ ਸਿੰਘਾ ਨਹੀਂ ਕਿਤੇ ਵੀ ਢੋਈ
ਸਚੇ ਜਾਂ ਦਰਬਾਰ ਗਿਆ ।

5. ਢੂੰਡ ਨਾ ਬਾਹਰੋਂ ਵਿਚੇ ਤੇਰੇ

ਢੂੰਡ ਨਾ ਬਾਹਰੋਂ ਵਿਚੇ ਤੇਰੇ
ਪਿਆ ਅਮੋਲਕ ਮਾਲ ਮਨਾ ।
ਭੀਤਰ ਫੋਲ ਪਟਾਰੀ ਵਿਚੋਂ
ਸੁੰਦਰ ਦਮਕੇ ਲਾਲ ਮਨਾ ।

ਸਭ ਖ਼ਲਕਤ ਦਾ ਮਾਲਕ ਤੂੰਹੇਂ
ਮਹਾਂ ਕਾਲਕਾ ਕਾਲ ਮਨਾ ।
ਉਦੇ ਅਸਤ ਤੇ ਵਨ ਤਰਿਨ ਪਰਬਤ
ਤੇਰਾ ਗਗਨ ਪਤਾਲ ਮਨਾ ।

ਚਾਰੇ ਚਕ ਜਗੀਰੇ ਤੇਰੇ
ਛਡ ਦਵੈਸ਼ ਖ਼ਿਆਲ ਮਨਾ ।
ਅੰਤਰ ਜੋਤੀ ਜੋਤ ਅਲੇਖੰਗ
ਜੱਗ ਮੱਗ ਜਗੇ ਮਸਾਲ ਮਨਾ ।

ਫੂਕ ਮੁਵਾਤਾ ਜਾਲ ਗ਼ੁਲਾਮੀ
ਗਿਆਨ ਬਸੰਤ੍ਰ ਬਾਲ ਮਨਾ ।
ਧਿਆਨ ਸਿੰਘ ਤੋਹੇ ਦੁਖ ਨਾ ਲਾਗੇ
ਭਜ ਲੈ ਨਾਮ ਗੋਪਾਲ ਮਨਾ ।