Sabar Saudaai
ਸਾਬਰ ਸੌਦਾਈ
 Punjabi Kavita
Punjabi Kavita
  

ਪੰਜਾਬੀ ਗ਼ਜ਼ਲਾਂ ਸਾਬਰ ਸੌਦਾਈ

1. ਖ਼ੌਰੇ ਸੀਨੇ ਦੇ ਵਿੱਚ ਕਿੰਨੀਆਂ, ਸੱਧਰਾਂ ਡਲ੍ਹਕਾਂ ਮਾਰ ਦੀਆਂ

ਖ਼ੌਰੇ ਸੀਨੇ ਦੇ ਵਿੱਚ ਕਿੰਨੀਆਂ, ਸੱਧਰਾਂ ਡਲ੍ਹਕਾਂ ਮਾਰ ਦੀਆਂ ।
ਗੱਲ ਤੇ ਕਰਨੀ ਆਉਂਦੀ ਏ ਪਰ, ਜੁਰਤਾਂ ਨਹੀਂ ਇਜ਼ਹਾਰ ਦੀਆਂ ।

ਮੇਰੀ ਆਸ ਦੀ ਸੱਸੀ-ਸ਼ੋਹਦੀ, ਥਲ ਵਿੱਚ ਭੁੱਲੀਂ ਪੈ ਗਈ ਏ,
ਨੇੜੇ ਨੇੜੇ ਨਜ਼ਰ ਨਾ ਆਈਆਂ, ਝੋਕਾਂ ਪੁੰਨੂ ਯਾਰ ਦੀਆਂ ।

ਅੰਦਰੋਂ ਅੰਦਰੀਂ ਮੇਰੇ ਦਿਲ ਦੇ, ਟੁਕੜੇ ਹੁੰਦੇ ਜਾਂਦੇ ਨੇ,
ਲਫ਼ਜ਼ਾਂ ਦੇ ਵਿੱਚ ਕਿਥੋਂ ਆਈਆਂ, ਤਾਸੀਰਾਂ ਤਲਵਾਰ ਦੀਆਂ ।

ਹਿਰਸ ਹਵਾ ਦੇ ਪਿੰਜਰੇ ਅੰਦਰ, ਜਿਹੜਾ ਵੀ ਫਸ ਜਾਂਦਾ ਏ,
ਉਹਨੂੰ ਕਦੀ ਨਸੀਬ ਨਾ ਹੋਈਆਂ, ਰੁੱਤਾਂ ਮਸਤ ਬਹਾਰ ਦੀਆਂ ।

ਹੱਕ ਦੀ ਖ਼ਾਤਰ ਮਰ-ਮਿਟ ਜਾਣਾ, ਰੀਤ-ਰਵਸ ਮਨਸੂਰਾਂ ਦੀ,
ਭਾਵੇਂ ਰੋਜ਼ ਡਰਾਵਣ ਪਈਆਂ, ਝੱਲੀਆਂ ਰਸਮਾਂ 'ਦਾਰ' ਦੀਆਂ ।

ਅੱਜ ਬਾਜ਼ਾਰੋਂ ਲੰਘਦੇ ਵੇਲੇ, 'ਸਾਬਰ' ਸੀਨਾ ਪਾਟ ਗਿਆ,
ਕੌਡੀ ਦੇ ਮੁੱਲ ਵਿਕ ਰਹੀਆਂ ਸਨ, 'ਸੋਚਾਂ' ਇਕ 'ਫ਼ਨਕਾਰ' ਦੀਆਂ ।

2. ਗੁੱਝੀਆਂ ਗੁੱਝੀਆਂ ਮਰਜ਼ਾਂ ਲੱਗੀਆਂ

ਗੁੱਝੀਆਂ ਗੁੱਝੀਆਂ ਮਰਜ਼ਾਂ ਲੱਗੀਆਂ, ਜਿੰਦੜੀ ਡੋਲੇ ਖਾਂਦੀ ਏ ।
ਗ਼ਮ ਦੀ ਚੱਕੀ ਪੁੜਾਂ ਵਿਚਾਲੇ, ਸਾਨੂੰ ਰਗੜੀ ਜਾਂਦੀ ਏ ।

ਇਸ ਦੁਨੀਆਂ ਦੀ ਕੂੜੀ ਯਾਰੀ, ਚਾਰ ਦਿਨਾਂ ਦਾ ਮੇਲਾ ਏ,
ਝੱਲੇ ਦਿਲ ਨੂੰ ਕੀ ਸਮਝਾਵਾਂ, ਏਹੋ ਸਮਝ ਨਾ ਆਉਂਦੀ ਏ ।

ਤਾਰਿਆਂ ਦੀ ਰੁਸ਼ਨਾਈ ਭਾਵੇਂ, ਅਪਣੀ ਥਾਂ 'ਤੇ ਸੁਹਣੀ ਏ,
ਵੱਤ ਵੀ ਚੰਨ ਦੇ ਚਾਨਣ ਕੋਲੋਂ, ਅਜ਼ਲਾਂ ਤੋਂ ਸ਼ਰਮਾਂਦੀ ਏ ।

ਰੰਗ-ਰੰਗੀਲੇ ਮਹਿਲਾਂ ਵੇਲੇ, ਸੁੱਖ ਦੀ ਨੀਂਦਰ ਸੌਂਦੇ ਨੇ,
ਦਰਦਾਂ ਮਾਰੀ ਜਿੰਦੜੀ ਮੇਰੀ, ਕੱਲੀ ਨਿੱਤ ਕੁਰਲਾਂਦੀ ਏ ।

ਚਾਰ ਚੁਫੇਰੇ ਧੀਆਂ ਵਾਲੇ, ਰੋਜ਼ ਬਰਾਤਾਂ ਝੱਲਦੇ ਨੇ,
ਕਦ ਪਰਨੇਸਨ ਧੀਆਂ ਜਿਨ੍ਹਾਂ ਘਰ ਨਾ ਸੋਨਾ ਚਾਂਦੀ ਏ ।

ਤਾਂਘ ਸੱਜਣ ਦੀ ਅੱਖੀਆਂ ਦੇ ਵਿੱਚ, 'ਸਾਬਰ' ਕੂੰਜਾਂ ਵਾਂਗੂੰ ਏ,
ਖ਼ੌਰੇ ਕੌਣ ਕੁੜੀ ਅੱਜ ਬਾਰੀ, ਵਿੱਚੋਂ ਝਾਤਾਂ ਪਾਉਂਦੀ ਏ ।

3. ਕਲੀਆਂ, ਗੁੰਚੇ ਥਾਂ-ਥਾਂ ਖਿਲਰੇ

ਕਲੀਆਂ, ਗੁੰਚੇ ਥਾਂ-ਥਾਂ ਖਿਲਰੇ, ਬੂਟੇ ਦਿਸਦੇ ਖਾਲੀ ।
ਇੰਜ ਲਗਦਾ ਏ ਬਾਗ ਦੀ ਰੌਣਕ, ਲੁਟਕੇ ਲੈ ਗਏ ਮਾਲੀ ।

ਦਿਲ ਦੇ ਖੋਟੇ, ਮੂੰਹ ਦੇ ਮਿੱਠੇ, ਫੁੱਲਾਂ ਵਰਗੇ ਮੁੱਖੜੇ,
ਪਹਿਲਾਂ ਪਿਆਰ ਹੁਲਾਰਾ ਦਿੰਦੇ, ਪਿੱਛੋਂ ਦੇਸ਼ ਨਿਕਾਲੀ ।

ਮੈਂ ਸੱਧਰਾ ਦੇ ਬੂਹੇ ਯਾਰੋ, ਕਈ ਵਾਰੀ ਖੜਕਾਏ,
ਹਰ ਬੂਹੇ ਦੇ ਉਹਲੇ ਮੈਨੂੰ, ਦੇਵੇ ਸੰਝ ਵਿਖਾਲੀ ।

ਉਹਨੂੰ ਤਾਂ ਇਸ ਜੀਵਨ ਕੋਲੋਂ, ਸੁੱਖ ਨਾ ਮਿਲਿਆ ਕੋਈ,
ਜੀਹਦੇ ਗਲੇ ਪੈ ਗਈ ਹੋਵੇ, ਅਜਲੋਂ ਸੋਚ ਪੰਜਾਲੀ ।

ਪੱਥਰ ਦਾ ਦਿਲ ਰੱਖਣ ਵਾਲੇ, ਰਹਿਮ ਕਦੇ ਨਹੀਂ ਖਾਂਦੇ,
ਹੀਣੇਂ ਬੰਦੇ ਨੂੰ ਨਹੀਂ ਪੁੱਗਦੀ, ਡਾਢੇ ਦੀ ਭਈਵਾਲੀ ।

ਦਿਲ ਦੇ ਪ੍ਰੇਮ ਨਗਰ ਵਿੱਚ ਪੈਂਦੇ, ਚਿੱਟੇ ਦਿਨ ਨੂੰ ਡਾਕੇ,
ਲੁਕੜਾ ਵਿਹੜਾ, ਮੈਂ ਹਾਂ ਕੱਲਾ, ਕੌਣ ਕਰੇ ਰਖਵਾਲੀ ।

ਲਾਲ ਸਮਝ ਕੇ ਝੋਲੀ ਪਾਇਆ, ਇਕ ਮਘਦਾ ਅੰਗਾਰਾ,
ਪਹਿਲੀ ਵਾਰੀ 'ਸਾਬਰ' ਮੈਨੂੰ, ਧੋਖਾ ਦੇ ਗਈ ਲਾਲੀ ।

4. ਜ਼ਾਲਮ ਖ਼ੂਨੀ ਰਸਮਾਂ ਰੀਤਾਂ, ਵਸਦੇ ਸ਼ਹਿਰ ਉਜਾੜੇ

ਜ਼ਾਲਮ ਖ਼ੂਨੀ ਰਸਮਾਂ ਰੀਤਾਂ, ਵਸਦੇ ਸ਼ਹਿਰ ਉਜਾੜੇ ।
ਹੁਣ ਤਾਂ ਏਥੇ ਔਖੇ ਹੋ ਗਏ, ਕੱਟਣੇ ਚਾਰ ਦਿਹਾੜੇ ।

ਹਰ ਬੰਦੇ ਦੀ ਦਰਦ ਕਹਾਣੀ ਮੈਨੂੰ ਅਪਣੀ ਜਾਪੇ,
ਅੰਦਰੋਂ ਅੰਦਰ ਗੁੱਝੀ ਗੁੱਝੀ, ਪੀੜ ਕਲੇਜਾ ਪਾੜੇ ।

ਅਪਣੇ ਇਕਲਾਪੇ ਦਾ ਰੋਣਾ, ਕੀਹਦੇ ਅੱਗੇ ਰੋਵਾਂ,
ਨਾ ਕੋਈ ਸੁਣਦਾ ਮੇਰੀਆਂ ਹਾਵਾਂ, ਨਾ ਹੌਕੇ ਨਾ ਹਾੜੇ ।

ਅੱਜ ਵੀ ਰਾਂਝੇ ਬਣਦੇ ਜੋਗੀ, ਅੱਜ ਵੀ ਰੁਲਦੀਆਂ ਹੀਰਾਂ,
ਅੱਜ ਵੀ ਜ਼ਾਲਮ ਕੈਦੋਂ ਘਰ ਘਰ, ਅੱਜ ਵੀ ਖੇੜੇ ਲਾੜ੍ਹੇ ।

ਲੋਕੀ ਅਪਣੇ ਨੱਕ ਦੀ ਖ਼ਾਤਰ, ਖ਼ੂਨ ਦਿਲਾਂ ਦੇ ਕਰਦੇ,
ਫੁੱਲਾਂ ਤੋਂ ਵੀ ਨਾਜ਼ੁਕ ਜੁੱਸੇ, ਤੱਤੀਆਂ ਲੋਵਾਂ ਸਾੜੇ ।

ਜੀਹਨਾਂ ਨੂੰ ਗੁਰ ਆਪ ਸਿਖਾਏ, ਉਹ ਵੀ ਸਾਨੂੰ ਚਾਰਣ,
ਇੰਨੇ ਕਦੀ ਨਹੀਂ ਹੁੰਦੇ ਡਿੱਠੇ, ਹਾਲੀਆਂ ਅੱਗੇ ਪਾੜੇ ।

ਉਹ ਡਾਹਢਾ ਏ ਤੇ ਸਾਨੂੰ ਕੀ, 'ਸਾਬਰ' ਹੱਸੇ ਵੱਸੇ,
ਮੇਰੇ ਜੇਹੇ ਵੀ ਜੱਗ ਤੇ ਰਹਿੰਦੇ ਭਾਵੇਂ ਹੋਵਣ ਮਾੜੇ ।

5. ਅਪਣੇ ਲਹੂ ਦਾ ਗਾਰਾ ਲਾ ਕੇ, ਚਾਵਾਂ ਨਾਲ ਉਸਾਰੀ

ਅਪਣੇ ਲਹੂ ਦਾ ਗਾਰਾ ਲਾ ਕੇ, ਚਾਵਾਂ ਨਾਲ ਉਸਾਰੀ ।
ਹੜ੍ਹ ਦਾ ਪਾਣੀ ਰੋਕ ਸਕੀ ਨਾ, ਕੱਚੀ ਕੰਧ ਵਿਚਾਰੀ ।

ਵਾਹ ਦਮ ਅਪਣਾ ਹੁੰਦਾ ਜਿਹੜਾ, ਹਰ ਵੇਲੇ ਦਾ ਸਾਥੀ,
ਔਖੇ ਵੇਲੇ ਕੰਮ ਨਹੀਂ ਆਉਂਦੀ, ਇਸ ਦੁਨੀਆਂ ਦੀ ਯਾਰੀ ।

ਅੱਜ ਕੱਲ੍ਹ ਸੱਚ ਦਾ ਸੌਦਾ ਲੱਭਣਾ, ਡਾਹਢਾ ਮੁਸ਼ਕਿਲ ਹੋਇਆ,
ਦੁਨੀਆਂ ਉੱਤੇ ਕੂੜਾਂ ਦੇ ਹੁਣ, ਫਿਰਦੇ ਢੇਰ ਵਪਾਰੀ ।

ਅੱਖੀਆਂ ਵਿੱਚ ਜਗਰਾਤੇ ਕੱਟੇ, ਲਾ ਕੇ ਸੀਨੇ ਯਾਦਾਂ,
ਸੁੱਖ ਦੇ ਪੰਛੀ ਸਾਡੇ ਦੇਸ਼ੋਂ, ਉੱਡ ਗਏ ਮਾਰ ਉਡਾਰੀ ।

ਦਿਲ ਦੀ ਖੇਤੀ ਸੁੱਕ ਜਾਵੇ ਤਾਂ, ਫੇਰ ਹਰੀ ਨਾ ਹੋਵੇ,
ਆਉਂਦੇ ਜਾਂਦੇ ਮੌਸਮ ਦਸ ਗਏ, ਮੈਨੂੰ ਵਾਰੋ ਵਾਰੀ ।

ਧਰਤੀ ਉੱਤੇ ਬੰਦੇ ਚਮਕਣ, ਅਸਮਾਨਾਂ 'ਤੇ ਤਾਰੇ,
ਰੱਬਾ ਤੇਰੀ ਕੁਦਰਤ ਕੀਤੀ, ਖ਼ੂਬ ਕਸੀਦਾ ਕਾਰੀ ।

ਡਾਢਿਆਂ ਨਾਲ ਪਰੀਤਾਂ ਲਾ ਕੇ, 'ਸਾਬਰ' ਕੀ ਖੱਟਿਆ ਈ,
ਤੂੰ ਤਾਂ ਆਪਣੇ ਪੈਰਾਂ ਉੱਤੇ, ਆਪ ਕੁਹਾੜੀ ਮਾਰੀ ।

 

To veiw this site you must have Unicode fonts. Contact Us

punjabi-kavita.com