Punjabi Kavita
Saadullah Shah
 Punjabi Kavita
Punjabi Kavita
  

ਪੰਜਾਬੀ ਗ਼ਜ਼ਲਾਂ ਸਾਅਦੁੱਲਾ ਸ਼ਾਹ

੧. ਕਿੱਥੇ ਅੱਖੀਆਂ ਲਾ ਬੈਠਾ

ਕਿੱਥੇ ਅੱਖੀਆਂ ਲਾ ਬੈਠਾ ।
ਸੂਰਜ ਵਿਹੜੇ ਆ ਬੈਠਾ ।

ਆਖ਼ਰ ਉਹ ਦੀਵਾਨਾ ਵੀ,
ਲੋਕਾਂ ਦੇ ਵਿੱਚ ਜਾ ਬੈਠਾ ।

ਧੜ-ਧੜ ਧੜਕੇ ਹਰ ਗੱਲ 'ਤੇ,
ਮੈਂ ਦਿਲ ਨੂੰ ਸਮਝਾ ਬੈਠਾ ।

ਝੋਲੀ ਲਾਲੋ-ਲਾਲ ਹੋਈ,
ਅੱਖਾਂ ਕੀ ਛਲਕਾ ਬੈਠਾ ।

ਉਹ ਵੀ ਗੱਲਾਂ ਕਰਦਾ ਸੀ,
ਮੈਂ ਵੀ ਗੱਲ ਸੁਣਾ ਬੈਠਾ ।

ਲੱਗ ਕੇ ਪੱਥਰਾਂ ਪਿੱਛੇ ਮੈਂ,
ਕਈ ਅਲਮਾਸ ਗੰਵਾ ਬੈਠਾ ।

ਬੰਦਾ ਉਹੀਓ ਬਣਦਾ ਏ,
ਜਿਹੜਾ ਧੋਖਾ ਖਾ ਬੈਠਾ ।

'ਸ਼ਾਹ ਜੀ' ! ਮੈਂ ਬੱਸ ਉਹਦੇ ਲਈ,
ਹਰ-ਇੱਕ ਗੱਲ ਭੁਲਾ ਬੈਠਾ ।

੨. ਮੌਸਮ ਹੋਵੇ ਜਿਸ ਦਾ ਗਹਿਣਾ

ਮੌਸਮ ਹੋਵੇ ਜਿਸ ਦਾ ਗਹਿਣਾ ।
ਉਹੀਓ ਫੁੱਲ ਟਾਹਣੀ ਤੇ ਰਹਿਣਾ ।

ਦੋਵੇਂ ਕੰਮ ਈ ਸੌਖੇ ਹੁੰਦੇ,
ਜਿੱਤ ਕੇ ਲੜਨਾ, ਹਾਰ ਕੇ ਬਹਿਣਾ ।

ਤਾਂ ਫਿਰ ਦੋ-ਕੰਮ ਔਖੇ ਵੀ ਨੇ-
ਨਾ ਦੁਖ ਦੇਣਾ, ਨਾ ਦੁਖ ਸਹਿਣਾ ।

ਅੱਗਾਂ ਵੀ ਇਹ ਲਾ ਸਕਦਾ ਹੈ,
ਅੱਖਾਂ 'ਚੋਂ ਹੰਝੂਆਂ ਦਾ ਬਹਿਣਾ ।

ਹਰ ਇਕ ਟਹਿਣੀ ਖ਼ਤਰਾ ਹੁੰਦੀ,
ਜੇ ਕਰ ਟੁੱਟੇ ਪੂਰਾ ਟਹਿਣਾ ।

ਮੁਸ਼ਕਿਲ ਹੁੰਦਾ ਖ਼ੁਸ਼ਬੂ ਦੇ ਲਈ,
'ਵਾ ਚੱਲੇ ਤੇ ਫੁੱਲ ਵਿੱਚ ਰਹਿਣਾ ।

'ਸ਼ਾਹ ਜੀ' ਬਹੁਤੇ ਵਕਤਾਂ ਉੱਤੇ,
ਮੁਸ਼ਕਿਲ ਹੁੰਦਾ ਕੁਝ ਵੀ ਕਹਿਣਾ ।

੩. ਐਸੀ ਬੱਸ ਅਨਹੋਣੀ ਹੋਈ

ਐਸੀ ਬੱਸ ਅਨਹੋਣੀ ਹੋਈ ।
ਨਾ ਮੈਂ ਹਸਿਆ ਨਾ ਉਹ ਰੋਈ ।

ਜਿੱਥੇ ਕਿਸਮਤ ਪੁੱਠੀ ਹੋਵੇ,
ਉੱਥੇ ਯਾਰ ਕਰੇ ਕੀ ਕੋਈ ?

ਇੱਕ ਦੀ ਖ਼ਾਤਰ 'ਬਾਰਿਸ਼' ਚੰਗੀ,
ਇੱਕ ਦੀ ਸਾਰੀ ਝੁੱਗੀ ਚੋਈ ।

ਟੋਟੇ-ਟੋਟੇ ਤਾਰ ਨਜ਼ਰ ਦੀ,
ਜੀਹਨੇ ਮੇਰੀ ਜਿੰਦ ਪਰੋਈ ।

ਪੂੰਝੋ ਨਾ ਇਹ ਹੰਝੂ ਮੇਰੇ,
ਇਹ ਖੇਤੀ ਮੈਂ ਆਪੇ ਬੋਈ ।

ਚੁੱਪ ਸੀ ਉਹ ਪਰ ਚੁੱਪ ਦੇ ਵਿੱਚ ਵੀ,
ਅੱਖ ਤੋਂ ਡੂੰਘੀ ਗੱਲ ਸੀ ਕੋਈ ।

ਕੀ ਕਰੀਏ ਹੁਣ ਜੀਅ ਕੇ 'ਸ਼ਾਹ ਜੀ',
ਹਰ ਇੱਕ ਹਸਰਤ ਪੂਰੀ ਹੋਈ ।

੪. ਰੋਜ਼ ਇੱਕ ਰਸਮ ਵਧਾ ਜਾਂਦੇ ਨੇ

ਰੋਜ਼ ਇੱਕ ਰਸਮ ਵਧਾ ਜਾਂਦੇ ਨੇ ।
ਲੋਕੀਂ ਮੁਸ਼ਕਿਲ ਪਾ ਜਾਂਦੇ ਨੇ ।

ਕੁਝ ਨਹੀਂ ਆਖੀਦਾ ਉਨ੍ਹਾਂ ਨੂੰ,
ਗ਼ਮ ਨੇ, ਆਪੇ ਆ ਜਾਂਦੇ ਨੇ ।

ਫੁੱਲ ਤੋੜਨ ਨੂੰ ਜੀ ਵੀ ਕਰਦੈ,
ਤੋੜਾਂ, ਤਾਂ ਮੁਰਝਾ ਜਾਂਦੇ ਨੇ ।

ਹੋ ਜਾਂਦਾ ਏ, ਭੁੱਲਣ ਵਾਲੇ,
ਸਿੱਧੇ ਰਸਤੇ ਪਾ ਜਾਂਦੇ ਨੇ ।

'ਸ਼ਾਹ ਜੀ' ! ਗ਼ਮ ਤੇ ਉਹੀਓ ਚੰਗੇ,
ਜਿਹੜੇ ਰੱਤ ਰੁਲਾ ਜਾਂਦੇ ਨੇ ।

੫. ਪਹਿਲਾਂ ਜਿੰਦੜੀ ਰੁਲਦੀ ਦੇਖ

ਪਹਿਲਾਂ ਜਿੰਦੜੀ ਰੁਲਦੀ ਦੇਖ ।
ਫੇਰ ਹਕੀਕਤ ਖੁੱਲ੍ਹਦੀ ਦੇਖ ।

ਧੁੱਪ ਨੂੰ ਕੁਝ ਵੀ ਹੋਇਆ ਨਾ,
ਜਾ ਕੇ ਰੰਗਤ ਫੁੱਲ ਦੀ ਦੇਖ ।

ਗ਼ਮ ਨਾ ਕਰ, ਸੱਚਾਈ ਵੀ-
ਅਪਣੇ ਵਰਕੇ ਥੁੱਲਦੀ ਦੇਖ ।

ਉਹ ਵੀ ਖ਼ੁਆਬ ਖ਼ਰੀਦੇਗਾ,
ਤੂੰ ਵੀ ਦੁਨੀਆਂ ਮੁੱਲ ਦੀ ਦੇਖ ।

'ਸ਼ਾਹ' ਤੂੰ ਹਾਲਤ ਅਪਣੀ ਨਾਲ,
ਰੱਖ ਕੇ, ਹਾਲਤ ਕੁੱਲ ਦੀ ਦੇਖ ।

 

To veiw this site you must have Unicode fonts. Contact Us

punjabi-kavita.com