Ruttan De Bhed Bhare Khat : Harinder Singh Mehboob

ਰੁੱਤਾਂ ਦੇ ਭੇਦ ਭਰੇ ਖ਼ਤ : ਹਰਿੰਦਰ ਸਿੰਘ ਮਹਿਬੂਬ

1.ਅੰਮ੍ਰਿਤ ਵੇਲੇ ਦੀ ਲੋਅ

ਅੰਮ੍ਰਿਤ ਵੇਲੇ ਦਿਸਹੱਦੇ ਤੇ
ਇਕ ਲੁਕਵੀਂ ਜਿਹੀ ਲੋਅ ।

ਵਣਾਂ ਦੇ ਆਂਙਣ ਵਿਚ ਆਇਆ
ਕੱਲ੍ਹ ਸੂਰਮਾ ਜੋ ।

ਲੈ ਲੈ ਸਰਕਾਰਾਂ ਤੋਂ ਬਦਲੇ
ਚਮਕੇ ਉਹਦੀ ਸੰਜੋਅ ।

ਪਲ ਵਿਚ ਆਇਆ ਅਜਬ ਬੇਦਰਦੀ
ਸਾਨੂੰ ਕਹੇ ਜਲੋ ।

ਉਹ ਤੇ ਉਮਰ ਦਾ ਹਿੱਸਿਆ ਕੈਦੀ
ਕੋਲ ਨਾ ਰਿਸ਼ਮਾਂ ਦੋ ।

ਕੰਦਰਾ ਦੇ ਵਿਚ ਯੁਗ ਯੁਗ ਸੌਂ ਕੇ
ਚਾਨਣ ਰਿਸ਼ਮਾਂ ਖੋ ।

ਆਪਣੇ ਵਣਾਂ ਨੂੰ ਮੁੜ ਕੇ ਆਇਆ
ਲੈ ਨੇਰ੍ਹਾਂ ਦੀ ਛੋਹ ।

ਸੁਣ ਸੁਣ ਕਦੇ ਕਦੇ ਕੁਝ ਅੱਥਰੂ
ਖੜ ਖੜ ਦੇਂਦਾ ਸੋ :

ਸੰਘਣੇ ਬ੍ਰਿਛਾਂ ਦੀ ਬਸਤੀ ਵਿਚ
ਸੁੱਤਾ 'ਸਾਜਨ ਕੋ ।

ਦੂਰ ਕਲਰਾਂ ਦੇ ਵਿਚ ਸੁੱਤੇ
ਆ ਕੇ ਯੋਗੀ ਦੋ ।

ਉਸ ਲੋਇ ਨੂੰ ਜਾ ਕੇ ਦੇਖਾਂ
ਪਿੰਡ ਪਿੰਡਾਂ 'ਚੋਂ ਹੋ ।

ਮੇਰੀਆਂ ਕੁੱਲ ਫ਼ਰਿਆਦਾਂ ਹੇਠੋਂ
ਉਠੇ ਮਾਂ ਦਾ ਮੋਹ :

ਕਿਸੇ ਵਲੀ ਨੇ ਆਉਣਾ ਬੱਚਾ
ਸਮਿਆਂ ਦੀ ਕਨਸੋਅ ।

ਨੇਰ੍ਹ ਦਾ ਸੀਨਾ ਪਾੜ ਸੁੰਞ ਨੇ
ਜਾਨ ਨਿਮਾਣੀ ਖੋਹ ।

ਜਿਹੜੀ ਕਬਰ ਦੇ ਅੰਦਰ ਦੱਬੀ
ਆਈ ਓਧਰ ਖ਼ੁਸ਼ਬੋ ।

ਖੂਹੇ ਦੇ ਵਿਚ ਜਾਂ ਕੋਈ ਪੂਰਨ
ਵੈਰੀਆਂ ਸੁੱਟਿਆ ਕੋਹ ।

ਮੇਰੇ ਨੈਣ 'ਚ ਅੱਥਰੂ ਆਇਆ
ਦੇਸ ਦੇਸਾਂ 'ਚੋਂ ਹੋ ।

ਰੱਬ ਜਾਣੇ ਕੋਈ ਦੂਰ ਦੁਰਾਡੇ
ਰਿਹਾ ਸਿਤਾਰਾ ਰੋ ।

2. ਬਨਬਾਸੀ

ਕਦੋਂ ਓਹ ਨਗਰੀ ਨੂੰ ਮੁੜਿਆ
ਬਨਬਾਸਾਂ ਤੋਂ ਜਾਕੇ ?
ਕਦੋਂ ਓਸਦੇ ਅੱਥਰੂ ਆਉਣਾ
ਉਮਰਾਂ ਦਾ ਗ਼ਮ ਖਾ ਕੇ ?

ਕਿਵੇਂ ਗਿਆ ਬਨਬਾਸਾਂ ਨੂੰ ਉਹ
ਇਹਤਾਂ ਰਾਜਾ ਜਾਣੇ,
ਅਸਾਂ ਤਾਂ ਕਿਸੇ ਵਿਜੋਗਣ ਨੈਣੀਂ
ਤੇਰਾਂ ਵਰ੍ਹੇ ਪਛਾਣੇ ।

ਸੁਣਿਆਂ ਉਸਦਾ ਦਰਦ ਡੂੰਘੇਰਾ
ਸੁਣਿਆਂ ਉਹ ਬਹੂੰ ਪਿਆਰਾ
ਕੋਈ ਆਖਦਾ ਸੋਗ ਓਸਦਾ,
ਪੀੜ ਉਪਾਵਨਹਾਰਾ ।

ਕਿਸੇ ਵੰਝਲੀਆਂ ਵਾਲੇ ਦੇ ਘਰ
ਚਾਕਰ ਰਹਿ ਉਹ ਪਲਿਆ,
ਕੁੱਲ ਸਾਂਵਲਾ ਦਰਸ ਓਸਦਾ
ਕਿਸੇ ਨਾਰ ਨ ਛਲਿਆ ।

ਸੁਣਿਆਂ ਉਸਦੀ ਕੁੱਲ ਜੁਆਨੀ
ਵਿਛੜਿਆਂ ਸੰਗ ਬੀਤੀ ।
ਸੁਣਿਆਂ ਉਹ ਤਾਂ ਮੋਇਆ ਜੀਂਦਾ
ਜ਼ਰਿਰ ਚਿਰਾਂ ਤੋਂ ਪੀਤੀ ।

ਜਗਤ ਦੇ ਪ੍ਰਿਯ ਦੇ ਸੰਗ ਗਾਵੇ,
'ਨਾਗ ਨਿਵਾਸਾਂ ਦੇ ਰਹਿਣਾ'
ਜੁਗਾਂ ਨ੍ਹੇਰ ਦੀ ਕਾਲੀ ਕੰਬਲੀ
ਤੇ ਮੌਤ ਸੰਗ ਬਹਿਣਾ ।

ਉਸ ਜੋਬਨ ਦਾ ਹਾਲ ਉਹ ਪੁੱਛਦਾ
ਉਸ ਵੇਲੇ ਜਿਸ ਆਉਣਾ,
ਵਾਰ ਅੰਤਲੀ ਸੰਞਾਂ ਵੇਲੇ
ਸੂਰਜ ਨੇ ਜਦ ਸੌਣਾ ।

ਆਥਣ ਵੇਲੇ ਵਿਚ ਵਣਾਂ ਦੇ
ਹਾਲ ਦੱਸੇ ਜਗ ਚਿਰ ਦਾ;
ਕਿਸ ਭੇਸ ਵਿਚ ਆਈ ਵੇਦਨਾ
ਭੇਦ ਜਾਣਦਾ ਫਿਰਦਾ ।

ਕਾਈ ਦਸਦੀ ਮੈਂ ਇਕ ਵਾਰੀ
ਜਾਂਦਾ ਗਲੀ ਬੁਲਾਇਆ,
ਰੋਗ ਅਵੱਲੜੇ ਵਾਲਾ ਸਾਜਨ
ਅੱਥਰੂ ਵਾਂਗ ਗੁਆਇਆ ।

ਕਹਿੰਦਾ ਉਹ "ਮੈਂ ਨ੍ਹੇਰ ਓਸਦੀ
ਗਲੀ 'ਚ ਕੌਲ ਨਿਭਾਣਾ;
ਜਦੋਂ ਕਦੇ ਸੂਰਜ ਆਸਮਾਨੋ
ਮੌਤ ਨਾਲ ਬੁਝ ਜਾਣਾ" ।

ਸਾਰੇ ਜੱਗ ਤੋਂ ਪਿਆਸਾ ਬੰਦਾ
ਥਲਾਂ ਦਾ ਵੀਰ ਪਿਆਰਾ,
ਕਹਿਣ ਲੱਗਿਆ ਖੂਹ ਤੇ ਆ ਕੇ
"ਨੈਣ ਭਰੇ ਜੱਗ ਸਾਰਾ" ।

3. ਰੁੱਤਾਂ ਦੇ ਸਖੀ ਵੱਲ ਲਿਖੇ ਖ਼ਤ

ਰੁੱਤਾਂ ਨੇ ਪਰਦੇਸਾਂ ਵਿੱਚੋਂ
ਖ਼ਤ ਦਰਦ ਦਾ ਪਾਇਆ ।
ਸਾਡੀ ਮੁੜ ਤਕਦੀਰ ਨਾ ਜਾਗੀ
ਹਰ ਰੰਗ ਅੱਥਰੂ ਆਇਆ ।

ਇਕ ਤਾਂ ਪੰਛੀ ਪਾਰ ਪਹਾੜਾਂ
ਗਿਆ ਸੀ, ਅਜੇ ਨਹੀਂ ਆਇਆ
ਦੂਜਾ ਚਿਰਾਂ ਦਾ ਬਰਫ਼ਾਂ ਪਾਸੇ
ਲੋਕਾਂ ਮਾਰ ਮੁਕਾਇਆ ।

ਤੀਜਾ ਪੰਛੀ ਤੂਤ ਤੇ ਰੋਂਦਾ
ਓਦਰਿਆ, ਘਬਰਾਇਆ ।
ਚੌਥਾ ਉਮਰ ਦਾ ਅਜੇ ਨਿਆਣਾ
ਤੇਰੇ ਦੇਸ ਸਿਧਾਇਆ ।

ਕਾਸਦ ਹੋ ਕੇ ਉਮਰ ਗੁਆਉਣੀ
ਹਰ ਸੰਗੀ ਫ਼ੁਰਮਾਇਆ,
ਨੌਕਰ ਚਲੇ ਗਏ ਸਭ ਘਰ ਨੂੰ
ਸਾਨੂੰ ਆਖ ਪਰਾਇਆ ।

ਚੌਥਾ ਕਾਸਦ ਜਿਸਨੇ ਸਖੀਏ
ਸਾਡਾ ਹੁਕਮ ਵਜਾਇਆ,
ਉਸਨੂੰ ਇਕ ਤਾਂ ਗੱਲ ਇਹ ਦੱਸੀਂ
ਕਦ ਸਾਜਨ ਘਰ ਆਇਆ ।

ਮਹਿਕਾਂ ਦਾ ਤਾਂ ਆਉਣਾ ਜਾਣਾ
ਧੁਰੋਂ ਹੀ ਕਿਸੇ ਲਿਖਾਇਆ,
ਜਿਸ ਰੁੱਤ ਤੂੰ ਮਾਣ ਸੀ ਕਰਦੀ
ਉਸ ਰੁੱਤ ਮੀਤ ਵੀ ਆਇਆ ?

ਦੂਜੀ ਗੱਲ ਮੁਸਾਫ਼ਿਰ ਬਾਰੇ
ਘਰ ਨ ਜਿਹੜਾ ਸਮਾਇਆ ।
ਦੇਸ ਤੇਰੇ ਦੀ ਕੰਦਰਾ ਦੇ ਵਿਚ
ਚੋਰ ਅਸਾਡਾ ਆਇਆ ।
.............................
ਪਹਿਲੇ ਖ਼ਤ ਵਿਚ ਸੁਪਨ ਨਿਖੁੱਟਾ।
ਚਿੰਤਨ-ਦੇਸ ਪਾਰ ਪਿਰ ਸੁੱਤਾ ।
ਬਣਦੀ ਮਿਟਦੀ ਮਨ ਦੀ ਛਾਇਆ
ਸਾਹਮੇ ਨੂਰ ਪਰਮਨੰਦ ਪਾਇਆ ।

ਸੋਈ ਸਖੀ ਵੇਦਨਾ ਜਾਣੀ
ਤਨ ਮਨ ਕਰਨ ਜਿਦੇ ਸੰਗ ਬਾਣੀ ।
ਘੋਰ ਬਿਛੋਹ ਦੇ ਮਨ ਅਗਿਆਨ 'ਚ
ਜੋ ਉੱਡਦੀ ਰਹੀ ਅਮਰ ਬਿਬਾਨ 'ਚ ।੧।
(ਅਧੂਰੀ ਰਚਨਾ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਮਹਿਬੂਬ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ