Raat Nu Gaye Jaan Wale Geetan Dian Vangian : Neelam Saini

ਰਾਤ ਨੂੰ ਗਾਏ ਜਾਣ ਵਾਲੇ ਲੋਕ ਗੀਤਾਂ ਦੀਆਂ ਵੰਨਗੀਆਂ : ਨੀਲਮ ਸੈਣੀ

ਵਿਆਹ ਮੌਕੇ ਪੰਜ ਜਾਂ ਸੱਤ ਸੁਹਾਗ ਜਾਂ ਘੋੜੀਆਂ ਗਾਉਣ ਤੋਂ ਬਾਅਦ ਕਾਵਿ ਰੂਪਾਂ ਦੀਆਂ ਹੋਰ ਵੰਨਗੀਆਂ ਗਾਈਆਂ ਜਾਂਦੀਆਂ ਸਨ। ਇਨ੍ਹਾਂ ਕਾਵਿ-ਰੂਪਾਂ ਵਿਚ ਢੋਲਾ, ਮਾਹੀਆ, ਟੱਪੇ ਜਾਂ ਗੀਤ ਆਉਂਦੇ ਸਨ। ਇਹ ਕਾਵਿ-ਰੂਪ ਪੰਜਾਬਣਾਂ ਦੇ ਅੰਤਰ ਮਨ ਦੀ ਤਰਜਮਾਨੀ ਕਰਦੇ ਮਹੌਲ ਨੂੰ ਕਦੀ ਰੰਗੀਨ, ਕਦੇ ਸਾਵਾਂ ਅਤੇ ਕਦੀ ਭਾਵੁਕ ਬਣਾ ਦਿੰਦੇ ਸਨ।
'ਟੱਪੇ' ਅਤੇ 'ਮਾਹੀਆ' ਇਕੋ ਕਾਵਿ-ਰੂਪ ਦੇ ਦੋ ਨਾਮ ਹਨ। 'ਟੱਪਾ' ਜਾਂ 'ਮਾਹੀਆ' ਇਕ ਛੋਟੇ ਛੰਦ ਬੱਧ ਕਾਵਿ ਰੂਪ ਨੂੰ ਕਿਹਾ ਜਾਂਦਾ ਹੈ। ਇਹ ਪੰਜਾਬ ਦੀਆਂ ਸਾਰੀਆਂ ਉਪ-ਭਾਸ਼ਾਵਾਂ ਵਿਚ ਮਿਲਦਾ ਹੈ। ਵਿਆਹ ਵਾਲੇ ਘਰ ਸ਼ਗਨਾਂ ਵਾਲੀ ਦਰੀ ਉਤੇ ਇਕੱਠੀਆਂ ਹੋ ਕੇ ਬੈਠੀਆਂ ਮੁਟਿਆਰਾਂ ਇਸ ਕਾਵਿ ਵੰਨਗੀ ਨੂੰ ਸਮੂਹਿਕ ਰੂਪ ਵਿਚ ਗਾਉਂਦੀਆਂ ਸਨ।
ਕਈ ਵਿਦਵਾਨ ਮਾਹੀਏ ਦੀ ਪਛਾਣ ਵੱਖਰੇ ਰੂਪ ਵਿਚ ਕਰਦੇ ਹਨ। ਮਾਹੀਏ ਦਾ ਮੂਲ ਭਾਵ ਦੂਜੀ ਅਤੇ ਤੀਜੀ ਤੁਕ ਵਿਚ ਸਮਾਇਆ ਹੁੰਦਾ ਹੈ। ਇਸ ਵਿਚ ਕੋਈ ਚਿਤਰ ਜਾਂ ਦ੍ਰਿਸ਼ਟਾਂਤ ਦਾ ਵਰਣਨ ਕੀਤਾ ਹੁੰਦਾ ਹੈ। ਇਸ ਨੂੰ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਟੱਪਿਆਂ ਦਾ ਮੁੱਖ ਵਿਸ਼ਾ ਬਿਰਹਾ ਦਾ ਦਰਦ ਹੁੰਦਾ ਹੈ, ਪਰ ਜ਼ਿੰਦਗੀ ਨਾਲ ਜੁੜੇ ਹੋਰ ਵਿਸ਼ੇ ਵੀ ਲੋੜ ਮੁਤਾਬਿਕ ਜੋੜ ਲਏ ਜਾਂਦੇ ਹਨ। ਇਨ੍ਹਾਂ ਟੱਪਿਆਂ ਵਿਚ ਮਾਹੀ ਦੇ ਵਿਛੋੜੇ ਦਾ ਦਰਦ, ਪਰਦੇਸ ਨਾ ਜਾਣ ਲਈ ਤਰਲੇ, ਹਾਰਸ਼ਿੰਗਾਰ, ਰੁੱਸਣ-ਮਨਾਉਣ ਦੀਆਂ ਅਦਾਵਾਂ, ਸ਼ਰੀਕਣਾਂ ਦੀ ਈਰਖਾ, ਸੌਂਕਣਾਂ ਲਈ ਵਿਅੰਗ, ਆਢੇ, ਅੜੀਆਂ ਅਤੇ ਜੰਗ ਦਾ ਵਿਰੋਧ ਹੁੰਦਾ ਹੈ।
ਇਨ੍ਹਾਂ ਗੀਤਾਂ ਨੂੰ ਸਮੂਹਿਕ ਰੂਪ ਵਿਚ ਗਾਉਣ ਲਈ ਔਰਤਾਂ ਦੋ ਭਾਗਾਂ ਵਿਚ ਵੰਡ ਹੋ ਜਾਂਦੀਆਂ ਸਨ। ਇਕ ਧਿਰ ਪਹਿਲਾਂ ਗਾਉਂਦੀ ਸੀ ਅਤੇ ਦੂਜੀ ਧਿਰ ਦੁਹਰਾਉਂਦੀ ਸੀ। ਆਮ ਤੌਰ 'ਤੇ ਇਕ ਧਿਰ ਨਾਨਕੀਆਂ ਦੀ ਅਤੇ ਦੂਜੀ ਦਾਦਕੀਆਂ ਦੀ ਹੁੰਦੀ ਸੀ।
ਹਰ ਇਕ ਗਾਉਣ ਵਾਲ਼ੀ ਦੇ ਚਿਹਰੇ ਉਤੇ ਵੱਖਰੀ ਰੌਣਕ ਹੁੰਦੀ ਸੀ। ਦੇਖਦੇ ਹੀ ਦੇਖਦੇ ਇਹ ਸਥਿਤੀ ਮੁਕਾਬਲੇ ਦਾ ਰੂਪ ਧਾਰਨ ਕਰ ਲੈਂਦੀ ਸੀ। ਜਿੱਤ-ਹਾਰ ਦਾ ਸਵਾਲ ਪੈਦਾ ਹੋ ਜਾਂਦਾ ਸੀ। ਇਸ ਜਿੱਤ ਦਾ ਵੱਖਰਾ ਹੀ ਨਸ਼ਾ ਹੁੰਦਾ ਸੀ। ਇਨ੍ਹਾਂ ਗੀਤਾਂ ਵਿਚ ਮੁਟਿਆਰਾਂ ਆਪਣੇ ਮਾਹੀਏ, ਅਰਥਾਤ ਮਹਿਬੂਬ ਨੂੰ ਮੁਖ਼ਾਤਿਬ ਹੁੰਦੀਆਂ ਸਨ। ਇਹ ਗੀਤ ਪੰਜਾਬਣਾਂ ਦੀ ਮਾਨਸਿਕ ਸਥਿਤੀ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਸਨ।
ਢੋਲਾ ਕਾਵਿ-ਰੂਪ ਢੋਲਕ ਨਾਲ ਗਾਇਆ ਜਾਣ ਵਾਲਾ ਗੀਤ ਹੈ। ਪੰਜਾਬੀ ਦਾ ਮੁਹਾਵਰਾ 'ਢੋਲੇ ਦੀਆਂ ਗਾਉਣਾ' ਇਸ ਕਾਵਿ-ਰੂਪ ਦੇ ਮੌਜਮਸਤੀ ਵਾਲਾ ਗੀਤ ਹੋਣ ਦਾ ਸੰਕੇਤ ਦਿੰਦਾ ਹੈ। ਇਹ ਸਾਰੇ ਕਾਵਿ-ਰੂਪ ਗਾਉਂਦੇ ਸਮੇਂ ਪਰਾਤ ਦੀ ਢੋਲਕੀ ਵਜਾਈ ਜਾਂਦੀ ਸੀ। ਇਕ ਔਰਤ ਪਰਾਤ ਉਤੇ ਹੱਥਾਂ ਨਾਲ ਢੋਲਕੀ ਵਜਾਉਂਦੀ ਅਤੇ ਦੂਜੀ ਔਰਤ ਚਮਚਾ ਮਾਰ-ਮਾਰ ਕੇ ਨਾਲ ਤਾਲ ਬੰਨ੍ਹਦੀ ਸੀ। ਅਜੋਕੇ ਸਮੇਂ ਵਿਚ ਪਰਾਤ ਦੀ ਥਾਂ ਜ਼ਿਆਦਾਤਰ ਢੋਲਕੀ ਹੁੰਦੀ ਹੈ। ਇਹ ਵੰਨਗੀਆਂ ਅੱਜ ਵੀ ਟਾਵੀਆਂ-ਟਾਵੀਆਂ ਗਾਈਆਂ ਜਾਂਦੀਆਂ ਹਨ।

ਢੋਲਾ, ਮਾਹੀਆ ਅਤੇ ਟੱਪੇ

ਢੋਲਾ ਵੇ ਢੋਲਾ, ਹਾਏ ਢੋਲਾ...
ਬਾਜ਼ਾਰ ਵਿਕੇਂਦੀ ਤਰ ਵੇ,
ਮੇਰਾ ਸਾਹਮਣੀ ਗਲੀ ਵਿਚ ਘਰ ਵੇ।
ਪਿੱਪਲ ਨਿਸ਼ਾਨੀ ਆ-ਹਾਏ ਢੋਲਾ,
ਪਿੱਪਲ ਨਿਸ਼ਾਨੀ ਆ-ਹਾਏ ਢੋਲਾ।
ਢੋਲਾ ਵੇ ਢੋਲਾ, ਹਾਏ ਢੋਲਾ...

ਬਾਜ਼ਾਰ ਵਿਕੇਂਦੀ ਖੰਡ ਵੇ,
ਤੂੰ ਮਿਸ਼ਰੀ ਤੇ ਮੈਂ ਗੁਲਕੰਦ ਵੇ।
ਦੋਮੇਂ ਚੀਜ਼ਾਂ ਮਿੱਠੀਆਂ-ਹਾਏ ਢੋਲਾ,
ਦੋਮੇਂ ਚੀਜ਼ਾਂ ਮਿੱਠੀਆਂ-ਹਾਏ ਢੋਲਾ।

ਢੋਲਾ ਵੇ ਢੋਲਾ, ਹਾਏ ਢੋਲਾ...
ਬਾਜ਼ਾਰ ਵਿਕੇਂਦਾ ਕਿੱਲ ਵੇ,
ਤੇਰਾ ਕਿਹੜੀ ਕੁੜੀ 'ਤੇ ਦਿਲ ਵੇ।
ਦੋਮੇਂ ਵੇ ਕੁਆਰੀਆਂ-ਹਾਏ ਢੋਲਾ,
ਦੋਮੇਂ ਵੇ ਕੁਆਰੀਆਂ-ਹਾਏ ਢੋਲਾ।

ਢੋਲਾ ਵੇ ਢੋਲਾ, ਹਾਏ ਢੋਲਾ...
ਬਾਜ਼ਾਰ ਵਿਕੇਂਦੀ ਬਰਫ਼ੀ,
ਮੈਨੂੰ ਲੈ ਦੇ ਨਿੱਕੀ ਜਿਹੀ ਚਰਖ਼ੀ,
ਦੁੱਖਾਂ ਦੀਆਂ ਪੂਣੀਆਂ-ਹਾਏ ਢੋਲਾ।
ਦੁੱਖਾਂ ਦੀਆਂ ਪੂਣੀਆਂ-ਹਾਏ ਢੋਲਾ।

ਰਾਹੇ ਜਾਂਦਿਆ ਵੇ, ਪੀਲੂ ਖਾਂਦਿਆ ਵੇ!
ਆਖੀਂ ਢੋਲ ਨੂੰ ਜਾ, ਦਾਖ਼ਾਂ ਪੱਕੀਆਂ ਵੇ!
ਆਸਾਂ ਰੱਖੀਆਂ ਵੇ, ਢੋਲਾ ਮੁੜ ਘਰ ਆ!
ਰਾਹੀਆ ਰਾਵਲਾ ਵੇ, ਚੰਨਾ ਸਾਂਵਲਾ ਵੇ!
ਸਾਡਾ ਲੱਥਾ ਨਾ ਚਾਅ, ਅੰਬੀਂ ਬੂਰ ਪਿਆ!
ਢੋਲਾ ਦੂਰ ਗਿਆ, ਮੈਨੂੰ ਤੱਤੀ ਨੂੰ ਤਾਅ!
ਰਾਹੇ ਜਾਂਦਿਆ ਵੇ, ਪੀਲੂ ਖਾਂਦਿਆ ਵੇ!
ਰੋਂਦੀ ਛੋੜ ਗਿਆ, ਮੁੱਖ ਮੋੜ ਗਿਆ!
ਰਾਹੇ ਜਾਂਦਿਆ ਵੇ, ਸਾਡੀ ਪੈਜੂਗੀ ਹਾਅ।

ਮੇਰੇ ਗਲ ਗਲ ਪਾਣੀ ਆਂ,
ਅਜੇ ਤੱਕ ਤੂੰ ਮਾਹੀਆ,
ਮੇਰੀ ਕਦਰ ਨਾ ਜਾਣੀਂ ਆਂ।

ਮੈਂ ਖੜ੍ਹੀ ਆਂ ਬਨੇਰੇ 'ਤੇ,
ਬੁੱਤ ਮੇਰਾ ਇਥੇ ਦਿਸਦਾ,
ਰੂਹ ਮਾਹੀਏ ਦੇ ਡੇਰੇ 'ਤੇ।

ਨਾਂ ਲਿਖਿਆ ਮਿਟਦਾ ਏ,
ਮੈਨੂੰ ਤਾਂ ਰੱਬ ਮਾਹੀਆ,
ਬੱਸ ਤੇਰੇ ਵਿਚੋਂ ਦਿਸਦਾ ਏ।

ਪਈ ਰਾਤ ਨਾ ਹਾਲਾਂ ਵੇ,
ਵਿਚੋਂ ਤੇਰੀ ਸੁੱਖ ਮੰਗਦੀ,
ਦੇਵਾਂ ਉਤੋਂ ਉਤੋਂ ਗਾਲ੍ਹਾਂ ਵੇ।

ਚਿੱਟਾ ਕੁੱਕੜ ਬਨੇਰੇ 'ਤੇ,
ਕਾਸ਼ਨੀ ਦੁਪੱਟੇ ਵਾਲੀਏ,
ਮੁੰਡਾ ਆਸ਼ਕ ਤੇਰੇ 'ਤੇ।

ਪਾਣੀ ਖ਼ਾਰੇ ਨੇ ਸਮੁੰਦਰਾਂ ਦੇ,
ਨੀ ਯਾਰੀ ਤੇਰੀ ਦੋ ਦਿਨ ਦੀ,
ਮਿਹਣੇ ਖੱਟ ਲਏ ਨੇ ਉਮਰਾਂ ਦੇ।

ਦੋ ਪੱਤਰ ਅਨਾਰਾਂ ਦੇ,
ਸਾਡੀ ਗਲ਼ੀ ਲੰਘ ਮਾਹੀਆ,
ਦੁੱਖ ਟੁੱਟਣ ਬਿਮਾਰਾਂ ਦੇ।

ਮੈਂ ਖੜ੍ਹੀ ਹਾਂ ਬਨੇਰੇ 'ਤੇ,
ਬੁੱਤ ਸਾਡਾ ਏਥੇ ਦਿਸਦਾ,
ਰੂਹ ਸੱਜਣਾਂ ਦੇ ਡੇਰੇ 'ਤੇ।

ਗਲ਼ ਕੁੜਤਾ ਨਰਮੇ ਦਾ,
ਰੱਬ ਤੈਨੂੰ ਹੁਸਨ ਦਿੱਤਾ,
ਪਤਾ ਦੱਸਿਆ ਨਾ ਮਰਨੇ ਦਾ।

ਫੁੱਲ ਵੇ ਗ਼ੁਲਾਬ ਦਿਆ,
ਤੈਨੂੰ ਸੀਨੇ ਨਾਲ ਲਾਵਾਂ,
ਮੇਰੇ ਮਾਹੀਏ ਦੇ ਬਾਗ਼ ਦਿਆ।

ਬਾਗ਼ੇ ਵਿਚ ਆ ਮਾਹੀਆ,
ਨਾਲੇ ਸਾਡੀ ਗੱਲ ਸੁਣ ਜਾ,
ਨਾਲੇ ਘੜਾ ਵੇ ਚੁਕਾ ਮਾਹੀਆ।

ਸੜਕੇ 'ਤੇ ਰੋੜੀ ਏ,
ਨਾਲੇ ਮੇਰਾ ਛੱਲਾ ਲੈ ਗਿਆ,
ਨਾਲੇ ਉਂਗਲੀ ਮਰੋੜੀ ਏ।

ਤੰਦੂਰੀ ਤਾਈ ਹੋਈ ਏ,
ਅੱਗ ਲੱਗੇ ਰੋਟੀਆਂ ਨੂੰ,
ਚਿੱਠੀ ਮਾਹੀਏ ਦੀ ਆਈ ਹੋਈ ਏ।

ਛੱਤਰੀ ਦੀ ਛਾਂ ਕਰ ਲੈ,
ਜਿਥੇ ਮਾਹੀਆ ਆਪ ਵਸੇਂ,
ਓਥੇ ਸਾਡੀ ਵੀ ਥਾਂ ਕਰ ਲੈ।

ਮੈਂ ਔਸੀਆਂ ਪਾਉਨੀ ਆਂ,
ਉਹ ਕਦੋਂ ਘਰ ਆਵੇ,
ਬੈਠੀ ਕਾਂਗ ਉਡਾਉਨੀ ਆਂ।

ਲੰਮੀਆਂ ਰਾਤਾਂ ਨੇ,
ਉਮਰਾਂ ਮੁੱਕ ਜਾਣੀਆਂ,
ਨਹੀਓਂ ਮੁੱਕਣੀਆਂ ਬਾਤਾਂ ਨੇ।

ਕੋਠੇ 'ਤੇ ਕਿੱਲ ਮਾਹੀਆ,
ਲੋਕਾਂ ਦੀਆਂ ਰੋਣ ਅੱਖੀਆਂ,
ਸਾਡਾ ਰੋਂਦਾ ਏ ਦਿਲ ਮਾਹੀਆ।

ਅੱਗ ਬਾਲ ਕੇ ਸੇਕਣ ਦੇ,
ਰੱਬ ਤੈਨੂੰ ਹੁਸਨ ਦਿੱਤਾ,
ਸਾਨੂੰ ਰੱਜ ਕੇ ਦੇਖਣ ਦੇ।

ਦੋ ਪੱਤਰ ਅਨਾਰਾਂ ਦੇ,
ਮਾਹੀਆ ਸਾਡਾ ਦੁੱਖ ਸੁਣ ਕੇ,
ਰੋਂਦੇ ਪੱਥਰ ਪਹਾੜਾਂ ਦੇ।

ਛੱਪੜੀ ਵਿਚ ਅੰਬ ਤਰਦਾ,
ਇਸ ਜੁਦਾਈ ਨਾਲੋਂ,
ਰੱਬ ਪੈਦਾ ਹੀ ਨਾ ਕਰਦਾ।

ਕੋਠੇ 'ਤੇ ਖਲ੍ਹੋ ਮਾਹੀਆ,
ਚੰਨ ਭਾਵੇਂ ਚੜ੍ਹੇ ਨਾ ਚੜ੍ਹੇ,
ਸਾਨੂੰ ਤੇਰੀ ਲੋਅ ਮਾਹੀਆ।

ਚਿੜੀਆਂ ਵੇ ਬਾਰ ਦੀਆਂ,
ਰੱਜ ਕੇ ਨਾ ਡਿੱਠੀਆਂ ਵੇ,
ਅੱਖਾਂ ਸਾਂਵਲੇ ਯਾਰ ਦੀਆਂ।

ਪੈਸੇ ਦੀ ਚਾਹ ਪੀਤੀ,
ਲੱਖਾਂ ਦੀ ਜਿੰਦ ਮੇਰੀ,
ਹਿਜ਼ਰੇ ਮਾਰ ਫ਼ਨਾਹ ਕੀਤੀ।

ਕਟੋਰਾ ਕਾਂਸੀ ਦਾ,
ਤੇਰੀ ਵੇ ਜੁਦਾਈ ਮਾਹੀਆ,
ਸਾਨੂੰ ਝੂਟਾ ਫ਼ਾਂਸੀ ਦਾ।

ਸੋਟੀ ਦੇ ਬੰਦ ਕਾਲ਼ੇ,
ਆਖੀਂ ਮੇਰੇ ਮਾਹੀਏ ਨੂੰ,
ਲੱਗੀ ਯਾਰੀ ਦੀ ਲੱਜ ਪਾਲ਼ੇ।

ਕੰਢਾ ਟੁੱਟ ਗਿਆ ਥਾਲ਼ੀ ਦਾ,
ਪਤਲਾ ਪਤੰਗ ਮਾਹੀਆ,
ਕਿਸੇ ਕਰਮਾਂ ਵਾਲ਼ੀ ਦਾ।

ਚਿੱਟਾ ਵੇ ਬਦਾਮ ਹੋਸੀ,
ਜੀਂਦਿਆਂ ਨੌਕਰ ਤੇਰੀ,
ਮੋਇਆਂ ਮਿੱਟੀ ਗ਼ੁਲਾਮ ਹੋਸੀ।

ਗੱਡੀ ਆਈ ਹੋਈ ਖੋਲੇ 'ਤੇ,
ਮਾਹੀਏ ਮੈਨੂੰ ਝਿੜਕ ਦਿੱਤੀ,
ਹੰਝੂ ਡੁੱਲ੍ਹ ਗਏ ਚੋਲੇ 'ਤੇ।

ਦੋ ਪੱਤਰ ਅਨਾਰਾਂ ਦੇ,
ਤੇਰੇ ਕੰਨੀ ਬੀਰਬਲੀਆਂ,
ਸਾਡੇ ਬੁੰਦੇ ਹਜ਼ਾਰਾਂ ਦੇ।

ਹੱਥ ਜੋੜਾ ਪੱਖੀਆਂ ਦਾ,
ਇਕ ਵਾਰੀ ਤੱਕ ਗੋਰੀਏ,
ਕੀ ਜਾਂਦਾ ਈ ਅੱਖੀਆਂ ਦਾ।

ਫੁੱਲ ਗਮਲੇ 'ਚ ਸੁੱਕ ਜਾਂਦੇ,
ਜਿਹੜੇ ਬਹੁਤਾ ਹੱਸਦੇ ਨੇ,
ਉਹ ਵਿਚੇ ਵਿਚ ਮੁੱਕ ਜਾਂਦੇ।

ਤੇਰਾ ਅੰਬਰਾਂ 'ਤੇ ਨਾਂ ਲਿਖਿਆ,
ਤੇਰੀਆਂ ਕਿਤਾਬਾਂ ਵਿਚ ਵੇ,
ਸਾਡਾ ਨਾਂ ਨਾ ਨਿਸ਼ਾਂ ਲਿਖਿਆ।

ਖੂਹੇ 'ਤੇ ਆ ਮਾਹੀਆ,
ਨਾਲੇ ਸਾਡੀ ਗੱਲ ਸੁਣ ਜਾ,
ਨਾਲੇ ਘੜਾ ਵੇ ਚੁਕਾ ਮਾਹੀਆ।

ਭੱਠੀਆਂ ਤੋਂ ਭੁਨਾ ਦਾਣੇ,
ਮੈਂ ਤਾਂ ਤੇਰੀ ਚਾਕਰ ਆਂ,
ਤੇਰੇ ਦਿਲ ਦੀਆਂ ਰੱਬ ਜਾਣੇ।

ਸੜਕੇ ਉਤੇ ਰਿੜ੍ਹ ਵੱਟਿਆ,
ਜਿਨ੍ਹੇ ਯਾਰੀ ਨਹੀਉਂ ਲਾਈ,
ਉਨ੍ਹੇ ਦੁਨੀਆ 'ਚ ਕੀ ਖੱਟਿਆ।

ਬਾਗੀਂ ਫ਼ੁੱਲ ਪਏ ਖਿੜਦੇ ਨੇ,
ਲਾ ਕੇ ਨਿਭਾਉਣ ਵਾਲੇ,
ਬੜੀ ਮੁਸ਼ਕਿਲ ਨਾ' ਮਿਲਦੇ ਨੇ।

ਟੱਪੇ ਟੱਪਿਆਂ ਦੀ ਆਈ ਵਾਰੀ,
ਮੈਂ ਕੁੜੀ ਜਲੰਧਰ ਸ਼ਹਿਰ ਦੀ,
ਜਿਹੜੀ ਟੱਪਿਆਂ ਤੋਂ ਨਾ ਹਾਰੀ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ