Qamar Farid Chishti
ਕਮਰ ਫ਼ਰੀਦ ਚਿਸ਼ਤੀ
 Punjabi Kavita
Punjabi Kavita
  

Punjabi Poetry Qamar Farid Chishti

ਪੰਜਾਬੀ ਕਲਾਮ/ਗ਼ਜ਼ਲਾਂ ਕਮਰ ਫ਼ਰੀਦ ਚਿਸ਼ਤੀ

1. ਛੱਡ ਕੇ ਤੁਰ ਜਾਂ ਨਿੱਘੀਆਂ ਛਾਵਾਂ ਕਿੱਦਾਂ ਮੈਂ

ਛੱਡ ਕੇ ਤੁਰ ਜਾਂ ਨਿੱਘੀਆਂ ਛਾਵਾਂ ਕਿੱਦਾਂ ਮੈਂ।
ਮੰਜੀ ਧੁੱਪੇ ਆਪੇ ਡਾਹਵਾਂ ਕਿੱਦਾਂ ਮੈਂ

ਇਸ਼ਕ ਦੀ ਰਾਹ ਅਵੱਲੀ ਮੁੜ ਜਾ ਜਿੰਦੇ ਨੀ
ਫਾਹਾ ਹੱਥੀਂ ਗੱਲ ਨੂੰ ਪਾਵਾਂ ਕਿੱਦਾਂ ਮੈਂ

ਮਾਂ ਤੇ ਮੇਰੀਆਂ ਅੱਖੀਆਂ ਨੂੰ ਪੜ੍ਹ ਲੈਂਦੀ ਏ
ਦਿਲ ਵਿਚ ਕੀ ਏ ਦੱਸ ਲੁਕਾਵਾਂ ਕਿੱਦਾਂ ਮੈਂ

ਤੂੰ ਤੇ ਚੋਰੀ ਖਾ ਲਈ ਝੂਠਿਆ ਕਾਵਾਂ ਵੇ
ਆਪਣੇ ਸੰਘ ਤੋਂ ਬੁਰਕੀ ਲਾਹਵਾਂ ਕਿੱਦਾਂ ਮੈਂ

ਪੋਹ ਦੀ ਸੀਤ ਹਵਾ ਕਦੀ ਹਾੜ ਦੀ ਲੌ ਵਰਗਾ
‘ਕਮਰ’ ਦੇ ਹੱਥੀਂ ਹੱਥ ਫੜਾਵਾਂ ਕਿੱਦਾਂ ਮੈਂ

2. ਜ਼ੁਲਮ ਨੂੰ ਸਾਵਾਂ ਹੋ ਲੈਨਾ ਵਾਂ

ਜ਼ੁਲਮ ਨੂੰ ਸਾਵਾਂ ਹੋ ਲੈਨਾ ਵਾਂ।
ਮਾੜੇ ਨਾਲ ਖਲੋ ਲੈਨਾ ਵਾਂ ।

ਮੇਰਾ ਭਾਰ ਕਦੇ ਨਹੀਂ ਮੁਕਣਾ,
ਆ ਤੇਰਾ ਵੀ ਢੋ ਲੈਨਾ ਵਾਂ ।

ਕੰਡੇ, ਭਖੜੇ, ਸੂਲਾਂ ਅੱਖਰ
ਲੱਭਦੇ ਹਾਰ ਪਰੋ ਲੈਨਾ ਵਾਂ।

ਲਿੱਖੀ ਰੋਜ਼ੀ ਲੱਭਣ ਕਾਰਨ,
ਸਰਘੀ ਜੋੜੀ ਜੋ ਲੈਨਾ ਵਾਂ।

'ਕਮਰ' ਗ਼ਜ਼ਲ ਏ ਮੋਹਢਾ ਦੇਂਦੀ
ਤਾਂ ਮੈਂ ਸੌਖਾ ਰੋ ਲੈਨਾ ਵਾਂ ।

 

To veiw this site you must have Unicode fonts. Contact Us

punjabi-kavita.com