Punjabi Poetry : Sabir Ali Sabir

ਪੰਜਾਬੀ ਕਲਾਮ/ਕਵਿਤਾ : ਸਾਬਿਰ ਅਲੀ ਸਾਬਿਰ

1. ਇਸ਼ਕ ਮਿਲਿਆ ਈਮਾਨ ਬਦਲੇ

ਇਸ਼ਕ ਮਿਲਿਆ ਈਮਾਨ ਬਦਲੇ,
ਤਾਂ ਮੈਂ ਆਪਣੇ ਬਿਆਨ ਬਦਲੇ।

ਦਰਦ ਤੇਰਾ ਮੁਕਾਣ ਬਦਲੇ,
ਦਿਲ ਨੇ ਕਿੰਨੇ ਮਕਾਨ ਬਦਲੇ।

ਜਿਹੜਾ ਕਹਿੰਦੈ ਜਹਾਨ ਬਦਲੇ,
ਪਹਿਲਾਂ ਆਪਣੀ ਉਡਾਨ ਬਦਲੇ।

ਸਾਨੂੰ ਜਾਹਿਦ ਨੇ ਕੀ ਬਦਲਨਾ,
ਜਿਹਦਾ ਹਰ ਕੰਮ ਏ ਦਾਨ ਬਦਲੇ।

ਉਂਝ ਤੇ ਹਰ ਸ਼ੈਅ ਬਦਲਦੀ ਰਹਿੰਦੀ,
ਪਰ ਜੇ ਬੰਦਾ ਜੁਬਾਨ ਬਦਲੇ?

ਮੇਰੀ ਖੂਬੀ ਵੀ ਖਾਮੀਂ ਹੋਈ,
ਉਹਦੀ ਖਾਮੀਂ ਲੁਕਾਣ ਬਦਲੇ।

2. ਮੈਂ ਕਿਹਾ ਇਹ ਕੋਈ ਗੱਲ ਤੇ ਨਹੀਂ ਨਾ

ਮੈਂ ਕਿਹਾ ਇਹ ਕੋਈ ਗੱਲ ਤੇ ਨਹੀਂ ਨਾ
ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ

ਮੇਰੇ ਦਿਲ ਚੋਂ ਨਿਕਲ ਵੀ ਸਕਨਾ ਏਂ
ਦਿਲ ਕੋਈ ਦਲਦਲ ਤੇ ਨਹੀਂ ਨਾ

ਇਸ਼ਕ ਤੋਂ ਮੈਂ ਅਨਜਾਣ ਹੀ ਸਹੀ ਪਰ
ਤੈਨੂੰ ਵੀ ਤੇ ਕੋਈ ਵੱਲ ਤੇ ਨਹੀਂ ਨਾ

ਮੰਨਿਆਂ ਬੰਦੇ ਇੱਕੋ ਜਹੇ ਨਈਂ
ਪਰ ਤੇਰੇ ਗਲ ਟੱਲ ਤੇ ਨਹੀਂ ਨਾ

ਮੈਂ ਕਹਿਨਾਂ ਲਹੂ ਇੱਕੋ ਜਿਹੇ ਨੇ
ਉਹ ਕਹਿੰਦਾ ਏ ਖੱਲ ਤੇ ਨਹੀਂ ਨਾ

ਤੇ ਦੁਨੀਆਂ ਮੈਥੋਂ ਬਾਗ਼ੀ “ਸਾਬਰ”
ਤੂੰ ਦੁਨੀਆਂ ਦੇ ਵੱਲ ਤੇ ਨਹੀਂ ਨਾ

3. ਅਲਾਹ ਦੇ ਘਰ ਘੱਲੋ ਦਾਣੇ

ਚੜ੍ਹੀ ਵਿਸਾਖੀ ਵਾਢੇ ਬੈਠੇ, ਪੱਕੀ ਕਣਕ ਵਢੀਚਣ ਲੱਗੀ,
ਤਿੱਖੀ ਧੁੱਪੇ ਭਰੀਆਂ ਬੱਝੀਆਂ, ਅੱਧੀ ਰਾਤ ਗਵ੍ਹੀਚਣ ਲੱਗੀ।
ਕਹਿਣ ਖੁਦਾ ਦਾ ਹਿੱਸਾ ਘੱਲੋ, ਵਿਚ ਮਸੀਤਾਂ ਦੇ ਮਲਵਾਣੇ,
ਅੱਲਾਹ ਦੇ ਘਰ ਘੱਲੋ ਦਾਣੇ, ਭਾਵੇਂ ਅੱਲਾਹ ਨੇ ਨਈਂ ਖਾਣੇ।
ਅੱਲਾਹ ਦੇ ਘਰ ਘੱਲੋ ਦਾਣੇ…

ਦਾਣੇ ਯਾਂ ਫਿਰ ਪੈਸੇ ਘੱਲੋ, ਜੋ ਵੀ ਜੀਅ ਕਰਦਾ ਏ ਘੱਲੋ,
ਰੱਬ ਦੇ ਘਰ ਵਿਚ ਹਿੱਸਾ ਪਾਓ, ਜੋ ਵੀ ਪੁੱਜਦਾ ਸਰਦਾ ਏ ਘੱਲੋ।
ਰੱਬ ਦੇ ਘਰ ਦੇ ਹਮਸਾਏ ਦੇ, ਭਾਵੇਂ ਭੁੱਖੇ ਸੌਣ ਨਿਆਣੇ,
ਅੱਲਾਹ ਦੇ ਘਰ ਘੱਲੋ ਦਾਣੇ, ਭਾਵੇਂ ਅੱਲਾਹ ਨੇ ਨਈਂ ਖਾਣੇ।
ਅੱਲਾਹ ਦੇ ਘਰ ਘੱਲੋ ਦਾਣੇ…

ਫਰਸ਼ ਪੁਰਾਣਾ ਪੁੱਟ ਮਸਜ਼ਿਦ ਦਾ, ਛੇਤੀ ਕਰੀਏ ਨਵਾਂ ਲਵਾਈਏ,
ਕੰਧਾਂ ਨਾਲ ਵੀ ਸੰਗੇਮਰਮਰ, ਯਾ ਚੀਨੀ ਦੀਆਂ ਟਾਇਲਾਂ ਲਾਈਏ।
ਬੰਦੇ ਪਏ ਕੁੱਲੇ ਨੂੰ ਤਰਸਣ, ਰੱਬ ਪਿਆ ਮਹਿਲੀਂ ਮੌਜਾਂ ਮਾਣੇ,
ਅੱਲਾਹ ਦੇ ਘਰ ਘੱਲੋ ਦਾਣੇ, ਭਾਵੇਂ ਅੱਲਾਹ ਨੇ ਨਈਂ ਖਾਣੇ।
ਅੱਲਾਹ ਦੇ ਘਰ ਘੱਲੋ ਦਾਣੇ…

ਚੌਧਰੀ, ਹੱਕ ਮੁਜਾਰੇ ਦਾ ਵੀ, ਮਸਜ਼ਿਦ ਦੇ ਵਿਚ ਦੇ ਜਾਏ ਭਾਵੇਂ,
ਮੀਆਂ ਜੀ ਉਹਨੂੰ ਬਹਾ ਦਿੰਦੇ ਨੇ, ਜ਼ੰਨਤ ਦੇ ਵਿਚ ਠੰਡੀ ਛਾਵੇਂ।
ਕਣਕ ਤੋ ਸਾਵੀਂ ਜ਼ਨਤ ਵੇਚੇ, ਵੇਖੋ ਮੁੱਲਾ ਹਾਸੇ ਭਾਣੇ,
ਅੱਲਾਹ ਦੇ ਘਰ ਘੱਲੋ ਦਾਣੇ, ਭਾਵੇਂ ਅੱਲਾਹ ਨੇ ਨਈਂ ਖਾਣੇ।
ਅੱਲਾਹ ਦੇ ਘਰ ਘੱਲੋ ਦਾਣੇ…

ਜਿਸ ਘਰੋਂ ਨਾਂ ਦਾਣੇ ਆਏ, ਉਸ ਘਰ ਅਸੀਂ ਆਪ ਜਾਵਾਂਗੇ,
ਪੰਜ ਸੱਤ ਬੰਦੇ ਕੱਠੇ ਹੋਕੇ, ਉਸ ਦਾ ਬੂਹਾ ਖੜਕਾਵਾਂਗੇ।
ਮੁੱਲਾ ਦੇ ਐਲਾਨ ਤੋਂ ਮੈਂ ਜਹੇ, ਕਈ ਬਹਿ ਗਏ ਹੋ ਨਿੰਮੋਝਾਣੇ,
ਅੱਲਾਹ ਦੇ ਘਰ ਘੱਲੋ ਦਾਣੇ, ਭਾਵੇਂ ਅੱਲਾਹ ਨੇ ਨਈਂ ਖਾਣੇ।
ਅੱਲਾਹ ਦੇ ਘਰ ਘੱਲੋ ਦਾਣੇ…

ਜੁਮਾਂ ਪੜਨ ਸਾਂ ਗਿਆ ਮਸੀਤੇ, ਵਾਜ਼ ਹੋਈ ਮੁੱਲਾ ਫ਼ਰਮਾਇਆ,
ਸਾਫੇ ਦੀ ਇਕ ਝੋਲੀ ਲੈਕੇ, ਚੰਦੇ ਦੇ ਲਈ ਬੰਦਾ ਆਇਆ।
ਖਾਲੀ ਖੀਸੇ ਲੱਗਾ ਸਾਬਰ, ਰੱਬ ਦੇ ਘਰ ਨਈਂ ਆਇਆ ਠਾਣੇ,
ਅੱਲਾਹ ਦੇ ਘਰ ਘੱਲੋ ਦਾਣੇ, ਭਾਵੇਂ ਅੱਲਾਹ ਨੇ ਨਈਂ ਖਾਣੇ।
ਅੱਲਾਹ ਦੇ ਘਰ ਘੱਲੋ ਦਾਣੇ…

4. ਬੁੱਲ੍ਹਿਆ ਮੇਰੀ ਬੁੱਕਲ਼ ਵਿਚੋਂ ਕਿਸ ਤਰਾਂ ਨਿਕਲੇ ਚੋਰ

1.
ਬੁੱਲ੍ਹਿਆ ਮੇਰੀ ਬੁੱਕਲ਼ ਵਿਚੋਂ ਕਿਸ ਤਰਾਂ ਨਿਕਲੇ ਚੋਰ,
ਆਲ ਦੁਆਲੇ ਮੁੱਲਾ ਕਾਜ਼ੀ ਮੈਂ ਵਿਚਕਾਰ ਖਲੋਤਾ,
ਜ਼ਰਮ ਧਰਮ ਦਾ ਕੈਦੀ ਬਣ ਕੇ ਪੱਬਾ ਭਾਰ ਖਲੋਤਾ,
ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹੋਰੇਦਾਰ ਖਲੋਤਾ,
ਗਲ਼ ਪਿਆ ਢੋਲ ਜੇ ਲਾਹੁਣਾ ਚਾਵ੍ਹਾਂ ਪੈ ਜਾਂਦਾ ਏ ਸ਼ੋਰ,
ਬੁੱਲੇਆ ਮੇਰੀ ਬੁੱਕਲ਼ ਵਿਚੋਂ ਕਿਸ ਤਰਾਂ ਨਿਕਲੇ ਚੋਰ।
2.
ਬੁੱਲ੍ਹਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ?
ਆਹੋ ਆਹੋ ਕਹਿਕੇ ਜੇ ਮੈਂ ਵੀ ਟਾਲ਼ ਗਿਆ,
ਬਲਦਾ ਕਿੰਝ ਰਵੇਗਾ ਜੋ ਤੂੰ ਦੀਵਾ ਬਾਲ ਗਿਆ।
ਜੇ ਭੇਤ ਨਾ ਖੁੱਲਾ ਤੇ ਫਿਰ ਮੇਰਾ ਹਾਲ ਗਿਆ,
ਸੱਚ ਦਾ ਮੱਚ ਮਚਾਵਾਂ ਜਾਂ ਫਿਰ ਅਲਫੋਂ ਹੋਵਾਂ ਬੇ,
ਬੁੱਲ੍ਹਿਆ ਅੱਜ ਵੀ ਕਾਫ਼ਰ ਮੈਨੂੰ ਕਾਫ਼ਰ ਆਖਣ ਤੇ?
3.
ਬੁੱਲ੍ਹਿਆ ਆ ਤੇ ਰਲ਼ ਕੇ ਮੈਂ ਬੇਕੈਦ ਦਾ ਨਾਰ੍ਹਾ ਲਾਈਏ,
ਕਿਉਂ ਗੰਗਾ ਵਿੱਚ ਗੋਤੇ ਖਾਈਏ ਕਿਉਂ ਕਰ ਜਾਈਏ ਮੱਕੇ,
ਮੋਨ ਮੁਨਾ ਕੇ ਫਿਰੀਏ ਕਾਹਨੂੰ ਰੱਖੀਏ ਪੰਜੇ ਕੱਕੇ,
ਕਾਫਰ ਕਹੀਏ ਕੁੱਲ ਦੀ ਗਲ ਕਰਨ ਤੋਂ ਜਿਹੜਾ ਡੱਕੇ,
ਖੂਹ ਦੇ ਡੱਡੂ ਵਰਗਾ ਜੀਵਨ ਕਿਉਂ ਕਰ ਹੋਰ ਹੰਢਾਈਏ,
ਬੁੱਲੇਆ ਆ ਤੇ ਰਲ਼ ਕੇ ਮੈਂ ਬੇਕੈਦ ਦਾ ਨਾਰ੍ਹਾ ਲਾਈਏ।

5. ਜਿਹੜੇ ਦਿਨ ਦੇ ਰਾਹ ਬਦਲੇ ਨੇ

ਜਿਹੜੇ ਦਿਨ ਦੇ ਰਾਹ ਬਦਲੇ ਨੇ
ਸੱਜਣ ਅੰਨੇਵਾਹ ਬਦਲੇ ਨੇ

ਜਦ ਵੀ ਆਲੀਜਾਹ ਬਦਲੇ ਨੇ
ਗਲ ਨੀ ਬਦਲੇ, ਫਾਹ ਬਦਲੇ ਨੇ

ਲੱਖਾਂ ਵਰ੍ਹਿਆਂ ਤੋਂ ਇਹ ਰੀਤ ਏ
ਹੋ ਕੇ ਲੋਕ ਤਬਾਹ ਬਦਲੇ ਨੇ

ਉਹੋ ਤਾਪ ਤੇ ਉਹੋ ਖੰਘਾਂ
ਮੌਸਮ ਕੀ ਸਵਾਹ ਬਦਲੇ ਨੇ

ਕੁਝ ਹੌਕੇ ਕੁਝ ਹਾਵਾਂ ਬਣ ਗਏ
ਮੈਂ "ਸਾਬਿਰ" ਸਾਹ ਬਦਲੇ ਨੇ

6. ਤੇਰੇ ਇਕ ਇਸ਼ਾਰੇ ਤੇ

ਤੇਰੇ ਇਕ ਇਸ਼ਾਰੇ ਤੇ
ਕੋਈ ਜ਼ਿੰਦਗੀ ਵਾਰੇ ਤੇ?

ਚਾਰੇ ਤੜਪੇ ਲਾਰੇ ਤੇ
ਚੰਨ, ਚਾਨਣੀ, ਤਾਰੇ, ਤੇ

ਸੂਰਜ ਡੁੱਬਕੇ ਮਰਜੇਗਾ
ਜੇ ਤੂੰ ਵਾਲ ਖਿਲਾਰੇ ਤੇ

ਬੰਦੇ ਦੇ ਵਿਚ ਅੱਲਾ ਏ
ਬੰਦਾ, ਬੰਦਾ ਮਾਰੇ ਤੇ ?

ਚੌਦਾਂ ਤਬਕ ਸੀ ਦਿਲ ਅੰਦਰ
ਕਬਜ਼ਾ ਕੀਤਾ ਈ ਸਾਰੇ ਤੇ

ਦੁਨੀਆ ਪਾਗ਼ਲ ਕਹਿੰਦੀ ਏ
ਸੋਚਾਂ ਦੁਨੀਆ ਬਾਰੇ ਤੇ

ਕਿਸਮਤ ਹਾਰ ਈ ਜਾਂਦੀ ਏ
ਬੰਦਾ ਹਿੰਮਤ ਹਾਰੇ ਤੇ

7. ਰੰਗਤ ਮਹਿਕ ਨਫਾਸਤ ਓਹਦੇ ਬੁੱਲ੍ਹਾਂ ਦੀ

ਰੰਗਤ ਮਹਿਕ ਨਫਾਸਤ ਓਹਦੇ ਬੁੱਲ੍ਹਾਂ ਦੀ,
ਐਸੀ-ਤੈਸੀ ਕਰ ਦਿੰਦੀ ਆ ਫੁੱਲਾਂ ਦੀ ।

ਮੈਂ ਪੱਥਰ ਦੀ ਬੇੜੀ ਲੈ ਕੇ ਟੁਰਿਆਂ ਵਾਂ ,
ਮੈਨੂੰ ਕੀ ਪਰਵਾਹ ਏ ਛੱਲਾਂ-ਛੁੱਲਾਂ ਦੀ ।

ਰੱਬ ਦੇ ਨਾਂ ਤੇ ਬੰਦੇ ਮਾਰੀ ਜਾਨਾਂ ਏ ,
ਤੇਰੇ ਪੰਡਤ ਫਾਦਰ ਦੀ ਤੇ ਮੁੱਲਾਂ ਦੀ ।

8. ਜੇ ਨਹੀਂ ਮੇਰੇ ਨਾਲ ਖਲੋਣਾ

ਜੇ ਨਹੀਂ ਮੇਰੇ ਨਾਲ ਖਲੋਣਾ
ਤੇ ਨਹੀਂ ਮੇਰੇ ਨਾਲ ਖਲੋਣਾ

ਕਾਲੀ ਰਾਤ ਡਰਾਉਂਦੀ ਪਈ ਏ
ਵੇ ਨਹੀਂ ਮੇਰੇ ਨਾਲ ਖਲੋਣਾ ?

ਜੇ ਕੂੜਾਂ ਨੂੰ ਖਾਣ ਦਾ ਯੁਧ ਏ
ਦੇਹ ਨਹੀਂ ਮੇਰੇ ਨਾਲ ਖਲੋਣਾ

ਕੱਲਰ ਖਾਧੀ ਕੰਧ ਵਰਗਾ ਵਾਂ
ਲੇਅ ਨਹੀਂ ਮੇਰੇ ਨਾਲ ਖਲੋਣਾ

ਮੈਂ ਬੁੱਲ੍ਹੇ ਦੇ ਅਲਫ਼ ਦਾ ਪਾਂਧੀ
ਬੇ ਨਹੀਂ ਮੇਰੇ ਨਾਲ ਖਲੋਣਾ

9. ਮਾੜੇ ਦੀ ਤਕਦੀਰ ਬਗ਼ੈਰਾ

ਮਾੜੇ ਦੀ ਤਕਦੀਰ ਬਗ਼ੈਰਾ
ਮੁੱਲਾਂ, ਪੰਡਤ, ਪੀਰ ਬਗ਼ੈਰਾ

ਗੱਲ ਤੇ ਇਕੋ ਨੁਕਤੇ ਦੀ ਏ
ਕੀ ਏ ਵਿਚ ਲਕੀਰ ਬਗ਼ੈਰਾ

ਜੇਕਰ ਮਿਰਜ਼ੇ ਸੌਂ ਜਾਵਣ ਤੇ
ਟੁੱਟ ਜਾਂਦੇ ਨੇ ਤੀਰ ਬਗ਼ੈਰਾ

ਛਾਪਾਂ ਛੱਲੇ ਮੋੜਨ ਲੱਗਾਂ
ਰੱਖ ਲਈ ਏ ਤਸਵੀਰ ਬਗ਼ੈਰਾ

ਗ਼ੈਰਤ ਗ਼ੈਰਤ ਕਰਦੇ ਮਰ ਗਏ
ਕਿੰਨੇ ਖ਼ਾਨ ਸ਼ਮੀਰ ਬਗ਼ੈਰਾ

ਤੇਰੇ ਪਿੱਛੇ ਖਲੀਆਂ ਦਿਸਣ
ਸੋਹਣੀ, ਸੱਸੀ, ਹੀਰ ਬਗ਼ੈਰਾ

ਜੇ ਤੂੰ ਇਸ਼ਕ ਦੇ ਰਾਹ ਪੈਣਾ ਏ
ਸਾਹਿਬਾਂ ? ਫਿਰ ਇਹ ਵੀਰ ਬਗ਼ੈਰਾ

ਉਰਦੂ ਗ਼ਜ਼ਲ ਵੀ ਠੀਕ ਏ ‘ਸਾਬਰ’
ਹਾਂ ਓਹ ਗ਼ਾਲਿਬ, ਮੀਰ ਬਗ਼ੈਰਾ

10. ਭਾਵੇਂ ਉਹਦੀ ਮੇਰੀ ਦੂਰੀ ਨਈਂ ਹੁੰਦੀ

ਭਾਵੇਂ ਉਹਦੀ ਮੇਰੀ ਦੂਰੀ ਨਈਂ ਹੁੰਦੀ।
ਪਰ ਦੋਹਾਂ ਦੀ ਮਰਜ਼ੀ ਪੂਰੀ ਨਈਂ ਹੁੰਦੀ।

ਸਭ ਦੇ ਸਾਹਵੇਂ ਨਿਰਣਾ ਕੋਈ ਮਿਲਣਾ ਨਈਂ,
ਕਰਨੀ ਏ ਜੋ ਗੱਲ ਜਰੂਰੀ ਨਈਂ ਹੁੰਦੀ।

ਤੇਰੀ ਮੇਰੀ ਗੱਲ ਏ ਤੇਰੇ ਮੇਰੇ ਵਿਚ,
ਕਹਿ ਦਿੱਤਾ ਏ ਨਾ, ਮਸ਼ਹੂਰੀ ਨਈਂ ਹੁੰਦੀ।

ਆਪਣੀ ਆਪ ਸਿਆਣ ਕਰਾਉਨਾ ਡਰਨਾ ਵਾਂ,
ਹਾਲਾਂ ਸੱਚ ਕੋਈ ਮਗਰੂਰੀ ਨਈਂ ਹੁੰਦੀ।

11. ਚੁੱਪ ਚੜਾਂ

ਜਿਓਂਦਾ ਨਹੀਂ ਉਹ ਜਿਹੜਾ ਚੁੱਪ ਏ
ਵੇਖੋ ਕਿਹੜਾ ਕਿਹੜਾ ਚੁੱਪ ਏ

ਬੋਲ ਚੰਦਰੀਏ ਜੀਭੇ ਬੋਲ
ਪਿੱਛੇ ਸਾਰਾ ਵਿਹੜਾ ਚੁੱਪ ਏ

ਫਿਰ ਅੱਜ ਕਾਗ ਬਨੇਰੇ ਬੈਠਾ
ਹੋਣੈ ਹਿਜਰ ਸੁਨੇਹੜਾ, ਚੁੱਪ ਏ

ਗੱਲ ਮੈਂ ਕੁਝ ਕੁਝ ਸਮਝ ਗਿਆ ਵਾਂ
ਠੀਕ ਏ , ਛੱਡੋ ਖਹਿੜਾ, ਚੁੱਪ ਏ

ਏਥੇ ਸਾਰੇ 'ਸਾਬਰ' ਤੇ ਨਹੀਂ
ਜਿਹਦਾ ਰਿੜਦੈ ਰੇੜ੍ਹਾ, ਚੁੱਪ ਏ

12. ਜ਼ਿੰਦਗੀ ਪਿਆਰ ਦਾ ਦੂਜਾ ਨਾਂ ਏ

ਜ਼ਿੰਦਗੀ ਪਿਆਰ ਦਾ ਦੂਜਾ ਨਾਂ ਏ
ਇਕ ਮੁਟਿਆਰ ਦਾ ਦੂਜਾ ਨਾਂ ਏ

ਚੰਨ ਦਾ ਨਾਂ ਬਦਲਾਓ ਇਹ ਤੇ
ਮੇਰੇ ਯਾਰ ਦਾ ਦੂਜਾ ਨਾਂ ਏ

ਰੱਬਾ ਮੈਂਥੋ ਜਾਨ ਨਾਂ ਮੰਗੀਂ
ਇਹ ਸਰਕਾਰ ਦਾ ਦੂਜਾ ਨਾਂ ਏ

ਕੁਝ ਤੇ ਬੋਲ ਕਿ ਮੈਂ ਇਹ ਸਮਝਾਂ
ਚੁਪ ਇਕਰਾਰ ਦਾ ਦੂਜਾ ਨਾਂ ਏ

ਵੇਖ ਕੇ ਨਿੰਮਾਂ ਨਿੰਮਾਂ ਹੱਸਣਾ
ਇਹ ਇਜ਼ਹਾਰ ਦਾ ਦੂਜਾ ਨਾਂ ਏ

13. ਮੈਂ ਨਈਂ ਹੁੰਦਾ ਅੱਗੇ ਅੱਗੇ

ਮੈਂ ਨਈਂ ਹੁੰਦਾ ਅੱਗੇ ਅੱਗੇ
ਹੈ ਕੋਈ ਜੋ ਲੱਗੇ ਅੱਗੇ

ਵੇਖੋ ਵੱਢੀ ਵਾਹੀ ਵੇਖੋ
ਬੰਦਾ ਪਿੱਛੇ ਢੱਗੇ ਅੱਗੇ

ਮੁੜ ਜਾ ਮੁੜ ਜਾ ਮੁੜ ਜਾ ਮੁੜ ਜਾ,
ਇਸ਼ਕ ਖੜਾ ਈ ਪੱਗੇ ਅੱਗੇ

ਫਿਰ ਹੁਣ ਰੱਤੇ ਹੋਂਟ ਵਿਖਾਵੇਂ
ਕੀ ਛੱਡਿਆ ਈ ਅੱਗੇ ਅੱਗੇ

ਮੰਨਿਆਂ ਗੱਲ ਈ ਹੱਲ ਏ ਯਾਰੋ
ਪਰ ਜੇ ਹੋਵਣ ਜੱਗੇ ਅੱਗੇ

ਸਾਬਰ ਬੁੱਲ੍ਹੇ ਅਲਫ਼ ਪੜ੍ਹਾਇਆ
ਅਲਫ਼ੋਂ ਅੱਗੇ ਅੱਗੇ ਅੱਗੇ

14. ਹਾਲੀ ਤੀਕ ਨਈਂ ਭੁੱਲੀਆਂ ਅੱਖਾਂ

ਹਾਲੀ ਤੀਕ ਨਈਂ ਭੁੱਲੀਆਂ ਅੱਖਾਂ,
ਲੰਮੀ ਚੁੱਪ ਤੇ, ਖੁੱਲੀਆਂ ਅੱਖਾਂ।

ਤੌਬਾ, ਤੌਬਾ, ਤੌਬਾ, ਤੌਬਾ,
ਜੋਬਨ, ਜ਼ੁਲਫਾਂ, ਬੁੱਲੀਆਂ, ਅੱਖਾਂ।

ਅੰਬਰ ਧਰਤੀ ਵੱਟੇ ਪਾਏ,
ਪਰ ਨਾ ਮੈਥੋਂ ਤੁੱਲੀਆਂ ਅੱਖਾਂ।

ਮੈਂ ਦੁੱਖਾਂ ਦੇ ਸਾਗਰ ਪੀਤੇ,
ਹੁਣ ਜੇ ਮੇਰੀਆਂ ਡੁੱਲੀਆਂ ਅੱਖਾਂ।

ਜੱਗ ਤੇ 'ਸਾਬਿਰ' ਬਣ ਕੇ ਰਹੀਏ,
ਰੱਖੀਏ ਖੁੱਲੀਆਂ-ਡੁੱਲੀਆਂ ਅੱਖਾਂ।

15. ਚੜ੍ਹਿਆ ਚੇਤਰ ਲਗਰਾਂ ਫੁੱਟੀਆਂ

ਚੜ੍ਹਿਆ ਚੇਤਰ ਲਗਰਾਂ ਫੁੱਟੀਆਂ
ਪਰ ਨਾ ਹਾਸੇ ਫੁੱਟੇ
ਮਨ ਦੀ ਰੁੱਤ ਨੂੰ ਤਨ ਦੇ ਸੋਕੇ
ਅੱਖ ਨੂੰ ਕਾਸੇ ਫੁੱਟੇ
ਭੁੱਖੀ ਰੂਹ ਦੀ ਕੁੱਖੋਂ ਵਹਿਸ਼ੀ
ਭੁੱਖੇ ਪਿਆਸੇ ਫੁੱਟੇ
ਤਾਹੀਓਂ ਸਾਡੇ ਵਹਿੜੇ ਫੁੱਟੇ
ਜੋ ਅਕਵਾਸੇ ਫੁੱਟੇ
ਚੜ੍ਹਿਆ ਚੇਤਰ...

ਚੜ੍ਹਿਆ ਚੇਤਰ ਲਗਰਾਂ ਫੁੱਟੀਆਂ
ਆਸਾਂ ਹਰੀਆਂ ਹੋਈਆਂ
ਸ਼ਾਲਾ ! ਛੇਤੀ ਰੰਗ ਲਿਆਵਣ
ਪੀੜਾਂ ਜਰੀਆਂ ਹੋਈਆਂ
ਚੰਗੀ ਜੂਨੇ ਉੱਠਣ ਸੱਭੇ
ਸੱਧਰਾਂ ਮਰੀਆਂ ਹੋਈਆਂ
ਸੋਚਾਂ ਦੇ ਗਲ ਘੁੱਟ ਨਾ ਦੇਵਣ
ਅਕਲਾਂ ਡਰੀਆਂ ਹੋਈਆਂ
ਚੜ੍ਹਿਆ ਚੇਤਰ...

ਚੜ੍ਹਿਆ ਚੇਤਰ ਲਗਰਾਂ ਫੁੱਟੀਆਂ
ਰੁੱਖਾਂ ਬਾਣੇ ਬਦਲੇ
ਰੁੱਤ ਬਦਲਦੀ ਵੇਖੀ ਤੇ ਸਭ
ਲੋਕ ਸਿਆਣੇ ਬਦਲੇ
ਸਾਡਾ ਆਪਣੇ ਆਪ ਨੂੰ ਧੋਖਾ
ਆਪਣੇ ਭਾਣੇ ਬਦਲੇ
ਕੁਝ ਬਦਲ ਨਈਂ ਹੋਣਾ ਜੇ ਨਾ
ਪੇਟੇ ਤਾਣੇ ਬਦਲੇ
ਚੜ੍ਹਿਆ ਚੇਤਰ ...

16. ਵਿਖਾਇਆ ਜਾ ਰਿਹਾ ਵਾਂ

ਵਿਖਾਇਆ ਜਾ ਰਿਹਾ ਵਾਂ
ਕਮਾਇਆ ਜਾ ਰਿਹਾ ਵਾਂ

ਹਵਾ ਦਾ ਫੈਸਲਾ ਏ
ਉਡਾਇਆ ਜਾ ਰਿਹਾ ਵਾਂ

ਮੈਂ ਜ਼ਾਲਿਮ ਹੋਵਨਾਂ ਏ
ਸਤਾਇਆ ਜਾ ਰਿਹਾ ਵਾਂ

ਕਿਸੇ ਦੀ ਜ਼ਿੰਦਗੀ ਆਂ
ਬਚਾਇਆ ਜਾ ਰਿਹਾ ਵਾਂ

ਮੈਂ 'ਸਾਬਿਰ' ਤੇ ਨਈਂ ਸਾਂ
ਬਣਾਇਆ ਜਾ ਰਿਹਾ ਵਾਂ

17. ਜਦ ਵੀ ਅੱਖ ਦਾ ਵਿਹੜਾ ਸੁੱਕਾ ਹੁੰਦਾ ਏ

ਜਦ ਵੀ ਅੱਖ ਦਾ ਵਿਹੜਾ ਸੁੱਕਾ ਹੁੰਦਾ ਏ,
ਕੋਈ ਨਾ ਕੋਈ ਸੁਪਨਾ ਢੁੱਕਾ ਹੁੰਦਾ ਏ।

ਤੇਰਾ ਤੁੱਕਾ ਲੱਗਾ ਏ ਤੇ ਲਾਈ ਰੱਖ,
ਯਾਦ ਰਵੇ ਪਰ ਤੁੱਕਾ ਤੁੱਕਾ ਹੁੰਦਾ ਏ।

ਔਖੇ ਵੇਲੇ ਹਰ ਚਿਹਰਾ ਏ ਦਿਸ ਪੈਂਦਾ,
ਜਿਹੜਾ ਜਿੰਨਾ ਸੱਕਾ ਸੁੱਕਾ ਹੁੰਦਾ ਏ।

'ਸਾਬਿਰ' ਬਣ ਕੇ ਇੰਝ ਹਿਆਤੀ ਭੋਗ ਰਿਆਂ,
ਜਿਵੇਂ ਕੋਈ ਜੁਰਮਾਨਾ ਠੁੱਕਾ ਹੁੰਦਾ ਏ।

18. ਤੇ ਅੱਖਰ ਸਾਥ ਨਈਂ ਦੇਂਦੇ

ਮੈਂ ਜੋ ਮਹਿਸੂਸ ਕਰਨਾ ਵਾਂ
ਜੇ ਉਹ ਸਭ ਲੀਕਣਾ ਚਾਹਵਾਂ
ਤੇ ਅੱਖਰ ਸਾਥ ਨਈਂ ਦੇਂਦੇ

ਜਿਵੇਂ ਡਾਢ੍ਹੇ ਕਿਸੇ ਵੇਲੇ ਤੇ
ਅਕਸਰ ਚੱਲਦੀਆਂ ਸਾਹਵਾਂ
ਤੇ ਅੱਖਰ ਸਾਥ ਨਈਂ ਦੇਂਦੇ

ਪੰਜੀਰੀ ਤਾਰਿਆਂ ਦੀ
ਜੇ ਬਣਾਕੇ ਖਾਵਣਾ ਚਾਹਨਾਂ
ਤੇ ਇਹਦਾ ਮੁੱਲ ਪਾਵਾਂਗਾ
ਮੈਂ ਦੱਸ ਦੇਵਾਂਗਾ ਸੂਰਜ ਨੂੰ
ਕਿਵੇਂ ਬਰਫ਼ੀਲੀਆਂ ਰਾਹਵਾਂ ਤੇ
ਅੱਖਰ ਸਾਥ ਨਈਂ ਦੇਂਦੇ

ਮੇਰੀ ਜੋ ਅੱਖ ਦੇ ਛਾਲੇ ਸੀ
ਰੋ ਰੋ ਚੰਡੀਆਂ ਬਣ ਗਏ
ਕਿ ਕੋਈ ਗੱਲ ਨਈਂ ਕਰਦਾ
ਚਿਖਾ ਹੁਣ ਚੁੱਪ ਦੀ ਬਲਦੀ ਚ
ਆਪਣੀ ਜੀਭ ਵੀ ਡਾਹਵਾਂ
ਤੇ ਅੱਖਰ ਸਾਥ ਨਈਂ ਦੇਂਦੇ

19. ਮੇਰੇ ਹੱਥ ਨਿਆਂ ਏ ਯਾਰ

ਮੇਰੇ ਹੱਥ ਨਿਆਂ ਏ ਯਾਰ
ਵੇਲਾ ਮੇਰਾ ਤਾਂ ਏ ਯਾਰ

ਹੰਸਾਂ ਦਾ ਕੀ ਦੁੱਧ ਚੋਣਾ ਜੇ
ਕਾਂ ਵੀ ਆਖਿਰ ਕਾਂ ਏ ਯਾਰ

ਦਿਲ ਅੱਖਾਂ ਦੀ ਮੰਨ ਬੈਠਾ ਏ
ਸਾਡੇ ਵੱਲੋਂ ਹਾਂ ਏ ਯਾਰ

ਤੇਰੀ ਮੇਰੀ ਕੀ ਹੁੰਦੀ ਏ
ਥਾਂ ਤੇ ਆਪਣੀ ਥਾਂ ਏ ਯਾਰ

ਗ਼ੈਰ ਜ਼ਰੂਰੀ ਪਾਬੰਦੀ ਏ
ਇਹ ਜੁਰਮਾਂ ਦੀ ਮਾਂ ਏ ਯਾਰ

ਤੂੰ ਅੰਗੂਰ ਦਾ ਭਾਂਡਾ ਪਾ ਲੈ
ਕਿੱਕਰ ਆਪਣੀ ਥਾਂ ਏ ਯਾਰ

ਨਈਂ ਦਾ ਲਫ਼ਜ਼ ਮਿਟਾ ਦੇਣਾ ਸੀ
ਇਹ ਹੋਵਣ ਦੀ ਹਾਂ ਏ ਯਾਰ

ਕਿਹੜਾ ਕਾਫ਼ਿਰ 'ਸਾਬਿਰ' ਏ
ਨਾਂ ਤੇ ਐਵੇਂ ਨਾਂ ਏ ਯਾਰ

20. ਓਹਦੇ ਨੈਣਾਂ ਦੇ ਇਸ਼ਾਰਿਆਂ ਦੇ ਨਾਲ ਖੇਡਦੇ

ਓਹਦੇ ਨੈਣਾਂ ਦੇ ਇਸ਼ਾਰਿਆਂ ਦੇ ਨਾਲ ਖੇਡਦੇ,
ਅਸੀਂ ਰਏਆਂ ਸਦਾ ਤਾਰਿਆਂ ਦੇ ਨਾਲ ਖੇਡਦੇ।

ਖੌਰੇ ਨਾ ਈ ਜਵਾਨੀ ਨੂੰ ਗ੍ਰਹਿਣ ਲਗਦਾ,
ਜੇ ਨਾ ਚੰਨ ਦਿਆਂ ਲਾਰਿਆਂ ਦੇ ਨਾਲ ਖੇਡਦੇ।

ਕਦੀ ਕਦੀ ਅਸੀਂ ਸਾਹ ਵੀ ਲੈਣਾ ਭੁਲ ਜਾਨੇ ਆਂ,
ਓਹਦੇ ਰੂਪ ਦੇ ਨਜ਼ਾਰਿਆਂ ਦੇ ਨਾਲ ਖੇਡਦੇ।

ਹੁਣ ਕੰਢੇ ਤੇ ਖਲੋਤਿਆਂ ਤੇ ਕਾਹਦਾ ਸ਼ਿਕਵਾ,
ਅਸੀਂ ਡੁੱਬੇ ਆਂ ਸਹਾਰਿਆਂ ਦੇ ਨਾਲ ਖੇਡਦੇ।

ਜੀਅ ਕਰਦਾ ਸੀ ਹਾਰ ਦਾ ਸਵਾਦ ਚੱਖ਼ੀਏ,
ਤਾਈਓਂ ਹਾਰ ਗਏ ਆਂ ਹਾਰਿਆਂ ਦੇ ਨਾਲ ਖੇਡਦੇ।

ਹੱਥ ਬਾਲਾਂ ਦੇ ਬੰਦੂਕਾਂ ਨਾਲੋਂ ਸੋਹਣੇ ਲਗਦੇ,
ਘੁੱਗੂ ਘੋੜਿਆਂ ਗੁਬਾਰਿਆਂ ਦੇ ਨਾਲ ਖੇਡਦੇ।

21. ਰਾਜ਼ੀ ਨਾਵਾਂ ਹੋ ਸਕਦਾ ਏ

ਰਾਜ਼ੀ ਨਾਵਾਂ ਹੋ ਸਕਦਾ ਏ,
ਜੇ ਉਹ ਸਾਵਾਂ ਹੋ ਸਕਦਾ ਏ।

ਧੁੱਪ ਦੇ ਵਿਚ ਮੇਰੇ ਨਾਲ?
ਹਾਂ ! ਪਰਛਾਵਾਂ ਹੋ ਸਕਦਾ ਏ।

ਮੇਰੇ ਵਰਗੇ ਮੁੱਕ ਨਈਂ ਸਕਦੇ,
ਟਾਵਾਂ ਟਾਵਾਂ ਹੋ ਸਕਦਾ ਏ।

ਅੱਜ ਮੇਰੇ ਤੇ ਖੁਸ਼ ਲਗਦਾ ਏ,
ਹੱਥ ਤੇ ਲਾਵਾਂ, ਹੋ ਸਕਦਾ ਏ?

22. ਇਸ ਹੱਥ ਤੋਂ ਉਸ ਗਲ ਦੇ ਪੈਂਡੇ

ਇਸ ਹੱਥ ਤੋਂ ਉਸ ਗਲ ਦੇ ਪੈਂਡੇ,
ਸੋਹਣੀ ਲਈ ਨੇ ਥਲ ਦੇ ਪੈਂਡੇ।

ਮੈਂ ਚਾਹਨਾਂ ਸਾਂ ਟਲ ਦੇ ਪੈਂਡੇ,
ਭੱਜ ਭੱਜ ਪਏ ਨੇ ਰਲ ਦੇ ਪੈਂਡੇ।

ਮੰਜ਼ਲ ਕੋਈ ਦੂਰ ਤੇ ਨਈਂ ਸੀ,
ਜੇ ਨਾ ਮੈਨੂੰ ਛਲ ਦੇ ਪੈਂਡੇ।

ਹੌਕੇ ਭਰ ਭਰ ਬਰਫਾਂ ਹੋ ਗਏ,
ਕਿੰਨੇ ਸੜਦੇ ਬਲਦੇ ਪੈਂਡੇ।

ਮੇਰੀ ਲਾਹਨਤ ਤੇ ਸੁੱਤੇ ਉੱਠੇ,
ਅੱਖਾਂ ਮਲਦੇ ਮਲਦੇ ਪੈਂਡੇ।

ਸਾਬਰ ਸਾਂ, ਨਾ ਤਾਂ ਹੀ ਖਬਰੇ,
ਮੈਨੂੰ ਰਹੇ ਨੇ ਛਲਦੇ ਪੈਂਡੇ।

23. ਬੜੀ ਲੰਮੀ ਕਹਾਣੀ ਏ

ਜੋ ਅੱਖਾਂ ਨੀਂਵੀਆਂ ਨੇ ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ
ਤੇ ਕੰਧਾਂ ਨੂੰ ਸੁਨਾਣੀ ਏ, ਬੜੀ ਲੰਮੀ ਕਹਾਣੀ ਏ
ਮੇਰਾ ਮਤਲ਼ਬ ਕਿ ਪਲਕਾਂ ਮੁੱਢ ਜੰਮੀ ਲੂਣੀਆਂ ਬਰਫ਼ਾਂ ਦੀ
ਜਿਹੜੀ ਤਹਿ ਪੁਰਾਣੀ ਏ, ਬੜੀ ਲੰਮੀ ਕਹਾਣੀ ਏ

ਗ਼ੁਲਾਮਾਂ ਦੇ ਗ਼ੁਲਾਮਾਂ ਦੀ ਗ਼ੁਲਾਮੀ ਕਰਦਿਆਂ ਹੋਇਆਂ
ਵਫ਼ਾ ਦੀ ਰੀਤ ਚਲੀ ਸੀ, ਜਵਾਨੀ ਬੀਤ ਚਲੀ ਸੀ
ਕਿਸੇ ਜੁਗਨੂੰ ਨੇ ਦਸਿਆ ਏ ਹਨੇਰਾ ਨਾਲ਼ ਨਈਂ ਜੰਮਿਆ,
ਤੇਰੇ ਪੁਰਖਾਂ ਦਾ ਹਾਣੀ ਏ, ਬੜੀ ਲੰਮੀ ਕਹਾਣੀ ਏ

ਇਹ ਸ਼ਾਹੀਆਂ ਨੂੰ ਬਚਾਵਣ ਲਈ ਜੋ ਸਾਵੇ, ਲਾਲ,
ਕਾਲੇ ਝੰਡਿਆਂ ਦੇ ਨਾਲ ਖਹਿੰਦੇ ਨੇ ਤੇ ਸਾਨੂੰ ਯਾਰ ਕਹਿੰਦੇ ਨੇ,
ਅਸੀਂ ਇਹ ਸਮਝਦੇ ਕਿਉਂ ਨਈਂ ਕਿ ਸਾਡੇ ਖ਼ੂਨ ਪਾਣੀ ਤੇ
ਇਹਨਾਂ ਦਾ ਤੇਲ ਪਾਣੀ ਏ, ਬੜੀ ਲੰਮੀ ਕਹਾਣੀ ਏ

ਮੈਂ ਅਕਸਰ ਸੋਚਦਾਂ ਰਹਿਨਾਂ ਖ਼ੁਦਾ ਤਸਲੀਮ ਕੀਤਾ ਏ,
ਖ਼ੁਦਾ ਤਸਲੀਮ ਨਈਂ ਕਰਦਾ, ਜ਼ਮਾ ਤਕਸੀਮ ਨਈਂ ਕਰਦਾ,
ਫ਼ਿਰ ਆਪੇ ਸੋਚ ਲੈਂਦਾਂ ਹਾਂ ਖ਼ੁਦਾਵਾਂ ਦੇ ਖ਼ੁਦਾਵਾਂ ਤੋਂ
ਖ਼ੁਦਾ ਨੇ ਮਾਰ ਖਾਣੀ ਏ, ਬੜੀ ਲੰਮੀ ਕਹਾਣੀ ਏ

ਕਦੀਂ ਤੂੰ ਸੋਚਿਆ ਕਿਓਂ ਨਈਂ ਜੇ ਹੋਰਾਂ ਵਾਂਗ 'ਸਾਬਿਰ' ਵੀ
ਤੇਰੇ ਕੁੰਨ ਕੁੰਨ ਤੇ ਕੰਨ ਧਰਦਾ ਜ਼ਬਰ ਨੂੰ ਜ਼ੇਰ ਨਾ ਕਰਦਾ,
ਇਹ ਮੇਰਾ ਮੌਅਜ਼ਜ਼ਾ ਏ ਕਿ ਤੇਰੇ ਆਦਮ ਤੋਂ ਪਹਿਲਾਂ ਦੀ
ਮੈਂ ਕੋਈ ਰਮਜ਼ ਜਾਣੀ ਏ, ਬੜੀ ਲੰਮੀ ਕਹਾਣੀ ਏ

24. ਤੋਤੇ

ਕੋਈ ਗਲ ਕਰਾਂ ਤੇ,
ਫੱਟ ਬੋਲ ਪੈਂਦੇ ਨੇ,
ਇਹ ਕਿਥੇ ਲਿਖਿਆ?

ਲਿਖੀਆਂ ਨੂੰ ਮੰਨਦੇ ਨੇ,
ਮੈਂ ਲਿੱਖ ਦਿੰਨਾ ਵਾਂ ਤੇ,
ਫੇਰ ਵੀ ਨਈਂ ਮੰਨਦੇ?
ਇਹ ਜੋ ਤੂੰ ਲਿਖਿਆ ਏ?
ਇਹ ਕਿਥੇ ਲਿਖਿਆ?

ਜਿਹੜੀ ਗਲ ਹੋਈ ਨਈਂ,
ਉਹ ਗਲ ਕਰੇ ਨਾ,
ਜੋ ਕਿਤੇ ਲਿਖਿਆ ਨਈਂ,
ਉਹ ਕੋਈ ਲਿਖੇ ਨਾ,
ਇਹ ਕਿਥੇ ਲਿਖਿਆ?

25. ਕੁੱਤੇ ਬਨਾਮ ਬੰਦੇ

ਇੱਕ ਦੇ ਮਗਰ ਸੀ ਚੋਖੇ ਲਗੇ
ਜਾਨ ਬਚਾਵਣ ਦੇ ਲਈ ਭੱਜਾ
ਵਾਹਵਾ ਭੱਜਾ, ਚੋਖਾ ਭੱਜਾ।
ਪਰ ਉਹਨਾਂ ਪਿੱਛਾ ਨਾ ਛੱਡਿਆ,
ਆਖਰ ਉਸਨੇ ਬੇਬਸ ਹੋਕੇ,
ਲੱਤਾਂ ਦੇ ਵਿੱਚ ਪੂੰਛਲ ਲੈਕੇ,
ਮਾੜੇ ਹੋਣ ਦਾ ਤਰਲਾ ਪਾਇਆ,
ਸਾਰੇ ਉਸਨੂੰ ਛੱਡਕੇ ਤੁਰ ਗਏ।
ਪਰ ਜੇ ਉਥੇ ਕੁੱਤਿਆ ਦੀ ਥਾਂ,
ਬੰਦੇ ਹੁੰਦੇ ਫੇਰ ਕੀ ਹੁੰਦਾ?

26. ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ

ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ
ਕੀ ਸਮਝਾਂ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏਂ
ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ ਪਿੱਛੇ ਤੂੰ ਏਂ
ਮਸਜਦ ਮੰਦਰ ਤੇ ਗਿਰਜੇ ਦੇ ਝਗੜੇ ਪਿੱਛੇ ਤੂੰ ਏਂ
ਇੰਨੇ ਖੂਨ ਖਰਾਬੇ ਦੇ ਵਿਚ ਤੈਨੂੰ ਕੀ ਏ ਮਿਲਦਾ
ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ
ਰੱਬਾ ਬੇਸ਼ਕ ਜੱਗ ਦੀ ਹਰ ਇਕ ਸ਼ਹਿ ਦਾ ਮਾਲਕ ਤੂੰ ਏਂ
ਰੱਬਾ ਬੇਸ਼ਕ ਜੱਗ ਦੀ ਹਰ ਇਕ ਸ਼ਹਿ ਦਾ ਮਾਲਕ ਤੂੰ ਏਂ
ਤੇਰੀ ਸ਼ਹਿ ਦਾ ਇਥੇ ਮਾਲਕ ਬਣਦਾ ਜਿਹੜਾ ਕੀ ਏ
ਉਲਟਾ ਕਾਫਰ ਕਹਿੰਦੇ ਜੇ ਮੈਂ ਦੱਸਾਂ ਕਿਹੜਾ ਕੀ ਏ
ਤੂੰ ਕਾਦਰ ਏਂ ਕਰ ਦੇਵੇਂ ਸਾਂਝਾ ਵਿਹੜਾ ਕੀ ਏ
ਮਲਕੀਅਤ ਦੇ ਕਾਹਦੇ ਰੌਲੇ ਜਦ ਹਰ ਸ਼ਹਿ ਦਾ ਖ਼ਾਲਕ ਤੂੰ ਏਂ
ਰੱਬਾ ਬੇਸ਼ਕ ਜੱਗ ਦੀ ਹਰ ਇੱਕ ਸ਼ਹਿ ਦਾ ਮਾਲਕ ਤੂੰ ਏਂ

27. ਅੰਨ੍ਹਾ

ਅੰਨ੍ਹਾ ਉਹ ਨਹੀਂ ਹੁੰਦਾ
ਜਿਹਨੂੰ ਦਿਸਦਾ ਨਾ ਹੋਵੇ
ਅੰਨ੍ਹਾ ਉਹ ਹੁੰਦਾ ਏ
ਜਿਹੜਾ ਵੇਂਹਦਾ ਨਾ ਹੋਵੇ

28. ਆਪਣੀ ਜਿੰਦੜੀ ਰੁੱਲ਼ਦੀ ਪਈ ਏ

ਆਪਣੀ ਜਿੰਦੜੀ ਰੁੱਲ਼ਦੀ ਪਈ ਏ,
ਪਰ ਕੱਲੇ ਨੂੰ ਕੁੱਲਦੀ ਪਈ ਏ।

ਭਾਂਡੇ ਟੀਂਡੇ ਸਾਂਭ ਲਓ ਲੋਕੋ,
ਲਹਿੰਦੇ ਵਲੋਂ ਝੁੱਲਦੀ ਪਈ ਏ।

ਹੁਣ ਮੈਂ ਤੈਨੂੰ ਭੈੜਾ ਈ ਲੱਗਣੈ,
ਤੇਰੀ ਪੱਗ ਜੂ ਖੁੱਲਦੀ ਪਈ ਏ।

ਅੱਟੀ ਦੇ ਮੁੱਲ ਵਿਕਿਆ ਸੀ ਨਾ,
ਏਥੇ ਕਿਸ ਭਾ ਤੁੱਲਦੀ ਪਈ ਏ।

ਮੈਂ ਉਹਨੂੰ ਕਿੰਜ ਭੁਲਾ ਸਕਨਾ ਵਾਂ,
ਉਹ ਜੋ ਮੈਨੂੰ ਭੁੱਲਦੀ ਪਈ ਏ।

ਨਹੀਂ ਪੀਂਦਾ, ਜਾ ਕੰਮ ਕਰ ਜਾ ਕੇ,
ਸਾਡੀ ਕਿਹੜੀ ਡੁੱਲਦੀ ਪਈ ਏ।

29. ਜੇ ਕਿਸੇ ਚਿਰਾਗ਼ ਦੀ ਮੈਂ ਰੌਸ਼ਨੀ ਉਡੀਕਦਾ

ਜੇ ਕਿਸੇ ਚਿਰਾਗ਼ ਦੀ ਮੈਂ ਰੌਸ਼ਨੀ ਉਡੀਕਦਾ,
ਸਰਘੀਆਂ ਦੇ ਤਾਰਿਆਂ ਨੂੰ ਕਿਸ ਤਰਾਂ ਧਰੀਕਦਾ।

ਇਕ ਈ ਸੰਗਤਰਾਸ਼ ਸੀ ਨਾ ਏਸ ਪੂਰੇ ਸ਼ਹਿਰ ਵਿੱਚ,
ਪੱਥਰਾਂ ਤੇ ਮੁਰਦਿਆਂ ਦੇ ਨਾਂਅ ਪਿਆ ਉਲੀਕਦਾ।

ਓ ਖ਼ੁਦਾ ਦੀ ਮਾਲਕੀ ਦੇ ਮਾਲਕਾ ਜਵਾਬ ਦੇ,
ਤੂੰ ਸ਼ਰੀਕ ਬਣ ਗਿਆਂ ਨਾ ਓਸ ਲਾਸ਼ਰੀਕ ਦਾ।

ਨੀਚ ਹਾਂ ਮੈਂ ਨੀਚ ਹਾਂ ਤੇ ਨੀਚ ਤੋਂ ਵੀ ਨੀਚ ਹਾਂ,
ਮੈਂ ਤੇਰੇ ਜਹੇ ਆਸ਼ਨ੍ਹਾ ਨੂੰ ਆਸ਼ਨ੍ਹਾ ਨਈਂ ਲੀਕਦਾ।

ਇਸ਼ਕ ਹੈ ਸੀ ਇਸ਼ਕ ਹੈ ਆ ਇਸ਼ਕ ਹੀ ਏ ਜ਼ਿੰਦਗੀ,
ਬਣ ਗਿਆਂ ਵਾਂ ਬੱਕਰਾ ਇਮਾਨ ਦੀ ਫੱਟੀਕ ਦਾ।

30. ਵਿਚਾਰਾ

ਉਡੱਦੀ ਚਿੱੜੀ ਦੇ ਜੇ ਤੂੰ ਖੰਭ ਗਿਣ ਲੈਦਾਂ ਸੈਂ
ਅੱਜ ਕੱਲ ਓਸ ਤੋਂ ਅਗਾਂਹ ਦੀਆਂ ਗੱਲਾਂ ਨੇ
ਕਿਥੇ ਲੱਗਾ ਫਿਰਨਾਂ ਏ?

ਕੰਧਾਂ ਦੇ ਜੇ ਕੰਨ ਸੀ ਤੇ ਅੱਜ ਕੱਲ ਅੱਖਾਂ ਨੇ
ਹਰ ਪਾਸੇ ਅੱਖਾਂ ਨੇ
ਮੂੰਹਾਂ ਨੂੰ ਕੀ ਵੇਖਨਾਂ ਏ
ਹੱਥਾ ਵਿੱਚ ਅੱਖਾਂ ਨੇ ਤੇ ਤਲੀ ਤੇ ਜ਼ਮਾਨਾ ਏ
ਕਿਥੇ ਲੱਗਾ ਫਿਰਨਾਂ ਏ?

ਬੋਲਦੇ ਜੋ ਨਈਂ ਲੋਕੀ ਵੇਖਦੇ ਤੇ ਪਏ ਨੇ
ਬੋਲਦੇ ਵੀ ਪਏ ਨੇ
ਤੇਰੀਆਂ ਏ ਪਾਟੀਆਂ ਪੁਰਾਣੀਆਂ ਚਲਾਕੀਆਂ
ਤੇ ਕੂੜ ਦਾ ਵਪਾਰ ਹੁਣ ਚੱਲ ਨਈਂਓ ਸਕਣਾ
ਅੰਨਿਆਂ ਦੇ ਦੌਰ ਦੇਆ ਕਾਣੇਆ ਵਿਚਾਰਿਆ
ਕਿਥੇ ਲੱਗਾ ਫਿਰਨਾਂ ਏ?

31. ਸਲਾਹ

ਗੱਲ ਕਰ, ਯਾ ਚੁੱਪ ਕਰ ਜਾ
(ਰੌਲ਼ਾ ਪਾਣ ਦਾ ਫੈਦਾ ਕੋਈ ਨਈਂ)
ਜ਼ਾਤੀ ਨਾ ਹੋ
ਮੰਦਾ ਬੋਲੇਂਗਾ ਤੇ.....
ਚੰਗਾ ਨਈਂ ਹੋਣਾ
ਮੈਂ ਤੇ ਤੈਨੂੰ ਕਹਿਣਾ ਕੁੱਝ ਨਈਂ
ਤੇਰੇ ਪੱਲੇ ਰਹਿਣਾ ਕੁਝ ਨਈਂ
ਗੱਲ ਕਰ, ਯਾ ਫਿਰ ਚੁੱਪ ਕਰ ਜਾ

32. ?

ਸਿਰ ਚੁੱਕਣ ਲਈ
ਸੱਚਿਆਂ ਹੋਣਾ ਪੈਂਦਾ ਏ
ਸੱਚਿਆਂ ਹੋਣ ਲਈ
ਸਿਰ ਚੁੱਕੀਏ ਤੇ
ਸਿਰ ਨਈਂ ਰਹਿੰਦਾ
ਰਹਿ ਵੀ ਜਾਏ ਤੇ ਮੂੰਹ ਨਈਂ ਰਹਿੰਦਾ
ਮੂੰਹ ਨਾ ਰਹੇ ਤੇ ਗੱਲ ਨਈਂ ਰਹਿੰਦੀ
ਗੱਲ ਨਾ ਰਹੇ ਤੇ ਖ਼ਾਲੀ ਸਿਰ ਨੂੰ......

33. ਪੰਗਾ ਹੋਇਆ ਏ

ਪੰਗਾ ਹੋਇਆ ਏ
ਦੰਗਾ ਹੋਇਆ ਏ
ਕਿਹੜਾ ਕੀ ਏ
ਨੰਗਾ ਹੋਇਆ ਏ
ਚੰਗਾ ਹੋਇਆ ਏ

34. ਜੇ ਤੂੰ ਮੈਨੂੰ ਕੱਜ ਨਹੀਂ ਸਕਦਾ

ਜੇ ਤੂੰ ਮੈਨੂੰ ਕੱਜ ਨਹੀਂ ਸਕਦਾ
ਤੇਰੇ ਨਾਲ ਮੈਂ ਸੱਜ ਨਹੀਂ ਸਕਦਾ

ਚੁੱਪ ਚਪੀਤਾ ਭਰਿਆ ਪੀਤਾ
ਵਰ੍ਹ ਸਕਨਾਵਾਂ ਗੱਜ ਨਹੀਂ ਸਕਦਾ

ਤੂੰ ਚਾਹਵੇਂ ਤੇ ਦੁਨੀਆ ਵੱਲੋਂ
ਇੱਕ ਵੀ ਮੇਹਣਾ ਵੱਜ ਨਹੀਂ ਸਕਦਾ

ਪੈਰਾਂ ਵਿੱਚ ਨੇ ਆਨ ਦੇ ਛਾਲੇ
ਮਰ ਤੇ ਸਕਨਾ ਭੱਜ ਨਹੀਂ ਸਕਦਾ

ਜਿੰਨੇ ਮਰਜ਼ੀ ਦੁੱਖ ਦੇ ਸੱਜਣਾ
ਮੈਂ ਸਾਬਰ ਹਾਂ ਰੱਜ ਨਹੀਂ ਸਕਦਾ

35. ਜਿਓਂਦਾ ਨਹੀਂ ਉਹ, ਜਿਹੜਾ ਚੁੱਪ ਏ

ਜਿਓਂਦਾ ਨਹੀਂ ਉਹ, ਜਿਹੜਾ ਚੁੱਪ ਏ
ਵੇਖੋ ਕਿਹੜਾ ਕਿਹੜਾ ਚੁੱਪ ਏ

ਬੋਲ ਚੰਦਰੀਏ ਜੀਭੇ ਬੋਲ
ਪਿੱਛੇ ਸਾਰਾ ਵਿਹੜਾ ਚੁੱਪ ਏ

ਫਿਰ ਅੱਜ ਕਾਗ ਬਨੇਰੇ ਬੈਠਾ
ਹੋਣੈ ਹਿਜਰ ਸੁਨੇਹੜਾ, ਚੁੱਪ ਏ

ਗੱਲ ਮੈਂ ਕੁਝ ਕੁਝ ਸਮਝ ਗਿਆ ਵਾਂ
ਠੀਕ ਏ , ਛੱਡੋ ਖਹਿੜਾ, ਚੁੱਪ ਏ

ਏਥੇ ਸਾਰੇ ' ਸਾਬਰ ' ਤੇ ਨਹੀਂ
ਜਿਹਦਾ ਰਿੜਦੈ ਰੇੜ੍ਹਾ, ਚੁੱਪ ਏ

36. ਗੰਗਾ ਏ ਯਾਂ ਮੱਕਾ ਏ

ਗੰਗਾ ਏ ਯਾਂ ਮੱਕਾ ਏ,
ਸਿੱਧਾ ਸਿੱਧਾ ਧੱਕਾ ਏ।

ਰੱਬ ਨੂੰ ਲੱਭਦੇ ਫਿਰਦੇ ਹੋ,
ਰੱਬ ਕਿਸੇ ਦਾ ਸੱਕਾ ਏ।

ਮੇਰਾ ਰਾਸ਼ਨ ਮਹੀਨੇ ਦਾ,
ਤੇਰਾ ਇਕੋ ਫੱਕਾ ਏ।

ਤੇਰਾ ਦੀਵਾ ਬੁੱਝ ਜਾਂਦਾ,
ਮੇਰੀ ਖੱਲ ਦਾ ਡੱਕਾ ਏ।

ਇੰਨੇ 'ਸਾਬਰ' ਹੋ ਗਏ ਆਂ,
ਜ਼ਾਲਮ ਹੱਕਾ ਬੱਕਾ ਏ।

37. ਬੰਦਾ ਤੇ ਰੱਬ

ਬੰਦਾ ਰੱਬ ਬਣਾਉਂਦਾ ਆਇਆ,
ਬੰਦਾ ਰੱਬ ਬਣਾਉਂਦਾ ਰਹਿੰਦਾ,
ਬੰਦਾ ਰੱਬ ਬਣਾ ਰਿਹਾ ਏ,
ਬੰਦਾ ਰੱਬ ਬਣਾਵੇ ਨਾਂ ਤੇ,
ਰੱਬ ਵੀ ਬੰਦਾ ਬਣ ਜਾਵੇਗਾ।

ਫੁਟਕਲ

ਲੋਕੀ ਅੱਖਾਂ ਨਾਲ ਨਈਂ ਵੇਂਹਦੇ
ਵੇਖਣ ਵੀ ਤੇ ਹਾਲ ਨਈਂ ਵੇਂਹਦੇ।
ਉਂਝ ਇਹ ਕੋਈ ਜੁਰਮ ਤੇ ਨਈਂ ਨਾਂ,
ਠੀਕ ਏ ਜੀ ਫਿਲਹਾਲ ਨਈਂ ਵੇਂਹਦੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸਾਬਿਰ ਅਲੀ ਸਾਬਿਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ