Punjabi Kavita
  

Punjabi Poetry of NuzhatAbbas

ਨੁਜ਼ਹਤ ਅੱਬਾਸ ਪੰਜਾਬੀ ਕਵਿਤਾ/ਸ਼ਾਇਰੀ

1. ਸੁਨੇਹੜਾ

ਪੰਜਾਬੀ ਸਾਡੀ ਮਾਂ ਦੀ ਬੋਲੀ
ਇਹਨੂੰ ਲਿਖੀਏ ਪੜ੍ਹੀਏ
ਆਓ ਗੱਲਾਂ ਕਰੀਏ
ਮਿੱਠੀਆਂ ਗੱਲਾਂ ਕਰੀਏ

ਚੁੱਪ ਨੂੰ ਚੀਰ ਕੇ ਆਸ ਬਣਾਈਏ
ਘੁਟ ਘੁਟ ਕੇ ਨਾ ਮਰੀਏ
ਇਹਨੂੰ ਲਿਖੀਏ ਪੜ੍ਹੀਏ
ਮਿੱਠੀਆਂ ਗੱਲਾਂ ਕਰੀਏ

ਇਕ ਦੂਜੇ ਨਾਲ਼ ਸਾਂਝ ਰਲ਼ਾਈਏ
ਰਲ ਮਿਲ ਸੰਗਤ ਕਰੀਏ
ਆਓ ਲਿਖੀਏ ਪੜ੍ਹੀਏ
ਮਿੱਠੀਆਂ ਗੱਲਾਂ ਕਰੀਏ

ਧਰਤੀ ਮਾਂ ਦੇ ਪੰਜ ਦਰਿਆ
ਰਲਕੇ ਪਾਣੀ ਭਰੀਏ
ਆਓ ਲਿਖੀਏ ਪੜ੍ਹੀਏ
ਮਿੱਠੀਆਂ ਗੱਲਾਂ ਕਰੀਏ

ਜੋ ਬੀਜਾਂਗੇ ਉਹੀਓ ਵੱਢਣਾ
ਵਾਹੀ ਬੀਜੀ ਕਰੀਏ
ਆਓ ਲਿਖੀਏ ਪੜ੍ਹੀਏ
ਮਿੱਠੀਆਂ ਗੱਲਾਂ ਕਰੀਏ

ਐਹ ਵੇਲਾ ਮੁੜ ਹੱਥ ਨਹੀਂ ਆਉਣਾ
ਨੱਸਦਾ ਵੇਲ਼ਾ ਫੜੀਏ
ਆਓ ਲਿਖੀਏ ਪੜ੍ਹੀਏ
ਮਿੱਠੀਆਂ ਗੱਲਾਂ ਕਰੀਏ

ਅਪਣਾ ਰੂਪ ਸਿਆਨਣ ਦੇ ਲਈ
ਮਨ ਦੇ ਖੂਹ ਚੌੜਾਈਏ
ਆਓ ਲਿਖੀਏ ਪੜ੍ਹੀਏ
ਮਿੱਠੀਆਂ ਗੱਲਾਂ ਕਰੀਏ

ਹੱਡਾਂ ਅੰਦਰ ਇਸ਼ਕ ਰਚਾਈਏ
ਲੂੰ ਲੂੰ ਚਾਨਣ ਕਰੀਏ
ਆਓ ਲਿਖੀਏ ਪੜ੍ਹੀਏ
ਮਿੱਠੀਆਂ ਗੱਲਾਂ ਕਰੀਏ

2. ਕਾਲ਼ਾ ਗ਼ੁਲਾਮ

ਮੇਰੇ ਵੱਸ ਵਿਚ ਕੁੱਝ ਵੀ ਨਹੀ
ਮੈਂ ਕਿਸੇ ਨੂੰ ਕੀ ਕਹਿਣਾ
ਤੁਸੀ ਜਿਵੇਂ ਰੱਖੋ ਮੈਨੂੰ
ਮੈਂ ਤੇ ਉਂਜ ਈ ਰਹਿਣਾ
ਮੈਂ ਕੀ ਕਹਿਣਾ?

ਕੌੜੇ ਮਾਰੋ
ਲੁੱਟ ਲਵੋ ਇੱਜ਼ਤਾਂ
ਤੋੜੋ ਲੱਤਾਂ
ਚੀਰੋ ਸੀਨਾ
ਮੈਂ ਤੇ ਚੁੱਪ ਈ ਰਹਿਣਾ
ਮੈਂ ਕੀ ਕਹਿਣਾ?

ਮੈਂ ਕਾਲ਼ਾ ਵਾਂ
ਮੈਂ ਲਿੱਸਾ ਵਾਂ
ਕਈ ਸਦੀਆਂ ਤੋਂ
ਇਹ ਗ਼ੁਲਾਮੀ
ਤੁਸੀਂ ਮੇਰੇ ਮੱਥੇ ਲਾਈ
ਮੇਰੀ ਜੱਦ ਗੁਆਈ
ਮੈਂ ਕੀ ਬੋਲਾਂ?
ਜਿਥੇ ਰੱਬ ਵੇਖੇ ਅਨਿਆਈ?
ਉਥੇ ਕੌਣ ਕਰੇ ਸੁਣਵਾਈ?

ਚਿੱਟਾ ਰੰਗ ਤੇ
ਤਗੜੇ ਲੋਕੀ
ਕਿਵੇਂ ਜਾਨਣ
ਕੀ ਹੁੰਦਾ ਏ
ਅਨਿਆਈ ਦਾ ਦੁੱਖ ਸਹਿਣਾ
ਅਸੀਂ ਕਾਲਿਆਂ ਖ਼ੋਰੇ ਕਦ ਤਕ
ਜ਼ੁਲਮ ਜਹਾਨ ਦਾ
ਸਹਿੰਦੇ ਰਹਿਣਾ
ਮਰਦੇ ਰਹਿਣਾ

ਮਰਨ ਤੋਂ ਪਹਿਲੇ ਜੀ ਕਰਦਾ ਏ
ਰੱਬ ਤੋਂ ਪੁੱਛਾਂ
ਕਦੋਂ ਮੇਰਾ ਸੂਰਜ ਚੜ੍ਹਸੀ?
ਮੈਨੂੰ ਸੋਨੇ ਵਰਗਾ ਕਰਸੀ?
ਇਕ ਦਿਨ ਤਪਦਾ ਲੋਹਾ ਬਣ ਕੇ
ਮੈਂ ਵੀ ਉੱਚੀ ਉੱਚੀ ਕਹਿਣਾ
ਹਮਾਤੜ ਕਾਲ਼ਾ ਜਾਗ ਪਿਆ ਜੇ
ਹੁਣ ਕਦੀ ਉਸ ਚੁੱਪ ਨਹੀ ਰਹਿਣਾ
ਕਿਸੇ ਦਾ ਜ਼ੁਲਮ ਨਹੀ ਸਹਿਣਾ
ਮੈਂ ਸੀ ਕਹਿਣਾ
ਹੁਣ ਮੈਂ ਚੁੱਪ ਨਹੀ ਰਹਿਣਾ

3. ਮਲਾਲਾ

ਵੇ ਲੋਕਾ !
ਨਵੇਂ ਪੀੜ੍ਹੀ
ਬਹੁਤ ਬਹਾਦਰ
ਬਹੁਤ ਨਿਡਰ ਏ
ਇਹਨੇ ਹਰ ਪਲ਼
ਅਗਾਂਹ ਨੂੰ ਜਾਣਾ
ਕਦੇ ਨਹੀਂ ਡਰਨਾ

ਕਦੇ ਨਹੀਂ ਰੁਕਣਾ
ਕਦੇ ਨਹੀਂ ਥੱਕਣਾ
ਖ਼ੌਫ਼ ਦੇ ਅੰਨ੍ਹੇ
ਖੂਹ ਦੇ ਅੰਦਰ
ਆਪਣੇ ਲਹੂ ਨੂੰ ਚੱਖਣਾ
ਘੁਟਦੇ ਸਾਹ ਨੂੰ
ਮੁੱਕਦੀ ਆਸ ਨੂੰ
ਸਦਾ ਜਗਾਈ ਰੱਖਣਾ
ਚੀਰ ਕੇ ਸੀਨਾ
ਰਾਤ ਕਾਲ਼ੀ ਦਾ
ਨਵੇਂ ਸਵੇਰ ਦਾ
ਚਾਨਣ ਲੱਭਣਾ
ਮੇਰੀ ਮਲਾਲਾ
ਤੇਰੀ ਮਲਾਲਾ
ਨਹੀਂ ਮਰ ਸਕਣਾ

4. ਮਾਂ

ਮਾਂ ਵਿਛੋੜਾ ਕਿਵੇਂ ਦਸਾਂ ?
ਜਿਵੇਂ ਵੇਲ਼ਾ ਰੁੱਕ ਜਾਂਦਾ ਏ
ਜਿਵੇਂ ਸੂਰਜ ਡੁੱਬ ਜਾਂਦਾ ਏ
ਜਿਵੇਂ ਧਰਤੀ ਕੰਬ ਜਾਂਦੀ ਏ
ਜਿਵੇਂ ਹੜ੍ਹ ਚੜ੍ਹ ਆਉਂਦਾ
ਜਿਵੇਂ ਬੇੜੀ ਡੁੱਬ ਜਾਂਦੀ ਏ
ਜਿਵੇਂ ਰਸਤਾ ਭੁੱਲ ਜਾਂਦਾ ਏ
ਜਿਵੇਂ ਹਨੇਰੀ ਚੜ੍ਹ ਆਉਂਦੀ ਏ
ਆਸ ਦਾ ਦੀਵਾ ਬੁੱਝ ਜਾਂਦਾ ਏ
ਦਿਲ ਦੀ ਬਸਤੀ ਰੁਲ਼ ਜਾਂਦੀ ਏ
ਜਿਵੇਂ ਰੱਬ ਰੁੱਸ ਜਾਂਦਾ ਏ
ਸ਼ਾਲਾ ਕਿਸੇ ਦੀ ਮਾਂ ਨਾ ਮੋਏ
ਬੰਦਾ ਜਿਊਂਦਾ ਈ ਮੁੱਕ ਜਾਂਦਾ ਏ।

5. ਕਫ਼ਨ

ਕਫ਼ਨ ਤਿਆਰ ਕਰੋ
ਕਬਰਾਂ ਵੀ ਪੁੱਟੋ ਯਾਰੋ
ਮੇਰੇ ਜਵਾਨਾਂ
ਕਤਲਗਾਹ ਵੱਲ ਜਾਣਾ ਏਂ
ਹੋਰਾਂ ਦੇ ਭਰੋਸੇ ਤੇ
ਆਪਣੀ ਬੇਖ਼ਬਰੀ ਨਾਲ਼
ਹੁਣ ਆਪ ਈ ਅਸੀਂ
ਫਾਹੇ ਚੜ੍ਹ ਜਾਣਾ ਏ

6. ਪਿਸ਼ਾਵਰ ਚਰਚ ਵਿਚ ਬੰਬ ਧਮਾਕੇ ਤੇ ਮੇਰਾ ਸੁਫ਼ਨਾ

ਉਹ ਨਿੱਕਾ ਬਾਲ
ਖ਼ੌਰੇ ਕੌਣ ਸੀ?
ਬੰਬ ਧਮਾਕੇ ਦੇ ਵਿਚ
ਮੋਈ ਮਾਂ ਨਾਲ਼ ਜੁੜਿਆ
ਭੁੱਖ ਨਾਲ਼ ਪਿਆ ਕੁਰਲਾਂਦਾ ਸੀ
ਮੋਈ ਮਾਂ ਦੀਆਂ
ਛਾਤੀਆਂ ਚੁੰਘਦਾ ਜਾਂਦਾ ਸੀ
ਮੈਂ ਇਸ ਨਿੱਕੇ ਬਾਲ ਨੂੰ
ਆਪਣੀਆਂ ਬਾਹਵਾਂ ਖੋਲ੍ਹ ਬੁਲਾਇਆ
ਕੁੱਛੜ ਚੁੱਕ ਕੇ ਸੀਨੇ ਲਾਇਆ
ਕੰਬਦੇ ਹੱਥੀਂ ਗੋਦੀ ਪਾਇਆ
ਆਪਣੇ ਛਲਣੀ ਸੀਨੇ ਉੱਤੇ
ਉਸ ਦੀ ਮਾਂ ਦਾ
ਲਹੂ ਨਾਲ਼ ਭਿੱਜਿਆ ਲਾਲ ਦੁਪੱਟਾ
ਬੁੱਕਲ ਬਣਾਇਆ
ਨਿੱਕਾ ਬਾਲ ਲੁਕਾਇਆ
ਜੀਵਨ ਉਹਦੇ ਮੂੰਹ ਨੂੰ ਲਾਇਆ
ਇਹ ਬਾਲ ਤੇਰਾ ਬਾਲ ਤੇ ਨਹੀਂ ਅੜੀਏ?
ਹਿੰਦੂ, ਸਿਖ, ਮਸੀਹ ਤੇ ਮੁਸਲਿਮ
ਸਭ ਨੇ ਸ਼ੱਕ ਦਾ ਭੇਸ ਵਟਾਇਆ
ਸੀਨਾ ਤਾਣ ਕੇ ਰੌਲਾ ਪਾਇਆ
ਮੇਰ ਤੇਰ ਦੀ ਵੰਡ ਵਿਚ ਵੰਡ ਕੇ
ਇਕ ਅਵੱਲਾ ਪਾੜਾ ਪਾਇਆ
ਲੋਕਾਈ ਦੀ ਧਰਤੀ ਉੱਤੇ
ਜੀਵਨ ਦਾ ਘੁੱਟ ਭਰ ਕੇ
ਏਸ ਨਿਕੜੇ ਬਾਲ ਨੇ
ਘੁੱਪ ਹਨੇਰ ਨਗਰੀ ਅੰਦਰ
ਮੈਨੂੰ ਆਪਣੀ ਮਾਂ ਬਣਾਇਆ
ਝੂਠੇ ਜੱਗ ਨੂੰ
ਸੱਚ ਦਾ ਸੋਹਣਾ ਰੂਪ ਵਿਖਾਇਆ

7. ਬੰਗਲਾਦੇਸ਼

ਮਾਫ਼ ਕਰੀਂ
ਟੁੱਟ ਗਈ ਸਾਡੀ ਕੱਚੀ ਤਾਰ
ਲੰਘੇ ਹਯਾਤੀ ਪੱਬਾਂ ਭਾਰ
ਮੈਂ ਤੇਰੀ ਹਾਣੀ
ਹੋਈ ਪਾਣੀ ਪਾਣੀ
ਖਲੋਤੀ ਵਿਚ ਮੰਝਧਾਰ
ਮਾਫ਼ ਕਰੀਂ
ਤੇਰੀ ਕੰਬਦੀ ਧਰਤੀ
ਡੁੱਬਦੀ ਆਸ ਤੇ ਉੱਗਦੀ ਪੀੜ
ਕੀਤਾ ਦਿਲਗੀਰ
ਬੂਟਾਂ ਵਾਲਿਆਂ ਰਹਿਮ ਨਾ ਆਇਆ
ਲਾਸ਼ਾਂ ਨੂੰ ਨਾ ਕਫ਼ਨ ਪਵਾਇਆ
ਜਿਉਂਦੀਆਂ ਰੂਹਾਂ ਨੂੰ ਦਫ਼ਨਾਇਆ
ਮੇਰੇ ਦਿਲ ਨੇ ਸ਼ੋਰ ਮਚਾਇਆ
ਮਾਫ਼ ਕਰੀਂ
ਹੋ ਸਕੇ ਤੇ ਮਾਫ਼ ਕਰੀਂ

8. ਹੌਕਾ

ਹੌਕਾ ਇਕ ਰੁੱਸੀ ਧੀ ਦਾ
ਕਲਪੇ ਪਿੰਜਰ ਅੰਦਰ
ਜੀਵਨ ਤੋਂ
ਛੁਟਕਾਰਾ ਮੰਗਦਾ
ਕੌੜਾ ਘੁੱਟ ਜ਼ੁਲਮ ਦਾ
ਸੰਘੋਂ ਔਖਾ ਲੰਘਦਾ
ਜੰਮਣ ਤੋਂ ਮਰਨ ਤੀਕ
ਆਪਣੇ ਹੋਵਣ ਨਾ ਹੋਵਣ ਤੇ
ਲੜਦਾ ਮਰਦਾ
ਸਿਰ ਤੋਂ ਪੈਰਾਂ ਤੀਕਰ
ਬੇ-ਬਸ ਭੱਠੀ ਦੇ ਵਿਚ ਸੜਦਾ
ਬਣ ਸੁਆਹ ਸੰਜੋਗ ਦੀ
ਹਰ ਦੁੱਖ ਜਰਦਾ
ਜੋਤ ਪੀੜਾਂ ਦੀ
ਰੁੱਤ ਗ਼ਮਾਂ ਦੀ
ਮੁੱਕਦੀ ਨਾਹੀਂ
ਵੇਲੇ ਦੀ
ਟਕ ਟਕ
ਸਭ ਕੁਝ ਸਹਿੰਦੀ
ਚੱਲਦੀ ਰਹਿੰਦੀ
ਇਕ ਹੌਕੇ ਵਿਚ ਲੱਖਾਂ ਚੀਕਾਂ
ਇਕੋ ਗੱਲ ਸੁਣਾਉਣ
ਜ਼ੋਰਾਵਰ ਦੇ
ਨਿੱਕੇ ਦਿਲ ਨੇਂ
ਵੱਡੇ ਕਬਰਸਤਾਨ
ਕਬਰਾਂ ਅੰਦਰ ਵੈਣ ਕਰਿੰਦੀਆਂ
ਫਸੀਆਂ ਰੂਹਾਂ
ਦੱਬ ਜਾਂਦੀਆਂ ਨੇ
ਮਰਦਿਆਂ ਨਾਹੀਂ

9. ਬੰਦਾ ਪਿਆਰ ਦਾ ਭੁੱਖਾ ਏ

ਬੰਦਾ ਪਿਆਰ ਦਾ ਭੁੱਖਾ ਏ
ਪਿਆਰ ਮਿਲੇ ਤਾਂ
ਤਿਲਕਦਾ ਫਿਰਦਾ
ਨਾ ਮਿਲੇ ਤੇ ਰੁੱਖਾ ਏ
ਆਪੋ ਆਪਣੀ ਪੈ ਗਈ ਸਭ ਨੂੰ
ਦਿਲ ਦਾ ਦਰਿਆ ਸੁੱਕਾ ਏ
ਪਿਆਰ ਆਜ਼ਾਦੀ ਦੇਵੇ ਸਭ ਨੂੰ
ਵਿਛੜਨ ਦਾ ਡਰ ਮੁੱਕਾ ਏ
ਮਨ ਨੂੰ ਮਾਰ ਕੇ ਚਾਨਣ ਹੋਇਆ
ਦੁੱਖ ਦਾ ਖਿਹੜਾ ਛੁੱਟਾ ਏ

10. ਉਠ ਪ੍ਰਦੇਸੋਂ ਦੇਸ ਨੂੰ ਚਲੀਏ

ਉਠ ਪ੍ਰਦੇਸੋਂ
ਦੇਸ ਨੂੰ ਚਲੀਏ
ਓਥੇ ਅੱਜ ਕੱਲ੍ਹ
ਲਾਲ਼ ਹਨੇਰੀ
ਝੁੱਲੀ ਏ ਹਰ ਪਾਸੇ
ਅੱਖਾਂ ਅੰਦਰ
ਰੋੜੇ ਰੜਕਣ
ਕੁੱਝ ਵੀ ਨਜ਼ਰ ਨਾ ਆਵੇ
ਲਹੂ ਬੰਦਿਆਂ ਦਾ ਸਸਤਾ ਹੋਇਆ
ਹਰ ਪਾਸੇ ਵਗਦਾ ਜਾਵੇ
ਪਿਆਰ ਕਰਨ ਤੇ
ਕੋੜੇ ਪੈਂਦੇ
ਸੱਚ ਬੋਲੋ ਤੇ ਸੂਲੀ
ਖ਼ਲਕਤ ਸਾਰੀ
ਖ਼ੌਫ਼ ਦੀ ਮਾਰੀ
ਆਪਣੇ ਆਪ ਨੂੰ ਭੁਲੀ
ਨੇਕੀ ਦੀ ਰਾਹ ਦੱਸਣ ਵਾਲੇ
ਕਿੱਥੇ ਗਏ ਨਿਮਾਣੇ
ਬੋੜ੍ਹ ਦੇ ਥੱਲੇ ਬੈਠਣ ਵਾਲੇ
ਰੁਸੇ ਸਭ ਸਿਆਣੇ
ਧਰਤੀ ਮੇਰੀ
ਤਪਦੀ ਭੱਠੀ
ਜਿਵੇਂ ਥਲਾਂ ਦੀ ਜਾਈ
ਭੁੱਖ ਨੰਗ ਵਿਹੜੇ
ਭੰਗੜਾ ਪਾਵੇ
ਬਾਲਾਂ ਦਾ ਤਨ ਸੁਕਦਾ ਜਾਵੇ
ਪਿਟ ਪਿਟ ਰੋਏ ਮਾਈ
ਸੋਚੀਂ ਪਈ ਆਂ
ਹੁਣ ਮੈਂ ਕਿਹੜੇ ਪਾਸੇ ਜਾਵਾਂ
ਕਿਵੇਂ ਸੁੱਤੀ ਆਸ ਜਗਾਵਾਂ
ਕਿਹਦਾ ਜਾ ਬੂਹਾ ਖੜਕਾਵਾਂ
ਪਾਕਪਤਨ
ਕਸੂਰ ਨੂੰ ਜਾਵਾਂ
ਸ਼ਾਹ ਹੁਸੈਨ ਦੇ ਲਹੌਰ ਨੂੰ ਜਾਵਾਂ
ਯਾ ਫ਼ਿਰ ਜਾ ਕੇ
ਵਾਰਿਸ ਸ਼ਾਹ ਦਾ ਤਰਲਾ ਪਾਵਾਂ
ਨਿੱਘੀਆਂ ਸੋਚਾਂ
ਵਾਲਾ ਸਾਈਂ
ਮੁੜ ਤੋਂ ਸਾਨੂੰ ਹੀਰ ਸੁਣਾਦੇ
ਦਿਲ ਵਿਚ ਇਸ਼ਕ ਦਾ ਭਾਂਬੜ ਲਾ ਦੇ
ਪਿਆਰ ਦਾ ਸਚਾ ਗੀਤ ਸੁਣਾ ਕੇ
ਜੀਣ ਦੀ ਮੁੜ ਤੋਂ ਆਸ ਜਗਾ ਦੇ
ਵੇਖ ਵੇ ਸਾਈਆਂ
ਹੁਣ ਤੇ ਇਥੇ
ਬੇ ਕਸੂਰੇ ਮਰਦੇ ਜਾਂਦੇ
ਹਸਪਤਾਲ ਤੇ ਕਬਰਸਤਾਨ ਵੀ
ਨੱਕੋ ਨੱਕੀ ਭਰਦੇ ਜਾਂਦੇ
ਰੋਗ ਦਿਲਾਂ ਦੇ
ਵਧਦੇ ਜਾਂਦੇ
ਅੱਜ ਵੇਖ ਜ਼ੁਲਮ ਇਨਸਾਨਾਂ ਉੱਤੇ
ਸ਼ਾਮ ਵੇ ਪੈ ਗਈ ਲੋਏ ਲੋਏ
ਮਿੱਠੇ ਲੋਕੀ ਕੌੜੇ ਹੋਏ
ਟੱਕਰਾਂ ਮਾਰਕੇ ਰਾਂਝੇ ਰੋਏ।

11. ਸੱਪਾਂ ਨੂੰ ਮੈਂ ਦੁੱਧ ਪਿਲਾਇਆ ਪਾਣੀ ਦਿੱਤਾ ਅੱਕਾਂ

ਸੱਪਾਂ ਨੂੰ ਮੈਂ ਦੁੱਧ ਪਿਲਾਇਆ ਪਾਣੀ ਦਿੱਤਾ ਅੱਕਾਂ
ਆਪਣੀ ਦੇਖ ਕਮਾਈ ਅੱਜ ਮੈਂ ਕਿਵੇਂ ਅੱਥਰੂ ਡੱਕਾਂ

ਆਪਣੇ ਚੌਕ ਚੁਬਾਰੇ ਬੈਠਕਾਂ ਸੁੰਜੇ ਸੁੰਜੇ ਲੱਗਣ
ਖ਼ੌਰੇ ਕਿਹੜੀ ਡੈਣ ਫਿਰੀ ਏ ਸਾਡੇ ਪਿੰਡਾਂ ਚੱਕਾਂ

ਏਦੋਂ ਵੱਧ ਕੇ ਹੋਰ ਸਜ਼ਾ ਕੀ ਯਾਰੋ ਮੈਨੂੰ ਮਿਲਦੀ
ਉਹੋ ਮੰਜ਼ਰ ਰੋਜ਼ ਮੈਂ ਦੇਖਾਂ ਜਿਹੜਾ ਸੋਚ ਨਾ ਸਕਾਂ

ਜਾਵਣ ਵਾਲਾ ਯਾਰ ਸਿਕੰਦਰ ਹਾਲੇ ਤੀਕ ਨਾ ਆਇਆ
ਰਾਤ ਦਿਹਾੜੀ ਮੈਂ ਤੇ ਐਵੇਂ ਅੱਡੀਆਂ ਚੁੱਕ ਚੁੱਕ ਤੱਕਾਂ

12. ਭੁੱਖ ਤ੍ਰੇਹ ਕੋਈ ਅੱਜ ਦੀ ਨਾਹੀਂ

ਭੁੱਖ ਤ੍ਰੇਹ ਕੋਈ ਅੱਜ ਦੀ ਨਾਹੀਂ
ਇਹ ਉਮਰਾਂ ਨਾਲ਼ ਹੰਢਾਈ
ਬਾਲਾਂ ਭੁੱਖ ਨਾਲ਼ ਰੌਲ਼ਾ ਪਾਇਆ
ਮਾਂ ਦੀ ਜਾਨ ਨੂੰ ਆਈ
ਖ਼ਾਲੀ ਹਾਂਡੀ ਮਿੱਟੀ ਵਾਲੀ
ਪਾਣੀ ਪਾ ਚੜ੍ਹਾਈ
ਦੁੱਖਾਂ ਦੀ ਅੱਗ ਚੁੱਲ੍ਹੇ ਲਾ ਕੇ
ਤੱਤੜੀ ਆਸ ਜਲਾਈ
ਲਾਹ ਹਨੇਰਾ ਝੁੱਲ ਬੁਰੇ ਦਾ
ਸਾਈਂ ਇਹ ਗੱਲ ਸਮਝਾਈ

13. ਗੀਤ-ਨੀ ਸਈਓ ਈਦ ਸਈਦ ਨਾ ਹੋਏ

ਨੀ ਸਈਓ
ਈਦ ਸਈਦ ਨਾ ਹੋਏ
ਜੇ ਪਿਆਰ ਕਿਸੇ ਦਾ ਮੋਏ

ਭਰੀ ਜਵਾਨੀ
ਵੈਣ ਕਰੇਂਦੀ
ਹੌਕੇ ਲੈਂਦੀ
ਹਾਸੇ ਛਮ ਛਮ ਰੋਏ

ਬਿਨ ਸੱਜਣ ਦੇ
ਕੁੱਝ ਨਾ ਸੁਝਦਾ
ਪੀੜ ਕਲੇਜੇ ਹੋਏ
ਹਾਸੇ ਛਮ ਛਮ ਰੋਏ

ਆਉਣ ਲੋਕੀ
ਦੇਣ ਦਿਲਾਸੇ
ਦਿਲੀਂ ਕਰਾਰ ਨਾ ਪੋਏ
ਹਾਸੇ ਛਮ ਛਮ ਰੋਏ

ਇਕਲਾਪੇ ਦੀ
ਪੀੜ ਅਵੱਲੀ
ਰਗ ਰਗ ਲਹੂ ਚੋਏ
ਹਾਸੇ ਛਮ ਛਮ ਰੋਏ

(ਆਕਸਫ਼ੋਰਡ ਇੰਗਲੈਂਡ)