Kafian : Mian Muhammad Bakhsh Nauroz

ਕਾਫ਼ੀਆਂ : ਮੀਆਂ ਮੁਹੰਮਦ ਬਖ਼ਸ਼ ਨੌਰੋਜ਼

1. ਆਈ ਏ ਸਾਵਨ ਰੁੱਤ

ਪਈ ਬਾਦੇ ਸ਼ੁਮਾਲ ਦੀ ਲੁਰਿਕ ਲੁਰਿਕ ।
ਲੰਘ ਆਵਨ ਬਦਲੇ ਸੁਰਕ ਸੁਰਕ ।
ਅੱਖੀਂ ਠਕੀਆਂ ਵਲ ਵਲ ਫੁਰਕ ਫੁਰਕ ।
ਲੱਗੇ ਬਦਲ ਗੱਜਨ ਆਈ ਸਾਵਨ ਰੁਤ ॥
ਇਕ ਵਾਰ ਸੇਹਨ ਤੇ ਥਈ ਚਿਕ ਚਿਕ ।
ਰਲ ਟੁਰਨ ਸਈਆਂ ਸਭ ਢਿਲਕ ਢਿਲਕ ।
ਮਿੱਠੀ ਦਿਲ ਕੌਂ ਸਿਕ ਤੈਂ ਯਾਰ ਦੀ ਛਿਕ ।
ਕਰ ਸਾਂਗ ਮਿਲਨ ਆਈ ਸਾਵਨ ਰੁਤ ॥

2. ਬੇੜੀ ਵਾਲਿਆ ਮੀਰ ਮਲਾਹ

ਪਤਨੋਂ ਜੀਵੇਂ ਪਾਰ ਲੰਘਾ,
ਬੇੜੀ ਵਾਲਿਆ ਮੀਰ ਮਲਾਹ ॥
ਵੰਞਣਾ ਯਾਰ ਦੀ ਝੋਕ ਜ਼ਰੂਰ,
ਲੰਘਣਾ ਸਾਂਕੋ ਪੈਹਲੜੇ ਪੂਰ ।
ਨਾ ਕਰ ਝਗੜਾ ਵੰਜ ਉਠਾ ॥
ਲੰਘ ਪਾਰੋਂ ਦਿਲਦਾਰ ਦੁ ਵੈਸਾਂ,
ਜਿੱਥ ਕਥ ਤੈਂ ਕੌਂ ਯਾਦ ਕਰੈਸਾਂ,
ਅਜਨ ਦੀ ਹੁਨ ਥੀਸੋ ਰਾਲਾ ॥
ਜੀਵੇਂ ਬੇੜੀ ਨਾਲ ਹਮੇਸ਼ਾ,
ਵੈਹਨੇ ਵੈਹਨ ਨਗਾਲੁ ਹਮੇਸ਼ਾ,
ਵੈਹਲਕ ਸਾਕੌਂ ਪਾਰ ਪੌਂਚਾ ॥
ਵੰਞ ਤੇ ਚੱਪੇ ਸੰਭਲ ਤੇ ਚੋਲੀ,
ਸਾਕੌਂ ਅੱਧ ਦਰਯਾ ਨਾ ਰੋਲੀਂ,
ਹੈ ਗਲ ਤੈਂਡੇ ਲਾਜ ਏਹਾ ॥
ਤੂੰ ਸਰਦਾਰ ਪਤਨ ਦਾ ਸਾਈਂ,
ਸਾਕੌਂ ਕੰਧੀ ਪਾਰ ਪੌਂਚਾਈਂ,
ਡੇਸੀ ਤਾਂ ਕੌਂ ਅਜਰ ਖੁਦਾ ॥
ਪਤਨ ਤੇਰੇ ਤੋਂ ਆਸੋਂ ਵੈਸੋਂ,
ਪਏ ਤਿੜ ਤੇ ਵੰਞ ਪੈਰ ਨਾ ਡੇਸੌਂ,
ਡੇਖੀ ਸਾਡਾ ਜੁਹਦ ਵਫ਼ਾ ॥
ਮੀਰ ਮਲਾਹ ਹੈਂ ਚੰਦਲ ਝਨਾਂ ਦਾ,
ਸੂਹਾਂ ਸਾਡੀਆਂ ਘੜੀਆਂ ਡੇਹਾਂ ਦਾ,
ਆ ਵਿਛੜੇ ਕੌਂ ਦੋਸਤ ਮਲਾ ॥
ਜੇ ਨੌ ਰੋਜ਼ ਕੌ ਥੋੜਾ ਲਾਵੈਂ,
ਚੜ੍ਹਦੇ ਸਾਨੂੰ ਪਾਰ ਪੁਚਾਵੈਂ,
ਡੇਖਾ ਦਿਲਬਰ ਨਾਜ਼ ਅਦਾ ॥

3. ਮੰਨ ਸਾਡੀ ਦਿਲਬਰ ਯਾਰ ਸਲਾਹ

ਮੰਨ ਸਾਡੀ ਦਿਲਬਰ ਯਾਰ ਸਲਾਹ,
ਨਾ ਫੇਰ ਮੰਡ ਹੋ ਖਮਖਵਾਰ ਸਲਾਹ ॥
ਧੱਮੀ ਰਾਤ ਤੇ ਸੇਜ ਤਿਆਰ ਹੋਵੇ,
ਹਿੱਕੇ ਢੰਗ ਤੇ ਸੰਗ ਸੰਗਾਰ ਹੋਵੇ,
ਬਯਾ ਲਟ ਪਟ ਬੋਸ ਕਨਾਰ ਹੋਵੇ,
ਮਨਜ਼ੂਰ ਕਰੋ ਇਕ ਵਾਰ ਸਲਾਹ ॥
ਲਿਖਿਆ ਹੋਸੀ ਕਿਸਮਤ ਮਾੜੀ ਕੋਂ,
ਚਸੀ ਵਾੜਾ ਸੌਲਾਂ ਸਾੜੀ ਕੋਂ,
ਹੈ ਜੀਵਨ ਗੇੜ ਉਜਾੜੀ ਕੌਂ,
ਯਾ ਤਾ ਮਾਰਨ ਹੈ ਤਲਵਾਰ ਸਲਾਹ ॥
ਨੌ ਰੋਜ਼ ਜੇ ਕਿਸਮਤ ਫੇਰ ਫਿਰੀ,
ਹੁਨ ਸਾਂਵਲ ਸਾਡੇ ਨਿਰੀ ਪਰੀ ।
ਏਹੋ ਵਾ ਰਾਜੇ ਨਾ ਫੇਰ ਫਿਰੀ,
ਕਰੇ ਅਸਲੋਂ ਪੀਤ ਪਿਆਰ ਸਲਾਹ ॥

4. ਠਮ ਠਮ ਕਰ ਆਏ ਮਾਹ ਬਦਰ

ਠਮ ਠਮ ਕਰ ਆਏ ਮਾਹ ਬਦਰ,
ਜ਼ਰਾ ਖ਼ੂਬ ਨਿਗਰ ਦਰ ਹਰ ਲਹਰ ॥
ਕਿਆ ਜ਼ੁਲਫ਼ ਦੇ ਪੇਚ ਅਵੱਲੜੇ ਨੀ,
ਕਿਆ ਵਲ ਵਲ ਛਲ ਛਲ ਛੱਲੜੇ ਨੀ ।
ਹਰ ਵੇਲੜੇ ਜਾਦੂ ਭਲੜੇ ਨੀ,
ਹੱਥ ਲਾਵੇਂ ਡੇਖਾ ਫ਼ਿਕਰ ਕਰ ਕਰ ॥
ਮੱਥੇ ਮਾਂਗ ਸੰਧੂਰੀ ਲਾਲੜੇ ਨੀ,
ਕੰਨੀ ਪੁਰ ਪੁਰ ਚਿਨੇ ਵਾਲੜੇ ਨੀ ।
ਕਿਆ ਸਬਜ਼ੇ ਅਬਰੂ ਵਾਲੜੇ ਨੀ,
ਵਾਹ ਨਕਸ਼ ਮੋਹਨ ਦਿਲਕਸ਼ ਦਿਲਬਰ ॥
ਦੋ ਨੈਨ ਮਿੱਠੇ ਮਦੁਵੇ ਮਸ਼ਰਬ,
ਮਿਯਗਾਂ ਤਿੱਖੇ ਜਿਵੇਂ ਨੇਸ਼ ਅਕਰਬ ।
ਤਰ ਤਰ ਨਿਗਾਹਾਂ ਖੂਨ ਤਲਬ,
ਤਫੈਨ ਲੜਨ ਹੱਥ ਕਰ ਖੰਜਰ ॥
ਰੁਖਸਾਰ ਉਤੋਂ ਗੁਲਜ਼ਾਰ ਸਦਕ,
ਗੁਲਕਾਰ ਹਜ਼ਾਰ ਬਹਾਰ ਸਦਕ ।
ਯਲਗਾਰ ਤੇ ਮੁਸ਼ਕ ਅੰਬਾਰ ਸਦਕ,
ਹਮ ਖਾਲੇ ਸਿਯਾਹ ਖਾਦਮ ਬਰਦਰ ॥
ਨੱਕ ਨੱਥ ਵੇਖੋ ਬੋਲਾ ਬੈਨਸਰ,
ਬੰਦ ਬੰਦ ਥੀਏ ਜ਼ਿਚ ਹਰ ਗੌਹਰ ।
ਅਸ਼ਵੇ ਗ਼ਮਜ਼ੇ ਭਰ ਜ਼ੋਰ ਕਹਰ,
ਵਾਹ ਮਰਕ ਮੁਸਕ ਲਬ ਸ਼ੀਰ ਸ਼ਕਰ ॥
ਬਾਂਹ ਲੋਡ ਡੇਖੋ ਧਝ ਟੋਰ ਡੇਖੋ,
ਵਾਹ ਪਤਲੀ ਕਮਰ ਬਾ ਜ਼ੋਰ ਡੇਖੋ ।
ਲਸਕਰ ਸੰਗਾਰ ਦਾ ਹੋਰ ਡੇਖੋ,
ਕਮ ਕਮ ਕਰ ਘਨ ਘਨ ਨੇਵਰ ॥
ਚਲ ਗੈਰ ਕਨੋਂ ਕਰ ਸਾਫ਼ ਅੱਖਨ,
ਨੌ ਰੋਜ਼ ਕਰੈ ਨਿਤ ਨੌ ਦਰਸਨ ।
ਹੈ ਮੈਹਜ਼ ਜਦੀਦ ਨਾ ਸ਼ੇਅਰ ਕੁਹੱਨ,
ਏਹਾ ਘਾਥ ਡਸੀ ਵਾਹ ਵਾਹ ਰਾਬਰ ॥

ਦੋਹੜੇ ਮੀਆਂ ਮੁਹੰਮਦ ਬਖ਼ਸ਼ ਨੌਰੋਜ਼

1. ਸੱਸੀ ਜਾਂਦੀ ਚੰਦਰ ਜੇਹੀ, ਪਰ ਇਸ਼ਕ ਪਵਾਏ ਖੱਟੇ

ਸੱਸੀ ਜਾਂਦੀ ਚੰਦਰ ਜੇਹੀ, ਪਰ ਇਸ਼ਕ ਪਵਾਏ ਖੱਟੇ ।
ਵੱਟੇ ਜਿਸਨੂੰ ਮੂਲ ਨਾ ਲੱਗਨ ਮਾਸਾ ਰੱਤੀ ਨਾ ਘੱਟੇ ।
ਪੱਟੇ ਵਾਲੇ ਤੇ ਫੁਲਵਾਲੇ ਪਾਵੇ ਸੋਜ਼ ਦੇ ਵੱਟੇ ।
ਪਏ ਨਾ ਨੌ ਰੋਜ਼ ਸੱਸੀ ਤੋੜੇ ਸਿਰ ਪੌਨ ਲਖ ਵੱਟੇ ।

2. ਇਕ ਲੋਕਾਂ ਦੇ ਤਾਅਨੜੇ, ਬੇਈਆਂ ਬਿਰਹੋਂ ਦੇ ਭਾਂਈ ਬੱਲੀਆਂ

ਇਕ ਲੋਕਾਂ ਦੇ ਤਾਅਨੜੇ, ਬੇਈਆਂ ਬਿਰਹੋਂ ਦੇ ਭਾਂਈ ਬੱਲੀਆਂ ।
ਸੜ ਗਿਆ ਬਦਨ ਸੜੇਂਦਾ ਸੈ ਸੈ ਸੇਕ ਹਵਾੜਾਂ ਝੱਲੀਆਂ ।
ਯਾਰ ਨਾ ਆਨ ਸੁਹਾਯਾ ਅਸਲੋਂ, ਸ਼ੈਹਰ ਸਾਡੇ ਦੀਆਂ ਗਲੀਆਂ ।
ਵੈਂਦੇ ਮਿਨਤ ਕਰੇਂਦੇ ਥਕ ਗਈਆਂ, ਰੋਜ਼ ਪੈਰਾਂ ਦੀਆਂ ਤਲੀਆਂ ।
ਨੌ ਰੋਜ਼ ਆਨ ਸੁਹਾਵੇ ਹਾ ਹਿਕ ਵਾਰ ਜਵਾਨੀਆਂ ਢਲੀਆਂ ।

3. ਸੂਲ ਪਏ ਸਿਰ ਪੁਰ ਮੈਂਢੇ, ਬੁਧ ਇਸ਼ਕ ਚਵਾਈਆਂ ਪੰਡਾਂ

ਸੂਲ ਪਏ ਸਿਰ ਪੁਰ ਮੈਂਢੇ, ਬੁਧ ਇਸ਼ਕ ਚਵਾਈਆਂ ਪੰਡਾਂ ।
ਪੈਰੀ ਖਾਰ ਰੇ ਬਾਰ ਬਿਰਹੋਂ ਖਵਾਣੀ-ਹਥ ਲਵਾਈਆਂ ਕੰਡਾਂ ।
ਤੁੰਦ ਫਰਾਕ ਨ ਪਾਵਨ ਡੇਵੇ ਸੌ ਸੌ ਗੰਡ ਪਲੰਡਾਂ ।
ਨੇਂਹੁ ਨੌ ਰੌਜ਼ ਮਹਾਂਗਾ ਤੋੜੇ ਤ੍ਰੁਟੇ ਤਾਂਵਲ ਗੰਡਾਂ ।

4. ਥੇਈ ਬੇਅਮਲੀ ਕਮਲੀ ਹਿੱਕੋ ਤੌਕ ਮਹੱਬਤ ਪਾਵਾਂ

ਥੇਈ ਬੇਅਮਲੀ ਕਮਲੀ ਹਿੱਕੋ ਤੌਕ ਮਹੱਬਤ ਪਾਵਾਂ ।
ਨੌ ਰੋਜ਼ ਹੱਥ ਸੋਹਣਿਆਂ ਦੇ ਵੰਞ ਬਾਝ ਖਰੀਦ ਵਕਾਵਾਂ ।

5. ਕਿਸਮਤ ਸਾਂਗ ਬਨਾਏ ਆਵਲ ਨੈਨ ਨੈਨਾਂ ਦੋ ਵੇਖਨ

ਕਿਸਮਤ ਸਾਂਗ ਬਨਾਏ ਆਵਲ ਨੈਨ ਨੈਨਾਂ ਦੋ ਵੇਖਨ ।
ਮੂੰਝ ਕੁਣੋਂ ਤਨ ਤ੍ਰੁਟਨ ਦੀਦਾਂ ਰਾਹ ਸਜਨਾ ਦਾ ਵੇਖਨ ।
ਤਾਂਘ ਸਤਾਈਆਂ ਦਿਲੀਂ ਅਸਾਡੀਆਂ ਨਿਤ ਪਤਨਾਂ ਦੋ ਵੇਖਨ ॥

ਡੇਹੁੜੇ/ਡਿਉਢਾਂ ਮੀਆਂ ਮੁਹੰਮਦ ਬਖ਼ਸ਼ ਨੌਰੋਜ਼

1. ਸੂਲੀ ਚੜ੍ਹਨ ਤੋਂ ਅੜਨ ਕਨੇਵੇਂ

ਸੂਲੀ ਚੜ੍ਹਨ ਤੋਂ ਅੜਨ ਕਨੇਵੇਂ, ਜਿਥੇ ਸਾਂਗ ਦਿਲਾਂ ਦੇ ਅੜਦੇ, ਦੂਰ ਨਾ ਖੜਦੇ ।
ਝਲ ਝਲ ਚੋਟਾਂ ਚਾਟਾਂ ਮੂੰਹ ਤੇ ਜ਼ੋਰੀ ਜ਼ੋਰ ਛੜਦੇ, ਦੂਰ ਨਾ ਖੜਦੇ ।
ਹਿਕ ਵਜ਼ ਕੀ ਮਾਹਬੂਬਾਂ ਦੇ ਬੇਯਾ ਦੁਖ-ਦੁਖ ਝੜ ਝੋਲੀ ਵੜਦੇ, ਦੂਰ ਨਾ ਖੜਦੇ ।
ਸਿਕ ਸਾਂਵਲ ਦੀ ਸਾੜੇ ਨਿਤ ਦਿਲ ਡਝਦੇ ਸੀਨੇ ਸੜਦੇ, ਦੂਰ ਨਾ ਖੜਦੇ ॥

2. ਸਿਕ ਸੁਨਾਯਾ ਉੱਭ ਟੁਰ ਟੁਰ ਸਾਂਗ ਪਿਉਸੇ ਲੰਮੇ

ਸਿਕ ਸੁਨਾਯਾ ਉੱਭ ਟੁਰ ਟੁਰ ਸਾਂਗ ਪਿਉਸੇ ਲੰਮੇ, ਡੇਖੋ ਸਮੇਂ ।
ਦਿਲ ਕੌਂ ਦੋਸਤ ਨ ਘਨ ਦੇ ਤੋੜੇ ਡੇਵਾ ਬਾਝ ਦਰੰਮੇ, ਡੇਖੋ ਸਮੇਂ ।
ਕਥ ਛੋੜੇ ਸੰਗ ਸੰਗੀਆਂ ਦੇ ਕਥ ਛੋੜੇ ਜਾਏ ਜੱਮੇ, ਡੇਖੋ ਸਮੇਂ ।
ਏ ਰੌਲੇ ਗਲ ਪਾਵੇ ਮੋਠੜੇ ਗੋਲ ਕਵਾਰੀ ਕਨੇ, ਡੇਖੋ ਸਮੇਂ ॥

3. ਮਾਹੀ ਮਿੱਠੜਾ ਕੋਲ ਹੋਵੇ

ਮਾਹੀ ਮਿੱਠੜਾ ਕੋਲ ਹੋਵੇ, ਤਾਂ ਮੈਂ ਦੌੜੇ ਵੇਸ ਕਰੇਸਾਂ, ਕਰ ਡਖਲੇਸਾਂ ।
ਮੈਲੇ ਵੇਸ ਲਹੇਸਾਂ ਦਹੂਸਰ ਜਣੇ ਪੁਛਸਨ ਬੈਸਾਂ, ਕਰ ਡਖਲੇਸਾਂ ।
ਦਿਲਬਰ ਕੌਨ ਵਿੱਚ ਗੌਸ਼ ਦਿਲਦੇ ਜਾਈਂ ਹੂਰ ਬਲਹੇਸਾਂ, ਕਰ ਡਖਲੇਸਾਂ ।
ਦੁਸ਼ਮਨ ਦੂਤੀਆਂ ਸਾਰੀਆਂ ਕੋਂ ਹਿਕ ਨੌਂਹ ਨ ਡੇਖਨ ਡੇਸਾਂ, ਕਰ ਡਖਲੇਸਾਂ ।
ਨੌ ਰੋਜ਼ ਏਹੋ ਦਰਦ ਦਰਦਾ ਮੈਂ ਮਿਠੜੀਆਂ ਸਿਰ ਚਲੇਸਾਂ, ਕਰ ਡਖਲੇਸਾਂ ।

ਗ਼ਜ਼ਲ ਮੀਆਂ ਮੁਹੰਮਦ ਬਖ਼ਸ਼ ਨੌਰੋਜ਼

1. ਰੁਤ ਆਈ ਰੁਖਸਾਰ ਚਮਨ ਤੇ ਗੁਲ ਫੁਲ ਖਿਲੇ ਤਾਜ਼ੇ

ਰੁਤ ਆਈ ਰੁਖਸਾਰ ਚਮਨ ਤੇ ਗੁਲ ਫੁਲ ਖਿਲੇ ਤਾਜ਼ੇ ।
ਗੁੰਚਾ ਤੰਗ ਤੇ ਰੰਗ ਗੁਲਾਬੀ ਗਇਆ ਨਰਗਸ ਬਾ ਨਾਜ਼ੇ ।
ਬੁਲ ਬੁਲ ਥਈ ਖੁਸ਼ਹਾਲ ਸੁਨਾਏ ਐਨ ਵਸਾਲ ਆਵਾਜ਼ੇ ।
ਦਾਇਮ ਦਰਦ ਮੰਦਾ ਕੌਂ ਆਂਵੇ ਨਾਜ਼ ਦੇ ਨਾਲ ਨਿਯਾਜ਼ੇ ।
ਨੌਬਤ ਇਸ਼ਕ ਹਰ ਇਜ਼ਹਾਰੋ ਨਿਡ ਨਿਡ ਨੌ ਆਗਾਜ਼ੇ ।
ਨੌ ਰੋਜ਼ਾ ਐ ਇਸ਼ਕ ਕਦੀਮੀ ਦਰ ਦਰਸਾਂ ਦਮ ਬਾਜ਼ੇ ॥

('ਕੋਇਲ ਕੂ-ਬਾਵਾ ਬੁੱਧ ਸਿੰਘ' ਵਿੱਚੋਂ’)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ