Punjabi Poetry : Mian Bakhsh

ਪੰਜਾਬੀ ਕਵਿਤਾਵਾਂ : ਮੀਆਂ ਬਖ਼ਸ਼

ਕਾਫ਼ੀਆਂ ਮੀਆਂ ਬਖ਼ਸ਼

1. ਆਈ ਰੁਤ ਸਾਵਨ ਮਨ ਪਿਆਰੀ

ਆਈ ਰੁਤ ਸਾਵਨ ਮਨ ਪਿਆਰੀ ॥
ਅਬਰ ਘਟਾ ਘਟ ਗਜ ਗਜਕਾਰੇ ।
ਪਲ ਪਲ ਬਿਜਲੀ ਦੇ ਚਮਕਾਰੇ ।
ਬਰਸਨ ਮੋਤੀ ਬੂੰਦ ਫਵਾਰੇ ।
ਕਰ ਬਾਦਲ ਹਫਤਾਰੀ ।
ਆਈ ਰੁਤ ਸਾਵਨ ਮਨ ਪਿਆਰੀ ॥
ਮਿਠੜੀ ਪੌਂਨ ਮੇਰੇ ਮਨ ਭਾਵੇ ।
ਕੋਇਲ ਮਸਤ ਅਵਾਜ਼ ਸੁਨਾਵੇ ।
ਕੈਸੇ ਗੀਤ ਪਪੀਹਾ ਗਾਵੇ ।
ਰਿਮ ਝਿਮ ਮੇਘ ਮਲਹਾਰੇ ।
ਮਨ ਭਾਂਵਤ ਰੁਤ ਸਾਵਨ ਆਈ ।
ਕੁਲ ਸ਼ੈ ਤਰਹ ਸੰਗਾਰ ਬਨਾਈ ।
ਹੋਈ ਖੁਸ਼ਹਾਲ ਰੰਜ ਨਾ ਕਾਈ ।
ਪਾ ਫਰਹਤ ਯਕ ਬਾਰੀ ।
ਆਈ ਰੁਤ ਸਾਵਨ ਮਨ ਪਿਆਰੀ ॥
ਅਜ ਕਲ ਡੇਖ ਰੁਤੀ ਰੰਗ ਭਰੀਆਂ ।
ਹਨ ਗੁਲਸ਼ਨ ਮੈ ਸਬਜ਼ੀਆਂ ਤਰੀਆਂ ।
ਜੰਗਲ ਝਾੜਾਂ ਹੋਈਆ ਹਰੀਆਂ ।
ਹਰ ਕਸ ਖੂਬ ਸੰਗਾਰੇ ।
ਬਖਸ਼ ਆਇਆ ਸਾਵਨ ਘਰ ਘਰ ।
ਖੂਬ ਸੁਹਾਵਨ ਖੁਸ਼ੀਆਂ ਕਰ ਕਰ ।
ਕਾਦਰ ਪੀਰ ਪਿਆਰੇ ਕੇ ਦਰ ਪਰ ।
ਕਰ ਸਿਜਦਾ ਲਖ ਵਾਰੀ ।
ਆਈ ਰੁਤ ਸਾਵਨ ਮਨ ਪਿਆਰੀ ॥

2. ਜੋਗੀ ਡੇਖ ਕਿਵੇਂ ਉਠ ਆਂਦਾ ਸੱਈਆਂ

ਟੇਕ:-ਜੋਗੀ ਡੇਖ ਕਿਵੇਂ ਉਠ ਆਂਦਾ ਸੱਈਆਂ ।
ਮਿਠੜੇ ਮਿਠੜੇ ਬੈਨ ਵਜਾਵੇ ਠੁਮਕ ਠੁਮਕ ਠੁਮਕਾਂਦਾ ਸੱਈਆਂ ।
ਇਸ ਜੋਗੀ ਦੇ ਨਾਜ਼ ਅਵਲੜੇ ਮੁਸਕ ਮੁਸਕ ਮੁਸਕਾਂਦਾ ਸੱਈਆਂ ।
ਮਦਵੇ ਸਦਵੇ ਨੈਨ ਬਨਾਕੇ ਜ਼ੋਰੀ ਜ਼ੋਰੀਂ ਮਨ ਭਾਂਦਾ ਸੱਈਆਂ ।
ਜੋਗੀ ਮੈਂ ਘਰ ਮੂਲ ਨਾ ਆਂਦਾ ਜੇ ਨਾਗ ਬਿਰਹੋਂ ਖਾਂਦਾ ਸੱਈਆਂ ।
ਇਸ ਜੋਗੀ ਦੀ ਦਰਦ ਰੰਞਾਨੀ ਗਲ ਗਿਆ ਮਾਸ ਹੱਡਾਂ ਦਾ ਸੱਈਆਂ ।
ਆ ਜੋਗੀ ਸ਼ਾਲਾ ਹਰਦਮ ਆਂਵੇ ਬਾਝ ਤੇਰੇ ਜਿਉੜਾ ਮਾਂਦਾ ਸੱਈਆਂ ।
ਹੁਨ ਜੋਗੀ ਕੋ ਮੈਂ ਸੰਞਾਤਾ ਰਾਂਝਨ ਚਾਕ ਡਾ ਗਾਂਦਾ ਸੱਈਆਂ ।
ਇਸ ਜੋਗੀ ਕੋ ਮੈਂ ਰਜ ਰਜ ਲੱਸਾਂ ਵਿਛੜੀਆਂ ਗੇਈਆਂ ਡੇਹਾਂਦਾ ਸੱਈਆਂ ।
ਘੋਲਾਂ ਜੋਗੀ ਯਾਰ ਦੇ ਨਾਮ ਤੋਂ ਰੰਗਪੁਰ ਸ਼ੈਹਰ ਖੇੜਿਆਂ ਦਾ ਸੱਈਆਂ ।
ਯਾਰ ਮੇਰੇ ਸਿਰ ਆਨ ਲਹਾਇਆ ਬਖਸ਼ ਏਹ ਬਾਰ ਗ਼ਮਾਂ ਦਾ ਸੱਈਆਂ ॥

3. ਅਸੀਂ ਰੰਜੀਆਂ ਨੂੰ ਮਸਰੂਰ ਕਰੋ

ਅਸੀਂ ਰੰਜੀਆਂ ਨੂੰ ਮਸਰੂਰ ਕਰੋ ।
ਦਰ ਆਇਆ ਨਾ ਦੂਰ ਕਰੋ ।
ਕਰ ਗੌਰ ਤੇ ਚਾ ਮਨਜੂਰ ਕਰੋ ।
ਅਸਾਂ ਭਾਂਦਿਆਂ ਖ਼ਾਹ ਨ ਭਾਂਦਿਆਂ ਕੋ
ਲਗੀ ਪੀਤ ਪ੍ਰੀਤ ਮਜ਼ੀਦ ਕਰੋ ।
ਨਾ ਆਪ ਕੌਂ ਸਾਫ਼ ਬਈਦ ਕਰੋ ।
ਤੁਸਾਂ ਬੇਸ਼ਕ ਯਾਰ ਖਰੀਦ ਕਰੋ ।
ਅਸਾਂ ਬਾਂਦੀਆਂ ਮੁਫ਼ਤ ਵਕਾਂਦੀਆਂ ਕੋ
ਕਰ ਮੇਹਰ ਪਿਆ ਦਿਲਯਾਦ ਕਰੋ,
ਏਹ ਉਜੜੇ ਥਾਨ ਅਬਾਦ ਕਰੋ ।
ਬੇਚਾਰਿਆਂ ਤੇ ਅਮਦਾਦ ਕਰੋ ।
ਹੋਈ ਮੁਦਤ ਬੌਹ ਕੁਰਲਾਂਦਿਆਂ ਕੋ,
ਕਡੀ ਬਖ਼ਸ਼ ਅਸਾਂ ਵਲ ਭਾਲ ਕਰੋ,
ਆ ਨਾਲ ਵਿਸਾਲ ਨਿਹਾਲ ਕਰੋ ।
ਜ਼ਰਾ ਭਾਲ ਬਹੌਂ ਖੁਸ਼ਹਾਲ ਕਰੋ,
ਅਸੀਂ ਫਟੀਆਂ ਦਰਦਾਂ ਦੀਆਂ ਕੌਂ ॥

4. ਲਾਈ ਅਲਫ਼ ਅਗਨ ਮੋਰੇ ਤਨ ਮਨ

ਲਾਈ ਅਲਫ਼ ਅਗਨ ਮੋਰੇ ਤਨ ਮਨ ।
ਭੁਲ ਗਈ ਅਨ ਗਨ, ਇਨ ਬਿਨ ਉਨ ਬੁਨ ॥
ਪਿਰਮ ਕੀ ਮੁਰਲੀ ਕਾਨ ਬਜਾਵੇ ।
ਗੂਨਾ ਗੂਨ ਅਵਾਜ਼ ਸੁਨਾਵੇ ।
ਹਰ ਹਰ ਪਾਸਿਓਂ ਧੂਮ ਮਚਾਵੇ ।
ਹੈ ਅਨਹਦ ਕੀ ਧੁਨ ਧੁਨ ਘੁਨ ਘੁਨ ॥
ਸੀਨੇ ਅੰਦਰ ਕੁਮ ਕੁਮ ਦੇਖੋ,
ਯੇਹ ਤਮਾਸ਼ਾ ਘੁਮ ਘੁਮ ਵੇਖੋ ।
ਲੂੰ ਲੂੰ ਰਗ ਰਗ ਤੁਮ ਤੁਮ ਦੇਖੋ ।
ਹੈ ਘੁੰਗਰੂ ਕੀ ਛਮ ਛਮ ਛਨ ਛਨ ॥
ਹੋਨ ਤੰਬੂਰ ਮਿਸਲ ਤਨ ਸਾਰੇ ।
ਕਿਆ ਬਮ ਜ਼ਬਰ ਖੁਲੀ ਹਰ ਤਾਰੇ ।
ਹਰ ਰਗ ਅਪਨਾ ਰਾਗ ਪੁਕਾਰੇ ।
ਅੱਖੀਆਂ ਖੋਲ ਡੇਂਖੋ ਕਲ ਘਣ ਘਣ ॥
ਵਾਹਦਤ ਕਾ ਵੰਜਾਰਾ ਹੂੰ ਮੈਂ ।
ਹਰ ਰੰਗ ਢੰਗ ਮੈਂ ਸਾਰਾ ਹੂੰ ਮੈਂ ।
ਕਿਆ ਰੌਸ਼ਨ ਰੁਖਸਾਰਾ ਹੂੰ ਮੈਂ ।
ਰੰਗ ਰੂਪ ਦੇਖੋ ਜੋਬਨ ਧਨ ॥
ਜਬ ਸੇ ਅਲਫ਼ ਪੜ੍ਹਾਯਾ ਰਾਹ ਬਰ ।
ਕਰਕੇ ਨਜ਼ਰ ਮੁਨੱਵਰ ਅਨਵਰ ।
ਖੁਲੇ ਰਾਜ਼ ਰਮੂਜ਼ ਦੇ ਦਫ਼ਤਰ ।
ਦੇਖੀ ਸ਼ਕਲ ਖੂਬ ਜੜ ਬਨ ਤਨ ॥
ਦੇਖੋ ਅਲਫ਼ ਆਇਆ ਰੰਗ ਭਰਿਆ ।
ਅਗੇ ਕਦਮ ਮੇਰੇ ਘਰ ਧਰਯਾ ।
ਸਾਰਾ ਬਾਗ਼ ਬਦਨ ਕਾ ਹਰਯਾ ।
ਵਾਹ ਵਾ ਠਾਠ ਉਜੜ ਜੜ ਬਨ ਬਨ ॥
ਬਖਸ਼ ਯੇ ਜੋਤ ਜਗੀ ਜਬ ਅੰਦਰ ।
ਜਾਊਂ ਕਿਆ ਫਿਰ ਮਸਜਦ ਮੰਦਰ ।
ਦੇਖੇ ਕਾਦਰ ਪੀਰ ਕਲੰਦਰ,
ਪਾਊਂ ਸੁਖ ਤਨ, ਚੈਨ ਅਮਨ ਮਨ ॥

ਦੋਹੜੇ ਮੀਆਂ ਬਖ਼ਸ਼

1. ਭੱਠ ਭਾਗ ਰਾਜ ਬਾਬਲ ਦਾ ਭਾਨੇ ਚਾਕਦੇ ਰੈਸਾਂ

ਭੱਠ ਭਾਗ ਰਾਜ ਬਾਬਲ ਦਾ ਭਾਨੇ ਚਾਕਦੇ ਰੈਸਾਂ ।
ਝੋਕ ਰਾਂਝਣ ਦੀ ਚੂਕ ਲਗੀ ਤਨ ਚੀਰ ਕੇ ਚਾਕ ਕਰੈਸਾਂ ।
ਲਿਟਾ ਬਿਰਾਗਨ ਥੀਆਂ ਅੰਗ ਅੰਗ ਖ਼ਾਕ ਰਲੇਸਾਂ ।
ਬਖਸ਼ ਪਿਆਰੇ ਚਾਕ ਬਾਝੋਂ ਉਠ ਪਈ ਗ਼ਮਨਾਕ ਜਲੇਸਾਂ ॥

2. ਚੜ੍ਹਦੇ ਸਾਂਵਨ ਮੀਂਹ ਬਰਸਾਵਨ ਕੋਇਲ ਬੋਲੇ ਰਾਤੀਂ

ਚੜ੍ਹਦੇ ਸਾਂਵਨ ਮੀਂਹ ਬਰਸਾਵਨ ਕੋਇਲ ਬੋਲੇ ਰਾਤੀਂ ।
ਅਗਨ ਪਪੀਹੇ ਚਿਲਕਨ ਚੇਹੇ ਗੂਨਾ ਗੂਨ ਦੀਆਂ ਬਾਤੀ ।
ਝਲਕ ਲਿਸ਼ਕ ਲਿਸ਼ਕਕਾਰ ਬਦਲ ਗਜ ਝਿਮਝਿਮ ਮੀਂਹ ਬ੍ਰਸਾਤੀਂ ।
ਬਖਸ਼ ਭੌਂ ਮਸਰੂਰ ਥੀਵਾਂ ਏ ਡੇਖ ਲੈ ਨੂਰ ਸਫ਼ਾਤੀਂ ॥

3. ਹਾਲ ਬੇਹਾਲ ਕੰਗਾਲ ਫਿਰਾਂ ਗਿਆ ਫਟ ਝਨਾਂ ਦਾ ਜਟ ਸਾਨੂੰ

ਹਾਲ ਬੇਹਾਲ ਕੰਗਾਲ ਫਿਰਾਂ ਗਿਆ ਫਟ ਝਨਾਂ ਦਾ ਜਟ ਸਾਨੂੰ ।
ਲੱਗਾ ਫੱਟ ਅਲੱਟ ਕੁਲੱਟ ਕਰਾਂ ਗਿਆ ਝਟ ਵਿੱਚ ਫਟ ਕੇ ਸਟ ਸਾਨੂੰ ।
ਏਨ ਫਟ ਕੌਂ ਝਟ ਕੀਤਾ, ਅੱਚਾ ਚੇਤ ਲੱਗੀ ਸਿਰ ਸੱਟ ਸਾਨੂੰ ।
ਬਖਸ਼ ਸੱਈਆਂ ਸਿਰ ਚਾਵਨ ਮੱਟੀਆਂ ਇਸ਼ਕ ਚਵਾਏ ਮੱਟ ਸਾਨੂੰ ॥

4. ਦਰਦ ਸਿਆਲੇ ਪਾਇਮ ਆਪੇ ਫੇਰ ਕੈਂਦੇ ਗਲ ਘੱਤਾਂ

ਦਰਦ ਸਿਆਲੇ ਪਾਇਮ ਆਪੇ ਫੇਰ ਕੈਂਦੇ ਗਲ ਘੱਤਾਂ ।
ਸਵਲੜੇ ਦਰਦ ਰੰਞਾਨੀ ਕੌਂ ਖੜੇ ਮਾਰਨ ਪਲ ਪਲ ਲੱਤਾਂ ।
ਨੈਨ ਨ ਰੈਂਹਦੇ ਤ੍ਰਿਮਨੋ ਬੈਠਾਂ ਵੈਨ ਕਰਾਂ ਕੇ ਕੱਤਾਂ ।
ਇਸ਼ਕ ਵੰਞਾਈਆਂ ਮੱਤਾਂ ਕੁਝ ਹੁਨ ਬਖਸ਼ ਨਾ ਲਕਸਾਂ ਮੱਤਾਂ ॥

5. ਜ਼ਰਨਾਰ ਕੁਫ਼ਰ ਗਲ ਪਾਕੇ ਤਾਰਕ ਹੋਏ ਈਮਾਨੋ

ਜ਼ਰਨਾਰ ਕੁਫ਼ਰ ਗਲ ਪਾਕੇ ਤਾਰਕ ਹੋਏ ਈਮਾਨੋ ।
ਤਸਬੀ ਤੋੜ ਵੜੇ ਤਿੰਞਨਾ ਨੇ ਗੁਜ਼ਰੇ ਬੇਦ ਗਿਆਨੋ ।
ਕੁਫ਼ਰ ਇਸਲਾਮ ਦੀ ਜਾ ਨਹੀਂ ਜੇਹੜ ਟਪ ਖੜੇ ਇਮਕਾਨੋ ।
ਬਖਸ਼ ਈਮਾਨ ਕੌ ਖਬਰ ਨਾ ਕਾਈ ਇਸ਼ਕ ਆਇਆ ਹੋਰ ਮਕਾਨੋ ॥

6. ਸੋਹਣੇ ਮੁਖ ਮਾਹਤਾਬ ਉਤੋਂ ਘੁੰਡ ਖੋਲ੍ਹ ਤਾਂ ਜਾਨ ਕੁਰਬਾਨ ਕਰਾਂ

ਸੋਹਣੇ ਮੁਖ ਮਾਹਤਾਬ ਉਤੋਂ ਘੁੰਡ ਖੋਲ੍ਹ ਤਾਂ ਜਾਨ ਕੁਰਬਾਨ ਕਰਾਂ ।
ਮੈਂਡੇ ਇਜਜ਼ ਨਿਆਜ਼ ਤੇ ਅਰਜ਼ ਭਵਨ ਢੋਲ ਤਾਂ ਜਾਨ ਕੁਰਬਾਨ ਕਰਾਂ ।
ਮੈਂਡੇ ਹਾਲ ਬੇਹਾਲ ਤੇ ਮੇਹਰ ਸੇਤੀ ਮੂੰਹੋਂ ਬੋਲ ਤਾਂ ਜਾਨ ਕੁਰਬਾਨ ਕਰਾਂ ।
ਮੈਂਡੇ ਬਖਸ਼ ਦੇ ਸਾਮ੍ਹਨੇ ਢੋਲਕ ਢੋਲਕ ਕਰ ਜੋਲ ਤਾਂ ਜਾਨ ਕੁਰਬਾਨ ਕਰਾਂ ॥

7. ਆਪੋ ਆਪ ਸਹੀ ਕਰ ਜਾਨੋ ਤੁਮ ਗੰਗਾ ਤੁਮ ਬੈਤ ਅਲਾਹ

ਆਪੋ ਆਪ ਸਹੀ ਕਰ ਜਾਨੋ ਤੁਮ ਗੰਗਾ ਤੁਮ ਬੈਤ ਅਲਾਹ ।
ਬੇਦ ਗਿਆਨ ਤੁਮਾਰੇ ਅੰਦਰ ਤੁਮ ਹੋ ਖਾਸ ਕਲਾਮ ਅਲਾਹ ।
ਕਿਸ਼ਨ ਕਹੂੰ ਓਂਕਾਰ ਕਹੂੰ ਯਾ ਕਹੂੰ ਅਲੈਕ ਸਲਾਤ ਅਲਾਹ ।
ਬਖਸ਼ ਕਹੂੰ ਹਰਨੰਦ ਗੁਰੂ ਖੁਦ ਕਹੂੰ ਸ਼ਫੀ ਨਬੀ ਅਲਾਹ ॥
('ਕੋਇਲ ਕੂ-ਬਾਵਾ ਬੁੱਧ ਸਿੰਘ' ਵਿੱਚੋਂ’)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ