Punjabi Poetry : Maula Bakhash Kushta

ਪੰਜਾਬੀ ਕਵਿਤਾਵਾਂ : ਮੌਲਾ ਬਖ਼ਸ਼ ਕੁਸ਼ਤਾ

1. ਗ਼ਜ਼ਲ-ਸੁਖ਼ਨਵਰਾਂ ਦੀ ਸਰਸਰੀ ਨਜ਼ਰ ਅਗੇ

ਸੁਖ਼ਨਵਰਾਂ ਦੀ ਸਰਸਰੀ ਨਜ਼ਰ ਅਗੇ,
ਸੁੱਕਾ ਪੱਤ ਵੀ ਨਹੀਂ ਦੀਵਾਨ ਮੇਰਾ।
ਦੇਖਣ ਪ੍ਰੇਮ ਦੀ ਨਜ਼ਰ ਥੀਂ ਜੇ ਮਿੱਤਰ,
ਹਰਫ਼ ਹਰਫ਼ ਹੋ ਜਾਏ ਬੁਸਤਾਨ ਮੇਰਾ।

ਮੇਰੇ ਬਾਗ਼ ਦੀ ਕਰੇ ਜੇ ਸੈਰ ਬੁਲਬੁਲ,
ਹੋ ਜਾਏ ਮੁਅੱਤਰ ਦਮਾਗ਼ ਉਹਦਾ,
ਇਲਮ ਅਦਬ ਪੰਜਾਬੀ ਦੇ ਜਗ ਅੰਦਰ,
ਖਿੜਿਆ ਚਮਨ ਹੈ ਇਕ ਦੀਵਾਨ ਮੇਰਾ।

ਕੋਈ ਲਿਖੇ ਤਾਰੀਖ ਤੇ ਯਾਦ ਰਖੇ,
ਬਖ਼ਸ਼ੀ ਰੱਬ ਨੇ ਇਜ਼ਤ ਇਕ ਖ਼ਾਸ ਮੈਨੂੰ,
ਸ਼ਿਅਰਾਂ ਵਿਚ ਪੰਜਾਬੀ ਦੇ ਸਭ ਕੋਲੋਂ,
ਪਹਿਲੇ ਪਹਿਲ ਛਪਿਆ ਹੈ ਦੀਵਾਨ ਮੇਰਾ।

ਮੇਰਾ ਕਰੇ ਖ਼ਿਆਲ ਨਵਾਸ ਜਿੱਥੇ,
ਉੱੋਥੇ ਪਹੁੰਚ ਹਰੀਫ਼ ਦੀ ਹੈ ਔਖੀ,
ਹੈ ਵੱਖਰੀ ਸਰ ਜ਼ਮੀਨ ਮੇਰੀ,
ਅਤੇ ਵਖਰਾ ਹੈ ਆਸਮਾਨ ਮੇਰਾ।

ਮੈਨੂੰ ਆਉਂਦਾ ਨਹੀਂ ਦਿਖਾਵਿਆਂ ਲਈ,
ਤੁਪਕੇ ਤ੍ਰੇਲ ਦੇ ਵਾਂਗ ਰੋਣਾਂ,
ਨੈਣ ਵਰ੍ਹਣਗੇ ਬੱਦਲਾਂ ਵਾਂਗ ਮੇਰੇ,
ਜਦੋਂ ਕਾਲਜਾ ਉਛਲਿਆ ਆਣ ਮੇਰਾ।

ਦੇਖੋ ਮੇਰੇ ਸਰੀਰ ਦੇ ਲੂੰ ਲੂੰ ਵਿਚ,
ਰਚਿਆ ਹੋਇਆ ਏ ਮੁਲਕ ਪ੍ਰੇਮ ਕੇਡਾ,
ਸਜਨ ਦੇਖਸਨ ਝਲਕ ਸਵਰਾਜ ਸੰਦੀ,
ਦੇਖਣ ਚੀਰ ਦਿਲ ਜੇ ਆਣ ਮੇਰਾ।

2. ਗ਼ਜ਼ਲ-ਕਦੀ ਕਾਲੀਆਂ ਜ਼ੁਲਫਾਂ ਵੇਖੀਆਂ ਸਨ

ਕਦੀ ਕਾਲੀਆਂ ਜ਼ੁਲਫਾਂ ਵੇਖੀਆਂ ਸਨ,
ਅਜ ਸੌੰਦਿਆਂ ਆ ਗਿਆ ਚੇਤਾ ਜੋ,
ਵਿਸ ਚਾੜਦੇ ਸਾਰੀ ਰਾਤ ਰਹੇ,
ਸਪ ਸੁਫ਼ਨੇ ਦੇ ਵਿਚ ਡਸ ਡਸ ਕੇ।

ਇਸ ਫ਼ਾਨੀ ਹੁਸਨ ਦੇ ਬਲ ਉਤੇ,
ਕਿਉਂ ਮਾਣ ਗੁਮਾਨ ਕਰੇਂਦੇ ਹੋ?
ਥੇਹ ਹੋ ਗਏ ਉਜੜ ਕੇ ਵੇਖ ਲਓ,
ਕਈ ਨਗਰ ਜਹਾਨ ਤੇ ਵਸ ਵਸ ਕੇ।

ਉਸ ਅਬਰੂ ਕਮਾਨ ਨੂੰ ਆਖੋ ਇਹ,
ਜੇ ਮਰਹੱਮ ਨਹੀਂ ਜਖ਼ਮਾਂ ਤੇ ਲਾ ਸਕਦੇ,
ਫਿਰ ਮਾਰਦੇ ਹੋ, ਬੇਦੋਸਿਆਂ ਤੇ,
ਕਿਉਂ ਤੀਰ ਨਜ਼ਰ ਦੇ ਕਸ ਕਸ ਕੇ।

3. ਚੌਪਾਈ-ਦਿਲ ਦਾ ਮਹਿਰਮ ਕੋਈ ਨਾ ਮਿਲਿਆ

ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਅਲਗਰਜ਼ੀ।
ਸੰਗ ਅਵੈੜਾ ਮਿਲਿਆ ਸਾਨੂੰ, ਵਾਹਵਾ ਰੱਬ ਦੀ ਮਰਜ਼ੀ।
ਪੱਥਰ-ਪਾੜ ਸੁਣਾਵੇ ਦੁੱਖੜੇ, ਲੋਕਾਂ ਜਾਤੇ ਫ਼ਰਜ਼ੀ।
ਕੌਣ ਨਬੇੜੇ ਸਾਡੀ 'ਕੁਸ਼ਤਾ', ਕਿੱਥੇ ਕਰੀਏ ਅਰਜ਼ੀ।

4. ਪਿਆਰਾ ਨਾਨਕ

ਭਾਰਤਵਰਸ਼ ਦਾ ਤਾਰਾ ਨਾਨਕ, ਸਭ ਥੀਂ ਵੱਧ ਪਿਆਰਾ ਨਾਨਕ,
ਲੋਭ ਕਰੋਧ ਨਾ ਆਇਆ ਜਿਸ ਦੇ ਨੇੜੇ ਉਹ ਪਿਆਰਾ ਨਾਨਕ ।

ਹਿੰਦੂਆਂ ਅੰਦਰ ਗੁਰੂ ਕਹਾਇਆ ਮੋਮਨਾਂ ਅੰਦਰ ਬਾਬਾ ਜੀ
ਦੋਹਾਂ ਧਿਰਾਂ ਵਿਚ ਰਬ ਨੇ ਕੀਤਾ ਪ੍ਰੇਮ ਦਾ ਖ਼ਾਸ ਨਜ਼ਾਰਾ ਨਾਨਕ ।

ਫੁਲ ਗੁਲਾਬ ਦਾ ਮਿਤਰਾਂ ਕਾਰਨ ਬੁਰਿਆਂ ਭਾਣੇ ਤੁਰਖੀ ਸ਼ੂਲ
ਹਲਕਾ ਸੀ ਬੁਰਾਈਆਂ ਵਲੋਂ ਨੇਕੀਆਂ ਨਾਲ ਸੀ ਭਾਰਾ ਨਾਨਕ ।

ਲੋਕਾਂ ਜਿਸ ਨੂੰ ਪਰੇ ਹਟਾਇਆ, ਬਾਬੇ ਉਸ ਨੂੰ ਲੈ ਗਲ ਲਾਇਆ
ਦੁਖੀਏ ਦਾ ਹਮਦਰਦ ਪਰੇਮੀ, ਮਾੜਿਆਂ ਲਈ ਸਹਾਰਾ ਨਾਨਕ ।

ਭੁਖ ਉਤਰਦੀ ਡਿਠਿਆਂ ਜਿਸ ਦੇ ਬਾਬੇ ਦਾ ਉਹ ਮੁਖੜਾ ਸੀ
ਰਾਹੀ ਜਿਸ ਥੀਂ ਰਸਤਾਂ ਪਾਵਣ ਰੋਸ਼ਨ ਸੀ ਉਹ ਤਾਰਾ ਨਾਨਕ ।

ਕੀਮਿਆਗਰ ਨਿਗਾਹ ਹੈ ਐਸੀ ਜਿਸ ਤੇ ਪਈ ਉਹ ਕੁੰਦਨ ਹੋਇਆ
ਕੁਸ਼ਤਾ ਵੀ ਅਕਸੀਰ ਹੋ ਜਾਏ ਏਧਰ ਕਰੇ ਇਸ਼ਾਰਾ ਨਾਨਕ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੌਲਾ ਬਖ਼ਸ਼ ਕੁਸ਼ਤਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ