Punjabi Poetry : Joshua Fazal-ud-Din

ਪੰਜਾਬੀ ਕਵਿਤਾਵਾਂ : ਜੋਸ਼ੂਆ ਫ਼ਜ਼ਲਦੀਨ

1. ਸ਼ਕ ਤੇ ਮੁਹੱਬਤ

ਸ਼ਕ ਹੋਰਾਂ ਇਕ ਫ਼ੌਜ ਬਣਾਈ
ਚੋਰੀ ਯਾਰੀ ਨਾਲ ਚਲਾਈ
ਬਦੀ ਬਖ਼ੀਲੀ ਨਾਲ ਮਿਲਾਈਆਂ
ਚੁਗ਼ਲੀ ਗ਼ੀਬਤ ਨਾਲੇ ਆਈਆਂ
ਮਾਨ ਅਪਮਾਨ ਦੇ ਪੁੱਜੇ ਜਥੇ
ਵਹਿਮ ਗੁਮਾਨ ਵੀ ਹੋਏ ਕੱਠੇ
ਰਲ ਮਿਲ ਸਾਰਿਆਂ ਧਾਵਾ ਕੀਤਾ
ਮਲ ਦੁਨੀਆਂ ਦਾ ਬੂਹਾ ਲੀਤਾ
ਬੰਦੇ ਚੁਣ ਚੁਣ ਚੋਣਵੇਂ ਸਾਰੇ
ਫੜ ਫੜ ਵਿਚ ਮਦਾਨੇ ਮਾਰੇ
ਮਾਲਿਕ ਕੋਈ ਨਾ ਕਾਂਮਾਂ ਬਚਿਆ
ਇਸ ਕੰਡੇ ਫਲ ਇਕ ਨਾ ਛਡਿਆ
ਹੁਸਨ ਹਕੂਮਤ ਜ਼ੋਰ ਦਨਾਈ
ਅਕਲ ਸਮਝ ਬੁਧ ਤੇ ਉਚਿਆਈ
ਸ਼ਕ ਹੋਰਾਂ ਸਭ ਮਾਰ ਮੁਕਾਏ
ਥਾਂ ਥਾਂ ਅਪਣੇ ਥਾਣੇ ਪਾਏ
ਸਭ ਮੋਏ ਬਸ ਪ੍ਰੀਤ ਇਕ ਬਾਕੀ
ਆਸ਼ਿਕ ਦੀ ਜੋ ਕਰਦੀ ਰਾਖੀ
ਜਿਉਂ ਜਿਉਂ ਪ੍ਰੀਤ ਵਧੇਂਦੀ ਜਾਂਦੀ
ਸ਼ਕ ਦੀ ਫ਼ੌਜ ਘਟੇਂਦੀ ਜਾਂਦੀ
ਬਦੀ ਬਖ਼ੀਲੀ ਚੋਰੀ ਯਾਰੀ
ਮਾਨ ਅਪਮਾਨ ਦੀ ਗਈ ਸਰਦਾਰੀ
ਚੁਗ਼ਲੀ ਗ਼ੀਬਤ ਦਾ ਲਕ ਟੁੱਟਾ
ਵਹਿਮ ਗੁਮਾਨ ਦਾ ਰਹਿਆ ਨ ਫੱਕਾ
ਪ੍ਰੀਤ ਤੇ ਸਰਧਾ ਰਲ ਮਿਲ ਆਈਆਂ
ਸੰਗ ਉਮੇਦ ਯਕੀਨ ਲਿਆਈਆਂ
ਸ਼ਕ ਦੀ ਰਹੀ ਹਾਠ ਨਾ ਬਾਕੀ
ਡਿੱਠਾ ਚੰਨ ਤੇ ਗਈ ਉਦਾਸੀ

2. ਪ੍ਰਾਰਥਨਾ

ਪਾਪ ਅੰਦਰ ਜੇ ਫੱਸ ਕੇ ਡਿੱਗਾਂ ਇਕ ਵਾਰੀ,
ਡਿੱਗਾ ਰਹਾਂ ਨਾਂ ਮਾਲਿਕਾ ਮੈਂ ਉਮਰਾਂ ਸਾਰੀ।
ਫੜ ਕੇ ਫੇਰ ਖਲਿਹਾਰ ਦਈਂ ਪੈਰਾਂ ਤੇ ਮੈਨੂੰ,
ਘੋਲ ਘੁਮਾਵਾਂ ਜਿੰਦੜੀ ਮੈਂ ਤੈਥੋਂ ਸਾਰੀ।

ਫੁੱਲ ਜਿਥੋਂ ਤੋੜੀਂਦੜੇ ਫਿਰ ਲੱਗਣ ਓਥੇ,
ਫਲ ਜਿਥੋਂ ਝੰਬੇਂਦੜੇ ਫਿਰ ਲੱਗਣ ਓਥੇ।
ਫਲ ਮੇਰਾ ਚਾ ਝੰਬਿਆ ਪਾਪਾਂ ਨੇ ਮੇਰੇ,
ਫੁਲ ਰੱਬਾ ਇਕ ਵਾਰ ਚਾ ਫਿਰ ਲੱਗਣ ਓਥੇ।

ਮੋਹ ਤੇਰਾ, ਮਨ ਮੋਹਣਾ ਮੋਹ ਲੈਂਦਾ ਸੱਭਾਂ,
ਡਿੱਗੇ ਢੱਠੇ ਮਾੜਿਆਂ ਸਹਿ ਲੈਂਦਾ ਸੱਭਾਂ।
ਮੁੱਢ ਕਦੀਮੋਂ ਲੈਇ ਕੇ ਅੱਜ ਤੀਕਣ ਰੱਬਾ,
ਪਕੜੇਂ ਤੂੰ ਨਿਮਾਣਿਆਂ ਸੈਹ ਲੈਂਦਾ ਸੱਭਾਂ।

ਮੈਂ ਵੀ ਹਾਂ ਨਿਮਾਨੜਾ ਇਕ ਡਿੱਗਾ ਢੱਠਾ,
ਪਾਪਾਂ ਮੈਨੂੰ ਮਾਰ ਕੇ ਚਾ ਕੀਤਾ ਘੱਟਾ।
ਇਸ ਘੱਟੇ ਨੂੰ ਸਾਂਭ ਕੇ ਚਾ ਕਰੀਂ ਪਵਿੱਤਰ,
ਘਟਿਓਂ ਹੈ ਸਾਂ ਥਾਪਿਆ ਨਿਤ ਰਹਾਂ ਨ ਘੱਟਾ।

ਤੇਰੀ ਨਜ਼ਰ ਸਵੱਲੜੀ ਜਿਸ ਪਾਸੇ ਹੋਏ,
ਪਾਸਾ ਉਹ ਤਰ ਜਾਉਂਦਾ ਵਿਚ ਖ਼ਲਕੇ ਸੋਹੇ।
ਵੱਧਦਾ ਫੁਲਦਾ ਜਾਉਂਦਾ ਰਹੇ ਹਰਿਆ ਭਰਿਆ,
ਪਤ ਝੜ ਓਹਨੂੰ ਆਣ ਕੇ ਨਾ ਮੂਲੇ ਛੋਹੇ।

ਝਖੜ ਝੁੱਲਣ ਕਹਰ ਦੇ ਜਾਂ ਅੰਦਰ ਡੱਲਾਂ,
ਧੁੰਧੂਕਾਰ ਹਨੇਰ ਹੋਣ ਜਾਂ ਅੰਦਰ ਝਲਾਂ।
ਬਹੁੜੇਂ ਜਾਂ ਉਸ ਵੇਲੜੇ ਚਾ ਥਮੇਂ ਮੈਨੂੰ,
ਮੂਲ ਨਾ ਬਹਿ ਕੇ ਮੌਤ ਦੇ ਮੂੰਹ ਅੰਦਰ ਹੱਲਾਂ।

ਫੇਰ ਰਬਾ ਹਥ ਜੋੜ ਕੇ ਮੈਂ ਅਰਜ਼ ਗੁਜ਼ਾਰਾਂ,
ਜੂਠੇ ਬੇਰ ਲਿਆਣ ਕੇ ਮੈਂ ਫ਼ਰਜ਼ ਗੁਜ਼ਾਰਾਂ।
ਜੂਠ ਇਹਨਾਂ ਦਾ ਗੌਲ ਨਾ ਜੇ ਸੁੱਚੇ ਜਾਣੇਂ।
ਵਿਸਰਾਂ ਮੈਂ ਤਨ ਮਨ ਦੇ ਚਾ ਮਰਜ਼ ਹਜ਼ਾਰਾਂ।

3. ਰੱਬ ਬੇਲੀ ਸੱਭ ਬੇਲੀ

ਪਾਪ ਕਹੇ ਤੂੰ ਪਾਪੀ ਬੰਦਾ,
ਖ਼ਾਕ ਕਹੇ ਤੂੰ ਖ਼ਾਕੀ ਬੰਦਾ
ਸਮਾਂ ਪੁਕਾਰੇ ਤੂੰ ਨਹੀਂ ਰਹਿਣਾਂ
ਕੋਹਲੂ ਮੇਰੇ ਵਿਚ ਤੂੰ ਪੈਣਾ,
ਲੇਖ ਕਹੇ ਮੈਂ ਦਾਤਾ ਤੇਰਾ,
ਬਾਝ ਮੇਰੇ ਨਾ ਮਾਸਾ ਤੇਰਾ
ਜਾਨ ਕਹੇ ਇਹ ਜੋਤ ਹੈ ਮੇਰੀ,
ਮੈਂ ਬਿਨ ਖੇਡ ਹੈ ਫਿੱਕੀ ਤੇਰੀ
ਡਰ ਆਖੇ ਮੈਂ ਜਾਨ ਸੁਕਾਵਾਂ,
ਗ਼ਮ ਆਖੇ ਮੈਂ ਮਾਰ ਮੁਕਾਵਾਂ
ਦਾਮ ਕਹਿਣ ਅਸੀਂ ਦੰਮ ਦੇ ਵਾਲੀ,
ਪਾਣ ਪਤ ਤੇਰੀ ਦੇ ਪਾਲੀ
ਪਾਪ ਖ਼ਾਕ ਤੇ ਲੇਖ ਕੁਲੇਖਾਂ,
ਡਰ ਤੇ ਗ਼ਮ ਸੱਭ ਸੁੱਟਣ ਹੇਠਾਂ
ਐਪਰ ਬੰਦਾ ਮੂਲ ਨਾ ਹਾਰੇ,
ਜੇਕਰ ਰੱਬ ਨਾ ਉਸਨੂੰ ਮਾਰੇ
ਰੱਬ ਬੇਲੀ ਸਭ ਬੇਲੀ ਰਹਿੰਦੇ,
ਸਾਧ ਸੰਤ ਸਭ ਏਹੋ ਕਹਿੰਦੇ

4. ਰੱਬੀ ਹੁਸਨ ਦੇ ਦੇਹ ਧਾਰੀ ਹੋਣ ਲਈ ਪ੍ਰਾਰਥਨਾ

ਇਲਾਹੀ ਇਕ ਵਾਰ ਉਹਨਾਂ ਅਖੀਆਂ ਨੂੰ ਦੇ ਵਿਖਾ,
ਜਮਾਲ ਜਿਹੜਾ ਮੁਰਦਿਆਂ ਨੂੰ ਕਬਰਾਂ ਵਿਚ ਜਗਾਏ ਚਾ।
ਮੈਂ ਤੱਕ ਤੱਕ ਜੀਵਾਂ ਓਸ ਲਹਿਲਹਾਂਦੇ ਹੁਸਨ ਨੂੰ,
ਵੈਰਾਨ ਮੇਰੇ ਆਸ ਦੇ ਨਗਰ ਨੂੰ ਜੋ ਵਸਾਏ ਚਾ।
ਦਿਹਾੜੀ ਰਾਤੀ ਵਸੇ ਮੇਰੇ ਨੈਨਾਂ ਦੇ ਵਿਚਾਲੇ ਉਹ,
ਤੇ ਜਾਗਰਤ ਤੇ ਸੁਫ਼ਨਿਆਂ ਦਾ ਭੇਤ ਹੀ ਮਿਟਾਏ ਚਾ।
ਬਣੇ ਅਜਬ ਸੁਗੰਧ ਮੇਰੀ ਰੂਹ ਦੀ ਕਲੀ ਦੀ ਉਹ,
ਉਸੇ ਦੀ ਤੇਜ਼ ਮਹਿਕ ਮੇਰੇ ਤਨ ਬਦਨ 'ਚੋਂ ਆਏ ਚਾ।
ਅਯਾਣੇ ਬਾਲ ਵਾਂਗਰਾਂ ਮੈਂ ਵਾਟ ਭੁਲਾ ਸਾਂਝ ਨੂੰ,
ਨੂਰਾਨੀ ਅਖੀਆਂ ਦਾ ਦੀਵਾ ਆਣ ਕੇ ਜਗਾਏ ਚਾ।
ਸੂਰਜ ਮੁਖੀ ਦੇ ਵਾਂਗ ਓਹਨੂੰ ਵੇਖ ਵੇਖ ਮੈਂ ਖਿੜਾਂ,
ਜੇ ਬਦਲਾਂ ਨੂੰ ਚੀਰ ਕੇ ਉਹ ਬਿਜਲੀਆਂ ਵਿਖਾਏ ਚਾ।
ਨਵਾਂ ਹੀ ਰਾਗ ਛਿੜ ਪਵੇ ਜਹਾਨ ਵਿਚ ਮਿਲਾਪ ਦਾ,
ਜੇ ਮੇਰੇ ਰੂਹ-ਸਾਜ਼ ਨੂੰ ਉਹ ਆਣ ਕੇ ਵਜਾਏ ਚਾ।
ਨਵਾਂ ਜ਼ਮਾਨਾ ਆਏ ਯਾਦ ਸੱਤਯੁਗ ਦੀ ਵਿੱਸਰੇ,
ਜੇ ਕੰਡਿਆਂ ਤੋਂ ਮੇਰੇ ਰੂਹ-ਫੁੱਲ ਨੂੰ ਛੁੜਾਏ ਚਾ।
ਜਹਾਨ 'ਚੋਂ ਕਰੋਧ ਕਾਮ ਲੋਭ ਮੋਹ ਪੁੱਟ ਸਿਟੇ,
ਸੁਰਾਜ ਸਚ, ਹਕ, ਰੱਬੀ ਪ੍ਰੇਮ ਦਾ ਦਿਵਾਏ ਚਾ।
ਮੇਰੇ ਵਤਨ ਦੀ ਸੋਨੇ ਦੀ ਚਿੜੀ ਵੀ ਫੇਰ ਜੀ ਉਠੇ
ਜੇ ਹੱਥ ਫੇਰ ਏਹਨੂੰ ਫੇਰ ਆਹਲਣੇ ਬਿਠਾਏ ਚਾ।
ਵਧੀਕ ਬੁਲਬੁਲੋਂ ਮੈਂ ਗਾਂਵਾਂ ਗੀਤ ਅਪਣੇ ਦੇਸ ਦੇ,
ਜੇ ਮੇਰੀ ਸ਼ਾਇਰੀ ਦੀ ਸੁਤੀ ਤਰਬਾਂ ਨੂੰ ਜਗਾਏ ਚਾ।
ਨਜ਼ਰ ਪਵਨ ਪਰੀਤ ਤੇ ਯਕੀਨ ਦੇ ਅਨੰਤ ਫੁੱਲ,
ਜੇ ਦੇਹ ਧਾਰ ਮੀਂਹ ਅਪਣੇ ਜਲਵੇ ਦਾ ਵਸਾਏ ਚਾ।
ਕਦੀ ਜਗਤ ਦੇ ਜਾਮ ਨੂੰ ਭਰਿਆ ਸੀ ਨਾਲ ਜ਼ਿੰਦਗੀ,
ਓਹੀ ਪਿਆਲਾ ਤੱਸਿਆਂ ਨੂੰ ਅੱਜ ਆ ਪਿਲਾਏ ਚਾ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ