Punjabi Poetry : Jaswant Zafar

ਪੰਜਾਬੀ ਕਵਿਤਾਵਾਂ : ਜਸਵੰਤ ਜ਼ਫ਼ਰ

1. ਨਾਨਕ

ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ੍ਹਾਂ ਦਾ ਚਿਪਕਿਆ ਮਾਸ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ

ਅੱਖਾਂ ਜੋ -
ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ
ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ
ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ
ਮਸਲਨ
ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਆਦਾ ਨੂੰ ਤੋੜਨ ਦਾ
ਐਲਾਨਨਾਮਾ ਛਾਪ ਸਕਦੇ ਹਾਂ

ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖ਼ੈਰ
ਸੁੱਖ
ਸ਼ਾਂਤੀ
ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ
ਤੇ ਵੇਲਾਂ ਨੂੰ ਲਗਦੇ ਰੁਪਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ ਹੈ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
ਹੱਥ ‘ਚੋਂ ਫੁਟਦੀ ਮਿਹਰ
ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
ਸਨ ਸਿਲਕੀ ਸ਼ਫਾਫ ਦਾਹ੍ੜੀ
ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵਲੀ
ਸੁਰਖ ਟਿਪਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ

ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕਰਨ ਵਾਲੇ
ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ਼ ਕਰਨਾ

2. ਅਸੀਂ ਨਾਨਕ ਦੇ ਕੀ ਲੱਗਦੇ ਹਾਂ

ਨਾਨਕ ਤਾਂ ਪਹਿਲੇ ਦਿਨ ਹੀ
ਵਿਦਿਆਲੇ ਨੂੰ
ਵਿਦਿਆ ਦੀ ਵਲਗਣ ਨੂੰ
ਰੱਦ ਕੇ ਘਰ ਮੁੜੇ
ਘਰ ਮੁੜੇ ਘਰੋਂ ਜਾਣ ਲਈ
ਘਰੋਂ ਗਏ ਘਰ ਨੂੰ ਵਿਸਥਾਰਨ ਲਈ
ਵਿਸ਼ਾਲਣ ਲਈ

ਅਸੀਂ ਨਾਨਕ ਵਾਂਗ ਵਿਦਿਆਲੇ ਨੂੰ ਨਕਾਰ ਨਹੀਂ ਸਕਦੇ
ਨਾਨਕ ਨਾਮ ਤੇ ਵਿਦਿਆਲੇ ਉਸਾਰ ਸਕਦੇ ਹਾਂ –
ਗੁਰੂ ਨਾਨਕ ਵਿਦਿਆਲਾ
ਗੁਰੂ ਨਾਨਕ ਮਹਾਂਵਿਦਿਆਲਾ
ਗੁਰੂ ਨਾਨਕ ਵਿਸ਼ਵਵਿਦਿਆਲਾ

ਵਿਦਿਆਲੇ ਦੇ ਸੋਧੇ ਪ੍ਰਬੋਧੇ ਅਸੀਂ
ਗਿਆਨੀ
ਵਿਦਿਆ ਦਾਨੀ
ਘਰਾਂ ਦੇ ਕੈਦੀ
ਪਤਵੰਤੇ ਸੱਜਣ
ਨਾਨਕ ਦੇ ਕੀ ਲੱਗਦੇ ਹਾਂ

3. ਮੁਹੱਬਤ

ਮੇਰੀ ਆਤਮਾ ਹਰ ਵੇਲੇ
ਤੇਰੀ ਸੁੱਚੀ ਆਤਮਾ ਦੀ ਪਰਿਕਰਮਾ ’ਚ ਹੈ
ਮੇਰਾ ਤਪਦਾ ਮਨ ਹਰ ਵੇਲੇ
ਤੇਰੇ ਸੀਨੇ ’ਚ ਪਨਾਹ ਮੰਗਦਾ ਹੈ
ਤੇਰੇ ਵਿੱਚ ਸਿਮਟ ਜਾਣਾ ਹੀ
ਸਭ ਤੋਂ ਵੱਧ ਫੈਲ ਜਾਣਾ ਲੱਗਦਾ ਹੈ
ਮੁਹੱਬਤ ਦਾ ਆਪਣਾ ਨਾਂ ਹੀ ਸਭ ਤੋਂ ਸੋਹਣਾ ਹੈ
ਹੋਰ ਸਭ ਰਿਸ਼ਤੇ ਮੁਹੱਬਤ ਦੇ ਮੁਥਾਜ
ਮੁਹੱਬਤ ਨੂੰ ਕਿਸੇ ਦੀ ਮੁਥਾਜੀ ਨਹੀਂ
ਐ ਮੁਹੱਬਤ
ਤੇਰਾ ਚਿਹਰਾ
ਰੂਹ ’ਤੇ ਉੱਕਰੀ ਇਬਾਰਤ ਦਾ
ਕਿੰਨਾ ਸੋਹਣਾ ਅਕਸ ਹੈ

4. ਪਿਆਰ

ਕੁਝ ਇਸ ਤਰ੍ਹਾਂ ਅਸੀਂ ਘੁਲ ਮਿਲੇ ਹਾਂ ਇੱਕ ਦੂਏ ਵਿੱਚ
ਕਿ ਸ਼ਨਾਖ਼ਤ ਕਰਨੀ ਮੁਮਕਿਨ ਨਹੀਂ
ਕਿ ਕੌਣ ਪਾਣੀ ਤੇ ਕੌਣ ਪਿਆਸ ਹੈ
ਸ਼ਾਇਦ ਅਸੀਂ ਦੋਵੇਂ ਪਿਆਸ ਹੀ ਸਾਂ
ਜੋ ਇੱਕ ਦੂਏ ਨੂੰ ਪਾਣੀ ਬਣ ਕੇ ਮਿਲੇ ਹਾਂ
ਸਾਡੀਆਂ ਰੂਹਾਂ ਦੇ ਲਿਬਾਸ ਸਾਡੇ ਜਿਸਮ
ਇੱਕ ਦੂਜੇ ਲਈ ਪਾਰਦਰਸ਼ੀ ਹੋ ਗਏ
ਅਸੀਂ ਦੋਵੇਂ ਤਪੱਸਿਆ ਵਰਗੇ ਸਾਂ
ਜੋ ਇੱਕ ਦੂਜੇ ਦੀ ਝੋਲੀ ’ਚ
ਫਲ ਬਣ ਕੇ ਡਿੱਗੇ ਹਾਂ
ਸੱਚਮੁੱਚ ਪਤਾ ਨਹੀਂ ਲੱਗਦਾ
ਕੌਣ ਕਿਸ ਦੇ ਸਾਹੀਂ ਘੁਲਿਆ ਹੈ
ਦੋਨੋਂ ਇੱਕ ਦੂਏ ਦੀਆਂ ਧੜਕਣਾਂ ’ਚ ਧੜਕਦੇ ਹਾਂ
ਪਿਆਰ ਦੀ ਜੋਤ ਨਾਲ
ਹਨੇਰੇ ਖੂੰਜਿਆਂ ’ਚ ਪਨਾਹ ਭਾਲਦੀ ਮਰਿਆਦਾ
ਹਾਰ ਕੇ ਬੂਹਿਓਂ ਬਾਹਰ ਹੋ ਗਈ ਹੈ
ਪਿਆਰ ਦੀ ਅਗਰਬੱਤੀ ਨਾਲ
ਮਨ-ਮਹਿਲ ਪਾਕਿ ਹੋ ਗਿਆ ਹੈ
ਤੇਰੇ ਸਿਮਰਨ ਦਾ
ਆਖੰਡ ਪਾਠ ਚਲਦਾ ਹੈ

5. ਪ੍ਰੇਮ

ਖੁੱਲ੍ਹੀਆਂ ਅੱਖਾਂ ਨਾਲ
ਜਿੰਨਾ ਕੁਝ ਦਿਸਦਾ ਹੈ ਨਜ਼ਰ ਦੀ ਸੀਮਾ ਤਕ
ਤੇਰੇ ਹੀ ਆਕਾਰ ਦਾ ਵਿਸਥਾਰ ਏ
ਬੰਦ ਅੱਖਾਂ ਨਾਲ
ਅੰਦਰ ਬਾਹਰ ਤੇਰੀ ਅਸੀਮਤਾ ਮਹਿਸੂਸ ਹੁੰਦੀ
ਸਾਰੀ ਭਟਕਣ ਤੇਰੀ ਸਾਰੀ ਅਸੀਮਤਾ ਨੂੰ
ਇੱਕੋ ਵਾਰੀ ਛੂਹ ਲੈਣ ਦੀ ਏ
ਸਾਰੇ ਹੌਲ਼ੇ ਭਾਰੇ ਸ਼ਬਦ
ਤੇਰੀ ਪਰਿਕਰਮਾ ਕਰਦੇ
ਪ੍ਰੇਮ-ਗੀਤ ਬਣਨਾ ਚਾਹੁੰਦੇ
ਸਾਰੀ ਮੁਸਕਰਾਹਟ ਤੇਰੀ ਹੋਣਾ ਚਾਹੁੰਦੀ
ਸਾਰੇ ਰੰਗ ਇੱਕ ਦੂਏ ’ਚ ਘੁਲ ਮਿਲ ਕੇ
ਇੱਕ ਰੰਗ ਬਣਨਾ ਸੋਚਦੇ
ਪ੍ਰੇਮ ਤੋਂ ਅਗਾਂਹ ਕੋਈ ਪ੍ਰਵਚਨ ਨਹੀਂ ਜਾਂਦਾ
ਪ੍ਰੇਮ ਦੇ ਸੰਕਲਪ ਦਾ ਕੋਈ ਵਿਕਲਪ ਨਹੀਂ
ਤ੍ਰਿਸ਼ਨਾ ਨੂੰ ਉਪਦੇਸ਼ ਦੀ ਸੰਗਲੀ ਨਾਲ ਬੰਨ੍ਹਣ ਦੀ ਬਜਾਏ
ਤੇਰੇ ਧੁਰ ਅੰਦਰ ਨਾਲ ਮਿਲਾਉਂਦੇ
ਪ੍ਰੇਮ ਦੇ ਆਦਿ-ਮਾਰਗ ’ਤੇ ਤੋਰ ਕੇ
ਤੇਰੇ ਨਾਲ ਮੇਲ ਕੇ ਅੰਤ ਕਰਨਾ ਚਾਹੁੰਨਾਂ
ਇਹ ਮੈਂ ਤੋਂ ਤੂੰ ਵੱਲ ਦਾ ਮਾਰਗ
ਪ੍ਰੇਮ ਮਾਰਗ, ਭਗਤੀ ਮਾਰਗ
ਮੇਰੇ ਧੁਰ ਅੰਦਰ ਨੂੰ
ਤੇਰੇ ਸਭ ਕਾਸੇ ਨਾਲ ਜੋੜਦਾ

6. ਇਸ਼ਕ

ਪੌਣਾਂ ਨੱਚੀਆਂ ਦਿਸ਼ਾਵਾਂ ਹੱਸੀਆਂ ਨੀਂ
ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਕਤਰਾ ਕਤਰਾ ਛੱਲਾਂ ਹੋਇਆ
ਤਾਰਾ ਤਾਰਾ ਗੱਲਾਂ ਹੋਇਆ
ਕੋਈ ਫ਼ਰਕ ਨਾ ਚੜ੍ਹੀਆਂ ਲੱਥੀਆਂ ਨੀਂ
ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਰਾਤ ਦਿਨਾਂ ਦਾ ਗੇੜਾ ਰੁੱਕਿਆ
ਗਲਤ ਸਹੀ ਦਾ ਝੇੜਾ ਮੁੱਕਿਆ
ਸਭ ਝੂਠੀਆਂ ਹੋਈਆਂ ਸੱਚੀਆਂ ਨੀਂ
ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਆਪਣੀ ਹੋਈ ਸਾਰੀ ਧਰਤੀ
ਰੌਲੇ ਅੰਦਰ ਵੀ ਚੁੱਪ ਵਰਤੀ
ਸਰਸਬਜ਼ ਨੇ ਟਿੱਬੀਆਂ ਢੱਕੀਆਂ ਨੀਂ
ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਜਨਮ ਮੌਤ ਜੋ ਸਕੀਆਂ ਭੈਣਾਂ
ਮੇਰੇ ਸ਼ਗਨ ਕਰੇਂਦੀਆਂ ਨੈਣਾਂ
ਸਭ ਸੱਸੀਆਂ ਸੋਹਣੀਆਂ ਨੱਚੀਆਂ ਨੀਂ
ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਰਾਂਝਾ ਸੈਦਾ ਵੀਰੇ ਵੀਰੇ
ਚਾਰੇ ਪਾਸੇ ਦਿਸਦੀ ਹੀਰੇ
ਇੱਕ ਹੋਈਆਂ ਮੁੰਦਰਾਂ ਨੱਤੀਆਂ ਨੀਂ
ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

7. ਸਖੀਏ

ਤਨ ਤਰੰਗਤ ਅਤੇ ਮਨ ਮਦਹੋਸ਼ ਹੋਵੇ
ਰੂਹ ਰਾਗ ਦੇ ਨਾਲ ਭਰਪੂਰ ਸਈਏ
ਤੇਰੀ ਯਾਦਾਂ ਦੀ ਭਰੀ ਕਿਤਾਬ ਵਿੱਚੋਂ
ਜਦ ਕਿਸੇ ਵੀ ਵਰਕੇ ਤੋਂ ਵਾਕ ਲਈਏ।

ਚਾਹੁਣ ਫੁੱਲ ਛੋਹ ਤੇਰੇ ਪੋਟਿਆਂ ਦੀ
ਤੇ ਬੁੱਲ੍ਹੀਂ ਮੁਸਕਾਨ ਦਾ ਵਾਸਾ ਰਹੇ
ਇਨ੍ਹਾਂ ਨੈਣਾਂ ਦੇ ਡੂੰਘੇ ਸਰਵਰਾਂ ਦਾ
ਪ੍ਰੀਤ-ਹੰਸ ਨਾ ਕੋਈ ਪਿਆਸਾ ਰਹੇ।

ਤੇਰੇ ਨਿਰਮਲ ਨੀਰ ਦੇ ਪੱਤਣਾਂ ’ਤੇ
ਗੀਤ ਗੂੰਜਦੇ ਤੇ ਘੜੇ ਰਹਿਣ ਭਰਦੇ
ਚੰਚਲ ਚੁਸਤ ਖਿਆਲਾਂ ਦੇ ਮਿਰਗ ਆਵਣ
ਸਫ਼ੈਦ ਬੱਤਖਾਂ ਜਹੇ ਖ਼ਵਾਬ ਤਰਦੇ।

ਸੀਨਾ ਜਜ਼ਬੇ ਨਾਲ ਭਰਪੂਰ ਹੋਵੇ
ਸਿਰ ਨੂੰ ਹੌਸਲਾ ਕਰੀ ਬੁਲੰਦ ਰੱਖੇ
ਸਦਾ ਧੜਕਣਾਂ ’ਚੋਂ ਅਨਹਦ ਸੁਣੇ
ਸਾਹਾਂ ਨੂੰ ਮਹਿਕਾਈ ਸੁਗੰਧ ਰੱਖੇ।

ਕਦਮ ਧਰਤ ਮੱਥੇ ਬ੍ਰਹਿਮੰਡ ਸਾਰਾ
ਬਾਹੀਂ ਕੁਲ ਲੋਕਾਈ ਸਮਾਈ ਹੋਵੇ
ਦਿਨ ਚੜ੍ਹੇ ਦੀ ਲਾਲੀ ਦਾ ਤੇਜ ਹੋਵੇ
ਢਲਦੀ ਸ਼ਾਮ ਦੀ ਟਿਕ ਟਿਕਾਈ ਹੋਵੇ।

ਨਿੰਮਲ ਅਰਸ਼ ਸਤਰੰਗੀ ਦਾ ਭਾਗ ਹੋਵੇ
ਸ਼ੁਭ ਹਸਰਤਾਂ ਨੂੰ ਸਦਾ ਨਸੀਬ ਹੋਵੇਂ
ਸਭ ਰੰਗਾਂ ’ਚੋਂ ਤੇਰਾ ਹੀ ਰੰਗ ਦਿਸੇ
ਦੂਰ ਹੋ ਕੇ ਵੀ ਸਦਾ ਕਰੀਬ ਹੋਵੇਂ।

8. ਸੁੱਕੀ ਬਾਉਲੀ

ਸੂਰਜ ਢਲਣ ਦੇ ਪਿੱਛੋਂ
ਨ੍ਹੇਰਾ ਤਾਂ ਹੋ ਜਾਂਦਾ
ਪਰ ਰਾਤ ਨਹੀਂ ਪੈਂਦੀ
ਫਿਰ ਲੋਅ ਹੋਣ ਦੇ ਮਗਰੋਂ
ਚੜ੍ਹ ਪੈਂਦਾ ਏ ਸੂਰਜ
ਪਰ ਦਿਨ ਕਦੀ ਨਾ ਚੜ੍ਹਦਾ
ਸਮਾਂ ਤਾਂ ਚਲਦਾ ਆਪਣੀ ਤੋਰੇ
ਪਰ ਜ਼ਿੰਦਗੀ ਰੁਕ ਜਾਂਦੀ।
ਡੁੱਬਣ ਮਰਨ ਲਈ ਉਤਰ ਜਾਂਦਾ
ਬੰਦਾ ਆਪਣੇ ਅੰਦਰਲੀ
ਬਾਉਲੀ ਦੀ ਹਨੇਰੀ ਪੌੜੀ
ਪਰ ਉੱਥੇ ਡੁੱਬਣ ਲਈ ਤਾਂ ਕੀ
ਅੱਖੀਂ ਛਿੱਟੇ ਮਾਰਨ ਜੋਗਾ
ਪਾਣੀ ਵੀ ਨਾ ਹੁੰਦਾ
ਤੇ ਬਾਹਰ ਵਾਪਸ ਪਰਤਣ ਜੋਗੀ
ਹਿੰਮਤ ਨਾ ਬਚਦੀ।
ਅੱਖਾਂ ਖੋਲ੍ਹਣ ’ਤੇ
ਨ੍ਹੇਰਾ ਹੀ ਨ੍ਹੇਰਾ ਦਿਸਦਾ
ਬੰਦ ਕੀਤਿਆਂ ਅੱਖਾਂ
ਮੱਚਦੇ ਭਾਂਬੜ ਦਿਸਦੇ
ਨ੍ਹੇਰੇ ਵਿੱਚ ਗੁਆਚ ਕੇ ਪੂਰਾ
ਸੜਨਾ ਚਾਹੁੰਦਾ ਬੰਦਾ
ਪਰ ਅੱਗ ਤੇ ਨ੍ਹੇਰਾ
’ਕੱਠੇ ਕਦੋਂ ਨੇ ਹੁੰਦੇ।
ਗਾਉਂਦੇ ਜੋਗੀ ਸੁਣਦੇ ਦੂਰ ਕਿਤੇ
ਪਰ ਸਮਝ ਨਾ ਪੈਂਦੇ ਬੋਲ ਉਨ੍ਹਾਂ ਦੇ
ਕੋਲ ਖੜੋਤਾ ਰੋਂਦਾ ਕੁੱਤਾ
ਗੱਲਾਂ ਕਰਦਾ ਲੱਗਦਾ।
ਕੁੱਲ ਦੁਨੀਆਂ ਦੀਆਂ ਪਗਡੰਡੀਆਂ ਪਹੀਆਂ
ਛੋਟੀਆਂ ਵੱਡੀਆਂ ਸੜਕਾਂ
ਧੁੰਨੀ ਵਿੱਚੋਂ ਦਾਖਲ ਹੋ ਕੇ
ਸੀਨੇ ਵਿੱਚ ਅਲੋਪ ਹੋ ਜਾਵਣ।
ਸਮਾਂ ਤਾਂ ਚਲਦਾ ਰਹਿੰਦਾ
ਪਰ ਸੈੱਲ ਮੁੱਕਣ ’ਤੇ
ਘੜੀ ਰੁਕ ਜਾਂਦੀ।

9. ਹੋਰ ਦੱਸੋ ਕੀ ਚਾਹੀਦਾ

ਪੰਜਾਬ ਦੀ ਜ਼ਮੀਨ ਸਭ ਤੋਂ ਉਪਜਾਊ
ਧਰਤੀ ਪੱਧਰੀ
ਪੌਣ ਪਾਣੀ, ਰੁੱਤਾਂ, ਮੌਸਮ ਸਭ ਤੋਂ ਵਧੀਆ
ਹਰ ਖੇਤਰ ਦੇ ਮਾਹਿਰ
ਮਿਹਨਤੀ ਲੋਕ
ਗੁਰੂਆਂ, ਪੈਗੰਬਰਾਂ, ਰਿਸ਼ੀਆਂ, ਮੁਨੀਆਂ
ਮਾਤਾ ਰਾਣੀ, ਬਾਲਕ ਨਾਥ, ਗੁੱਗੇ ਪੀਰ
ਸਭ ਦੀ ਕਿਰਪਾ ਇਥੇ
ਲੱਖ ਦੇ ਕਰੀਬ ਗੁਰਦਵਾਰੇ
ਟਕਸਾਲਾਂ ਡੇਰੇ ਵੱਖਰੇ
ਹਜ਼ਾਰਾਂ ਮੰਦਰ
ਗਿਰਜੇ ਮਸੀਤਾਂ ਵੀ ਗੁਜ਼ਾਰੇ ਜੋਗੇ
ਕਿੰਨੇ ਸਾਰੇ ਪਵਿੱਤਰ ਨਗਰ
ਕਿਸੇ ਨੂੰ ਬਿਜਲੀ ਮੁਫਤ ਕਿਸੇ ਨੂੰ ਪਾਣੀ
ਕਿਸੇ ਨੂੰ ਆਟਾ ਦਾਲ, ਕਿਸੇ ਨੂੰ ਸਾਈਕਲ, ਕਿਸੇ ਨੂੰ ਵਿਆਹ ਫ੍ਰੀ
ਲੋਹੜੇ ਦੀਆਂ ਗਰਾਂਟਾਂ ਸਬਸਿਡੀਆਂ
ਬਜ਼ੁਰਗਾਂ ਨੂੰ ਮੌਜਾਂ
ਮੁਲਾਜਮਾਂ ਨੂੰ ਕਿੰਨੀਆਂ ਸਰਕਾਰੀ ਛੁੱਟੀਆਂ
ਹਜ਼ਾਰ ਤੋਂ ਵੱਧ ਇੰਜਨੀਅਰਿੰਗ, ਨਰਸਿੰਗ, ਬੀ ਐੱਡ, ਮੈਨੇਜਮੈਂਟ ਕਾਲਜ
ਥਾਂ ਥਾਂ ਸਿਰੇ ਦੀਆਂ ਨਵੀਆਂ ਯੁਨੀਵਰਸਿਟੀਆਂ
ਗਰੀਬਾਂ ਨੂੰ ਵੀ ਉਪਰੋਂ ਚਾਰ ਪੈਸੇ ਬਣਾਉਣ ਲਈ
ਆਈ ਰਹਿੰਦੀ ਸਾਲ 'ਚ ਇਕ ਅੱਧ ਇਲੈਕਸ਼ਨ
ਲੋਕਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ
ਸਾਰੀਆਂ ਪਾਰਟੀਆਂ ਦੇ ਹਰ ਸਾਈਜ਼ ਦੇ ਲੀਡਰਾਂ ਦੀਆਂ
ਪੈਰ ਪੈਰ ਤੇ ਹਸਦੀਆਂ ਮੁਸਕ੍ਰਾਉਂਦੀਆਂ ਤਸਵੀਰਾਂ
ਸਾਰੇ ਸਿਆਸੀ ਆਗੂ ਕਿੰਨੇ ਤਿਆਗੀ
ਅਣਥੱਕ, ਇਮਾਨਦਾਰ ਅਤੇ ਸੁਹਿਰਦ
ਕਿੰਨੀਆਂ ਚੰਗੀਆਂ ਸਾਰੀਆਂ ਪਾਰਟੀਆਂ
ਕਿੰਨੀ ਚੰਗੀ ਇਹਨਾਂ ਦੀ ਪਛਾਣ:
ਬਾਦਲ ਸਾਹਿਬ ਦਾ ਅਕਾਲੀ ਦਲ : ਗੁਰਸਿੱਖਾਂ ਦੀ ਪਾਰਟੀ
ਕੈਪਟਨ ਸਾਹਿਬ ਦੀ ਕਾਂਗਰਸ : ਦੇਸ਼ ਭਗਤਾਂ ਦੀ ਪਾਰਟੀ
ਮੋਦੀ ਜੀ ਦੀ ਬੀ.ਜੇ.ਪੀ. : ਅੱਛੇ ਦਿਨਾਂ ਲਈ ਵਚਨਬੱਧ
ਕੇਜਰੀਵਾਲ ਜੀ ਦੀ ਪਾਰਟੀ : ਆਮ ਆਦਮੀ ਦੇ ਹਿੱਤਾਂ ਲਈ
ਕਮਿਊਨਿਸਟ ਪਾਰਟੀਆਂ : ਮਜ਼ਦੂਰਾਂ ਕਿਸਾਨਾਂ ਕਿਰਤੀਆਂ ਲਈ
ਫਿਰ ਵੀ ਮਰੂੰ ਮਰੂੰ ਕਰੀ ਜਾਂਦਾ ਪੰਜਾਬ, ਉੱਲੂ ਦਾ ਪੱਠਾ
ਪੰਜਾਬ ਪੰਜਾਬੀਆਂ ਦਾ ਹੋਣ ਦੇ ਬਾਵਜੂਦ
ਬਾਹਰ ਭੱਜੀ ਜਾਂਦੇ ਪੰਜਾਬੀ, ਬੇਵਕੂਫ

10. ਗੁਰਧਾਨੀ

ਨੌਵੇਂ ਗੁਰਾਂ ਦਾ ਕੱਟਿਆ ਸੀਸ
ਜਦ ਰਾਜਧਾਨੀ ਤੋਂ ਆਇਆ ਸੀ
ਪੱਤਾ ਪੱਤਾ ਜ਼ੱਰਾ ਜ਼ੱਰਾ ਗੁਰਧਾਨੀ ਦਾ
ਰੋਹ ਤੇ ਰੋਸ ਨਾਲ ਥਰਥਰਾਇਆ ਸੀ
ਆਸਾ ਦੀ ਵਾਰ ਨਾਲ ਦਿਨ ਚੜ੍ਹਨ ਲੱਗੇ
ਚੰਡੀ ਦੀ ਵਾਰ ਨਾਲ ਦਿਲ ਖਿੜਨ ਲੱਗੇ
ਸਬਰ ਤੇ ਸ਼ੁਕਰ ਦੀ ਦੇਗ ਵਰਤਦੀ ਸੀ
ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕਦੀ ਸੀ
ਦਇਆ ਦੇ ਰਸਤੇ ਚੱਲ ਕੇ ਧਰਮ ਆਉਂਦਾ
ਬੇਦਿਲੀ ਤਜ ਹਿੰਮਤ ਅਪਣਾਉਂਦਾ
ਮਨ ਅਡੋਲ ਕਰ ਮੋਹਕਮ ਅਖਵਾਉਂਦਾ
ਸਿੰਘ ਸੁਣਦਾ ਸਾਹਿਬ ਫੁਰਮਾਉਂਦਾ-
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
ਗੁਰ ਚੇਰਾ ਇਕ ਰੂਹ ਇਕ ਰੂਪ ਸਨ
ਇਕੱਲਾ ਸਵਾ ਲੱਖ ਬਰੋਬਰ ਤੁਲਦਾ ਸੀ
ਖੰਡੇ ਦੇ ਬੀਰ ਨੀਰ ਅੰਦਰ
ਮੁਹੱਬਤ ਦਾ ਪਤਾਸਾ ਘੁਲਦਾ ਸੀ
ਹੋਲਾ ਰਾਂਗਲਾ ਬਾਂਕਾ ਮਹੱਲਾ ਜੁੜਦਾ ਸੀ
ਸੁਰੀਲੀ ਫਿਜ਼ਾ ਅੰਦਰ
ਸੁਰਤ ਦਾ ਬਾਜ ਉਡਦਾ ਸੀ
ਨੇਜੇ ਨੱਚਦੇ ਤੇ ਖੰਡੇ ਖੜਕਦੇ ਸਨ
ਘੋੜੇ ਦਗੜਦੇ ਡੌਲੇ ਫਰਕਦੇ ਸਨ
ਦੁਨੀਂ ਚੰਦਾਂ ਦੀ ਦੁਨੀਆਂਦਾਰੀ
ਡੁੱਬ ਮਰਦੀ ਸੀ
ਸੋਹਣੀ ਸਿੱਖੀ ਪੱਕੇ ਸਿਦਕ ਸਹਾਰੇ
ਲਹੂ ਦੀ ਸ਼ੂਕਦੀ ਨਦੀ ਤਰਦੀ ਸੀ
ਸੂਰੇ ਜੋ ਬਚਿਤਰ ਚਰਿਤਰ ਦੇ ਸਨ
ਏਸ ਮੈਦਾਨੇ ਓਹੀ ਨਿਤਰਦੇ ਸਨ
ਹਊਮੈ ਹੰਕਾਰ ਦੇ ਹਾਥੀ ਨਾਲ ਮੱਥਾ ਲਾਉਂਦੇ
ਨਿਸਚੈ ਕਰ ਜੀਤ ਦਾ ਗੀਤ ਗਾਉਂਦੇ
ਜੋਗੇ ਸਨ
ਮੱਤ ਵਿਚ ਜਤ ਸਤ ਦੇ ਜੋਗ ਵਾਲੇ
ਜੜੋਂ ਮਾਰੇ ਹੋਏ ਕਿਟਾਣੂੰ
ਲੋਭ ਤੇ ਮੋਹ ਦੇ ਰੋਗ ਵਾਲੇ
ਪਿਆਰਾ ਵਿਸਰਨ ਵਾਲੀ ਮਸਨਦੀ ਰੀਤ ਨੂੰ
ਗੁਰੁ ਨੇ ਹੱਥੀਂ ਸਾੜਿਆ ਸੀ
ਪਿਆਰ ਦੇ ਖਿੱਚਿਆਂ ਪਰਤਿਆਂ ਨੂੰ
ਹਿੱਕ ਨਾਲ ਲਾਇਆ ਬੇਦਾਵਾ ਪਾੜਿਆ ਸੀ
ਇਥੇ ਜਦ ਮੌਤ ਨੱਚ ਹਟਦੀ ਸੀ
ਜ਼ਿੰਦਗੀ ਤਾੜੀ ਮਾਰ ਹੱਸਦੀ ਸੀ
ਕੋਈ ਵੈਰੀ ਬਿਗਾਨਾ ਨਹੀਂ ਸੀ
ਬਹੁੜਦਾ ਗੁਰੂ ਸਭ ਨੂੰ
ਘਨੱਈਆ ਬਣ ਜੀਵਨ-ਜਲ ਛਕਾਉਂਦਾ ਸੀ
ਜ਼ਖ਼ਮਾਂ 'ਤੇ ਮੱਲਮ ਲਾਉਂਦਾ ਸੀ
ਸਤਲੁਜ ਵਿਚ ਚੌਪਈ ਦੇ
ਤੇ ਯਮੁਨਾ ਵਿਚ ਜਾਪੁ ਦੇ
ਬੋਲ ਲਰਜ਼ਦੇ ਸਨ
ਗਗਨੀਂ ਸਾਂਝੀਵਾਲਤਾ ਦੇ
ਦਮਾਮੇ ਗਰਜਦੇ ਸਨ
ਛਲਕਦੇ ਇਲਮ ਇਬਾਦਤ ਕਾਵਿ ਤੇ ਰਾਗ ਦੇ ਸਰਵਰ
ਰਾਜ ਸੱਤਾ ਤੋਂ ਜਰ ਨਹੀਂ ਹੋਏ
ਪਰ ਇਖ਼ਲਾਕ ਦੇ ਉੱਚੇ ਕਿਲੇ
ਓਸ ਤੋਂ ਸਰ ਨਹੀਂ ਹੋਏ
ਬਾਗੀ ਜਜ਼ਬਿਆਂ ਦੇ ਬਾਣ
ਹਕੂਮਤਾਂ ਤੋਂ ਗਏ ਨਹੀਂ ਥੰਮੇ ਸਨ
ਪੁੱਤ ਕੁਰਸੀਆਂ ਰਿਸ਼ਵਤਾਂ ਲੈਣ ਲਈ ਨਹੀਂ
ਲਹਿਰਾਂ ਤੇ ਸੰਘਰਸ਼ਾਂ ਦੀਆਂ
ਨੀਹਾਂ ਵਿਚ
ਚਿਣੇ ਜਾਣ ਲਈ ਜੰਮੇ ਸਨ

11. ਭੁੱਸ

ਮੂੰਗਫਲੀ ਚੱਬਣਾ
ਸਹਿਜ ਸੁਖਾਲਾ ਰੁਝੇਵਾਂ
ਜੀਅ ਲੱਗਿਆ ਰਹਿੰਦਾ
ਚੰਗੀ ਹੈ ਜਿਉਣ ਦੀ ਲਲਕ
ਮੂੰਗਫਲੀ ਚੱਬਣ ਦੇ ਭੁੱਸ ਵਾਂਗ
ਮੂੰਹੋਂ ਲਾਹਿਆਂ ਨਾ ਲਹਿੰਦੀ
ਹੱਥੋਂ ਛੱਡਿਆਂ ਨਾ ਛੁੱਟਦੀ
ਮੂੰਗਫਲੀ ਦੀਆਂ ਗੰਢੀਆਂ
ਭਾਂਤ ਸੁਭਾਂਤੀਆਂ
ਹਲਕੀਆਂ ਜਾਂ ਗੂੜ੍ਹੀਆਂ ਭੂਰੀਆਂ
ਗੋਰੀਆਂ, ਕਾਲੀਆਂ
ਕੁਝ ਸਾਫ ਸੋਹਣੀਆਂ
ਕੁਝ ਪੋਟੇ ਕਾਲ਼ੇ ਕਰਨ ਵਾਲੀਆਂ
ਵੱਧ ਘੱਟ ਗਿਰੀਆਂ ਵਾਲੀਆਂ
ਕਿਸੇ ਵਿਚ ਗਿਰੀ ਮੋਟੀ ਗੋਲ
ਕਿਸੇ ਵਿਚ ਬਾਰੀਕ ਤੇ ਝੁਰੜੀਦਾਰ
ਪਰ ਮਿੱਠੀ ਜ਼ਿਆਦਾ
ਕੁਝ ਸਿਰਫ ਬਾਹਰੋਂ ਮੋਟੀਆਂ
ਅੰਦਰੋਂ ਬਿਲਕੁਲ ਖਾਲੀ
ਕਈਆਂ ਅੰਦਰ ਭਰੀ ਹੁੰਦੀ ਕਿਰਕ
ਪਟੱਕ ਦੀ ਆਵਾਜ਼ ਨਾਲ ਗੰਢੀ ਭੰਨਣ ਦਾ
ਤੇ ਪੋਟਿਆਂ ਵਿਚ ਮਲ਼ ਕੇ
ਪਤਲਾ ਛਿਲਕਾ ਉਤਾਰਨ ਦਾ ਸੁਆਦ ਵੀ
ਗਿਰੀ ਚੱਬਣ ਤੋਂ ਘੱਟ ਨਾ
ਪਰ ਬੁਰਾ ਲਗਦਾ ਕਿਸੇ ਗਿਰੀ ਦਾ
ਹੱਥੋਂ ਭੁੜਕ ਪਰ੍ਹਾਂ ਜਾ ਡਿੱਗਣਾ
ਜਾਂ ਛਿਲਕਿਆਂ ਵਿਚ ਰਲ਼ ਜਾਣਾ
ਪਹਿਲਾਂ ਜੋ ਅਣਗੌਲੀਆਂ ਨਕਾਰੀਆਂ ਗੰਢੀਆਂ
ਅਖੀਰ 'ਚ ਉਹਨਾਂ ਚੋਂ ਵੀ ਗਿਰੀਆਂ ਭਾਲੀਦੀਆਂ
ਸਭ ਕੁਝ ਮੁੱਕ ਮੁਕਾਉਣ ਤੇ ਵੀ
ਬਚੇ ਖੁਚੇ ਕੂੜੇ 'ਚੋਂ
ਜਾਂ ਛਿਲਕਿਆਂ 'ਚੋਂ
ਕੋਈ ਗਿਰੀ ਮਿਲਣ ਦੀ ਬਣੀ ਰਹਿੰਦੀ ਝਾਕ
ਚੰਗੀ ਹੈ ਜ਼ਿੰਦਗੀ ਜਿਉਣ ਦੀ ਲਲਕ
ਮੂੰਗਫਲੀ ਚੱਬਣ ਦੇ ਭੁੱਸ ਵਾਂਗ

12. ਮੋੜ

ਸਿੱਧੀ ਸੜਕੇ ਚਲਦੀ ਗੱਡੀ ਦਾ
ਹਰ ਪਿਛਲਾ ਟਾਇਰ
ਅਗਲੇ ਟਾਇਰ ਦੇ ਨਿਸ਼ਾਨ ਤੇ ਚਲਦਾ
ਮੋੜ ਤੇ ਜਾ ਪਿਛਲਾ ਟਾਇਰ
ਛੱਡ ਦਿੰਦਾ ਅਗਲੇ ਦਾ ਨਿਸ਼ਾਨ
ਮੋੜ ਜੇ ਹੋਵੇ ਤਿੱਖਾ
ਜਾਂ ਮੁੜਨਾ ਪੈ ਜਾਏ ਕਾਹਲੀ
ਤਾਂ ਵੱਧ ਜਾਂਦਾ
ਅਗਲੇ ਪਿਛਲੇ ਨਿਸ਼ਾਨਾਂ ਦਾ ਫਾਸਲਾ
ਸਾਵੀਂ ਨਹੀਂ ਰਹਿੰਦੀ
ਟਾਇਰਾਂ ਤੇ ਵਜ਼ਨ-ਵੰਡ
ਲਾਦ ਜੇ ਹੋਵੇ ਉੱਚੀ
ਤਾਂ ਉਲਟਣ ਦਾ ਵੀ ਖਤਰਾ
ਜ਼ਿੰਦਗੀ ਜਾਂ ਇਤਿਹਾਸ ਦੇ ਮੋੜਾਂ ਵਾਂਗ ਹੀ ਹੁੰਦੇ
ਸੜਕਾਂ ਦੇ ਮੋੜ

13. ਬੂਹੇ

ਮੋਹ ਮੁਹੱਬਤ ਪਿਆਰ ਮਮਤਾ ਦੋਸਤੀ
ਇਹਨਾਂ ਨਾਲ ਰਿਸ਼ਤਿਆਂ ਦੀ ਰਿਸ਼ਤਗੀ
ਬਾਪੂ – ਮੋਹ = ਬੁੜ੍ਹਾ
ਭਰਾ – ਪਿਆਰ = ਸ਼ਰੀਕ
ਪਤੀ – ਦੋਸਤੀ = ਮਰਦ
ਪਤਨੀ – ਮੁਹੱਬਤ = ਔਰਤ
ਔਰਤ – ਮਮਤਾ = ਫਫੇਕੁਟਣੀ
ਸੁੱਕ ਜਾਂਦੇ ਰਿਸ਼ਤਿਆ 'ਚੋਂ ਪਾਣੀ ਦੋਸਤੀ ਦੇ ਜਦੋਂ
ਬਣ ਜਾਂਦੇ ਰਿਸ਼ਤੇ
ਚਾਬੀਆਂ ਗੁਆਚੇ ਜੰਗਾਲੇ ਜਿੰਦਰੇ ਜੜੇ ਬੰਦ ਬੂਹੇ
ਸਦਾ ਸਦਾ ਲਈ ਬੰਦ ਬੂਹੇ ਤਾਂ
ਕੰਧਾਂ ਤੇ ਵਾਹੀਆਂ ਬੂਹਿਆਂ ਦੀਆਂ ਤਸਵੀਰਾਂ
ਵਸਦੇ ਘਰਾਂ ਦੇ ਬੂਹੇ ਖੁੱਲ੍ਹਦੇ ਰਹਿੰਦੇ
ਅੰਦਰ ਬਾਹਰ ਨੂੰ ਜੋੜਦੇ
ਬੰਦ ਬੂਹੇ ਤਾਂ
ਕਾਹਦੇ ਬੂਹੇ
ਨਾਂ ਦੇ ਬੂਹੇ
ਨਿਰੀਆਂ ਕੰਧਾਂ
ਬਿਨ ਬੂਹੇ ਤਾਂ ਕਬਰਾਂ ਹੁੰਦੀਆਂ
ਬੂਹੇ ਬਗੈਰ ਕੋਈ ਮਕਾਨ ਨਾ ਹੁੰਦਾ
ਮੋਹ ਮੁਹੱਬਤ ਦੋਸਤੀ ਬਿਨ
ਹਰਿਆ ਭਰਿਆ ਇਨਸਾਨ ਨਾ ਹੁੰਦਾ
ਜਿਨ੍ਹਾਂ -
ਦੋਸਤੀ ਪਿਆਰ ਦੇ ਨਗਮੇਂ ਉਗਾਉਣੇ ਹੁੰਦੇ
ਮੋਹ ਮੁਹੱਬਤ ਦੇ ਫੁੱਲ ਖਿੜਾਉਣੇ ਹੁੰਦੇ
ਉਹ ਆਪਣੇ ਅੰਦਰ ਦੇ
ਆਪਣੇ ਹਰਿਮੰਦਰ ਦੇ
ਬੂਹੇ ਚਹੁੰ ਤਰਫੀਂ ਖੋਹਲ ਕੇ ਰੱਖਦੇ
ਮੋਹ ਮੁਹੱਬਤ ਪਿਆਰ ਮਮਤਾ ਦੋਸਤੀ
ਇਹਨਾਂ ਪਾਣੀਆਂ ਨੂੰ ਤਾਂ
ਰਿਸ਼ਤਿਆਂ ਦੇ ਭਾਂਡਿਆਂ ਦੀ
ਵੀ ਨਹੀਂ ਮੁਹਤਾਜਗੀ

14. ਕੁੱਖਾਂ 'ਚ ਕਤਲ ਹੁੰਦੀਆਂ ਕੁੜੀਆਂ

ਕਵੀ ਜੀ,
ਕਿਹੜੇ ਕਤਲ ਦੀ ਗੱਲ ਕਰਦੇ ਹਾਂ?
ਪੁੱਠੀ ਵਗਦੀ ਹਵਾ ਨਾਲ
ਆਪਣੇ ਸਾਹ ਵੀ ਜੁੜੇ ਹਨ
ਜੇ ਤੂੰ ਕਦੀ ਮਾਂ ਦੀ ਗਾਲ੍ਹ ਕੱਢੀ ਹੈ
ਤਾਂ ਇਸ ਕਤਲ ਦੇ ਖਿਲਾਫ ਕਵਿਤਾ ਲਿਖਣ ਦੀ
ਕੋਈ ਲੋੜ ਨਹੀਂ
ਜੇ ਕਦੀ ਭੈਣ ਦੀ ਗਾਲ੍ਹ ਕੱਢੀ ਹੈ
ਤਾਂ ਇਸ ਕਤਲ ਦੇ ਖਿਲਾਫ ਕਵਿਤਾ ਲਿਖਣ ਦਾ
ਕੋਈ ਮਤਲਬ ਨਹੀਂ
ਜੇ ਕਦੀ ਧੀ ਦੀ ਗਾਲ੍ਹ ਕੱਢੀ ਹੈ
ਤਾਂ ਇਸ ਕਤਲ ਦੇ ਖਿਲਾਫ ਕਵਿਤਾ ਲਿਖਣ ਦਾ
ਤੈਨੂੰ ਕੋਈ ਹੱਕ ਨਹੀਂ
ਕੁੱਖਾਂ ਅੰਦਰਲੀਆਂ ਕੁੜੀਆਂ
ਜਦ ਹਵਾ 'ਚ ਖਿਲਰੀਆਂ
ਮਾਵਾਂ ਭੈਣਾਂ ਧੀਆਂ ਦੀਆਂ ਗਾਲ੍ਹਾਂ ਸੁਣਦੀਆਂ
ਤਾਂ ਜੰਮਣੋਂ ਇਨਕਾਰ ਕਰਦੀਆਂ
ਤੇ ਮਮਤਾ ਮੂਰਤਾਂ ਮਾਵਾਂ ਨੂੰ
ਸਾਡੀਆਂ ਝੂਠੀਆਂ ਕਵਿਤਾਵਾਂ ਦੀ ਬਜਾਏ
ਅਣਜੰਮੀਆਂ ਧੀਆਂ ਦੀ
ਸੱਚੀ ਜ਼ਿਦ ਅੱਗੇ ਝੁਕਣਾ ਪੈਂਦਾ
ਕਵੀ ਜੀ,ਕਿਹੜੇ ਕਤਲ ਦੀ ਗੱਲ ਕਰਦੇ ਹੋ?

15. ਭਾਈ ਘਨੱਈਆ

ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਉਣ ਵਾਲੇ
ਜਾਂ ਲੰਗਰ ਵਰਤਾਉਣ ਵਾਲੇ
ਕਿਸੇ ਸੇਵਕ ਜਥੇ ਦਾ
ਮੈਂਬਰ ਨਹੀਂ ਸੀ ਭਾਈ ਘਨੱਈਆ
ਭਾਈ ਘਨੱਈਆ ਤਾਂ ਇਕੱਲਾ ਮਾਸ਼ਕੀ ਸੀ
ਗੁਰੂ ਦੀ ਫੌਜ ਤੋਂ ਵੱਖ ਸੀ
ਪਰ ਗੁਰੂ ਦਾ ਪਿਆਰਾ
ਬਹੁਤ ਪਿਆਰਾ ਸਿੱਖ ਸੀ
ਤੇ ਸਿੱਖ ਹਮੇਸ਼ਾ ਇਕੱਲਾ ਹੁੰਦਾ
ਇਕੱਲਾ ਸਿੱਖ ਹੀ ਸਵਾ ਲੱਖ ਹੁੰਦਾ
ਦੋ ਸਿੱਖ ਢਾਈ ਲੱਖ ਨਹੀਂ ਹੁੰਦੇ
ਤਿੰਨ ਸਿੱਖ ਪੌਣੇ ਚਾਰ ਲੱਖ ਨਹੀਂ ਹੁੰਦੇ
ਗੁਰੂ ਨੇ ਸੀਸ ਮੰਗਿਆ
ਤਾਂ ਇਕ ਪਾਸਿਓਂ ਇਕ ਸੀਸ ਉੱਠਿਆ ਦਇਆ ਰਾਮ
ਗੁਰੂ ਨੇ ਫੇਰ ਸੀਸ ਮੰਗਿਆ
ਦੂਜੇ ਪਾਸਿਓਂ ਇਕ ਸੀਸ ਪੇਸ਼ ਹੋਇਆ ਧਰਮ ਚੰਦ
ਸੀਸ ਹਮੇਸ਼ਾ ਇਕੱਲਾ ਹੁੰਦਾ
ਸਿਰਾਂ ਦੀਆਂ ਤਾਂ ਡਾਰਾਂ ਹੋ ਸਕਦੀਆਂ
ਸੀਸ ਦਾ ਬਹੁ ਬਚਨ ਨਹੀਂ ਹੁੰਦਾ
ਗੁਰੂ ਨੇ ਜਨੇਊ ਦੇ ਵੱਖਰੇ ਅਰਥ ਕੀਤੇ
ਭਾਈ ਘਨੱਈਆ ਗੁਰੂ ਦਾ ਉਪਦੇਸ਼ ਕਮਾਉਂਦਾ
ਓਸ ਆਪਣੀ ਕਿਰਪਾਨ ਦੇ ਵੱਖਰੇ ਅਰਥ ਜਾਣੇ
ਗੁਰੂ ਨੇ ਘਨੱਈਏ ਨੂੰ ਕਿਰਪਾਨ ਸਜਾਉਂਦਿਆਂ
ਮੁਸਕਰਾਉਂਦਿਆਂ
ਲਾਡ ਨਾਲ ਪੁੱਛਿਆ-
ਕੀ ਕਰੇਂਗਾ ਏਸ ਕਿਰਪਾਨ ਨਾਲ
ਤਾਂ ਭੋਲੇ ਭਾਅ ਬੋਲਿਆ ਘਨੱਈਆ-
ਜਦੋਂ ਕੋਈ ਹਤਿਆਰਾ ਮੇਰੀ ਜਾਨ ਲੈਣ ਆਏਗਾ
ਮੈਂ ਕਹਾਂਗਾ-
ਪਿਆਰੇ ਕਿਉਂ ਖੇਚਲ ਦਿੰਨਾਂ
ਆਪਣੀ ਦੁਸ਼ਮਣੀ ਦੀ ਤਲਵਾਰ ਨੂੰ
ਲੈ ਫੜ ਮੇਰੇ ਗੁਰੂ ਦੀ ਬਖ਼ਸ਼ੀ ਪਿਆਰ ਨਿਸ਼ਾਨੀ
ਮੇਰੀ ਜਾਨ ਏਸ ਦੀ ਧਾਰ ਤੋਂ ਜਾਵੇ
ਮੇਰੀ ਮੌਤ ਦਾ ਰਸਤਾ
ਗੁਰੂ ਦੇ ਪਿਆਰ 'ਚੋਂ ਜਾਵੇ
ਭਾਈ ਘਨੱਈਆ ਨਾ ਕ੍ਰਿਸ਼ਨ ਸੀ
ਨਾ ਸਰਦਾਰ ਘਨੱਈਆ ਸਿੰਘ ਸੀ
ਭਾਈ ਘਨੱਈਆ ਤਾਂ ਬੱਸ
ਭਾਈ ਘਨੱਈਆ ਸੀ
ਆਪਣੇ ਨਾਂ ਨੂੰ ਆਪਣੇ ਕਕਾਰਾਂ ਨੂੰ
ਆਪਣੇ ਅਰਥ ਦੇਣ ਵਾਲਾ ਘਨੱਈਆ
ਗੁਰੂ ਨੂੰ ਤਾਂ ਬਹੁਤ ਅਜ਼ੀਮ ਸੀ
ਪਰ ਗੁਰੂ ਦੀ ਫੌਜ ਲਈ ਤੌਹੀਨ ਸੀ
ਇਕੱਲਾ ਸੀ ਪੂਰਾ ਸਵਾ ਲੱਖ ਸਿੱਖ ਸੀ
ਗੁਰੂ ਨਾਲ ਰੱਬ ਨਾਲ
ਇੱਕ ਮਿੱਕ ਸੀ

16. ਹਵਾ ਯੁੱਗ

ਪਹਿਲੋ ਪਹਿਲ ਪੱਥਰ ਯੁੱਗ ਸੀ
ਪੱਥਰ ਦੇ ਔਜ਼ਾਰ ਪੱਥਰ ਦੇ ਹਥਿਆਰ
ਫਿਰ ਤਾਂਬਾ ਯੁੱਗ ਆਇਆ
ਤਾਂਬੇ ਦੇ ਅਸਤਰ ਸ਼ਸਤਰ ਬਰਤਨ
ਫਿਰ ਆਇਆ ਲੋਹਾ ਯੁੱਗ
ਬੰਦੇ ਕੋਲ ਪੈਸਾ ਹੋਇਆ
ਤੇ ਖ਼ੁਦ ਬੰਦਾ ਬੜਾ ਐਸਾ ਵੈਸਾ ਹੋਇਆ
ਗਰੀਬ ਹੋਇਆ ਧਨਵਾਨ ਹੋਇਆ
ਦਸਤਕਾਰ ਹੋਇਆ ਕਿਸਾਨ ਹੋਇਆ
ਚੰਗਾ ਹੋਇਆ ਮੰਦਾ ਹੋਇਆ
ਕਈ ਪ੍ਰਕਾਰ ਦਾ ਧੰਦਾ ਹੋਇਆ
ਵਪਾਰੀ ਹੋਇਆ ਪੁਜਾਰੀ ਹੋਇਆ
ਲੋਹੇ ਦੀ ਮਸ਼ੀਨ
ਬੰਦਾ ਬੜਾ ਤੇਜ਼ ਰਫ਼ਤਾਰੀ ਹੋਇਆ
ਤੇਜ਼ ਰਫ਼ਤਾਰੀ ਬੰਦਾ
ਯੁੱਗਾਂ ਨੂੰ ਤੇਜ਼ੀ ਨਾਲ ਬਦਲਣ ਲੱਗਾ
ਸਰਮਾਏ ਦਾ ਯੁੱਗ ਗਿਆਨ ਦਾ ਯੁੱਗ
ਕੰਪਿਊਟਰ ਯੁੱਗ ਸੂਚਨਾ ਯੁੱਗ
ਵਗੈਰਾ ਵਗੈਰਾ
ਕੀ ਤੁਹਾਨੂੰ ਪਤੈ ਅੱਜ ਦੇ ਯੁੱਗ ਦਾ ਨਾਂ ਕੀ ਏ?
ਇਹ ਹਵਾ ਯੁੱਗ ਹੈ
ਹਵਾ ਯੁੱਗ ਦਾ ਬੰਦਾ ਹਰ ਵੇਲੇ ਹਵਾ ਤੇ ਸਵਾਰ
ਮਾਰੋ ਮਾਰ
ਕਿਸੇ ਦੀ ਹਵਾ ਉੱਚੀ ਕਿਸੇ ਦੀ ਹਵਾ ਖਰਾਬ
ਕੋਈ ਹਵਾ ਕਰਦਾ ਕੋਈ ਹਵਾ ਛਕਦਾ
ਕਿਸੇ ਦੀ ਹਵਾ ਬੰਨ੍ਹੀਂ ਜਾਂਦੀ
ਕਿਸੇ ਦੀ ਹਵਾ ਕੱਢੀ ਜਾਂਦੀ
ਹਵਾ ਨਾਲ ਸ਼ਖਸ਼ੀਅਤਾਂ ਉਸਰਦੀਆਂ
ਹਵਾ ਨਾਲ ਅਕਸ ਵਿਗੜਦੇ
ਚੌਂਕਾਂ ਵਿਚ ਫਲੈਕਸ ਤੇ ਛਪੀਆਂ ਬੂਥੀਆਂ
ਹਵਾਖੋਰੀ ਕਰਦੀਆਂ
ਹਵਾ ਬਣਾਉਣ ਲਈ ਰੱਥ ਯਾਤਰਾਵਾਂ
ਸਿਖਰ ਸੰਮੇਲਨ ਹਵਾ 'ਚ ਉਡਦੇ ਗੁਬਾਰੇ
ਹਵਾ ਬਦਲਣ ਲਈ ਜਨ ਅੰਦੋਲਨ
ਤੇ ਹਵਾ ਨਾਲ ਸਰਕਾਰਾਂ ਬਦਲਦੀਆਂ
ਕਾਲਮ ਅਖ਼ਬਾਰ ਦੇ
ਚੈਨਲ ਸੰਚਾਰ ਦੇ
ਤੇ ਹੋਰ ਸਾਧਨ ਪ੍ਰਚਾਰ ਪਾਸਾਰ ਦੇ
ਸਾਰੇ ਦੇ ਸਾਰੇ ਹਵਾ ਯੰਤਰ
ਹਵਾ ਨਾਲ ਚਲਦਾ ਸ਼ੇਅਰ ਬਾਜ਼ਾਰ
ਨੀਤੀਆਂ ਮਾਰੂਥਲ ਦੇ ਟਿੱਬੇ
ਫੈਸਲੇ ਰੇਤਾ ਤੇ ਛਪੀਆਂ ਲਹਿਰਾਂ
ਹਵਾ ਉਹਨਾਂ ਨੂੰ ਸਥਾਨ ਤੇ ਆਕਾਰ ਬਖਸ਼ਦੀ
ਹਵਾ ਨਾਲ ਬਦਲਦੇ ਫੈਸ਼ਨ ਤੇ ਰਿਵਾਜ਼
ਹਵਾ ਨਾਲ ਚਲਦੇ ਵਾਦ ਤੇ ਸੰਵਾਦ
ਹਵਾ ਨਾਲ ਕੀਮਤਾਂ ਵਧਦੀਆਂ
ਤੇ ਕਦਰਾਂ ਘਟਦੀਆਂ
ਹਵਾ ਯੁੱਗ ਦੇ ਵਾਸੀਓ
ਸਾਹ ਲੈਣ ਜੋਗੀ ਹਵਾ ਬਚਾ ਕੇ ਰੱਖਣਾ
ਹਵਾ 'ਚ ਉਡਣਾ ਜ਼ਰੂਰ
ਪਰ ਧਰਤੀ ਨਾਲ ਸਪੰਰਕ ਬਣਾ ਕੇ ਰੱਖਣਾ
ਹਵਾ ਨੂੰ ਹੀ ਹਵਾ ਦੇਈ ਜਾਓਗੇ
ਤਾਂ ਹਵਾ ਨਾਲ ਸਦਾ ਲਈ ਹਵਾ ਹੋ ਜਾਓਗੇ
ਜ਼ਰਾ ਬਚ ਕੇ
ਹੇ ਮੇਰੇ ਹਵਾ ਯੁੱਗ ਦੇ ਵਾਸੀਓ

17. ਤੰਗ ਦਿਲੀ

ਕਿੰਨੇ ਛੋਟੇ ਦਿਲ ਲੋਕਾਂ ਦੇ
ਹੇ ਭਗਵਾਨ
ਮੈਂ ਪ੍ਰੇਸ਼ਾਨ
ਪ੍ਰੇਸ਼ਾਨੀ ਦੀ ਥਾਏਂ ਬੱਚਿਆ
ਮੰਗਿਆ ਕਰ ਕਿ
ਹੇ ਰੱਬ ਸੱਚਿਆ
ਮੈਂਨੂੰ ਹਿਰਦਾ ਦਿਉ ਵਿਸ਼ਾਲ
ਜੋ ਨਾ ਹੋਇਆ ਕਰੇ ਬੇਹਾਲ
ਕਿਸੇ ਹੋਰ ਦੀ ਤੰਗ ਦਿਲੀ ਦੇ
ਕਾਰਨ

18. ਮਰਿਆਦਾ

ਪਤਾ ਨਹੀਂ ਗੁਰੂ ਜੀ
ਤੁਹਾਡੀ ਮੌਜ ਸੀ ਕਿ ਮਜਬੂਰੀ
ਚਾਰ ਸਿੰਘ ਬੁਲਾ ਲੈਂਦੇ
ਗੈਰ ਮਜ਼ਹਬ ਗਨੀ ਨਬੀ ਖਾਨਾਂ ਨੂੰ
ਕਾਹਨੂੰ ਚੁਕਾ ਤੁਰੇ ਮੰਜੀ
ਜਿਸ ਤੇ ਆਪ ਦੀ ਪਾਵਨ ਹਜ਼ੂਰੀ
ਪਰ ਤੁਸੀਂ ਤਾਂ ਦਰਬਾਰ ਵਿੱਚ ਵੀ
ਵੰਨ ਸੁਵੱਨੇ ਕਵੀ ਕਵੀਸ਼ਰਾਂ ਨੂੰ
ਚਮਲਾਈ ਰਖਦੇ ਸੀ
ਏਧਰ ਉਧਰ ਦੇ ਗੈਰ ਮਜਹਬਾਂ ਨੂੰ ਵੀ
ਗਾਉਣ ਲਾਈ ਰੱਖਦੇ ਸੀ
ਪਰ ਸਾਡੀ ਮਰਿਆਦਾ ਪੱਕੀ
ਬੈਠ ਕੇ ਗੁਰੂ ਦੇ ਕੋਲ
ਗਾਉਣ ਲਈ ਬਾਣੀ ਦੇ ਬੋਲ
ਮਰਦਾਨੇ-ਪੁੱਤਰ ਹੱਥ ਰਬਾਬ ਨਹੀਂ
ਗਾਤਰੇ-ਕਿਰਪਾਨ ਜ਼ਰੂਰੀ
ਅਸੀਂ ਰਹਿਤ ਪੱਕੀ ਰੱਖਦੇ
ਰਹਿਤੀ ਹੱਥੋਂ ਹੀ ਛੱਕਦੇ
ਪੂਰਾ ਪਰਹੇਜ਼ ਕਰਦੇ ਹਾਂ
ਪਰ ਤੁਹਾਡੇ ਸਾਹਿਬਜਾਦਿਆਂ ਦਾ ਲਿਹਾਜ਼ ਤੇ ਹੇਜ਼ ਕਰਦੇ ਹਾਂ
ਆਖਦੇ ਹਾਂ ਕਿ ਉਹਨਾਂ ਦੀ ਸਿੱਖੀ
ਵਜੀਦੇ ਦੇ ਦਰਬਾਰ ਵਿੱਚ
ਸਰਹੰਦ ਦੀ ਦੀਵਾਰ ਵਿੱਚ
ਵੀ ਨਹੀਂ ਸੀ ਟੁੱਟੀ
ਪਰ ਸੱਚ ਪੁਛੋ ਉਹ ਸਿੱਖੀ ਤਾਂ
ਠੰਡੇ ਬੁਰਜ ਵਿੱਚ ਹੀ ਮੋਤੀ ਮਹਿਰੇ ਬੇਅਮ੍ਰਿਤੀਏ ਹੱਥੋਂ
ਦੁੱਧ ਪੀਣ ਨਾਲ ਗਈ ਸੀ ਭਿੱਟੀ
ਤੁਹਾਡੇ ਮੂੰਹ ਨੂੰ ਅਜਿਹਾ ਕਹਿਣ ਤੋਂ ਗੁਰੇਜ ਕਰਦੇ ਹਾਂ
ਤੁਸੀਂ ਬੜੀ ਘੌਲ ਕੀਤੀ
ਅਸੀਂ ਮਰਿਆਦਾ ਅਨੁਸਾਰ
ਉੁਚੇਚੀ ਗੌਰ ਕੀਤੀ
ਮਾਤਾ ਗੁਜਰੀ ਦਾ ਨਾਂ ਗੁੱਜਰ ਕੌਰ ਕੀਤਾ
ਮਾਤਾ ਸੁੰਦਰੀ ਸੁੰਦਰ ਕੌਰ ਕੀਤੀ
ਗੁੱਸਾ ਨਾ ਕਰਨਾ
ਅਸੀਂ ਵਕਤ ਨੂੰ
ਪੁੱਠਾ ਗੇੜ ਚੜਾਉਣਾ ਹੈ
1699 ਨੂੰ ਧੱਕ ਕੇ
1469 ਤੇ ਪਹੁੰਚਾਉਣਾ ਹੈ
ਮਰਦਾਨੇ, ਰਾਏ ਬੁਲਾਰ, ਬਾਬੇ ਬੁੱਢੇ
ਮੀਆਂ ਮੀਰ, ਭਾਈ ਗੁਰਦਾਸ ਨੂੰ
ਗੁਰੂ ਵਾਲੇ ਬਣਾਉਣਾ ਹੈ
ਪਹਿਲਾਂ 24 ਸਾਲਾ ਵਕਫਾ ਮਿਟਾਵਾਂਗੇ
ਮਤੀ ਸਤੀ ਦਾਸ, ਦਿਆਲੇ ਨੂੰ ਸਿੰਘ ਸਜਾਵਾਂਗੇ
ਬੁੱਧੂ ਸ਼ਾਹ, ਘਨੱਈਏੇ, ਟੋਡਰ ਮੱਲ, ਨੂਰੇ ਮਾਹੀ ਦੀ ਵੀ
ਗੱਲ ਸਿਰੇ ਲਾ ਕੇ ਛੱਡਾਂਗੇ
ਭਾਈ ਨੰਦ ਲਾਲ ਸਣੇ 52 ਕਵੀਆਂ ਨੂੰ
ਅੰਮ੍ਰਿਤ ਛਕਾ ਕੇ ਛੱਡਾਂਗੇ
ਦੇਖੀਂ, ਪੰਥ ਤੇਰੇ ਦੀਆਂ ਗੂੰਜਾਂ…

19. ਸ਼ਹੀਦੀ ਦਿਵਸ

ਅੱਜ ਕੁਵੇਲੇ ਉੱਠਿਆ ਹਾਂ
ਛੁੱਟੀ ਹੈ
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਦੀ
ਉਬਾਸੀ ਨੇ ਚਾਹ ਨੂੰ 'ਵਾਜ ਮਾਰੀ ਹੈ
ਕੇਸੀ ਨ੍ਹਾਵਾਂਗਾ
ਪਿਛਲੇ ਐਤਵਾਰ ਨਹੀਂ ਨਹਾ ਸਕਿਆ
ਆਪਣੇ ਜੰਜਾਲਾਂ ਝੰਜਟਾਂ ਝੁਮੇਲਿਆਂ ਕਾਰਨ
ਕੇਸੀ ਨ੍ਹਾਉਂਣ ਤੋਂ ਆਪਣਾ ਸਿਰ ਚੇਤੇ ਆਇਆ
ਆਪਣੇ ਸਿਰ ਤੋਂ ਗੁਰੂ ਦਾ ਸੀਸ ਯਾਦ ਆਇਆ
ਜੋ ਅੱਜ ਦੇ ਦਿਨ ਉਤਾਰਿਆ ਸੀ
ਹੈਂਕੜ ਦੇ ਦਸਤੇ ਵਾਲੀ ਹਕੂਮਤ ਹੱਥ ਫੜੀ
ਅਨਿਆਂ ਦੀ ਤਲਵਾਰ ਨੇ
ਪਰ ਕੱਟਿਆ ਸੀਸ ਹੇਠਾਂ ਨਾ ਡਿੱਗਿਆ
ਨਾ ਰੁਲ਼ਿਆ ਨਾ ਮਿਟਿਆ
ਅੰਬਰ ਤੇ ਜਾ ਦਰਸ਼ਨੀ ਹੋਇਆ
ਇਤਿਹਾਸ ਦੇ ਅੰਬਰ ਤੇ
ਸੋਚਾਂ ਦੇ ਅਸਮਾਨ ਤੇ
ਜੋ ਰਾਹ ਰੁਸ਼ਨਾਉਂਦਾ ਰਹੇਗਾ ਮਨੁੱਖਾਂ ਦਾ
ਮਨੁੱਖਤਾ ਦੇ ਰਹਿਣ ਤੱਕ
ਹੁਣੇ ਮੈਂ ਕੇਸੀ ਨ੍ਹਾਵਾਂਗਾ
ਕੇਸਾਂ ਨੂੰ ਮਲਦਿਆਂ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ
ਕੁਝ ਇਸ ਤਰ੍ਹਾਂ-
ਯਾਰ ਤੂੰ ਵੀ ਕਿਸੇ ਕੰਮ ਆਇਆ ਕਰ
ਦਿਨੇ ਮੋਢਿਆਂ ਤੇ ਝੂਟੇ ਹੀ ਨਾ ਲੈਂਦਾ ਰਿਹਾ ਕਰ
ਰਾਤ ਨੂੰ ਸਰਾਹਣਾ ਹੀ ਨਾ ਮਿੱਧਿਆ ਕਰ
ਅੱਜ ਦੇ ਦਿਨ ਗੁਰੂ ਨੇ ਸੀਸ ਦਿੱਤਾ ਸੀ
ਮੈਂ ਅੱਜ ਆਪਣੇ ਸਿਰ ਨਾਲ ਗੱਲਾਂ ਕਰਾਂਗਾ
ਪਿਆਰ ਨਾਲ

20. ਆਜ਼ਾਦੀ

ਚਿੜੀ ਨੇ ਆਪਣੀ ਆਜ਼ਾਦੀ ਦੀ
ਪਹਿਲੀ ਜਾਂ ਦੂਸਰੀ ਲੜਾਈ ਨਹੀਂ ਲੜੀ
ਨਾ ਤੀਸਰੀ ਲੜਨੀ ਹੈ
ਫਿਰ ਵੀ ਚਿੜੀ ਗੁਲਾਮ ਨਹੀਂ
ਚਿੜੀ ਨੇ ਆਪਣੀ ਆਜ਼ਾਦੀ ਦੀ
ਵਰ੍ਹੇਗੰਢ ਜਾਂ ਜੁਬਲੀ ਨਹੀਂ ਮਨਾਈ
ਨਾ ਸ਼ਤਾਬਦੀ ਮਨਾਉਣੀ ਹੈ
ਫਿਰ ਵੀ ਚਿੜੀ ਗਲਾਮ ਨਹੀਂ
ਚਿੜੀ ਨੂੰ ਕਿਸੇ ਵਿਰੁੱਧ ਬੋਲਣ
ਜਾਂ
ਲਿਖਣ ਦੀ ਮਜਬੂਰੀ ਨਹੀਂ
ਕਿਉਂਕਿ ਚਿੜੀ ਆਜ਼ਾਦ ਹੈ
ਚਿੜੀ ਕਦੇ ਆਜ਼ਾਦੀ ਬਾਰੇ ਭਾਸ਼ਨ ਨਹੀਂ ਦਿੰਦੀ
ਚਿੜੀ ਕਦੇ ਆਜ਼ਾਦੀ ਬਾਰੇ ਭਾਸ਼ਨ ਨਹੀਂ ਸੁਣਦੀ
ਨਾ ਖੋਹ ਕੇ ਖਾਂਦੀ ਹੈ
ਨਾ ਛੁਪ ਕੇ ਪਿਆਰ ਕਰਦੀ ਹੈ
ਗੁਲਾਮੀ ਤੇ ਸਭਿਅਤਾ ਦਾ ਫਰਕ ਸਮਝਣ ਲਈ
ਕਿਸੇ ਚਿੰਤਨ ਵਿਚ ਨਹੀਂ ਪੈਂਦੀ
ਕਿਉਂਕਿ ਚਿੜੀ ਆਜ਼ਾਦ ਹੈ
ਚਿੜੀ ਕਿੰਨੇ ਕਾਸੇ ਤੋਂ ਮੁਕਤ ਹੈ
ਨਾ ਕੋਈ ਤਾਈ
ਨਾ ਭਰਜਾਈ
ਨਾ ਕੋਈ ਖੁਦਾਅ
ਨਾ ਮਦਰ ਇਨ ਲਾਅ
ਸੋਚਦਿਆਂ ਸੋਚਦਿਆਂ
ਸਾਡਾ ਵੀ ਚਿੜੀ ਹੋਣ ਨੂੰ ਜੀਅ ਕਰਦਾ
ਪਰ ਚਿੜੀ ਦੀ ਜ਼ਿੰਦਗੀ ਤਾਂ
ਘੱਟ ਨਹੀਂ ਦੁਸ਼ਵਾਰ
ਸੌ ਕਜੀਏ
ਆਂਡੇ ਆਲ੍ਹਣਾ ਬੱਚੇ ਪਰਿਵਾਰ
ਨ੍ਹੇਰੀ ਝੱਖੜ ਗੜੇ ਵਰਖਾ ਮੋਹਲੇਧਾਰ
ਚਿੜੀ ਤੋਂ ਵੀ ਪਿਛੇ ਜਾਣਾ ਪਵੇਗਾ ਆਜ਼ਾਦੀ ਖਾਤਰ
ਪਿੱਛੇ ਤੋਂ ਪਿੱਛੇ
ਅਮੀਬੇ ਤੱਕ
ਉਸ ਤੋਂ ਵੀ ਪਿੱਛੇ
ਆਪਣੇ ਕੁਝ ਵੀ ਨਾ ਹੋਣ ਤੱਕ
ਨਾ ਬਾਬਾ ਨਾ
ਪਿੱਛੇ ਨਹੀਂ ਅੱਗੇ ਹੀ ਚਲਦੇ ਹਾਂ
ਚਿੜੀ ਏਨੀ ਆਜ਼ਾਦ ਨਾ ਕਿ
ਕੁਝ ਹੋਰ ਹੋਣ ਬਾਰੇ ਸੋਚ ਸਕੇ
ਆਦਮੀ ਹੋਣ ਦਾ ਸੁਪਨਾ ਲੈ ਸਕੇ
ਅਸੀਂ ਕੁਝ ਵੀ ਹੋਣ ਬਾਰੇ
ਸੋਚ ਸਕਦੇ
ਸੁਪਨ ਸਕਦੇ
ਚਲੋ, ਆਜ਼ਾਦੀ ਨਾਲ
ਆਦਮੀ ਹੋਣਾ ਸੋਚੀਏ
ਰੱਬ ਹੋਣਾ ਲੋਚੀਏ

21. ਭਾਣਾ

ਕਿੰਨਾ ਚੰਗਾ ਹੁੰਦਾ
ਬਿਮਾਰ ਹੋਣਾ
ਬਿਸਤਰ 'ਤੇ ਪੈਣਾ
ਤਪਦਿਆਂ ਹਫਦਿਆਂ ਦੇ
ਛਾਵੇਂ ਸਾਹ ਲੈਣ ਵਾਂਗ
ਪਿੱਛੇ ਉਡਦੀ ਧੂੜ ਨੂੰ
ਤੇ ਅਗਲੇ ਰਾਹ ਨੂੰ ਨਿਹਾਰਨਾ
ਰਾਤੀਂ ਸੁੱਤੇ ਪਏ ਘਰ ਦੇ ਜੀਆਂ ਦੇ ਸਹਿਜ ਤੇ ਮਾਸੂਮ ਚਿਹਰੇ
ਨਸ਼ਿਆ ਦਿੰਦੇ ਰਾਤ ਨੂੰ
ਸਾਹਾਂ ਹੂੰਗਿਆਂ ਹਟਕੋਰਿਆ 'ਚੋਂ
ਛਲਕਦੀ ਏ ਪਾਰਦਰਸ਼ੀ ਕਵਿਤਾ
ਉਪਰ ਤਣੀ ਰਿਸ਼ਤਿਆਂ ਦੀ ਚਾਦਰ ਦੀਆਂ
ਰੰਗੀਨ ਡੱਬੀਆਂ
ਤੇ ਟਾਂਵੀਆਂ ਟਾਂਵੀਆਂ ਮੋਰੀਆਂ ਨੂੰ
ਹੁੰਦਾ ਏ ਗਿਣਨ ਮਿਣਨ ਦਾ ਸਮਾਂ
ਢੋਅ ਹੁੰਦਾ ਏ
ਆਪਣੇ ਆਪ ਨੂੰ ਲਾਗੇ ਹੋ ਮਿਲਣ ਦਾ
ਆਪਣੇ ਮਨ ਦੀ ਨਗਨਤਾ ਨੂੰ ਮਾਨਣ ਦਾ
ਬਿਮਾਰ ਹੋਣਾ
ਬਿਸਤਰ ਤੇ ਪੈਣਾ
ਕਿੰਨਾ ਚੰਗਾ ਹੁੰਦਾ

22. ਪੰਛੀ

ਪੰਛੀ ਉਡ ਲੈਂਦਾ ਜਦ ਚਾਹੁੰਦਾ
ਸਾਨੂੰ ਪੈਣ ਜਹਾਜ਼ੀ ਕਜੀਏ
ਸੁਹਣਾ ਘਰ ਆਪ ਬਣਾਉਂਦਾ
ਅਸੀਂ ਸੌ ਸੌ ਮਿਸਤਰੀ ਸੱਦੀਏ
ਉਹ ਸਭ ਕਰਦਾ ਢਿੱਡ ਭਾਉਂਦਾ
ਅਸੀਂ ਸੰਗਲ ਸਮਾਜੀ ਬੱਝੀਏ
- - - - - - - - - -
ਉਹ - - - - - - - -
ਅਸੀਂ - - - - - - - -
- - - - - - - - - -
ਉਹ ਰੋਮ ਰੋਮ ਮਟਕਾਉਂਦਾ
ਅਸੀਂ ਕੁਹਜ ਆਪਣਾ ਕੱਜੀਏ
ਫਿਰ ਕਿਉਂ ਪਰਿੰਦੇ ਦੀ
ਆਦਮ ਤੋਂ ਉਤੇ ਜ਼ਾਤ ਨਾ
ਏਸ ਲਈ ਕਿ ਓਸ ਕੋਲ
'ਸ਼ਬਦ' ਵਾਲੀ ਦਾਤ ਨਾ
ਸੌਗਾਤ ਨਾ

23. ਜ਼ੀਰੋ

ਅਸੀਂ ਜ਼ੀਰੋ ਦਾ ਅੰਕ ਈਜਾਦ ਕਰਨ ਵਾਲੀ
ਪ੍ਰਾਚੀਨ ਸੱਭਿਅਤਾ ਦੇ ਵਰਤਮਾਨ ਹਾਂ
ਸਾਰੇ ਪਾਸਿਆਂ ਤੋਂ ਬੰਦ ਜ਼ੀਰੋ
ਸਾਡਾ ਮੂਲ ਮੰਤਰ ਬਣਕੇ
ਸਾਡੇ ਖੂਨ ਵਿਚ ਊਂਘਦੀ ਫਿਰਦੀ ਹੈ
ਜਾਂ ਸਾਡੇ ਮੱਥੇ ਅੰਦਰ ਫਸੀ ਹੋਈ ਹੈ
ਜ਼ੀਰੋ ਕਿਸੇ ਵੀ ਆਕਾਰ ਦੀ ਹੋਵੇ
ਛੋਟੀ ਜਾਂ ਵੱਡੀ ਜਾਂ ਬਹੁਤ ਵੱਡੀ
ਜ਼ੀਰੋ ਹੀ ਰਹਿੰਦੀ
ਆਪਣਾ ਮੁੱਲ ਕੁਝ ਨਹੀਂ ਹੁੰਦਾ
ਜਿਸਦੇ ਮਗਰ ਲਗਦੀ
ਉਹ ਦਸ ਗੁਣਾ ਹੋ ਜਾਂਦਾ
ਚੌਕੇ ਮਗਰ ਲੱਗ ਕੇ
ਚੌਕੇ ਨੂੰ ਚਾਲੀ ਬਣਾਓਂਦੀ
ਸਾਤੇ ਮਗਰ ਲੱਗਕੇ ਸੱਤਰ ਬਣਾਓਂਦੀ
ਜ਼ੀਰੋ ਦੂਸਰਿਆਂ ਦੇ ਮਗਰ ਲੱਗਣ ‘ਚ ਹੀ
ਆਪਣੀ ਟੌਹਰ ਸਮਝਦੀ
ਜ਼ੀਰੋ ਦਾ ਕਿਸੇ ਦੇ ਮੂਹਰੇ ਲੱਗਣ ਦਾ
ਕੋਈ ਅਰ੍ਥ ਨਹੀਂ ਹੁੰਦਾ
ਆਪਣੇ ਜ਼ੀਰੋ ਹੋਣ ਦਾ ਅਹਿਸਾਸ
ਸੁਰੱਖਿਅਤ ਰੱਖਣ ਵਾਲੇ ਅਸੀਂ
ਜ਼ੀਰੋ ਵਾਂਗ
ਦੂਜਿਆਂ ਦੇ ਮਗਰ ਲੱਗਣ ਗਿੱਝ ਗਏ ਹਾਂ
ਅਸੀਂ ਕਦੇ ਸੋਚਿਆ
ਕਿ ਖੱਬੇ ਪਾਸੇ ਵਾਲੇ
ਇੱਕ ਚਮਤਕਾਰੀ ਹਿੰਦਸੇ ਦੇ ਮਗਰ ਲੱਗ ਕੇ
ਵੱਡੀ ਰਕਮ ਬਣਾਵਾਂਗੇ
ਖੱਬੇ ਪਾਸੇ ਵਾਲਾ ਖੁਦ ਹੀ ਨਾ ਰਿਹਾ
ਤਾਂ ਅਸੀਂ ਰਹਿ ਗਏ ਇਕੱਲੇ ਛਟਪਟਾਓਂਦੇ ਜ਼ੀਰੋ ਦੇ ਜ਼ੀਰੋ
ਲੰਮੀਆਂ ਉਦਾਸੀਆਂ ਵਾਲੇ ਆਪਣੇ ਬਾਬੇ ਤੋਂ
ਉਦਾਸੀਆਂ ਦਾ ਵਰ ਨਹੀਂ ਮੰਗ ਸਕਦੇ
ਕਿਓਂਕਿ ਅਸੀਂ
ਜ਼ੀਰੋ ਵਰਗੀਆਂ ਗੋਲ ਪ੍ਰਕਰਮਾ ਤਾਂ ਕਰ ਸਕਦੇ ਹਾਂ
ਉਦਾਸੀਆਂ ਤੇ ਨਹੀਂ ਚੜ ਸਕਦੇ
ਆਕਾਸ਼ ਵਿਚ ਅਲਮਸਤ ਨਹੀਂ ਉੱਡ ਸਕਦੇ
ਪਰਵਾਜ਼ ਨਹੀਂ ਭਰ ਸਕਦੇ
ਉੱਪ ਗ੍ਰਹਿ ਵਾਂਗ
ਨਿਸ਼ਚਿਤ ਗੋਲ ਧਾਰੇ ਵਿੱਚ ਹੀ ਘੁੰਮ ਸਕਦੇ ਹਾਂ
ਸਾਡਾ ਮਾਰ੍ਗ ਤਾਂ ਹੋ ਸਕਦਾ ਜ਼ੀਰੋ ਵਰਗਾ
ਗੋਲ ਜਾਂ ਇਲੈਪਟੀਕਲ
ਜੋ ਭੂਤ ਓਹੀ ਭਵਿੱਖ
ਪੈਰਾਬੌਲਿਕ ਪਾਥ ਬਾਰੇ ਨਹੀਂ ਸੋਚ ਸਕਦੇ
ਸਾਨੂੰ ਅਨੰਤ ਭਵਿਖ ਤੋਂ ਡਰ ਲਗਦਾ ਹੈ

24. ਸ਼ਹੀਦ ਊਧਮ ਸਿੰਘ

ਮੈਂ ਅਕਸਰ ਵਿਸਾਰ ਦਿੰਦਾ
ਸੌਣ ਵੇਲੇ ਕੀਤਾ
ਸਵੇਰੇ ਜਲਦੀ ਜਾਗਣ ਦਾ
ਸੈਰ ਕਰਨ ਦਾ
ਪ੍ਰਣ
ਤੇ ਹੋਰ ਕਿੰਨਾ ਕੁਝ
ਇਕ ਰਾਤ ਦੀ ਨੀਂਦ ਕਾਫੀ ਹੁੰਦੀ
ਬੰਦੇ ਨੂੰ ਕਸਮ ਤੋੜਨ ਲਈ
ਸਹੁੰ ਸੁਗੰਧ ਭੁੱਲਣ ਲਈ
ਪਰ ਇੱਕੀ ਸਾਲਾਂ ਦੀਆਂ
ਸਾਢੇ ਸੱਤ ਹਜ਼ਾਰ ਤੋਂ ਵੱਧ
ਰਾਤਾਂ ਦੀ ਨੀਂਦ ਵੀ
ਭੁਲਾ ਨਾ ਸਕੀ
ਤੈਨੂੰ
ਤੇਰਾ
ਪ੍ਰਣ
ਸਮਾਂ ਭਰ ਦਿੰਦਾ ਜਣੇ ਖਣੇ ਦੇ ਜ਼ਖਮ
ਪਰ ਤੈਂ ਆਪਣੇ
ਜ਼ਖਮੀ ਦਿਲ ਅਤੇ ਰੂਹ ਦੇ ਦਰਦ ਨੂੰ
ਚਾਲ਼ੀ ਕਰੋੜ ਨਾਲ ਅਜਿਹੀ ਜਰਭ ਦਿੱਤੀ
ਕਿ ਜ਼ਖਮ ਦੇ ਭਰਨ ਲਈ
ਚਾਲੀ ਕਰੋੜ ਦਿਨ-ਰਾਤਾਂ ਦਾ ਸਮਾਂ ਚਾਹੀਦਾ ਸੀ
ਪਰ ਤੂੰ ਦਿਨਾਂ-ਰਾਤਾਂ ਨੂੰ
ਵਕਤ ਨੂੰ
ਆਪਣੇ ਜ਼ਖਮ ਨੂੰ ਛੂਹਣ ਦੀ ਆਗਿਆ ਨਾ ਦਿੱਤੀ
ਆਪਣੇ ਦਰਦ ਦਾ ਇਲਾਜ
ਆਪਣੇ ਹੱਥੀਂ
ਪ੍ਰਣ ਪੂਰਤੀ ਨਾਲ ਕੀਤਾ
ਤੇ ਤੇਰੇ ਵਲੋਂ ਵਿਹਲੇ ਹੋਏ
ਕਰੋੜਾਂ ਦਿਨਾਂ-ਰਾਤਾਂ ਦੇ ਜੋੜਿਆਂ ਕੋਲ
ਤੇਰੀ ਅਮਰਤਾ ਨੂੰ ਗਾਉਣ ਤੋਂ ਬਿਨਾਂ
ਕੋਈ ਚਾਰਾ ਨਾ ਰਿਹਾ

25. ਟੀਸੀਆਂ ਨੂੰ ਛੁਹਣਾ

ਦੁਨੀਆਂ ਦੀ ਟੀਸੀ ਤੇ ਹੋਣ ਦਾ ਅਹਿਸਾਸ ਹੋ ਸਕਦਾ
ਨੀਵਾਣਾਂ 'ਚ ਉਤਰਨਾ
ਕੁਦਰਤ ਦੀ ਗੋਦ ਵਿਚ ਵਲੀਨ ਹੋਣਾ ਲੱਗ ਸਕਦਾ
ਪਰ ਲੱਗਣਾ ਹੋਣਾ ਨਹੀਂ ਹੁੰਦਾ।

26. ਭਾਂਡਾ ਕਹੇ ਘੁਮਾਰ

ਮਾਂ
ਤੂੰ ਕਾਇਆਨਾਤ ਤੋਂ
ਹਵਾ ਪਾਣੀ ਮਿੱਟੀ ਦਾ ਕਣ ਕਣ ਲੈ ਕੇ
ਮੈਨੂੰ ਜੋੜਿਆ
ਆਪਣੀ ਦੇਹ ਦੇ ਚੱਕ ਤੇ ਅਕਾਰਿਆ
ਤੇ ਅੰਦਰਲੇ ਸੇਕ ਨਾਲ ਪਕਾਇਆ
ਮੈਂ ਤੇਰੇ ਕਰਕੇ ਪੂਰੀ ਕਾਇਨਾਤ ਦਾ 'ਹੋਣ' ਹਾਂ
ਸੱਚ ਦੱਸਾਂ
ਇਕ ਸੱਚ ਮੋਨ ਹੋ ਪਥਰਾ ਗਿਆ ਮੇਰੇ ਅੰਦਰ
ਪਥਰੀ ਬਣ ਚੁੱਪ ਚਾਪ ਬੈਠਾ ਹੈ
ਜਿਸ ਦੇ ਬੋਲਣ ਨਾਲ
ਜਵਾਲਾਮੁਖੀ ਫਟ ਸਕਦੇ
ਆ ਸਕਦੇ ਭੁਚਾਲ ਤੂਫਾਨ ਸੁਨਾਮੀ
ਇਸ ਖੌਫ਼ ਕਰਕੇ
ਮੇਰਾ ਸ੍ਰਿਸ਼ਟੀ ਨਾਲ ਰਿਸ਼ਤਾ ਝੂਠਾ ਹੋ ਗਿਆ ਹੈ
ਕਾਇਨਾਤ ਨਾਲੋਂ ਟੁੱਟ ਰਿਹਾ ਹਾਂ
ਜਿਸ ਤੋਂ ਕਣ ਕਣ ਲੈ ਕੇ
ਤੂੰ ਜੋੜਿਆ ਮੈਨੂੰ
ਤੂੰ ਨਹੀਂ ਚਾਹੇਂਗੀ
ਕਿ ਮੈਨੂੰ ਮਾਰੇ
ਖੌਫ਼-ਰੋਗ ਦਾ ਸੋਕੜਾ
ਤੈਨੂੰ ਆਪਣੀ ਸੱਚ-ਪਥਰੀ ਸੱਚ ਸੌਂਪ ਰਿਹਾਂ
ਦਿਲ ਕਰੇ ਆਪਣੇ ਕੋਲ ਸਾਂਭ ਰੱਖੀਂ
ਦਿਲ ਕਰੇ ਤਾਂ
ਆਪਣੇ ਤਰੀਕੇ ਨਾਲ
ਆਪਣੇ ਸਲੀਕੇ ਨਾਲ
ਇਸ ਦਾ ਕਣ ਕਣ
ਨਸ਼ਰ ਕਰ ਦੇਈਂ ਸਾਰੀ ਕਾਇਨਾਤ ਨੂੰ
ਜਿਸ ਤੋਂ ਕਣ ਕਣ ਲੈ ਕੇ
ਤੂੰ ਜੋੜਿਆ ਮੈਨੂੰ
ਤੇਰੀ ਮਰਜ਼ੀ ਹੈ
ਤੇਰੇ ਕਰਕੇ ਮੈਂ ਸਾਰੀ ਸ੍ਰਿਸ਼ਟੀ ਦਾ ਹੋਣ ਹਾਂ

27. ਮਾਮੀ ਮਰੀ ਤੇ

ਜਿਉਂਦੇ ਜੀਅ ਮਾਮੀ ਤਰਸੇਮ ਕੋਰ ਭੁੱਲੀ ਤਾਂ ਨਹੀਂ ਸੀ ਹੋਈ
ਪਰ ਉਹ ਦਾ ਕਿੰਨਾ ਕੁਛ ਭੁੱਲਿਆ ਹੋਇਆ ਸੀ
ਅੱਜ ਮਰੀ ਤੇ ਯਾਦ ਆਇਆ

ਯਾਦ ਆਇਆ ਉਹਦਾ ਮਾਂ ਨੂੰ ਬੀਬੀ ਪਾਸ਼ੀ ਕਹਿਣਾ
ਉਹਦਾ ਆਏ ਪ੍ਰਾਹੁਣੇ ਤੋਂ
ਨਿਆਣੇ ਨਿੱਕਿਆਂ ਦਾ ਹਾਲ ਪੁੱਛਣ ਦਾ ਸਲੀਕਾ
ਯਾਦ ਆਏ ਉਹਦੇ ਲੰਮੇ ਪਤਲੇ ਹੱਥ
ਘਰ ਦੇ ਕੰਮ ਜਾਂ ਸਿਰ ਦਾ ਲੀੜਾ ਸੁਆਰਦੇ
ਉਹਦਾ ਕੰਨਾਂ ਤੋਂ ਅੱਗੇ ਤੱਕ ਲੀੜਾ ਰੱਖਣਾ ਯਾਦ ਆਇਆ

ਇਹ ਵੀ ਯਾਦ ਆਇਆ ਕਿ ਮਾਮੀ ਦੀਆਂ ਬਾਹਵਾਂ
ਕਦੇ ਵੱਖੀਆਂ ਬਰੋਬਰ ਸਿੱਧੀਆਂ ਲਮਕਦੀਆਂ ਨਹੀਂ ਸੀ ਦੇਖੀਆਂ
ਖੜ੍ਹੀ ਗੱਲਾਂ ਕਰਦੀ ਮਾਮੀ ਦੇ ਹੱਥ ਵੀ
ਇਕ ਦੂਏ ਨੂੰ ਛੂੰਹਦੇ ਹੁੰਦੇ
ਜਾਂ ਅੱਧ ਜੁੜੇ ਹੁੰਦੇ

ਯਾਦ ਆਇਆ ਉਹਦਾ ਨਾ-ਘੂਰਨਾ, ਨਾ-ਡਾਂਟਣਾ
ਨਾ-ਉੱਚਾ ਬੋਲਣਾ, ਨਾ-ਬਹਿਸਣਾ
ਯਾਦ ਆਇਆ ਉਹਦਾ ਤਿਊੜੀ ਰਹਿਤ ਮੱਥਾ

ਯਾਦ ਆਈ
ਉਹਦੇ ਚੋਂ ਨਣਦ ਜਾਂ ਜਿਠਾਣੀ ਵਾਲੇ
ਲੱਛਣਾਂ ਦੀ ਗੈਰ ਹਾਜ਼ਰੀ
ਮਾਮੀ ਅੰਦਰੋਂ ਸੱਸ ਕਦੇ ਨਾ ਦਿਸੀ ਸੀ
ਮਾਮੀ ਕੁਛ ਜ਼ਿਆਦਾ ਹੀ ਮਾਮੀ ਸੀ

ਯਾਦ ਆਈ ਉਹਦੀ ਨਿਰਲੇਪਤਾ ਸਭ ਰੌਲਿਆਂ ਤੋਂ
ਉਹਦੀ ਅਣਜਾਣਤਾ ਕਈ ਆਮ ਗੱਲਾਂ ਤੋਂ
ਅੱਜ ਮਾਮੇ ਨੇ ਕਿਹਾ-
ਕਬੀਲਦਾਰੀ ਦੇ ਹੱਕ ਨੂੰ ਬੜੀ ਸਿਆਣੀ ਸੀ
ਤਾਂ ਯਾਦ ਆਇਆ
ਆਏ ਗਏ ਤੇ ਮਾਮੇ ਦਾ ਮਾਮੀ ਨੂੰ ਭੋਲੋ ਕਹਿ ਕੇ
ਟਿੱਚਰ ਕਰਨ ਦਾ ਦਿਖਾਵਾ ਕਰਨਾ

ਇਹ ਸਭ ਮੈਨੂੰ ਕਿਉਂ ਭੁੱਲਿਆ ਹੋਇਆ ਸੀ
ਜੋ ਯਾਦ ਕਰਾਉਣ ਲਈ ਮਾਮੀ ਨੂੰ ਮਰਨਾ ਪਿਆ

28. ਮੁਕਤੇ

ਕਹਿਣ ਨੂੰ ਤਾਂ ਉਹ ਵੀ ਸਿੰਘ ਸਨ
ਜੋ ਬੇਦਾਵਾ ਲਿਖਣ ਬੈਠੇ ਸਨ
ਅੰਮ੍ਰਿਤ ਤਾਂ ਉਹਨਾਂ ਵੀ ਪੀਤਾ ਸੀ
ਪਰ ਮੁਫਤ ਪੀਤਾ ਸੀ
ਕੁਝ ਅਰਪਨ ਨਹੀਂ ਕੀਤਾ ਸੀ
ਜੋ ਬਿਜਲੀ ਕੜਕੀ ਤੋਂ ਕਹਿਣ ਲੱਗੇ-
ਅਸੀਂ ਖੁਲ੍ਹੇ ਮੈਦਾਨ ਤੋਂ
ਅਸਮਾਨ ਤੋਂ ਕੀ ਲੈਣਾ ਹੈ
ਵਾਪਸ ਪਿੰਜਰਿਆਂ ਨੂੰ ਪਰਤਦੇ ਹਾਂ
ਕਹਿਣ ਨੰ ਤਾਂ ਉਹ ਵੀ ਸਿਰਦਾਰ ਸਨ
ਪਰ ਉਹਨਾਂ ਧੜਾਂ ਤੇ ਸਿਰ ਨਜ਼ਰ ਨਾ ਆਏ
ਲੁਕੇ ਹੋਏ ਗੁਰੂ ਦੇ ਕਰਜ਼ ਦੀਆਂ ਪੰਡਾਂ ਹੇਠ
ਪਹਿਨਣ ਨੂੰ ਕਕਾਰ ਤਾਂ ਉਹਨਾਂ ਵੀ ਪਹਿਨੇ ਸਨ
ਜੋ ਕਹਿ ਆਏ-
ਅਸੀਂ ਤੇਰੇ ਸਿੱਖ ਨਹੀਂ
ਪਰ ਉਹਨਾਂ ਕੜਿਆਂ ਨੂੰ
ਚੂੜੀਆਂ ਨੱਕ ਬੁੱਲ੍ਹ ਕੱਢੇ ਸਨ
ਉਹਨਾਂ ਕੰਘਿਆਂ ਤੇ
ਕੈਂਚੀਆਂ ਖਚਰਾ ਹੱਸੀਆਂ ਹਨ
ਚੁੱਲ੍ਹਿਆਂ ਮੁੱਢ ਪਏ ਚਿਮਟਿਆਂ ਨੂੰ
ਉਹਨਾਂ ਕਿਰਪਾਨਾਂ ਦੇ ਲੋਹੇ ਦੀ ਕਿਸਮਤ 'ਤੇ
ਬੜਾ ਤਰਸ ਆਇਆ ਸੀ
ਮਾਸੂਮ ਬਾਲਾਂ ਦੇ ਨੰਗੇਜ਼ ਨੂੰ
ਉਹ ਕਛਹਿਰੇ ਬੜੇ ਅਸ਼ਲੀਲ ਲੱਗੇ ਸਨ
ਕਕਾਰ ਤਾਂ ਉਹਨਾਂ ਵੀ ਪਹਿਨੇ ਸਨ
ਗੁਰੂ ਤੋਂ ਬੇਮੁਖ ਹੋਏ ਜੋ
ਘਿਰ ਗਏ
ਟਿੱਚਰਾਂ ਤਰਸਾਂ ਸ਼ਰਮਸਾਰੀਆਂ ਖਚਰੇ ਹਾਸਿਆਂ ਇਲਜ਼ਾਮਾ ਵਿਚਾਲੇ
ਸਿਰਾਂ ਤੇ ਕਰਜ਼ ਦੀਆਂ ਪੰਡਾਂ ਸਨ
ਐਸਾ ਬੋਝ ਤਾਂ ਗੁਰੂ ਦੇ ਹਜ਼ੂਰ ਲਹਿੰਦਾ ਹੈ
ਸੀਸ ਭੇਟ ਕਰਨਾ ਪੈਂਦਾ ਹੈ
ਢਾਬ ਤੇ ਗੁਰੂ ਦਰਬਾਰ ਸਜਿਆ
ਟਿੱਬੀ ਤੇ ਗੁਰੂ ਸਸ਼ੋਭਤ ਸੀ
ਇਥੇ ਸਿਰਾਂ ਦੀ ਭੇਟ ਹੋਈ
ਸਿਰਾਂ ਦੇ ਨਾਲ ਹੀ ਲੱਥਾ
ਸਿਰੀਂ ਜੋ ਕਰਜ਼ ਚੜ੍ਹਿਆ ਸੀ
ਪਰ ਲਹਿਣੇਦਾਰ
ਕਦੀ ਕਰਜ਼ੇ ਦਾ ਕਾਗਜ਼ ਨਹੀਂ ਗੁਆਉਂਦੇ
ਕਰਜ਼ੇ ਦਾ ਕਾਗਜ਼ ਪਾਟਾ ਕਰਜ਼ ਮੁਕਤ ਹੋਏ ਨੇ
ਤਾਂ ਮੁਕਤੇ ਹੋਏ ਨੇ
ਗੁਰੂ ਗੋਦ ਦਾ ਨਿੱਘ ਮਿਲਿਆ ਹੈ
ਕਕਾਰ ਗੁਰੂ ਦਾ ਪਿਆਰ ਹੋਏ ਨੇ
ਤੇ ਚਾਲੀ ਉਹਨਾਂ ਪੰਜਾਂ ਨਾਲ ਖਲੋਏ ਨੇ
ਜਿਹਨਾਂ ਅੰਮ੍ਰਿਤ ਲਈ
ਸੀਸ ਭੇਟ ਕੀਤਾ ਸੀ
ਕਹਿਣ ਨੂੰ ਤਾਂ ਇਹ ਓਦੋਂ ਵੀ ਸਿਰਦਾਰ ਸਨ
ਜਦ ਅੰਮ੍ਰਿਤ ਮੁਫ਼ਤ ਪੀਤਾ ਸੀ
ਕਹਿਣ ਨੂੰ ਤਾਂ ਓਦੋਂ ਵੀ ਸਿੰਘ ਸਨ
ਜਦ ਪਿੰਜਰਿਆਂ ਨੂੰ ਪਰਤੇ ਸਨ
ਪਹਿਨਣ ਨੂੰ ਓਦੋਂ ਵੀ ਕਕਾਰ ਪਹਿਨੇ ਸਨ
ਪਰ ਗੱਲ ਕਹਿਣ ਦੀ ਨਹੀਂ ਹੁੰਦੀ
ਗੱਲ ਨਿਰੀ ਪਹਿਨਣ ਦੀ ਨਹੀਂ ਹੁੰਦੀ

29. ਜੈਤਾ ਜੀਵਨ ਸਿੰਘ

ਸਿੱਖ ਸੀ ਜੈਤਾ
ਗੁਰੂ ਦੇ ਧੜੋਂ ਲੱਥੇ ਸੋਚ-ਸਰੋਤ
ਸੀਸ ਨੂੰ
ਕਿਸੇ ਰਾਜਧਾਨੀ ਵਿਚ ਰੁਲ਼ਣ ਨਾ ਦਿੱਤਾ।
ਮੋਹ ਪੁਗਾਇਆ
ਗੁਰੂਧਾਨੀ ਵੱਲ ਧਾਇਆ।
ਨੇਰ੍ਹੀ ਨੇਰ੍ਹ ਤੇ ਹਕੂਮਤੀ ਪਹਿਰੇ ਚੀਰ ਕੇ ਦੱਸਿਆ
ਜੇਤੂ ਹੋਣਾ ਕੀ ਹੁੰਦਾ।
ਸਿੰਘ ਬਣ ਕੇ ਜੈਤਾ
ਜੀਵਨ ਸਿੰਘ ਹੋਇਆ
ਗੁਰੂ ਦਾ ਲਾਡਲਾ
ਗੁਰੂ ਦੇ ਲਾਡਲਿਆਂ ਸੰਗ ਨਿੱਤਰਿਆ।
ਕਹਿੰਦਾ ਗੁਰੂ ਦਾ ਆਦੇਸ਼ ਹੈ
ਬੇਦਿਲੀ ਕੂੜ ਜਬਰ ਅਨਿਆਂ ਨੂੰ
ਮਾਰਨ ਲਈ ਲੜਾਂਗਾ
ਇਹ ਰਹਿਣਗੇ ਜਾਂ ਮੈਂ ਰਹਾਂਗਾ।
ਮੌਤ ਦੀ ਬਾਂਹ 'ਚ ਬਾਂਹ ਪਾ ਨੱਚਿਆ
ਅੱਖਾਂ 'ਚ ਅੱਖਾਂ ਪਾ ਤੱਕਿਆ
ਓਸਨੂੰ ਦੱਸਿਆ
ਕਿ ਸਿੰਘ ਲਈ ਜੀਵਨ ਦਾ ਅਰਥ ਕੀ ਹੁੰਦਾ।
ਸ਼ਰਮ ਦੀ ਮਾਰੀ
ਕਹੇ ਮੌਤ ਵਿਚਾਰੀ-
ਜੇ ਤੈਨੂੰ ਪਸੰਦ ਨਹੀਂ ਤਾਂ
ਮੈਂ ਆਪਣਾ ਨਾਂ
ਬਦਲ ਕੇ ਸ਼ਹੀਦੀ ਰੱਖਾਂ ?
ਪਰ ਮੈਂ
ਨਾ ਜੈਤਾ ਨਾ ਜੀਵਨ ਸਿੰਘ
ਨਾ ਪ੍ਰੇਮੀ ਨਾ ਜੇਤੂ
ਨਾ ਲਾਡਲਾ ਨਾ ਲੜਾਕੂ
ਚੜ੍ਹਦੀ ਕਲਾ ਤੋਂ ਦੂਰ ਨਾਖੁਸ਼
ਨਾਂਮਾਤਰ ਖੁਸ਼
ਜਾਂ ਬਨਾਉਟੀ ਖੁਸ਼ ਹਾਂ
ਸੋਚਦਾ ਕੁਛ ਕਹਿੰਦਾ ਕੁਛ
ਤੇ ਕਰਦਾ ਕੁਛ ਹਾਂ
ਬੱਸ ਪੀਂਦਾ ਖਾਂਦਾ
ਤੱਕਦਾ ਰਹਿੰਦਾ
ਸਹਿਣ ਕਰੀ ਜਾਂਦਾ
ਨਾਂ ਕੀ ਏ ?
ਨਾਂ ਨਾਲ ਸਿੰਘ ਲਿਖਿਆ ਕਿ ਨਹੀਂ
ਕੀ ਫਰਕ ਪੈਂਦਾ?

30. ਝੰਡਾ ਸਿੰਘ ਅਣਖੀ

ਬਾਹਰਲੇ ਮੁਲਕ ਦਾ ਗੁਰਦਵਾਰਾ
ਝੰਡਾ ਸਿੰਘ ਅਣਖੀ ਦਾ ਭੋਗ
ਵੈਰਾਗ ਸੋਗ
ਰਾਗੀ ਗਾ ਰਹੇ-
ਅਬ ਕੀ ਬਾਰ ਬਖਸਿ ਬੰਦੇ ਕਉ
ਅੰਤਮ ਅਰਦਾਸ ਹੋਏਗੀ-
ਵਿਛੜੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਬਖ਼ਸ਼ਣਾ ਜੀ
ਉਪਰੰਤ
ਸ਼ਰਧਾਂਜਲੀਆਂ ਭੇਟ ਹੋਣਗੀਆਂ
ਸੰਗਤਾਂ ਲੇਟ ਹੋਣਗੀਆਂ
ਝੰਡਾ ਸਿੰਘ ਦੇ ਸੰਗਰਾਮੀਏ ਜੀਵਨ ਤੇ
ਚਾਨਣੇ ਪੈਣਗੇ
ਪੁਰਾਣੇ ਸਾਥੀ ਅਤੇ ਆਗੂ ਕਹਿਣਗੇ-
ਪਹਿਲਾਂ ਹਾਲਤ ਹੋਰ ਸੀ
ਨਸਲਵਾਦ ਦਾ ਜ਼ੋਰ ਸੀ
ਜਦ ਏਧਰ ਆਏ
ਰੰਗ ਨਸਲ ਭੇਦ ਬੜੇ ਸਤਾਏ
ਅਣਖੀ 'ਸਾਬ ਦੀ ਅਣਖ ਜਾਗੀ
ਅਣਖੀ ਅਖਵਾਏ
ਆਪਣੇ ਲੋਕਾਂ ਨੂੰ ਜਥੇਬੰਦ ਕੀਤਾ
ਜਲਸੇ ਜਲੂਸਾਂ ਮੁਜ਼ਾਹਰਿਆ ਦਾ ਪ੍ਰਬੰਧ ਕੀਤਾ
ਨਸਲਵਾਦੀਆਂ ਵਿਰੁੱਧ ਡਟੇ
ਅੜੇ ਲੜੇ ਖੜ੍ਹੇ
ਪਿੱਛੇ ਨਹੀਂ ਹਟੇ
ਪਤਵੰਤੇ ਬਿਆਨਣਗੇ
ਅਣਖੀ 'ਸਾਬ ਦੀ ਸਖ਼ਸ਼ੀਅਤ ਦੀ ਬੁਲੰਦੀ ਨੂੰ
ਕੁਝ ਜਾਣੂੰ ਦਿਲਾਂ 'ਚ ਕੋਸਣਗੇ
ਮਾੜੀ ਕਿਸਮਤ ਔਲਾਦ ਗੰਦੀ ਨੂੰ
ਮੁੰਡੇ ਨੇ ਗੋਰੀ ਵਿਆਹੀ
ਦਿਲ ਦਾ ਦੌਰਾ ਪਿਆ
ਐਂਬੂਲੈਂਸ ਆਈ
ਮਸੀਂ ਬਚਾਇਆ
ਝੰਡਾ ਸਿੰਘ ਨੂੰ ਯਾਰਾਂ ਜਚਾਇਆ-
ਤੇਰੀ ਜਾਨ ਕਿਉਂ ਜਾਂਦੀ ਐ
ਪੱਲਿਓਂ ਕੀ ਗਿਆ
ਗੋਰਿਆਂ ਦੀ ਕੁੜੀ ਲਿਆਂਦੀ ਐ
ਮਨ ਸਮਝਾਉਣ ਲੱਗਾ
ਗੋਰੀ ਨੂੰਹ ਦੀਆਂ
'ਸਟ ਸਰੀ ਅਕਾਲਾਂ' ਨਾਲ
ਜ਼ਖਮ ਤੇ ਅੰਗੂਰ ਆਉਂਣ ਲੱਗਾ
ਇਹ ਸਦਮਾ ਜਿਵੇਂ ਕਿਵੇਂ ਝੱਲਿਆ
ਪਰ ਹਫਤਾ ਪਹਿਲਾਂ ਉਹਦੇ ਦਿਮਾਗ ਦੇ
ਐਨ੍ਹ ਵਿਚਾਲੇ ਬੰਬ ਚੱਲਿਆ
ਬੰਬ ਦੇ ਪਲੀਤੇ ਨੂੰ
ਲਫ਼ਜ਼ਾਂ ਦੀ ਤੀਲੀ ਡੰਗਿਆ
ਝੰਡਾ ਸਿੰਘ ਨੇ ਪਾਣੀ ਨਹੀਂ ਮੰਗਿਆ
ਲਫ਼ਜ਼ ਬੇਟੀ ਦੇ-
ਡੈਡੀ ਜਾ ਰਹੀ ਹਾਂ
ਆਜ਼ਾਦੀ ਨਾਲ ਆਪਣੀ ਖੁਸ਼ੀ ਲਈ
ਕਾਲ਼ੇ ਨਾਲ ਵਿਆਹ ਕਰਾ ਰਹੀ ਹਾਂ
ਅਚਿੰਤੇ ਬਾਜ ਪਏ
ਰਾਗੀ ਗਾ ਰਹੇ

31. ਨਦੀਏ ਨੀਂ

ਨਦੀਏ ਨੀਂ ਪਿਆਰੀਏ ਨਦੀਏ
ਮਿਲਣ ਤੈਨੂੰ ਜਦ ਆਵਾਂ
ਮੈਂ ਤੇਰੇ ਤੋਂ ਤੈਨੂੰ ਮੰਗਾਂ
ਤੂੰ ਮੈਥੋਂ ਸਿਰਨਾਵਾਂ

ਨਾ ਹਿਰਖਾਂ ਨਾ ਚੀਕ ਪੁਕਾਰਾਂ
ਨੀਰ ਤੇਰੇ ਦੇ ਛਿੱਟੇ ਮਾਰਾਂ
ਚੋਭੀ ਅੱਖ ਹਵਾਵਾਂ

ਹਰ ਥਲ ਦਾ ਕੋਈ ਤਲ ਹੁੰਦਾ
ਮੇਰਾ ਆਪਾ ਜਲ ਥਲ ਹੁੰਦਾ
ਜਦ ਤੇਰੇ ਵਿਚ ਨ੍ਹਾਵਾਂ

ਬਦਨ ਤੇਰੀ ਰੂਹ ਦਾ ਪਹਿਰਾਵਾ
ਇਹ ਪਹਿਰਾਵਾ ਨਹੀਂ ਛਲਾਵਾ
ਹੱਥ ਲਾਵਾਂ ਕਿ ਨਾ ਲਾਵਾਂ

ਤੂੰ ਤੇ ਮੈਂ ਨਾ ਭਾਵੇਂ ਹਾਣੀਂ
ਪਾਣੀ ਜੇਡ ਪਿਆਸ ਪੁਰਾਣੀ
ਪੀਵਾਂ ਕਿ ਮਰ ਜਾਵਾਂ

ਕੀ ਲੈਣਾ ਜਾ ਪਰਲੇ ਕੰਢੇ
ਹਰ ਕੰਢਾ ਜੋੜੇ ਤੇ ਵੰਡੇ
ਮੈਂ ਵਿਚ ਡੁੱਬਣਾ ਚਾਹਵਾਂ

ਆਦਿ ਅੰਤ ਬਿਨ ਤੂੰ ਲਮੇਰੀ
ਡੂੰਘੀ ਰਾਤ ਦੇ ਵਾਂਗ ਡੂੰਘੇਰੀ
ਮੈਂ ਇੱਕ ਕਿਣਕਾ ਗਾਵਾਂ

ਨਦੀਏ ਨੀਂ ਪਿਆਰੀਏ ਨਦੀਏ
ਮਿਲਣ ਤੈਨੂੰ ਜਦ ਆਵਾਂ
ਮੈਂ ਤੇਰੇ ਤੋਂ ਤੈਨੂੰ ਮੰਗਾਂ
ਤੂੰ ਮੈਥੋਂ ਸਿਰਨਾਵਾਂ

32. ਰੱਬ

ਨਿਰੀਆਂ ਵਸਤਾਂ ਦਾ ਰੱਬ ਵਸਤ ਹੈ
ਜਿਉਂਦਿਆਂ ਦਾ ਰੱਬ ਜਿਉਂਦਾ
ਮਸਤਾਂ ਦਾ ਰੱਬ ਮਸਤ ਹੈ
ਭੋਲ਼ੇ ਦਾ ਰੱਬ ਭੋਲ਼ਾ
ਚੁਸਤਾਂ ਦਾ ਰੱਬ ਚੁਸਤ ਹੈ
ਲੋਭੀ ਦਾ ਰੱਬ ਚੜ੍ਹਾਵੇਖੋਰਾ
ਦਇਆਵਾਨ ਦਾ ਰੱਬ ਦਿਆਲੂ
ਬਲ਼ੀਆਂ ਮੰਗਦਾ ਜ਼ਾਲਮ ਦਾ ਰੱਬ
ਮਿਹਰਬਾਨ ਦਾ ਰੱਬ ਕ੍ਰਿਪਾਲੂ
ਰੋਂਦੇ ਸੋ ਫਿਰਨ ਵਰਾਉਂਦੇ ਰੱਬ ਨੂੰ
ਹੱਸਦਿਆਂ ਦਾ ਰੱਬ ਆਪੇ ਰਾਜ਼ੀ
ਮਾੜੇ ਦਾ ਰੱਬ ਨਹੀਂ ਸੁਰੱਖਿਅਤ
ਜੈਸੀ ਜਿੰਦ ਤੈਸਾ ਗੋਬਿੰਦ
ਜੇਹੀ ਜਾਨ ਤੇਹਾ ਭਗਵਾਨ
ਸਭ ਕੋਈ ਰੱਬ ਹੈ ਆਪੇ
ਰੱਬ ਹੀ ਸਭ ਹੈ ਆਪੇ
ਹਰ ਕੋਈ ਹਰਿ ਹੈ
ਹਰ ਇਕ ਦਾ ਇਕ ਹਰਿ ਹੈ
ਛੋਟੇ ਬੰਦੇ ਦਾ ਰੱਬ ਛੋਟਾ
ਵੱਡੇ ਦਾ ਰੱਬ ਵੱਡਾ
ਸਭ ਤੇ ਵੱਡਾ ਨਾਨਕ ਸ਼ਾਇਰ
ਨਾਨਕ ਦਾ ਰੱਬ ਸਭ ਤੋਂ ਵੱਡਾ

33. ਵੇ ਰਾਂਝਣਾ

ਜਿਹੜੇ ਰੰਗ ਵਿਚ ਤੂੰ ਰੰਗਿਆ ਏਂ
ਅਸੀਂ ਵੀ ਓਸੇ ਰੰਗ ਦੇ ਹਾਂ
ਜਿਹੜੇ ਡੰਗ ਦਾ ਤੂੰ ਡੰਗਿਆ ਏਂ
ਡੰਗੇ ਓਸੇ ਡੰਗ ਦੇ ਹਾਂ
ਰੱਬ ਕੋਲੋਂ ਤੂੰ ਸਾਨੂੰ ਮੰਗਦਾ
ਅਸੀਂ ਵੀ ਤੈਨੂੰ ਮੰਗਦੇ ਹਾਂ
ਤੇਰੇ ਵਡੇਰੇ ਜੇ ਤਖ਼ਤ ਹਜ਼ਾਰੇ
ਅਸੀਂ ਵੀ ਪਿੱਛਿਓਂ ਝੰਗ ਦੇ ਹਾਂ

34. ਦੇਵ-ਨੀਤੀ ਦਾ ਖਰੜਾ

ਚਾਚਾ ਦੇਵਨੀਤ ਸਿਆਂ
ਕਿਸੇ ਧੀ ਪੁੱਤ ਦੀ ਸਹੁੰ ਤਾਂ ਨਹੀਂ ਖਾਂਦਾ
ਮੇਰੇ ਜਿਉਂਦੇ ਜੀਅ ਤਾਂ
ਤੂੰ ਮਰ ਨਹੀਂ ਸਕਦਾ
ਇੱਕ ਵਾਰ ਚੁੰਗੀ ਵਾਲੇ ਢਾਬੇ ’ਤੇ
ਤੂੰ ਦੇਵ-ਨੀਤੀ ਉਚਾਰੀ
ਅਖੇ-
ਕਵੀ ਦੀ ਸੁਰਤ
ਅੜੇ-ਇਨਾਮ ’ਚ ਅੜੀ ਨਾ ਹੋਵੇ
ਕਿਸੇ ਦਾ ਸੜਾ-ਸਨਮਾਨ ਹੁੰਦਾ ਦੇਖ
ਸੜਨ ਦੀ ਲੋੜ ਨ੍ਹੀਂ
ਗੱਲਾਂ ਕਰਨਾ ਸੁਣਨਾ ਵੱਡੀ ਗੱਲ ਹੈ
ਗੱਲਾਂ ਤੋਂ ਵੱਡਾ ਇਨਾਮ ਸਨਮਾਨ ਕੀ ਹੋਣੈ
ਅੱਜ ਮੇਰੇ ਪੁੱਤ ਗੁਰਪ੍ਰੀਤ ਨੇ ਤੇ ਜ਼ਫ਼ਰ ਨੇ
ਮੇਰੀਆਂ ਕਵਿਤਾਵਾਂ ਬਾਰੇ ਗੱਲਾਂ ਕੀਤੀਆਂ
ਹੁਣ ਮੈਨੂੰ ਮਾਂਹ ਸਾਬਤ ਦਾ
ਹਰੇਕ ਦਾਣਾ
ਨਸ਼ੇ ਨਾਲ ਭਰਿਆ ਲੱਗਦਾ
ਮੈਂ ਨੱਚੀ ਜਾਨਾਂ ਅੰਦਰੇ ਅੰਦਰ
ਨਸ਼ੇ ਦੀ ਸਿਖ਼ਰੋਂ
ਤੇਰੀ ਬਜ਼ੁਰਗੀ ਬੋਲੀ-
ਗੁੱਸਾ ਨਾ ਕਰੀਂ ਪੁੱਤ
ਤੇਰੀ ਇੱਕ ਗ਼ਲਤੀ ਬੜੀ ਰੜਕਦੀ ਹੈ ਮੈਨੂੰ
ਤੂੰ ਲਿਖਿਆ ਭਾਈ ਘਨੱਈਏ ਵਾਲੀ ਕਵਿਤਾ ’ਚ
ਬਈ
ਸੀਸ ਦਾ ਬਹੁਵਚਨੀ ਸ਼ਬਦ ਨਹੀਂ ਹੁੰਦਾ
ਇਸ ਵਿੱਚ ਦੁਹਰਾਓ ਹੈ ਬੇਲੋੜਾ
ਲਿਖਣਾ ਚਾਹੀਦਾ ਸੀ-
ਸੀਸ ਦਾ ਬਹੁਵਚਨ ਨਹੀਂ ਹੁੰਦਾ
ਬੱਸ
ਬੇਲੋੜਾ ਸ਼ਬਦ
ਸ਼ਬਦ ਦਾ ਨਿਰਾਦਰ ਹੁੰਦਾ
ਸ਼ਬਦਾਂ ਦੀ ਫ਼ਜ਼ੂਲ-ਖ਼ਰਚੀ
ਫ਼ਜ਼ੂਲ ਕਿਸਮ ਦੇ ਬੰਦੇ ਕਰਦੇ ਹੁੰਦੇ ਆ
ਮੇਰਾ ਖੱਬਾ ਕੰਨ ਲਾਲ ਹੋ ਗਿਆ ਸੀ
ਜਿਵੇਂ ਤੂੰ ਸੱਜੇ ਹੱਥ ਨਾਲ ਖਿੱਚਿਆ ਹੋਵੇ
ਇਸ ਲਾਲੀ ਨੂੰ ਮੈਂ
ਉਮਰ ਭਰ ਸਾਂਭ ਕੇ ਰੱਖਾਂਗਾ
ਤੇ ਮੇਰੇ ਜਿਉਂਦੇ ਜੀਅ
ਤੂੰ ਕਿਵੇਂ ਮਰ ਸਕਦੈਂ
ਚਾਚਾ ਦੇਵਨੀਤ ਸਿਆਂ

35. ਬੁਰਕੀ

ਸਿਆਣੇ ਦੀ ਤਾਕਤ ਆਖਦੀ ਹੈ
ਨਹੀਂ ਸੱਚ
ਤਕੜੇ ਦੀ ਸਿਆਣਪ ਆਖਦੀ ਹੈ
ਕਿ ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ
ਉਹਦੇ ਅੰਦਰਲੀ ਦੁਸ਼ਮਣੀ ਨੂੰ ਮਾਰੋ
ਤੇ ਦੁਸ਼ਮਣੀ ਨੂੰ ਮਾਰਨ ਲਈ ਕਿਸੇ ਤੀਰ ਦੀ
ਸ਼ਮਸ਼ੀਰ ਦੀ
ਲੋੜ ਨਹੀਂ ਹੁੰਦੀ
ਬੱਸ ਘੁਰਕੀ ਚਾਹੀਦੀ ਹੈ
ਗੱਲ ਨਾ ਬਣੇ
ਤਾਂ ਬੁਰਕੀ ਚਾਹੀਦੀ ਹੈ
ਬੁਰਕੀ ਨਾਲ
ਉੱਠੇ ਹੋਏ ਹੱਥ ਹਿੱਲਦੀ ਪੂਛ ਬਣ ਜਾਂਦੇ ਹਨ
ਬੁਰਕੀ ਨਾਲ
ਦੁਸ਼ਮਣ ਅੰਦਰੋਂ ਦੁਸ਼ਮਣੀ ਤਾਂ ਕੀ
ਹੋਰ ਵੀ ਬੜਾ ਕੁਝ ਮਾਰ ਜਾਂਦਾ ਹੈ

ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ
ਤਕੜੇ ਦੀ ਸਿਆਣਪ ਆਖਦੀ ਹੈ

36. ਯਾਤਰੂ

ਅਸਲ ਯਾਤਰੂ ਲਈ
ਬੱਸ ਪੈਰ ਬਥੇਰੇ, ਦੂਰ ਦੇ ਘੇਰੇ
ਮਿਲਦੇ ਜਾ ਲੋਕਾਂ, ਜਗਾਉਂਦੇ ਜੋਤਾਂ
ਦੋਮੇਲ ਤਕ ਨਦਰਾਂ, ਹਾਲੇ ਤਕ ਕਦਰਾਂ
ਸਦਾ ਲਈ ਜਿਉਂਦੇ
ਧਰਤੀ ਉਨ੍ਹਾਂ ਨੂੰ
ਯਾਦ ਹੈ ਕਰਦੀ, ਲੰਮੇ ਸਾਹ ਭਰਦੀ
ਹੋ ਕੇ ਵੈਰਾਗਣ, ਜਿਵੇਂ ਕੋਈ ਰਾਗਣ
ਪਿਆਰ ਵਿੱਚ ਗਾਵੇ, ਪੇਸ਼ ਨਾ ਜਾਵੇ
ਤੇ ਕਹਿੰਦੀ ਸਦਕੇ
ਅਸੀਂ ਬਣੇ ਯਾਤਰੂ ਨਾ
ਭਾਵੇਂ ਕੋਲ ਗੱਡੀਆਂ, ਸਪੀਡੀਂ ਛੱਡੀਆਂ
ਘਸਣ ਲੱਖ ਟਾਇਰ, ਫੈਲਾਈਏ ਜ਼ਹਿਰ
ਤੇਲ ਖੂਹ ਮੁੱਕਣੇ, ਧਰਤ ਪਈ ਸੁੱਕਣੇ
ਬੇਸਬਰੇ ਹੋਏ
ਵਿੱਚ ਘੁੰਮਣਘੇਰੀ ਦੇ
ਗੇੜੀਆਂ ਖਾਈਏ, ਕਿਤੇ ਨਾ ਜਾਈਏ
ਜੀ ਧੂੜਾਂ ਪੱਟੀਏ, ਦੱਸੋ ਕੀ ਖੱਟੀਏ
ਸਾਰੇ ਰਾਹ ਮੱਲੇ, ਸੂਤ ਨਾ ਚੱਲੇ
ਜੀ ਚੀਖ ਚਿਹਾੜਾ।

37. ਹਾਇਕੂ
ਬਹਾਰ

ਪੰਛੀ ਲੱਗੇ ਗੌਣ
ਫੁੱਲ ਖਿੜੇ ਤੂੰ ਹੱਸੇਂ
ਆਈ ਦਿਸੇ ਬਹਾਰ

ਫੁੱਲ

ਤਾਰਿਆਂ ‘ਤੇ ਬਾਬੇ ਬੈਠੇ
ਮਾਈਆਂ ਚੰਨ ‘ਤੇ ਕੱਤਣ ਚਰਖਾ
ਬੱਚੇ ਫੁੱਲ ਖਿੜੇ ਧਰਤੀ ‘ਤੇ

ਸੌਗਾਤ

ਚੰਦਾ ਮਾਮਾ ਅੰਬਰੋਂ
ਚਾਨਣੀ ਸੌਗਾਤ ਭੇਜੇ
ਖੁਸ਼ ਰੱਖੇ ਬੱਚੇ

ਦਰੀ

ਮਾਂ ਨੇ ਦਰੀ ਵਿਛਾਈ
ਚਿੜੀਆਂ ਤੋਤਿਆਂ ਵਾਲ਼ੀ
ਬੱਚਾ ਸੁਪਨੇ ਅੰਦਰ ਉੱਡੇ

ਇਕਮਿਕ

ਪੰਛੀਆਂ ਦੇ ਗੌਣ
ਫੁੱਲਾਂ ਦੇ ਰੰਗਾਂ ਚ ਤੇਰਾ ਹਾਸਾ
ਮੈਂ ਨਹੀਂ ਇਕੱਲਾ

ਧਰਤੀ ਮਾਂ

ਨੀਲੇ ਪਾਣੀ ਤਾਲ ਦੇ
ਹਰੇ ਬਿਰਖ ਦਾ ਬਿੰਬ –
ਧਰਤੀ ਮਾਤ ਸੁਜਿੰਦ

ਸ਼ੁਭ ਪਰਭਾਤ

ਘੁੰਮਦਾ ਫਿਰਦਾ ਸੂਰਜ
ਹਰ ਦਰ ਦਸਤਕ ਦੇਵੇ
‘ਗੁੱਡ ਮੌਰਨਿੰਗ’

ਸੁਜਿੰਦ

ਧਰਤੀ ਮਾਤ ਸੁਜਿੰਦ…
ਨੀਲੇ ਪਾਣੀ ਤਾਲ ਦੇ
ਹਰੇ ਬਿਰਖ ਦਾ ਬਿੰਬ

ਸਾਵਣ

ਸਾਵਣ ਆਇਆ
ਧਰਤ ਕੁੜੀ ਨੇ ਸਿਰ ਤੇ
ਬੱਦਲ ਮਟਕਾ ਚਾਇਆ

38. ਸੈਕੂਲਰ

ਕੌਣ ਬਚਿਆ ਹੈ ਸੈਕੂਲਰ ਅੱਜ ਕੱਲ
ਯਾਰ ?
ਅਖ਼ਬਾਰ ?
ਸਰਕਾਰ ?
ਪਰਚਾਰ ?
ਕਿ ਹਥਿਆਰ ?
ਸੈਕੂਲਰ ਤਾਂ ਲਗਦੇ ਨੇ ਸਿਰਫ਼
ਰੁੱਖ
ਦੁੱਖ
ਸੁੱਖ
ਭੁੱਖ
ਤੇ ਜਾਂ ਕੁੱਖ !

39. ਨੌ-ਜਵਾਨ ਭਗਤ ਸਿੰਘ

ਮੇਰੇ ਦਾਦੇ ਦੇ ਜਨਮ ਵੇਲੇ ਤੂੰ ਬਾਰਾਂ ਵਰ੍ਹਿਆਂ ਦਾ ਸੀ
ਸ਼ਹੀਦੀ ਖੂਨ ਨਾਲ਼ ਭਿੱਜੀ
ਜਲ੍ਹਿਆਂ ਵਾਲ਼ੇ ਬਾਗ਼ ਦੀ ਮਿੱਟੀ ਨਮਸਕਾਰਦਾ

ਦਾਦਾ ਬਾਰਾਂ ਵਰ੍ਹਿਆਂ ਦਾ ਹੋਇਆ
ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ
ਤੇਰਾ ਸ਼ਹੀਦੀ ਵੇਲਾ ਸੀ
ਦਾਦਾ ਗੱਭਰੂ ਹੋਇਆ ਤਾਂ ਵੀ ਤੂੰ
24 ਸਾਲਾ ਭਰ ਜਵਾਨ ਗੱਭਰੂ ਸੀ
ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ
ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ

ਮੈਂ 24 ਸਾਲ ਦਾ ਹੋਇਆ
ਤਾਂ ਵੀ ਤੂੰ
24 ਸਾਲਾ ਭਰ ਜਵਾਨ ਗੱਭਰੂ ਸੀ
ਮੈਂ24,26,27.......37 ਸਾਲ ਦਾ ਹੋਇਆ
ਤੂੰ 24 ਸਾਲ ਦਾ ਭਰ ਜਵਾਨ ਗੱਭਰੂ ਹੀ ਰਿਹਾ
ਮੈਂ ਹਰ ਜਨਮ ਦਿਨ ‘ਤੇ
ਬੁਢਾਪੇ ਵਲ ਇਕ ਕਦਮ ਵਧਦਾ ਹਾਂ
ਤੂੰ ਹਰ ਸ਼ਹੀਦੀ ਦਿਨ ‘ਤੇ
24 ਸਾਲਾ ਭਰ ਜਵਾਨ ਗੱਭਰੂ ਹੁੰਦਾ ਹੈਂ

ਉਂਜ ਅਸੀਸ ਤਾਂ ਸਾਰੀਆਂ ਮਾਂਵਾਂ ਦਿੰਦੀਆਂ ਨੇ
“ਜਿਉਂਦਾ ਰਹੇਂ ਸਦਾ ਜਵਾਨੀਆਂ ਮਾਣੇ”
ਪਰ ਤੂੰ ਸੱਚਮੁੱਚ ਜਿਉਂਦਾ ਹੈਂ ਭਰ ਜਵਾਨ ਗੱਭਰੂ
ਸਦਾ ਜਵਾਨੀਆਂ ਮਾਣਦਾ ਹੈਂ
ਜਿਨ੍ਹਾਂ ਅਜੇ ਵੀ ਪੈਦਾ ਹੋਣਾ ਹੈ
ਉਨ੍ਹਾਂ ਗੱਭਰੂਆਂ ਦੇ ਵੀ ਹਾਣਦਾ ਹੈਂ

40. ਖ਼ੂਨ ਪਸੀਨਾ ਸਿਆਹੀ

ਮਜ਼ਦੂਰ ਇੱਟਾਂ ਵੱਟੇ ਢੋਅ ਰਹੇ

ਰਾਜ ਚਿਣ ਰਹੇ
ਮੇਰਾ ਸਿਆਹੀ ਦੀ ਕਮਾਈ ਨਾਲ
ਮਕਾਨ ਬਣ ਰਿਹਾ ਹੌਲੀ ਹੌਲੀ

ਨਾਲ ਨਾਲ ਮੈਂ ਵੀ ਬਣ ਰਿਹਾਂ

ਬਣਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ
ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ

ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ
ਮੈਨੂੰ ਦੱਸਿਆ
ਕਿ ਕਿਰਾਏ ਦੇ ਮਕਾਨ ਦੀ ਕੰਧ ਵਿਚ
ਕਿੱਲ ਠੋਕਣ ਤੇ
ਮਾਲਕ ਮਕਾਨ ਦਾ ਸੀਨਾ ਕਿਓੰ ਪਾਟਦਾ ਸੀ
ਉਸ ਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ

ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ ‘ਤੇ
ਪਤਨੀ ਦੀਆਂ ਅੱਖਾਂ ‘ਚੋਂ
ਪਰਲ ਪਰਲ ਅੱਥਰੂ ਵਗਦੇ
ਤਾਂ ਮੈਂ ਖਿਝਦਾ
ਕਿ ਰੋਣ ਵਾਲੀ ਕਿਹੜੀ ਗੱਲ ਹੋਈ
ਪਰ ਹੁਣ ਮੈਂ ਖਿਝਦਾ ਤਾਂ ਮੈਨੂੰ ਸਮਝਾਉਂਦਾ
ਸਿਆਹੀ ਦੀ ਕਮਾਈ ਨਾਲ ਬਣਦਾ ਮਕਾਨ
ਕਿ ਖਿਝ ਨਾ ਭਲਿਆ ਮਾਣਸਾ
ਬੱਚੇ ਮਾਵਾਂ ਦੇ ਖ਼ੂਨ ਦੀ ਕਮਾਈ ਨਾਲ ਬਣੇ ਹਨ

ਬਣਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ
ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ

41. ਗੈਲੀਲੀਓ

ਪਤਾ ਨਹੀਂ ਉਹਦੇ ਹੱਥ ਜ਼ਹਿਰ ਸੀ
ਜਾਂ ਸਿਰ ਤਲਵਾਰ ਸੀ
ਮਰਿਆ ਨਹੀਂ ਪਰ ਮਰਨ ਲਈ ਤਿਆਰ ਸੀ
ਗੈਲੀਲੀਓ ਆਪਣੇ ਸਮੇਂ ਦਾ ਸੁਕਰਾਤ ਸੀ
ਪੱਲੇ ਜਿਉਂਦੀ ਜਗਦੀ ਬਾਤ ਸੀ
ਬਾਤ ਸੀ ਕਿ-
ਇਹ ਜੋ ਧਰਤੀ ਮਾਂ ਹੈ
ਮਾਂ ਆਪਣੀ ਥਾਂ ਹੈ
ਬ੍ਰਹਿਮੰਡ ਤਾਂ ਕੀ
ਸੂਰਜੀ ਪਰਿਵਾਰ ਦਾ ਵੀ ਕੇਂਦਰ ਨਹੀਂ

ਪਰ ਸਾਥੋਂ ਬਾਤ ਅੱਗੇ ਨਾ ਤੁਰੀ

ਅਸੀਂ ਤਾਂ ਜੀਵੰਤ ਸੰਸਾਰ ਦੇ
ਜਾਂ ਛੋਟੇ ਵੱਡੇ ਪਾਸਾਰ ਦੇ
ਕੇਂਦਰ ਹੋਣ ਦਾ ਭਰਮ ਕਰਦੇ ਹਾਂ
ਕੇਂਦਰ ਬਣਨ ਲਈ ਕਰਮ ਕਰਦੇ ਹਾਂ
ਕੇਂਦਰ ਹੀ ਰਹਿਣਾ ਲੋਚਦੇ ਹਾਂ
ਇਸ ਤਰ੍ਹਾਂ ਦਾ ਸੋਚਦੇ ਹਾਂ
ਕਿ ਬੱਸ
ਹੰਕਾਰ ਲੋਭ ਤੇ ਕ੍ਰੋਧ ਦੇ ਜ਼ਹਿਰ ਦੀ
ਕਾਕਟੇਲ ਪੀਂਦੇ ਹਾਂ
ਮਰਨੋਂ ਬਹੁਤ ਡਰਦੇ ਹਾਂ
ਪਰ ਕਹਿ ਨਹੀਂ ਸਕਦੇ ਕਿ ਜੀਂਦੇ ਹਾਂ

ਅਜੇ ਅਸੀਂ
ਧਰਤੀ ਮਾਂ ਦੇ
ਜਿਉਂਣ ਜੋਗੇ ਧੀਆਂ ਪੁੱਤ ਬਣਨਾ ਹੈ
ਤਾਂ ਖ਼ੁਦ ਨੂੰ ਥਾਂ ਸਿਰ ਸਮਝਣਾ
ਥਾਂ ਸਿਰ ਕਰਨਾ ਹੈ
ਤਾਂ ਕਿਤੇ
ਜਿਉਂਦੀ ਜਗਦੀ ਬਾਤ ਨੇ
ਅੱਗੇ ਤੁਰਨਾ ਹੈ

42. ਬੰਦਾ

ਮੈਂ ਦਰਿਆ ਨੂੰ ਪੁੱਛਿਆ
ਕਿਵੇਂ ਵਗ ਲੈਂਦਾ ਹੈਂ ਲਗਾਤਾਰ?
ਅੱਗੋਂ ਦਰਿਆ ਨੇ ਪੁੱਛਿਆ
ਵਗਣਾ ਕੀ ਹੁੰਦਾ?
ਦਰਿਆ ਨਾਲ ਤੁਰਦਿਆਂ
ਸਮੁੰਦਰ ਕੋਲ ਪੁੱਜਿਆ
ਜੋ ਚੰਦ ਵੱਲ ਦੇਖ ਕੇ ਹੱਸ ਰਿਹਾ ਸੀ
ਓਸ ਨੂੰ ਪੁੱਛਿਆ-
ਏਨਾ ਗਹਿਰਾ ਕਿਵੇਂ ਹੋਇਆ?
ਸਮੁੰਦਰ ਪੁੱਛਣ ਲੱਗਾ
ਗਹਿਰਾਈ ਕੀ ਹੁੰਦੀ?
ਫਿਰ ਮੈਂ ਚੰਦ ਨੂੰ ਪੁੱਛਿਆ-
ਏਨਾ ਸ਼ਾਂਤ ਕਿਉਂ ਹੈਂ?
ਚੰਦ ਨੇ ਹੈਰਾਨ ਹੋ ਪੁੱਛਿਆ-
ਇਹ ਸ਼ਾਂਤੀ ਕੀ ਚੀਜ਼ ਹੋਈ?
ਮੇਰੇ ਸੁਪਨੇ ‘ਚ
ਦਰਿਆ ਸਮੁੰਦਰ ਤੇ ਚੰਦ ਆਉਂਦੇ ਹਨ
ਆਖਦੇ ਹਨ-
ਬੰਦਾ ਬਣ
ਮੈਥੋਂ ਪਰਤ ਕੇ ਪੁੱਛ ਨਹੀਂ ਹੁੰਦਾ
ਇਹ ਬੰਦਾ ਕੀ ਹੁੰਦਾ?

43. ਮਕਾਨ ਬਣਾਉਂਦਿਆਂ

ਪਾਣੀ ਸੁੱਕੀਆ ਇੱਟਾਂ ਤੇ ਪੈਂਦਾ
ਇੱਟਾਂ ਤਰ ਹੋ ਮੁਸਕ੍ਰਾਉਂਦੀਆਂ
ਪਾਣੀ ਰੇਤੇ ਚੂਨੇ ਤੇ ਪੈਂਦਾ
ਉਹ ਖੁਸ਼ ਹੁੰਦੇ
ਪਰ ਪਾਣੀ ਮੈਨੂੰ ਉਦਾਸ ਲੱਗਦਾ
ਉਸ ਨੂੰ ਬੜੀ ਦੇਰ ਹੋਈ
ਸਮੁੰਦਰ ਤੋਂ ਆਇਆਂ
ਮੱਛੀਆਂ ਤੋਂ ਵਿਛੜਿਆਂ
ਪਾਣੀ ਮੱਛੀਆਂ ਨੂੰ ਮਿਲਣਾ ਚਾਹੁੰਦਾ

44. ਪਤਾ ਨਹੀਂ

ਰਾਤ ਪੈਂਦੀ ਹੈ
ਦਿਨ ਚੜ੍ਹਦਾ ਹੈ

ਕਦੇ ਦਿਨ ਨਹੀਂ ਪੈਂਦਾ
ਰਾਤ ਨਹੀਂ ਚੜ੍ਹਦੀ

ਕਦੇ ਰਾਤ ਨਹੀਂ ਪੈਂਦਾ
ਦਿਨ ਨਹੀਂ ਚੜ੍ਹਦੀ

ਇਹ ਕਾਦਰ ਦੀ ਕੁਦਰਤ ਹੈ
ਕਿ ਮਰਦਾਨਵੀ ਸਿਆਸਤ ਹੈ
ਸਾਜਿਸ਼ ਦੀ ਭਾਸ਼ਾ ਹੈ
ਕਿ ਭਾਸ਼ਾ ਦੀ ਸਾਜਿਸ਼ ਹੈ

45. ਸੰਯੋਗ-ਵਿਯੋਗ

ਮੈਂ ਆਇਆ ਤੈਥੋਂ ਦੂਰ ਜਦ
ਉਹ ਆਇਆ ਮੇਰੇ ਕੋਲ ਤਦ
ਜੋ ਕਰਦਾ ਤੇਰੇ ਕੋਲ ਕੋਲ
ਜਦ ਹੁੰਨਾਂ ਤੇਥੋਂ ਦੂਰ ਦੂਰ

ਮੈਂ ਆਇਆ ਤੈਥੋਂ ਦੂਰ ਜਦ
ਉਹ ਹੋਇਆ ਮੈਥੋਂ ਦੂਰ ਤਦ
ਜੋ ਰਹਿੰਦਾ ਮੇਰੇ ਨਾਲ ਨਾਲ

ਤੇ ਕਰਦਾ ਤੇਥੋਂ ਦੂਰ ਦੂਰ
ਜਦ ਹੁੰਨਾਂ ਤੇਰੇ ਕੋਲ ਕੋਲ

ਬਿੱਗ ਕਰੰਚ ਤੇ ਬਿੱਗ ਬੈਂਗ ਦੀਆਂ
ਸਮਝਾਂ ਲੱਗੀਆਂ ਪੈਣ ਪੈਣ

46. ਕਾਮ ਸਮਾਧੀ

ਸੀਮਾ ਘੇਰਾ
ਘੇਰੇ ਅੰਦਰ ਡੇਰਾ
ਡੇਰੇ ਨੇ ਕਰਾਈ ਬੱਸ
ਚੱਲ ਜਾਣੀਏ ਰਹੱਸ
ਅਸੀਮਤ ਸਮਾਨ ਨਾ
ਸੀਮਤ ਅਸਮਾਨ ਨਾ
ਗਿਣੀ ਮਿਣੀ ਦੇਹ
ਅਣਮਿਣੀ ਤੇਹ
ਮਾਰ ਲਿਆ ਝੱਖ
ਬੰਦ ਕਰ ਅੱਖ
ਲੌਜਿਕ ਲਗਾਮ
ਘੋੜਿਆ ਗੁਲਾਮ
ਖੋਪਿਆਂ ਤੋਂ ਪਾਰ
ਨਹੀਂ ਪਾਰਾਵਾਰ
ਕਾਮ ਕਾਮਨਾ ਅਮੁੱਕ
ਸਕਦੇ ਨਾ ਸੁੱਕ
ਗੁਰੂਤਾ ਨੁੰ ਛੱਡੀਏ
ਪੁਲਾਡ ਵਿਚ ਉਡੀਏ
ਏਸ ਛਿਣ ਹੁਣੇ ਅੰਤ
ਆਉਣ ਵਾਲੇ ਨੇ ਬੇਅੰਤ
ਏੇਸ ਨਾਲ ਲੜੀਏ
ਆਉਣ ਵਾਲੇ ਫੜੀਏ
ਅਣਮੁੱਕ ਨੂੰ ਮੁਕਾਈਏ
ਅਦਿਸਦੇ ਨੂੰ ਪਾਈਏ
ਅਵਾਪਰੇ ਨੂੰ ਜਾਣੀਏ
ਅਨੰਤਤਾ ਨੂੰ ਮਾਣੀਏ
ਘੇਰੇ ਤੋਂ ਮੁਕਤੀ
ਲੜਾਓ ਕੋਈ ਜੁਗਤੀ

47. ਸਮੂਹਿਕ ਵਿਆਹ

ਸਮੂਹਿਕ ਵਿਆਹ
ਸਿਰਫ਼ ਨਾਮਧਾਰੀਆਂ
ਤੇ ਗਰੀਬ ਬੱਚੀਆਂ ਦੇ ਹੀ ਨਹੀਂ ਹੁੰਦੇ

ਜਿਥੇ ਵੀ ਵਿਆਹ ਹੋ ਰਿਹਾ ਹੋਵੇ ਮੁੰਡੇ ਤੇ ਕੁੜੀ ਦਾ
ਹੋ ਰਹੇ ਹੁੰਦੇ ਉਥੇ ਹੋਰ ਕਿੰਨੇ ਸਾਰੇ ਵਿਆਹ
ਦਿਸਦੇ ਅਣਦਿਸਦੇ
ਇਸਤਰੀ-ਲਿੰਗਾਂ ਪੁਲਿੰਗਾਂ ਦੇ ਜੋੜਿਆਂ ਦੇ
ਮਸਲਨ
ਦਾਜ ਤੇ ਜਾਇਦਾਦ ਦਾ
ਸੁਹੱਪਣ ਤੇ ਕਮਾਈ ਦਾ
ਕਾਰੋਬਾਰ ਤੇ ਲਿਆਕਤ ਦਾ
ਟੌਹਰ ਤੇ ਸੁਆਗਤ ਦਾ
ਰੁਤਬੇ ਤੇ ਸੇਵਾ ਦਾ
ਸੁਰੱਖਿਆ ਤੇ ਬੰਧਨ ਦਾ
ਮਜਬੂਰੀ ਤੇ ਸਮਝੌਤੇ ਦਾ
—– ਤੇ —– ਦਾ
—————
—————
ਜਿਥੇ ਵੀ ਹੋ ਰਿਹਾ ਹੋਵੇ ਵਿਆਹ
ਸਮੂਹਿਕ ਵਿਆਹ ਹੀ ਹੁੰਦਾ

ਜਿਓਂ ਜਿਓਂ ਮਨੁੱਖ ਚੜ੍ਹਦਾ ਜਾਏ
ਸਭਿਅਤਾ ਦੀਆਂ ਪੌੜੀਆਂ
ਸਮੂਹਿਕ ਵਿਆਹ ਦੇ ਮੰਡਪ ਵਿਚ
ਵਧਦੀ ਜਾਏ ਇਹਨਾਂ ਜੋੜਿਆਂ ਦੀ ਗਿਣਤੀ

48. ਸ਼ਹੀਦੀ ਸ਼ਤਾਬਦੀ

ਸ਼ਾਂਤਮਈ ਦੇ ਪੁੰਜ
ਸ਼ਹੀਦਾਂ ਦੇ ਸਿਰਤਾਜ
ਤਪਦੀ ਤਵੀ ਨੂੰ ਠਾਰਦੇ
ਬਾਣੀ ਉਚਾਰਦੇ-
‘ਬ੍ਰਹਮ ਗਿਆਨੀ ਕਾ ਧੀਰਜ ਏਕ’
ਮੀਆਂਮੀਰ ਕੁਰਲਾ ਰਿਹਾ
ਬੇਵਸੀ ਦੇ ਅੱਥਰੂ ਵਹਾ ਰਿਹਾ
ਹਿੰਦੂ ਸੁਆਣੀ ਨਿਢਾਲ ਹੈ
ਗੱਚ ਭਰਿਆ ਬੁਰਾ ਹਾਲ ਹੈ
ਪਾਤਸ਼ਾਹ ਧੀਰਜ ਧਰਾਉਂਦੇ
ਤੇ ਸਮਝਾਉਂਦੇ
‘ਸਾਧ ਸੰਗਿ ਦੁਸਮਨ ਸਭਿ ਮੀਤ’
ਸ਼ਾਂਤ ਚਿੱਤ ਮਨ ਸੀਤ
‘ਗੁਰ ਪੂਰੇ ਵੈਰੀ ਮਿਤਰ ਸਮਾਨ’
ਉਚਰੀ ਬਾਣੀ ਨਿਭੈ ਪ੍ਰਾਣ
ਸ਼ਹੀਦੀ ਦ੍ਰਿਸ਼ ਦਾ ਚਿਤਰ
ਵੱਡੇ ਪੰਡਾਲ ਦੇ ਵੱਡੇ ਮੰਚ ਪਿੱਛੇ ਲਗਾਇਆ ਗਿਆ
ਪਾਤਸ਼ਾਹ ਦੀ ਕ੍ਰਿਸ਼ਮਈ ਘਾਲ
ਸ਼ਬਦ ਗੁਰੂ ਸੁਸ਼ੋਭਿਤ ਕਰਾਇਆ ਗਿਆ
ਸ਼ਰਧਾਂਜਲੀ ਸਮਾਰੋਹ ਜਾਰੀ ਸੀ
ਪੰਥਕ ਮੁੱਖੀ ਦੇ ਭਾਸ਼ਨ ਦੀ ਵਾਰੀ ਸੀ
ਜ਼ਮਾਨਤੀ ਰਿਹਾਈ ਕਈ ਕੇਸਾਂ ‘ਚ ਖੁਆਰੀ ਸੀ
ਅਖੇ-
ਚੋਣਾਂ ਨੇੜੇ ਆ ਰਹੀਆਂ
ਅਸੀਂ ਕੁਰਸੀ ਤੇ ਬਵਾਂਗੇ
ਗਿਣ ਗਿਣ ਬਦਲੇ ਲਵਾਂਗੇ
ਬੋਲੇ ਸੋ ਨਿਹਾਲ
ਚਾਪਲੂਸ ਮੂੰਹ ਚੋਂ ਜੈਕਾਰਾ ਆਇਆ
ਪਾਤਸ਼ਾਹ ਮੁਸਕਰਾ ਰਹੇ
ਤੇ ਮੀਆਂ ਮੀਰ ਕੁਰਲਾ ਰਿਹਾ

49. ਗੋਆ ਬੀਚ

ਕੋਈ ਗਿਆਨ ਮੁਦਰਾ
ਤੇ ਕੋਈ ਧਿਆਨ ਮੁਦਰਾ ‘ਚ
ਅਰਧ ਅਲਪ ਨਿਰ ਵਸਤਰ
ਸਮੁੰਦਰ ਕਿਨਾਰੇ ਲੇਟੀਆਂ
ਮਾਵਾਂ ਭੈਣਾਂ ਪਤਨੀਆਂ
ਸਹੇਲੀਆਂ ਬਹੂ ਬੇਟੀਆਂ
ਲੰਮੇ ਸਾਹ ਭਰਦੀਆਂ
ਤਨਾਂ ਮਨਾਂ ਨੂੰ ਸੁਰ ਕਰਦੀਆਂ
ਬੰਦ ਨੈਣ ਪੂਰਨ ਵਿਸ਼ਰਾਮ
ਪ੍ਰਾਣਾਯਾਮ
ਧਿਆਨ ਧਰਦੀਆਂ
ਕੁਝ ਕਿਤਾਬਾਂ ਪੜ੍ਹਦੀਆਂ
ਸ਼ਬਦਾਂ ਦੇ ਵਹਿਣੀ ਹੜ੍ਹਦੀਆਂ
ਸਾਲ ਛਿਮਾਹੀ ਦੇ ਥਕੇਵੇਂ ਧੋਂਦੀਆਂ
ਅਕੇਵੇਂ ਨਿਚੋੜਦੀਆਂ
ਤੀਰਥ ਯੋਗ ਪਾਉਂਦੀਆਂ
ਰੋਮਾਂ ਥਾਣੀਂ ਧੁੱਪ ਕਣ ਰਚਾਉਂਦੀਆਂ
ਅਬੋਲ ਸੂਰਯਾ ਨਮਸਕਾਰ ਗਾਉਂਦੀਆਂ
ਕੁਝ ਲਹਿਰਾਂ ਨਾਲ ਲਹਿਰਦੀਆਂ
ਛੱਲਾਂ ਨਾਲ ਛਲਕਦੀਆਂ
ਕਦੇ ਲਾਉਣ ਟੁੱਭੀਆਂ
ਕਦੇ ਤਲ ਤੇ ਤਰਦੀਆਂ
ਮਾਰਨ ਕਿਲਕਾਰੀਆਂ
ਹਸੀ ਯੋਗ ਕਰਦੀਆਂ
ਮੈਂ ਜੋ ਮੁੰਡੀਹਰ ਬਣ
ਮੇਲਾ ਵੇਹਣ ਆਇਆ ਸੀ
ਮਨ ਖਚਰ ਅੱਖ ਲਚਰ
ਭਰ ਕੇ ਲਿਆਇਆ ਸੀ
ਗਿਆਨ ਧਿਆਨ ਯੋਗ ਦਾ
ਸ਼ਿਵਰ ਤੱਕ ਕੇ ਜਾ ਰਿਹਾਂ
ਕੇਸੀਂ ਪਾਣੀ ਖਾਰਾ
ਚੱਪਲੀਂ ਰੇਤਾ
ਮਨ ‘ਚ
ਸ਼ਰਮਿੰਦਗੀ ਲਿਜਾ ਰਿਹਾਂ

50. ਕਵੀ ਦਾ ਭ੍ਰਿਸ਼ਟਾਚਾਰ

ਕਿੰਨੇ ਰਸਤਿਆਂ ਤੋਂ
ਕਿੰਨੀਆਂ ਗਰਮੀਆਂ ਸਰਦੀਆਂ
ਦ੍ਰਿਸ਼ ਤੇ ਆਵਾਜ਼ਾਂ
ਅਨੁਭਵ ਬੋਧ
ਸੁਆਦ ਸੋਹਜ
ਕਵੀ ਤੱਕ ਆਉਂਦੇ
ਰਲ਼ਕੇ ਓਸ ਤੋਂ ਕਵਿਤਾ ਲਿਖਵਾਉਂਦੇ
ਕਵੀ ਇਕੱਲਾ ਕਵਿਤਾ ਨਹੀਂ ਲਿਖਦਾ

ਜੋ ਸਭ ਕਾਸੇ ਨੂੰ ਆਪਣੇ ਤੱਕ ਆਉਣ ਦਿੰਦਾ
ਆਪਣੇ ਰਾਹੀਂ ਕਵਿਤਾ ਲਿਖਣ ਦਿੰਦਾ
ਕਵੀ ਅਖਵਾਉਂਦਾ
ਉਜ ਕਵੀ ਇਕੱਲਾ ਕਵਿਤਾ ਨਹੀਂ ਲਿਖਦਾ

ਕਵੀ ਜਦ ਕਵਿਤਾ ਗਾਉਂਦਾ
ਸੁਣਾਉਂਦਾ
ਪੜ੍ਹਾਉਂਦਾ
ਸ਼ਾਬਾਸ਼ੇ ਦਾਦ ਪ੍ਰਸੰਸਾ ਸ਼ੁਭ ਕਾਮਨਾਵਾਂ ਪਾਉਂਦਾ
ਜੇ ਇਸ ਸਭ ਕਾਸੇ ਨੂੰ
ਉਹਨਾਂ ਸਾਰਿਆਂ ਤੱਕ ਨਹੀ ਪਹੁੰਚਾਉਂਦਾ
ਜੋ ਉਸ ਨਾਲ ਰਲਕੇ ਕਵਿਤਾ ਰਚਦੇ
ਤਾਂ ਕਵੀ
ਸਭ ਤੋਂ ਵੱਧ ਭਰਿਸ਼ਟਾਚਾਰੀ ਹੈ

ਇਸ ਭਰਿਸ਼ਟਾਚਾਰ ਦੀ ਖਬਰ
ਕਿਸੇ ਅਖ਼ਬਾਰ ਵਿਚ ਨਹੀਂ ਛਪਦੀ

51. ਦਵੰਦ

ਮੈਂ ਵਿਦਰੋਹੀ ਵੀ ਅਖਵਾਉਣਾ ਚਾਹੁੰਦਾ
ਤੇ
ਸਨਮਾਨਤ ਹੋਣਾ ਵੀ

ਇਸ ਲਈ ਜਦ ਹੱਸਦਾ ਹਾਂ
ਰੋਂਦੂ ਲੱਗਦਾ ਹਾਂ
ਜਦ ਰੋਂਦਾ ਹਾਂ
ਲੋਕ ਹੱਸਦੇ ਨੇ

52. ਡਰ

ਜਦ ਨਹੀਂ ਹੋਰ ਕਿਸੇ ਤੋਂ ਡਰਦਾ
ਡਰ ਤੋਂ ਤਦ ਮੈਂ ਡਰਦਾ ਹਾਂ
ਜਦ ਨਹੀਂ ਕਿਸੇ ਵੀ ਤਾਈਂ ਡਰਾਉਂਦਾ
ਡਰ ਨੂੰ ਓਦੋ ਡਰਾਉਂਦਾ ਹਾਂ
ਏਸ ਤਰ੍ਹਾਂ ਮੈਂ ਹਰ ਵੇਲ਼ੇ ਹੀ
ਡਰਦਾ ਅਤੇ ਡਰਾਉਂਦਾ ਰਹਿੰਦਾ
ਡਰ ਦੇ ਨਾਲ ਹੈ ਮੇਰਾ ਰਿਸ਼ਤਾ
ਜਿੱਦਾਂ ਮੇਰਾ ਮੈਂ ਦੇ ਨਾਲ
‘ਮੈਂ’ ਤੇ ‘ਡਰ’ ਹਨ ‘ਕੱਠੇ ਜੰਮਦੇ
‘ਕੱਠੇ ਮਰਦੇ

53. ਧਰਤੀ ਖੜ੍ਹੀ ਹੈ

ਗੱਡੀ ‘ਚ ਇਕੱਲੇ ਸਫ਼ਰ ਕਰਦਿਆਂ
ਮੈਂ ਚੰਗਾ ਹੁੰਨਾਂ
ਘਰ ਦਫਤਰ ਜਾਂ ਬਾਜ਼ਾਰ ਵਿਚ ਹੋਣ ਨਾਲੋਂ
ਸਾਥੀ ਸਵਾਰੀਆਂ ਨਾਲ਼ ਈਰਖਾ ਨਹੀਂ
ਗੱਲ਼ਾਂ ਕਰਦਾ ਹਾਂ ਏਧਰਲੀਆਂ ਓਧਰਲੀਆਂ
ਗੱਲਾਂ ਓਹਲੇ ਲੁਕਣ ਦਾ ਤਨਾਅ ਨਹੀਂ
ਖੁਲ੍ਹਣ ਦਾ ਚਾਅ ਹੁੰਦਾ
ਕਦੇ ਬਿਸਕੁਟ ਪੇਸ਼ ਕਰਦਾ ਹਾਂ
ਮੁਸਕਰਾਉਂਦਾ ਹਾਂ
ਕਦੇ ਆਪਣੇ ਬੱਚਿਆਂ ਦੀ ਤਸਵੀਰ ਦਿਖਾਉਂਦਾ ਹਾਂ
ਸਰੋਕਾਰ ਵਧਾਉਂਦਾ ਹਾਂ
ਸੀਟ ਹੇਠੋਂ ਚੱਪਲ ਕੱਢ ਕੇ ਦਿੰਦਾ ਹਾਂ
ਬਾਥ ਰੂਮ ਜਾਣ ਲਈ ਰਾਹ ਦਿੰਦਾ ਹਾਂ
ਆਰਾਮ ਨਾਲ ਲੇਟਣ ਦੀ ਸਲਾਹ ਦਿੰਦਾ ਹਾਂ
ਦੂਜੇ ਦੀ ਰੀਸ ਤੇ ਆਪਣੀ ਤਾਰੀਫ਼ ਨਹੀਂ ਕਰਦਾ
ਜਿੰਨਾ ਚੰਗਾ ਹੁੰਨਾ
ਓਸ ਤੋਂ ਵੱਧ ਚੰਗਾ ਹੋਣ ਦੀ ਕੋਸ਼ਿਸ਼ ਕਰਦਾਂ
ਕਿਸੇ ਦਾ ਖੋਹਣ ਤੇ ਆਪਣਾ ਬਚਾਉਣ ਦੀ ਉਚੇਚ ਨਹੀਂ ਹੁੰਦੀ
ਇਸ ਤਰ੍ਹਾਂ ਦਾ ਮੈਂ ਸਿਰਫ ਚੱਲਦੀ ਗੱਡੀ ਹੀ ਹੁੰਦਾ ਹਾਂ
ਧਰਤੀ ਤੇ ਨਹੀਂ ਹੁੰਦਾ

ਧਰਤੀ ਤੇ ਹੋਣ ਵੇਲੇ ਵੀ ਭਾਵੇਂ
ਹੁੰਦਾ ਤਾਂ ਸਫ਼ਰ ‘ਚ ਹਾਂ
ਧਰਤੀ ਦਾ ਤਲ ਹਜ਼ਾਰ ਮੀਲ ਦੀ ਰਫ਼ਤਾਰ ਤੇ ਘੁੰਮਦਾ
ਹਜ਼ਾਰਾਂ ਮੀਲ ਦੀ ਰਫ਼ਤਾਰ ਨਾਲ ਗ੍ਰਹਿਪੰਧ ਤੇ ਦੌੜਦੀ ਧਰਤੀ
ਪਰ ਮੇਰਾ ਚਿੱਤ ਨਹੀਂ ਮੰਨਦਾ
ਮੇਰੇ ਮਨ ਵਿਚ ਤਾਂ ਖੜ੍ਹੀ ਹੈ ਧਰਤੀ
ਚੜ੍ਹਦੇ ਛਿਪਦੇ ਸੂਰਜ ਚੰਨ ਤਾਰੇ
ਘੁੰਮਦੇ ਲਗਦੇ ਖੜ੍ਹੀ ਧਰਤੀ ਦੁਆਲੇ
ਕਿਤਾਬਾਂ ਵਿਚ ਲਿਖੇ ਵਾਂਗ ਧਰਤੀ
ਘੁੰਮਦੀ ਤੁਰਦੀ ਉਡਦੀ ਨਾ ਲੱਗਦੀ
ਤਦੇ ਕਿਤਾਬਾਂ ਵਿਚ ਲਿਖੇ ਵਰਗੀ
ਜਾਂ ਗੱਡੀ ਵਾਲੀ ਜ਼ਿੰਦਗੀ
ਮੇਰੀ ਨਹੀਂ ਬਣਦੀ
ਜਦੋਂ ਮੈਂ ਧਰਤੀ ਤੇ ਹੁੰਨਾਂ

54. ਹਾਜ਼ਰ ਗੈਰਹਾਜ਼ਰ

ਮਨੁੱਖ ਸਿਰਫ ਪੁਲਿੰਗ
ਪਰ
ਮਨੁੱਖਤਾ ਇਸਤਰੀਲਿੰਗ
ਇਨਸਾਨ ਸਿਰਫ ਪੁਲਿੰਗ
ਪਰ
ਇਨਸਾਨੀਅਤ ਇਸਤਰੀਲਿੰਗ
ਬੰਦਾ ਸਿਰਫ ਪੁਲਿੰਗ
ਪਰ
ਬੰਦਗੀ ਇਸਤਰੀਲਿੰਗ
ਹੈਰਾਨ ਹਾਂ ਮੈਂ
ਦਾਸੀ ਹੱਥੋਂ ਖਲਾਸੀ ?

55. ਚੰਗਾ ਮੰਦਾ

ਹਰ ਵਿਸ਼ਵਾਸ ਅੰਧਵਿਸ਼ਵਾਸ ਹੁੰਦਾ
ਸੁਜਾਖਾ ਵਿਸ਼ਵਾਸ
ਵਿਸ਼ਵਾਸ ਨਹੀਂ ਕੁਛ ਹੋਰ ਹੁੰਦਾ

ਹਰ ਲਾਰਾ ਝੂਠਾ ਲਾਰਾ ਹੁੰਦਾ
ਸੱਚਾ ਲਾਰਾ
ਲਾਰਾ ਨਹੀਂ ਕੁਛ ਹੋਰ ਹੁੰਦਾ

ਹਰ ਸ਼ਰਧਾ ਸੱਚੀ ਸ਼ਰਧਾ ਹੁੰਦੀ
ਝੂਠੀ ਸ਼ਰਧਾ ਕੋਈ ਚੀਜ਼ ਨਹੀਂ ਹੁੰਦੀ

ਆਸਰਾ ਤਾਂ ਆਸਰਾ ਹੁੰਦਾ
ਸੱਚਾ ਜਾਂ ਝੂਠਾ ਨਹੀਂ ਹੁੰਦਾ

ਆਦਮੀ ਤਾਂ ਬੱਸ ਆਦਮੀ ਹੁੰਦਾ

56. ਅੰਬਰ ਗੀਤ

ਸੂਰਜਾ ਨਾ ਦੂਰ ਜਾ
ਵੇ ਲੈ ਕੇ ਸਾਰੀ ਊਰਜਾ
ਧੁੱਪਾਂ ਬਿਨਾਂ ਖਿੜਦੇ ਨਾ ਫੁੱਲ ਵੇ
ਰੰਗ ’ਤੇ ਸੁਗੰਧ ਬਿਨ ਦੱਸ ਕਾਹਦੀ ਜ਼ਿੰਦਗੀ ਏ
ਜਿਊਂਦਿਆਂ ਨੂੰ ਜੀਣਾ ਜਾਵੇ ਭੁੱਲ ਵੇ
ਚੰਨਿਆਂ ਵੇ ਚੰਨਿਆਂ
ਤੈਨੂੰ ਸੋਹਣਾ ਮੰਨਿਆਂ
ਚਾਨਣੀ ਤੇਰੀ ਨੇ ਸਾਨੂੰ ਦੱਸਿਆ
ਵਾਧ ਘਾਟ ਮੇਲ ਤੇ ਵਿਛੋੜਾ ਗੱਲਾਂ ਸੱਚੀਆਂ ਵੇ
ਪੁੰਨਿਆਂ ਰਹੇ ਨਾ ਸਦਾ ਮੱਸਿਆ
ਤਾਰਿਆ ਵਿਚਾਰਿਆ
ਇਕੱਲਤਾ ਦੇ ਮਾਰਿਆ ਵੇ
ਧਰਤੀ ’ਤੇ ਆ ਜਾ ਸਾਡੇ ਕੋਲ
ਚਮਕਾਂ ਵੀ ਚੰਗੀਆਂ, ਚਮਕਾਂ ਤੋਂ ਚੰਗੇ ਪਰ
ਆਪਣੇ ਪਿਆਰਿਆਂ ਦੇ ਬੋਲ
ਬੱਦਲਾ ਵੇ ਬੱਦਲਾ
ਆਪੇ ਨੂੰ ਉਲੱਦ ’ਲਾ
ਡੁੱਲ੍ਹ ਕੇ ਵੇ ਹੋ ਜਾ ਮੋਹਲੇਧਾਰ
ਭਰੇ ਪੀਤੇ ਰਹਿਣ ਨਾਲੋਂ, ਡੁੱਲ੍ਹ ਜਾਣਾ ਕਿਤੇ ਚੰਗਾ
ਡੁੱਲ੍ਹਣ ਨੂੰ ਕਹੀਦਾ ਪਿਆਰ
ਅੰਬਰਾ ਵੇ ਅੰਬਰਾ
ਓ ਨੀਲਿਆ ਪੈਗੰਬਰਾ
ਸਿਰਾਂ ’ਤੇ ਅਸੀਸ ਬਣ ਤਣਿਆਂ
ਆਸਾਂ ਧਰਵਾਸਾਂ ਰਲ਼ ਤੇਰੀ ਛਾਵੇਂ ਖੇਡਦੀਆਂ
ਦਿਲਾਂ ’ਚ ਭਰੋਸਾ ਰਹੇ ਬਣਿਆਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਜਸਵੰਤ ਜ਼ਫ਼ਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ