Punjabi Poetry : Harsa Singh Chatar

ਪੰਜਾਬੀ ਕਵਿਤਾਵਾਂ : ਹਰਸਾ ਸਿੰਘ ਚਾਤਰ

1. ਚਮਕੌਰ ਦੀ ਗੜ੍ਹੀ

ਚਾਲ੍ਹੀ ਸਿੰਘ 'ਚਮਕੌਰ' ਦੀ ਗੜ੍ਹੀ ਅੰਦਰ,
ਜਦੋਂ ਨਾਲ ਜਰਵਾਣਿਆਂ ਘਿਰੇ ਹੋਏ ਸੀ।
ਤੇਗਾਂ ਵਿਚ ਮੈਦਾਨ ਦੇ ਵੱਜੀਆਂ ਸੀ,
ਬਰਛੇ ਛਾਤੀਆਂ ਦੇ ਵਿਚੋਂ ਫਿਰੇ ਹੋਏ ਸੀ।

ਸੁੱਕੇ ਕਿੱਕਰਾਂ ਵਾਗਰਾਂ ਰਣ ਅੰਦਰ,
ਅੰਗ ਅੰਗ ਜਵਾਨਾਂ ਦੇ ਚਿਰੇ ਹੋਏ ਸੀ।
ਧੜ ਹੰਨਿਆਂ ਤੋਂ ਹੇਠਾਂ ਲਮਕਦੇ ਸੀ,
ਸ਼ਸ਼ਤਰ ਵਾਂਗ ਕ੍ਰਿਆਨਿਆਂ ਕਿਰੇ ਹੋਏ ਸੀ।

ਬਿਜਲੀ ਚਮਕਦੀ ਵੇਖ 'ਅਜੀਤ ਸਿੰਘ' ਦੀ,
ਬਦਲ ਰੁਖ਼ ਬਰਸਾਤ ਦਾ ਕਰ ਰਹੇ ਸੀ।
ਹੈਸੀ ਧਾਂਕ ਜਵਾਨਾਂ ਦੀ ਚਵੀਂ ਪਾਸੀਂ,
ਅਣਖ਼, ਆਨ ਤੇ ਸੂਰਮੇ ਮਰ ਰਹੇ ਸੀ।

ਕਿਹਾ ਸੱਦਕੇ ਲਾਲ 'ਜੁਝਾਰ' ਤਾਈਂ,
ਦਸਮ ਪਿਤਾ ਨੇ ਬੜੇ ਪਿਆਰ ਦੇ ਨਾਲ।
ਓਧਰ ਵੇਖ 'ਅਜੀਤ' ਦੀ ਤੇਗ਼ ਚੱਲਦੀ,
ਕਲਾ ਵਾਰ ਕਰਦਾ, ਸੌ ਸੌ ਵਾਰ ਦੇ ਨਾਲ।

ਜਿਹੜਾ ਮਾਰ ਜਵਾਨ ਦੀ ਹੇਠ ਆਉਂਦਾ,
ਧਰਤੀ ਧਮਕਦੀ ਉਸਦੇ ਭਾਰ ਦੇ ਨਾਲ।
ਕਰਨੀ ਵੇਖ 'ਅਭਿਮੰਨੂ' ਦੀ ਆਤਮਾ ਵੀ,
ਹੈ ਸਤਿਕਾਰਦੀ ਬੜੇ ਸਤਿਕਾਰ ਦੇ ਨਾਲ।

ਧਰਤੀ ਸੂਰਮੇ ਤੋਂ ਬਿਨਾਂ ਸੱਖਣੀ ਏਂ,
ਜਿਵੇਂ ਪਤੀ ਤੋਂ ਸੱਖਣੀ ਨਾਰ ਹੋਵੇ।
ਉਹਨੂੰ ਕੀ ਸੰਸਾਰ ਨੇ ਫਤਹਿ ਕਰਨਾ,
ਜਿਸਦੀ ਮੁੱਠ ਦੇ ਵਿਚ ਤਲਵਾਰ ਹੋਵੇ।

ਝਾਕੀ ਵੇਖ 'ਜੁਝਾਰ' ਨੇ ਕਿਹਾ ਅੱਗੋਂ,
ਪਿਤਾ ਕਾਰ 'ਅਜੀਤ' ਦੀ ਕਰਾਂਗਾ ਮੈਂ।
ਤੇਰਾ ਖ਼ੂਨ ਹਾਂ, ਜੰਗ ਦੀ ਜਾਚ ਸਾਰੀ,
ਬਾਜ਼ਾਂ ਵਾਂਗ ਉਡਾਰੀਆਂ ਭਰਾਂਗਾ ਮੈਂ।

ਡੌਬੂ ਪੈਣਗੇ ਵੇਖ ਕੇ ਵੈਰੀਆਂ ਨੂੰ,
ਐਸੀ ਨਦੀ ਤਲਵਾਰ ਦੀ ਤਰਾਂਗਾ ਮੈਂ।
ਜਿਵੇਂ ਮੌਤ ਨੇ ਵਰ ਲਿਆ ਵੀਰ ਮੇਰਾ,
ਏਸੇ ਤਰ੍ਹਾਂ ਹੀ ਮੌਤ ਨੂੰ ਵਰਾਂਗਾ ਮੈਂ।

ਲੋਕੀਂ ਲੈਣਗੇ ਨਾਮ 'ਜੁਝਾਰ ਸਿੰਘ' ਦਾ,
ਹੱਥ ਪਾਉਣਗੇ ਜਦੋਂ ਤਲਵਾਰ ਉੱਤੇ।
ਸੈਆਂ ਸੋਹਣੀਆਂ ਸੂਰਤਾਂ ਤਰਨਗੀਆਂ,
ਵਗਦੀ ਹੋਈ ਤਲਵਾਰ ਦੀ ਧਾਰ ਉੱਤੇ।

ਦੂਜੀ ਪਲਕ ਸੀ, ਵੀਰ ਮੈਦਾਨ ਅੰਦਰ,
ਆਹੂ ਦੁਸ਼ਮਨਾਂ ਦੇ ਲੱਥਦੇ ਜਾ ਰਹੇ ਸੀ।
ਢੇਲੇ ਜਾਣ ਮਜ਼ਾਰਾਂ ਤੇ ਖੇਡਦੇ ਸੀ,
ਜਾਂ ਕੁਆਲ ਕੁਆਲੀਆਂ ਗਾ ਰਹੇ ਸੀ।

ਲੱਤ ਕਿਸੇ ਦੀ ਕਿਸੇ ਦੀ ਬਾਂਹ ਲੱਥੀ,
ਸਿਰੋਂ ਬਿਨਾਂ ਬਹੁਤੇ ਨਜ਼ਰੀਂ ਆ ਰਹੇ ਸੀ।
ਸੱਟਾਂ ਵਾਂਗ 'ਅਜੀਤ' ਦੇ ਮਾਰਦਾ ਸੀ,
ਜ਼ਖ਼ਮੀ ਸੰਢਿਆਂ ਵਾਂਗ ਅਰੜਾ ਰਹੇ ਸੀ।

ਇਹੋ ਜਿਹੀ ਸ਼ਹਿਜ਼ਾਦੇ ਨੇ ਤੇਗ਼ ਮਾਰੀ,
ਜਗ੍ਹਾ ਜਗ੍ਹਾ ਉਤੇ ਧਰਤੀ ਲਾਲ ਹੋ ਗਈ।
ਸੂਰਬੀਰ 'ਜੁਝਾਰ' ਦੀ ਚਾਲ ਅੱਗੇ,
ਬਿਲਕੁਲ ਗ਼ਲਤ ਹੰਕਾਰ ਦੀ ਚਾਲ ਹੋ ਗਈ।

ਹੁਕਮ ਪੰਥ ਦਾ ਮੰਨ ਕੇ ਖਿੜੇ ਮੱਥੇ,
ਪਾਲਣ ਵਾਸਤੇ ਗੁਰੂ ਦਾਤਾਰ ਤੁਰਿਆ।
ਲਹੂ ਵੀਟਿਆ ਜਿਗਰ ਦੇ ਟੋਟਿਆਂ ਨੇ,
ਅੱਖੀਂ ਵੇਖ ਕੇ ਸ਼ੁਕਰ-ਗੁਜ਼ਾਰ ਤੁਰਿਆ।

ਪੀਰ ਹਿੰਦ ਦਾ ਨਿਕਲਕੇ ਜਾ ਰਿਹਾ ਏ,
ਤਾਲੀ ਮਾਰ ਲਲਕਾਰ ਲਲਕਾਰ ਤੁਰਿਆ।
ਅੱਗੇ ਪਿਤਾ ਕੁਰਬਾਨੀ ਲਈ ਤੋਰਿਆ ਸੀ,
ਅੱਜ ਹੁਣ ਪੁੱਤਰਾਂ ਦੀ ਜੋੜੀ ਵਾਰ ਤੁਰਿਆ।

ਪੈਰ ਤਿਲਕਿਆ ਕਿਸੇ ਚਿਕਨਾਹਟ ਉੱਤੋਂ,
ਰਾਹੀ ਤ੍ਰਬੱਕਿਆ ਨੀਵਾਂ ਧਿਆਨ ਹੋਇਆ।
ਅੱਗੇ ਲਾਸ਼ ਸੀ ਪਈ 'ਅਜੀਤ' ਸਿੰਘ ਦੀ,
ਮਰਨਾ ਧਰਮ ਤੋਂ ਜੀਹਨੂੰ ਪ੍ਰਵਾਨ ਹੋਇਆ।

ਨਿਉਂ ਕੇ ਕਿਹਾ ਦਸ਼ਮੇਸ਼ ਨੇ ਸੂਰਮੇ ਨੂੰ,
ਬੱਚਾ ਧੰਨ ਹੈ ਘਾਲ ਪ੍ਰਵਾਨ ਤੇਰੀ।
ਮੈਂ ਵੀ ਹੁਕਮ ਦਾ ਬੰਨ੍ਹਿਆ ਜਾ ਰਿਹਾ ਹਾਂ,
ਨਹੀਂ ਤਾਂ ਲੰਘ ਨਾ ਸਕਦਾ ਆਨ ਤੇਰੀ।

ਤੇਰੇ ਜਿਹਾਂ ਤੇ ਮਾਣ ਹੈ ਬੀਰਤਾ ਨੂੰ,
ਬਿਜਲੀ ਚਮਕਦੀ ਰਹੀ ਕਿਰਪਾਨ ਤੇਰੀ।
ਹੋਇਆ ਅਮਰ ਸ਼ਹੀਦਾਂ 'ਚ ਨਾਮ ਤੇਰਾ,
ਲੱਗੀ ਦੇਸ਼ ਦੇ ਵਾਸਤੇ ਜਾਨ ਤੇਰੀ।

ਏਦਾਂ ਆਖ ਸਤਿਕਾਰ ਦੇ ਚਾਰ ਅੱਖਰ,
ਚਾਰ ਚੰਦ ਦਸ਼ਮੇਸ਼ ਨੇ ਲਾ ਦਿੱਤੇ।
"ਚਾਤਰ"ਜਾਮ ਪਿਲਾ ਕੇ ਬੀਰਤਾ ਦੇ,
ਬੰਦੇ ਹਾਥੀਆਂ ਨਾਲ ਟਕਰਾ ਦਿੱਤੇ।

2. ਜਾਂ ਚੜ੍ਹਿਆ ਸੰਨ ਸੰਤਾਲੀਆ

ਜਾਂ ਚੜ੍ਹਿਆ ਸੰਨ ਸੰਤਾਲੀਆ, ਉੱਨੀਂ ਸੌ ਉੱਤੇ।
ਅੱਗ ਲੱਗੀ, ਥਾਂ ਥਾਂ ਭੂਤਰੇ, ਹਲਕਾਏ ਕੁੱਤੇ।
ਲੱਖ ਵਿੱਚ ਲਹੂ ਦੇ ਲਿੱਬੜੇ, ਮਖਣਾਂ ਵਿੱਚ ਗੁੱਤੇ।
ਲੱਖ ਛੁਰੀਆਂ ਸੀਨੇ ਲਾ ਕੇ, ਰਾਹਾਂ ਵਿੱਚ ਸੁੱਤੇ।
ਲੱਖ ਪੁੱਤਰ ਗਏ ਯਤੀਮ ਹੋ, ਲੱਖ ਪਿਓ ਨਿਖੁੱਤੇ।
ਲੱਖ ਮੁਰਦੇ ਰੁਲ ਗਏ ਖੇਤਰੀਂ, ਜਦ ਮੌਤ ਵਿਗੁੱਤੇ।
ਪਈ ਲਾਨਤ ਉਸ ਅੰਗਰੇਜ਼ ਨੂੰ, ਜਿਸ ਦੇ ਦੇ ਬੁੱਤੇ।
ਹਿੰਦ ਅਧ ਵਿਚਕਾਰੋਂ ਟੁੱਕਿਆ, ਛਲੀਆਂ ਦੀ ਰੁੱਤੇ।

ਫਿਰ ਲੱਗੇ ਹੋਣ ਤਬਾਦਲੇ, ਜਗ ਫਿਰੀ ਦੁਹਾਈ।
ਭਰ ਪੂਰੀ ਗੱਡੀ ਟੋਭਿਉਂ, ਹਿੰਦ ਵਲ ਚਲਾਈ।
ਸਨ ਚਾਰ ਹਜ਼ਾਰ ਸਵਾਰੀਆਂ, ਮਾਈ ਤੇ ਭਾਈ।
ਵਿੱਚ ਨਿੱਕੇ ਬਾਲ ਬੇਅੰਤ ਵੀ, ਪਏ ਦੇਣ ਦਿਖਾਈ।
ਜਿਉਂ ਤਿਲੀਅਰ ਅੰਦਰ ਜਾਲ ਦੇ, ਜਾਵਣ ਚਿਚਲਾਈ।
ਜਾਂ ਫਾਥੇ ਕੁੱਕੜ ਚੂਚਿਆਂ, ਕੁਰਲਾਟ ਮਚਾਈ।
ਸੀ ਪਾਣੀਂ ਬਾਝੋਂ ਤੜਫਦੀ, ਇਉਂ ਸਭ ਲੁਕਾਈ।
ਜਿਉਂ ਸਜਰੀ ਹੋਵੇ ਕਰਬਲਾ, ਯਜ਼ੀਦ ਬਣਾਈ।

ਜਦ ਡੱਬਾਂਵਾਲੇ ਛਾਛੀਆਂ, ਗੱਡੀ ਖਿਲਆਰੀ।
ਟੁੱਟ ਪਏ ਲੁਟੇਰੇ ਸੈਂਕੜੇ, ਲੈ ਸ਼ਹਿ ਸਰਕਾਰੀ।
ਚਲ ਪਈ ਨਿਹੱਥੀ ਖ਼ਲਕ ਤੇ, ਖੂੰਨਣ ਦੋਧਾਰੀ।
ਕਈ ਚੰਨ ਗਰਹਿਣੇ ਖੰਜਰਾਂ, ਲਾ ਸੱਟ ਕਰਾਰੀ।
ਕਈ ਤਾਰੇ ਡੋਬੇ ਬਰਛਿਆਂ, ਰੱਤ ਚੁੱਭੀ ਮਾਰੀ।
ਕਈ ਚਾਨਣ ਬੁਝ ਗਏ ਓਸ ਥਾਂ ਪਈ ਨ੍ਹੇਰ ਗਬਾਰੀ।
ਜਦ ਥਾਂ ਥਾਂ ਪਾਕਿਸਤਾਨੀਆਂ, ਰੱਤ ਮਿੱਝ ਖਿਲਾਰੀ।
ਤਦ ਕਾਬੂ ਆ ਗਈ 'ਚਾਤਰਾ' ਇਕ ਕੰਜ ਕੁਆਰੀ।

ਉਹ ਰੱਬ ਦੇ ਰੰਗ ਪਈ ਵੇਖਦੀ, ਇਕ ਨੁਕਰੇ ਦੜ ਕੇ।
ਉਨੂੰ ਪਾਇਆ ਹੱਥ ਮੁਸਟੰਡਿਆਂ ਗੱਡੀ, ਵਿਚ ਵੜ ਕੇ।
ਉਨੂੰ ਖੰਭੀਆਂ ਵਾਲੇ ਪਿੰਡ ਨੂੰ, ਝੱਟ ਲੈ ਗਏ ਫੜ ਕੇ।
ਉਨ੍ਹਾਂ ਪਿੰਜਰੇ ਪਾਈ ਸਿੰਘਣੀ, ਜਦ ਜਿੰਦੇ ਜੜ ਕੇ।
ਉਹ ਦਿਲ ਵਿਚ ਮੁੜ ਮੁੜ ਆਖਦੀ, ਗੁਰਬਾਣੀ ਪੜ੍ਹ ਕੇ।
'ਕੀ ਹੋਇਆ ਬਿਜਲੀ ਘੇਰ ਕੇ, ਜੇ ਬੱਦਲ ਕੜਕੇ।'
'ਜਦ ਨਲੂਏ ਦੇ ਪੁੱਤ ਆਉਣਗੇ, ਇਸ ਜ਼ੁਲਮੋਂ ਸੜ ਕੇ।'
'ਲੈ ਜਾਸਣ ਆਪਣੀ ਭੈਣ ਨੂੰ, ਵਿਚ ਰਣ ਦੇ ਲੜ ਕੇ।'

ਉਨੂੰ ਡਕ ਕੇ ਪਾਕਿਸਤਾਨੀਆਂ, ਕੀਤਾ ਇਹ ਹੀਲਾ।
ਇਕ ਰਖਿਆ ਉਸ ਤੇ ਪਹਿਰੂਆ, ਛੁਹਲਾ ਫ਼ੁਰਤੀਲਾ।
ਨਾਂ ਸੰਤੂ, ਜਾਤ ਚੁਮਾਰ ਦੀ, ਪਰ ਦਿਲੋਂ ਹਠੀਲਾ।
ਉਨੂੰ ਆਖੀ ਗਲ ਸੁਵਰਨ ਨੇ, "ਵੇ ਵੀਰ ਵਕੀਲਾ!
ਬਣ ਅਜ ਤੂੰ ਉਜੜੀ ਭੈਣ ਦਾ, ਕੋਈ ਦਰਦ, ਵਸੀਲਾ।
"ਵੇਖੇਂ ਸਿੱਖ ਦਸ਼ਮੇਸ਼ ਦਾ, ਕੋਈ ਸ਼ੇਰ ਛਬੀਲਾ।
ਉਨੂੰ ਕਹੀਂ, ਕੂੰਜ ਕੁਰਲਾਂਵਦੀ, ਸੁੱਕ ਹੋ ਰਹੀ ਤੀਲਾ।
ਕੱਢ ਆਣ ਅਜਾਬੋਂ ਭੈਣ ਨੂੰ, ਜੇ ਹੈਂ ਅਣਖੀਲਾ।"

ਗੱਲ ਮੰਨੀ, ਸੰਤੂ ਸੋਚ ਕੇ, ਨਨਕਾਣੇ ਆਇਆ।
ਉਥੇ ਹਿੰਦੁਸਤਾਨੀ ਫੌਜ ਨੇ, ਸੀ ਕੈਂਪ ਲਗਾਇਆ।
ਸੀ ਉਸ ਵਿਚ ਅਣਖੀ ਸੂਰਮਾ, ਕੰਬੋਜਣ ਜਾਇਆ।
ਉਹ ਕਿਸਨ ਸਿੰਘ ਵਰਿਆਮ ਸੀ, ਜਿਸ ਕਾਲ ਡਰਾਇਆ।
ਜਾ ਸੰਤੂ ਨੇ ਜਦ ਉਸ ਨੂੰ, ਇਉਂ ਦਰਦ ਸੁਣਾਇਆ।
ਹੈ ਖੰਭੀਆਂ ਵਾਲੇ ਭੈਣ ਨੇ, ਭਰ ਨੈਣ ਬੁਲਾਇਆ।
ਮੁਸਟੰਡੇ ਉਸ ਦੀ ਪਤ ਨੂੰ, ਹੱਥ ਚਾਹੁੰਦੇ ਪਾਇਆ।
ਸੁਣ ਅੱਗ ਭਬ੍ਰੂਕਾ ਹੋ ਗਿਆ, ਉਹ ਰੱਤ ਤਿਹਾਇਆ।

ਗੱਲ ਗੋਲੀ ਵੱਜੀ, ਸ਼ੇਰ ਨੂੰ ਭੱਬ ਉਸ ਨੇ ਮਾਰੀ।
ਉਹਦਾ ਲੂੰ ਲੂੰ ਤਿੱਖਾ ਹੋ ਗਿਆ, ਜਿਉਂ ਤੀਰ ਕਟਾਰੀ।
ਉਹਦੇ ਨੈਣਾਂ ਲਾਟਾਂ ਛੱਡੀਆਂ, ਅੱਗ ਭੜਕੀ ਭਾਰੀ।
ਉਹਦੇ ਹੱਥ ਵਿਚ ਨੱਚੀ ਨਾਗਣੀ, ਜਮਰਾਜ ਦੁਲਾਰੀ।
ਉਸ ਕਈ ਗੁਲਜ਼ਰੀਆਂ ਫੁੰਡੀਆਂ, ਅਜ ਤੱਕ ਨਾ ਹਾਰੀ।
ਉਸ ਹਰ ਥਾਂ ਵਿਚ ਮੈਦਾਨ ਦੇ, ਸਿਰ ਚਾੜ੍ਹੀ ਵਾਰੀ।
ਉਸ ਆਖਿਆ,"ਸੁਣ ਓਏ ਸੰਤਿਆ! ਮੈਂ ਦਿਲ ਵਿਚ ਧਾਰੀ।
"ਕੀ ਜੀਂਣਾਂ, ਕੂਕੇ ਜੇ ਕਦੇ, ਕੋਈ ਭੈਣ ਪਿਆਰੀ।"

ਉਹ ਇਕਲਵਾਂਝੇ ਹੋ ਕੇ, ਅਰਦਾਸਾ ਕਰਦਾ।
"ਮੈਂ ਕੂਕਰ ਫ਼ੌਜਾਂ ਵਾਲਿਆ ! ਹਾਂ ਤੇਰੇ ਦਰ ਦਾ।
ਛੱਡ ਹੱਥੋਂ ਡੋਰਾਂ ਖੁਲੀਆਂ, ਤਕ ਚੁੰਘੀਆਂ ਭਰਦਾ।
ਮੈਂ ਲਭ ਲਭ ਮਾਰਾਂ ਮੌਤ ਨੂੰ, ਮਰਨੋਂ ਨਹੀਂ ਡਰਦਾ।
ਹਾਂ ਲੈ ਕੇ ਤੇਰਾ ਆਸਰਾ, ਹੋਣੀ ਨੂੰ ਵਰਦਾ।
ਅੱਜ ਤਕ ਨਾ ਡਿੱਠਾ ਜੱਗ ਨੇ, ਸਿੰਘ ਹਰ ਕੇ ਮਰਦਾ।
ਜਿਉਂ ਨਲੂਆ ਤੇਰੇ ਨਾਮ ਤੇ, ਸੀ ਤੇਗਾਂ ਤਰਦਾ।
ਤਿਉਂ ਮੈਂ ਭੀ ਹਾਂ ਅਜ 'ਚਾਤਰਾ' ਸਿਰ ਭੇਟਾ ਧਰਦਾ।"

ਲੋ ਲੋ ਤੁਰਿਆ ਮਰਦ ਮੈਦਾਨ ਦਾ, ਲੈ ਗੋਲੀ ਗੱਠਾ।
ਆ ਰਲਿਆ ਨਾਲ ਨਰੈਣ ਸਿੰਘ, ਅਣਖੀਲਾ ਪੱਠਾ।
ਲੈ ਆਈਏ ਕੈਦਣ ਭੈਣ ਨੂੰ, ਕਰ ਦਾਈਆ ਕੱਠਾ।
ਉਹ ਆਖਣ, ਜ਼ਾਲਮ ਪਾੜਨੇ, ਜਿਉਂ ਕੋਰਾ ਲੱਠਾ।
ਅਸਾਂ ਅਜ ਬਹਾਉਣਾ ਰਾਤ ਨੂੰ, ਦੁਸ਼ਟਾਂ ਦਾ ਭੱਠਾ।
ਅਸਾਂ 'ਖੰਭੀਆਂ' ਦੇ ਖੰਭ ਸਾੜ ਕੇ, ਚਾਅ ਕਰਨਾ ਮੱਠਾ।
ਜਮ ਜਾਨਾਂ ਸਾਂਭਣ ਵਾਸਤੇ, ਖੰਭੀਆਂ ਨੂੰ ਨੱਠਾ।
ਹੈ ਅਣਖ ਸਿੰਘਾਂ ਦੀ ਛੇੜਨੀ, ਜਗ ਤੇ ਨਹੀਂ ਠੱਠਾ।

ਜਦ 'ਖੰਭੀਆਂ ਵਾਲੇ' ਅੱਪੜੇ, ਸੂਰੇ ਸਤਰਾਣੇ।
ਉਥੇ ਉਸ ਵੇਲੇ ਸਨ ਗੇਣਵੇਂ, ਜ਼ਾਲਮ ਜਰਵਾਣੇ।
ਬਸ ਗਾਜਰ ਮੂਲੀ ਸਿੰਘ ਸੀ, ਉਨ੍ਹਾਂ ਦੇ ਭਾਣੇ।
ਉਨ੍ਹਾਂ ਡਟ ਕੇ ਕੀਤਾ ਟਾਕਰਾ, ਪਾ ਗਾਜ਼ੀ ਬਾਣੇ।
ਉਨ੍ਹਾਂ ਭਾਜੀ ਭੇਜੀ ਰਫ਼ਲ ਚੋਂ ਰੰਗਦਾਰ ਮਖਾਣੇ।
ਸਿੰਘ ਬੈਠੇ ਮਲ ਪੁਜ਼ੀਸ਼ਨਾਂ, ਜਮ ਜੀਉਂਦਾ ਖਾਣੇ।
ਤਿੜ ਤਿੜ ਕਰ ਗਾਏ ਮੌਤ ਦੇ, ਇਉਂ ਰਫ਼ਲਾਂ ਗਾਣੇ।
ਜਿਉਂ ਤਿੜਕਣ ਅੰਦਰ ਭੱਠੀਆਂ ਮੱਕੀ ਦੇ ਦਾਣੇ।

ਇਉਂ ਗੋਲੀ ਆਮ੍ਹੋ ਸਾਹਮਣੇ ਚਲੀ ਦੋ ਘੜੀਆਂ।
ਬਣ ਰਫ਼ਲਾਂ ਬਾਸ਼ਕ ਨਾਗਣਾਂ, ਫਨ ਚੁਕ ਚੁਕ ਲੜੀਆਂ।
ਸੱਟ ਖਾ ਖਾ ਗਾਜ਼ੀ ਝੂਮਦੇ ਹਥ ਰਫ਼ਲਾਂ ਫੜੀਆਂ।
ਜਿਉਂ ਖੇਡਣ ਕਿਸੇ ਮਜ਼ਾਰ ਤੇ, ਜਾਦੂਗਰ ਜੜੀਆਂ।
ਇਉਂ ਡਿੱਗਣ, ਡਿੱਗਣ ਜਿਸ ਤਰ੍ਹਾਂ ਕੋਠੇ ਚੋਂ ਕੜੀਆਂ।
ਪਲ ਅੰਦਰ ਪਾਟੇ ਸੂਰਮੇ, ਰਤ ਕਾਂਗਾਂ ਚੜ੍ਹੀਆਂ।
ਤਕ ਬਚਿਆਂ ਬੁਢਿਆਂ ਆਖਿਆ, ਕਰ ਬਾਹੀਂ ਖੜੀਆਂ।
"ਅਜ ਸਿੱਖਾਂ ਹੱਥੋਂ ਸਾਡੀਆਂ, ਤਕਦੀਰਾਂ ਸੜੀਆਂ।"

ਜਦ ਡਿੱਠਾ ਕੋਈ ਨਾ ਸਾਹਮਣੇ, ਜੰਗੀ ਮਤਵਾਲਾ।
ਤਦ ਸਿੰਘਾਂ ਕੈਦਣ ਭੈਣ ਦਾ, ਕੜਕਾਇਆ ਤਾਲਾ।
ਝਟ ਫਤਿਹ ਬੁਲਾ ਕੇ ਨਿੱਕਲੀ, ਉਹ ਜੋਸ਼ ਜਵਾਲਾ।
ਜਿਉਂਂ ਛੁੱਟਾ ਚੰਨ ਗਰਹਿਣ ਤੋਂ, ਹੋ ਗਿਆ ਉਜਾਲਾ।
ਸੀ ਜੋ ਜੋ ਇਸ ਵਲ ਵੇਖਦਾ, ਬਦਨੀਤ ਕੁਚਾਲਾ।
ਉਹ ਸੁੱਤਾ ਡਿੱਠਾ ਸੱਥਰੀਂ, ਮੋਇਆ ਮੂੰਹ ਕਾਲਾ।
ਲਾ ਠੋਕਰ ਕਹਿੰਦੀ, "ਮੁਰਦਿਓ! ਡਿੱਠਾ ਜੇ ਚਾਲਾ।
ਹੈ ਆਖਰ 'ਚਾਤਰ' ਬਹੁੜਿਆ, ਗੁਰੂ ਫ਼ੌਜਾਂ ਵਾਲਾ"।

('ਲਹੂ ਦੀਆਂ ਧਾਰਾਂ' ਵਿੱਚੋਂ)

3. ਸੱਸੀ ਡਾਚੀ ਦੇ ਖੁਰੇ ਤੇ ਰੋਏ ਬੈਠੀ

ਸੱਸੀ ਡਾਚੀ ਦੇ ਖੁਰੇ ਤੇ ਰੋਏ ਬੈਠੀ,
ਰੋ-ਰੋ ਅੱਗੇ ਦਲੀਲਾਂ ਨੂੰ ਤੋਰਦੀ ਏ ।
ਸ਼ਾਲਾ ਹੋਤ ਜਿਹੜੇ ਪੁੰਨੂ ਖਾਨ ਖੜਿਆ,
ਲੱਭੇ ਓਸ ਨੂੰ ਥਾਂ ਨ ਗੋਰ ਦੀ ਏ ।

ਮਹਿੰਦੀ, ਮਾਹੀ ਬਾਝੋਂ ਨਿਰੀ ਲਹੂ ਹੋਈ,
ਤੱਤੀ ਯਾਦ ਪਈ ਹੱਡੀਆਂ ਖੋਰਦੀ ਏ ।
ਖਬਰੇ ਏਨੀ ਪੈਰੀ ਪੁੰਨੂ ਪਰਤ ਆਏ,
ਏਦਾਂ ਲੱਡੂ ਖਿਆਲਾਂ ਦੇ ਭੋਰਦੀ ਏ ।

ਆਖੇ, ਨਾਲ ਮੇਰੇ ਹੋਤਾਂ ਬੁਰੀ ਕੀਤੀ,
ਖਬਰੇ ਖਾਰ ਕੱਢੀ ਕਿਹੜੇ ਖੋਰ ਦੀ ਏ ।
ਚੰਗਾ ਮੈਂ ਤਾਂ ਮੋਈ ਵੀ ਮਿਲ ਪਵਾਂਗੀ,
"ਪੂਰੀ ਕਦੇ ਵੀ ਨ ਪੈਂਦੀ ਚੋਰ ਦੀ ਏ"।

4. ਅਕਾਲੀ ਫੂਲਾ ਸਿੰਘ ਜੀ

ਓਦ੍ਹੇ ਸੂਰਜ ਵਰਗੇ ਚੱਕਰਾਂ ਦਾ ਰੁਤਬਾ ਆਲੀ,
ਲੱਕ ਲਟਕੇ ਪਈ ਬਹਾਦਰੀ, ਮੂੰਹ ਭੱਖਦੀ ਲਾਲੀ ।
ਓਹ ਈਨ ਮਨਾਵੇ ਮੌਤ ਨੂੰ, ਜਦ ਫੜੇ ਭੁਚਾਲੀ,
ਓਦ੍ਹੇ ਅੱਗੇ ਸ਼ੇਰ ਪੰਜਾਬ ਦਾ ਬਣ ਖੜਾ ਸਵਾਲੀ ।
ਤੇ ਗੱਲ ਸੁਣਾਵੇ ਇਸ ਤਰ੍ਹਾਂ, ਜੰਗ ਯੁੱਧਾਂ ਵਾਲੀ :
"ਹੋ ਗਿਆ ਮੁਜ਼ਫਰ ਖਾਨ ਜਾਂ, ਸਿੰਘਾਂ ਤੋਂ ਆਕੀ,
ਨਾ ਭੇਜੇ ਉਸ ਨੇ ਮਾਮਲੇ, ਨਾ ਦਿੱਤੀ ਬਾਕੀ ।
ਤਦ ਚੜ੍ਹਿਆ ਸਾਂ ਮੁਲਤਾਨ ਤੇ ਲੈ ਫੌਜ ਬਥੇਰੀ,
ਜਾ ਭੀੜ ਮੁਜ਼ਫਰ ਖਾਨ ਦੀ, ਮੈਂ ਰਣ ਵਿਚ ਘੇਰੀ ।
ਓਥੇ ਸੌ ਸੌ ਤੋਪਾਂ ਚਲੀਆਂ, ਸਨ ਇਕ ਵੇਰੀ,
ਓਥੇ ਰਣ ਵਿੱਚ ਗੋਲੇ ਗੂੰਜ ਕੇ, ਲੈ ਆਏ ਅਨ੍ਹੇਰੀ ।
ਤਦ ਉੱਡਣ ਲੱਗੇ ਸੂਰਮੇ, ਜਿਉਂ ਪੱਤੇ ਬੇਰੀ,
ਜਦ ਫੌਜ ਮੁਜ਼ਫਰ ਖਾਨ ਦੀ, ਮਰ ਗਈ ਚੰਗੇਰੀ ।
ਉਹ ਝੱਟ ਕਿਲ੍ਹੇ ਵਿੱਚ ਵਗ ਗਿਆ, ਕਰ ਹੇਰਾ-ਫੇਰੀ,
ਪਰ ਸਾਥੋਂ ਟੁੱਟਾ ਕਿਲ੍ਹਾ ਨਾ, ਢਹਿ ਗਈ ਦਲੇਰੀ ।"

(ਅਧੂਰੀ ਰਚਨਾ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ