Punjabi Poetry : Gursimran Dilgeer

ਪੰਜਾਬੀ ਕਵਿਤਾਵਾਂ : ਗੁਰਸਿਮਰਨ ਦਿਲਗੀਰ

1. ਕੈਂਡਲ ਮਾਰਚ

ਸੁਣ ਧੀਏ ਮੇਰੀਏ, ਅਜ ਫੇਰ ਇੱਕ ਕੈਂਡਲ ਮਾਰਚ ਹੋਇਆ ।
ਅਜ ਫੇਰ ਲੋਕਾਂ ਧਰਨੇ ਲਾਏ।
ਅਜ ਫੇਰ ਇਨਸਾਨੀਅਤ ਦਾ ਮੂੰਹ ਸ਼ਰਮਸਾਰ ਹੋਇਆ ।

ਅਜ ਫੇਰ ਇਕ ਮਾਂ ਦੀ ਰੂਹ ਵਲੂੰਧਰੀ ।
ਅਜ ਫੇਰ ਇਕ ਬਾਪ ਜਿਊਂਦੇ ਜੀਅ ਮੋਇਆ।
ਅਜ ਫੇਰ ਤੇਰਾ ਬਲਾਤਕਾਰ ਹੋਇਆ।

ਚਲ ਛਡ ਧੀਏ, ਇਹ ਕਿਹੜਾ ਪਹਿਲੀ ਵਾਰ ਹੋਇਆ।
ਅਸੀਂ ਕੁਝ ਚਿਰ ਮਗਰੋਂ ਫੇਰ ਆਵਾਂਗੇ, ਫੇਰ ਦੁਬਾਰਾ ਧਰਨੇ ਲਾਵਾਂਗੇ।
ਜਦ ਕੋਈ ਭੇੜੀਆ ਫੇਰ ਕਿਸੇ ਮਿਰਗ ਦੇ ਟੁੱਕਰ ਨੋਚੂਗਾ,
ਅਸੀਂ ਫੇਰ ਮੜ੍ਹੀਆਂ 'ਚ ਮੋਮਬੱਤੀਆਂ ਜਗਾਵਾਂਗੇ।

ਬਹੁਤੇ ਤਾਂ ਦਬ ਗਏ ਤੇਰੇ ਹੌਕਿਆਂ 'ਚ, ਕੁਝ ਕੁ ਤੋਂ ਮੈਂ ਜਾਣਕਾਰ ਹੋਇਆ।
ਤੇਰਾ ਤਾਂ ਧੀਏ ਸਾਡੇ ਸਭਿਆਚਾਰਕ ਸਮਾਜ ਚ ਪੈਰ ਪੈਰ ਤੇ ਤਿਰਸਕਾਰ ਹੋਇਆ।
ਸੁਣ ਧੀਏ ਮੇਰੀਏ, ਅਜ ਫੇਰ ਇੱਕ ਕੈਂਡਲ ਮਾਰਚ ਹੋਇਆ।

2. ਅਜ ਫੇਰ ਸ਼ੀਸ਼ਾ ਬੋਲ ਪਿਆ

ਅਜ ਫੇਰ ਸ਼ੀਸ਼ਾ ਬੋਲ ਪਿਆ
ਅਜ ਸ਼ੀਸ਼ੇ ਦਾ ਵੀ ਸਬਰ ਡੋਲ ਗਿਆ

ਅਖੇ ਮੈਂ ਤੱਕਿਆ ਤੇਰੇ ਬਚਪਨ, ਤੇਰੀ ਜਵਾਨੀ ਨੂੰ
ਤੇਰੇ ਹਾਸੇ ਹੰਝੂ ਤੱਕੇ ਮੈਂ
ਸੁਣਿਆ ਮੈਂ ਤੇਰੀ ਹਰ ਪ੍ਰੇਮ ਕਹਾਣੀ ਨੂੰ

ਮੇਰੇ ਮੂਹਰੇ ਤੂੰ ਰੂਪ ਬਣਾਉਂਦਾ ਸੀ
ਆਪਣੇ ਸੋਹਣੇ ਚਿਹਰੇ ਤੇ ਇਤਰਾਉਂਦਾ ਸੀ

ਅਜ ਇਕ ਦੌਰ ਉਮਰ ਦਾ ਲੰਘ ਚੱਲਾ
ਕਈ ਜਿਉਣ ਮਰਨ ਦੀਆਂ ਸੌਹਾਂ ਵਾਲੇ ਛੱਡ ਗਏ ਤੇਰਾ ਪੱਲਾ

ਚਿਹਰੇ ਤੇਰੇ ਤੇ ਹੁਣ ਲਕੀਰਾਂ ਨੇ ਤਜੁਰਬੇ ਵਾਲੀਆਂ
ਕੁਝ ਮੋਹ ਵਾਲੀਆਂ ਕੁਝ ਧੋਖੇ ਵਾਲੀਆਂ

ਮੈਂ ਤੈਨੂੰ ਲੱਖ ਸਮਝਾਇਆ ਪਰ ਤੈਨੂੰ ਦਸਤੂਰ ਦੁਨੀਆਂ ਦਾ ਸਮਝ ਨਾ ਆਇਆ
ਹੱਡ ਮਾਸ ਦੇ ਬੰਦੇ ਤੇ ਤੂੰ ਰੱਬੋਂ ਵਧ ਯਕੀਨ ਜਤਾਇਆ

ਜਦ ਤਕ ਮੈਂ ਵੀ ਜਿਊਂਦਾ ਹਾਂ, ਇਹ ਮੈਨੂੰ ਸਾਂਭ ਸਾਂਭ ਰੱਖਣਗੇ
ਇਕ ਤਰੇੜ ਆਉਣ ਦੀ ਦੇਰ ਹੈ, ਆਪਣੇ ਹੱਥੀਂ ਮੈਨੂੰ ਭੰਨਣਗੇ

ਇਹ ਸਭ ਆਖ ਉਹ ਲਗ ਰੋਣ ਪਿਆ
ਅਜ ਫੇਰ ਸ਼ੀਸ਼ਾ ਬੋਲ ਪਿਆ
ਅਜ ਸ਼ੀਸ਼ੇ ਦਾ ਵੀ ਸਬਰ ਡੋਲ ਗਿਆ

3. ਮੌਤ

ਕੁਝ ਮੌਤਾਂ ਦਰਜ ਨੀ ਹੁੰਦੀਆਂ,
ਕੁਝ ਕੁ ਦੇ ਸਸਕਾਰ ਨੀ ਹੁੰਦੇ।

ਕੁਝ ਰੂਹਾਂ ਵਿੱਛੜ ਕੇ ਵੀ ਵਿਲਕਦੀਆਂ,
ਕਈਆਂ ਦੇ ਪੂਰੇ ਅੰਤਮ ਸਤਕਾਰ ਨੀ ਹੁੰਦੇ।

ਕਈ ਜੀਊਂਦੇ ਜੀਅ ਵੀ ਮੋਏ ਨੇ,
ਜੋ ਰਹਿੰਦੇ ਸਦਾ ਹੀ ਪਤਝੜ ਨੇ,
ਕਦੇ ਫੁੱਲਾਂ ਵਾਲੀ ਬਹਾਰ ਨੀ ਹੁੰਦੇ।

ਸੱਲ ਉਹਨਾਂ ਦੀਆਂ ਹਿੱਕਾਂ ਤੇ ਹੀ ਲਗਦੇ
ਸੀਨੇ ਜਿਹਨਾਂ ਦੇ ਸਾੜ ਨੀ ਹੁੰਦੇ।

ਕਈ ਬੀਜ ਕੇ ਸੂਲਾਂ ਧਰਤੀ ਦੀ ਹਿੱਕ ਤੇ,
ਆਖਣ ਸਾਡੇ ਤਾਂ ਖੇਤੀਂ ਝਾੜ ਨੀ ਹੁੰਦੇ।

ਮੈਂ ਕਿੱਥੇ ਫੂਕਾਂ ਆਸਾਂ ਦੀ ਲਾਸ਼ ਨੂੰ,
ਸੁਣਿਆ ਇਹਦੀ ਮੌਤ ਦੇ ਰਜਿਸਟਰਾਰ ਨੀ ਹੁੰਦੇ।

ਕੁਝ ਮੌਤਾਂ ਦਰਜ ਨੀ ਹੁੰਦੀਆਂ,
ਕੁਝ ਕੁ ਦੇ ਸਸਕਾਰ ਨੀ ਹੁੰਦੇ।

4. ਕੋਈ ਮੋੜ ਲਿਆਵੇ

ਕੋਈ ਮੇਰੇ ਪਹਿਲਾਂ ਵਾਲੇ ਸਾਉਣ ਮੋੜ ਲਿਆਵੇ
ਹੁਣ ਕਦੇ ਵੀ ਵਹਿੰਦੀ ਨਾਂ, ਉਹ ਪਹਿਲਾਂ ਵਾਲੀ ਪੌਣ ਮੋੜ ਲਿਆਵੇ

ਉਹ ਜੇਠ ਹਾੜ ਦੀਆਂ ਧੁੱਪਾਂ ਨਾ ਹੁਣ, ਉਹ ਅੱਸੂ ਕੱਤੇ ਦੀਆਂ ਰੁੱਤਾਂ ਨਾ ਹੁਣ
ਪਹਿਲਾਂ ਵਾਲਾ ਕੂੰਜਾਂ ਕਾਂਵਾਂ ਦਾ ਕੋਈ ਗਾਉਣ ਮੋੜ ਲਿਆਵੇ

ਇਹਨਾਂ ਉੱਚੇ ਖੰਡਰਾਂ ਵਿਚ ਹੁਣ ਇਕ ਚੁੱਪ ਜਿਹਾ ਬੰਦਾ ਵੱਸਦਾ ਹੈ
ਅੰਦਰ ਤਾਂ ਬਹੁਤ ਸਮੋਈ ਬੈਠਾ, ਲੋਕਾਂ ਸਾਹਵੇਂ ਹਸਦਾ ਹੈ
ਕੋਈ ਉਹ ਪਹਿਲਾਂ ਵਾਲੇ ਖੁਸ਼ੀ ਖੇੜੇ ਤੇ ਨੱਚਣ ਗਾਉਣ ਮੋੜ ਲਿਆਵੇ

ਸਫੇ ਕੁਝ ਫਟੇ ਨੇ ਜਿੰਦਗੀ ਦੀ ਕਿਤਾਬ ਦੇ
ਰਬ ਕਰਕੇ ਕੋਈ ਉਹਨੂੰ ਜੋੜ ਲਿਆਵੇ
ਕੋਈ ਮੇਰੇ ਪਹਿਲਾਂ ਵਾਲੇ ਸਾਉਣ ਮੋੜ ਲਿਆਵੇ !!

5. ਉਡੀਕ

ਹਾਂ, ਮੈਨੂੰ ਉਡੀਕ ਤਾਂ ਹੈ ਪਰ ਮੈਂ ਜਾਣਦਾ ਹਾਂ ਉਹਨੇ ਮੁੜ ਨਹੀਂ ਆਉਣਾ
ਨੈਣ ਅਜ ਵੀ ਤਰਸਦੇ ਨੇ ਉਹਦੀ ਦੀਦ ਨੂੰ ਪਰ ਮੈਂ ਜਾਣਦਾ ਹਾਂ ਉਸ ਮੁੜ ਫੇਰਾ ਨਹੀਂ ਪਾਉਣਾ

ਜਾਣ ਲੱਗੀ ਨੂੰ ਰਬ ਰਾਖਾ ਤਾਂ ਕਹਿ ਆਇਆ ਸੀ ਪਰ ਮੈਂ ਅਲਵਿਦਾ ਨਹੀਂ ਕਹਾਉਣਾ
ਸੱਲ ਕਈ ਲੱਗੇ ਮੇਰੀ ਰੂਹ ਤੇ, ਪਰ ਕਸਮ ਖੁਦਾ ਦੀ ਮੈਂ ਇਕ ਨਾ ਦਿਖਾਉਣਾ

ਅੰਦਰ ਤਾਂ ਉਹਦਾ ਵੀ ਚੂਲਿਆ ਹੋਊ, ਪਰ ਮੈਂ ਜਾਣਦਾ ਹਾਂ ਉਹਨੂੰ ਆਉਂਦਾ ਹੈ ਕਈ ਚਿਹਰੇ ਬਣਾਉਣਾ
ਅਮੁੱਕਵੇਂ ਪੈਂਡਿਆਂ ਤੇ ਤੁਰ ਤਾਂ ਪਿਆ ਹਾਂ ਪਰ ਜਾਣਦਾ ਹਾਂ ਮੈਂ ਮੰਜ਼ਲ ਨੂੰ ਨਾ ਥਿਆਉਣਾ

ਵਹਿੰਦਾ ਜਾ ਰਿਹਾ ਹਾਂ ਜ਼ਿੰਦਗੀ ਦੇ ਵਹਾਅ ਵਿਚ ਪਰ ਸਮਝ ਆਵੇ ਨਾ ਕਿੱਧਰ ਨੂੰ ਹੈ ਜਾਣਾ
ਇਹ ਦਸਤੂਰ-ਏ-ਮੁਹੱਬਤ ਹੈ ਯਾਂ ਦਸਤੂਰ-ਏ-ਜ਼ਿੰਦਗੀ, ਜੋ ਵੀ ਹੈ ਪਰ ਪੈਣਾ ਆਖਰੀ ਸਾਹ ਤਕ ਨਿਭਾਉਣਾ

ਹਾਂ, ਮੈਨੂੰ ਉਡੀਕ ਹੈ, ਪਰ ਮੈਂ ਜਾਣਦਾਂ ਉਹਨੇ ਮੁੜ ਨਹੀਂ ਆਉਣਾ !!

6. ਪੌੜੀ

ਵੇ ਝੱਲਿਆ! ਅਗਲੇ ਜਨਮ 'ਚ ਮੁੜ ਪੌੜੀ ਨਾ ਬਣ ਜਾਈਂ
ਮੈਂ ਪੋਟਾ ਪੋਟਾ ਕਟ ਆਪਣਾ, ਉਤਾਂਹ ਵਧਣ ਨੂੰ ਪੌੜੀ ਇਕ ਬਣਾਈ
ਚਾਵਾਂ ਨਾਲ ਮੈਂ ਆਪਣਿਆਂ ਨੂੰ ਜਾਂਦਾ ਸਾਂ ਮੋਢੇ ਚੜ੍ਹਾਈ
ਇਕ ਇਕ ਕਰ ਜਦ ਪੁੱਜੇ ਸਾਰੇ, ਇਕ ਹਿਕ ਚੀਰਵੀਂ ਆਵਾਜ਼ ਜਿਹੀ ਸੀ ਆਈ
ਹੁਣ ਇਹ ਪੌੜੀ ਦਾ ਕੰਮ ਕੀ, ਜਾਂਦੀ ਰਾਹ ਚ ਅੜਿੱਕੇ ਪਾਈ
ਮਾਰੀ ਲਤ ਉਸ ਜ਼ੋਰ ਨਾਲ ਤੇ ਮੈਨੂੰ ਜਗਾ ਮੇਰੀ ਵਖਾਈ।
ਵੇ ਝੱਲਿਆ, ਅਗਲੇ ਜਨਮ ਚ ਮੁੜ ਪੌੜੀ ਨਾ ਬਣ ਜਾਈਂ

7. ਯਾਦ

ਉਹ ਮੇਰੇ ਚੇਤੇ ਵਿੱਚ ਤਾਂ ਹੈ, ਬਸ ਹੁਣ ਉਹਦੀ ਯਾਦ ਜਿਹੀ ਨਹੀਂ ਆਉਂਦੀ;
ਦਿਨ ਤਾਂ ਅਜ ਵੀ ਢਲ ਜਾਂਦੈ, ਬਸ ਹਣ ਉਹ ਪਹਿਲਾਂ ਵਾਲੀ ਸ਼ਾਮ ਜਿਹੀ ਨਹੀਂ ਆਉਂਦੀ;
ਰੁੱਤਾਂ ਤਾਂ ਹੁਣ ਵੀ ਬਦਲਦੀਆਂ ਨੇ, ਬਸ ਹੁਣ ਉਹ ਪਹਿਲਾਂ ਵਾਲੀ ਪੌਣ ਜਿਹੀ ਨਹੀਂ ਆਉਂਦੀ;
ਅੱਗ ਵਰ੍ਹਾਉਂਦੀ ਧਰਤੀ ਤੇ ਸਾਉਣ ਦੀ ਉਹ ਬਦਲੀ ਪਹਿਲਾਂ ਵਾਂਗ ਹੀ ਵਰ੍ਹਦੀ ਹੈ,
ਬਸ ਹੁਣ ਮਿੱਟੀ ਚੋਂ ਉਹ ਪਹਿਲਾਂ ਵਾਲੀ ਮਹਿਕ ਜਿਹੀ ਨਹੀਂ ਆਉਂਦੀ;
ਰਾਹਾਂ ਤਾਂ ਅੱਜ ਵੀ ਉਹੀ ਨੇ, ਬਸ ਹੁਣ ਕੋਈ ਵੀ ਸੜਕ ਮੇਰੀ ਮੰਜ਼ਿਲ ਵਲ ਨਹੀਂ ਜਾਂਦੀ;
ਸੌਂਦਾ ਤਾਂ ਮੈਂ ਅੱਜ ਵੀ ਹਾਂ, ਬਸ ਹੁਣ ਉਹ ਪਹਿਲਾਂ ਵਾਲੀ ਨੀਂਦ ਜਿਹੀ ਨਹੀਂ ਆਉਂਦੀ;
ਉਹ ਮੇਰੇ ਚੇਤੇ ਵਿੱਚ ਤਾਂ ਹੈ, ਬਸ ਹੁਣ ਉਹਦੀ ਯਾਦ ਜਿਹੀ ਨਹੀਂ ਆਉਂਦੀ ...

8. ਬੜਾ ਚੰਗਾ ਹੁੰਦਾ ਹੈ

ਬੜਾ ਚੰਗਾ ਹੁੰਦਾ ਹੈ ਕਈ ਵਾਰ ਚੁੱਪ ਰਹਿਣਾ,
ਬੜਾ ਚੰਗਾ ਹੁੰਦਾ ਹੈ ਕਈ ਵਾਰ ਸਭ ਕੁਝ ਸਹਿ ਲੈਣਾ;

ਬੜਾ ਚੰਗਾ ਹੁੰਦਾ ਹੈ ਕਈ ਵਾਰ ਅਣਪਛਾਤੇ ਰਾਹਾਂ 'ਚੋਂ ਅਧਵਾਟੋਂ ਹੀ ਮੁੜ ਆਉਣਾ,
ਬੜਾ ਚੰਗਾ ਹੁੰਦਾ ਹੈ ਕਈ ਵਾਰ ਸਭ ਜਾਣਦੇ ਹੋਏ ਵੀ ਬੁੱਲ੍ਹਾਂ ਨੂੰ ਸੀ ਲੈਣਾ;

ਬੜਾ ਚੰਗਾ ਹੁੰਦਾ ਹੈ ਕਈ ਵਾਰ ਮੁੜ ਹਰਿਆ ਹੋਣ ਦੀ ਆਸ 'ਚ ਰੁੱਖ ਦਾ ਝੜਣਾ,
ਬੜਾ ਚੰਗਾ ਹੁੰਦਾ ਹੈ ਕਈ ਵਾਰ ਕੁੱਟ ਖਾਈ ਜਾਣਾ ਤੇ ਹਾਲਾਤਾਂ ਨਾਲ ਨਾ ਲੜਣਾ,
ਬੜਾ ਚੰਗਾ ਹੁੰਦਾ ਹੈ ਕਈ ਵਾਰ ਨਿੱਤ ਨਿੱਤ ਮਰਨ ਨਾਲੋਂ ਇੱਕੋ ਵਾਰ ਮਰਨਾ;

ਬੜਾ ਚੰਗਾ ਹੁੰਦਾ ਹੈ ਕਈ ਵਾਰ ਚੁੱਪ ਰਹਿਣਾ,
ਬੜਾ ਚੰਗਾ ਹੁੰਦਾ ਹੈ ਕਈ ਵਾਰ ਸਭ ਕੁਝ ਸਹਿ ਲੈਣਾ ......

9. ਪੰਜ-ਆਬ

ਨਾ ਹੁਣ ਪੰਜ-ਆਬ ਰਹੇ,
ਨਾ ਹੁਣ ਆਬਾਂ ਦਾ ਮਿੱਠਾ ਪਾਣੀ ਹੈ!

ਨਾ ਉਹ ਜੁੱਸੇ ਜਿਗਰੇ ਵਿਖਣ,
ਨਾ ਉਹ ਮਿਰਜ਼ੇ ਸਾਹਿਬਾਂ ਲੱਭਣ,
ਨਾ ਬਣਦੀ ਮਿਸਾਲ ਹੁਣ ਕੋਈ ਵੀ ਪ੍ਰੇਮ ਕਹਾਣੀ ਹੈ!

ਕਦੇ ਖੜ ਗਏ ਸੀ ਹਿੱਕਾਂ ਡਾਹ ਅਬਦਾਲੀ ਮੂਹਰੇ,
ਨਾ ਹੁਣ ਖੌਲੇ ਲਹੂ ਤੇਰਾ,
ਚਿੱਟੇ ਨੇ ਲਈ ਖਾ ਜਵਾਨੀ ਹੈ!

ਆਰੇ, ਰੰਬੀਆਂ, ਖੰਡੇ ਹੱਸਣ,
ਅਖੇ ਹੱਕ ਸਚ ਲਈ ਭੁੱਲੇ ਤੇਗ ਕਿਵੇਂ ਵਾਹੁਣੀ ਹੈ!

ਇਹ ਤਾਂ ਬਸ ਹੁਣ ਮੈਨੂੰ ਮੱਥੇ ਟੇਕਣ
ਤੇਰੇ ਪੁੱਤਾਂ ਭੁੱਲੀ ਕਿਵੇਂ ਦਈ ਦੀ ਕੁਰਬਾਨੀ ਹੈ!

ਬਸ ਇੰਨੀ ਕੁ ਮੇਰੇ ਅਜ ਦੇ ਪੰਜ - ਆਬ ਦੀ ਕਹਾਣੀ ਹੈ!
ਨਾ ਹੁਣ ਪੰਜ - ਆਬ ਰਹੇ,
ਨਾ ਹੁਣ ਆਬਾਂ ਦਾ ਮਿੱਠਾ ਪਾਣੀ ਹੈ!

10. ਗੁਰਦੁਆਰੇ ਤਾਂ ਰੋਜ਼ ਹੀ ਜਾਨੇ ਆਂ!

ਗੁਰਦੁਆਰੇ ਤਾਂ ਰੋਜ਼ ਹੀ ਜਾਨੇ ਆਂ!
ਬਾਣੀ ਵੀ ਨਿੱਤ ਪੜ੍ਹਦੇ ਆਂ, ਰਬ ਨੂੰ ਬੜਾ ਧਿਆਉਨੇ ਆਂ!

ਵੈਸੇ ਤਾਂ ਪੰਜ ਦਸ ਦਾ ਮੱਥਾ ਟੇਕ ਦੇਈਦਾ ਹੈ, ਪਰ ਜਿਸ ਦਿਨ ਹੋਵੇ ਕੰਮ ਕੋਈ ਵੱਡਾ,
ਉਸ ਦਿਨ ਦੇਗ ਸੌ ਦੀ ਵੀ ਕਰਾਓੁਣੇ ਆਂ !

ਬਾਬੇ ਨਾਨਕ ਦੀਆਂ ਮੱਤਾਂ (ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ) ਆਪ ਤਾਂ ਮੰਨਦੇ ਹੀ ਹਾਂ,
ਬੱਚਿਆਂ ਨੂੰ ਵੀ ਸਿਖਾਉਨੇ ਆਂ!

ਕਿਰਤ ਤਾਂ ਸਾਡੀ ਸੱਚੀ ਸੁੱਚੀ,
ਵਪਾਰ ਚ ਮਾੜਾ ਮੋਟਾ ਚਲਦੈ ਕਹਿ ਕੇ
ਫੇਰ ਕੀ ਹੋਇਆ ਜੇ ਥੋੜੀ ਕੁੰਡੀ ਲਾਈ ਜਾਨੇ ਆਂ !

ਗੁਰਦੁਆਰੇ ਤਾਂ ਰੋਜ਼ ਹੀ ਜਾਨੇ ਆਂ!

ਨਾਮ ਵੀ ਨਿੱਤ ਜਪੀਦਾ ਹੈ, ਫੇਰ ਕੀ ਹੋਇਆ ਜੇ ਅਰਥ ਨਾ ਸਮਝੇ,
ਜਪੁਜੀ ਪੂਰਾ ਕੰਠ ਸਾਨੂੰ, ਬੱਚਿਆਂ ਨੂੰ ਵੀ ਕਰਾਈ ਜਾਨੇ ਆਂ!
ਗੁਰਦੁਆਰੇ ਤਾਂ ਰੋਜ਼ ਹੀ ਜਾਨੇ ਆਂ!

ਵੰਡ ਕੇ ਤਾਂ ਜ਼ਰੂਰ ਹੀ ਛਕੀਦਾ ਹੈ,
ਚੜ੍ਹਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਚੰਗਾ ਦਸਵੰਧ ਗੁਰੂ ਦੀ ਗੋਲਕ ਵਿਚ ਪਾਉਨੇ ਆਂ!
ਰਾਹ 'ਚ ਮਿਲੇ ਕੋਈ ਭੁੱਖਾ ਭਾਣਾ, ਸਿੱਕਾ ਪੰਜ ਦਾ ਓੁਹਨੂੰ ਵੀ ਦੇ ਜਾਨੇ ਆਂ!
ਗੁਰਦੁਆਰੇ ਤਾਂ ਰੋਜ਼ ਹੀ ਜਾਨੇ ਆਂ!

11. ਮੈਨੂੰ ਗੁਮਨਾਮ ਹੀ ਰਹਿਣ ਦੇ

ਮੈਨੂੰ ਗੁਮਨਾਮ ਹੀ ਰਹਿਣ ਦੇ, ਮੈਨੂੰ ਬਦਨਾਮ ਹੀ ਰਹਿਣ ਦੇ।
ਕਿਸੇ ਗੁਮਸ਼ੁਦਾ ਕਵੀ ਦਾ ਨਾ ਛਪਿਆ ਕਲਾਮ ਹੀ ਰਹਿਣ ਦੇ।

ਨਾ ਚੁੱਕ ਮੇਰੀ ਹੋਂਦ ਦੀ ਲੋਥ ਤੋਂ ਕਫਨ,
ਮੈਨੂੰ ਜਗ ਲਈ ਇਕ ਚਿੰਨ ਵਿਸ਼ਰਾਮ ਹੀ ਰਹਿਣ ਦੇ।

ਨਾ ਕਰ ਕੋਈ ਨਾਕਾਮ ਕੋਸ਼ਿਸ਼ ਫੱਟ ਮੇਰੇ ਸੀਣ ਦੀ,
ਅੱਲ੍ਹੇ ਜ਼ਖਮਾਂ ਨੂੰ ਜ਼ਰਾ ਕੁਝ ਦੇਰ ਹੋਰ ਸਹਿਣ ਦੇ।
ਦਿਨ ਤੇ ਰਾਤ ਦੇ ਬੋਝ ਹੇਠ ਸਾਹ ਲੈਂਦੀ
ਇਕ ਬੇਵਸ ਜਿਹੀ ਸ਼ਾਮ ਹੀ ਰਹਿਣ ਦੇ।

ਨਾ ਧੋ ਮੇਰੇ ਦਾਗਾਂ ਦੀ ਪੰਡ ਨੂੰ,
ਹੱਥ ਆਪਣੇ ਸਾਫ ਤੇ ਬੇਦਾਗ ਰਹਿਣ ਦੇ।

ਕਿਉਂ ਪੂਰੇਂ ਤੂੰ ਪੱਖ ਮੇਰਾ,
ਕਿਉਂ ਖੜੇਂ ਮੇਰੇ ਵੱਲ ਨੂੰ,
ਇਹ ਜਗ ਤਾਂ ਮਾਰੇ ਮਿਹਣੇ ਵੀ ਰਬ ਨੂੰ।
ਨਾ ਦੇ ਸਫਾਈ ਮੇਰੇ ਕਿਸੇ ਵੀ ਆਪਣੇ ਨੂੰ,
ਮੱਥੇ ਮੇਰੇ ਤੇ ਮੱੜ੍ਹਿਆ ਹਰ ਇਲਜ਼ਾਮ ਰਹਿਣ ਦੇ।
ਮੈਨੂੰ ਗੁਮਨਾਮ ਹੀ ਰਹਿਣ ਦੇ, ਮੈਨੂੰ ਬਦਨਾਮ ਹੀ ਰਹਿਣ ਦੇ।

12. ਕਲੰਡਰ

ਅਜ ਬੀਤ ਚੱਲਿਆ ਹੋਰ ਇੱਕ ਸਾਲ,
ਫੂਕ ਛੱਡੀਆਂ ਸਭ ਸੱਧਰਾਂ ਬੀਤੇ ਵਰ੍ਹੇ ਦੇ ਕਲੰਡਰ ਨਾਲ।

ਕਈ ਹੰਝੂ, ਖੇੜੇ, ਕਈ ਚਾਅ ਫੂਕੇ,
ਸਭ ਪਿਛਾਂਹ ਨੂੰ ਜਾਂਦੇ ਜੋ ਰਾਹ ਫੂਕੇ,
ਕਈ ਸਫੇ ਫੂਕੇ ਉਸ ਵਕਤ ਦੇ ਜੋ ਚੱਲ ਗਏ ਸਨ ਕੋਝੀ ਚਾਲ।

ਕਈ ਚਿਹਰੇ ਬੇਨਕਾਬ ਹੋਏ,
ਕਈ ਦਿਲ ਬਿਨਾਂ ਕਸੂਰੋਂ ਰੋਏ,
ਕਈ ਰਿਸ਼ਤੇ ਅਣਿਆਈ ਮੌਤ ਮੋਏ,
ਮੈਂ ਵੀ ਗੰਢ ਲਈ ਪੱਕੀ ਯਾਰੀ ਡਾਢੇ ਵਕਤ ਦੇ ਨਾਲ।

ਮੁੜ ਪਰਤਿਆ ਸਫਾ ਕਲੰਡਰ ਦਾ ਮੈਂ,
ਬੀਤੇ ਵਰ੍ਹਿਆਂ ਦੀ ਰੜਕ ਦੇ ਨਾਲ।

ਅਜ ਬੀਤ ਚੱਲਿਆ ਹੋਰ ਇੱਕ ਸਾਲ,
ਫੂਕ ਛੱਡੀਆਂ ਸਭ ਸੱਧਰਾਂ ਬੀਤੇ ਵਰ੍ਹੇ ਦੇ ਕਲੰਡਰ ਨਾਲ।

13. ਖਤ

ਕੁੱਝ ਖਤ ਮੈਂ ਲਿੱਖ ਨਾ ਸਕਿਆ,
ਕੁੱਝ ਖਤ ਮੈਂ ਪਾ ਨਾ ਸਕਿਆ।

ਕੁੱਝ ਖਤ ਮੈਂ ਹੱਥੀਂ ਸਾੜ ਦਿੱਤੇ,
ਕੁੱਝ ਚਾਹ ਕੇ ਵੀ ਜਲਾ ਨਾ ਸਕਿਆ।

ਕੁੱਝ ਖ਼ਤਾਂ ਚ ਮੇਰੇ ਖੁਸ਼ੀ ਤੇ ਖੇੜੇ,
ਕੁੱਝ ਖ਼ਤਾਂ ਚ ਮੇਰੇ ਝਗੜੇ ਝੇੜੇ,
ਜੋ ਚਾਹੁੰਦੇ ਵੀ ਮੈਂ ਸੁਲਝਾ ਨਾ ਸਕਿਆ।

ਕੁੱਝ ਖ਼ਤਾਂ ਚ ਮੇਰੇ ਸੁਨਹਿਰੇ ਪਲ,
ਘੱਲੇ ਸਨ ਜੋ ਸੱਜਣਾਂ ਵੱਲ,
ਸੱਜਣਾਂ ਦੇ ਪਤੇ ਤੇ ਪਹੁੰਚਾ ਨਾ ਸਕਿਆ।

ਕੁੱਝ ਪਤੇ ਅਜਿਹੇ ਵੀ ਸਨ,
ਜਿਸ ਤੇ ਡਾਕੀਆ ਕਦੇ ਵੀ ਜਾ ਨਾ ਸਕਿਆ।

ਕੁੱਝ ਖਤ ਮੈਂ ਲਿੱਖ ਨਾ ਸਕਿਆ,
ਕੁੱਝ ਖਤ ਮੈਂ ਪਾ ਨਾ ਸਕਿਆ।

14. ਤੂੰ ਹੀ ਸੀ

ਜਦ ਮੈਂ ਖਾਲੀ ਹੱਥੀਂ ਘਰੋਂ ਤੁਰਿਆ,
ਤੂੰ ਹੀ ਸੀ...

ਜਦ ਮੈਂ ਪੈਂਡਾ ਲੰਬਾ ਚੁਣਿਆ,
ਤੂੰ ਹੀ ਸੀ...

ਜਦ ਮੈਂ ਮੌਜ ਬਹਾਰਾਂ ਲੁੱਟਣ ਲੱਗਾ,
ਤੂੰ ਹੀ ਸੀ...

ਜਦ ਮੈਂ ਹਰ ਫਿਕਰ ਹਵਾ ਚ ਸੁੱਟਣ ਲੱਗਾ,
ਤੂੰ ਹੀ ਸੀ...

ਜਦ ਮੈਂ ਤੇਰੇ ਐਬ ਲੱਭਣ ਲੱਗਾ,
ਤੂੰ ਹੀ ਸੀ...

ਜਦ ਮੈਂ ਤੈਨੂੰ ਕੋਸਣ ਲੱਗਾ,
ਤੂੰ ਹੀ ਸੀ...

ਜਦ ਮੈਂ ਥੱਕ ਕੇ ਟੁੱਟਣ ਲੱਗਾ,
ਤੂੰ ਹੀ ਸੀ...

ਜਦ ਮੈਂ ਤੈਨੂੰ ਵਿਸਰਣ ਲੱਗਾ,
ਤੂੰ ਹੀ ਸੀ...

ਜਦ ਮੈਂ ਹੰਭ ਕੇ ਡਿੱਗਣ ਲੱਗਾ,
ਤੂੰ ਹੀ ਸੀ...

ਜਦ ਡਿੱਗ ਕੇ ਮੈਂ ਉੱਠਣ ਲੱਗਾ,
ਤੂੰ ਹੀ ਸੀ...

ਜਦ ਮੈਨੂੰ ਕੋਈ ਚੁੱਕਣ ਲੱਗਾ,
ਤੂੰ ਹੀ ਸੀ...

ਜਦ ਮੈਂ ਤੇਰੇ ਬਾਰੇ ਲਿਖਣ ਲੱਗਾ,
ਤੂੰ ਹੀ ਸੀ...

ਬਸ ਤੂੰ ਹੀ ਸੀ... ਬਸ ਤੂੰ ਹੀ ਸੀ...

15. ਸ਼ਹਿਰ

ਬੇਸਬਰੀ ਤੇ ਬੇਤਾਬੀ ਨਾਲ ਜੋ ਗੱਲਾਂ ਕਰਦਾ ਹੈ,
ਜੋ ਨਿੱਤ ਮੇਰੇ ਅੰਦਰ ਜੰਮਦਾ ਮੇਰੇ ਅੰਦਰ ਮਰਦਾ ਹੈ,
ਮੇਰੇ ਅੰਦਰ ਵੀ ਇੱਕ ਛੋਟਾ ਜਿਹਾ ਸ਼ਹਿਰ ਵੱਸਦਾ ਹੈ!

ਕਦੇ ਤਾਂ ੳੁਸ ਸ਼ਹਿਰੀਂ ਸੁਰਖ ਸਵੇਰਾ,
ਕਦੇ ਜਾਪੇ ਸੰਘਣਾ ਘੁੱਪ ਹਨੇਰਾ,
ਕਦੇ ਕਦੇ ੳੁਸ ਸ਼ਹਿਰ ਵਿੱਚ ਮੇਰੇ ਹੰਝੂਆਂ ਦਾ ਮੀਂਹ ਵੀ ਵਰ੍ਹਦਾ ਹੈ!

ਕਦੇ ਰਹਿੰਦੀ ਭੀੜ ਇਹਦਿਆਂ ਰਾਹਾਂ ਤੇ ਸੱਧਰਾਂ ਮੇਰੀਆਂ ਦੀ,
ਕਦੇ ਮੁਰਦਾ - ਚੁੱਪ ਜਿਹੀ ਜਾਪੇ ਮੜ੍ਹੀਆਂ ਡੇਰਿਆਂ ਦੀ,
ਅੰਦਰ ਇਹਦੇ ਨਿੱਤ ਕੋਈ ਅਹਿਸਾਸ ਜਿਹਾ ਤਾਂ ਮਰਦਾ ਹੈ!

ਕੁੱਝ ਲੋਕਾਂ ਛੱਡਿਆ ਇਸ ਸ਼ਹਿਰ ਨੂੰ,
ਕੁੱਝ ਲੋਕ ਛੱਡੇ ਇਸ ਸ਼ਹਿਰ ਨੇ,
ਵੀਰਾਣ ਪਿਆ ਇੱਕ ਘਰ ਇਸ ਸ਼ਹਿਰ ਦੀ ਕਹਾਣੀ ਸਾਰੀ ਦੱਸਦਾ ਹੈ!

ਮੇਰੇ ਅੰਦਰ ਵੀ ਇੱਕ ਛੋਟਾ ਜਿਹਾ ਸ਼ਹਿਰ ਵੱਸਦਾ ਹੈ!

16. ਅਸ਼ਾਂਤ ਸਮੁੰਦਰ

ਜਵਾਨੀ ਵਾਲਾ ਤੇਰੇ ਜੋਸ਼ ਹਲੇ,
ਜੁਨੂੰਨ ਦਾ ਤੂੰ ਤੂਫਾਨ ਸਾਂਭੀ ਬੈਠਾ,
ਤੇਰੇ ਚਾਵਾਂ ਦਾ ਅਸ਼ਾਂਤ ਸਮੁੰਦਰ ਜ਼ਿੰਦਗੀ ਦੇ ਪਥਰੀਲੇ ਕੰਡਿਆਂ ਨੂੰ ਸੈਨਤਾਂ ਮਾਰਦਾ ਹੈ,
ਛੱਲਾਂ ਮਾਰਦਾ ਆਉਂਦਾ, ਕੰਡਿਆ ਦੀ ਹਿੱਕ ਤੇ ਟੱਕਰਾਂ ਮਾਰਦਾ ਹੈ !

ਕੰਢੇ ਲਾਗੇ ਪਿਆ ਇੱਕ ਪਹਾੜ ਜਿਹਾ ਬਜ਼ੁਰਗ ਪੱਥਰ,
ਜਿਹਨੇ ਆਪਣੇ ਪਿੰਡੇ ਹੰਢਾਏ ਕਈ ਮੀਂਹ, ਹਨੇਰੀਆਂ, ਝੱਖੜ,
ਚੁੱਪ ਬੈਠਾ ਲਹਿਰਾਂ ਦੀ ਖੇਡ ਨੂੰ ਨਿਹਾਰਦਾ ਹੈ !

ਜੁਗਾਂ ਤੋਂ ਖੜੇ ਇਸ ਪਹਾੜ ਨੇ ਕਈ ਪੁੰਨਿਆ ਦੇ ਚੰਨ ਵੀ ਤੱਕੇ ਨੇ,
ਚੰਨ ਦੀਆਂ ਦੁੱਧ ਚਿੱਟੀਆਂ ਰਿਸ਼ਮਾਂ ਨਾਲ ਲਹਿਰਾਂ ਦੇ ਸੈਲਾਬ ਬਣਦੇ ਵੀ ਵੇਖੇ ਨੇ!

ਖੌਰੇ ਕਿੰਨੇ ਚੰਡੀ ਜਿਹੇ ਚੜ੍ਹ ਕੇ ਆਉਂਦੇ ਪਾਣੀ ਠਾਰੀ ਬੈਠਾ ਹੈ,
ਕੋਈ ਕੀ ਜਾਣੇ ਇਹ ਤਾਂ ਆਪਣੇ ਅੰਦਰ ਵੀ ਇੱਕ ਅਸ਼ਾਂਤ ਸਮੁੰਦਰ ਉੁਸਾਰੀ ਬੈਠਾ ਹੈ!

17. ਓ, ਵਕਤ ਦਿਆ ਹੁਕਮਰਾਨਾ

ਓ, ਵਕਤ ਦਿਆ ਹੁਕਮਰਾਨਾ,
ਤੈਨੂੰ ਮੇਰੀ ਵੰਗਾਰ ਹੈ!

ਮੇਰੇ ਕੋਲ ਇਨਕਲਾਬੀ ਕਲਮ ਹੈ,
ਤੇਰੇ ਕੋਲ ਹਥਿਆਰ ਹੈ !

ਤੇਰੇ ਜਾਬਰ ਹੱਲੇ ਜਗ ਲਈ ਮਾਰੂ ਹਨ,
ਮੇਰੇ ਹਰਫ ਨਵੀਂ ਹੋਂਦ ਲਈ ਉਸਾਰੂ ਹਨ !

ਤੇਰੀ ਅੱਤ ਦੇ ਵਿਰਲਾਪ ਮੁੜ ਨਾ ਦੁਹਰਾਏ ਜਾਣਗੇ,
ਮੇਰੀ ਬਗਾਵਤ ਦੇ ਗੀਤ ਜੁਗਾਂ ਤੱਕ ਗਾਏ ਜਾਣਗੇ !

ਤੇਰੇ ਲਹੂ ਭਿੰਨੇ ਹਥਿਆਰ ਖੌਰੇ ਕਿੰਨੇ ਘਰਾਂ ਦੇ ਸੂਰਜ ਬੁਝਾਉੁਣਗੇ,
ਮੇਨੂੰ ਯਕੀਨ ਹੈ ਮੇਰੇ ਸੂਹੇ ਅੱਖ਼ਰ ਇੱਕ ਨਵਾਂ ਦਿਨ ਉਗਾਉਣਗੇ !

ਤੇਰਾ ਹੁਕਮ ਚੱਲੇ ਆਪਣੇ ਰਾਜ ਦੀਆਂ ਜੂਹਾਂ ਤਾਈਂ,
ਮੇਰੀ ਆਵਾਜ਼ ਬਹੁੜਦੀ ਕਈ ਖੇਤਾਂ, ਖੂਹਾਂ ਤੇ ਅੰਬਰਾਂ ਤਾਈਂ !

ਮੇਰੀ ਕਲਮ ਤੇਰੇ ਕੀਤੇ ਹਰ ਜਬਰ ਦਾ ਨਕਸ਼ ਉੱਕਰੇਗੀ,
ਜ਼ੁਲਮਾਂ ਦੀ ਘੁੱਪ ਹਨੇਰੀ ਰਾਤ ਤੇ ਪਹੁ ਫੁਟਾਲੇ ਵਾਂਗ ਪਸਰੇਗੀ !

ਮੁੱਢੋਂ ਹੀ ਹਥਿਆਰਾਂ ਨੇ ਹਲ ਤੇ ਕਲਮ ਨੂੰ ਦਬੱਲਣਾ ਚਾਹਿਆ ਹੈ,
ਪਰ ਵਕਤ ਗਵਾਹੀ ਦਿੰਦਾ ਫਿਰਦਾ ਹਰ ਸਿਕੰਦਰ ਨੂੰ ਪੋਰਸ ਤਾਂ ਲਾਜ਼ਮੀ ਥਿਆਇਆ ਹੈ !

18. ਕਲਮ ਮੇਰੀ ਮੋਹਤਾਜ ਹੈ

ਦਿਲ ਮੇਰੇ ਨੇ ਲਿਖਣਾ ਚਾਹਿਆ,
ਕਲਮ ਆਪਣੀ ਤੋਂ ਲਿਖ ਨਾ ਪਾਇਆ,
ਮੁੜ ਚੇਤਾ ਮੈਨੂੰ ਆਇਆ,
ਕਲਮ ਮੇਰੀ ਮੋਹਤਾਜ ਹੈ ......

ਤੇਰੇ ਦਿੱਤੇ ਹੋਏ ਦੁੱਖਾਂ ਦੀ,
ਤੇਰੇ ਵਿਹੜੇ ਦੇ ਸੁੱਕੇ ਹੋਏ ਰੁੱਖਾਂ ਦੀ,
ਤੇਰੀਆਂ ਕੀਤੀਆਂ ਹੋਈਆਂ ਲੁੱਟਾਂ ਦੀ,
ਕਲਮ ਮੇਰੀ ਮੋਹਤਾਜ ਹੈ .....

ਮੈਂ ਮੁੜ ਤੋਂ ਲਿਖਣਾ ਚਾਹੁੰਨਾ ਹਾਂ,
ਦਰਦ ਦਿਲਾਂ ਦੇ ਵਰਕਿਆਂ ਤੇ ਉੱਕਰਣਾ ਚਾਹੁੰਨਾ ਹਾਂ,
ਇਕ ਅਹਿਸਾਨ ਕਰ ਮੇਰੇ ਤੇ,
ਮੇਰੀ ਹੰਝੂਆਂ ਵਾਲੀ ਦਵਾਤ ਦੇ ਜਾ ...

ਮੁੜ ਮੈਨੂੰ ਕੋਈ ਗਮਾਂ ਵਾਲੀ ਰਾਤ ਦੇ ਜਾ,
ਮੁੜ ਮੈਨੂੰ ਕੋਈ ਹੰਝੂਆਂ ਦੀ ਸੌਗਾਤ ਦੇ ਜਾ,
ਤੂੰ ਛਾ ਜਾ ਬਦਲੀ ਬਣ ਕੇ ਮੇਰੀਆਂ ਸੁਰਖ ਰਾਤਾਂ ਤੇ,
ਨੀਂਦ ਮੇਰੀ ਖੋਹ ਲੈ, ਦਿਨ ਕੋਈ ਮੈਨੂੰ ਬੇਤਾਬ ਦੇ ਜਾ ...

19. ਖਿਲਰੇ ਹੋਏ ਵਰਕੇ

ਕਿਤਾਬ ਮੇਰੀ ਬੇਚੈਨ ਹੈ,
ਕਲਮ ਮੇਰੀ ਮੋਹਤਾਜ ਹੈ ......

ਕੁੱਝ ਖਿਲਰੇ ਹੋਏ ਵਰਕੇ,
ਇੱਕ ਕਲੀ ਹੋਈ ਦਵਾਤ.

ਕੁੱਝ ਕੋਰੇ ਸਫਿਆਂ ਜਿਹੇ ਦਿਨ,
ਇੱਕ ਕਾਲੀ ਸਿਆਹੀ ਜਿਹੀ ਰਾਤ .

ਕੁੱਝ ਫਟੇ ਹੋਏ ਵਰਕੇ,
ਇੱਕ ਮਾਯੂਸ ਜਿਹੀ ਕਿਤਾਬ.

ਕੁੱਝ ਅੱਲ੍ਹੇ ਜ਼ਖਮ ਮੇਰੀ ਰੂਹ ਤੇ,
ਤੇਰੀ ਦਿੱਤੀ ਹੋਈ ਸੌਗਾਤ .

20. ਜ਼ਿੰਦਗੀ ਹੀ ਤਾਂ ਹੈ

ਅੱਜ ਜ਼ਿੰਦਗੀ ਖ਼ਫ਼ਾ ਖ਼ਫ਼ਾ ਹੈ,
ਇਹ ਕਿਹੜਾ ਪਹਿਲੀ ਦਫ਼ਾ ਹੈ,
ਕੁੱਝ ਲੜ ਕੇ, ਕੁੱਝ ਅੜ ਕੇ,
ਕੁੱਝ ਹੱਸ ਕੇ, ਕੁੱਝ ਰੋ ਕੇ,
ਮਨਾ ਹੀ ਲਵਾਂਗਾ,
ਮੈਂ ਮੁੜ ਜ਼ਿੰਦਗੀ ਨੂੰ ਗਲਵਕੜੀ ਪਾ ਹੀ ਲਵਾਂਗਾ.....

ਕਿਤੋਂ ਫੱਟ ਗਈ, ਕਿਤੋਂ ਕੱਟ ਗਈ,
ਕੀਤੇ ਅੜ ਗਈ, ਕਿਤੇ ਫੱਸ ਗਈ,
ਕਿਤੋਂ ਉੱਧੜ ਗਈ, ਕਿਤੋਂ ਘੱਸ ਗਈ,
ਆਪਣੇ ਅੰਦਰ ਸਭ ਸਮੋ ਜਾਏਗੀ,
ਜ਼ਿੰਦਗੀ ਹੀ ਤਾਂ ਹੈ, ਰਫੂ ਹੋ ਜਾਏਗੀ .....

21. ਲਗਦਾ, ਅੱਜ ਫੇਰ ਕੋਈ ਸ਼ਹਿਰ ਵਿੱਚ ਆਇਆ ਹੋਣੈ

ਦਿਨ ਵੀ ਉਦਾਸ - ਉਦਾਸ ਹੈ,
ਰਾਤ ਵੀ ਗਮਗੀਨ ਹੈ,
ਹਵਾਵਾਂ ਨੇ ਵੀ ਸ਼ੋਰ ਮਚਾਇਆ ਹੋਣੈ,
ਲਗਦਾ, ਅੱਜ ਫੇਰ ਕੋਈ ਸ਼ਹਿਰ ਵਿੱਚ ਆਇਆ ਹੋਣੈ....

ਸਰਦ ਰਾਤਾਂ ਨੂੰ ਵੀ ਕਾਂਬਾ ਛਿੜਿਆ,
ਚੰਨ ਵੀ ਅੱਜ ਬਦਲੀ ਨਾਲ ਭਿੜਿਆ,
ਅਸਮਾਨਾਂ ਨੇ ਵੀ ਖੌਰੂ ਪਾਇਆ ਹੋਣੈ,
ਲਗਦਾ, ਅੱਜ ਫੇਰ ਕੋਈ ਸ਼ਹਿਰ ਵਿੱਚ ਆਇਆ ਹੋਣੈ....

ਕਿਸੇ ਨੇ ਮੈਨੂੰ ਯਾਦ ਕੀਤਾ,
ਕਿਸੇ ਨੇ ਮੈਨੂੰ ਭੁਲਾਇਆ ਹੋਣੈ,
ਯਾਦਾਂ ਵਾਲਾ ਸੈਲਾਬ ਅੱਜ ਫੇਰ ਇੱਕ ਵਾਰ ਆਇਆ ਹੋਣੈ,
ਲਗਦਾ, ਅੱਜ ਫੇਰ ਕੋਈ ਸ਼ਹਿਰ ਵਿੱਚ ਆਇਆ ਹੋਣੈ....

ਕੁੱਝ ਗਲੀਆਂ ਨੂੰ ਮੈਂ ਵੀ ਭੁੱਲਣਾ ਚਾਹਿਆ,
ਕੁੱਝ ਸੜਕਾਂ ਮੈਨੂੰ ਭੁਲਾਇਆ ਹੋਣੈ,
ਸਾਲਾਂ ਮਗਰੋਂ ਕਿਸੇ ਮੇਰੀ ਯਾਦਾਂ ਵਾਲੀ ਮੜੀ ਤੇ ਦੀਵਾ ਜਗਾਇਆ ਹੋਣੈ,
ਲਗਦਾ, ਅੱਜ ਫੇਰ ਕੋਈ ਸ਼ਹਿਰ ਵਿੱਚ ਆਇਆ ਹੋਣੈ....

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ