Punjabi Poetry : Ahmed Rahi

ਪੰਜਾਬੀ ਕਵਿਤਾ : ਅਹਿਮਦ ਰਾਹੀ


1. ਕਿਕਲੀ

ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ ਚੜ੍ਹਦੀ ਜਵਾਨੀ ਨਾਲ ਚੜ੍ਹ ਗਿਆ ਭਾ ਨੀ ਨਵੇਂ ਨਵੇਂ ਜੋਬਨਾਂ ਦੇ ਨਵੇਂ ਨਵੇਂ ਚਾ ਨੀ ਜਿੰਦੜੀ ਨਾ ਰੋਲ ਦੇਵੀਂ ਕਿਸੇ ਦਿਲਗੀਰ ਦੀ ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ ਜੂੜੇ ਵਿਚ ਮੋਤੀਏ ਦੇ ਫੁੱਲ ਪਏ ਸੱਜਦੇ ਕੰਨਾਂ ਵਿਚ ਮਿੱਠੇ ਮਿੱਠੇ ਗਿੱਧੇ ਪਏ ਵੱਜਦੇ ਖੁੱਲ੍ਹ ਜਾਂਦੇ ਭੇਤ ਲੋਕ ਭਾਵੇਂ ਲੱਖ ਕੱਜਦੇ ਫੱਟੀ ਹੋਈ ਏਂ ਤੂੰ ਕਿਸੇ ਡਾਢੇ ਤੀਰ ਦੀ ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ ਪਲਕਾਂ ਦੀ ਜਾਲੀ ਵਿਚੋਂ ਝਾਕਦੀਆਂ ਕਹਾਣੀਆਂ ਪਾਣੀਆਂ ਤੇ ਅੱਗਾਂ ਦੀਆਂ ਖੇਡਾਂ ਨੇ ਪੁਰਾਣੀਆਂ ਰਾਹਵਾਂ ਵਿਚ ਠੇਡੇ ਖਾਣ ਨਜ਼ਰਾਂ ਨਮਾਣੀਆਂ ਤਾਬ ਨਹੀਉਂ ਝੱਲੀ ਜਾਂਦੀ ਤੇਰੇ ਡਿੰਗੇ ਚੀਰ ਦੀ ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ ਚੁੱਪ ਚੁੱਪ ਰਹਿ ਕੇ ਵੀ ਇਹ ਬੜਾ ਕੁਝ ਕਹਿੰਦੀਆਂ ਲੱਗ ਜਾਣ ਅੱਖੀਆਂ ਤੇ ਗੁੱਝੀਆਂ ਨਾ ਰਹਿੰਦੀਆਂ ਕਿਹਦੀਆਂ ਨੇ ਤਾਂਘਾਂ ਤੈਨੂੰ ਘੇਰ ਘੇਰ ਬਹਿੰਦੀਆਂ ਸੱਚ ਸੱਚ ਦੱਸ ਦੇ ਨੀ ਸਹੁੰ ਤੈਨੂੰ ਵੀਰ ਦੀ ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ

2. ਟਾਵੇਂ ਟਾਵੇਂ ਤਾਰੇ

ਕੱਲੇ ਕੱਲੇ ਰੁੱਖ ਨੇ ਤੇ ਟਾਵੇਂ ਟਾਵੇਂ ਤਾਰੇ ਸਹਿਕਦੇ ਨੇ ਤੇਰੇ ਵਿਛੋੜਿਆਂ ਦੇ ਮਾਰੇ ਭੁੱਲੇ ਮੇਰੇ ਲੇਖ ਤੇਰੇ ਵਾਹਦਿਆਂ ਤੇ ਭੁੱਲ ਗਈ ਪਿਆਰ ਦਿਆਂ ਲਿਸ਼ਕਦਿਆ ਰੰਗਾਂ ਉੱਤੇ ਡੁੱਲ੍ਹ ਪਈ ਗਹਿਰੀ ਗਹਿਰੀ ਅੱਖੀਂ ਮੈਨੂੰ ਤੱਕਦੇ ਨੇ ਸਾਰੇ ਟਾਵੇਂ ਟਾਵੇਂ ਤਾਰੇ………… ਅਸਾਂ ਦਿਲ ਦਿੱਤਾ ਸੀ ਤੂੰ ਧੋਖਾ ਦੇ ਕੇ ਟੁਰ ਗਿਉਂ ਸਾਨੂੰ ਸਾਰੀ ਉਮਰਾਂ ਦਾ ਰੋਣਾਂ ਦੇ ਕੇ ਟੁਰ ਗਿਉਂ ਕਦੀ ਤੇਰੇ ਸਾਡੇ ਵੀ ਤੇ ਹੋਣਗੇ ਨਿਤਾਰੇ ਟਾਵੇਂ ਟਾਵੇਂ ਤਾਰੇ…………

3. ਕੱਚ ਦਾ ਚੂੜਾ

ਕੱਚ ਦਿਆ ਚੂੜਿਆ ਵੇ ਜਿਸ ਦੀ ਨਿਸ਼ਾਨੀ ਏਂ ਤੂੰ ਉਹ ਸਾਡੇ ਕੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ । ਕੱਚਾ ਸਾਨੂੰ ਦੇ ਗਿਆ ਨਿਸ਼ਾਨੀਆਂ ਕੱਚ ਦੀਆਂ ਖੁਲ੍ਹ ਗਈਆਂ ਸੱਭੇ ਗੱਲਾਂ ਹੁਣ ਝੂਠ ਸੱਚ ਦੀਆਂ ਪਿਆਰਾਂ ਦੀਆਂ ਭੁਬਲਾਂ 'ਚੋਂ ਯਾਦਾਂ ਨੂੰ ਫਰੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ । ਸਭ ਕੁਝ ਹਾਰ ਦਿੱਤਾ ਇਕ ਦਿਲ ਹਾਰ ਕੇ ਹਾਵਾਂ ਦਿਲੋਂ ਉਠਦੀਆਂ ਹੱਲੇ ਮਾਰ ਮਾਰ ਕੇ ਮਾਹੀਏ, ਟੱਪੇ, ਢੋਲਿਆਂ ਦੇ ਚੰਗੇ ਲਗਣ ਬੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ । ਫੁੱਲਾਂ ਦੇ ਭੁਲੇਖੇ ਜਿੰਦ ਕੰਡਿਆਂ 'ਚ ਰੋਲ ਲਈ ਧੋਖੇ ਵਿਚ ਆ ਕੇ ਬੋਲ ਪਿਆਰ ਵਾਲੇ ਬੋਲ ਪਈ ਆਸਾਂ ਦੀਆਂ ਲਹਿਰਾਂ ਉਤੇ ਪਿਆ ਐਵੇਂ ਡੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ । ਘਰ ਘਰ ਪੈਂਦੀਆਂ ਨੇ ਸਾਡੀਆਂ ਕਹਾਣੀਆਂ ਕਿਸੇ ਦਾ ਕੀ ਦੋਸ਼ ਆਪੇ ਕੀਤੀਆਂ ਨਦਾਨੀਆਂ ਅੱਖਾਂ ਚੁੱਪ ਰਹਿੰਦੀਆਂ ਤੇ ਵੱਜਦੇ ਇਹ ਢੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ ।

4. ਅਜ ਦੀ ਰਾਤ ਅਖ਼ੀਰ

ਅਜ ਦੀ ਰਾਤ ਅਖ਼ੀਰ, ਵੇ ਰਾਂਝਣ ! ਕਿਸਾ ਬਣ ਜਾਊ ਹੀਰ ਢਾਵਾਂ ਮਾਰਨਗੇ ਹੁਣ ਬੇਲੇ ਖੇਹ ਉਡਾਵਣਗੇ ਉਹ ਵੇਲੇ ਜਿਨ੍ਹਾਂ ਦੀ ਉਹਲੇ ਇਕਮਿਕ ਹੋਈ ਮੇਰੀ ਤੇਰੀ ਤਕਦੀਰ, ਵੇ ਰਾਂਝਣ ! ਅਜ ਦੀ ਰਾਤ ਅਖ਼ੀਰ ਜਾਂਦੀਆਂ ਘੜੀਆਂ ਡੰਗਦੀਆਂ ਜਾਵਣ ਆਉਂਦੀਆਂ ਘੜੀਆਂ ਉਡਦੀਆਂ ਆਵਣ ਜਾਂਦੀਆਂ ਆਉਂਦੀਆਂ ਘੜੀਆਂ ਮਿਲ ਕੇ ਡੰਗ ਘੱਤੀ ਤਦਬੀਰ, ਵੇ ਰਾਂਝਣ ! ਅਜ ਦੀ ਰਾਤ ਅਖ਼ੀਰ ਆਖ਼ਰੀ ਵਾਰ ਦਰਦ ਵੰਡਾ ਲੈ ਹੀਰ ਦੇ ਪਿਆਰ ਨੂੰ ਹਿੱਕ ਨਾਲ ਲਾ ਲੈ ਦਿਨ ਚੜ੍ਹਦੇ ਤਾਈਂ ਖਿਲਰ ਜਾਸੀ ਸਾਹਵਾਂ ਦੀ ਜ਼ੰਜੀਰ, ਵੇ ਰਾਂਝਣ ! ਅਜ ਦੀ ਰਾਤ ਅਖ਼ੀਰ

5. ਭੈਣਾਂ ਦਿਓ ਵੀਰੋ

ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ ਰਾਤ ਹਨੇਰੀ ਖਿੱਲੀਆਂ ਮਾਰੇ ਸਹਿਕ ਰਹੀਆਂ ਤਕਦੀਰਾਂ, ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ ਟੁੱਟੀਆਂ ਸਾਰੀਆਂ ਹੱਦਾਂ ਬੰਨੇ ਇਥੇ ਸਾਰੇ ਹੋ ਗਏ ਅੰਨ੍ਹੇ ਭੈਣਾਂ ਲੁੱਟੀਆਂ ਵੀਰਾਂ, ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ ਲੇਖਾਂ ਉਤੇ ਸ਼ਾਹੀਆਂ ਡੁਲ੍ਹੀਆਂ ਸੇਜੋਂ ਡਿੱਗ ਕੇ ਪੈਰੀਂ ਰੁਲੀਆਂ ਸੱਸੀਆਂ, ਸੋਹਣੀਆਂ, ਹੀਰਾਂ, ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣ ਕਿਸੇ ਦੀ ਪਈ ਕੁਰਲਾਵੇ ਖੁੰਝਿਆ ਵੇਲਾ ਹੱਥ ਨਾ ਆਵੇ ਕਰ ਲਉ ਕੁਝ ਤਦਬੀਰਾਂ, ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ

6. ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ

ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ? ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ? ਨਾ ਮੈਂ ਜੀ ਰਹੀਆਂ, ਨਾ ਮੈਂ ਮਰ ਰਹੀਆਂ; ਹੰਝੂ ਪੀ ਰਹੀਆਂ, ਦੁਖ ਜਰ ਰਹੀਆਂ; ਦੁਖੀ ਹੋ ਰਹੀਆਂ, ਦੁਖੀ ਕਰ ਰਹੀਆਂ; ਦੁਖ ਚਾਰ ਚੁਫੇਰੇ ਨੇ ਬਾਬਲੇ ਦੇ, ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ? ਸਿੱਧੇ ਬੋਲ ਵੀ ਸੀਨੇ 'ਚਿ ਰੜਕਦੇ ਨੇ; ਪਲ ਪਲ ਹਾਵਾਂ ਲੰਬੂ ਪਏ ਭੜਕਦੇ ਨੇ; ਗੱਲ ਕਰਦਿਆਂ ਸਾਹ ਵੀ ਖੜਕਦੇ ਨੇ; ਹਰ ਦਮ ਦਿਲੇ ਦੇ ਘੇਰੇ ਨੇ ਬਾਬਲੇ ਦੇ, ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ? ਆਸੇ ਪਾਸੇ ਹੁਣ ਨਹਿਰਾਂ ਈ ਨਹਿਰਾਂ ਨੇ; ਛੱਲਾਂ ਮਾਰਦੀਆਂ ਵੈਰੀ ਲਹਿਰਾਂ ਨੇ; ਇਥੇ ਰਾਤਾਂ ਵੀ ਸਿਖ਼ਰ ਦੁਪਹਿਰਾਂ ਨੇ; ਓਥੇ ਦਿਨ ਵੀ ਹਨੇਰੇ ਨੇ ਬਾਬਲੇ ਦੇ, ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ? ਧੀਆਂ ਮਾਪੇ ਸਦਾ ਹੱਥੀਂ ਟੋਰਦੇ ਨੇ; ਇਥੇ ਕੰਮ ਕਿਸੇ ਢੱਬ ਹੋਰ ਦੇ; ਧੱਕੇ-ਸ਼ਾਹੀ ਦੇ ਨੇ ਜ਼ੋਰ ਜ਼ੋਰ ਦੇ ਨੇ; ਸਾਰੇ ਮਾਣ ਖਲੇਰੇ ਨੇ ਬਾਬਲੇ ਦੇ, ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ? ਖ਼ਾਨੇ ਸਭ ਉਮੀਦਾਂ ਦੇ ਢਹਿ ਗਏ; ਰੋਣੇ ਉਮਰਾਂ ਦੇ ਝੋਲੀ ਪੈ ਗਏ; ਰੁਖ ਛੱਡ ਗਏ, ਛਾਵਾਂ ਲੈ ਗਏ; ਕਾਲੇ ਕੋਹਾਂ ਤੇ ਡੇਰੇ ਨੇ ਬਾਬਲੇ ਦੇ, ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ ?

7. ਅੱਲ੍ਹਾ ਕਰੇ ਵਾਅ ਨਾ ਵਗੇ

ਅੱਲ੍ਹਾ ਕਰੇ ਵਾਅ ਨਾ ਵਗੇ ਜੇ ਵਾਅ ਵਗੇਗੀ ਚੁੰਨੀਂ ਮੇਰੀ ਉਡੇਗੀ ਚੁੰਨੀਂ ਮੇਰੀ ਉਡੇਗੀ ਤੇ ਸੰਗ ਮੈਨੂੰ ਆਵੇਗੀ ਅੱਲ੍ਹਾ ਕਰੇ ਵਾਅ ਨਾ ਵਗੇ ਜੇ ਵਾਅ ਵਗੇਗੀ ਲਟ ਮੇਰੀ ਖੁਲ੍ਹੇਗੀ ਲਟ ਮੇਰੀ ਖੁਲ੍ਹੇਗੀ ਤੇ ਨਵੀਂ ਸੋਝੀ ਪਾਵੇਗੀ ਅੱਲ੍ਹਾ ਕਰੇ ਵਾਅ ਨਾ ਵਗੇ ਜੇ ਵਾਅ ਵਗੇਗੀ ਸਾਂ ਸਾਂ ਹੋਏਗੀ ਸਾਂ ਸਾਂ ਹੋਏਗੀ ਤੇ ਚੁੰਨੀਂ ਮੇਰੀ ਜਾਏਗੀ ਅੱਲ੍ਹਾ ਕਰੇ ਵਾਅ ਨਾ ਵਗੇ

8. ਨਿੰਮ੍ਹੀ ਨਿੰਮ੍ਹੀ ਵਾਅ ਵਗਦੀ

ਰੁੱਖ ਡੋਲਦੇ ਤੇ ਅੱਖ ਨਹੀਂ ਲਗਦੀ ਨਿੰਮ੍ਹੀ ਨਿੰਮ੍ਹੀ ਵਾਅ ਵਗਦੀ ਸਾਨੂੰ ਠੱਗ ਗਈ ਯਾਰ ਦਿੱਖ ਠੱਗ ਦੀ ਨਿੰਮ੍ਹੀ ਨਿੰਮ੍ਹੀ ਵਾਅ ਵਗਦੀ ਰਾਹਵਾਂ ਰਾਹਵਾਂ ਤੱਕ ਤੱਕ ਥੱਕਦੀਆਂ ਨਾ ਅੱਖਾਂ ਅੱਕਦੀਆਂ ਨਾ ਨੀ ਮੈਂ ਬਿਨਾਂ ਦੇਖੇ ਨੀਂਦੇ ਰਹਿ ਸਕਦੀਆਂ ਨਾ ਹੁਣ ਬਿਨਾਂ ਦੇਖੇ ਨੀਂਦੇ ਰਹਿ ਸਕਦੀਆਂ ਨਾ ਉਹਦੀ ਤਾਂਘ ਤੇ ਨਾਲੇ ਡੇਰੀ ਜੱਗ ਦੀ ਨਿੰਮ੍ਹੀ ਨਿੰਮ੍ਹੀ ਵਾਅ ਵਗਦੀ ਲੋਕਾਂ ਕੋਲੋਂ ਤੇ ਲੁਕਾਵਾਂਗੀ ਹੱਸ ਹੱਸ ਕੇ ਝੂਠ ਸੱਚ ਦੱਸ ਕੇ ਪਰ ਦਿਲ ਕੋਲੋਂ ਜਾਵਾਂਗੀ ਮੈਂ ਕਿੱਥੇ ਨੱਸ ਕੇ ਲਾਟ ਪਿਆਰ ਵਾਲੀ ਲਟ ਲਟ ਜਗਦੀ ਨਿੰਮ੍ਹੀ ਨਿੰਮ੍ਹੀ ਵਾਅ ਵਗਦੀ ਜਾਵਾਂ ਪਾਣੀ ਭਰਨੇ ਨੂੰ ਤੜਕੇ ਤੜਕੇ ਮੇਰਾ ਦਿਲ ਧੜਕੇ, ਜੇ ਬੁਲਾ ਲਿਆ ਉਹਨੇ ਕਿਤੇ ਬਾਂਹ ਫੜਕੇ ਢੇਰੀ ਭਖ ਪਊ ਦਬੀ ਹੋਈ ਅੱਗ ਦੀ ਨਿੰਮ੍ਹੀ ਨਿੰਮ੍ਹੀ ਵਾਅ ਵਗਦੀ

9. ਤਾਰਿਆ ਵੇ ਤੇਰੀ ਲੋਅ

ਚੰਨਾਂ ਵੇ ਤੇਰੀ ਚਾਨਣੀ ਤਾਰਿਆ ਵੇ ਤੇਰੀ ਲੋਅ ਤਾਰਿਆ ਵੇ ਤੇਰੀ ਲੋਅ ਮੇਰੇ ਹਾਸੇ ਲੁੱਟ ਕੇ ਖੇੜਿਆਂ, ਮੇਰੇ ਦਿੱਤੇ ਹੋਂਠ ਪਰੋ ਮੈਂ ਅਮਾਨਤ ਰਾਂਝੇ ਚਾਕ ਦੀ, ਮੇਰੇ ਨਾਲ ਹੋਇਆ ਧ੍ਰੋਹ ਉਮਰਾਂ ਦੀਆਂ ਸਾਂਝਾਂ ਟੁੱਟੀਆਂ, ਅੱਜ ਗਏ ਨਖੇੜੇ ਹੋ ਤਾਰਿਆ ਵੇ ਤੇਰੀ ਲੋਅ ਰੋਵਣ ਖ਼ੁਸ਼ੀਆਂ ਸਹਿਕਣ ਹਾਸੇ, ਜਾਵਾਂ ਕਿਹੜੇ ਪਾਸੇ ਚਾਰ ਚੁਫ਼ੇਰੇ ਘੁੱਪ ਹਨੇਰੇ, ਹਾੜ੍ਹਾ ਵੇ ਅੜਿਓ ਤਾਰਿਆ ਵੇ ਤੇਰੀ ਲੋਅ ਬਾਬਲ ਦੀਆਂ ਅੱਖੀਆਂ ਦੇ ਚਾਨਣ, ਅੰਮੀਂ ਦੇ ਅਰਮਾਨ ਮੌਤ ਦੀ ਘੋੜ੍ਹੀ ਚੜ੍ਹੇ ਅੱਜ ਵੀਰਾਂ ਦੀ ਭੈਣ ਨਿਮਾਣੀ, ਕਿਸਦੀ ਵਾਗ ਫੜੇ ਭੈਣਾਂ ਦੇ ਵੀਰਿਓ ਭੈਣਾਂ ਦੇ ਵੀਰਿਓ ਤਾਰਿਆ ਵੇ ਤੇਰੀ ਲੋਅ

10. ਬੋਲੀਆਂ

ਚੰਨ ਚਮਕੇ ਰੁੱਖਾਂ ਦੇ ਉਹਲੇ ਬਨੇਰਿਆਂ ਤੋਂ ਲੋਕ ਝਾਕਦੇ ਅਸੀਂ ਹੋਠਾਂ ਤੇ ਲਾ ਲਏ ਜਿੰਦਰੇ ਪਰ ਅੱਖੀਆਂ ਤੇ ਵਾਹ ਕੋਈ ਨਾ ਇਥੇ ਮੋਤੀਆਂ ਦੇ ਲੋਕ ਬਪਾਰੀ ਤੇ ਹੰਝੂਆਂ ਦਾ ਮੁੱਲ ਕੋਈ ਨਾ ਰੱਬ ਹੋਵੇ ਤੇ ਸਬੱਬ ਵੇ ਬਣਾਵੇ ਮੇਰਾ ਇਥੇ ਰੱਬ ਕੋਈ ਨਾ ਮੇਰਾ ਹੋਰ ਸਵਾਲ ਨਾ ਕੋਈ ਵੇ ਇਕ ਮੇਰੇ ਦੁੱਖ ਵੰਡ ਲੈ ਅੱਖਾਂ ਹੰਝੂਆਂ ਦੀ ਸੂਲੀ ਟੰਗੀਆਂ ਤੇ ਦਿਲ ਗ਼ਮ ਨਾਲ ਡੰਗਿਆ ਅੱਗ ਪਿਆਰ ਦੀ ਧੂੰਆਂ ਨਾ ਕੱਢਦੀ ਤੇ ਤਨ ਮਨ ਫੂਕ ਸੁੱਟਦੀ ਕਾਵਾਂ ਛੱਡ ਦਿੱਤਾ ਬੰਨਿਆਂ ਤੇ ਬੋਲਣਾ ਵੇ ਕੋਇਲਾਂ ਦੀ ਕੂਕ ਸੁਣਕੇ ਪਹਿਲੀ ਰਾਤ ਜੁਦਾਈਆਂ ਵਾਲੀ ਵੇ ਉਮਰਾਂ ਤੋਂ ਲੰਮੀ ਹੋ ਗਈ ਗੱਲਾਂ ਕਰ ਕਰ ਹੱਸਦੇ ਨੇ ਲੋਕੀਂ ਵੇ ਜਦ ਮੇਰੇ ਨੀਰ ਡੁਲ੍ਹਦੇ ਨਾ ਸੁਕਦੀ ਨਸੀਬਾਂ ਵਾਲੀ ਸ਼ਾਹੀ ਤੇ ਨੀਰਾਂ ਦੀਆਂ ਨਹਿਰਾਂ ਸੁੱਕੀਆਂ

11. ਦੇਸਾਂ ਵਾਲਿਓ

ਦੇਸਾਂ ਵਾਲਿਓ ਅਪਣੇ ਦੇਸ ਅੰਦਰ, ਅਸੀਂ ਆਏ ਆਂ ਵਾਂਗ ਪਰਦੇਸੀਆਂ ਦੇ। ਘਰਾਂ ਵਾਲਿਓ ਅਪਣੇ ਘਰ ਅੰਦਰ, ਅਸੀਂ ਆਏ ਆਂ ਵਾਂਗ ਪਰਾਹੁਣਿਆਂ ਦੇ। ਦਿਲਾਂ ਵਾਲਿਓ ਦਿਲਾਂ ਦੇ ਬੰਨ੍ਹ ਟੁੱਟ ਗਏ, ਠਾਠਾਂ ਮਾਰਦੇ ਨੇ ਹੜ੍ਹ ਸੱਧਰਾਂ ਦੇ। ਕਿਸੇ ਬੰਨ੍ਹ ਦੇ ਕੱਲੜੇ ਰੁੱਖ ਵਾਂਙੂੰ, ਧੁੱਪਾਂ ਛਾਵਾਂ ਦੇ ਭਾਰ ਨਾਲ ਡੋਲਨਾ ਵਾਂ। ਅਪਣੀ ਮਾਂ ਦੀ ਕਬਰ ਨੂੰ ਲੱਭਨਾ ਵਾਂ, ਭੈਣਾਂ ਭਰਾਵਾਂ ਦੀਆਂ ਹੱਡੀਆਂ ਟੋਲ੍ਹਨਾ ਵਾਂ। ਤੁਸੀਂ ਦੇਸ਼ ਵਾਲੇ , ਤੁਸੀਂ ਘਰਾਂ ਵਾਲੇ , ਅਸੀਂ ਬੇਘਰੇ , ਅਸੀਂ ਪਰਦੇਸੀ । ਤੁਸੀਂ ਹੱਸ ਕੇ ਸੀਨੇ ਨਾਲ ਲਾ ਲੀਤਾ, ਅਸਾਂ ਰੋ ਕੇ ਅੱਖ ਪਰਚਾ ਲੀਤੀ। ਤਾਰੇ ਬੁਝੇ ਹੋਏ ਫੇਰ ਇਕ ਵਾਰ ਚਮਕੇ , ਜਿਹਦੀ ਆਸ ਨਹੀਂ ਸੀ, ਉਹ ਆਸ ਪੁੱਗੀ। ਜੀਵੇ ਸ਼ਹਿਰ ਮੇਰਾ, ਜੀਵਣ ਸ਼ਹਿਰ ਵਾਲੇ , ਅਸੀਂ ਆਏ ਦੁਆਵਾਂ ਇਹ ਦੇ ਚੱਲੇ। ਚਾਰੇ ਕੰਨੀਆਂ ਸਾਡੀਆਂ ਵੇਖ ਖਾਲੀ, ਅਸੀਂ ਨਾਲ ਨਾਹੀਂ ਕੁਝ ਲੈ ਚੱਲੇ। ਏਸ ਮਿੱਟ ਦੀ ਕੁੱਖ 'ਚ ਮਾਂ ਮੇਰੀ, ਸੁੱਤੀ ਪਈ ਹੈ ਸਮਿਆਂ ਦੀ ਹੂਕ ਬਣ ਕੇ । ਏਸ ਪਾਣੀ ਨਾਲ ਪਾਣੀ ਹੋਏ ਨੀਰ ਮੇਰੇ, ਏਥੇ ਆਸ ਤੜਫੀ ਮੇਰੀ ਹੂਕ ਬਣ ਕੇ। ਜਿਨ੍ਹਾਂ ਕੰਧਾਂ ਦੀਆਂ ਛਾਵਾਂ ’ਚ ਖੇਡਦੇ ਸਾਂ, ਉਨ੍ਹਾਂ ਕੰਧਾਂ ਨਾਲ ਲਗ ਕੇ ਰੋ ਲਈਏ। ਦੁੱਖਾਂ ਦਰਦਾਂ ਦੇ ਹਾਲੜੇ ਫੋਲ ਕੇ ਤੇ , ਦੁਖੀ ਕਰ ਲਈਏ ਦੁਖੀ ਹੋ ਲਈਏ। ਐਸ ਸ਼ਹਿਰ ਦੇ ਬਾਗ ਬਗੀਚਿਆਂ ਦੇ, ਕਦੀ ਅਸੀਂ ਨਮਾਣੇ ਸਾਂ ਫੁੱਲ ਯਾਰੋ। ਐਸ ਆਲ੍ਹਣਿਉਂ ਡਿੱਗੇ ਹੋਏ ਬੋਟ ਅਸੀਂ, ਕੋਈ ਚੁੱਕੇ ਨ ਕੱਖਾਂ ਦੇ ਮੁੱਲ ਯਾਰੋ। ਅੱਧਾ ਦਿਲ ਸਾਡਾ ਏਥੇ ਤੜਫਦਾ ਏ, ਅੱਧਾ ਦਿਲ ਗਿਆ ਉੱਥੇ ਰੁਲ ਯਾਰੋ। ਜਿਨ੍ਹਾਂ ਰਾਹਵਾਂ ਦੇ ਸਾਹਵਾਂ ’ਚ ਧੜਕਦੇ ਸਾਂ, ਉਨ੍ਹਾਂ ਰਾਹਵਾਂ ਲਈ ਅਸੀਂ ਅਣਜਾਣ ਹੋ ਗਏ। ਅਸੀਂ ਲੋਕ ਇਨਸਾਨ ਤੇ ਕੀ ਬਣਦੇ, ਹਿੰਦੂ ਸਿੱਖ ਹੋ ਗਏ, ਮੁਸਲਮਾਨ ਹੋ ਗਏ।