Punjabi Poetry : Afzal Sahir

ਪੰਜਾਬੀ ਕਵਿਤਾ : ਅਫ਼ਜ਼ਲ ਸਾਹਿਰ

1. ਪਾਕਿਸਤਾਨ ਦੀ ਵਾਰ-ਵਾਰਤਾ

ਸਾਡੇ ਬਾਬੇ ਲੀਕਾਂ ਚੁੰਮੀਆਂ, ਸਾਨੂੰ ਮੱਤ ਕੀ ਆਉਣੀ
ਅੰਗ ਲਮਕਣ ਨੰਗੀ ਤਾਰ ’ਤੇ, ਵਿੱਚ ਰੱਤ ਕੀ ਆਉਣੀ

ਅਸੀਂ ਝੂਠੋ ਝੂਠੀ ਖੇਡ ਕੇ, ਇੱਕ ਸੱਚ ਬਣਾਇਆ
ਫਿਰ ਉਸ ਨੂੰ ਧਰਮੀ ਲਹਿਰ ਦਾ, ਇੱਕ ਤੜਕਾ ਲਾਇਆ

ਅਸੀਂ ਪਾਕ ਪਲੀਤੇ ਪਾਣੀਆਂ ਵਿੱਚ, ਰਿੱਝਦੇ ਜਾਈਏ
ਜਾਂ ਹੱਸੀਏ ਘੂਰੀ ਵੱਟ ਕੇ, ਜਾਂ ਖਿਝਦੇ ਜਾਈਏ

ਕੋਈ ਨੇਜ਼ੇ ਉੱਤੇ ਸੱਚ ਵੀ, ਇੱਥੇ ਨਹੀਂ ਪਚਣਾ
ਭਾਵੇਂ ਈਸਾ ਮੁੜ ਕੇ ਆ ਜਾਏ, ਇੱਥੇ ਨਹੀਂ ਬਚਣਾ

ਅਸੀਂ ਅੱਖਾਂ ਮਲ਼ ਮਲ਼ ਵੇਖੀਏ, ਕੀ ਖੇਡਾਂ ਹੋਈਆਂ
ਕਿਤੇ ਸ਼ੇਰਾਂ ਵਰਗੇ ਸੂਰਮੇ, ਅੱਜ ਭੇਡਾਂ ਹੋਈਆਂ

ਚੰਗਾ ਈ ਸੀ ਪੁੱਤਰਾ, ਜੇ ਦੇਸ਼ 'ਚ ਰਹਿੰਦੇ
ਸਾਨੂੰ ਆਣ ਅੰਗਰੇਜਾਂ ਰੋਲਿਆ, ਸਾਡੇ ਬਾਬੇ ਕਹਿੰਦੇ

ਸਾਨੂੰ ਸੱਜਾ ਹੱਥ ਵਿਖਾ ਕੇ, ਮਾਰੀ ਸੁ ਖੱਬੀ
ਅਸੀਂ ਜੰਨਤ ਵੱਲ ਨੂੰ ਨੱਠ ਪਏ, ਤੇ ਦੋਜ਼ਖ਼ ਲੱਭੀ

ਅਸੀਂ ਜੁੱਤੇ ਵਿੱਚ ਪੰਜਾਲੀਆਂ, ਹਲ਼ ਬਣ ਗਏ ਫਾਹੀਆਂ
ਅਸੀਂ ਖੇਤਾਂ ਵਿੱਚ ਈ ਬੀਜੀਆਂ, ਕਈ ਸਾਲ, ਛਮਾਹੀਆਂ

ਅਸੀਂ ਵਿਲਕੇ ਰੋਏ ਭੁੱਖ ਤੋਂ, ਸਾਹ ਟੁੱਟਣ ਲੱਗ ਪਏ
ਫਿਰ ਲੱਤਾਂ ਕੱਢੀਆਂ ਚੌਧਰੀ, ਅਸੀਂ ਘੁੱਟਣ ਲੱਗ ਪਏ

ਨਹੀਂ ਖਾਣ ਪੀਣ ਨੂੰ ਲੱਭਦਾ, ਸਾਡੇ ਘਰ 'ਚ ਸਾਇਆ
ਅਖ਼ੇ ਬੋਤਲ ’ਚੋਂ ਨਹੀਂ ਪੀਵਣਾ, ਇਹ ਦੱਮ ਕਰਵਾਇਆ

ਅਸੀਂ ਛਿੱਟੀ ਚਰਾਵਣ ਲੈ ਗਏ, ਕਿੰਜ ਬੂਹਾ ਨਿਕਲੇ
ਜਿਉਂ ਬੀਨ ਵਜਾਈਏ ਰੁੱਡ ’ਤੇ, ਤਾਂ ਚੂਹਾ ਨਿਕਲੇ

ਗਏ ਵੱਡੇ ਬਾਹਰ ਵਲੈਤ ’ਚੋਂ, ਸ਼ਾਹੂਕਾਰ ਲਿਆਏ
ਸਾਡੀ ਖਿੜੀ ਕਪਾਹ ਨੂੰ ਵੇਚਿਆ, ਅਸੀਂ ਮੰਗ ਕੇ ਪਾਏ

ਜਦ ਸ਼ੀਸ਼ੇ ਮੂਹਰੇ ਆ ਗਏ, ਬਣ ਅਫ਼ਲਾਤੂਨੀ
ਤਦ ਸ਼ਕਲਾਂ ਦਿਸੀਆਂ ਕਾਲੀਆਂ, ਹੱਥ ਖ਼ੂਨੋ ਖ਼ੂਨੀ

ਅਸੀਂ ਖੜੇ ਖਲੋਤੇ ਕੰਬ ਗਏ, ਪਰਛਾਵੇਂ ਬਦਲੇ
ਸਾਡੇ ਆਪਣਿਆਂ ਪਟਵਾਰੀਆਂ, ਸਾਡੇ ਨਾਵੇਂ ਬਦਲੇ

ਸਾਨੂੰ ਸੁਰਤ ਨਾ ਆਈ ਹੋਵੰਦੇ, ਕਿੰਜ ਘਾਟੇ ਵਾਧੇ
ਅਸੀਂ ਬਾਂਦਰ-ਕਿੱਲਾ ਖੇਡਿਆ, ਤੇ ਛਿੱਤਰ ਖਾਧੇ

ਸਾਨੂੰ ਟੁੱਕ ਦਾ ਫਾਹਾ ਲੈ ਗਿਆ ਸੀ, ਮਿੱਲਾਂ ਵੱਲੇ
ਦੋ ਮਾਲਿਕ ਜੁੜ ਕੇ ਬਹਿ ਗਏ, ਅਸੀਂ ਲੱਖਾਂ ਕੱਲੇ

ਸਾਡਾ ਗੰਨਾ ਮਿਲ ਨੇ ਪੀੜਿਆ, ਰੌਹ ਰੱਤੀ ਨਕਲੀ
ਉੱਸ ਰੱਤ ਚੋਂ ਪੱਗਾਂ ਵਾਲਿਆਂ ਦੀ, ਪੱਤੀ ਨਕਲੀ

ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ, ਸਾਨੂੰ ਚੌਧਰ ਪੈ ਗਈ
ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ, ਸਾਡੇ ਸਿਰ ’ਤੇ ਬਹਿ ਗਈ

ਕੀ ਦੱਸਾਂ! ਸਾਹ ਦੀ ਮੰਡੀਏ, ਕਿੰਜ ਮੰਦਾ ਹੁੰਦਾ
ਮੈਂ ਰੱਬ ਨਾਲ ਦੁਖੜੇ ਫੋਲਦਾ, ਜੇ ਬੰਦਾ ਹੁੰਦਾ . . .

2. ਹੋਣੀ

ਹੋਣੀਏ, ਮਨ ਮੋਹਣੀਏ,
ਉਮਰਾਂ ਦੇ ਧੋਣੇ ਧੋਣੀਏ
ਤੇਰੇ ਸਦਕੇ ਜਾਵਾਂ
ਸਾਨੂੰ ਜੰਮਣੋਂ ਵਧ ਕੇ,
ਕੀਹ ਹੋਰ ਸਜ਼ਾਵਾਂ
ਹਰ ਕਿੱਕਰ ਦੀ ਸੂਲ਼ ’ਤੇ,
ਸਾਡਾ ਸਿਰਨਾਵਾਂ
ਹੁਣ ਤੇ ਐਵੇਂ ਹੱਸ ਕੇ,
ਤੈਨੂੰ ਮਗਰੋਂ ਲਾਹਵਾਂ
ਹੋਣੀਏ, ਮਨ ਮੋਹਣੀਏ
ਤੇਰੇ ਸਦਕੇ ਜਾਵਾਂ

ਹੋਣੀਏ, ਮਨ ਮੋਹਣੀਏ
ਉਮਰਾਂ ਦੇ ਧੋਣੇ ਧੋਣੀਏ,
ਚੱਲ ਅੱਗੇ ਅੱਗੇ
ਆਉਂਦੇ ਨਿੱਤ ਭੁਚਾਲ ਨੀ,
ਸਾਡੀ ਇੱਕ ਇੱਕ ਰੱਗੇ
ਸਾਡੀਆਂ ਨਾੜਾਂ ਨਾਲ,
ਖੂਹਾਂ ਨੂੰ ਜਾਲ਼ਾ ਲੱਗੇ
ਸਾਡੀਆਂ ਸੋਚਾਂ ਨਾਲ,
ਸਮੇ ਦੇ ਧੌਲ਼ੇ ਬੱਗੇ
ਹੋਣੀਏ, ਮਨ ਮੋਹਣੀਏ
ਚੱਲ ਅੱਗੇ ਅੱਗੇ

ਹੋਣੀਏ, ਮਨ ਮੋਹਣੀਏ
ਉਮਰਾਂ ਦੇ ਧੋਣੇ ਧੋਣੀਏ
ਆ ਲਾਈਏ ਗ਼ੋਤੇ
ਜੀਵਨ ਦੇ ਕਾਲ਼ੇ ਪਾਣੀਆਂ,
ਅਸੀਂ ਬਾਣੇ ਧੋਤੇ
ਵਹਿਸ਼ਤ ਤੇ ਥਰਥੱਲੀਆਂ,
ਹੱਥ ਜੋੜ ਖਲੋਤੇ
ਵੇਲ਼ੇ ਦੇ ਨਮਰੂਦ ਨੂੰ,
ਅਸੀਂ ਲਾਉਣਾ ਜੋਤੇ
ਹੋਣੀਏ, ਮਨ ਮੋਹਣੀਏ,
ਆ ਲਾਈਏ ਗ਼ੋਤੇ

ਹੋਣੀਏ ਮਨ ਮੋਹਣੀਏ,
ਉਮਰਾਂ ਦੇ ਧੋਣੇ ਧੋਣੀਏ
ਲੱਖ ਬਣ ਜਾ ਕਹਿਰਾਂ
ਸਾਡੇ ਲਈ ਰੁਸ਼ਨਾਈਆਂ,
ਮਿਰਗੀ ਦੀਆਂ ਲਹਿਰਾਂ
ਅਸੀਂ ਮਿੱਠੇ ਸ਼ਹਿਦ ਵਜੂਦ ਵਿੱਚ,
ਭਰ ਲਈਆਂ ਜ਼ਹਿਰਾਂ
ਦਿਲ ਆਖੇ ਸੱਪ ਦੀ ਰੁੱਢ ਵਿੱਚ,
ਜਾ ਜਾ ਕੇ ਠਹਿਰਾਂ
ਹੋਣੀਏ, ਮਨ ਮੋਹਣੀਏ
ਲੱਖ ਬਣ ਜਾ ਕਹਿਰਾਂ

ਹੋਣੀਏ, ਮਨ ਮੋਹਣੀਏ
ਉਮਰਾਂ ਦੇ ਧੋਣੇ ਧੋਣੀਏ
ਆ ਰਲ਼ ਕੇ ਬਹੀਏ
ਅਤੇ ਹੋਣੀ ਹੋਣੀ ਖੇਡ ਕੇ,
ਇੱਕ ਮਿਕ ਹੋ ਰਹੀਏ
ਅਤੇ ਜੱਗ ਨੂੰ ਹੱਸਦਾ ਛੱਡ ਕੇ,
ਕਬਰਾਂ ਵਿੱਚ ਬਹੀਏ
ਤੇ ਰਲ਼ ਦੋਵੇਂ ਅਨਹੋਣੀਆਂ,
ਇਹ ਹੋਣਾ ਸਹੀਏ
ਹੋਣੀਏ, ਮਨ ਮੋਹਣੀਏ
ਆ ਰਲ ਕੇ ਬਹੀਏ
ਹੋਣੀਏ, ਮਨ ਮੋਹਣੀਏ
ਤੇਰੇ ਸਦਕੇ ਜਾਵਾਂ

3. ਚੇਤਰ ਰੰਗ ਨਰੋਏ

ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ
ਭੋਏਂ ਤੇ ਨਵੀਂ ਹਯਾਤੀ ਖਿੜ ਪਈ
ਅਸੀਂ ਮੋਏ ਦੇ ਮੋਏ
ਵੇ ਲੋਕਾ! ਚੇਤਰ ਰੰਗ ਨਰੋਏ

ਫੁੱਲਾਂ ਤੋਂ ਨਾ ਅੱਖ ਚੁਕੀਵੇ
ਚੇਤ ਮਿਲਾਪੀ ਰੁੱਤੇ
ਬਾਹਰ ਸੁਲੱਖਣਾ ਦਿਨ ਚੜ੍ਹ ਆਇਆ
ਅਸੀਂ ਆਂ ਸੁੱਤਮ ਸੁੱਤੇ
ਪੁੱਠੇ ਵੇਖ ਵਤੀਰੇ ਸਾਡੇ
ਹਾਸੇ, ਪਿੱਟ ਖਲੋਏ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ

ਲੱਗੇ ਬੂਰ ਤੇ ਫੁੱਟੀਆਂ ਲਗਰਾਂ
ਰੁੱਖਾਂ ਰੰਗ ਵਟਾਏ
ਅਸੀਂ ਨਾ ਆਪਣੇ ਜੁੱਸਿਆਂ ਉੱਤੋਂ
ਹੰਢੇ ਵਰਤੇ ਲਾਹੇ
ਖੂਹ ਤੇ ਖੜ੍ਹ ਕੇ ਵੀ ਨਾ ਭਰਿਆ
ਭਾਂਡਾ ਲੋਏ ਲੋਏ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ

ਜੋ ਨਾ ਚੇਤਰ ਰੁੱਤੇ ਖਿੜਿਆ
ਉੱਸ ਕੀ ਸਾਵਣ ਹੰਢਾਉਣਾ
ਜਿਸ ਨਾ ਰੰਗ ਪਛਾਣੇ ਉਸਦਾ
ਕੀ ਲਾਹੁਣਾ, ਕੀ ਪਾਉਣਾ
ਸੂਹਾ, ਨੀਲ, ਬਸੰਨਤੀ, ਸਾਵਾ
ਮਾਣੇ ਕੋਏ ਕੋਏ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ

ਕੱਦ ਸਿੱਪੀਆਂ ਦੇ ਮੂਹੀਂ ਡਿੱਗਣਾ
ਇਹ ਨਾ ਪੁੱਛੀਂ ਅੜਿਆ
ਉੱਸ ਦਿਨ ਤੈਨੂੰ ਚਾਨਣ ਹੋਣਾਏਂ
ਜਿਸ ਦਿਨ ਚਾਨਣ ਲੜਿਆ
ਜੋ ਵੀ ਅਪਣੀ ਹੋਂਦ ਸਿਹਾਣੇ
ਰੰਗ ਹੰਢਾਵੇ ਸੂਹੇ! ਵੇ ਲੋਕਾ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ
ਭੋਏਂ ਤੇ ਨਵੀਂ ਹਯਾਤੀ ਖਿੜ ਪਈ
ਅਸੀਂ ਮੋਏ ਦੇ ਮੋਏ
ਕਰੀਏ! ਚੇਤਰ ਰੰਗ ਨਰੋਏ

4. ਪੀੜਾਂ ਵਿਕਣੇ ਆਈਆਂ

ਸੱਜਣ ਜੀ! ਪੀੜਾਂ ਵਿਕਣੇ ਆਈਆਂ
ਕਿਸੇ ਨਾ ਹੱਸ ਕਰਾਈ ਬੋਹਣੀ
ਕਿਸੇ ਨਾ ਝੋਲ਼ੀ ਪਾਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ

ਉਮਰੋਂ ਲੰਮੇ ਆਸ ਦੇ ਪੈਂਡੇ
ਅਸੀਂ ਵਿੱਚੋਂ ਦੀ ਹੋਏ
ਪੱਬਾਂ ਹੇਠਾਂ ਚੀਕਣ ਸਾਹਵਾਂ
ਸੁਫ਼ਨੇ ਵੀ ਅਧਮੋਏ
ਜੁੱਸੇ ਅੱਤ ਪਰੈਣਾਂ ਵੱਜੀਆਂ
ਕਿਸੇ ਨਾ ਮਲ੍ਹਮਾਂ ਲਾਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ

ਨਿੱਜ ਸਮੇਂ ਨੇ ਹਰ ਮ੍ਹਾਤੜ ਦੀ
ਬੁਲ੍ਹੜੀ ਉੱਖੜੀ ਸੀਤੀ
ਉਹਦੀ ਪੀੜ ਵੰਡਾਉਣ ਦੀ ਥਾਂ
ਹੋਰ ਵਧੇਰੀ ਕੀਤੀ
ਉਹ ਵੀ ਮਗਰੋਂ ਲਾਹ ਕੇ ਟੁਰ ਗਏ
ਜਿਨ੍ਹਾਂ ਦਿੱਤੀਆਂ ਸਾਈਆਂ
ਪੀੜਾਂ ਵਿਕਣੇ ਆਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ

ਸਾਵੀਆਂ ਰੁੱਤਾਂ ਵਰਗੇ ਸੁਫ਼ਨੇ
ਚੀਕਾਂ ਦੇ ਵਿਚ ਗੁੰਨ੍ਹੇ
ਸ਼ਹਿਰ ਨੇ ਜਿਵੇਂ ਪੱਕੀਆਂ ਥਾਂਵਾਂ
ਪਿੰਡਾਂ ਦੇ ਪਿੰਡ ਸੁੰਨੇ
ਲਾਸ਼ਾਂ ਤੇ ਦਫ਼ਨਾਉਂਦੇ ਸੁਣਿਆ
ਰੂਹਾਂ ਕਿਸ ਦਫ਼ਨਾਈਆਂ?
ਸੱਜਣ ਜੀ! ਪੀੜਾਂ ਵਿਕਣੇ ਆਈਆਂ

5. ਵੇਲ਼ੇ ਦੀ ਵਾਰ

ਕੌਣ ਕਰੇ ਨਿਰਵਾਰ, ਹਯਾਤੀ ਡੱਕੋ ਡੋਲੇ
ਡਾਂਵਾਂ ਡੋਲ ਆਸਾਰ, ਜੀਵਣਾ ਬਣਿਆ ਖੋਲੇ
ਪਿੱਛਲ਼ ਪੈਰੀ ਸਾਰ, ਅਚੇਤੀ ਵਧ ਕੇ ਬੋਲੇ
ਸਗਵੇਂ ਕੂੜ ਵਿਹਾਰ, ਸਮੇਂ ਰੰਗ ਰੱਤੇ ਚੋਲੇ
ਕਰਨੀ ਦੇ ਕਰਤਾਰ, ਸਾਦੜੇ ਬੀਬੇ ਭੋਲ਼ੇ
ਭਰਨੀ ਦੇ ਅਗਵਾਰ, ਬਾਦਸ਼ਾਹ, ਰਾਣੀ, ਗੋਲੇ
ਧਰਮਾਂ ਦੀ ਭਰਮਾਰ, ਕਣੀ ਕੂਂ ਕੀਕਣ ਫੋਲੇ
ਹਿੱਕ ਦੀ ਕੀਤੀ ਕਾਰ, ਕਹੀਂ ਦੇ ਨਾਵੇਂ ਬੋਲੇ
ਕੂੜੋ ਕੂੜ ਅਖ਼ਬਾਰ, ਲਖੀਵਣ ਹੁਕਮੀ ਢੋਲੇ
ਮਾਰੂ ਥਈ ਸਰਕਾਰ, ਨਿਮਾਣਾ ਤਣਿਆਂ ਝੋਲੇ
ਸੁਖ਼ਨਾਂ ਦੇ ਹਟੀਆਰ, ਵਗੀਂਦੇ ਛੁਰੀਆਂ ਓਲ੍ਹੇ
ਉਮਰਾਂ ਜਿੱਡੇ ਭਾਰ, ਕਦੀਂ ਹਨ ਪੋਲ ਪਟੋਲ੍ਹੇ
ਚਾਨਣ ਦੇ ਅਸਵਾਰ, ਟੁਰੋਂ ਜੇ ਪੋਲੇ ਪੋਲੇ

6. ਸੁਫ਼ਨੇ ਰਹਿ ਗਏ ਕੋਰੇ

ਸੁਫ਼ਨੇ ਰਹਿ ਗਏ ਕੋਰੇ!
ਸੱਜਣ! ਸਾਡੇ ਸੁਫ਼ਨੇ ਰਹਿ ਗਏ ਕੋਰੇ
ਅੱਖੀਆਂ ਅੰਦਰ ਪਾੜ ਪਏ,
ਜਿਉਂ ਕੰਧਾਂ ਵਿਚ ਮਘੋਰੇ
ਸੱਜਣ! ਸਾਡੇ ਸੁਫ਼ਨੇ ਰਹਿ ਗਏ ਕੋਰੇ

ਜੱਗ ਕੂੜ ਪਸਾਰਾ ਕਹਿਰ ਦਾ
ਸਾਨੂੰ ਚਸਕਾ ਲੱਗਾ ਜ਼ਹਿਰ ਦਾ
ਦਿਲ ਪਾਰਾ ਕਿਤੇ ਨਾ ਠਹਿਰ ਦਾ
ਸਾਨੂੰ ਧੜਕੂ ਅੱਠੇ ਪਹਿਰ ਦਾ
ਇਕ ਪਾਸਾ ਮਰਿਆ ਸ਼ਹਿਰ ਦਾ
ਵਿਚ ਭੁੱਖਾ ਫਨੀਅਰ ਲਹਿਰ ਦਾ
ਮਾਵਾਂ ਨੇ ਖੀਸੇ ਫੋਲ਼ ਕੇ,
ਪੁੱਤ ਸਫ਼ਰਾਂ ਤੇ ਟੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ

ਅਸੀਂ ਸਈਆਂ ਨੈਣਾਂ ਵਾਲ਼ੀਆਂ
ਸਾਨੂੰ ਜੋਇਆ ਅੰਨਹੇ ਹਾਲ਼ੀਆਂ
ਮਨ ਖੋਭੇ ਸੱਧਰਾਂ ਗਾਲ਼ੀਆਂ
ਸਾਡਾ ਜੀਵਨ ਵਿੱਚ ਕੁਠਾਲ਼ੀਆਂ
ਖਸਮਾਂ ਦੀਆਂ ਅੱਗਾਂ ਬਾਲ਼ੀਆਂ
ਦਿਲ ਗੁਨ੍ਹੇ ਵਿਚ ਕਨਾਲ਼ੀਆਂ
ਇਸ ਔਂਤਰ ਜਾਣੇ ਸਮੇਂ ਨੇ
ਸਾਹ ਬਰਫ਼ਾਂ ਵਾਂਗੂੰ ਖੌਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ
ਅੱਖੀਆਂ ਅੰਦਰ ਪਾੜ ਪਏ,
ਜਿਉਂ ਕੰਧਾਂ ਵਿਚ ਮਘੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ

7. ਚੰਦਰੀ ਰੁੱਤ ਦੇ ਜਾਏ
(ਤੀਜੀ ਦੁਨੀਆ ਦੇ ਨਾਂ)

ਰੁੱਖਾਂ ਦੇ ਪਰਛਾਵੇਂ ਕੰਬਣ,
ਧਰਤੀ ਠੰਡੀ ਠਾਰ

ਸਿਖ਼ਰ ਦੁਪਹਿਰੇ, ਰਾਤ ਦੇ ਪਹਿਰੇ,
ਪੱਤਝੜ ਜਿਹੀ ਬਹਾਰ

ਕੂੰਜਾਂ ਦੀ ਥਾਂ ਅੰਬਰਾਂ ਉੱਤੇ,
ਗਿਰਝਾਂ ਬੰਨ੍ਹੀ ਡਾਰ

ਰੂਹ ਦੀ ਧੂਣੀ ਮਿਰਚਾਂ ਧੂੜੇ
ਨਿਤ ਹੋਣੀ ਦੀ ਵਾਰ

ਵੇਲ਼ੇ ਦੀ ਕੰਧ ਹੇਠਾਂ ਆ ਗਏ,
ਜੀਵਨ ਦੇ ਦਿਨ ਚਾਰ

ਘਾਟੇ ਵਾਧੇ ਖਾਂਦਾ ਜਾਵੇ,
ਇਸ਼ਕੇ ਦਾ ਬਿਉਪਾਰ

ਘੁੱਟ ਘੁੱਟ ਕੱਚੀਆਂ ਗੰਢਾਂ ਲਾਵਿਣ,
ਰੁੱਤਾਂ ਵਰਗੇ ਯਾਰ

ਪੰਖਾਂ ਬਾਝ ਪਖੇਰੂ ਖੇਡਣ
"ਨਵੀਉਂ ਨਵੀਂ ਬਹਾਰ"

ਜੋ ਆਹਾ ਸੋ ਆਹਾ ਲੋਕਾ
ਅੰਦਰੋਂ ਆਈਏ ਬਾਹਰ

8. ਜਿੰਦੇ ਨੀ! ਤੂੰ ਕੀਕਣ ਜੰਮੀ

ਜਿੰਦੇ ਨੀ! ਤੂੰ ਕੀਕਣ ਜੰਮੀ
ਪੈਰ ਪੈਰ 'ਤੇ ਨਿਤ ਬਖੇੜੇ
ਜੀਵਣ ਦੀ ਰਾਹ ਲੰਮੀ
ਜਿੰਦੇ ਨੀ! ਤੂੰ ਕੀਕਣ ਜੰਮੀ

ਜਿੰਦੇ ਨੀ! ਕੀ ਲੱਛਣ ਤੇਰੇ
ਫਨੀਅਰ ਨਾਲ ਯਰਾਨੇ ਵੀ ਨੇ
ਜੋਗੀ ਵੱਲ ਵੀ ਫੇਰੇ

ਜਿੰਦੇ ਨੀ! ਕੀ ਸਾਕ ਸਹੇੜੇ
ਇਕ ਬੁੱਕਲ਼ ਵਿਚ ਰਾਂਝਣ ਮਾਹੀ
ਦੂਜੀ ਦੇ ਵਿੱਚ ਖੇੜੇ

ਜਿੰਦੇ ਨੀ! ਕੀ ਕਾਰੇ ਕੀਤੇ
ਆਪੇ ਆਸ ਦੇ ਚੋਲ਼ੇ ਪਾੜੇ
ਆਪੇ ਬਹਿ ਕੇ ਸੀਤੇ!

ਜਿੰਦੇ ਨੀ! ਤੱਕ ਚੇਤ ਵਿਸਾਖਾਂ
ਤੂੰ ਫਿਰਦੀ ਐਂ ਮੈਲ਼ ਕੁਚੈਲ਼ੀ
ਦੱਸ! ਤੈਨੂੰ ਕੀ ਆਖਾਂ?

ਜਿੰਦੇ ਨੀ! ਤੇਰਾ ਕਾਰਜ ਕੂੜਾ
ਸਿਰ ਤੇ ਸ਼ਗਨਾਂ ਵਾਲੀਆਂ ਘੜੀਆਂ
ਕੱਢ ਵਿਛਾਇਆ ਈ ਫੂਹੜਾ!!

ਜਿੰਦੇ ਨੀ! ਤੈਨੂੰ ਕਿਹੜਾ ਦੱਸੇ
ਲੂੰ ਲੂੰ ਤੇਰਾ ਐਬਾਂ ਭਰਿਆ
ਮੌਤ ਵਟੇਂਦੀ ਰੱਸੇ

ਜਿੰਦੇ ਨੀ! ਤੇਰੇ ਸਾਹ ਨਕਾਰੇ
ਮੋਏ ਮੂੰਹ ਨਾਲ ਆ ਬੈਠੀ ਏਂ
ਜੀਵਨ ਦੇ ਦਰਬਾਰੇ

ਜਿੰਦੇ ਨੀ! ਕੀ ਅੱਤਾਂ ਚਾਈਆਂ
ਹੱਸ ਖੇਡਣ ਦੀ ਵਿਹਲ ਨਾ ਤੈਨੂੰ
ਕਰਦੀ ਫਿਰੇਂ ਲੜਾਈਆਂ

ਜਿੰਦੇ ਨੀ! ਕੀ ਵੇਲ਼ੇ ਆਏ
ਇਕ ਦੂਜੇ ਦੀ ਜਾਨ ਦੇ ਵੈਰੀ
ਇੱਕੋ ਮਾਂ ਦੇ ਜਾਏ

ਜਿੰਦੇ ਨੀ! ਤੇਰੇ ਜੀਵਣ ਮਾਪੇ
ਆਪੇ ਹੱਥੀਂ ਡੋਲੀ ਚਾੜ੍ਹਨ
ਆਪੇ ਕਰਨ ਸਿਆਪੇ

ਜਿੰਦੇ ਨੀ! ਕਿਸ ਟੂਣੇ ਕੀਤੇ
ਦਿਲ ਦਰਿਆ ਤੇ ਨੈਣ ਸਮੁੰਦਰ
ਰੋਵਣ ਬੈਠੇ ਚੁਪ ਚੁਪੀਤੇ

ਜਿੰਦੇ ਨੀ! ਕੀ ਖੇਡਾਂ ਹੋਈਆਂ
ਪਿਓ ਪੁੱਤਰਾਂ ਦੇ ਪੈਰੀਂ ਪੈ ਕੇ
ਮਾਵਾਂ ਧੀਆਂ ਰੋਈਆਂ

ਜਿੰਦੇ ਨੀ! ਕੀ ਕਾਜ ਕਮਾਏ
ਜਿੰਨੇ ਵੀ ਤੂੰ ਸੰਗ ਸਹੇੜੇ
ਰੂਹ ਦੇ ਮੇਚ ਨਾ ਆਏ

ਜਿੰਦੇ ਨੀ! ਕੀ ਹੋਣੀਆਂ ਹੋਈਆਂ
ਇਸ਼ਕੇ ਦੇ ਘੱਰ ਰਹਿ ਕੇ ਅੱਖੀਆਂ
ਨਾ ਹੱਸੀਆਂ ਨਾ ਰੋਈਆਂ

ਜਿੰਦੇ ਨੀ! ਤੇਰੇ ਸਾਹ ਕਚਾਵੇ
ਰੋਜ਼ ਦਿਹਾੜੇ ਮਰਨਾ ਪੈਂਦਾ
ਫਿਰ ਵੀ ਮੌਤ ਡਰਾਵੇ

9. ਉੱਚਿਆਂ ਟਿੱਬਿਆਂ ਤੇ

(1)
ਉੱਚਿਆਂ ਟਿੱਬਿਆਂ ਤੇ ਮੈਂ ਬੈਠਾ
ਮੁਠੀਉਂ ਧੂੜ ਉਡਾਵਾਂ
ਮੁਠੀਉਂ ਕਿਰ ਕੇ ਮੈਂ ਵੀ ਕਿੱਧਰੇ
ਦੂਰ ਕਿਤੇ ਉੱਡ ਜਾਵਾਂ
ਕਿਸੇ ਬਸੰਤੀ ਫੁਲ ਦੀ ਚਾਦਰ ਤੇ,
ਜਾ ਕੇ ਸੌਂ ਜਾਵਾਂ
ਹਰੇ ਕਚੂਰ ਪੱਤਰ ਦੀ ਫੁਟ ਇਚ
ਅੱਖ ਨਾਲ ਹੋਜ਼ ਬਣਾਵਾਂ
ਉਮਰਾਂ ਦੀ ਮੈਂ ਪਿਆਸ ਮਿਟਾਵਾਂ
ਤੇ ਹਰਿਆਂ ਹੋ ਜਾਵਾਂ
ਉੱਚਿਆਂ ਟਿੱਬਿਆਂ ਤੇ.......

(2)
ਉੱਚਿਆਂ ਟਿੱਬਿਆਂ ਤੇ ਮੈਂ ਬੈਠਾ
ਮੁਠੀਉਂ ਧੂੜ ਉਡਾਵਾਂ
ਮੁਠੀਉਂ ਕਿਰ ਕੇ ਮੈਂ ਵੀ ਕਿੱਧਰੇ
ਦੂਰ ਕਿਤੇ ਉੱਡ ਜਾਵਾਂ
ਉੱਡ ਕਿਸੇ ਆਸ਼ਿਕ ਦੀ ਕਬਰੇ
ਮੈਂ ਜਾ ਕੇ ਬਹਿ ਜਾਵਾਂ
ਫਿੱਕੀ ਮਹਿੰਦੀ ਵਾਲੇ ਹੱਥ ਦੇ,
ਪਾਏ ਚੌਲ਼ ਮੈਂ ਖਾਵਾਂ
ਟੁੱਟੀ ਚੁੰਝ ਨਾਲ ਕੱਢ ਦੋ ਕਬਰਾਂ
ਦੋਹਾਂ ਵਿੱਚ ਸੌਂ ਜਾਵਾਂ
ਉੱਚਿਆਂ ਟਿੱਬਿਆਂ ਤੇ..........

(3)
ਉੱਚਿਆਂ ਟਿੱਬਿਆਂ ਤੇ ਮੈਂ ਬੈਠਾ
ਮੁਠੀਉਂ ਧੂੜ ਉਡਾਵਾਂ
ਮੁਠੀਉਂ ਕਿਰ ਕੇ ਮੈਂ ਵੀ ਕਿੱਧਰੇ
ਦੂਰ ਕਿਤੇ ਉੱਡ ਜਾਵਾਂ
ਕਿਸੇ ਜੋਗੀ ਦੇ ਮੋਢੀਂ ਬਹਿ ਕੇ
ਪਰਦੇਸਾਂ ਵੱਲ ਜਾਵਾਂ
ਉੱਸ ਜੋਗੀ ਦੇ ਤਿਲਕ ਦੀ ਸੁਰਖ਼ੀ
ਨੀਲੇ ਹੋਠੀਂ ਲਾਵਾਂ
ਉੱਸ ਸੁਰਖ਼ੀ ਨਾਲ ਸੂਰਜ ਬਾਲ਼ਾਂ
ਜੀਵਨ ਨੂੰ ਰੁਸ਼ਨਾਵਾਂ
ਉੱਚੀਆਂ ਟਿੱਬਿਆਂ ਤੇ.........

10. ਨਜ਼ਮ-ਕੌਣ ਅੰਦਰ ਦੀ ਦੱਸੇ

"ਪੰਜੇ ਮਹਿਲ ਪੰਜਾਂ ਵਿਚ ਚਾਨਣ"
ਬਾਹਰ ਹਨੇਰਾ ਵੱਸੇ
ਅਕਲਾਂ, ਸ਼ਕਲਾਂ, ਫ਼ਿਕਰਾਂ ਉੱਤੇ
ਚਾਰ ਚੁਫੇਰਾ ਹੱਸੇ
ਆਪਣੇ ਆਪ ਤੋਂ ਪਿੱਛੇ ਵੇਖੇ
ਅੱਗੇ ਲੱਗ ਕੇ ਨੱਸੇ
ਨੈਣੀਂ ਘੋਲ ਸਮੁੰਦਰ ਪੀਤੇ
ਮੁੜ ਤੱਸੇ ਦੇ ਤੱਸੇ
ਬਾਹਰੋ ਬਾਹਰ ਹਯਾਤੀ ਮੋਈ
ਕੌਣ ਅੰਦਰ ਦੀ ਦੱਸੇ

11. ਇਸ ਜੀਵਨ ਤੋਂ ਰੱਜੇ

1.
ਰੋਜ਼ ਦਿਹਾੜੇ, ਜੀਣਾ ਮਰਨਾ,
ਸਾਡੇ ਲੇਖੀਂ ਲਿਖਿਆ
ਵੇਲਾ ਕਿਹੜੀ ਟੋਰ ਟੁਰੀਂਦੈ,
ਇਹ ਨਾ ਸਾਨੂੰ ਦਿਖਿਆ
ਸਾਦ ਮੁਰਾਦੇ ਜੀਅ ਅਖਵਾਏ
ਬੇ ਲੱਜੇ, ਬੇ ਚੱਜੇ
ਸਾਈਂ !
ਅਸੀਂ ਇਸ ਜੀਵਨ ਤੋਂ ਰੱਜੇ

2.
ਵੇਲੇ ਦੀ ਪਈ ਡੈਣ ਖਿਡਾਵੇ
ਚੁੱਕ ਅਸਾਨੂੰ ਕੁੱਛੇ
ਕਿਹੜਾ ਸਾਡਾ ਵਾਲੀ ਵਾਰਿਸ
ਕੌਣ ਅਸਾਨੂੰ ਪੁੱਛੇ
ਜਿਹੜੇ ਜ਼ਾਤੋਂ ਹੈਣ ਕੁਜ਼ਾਤੇ
ਉਹ ਸਿਰ ਚੜ੍ਹ ਕੇ ਗੱਜੇ
ਸਾਈਂ !
ਅਸੀਂ ਇਸ ਜੀਵਨ ਤੋਂ ਰੱਜੇ

12. ਉਜੜੀ ਝੋਕ ਵਸਾ

ਅਸੀਂ ਲੱਖਾਂ ਏਕੜ ਬੀਜੀਏ
ਸਾਡਾ ਫਿਰ ਵੀ ਮੰਦਾ ਹਾਲ
ਸਾਡੀ ਮੱਝੀਂ ਬਾਦੀ ਹੋ ਗਈ
ਸਾਡੇ ਵਿਚ ਭੜੋਲੇ ਕਾਲ

ਸਾਡੇ ਵਿਹੜੇ ਸੁੰਨੇ ਹੋ ਗਏ
ਹਰ ਪਾਸੇ ਉਗਿਆ ਘਾਹ
ਸਾਈਂ !
ਸਾਡੀ ਉੱਜੜੀ ਝੋਕ ਵਸਾ

13. ਯਾਰ ਪ੍ਰਹੁਣੇ

ਰੱਤਾਂ ਪੀਵਣ ਵਾਲੜੇ
ਅੱਜ ਮੋਹਰੀ ਹੋ ਗਏ
ਰਾਤੀਂ ਨੀਂਦ ਉਨੀਂਦਰਾ
ਸਾਹ ਚੋਰੀ ਹੋ ਗਏ

14. ਕਾਫ਼ੀ

ਥੱਪ ਥੱਪ ਕਰਦੇ ਬੂਟਾਂ ਹੇਠਾਂ
ਚੀਕ ਪਈਆਂ ਛਣ ਛਣੀਆਂ
ਵਾਹ ਜੀ ਵਾਹ ਕੀ ਬਣੀਆਂ

15. ਛਲਕ ਛਲਕ ਗਈਆਂ ਅੱਖੀਆਂ

ਛਲਕ ਛਲਕ ਗਈਆਂ ਅੱਖੀਆਂ
ਮਨ ਮਾਰੂ ਲੱਜ਼ਤਾਂ ਚੱਖੀਆਂ

ਕੈਸੀ ਇਸ਼ਕੇ ਦੀ ਰੁੱਤ ਮਾਣੀ
ਕੂੜ ਕੁੜੱਤਣ ਰੂਹ ਦੇ ਹਾਣੀ
ਸਾਹਵਾਂ ਹੱਕੀਆਂ ਬੱਕੀਆਂ
ਛਲਕ ਛਲਕ ਗਈਆਂ ਅੱਖੀਆਂ

ਜੀਣ ਮਰਨ ਮਾਹੀ ਸੰਗ ਲਾ ਕੇ
ਹੱਥੀਂ ਅਪਣਾ ਆਪ ਮੁੱਕਾ ਕੇ
ਆਪੇ ਹੱਡੀਆਂ ਚੱਕੀਆਂ
ਛਲਕ ਛਲਕ ਗਈਆਂ ਅੱਖੀਆਂ
ਮਨ ਮਾਰੂ ਲੱਜ਼ਤਾਂ ਚੱਖੀਆਂ

16. ਸਈਓ ਨੀ ਮੈਨੂੰ ਅੱਕ ਸੁਆਦੀ ਲੱਗੇ

ਸਈਓ ਨੀ ਮੈਨੂੰ ਅੱਕ ਸੁਆਦੀ ਲੱਗੇ

ਪੀੜਾਂ ਹੇਠ ਹੰਢਾਵਾਂ ਜਿੰਦੜੀ
ਸਾਹਵਾਂ ਦੇ ਵਿੱਚ ਖੱਗੇ
ਮੈਨੂੰ ਅੱਕ ਸੁਆਦੀ ਲੱਗੇ।

ਸਾਡੇ ਪੱਲੇ ਦੁੱਖ ਚਿੰਤਾ ਦੇ
ਅਸੀਂ ਲੋਕੀ ਕਿੰਨੇ ਸਿੱਧੇ
ਜੇ ਕੋਈ ਦੁਖਦੀ ਰਗ ਨੂੰ ਛੇੜੇ
ਹੱਸ ਹੱਸ ਪਾਈਏ ਗਿੱਧੇ।

ਮੈਂ ਵੀ ਹੱਥ ਦੇ ਛੱਲੇ ਦੇਵਾਂ
ਜੇ ਕੋਈ ਦੀਵਾ ਜੱਗੇ।
ਸਈਓ ਨੀ, ਮੈਨੂੰ ਅੱਕ ਸੁਆਦੀ ਲੱਗੇ।

17. ਟੱਪੇ

1
ਗੱਲ ਗੱਲਾਂ ਵਿੱਚੋਂ ਚੁਣਿਆ ਕਰ
ਵਧ ਵਧ ਬੋਲਣਾ ਏਂ
ਕਦੇ ਚੁੱਪ ਨੂੰ ਵੀ ਸੁਣਿਆ ਕਰ
2
ਗੱਲ ਮੁੱਕਦੀ ਮੁਕਾ ਛੋੜੀ
ਜ਼ਿੰਦਗੀ ਦੇ ਰੌਲਿਆਂ ਵਿੱਚ
ਅਸਾਂ ਮੌਤ ਗੁਆ ਛੋੜੀ
3
ਬੰਦ ਇਸ਼ਕੇ ਦੀ ਤਾਕੀ ਏ
ਲਹੌਰ ’ਚ ਰਹਿਨੇ ਆਂ
ਅਜੇ ਜੰਮਣਾ ਬਾਕੀ ਏ
4
ਕੋਈ ਸਾਂਦਲ ਬਾਰ ਹੋਈ
ਜੰਮਦਿਆਂ ਸਾਰ ਸਈਓ
ਸਾਨੂੰ ਇਸ਼ਕੇ ਦੀ ਮਾਰ ਹੋਈ
5
ਉਂਝ ਰੱਬ ਦੀਆਂ ਰੱਬ ਜਾਣੇ
ਜਿੰਦ ਉਹਦੇ ਨਾਂ ਲਾਵਾਂ
ਜਿਹੜਾ ਰੱਬ ਦਾ ਸਬੱਬ ਜਾਣੇ।

18. ਧਰਤੀ ਨਾਲ ਵਿਆਹੀ

ਧਰਤੀ ਨਾਲ ਵਿਆਹੀ
ਸਖੀ! ਮੈਂ ਧਰਤੀ ਨਾਲ ਵਿਆਹੀ
ਕੰਤ ਮੇਰਾ ਏ ਰੁੱਖ ਕਿੱਕਰ ਦਾ
ਨਣਦਾਂ ਸਰ੍ਹੋਂ ਫਲਾਹੀ

ਵੰਨ ਸੁਵੰਨੇ ਫੁੱਲ ਖ਼ੁਸ਼ਬੋਈ
ਮੇਰੀ ਕੁੱਖ ’ਚੋਂ ਫੁੱਟੇ
ਜ਼ਹਿਰੀ ਮਹਿਕ ਜਿਹਨਾਂ ਦੀ ਸਈਉ
ਸਾਹਵਾਂ ਦਾ ਗਲ਼ ਘੁੱਟੇ
ਇੰਜ ਲੱਗਦਾ ਜਿਉਂ ਜੰਮਦੇ ਸਾਰ ਈ
ਫਿਰ ਗਈ ਲੇਖ ਸਿਆਹੀ
ਧਰਤੀ ਨਾਲ ਵਿਆਹੀ
ਸਖੀ! ਮੈਂ ਧਰਤੀ ਨਾਲ ਵਿਆਹੀ

ਸੌਕਣ ਦਰਦੀ ਰੇਤ ਥਲਾਂ ਦੀ
ਮੇਰੇ ਵਾਲ ਸ਼ਿੰਗਾਰੇ
ਦਿਉਰਾਂ ਵਰਗਾ ਹੜ੍ਹ ਸਾਉਣੀ ਦਾ
ਨੈਣ ਕਰੇਂਦਾ ਖਾਰੇ
ਰੋਜ਼ ਪੱਤਣ ’ਤੇ ਮਿਹਣੇ ਮਾਰਨ
ਆਉਂਦੇ ਜਾਂਦੇ ਰਾਹੀ
ਧਰਤੀ ਨਾਲ ਵਿਆਹੀ
ਸਖੀ! ਮੈਂ ਧਰਤੀ ਨਾਲ ਵਿਆਹੀ।

19. ਸੱਜਣ

ਉਹ ਈ ਸਾਡਾ ਸੱਜਣ,
ਜਿਹੜਾ ਆਪੋ ਵਿੱਚ ਸਾਹ ਵੰਡੇ
ਜਿਸ ਨੂੰ ਮਿਲਿਆਂ, ਮਲ੍ਹਮਾਂ ਜਾਪਣ,
ਰੂਹ ਵਿੱਚ ਖੁੱਭੇ ਕੰਡੇ
ਜੀਵਨ ਦੀ ਸਹੁੰ ਮੁੱਕ ਜਾਂਦਾ ਏ,
ਜਨਮ ਜਨਮ ਦਾ ਰੋਣਾ
ਸਾਡੇ ਲਈ ਇੱਕ ਰੱਬ ਵਰਗਾ ਏ
ਇੱਕ ਸੱਜਣ ਦਾ ਹੋਣਾ।

20. ਜੀਵਨ ਕਿਹੜੇ ਕਾਰ

ਨਾ ਕੋਈ ਸੇਕ, ਨਾ ਠੰਢੀਆਂ ਹਾਵਾਂ
ਟੁਰੀਆਂ ਜਾਵਣ ਰੁਕੀਆਂ ਸਾਹਵਾਂ
ਅੱਖੀਂ ਜੰਮੀਆਂ ਦਿਸ਼ਾਂ ਦਿਸ਼ਾਵਾਂ
ਅੰਧ ਗ਼ੁਬਾਰ ਵਿੱਚ ਲੁਕੀਆਂ ਰਾਹਵਾਂ
ਰਾਹੀਂ ਬੈਠੇ ਚੋਰ
ਬਣ ਕੇ ਹੋਰ ਦੇ ਹੋਰ
ਨਾ ਕੋਈ ਯਾਦ, ਨਾ ਚੇਤਾ ਭੁੱਲੇ
ਰੱਤੇ ਨੈਣੋਂ ਰੱਤ ਨਾ ਡੁੱਲ੍ਹੇ
ਸੀਨੇ ਸੁੰਜ ਦੇ ਝੱਖੜ ਝੁੱਲੇ
ਮੈਂ ਤੇ ਮੈਂ ਦਾ ਭੇਤ ਨਾ ਖੁੱਲ੍ਹੇ
ਲੰਘ ਦੀ ਸ਼ਾਮ ਸਵੇਰ
ਜਿੰਦੜੀ ਘੁੰਮਣ ਘੇਰ
ਨਾ ਕੋਈ ਦਿਲਬਰ ਨਾ ਦਿਲਦਾਰੀ
ਮਰ ਮਰ ਮੁੱਕੇ ਦੁਨੀਆਂ ਸਾਰੀ
ਸੁਰਤਾਂ ਸਾਰ ਅਸੁਰਤੀ ਮਾਰੀ
ਮਿੱਟੀਓ ਮਿੱਟੀ ਪਾਓਂ ਪਸਾਰੀ
ਹੋਂਦੀ ਮਾਰੋ ਮਾਰ
ਜੀਵਨ ਕਿਹੜੇ ਕਾਰ
ਜੀਵਨ ਕਿਹੜੇ ਕਾਰ

21. ਕਿਤਾਅ

ਬੰਦਾ ਅਕਲਾਂ ਫ਼ਿਕਰਾਂ ਪਾਰੋਂ ਚੀਕਦਾ
ਲਿਖਿਆ ਪੜ੍ਹਿਆ ਘੇਰਾ ਪਿਆ ਵਧੀਕਦਾ
ਪ੍ਰੇਮ ਕਹਾਣੀ ਪਾਗਲ-ਪਨ ਉਲੀਕਦਾ
ਮੈਂ ਵਿੱਚ ਮੈਨੂੰ ਸੱਚਲ ਯਾਰ ਉਡੀਕਦਾ

ਫੁਟਕਲ

1.
ਮੈਂ ਦੀ ਟੈਂ ਨਿੱਤ ਮਾਰੀਏ
ਤੂੰ ਦਾ ਕਰੀਏ ਚਾਅ
ਹੱਸਣ ਖੇਡ ਉਸਾਰੀਏ
ਝੋਰੇ ਨੂੰ ਅੱਗ ਲਾ

2.
ਸਾਰੀ ਖੇਡ ਵਜੂਦ ਦੀ
ਜਿੰਦ ਹਾਰਨ ਦੀ ਵਾਹ
ਹਸਤੀ ਮਸਤੀ ਮਾਣੀਏ
ਕਣੀ ਬਣੇ ਦਰਿਆ

3.
ਹੁਣੇ ਹੁਣੇ ਹੈ ਜੀਵਨਾ
ਹੁਣ ਦੀ ਹੁਣੇ ਸੰਭਾਲ
ਲੰਘੇ ਹੱਥ ਨਾ ਆਂਵਦੇ
ਝੱਖੜ ਪਾਣੀ ਕਾਲ

4.
ਜੇ ਤੈਂ ਚਾਹੇਂ ਹੋਵਣਾ
ਹਸਤੀ ਦੇ ਨਜ਼ਦੀਕ
ਆਪ ਧਿਆਨੇ ਬੈਠ ਕੇ
ਆਪਣੀ ਕਰੀਂ ਉਡੀਕ

5.
ਲਾਕੇ ਰਮਜ਼ਾਂ ਸੋਚੀਏ
ਸਾਨੂੰ ਲੱਭਿਆ ਕੀ
ਲੈਣਾ ਦੇਣਾ ਕਾਸ ਦਾ
ਜੀ ਨੂੰ ਮਿਲਿਆ ਜੀ

6.
ਸੱਤ ਵੀਹਾਂ ਦੇ ਸੈਂਕੜੇ
ਭਾਰਾਂ ਭਰੀ ਦੁਕਾਨ
ਰੱਜ ਟਾਕੀ ਪਸ਼ਮੀਨ ਦੀ
ਭੁੱਖ ਮਲਮਲ ਦਾ ਥਾਨ

7.
ਸੁੱਤਾ ਪਿਆ ਉਨੀਂਦਰਾ
ਸੁਪਨੇ ਲੱਗੀ ਸੰਨ੍ਹ
ਮੋਈਆਂ ਜੀਵਨ ਜੋਗੀਆਂ
ਆਸਾਂ ਦਿੱਤਾ ਭੰਨ