Punjabi Ghazlan : Dr Faqeer Muhammad Faqeer

ਪੰਜਾਬੀ ਗ਼ਜ਼ਲਾਂ : ਡਾ. ਫ਼ਕੀਰ ਮੁਹੰਮਦ 'ਫ਼ਕੀਰ'

51. ਬੋਝ ਹਿਜਰ ਦੇ ਥੀਂ ਕਮਰ ਖ਼ਮ ਹੋਈ

ਬੋਝ ਹਿਜਰ ਦੇ ਥੀਂ ਕਮਰ ਖ਼ਮ ਹੋਈ,
ਹੋਇਆ ਜਿਹਾ ਐਧਰ ਨਾਤਵਾਨ ਹਾਂ ਮੈਂ।
ਸਿੱਧਾ ਸਾਦਾ ਉਧਰ ਕਦਰ ਯਾਰ ਦਾ ਏ,
ਜੇਕਰ ਤੀਰ ਤੇ ਤੀਰ ਕਮਾਨ ਹਾਂ ਮੈਂ।

ਸ਼ੱਬੇ ਵਸਲ ਉਸ ਸ਼ੋਖ਼ ਨੂੰ ਆਖਿਆ ਮੈਂ,
ਮੇਰਾ ਚੁੱਪ ਰਹਿਣਾ ਈ ਮੇਰਾ ਬੋਲਣਾ ਏ,
ਕਰਾਂ ਕਿਸ ਤਰ੍ਹਾਂ ਅਰਜ਼ ਵਸਾਲ ਮੂਹੋਂ,
ਤੂੰ ਖ਼ੁਦ ਜਾਨਣਾ ਏਂ ਕਮ ਜ਼ੁਬਾਨ ਹਾਂ ਮੈਂ।

ਫਿਰਦਾ ਰਹਾਂ ਦੀਵਾਨਿਆਂ ਵਾਂਗ ਹਰਦਮ,
ਹੋਵੇ ਕਦੇ ਨਾ ਕਿਤੇ ਮੁਕਾਮ ਮੇਰਾ,
ਹੋਇਆ ਜਿਹਾ ਅਵਾਰਾ ਏਸ ਇਸ਼ਕ ਅੰਦਰ,
ਖ਼ਲਕਤ ਆਖ਼ਦੀ ਏ ਲਾਮਕਾਨ ਹਾਂ ਮੈਂ।

ਗਿੱਲੀ ਜ਼ੁਲਫ਼ ਮਾਸ਼ੂਕ ਦਾ ਇਕ ਕਤਰਾ,
ਕਤਰਾ ਆਸ਼ਿਕ ਲਈ ਆਬੇ ਹਿਆਤ ਦਾ ਏ,
ਰਸ਼ਕ ਖ਼ਿਜ਼ਰ ਸਿਕੰਦਰ ਦੇ ਵਾਂਗ ਡਾਢਾ,
ਵੇਖ ਵਿਚ ਖ਼ਲਕਤ ਪ੍ਰੇਸ਼ਾਨ ਹਾਂ ਮੈਂ।

ਰੱਖੀ ਖ਼ਲਕ ਤੇ ਜਦੋਂ ਤਲਵਾਰ ਕਾਤਿਲ,
ਹੱਥ ਬੰਨ੍ਹ ਕੇ ਤਦੋਂ ਮੈਂ ਅਰਜ਼ ਕੀਤੀ,
ਕਰੀਂ ਮੁਆਫ਼ ਜੇ ਜ਼ਬਤ ਨਾ ਰਿਹਾ ਮੈਥੋਂ,
ਆਖ਼ਰ ਜਾਨਣੈ ਯਾਰ ਇਨਸਾਨ ਹਾਂ ਮੈਂ।

ਜ਼ੁਲਫ਼ਾਂ ਉਹਦੇ ਰੁਖ਼ਸਾਰ ਦੇ ਸਫ਼ੇ ਤੇ ਨਹੀਂ,
ਵਾਲੀਲ ਦੀਆਂ ਆਇਤਾਂ ਲਿਖੀਆਂ ਨੇ,
ਗ਼ੈਰ ਲਫ਼ਜ਼ ਨਹੀਂ ਮੇਰੀ ਜ਼ੁਬਾਨ ਉੱਤੇ,
ਹਿਫ਼ਜ਼ ਕਰ ਰਿਹਾਂ ਜ਼ਾਹਿਦ ਕੁਰਆਨ ਹਾਂ ਮੈਂ।

ਬਖ਼ਸ਼ਾਂ ਰਹਿਣ ਹਰ ਵਕਤ ਹੀ ਵਿੱਚ ਮਸਜਿਦ,
ਤੇ ਮੈਖ਼ਾਨੇ ਵਿਚ ਗੱਲਾਂ ਪਿਆਰ ਦੀਆਂ,
ਮੈਨੂੰ ਜਾਹਿਦਾ ਜ਼ਰਾ ਸਮਝਾ ਤੇ ਸਹੀ,
ਕੀ ਏ ਗੱਲ ਇਹ ਬੜਾ ਹੈਰਾਨ ਹਾਂ ਮੈਂ।

ਖਲਿਆਂ ਮੇਰੇ ਦਰਵਾਜ਼ੇ ਤੇ ਦਸਤ ਵਸਤਾ,
ਫ਼ੌਜਾਂ ਹੈਨ ਹਰ ਵਕਤ ਮਜ਼ਮੂਨ ਦੀਆਂ,
ਬਾਦਸ਼ਾਹ 'ਫ਼ਕੀਰ' ਜੇ ਹਿੰਦ ਦਾ ਨਹੀਂ,
ਮੁਲਕ ਸੁਖ਼ਨ ਦਾ ਤੇ ਹੁਕਮਰਾਨ ਹਾਂ ਮੈਂ।

52. ਤੇਜ਼ ਤਬ੍ਹਾ ਨਾ ਦੋਸਤੋ ਹੋਵੇ ਕੋਈ

ਤੇਜ਼ ਤਬ੍ਹਾ ਨਾ ਦੋਸਤੋ ਹੋਵੇ ਕੋਈ,
ਓਸ ਸ਼ੋਖ਼ ਜ਼ਾਲਮ ਸਿਤਮਗਾਰ ਵਾਂਗੂੰ।
ਪੱਥਰ ਦਿਲ ਰਹਵੇ ਸੁਬਾਹ-ਸ਼ਾਮ ਲੜਦਾ,
ਗੱਲ ਗੱਲ ਤੇ ਬੋਲੇ ਤਲਵਾਰ ਵਾਂਗੂੰ।

ਉਹਦੇ ਹੁਸਨ ਦੀ ਦੇਖ ਬਹਾਰ ਬੁਲਬੁਲ,
ਭੁੱਲੀ ਸੋਹਨ, ਗੁਲਾਬ ਤੇ ਮੋਤੀਏ ਨੂੰ,
ਓਸ ਗੁਨਚਾ ਦਹਿਨ ਦੀ ਯਾਦ ਅੰਦਰ,
ਫੁੱਲ ਸੁੱਕ ਕੇ ਹੋਣ ਪਏ ਖ਼ਾਰ ਵਾਂਗੂੰ।

ਸਾਡੀ ਆਸ਼ਿਕਾਂ ਦੀ ਹਾਲਤ ਜ਼ਾਰ ਯਾਰੋ,
ਬਜ਼ਮੇ ਯਾਰ ਵਿਚ ਕਾਬਿਲ ਦੀਦ ਨਾ ਰਹੀ,
ਨੀਵੀਂ ਨਜ਼ਰ ਇਕ ਨੁਕਰੇ ਸਾਂ ਬੈਠੇ,
ਮਹਿਸ਼ਰ ਵਿਚ ਵੱਡੇ ਗੁਨਾਹਗਾਰ ਵਾਂਗੂੰ।

ਸ਼ੌਕ ਵਸਲ ਵਿਚ ਵੇਖ ਕੇ ਮਹਿਬ ਮੈਨੂੰ,
ਦਿਲਬਰ ਸ਼ੱਬੇ ਵਸਾਲ ਫ਼ਰਮਾਉਣ ਲੱਗਾ,
ਛੱਡ ਜਾਮ ਨਾ ਪੀ ਤੇ ਵੇਖ ਮੈਨੂੰ,
ਜੇ ਕਰ ਪਿਆਰ ਕਰਨੈ ਕਰ ਪਿਆਰ ਵਾਂਗੂੰ।

ਯਾਰੋ ਮਹਿਸ਼ਰ ਦੇ ਵਿਚ ਮੈਦਾਨ ਅੱਜ ਤੇ,
ਅਜਬ ਸ਼ਾਨ ਅਹਿਮਦ ਮੁਜਤਬਾ ਦੀ ਏ,
ਯੂਸਫ਼ ਜਿਹੇ ਲੱਖਾਂ ਝੁਕ ਝੁਕ ਵੇਖ ਰਹੇ ਨੇ,
ਸ਼ੌਕ ਨਾਲ ਬੜੇ ਬੇਕਰਾਰ ਵਾਂਗੂੰ।

ਤੇਰੀਆਂ ਮਸਤ ਚਸ਼ਮਾਂ ਆਬਰੂ ਵੇਖ ਕੇ,
ਆਸ਼ਿਕ ਕਿਉਂ ਨਾ ਮਸਤੀ ਵਿਚ ਡੋਲਣ,
ਜਾਮੇ ਵਸਲ ਤੂੰ ਦਿੱਤਾ ਜਨੂਨ ਵਾਲਾ,
ਝੂਮਦਾ ਫ਼ਿਰੇ ਦਿਲਦਾਰ ਮੈਅਖ਼ਾਰ ਵਾਂਗੂੰ।

ਉਹ ਰਸ਼ਕ ਸਿਕੰਦਰ ਖਿਲਾਰ ਜ਼ੁਲਫ਼ਾਂ,
ਬੜੇ ਸ਼ੌਕ ਸੀਤੀ ਸ਼ੀਸ਼ਾ ਵੇਖਦਾ ਏ,
ਮੇਲੇ ਨਜ਼ਰ ਨਾ ਸੁਬਾਹ ਤੋਂ ਸ਼ਾਮ ਤੀਕਰ,
ਜਦ ਤੱਕ ਸਾਫ਼ ਨਾ ਹੋਵੇ ਰੁਖ਼ਸਾਰ ਵਾਂਗੂੰ।

ਐ 'ਫ਼ਕੀਰ'! ਮੇਰੀ ਤੇਜ਼ ਤਬਾਹ ਅੱਗੇ,
ਖ਼ੁਸ਼ੀ ਨਾਲ ਮਜ਼ਮੂਨ ਝੁਕਾਉਣ ਗਰਦਨ,
ਸਨਾ ਖ਼ੁਆਨ ਹਾਂ ਉਹਦੀਆਂ ਆਬਰੂਆਂ ਦਾ,
ਚੱਲੇ ਕਿਉਂ ਨਾ ਜ਼ੁਬਾਨ ਤਲਵਾਰ ਵਾਂਗੂੰ।

53. ਕੀਹਨੂੰ ਪੁੱਛਾਂ ਪਤਾ ਉਹਦਾ ਹੁਣ ਕਿਹੜੇ ਪਾਸੇ ਜਾਵਾਂ ਮੈਂ

ਕੀਹਨੂੰ ਪੁੱਛਾਂ ਪਤਾ ਉਹਦਾ ਹੁਣ ਕਿਹੜੇ ਪਾਸੇ ਜਾਵਾਂ ਮੈਂ।
ਦਿਲ ਨੂੰ ਭੁੱਲਾਂ ਯਾ ਹੁਣ ਦਿਲ ਥੀਂ ਉਹਦੀ ਯਾਦ ਭੁਲਾਵਾਂ ਮੈਂ।

ਉਹ ਆਵਣਗੇ ਮੈਂ ਜਾਵਾਂਗਾ ਘੱਲਾਂਗੇ ਹਮਦਰਦ ਕੋਈ,
ਕਦ ਤੱਕ ਮਨ ਪ੍ਰਚਾਵਣ ਦੇ ਲਈ ਦਿਲ ਨੂੰ ਗੱਲੀਂ ਲਾਵਾਂ ਮੈਂ।

ਕਿੱਸੇ ਜੋੜਨ ਦੀ ਏ ਐਵੇਂ ਰੀਤ ਪੁਰਾਣੀ ਦੁਨੀਆ ਦੀ,
ਦੁੱਖਾਂ ਨੂੰ ਸੁੱਖਾਂ ਦੇ ਕਿੱਸੇ ਕਦ ਤੱਕ ਜੋੜ ਸੁਣਾਵਾਂ ਮੈਂ।

ਮਿਲ ਕੇ ਉਹਨੂੰ ਪਹਿਲਾਂ ਜਿਹੜਾ ਦਿਲ ਤੋਂ ਧੋਖਾ ਖਾਧਾ ਸੀ,
ਵਿੱਚ ਵਿਛੋੜੇ ਦੇ ਹੁਣ ਓਸੇ ਦਿਲ ਤੋਂ ਧੋਖਾ ਖਾਵਾਂ ਮੈਂ।

ਸੂਫ਼ੀ, ਮੁੱਲਾਂ ਗਲੀ ਉਹਦੀ ਦੇ ਸਿਰ ਤੇ ਜੁੜੇ ਬੈਠੇ ਨੇ,
ਕੀਹਦੇ ਧਿਆਨੋਂ ਬਚ ਕੇ ਲੰਘਾਂ ਕਿਸ ਦੀ ਨਜ਼ਰ ਬਚਾਵਾਂ ਮੈਂ।

ਰਹਿ ਗਈ ਵਾਂਗ ਸੱਪਾਂ ਦੀਆਂ ਲੀਕਾਂ ਯਾਦ ਅਸਾਨੂੰ ਜ਼ੁਲਫ਼ਾਂ ਦੀ,
ਤੂੰ ਹੀ ਦੱਸ ਹੁਣ ਕਾਲੀਏ ਰਾਤੇ ਰੋਵਾਂ ਮੈਂ ਯਾ ਗਾਵਾਂ ਮੈਂ।

ਉਹ ਸਨ ਬੜੀਆਂ ਘੜੀਆਂ ਇਹ ਪ੍ਰਛਾਵੇਂ ਗੰਜੇ ਕਾਣੇ ਨੇ,
ਦੇਖ ਘਟਾ ਵਲ ਕੀਕਣ ਭੁੱਲਾਂ ਜ਼ੁਲਫ਼ ਉਹਦੀ ਦੀਆਂ ਛਾਵਾਂ ਮੈਂ।

ਇਸ਼ਕ ਸ਼ਰਾ ਦਾ ਆਪਸ ਦੇ ਵਿਚ ਅਜੇ ਨਾ ਝਗੜਾ ਮੁਕਿਆ ਏ,
ਕੀਹਨੂੰ ਮੁਰਸ਼ਦ ਫੜਾਂ ਦਿਲਾ ਮੈਂ ਕੀਹਨੂੰ ਪੀਰ ਮਨਾਵਾਂ ਮੈਂ।

ਦੁਨੀਆ ਦੇ ਇਹ ਝਗੜੇ ਝਾਜੇ ਓੜਕ ਮੌਤ ਮੁਕਾਣੇ ਨੇ,
ਆਉਂਦਾ ਦੁਖੀ ਹਿਆਤੀ ਦੇ ਲਈ ਇੱਕੋ ਰੋਗ ਮੁਕਾਵਾਂ ਮੈਂ।

ਗੱਲੀਂ-ਬਾਤੀਂ ਜੇ ਹਮਦਰਦਾ ਛੇੜੀਉਂ ਈ ਚਾ ਗੱਲ ਮਿਰੀ,
ਲੰਬੀ ਗੱਲ ਕਰੀਂ ਨਾ ਕੋਈ ਐਨਾ ਪੁੱਛਣ ਆਵਾਂ ਮੈਂ।

ਸੂਫ਼ੀ ਮੁੱਲਾਂ ਦੋਵੇਂ ਦਿਸਦੇ ਦਰਦ ਮੇਰੇ ਦੇ ਜਾਣੂ ਨੇ,
ਡੇਰੇ ਇਨ੍ਹਾਂ ਦੇ ਤੇ ਜਾ ਕੇ ਕੀ ਸਮਝਾਂ ਸਮਝਾਵਾਂ ਮੈਂ।

ਬਖ਼ਸ਼ਿਸ਼ ਅੱਲਾ ਦੀ ਬੇਹੱਦੀ ਅੱਲਾ ਵਾਲੇ ਦੱਸਦੇ ਨੇ,
ਕਰਲਾਂ ਹੋਰ ਗੁਨਾਹ ਥੋੜੇ ਜਿਹੇ ਕਰਲਾਂ ਹੋਰ ਖ਼ਤਾਵਾਂ ਮੈਂ।

ਆਪੇ ਦੇ ਵਿਚ ਰਹਿ ਸਕਿਆ ਨਾ ਟਿਕਿਆ ਦਿਲ ਵਿਚ ਉਨ੍ਹਾਂ ਦੇ
ਦੂਹਰੀਆਂ ਥਾਵਾਂ ਵਾਲਾ ਹੋ ਕੇ ਰਿਹਾ 'ਫ਼ਕੀਰ' ਨਥਾਵਾਂ ਮੈਂ।

54. ਉਹ ਮੈਂ ਅੱਜ ਵੀ ਇਕ ਦੂਜੇ ਦੇ ਯਾਰ ਤੇ ਹਾਂ ਗ਼ਮਖ਼ਾਰ ਨਹੀਂ

ਉਹ ਮੈਂ ਅੱਜ ਵੀ ਇਕ ਦੂਜੇ ਦੇ ਯਾਰ ਤੇ ਹਾਂ ਗ਼ਮਖ਼ਾਰ ਨਹੀਂ।
ਉਹਨੂੰ ਨਹੀਂ ਮੇਰੇ ਤੇ ਮੈਨੂੰ ਉਹਦੇ ਤੇ ਇਤਬਾਰ ਨਹੀਂ।

ਕਿਉਂ ਬੇਫ਼ਿਕਰ ਨਾ ਬਹਿਣ ਸ਼ਿਕਾਰੀ ਲਾ ਫੁੱਲਾਂ ਦਿਆਂ ਜਾਲਾਂ ਨੂੰ,
ਮੇਰੇ ਪਾਗਲ ਪਣਿਆਂ ਦੀ ਰਹੀ ਬਾਗ਼ੇ ਵਿਚ ਬਹਾਰ ਰਹੀ।

ਉਹਦੇ ਅਬਰੂ ਦੇ ਗ਼ਮ ਥੱਲੇ ਲਿਸ਼ਕ ਨਹੀਂ ਉਹ ਨਜ਼ਰਾਂ ਦੀ,
ਉਹੋ ਏ ਤਲਵਾਰ ਤੇ ਪਰ ਤਲਵਾਰ ਦੀ ਹੁਣ ਉਹ ਧਾਰ ਨਹੀਂ।

ਗਾਹਕ ਨਹੀਂ ਕੋਈ ਯੂਸਫ਼ ਵਰਗੇ ਵਰਦੇ ਅੱਜ ਵਧੇਰੇ ਨੇ,
ਮਿਸਰ ਵੀ ਏ ਪਰ ਖੁੱਲ੍ਹਾ ਕੋਈ ਮਿਸਰ ਦਾ ਹੁਣ ਬਾਜ਼ਾਰ ਨਹੀਂ।

ਵੇਖਾਂ ਕੀ ਕਰਦਾ ਏ ਹੁਣ ਉਹ ਦੋ ਵੱਲੀ ਮਜਬੂਰੀ ਦਾ,
ਮੈਂ ਵੀ ਨਹੀਂ ਹੁਣ ਦਿਲ ਦਾ ਜੇ ਉਹ ਨਜ਼ਰਾਂ ਦਾ ਮੁਖ਼ਤਾਰ ਨਹੀਂ।

ਯਾਰਾਂ ਨਾਲ ਕਰੇ ਜੋ ਠੱਗੀ ਥੇਂਦਾ ਜ਼ੁਲਮ ਕਸਾਈ ਦਾ,
ਸੱਜਣ ਵੈਰੀਆਂ ਦਾ ਏ ਜਿਹੜਾ ਉਹ ਯਾਰਾਂ ਦਾ ਯਾਰ ਨਹੀਂ।

ਮੇਲ ਦਿਲਾਂ ਨਜ਼ਰਾਂ ਦਾ ਹੋਵੇ ਵੱਸੋਂ ਪਿਆਰ ਮੁਹੱਬਤ ਦੀ,
ਕੰਡੇ ਫੁੱਲ ਮਿਲਣ ਨਾ ਜਦ ਤੱਕ ਖਿੜੇ ਕਦੀ ਗੁਲਜ਼ਾਰ ਨਹੀਂ।

ਪਾਗਲ ਪੁਣਿਆਂ ਦੇ ਵਿਚ ਦੇਖੇ ਜਿੰਨੇ ਰੌਣਕਦਾਰ ਨੇ ਮੈਂ,
ਸ਼ਹਿਰ ਤੇਰੇ ਦੇ ਗਲੀਆਂ ਕੂਚੇ ਉਨ੍ਹੇ ਰੌਣਕਦਾਰ ਨਹੀਂ।

ਲਾਈ ਏ ਮੈਂ ਜਾਨ ਦੀ ਬਾਜ਼ੀ ਰੂਪ ਤੇਰੇ ਦੇ ਭਰਮਾਂ ਲਈ,
ਪਿਆਰ ਮੇਰੇ ਦਾ ਰੱਖਿਆ ਏ ਉਹ ਭਰਮ ਤੁਸਾਂ ਸਰਕਾਰ ਨਹੀਂ।

ਅਸਰ 'ਫ਼ਕੀਰ' ਰਿਹਾ ਨਹੀਂ ਕੋਈ ਉਹਦੇ ਹਾਜ਼ਿਕ ਪੁਣਿਆਂ ਦਾ,
ਮੈਨੂੰ ਤੇ ਵੱਲ ਹੁੰਦੇ ਦਿਸਦੇ ਹੁਣ ਉਹਦੇ ਬੀਮਾਰ ਨਹੀਂ।

55. ਪੁਛਦੇ ਨਹੀਂ ਭਾਵੇਂ ਕੋਈ ਚੱਜ ਚਾਲਾ

ਪੁਛਦੇ ਨਹੀਂ ਭਾਵੇਂ ਕੋਈ ਚੱਜ ਚਾਲਾ,
ਨਾ ਕੋਈ ਅਪਣਾ ਹਾਲ ਉਹ ਦੱਸਦੇ ਨੇ।
ਦਿਲ ਦੇ ਘਰੋਂ ਡੇਰਾ ਚੁੱਕ ਜਾਣ ਵਾਲੇ,
ਅੱਖਾਂ ਸਾਡੀਆਂ ਵਿਚ ਪਏ ਵਸਦੇ ਨੇ।

ਦਸਦੇ ਨਹੀਂ ਕੋਈ ਵਜਾਹ ਵਿਛੋੜਿਆਂ ਦੀ,
ਕਰਦੇ ਅਜ਼ਰ ਬਿਆਨ ਮਿਲਾਪ ਦੇ ਉਹ,
ਅਸੀਂ ਉਨ੍ਹਾਂ ਕੋਲੋਂ ਜੋ ਵੀ ਪੁੱਛਦੇ ਆਂ,
ਸਾਨੂੰ ਉਹ ਅੱਗੋਂ ਕੁਝ ਪਏ ਦੱਸਦੇ ਨੇ।

ਸ਼ਿਕਵਾ ਨਾ ਕੋਈ ਉਨ੍ਹਾਂ ਦੇ ਜਾਣ ਦਾ ਏ,
ਗਿਲਾ ਕੋਈ ਉਨ੍ਹਾਂ ਦੇ ਨਾ ਆਉਣ ਦਾ ਨਹੀਂ
ਰਹਿੰਦੇ ਆਪ ਨਹੀਂ ਉਹ ਮੂੰਹ ਵਿਖਾਣ ਜੋਗੇ,
ਜਿਹੜੇ ਲਾ ਕੇ ਯਾਰੀਆਂ ਨੱਸਦੇ ਨੇ।

ਇਹ ਤੇ ਸਾਰੀਆਂ ਸਾਡੀਆਂ ਮੰਨਦਾ ਏ,
ਪਰ ਉਹ ਨਹੀਂ ਸੁਣਦੇ ਇਹਦੀ ਗੱਲ ਕੋਈ,
ਦਿਲ ਗ਼ਰੀਬ ਸਾਡਾ ਸਾਡੇ ਵਸਦਾ ਏ,
ਦਿਲ ਦੇ ਸ਼ੋਕ ਨਾ ਪਰ ਸਾਡੇ ਵਸ ਦੇ ਨੇ।

ਉਜੜ ਜਾਣ ਵਿਚ ਜੱਗ ਦੇ ਆਪ ਓੜਕ,
ਆਪ ਅਪਣਾ ਜੱਗ ਵਸਾਉਣ ਵਾਲੇ,
ਦੁਨੀਆ ਜਿਨ੍ਹਾਂ ਦੀ ਇਸ਼ਕ ਉਜਾੜਦਾ ਏ,
ਉਹੋ ਵਿਚ ਦੁਨੀਆ ਸਦਾ ਵਸਦੇ ਨੇ।

ਬੈਠੇ ਰਹਿਣ ਬੱਝੇ ਵਾਂਗੂੰ ਕੈਦੀਆਂ ਦੇ,
ਨੂਰ ਚਾਨਣੇ ਰੁਖ਼ਾਂ ਦੇ ਬਹਿਣ ਵਾਲੇ,
ਨਿਕਲ ਜਾਣ ਹਨੇਰੇ ਦੇ ਵਿਲਕਣਾਂ ਥੀਂ,
ਜਿਹੜੇ ਜ਼ੁਲਫ਼ ਦੇ ਜਾਲ ਵਿਚ ਫਸਦੇ ਨੇ।

ਸ਼ੋਖ਼ ਦੀਦਿਆਂ ਕੋਲ ਨਾ ਕਦੀ ਰੱਖਣ,
ਖੀਵੇ ਨੈਣ ਅਮਾਨਤ ਇਸ਼ਾਰਿਆਂ ਦੀ,
ਦਸਦੇ ਦਿਲ ਨੇ ਉਨ੍ਹਾਂ ਨੂੰ ਭੇਤ ਸਾਰੇ,
ਜਿਹੜੇ ਦਿਲਾਂ ਦੇ ਭੇਤ ਨਾ ਦੱਸਦੇ ਨੇ।

ਬਾਗ਼ ਫ਼ਿਕਰ ਦੇ ਵਿਚ ਏ ਅਜੇ ਤੀਕਰ
ਸਾਡੀ ਨਜ਼ਰ ਦੀ ਰੁੱਤ ਬਹਾਰ ਉਹੋ,
ਸਾਡੇ ਲਈ ਬੁਲਬੁਲ ਵਾਂਗੂੰ ਰੋਣ ਵਾਲੇ,
ਫੁੱਲਾਂ ਵਾਂਗਰਾਂ ਪਏ ਖਿੜ ਖਿੜ ਹਸਦੇ ਨੇ।

ਉਹਲੇ ਹੋ ਨਜ਼ਰਾਂ ਤੋਂ ਨਾ ਨਿਕਲ ਸਕੇ,
ਨੈਣ ਸਾਡੇ ਖ਼ਿਆਲਾਂ ਦੇ ਘਰ ਵਿੱਚੋਂ,
ਆਹ ਕਮਾਨ ਪਏ ਆਬਰੂ ਦਾ ਤਾਨਦੇ ਨੇ,
ਉਹ ਪਏ ਤੀਰ ਨਿਗਾਹ ਦਾ ਕਸਦੇ ਨੇ।

ਜਿੰਨਾ ਦਾਅ ਲੱਗੇ ਜੀਹਦਾ ਲਾ ਲੈਂਦੈ,
ਗੱਲ ਅਪਣੇ ਅਪਣੇ ਜ਼ੋਰ ਦੀ ਏ,
ਮੁਲਾਕਾਤ ਸਾਡੀ ਉਹਦੇ ਵਸ ਦੀ ਏ,
ਇੰਤਜ਼ਾਰ ਉਹਦੇ ਸਾਡੇ ਵਸ ਦੇ ਨੇ।

ਕਰਕੇ ਫ਼ਿਕਰ ਇੱਥੇ ਰੰਗੇ ਰੰਗ ਕੋਈ,
ਨਜ਼ਰ ਜ਼ਿੰਦਗੀ ਦੇ ਬਹਿਰੂਪ ਦਾ ਕੀ,
ਹਸਦੇ ਦਿਲ ਨੇ ਰੋਂਦਿਆਂ ਚਿਹਰਿਆਂ ਦੇ,
ਰੋਂਦਿਆਂ ਦਿਲਾਂ ਵਾਲੇ ਚਿਹਰੇ ਹਸਦੇ ਨੇ।

ਤੂੰ 'ਫ਼ਕੀਰ'ਨਹੀਂ ਇਹ ਖ਼ਵਰੇ ਅੱਜ ਤੀਕਰ,
ਕਿਸੇ ਆਸ਼ਿਕ ਬਜ਼ੁਰਗ ਦਾ ਕੌਲ ਸੁਣਿਆ,
ਜਿੰਨਾ ਰੁੱਸਦੇ ਨੇ ਬਹੁਤਾ ਹੁਸਨ ਵਾਲੇ,
ਉਨ੍ਹਾਂ ਬਹੁਤਾ ਇਹ ਮਨ ਕੇ ਰਸਦੇ ਨੇ।

56. ਮੇਰੇ ਦਿਲ ਨੂੰ ਦਰਦਾਂ ਦੇ ਮਾਨ ਹੋਰ ਵੀ ਨੇ

ਮੇਰੇ ਦਿਲ ਨੂੰ ਦਰਦਾਂ ਦੇ ਮਾਨ ਹੋਰ ਵੀ ਨੇ।
ਅਜੇ ਸੱਧਰਾਂ ਦੇ ਜਹਾਨ ਹੋਰ ਵੀ ਨੇ।

ਮਨੋਂ ਮਰਗਿਆਂ ਲਈ ਤੇ ਇਹ ਜੱਗ ਵੀ ਨਹੀਂ,
ਦਿਲਾਂ ਜਿਉਂਦਿਆਂ ਦੇ ਜਹਾਨ ਹੋਰ ਵੀ ਨੇ।

ਜ਼ਮਾਨੇ ਦੀ ਤਸਵੀਰ ਦੇ ਪਰਦਿਆਂ ਵਿਚ,
ਛੁਪੇ ਹੋਏ ਅਜੇ ਕਈ ਜਹਾਨ ਹੋਰ ਵੀ ਨੇ।

ਹੈ ਗੜ੍ਹ ਖ਼ੂਨੀਆਂ ਦਾ ਤੇਰਾ ਬਾਗ਼ ਮਾਲੀ,
ਚਮਨ ਹੋਰ ਵੀ ਬਾਗ਼ਵਾਨ ਹੋਰ ਵੀ ਨੇ।

ਚਲਾ ਜ਼ਾਲਮਾ ਉਡਦਿਆਂ ਪੰਛੀਆਂ ਤੇ,
ਤੇਰੇ ਤੀਰ ਤੇਰੇ ਕਮਾਨ ਹੋਰ ਵੀ ਨੇ।

ਤੇਰੀ ਬਾਝੀਉਂ ਮਾਲਵੇ ਤੱਕ ਦੁਨੀਆ,
ਮੇਰੇ ਲਈ ਹਜ਼ਾਰਾਂ ਜਹਾਨ ਹੋਰ ਵੀ ਨੇ।

ਪਿਛਾਂਹ ਫੇਰ ਪਰਤਣ ਲਈ ਮੰਜ਼ਿਲਾਂ ਤੇ,
ਅਜੇ ਆਵਣੇ ਕਾਰਵਾਨ ਹੋਰ ਵੀ ਨੇ।

ਜਨੂਨ ਅਕਲ ਦਾ ਨਾ ਦਿਲਾ ਵੇਖਦਾ ਰਹੋ,
ਤੇਰੀ ਜ਼ਿੰਦਗੀ ਦੇ ਨਿਸ਼ਾਨ ਹੋਰ ਵੀ ਨੇ।

ਸੁਣਾਉਂਦਾ ਤੂੰ ਈ ਨਹੀਂ 'ਫ਼ਕੀਰ' ਅੱਜ ਤੇਰੀ
ਸੁਣਾਉਂਦੇ ਸੁਣੇ ਦਾਸਤਾਨ ਹੋਰ ਵੀ ਨੇ।

57. ਸ਼ਾਕਿਰ ਰਹਵਾਂ ਰਜ਼ਾ ਦਾ ਸਦਾ ਐਸਾ

ਸ਼ਾਕਿਰ ਰਹਵਾਂ ਰਜ਼ਾ ਦਾ ਸਦਾ ਐਸਾ,
ਹੱਡ ਵਰਤੀਆਂ ਦੇ ਪਾਉਂਦਾ ਮੁੱਲ ਜਾਨਾਂ।
ਭੁਲਦਾ ਮਿਹਰਬਾਨਾਂ ਦੀ ਨਾ ਮਿਹਰਬਾਨੀ,
ਕੀਤੇ ਜ਼ਾਲਮਾਂ ਦੇ ਜ਼ੁਲਮ ਭੁੱਲ ਜਾਨਾਂ।

ਫ਼ਿਕਰ ਨਜ਼ਰ ਵਾਲੇ ਸਦਾ ਵੇਖਣਾ ਮੈਂ,
ਮੇਰੇ ਅਦਬ ਦਾ ਨਹੀਂ ਦਿਲੋਂ ਅਦਬ ਕਰਦੇ,
ਮਹਫ਼ਿਲ ਵਿਚ ਹਿਕਮਤ ਦੇ ਮੈਂ ਜਦੋਂ,
ਜਾਨਾ ਕੰਨ ਖੋਲ੍ਹ ਕੇ ਮੀਟ ਕੇ ਬੁੱਲ੍ਹ ਜਾਨਾਂ।

ਆਪੇ ਅਪਣੀ ਹਰਕਤ ਤੋਂ ਹੋਣ ਨਾਦਮ,
ਕਰਨ ਚੁੱਪ ਸਾਰੇ ਰੌਲਾ ਪਾਉਣ ਵਾਲੇ,
ਸਬਰ ਸਿਦਕ ਦੇ ਨਾਲ ਮੈਂ ਚੁੱਪ ਕਰਕੇ,
ਸੁਣਦਾ ਵੈਰੀਆਂ ਦਾ ਸ਼ੋਰ-ਗੁਲ ਜਾਨਾਂ।

ਓੜਕ ਵੇਖ ਖ਼ਿਜ਼ਾ ਦਾ ਮੁੱਢ ਤੋਂ ਈ,
ਮੈਂ ਖ਼ਿਜ਼ਾ ਨੂੰ ਸਦਾ ਬਹਾਰ ਸਮਝਾਂ,
ਗਾਉਂਦਾ ਰਹਵਾਂ ਬਹਿ ਕੇ ਸੁੱਕੇ ਕੰਡਿਆਂ ਤੇ,
ਆਸਮੰਦ ਬੁਲਬੁਲ ਵਾਂਗੂੰ ਫੁੱਲ ਜਾਨਾਂ।

ਮੇਰੇ ਵਕਤ ਦੀ ਜਾਨ-ਪਛਾਣ ਰੱਬੋਂ,
ਬਣੇ ਜਾਨ-ਪਛਾਣ ਜ਼ਮਾਨਿਆਂ ਦੀ,
ਬਣਦੇ ਸਦਾ ਲਈ ਜੱਗ ਦਾ ਦਰਸ ਨੇ ਉਹ,
ਮੈਂ ਇਕ ਵਾਰ ਵਰਕੇ ਜਿਹੜੇ ਥੁੱਲ ਜਾਨਾਂ।

ਹੋਵਣ ਕੁਫ਼ਰ ਤੇ ਸ਼ਿਰਕ ਦੇ ਸਿਆਹ ਸੀਨੇ,
ਉਵੇਂ ਨੂਰ ਤੌਹੀਦ ਦੇ ਨਾਲ ਰੌਸ਼ਨ,
ਕੁਫ਼ਰ ਸ਼ਿਰਕ ਦੀ ਮਹਫ਼ਿਲੋਂ ਜਦੋਂ ਕਰਕੇ,
ਕੁਫ਼ਰ ਸ਼ਿਰਕ ਦੇ ਮੈਂ ਦੀਵੇ ਗੁਲ ਜਾਨਾਂ।

ਮੇਰੇ ਸਬਰ ਦੇ ਸਾਮ੍ਹਣੇ ਯਾਰ ਕੀਕਣ,
ਨੀਵੀਂ ਨਜ਼ਰ ਨਾ ਅੱਖ ਬੇਦੀਨ ਰੱਖਣ,
ਹੱਕ ਵਾਸਤੇ ਤੁਲਨਾ ਵੀ ਪਵੇ ਜੇ ਕਰ,
ਮੈਂ ਤਾਂ ਦਾਰ ਦੀ ਨੋਕ ਤੇ ਤੁਲ ਜਾਨਾਂ।

ਬਦਲਾ ਲੈਣ ਲੱਗਾ ਮੈਂ ਬੇਵਸ ਦਿਲ ਨੂੰ,
ਸੱਧਰ ਨਹੀਂ ਅਹਿਸਾਨ ਦੀ ਰਹਿਣ ਦਿੰਦਾ,
ਜਦੋਂ ਵਿਸਰੀ ਕਿਸੇ ਦੀ ਯਾਦ ਕਰਨਾ,
ਕਰਕੇ ਯਾਦ ਐਵੇਂ ਫੇਰ ਭੁੱਲ ਜਾਨਾਂ।

ਗੁੱਝਾ ਭੇਦ ਇਕ ਫ਼ਤੇਹ ਦੇ ਵਿਚ ਭੀਤਾ,
ਹੁੰਦਾ ਵੈਰੀਆਂ ਦੇ ਗੁੱਝੇ ਵੈਰ ਦਾ ਏ,
ਹਿੰਮਤ ਇਹ ਮੇਰੇ ਇਤਫ਼ਾਕ ਦੀ ਏ,
ਬੱਧੇ ਵੈਰ ਦੇ ਟੇਪ ਪੜੁਲ ਜਾਨਾਂ।

ਦੁਨੀਆ ਵਿਚ ਮੁੜ ਉਹ ਸਣੇ ਮਾਲੀਆਂ ਦੇ,
ਵਿਹੰਦੇ ਕਦੀ ਨਹੀਂ ਫੇਰ ਬਹਾਰ ਦੇ ਦਿਨ,
ਜਿਨ੍ਹਾਂ ਬਾਗ਼ਾਂ ਦੇ ਸਿਰਾਂ ਤੇ ਇਕ ਵਾਰੀ,
ਝੁੱਲੇ ਝੱਖੜਾਂ ਵਾਂਗ ਮੈਂ ਝੁਲ ਜਾਨਾਂ।

ਦੁਨੀਆ ਵਿਚ ਉਹਦਾ ਸਾਰੇ ਭਰਮ ਰੱਖਣ,
ਜੀਹਦਾ ਮੈਂ ਮਾੜਾ ਚੰਗਾ ਭਰਮ ਰੱਖਾਂ,
ਝਲਦਾ ਉਨ੍ਹਾਂ ਨੂੰ ਫੇਰ ਨਹੀਂ ਕੋਈ ਪਾਸਾ,
ਪਾਸਾ ਜਿਨ੍ਹਾਂ ਦਾ ਮੈਂ ਕਦੇ ਥੁੱਲ ਜਾਨਾਂ।

ਹਾਂ ਮੈਂ ਨਬੀ ਅਰਬੀ ਦਾ ਗ਼ੁਲਾਮ ਮੇਰੀ
ਸਾਂਭੋਂ ਹੈਨ ਗ਼ੁਲਾਮ ਸੁਲਤਾਨ ਬਣਦੇ,
ਦਿਲ ਤੇ ਉਹਦੇ ਨਹੀਂ ਬੋਝ ਰਹਿਣ ਦਿੰਦਾ,
ਜੀਹਦੇ ਨਾਲ 'ਫ਼ਕੀਰ' ਮੈਂ ਘੁਲ ਜਾਨਾਂ।

58. ਸਿੱਦੀਕੀ, ਫ਼ਾਰੂਕੀ ਨਹੀਂ ਉਹ ਉਸਮਾਨੀ, ਕੱਰਾਰੀ ਨਹੀਂ

ਸਿੱਦੀਕੀ, ਫ਼ਾਰੂਕੀ ਨਹੀਂ ਉਹ ਉਸਮਾਨੀ, ਕੱਰਾਰੀ ਨਹੀਂ।
ਸੀਨੇ ਵਿਚ ਜਿਸ ਬੇਦਿਲ ਬੰਦੇ ਦੇ ਦਿਲ ਦੀ ਬੇਦਾਰੀ ਨਹੀਂ।

ਮੋਮਨ ਹਰ ਥਾਂ ਮੋਮਨ ਹੋਵੇ ਪਾਕ ਜਾਂ ਹਿੰਦੁਸਤਾਨੀ ਕੀ,
ਇਹ ਤੁਰਕੀ, ਜਾਂ ਰੋਮੀ, ਸ਼ਾਮੀ, ਇਰਾਨੀ, ਤਾਤਾਰੀ ਨਹੀਂ।

ਭਾਲ ਜੀਹਦੀ ਨਹੀਂ ਰਾਜ਼ੀ ਵਾਂਗੂੰ ਓਸ ਅਮਾਮਤ ਕੀ ਕਰਨੀ,
ਖ਼ਾਲਿਦ ਵਾਂਗ ਜਿਗਰ ਨਾ ਜਿਸ ਦਾ ਜ਼ਰਬ ਉਹਦੀ ਕੁਝ ਕਾਰੀ ਨਹੀਂ।

ਕੌਮੀ ਮਾਨ ਤਿਆਗਣ ਦਿਲ ਥੀਂ ਬੇਸਬਰੀ ਵਿਚ ਜੋਸ਼ਾਂ ਦੇ,
ਬੇਸਬਰੀ ਦੇ ਰੋਗੋਂ ਵੱਡੀ ਦਿਲ ਦੀ ਕੋਈ ਬੀਮਾਰੀ ਨਹੀਂ।

ਆਪਸ ਦੀ ਉਹ ਮਿਹਰ-ਮੁਹੱਬਤ ਹੋਈ ਓਝਲ ਨਜ਼ਰਾਂ ਤੋਂ,
ਇੰਜ ਮਹਾਜਰ ਨਹੀਂ ਅੱਜ ਵਸਦੇ ਯਾ ਵਸਦੇ ਅਨਸਾਰੀ ਨਹੀਂ।

ਮੁੜ ਮੁੜ ਸੋਚਾਂ ਸੋਚਣ ਬੈਠੇ ਉਹ ਅਕਲਾਂ ਦੇ ਬਣੀਏ ਨੇ,
ਇਸ਼ਕ ਜਿਨ੍ਹਾਂ ਦਾ ਤਾਵਾਂ ਦੇ ਵਿਚ ਦੁਨੀਆ ਸੁਰਤ ਵਿਸਾਰੀ ਨਹੀਂ।

ਬੇਇਤਬਾਰੇ ਬਣਦੇ ਸੰਗੀ ਰਲ ਕੇ ਸੰਗ ਕੁਸੰਗਾਂ ਦੇ,
ਯਾਰ ਅਪਣੇ ਨਹੀਂ ਜਿਹੜੇ ਰੱਖਦੇ ਨਾਲ ਕਿਸੇ ਦੇ ਯਾਰੀ ਨਹੀਂ।

ਪੈਰਾਂ ਨਾਲ 'ਫ਼ਕੀਰ' ਉਛਾਲਣ ਤਾਜ ਕਿਵੇਂ ਸੁਲਤਾਨਾਂ ਦੇ,
ਸਿਰ ਨੂੰ ਰੱਖ ਤਲੀ ਤੇ ਜਿਨ੍ਹਾਂ ਪਿੜ ਵਿਚ ਚੰਗੀ ਮਾਰੀ ਨਹੀਂ।

59. ਕਿਸ ਅਦਾ ਅੱਗੇ ਤੇਰੀ ਨਾ ਸਿਰ ਝੁਕਾ ਦਿੱਤਾ ਅਸਾਂ

ਕਿਸ ਅਦਾ ਅੱਗੇ ਤੇਰੀ ਨਾ ਸਿਰ ਝੁਕਾ ਦਿੱਤਾ ਅਸਾਂ।
ਜਿਹੇ ਬਣੇ ਬੰਦੇ ਖ਼ੁਦਾ ਤੈਨੂੰ ਬਣਾ ਦਿੱਤਾ ਅਸਾਂ।

ਦਰਦ ਤੇਰਾ ਸਮਝ ਕੇ ਨਿਅਮਤ ਦਿਲੋਂ ਕੀਤਾ ਕਬੂਲ,
ਦੁਖ-ਸੁਖ ਦੇ ਫ਼ਰਕ ਦਾ ਝਗੜਾ ਮੁਕਾ ਦਿੱਤਾ ਅਸਾਂ।

ਵੇਖਿਆ ਕੁਝ ਵੀ ਨਾ ਵੇਖਣ ਵਾਲਿਆਂ ਤੇਰੇ ਵਗ਼ੈਰ,
ਰੰਗ ਤੇਰੇ ਰੂਪ ਦਾ ਐਸਾ ਰਚਾ ਦਿੱਤਾ ਅਸਾਂ।

ਯਾਦ ਵਿਚ ਤੇਰੀ ਅਸੀਂ ਬਣ ਗਏ ਤੇਰੀ ਯਾਦਗਾਰ,
ਰੂਪ ਤੇਰਾ ਅਪਣੇ ਈ ਰੰਗੋਂ ਵਿਖਾ ਦਿੱਤਾ ਅਸਾਂ।

ਸੈਨਤਾਂ ਵਿਚ ਈ ਦਿਲਾਂ ਨਜ਼ਰਾਂ ਦੇ ਸੌਦੇ ਮੁੱਕ ਗਏ,
ਵੇਚ ਅਪਣਾ ਆਪ ਦੇਖੋ ਕਿਹੜੇ ਭਾਅ ਦਿੱਤਾ ਅਸਾਂ।

ਚੜ੍ਹ ਕੇ ਉਹਦੀ ਨਜ਼ਰ ਤੇ ਪਾਗਲ ਨਾ ਮਿਲਿਆ ਮੁੜ ਕਦੀ
ਨਜ਼ਰ ਨਾਲ ਐਵੇਂ ਕਿਸੇ ਦੀ ਦਿਲ ਵਟਾ ਦਿੱਤਾ ਅਸਾਂ।

ਮੁੱਢ ਤੋਂ ਜੀਹਨੂੰ ਬੜਾ ਸੀ ਮਾਨ ਲੰਮੇ ਘੁੰਢ ਦਾ,
ਦਿਲ ਸਲਾਮੀ ਦੇ ਕੇ ਘੁੰਡ ਉਹਦਾ ਚੁਕਾ ਦਿੱਤਾ ਅਸਾਂ।

ਦੇਖਿਆ ਜੇ ਫੇਰ ਕੇ ਪਲਕਾਂ ਦੀ ਕੰਘੀ ਨੂੰ ਹਜ਼ੂਰ,
ਖਮ ਤੁਹਾਡੀ ਜ਼ੁਲਫ਼ ਦਾ ਸਿੱਧਾ ਕਰਾ ਦਿੱਤਾ ਅਸਾਂ।

ਗੂੜ੍ਹ ਬਹੁਤਾ ਆਖਦੇ ਨੇ ਫਿੱਕ ਪਾਉਂਦਾ ਏ ਅਖ਼ੀਰ,
ਪਿਆਰ ਨੂੰ ਬਹੁਤਾ ਵਧਾ ਕੇ ਮੁੜ ਘਟਾ ਦਿੱਤਾ ਅਸਾਂ।

ਮਹਿਰਮਾਂ ਲਈ ਬਣ ਗਿਆ ਨਗ਼ਮਾ ਮੁਹੱਬਤ ਦਾ'ਫ਼ਕੀਰ'
ਸ਼ਿਅਰ ਜਦ ਅਪਣਾ ਕਿਸੇ ਨੂੰ ਵੀ ਸੁਣਾ ਦਿੱਤਾ ਅਸਾਂ।

60. ਸਾੜੀਆਂ ਸੱਧਰਾਂ, ਆਸਾਂ ਦਿਲ ਦੀਆਂ ਅੱਗੇ ਜਿਨ੍ਹਾਂ ਨਾਲ ਤੁਸਾਂ

ਸਾੜੀਆਂ ਸੱਧਰਾਂ, ਆਸਾਂ ਦਿਲ ਦੀਆਂ ਅੱਗੇ ਜਿਨ੍ਹਾਂ ਨਾਲ ਤੁਸਾਂ।
ਫ਼ੇਰ ਆ ਕੇ ਨੇ ਦਿਲ ਵਿਚ ਦਿੱਤੇ ਉਹੋ ਭਾਂਬੜ ਬਾਲ ਤੁਸਾਂ।

ਮਾਰ ਧਰੱਕ ਜਿਵੇਂ ਵਿਚ ਇਹਦੇ ਪਹਿਲੀ ਵਾਰੀ ਆਏ ਸਾਓ,
ਫੇਰ ਅੱਜ ਦਿਲ ਦੇ ਵਿਹੜੇ ਵਿਚ ਹੈ ਉਂਜੇ ਮਾਰੀ ਛਾਲ ਤੁਸਾਂ।

ਫੇਰ ਮੇਰੀ ਕਿਸਮਤ ਦੀਆਂ ਕਹੀਆਂ ਅੱਜ ਇਹ ਫ਼ਾਲਾਂ ਪਾਈਆਂ ਜੇ,
ਮਹਿੰਦੀ ਦੇ ਮੁੜ ਤਲੀਆਂ ਉੱਤੇ ਖ਼ੂਬ ਬਣਾਏ ਜਾਲ ਤੁਸਾਂ।

ਸੈਨਤ ਮਸਤ ਨਿਗਾਹਵਾਂ ਵਾਲੀ ਮੁੜ ਨਜ਼ਰਾਂ ਭਰਮਾਈਆਂ ਨਹੀਂ,
ਦਿਲ ਆਜ਼ਾਦ ਮੇਰੇ ਨੂੰ ਮੁੜ ਕੇ ਕੜਿਆ ਜ਼ੁਲਫ਼ਾਂ ਨਾਲ ਤੁਸਾਂ।

ਹੁਸਨ ਦੇ ਦਰਸ਼ਨ ਦੇ ਕੇ ਸਾਨੂੰ ਕਰਨੈ ਜੇ ਫਿਰ ਹੱਥ ਕੋਈ,
ਇਸ਼ਕ ਨੂੰ ਪੈਰੋਂ ਕੱਢਣ ਲਈ ਮੁੜ ਚੱਲਣੀ ਏ ਕੋਈ ਚਾਲ ਤੁਸਾਂ।

ਚੁੜ ਮੁੜ ਹੋਈਆਂ ਜ਼ੁਲਫ਼ਾਂ ਮੁੜ ਕੇ ਵਾਹ ਕੰਘੀ ਲਿਸ਼ਕਾਈਆਂ ਨੇ,
ਜਿਹੜੇ ਅਸੀਂ ਤਰੋੜੇ ਫੇਰ ਉਹ ਗੰਢ ਆਂਦੇ ਮੁੜ ਜਾਲ ਤੁਸਾਂ।

ਸੋਹਲ ਹੱਥਾਂ ਨਾਲ ਐਡੀਆਂ ਪੀਡੀਆਂ ਗੰਢਾਂ ਕੀਕਣ ਦਿੰਦੇ ਹੋ,
ਖੁੱਲ੍ਹੇ ਮਰਦਿਆਂ ਤੀਕ ਨਾ ਜਿਹੜੇ ਬੱਧੇ ਜ਼ੁਲਫ਼ਾਂ ਨਾਲ ਤੁਸਾਂ।

ਦਿੱਤੈ ਤੁਸਾਂ ਈ ਹੁਣ ਵੀ ਸਾਨੂੰ ਅੱਗੇ ਵਾਂਗ ਜਵਾਬ ਕੋਈ,
ਸੁਣਿਆ ਏ ਕੋਈ ਹੁਣ ਵੀ ਸਾਡਾ ਅੱਗੇ ਵਾਂਗ ਸਵਾਲ ਤੁਸਾਂ।

ਛੰਡੇ ਜਿਨ੍ਹਾਂ ਹਵਾਵਾਂ ਦੇ ਵਿਚ ਗਈਆਂ ਮਹਿਕ ਹਵਾਵਾਂ ਉਹ,
ਮਹਿਕੇ ਪਾਣੀ ਇਤਰਾਂ ਵਾਂਗੂੰ ਧੋਤੇ ਜਿੱਥੇ ਵਾਲ ਤੁਸਾਂ।

ਮੋਹਰ ਵਫ਼ਾ ਅਪਣੀ ਤੇ ਸਾਥੋਂ ਜ਼ੋਰੋ-ਜ਼ੋਰ ਲਵਾਈ ਏ,
ਸਿਤਮ ਨਹੀਂ ਜੇ ਹਾਂ ਕਰਵਾ ਲਈ ਫੇਰ ਅੱਜ ਧੱਕੇ ਨਾਲ ਤੁਸਾਂ।

ਸ਼ੁਕਰ ਏ ਅੱਜ ਤੇ ਪਹਿਲੇ ਸਾਰ ਈ ਤਾਅਨੇ-ਮਿਹਣੇ ਮੁੱਕੇ ਨੇ,
ਸ਼ੁਕਰ ਏ ਅੱਜ ਤੇ ਲਏ ਨਾ ਦਿਲ ਦੇ ਸਾਰੇ ਕੱਢ ਉਬਾਲ ਤੁਸਾਂ।

ਅੱਜ ਵੀ ਇਸ਼ਕ ਤੁਹਾਡੇ ਵਿਚ ਹਾਂ ਉਸੇ ਮੰਦੇ ਹਾਲ ਅਸੀਂ,
ਡਿੱਠਾ ਕੱਲ੍ਹ ਆ ਕੇ ਸੀ ਸਾਨੂੰ ਜਿਹੜੇ ਮੰਦੇ ਹਾਲ ਤੁਸਾਂ।

ਗੂਹੜੀਆਂ ਪਾਉਂਦੇ ਰਹੇ ਦਿਲਾਂ ਦੀਆਂ ਬਹਿ ਕੇ ਨਾਲ ਰਕੀਬਾਂ ਦੇ,
ਸਾਡੇ ਦੁੱਖ ਮੁਹੱਬਤ ਦਾ ਵੀ ਕੀਤਾ ਕਦੇ ਖ਼ਿਆਲ ਤੁਸਾਂ।

ਪੈ ਗਿਆ ਏ ਕੁਝ ਹੋਰ ਦਿਨਾਂ ਲਈ ਪੱਜ ਅਖ਼ੀਰ ਹਿਆਤੀ ਦਾ,
ਚੰਗਾ ਕੀਤਾ ਏ ਅੱਜ ਵੇਖ ਕੇ ਸਾਡਾ ਮੰਦਾ ਹਾਲ ਤੁਸਾਂ।

ਓਸੇ ਹਾਲ 'ਫ਼ਕੀਰ' ਤੁਹਾਡਾ ਬੈਠਾ ਦਰ ਤੇ ਖ਼ਾਲੀ ਏ,
ਹੁਸਨ ਜਵਾਨੀ ਦਾ ਪਰ ਲਾਂਭੇ ਖ਼ੂਬ ਲੁਟਾਇਆ ਮਾਲ ਤੁਸਾਂ।

61. ਝੂਠੇ ਬੇਇਤਬਾਰੇ ਜੱਗ ਦੇ ਸਾਰੇ ਝੂਠੇ ਗਹਿਣੇ ਨੇ

ਝੂਠੇ ਬੇਇਤਬਾਰੇ ਜੱਗ ਦੇ ਸਾਰੇ ਝੂਠੇ ਗਹਿਣੇ ਨੇ।
ਅਗਲਿਆਂ ਵਾਂਗੂੰ ਆ ਕੇ ਏਥੇ ਪਿਛਲੇ ਵੀ ਨਾ ਰਹਿਣੇ ਨੇ।

ਖੋਜ-ਖੁਰਾ ਅੱਜ ਲਭਦਾ ਨਾਹੀਂ ਕੱਲ੍ਹ ਦੇ ਉਸਰੇ ਮਹਿਲਾਂ ਦਾ,
ਉੱਚੇ ਬੁਰਜ ਬਣੇ ਅੱਜ ਜਿਹੜੇ ਉਹ ਵੀ ਭਲਕੇ ਢੈਣੇ ਨੇ।

ਸਦਾ ਕਮਾਨ ਚੜ੍ਹੀ ਨਾ ਰਹਿੰਦੀ ਜ਼ਾਲਮਾਂ ਦੇ ਹੱਥ ਜ਼ੁਲਮਾਂ ਦੀ,
ਸਦਾ ਨਾ ਕਿਧਰੇ ਮਜ਼ਲੂਮਾਂ ਨੇ ਜ਼ੁਲਮ ਕਿਸੇ ਦੇ ਸਹਿਣੇ ਨੇ।

ਤਾਜਾਂ ਵਾਲੇ ਸਿਰ ਵੀ ਓੜਕ ਰੁਲ ਮਿੱਟੀ ਵਿਚ ਜਾਵਣਗੇ,
ਤਖ਼ਤਾਂ ਤੇ ਚੜ੍ਹ ਬੈਠਣ ਵਾਲੇ ਤਖ਼ਤਾਂ ਸਣੇ ਨਾ ਰਹਿਣੇ ਨੇ।

ਭੁਤੇ ਬੱਛੇ ਜੂਹਾਂ ਦੇ ਵਿਚ ਕਿੰਨਾ ਕੂ ਚਿਰ ਕੱਢਣਗੇ,
ਫਿੱਟੇ ਸੰਢੇ ਨਾਲ ਰੁਖਾਂ ਦੇ ਕਿੰਨਾ ਕੂ ਚਿਰ ਖਹਿਣੇ ਨੇ।

ਮਨ ਦਾ ਦੀਵਾ ਬਾਲਣ ਨਾਲ ਈ ਲੱਗੇਗੀ ਲੌ ਅੱਖਾਂ ਦੀ,
ਜੀਵਨ ਜੋਤ ਨਾ ਜਗਣੀ ਜਦ ਤਕ ਬਲਣਾ ਨਹੀਂ ਟਟਿਹਣੇ ਨੇ।

ਸੂਲੀ ਚੜ੍ਹਿਆਂ ਬਾਝ ਨਾ ਹੋਣਾ ਹੱਕ ਅਦਾ ਮਨਸੂਰਾਂ ਦਾ,
ਸਿਰ ਦਿੱਤੇ ਬਾਝੋਂ ਸਰਮਦ ਦੇ ਸਿਰੋਂ ਨਾ ਲਹਿਣੇ, ਲਹਿਣੇ ਨੇ।

ਬਣਿਆ ਅੱਜ ਸਹਾਫ਼ਤ ਦਾ ਦਸਤੂਰ ਏ ਛਾਬਾ ਟੁੱਕੜ ਦਾ,
ਵੇਚੋ ਦਾਨਸ਼ਵਰੀ ਇਹਦੇ ਲਈ ਹਮਕਲਮਾਂ ਦੇ ਕਹਿਣੇ ਨੇ।

ਦਾਨਸ਼ਵਰਾਂ 'ਫ਼ਕੀਰ' ਅੱਜ ਸਿੱਖੀਆਂ ਜਾਚਾਂ ਬੰਦੇ ਪੀਹਣ ਦੀ,
ਸਣੇ ਦਵਾਤਾਂ ਕਲਮੂਹਿਆਂ ਦੇ ਕਲਮਾਂ ਪਾਈਆਂ ਗਹਿਣੇ ਨੇ।

62. ਕੀਕਣ ਦਿਲ ਦੀ ਬਾਰੀਉਂ ਬੰਨੇ ਵੇਖਣ ਆਸ ਮੁਰਾਦਾਂ

ਕੀਕਣ ਦਿਲ ਦੀ ਬਾਰੀਉਂ ਬੰਨੇ ਵੇਖਣ ਆਸ ਮੁਰਾਦਾਂ।
ਨਵੀਆਂ ਯਾਦਾਂ ਨਾਲ ਨਾ ਜੇ ਕਰ ਆਉਣ ਪੁਰਾਣੀਆਂ ਯਾਦਾਂ।

ਪਲ ਘੜੀਆਂ ਵੀ ਹੋ ਨਾ ਗ਼ਾਫ਼ਿਲ ਓ ਬੇਫ਼ਿਕਰੇ ਰਾਹੀ,
ਪਲ ਘੜੀਆਂ ਵਿਚ ਬੀਤਣ ਲੰਬੀ ਉਮਰ ਦੀਆਂ ਮਿਆਦਾਂ।

ਜੀਹਨੂੰ ਵੀ ਰਾਸ ਆਈ, ਆਈ ਇਹ ਬੇਸੁਆਦੀ ਧਰਤੀ,
ਜੋ ਤੱਤ ਕਦਮੀ ਪੱਟੀ ਏਥੇ ਪੱਟੀ ਸਦਾ ਸਵਾਦਾਂ।

ਜੋ ਮਿਲਿਆ ਵਿਚ ਦੁਨੀਆ ਜਿੱਥੇ ਮਿਲਿਆ ਈ ਫ਼ਰਿਆਦੀ।

ਕਿੱਥੇ ਕਿਸ ਦੇ ਅੱਗੇ ਜਾ ਕੇ ਕਰੇ ਕੋਈ ਫ਼ਰਿਆਦਾਂ।

ਤਰਲੇ ਲਵੇ ਪਰਾਇਆਂ ਦੇ ਪਿਆ ਆਹਲਕੀ ਵਿਚ ਜ਼ਮਾਨੇ,
ਉਦਮਾਂ ਦੇ ਕੰਮ ਆਉਂਦੀਆਂ ਦੇਖੀਆਂ ਆਪਣੀਆਂ ਅਮਦਾਦਾਂ।

ਟਿੱਲੇ ਦੀ ਚੱਠ ਭੋਰ ਸਕੇ ਨਾ ਨਾਥ ਗੁਰੂ ਦੇ ਚੇਲੇ,
ਦਿੱਤਾ ਚੀਰ ਪਹਾੜਾਂ ਤਾਈਂ ਫੜ ਤੇਸੇ ਫ਼ਰਹਾਦਾਂ।

ਘੱਟ ਹੁੰਦੀ ਜੇ ਵਾਟ ਮੁਹਾਣੇ ਲਾਉਂਦੇ ਬੇੜੀ ਬੰਨੇ,
ਅੱਧ ਵਿਚਾਲੇ ਡੋਬਣ ਬਹੁਤੀਆਂ ਕਮਦਿਲੀਆਂ ਤਾਅਦਾਦਾਂ।

ਸੁਲਾਹ ਸਲੂਕ ਮੁਹੱਬਤ ਨੂੰ ਉਹ ਕੀਕਣ ਲੈਣ ਕਲਾਵੇ,
ਜੰਮੇ ਪਾਲੇ ਪੋਸ਼ੇ ਜਿਹੜੇ ਖਿੱਚੜ ਵਿਚ ਫ਼ਸਾਦਾਂ।

ਸਿੱਧੀਆਂ ਨੀਹਾਂ ਆਸ਼ਾਰਾਂ ਦੇ ਸਿੱਧੇ ਕੋਟ ਉਸਾਰੇ,
ਪਾਉਂਦੀਆਂ ਡਿੰਗ ਬਨੇਰੇ ਤੀਕਰ ਡਿੰਗੀਆਂ ਜੋ ਬੁਨਿਆਦਾਂ।

ਵਿੱਸਰ ਅਪਣਾ ਆਪ ਸਹੇੜੇ ਆਬਾਦੀ ਬਰਬਾਦੀ,
ਰਹੇ ਅਪਣੇ ਵਿਚ ਕੀਤੀ ਅਪਣੀ ਆਬਾਦੀ ਬਰਬਾਦਾਂ।

ਬਣਿਆ ਏਂ ਕਿਉਂ ਉਨ੍ਹਾਂ ਡਰੂਆਂ ਮੈਦਾਨਾਂ ਦਾ ਵਾਹਰੂ,
ਵਿੱਚ ਜਵਾਰਾਂ ਛੁਪਣ ਜਿਹੜੇ ਲੁੱਕਣ ਵਿਚ ਕਮਾਦਾਂ।

ਕੀਤੇ ਯਾਦ ਨਾ ਰੱਖਣ ਕੋਈ ਅਹਿਸਾਨ ਸਲੂਕ ਕਿਸੇ ਦੇ,
ਤੀਰ ਕਮਾਨਾਂ ਦੇ ਜੰਮਿਆਂ ਦੀਆਂ ਤੋਤੇ ਚਸ਼ਮ ਅੋਲਾਦਾਂ।

ਗਲੀਆਂ ਗਰਦਾਂ ਨਾਲ ਉਨ੍ਹਾਂ ਦੇ ਉਗਦੇ ਨੇ ਫੁੱਲ ਬੂਟੇ,
ਮਾਰ 'ਫ਼ਕੀਰ' ਸਮਾਧੀਆਂ ਬੈਠੇ ਜਿਹੜੇ ਵਿੱਚ ਸਮਾਧਾਂ।

63. ਖੁੱਲ੍ਹੇ ਦਰ ਬੇਘਰਾਂ ਦੇ ਹਸਦੇ ਨੇ

ਖੁੱਲ੍ਹੇ ਦਰ ਬੇਘਰਾਂ ਦੇ ਹਸਦੇ ਨੇ,
ਬੰਦ ਵੇਖ ਕੇ ਭਰੇ ਘਰਾਣਿਆਂ ਨੂੰ।
ਮੁੱਲਾਂ ਮਕਤਬਾਂ ਦੇ ਬੂਹੇ ਮਾਰ ਸੁੱਤੇ,
ਖੋਲ੍ਹੀਂ ਬੈਠੇ ਨੇ ਰਿੰਦ ਮੈਖ਼ਾਨਿਆਂ ਨੂੰ।

ਸਾਥੀ ਸਮੇਂ ਦਾ ਸਾਥ ਨਿਭਾਉਣ ਵਾਲੇ,
ਹੱਥ ਸਮੇਂ ਦੀ ਧੋਣ ਤੇ ਰੱਖਦੇ ਨੇ।

ਰਾਹੀ ਨਾਲ ਜ਼ਮਾਨਿਆਂ ਟੁਰਨ ਵਾਲੇ,
ਕੱਛ ਮਾਰ ਕੇ ਟੁਰਨ ਜ਼ਮਾਨਿਆਂ ਨੂੰ।

ਓਸ ਬਾਗ਼ ਦੀ ਵਿਚ ਬਹਾਰ ਕੀਕਣ,
ਤਣੇ ਰਹਿਣ ਨਾ ਜਾਲ ਸ਼ਿਕਾਰੀਆਂ ਦੇ,
ਜਿਹੜੇ ਬਾਗ਼ ਦੀ ਵਿਚ ਬਹਾਰ ਪੰਛੀ,
ਅੱਗਾਂ ਆਪ ਲਾਵਣ ਆਸ਼ੀਆਨਿਆਂ ਨੂੰ।

ਆਜਿਜ਼ ਹੋ ਆਲਮ ਸਣੇ ਇਲਮ ਕਿਉਂ ਪਏ,
ਰੁਲਦੇ ਫਿਰਨ ਜਹਾਲਤ ਦੇ ਵਿਚ ਪੈਰਾਂ,
ਕਿਉਂ ਨਾ ਅਕਲ ਦੀ ਇਸ਼ਕ ਵਿਚ ਪੇਸ਼ ਜਾਂਦੀ,
ਦਾਨੇ ਪੁਛਦੇ ਫਿਰਨ ਦੀਵਾਨਿਆਂ ਨੂੰ।

ਮਸਤ ਰਿੰਦ ਕਈ ਵਾਰ ਮੈਖ਼ਾਨਿਆਂ ਦੇ,
ਖੋਹੰਦੇ ਸਾਕੀਆਂ ਦੇ ਹੱਥੋਂ ਜਾਮ ਦੇਖੇ,
ਪਰ ਨਾ ਕਿਸੇ ਮੈਖ਼ਾਨੇ ਨੂੰ ਕਦੀ ਡਿੱਠਾ,
ਅੱਗ ਲਾਉਂਦਿਆਂ ਆਪ ਮਸਤਾਨਿਆਂ ਨੂੰ।

ਬਲਦੇ ਰਾਹ ਦੀਆਂ ਭਾਂਬੜਾਂ ਨਾਲ ਤੁਰ ਕੇ,
ਕੱਢਣ ਬਸਤੀਆਂ ਉਨ੍ਹਾਂ ਦਾ ਖੋਜ ਕਿੱਥੋਂ,
ਚਾਅ ਵਿਚ ਮੰਜ਼ਿਲਾਂ ਦੇ ਅੰਨ੍ਹੇ ਰਾਹੀ ਜਿਹੜੇ,
ਨਿਕਲ ਗਏ ਨੇ ਆਪ ਵੀਰਾਨਿਆਂ ਨੂੰ।

ਧਾਰ ਰੂਪ ਖ਼ਿਜ਼ਾ ਦਾ ਲੈਣ ਆਪੇ,
ਪੰਛੀ ਵਿਚ ਬਹਾਰ ਦੇ ਹੋਣ ਜਿਹੜੇ,
ਅੱਗਾਂ ਆਪ ਲਾਉਂਦੇ ਆਸ਼ੀਆਨਿਆਂ ਨੂੰ।

ਕਿਉਂ ਨਾ ਬਾਗ਼ ਸਾਵੇ ਉਨ੍ਹਾਂ ਤੱਤਿਆਂ ਦੇ,
ਬਣਿਆਂ ਵੇਲਿਆਂ ਦੇ ਦਿਲੀ ਮਹਿਰਮਾਂ ਨੂੰ,
ਦਰਦਮੰਦ ਮਹਿਰਮ ਕਦੀ ਭੁੱਲਣੇ ਨਹੀਂ,
ਸ਼ੱਮਾਂ ਬਲਦਿਆਂ ਸਾਰ ਹੀ ਉਹਦਾ ਚਾਨਣ,
ਲੈਂਦਾ ਸੱਦ ਏ ਕੋਲ ਪ੍ਰਵਾਨਿਆਂ ਨੂੰ।

ਮਹਫ਼ਿਲ ਵਿਚ ਅੰਨ੍ਹੀ ਪਾ ਕੇ ਦੱਸਦੇ ਹੋ,
ਕਰਨੀ ਕਦਰ ਪੁਰਾਣੀਆਂ ਯਾਰੀਆਂ ਦੀ,
ਤੁਸਾਂ ਯਾਰੀ ਦਾ ਅੰਗ ਕੀ ਪਾਲਣਾ ਏ,
ਰੋਵੋ ਬੈਠ ਕੇ ਨਵੇਂ ਪੁਰਾਣਿਆਂ ਨੂੰ।

ਬੈਠਕ ਦੁਸ਼ਮਣਾ ਨਾਲ ਜੋ ਰੱਖਦਾ ਏ,
ਸਮਝੇ ਕੌਣ ਸੱਜਣ ਉਹਨੂੰ ਸੱਜਣਾਂ ਦਾ,
ਰੱਖੇ ਵੈਰੀਆਂ ਨਾਲ ਨਾ ਵੈਰ ਜਿਹੜਾ,
ਜਾਣੇ ਅਪਣੇ ਭੁੱਲ ਬੇਗਾਨਿਆਂ ਨੂੰ।

ਕਿਵੇਂ ਭਲਾ ਨਿਸ਼ਾਨੇ ਨਾ ਭਿੜਨ ਉੱਥੇ,
ਜਿੱਥੇ ਹੋ ਜਾਵੇ ਭੀੜ ਸ਼ਿਕਾਰੀਆਂ ਦੀ,
ਬਣੇ ਆਪ ਸ਼ਿਕਾਰ ਨਿਸ਼ਾਨਿਆਂ ਦੇ,
ਮਾਰਨ ਕਿਵੇਂ ਨਾ ਬੰਨ੍ਹ ਨਿਸ਼ਾਨਿਆਂ ਨੂੰ।

ਵੇਲੇ ਸਿਰ ਵੀ ਆ ਕੇ 'ਫ਼ਕੀਰ' ਉੱਥੇ,
ਦੱਸ ਕਰੇਗੀ ਰੁੱਤ ਬਹਾਰ ਵੀ ਕੀ,
ਮਾਲੀ ਕਰਨ ਪਏ ਆਪ ਵੀਰਾਨ ਜਿੱਥੇ,
ਹੱਥੀਂ ਬਾਗ਼ ਬਣਾ ਵੀਰਾਨਿਆਂ ਨੂੰ।

64. ਤੈਥੋਂ ਦੂਰ ਯਾ ਨੇੜੇ ਦੇ ਨਹੀਂ ਉੱਕਾ ਗਿਲਾ-ਗੁਜ਼ਾਰ ਅਸੀਂ

ਤੈਥੋਂ ਦੂਰ ਯਾ ਨੇੜੇ ਦੇ ਨਹੀਂ ਉੱਕਾ ਗਿਲਾ-ਗੁਜ਼ਾਰ ਅਸੀਂ।
ਤੇਰੀ ਮਹਫ਼ਿਲ ਦੇ ਵਿਚ ਬਹਿ ਗਏ ਜਿੱਥੇ ਬਹਿ ਗਏ ਯਾਰ ਅਸੀਂ।

ਜ਼ਾਕਿਰ ਤੇਰੇ ਬਣ ਗਏ ਪਿਆਰੇ ਜ਼ਿਕਰ ਜ਼ਮਾਨੇ ਸਾਰੇ ਦਾ,
ਨਹੀਂ ਤਸਬੀ ਦੇ ਦਾਨਿਆਂ ਦੇ ਵਿਚ ਵਾਂਗ ਇਮਾਮ ਸ਼ੁਮਾਰ ਅਸੀਂ।

ਤੇਰੀ ਦੁਨੀਆ ਦੇ ਵਿਚ ਸਾਨੂੰ ਕਿਸ ਗੱਲ ਦੀ ਮਜਬੂਰੀ ਨਹੀਂ,
ਚੰਗੇ ਬਣੇ ਆਂ ਆ ਕੇ ਤੇਰੀ ਦੁਨੀਆ ਦੇ ਮੁਖ਼ਤਾਰ ਅਸੀਂ।

ਕਰਨਾ ਪੈ ਗਿਆ ਸਾਨੂੰ ਹੱਥੀਂ ਕੰਮ ਤੇਰੀ ਨੱਕਾਸ਼ੀ ਦਾ,
ਰੰਗਦਿਆਂ ਤੇਰੀਆਂ ਤਸਵੀਰਾਂ ਈ ਬੈਠੇ ਉਮਰ ਗੁਜ਼ਾਰ ਅਸੀਂ।

ਲਿਖਿਆ ਈ ਜਦ ਤੁਸਾਂ ਨਾ ਮੁੱਢੋਂ ਸੁੱਖ ਮੁਕੱਦਰ ਬੰਦੇ ਦਾ,
ਕਿਉਂ ਦੁੱਖਾਂ ਦੀ ਕਦਰ ਘਟਾਉਂਦੇ ਪਾਉਂਦੇ ਹਾਲ ਪੁਕਾਰ ਅਸੀਂ।

ਖ਼ਵਰੇ ਇਹਦੀਆਂ ਰੋੜ੍ਹਾਂ ਸਾਨੂੰ ਕਿਹੜੇ ਪੱਤਨ ਲਾਉਣਾ ਏਂ?
ਰੁੜ੍ਹਦੇ ਜਾਨੇਆਂ ਪਏ ਖ਼ੂਨੀ ਸ਼ੋਹ ਦੇ ਅੱਧਵਿਚਕਾਰ ਅਸੀਂ।

ਦੁਨੀਆ ਦੀ ਬਦਨਾਮੀ ਨਾਲੇ ਸ਼ਰਮ ਨਮੋਸ਼ੀ ਮਹਿਸ਼ਰ ਦੀ,
ਦੋ ਜੱਗ ਦੇ ਵਿਚ ਖ਼ੁਆਰ ਨਾ ਹੁੰਦੇ ਜੇ ਨਾ ਪਾਉਂਦੇ ਪਿਆਰ ਅਸੀਂ।

ਦੇ ਕੇ ਦਿਲ ਲਾਇਉਂ ਹੀ ਦਿਲ ਨੂੰ ਡਾਢਾ ਰੋਗ ਮੁਹੱਬਤ ਦਾ,
ਨਾ ਤੂੰ ਹਾਜ਼ਕ ਬਣਦਾ ਬਣਦੇ ਨਾ ਤੇਰੇ ਬੀਮਾਰ ਅਸੀਂ।

ਸ਼ਾਹਿਦ ਹਾਲ 'ਫ਼ਕੀਰ' ਅਸਾਡੀਆਂ ਸੂਲੀਆਂ, ਤੇਗ਼ਾਂ, ਅੱਗਾਂ ਨੇ,
ਲਾ ਕੇ ਬਾਜ਼ੀ ਇਸ਼ਕ ਤੇਰੇ ਦੀ ਜਿੱਤੇ ਹਾਂ ਹਰ ਵਾਰ ਅਸੀਂ।

65. ਫ਼ਿਕਰਾਂ ਵਿਚ ਨਾ ਡੁੱਬ ਕੇ ਸੋਚਦਾ ਰਹੋ

ਫ਼ਿਕਰਾਂ ਵਿਚ ਨਾ ਡੁੱਬ ਕੇ ਸੋਚਦਾ ਰਹੋ,
ਢਲਦੀ ਦਿਨਾਂ ਤੋਂ ਗ਼ਮਾਂ ਦੀ ਸ਼ਾਮ ਕਿਉਂ ਨਹੀਂ।
ਚੜ੍ਹ ਕੇ ਚਮਕ ਤੇ ਚਮਕ ਕੇ ਵੇਖ ਚੰਨਾਂ,
ਟੁੱਟਦਾ ਰਾਤ ਹਨੇਰੀ ਦਾ ਦਾਮ ਕਿਉਂ ਨਹੀਂ।

ਇਹਦਾ ਹੱਥ ਨਹੀਂ ਵਧਦਾ ਜੇ ਵੱਲ ਤੇਰੇ,
ਤੂੰ ਈ ਇਹਦੇ ਵੱਲ ਹੱਥ ਵਧਾ ਅਪਣਾ,
ਪਿਆ ਸਾਕੀ ਬਖ਼ੇਲ ਦਾ ਮੂੰਹ ਵਿਹਣੈ,
ਅਗਾਂਹ ਹੋ ਕੇ ਚੁੱਕਦਾ ਜਾਮ ਕਿਉਂ ਨਹੀਂ।

ਰੋਜ਼ ਤੇਰੇ ਮੈਖ਼ਾਨੇ ਦੇ ਵਿਚ ਰਾਤੀਂ,
ਲੱਖਾਂ ਬੋਤਲਾਂ ਦੇ ਕਾਕ ਉਡਦੇ ਨੇ,
ਨਸ਼ਿਉਂ ਟੁੱਟਿਆਂ ਮਸਤਾਂ ਵਿਚਾਰਿਆਂ ਦੇ,
ਹਿੱਸੇ ਫੇਰ ਆਉਂਦਾ ਕੋਈ ਜਾਮ ਕਿਉਂ ਨਹੀਂ।

ਉੱਤਰ ਆਉਣ ਨਾ ਰਿੰਦ ਬਗ਼ਾਵਤਾਂ ਤੇ,
ਹੁਣ ਨਾ ਇਨ੍ਹਾਂ ਦੇ ਸ਼ੁਭੇ ਵਧਾ ਸਾਕੀ,
ਖ਼ਾਸਾਂ ਤੇਰਿਆਂ ਵਾਂਗ ਈ ਇਨ੍ਹਾਂ ਦੇ ਲਈ,
ਮਹਫ਼ਿਲ ਵਿਚ ਤੇਰੀ ਇਜ਼ਨ ਆਮ ਕਿਉਂ ਨਹੀਂ।

ਸੁਰਖ਼ਰੂਈ ਰਕੀਬਾਂ ਦੇ ਵਿਚ ਤੇਰੀ,
ਲਾਲੀ ਸਾਡਿਆਂ ਦਿਲਾਂ ਦੇ ਖ਼ੂਨ ਦੀ ਏ,
ਕਿੱਸੇ ਵਿਚ ਮੁਹੱਬਤ ਦੇ ਸੋਚਨਾ ਮੈਂ,
ਤੇਰਾ ਨਾਮ ਕਿਉਂ ਏ ਸਾਡਾ ਨਾਮ ਕਿਉਂ ਨਹੀਂ।

ਰਾਜ਼ੀ ਹੋ ਨਾ ਸਮਝ ਕੇ ਅਪਣੇ ਥਾਂ,
ਨਿਰੀ ਸ਼ੋਹਰਤ ਏ ਮੇਰਿਆਂ ਤਰੋਟਕਾਂ ਦੀ,
ਹੁੰਦੀ ਦੇਸ ਪ੍ਰਦੇਸ ਦੇ ਵਿਚ ਰਿੰਦਾਂ,
ਸਾਕੀ ਤੇਰੀ ਸ਼ਰਾਬ ਬਦਨਾਮ ਕਿਉਂ ਨਹੀਂ।

ਬੋਝੇ ਨਜ਼ਰ ਨਿਆਜ਼ ਦੇ ਨਾਲ ਭਰ ਕੇ,
ਬਾਅਜ਼ ਰੋਜ਼ ਤੂੰ ਮਸਜਿਦੋਂ ਨਿਕਲਦਾ ਏਂ,
ਚਲੋ ਪੀਣੀ ਸ਼ਰਾਬ ਹਰਾਮ ਈ ਸਹੀ,
ਲਹੂ ਮਜ਼ਦੂਰ ਦਾ ਪੀਣਾ ਹਰਾਮ ਕਿਉਂ ਨਹੀਂ।

ਅਨਲਹੱਕ ਦੇ ਨਾਅਰੇ ਤੇ ਅੱਜ ਮੁੜ ਕੇ,
ਫ਼ਤਵੇ ਕੁਫ਼ਰ ਦੇ ਮੁਫ਼ਤੀ ਲਾਵੰਦੇ ਨੇ,
ਦਿੰਦੇ ਹਸ ਕੇ ਦਾਅਵਤਾਂ ਸੂਲੀਆਂ ਨੂੰ,
ਖ਼ਵਰੇ ਫੇਰ ਮਨਜ਼ੂਰ ਵਰਿਆਮ ਕਿਉਂ ਨਹੀਂ।

ਜਾਂਦੀ ਵਾਰ ਕੁਝ ਇਨ੍ਹਾਂ ਦੇ ਵਿਚ ਕੰਨਾਂ,
ਫੂਕ ਗਿਆ ਸਿਆਦ ਜ਼ਰੂਰ ਨਹੀਂ ਤੇ,
ਬਾਗ਼ ਵਿਚ ਅੱਜ ਤੱਕ ਫੁੱਲਾਂ ਬੁਲਬੁਲਾਂ ਦੀ,
ਨਵੀਂ ਰੁੱਤ ਤੋਂ ਬੋਲ ਕਲਾਮ ਕਿਉਂ ਨਹੀਂ।

ਫ਼ਨ ਸ਼ਿਅਰ ਦੇ ਕੋਲ ਜਵਾਬ ਜਦ ਕੋਈ,
ਉਹਦੀ ਗ਼ਜ਼ਲ ਤੇ ਮੇਰੀ ਰੁਬਾਈ ਦਾ ਨਹੀਂ,
ਕਿਉਂ ਨਹੀਂ ਗ਼ਜ਼ਲ ਪੰਜਾਬੀ ਦਾ 'ਫ਼ਜ਼ਲ' ਹਾਫ਼ਿਜ਼,
ਤੇ 'ਫ਼ਕੀਰ' ਮੈਂ ਉਮਰ 'ਖ਼ਿਆਮ' ਕਿਉਂ ਨਹੀਂ।

66. ਦੌਲਤ ਵਸਲ ਮਿਲੇ ਨਾ ਸੌਖੀ ਹਿਜਰ ਅਜ਼ਾਰਾਂ ਕੋਲੋਂ

ਦੌਲਤ ਵਸਲ ਮਿਲੇ ਨਾ ਸੌਖੀ ਹਿਜਰ ਅਜ਼ਾਰਾਂ ਕੋਲੋਂ।
ਕਰਜ਼ ਵਸੂਲੇ ਜਾਂਦੇ ਔਖੇ ਦੇਵਣਦਾਰਾਂ ਕੋਲੋਂ।

ਵੈਰੀਆਂ ਦੇ ਪਏ ਵੈਰ ਅੱਜ ਦਿਸਣ ਮੈਨੂੰ ਐਨ ਪਨਾਹਵਾਂ,
ਮਿਲੇ ਦਿਲਾਸੇ ਦਿਲ ਨੂੰ ਐਸੇ ਮਹਿਰਮ ਯਾਰਾਂ ਕੋਲੋਂ।

ਕੀ ਉਹ ਬੁਲਬੁਲ ਕਰੇ ਫੁੱਲਾਂ ਦੀ ਕਿਧਰੇ ਗਿਲਾ-ਗੁਜ਼ਾਰੀ,
ਖਾਧੀ ਮਾਰ ਖ਼ਿਜ਼ਾਂ ਦੀ ਜਿਸ ਨੇ ਬਾਗ਼ ਬਹਾਰਾਂ ਕੋਲੋਂ।

ਪੈਰੀਂ ਪੈਂਦੀਆਂ ਰਹਿਸਨ ਅੜਕਾਂ ਵਾਟੇ ਮੰਜ਼ਿਲ ਤੋੜੀ,
ਲਈਆਂ ਆਪ ਤਰੋੜ ਨੇ ਨੋਕਾਂ ਛਾਲਿਆਂ ਖ਼ਾਰਾਂ ਕੋਲੋਂ।

ਵਿਸਰ ਗਏ ਅੱਜ ਉਹ ਬੇਜਿਗਰੇ ਹੱਕ ਲਈ ਮਨਸੂਰੀ,
ਹੱਥੀਂ ਪੈ ਕੇ ਜਿਨ੍ਹਾਂ ਹਿਆਤੀ ਖੋਹੀ ਵਾਰਾਂ ਕੋਲੋਂ।

ਪਰ ਕਟੇ ਤੱਤ ਕਰਮੇ ਅੱਜ ਵੀ ਫੜਕਣ ਪਏ ਵਿਚ ਜਾਲਾਂ,
ਅੱਜ ਵੀ ਉਡ ਉਡ ਮਗਰੋਂ ਮਿਲਦੇ ਵਿਛੜੇ ਡਾਰਾਂ ਕੋਲੋਂ।

ਬੂਟਿਆਂ ਦੇ ਗਲ ਲਗ ਲਗ ਰੋਵਣ ਵੇਲਾਂ ਸੋਹਲ ਮਲੂਕਾਂ,
ਚੋਭਾਂ ਨਵੀਆਂ ਦੇ ਲੈ ਤੋਹਫ਼ੇ ਫੁੱਲਾਂ ਖ਼ਾਰਾਂ ਕੋਲੋਂ।

ਮੂਧੇ ਹੱਥੀਂ ਲਾਈ ਮਹਿੰਦੀ ਲਾ ਗੱਟੇ ਦੀ ਜ਼ਰਦੀ,
ਕੇਸਰ ਮੰਗ ਕੇ ਮੂੰਹ ਤੇ ਮਲਿਆ ਰੰਗ ਵਸਾਰਾਂ ਕੋਲੋਂ।

ਵਕਤ ਸਿਆਹੀਉਂ ਕਿਵੇਂ ਉਨ੍ਹਾਂ ਦੇ ਹੋਣ ਮੁਕੱਦਰ ਸਿੱਧੇ,
ਮਿਲਣ 'ਫ਼ਕੀਰ' ਜਿਨ੍ਹਾਂ ਨੂੰ ਉਲਟੇ ਵੈਰ ਪਿਆਰਾਂ ਕੋਲੋਂ।

67. ਤਿਰਕੇ ਬਾਹਾਂ ਦੇ ਜ਼ੋਰ ਜੋ ਪਾਰ ਲੱਗਣ

ਤਿਰਕੇ ਬਾਹਾਂ ਦੇ ਜ਼ੋਰ ਜੋ ਪਾਰ ਲੱਗਣ,
ਰਹਿੰਦੀ ਉਨ੍ਹਾਂ ਨੂੰ ਝਿਜਕ ਉਲਾਰਦੀ ਨਹੀਂ।
ਕਰਨੀ ਵਾਲਿਆਂ ਵਾਸਤੇ ਨਿਰੀ ਦੁਨੀਆ,
ਰੰਗ-ਰੂਪ ਦੀ ਨਕਸ਼-ਨੁਹਾਰ ਦੀ ਨਹੀਂ।

ਵਾਰਨ ਸ਼ੀਸ਼ ਸਰਮਦ ਦੇ ਵਾਂਗ ਜਿਹੜੇ,
ਖ਼ਲਕਤ ਉਨ੍ਹਾਂ ਦੇ ਵਾਰਨੇ ਵਾਰਦੀ ਏ,
ਪਹੁੰਚਣ ਕਿਵੇਂ ਮਨਸੂਰ ਦੇ ਦਰਜਿਆਂ ਨੂੰ,
ਖਿੱਚ ਜਿਨ੍ਹਾਂ ਦੇ ਦਿਲਾਂ ਵਿਚ ਦਾਰ ਦੀ ਨਹੀਂ।

ਬਚਦੇ ਕਦੀ ਨਹੀਂ ਮੌਤ ਦੀ ਮਾਰ ਕੋਲੋਂ,
ਡਰੂ ਮੌਤ ਦੀ ਮਾਰ ਤੋਂ ਡਰਨ ਵਾਲੇ,
ਡਰਦੇ ਜੋ ਬੇਧੜਕ ਨਹੀਂ ਮੌਤ ਕੋਲੋਂ,
ਡਰਦੀ ਮੌਤ ਵੀ ਉਨ੍ਹਾਂ ਨੂੰ ਮਾਰਦੀ ਨਹੀਂ।

ਜੱਦੀ ਹੁਕਮਰਾਨਾ ! ਖ਼ਬਰਦਾਰ ਅੱਜ ਇਹ,
ਤਾਅਨਾ ਦੇਣ ਨਾ ਜੱਦੀ ਗ਼ੁਲਾਮ ਕਿਧਰੇ,
ਜਿਹੜੇ ਸਦਾ ਤਲਵਾਰਾਂ ਦੇ ਨਾਲ ਖੇਡੇ,
ਅੱਜ ਉਹ ਜਾਣਦੇ ਖੇਡ ਤਲਵਾਰ ਦੀ ਨਹੀਂ।

ਆਖੇ ਰੱਬ ਵੀ ਅਪਣੇ ਆਪ ਮੈਂ ਨਹੀਂ,
ਉਹਦੀਆਂ ਹਾਲਤਾਂ ਕਦੀ ਤਬਦੀਲ ਕਰਦਾ,
ਦੁਨੀਆ ਅਮਲ ਦੀ ਵਿਚ ਜੋ ਕੌਮ ਗ਼ਾਫ਼ਿਲ,
ਆਪ ਅਪਣਾ ਆਪ ਸਵਾਰਦੀ ਨਹੀਂ।

ਭਲੇ ਲੋਕ ਖ਼ੁਸ਼ ਖ਼ਲਕ ਮਿਲਾਪੜੇ ਨਹੀਂ,
ਕਦੀ ਝਗੜੇ ਫ਼ਸਾਦ ਵਿਚ ਪਹਿਲ ਕਰਦੇ,
ਹਾਮੀ ਸੁਲਾਹ ਤੇ ਅਮਨ ਦੇ ਹੋਣ ਜਿਹੜੇ,
ਕਰਦੇ ਕਦੀ ਖ਼ਾਹਿਸ਼ ਤਕਰਾਰ ਦੀ ਨਹੀਂ।

ਰਲ ਕੇ ਟੁਰਦਿਆਂ ਦਾ ਸਦਾ ਮਾਨ ਹੋਵੇ,
ਕੋਈ ਐਵੇਂ ਨਾ ਉਨ੍ਹਾਂ ਨੂੰ ਛੇੜਦਾ ਏ,
ਕਿਸੇ ਬਾਜ਼ ਦਾ ਬਨਣ ਸ਼ਿਕਾਰ ਓੜਕ,
ਰਖਦੇ ਸਾਂਝ ਜਿਹੜੇ ਪੰਛੀ ਡਾਰ ਦੀ ਨਹੀਂ।

ਕਿਸੇ ਵਾਸਤੇ ਜੱਗ ਤੇ ਵਿਕਣ ਵਾਲੇ,
ਵਿਕਣਾ ਮੁਫ਼ਤ ਦੇ ਮੁੱਲ ਵਧੀਕ ਸਮਝਣ,
ਉਹ ਬੇਕਦਰ ਨਹੀਂ ਮਾਲ ਦੀ ਕਦਰ ਕਰਦੇ,
ਕਰਦੇ ਕਦਰ ਜਿਹੜੇ ਖ਼ਰੀਦਾਰ ਦੀ ਨਹੀਂ।

ਸਦੀਆਂ ਭਾਲਿਆ ਵਤਨ ਆਜ਼ਾਦ ਜਿਸ ਨੇ,
ਉਹਦੇ ਦਿਲ ਦੀਆਂ ਸੱਧਰਾਂ ਕੌਣ ਜਾਣੇ,
ਲੱਜ਼ਤ ਵਸਲ ਦੀ ਕਦਰ ਕੀ ਜਾਣਦਾ ਏ,
ਵੇਖੀ ਘੜੀ ਜਿਸ ਨੇ ਇੰਤਜਾਰ ਦੀ ਨਹੀਂ।

ਕਰਦੇ ਅੱਤ ਨੇ ਜ਼ੁਲਮ ਦੀ ਜਦੋਂ ਜ਼ਾਲਮ,
ਪੈਂਦਾ ਜ਼ੁਲਮ ਏ ਜਾਨ ਤੇ ਜ਼ਾਲਮਾਂ ਦੀ,
ਦਿਲੋਂ ਨਿਕਲ 'ਫ਼ਕੀਰ' ਬੇਅਸਰ ਜਾਂਦੀ,
ਕਦੀ ਆਹ ਮਜ਼ਲੂਮ ਦੁਖਿਆਰ ਦੀ ਨਹੀਂ।

68. ਮੰਡੀ ਵਿਚ ਹਿਆਤੀ ਦੀ ਸ਼ੌਕ ਸੇਤੀ

ਮੰਡੀ ਵਿਚ ਹਿਆਤੀ ਦੀ ਸ਼ੌਕ ਸੇਤੀ,
ਜਾ ਕੇ ਆਪ ਜੋ ਮੌਤ ਵਿਹਾਜਦੇ ਨੇ।
ਰਾਜ ਭਾਗ ਦੇ ਨੇ ਉਹ ਅਸਲ ਮਾਲਿਕ,
ਉਹੋ ਅਸਲ ਵਾਲੀ ਤਖ਼ਤ ਤਾਜ ਦੇ ਨੇ।

ਸ਼ੀਸ਼ਾ ਗਿਰਾਂ ਨੂੰ ਦਿਲੋਂ ਕੀ ਜਾਣਦੇ ਨੇ,
ਸੀਨੇ ਪੱਥਰਾਂ ਦੇ ਪਾੜ ਪਾਉਣ ਵਾਲੇ,
ਸਮਝਣ ਖੇਡ ਜਹਾਨ ਦੀ ਸੂਲੀਆਂ ਨੂੰ,
ਜਿਗਰ ਜਿਨ੍ਹਾਂ ਦੇ ਇਬਨ ਹੱਲਾਜ ਦੇ ਨੇ।

ਇਧਰ ਜਾਗਦੇ ਬੈਠੇ ਉਡੀਕਦੇ ਨੇ,
ਸਦਕਾ ਲੈਣ ਵਾਲੇ ਵਿਚ ਦਾਰਿਆਂ ਦੇ,
ਉੱਧਰ ਵਿਚ ਮਸੀਤਾਂ ਦੇ ਫੋਹੜੀਆਂ ਤੇ,
ਦਾਅਵੇਦਾਰ ਸੁੱਤੇ ਪਏ ਖ਼ਰਾਜ਼ ਦੇ ਨੇ।

ਕਬਰਾਂ ਵੱਲ ਨਾ ਦੇਖ ਕੇ ਮਾਰ ਹੋਕੇ,
ਬਣਜਾ ਆਪ ਤਬੀਬ ਹਕੀਮ ਹੁਣ ਤੂੰ,
ਕਿੱਥੋਂ ਆਉਣਗੇ ਰੋਗਾਂ ਪੁਰਾਣਿਆਂ ਦੇ,
ਆਉਂਦੇ ਜਿਨ੍ਹਾਂ ਨੂੰ ਵੱਲ ਇਲਾਜ ਦੇ ਨੇ।

ਪੈਂਦਾ ਵੇਖ ਤਸਲੀਸ ਦਾ ਰੰਗ ਫਿੱਕਾ,
ਜ਼ਰਾ ਰੰਗ ਤੌਹੀਦ ਦਾ ਚੜ੍ਹਨ ਤੇ ਦੇਹ,
ਦਿਨਾਂ ਵਿਚ ਵੇਖੀਂ ਪੱਥਰ ਸ਼ਿਕਨ ਬਣਦੇ,
ਜਿਹੜੇ ਪੂਜ ਨੀਲਮ ਤੇ ਪੁਖਰਾਜ ਦੇ ਨੇ।

ਮੇਰੇ ਇਲਮ ਦੇ ਨਾਲ ਪੁਜਾਰੀਆ ਉਏ,
ਜ਼ਾਲਮ ਬੁੱਤਾਂ ਦੇ ਜ਼ੁਲਮ ਦੀ ਕੀ ਨਿਸਬਤ,
ਡਰੇ ਦਿਲ ਮੇਰਾ ਖ਼ੌਫ਼ ਰੱਬ ਦੇ ਥੀਂ,
ਦਿਲ ਵਿਚ ਉਨ੍ਹਾਂ ਦੇ ਖ਼ੌਫ਼ ਸਮਾਜ ਦੇ ਨੇ।

ਯਾਰ ਵੈਰੀਆਂ ਦੇ ਉਂਜੇ ਹੋਣ ਵੈਰੀ,
ਮੇਰਾ ਉਨ੍ਹਾਂ ਦੇ ਨਾਲ ਕੀ ਵਾਸਤਾ ਏ,
ਮੇਰੇ ਹੋ ਕੇ ਗ਼ੈਰਾਂ ਦੀ ਵਿਚ ਮਹਫ਼ਿਲ,
ਗ਼ੈਰਾਂ ਨਾਲ ਜਿਹੜੇ ਜਾ ਬਿਰਾਜਦੇ ਨੇ।

ਗਰਦਸ਼ ਫ਼ਲਕ ਦੀ ਨੂੰ ਆਪ ਦਿਨੇ ਰਾਤੀਂ,
ਰੱਖਦੇ ਗਰਦਿਸ਼ਾਂ ਵਿਚ 'ਫ਼ਕੀਰ' ਨੇ ਉਹ,
ਮਿਹਨਤ ਜਿਨ੍ਹਾਂ ਦੀ ਹਿੰਮਤਾਂ ਹਾਰਦੀ ਨਹੀਂ,
ਜਿਹੜੇ ਹੇਜਲੇ ਕੌਮ ਦੀ ਲਾਜ ਦੇ ਨੇ।

69. ਬੱਝਣਾ ਜੋਸ਼ ਵਿਚ ਠੀਕ ਨਹੀਂ ਜ਼ਿੰਦਗੀ ਦਾ

ਬੱਝਣਾ ਜੋਸ਼ ਵਿਚ ਠੀਕ ਨਹੀਂ ਜ਼ਿੰਦਗੀ ਦਾ,
ਸਮਝੇ ਅਕਲ ਵੀ ਕਿਵੇਂ ਅਨਜਾਣਿਆਂ ਨੂੰ।
ਰਹਿੰਦੀ ਮੌਤ ਹਿਆਤ ਦੀ ਹੋਸ਼ ਨਹੀਂ,
ਕੋਈ ਨਾਜ਼ੀ ਨਿਰਾ ਬੇਵਸ ਮੱਤਾਣਿਆ ਨੂੰ।

ਰਈਅਤ ਸਬਰ ਸਲੂਕ ਦੇ ਨਾਲ ਨਹੀਂ,
ਜ਼ਾਲਮ ਹਾਕਮਾਂ ਦੀ ਪੇਸ਼ ਜਾਣ ਦਿੰਦੀ,
ਕਮੀ ਸਾਧ ਸਿਰ ਜੋੜ ਕੇ ਵਿੱਚ ਪਰ੍ਹਿਆ,
ਲੈਂਦੇ ਫੋਲ ਨੇ ਚੋਰਾਂ ਲੁਬਾਣਿਆਂ ਨੂੰ।

ਖੇਨੋਂ ਵਾਂਗ ਜਿਹੜੇ ਜ਼ਰਬੋਂ ਜਾਣ ਉੱਭਰ,
ਹੁੰਦੀ ਉਨ੍ਹਾਂ ਦੀ ਸ਼ਾਨ ਬੁਲੰਦ ਦੇਖੀ।

ਸੱਟਾਂ ਹੋਰ ਉੱਤੋਂ ਜ਼ਾਲਮ ਜੱਗ ਮਾਰੇ,
ਸੱਟਾਂ ਖਾ ਕੇ ਸ਼ੀਸ਼ ਨਿਵਾਣਿਆਂ ਨੂੰ।

ਅੱਗੇ ਕੌਮ ਦੇ ਲੱਗ ਜਵਾਨ ਕੌਮੀ,
ਝੱਖੜ ਜ਼ੁਲਮ ਫ਼ਸਾਦ ਦੇ ਰੋਂਦ ਦੇ ਨੇ,
ਚੜ੍ਹਦੇ ਹੜ੍ਹਾਂ ਦੇ ਜ਼ੋਰ ਵਿਚ ਪਾਰ ਦੇਖੇ,
ਲੈ ਕੇ ਲੰਘਦੇ ਵੰਜ ਮੁਹਾਣਿਆਂ ਨੂੰ।

ਸ਼ੇਰਾਂ ਵਾਂਗ ਮੈਦਾਨ ਵਿਚ ਮਾਰ ਭਵਕਾਂ,
ਧਰਕੇ ਤਲੀ ਉੱਤੇ ਜਾਨ ਨਿਕਲਦੇ ਨੇ,
ਜਦ ਦਰਦ ਮਜ਼ਲੂਮ ਦਾ ਵੰਗਾਰਦਾ ਏ,
ਗ਼ਾਜ਼ੀ ਮੋਮਨਾ ਦਰਦ ਅਣਜਾਣਿਆਂ ਨੂੰ।

ਮੋਮਨ ਸ਼ਿਰਕ ਉਡਾਣ ਲਈ ਮੁਸ਼ਰਿਕਾਂ ਦਾ,
ਪਾ ਕੇ ਛੱਜ ਤੌਹੀਦ ਦੇ ਛੰਡਦੇ ਨੇ,
ਮੰਡੀ ਵਿਚ ਬਹਿ ਕੇ ਸਾਫ਼ ਕਰਨ ਛਾਣੇ,
ਵਨ ਚੁਗ ਕੇ ਛੰਡ ਕੇ ਦਾਣਿਆਂ ਨੂੰ।

ਕਰਦੇ ਖਿੱਚ ਜੋ ਦਿਲੋਂ ਜਹਾਨ ਦੀ ਨਹੀਂ,
ਹਾਸ ਉਨ੍ਹਾਂ ਦੀ ਖਿੱਚ ਜਹਾਨ ਕਰਦਾ,
ਵੈਰੀ ਅਪਣੇ ਆਪ ਦੇ ਸਮਝ ਲੈ ਉਹ,
ਵਿਸਰ ਜਾਣ ਜੋ ਯਾਰਾਂ ਪੁਰਾਣਿਆਂ ਨੂੰ।

ਓੜਕ ਉਨ੍ਹਾਂ ਨੂੰ ਅਪਣੀ ਪਵੇ ਜਿਹੜੇ,
ਕਰਦੇ ਜ਼ੁਲਮ ਨੇ ਸਦਾ ਬੇਦੋਸ਼ਿਆਂ ਤੇ,
ਕਦੀ ਅਪਣੀ ਮੌਤ ਦੇ ਰੋਣ ਰੋਣੇ,
ਹਸਦੇ ਹਨ ਜੋ ਮਾਰ ਨਿਮਾਣਿਆਂ ਨੂੰ।

ਜਿਹੜੇ ਹੋਣ ਨਾ ਅਪਣੇ ਆਪ ਜੋਗੇ,
ਰਾਜ਼ੀ ਰੱਖਣ ਉਹ ਲੋਕ ਗਵਾਂਢ ਕੀਕਣ,
ਨੰਗੇ ਨੰਗਿਆਂ ਨੂੰ ਕਾਹਦੇ ਨਾਲ ਕੱਜਣ,
ਮੂਰਖ ਮੱਤ ਕੀ ਦੇਣ ਸਿਆਣਿਆਂ ਨੂੰ।

ਲਾ ਕੇ ਨੀਚ ਨਿਭਾਉਣ ਨਾ ਲੱਗੀਆਂ ਨੂੰ,
ਮਰਨ ਤੀਕ ਸਾਊ ਸਾਂਝਾਂ ਪਾਲਦੇ ਨਹੀਂ,
ਥੱਲੇ ਰਹਿਣ ਥੱਲੇ ਲੱਗੇ ਰਹਿਣ ਵਾਲੇ,
ਥਾਵਾਂ ਉਤਲੀਆਂ ਮਿਲਣ ਉਤਾਲਿਆਂ ਨੂੰ।

ਅਮਲੋਂ ਦੱਸ ਮੁਜਾਹਦਾ ਜ਼ਾਲਮਾਂ ਨੂੰ,
ਜ਼ਾਮਨ ਅੱਜ ਉਹੋ ਤੇਰੇ ਇਲਮ ਦਾ ਏ,
ਜਿਹੜੇ ਆਲਮ ਉਸ ਉੱਮੀ ਨੇ ਇਲਮ ਬਖ਼ਸ਼ੇ,
ਅਰਬਾਂ ਜਾਹਲਾਂ ਬਹੁਤ ਪੁਰਾਣਿਆਂ ਨੂੰ।

ਸਾਬਤ ਕਦਮ ਪ੍ਰਦੇਸੀਆਂ ਮੋਮਨਾ ਨੂੰ,
ਇਹ ਗੱਲ ਹਿਜਰਤ ਹਜ਼ੂਰ ਦੀ ਦੱਸਦੀ ਏ,
ਪੁੱਜਣ ਪਰਤ ਕੇ ਉਨ੍ਹਾਂ ਠਿਕਾਣਿਆਂ ਤੇ,
ਛੱਡਦੇ ਮਰਦ ਨੇ ਜਿਨ੍ਹਾਂ ਠਿਕਾਣਿਆਂ ਨੂੰ।

ਦਿਲਾ ਫੇਰ ਅੱਜ ਦਮਾਂ ਦਾ ਬੰਨ੍ਹ ਦਾਈਆ,
ਮੌਤ ਸਮਝਨੇਆਂ ਖੇਡ ਜ਼ਿੰਦਗੀ ਦੀ,
ਜਿਉਂਦਾ ਰੱਬ ਹਮੇਸ਼ ਲਈ ਰੱਖਦਾ ਏ,
ਮਰਦਾਂ ਜਾਨ ਉੱਤੇ ਖੇਡ ਜਾਣਿਆਂ ਨੂੰ।

ਕਿਸੇ ਮੰਜ਼ਿਲ ਤੇ ਪਹੁੰਚ ਕੇ ਹੋਰ ਅੱਗੇ,
ਮੰਜ਼ਿਲ ਅਪਣੀ ਜਿਨ੍ਹਾਂ ਨੂੰ ਨਜ਼ਰ ਆਵੇ,
ਕਿਹੜਾ ਉਨ੍ਹਾਂ ਦੇ ਵਤਨ ਦੀ ਹੱਦ ਦੱਸੇ,
ਕੌਣ ਉਨ੍ਹਾਂ ਦੇ ਵਲੇ ਵਲਾਣਿਆਂ ਨੂੰ।

ਮਾਲਿਕ ਮੁਲਕਾਂ ਦਾ ਰੱਬ ਏ ਏਸ ਕਰਕੇ,
ਬੰਦੇ ਉਹਦੇ ਮਾਲਿਕ ਹਰ ਇਕ ਮੁਲਕ ਦੇ ਨੇ,
ਭਾਣੇ ਉਨ੍ਹਾਂ ਦੇ ਰੱਬ ਨਾ ਕਿਵੇਂ ਮੰਨੇ,
ਜਿਨ੍ਹਾਂ ਮੰਨਿਆ ਰੱਬ ਦੇ ਭਾਣਿਆਂ ਨੂੰ।

ਪਾਰ ਲੱਗਦਿਆਂ ਹੀ ਹੱਥੀਂ ਲਾ ਅੱਗਾਂ,
ਬੇੜੇ ਅਪਣੇ ਆਪ ਨੇ ਫੂਕ ਦਿੰਦੇ,
ਪਏ ਉਰਾਰ ਦੀ ਖਿੱਚ ਦਾ ਸ਼ੁਬਾ ਦਿਲ ਵਿਚ,
ਜੇ ਕਰ ਜ਼ਰਾ ਦਲੇਰ ਮੁਹਾਣਿਆਂ ਨੂੰ।

ਕਦੋਂ ਵੇਖੀਏ ਵੇਲੇ ਦੇ ਪੱਲਿਆਂ ਤੇ,
ਰੰਗ ਜਿਗਰ ਦੇ ਖ਼ੂਨ ਦਾ ਰੰਗਦੇ ਨੇ,
ਦੁਨੀਆ ਵਿਚ 'ਫ਼ਕੀਰ' ਕੁਝ ਦੇਣੀਆਂ ਨੇ,
ਅਜੇ ਮੁਹਲਤਾਂ ਵਕਤ ਨਿਤਾਣਿਆਂ ਨੂੰ।

70. ਹੈ ਸਾਂ ਗਿਆ ਜੀਹਦੇ ਲਈ ਭੁੱਲ ਅਪਣੇ ਘਰ ਨੂੰ ਮੈਂ

ਹੈ ਸਾਂ ਗਿਆ ਜੀਹਦੇ ਲਈ ਭੁੱਲ ਅਪਣੇ ਘਰ ਨੂੰ ਮੈਂ।
ਜਾਵਾਂ ਕੀਹਦੇ ਤੇ ਛੱਡ ਕੇ ਹੁਣ ਤੇਰੇ ਦਰ ਨੂੰ ਮੈਂ।

ਚੜ੍ਹਦਾ ਏ ਤੇਰੇ ਵਾਮ ਤੇ ਲਿਸ਼ਕਾਰਿਆਂ ਦੇ ਨਾਲ,
ਤੱਕਦਾ ਹਾਂ ਰੋਜ਼ ਫ਼ਜਰ ਦਾ ਤਾਰਾ ਫ਼ਜਰ ਨੂੰ ਮੈਂ।

ਕਿਉਂ ਮੈਨੂੰ ਵੇਖਦਾ ਏਂ ਜਿਉਂ ਤੱਕਦਾ ਏਂ ਗ਼ੈਰ ਨੂੰ,
ਲਾਈ ਏ ਖ਼ਬਰੇ ਨਜ਼ਰ ਚਾ ਤੇਰੀ ਨਜ਼ਰ ਨੂੰ ਮੈਂ।

ਦਿੱਤਾ ਨਾ ਓਸ ਵੀ ਕਦੀ ਤੇਰਾ ਪਤਾ ਕੋਈ,
ਪੁਛਦਾ ਰਿਹਾ ਹਾਂ ਰੋਜ਼ ਤੇਰੀ ਰਾਹਗੁਜ਼ਰ ਨੂੰ ਮੈਂ।

ਲਭਦਾ ਫਿਰੇ ਜਵਾਬ ਦੇ ਲਈ ਮੈਨੂੰ ਨਾਮਾਵਰ,
ਲਭਦਾ ਫਿਰਾਂ ਜਵਾਬ ਦੇ ਲਈ ਨਾਮਾਵਰ ਨੂੰ ਮੈਂ।

ਜੇ ਜਾਣਦਾ ਮੈਂ ਯਾਰੋ ਦੁਸ਼ਮਣ ਨੇ ਉਮਰ ਦੇ,
ਲਾਉਂਦਾ ਨਾ ਸੀਨੇ ਨਾਲ ਕਦੀ ਦਿਲ ਜਿਗਰ ਨੂੰ ਮੈਂ।

ਪਾ ਮੁੱਲ ਕੁਝ ਤੇ ਮੇਰੀ ਵਫ਼ਾ ਦਾ ਸਿਤਮਗਰਾ,
ਜਾਤਾ ਏ ਸੱਚ ਹਰ ਤੇਰੇ ਝੂਠੇ ਅਜ਼ਰ ਨੂੰ ਮੈਂ।

ਰੋਸੇ ਕਿਸੇ ਦੇ ਰਹੇ ਨੇ ਬਣੇ ਜ਼ਿੰਦਗੀ 'ਫ਼ਕੀਰ',
ਡਿੱਠਾ ਨਾ ਕਦੀ ਦਿਲ ਦੀ ਦੁਆ ਦੇ ਅਸਰ ਨੂੰ ਮੈਂ।

71. ਧੂੜ ਉਡੀ ਦੇ ਗਰਦੇ ਸੂਰਜ ਦੇ ਲਿਸ਼ਕਾਰੇ ਬਣਦੇ ਨੇ

ਧੂੜ ਉਡੀ ਦੇ ਗਰਦੇ ਸੂਰਜ ਦੇ ਲਿਸ਼ਕਾਰੇ ਬਣਦੇ ਨੇ।
ਉਡ ਅਸਮਾਨਾਂ ਤੀਕ ਜ਼ਮੀਨੋਂ ਜ਼ੱਰੇ ਤਾਰੇ ਬਣਦੇ ਨੇ।

ਲਾਉਂਦੇ ਵੰਝ ਮੁਹਾਣੇ ਜਾਵਣ ਸੀਨੇ ਚੀਰ ਤੂਫ਼ਾਨਾਂ ਦੇ,
ਲੰਗਰ ਸੁੱਟ ਖਲੋਤਿਆਂ ਲਈ ਤੂਫ਼ਾਨ ਕਿਨਾਰੇ ਬਣਦੇ ਨੇ।

ਆ ਕੇ ਵੇਲਾ ਕੋਲ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਟੁਰਦਾ ਨਹੀਂ,
ਵੇਲੇ ਸਿਰ ਜਦ ਸੁਰਤੀ ਵਾਲੇ ਸੁਰਤ ਵਿਸਾਰੇ ਬਣਦੇ ਨੇ।

ਸਿਰੇ ਚੜ੍ਹਾਉਂਦਾ ਆ ਕੇ ਕੋਈ ਨਹੀਂ ਉਨ੍ਹਾਂ ਦੇ ਕੰਮਾਂ ਨੂੰ,
ਉਦਮੀ ਆਹਰੀ ਹੋ ਕੇ ਜਿਹੜੇ ਆਪ ਨਿਕਾਰੇ ਬਣਦੇ ਨੇ।

ਗਰਦਿਸ਼ ਵਾਂਗ ਫ਼ਲਕ ਵੀ ਡਿੱਠਾ ਚੱਕਰ ਚਲਦਾ ਕਰਨੀ ਦਾ,
ਰਾਜ ਦੁਲਾਰੇ ਚਾਕਰ, ਚਾਕਰ ਰਾਜ ਦੁਲਾਰੇ ਬਣਦੇ ਨੇ।

ਕੀਤੀ ਗੱਲ ਹਿਸਾਬ ਕਿਸੇ ਦੀ ਕਦੀ ਹਿਸਾਬੋਂ ਉਕੇ ਨਾ,
ਮੂੰਹ ਜ਼ੋਰੇ ਬੇਵਾਕੇ ਵਾਧੇ ਅੰਤ ਕਸਾਰੇ ਬਣਦੇ ਨੇ।

ਕੱਖ ਵਿਗਾੜ ਸਕਣ ਨਾ ਝੂਠੇ ਵਸਦੀ ਸੱਚੀ ਦੁਨੀਆ ਦਾ,
ਸੱਚਿਆਂ ਦੇ ਵਿਚ ਰਹਿ ਕੇ ਕੂੜੇ ਕੂੜ ਪਸਾਰੇ ਬਣਦੇ ਨੇ।

ਦਾਨਸ਼ਮੰਦ ਨਾ ਕਦਰ ਘਟਾਵਣ ਅਪਣੇ ਮਾੜੇ ਸਾਥੀ ਦੀ,
ਤੀਲੇ ਵੀ ਤੇ ਡੁਬਦਿਆਂ ਦੇ ਲਈ ਕਦੀ ਸਹਾਰੇ ਬਣਦੇ ਨੇ।

ਝੋਲੇ ਮਾਰ ਭੂਚਾਲ ਬਣਾਵਣ ਖੋਲੇ ਉੱਚਿਆਂ ਮਹਿਲਾਂ ਦੇ,
ਕਿਲ੍ਹੇ 'ਫ਼ਕੀਰ' ਜਦੋਂ ਨੇ ਢਹਿੰਦੇ ਉਜੜੇ ਢਾਰੇ ਬਣਦੇ ਨੇ।

72. ਚਾਲ ਵੇਖ ਜ਼ਮਾਨੇ ਦੀ ਨਜ਼ਰ ਬਾਜ਼ਾ

ਚਾਲ ਵੇਖ ਜ਼ਮਾਨੇ ਦੀ ਨਜ਼ਰ ਬਾਜ਼ਾ,
ਜ਼ਰਾ ਵਕਤ ਦੇ ਸਮਝ ਇਸ਼ਾਰਿਆਂ ਨੂੰ।
ਤੇਰੇ ਨਾਲ ਦੇ ਮੰਜ਼ਿਲਾਂ ਵੱਲ ਟੁਰ ਪਏ,
ਤੇ ਤੂੰ ਭਾਲਦਾ ਫਿਰੇਂ ਸਹਾਰਿਆਂ ਨੂੰ।

ਠੱਲ੍ਹ ਰੱਬ ਤਵੱਕਲੀ ਪਹਿਣ ਜਿਹੜੇ,
ਚੜ੍ਹਦੇ ਹੜ੍ਹਾਂ ਦੇ ਨੇ ਸੀਨੇ ਚੀਰ ਜਾਂਦੇ,
ਉਹ ਨਾ ਗਾਹੁਣ ਦਰਿਆਵਾਂ ਦੇ ਗਾਹੁਣ ਜਿਹੜੇ,
ਬਹਿ ਕੇ ਤੱਕਦੇ ਰਹਿਣ ਕਿਨਾਰਿਆਂ ਨੂੰ।

ਜਿਨ੍ਹਾਂ ਅਪਣੇ ਰੋਗ ਦਾ ਵਿਚ ਦੁਨੀਆ,
ਅਪਣਾ ਸਮਝ ਕੇ ਨਹੀਂ ਉਪਾਅ ਕੀਤਾ,
ਬਹੁੜੇ ਅਪਣੇ ਆਪ ਤਬੀਬ ਕਿਹੜਾ,
ਠੀਕ ਕਰਨ ਉਨ੍ਹਾਂ ਦਰਦਾਂ ਮਾਰਿਆਂ ਨੂੰ।

ਮਰਦ ਨਿਕਲ ਮੈਦਾਨ ਵਿਚ ਜ਼ਿੰਦਗੀ ਦੇ,
ਲੁਹਾ ਕੇ ਸਿਰ ਪਏ ਦਾਰ ਤੇ ਵਾਰਦੇ ਨੇ,
ਵਣਜਾਂ ਵਿਚ ਨਾ ਵਾਧੇ ਦੀ ਆਸ ਰੱਖਣ,
ਜਿਹੜੇ ਜਰਨ ਨਾ ਦਿਲੋਂ ਕਸਾਰਿਆਂ ਨੂੰ।

ਬਾਗ਼ ਵਿਚ ਬਹਾਰ ਦੇ ਨਾਲ ਸਾਰੇ,
ਸੁਣਦੇ ਰਾਗ ਨੇ ਗਾਉਂਦੀਆਂ ਬੁਲਬੁਲਾਂ ਦੇ,
ਮਾਲੀ ਸੁਘੜ ਨਾ ਆਹਲਕੀ ਕਦੇ ਕਰਦੇ,
ਠੀਕ ਰੱਖਣ ਬਾਗ਼ਾਂ ਬੇਬਹਾਰਿਆਂ ਨੂੰ।

ਹੱਥੀਂ ਰੱਖ ਮੁਹਾਰ ਨੇ ਨਾਲ ਊਂਠਾਂ,
ਮੰਜ਼ਿਲ ਤੀਕ ਦਾਨੇ ਸਾਰਬਾਨ ਜਾਂਦੇ,
ਟੋਰਾ ਰਾਹ ਦਾ ਜੇ ਕਰ ਛੱਡ ਦਈਏ,
ਮਿਲਦੀ ਨਹੀਂ ਮੰਜ਼ਿਲ ਬੇਮੁਹਾਰਿਆਂ ਨੂੰ।

ਵੇਖਣ ਸੁੱਖ ਨਾ ਕਦੀ ਜਹਾਨ ਉੱਤੇ,
ਦੁਖੀ ਦਿਲ ਦੁਖਿਆਰਾਂ ਦੇ ਤਾਨ ਵਾਲੇ,
ਫੁਲਦਾ ਵੇਖਿਆ ਨਹੀਂ ਕਿਸੇ ਵਿਚ ਦੁਨੀਆ,
ਕਦੀ ਜ਼ੁਲਮ ਤੇ ਜਬਰ ਦੇ ਕਾਰਿਆਂ ਨੂੰ।

ਸੁਸਤ ਮਾਰੇ ਦਲਿੱਦਰੀ ਹੋਣ ਜਿਹੜੇ,
ਉਹ ਜੇ ਉਦਮ ਕੋਈ ਕਰਨ, ਕਰਨ ਕੀਕਣ,
ਮੰਗਤੇ ਵੱਲ ਸਖ਼ਾਵਤ ਦਾ ਜਾਣਦੇ ਨਹੀਂ,
ਫਲਦੇ ਕਾਰ ਨਹੀਂ ਕਦੀ ਨਕਾਰਿਆਂ ਨੂੰ।

ਝੰਡੇ ਜਿਨ੍ਹਾਂ ਦੇ ਨੇ ਸਦਾ ਝੁਲਦੇ ਰਹੇ,
ਹੁਣ ਵੀ ਉਨ੍ਹਾਂ ਦੇ ਈ ਝੰਡੇ ਝੁਲਦੇ ਨੇ,
ਤਖ਼ਤ ਤਾਜ ਸੁਲਤਾਨਾਂ ਨੂੰ ਫੱਬਦੇ ਨੇ,
ਸੋਹੰਦੇ ਰਾਜ ਨੇ ਰਾਜ ਦੁਲਾਰਿਆਂ ਨੂੰ।

ਅਮਲਾਂ ਵਾਲਿਆਂ ਦੀ ਵਸਤੀ ਨਾਲ ਨਾਹੀਂ,
ਰਲਦੀ ਕਦੇ ਵਸਤੀ ਗੱਲਾਂ ਵਾਲਿਆਂ ਦੀ,
ਦਾਨਸ਼ਮੰਦ ਖਿਡਾਰ ਨਾ ਰੱਖਦੇ ਨੇ,
ਕਦੀ ਹਾਣੀਆਂ ਨਾਲ ਬੁਲਾਰਿਆਂ ਨੂੰ।

ਹੋਵਣ ਤੇਗ਼ ਦੇ ਮਰਦ ਮੈਦਾਨ ਮਹਿਰਮ,
ਹਾਕਮ ਰਮਜ਼ ਹਕੂਮਤ ਦੀ ਜਾਣਦੇ ਨੇ,
ਤਾਰੀ ਤਰਨ ਮੱਲਾਹਵਾਂ ਨੂੰ ਕੌਣ ਦੱਸੇ,
ਆਵੇ ਪਰਖਣੀ ਖੋਟ ਸੁਨਿਆਰਿਆਂ ਨੂੰ।

ਯਾਰਾਂ ਨਾਲ 'ਫ਼ਕੀਰ' ਜੋ ਕਰਨ ਠੱਗੀ,
ਉਨ੍ਹਾਂ ਜੁਰਮ ਕਸਾਈਆਂ ਦਾ ਜ਼ਿਕਰ ਨਾ ਕਰ,
ਤੇਜ਼ੀ ਵਿਚ ਬਾਜ਼ਾਰ ਦੇ ਵੇਖਿਆ ਏ,
ਲੈ ਕੇ ਬਹਿ ਗਿਆ ਬੋਝ ਵਣਜਾਰਿਆਂ ਨੂੰ।

73. ਕੌਮੀ ਜ਼ਿੰਦਗੀ ਲਈ ਆਪ ਮਰਨ ਵਾਲੇ

ਕੌਮੀ ਜ਼ਿੰਦਗੀ ਲਈ ਆਪ ਮਰਨ ਵਾਲੇ,
ਮੋਈ ਕੌਮ ਜ਼ਿੰਦਾ ਕਰਕੇ ਛੱਡਦੇ ਨੇ।
ਨਾਲ ਵਾਂਗ ਪਰਬਤ ਆਪ ਜਾਣ ਗੱਡੇ,
ਮਰਦ ਜਾ ਜਿੱਥੇ ਝੰਡੇ ਗੱਡਦੇ ਨੇ।

ਜਿਉਂਦੇ ਜਾਗਦੇ ਜੱਗ ਦੇ ਵਿਚ ਰਹਿ ਕੇ,
ਆਪ ਅਪਣਾ ਕਰਨ ਜਹਾਨ ਪੈਦਾ,
ਮੰਗਦੇ ਨਹੀਂ ਭਾਵੇਂ ਮਰਦੇ ਮਰ ਜਾਂਦੇ,
ਪੱਲਾ ਨਾ ਬੰਦੇ ਅੱਗੇ ਅੱਡਦੇ ਨੇ।

ਗ਼ਰਜ਼ਮੰਦਾਂ ਤੇ ਬੇਇਤਫ਼ਾਕਿਆਂ ਦੀ,
ਅੱਡੋ ਅੱਡ ਏ ਮਰਦਿਆਂ ਤੀਕ ਰਹਿੰਦੀ,
ਪੈਰ ਉਨ੍ਹਾਂ ਦੇ ਲੱਗਣ ਨਾ ਕਿਸੇ ਥਾਵੇਂ
ਥਾਂ ਥਾਂ ਪਏ ਜੋ ਤਲੀਆਂ ਟੱਡਦੇ ਨੇ।

ਮਾਰੇ ਵੈਰ ਦੇ ਦੇਸ ਨੇ ਬਣੇ ਹੋਏ,
ਜੂਏਖ਼ਾਨੇ ਫ਼ਰੰਗੀ ਜਵਾਰੀਆਂ ਦੇ,
ਬਹਿ ਕੇ ਮੂਰਖ਼ਾਂ ਟਿਕੜੀਆਂ ਵਿਚ ਖਚਰੇ,
ਕਾਢਾਂ ਪਏ ਜ਼ੋਰਾਜ਼ੋਰੀ ਕੱਢਦੇ ਨੇ।

ਝੂਠੇ ਝੂਠੇ ਹੀ ਰਹਿਣ ਆਜ਼ਾਦ ਹੋ ਕੇ,
ਸੱਚੇ ਵਿਚ ਪਾਬੰਦੀਆਂ ਰਹਿਣ ਸੱਚੇ,
ਗਿੱਦੜ ਝੱਲ ਵਿਚ ਨਿਕਲ ਕੇ ਰਹਿਣ ਗਿੱਦੜ,
ਸ਼ੇਰ ਸ਼ੇਰ ਰਹਿੰਦੇ ਵਿਚ ਖੱਡ ਦੇ ਨੇ।

ਅਸਲੇ ਅਪਣੇ ਲਈ ਰਹਿੰਦੇ ਦਮਾਂ ਤੀਕਰ,
ਪਹਿਰਾ ਸੱਚ ਦਾ ਹੈਨ ਅਸੀਲ ਦਿੰਦੇ,
ਅੜ ਕੇ ਝੂਠ ਤੇ ਅੜੀ ਦੇ ਰਹਿਣ ਪੱਕੇ,
ਹੁੰਦੇ ਹੱਡ ਜੋ ਕਿਸੇ ਕੁਹੱਡ ਦੇ ਨੇ।

ਕੀਤੇ ਅਮਲ ਇਨਸਾਨ ਦੇ ਹੈਨ ਸਾਰੇ,
ਹਸਰ ਤੀਕ ਇਨਸਾਨ ਦੇ ਨਾਲ ਜਾਂਦੇ,
ਤੋੜੋ ਤੋੜ ਰਿੜ੍ਹਦੇ ਨਾਲੋ ਨਾਲ ਜਾਂਦੇ,
ਮੰਜ਼ਿਲ ਤੀਕ ਜਾਂਦੇ ਝੰਡੇ ਗੱਡਦੇ ਨੇ।

ਪੁੱਠਾ ਟੁਰਨ ਵਾਲਾ ਸਿੱਧੇ ਚਾਲਿਆਂ ਤੇ,
ਕਦੀ ਲਗਦਾ ਲਗਦਾ ਲਗਦਾ ਏ,
ਪਈਆਂ ਆਦਤਾਂ ਔਖੀਆਂ ਜਾਂਦੀਆਂ ਨੇ,
ਜਾਂਦੇ ਜਿਵੇਂ ਔਖੇ ਰੋਗ ਹੱਡ ਦੇ ਨੇ।

ਵਾਹਗੇ ਵਿਚ ਏ ਯਾਰ ਦੀ ਹੱਦ ਰਲਦੀ,
ਆ ਕੇ ਹੱਦ ਸਲੂਕ ਦੀ ਨਾਲ ਜੇ ਕਰ,
ਮੰਦੇ ਚੰਗਿਆਂ ਨਾਲ 'ਫ਼ਕੀਰ' ਵੱਸਣ,
ਸੋਹਣੇ ਬਾਗ਼ ਗਵਾਂਢ ਮੁਖੱਡਦੇ ਨੇ।

74. ਵੇਖ ਉਨ੍ਹਾਂ ਦੀਆਂ ਕੋਰੀਆਂ ਰੀਤਾਂ

ਵੇਖ ਉਨ੍ਹਾਂ ਦੀਆਂ ਕੋਰੀਆਂ ਰੀਤਾਂ।

ਪਰਤ ਆਈਆਂ ਬੇਆਸ ਪ੍ਰੀਤਾਂ।

ਚਲੋ ਵੇਖੀਏ ਜ਼ਾਹਿਦ ਸੂਫ਼ੀ,
ਕੀ ਕਰਦੇ ਨੇ ਵਿੱਚ ਮਸੀਤਾਂ।

ਸਿੱਧੀ ਗੱਲ ਸੁਣੇ ਨਾ ਕੋਈ,
ਜੱਗ ਦੀਆਂ ਨੇ ਪੁੱਠੀਆਂ ਰੀਤਾਂ।

ਵੈਰੀ ਯਾਦ ਨਾ ਰਹਿ ਗਏ ਸਾਨੂੰ,
ਰਗੜੇ ਐਸੇ ਲਾਏ ਮੀਤਾਂ।

ਕਿੱਡੀ ਸ਼ੁੱਧ ਏ ਨੀਅਤ ਸਾਡੀ,
ਲੜ ਜੋੜੇ ਨੇ ਨਾਲ ਅਨੀਤਾਂ।

ਉਹ ਰਾਤੀਂ ਪਏ ਜ਼ੁਲਫ਼ ਸੰਵਾਰਨ,
ਮੈਂ ਪਿਆ ਵਾਂਗਰ ਦਿਨ ਦੇ ਬੀਤਾਂ।

ਦੇਣ ਸਵਾਦ ਨਾ ਕਿਉਂ ਜਗਰਾਤੇ,
ਲੰਮੀਆਂ ਰਾਤਾਂ ਠੰਢੀਆਂ ਸੀਤਾਂ।

ਉਹ ਮਗ਼ਰੂਰ ਨਾ ਆਵਣ ਵਾਲਾ,
ਖਿੱਚ ਲਿਆਂਦਾ ਮੇਰੇ ਗੀਤਾਂ।

ਚੋੜ ਚੌਪਟ 'ਫ਼ਕੀਰ' ਅਸ਼ਨਾਈ,
ਨਹੀਂ ਕੋਈ ਇਹਦੀਆਂ ਰਸਮਾਂ ਰੀਤਾਂ।

75. ਗੁੱਝੇ ਭੇਦ ਪ੍ਰੀਤਾਂ ਦੇ ਅੱਜ ਸਾਰੇ ਥੁਲਦੇ ਵੇਖੇ ਨੇ

ਗੁੱਝੇ ਭੇਦ ਪ੍ਰੀਤਾਂ ਦੇ ਅੱਜ ਸਾਰੇ ਥੁਲਦੇ ਵੇਖੇ ਨੇ।
ਅੱਖਾਂ ਵੇਖੀਆਂ ਅੱਖਾਂ ਨੂੰ ਦਿਲ ਦਿਲਾਂ ਨੂੰ ਭੁਲਦੇ ਵੇਖੇ ਨੇ।

ਕੱਲ ਹਵਾ ਨੂੰ ਬੂਟਿਆਂ ਉੱਤੇ ਬਾਗ਼ੇ ਹਸਦੇ ਸਨ ਮਿਲੇ,
ਅੱਜ ਹਨੇਰੀ ਪੱਤਰ ਜਿਹੜੇ ਰਾਹ ਵਿਚ ਰੁਲਦੇ ਵੇਖੇ ਨੇ।

ਝੱਖੜ ਵਿਚ ਖ਼ਿਜ਼ਾਂ ਦੇ ਰੱਖਣ ਕਿਉਂ ਨਾ ਆਸ ਬਹਾਰਾਂ ਦੀ,
ਜਿਨ੍ਹਾਂ ਬਹਾਰਾਂ ਵਿਚ ਖ਼ਿਜ਼ਾਂ ਦੇ ਝੱਖੜ ਝੁਲਦੇ ਵੇਖੇ ਨੇ।

ਵੱਗੀ ਕੀ ਅੱਜ ਸਾਕੀ ਤੇਰੇ ਰਿੰਦਪੁਣੇ ਦੀ ਮਸਤੀ ਨੂੰ,
ਇਕ ਦੂਜੇ ਵਲ ਘੂਰੀਆਂ ਪਾਉਂਦੇ ਦੀਦੇ ਖੁਲ੍ਹਦੇ ਵੇਖੇ ਨੇ।

ਤੇਰੇ ਪਿਆਰ ਮੁਹੱਬਤ ਦੀ ਤੇ ਜਿਨਸ ਬੜੀ ਅਣਮੁੱਲੀ ਏ,
ਧੱਕੇ ਵੀ ਵਿਚ ਤੇਰੀ ਮਹਫ਼ਿਲ ਪੈਂਦੇ ਮੁੱਲ ਦੇ ਵੇਖੇ ਨੇ।

ਗ਼ਮ ਨਹੀਂ ਤੰਦ ਪ੍ਰੀਤਾਂ ਦੀ ਜੇ ਹੋ ਗਈ ਗੁੱਛਮ-ਗੁੱਛਾ ਏ,
ਪਿਆਰ ਦੀਆਂ ਡੋਰਾਂ ਦੇ ਗੁੰਝਲ ਪੈਂਦੇ ਖੁੱਲ੍ਹਦੇ ਵੇਖੇ ਨੇ।

ਵੇਖਿਆ ਇਹਦੇ ਮੋੜਾਂ ਉੱਤੇ ਸਹਿਕਦੀਆਂ ਕਈ ਹੀਰਾਂ ਨੂੰ,
ਇਸ਼ਕ ਦੇ ਰਾਹਵਾਂ ਵਿਚ ਅਸੀਂ ਕਈ ਰਾਂਝੇ ਰੁਲਦੇ ਵੇਖੇ ਨੇ।

ਦਿਲ ਦੁੱਖਾਂ ਦਾ ਆਦੀ ਏ ਰਹਿ ਸਕਦਾ ਹੈ ਵਿਚ ਦੁੱਖਾਂ ਦੇ,
ਕੰਡਿਆਂ ਦੇ ਵਿਚ ਵੱਸਣ ਵਾਲੇ ਖਿੜਦੇ ਫੁਲਦੇ ਵੇਖੇ ਨੇ।

ਰੌ ਵਿਚ ਬੈਠਾ ਖ਼ਵਰੇ ਕਿਹੜੀਆਂ ਸੋਚਾਂ ਵਿਚ 'ਫ਼ਕੀਰ' ਪਿਆ,
ਠੰਢੇ ਹੌਕਿਆਂ ਨਾਲ ਅੱਜ ਉਹਦੇ ਹੰਝੂ ਡੁਲ੍ਹਦੇ ਵੇਖੇ ਨੇ।

76. ਕੱਟੇ ਕੱਲਮ ਕੱਲਿਆਂ ਜਿਹੜੇ ਫ਼ਾਕੇ ਤੇ ਜਗਰਾਤੇ ਮੈਂ

ਕੱਟੇ ਕੱਲਮ ਕੱਲਿਆਂ ਜਿਹੜੇ ਫ਼ਾਕੇ ਤੇ ਜਗਰਾਤੇ ਮੈਂ।
ਉਹੋ ਵਿਚ ਜੁਦਾਈਆਂ ਦਿਲ ਦੇ ਮਹਿਰਮ ਯਾਰ ਪਛਾਤੇ ਮੈਂ।

ਲੰਘੇ ਹੁਣ ਭਾਵੇਂ ਦਿਨ ਕੀਕਣ ਬੀਤੇ ਭਾਵੇਂ ਰਾਤ ਕਿਵੇਂ,
ਸ਼ਾਮ ਉਦਾਸੀ ਵੇਖ ਲਈ ਏ ਉੱਠਦਿਆਂ ਪ੍ਰਭਾਤੇ ਮੈਂ।

ਆ ਕੇ ਵੀ ਸੁਖ ਮੇਰੇ ਹੁਣ ਕੀ ਵਿਗੜੇ ਕਾਜ ਸੰਵਾਰਨਗੇ,
ਲਾਏ ਦੁੱਖ ਜ਼ਮਾਨੇ ਨੇ ਜੋ ਦੁਖ ਕਦੀ ਨਾ ਜਾਤੇ ਮੈਂ।

ਦਿਲ ਵਿਚ ਰਿਹਾ ਹਿਸਾਬ ਹਮੇਸ਼ਾ ਦਰਦਮੰਦਾਂ ਦਿਲਦਾਰਾਂ ਦਾ,
ਰੋਕੜ ਲਿਖੀ ਹੋਈ ਨਾ ਕੱਢੀ ਨਾ ਕੋਈ ਖੋਲ੍ਹੇ ਖਾਤੇ ਮੈਂ।

ਕੱਢੇ ਸਾਰੇ ਗ਼ਮ ਦੁਨੀਆ ਦੇ ਦਿਲ ਵਿੱਚੋਂ ਗ਼ਮ ਯਾਰੀ ਦੇ,
ਦਮ ਯਾਰਾਂ ਦੇ ਗਿਣਦਿਆਂ ਦੇਖੇ ਕਦੀ ਨਾ ਪਾਂਜੇ ਸਾਤੇ ਮੈਂ।

ਮੰਦਾ ਬੋਲਦਿਆਂ ਨੂੰ ਸੁਣ ਕੇ ਬੋਲਾਂ ਕਦੀ ਨਾ ਮੰਦਾ ਮੈਂ,
ਖੂਹ ਕੱਢੇ ਨਾ ਕਦੀ ਕਿਸੇ ਲਈ ਨਾ ਅਪਣੇ ਲਈ ਖਾਤੇ ਮੈਂ।

ਦਾਨੇ ਬੇਦਰਦਾਂ ਦੀਆਂ ਰਾਹਵਾਂ ਵੇਹੰਦਿਆਂ ਨਜ਼ਰਾਂ ਥੱਕਣ ਨਾ,
ਚੜ੍ਹ ਕੇ ਮਗ਼ਜ਼ ਨਾ ਭਾਲੇ ਮੂਰਖ ਦਰਦੀ ਗਏ ਗਵਾਤੇ ਮੈਂ।

ਭੁੱਲ ਭੁਲੇਖੇ ਖਾਧਾ ਐਵੇਂ ਧੋਖਾ ਖਿਚੜੀ ਦੁਨੀਆ ਦਾ,
ਓੜਕ ਟੁੱਟਣ ਵਾਲੇ ਜੋੜੇ ਐਵੇਂ ਰਿਸ਼ਤੇ ਨਾਤੇ ਮੈਂ।

ਜਾਵਾਂ ਕੋਲ'ਫ਼ਕੀਰ'ਕੀਹਦੇ ਹੁਣ ਜਦ ਉਹ ਉੱਥੇ ਰਹਿੰਦਾ ਨਹੀਂ,
ਪੀਰ 'ਫ਼ਜ਼ਲ' ਲਈ ਜਾਂਦਾ ਸਾਂ ਜਦ ਜਾਂਦਾ ਸਾਂ ਗੁਜਰਾਤੇ ਮੈਂ।

77. ਉੱਠ ਦਿਲਾ ਚੱਲ ਮੰਜ਼ਿਲ ਤੇ ਅਹਿਸਾਨ ਕਿਸੇ ਦਾ ਜਰੀਏ ਕਾਹਨੂੰ

ਉੱਠ ਦਿਲਾ ਚੱਲ ਮੰਜ਼ਿਲ ਤੇ ਅਹਿਸਾਨ ਕਿਸੇ ਦਾ ਜਰੀਏ ਕਾਹਨੂੰ।
ਵਿੱਚ ਉਡੀਕ ਖ਼ਿਜ਼ਰ ਦੀ ਬੈਠੇ ਪੈਂਡਾ ਖੋਟਾ ਕਰੀਏ ਕਾਹਨੂੰ।

ਵਗਦੇ ਜਾਂਦੇ ਪਾਣੀ ਵਾਂਗੂੰ ਰੁਕਦੇ ਨਾਹੀਂ ਉੱਦਮ ਵਾਲੇ,
ਗ਼ਮ ਦੀਆਂ ਰੋੜ੍ਹਾਂ ਵਿਚ ਨਿਆਈ ਮਿੱਟੀ ਵਾਂਗੂੰ ਖਰੀਏ ਕਾਹਨੂੰ।

ਆਬੇ ਹਿਆਤ ਦੀਆਂ ਨੇ ਕਰਦੇ ਐਵੇਂ ਲੋਕ ਬਨਾਵਟੀ ਗੱਲਾਂ,
ਮਰ ਕੇ ਜਿਉਣਾ ਪੈਂਦੈ ਏਥੇ ਮਰੀਏ ਮਰਨੋ ਡਰੀਏ ਕਾਹਨੂੰ।

ਦੁੱਖਾਂ ਦੀ ਦੁਨੀਆ ਵਿਚ ਰਹਿ ਕੇ ਸੁੱਖ ਕਦੀ ਨਾ ਢੁਕਦੇ ਨੇੜੇ,
ਸੁੱਖਾਂ ਦੇ ਨਾਲ ਰਹੀਏ ਜੇ ਕਰ ਦੁੱਖ ਮੁਸੀਬਤ ਜਰੀਏ ਕਾਹਨੂੰ।

ਪੁੱਠੇ ਚੱਪੂ ਲਾਉਂਦੇ ਨਾਹੀਂ ਬੇੜੇ ਤਾਰ ਵਿਖਾਵਣ ਵਾਲੇ,
ਤਾਰੂ ਹੋ ਕੇ ਜਿਉਂਦੀ ਜਾਨੇ ਮੁਰਦੇ ਤਾਰੀ ਤਰੀਏ ਕਾਹਨੂੰ।

ਬੇਮਿਹਰਾਂ ਅਸ਼ਨਾਵਾਂ ਦੀ ਕੀ ਕਰੀਏ ਐਵੇਂ ਗਿਲਾ ਗੁਜ਼ਾਰੀ,
ਪਿਆਰ ਮੁਹੱਬਤ ਦੀ ਵਿਚ ਯਾਰਾ ਜਿੱਤੀ ਬਾਜ਼ੀ ਹਰੀਏ ਕਾਹਨੂੰ।

ਅੱਗੇ ਕੀਹਦੀ ਬਣੀ ਏ ਹੁਣ ਇਹ ਕੀਹਦੀ ਬਣੇਗੀ ਕੋਰੀ ਦੁਨੀਆ,
ਦੁਨੀਆ ਵਿਚ ਵਿਖਾਲੇ ਦੇ ਪਏ ਐਵੇਂ ਹੌਕੇ ਭਰੀਏ ਕਾਹਨੂੰ।

ਸਿਰ ਤੇ ਬਣੀਆਂ ਦਾ ਸਿਰ ਬਾਝੋਂ ਨਹੀਂ ਕੋਈ ਬਣਦਾ ਸਾਥੀ ਡਿੱਠਾ,
ਆਸ 'ਫ਼ਕੀਰ' ਪਰਾਈ ਉੱਤੇ ਐਵੇਂ ਪਏ ਦਿਲ ਧਰੀਏ ਕਾਹਨੂੰ।

78. ਚੰਨ ਏ ਅਜੀਬ ਲਿਸ਼ਕਦਾ ਤਾਰੇ ਅਜੀਬ ਨੇ

ਚੰਨ ਏ ਅਜੀਬ ਲਿਸ਼ਕਦਾ ਤਾਰੇ ਅਜੀਬ ਨੇ।
ਫ਼ੁਰਕਤ ਦੀ ਰਾਤ ਦੇ ਇਹ ਸਹਾਰੇ ਅਜੀਬ ਨੇ।

ਚਾਨਣ ਹਨੇਰਿਆਂ ਦੇ ਗੁਜ਼ਾਰੇ ਅਜੀਬ ਨੇ,
ਲਿਸ਼ਕੇ ਕਿਸੇ ਦੀ ਜ਼ੁਲਫ਼ ਦੇ ਤਾਰੇ ਅਜੀਬ ਨੇ।

ਬਾਗ਼ੇ ਸ਼ੁਬਾ ਖ਼ਿਜ਼ਾ ਦਾ ਪਾਉਂਦੇ ਨੇ ਫੁੱਲ ਅਜੇ,
ਡਿੱਠੇ ਤੇਰੇ ਵੀ ਰੰਗ ਬਹਾਰੇ ਅਜੀਬ ਨੇ।

ਦਿਸਦੀ ਏ ਆਸ ਨਾਲ ਪਈ ਤਕਦੀਰ ਵਿਗੜਦੀ,
ਗੇਸੂ ਕਿਸੇ ਨੇ ਅੱਜ ਸਵਾਰੇ ਅਜੀਬ ਨੇ।

ਦਿਲ ਦੇ ਕੇ ਖੇਡਿਆ ਅਸਾਂ ਜੂਆ ਏ ਪਿਆਰ ਦਾ,
ਜਿੱਤਦੇ ਕਿਵੇਂ ਨਾ ਦਾਅ ਉਹ ਹਾਰੇ ਅਜੀਬ ਨੇ।

ਜਾਦੂ ਹਿਆ ਦੇ ਰਹਿਣ ਨਾ ਦਿੱਤਾ ਏ ਯਾਦ ਕੁਝ,
ਕੀਤੇ ਕਿਸੇ ਦੀ ਅੱਖ ਇਸ਼ਾਰੇ ਅਜੀਬ ਨੇ।

ਦਿਸਦੀ ਨਾ ਕੋਈ ਮਿਹਰ ਤੇ ਨਾ ਕੋਈ ਕਰਮ,
ਤੇਰੇ ਸਿਤਮ ਸਿਤਮਗਰਾ ਸਾਰੇ ਅਜੀਬ ਨੇ।

ਰਖਦੇ ਨੇ ਕੁਝ ਨਾ ਰੱਖ ਕੇ ਸਾਹਵਾਂ ਦੇ ਹੌਸਲੇ,
ਹੁੰਦੇ 'ਫ਼ਕੀਰ' ਵੀ ਇਹ ਵਿਚਾਰੇ ਅਜੀਬ ਨੇ।

79. ਨਿਖੜੇ ਰਾਹ ਧੁੱਪਾਂ ਵਿਚ ਗਾਹੁੰਦਾ ਮੁੜਦਾ ਮੋੜ ਕਥਾਵੇਂ

ਨਿਖੜੇ ਰਾਹ ਧੁੱਪਾਂ ਵਿਚ ਗਾਹੁੰਦਾ ਮੁੜਦਾ ਮੋੜ ਕਥਾਵੇਂ।
ਪਹੁੰਚ ਗਿਆ ਸਾਹ ਲੈਂਦਾ ਰਾਹੀ ਪਿਆਰ ਤੇਰੇ ਦੀ ਛਾਵੇਂ।

ਮਾਨ ਜਵਾਨੀ ਦਾ ਏ ਸੂਰਜ ਚੜ੍ਹਦਾ ਚੜ੍ਹਦਾ ਢਲਿਆ,
ਪਰ ਨਹੀਂ ਸਿਰ ਤੋਂ ਢਲਦੇ ਤੇਰੇ ਦੁੱਖਾਂ ਦੇ ਪਰਛਾਵੇਂ।

ਪਿਆਰ ਤੇਰੇ ਦਾ ਚੰਗਾ ਮੇਰੇ ਗਲ ਵਿਚ ਪਿਆ ਕਲਾਵਾ,
ਤੂੰ ਹੀ ਭਰਮ ਗਵਾਵੇਂ ਦਿਲ ਦਾ, ਤੂੰ ਹੀ ਦਿਲ ਭਰਮਾਵੇਂ।

ਖ਼ਾਰ ਬਖ਼ਾਰੀ ਨਾਲ ਜਿਨ੍ਹਾਂ ਦੇ ਜਿਉਣਾ ਪੈ ਗਿਆ ਮੈਨੂੰ,
ਤੇਰੇ ਚਾਹਵਣ ਵਾਲੇ ਵੈਰੀ ਮਿਲ ਗਏ ਟਾਵੇਂ ਟਾਵੇਂ।

ਜਦ ਵੀ ਖਿੱਚ ਤੂੰ ਕੀਤੀ ਮੈਂ ਈ ਚੱਲ ਆਵਾਂਗਾ ਆਪੇ,
ਬੇਪ੍ਰਵਾਹ ਏਂ ਤੇਰਾ ਕੀ ਏ ਆਵੇਂ ਯਾ ਨਾ ਆਵੇਂ।

ਨਾ ਜੰਨਤ ਨੇ ਵੱਸਣ ਦਿੱਤੇ ਨਾ ਧਰਤੀ ਨੇ ਝੱਲੇ,
ਦੋਹੀਂ ਜਹਾਨੀ ਥਾਵਾਂ ਵਾਲੇ ਫ਼ਿਰਨ 'ਫ਼ਕੀਰ' ਨਿਥਾਵੇਂ।

80. ਨਜ਼ਰਬਾਜ਼, ਜਾਨਾਂ ਨਜ਼ਰ ਦੇਣ ਵਾਲੇ

ਨਜ਼ਰਬਾਜ਼, ਜਾਨਾਂ ਨਜ਼ਰ ਦੇਣ ਵਾਲੇ,
ਤੋਹਫ਼ੇ ਸਿਰਾਂ ਦੇ ਤਾਰ ਕੇ ਜਿੱਤਦੇ ਨੇ।
ਵੇਖੇ ਸ਼ੁੱਧ ਖਿਡਾਰ ਮੁਹੱਬਤਾਂ ਦੇ,
ਖੇਡ ਪਿਆਰ ਦੀ ਹਾਰ ਕੇ ਜਿੱਤਦੇ ਨੇ।

ਅੜ ਕੇ ਗੱਲ ਉੱਤੇ ਜਾਨਾਂ ਦੇਣ ਜਿਹੜੇ,
ਪੰਜੇ ਉਨ੍ਹਾਂ ਦੇ ਤੋਂ ਮਰ ਕੇ ਮੌਤ ਨਿਕਲੇ,
ਖੇਡ ਜ਼ਿੰਦਗੀ ਦੀ ਜਿੱਤ ਜਾਣ ਵਾਲੇ,
ਜਾਨ ਸੂਲੀ ਤੇ ਵਾਰ ਕੇ ਜਿੱਤਦੇ ਨੇ।

ਡੱਕੇ ਨਹੀਂ ਜਾਂਦੇ ਚੜ੍ਹਦੇ ਹੜ੍ਹ ਜੇ ਨਾ,
ਲਈਏ ਸ਼ੋਹ ਥੀਂ ਕੰਮ ਕਿਨਾਰਿਆਂ ਦਾ,
ਖੇਡ ਅੱਗ ਦੀ ਬਾਗ਼ ਬਣਾਉਣ ਵਾਲੇ,
ਛਾਲਾਂ ਅੱਗ ਵਿਚ ਮਾਰ ਕੇ ਜਿੱਤਦੇ ਨੇ।

ਸੁਣੀ ਅਕਲਮੰਦਾ ਅਕਲ ਜ਼ਿੰਦਗੀ ਦੀ,
ਬਾਜ਼ੀ ਸੋਚ-ਵਿਚਾਰ ਕੇ ਹਾਰਦੀ ਏ,
ਹੋਣ ਇਸ਼ਕ ਸ਼ਰਾਬ ਦੇ ਮਸਤ ਜਿਹੜੇ,
ਸੁਰਤ ਸਾਰ ਵਿਸਾਰ ਕੇ ਜਿੱਤਦੇ ਨੇ।

ਕਰਕੇ ਵਾਰ ਬਿਨ ਦੱਸਿਆਂ ਦੋਸਤਾਂ ਤੇ,
ਕਰਦੇ ਜ਼ਿਬਾਹ ਨੇ ਸ਼ੀਰੀ ਜ਼ੁਬਾਨ ਵਾਲੇ,
ਹੁੰਦੇ ਕਦੀ ਨਾ ਕਦੀ ਤਹਿ ਤੇਗ਼ ਨੇ ਉਹ,
ਜਿਹੜੇ ਤੇਗ਼ ਉਲਾਰ ਕੇ ਜਿੱਤਦੇ ਨੇ।

ਕਿਸੇ ਵਿਗੜੇ ਖਿਡਾਰ ਦੇ ਵਸ ਪੈ ਕੇ,
ਸੰਵਰੀ ਖੇਡ 'ਫ਼ਕੀਰ' ਏ ਵਿਗੜ ਜਾਂਦੀ,
ਸੰਵਰੇ ਹੋਏ ਖਿਡਾਰਾਂ ਨੂੰ ਵੇਖਿਆ ਏ,
ਵਿਗੜੀ ਖੇਡ ਸਵਾਰ ਕੇ ਜਿੱਤਦੇ ਨੇ।

81. ਖ਼ਵਰੇ ਕਿਉਂ ਮਨਮੱਤਾ ਬੰਦਾ ਕਰਦਾ ਮਨੋ ਵਿਚਾਰ ਨਹੀਂ

ਖ਼ਵਰੇ ਕਿਉਂ ਮਨਮੱਤਾ ਬੰਦਾ ਕਰਦਾ ਮਨੋ ਵਿਚਾਰ ਨਹੀਂ।
ਸਦੀਆਂ ਦੇ ਸਾਮਾਨ ਨੇ ਏਥੇ ਘੜੀਆਂ ਦਾ ਇਤਬਾਰ ਨਹੀਂ।

ਪਰਤੇ ਭਰਵੀਂ ਪੋਰ ਨਾ ਜਿਹੜੇ ਭਰੀ ਉਰਾਰੋਂ ਪਾਰ ਗਏ,
ਕਿਹੜਾ ਬੇੜਾ ਠੱਲ੍ਹਿਆ ਜਿਹੜਾ ਡੁੱਬਾ ਅੱਧ ਵਿਚਕਾਰ ਨਹੀਂ।

ਕਿੱਥੋਂ ਮੁੜ ਕੇ ਰਾਹੀ ਇਹ ਪਏ ਖ਼ਵਰੇ ਕਿੱਧਰ ਜਾਂਦੇ ਨੇ,
ਨਹੀਂ ਕੋਈ ਅਪਣੀ ਸੁਰਤ ਕਿਸੇ ਨੂੰ ਨਾਲਦਿਆਂ ਦੀ ਸਾਰ ਨਹੀਂ।

ਪੁੱਛੋ ਨਾ ਕੋਈ ਸਾਥੋਂ ਸਾਡੀ ਦੁਨੀਆ ਦੀ ਮਜਬੂਰੀ ਦਾ,
ਸਾਰੀ ਉਮਰ ਅਸੀਂ ਬਣ ਸਕੇ ਦਿਲ ਦੇ ਵੀ ਮੁਖ਼ਤਾਰ ਨਹੀਂ।

ਕਰਕੇ ਬਾਅਜ਼ ਨਸੀਹਤ ਖ਼ਵਰੇ ਇਹ ਮੈਖ਼ਾਨਿਉਂ ਪਰਤੇ ਨੇ,
ਜੁੱਬਾ ਨਹੀਂ ਗਲ ਸੂਫ਼ੀ ਦੇ, ਸਿਰ ਮੁੱਲਾਂ ਦੇ ਦਸਤਾਰ ਨਹੀਂ।

ਉਠ ਮਨਾ ਕੁਝ ਹੱਥ ਹਿਲਾਈਏ ਫੜ ਕੇ ਗਲਮੇ ਘੇਰੇ ਨੂੰ,
ਪਿਆਰ ਉਜਾੜਾਂ ਦੇ ਵਿਚ ਪਾਗਲ ਬਹਿ ਰਹਿੰਦੇ ਬੇਕਾਰ ਨਹੀਂ।

ਸੰਗਦਿਲਾਂ ਨੂੰ ਮੋਮ ਬਣਾਏ ਪਰਤ 'ਫ਼ਕੀਰ' ਪਿਆਰਾਂ ਦੀ,
ਪੱਥਰ ਏ ਉਹ ਦਿਲ ਦਾ ਸ਼ੀਸ਼ਾ ਕੀਤਾ ਜਿਸ ਨੇ ਪਿਆਰ ਨਹੀਂ।

82. ਅੱਜ ਤੀਕ ਉਨ੍ਹਾਂ ਦੇ ਬਗ਼ੈਰ ਦੇਖੀ

ਅੱਜ ਤੀਕ ਉਨ੍ਹਾਂ ਦੇ ਬਗ਼ੈਰ ਦੇਖੀ,
ਰੌਣਕ ਕਦੀ ਬਹਾਰ ਗੁਲਜ਼ਾਰ ਦੀ ਨਹੀਂ।
ਆਉਂਦੇ ਉਹ ਜਦ ਤੀਕ ਨਹੀਂ ਬਾਗ਼ ਅੰਦਰ,
ਉੱਥੇ ਆਉਂਦੀ ਰੁੱਤ ਬਹਾਰ ਦੀ ਨਹੀਂ।

ਉਹਦੇ ਖੀਵਿਆਂ ਨੈਣਾਂ ਦੀ ਦੀਦ ਬਾਝੋਂ,
ਹੋਵਣ ਮਸਤ ਨਰਗਸ ਦੀਆਂ ਅੱਖੀਆਂ ਨਾ,
ਜਦ ਤਕ ਉਨ੍ਹਾਂ ਦੀ ਜ਼ੁਲਫ਼ ਨਹੀਂ ਦੇਖ ਲੈਂਦੀ,
ਸੰਬਲ ਅਪਣੀ ਜ਼ੁਲਫ਼ ਸੰਵਾਰਦੀ ਨਹੀਂ।

ਨਾ ਹੀ ਹਾਰ-ਸ਼ਿੰਗਾਰ ਦੇ ਫੁੱਲ ਖਿੜ ਕੇ,
ਕਦੀ ਬਾਗ਼ ਦਾ ਹਾਰ ਸ਼ਿੰਗਾਰ ਕਰਦੇ,
ਪੈਂਦੀ ਉਨ੍ਹਾਂ ਦੇ ਹਾਰ ਸ਼ਿੰਗਾਰ ਉੱਤੇ,
ਨਜ਼ਰ ਜਦੋਂ ਤੱਕ ਹਾਰ-ਸ਼ਿੰਗਾਰ ਦੀ ਨਹੀਂ।

ਉਹਦੇ ਰੁੱਖ ਦੀ ਦੀਦ ਬਗ਼ੈਰ ਡਿੱਠਾ,
ਮਾਲੀ ਕਦੀ ਗੁਲਾਬ ਨਾ ਟਹਿਕਦਾ ਏ,
ਉਹਦੇ ਮੁਖ ਦੇ ਡਿੱਠਿਆਂ ਬਾਝ ਪੈਂਦੀ,
ਜੁਅਰਤ ਕਲੀ ਨੂੰ ਗੁਲ-ਗਫ਼ਤਾਰ ਦੀ ਨਹੀਂ।

ਬਣ ਕੇ ਬੂਟਿਆਂ ਦੇ ਗਲ ਦਾ ਹਾਰ ਡਿੱਠਾ,
ਕਦੀ ਕਿਸੇ ਨੇ ਨਾ ਖਿੜਦਾ ਮਹਿਕਦਾ ਏ,
ਲੈਂਦਾ ਮੰਗ ਕੇ ਜਦੋਂ ਤੱਕ ਉਨ੍ਹਾਂ ਕੋਲੋਂ,
ਮਹਿਕ ਮੋਤੀਆ ਉਨ੍ਹਾਂ ਦੇ ਹਾਰ ਦੀ ਨਹੀਂ।

ਉਹਦੇ ਸੁਰਮੇ ਦੀਆਂ ਦੇਖ ਧਾਰੀਆਂ ਨੂੰ,
ਕਜਲਾ ਭੋਰ ਪਾ ਘੂਕਰਾਂ ਬੰਨ੍ਹਦੇ ਨੇ,
ਛੂਹੰਦਾ ਨਹੀਂ ਉਹਦੇ ਲਬਾਂ ਨਾਲ ਜਦ ਤੱਕ,
ਭਖਦੀ ਕਦੀ ਲਾਲੀ ਲਾਲਾਜਾਰ ਦੀ ਨਹੀਂ।

ਜਦ ਤੱਕ ਉਹ ਬੁਲ੍ਹਾਂ ਨੂੰ ਖੋਲ੍ਹਦਾ ਨਹੀਂ,
ਕੋਇਲ ਅਪਣੀ ਬੰਦ ਜ਼ੁਬਾਨ ਰੱਖੇ,
ਜਦ ਤਕ ਸੁਣੇ ਨਾ ਉਨ੍ਹਾਂ ਦਾ ਬੋਲ ਕੋਈ,
ਬੁਲਬੁਲ ਛੇੜਦੀ ਤਾਰ ਮਲਹਾਰ ਦੀ ਨਹੀਂ।

ਬੀਤੀ ਯਾਰ ਦੀ ਯਾਦ ਵਿਚ ਰਾਤ ਜਿਹੜੀ,
ਬਣੀ ਰਾਤ 'ਫ਼ਕੀਰ' ਬਰਾਤ ਦੀ ਉਹ,
ਉਹੋ ਦਿਨ ਬਣਿਆ ਦੁਸ਼ਮਨ ਜ਼ਿੰਦਗੀ ਦਾ,
ਜਿਹੜੇ ਦਿਨ ਕੀਤੀ ਹਮਦ ਯਾਰ ਦੀ ਨਹੀਂ।

83. ਕਰਦਾ ਏ ਨਾਲ ਇਕ ਸੈਨਤ ਦੇ, ਕੀ ਹੁਸਨ ਕਰਾਮਤ ਨਾ ਪੁੱਛੋ

ਕਰਦਾ ਏ ਨਾਲ ਇਕ ਸੈਨਤ ਦੇ, ਕੀ ਹੁਸਨ ਕਰਾਮਤ ਨਾ ਪੁੱਛੋ।
ਆਉਂਦੀ ਏ ਇਸ਼ਕ ਵਿਚਾਰੇ ਦੀ, ਕਿੰਨੀ ਕੂ ਸ਼ਾਮਤ ਨਾ ਪੁੱਛੋ।

ਵਿਚ ਲਟਕ ਪਿਆਰ ਮੁਹੱਬਤ ਦੇ, ਚੜ੍ਹ ਜਾਂਦੈ ਹਸਦਾ ਸੂਲੀ ਤੇ,
ਇਹ ਬੰਦਾ ਬਿਲਕੁਲ ਬੰਦਾ ਏ, ਬੰਦੇ ਦੀ ਸ਼ਰਾਫ਼ਤ ਨਾ ਪੁੱਛੋ।

ਨਾ ਪੁੱਛੋ ਹੁੰਦੈ ਸਿਜਦੇ ਦਾ, ਕੀ ਦਰਜਾ ਵਿਚ ਮਹਿਰਾਬਾਂ ਦੇ,
ਕੀ ਤੇਗ਼ਾਂ ਹੇਠ ਨਮਾਜ਼ਾਂ ਦੀ, ਹੁੰਦੀ ਏ ਅਮਾਮਤ ਨਾ ਪੁੱਛੋ।

ਬਣ ਬਹਿੰਦਾ ਏ ਰਾਹਬਰ ਕੋਈ, ਕੋਈ ਆਣ ਸਹਾਰਾ ਦਿੰਦਾ ਏ,
ਪਏ ਸੱਜਣ ਸਾਡੇ ਨਾਲ ਕਿਵੇਂ, ਕਰਦੇ ਨੇ ਅਦਾਵਤ ਨਾ ਪੁੱਛੋ।

ਇਹ ਗੁੰਝਲ ਖੋਲ੍ਹ ਮੁਹੱਬਤ ਦੀ, ਪਿਆ ਪਾਏ ਗੰਢਾਂ ਅਕਲ ਦੀਆਂ,
ਦਿਲ ਦਾਨਾ ਵੀ ਇਕ ਪਾਗਲ ਏ, ਕੁਝ ਦਿਲ ਦੀ ਬਾਬਤ ਨਾ ਪੁੱਛੋ।

ਘੇਰੇ ਵਿਚ ਆ ਕੇ ਜਿਨ੍ਹਾਂ ਦੇ, ਘਿਰਿਆ ਸੀ ਮਾਨ ਪਹਾੜਾਂ ਦਾ,
ਕੀ ਅੱਜ ਉਨ੍ਹਾਂ ਮੈਦਾਨਾਂ ਤੇ, ਗੁਜ਼ਰੀ ਏ ਕਿਆਮਤ ਨਾ ਪੁੱਛੋ।

ਫਿਰ ਅੱਖੀਂ ਦੁਨੀਆ ਦੇਖ ਲਿਆ, ਵਰ ਵਗਦਾ ਇਕ ਇਕ ਸੌ ਸੌ ਤੇ,
ਨਾ ਪੁੱਛੋ ਜ਼ੋਰ ਮੁਜਾਹਿਦ ਦਾ, ਗ਼ਾਜ਼ੀ ਦੀ ਫ਼ਰਾਸਤ ਨਾ ਪੁੱਛੋ।

ਨਾ ਪੁੱਛੋ ਕਿੱਥੇ ਪੁੱਜੀ ਏ, ਲੈ ਅੱਜ ਮੁਲਾਮਤ ਯਾਰਾਂ ਨੂੰ,
ਅੱਲਾ ਨੇ ਪਾਈ ਕਿੰਨੀ ਕੁ, ਸਾਡੇ ਪਿੜ ਬਰਕਤ ਨਾ ਪੁੱਛੋ।

ਪੁੱਛੋ ਕੁਝ ਹਸਮਤ ਸ਼ੋਕਤ ਨਾ, ਯਾਰ ਅੱਜ ਅਦਲਾਂ ਇਨਸਾਫ਼ਾਂ ਦੀ,
ਸਮਤਾਂ ਦੀ ਦੁਰਗਤ ਨਾ ਪੁੱਛੋ, ਜ਼ੁਲਮਾਂ ਦੀ ਨਦਾਮਤ ਨਾ ਪੁੱਛੋ।

ਅੱਜ ਘਰ ਘਰ ਭੁੱਖਾਂ ਉਨ੍ਹਾਂ ਦੇ, ਕੀ ਮੌਤ ਉਜਾੜਾ ਪਾਇਆ ਏ,
ਯਾਰਾਂ ਦੀ ਏਸ ਉਜਾੜੇ ਤੇ, ਕੀ ਲੱਗੀ ਲਾਗਤ ਨਾ ਪੁੱਛੋ।

ਧਰਤੀ ਤੇ ਝੂਠੇ ਜ਼ਾਲਮ ਦੇ, ਪਏ ਕਿਧਰੇ ਪੈਰ ਨਾ ਲਗਦੇ ਨੇ,
ਕੀਕਣ ਅੱਜ ਸਿਰ ਤੇ ਬਾਤਿਲ ਦੇ, ਜਾ ਚੜ੍ਹੀ ਸਦਾਕਤ ਨਾ ਪੁੱਛੋ।

ਕੱਲ੍ਹ ਹਸਦਾ ਸੀ ਦੁਖਿਆਰਾਂ ਤੇ, ਰੋਵੇ ਅੱਜ ਘਰ ਦੇ ਦੁੱਖਾਂ ਨੂੰ,
ਗ਼ੈਰਾਂ ਨੂੰ ਉਜਾੜਨ ਵਾਲੇ ਦੇ, ਉਜੜਨ ਦੀ ਹਾਲਤ ਨਾ ਪੁੱਛੋ।

ਰਸਤੇ ਵਿਚ ਹੁਣ ਕੋਈ ਮੋੜ ਨਹੀਂ, ਨਾ ਰਾਹੀਉ ਰੋਕ ਏ ਮੰਜ਼ਿਲ ਦੀ,
ਹੁਣ ਮਿਲਦੀ ਮੁਹਲਤ ਨਾ ਪੁੱਛੋ, ਹੁਣ ਲਗਦੀ ਫ਼ੁਰਸਤ ਨਾ ਪੁੱਛੋ।

ਬੱਦਲ ਪਏ ਜਿਉਂ ਕਰ ਰੋਂਦੇ ਨੇ, ਪਿਆ ਤਿਉਂ ਤਿਉਂ ਹੱਸੇ ਬਾਗ਼ ਮੇਰਾ
ਨਾ ਪੁੱਛੋ ਰੂਪ ਅੱਜ ਕਲੀਆਂ ਦਾ, ਫੁੱਲਾਂ ਦੀ ਰੰਗਤ ਨਾ ਪੁੱਛੋ।

ਹੈ ਫ਼ਿਤਰਤ ਇਕ 'ਫ਼ਕੀਰ' ਇਕ ਦੀ, ਦੂਜੀ ਏ ਆਦਤ ਦੂਜੇ ਦੀ,
ਪੁੱਛੋ ਨਾ ਖ਼ਸਲਤ ਜ਼ਾਲਮ ਦੀ ਝੂਠੇ ਦੀ ਤਬੀਅਤ ਨਾ ਪੁੱਛੋ।

84. ਕਰੇ ਉਹ ਜੇ ਕਰਦੈ ਮੇਰੀ ਵਫ਼ਾ ਦਾ ਗਿਲਾ

ਕਰੇ ਉਹ ਜੇ ਕਰਦੈ ਮੇਰੀ ਵਫ਼ਾ ਦਾ ਗਿਲਾ।
ਮੈਂ ਕਰਨਾ ਨਹੀਂ ਕਦੀ ਉਹਦੀ ਕਿਸੇ ਅਦਾ ਦਾ ਗਿਲਾ।

ਕਿਸੇ ਦੇ ਪਿਆਰ ਦਾ ਰੋਗ ਏ ਮੇਰੀ ਤਬਾ ਦਾ ਫ਼ਸਾਦ,
ਤਬੀਬ ਦਾ ਏ ਗਿਲਾ ਕੁਝ ਨਾ ਕੋਈ ਦਵਾ ਦਾ ਗਿਲਾ।

ਨਾ ਉਹ ਏ ਤੇਰੇ ਵਸ ਦੀ ਨਾ ਇਹ ਤੇਰੇ ਵਸ ਦੀ,
ਨਾ ਤੇਰੀ ਸ਼ੋਖ਼ੀ ਦਾ ਏ ਨਾ ਤੇਰੀ ਹਿਆ ਦਾ ਗਿਲਾ।

ਸਿਤਮ ਦਾ ਕਰਮ ਬਣਾਉਣਾ ਤੇਰੀ ਜਫ਼ਾ ਦਾ ਏ ਕੰਮ,
ਨਾ ਬੇਵਸੀ ਦਾ ਮੇਰੀ ਨਾ ਤੇਰੀ ਜਫ਼ਾ ਦਾ ਗਿਲਾ।

ਬੁੱਤਾਂ ਦੇ ਹੁਸਨ ਦੀ ਕਰਦਾ ਮੁਸੱਵਰੀ ਏ ਖ਼ੁਦਾ,
ਬੁੱਤਾਂ ਨੂੰ ਨਿੰਦ ਕੇ ਜ਼ਾਹਿਦ ਨਾ ਕਰ ਖ਼ੁਦਾ ਦਾ ਗਿਲਾ।

ਮੇਰੇ ਅਮਲ ਦੀ ਜਜ਼ਾ ਮੈਨੂੰ ਇਹੋ ਮਿਲਣੀ ਸੀ,
ਕਿਵੇਂ ਕਰਾਂ ਮੈਂ ਤੇਰੇ ਪਿਆਰ ਦੀ ਸਜ਼ਾ ਦਾ ਗਿਲਾ।

ਭੁਚਕ ਖਾਣ ਪਏ ਯਾਰ ਅਪਣੀ ਬੇਰੁਖੀ ਤੋਂ 'ਫ਼ਕੀਰ',
ਹੈ ਬੇਹਵਾਇਆਂ ਨੂੰ ਰਹਿੰਦਾ ਸਦਾ ਹਵਾ ਦਾ ਗਿਲਾ।

85. ਛਾਲਿਆਂ ਦੇ ਹੋਣ ਤੋਂ ਨਾ ਕੰਡਿਆਂ ਦਾ ਮੁੱਲ ਵੇਖ

ਛਾਲਿਆਂ ਦੇ ਹੋਣ ਤੋਂ ਨਾ ਕੰਡਿਆਂ ਦਾ ਮੁੱਲ ਵੇਖ।
ਮਹਿਕਦੇ ਨੇ ਕੰਡਿਆਂ ਵਿਚ ਖਿੜਨ ਵਾਲੇ ਫੁੱਲ ਵੇਖ।

ਤੇਲ ਦੀ ਥਾਂ ਬਾਲ ਮਿੱਟੀ ਆਪਣੀ ਚਾਨਣ ਲਈ,
ਕਰਕੇ ਦੀਵਾ ਸੱਧਰਾਂ ਦਾ ਆਪ ਹੱਥੀਂ ਗੁਲ ਵੇਖ।

ਲੈਣ ਅੱਗੋਂ ਆਉਂਦੀਆਂ ਨੇ ਵੇਖ ਕੀਕਣ ਮੰਜ਼ਿਲਾਂ,
ਮੰਜ਼ਿਲਾਂ ਲਈ ਵਿੱਚ ਰਾਹਵਾਂ ਦੇ ਕਦੀ ਤੂੰ ਭੁੱਲ ਵੇਖ।

ਕੱਖ ਉਡਦੇ ਨੇ ਤੇਰੀ ਬੇਆਸ ਦੁਨੀਆ ਦੇ ਕਿਵੇਂ,
ਵਾਂਗ ਝੱਖੜ ਦੇ ਜ਼ਮਾਨੇ ਤੇ ਜ਼ਰਾ ਤੂੰ ਝੁੱਲ ਵੇਖ।

ਤੈਨੂੰ ਇਨ੍ਹਾਂ ਦਾ ਪਤਾ ਲੱਗੇ ਉਹ ਕਿਹੜੇ ਰਿੰਦ ਨੇ,
ਪਾਰਸਾਵਾਂ ਨਾਲ ਵੀ ਇਕ ਦਿਨ ਜ਼ਰਾ ਕੂ ਖੁੱਲ੍ਹ ਵੇਖ।

ਆਉਂਦੀਆਂ ਨੇ ਵੇਖ ਬੇਦਰਦੀ ਦੀਆਂ ਛਾਵਾਂ ਕਿਵੇਂ,
ਤੂੰ ਪਰਾਏ ਛੱਡ ਦੇ ਅਪਣੇ ਕਿਸੇ ਤੇ ਡੁੱਲ੍ਹ ਵੇਖ।

ਮਾਨ ਕਰ ਲਈਂ ਹੁਸਨ ਦਾ ਵਾਂਗੂੰ ਜ਼ੁਲੈਖ਼ਾ ਸੋਹਣਿਆਂ,
ਮਿਸਰ ਦੇ ਬਾਜ਼ਾਰ ਵਿਚ ਯੁਸਫ਼ ਦਾ ਪੈਂਦਾ ਮੁੱਲ ਵੇਖ।

ਖੱਟਿਆ ਕੀ ਸਾੜ ਕੇ ਦੂਜੇ ਨੂੰ ਸਾੜਨ ਵਾਲਿਆ,
ਕੋਲ ਭੰਵਟ ਦੀ ਸੁਆਹ ਦੀਵੇ ਦਾ ਝੜਿਆ ਗੁਲ ਵੇਖ।

ਛੱਡ ਜਾਸੋਂ ਜਾ ਕੇ ਧੀਮੀ ਰਾਤ ਦੇ ਜਗਰਾਤਿਆਂ,
ਦਰਦ ਦੀ ਘਾਟੀ ਨਾ ਸੁਣ ਦਿਲ ਦਾ ਨਾ ਵਰਕਾ ਥੁਲ ਵੇਖ।

ਬਾਗ਼ ਲਈ ਸੁਨੇਹਾ ਖ਼ਿਜ਼ਾ ਦਾ ਲੈ ਕੇ ਆਉਂਦੀ ਏ ਬਹਾਰ,
ਵੇਖ ਨਾ ਕਲੀਆਂ 'ਫ਼ਕੀਰ' ਐਵੇਂ ਨਾ ਖਿੜਦੇ ਫੁੱਲ ਵੇਖ।

86. ਕਰਨੀ ਬਾਝ ਦਲੀਲੋਂ ਐਵੇਂ ਸੁੱਕੀ ਗੱਲ ਜ਼ੁਬਾਨੀ ਕੀ

ਕਰਨੀ ਬਾਝ ਦਲੀਲੋਂ ਐਵੇਂ ਸੁੱਕੀ ਗੱਲ ਜ਼ੁਬਾਨੀ ਕੀ?
ਬੇਤਦਵੀਰ ਵਜ਼ੀਰੀ ਕਾਹਦੀ ਜ਼ੋਰ ਬਿਨਾ ਸੁਲਤਾਨੀ ਕੀ?

ਰਾਹਬਰੀ ਬਿਨ ਮੁਰਸ਼ਦੀ ਕਾਹਦੀ ਪੀਰੀ ਬਾਝ ਕਰਾਮਤ ਕੀ,
ਬਾਝ ਫ਼ਕੀਰੀ ਤੇ ਸੁਲਤਾਨੀ ਫ਼ਾਰੂਕੀ ਸਲਮਾਨੀ ਕੀ?

ਇੱਕੋ ਜਿਹੇ ਨੇ ਡਰੂ ਬਹਾਦਰ, ਅੰਦਰ ਕੈਦ ਗ਼ੁਲਾਮੀ ਦੇ,
ਪਿੰਜਰਿਆਂ ਵਿਚ ਤੜੇ ਨੇ ਜਿਹੜੇ ਭੁੱਗਲ ਕੀ ਤੇ ਖ਼ਾਨੀ ਕੀ?

ਸੂਤੀਆਂ ਤਲਵਾਰਾਂ ਬਿਨ ਨਾਹੀਂ ਭਿੜ ਹੁੰਦਾ ਦਰਬਾਰੀਆਂ ਦਾ,
ਬੇਹਥਿਆਰੇ ਦਰਬਾਨਾਂ ਨੇ ਕਰਨੀ ਹੈ ਦਰਬਾਨੀ ਕੀ?

ਜੇ ਨਾ ਹੋਣ ਖ਼ਜ਼ਾਨੇ ਗ਼ੈਬੀ ਹੋਵੇ ਨਾਲ ਸਖ਼ਾਵਤ ਨਾ,
ਕਰ ਕੇ ਭੇਸ ਮਦਾਰੀਆਂ ਵਾਲਾ ਪਾਉਣੀ ਗਲ ਵਿਚ ਗਾਨੀ ਕੀ?

ਛਾਲਾਂ ਮਾਰ ਉਛਾਲੇ ਛੋਹਲੇ ਕੰਡਿਆਂ ਤੋਂ ਟੱਪ ਜਾਂਦੇ ਨੇ
ਚੜ੍ਹਦੀ ਹਾਠ ਬਣੇ ਨਾ ਜਿਹੜੀ ਉਠਦੀ ਲਹਿਰ ਤੂਫ਼ਾਨੀ ਕੀ?

ਮੱਖੀਆਂ ਤੇ ਮਰਦਾਰਾਂ ਦੇ ਵਿਚ ਬਹਿਣਾ ਕੰਮ ਏ ਗਿਰਝਾਂ ਦਾ,
ਜ਼ਮੀਨੋਂ ਉੱਚੇ ਹੋਣ ਨਾ ਜਿਹੜੇ ਉਹ ਸ਼ਹਿਬਾਜ਼ ਅਸਮਾਨੀ ਕੀ?

ਕੈਦੀ ਦੁਨੀਆ ਦਾ ਨਹੀਂ ਹੁੰਦਾ ਮੋਮਨ ਬੰਦਾ ਅਕਬਾ ਦਾ,
ਦੁਨੀਆ ਦੁਨੀਆ ਕਰਦਾ ਫਿਰਨੈ ਹੈ ਇਹ ਦੁਨੀਆ ਫ਼ਾਨੀ ਕੀ?

ਸ਼ਿਅਰ 'ਫ਼ਕੀਰ, ਮੇਰੇ ਨੇ ਉੱਘੇ ਨਕਸ਼ ਹਿਆਤੀ ਮੇਰੀ ਦੇ,
ਰਹਿਸੀ ਮੇਰਿਆਂ ਸ਼ਿਅਰਾਂ ਬਾਝੋਂ ਮੇਰੀ ਹੋਰ ਨਿਸ਼ਾਨੀ ਕੀ?

87. ਦਿਲੋਂ ਉਠਦੀ ਹੂਕ ਪਿਆਰ ਦੀ ਨਹੀਂ

ਦਿਲੋਂ ਉਠਦੀ ਹੂਕ ਪਿਆਰ ਦੀ ਨਹੀਂ,
ਸਾਇਆ ਪਵੇ ਜੇ ਦਿਲ ਤੇ ਪਿਆਰ ਦਾ ਨਾ।
ਬੋਲਣ ਜੋਗ ਹੁੰਦੀ ਨਹੀਂ ਜ਼ੁਬਾਨ ਜਦ ਤੱਕ,
ਆਵੇ ਜ਼ਿਕਰ ਜ਼ੁਬਾਨ ਤੇ ਯਾਰ ਦਾ ਨਾ।

ਦਿਲ ਦੇ ਦਰਦ ਦੀ ਗੱਲ ਨਾ ਬਣੇ ਮਹਿਰਮ,
ਜੇ ਨਾ ਗੱਲ ਨੂੰ ਦਰਦ ਦੀ ਲਾਗ ਲੱਗੇ,
ਕਰਦੀ ਕਾਟ ਕੋਈ ਚਾਲ ਤਲਵਾਰ ਦੀ ਨਹੀਂ,
ਦੇਵੇ ਸਾਥ ਜੇ ਕਾਟ ਤਲਵਾਰ ਦਾ ਨਾ।

ਵਧੇ ਸ਼ੋਕ ਨਾ ਮਿਲਣ ਦਾ ਨਾਲ ਜਿਸ ਦੇ,
ਇੰਤਜਾਰ ਕੀ ਉਹ ਇੰਤਜਾਰ ਹੋਇਆ,
ਮੁਲਾਕਾਤ ਉਹ ਕੀ ਮੁਲਾਕਾਤ ਹੋਈ,
ਪਾਏ ਫਾਹ ਜਿਹੜੀ ਇੰਤਜਾਰ ਦਾ ਨਾ।

ਲਿਸ਼ਕ ਦੇਖ ਕੇ ਉਹਦਿਆਂ ਪਟਿਆਂ ਦੀ,
ਦੂਰ ਦੂਰ ਬਿਜਲੀ ਲਿਸ਼ਕਾਂ ਮਾਰਦੀ ਰਹੀ,
ਡਰਦਾ ਉਨ੍ਹਾਂ ਦੀ ਜ਼ੁਲਫ਼ ਦੇ ਸਾਏ ਤੀਕਰ,
ਸਾਇਆ ਪਹੁੰਚਦਾ ਅਕਬਰ ਯਾਰ ਦਾ ਨਾ।

ਮਿੱਟੀ ਵਿਚ ਰੁਲਦੇ ਮੋਤੀ ਰਹੀ ਵਿਹੰਦੀ,
ਲੋ ਕੰਬਦੀ ਟੁਟਦੇ ਤਾਰਿਆਂ ਦੀ,
ਹੰਝੂ ਬੜੇ ਕੀਤੇ ਅਸਾਂ ਨਜ਼ਰ ਉਹਦੀ,
ਬਣਿਆਂ ਫੁੱਲ ਕੋਈ ਉਹਦੇ ਹਾਰ ਦਾ ਨਾ।

ਉਹਦੀ ਭੁੱਲ ਨੇ ਭੁੱਲ ਕੇ ਸਗੋਂ ਆਪੇ,
ਸਾਡੀ ਯਾਰ ਦੀ ਉਮਰ ਦਰਾਜ਼ ਕੀਤੀ,
ਅਸੀਂ ਕਿਵੇਂ ਨਾ ਉਹਨੂੰ ਯਾਦ ਕਰਦੇ,
ਸਾਨੂੰ ਉਹ ਜੇ ਮਨੋਂ ਵਿਸਾਰਦਾ ਨਾ।

ਆਸ਼ਿਕ ਮੁਫ਼ਤੀਆਂ ਵਾਂਗ ਨਹੀਂ ਤਰਕ ਕਰਦੇ,
ਰੀਤ ਇਸ਼ਕ ਦੀਆਂ ਰਵਾਦਾਰੀਆਂ ਦੀ,
ਰੀਝੀ ਆਪ ਸੀ ਦਾਰ ਮਨਸੂਰ ਉੱਤੇ,
ਕਿਉਂ ਉਹ ਹੱਕ ਪਛਾਣਦਾ ਦਾਰ ਦਾ ਨਾ।

ਠਾਠਾਂ ਚਾੜ੍ਹ ਕੇ ਵੀ ਗਈ ਨਾ ਪੇਸ਼ ਕੋਈ,
ਖ਼ੂਨੀ ਸ਼ੂਕਦੇ ਸ਼ੋਹ ਦੀਆਂ ਵਾਛੜਾਂ ਦੀ,
ਯਾਰ ਚੱਲ ਕੇ ਆਪ ਉਲਾਰ ਆਇਆ,
ਸੋਹਣੀ ਜਦੋਂ ਡਿੱਠਾ ਕੰਢਾ ਪਾਰ ਦਾ ਨਾ।

ਡਰਦਾ ਅੱਜ ਨਾ ਚੰਨ ਨੂੰ ਮਾਰ ਕੱਛੇ,
ਗਰਦਿਸ਼ ਸਣੇ ਹੋਇਆ ਪਰੇਸ਼ਾਨ ਫ਼ਿਰਦਾ,
ਜੇ ਕਰ ਖ਼ਾਕ ਨਿਮਾਣੀ ਦੇ ਜ਼ੱਰਿਆਂ ਨੂੰ,
ਅੰਬਰ ਤਾਰੇ ਤਰੋੜ ਕੇ ਮਾਰਦਾ ਨਾ।

ਖ਼ਵਰੇ ਹੋਰ ਕੁਝ ਦਿਨ ਸਾਂਝੇ ਜ਼ਿੰਦਗੀ ਦੇ,
ਕੰਡੇ ਫੁੱਲਾਂ ਦੇ ਨਾਲ ਗੁਜ਼ਾਰ ਲੈਂਦੇ,
ਖੁੱਲ੍ਹੇ ਬਾਗ਼ਾਂ ਦੇ ਵਿਹੜਿਆਂ ਵਿਚ ਹੁੰਦਾ,
ਜੇ ਕਰ ਹੌਸਲਾ ਤੰਗ ਬਹਾਰ ਦਾ ਨਾ।

ਭੁੱਲਿਆ ਜੱਗ ਏ ਦਿਲੋਂ ਡਰ ਮਿਹਰ ਸਾਨੂੰ,
ਉਹਦੀ ਯਾਦ ਕੁਝ ਯਾਦ ਨਹੀਂ ਰਹਿਣ ਦਿੱਤਾ,
ਦਿਲ ਦੁਖਿਆਰ ਦੇ ਦੁਖ ਨਾ ਕਦੀ ਵਧਦੇ,
ਘਟਦਾ ਸਿਤਮ ਜੇ ਕਰ ਸਿਤਮਗਾਰ ਦਾ ਨਾ।

ਸ਼ੁਖ਼ਨਦਾਨ ਹਾਂ ਅਸੀਂ 'ਫ਼ਕੀਰ' ਕਿਉਂ ਨਾ,
ਤੇਰੀ ਹਰਫ਼-ਸ਼ਨਾਸੀ ਦੀ ਦਾਦ ਦਈਏ,
ਹੁੰਦੀ ਨਾ ਐਡੀ ਮਜ਼ੇਦਾਰ ਜੇ ਕਰ,
ਲਾਉਂਦੇ ਗ਼ਜ਼ਲ ਨੂੰ ਕਾਫ਼ੀਆ ਯਾਰ ਦਾ ਨਾ।

88. ਨੀਂਦਰ ਨੂੰ ਤਿਆਗ ਹੁਣ ਤੇ ਖੋਲ੍ਹ ਅੱਖ ਜ਼ਰਾ ਵੇਖ

ਨੀਂਦਰ ਨੂੰ ਤਿਆਗ ਹੁਣ ਤੇ ਖੋਲ੍ਹ ਅੱਖ ਜ਼ਰਾ ਵੇਖ।
ਵੇਖ ਹਸ਼ਰ ਦੇ ਮੈਦਾਨ ਵਿਚ ਅਮਲਾਂ ਦੀ ਜਜ਼ਾ ਵੇਖ।

ਰਾਹ ਟੁਰਦੀ ਤੇਰੀ ਨਜ਼ਰ ਥਿੜਕੇ ਜੇ ਰਾਹੋਂ,
ਮੋਮਨ ਦੀ ਰਜ਼ਾ ਵੇਖ ਕੇ ਮੌਲਾ ਦੀ ਰਜ਼ਾ ਵੇਖ।

ਹੁਣ ਕਰਨਾ ਏ ਜੋ ਕੁਝ ਵੀ ਕਰ ਅਪਣੇ ਖ਼ੁਦਾ ਲਈ,
ਕੀ ਕਰਦਾ ਏ ਮੁੜ ਤੇਰੇ ਲਈ ਤੇਰਾ ਖ਼ੁਦਾ ਵੇਖ।

ਸਮਝਣਗੇ ਪਏ ਬੁੱਤ ਤੇਰੀ ਅੱਖ ਦੇ ਇਸ਼ਾਰੇ,
ਦਿਲ ਦੇ ਜ਼ਰਾ ਸ਼ੀਸ਼ੇ ਥੀਂ ਵਾਹਦਤ ਦੀ ਅਦਾ ਵੇਖ।

ਜ਼ਾਲਮ ਨੂੰ ਜੇ ਜ਼ੁਲਮਾਂ ਦੀ ਸਜ਼ਾ ਦੇਣੀ ਏਂ ਕਰ ਸਬਰ,
ਫ਼ਿਰਔਨਾਂ ਨੂੰ ਦਿੰਦਾ ਏ ਕਿਵੇਂ ਰੱਬ ਸ਼ਜ਼ਾ ਵੇਖ।

ਰੱਖ ਹੌਸਲਾ ਬੇਆਸ ਨਾ ਹੋ ਡਰ ਦਿਆ ਮਰੀਜ਼ਾ,
ਹਰ ਰੋਗ ਦੀ ਮਿਲ ਜਾਂਦੀ ਏ ਦੁਨੀਆ ਤੇ ਦਵਾ ਵੇਖ।

ਤੌਹੀਦ ਦੀ ਹਰ ਮਜਲਿਸ ਏ ਯਕਰੰਗੀ ਦੀ ਮਹਫ਼ਿਲ,
ਨਹੀਂ ਕਰਦੀ ਨਜ਼ਰ ਫ਼ਰਕ ਤੋਂ ਸ਼ਾਹ ਵੇਖ ਗਦਾ ਵੇਖ।

ਦੂਜਿਆਂ ਲਈ ਮਰ ਕੇ ਹੀ ਮਿਲਦੀ ਏ ਹਿਆਤੀ,
ਦੂਜਿਆਂ ਲਈ ਮਰ ਕੇ ਹਿਆਤੀ ਦਾ ਮਜ਼ਾ ਵੇਖ।

ਜਿਸ ਰਾਜ਼ੋਂ ਸੀ ਮੋਮਨ ਕਦੀ ਬਣਿਆ ਕਿਆਮਤ,
ਕਰ ਫ਼ਾਸ਼ ਮੁੜ ਉਹ ਰਾਜ'ਫ਼ਕੀਰ'ਹੁਣ ਨਾ ਛੁਪਾ ਵੇਖ।

89. ਅਰਸ਼ ਦੇ ਪਤਿਆਂ ਤੋਂ ਪਹਿਲਾਂ ਕਰ ਜ਼ਰਾ ਦਿਲ ਦਾ ਪਤਾ

ਅਰਸ਼ ਦੇ ਪਤਿਆਂ ਤੋਂ ਪਹਿਲਾਂ ਕਰ ਜ਼ਰਾ ਦਿਲ ਦਾ ਪਤਾ।
ਲਗਦਾ ਰਾਹੀ ਨੂੰ ਏਂ ਮੰਜ਼ਿਲ ਤੋਂ ਹੀ ਮੰਜ਼ਿਲ ਦਾ ਪਤਾ।

ਸ਼ੌਕ ਬੇਸੁਰਤੇ ਨੂੰ ਹੁਣ ਤੇਰੇ ਪਤੇ ਦੀ ਲੋੜ ਨਹੀਂ,
ਇਹ ਪਤਾ ਥੋੜਾ ਏ ਤੇਰਾ ਨਹੀਂ ਕਿਤੇ ਮਿਲਦਾ ਪਤਾ।

ਜੁੱਬਿਆਂ ਦਸਤਾਰਾਂ ਨੂੰ ਲਗਦਾ ਮੈਂਬਰਾਂ ਤੇ ਨਹੀਂ ਕਦੇ,
ਲਗਦੈ ਸੂਲੀ ਤੇ ਹੀ ਚੜ੍ਹ ਕੇ ਹੱਕ ਬਾਤਿਲ ਦਾ ਪਤਾ।

ਮੁੜ ਕਿਸੇ ਨੂੰ ਨਾ ਖ਼ਬਰੇ ਮਰ ਕੇ ਮਿਲਦੀ ਜ਼ਿੰਦਗੀ,
ਇਸ਼ਕ ਵਿਚ ਕਰਦੇ ਕਦੀ ਆਸ਼ਿਕ ਜੇ ਹਾਸਿਲ ਦਾ ਪਤਾ।

ਬਣਦਾ ਏ ਵਿਚ ਏਸ ਰਾਹ ਦੇ ਅਕਲ ਦਾ ਰਾਹਬਰ ਜਨੂੰ,
ਲਗਦਾ ਸੌਖਾ ਇਸ਼ਕ ਦੀ ਨਹੀਂ ਕਾਰ ਮੁਸ਼ਕਿਲ ਦਾ ਪਤਾ।

ਪਿਆਰ ਦੀ ਮੰਡੀ ਸਿਰਾਂ ਦੇ ਤੋਲਦੀ ਅੰਨ੍ਹੇ ਧੜੇ,
ਨਾ ਪਤਾ ਮਕਤਲ ਦਾ ਲਗਦਾ ਏ ਨਾ ਕਾਤਿਲ ਦਾ ਪਤਾ।

ਵਿਚ ਥਲ ਦੇ ਕਈ ਸ਼ਿੰਗਾਰੀ ਫਿਰਨ ਨਾਜ਼ੁਕ ਡਾਚੀਆਂ,
ਕੈਸ ਬਿਨ ਨਹੀਂ ਲੱਗਦਾ ਲੈਲਾ ਦੀ ਮਹਿਮਲ ਦਾ ਪਤਾ।

ਖੁੱਲ੍ਹਦੇ ਨਾਮਹਿਰਮਾਂ ਤੇ ਮਹਿਰਮਾਂ ਦੇ ਭੇਤ ਨਹੀਂ,
ਨਹੀਂ ਕਿਸੇ ਨਾਕਸ ਨੂੰ ਲਗਦਾ ਮਰਦ ਕਾਮਿਲ ਦਾ ਪਤਾ।

ਦੇ ਨਾ ਸੱਕੇ ਥਲ ਕੋਈ ਪੁੰਨੂੰ ਨੂੰ ਜਦ ਸੱਸੀ ਦੀ ਸੂਹ,
ਇਕ ਇਆਲੀ ਦੱਸਿਆ ਬਿਸਮਿਲ ਨੂੰ ਬਿਸਮਿਲ ਦਾ ਪਤਾ।

ਚੜ੍ਹਦਿਆਂ ਹਾਠਾਂ ਤੇ ਚੜ੍ਹ ਕੇ ਜਾਣ ਵਿੱਛੜ ਯਾਰ ਨੂੰ,
ਦੇਣ ਦਿਲ ਦਰਿਆ ਨਾ ਸ਼ੋਹ ਨੂੰ ਕੋਈ ਸਾਹਿਲ ਦਾ ਪਤਾ,
ਨਾਲ ਨਜ਼ਰਾਂ ਕਰਨ ਪਏ ਸ਼ੀਸ਼ੇ ਦਿਲਾਂ ਦੇ ਚੂਰ ਚੂਰ,
ਸੰਗਦਿਲ ਕਰਦੇ ਕਦੀ ਪੱਥਰ ਦੀ ਸਿਲ ਦਾ ਨਾ ਪਤਾ।

ਆ ਗਿਆ ਜੰਨਤ ਤੋਂ ਵੀ ਬਾਹਰ ਮਗਰ ਧਰਤੀ ਤੇ ਉਹ,
ਲਾਇਆ ਕਿਸ ਅਬਲੀਸ ਨੂੰ ਜ਼ਾਲਿਮ ਤੇ ਜ਼ਾਹਿਲ ਦਾ ਪਤਾ।

ਵਿਚ ਇਹਦੇ ਵਸਦੀ ਏ ਕੀਕਣ ਤਾਰਿਆਂ ਦੀ ਕਾਇਨਾਤ,
ਹੈ ਕੁਝ ਅਸਮਾਨਾਂ ਨੂੰ ਮੇਰੀ ਅੱਖ ਦੀ ਤਿਲ ਦਾ ਪਤਾ।

ਪੁੱਛ ਨਾ ਕਿੰਨੀ ਕੁ ਹੋਈ ਨਜ਼ਰ ਸ਼ਰਮਿੰਦਾ 'ਫ਼ਕੀਰ',
ਦੱਸਿਆ ਦਿਲ ਨੇ ਜਦੋਂ ਦਿਲਬਰ ਦੀ ਮਹਫ਼ਿਲ ਦਾ ਪਤਾ।

90. ਕਦੀ ਕੰਮ ਜਹਾਨ ਦੇ ਰਹੇ ਦੂਜੇ

ਕਦੀ ਕੰਮ ਜਹਾਨ ਦੇ ਰਹੇ ਦੂਜੇ,
ਧੰਦੇ ਕਦੀ ਨੇ ਹਿਜਰ ਵਸਾਲ ਦੇ ਰਹੇ।
ਭਲਾ ਕਰਨ ਲਈ ਦੁਨੀਆ ਦਾ ਵਿਚ ਦੁਨੀਆ,
ਵੇਲੇ ਲੰਘਦੇ ਨੇ ਬੁਰੇ ਹਾਲ ਦੇ ਰਹੇ।

ਅਸਾਂ ਉਮਰ ਸਾਰੀ ਦਿਲਾਂ ਮਹਿਰਮਾਂ ਦੇ,
ਨੇੜੇ ਆਉਣ ਨਾ ਦਿੱਤਾ ਹਨੇਰਿਆਂ ਨੂੰ,
ਪਾਲੋ ਪਾਲ ਦੀਵੇ ਬਲਦੇ ਹੰਝੂਆਂ ਦੇ,
ਪਾਲਾਂ ਪਲਕਾਂ ਦੀਆਂ ਉੱਤੇ ਬਾਲਦੇ ਰਹੇ।

ਰਹੀਆਂ ਸਿੱਧੇ ਸ਼ੁਭਾਅ ਦੇ ਸਿਰ ਚੜ੍ਹੀਆਂ,
ਰੀਤਾਂ ਉਲਟੀਆਂ ਉਲਟ ਜਹਾਨ ਦੀਆਂ,
ਕਦਰਦਾਨ ਕਮਾਲ ਦੇ ਮਿਲੇ ਥੋੜੇ,
ਲੋਭੀ ਬੜੇ ਮਿਲਦੇ ਦੌਲਤ ਮਾਲ ਦੇ ਨੇ।

ਕਰੀਏ ਮਤਲਬੀ ਦੁਨੀਆ ਦਾ ਗਿਲਾ ਕਾਹਦਾ,
ਏਥੇ ਕਰਨੀਆਂ ਭਰਨੀਆਂ ਪੈਂਦੀਆਂ ਨੇ,
ਉਹ ਜੇ ਅੱਜ ਸਾਨੂੰ ਰਹਿੰਦਾ ਟਾਲਦਾ ਏ,
ਕਦੀ ਅਸੀਂ ਵੀ ਆਂ ਉਹਨੂੰ ਟਾਲਦੇ ਰਹੇ।

ਦੇਖੋ ਗੱਲ ਤਕਦੀਰ ਦੀ ਦੋਹੀਂ ਪਾਸੀਂ,
ਕਿਹੜੇ ਵਕਤ ਪਾਬੰਦੀਆਂ ਮੁੱਕੀਆਂ ਨੇ,
ਰਹੇ ਉਹ ਵੀ ਜਵਾਬ ਨਹੀਂ ਦੇਣ ਜੋਗੇ,
ਆਦੀ ਅਸੀਂ ਵੀ ਨਹੀਂ ਸਵਾਲ ਦੇ ਰਹੇ।

ਕਦੀ ਇਨ੍ਹਾਂ ਨਿਕਰਮਿਆਂ ਵਿਚ ਉਨ੍ਹਾਂ,
ਫੇਰ ਪਰਤ ਨਾ ਦੀਦ ਦਾ ਖ਼ੈਰ ਪਾਇਆ,
ਕਾਸੇ ਅੱਖਾਂ ਦੇ ਜਿਨ੍ਹਾਂ ਲਈ ਉਮਰ ਸਾਰੀ,
ਅਸੀਂ ਹੰਝੂਆਂ ਨਾਲ ਹੰਘਾਲਦੇ ਰਹੇ।

ਇਕ ਦਿਨ ਜਾਮ ਦੇ ਫੜਦਿਆਂ ਸਾਰ ਐਵੇਂ,
ਪੈ ਗਈ ਉਨ੍ਹਾਂ ਦੀ ਅੱਖ ਵਿਚ ਅੱਖ ਸਾਡੀ,
ਫੜ ਫੜ ਸਾਨੂੰ ਸੰਭਾਲਦਾ ਰਿਹਾ ਸਾਕੀ,
ਅਸੀਂ ਜਾਮ ਨੂੰ ਫੜ ਫੜ ਸੰਭਾਲਦੇ ਰਹੇ।

ਲਗਦਾ ਪਤਾ ਕੁਝ ਨਹੀਂ ਅਚਨਚੇਤ ਆਇਆ,
ਕਿਹੜਾ ਮੋੜ ਇਹ ਇਸ਼ਕ ਦੇ ਰਾਹ ਦਾ ਏ,
ਰਹਿੰਦੀ ਖਿੱਚ ਏ ਉਨ੍ਹਾਂ ਦੀ ਵਿੱਚ ਦਿਲ ਦੇ,
ਭੋਚਾ ਨਹੀਂ ਇਹ ਹਿਜਰ ਵਸਾਲ ਦੇ ਰਹੇ।

ਮੁੜੇ ਕਦੀ ਬੇਵਸੀ ਵਿਚ ਮੋੜ ਜਿਹੜੇ,
ਉਹ ਇਸ਼ਕ ਦੇ ਰਾਹਵਾਂ ਨੂੰ ਭੁੱਲਦੇ ਨਹੀਂ,
ਕਦੀ ਉਹ ਸਾਨੂੰ ਆਪ ਰਿਹਾ ਲਭਦਾ,
ਕਦੀ ਅਸੀਂ ਉਹਨੂੰ ਆਪ ਭਾਲਦੇ ਰਹੇ।

ਚਾਨਣ ਵਿਚ ਰੁਖ ਦੇ ਲਗਦੀ ਲੌ ਤੀਕਰ,
ਅਸੀਂ ਜਾਗਦੇ ਤਾਰਿਆਂ ਨਾਲ ਜਾਗੇ,
ਪਰੇਸ਼ਾਨੀਆਂ ਕਿਸੇ ਹਨੇਰ ਦੀਆਂ ਅਸੀਂ,
ਨਾਲ ਉਹਦੀਆਂ ਜ਼ੁਲਫ਼ਾਂ ਦੇ ਜਾਲਦੇ ਰਹੇ।

ਬੜਾ ਲੱਭਿਆ ਉਨ੍ਹਾਂ ਦਾ ਅੱਜ ਕਿਧਰੋਂ,
ਸਾਡੇ ਜਿਹਾ ਖ਼ਵਰੇ ਟਾਵਾਂ ਗਾਹਕ ਲੱਭੇ,
ਕਦੀ ਦਿਲਾਂ ਦੀ ਵਿਚ ਟਕਸਾਲ ਚਲਦੇ,
ਸਿੱਕੇ ਜਿਨ੍ਹਾਂ ਦੇ ਹੁਸਨ ਜਮਾਲ ਦੇ ਰਹੇ।

ਅਚਨਚੇਤ ਅੱਜ ਉਹ ਮਿਲ ਗਏ ਵਿਚ ਰਸਤੇ,
ਤਰਫ਼ ਵਾਲਿਆਂ ਦੀ ਇੱਜ਼ਤ ਰੱਬ ਰੱਖੀ,
ਉਹ 'ਫ਼ਕੀਰ' ਅੱਖਾਂ ਨੂੰ ਸਾਂਭਦੇ ਰਹੇ,
ਅਸੀਂ ਅਪਣੇ ਦਿਲ ਨੂੰ ਸੰਭਾਲਦੇ ਰਹੇ।

91. ਦਿਨਾਂ ਚੜ੍ਹਦਿਆਂ ਲਹਿੰਦਿਆਂ ਵਾਂਗ ਉੱਕਾ

ਦਿਨਾਂ ਚੜ੍ਹਦਿਆਂ ਲਹਿੰਦਿਆਂ ਵਾਂਗ ਉੱਕਾ,
ਉਹ ਪਾਬੰਦ ਨਾ ਸ਼ਾਮ-ਸਵੇਰ ਦੇ ਰਹੇ।
ਜਿਹੜੇ ਵਾਂਗ ਤਸਬੀ ਦਿਆਂ ਮਣਕਿਆਂ ਦੇ,
ਰਾਤਾਂ ਨਾਲ ਜਗਰਾਤਿਆਂ ਫੇਰਦੇ ਰਹੇ।

ਧਾਈਂ ਮਾਰ ਕੇ ਰੋਣ ਦੇ ਨਾਲ ਦੱਸੋ,
ਕੀ ਮੁਕਾਬਲਾ ਵਿਰਦ ਵਜ਼ੀਫ਼ਿਆਂ ਦਾ,
ਤਕਵੇ ਰਹੇ ਸਿਰ ਚੜ੍ਹੇ ਜਗਰਾਤਿਆਂ ਦੇ,
ਦੱਬੇ ਜੋਹਦ ਨੇ ਹੇਠ ਸਵੇਰ ਦੇ ਰਹੇ।

ਖ਼ਵਰੇ ਇਨ੍ਹਾਂ ਬਦਮਸਤਾਂ ਤੇ ਚਾਲਬਾਜ਼ਾਂ,
ਅੱਡੇ ਲਾ ਲਏ ਨੇ ਪਾਰਸਾ ਕੀਕਣ,
ਅਸਾਂ ਵਿਚ ਮੈਖ਼ਾਨੇ ਦੇ ਦੇਖਿਆ ਏ,
ਜ਼ਾਹਿਦ ਨਾਲ ਰਿੰਦਾਂ ਹੰਝੂ ਕੇਰਦੇ ਨੇ।

ਇਸ਼ਕ ਅਸ਼ਕ ਦਾ ਵੇਰਵਾ ਕਰਨ ਕੀਕਣ,
ਹਿਜਰ ਹਜਰ ਦਾ ਫ਼ਰਕ ਮਿਟਾਉਣ ਵਾਲੇ,
ਕਾਤਿਬ ਪਿਆਰ ਕਿਤਾਬਤਾਂ ਕੀਤੀਆਂ ਨੇ,
ਫ਼ਰਕ ਜਿਨ੍ਹਾਂ ਵਿਚ ਨਹੀਂ ਜਬਰ ਜ਼ੇਰ ਦੇ ਰਹੇ।

ਉਨ੍ਹਾਂ ਵਿਚ ਕਿਆਮ ਇਮਾਮ ਦੇ ਵੀ,
ਨਾ ਇਮਾਮ ਦਾ ਕਦੀ ਸ਼ੁਮਾਰ ਕੀਤਾ,
ਜਿਹੜੇ ਹੇਜਲੇ ਦਿਲਾਂ ਦੇ ਮਣਕਿਆਂ ਤੇ,
ਮਾਲਾ ਯਾਰ ਦੇ ਨਾਮ ਦੀ ਫੇਰਦੇ ਰਹੇ।

ਲੈ ਕੇ ਚਾਦਰਾਂ ਉਨ੍ਹਾਂ ਇਰਫ਼ਾਨ ਦੀਆਂ,
ਬਾਹਵਾ ਨਿੱਘੀਆਂ ਬੁੱਕਲਾਂ ਮਾਰ ਲਈਆਂ,
ਸੂਤਰ ਵਾਂਗ ਸਿਫ਼ਤਾਂ ਦੇ ਅਟੇਰਨਾ ਤੇ,
ਤੰਦ ਨਜ਼ਰ ਦੀ ਜਿਹੜੇ ਅਟੇਰਦੇ ਰਹੇ।

ਮੰਜ਼ਿਲ ਵੱਲ ਤੌਹੀਦ ਦੀ ਜਾਣ ਲੱਗੇ,
ਲਾਂਭੇ ਵੇਖਦੇ ਨਹੀਂ ਬਾਜ਼ ਦਾਗ਼ਦੇ ਨਹੀਂ,
ਕਬਜ਼ੇ ਜਾ ਕੀਤੇ ਜਿੱਥੇ ਹੈਰਤਾਂ ਨੇ,
ਉੱਥੇ ਵੇਰਵੇ ਨਾ ਮੇਰ-ਤੇਰ ਦੇ ਰਹੇ।

ਗਰਦਿਸ਼ ਉਨ੍ਹਾਂ ਦੀ ਸਣੇ ਅਸਮਾਨ ਦਿੰਦੀ,
ਕਿਉਂ ਨਾ ਗਰਦਿਸ਼ ਚੰਨ ਸਿਤਾਰਿਆਂ ਨੂੰ,
ਸਿਜਦੇ ਜਿਨ੍ਹਾਂ ਦੇ ਫ਼ਰਸ਼ ਜ਼ਮੀਨ ਦੇ ਤੋਂ,
ਹੰਝੂ ਅਰਸ਼ ਦੇ ਫ਼ਰਸ਼ ਤੇ ਕੇਰਦੇ ਰਹੇ।

ਤੋੜੇ ਮਾਨ ਉਨ੍ਹਾਂ ਨੇ ਸ਼ਿਕਾਰੀਆਂ ਦੇ,
ਜਾਲਾਂ ਡਰਦਿਆਂ ਉਨ੍ਹਾਂ ਵੱਲ ਤੱਕਿਆ ਨਾ,
ਅੱਖੀਂ ਨਜ਼ਰ ਸ਼ਹਿਬਾਜ਼ਾਂ ਦੀ ਜਿਨ੍ਹਾਂ ਰੱਖੀ,
ਸੀਨੇ ਜਿਨ੍ਹਾਂ ਦੇ ਜਿਗਰੇ ਸ਼ੇਰ ਦੇ ਰਹੇ।

ਸਿਰਾਂ ਧੜਾਂ ਦੀ ਬਾਜ਼ੀ ਬਗ਼ੈਰ ਰਾਹੀ,
ਸਮਝਣ ਨਾਲ ਰਹਿਣਾ ਉਨ੍ਹਾਂ ਮੰਜ਼ਿਲਾਂ ਦਾ,
ਜਿਨ੍ਹਾਂ ਮੰਜ਼ਿਲਾਂ ਵਾਸਤੇ ਵਿਚ ਰਾਹਵਾਂ,
ਠੇਡੇ ਇਹ ਖਾਂਦੇ ਬੜੀ ਦੇਰ ਦੇ ਰਹੇ।

ਮਤੇ ਦਾਅ ਤਕੜਾ ਕੋਈ ਮਾਰ ਜਾਵੇ,
ਮਾੜੇ ਦੁਸ਼ਮਨ ਨੂੰ ਦਿਲੋਂ ਨਾ ਜਾਣ ਮਾੜਾ,
ਬੜੀ ਵਾਰ ਮੁਕਾਬਲੇ ਅਸਾਂ ਏਥੇ,
ਹੁੰਦੇ ਵੇਖੇ ਨੇ ਪਾ ਤੇ ਸ਼ੇਰ ਦੇ ਰਹੇ।

ਸੁਖ਼ਨ ਮਹਿਕਦੇ ਦਿਲਾਂ ਤੇ ਜਾ ਵੱਜੇ,
ਗੱਲਾਂ ਫੋਕੀਆਂ ਕਿਨ੍ਹਾਂ ਕਬੂਲੀਆਂ ਨੇ,
ਪਾਇਆ ਮੋਤੀਆ ਗਲੀਂ 'ਫ਼ਕੀਰ' ਲੋਕਾਂ,
ਲੱਗੇ ਟਾਹਣੀ ਉੱਤੇ ਫੁੱਲ ਕੇਰਦੇ ਰਹੇ।

92. ਮਜਬੂਰ ਹੋ ਕੇ ਚੱਲ ਨਾ ਮਜਬੂਰੀਆਂ ਨੂੰ ਵੇਖ

ਮਜਬੂਰ ਹੋ ਕੇ ਚੱਲ ਨਾ ਮਜਬੂਰੀਆਂ ਨੂੰ ਵੇਖ।
ਰਾਹੀਆ ਨਾ ਮੰਜ਼ਿਲਾਂ ਦੀਆਂ ਦੂਰੀਆਂ ਨੂੰ ਵੇਖ।

ਰੱਖ ਅਕਲ ਭਾਲ ਟੋਹ ਦੇ ਜਨੂੰਨਾਂ ਦੇ ਨਾਲ,
ਆਸਾਂ ਨਾ ਅੱਧੀਆਂ ਨਾ ਪੂਰੀਆਂ ਨੂੰ ਵੇਖ।

ਚੇਤੇ ਦੀ ਅੱਖ ਖੋਲ੍ਹ ਕੇ ਕਰ ਇਹਦੇ ਅੰਦਾਜ਼ੇ,
ਬੇਦਰਦ ਜ਼ਮਾਨੇ ਦੀਆਂ ਨਾ ਘੂਰੀਆਂ ਨੂੰ ਵੇਖ।

ਅਸਲਾ ਤੂੰ ਵੇਖ ਫ਼ਕੀਰ ਦਾ ਮਦਨੀ ਵੀ ਹੈ ਕਿ ਨਾ,
ਦੋਸ਼ਾਲਿਆਂ ਨੂੰ ਵੇਖ ਤੇ ਨਾ ਭੂਰਿਆਂ ਨੂੰ ਵੇਖ।

ਬਣ ਸਕਦੇ ਬਿਲਾਲ ਨੇ ਹਬਸ਼ੀ ਵੀ ਮੂਰਖਾ,
ਕੌਮਾਂ ਸਫ਼ੈਦ ਗੋਰੀਆਂ ਨਾ ਬੂਰੀਆਂ ਨੂੰ ਵੇਖ।

ਰੋਟੀ ਜੌਂਆਂ ਦੀ ਵਿਚ ਵੀ ਏ ਜ਼ੋਰ ਹੈਦਰੀ,
ਕਣਕਾਂ ਦੇ ਤੂੰ ਪਰੌਠਿਆਂ ਨਾ ਚੂਰੀਆਂ ਨੂੰ ਵੇਖ।

ਦਿਲ ਨੂੰ ਜਗਾ ਕੇ ਸ਼ੋਕ ਦੇ ਬੂਹੇ ਤੇ ਲੈ ਕੇ ਚੱਲ,
ਦਰਬਾਰ ਵੇਖ ਤੇ ਨਾ ਜੀ ਹਜ਼ੂਰੀਆਂ ਨੂੰ ਵੇਖ।

ਤੋਹਫ਼ੇ ਸਿਰਾਂ ਧੜਾਂ ਦੇ ਨਾ ਮੁੜ ਮੁੜ ਕੇ ਵੇਖ ਤੂੰ,
ਮੌਲਾ ਦੀਆਂ 'ਫ਼ਕੀਰ' ਤੂੰ ਮਜਬੂਰੀਆਂ ਨੂੰ ਵੇਖ।

93. ਰੂਪ ਜੀਹਦੇ ਥੀਂ ਅੱਖੀਂ ਦੇਖੀ ਸਦਾ ਬਹਾਰ ਚਮਨ ਦੀ

ਰੂਪ ਜੀਹਦੇ ਥੀਂ ਅੱਖੀਂ ਦੇਖੀ ਸਦਾ ਬਹਾਰ ਚਮਨ ਦੀ।
ਬੁਲਬੁਲ ਜਾਨ ਰਹੀ ਕੁਰਲਾਉਂਦੀ ਖ਼ਾਤਰ ਓਸ ਸਜਣ ਦੀ।

ਹੋਠਾਂ ਉਹਦਿਆਂ ਦੀ ਤੱਕ ਸੁਰਖ਼ੀ ਸੁਰਖ਼ ਯਾਕੂਤ ਗਵਾਚਾ,
ਜੋਹਰੀਆਂ ਦੀ ਨਜ਼ਰਾਂ ਚੋਂ ਉੱਡੀ ਲਾਲੀ ਲਾਲ ਯਮਨ ਦੀ।

ਨੈਣ ਜੀਹਦੇ ਤੱਕ ਵਧਦੀ ਜਾਵੇ ਨਰਗਿਸ਼ ਦੀ ਹੈਰਾਨੀ,
ਵੇਖ ਉਹਦੇ ਵਲ ਸ਼ਰਮੂ ਹੋਵੇ ਨੀਵੀਂ ਅੱਖ ਹਿਰਨ ਦੀ।

ਸ਼ੌਖ਼ ਨਜ਼ਰ ਉਹਦੀ ਨਾ ਕੀਤਾ ਦੂਰ ਹਨੇਰ ਨਜ਼ਰ ਦਾ,
ਸ਼ਾਮੋਂ ਫ਼ਜਰਾਂ ਤੱਕ ਵਿਚ ਅੱਖਾਂ ਲੌ ਲੱਗੀ ਜਿਸ ਚੰਨ ਦੀ।

ਝਾਕੇ ਕਦੀ ਨਾ ਖੋਲ੍ਹੇ ਮੇਰੇ ਉਹਦੀਆਂ ਨੀਵੀਆਂ ਨਜ਼ਰਾਂ,
ਕਦੀ ਤੇ ਨਾਲ ਮੇਰੇ ਉਹ ਲੜਦੇ ਕਦੀ ਤੇ ਵਿਗੜੀ ਬਣਦੀ।

ਲ਼ਬ ਤੱਕ ਸਬਰਾਂ ਆਉਣ ਨਾ ਦਿੱਤਾ ਬਣ ਜਿਸ ਨੂੰ ਫ਼ਰਿਆਦਾਂ,
ਦਬੀ ਰਹੀ ਉਹ ਤਰਲੇ ਲੈਂਦੀ ਸੱਧਰ ਮਨ ਵਿਚ ਮਨ ਦੀ।

ਜਿਸ ਦੀ ਸ਼ੌਖ਼ ਮੁਹੱਬਤ ਮੈਨੂੰ ਲਿਖਣੇ ਸ਼ਿਅਰ ਸਿਖਾਏ,
'ਫ਼ਕੀਰ' ਕਦੀ ਨਾ ਸੁਣ ਕੇ ਦਿੱਤੀ ਉਸ ਨੇ ਦਾਦ ਸੁਖ਼ਨ ਦੀ।

94. ਦਿਲ ਸੀ ਦਰਦ ਵਿਚ ਦਰਦ ਸੀ ਵਿਚ ਦਿਲ ਦੇ

ਦਿਲ ਸੀ ਦਰਦ ਵਿਚ ਦਰਦ ਸੀ ਵਿਚ ਦਿਲ ਦੇ,
ਸਾਜ਼ ਰਾਗ ਵਿਚ ਸੀ ਰਾਗ ਸ਼ਾਜ਼ ਵਿਚ ਸੀ।
ਬਾਅਦ ਮੁੱਦਤਾਂ ਅਪਣੇ ਦਰਸ਼ਨਾਂ ਲਈ,
ਆਈ ਫੇਰ ਹਕੀਕਤ ਮਜਾਜ਼ ਵਿਚ ਸੀ।

ਦੇ ਕੇ ਦਰਦ ਮੇਰੇ ਦਰਦਮੰਦ ਦਿਲ ਨੂੰ,
ਕਿਹੜਾ ਰੋਗ ਜ਼ਮੀਨ ਤੇ ਛੱਡਿਆ ਨਾ,
ਗਰਦਿਸ਼ ਫ਼ਲਕ ਦੀ ਫ਼ਿਕਰ ਦੇ ਪਰਾਂ ਵਿਚ ਸੀ,
ਦਾਈਆ ਅਰਸ਼ ਦਾ ਮੇਰੀ ਪ੍ਰਵਾਜ਼ ਵਿਚ ਸੀ।

ਹੋ ਗਈ ਵਿਚ ਜ਼ੁਲਮਾਤ ਦੇ ਖ਼ਿਜ਼ਰ ਵਾਂਗੂੰ,
ਲੰਬੀ ਉਮਰ ਮੇਰੀਆਂ ਪ੍ਰੇਸ਼ਾਨੀਆਂ ਦੀ,
ਉਹਦੀ ਜ਼ੁਲਫ਼ ਦਰਾਜ਼ ਦਾ ਸਿਲਸਿਲਾ ਵੀ,
ਮੇਰੇ ਗ਼ਮਾਂ ਦੀ ਉਮਰ ਦਰਾਜ਼ ਵਿਚ ਸੀ।

ਦਿਲ ਤੇ ਫੇਰ ਜਾਦੂ ਕੀਤਾ ਅੱਜ ਉਨ੍ਹਾਂ,
ਲੈ ਕੇ ਨਾਲ ਸ਼ੋਖ਼ੀ ਜਾਦੂਗਰੀ ਵਾਲੀ,
ਉਹਦੀਆਂ ਵਿਚ ਅਦਾਵਾਂ ਸੀ ਨਾਜ਼ ਕੋਈ,
ਯਾ ਅਦਾ ਉਹਦੀ ਕਿਸੇ ਨਾਜ਼ ਵਿਚ ਸੀ।

ਹੋਵੇ ਪੁਰੇ ਦੀ 'ਵਾ ਦਾ ਭਲਾ ਜਿਹੜੀ,
ਸਾਡੇ ਤੱਕ ਲੈ ਉਹਦੀ ਆਵਾਜ਼ ਆਈ,
ਦਿਲ ਦੇ ਵਿਚ ਕਿੰਨਾ ਉਤਰ ਗਿਆ ਜਿਹੜਾ,
ਐਸਾ ਕੰਨ ਰਸ ਉਹਦੀ ਆਵਾਜ਼ ਵਿਚ ਸੀ।

ਜ਼ਾਲਮ ਮੌਤ ਦੇ ਰੋਗ ਦਾ ਬਣੀ ਦਾਰੂ,
ਨਜ਼ਰ, ਨਜ਼ਰ ਉਹਦੀ ਨਾਲ ਮਿਲਣ ਵਾਲੀ,
ਉਹਦੇ ਤਾਲਬਾਂ ਦੀ ਫੂਕ ਵਿਚ ਡਿੱਠਾ,
ਜਿਹੜਾ ਦਮ ਈਸਾ ਦੇ ਈਜਾਜ਼ ਦਾ ਸੀ।

ਇਸ ਤੋਂ ਵੱਧ ਸੀ ਉਹ ਚਾਹੁਣ ਵਾਲਿਆਂ ਲਈ,
ਹੈਸਨ ਵੱਧ ਇਸ ਤੋਂ ਉਹਦੇ ਚਾਹੁਣ ਵਾਲੇ,
ਦਿਲ ਅੱਯਾਜ਼ ਦਾ ਜਿਵੇਂ ਮਹਿਮੂਦ ਵਿਚ ਸੀ,
ਜਿਉਂ ਮਹਿਮੂਦ ਦੀ ਨਜ਼ਰ ਅੱਯਾਜ਼ ਵਿਚ ਸੀ।

ਵਿਛੇ ਦਿਲਾਂ ਦੇ ਕਾਅਬਿਆਂ ਵਿਚ ਰਹਿ ਗਏ,
ਸਿਜਦੇ ਸਿਰਾਂ ਜਿਹੜੇ ਉਹਦੇ ਨਾਲ ਕੀਤੇ,
ਮਿਲਿਆ ਪਰ ਨਾ ਕਿਸੇ ਨੂੰ ਇਮਾਮ ਜਿਹੜਾ,
ਮਜ਼ਾ ਉੱਮੀ ਦੀ ਪਿਆਰ ਨਮਾਜ਼ ਵਿਚ ਸੀ।

ਮਿਲਦੀ ਨਜ਼ਰ ਕਿਹੜੀ ਉਹਦੀਆਂ ਨਾਲ ਨਜ਼ਰਾਂ,
ਉਹਦੀਆਂ ਅੱਖਾਂ ਦੀ ਦੀਦ ਨਾ ਕੌਣ ਕਰਦਾ,
ਸੁਰਮਾ ਖ਼ਲਕ ਅਜ਼ੀਮ ਦਾ ਵਿਚ ਅੱਖਾਂ,
ਨਾਜ਼ ਰਹਿਮ ਦਾ ਜੀਹਦੇ ਨਿਆਜ਼ ਵਿਚ ਸੀ।

ਉਹਦੇ ਦਮਾਂ ਦੀ ਸਾਂਝ ਨੇ ਕਰ ਦਿੱਤਾ,
ਸਾਨੂੰ ਦਮਾਂ ਦੇ ਬਾਝ ਗ਼ੁਲਾਮ ਉਹਦਾ,
ਦਿੰਦਾ ਦਮ ਸਾਨੂੰ ਉਹਦੇ ਦਮ ਬਦਲੇ,
ਐਡਾ ਦਮ ਨਾ ਕਿਸੇ ਦਮ ਬਾਜ਼ ਦਾ ਸੀ।

ਉਹਦੇ ਨਾਲ ਉਡਦਾ ਸਦਰਾ ਤੀਕ ਜਾ ਕੇ,
ਬਾਜ਼ ਫ਼ਲਕ ਦਾ ਨਾ ਕੀਕਣ ਘੁਰਕ ਜਾਂਦਾ,
ਨਹੀਂ ਸੀ ਵਿਚ ਜਿਬਰਾਈਲ ਦੇ ਪਰਾਂ ਜਿਹੜਾ,
ਦਮ ਪਰਵਾਜ਼ ਦਾ ਓਸ ਸ਼ਹਿਬਾਜ਼ ਵਿਚ ਸੀ।

ਮੇਰੀਆਂ ਸੁਰਾਂ ਦੇ ਵਾਂਗ 'ਫ਼ਕੀਰ' ਬੜੀਆਂ,
ਸੁਰਾਂ ਸੋਹਣੀਆਂ ਨੇ ਅਜਮੀ ਰਾਗ ਦੀਆਂ,
ਜਿਵੇਂ ਬਾਗ਼ ਪੰਜਾਬ ਵਿਚ ਚਹਿਕਣਾ ਮੈਂ,
ਬੁਲਬੁਲ ਕਦੀ ਕੋਈ ਬਾਗ਼ ਸ਼ੀਰਾਜ਼ ਵਿਚ ਸੀ।

95. ਅਚਾਨਕ ਸਲਾਮ ਹੋਣਾ ਸੀ

ਅਚਾਨਕ ਸਲਾਮ ਹੋਣਾ ਸੀ।
ਮੁੜ ਅਸੀਂ ਨਸ਼ਰ ਆਮ ਹੋਣਾ ਸੀ।

ਇਸ਼ਕ ਦਾ ਮੁੱਢ ਨਾ ਕਿਵੇਂ ਬੱਝਦਾ,
ਨੇਕ ਇਹਦਾ ਅੰਜਾਮ ਹੋਣਾ ਸੀ।

ਤੇਰੇ ਮੁਖੜੇ ਤੇ ਜ਼ੁਲਫ਼ ਤੇਰੀ ਦਾ,
ਤਜ਼ਕਰਾ ਸੁਬਹ ਸ਼ਾਮ ਹੋਣਾ ਸੀ।

ਇਸ਼ਕ ਹੋਰਾਂ ਨਿਵਾ ਲਿਆ ਮੈਨੂੰ,
ਮੈਂ ਕੀਹਦਾ ਇੰਜ ਗ਼ੁਲਾਮ ਹੋਣਾ ਸੀ।

ਇਸ਼ਕ ਦੀ ਕੋਈ ਜ਼ਾਤ ਕਿਉਂ ਹੁੰਦੀ,
ਤੇਰਾ ਇਨਆਮ ਆਮ ਹੋਣਾ ਸੀ।

ਕਿਉਂ ਨਾ ਦੁਨੀਆ ਤੇ ਲੋਕ ਸ਼ਾਹ ਲੈਂਦੇ,
ਪਾਂਧੀਆਂ ਦਾ ਮੁਕਾਮ ਹੋਣਾ ਸੀ।

ਤੂੰ ਜੇ ਬਦਨਾਮ ਯਾਰ ਨਾ ਹੁੰਦਾ,
ਮੇਰਾ ਬਦਨਾਮ ਨਾਮ ਹੋਣਾ ਸੀ।

ਕਿਉਂ ਮੈਂ ਆਦਤ ਨਾ ਪੀਣ ਦੀ ਪਾਈ,
ਹੱਥ ਤੇਰੇ ਜੇ ਜਾਮ ਹੋਣਾ ਸੀ।

ਸ਼ਿਅਰ ਕਹਿੰਦਾ 'ਫ਼ਕੀਰ' ਮੈਂ ਨਾਂ ਕਿਵੇਂ,
ਹੋਰ ਅਜੇ ਇਕ ਖ਼ਿਆਮ ਹੋਣਾ ਸੀ।

96. ਆਇਆ ਸੁਣ ਆਵਾਰਗੀ ਜਾਨੀ ਮੇਰੀ

ਆਇਆ ਸੁਣ ਆਵਾਰਗੀ ਜਾਨੀ ਮੇਰੀ।
ਬਣ ਗਈ ਏ ਅਕਲ ਨਾਦਾਨੀ ਮੇਰੀ।

ਵੇਖਦਾ ਸਾਂ ਮੈਂ ਜਦੋਂ ਸਾਂ ਵੇਖਦਾ,
ਵੇਖਦਾ ਏ ਹੁਣ ਉਹ ਹੈਰਾਨੀ ਮੇਰੀ।

ਉਹਦਾ ਪਰਦਾ ਈ ਏ ਨਜ਼ਾਰਾ ਉਹਦਾ,
ਵੇਖਣਾ ਮੇਰਾ ਏ ਹੈਰਾਨੀ ਮੇਰੀ।

ਭੁੱਲ ਕੇ ਬੰਨੇ ਕਦੀ ਵੇਖੇ ਨਾ ਯਾਰ,
ਬਣ ਗਈ ਪਰਦਾ ਏ ਦਰਬਾਨੀ ਮੇਰੀ।

ਖਹਿ ਕੇ ਲੰਘਣ ਤੇ ਹੀ ਹੋ ਗਈ ਬੋਲ-ਚਾਲ,
ਰਾਸ ਆਈ ਖ਼ੂਬ ਨਾਦਾਨੀ ਮੇਰੀ।

ਧੁਰ ਦੀ ਮਜਬੂਰੀ ਜੇ ਦਿੱਤੀ ਏ ਤੇ ਹੁਣ,
ਆਨ ਤੀਕਰ ਕਰ ਨਿਗੇਹਬਾਨੀ ਮੇਰੀ।

ਇਸ਼ਕ ਮੇਰੇ ਨਾਲ ਏ ਟੁਰਦਾ ਕੰਬਦਾ,
ਹੁਸਨ ਦੀ ਹਿੰਮਤ ਨਹੀਂ ਸ਼ਾਨੀ ਮੇਰੀ।

ਬਾਅਦ ਮੁੱਦਤ ਜ਼ਿੰਦਗੀ ਦੇ ਮਰਨ ਤੋਂ,
ਮੇਰੀ ਹਰ ਮੁਸ਼ਕਿਲ ਏ ਆਸਾਨੀ ਮੇਰੀ।

ਮੇਰੀ ਆਬਾਦੀ ਦਾ ਅੰਦਾਜ਼ਾ ਨਾ ਕਰ,
ਵਸਤੀ ਏ ਜੰਨਤ ਦੀ ਵੀਰਾਨੀ ਮੇਰੀ।

ਦਿਲ 'ਫ਼ਕੀਰ'ਕਹਿੰਦੈ ਕਿ ਸੁਣਦੇ ਹੋਣ ਉਹ,
ਇਹ ਗ਼ਜ਼ਲ 'ਜਾਮੀ' ਤੇ 'ਖ਼ਾਕਾਨੀ' ਮੇਰੀ।

97. ਰੀਸ ਮਜਨੂੰ ਦੀ ਪਿਆ ਕਰੇ ਕੋਈ

ਰੀਸ ਮਜਨੂੰ ਦੀ ਪਿਆ ਕਰੇ ਕੋਈ।
ਇਸ਼ਕ ਦਾ ਹੱਕ ਅਦਾ ਕਰੇ ਕੋਈ।

ਮੇਰਾ ਹਰ ਹਾਲ ਹੈ ਮੇਰੀ ਤਕਦੀਰ,
ਮੇਰੇ ਲਈ ਨਾ ਦੁਆ ਕਰੇ ਕੋਈ।

ਇਸ਼ਕ ਖੱਜਲ ਤੇ ਹੁਸਨ ਬੇਬੁਨਿਆਦ,
ਕਿਸੇ ਗੱਲ ਦਾ ਨਾ ਚਾ ਕਰੇ ਕੋਈ।

ਆਸਾਂ ਬੇਅੰਤ ਦੁਖ ਬੇਓੜਕ ਨੇ,
ਕਿਹੜੇ ਦੁਖ ਦੀ ਦਵਾ ਕਰੇ ਕੋਈ।

ਹੈ ਜੇ ਬਖ਼ਸ਼ਿਸ਼ ਖ਼ਤਾ ਲਈ ਜ਼ਾਹਿਦ,
ਫੇਰ ਕਿਉਂ ਨਾ ਖ਼ਤਾ ਕਰੇ ਕੋਈ।

ਮਾਰ ਗਈ ਜ਼ਿੰਦਗੀ ਜ਼ਮਾਨੇ ਨੂੰ,
ਜ਼ਿੰਦਗੀ ਦਾ ਪਤਾ ਕਰੇ ਕੋਈ।

ਹੈ ਇਰਾਦਾ ਕਿਸੇ ਦੇ ਘਰ ਦਾ ਅੱਜ,
ਮਿਲ ਪਵੇ ਸਹੀ ਖ਼ੁਦਾ ਕਰੇ ਕੋਈ।

ਆਪ ਬੇਆਸਰੇ ਨੇ ਇਹ ਬੰਦੇ,
ਰੱਬ ਦਾ ਆਸਰਾ ਕਰੇ ਕੋਈ।

ਖ਼ਿਜ਼ਰ ਰਾਹਬਰ ਜਵਾਬ ਦੇ ਜਿੱਥੇ,
ਇਸ਼ਕ ਨੂੰ ਰਹਿਨੁਮਾ ਕਰੇ ਕੋਈ।

ਉਹ ਤੇ ਮੁੜ ਮੁੜ 'ਫ਼ਕੀਰ' ਸੁਣਦੇ ਨੇ,
ਫੇਰ ਉੰਜੇ ਸਦਾ ਕਰੇ ਕੋਈ।

98. ਫੇਰ ਅੱਜ ਕਿਸੇ ਦੀ ਖਿਲਰੀ ਜ਼ੁਲਫ਼ ਵਾਂਗੂੰ

ਫੇਰ ਅੱਜ ਕਿਸੇ ਦੀ ਖਿਲਰੀ ਜ਼ੁਲਫ਼ ਵਾਂਗੂੰ,
ਪ੍ਰੇਸ਼ਾਨ ਡਾਢੀ ਸਾਰੀ ਰਾਤ ਗੁਜ਼ਰੀ।
ਦਿਲ ਦੀ ਵਿਚ ਦੁਨੀਆ ਬੜੇ ਚਿਰਾਂ ਪਿੱਛੋਂ,
ਅੱਜ ਦੇ ਫੇਰ ਕੋਈ ਵਾਰਦਾਤ ਗੁਜਰੀ।

ਸਿਤਮਗਰਾਂ ਦੇ ਸਿਤਮ ਦੀ ਯਾਦ ਵਾਂਗੂੰ,
ਭੁਲਦੇ ਨਹੀਂ ਯਾਰਾਂ ਦੇ ਸਲੂਕ ਸਾਨੂੰ,
ਉਦੋਂ ਫੇਰ ਕੋਈ ਯਾਰ ਯਾਦ ਆਇਆ,
ਜਦੋਂ ਯਾਦ ਆਈ ਕੋਈ ਬਾਤ ਗੁਜ਼ਰੀ।

ਸਾਡੀ ਓਪਰੀ ਖ਼ੁਸ਼ੀ ਦੇ ਨਾਲ ਵਾਹਵਾ,
ਵੇਲੇ ਲੰਘਦੇ ਉਮਰ ਅਜ਼ੀਜ਼ ਦੇ ਰਹੇ,
ਲਾ ਕੇ ਕਿਸੇ ਦੇ ਗ਼ਮਾਂ ਨੂੰ ਨਾਲ ਸੀਨੇ,
ਦਿਨ ਈਦ ਤੇ ਰਾਤ ਸ਼ਬਰਾਤ ਗੁਜ਼ਰੀ।

ਖ਼ਵਰੇ ਵਸਦੀਆਂ ਘਟਾਂ ਦੇ ਨਾਲ ਕਿੱਥੋਂ,
ਆਇਆ ਸਾਉਣ ਵਿਛੋੜੇ ਵਿਰਾਗ ਲੈ ਕੇ,
ਉਹਦੇ ਕਿਰਦੇ ਹੰਝੂਆਂ ਦੇ ਵਾਂਗ ਸਾਡੀ,
ਸਾਰੀ ਖ਼ੁਸ਼ਕ ਬਹਾਰ ਬਰਸਾਤ ਗੁਜ਼ਰੀ।

ਹੋਇਆ ਉਹਦੀ ਜਫ਼ਾ ਦੇ ਜੁਰਮ ਦਾ ਨਾ,
ਉਹਦੇ ਨਾਲ ਹਿਸਾਬ ਕਿਤਾਬ ਸਾਥੋਂ,
ਸਾਨੂੰ ਉਹਦੀ ਅਗਲੀ ਮੁਲਾਕਾਤ ਵੇਲੇ,
ਨਾ ਰਹੀ ਯਾਦ ਪਿਛਲੀ ਮੁਲਾਕਾਤ ਗੁਜ਼ਰੀ।

ਪਰੇਸ਼ਾਨ ਬੈਠੇ ਬਣੇ ਭੌਰਿਆਂ ਤੇ,
ਬੜੀ ਵਾਰ ਸੂਫ਼ੀ ਕਹਿੰਦੇ ਸੁਣੇ ਨੇ ਮੈਂ,
ਉਹੋ ਉਮਰ ਸਾਡੀ ਗੁਜ਼ਰੀ ਖ਼ੂਬ ਜਿਹੜੀ,
ਰਿੰਦਾਂ ਨਾਲ ਅੰਦਰ ਖ਼ਰਾਬਾਤ ਗੁਜ਼ਰੀ।

ਸ਼ੋਖ਼ ਬੁੱਤਾਂ ਦੇ ਪਿਆਰ ਵਿਚ ਕਦੀ ਸਾਡੇ,
ਗੁਜ਼ਰੇ ਹੋਣਗੇ ਚਾਰ ਦਿਨ ਜ਼ਿੰਦਗੀ ਦੇ,
ਸਦੀਆਂ ਉਮਰ ਬੈਤੁੱਲਾ ਦੀ ਨਾਲ ਸੀਨੇ,
ਲਾ ਕੇ ਅਜ਼ਾ ਤੇ ਲਾਤ-ਮੁਨਾਤ ਗੁਜ਼ਰੀ।

ਅਬਦ ਤੀਕ ਦੇਖੋ ਉਹਦੀ ਜ਼ਿੰਦਗੀ ਦੀ,
ਧੁਰੋਂ ਕਿਹੀ ਸੋਹਣੀ ਵਾਰਦਾਤ ਬਣ ਗਈ,
ਵਾਰਦਾਤ ਮਹੀਵਾਲ ਦੇ ਨਾਲ ਜਿਹੜੀ,
ਐਵੇਂ ਚਾਰ ਦਿਨ ਵਿਚ ਗੁਜਰਾਤ ਗੁਜ਼ਰੀ।

ਸਾਡੇ ਲਈ ਸਾਡੇ ਦਿਲ ਦੀ ਵਿੱਚ ਦੁਨੀਆ,
ਰਹਿ ਗਈ ਉਮਰ ਦੀ ਉਹ ਯਾਦਗਾਰ ਬਣ ਕੇ,
ਗੁਜ਼ਰੀ ਸ਼ਾਮ ਉਦਾਸ ਕਦੀ ਕੋਈ ਜਿਹੜੀ,
ਜਿਹੜੀ ਕਦੀ ਉਦਾਸ ਭਰ ਰਾਤ ਗੁਜ਼ਰੀ।

ਨਾ ਕੋਈ ਕੀਤਾ ਜਨੂੰਨ ਦਿਮਾਗ਼ ਉੱਤੇ,
ਨਾ ਕੋਈ ਅਕਲ ਨੇ ਦਿਲ ਤੇ ਅਹਿਸਾਨ ਕੀਤਾ,
ਕਰਾਮਾਤ ਸੀ ਕਿਸੇ ਦੇ ਹੁਸਨ ਦੀ ਉਹ,
ਸਾਡੇ ਨਾਲ ਜਿਹੜੀ ਤਿਲਸਮਾਤ ਗੁਜ਼ਰੀ।

ਖਿੜੇ ਬਾਗ਼ ਦੀ ਰੁੱਤ ਬਹਾਰ ਵਾਂਗੂੰ,
ਖਿੜ ਖਿੜ ਹਸਦਾ ਸਮਾਂ 'ਫ਼ਕੀਰ' ਦੱਸੇ,
ਵਸੀ ਵਿਚ ਅੱਖਾਂ ਦੁਨੀਆ ਨੂਰ ਦੀ ਏ,
ਦਿਲ ਦੇ ਅਰਸ਼ ਤੋਂ ਕਦੀ ਬਰਾਤ ਗੁਜ਼ਰੀ।

99. ਅਚਨਚੇਤ ਅੱਜ ਉਨ੍ਹਾਂ ਦੀ ਨਜ਼ਰ ਵਿੱਚੋਂ

ਅਚਨਚੇਤ ਅੱਜ ਉਨ੍ਹਾਂ ਦੀ ਨਜ਼ਰ ਵਿੱਚੋਂ,
ਦਿਲ ਦੇ ਰੋਗ ਦੀ ਕਾਰੀ ਦਵਾ ਨਿਕਲੀ।
ਫੇਰੇ ਅਸੀਂ ਤਬੀਬਾਂ ਦੇ ਮਾਰਦੇ ਰਹੇ,
ਗਲੀ ਯਾਰ ਦੀ ਦਾਰ ਅਲਸ਼ਫ਼ਾ ਨਿਕਲੀ।

ਸੂਰਜ, ਚੰਨ, ਤਾਰੇ, ਕੰਡੇ, ਫੁੱਲ, ਪੱਤਰ,
ਨੈਣ-ਨਕਸ਼ ਮਸਤੀ, ਰੂਪ, ਰੰਗ, ਸ਼ੋਖ਼ੀ,
ਨਿਕਲੀ ਜਦੋਂ ਨਜ਼ਰਾਂ ਨੂੰ ਚੁਰਾਉਣ ਵਾਲੀ,
ਕੋਈ ਨਾ ਕੋਈ ਉਨ੍ਹਾਂ ਦੀ ਅਦਾ ਨਿਕਲੀ।

ਐਵੇਂ ਲੰਘਦਿਆਂ ਅੱਜ ਪੈ ਗਈ ਸਾਡੀ,
ਨਜ਼ਰ ਮਹਿਕਦੀ ਉਨ੍ਹਾਂ ਦੀ ਗਲੀ ਵਿੱਚੋਂ,
ਵੰਡਦੀ ਰੋਜ਼ ਖ਼ੁਸ਼ਬੂਆਂ ਸੀ ਬਾਗ਼ ਅੰਦਰ,
ਉਹਦੀਆਂ ਜ਼ੁਲਫ਼ਾਂ ਦੀ ਚੋਰ ਸਬਾ ਨਿਕਲੀ।

ਗਲੀ ਉਨ੍ਹਾਂ ਦੀ ਵਿਚ ਹੋਈਆਂ ਬੀਤੀਆਂ ਦਾ,
ਦਿਲੋਂ ਕਿਵੇਂ ਨਾ ਸ਼ੁਕਰ ਗੁਜ਼ਾਰਦਾ ਮੈਂ,
ਅਮਰ ਨਿਕਲਿਆ ਉਨ੍ਹਾਂ ਦਾ ਕਦੀ ਕੋਈ,
ਕਦੀ ਕੋਈ ਉਨ੍ਹਾਂ ਦੀ ਰਜ਼ਾ ਨਿਕਲੀ।

ਤਸਬੀ ਬਾਝ ਸੂਫ਼ੀ ਪਾਰਸ਼ਾਹ ਜਜ਼ਬੇ,
ਅੋਗੁਣਹਾਰਿਆਂ ਦਿਲਾਂ ਦੇ ਜਾਣਦੇ ਨੇ,
ਵੱਜੀ ਜਾ ਕੇ ਅਰਸ਼ ਦੇ ਕਿੰਗਰੇ ਤੇ,
ਸਾਡੇ ਦਿਲੋਂ ਜਦ ਵੀ ਕੋਈ ਦੁਆ ਨਿਕਲੀ।

ਉਹਦੀ ਮਿਹਰ ਬੇਹੱਦ ਦੇ ਮਾਨ ਸਾਨੂੰ,
ਆਉਣ-ਜਾਣ ਜੋਗਾ ਕਿਧਰੇ ਛੱਡਿਆ ਨਾ,
ਸਾਡੇ ਵਾਸਤੇ ਵੱਧ ਜਫ਼ਾ ਨਾਲੋਂ,
ਸਿਤਮਗਾਰ ਉਨ੍ਹਾਂ ਦੀ ਵਫ਼ਾ ਨਿਕਲੀ।

ਦਿਲੋਂ ਬੜਾ ਵੱਡਾ ਆਲਮ ਜਾਣ ਉਹਨੂੰ,
ਅਸੀਂ ਹਲ ਕੋਈ ਮਸਲੇ ਦਾ ਸਮਝਦੇ ਰਹੇ,
ਭੁੱਖ ਸ਼ੁਹਰਤ ਦੀ ਮੁੱਲਾਂ ਦੇ ਦਿਲ ਵਿਚੋਂ,
ਸਾਡੇ ਨਾਲ ਝਗੜੇ ਦੀ ਬਿਨਾ ਨਿਕਲੀ।

ਮੈਂ ਇਹ ਸੋਚਦਾ ਸਾਂ ਅੱਜ ਉਹ ਮੇਰੇ,
ਵੱਲ ਕਿਉਂ ਘੂਰੀਆਂ ਵੱਟ ਵੇਖਦੇ ਨੇ,
ਤੇਵਰ ਫੋਲਕੇ ਉਨ੍ਹਾਂ ਦੇ ਜਦੋਂ ਡਿੱਠੇ,
ਵਿੱਚੋਂ ਨਜ਼ਰ ਮੇਰੀ ਦੀ ਖ਼ਤਾ ਨਿਕਲੀ।

ਕਾਰੇਹਾਰ ਤਸੱਬਰ ਦੀ ਕਈ ਵਾਰੀ,
ਰਹਿ ਕੇ ਦੂਰ ਵੀ ਏ ਕਰਾਮਾਤ ਦੇਖੀ,
ਸਾਡੀ ਨਜ਼ਰ ਏਥੋਂ ਉੱਥੇ ਜਾ ਨਿਕਲੀ,
ਉਹਦੀ ਝਾਤ ਉੱਥੋਂ ਏਥੇ ਆ ਨਿਕਲੀ।

ਸਾਨੂੰ ਦੈਰ ਨੇ ਹਰਮ ਵੱਲ ਭੇਜਿਆ ਸੀ,
ਹਰਮ ਮੋੜ ਕੇ ਦੈਰ ਵੱਲ ਭੇਜ ਦਿੱਤਾ,
ਹੈ ਸਾਂ ਕਾਅਬਿਉਂ ਜਿਨ੍ਹਾਂ ਨੂੰ ਗਏ ਲੱਭਣ,
ਸੂਹ ਉਨ੍ਹਾਂ ਦੀ ਏ ਦਿਲ ਦੇ ਦਾ ਨਿਕਲੀ।

ਨਾਲ ਅਪਣੇ ਤੋੜ ਲਿਜਾ ਸਾਨੂੰ,
ਆਂਦਾ ਮੋੜ ਫ਼ਕੀਰ ਮੁਕੱਦਰਾਂ ਨੇ,
ਗਏ ਸਾਂ ਸ਼ੋਕ ਸ਼ਹਾਦਤ ਦਾ ਨਾਲ ਲੈ ਕੇ,
ਗਲ ਯਾਰ ਦੀ ਨਾ ਕਰਬਲਾ ਨਿਕਲੀ।

100. ਹੁੰਦੀ ਏ ਜਿਨ੍ਹਾਂ ਨੂੰ ਨਿਤ ਨਵਿਆਂ ਗ਼ਮਾਂ ਦੀ ਵਾਕਫ਼ੀ

ਹੁੰਦੀ ਏ ਜਿਨ੍ਹਾਂ ਨੂੰ ਨਿਤ ਨਵਿਆਂ ਗ਼ਮਾਂ ਦੀ ਵਾਕਫ਼ੀ।
ਉਹ ਹੀ ਰੱਖਦੇ ਨੇ ਹਿਆਤੀ ਦੇ ਦਮਾਂ ਦੀ ਵਾਕਫ਼ੀ।

ਆ ਕੇ ਬਾਗ਼ੇ ਆਲ੍ਹਣੇ ਜਦ ਦੇ ਖਿਲਾਰੇ ਨੇ ਬਹਾਰ,
ਪੰਛੀਆਂ ਨੂੰ ਹੋਈ ਏ ਤਦ ਦੀ ਖ਼ਿਜ਼ਾਂ ਦੀ ਵਾਕਫ਼ੀ।

ਬੁਲਬੁਲਾਂ, ਫੁੱਲਾਂ ਦਾ ਉੱਥੇ ਕਰਨ ਕੀ ਰਾਖੇ ਖ਼ਿਆਲ,
ਬਾਗ਼ ਨਾਲ ਹੋਵੇ ਨਾ ਜਿੱਥੇ ਬਾਗ਼ੀਆਂ ਦੀ ਵਾਕਫ਼ੀ।

ਮੰਜ਼ਿਲਾਂ ਬੇਦੋਸ਼ੀਆਂ ਦੇ ਨਾਲ ਪਏ ਰੁਸਦੇ ਨੇ ਰਾਹ,
ਨਾ ਰਹੇ ਜੇ ਸੰਗੀਆਂ ਨੂੰ ਸੰਗੀਆਂ ਦੀ ਵਾਕਫ਼ੀ।

ਬੇਥਵੇ ਕਦਮਾਂ ਦੀ ਬੇਵਸ ਟੋਰ ਨਾ ਰਹਿੰਦੀ ਕਦੀ,
ਜੇ ਕਦੇ ਰਾਹੀਆਂ ਨੂੰ ਹੁੰਦੀ ਰਾਹਬਰਾਂ ਦੀ ਵਾਕਫ਼ੀ।

ਜ਼ਿੰਦਗੀ ਦੇ ਰਾਹ 'ਚ ਆਈ ਸੀ ਆਜ਼ਾਦੀ ਦੀ ਮੋੜ,
ਵੈਰ ਜਿਸ ਦਾ ਬਣ ਗਈ ਪਰ ਸੱਜਣਾਂ ਦੀ ਵਾਕਫ਼ੀ।

ਚੰਗਿਆਂ ਨੂੰ ਜੱਗ ਤੇ ਗਾਉਂਦੇ ਨੇ ਭੈੜੇ ਲੋਕ ਪਏ,
ਹੋ ਗਈ ਭੈੜੀ ਏ ਡਾਢੀ ਚੰਗਿਆਂ ਦੀ ਵਾਕਫ਼ੀ।

ਹੁਣ ਤੇ ਬਣਦੀ ਗੱਲ ਸੀ ਰਿੰਦਾਂ ਨੂੰ ਫ਼ਤਵੇ ਲੱਗਦੇ,
ਕਾਜ਼ੀਆਂ ਦੀ ਵਾਕਫ਼ੀ ਸੀ ਮੁਫ਼ਤੀਆਂ ਦੀ ਵਾਕਫ਼ੀ।

ਤੱਕਦੇ ਨੇ ਉਹ ਹੀ ਰਾਤਾਂ ਦੇ ਹਨੇਰੇ ਸਿਲਸਲੇ,
ਹੁੰਦੀ ਨੇ ਜਿਨ੍ਹਾਂ ਨੂੰ ਜ਼ੁਲਫ਼ਾਂ ਦੇ ਖ਼ਮਾਂ ਦੀ ਵਾਕਫ਼ੀ।

ਅਕਲਮੰਦਾਂ ਦੇ ਸਲੂਕਾਂ ਹੈਨ ਮੱਤਾਂ ਮਾਰੀਆਂ,
ਕੱਢੀਏ ਕਿੱਥੋਂ 'ਫ਼ਕੀਰ' ਹੁਣ ਪਾਗਲਾਂ ਦੀ ਵਾਕਫ਼ੀ।

  • Previous......(1-50)
  • Next.....(100-154)
  • ਮੁੱਖ ਪੰਨਾ : ਸੰਪੂਰਣ ਕਾਵਿ, ਡਾ. ਫ਼ਕੀਰ ਮੁਹੰਮਦ 'ਫ਼ਕੀਰ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ