Punjabi Dohre

ਮਿਲੇ-ਜੁਲੇ ਪੰਜਾਬੀ ਦੋਹੜੇ


ਉੱਚੀ ਵੱਗੇ ਰਾਵੀ, ਕਾਈ ਝਿਕੀ ਵੱਗੇ ਝਨਾਂ ਏ । ਭਾਈਆਂ ਬਾਝ ਨ ਜੋੜੀਆਂ, ਕਾਈ ਪੁਤਰਾਂ ਬਾਝ ਨ ਨਾਂ ਏ । ਸੁਆਣੀਂ ਰੋਵੇ ਦੋ ਚਾਰ ਦਿਹਾੜੇ, ਕਾਈ ਭੈਣ ਰੋਂਦੀ ਛੇ ਮਾਂਹ ਏ । ਭਾਈ ਰੋਂਦੇ ਨੀ ਉਮਰਾ ਸਾਰੀ, ਤਰੁਟ ਵੈਂਦੀ ਜਿਨਾਂ ਦੀ ਬਾਂਹ ਏ । *** ਅਸੀਂ ਜੋਗੀ ਜੋਗ ਕਮਾਵਣ ਵਾਲੇ, ਵੇਖ ਮਹੂਰਤ ਟੁਰਦੇ । ਘਰ ਘਰ ਮਾਈ ਤੇ ਬਾਪ ਅਸਾਡਾ, ਅਸੀਂ ਕਾਮ ਕਰੋਧੂੰ ਡਰਦੇ । ਹੀਰ ਨਿਮਾਣੀਂ ਚੁਪ ਚੁਪਾਤੀ, ਕਾਈ ਭਰ ਕੇ ਘੁਟ ਸਬਰ ਦੇ । ਦੇਹ ਦੀਦਾਰ ਚਾ ਹੀਰ ਨੀਂ ਮੋਈਏ, ਕਾਈ ਪਰਦੇ ਲਾਹ ਹੁਨਰ ਦੇ । *** ਅੱਖੀਂ ਦੇ ਨਾਲ ਅੱਖੀਆਂ ਰਲੀਆਂ, ਵੰਝ ਇਸ਼ਕ ਦੀ ਮੌਜ ਨੂੰ ਵੜੀਆਂ। ਪਾਣੀ ਦੇ ਵਿਚ ਜਾਲ ਜਿਨ੍ਹਾਂ ਦੀ, ਆਖਣ ਸੜੀਆਂ ਸੜੀਆਂ। ਯਾਰ ਜਿਨ੍ਹਾਂ ਦੇ ਨਿੱਤ ਪਰਦੇਸੀ, ਉਹ ਰਾਹ ਭੁਲੇਂਦੀਆਂ ਨ ਖੜੀਆਂ। ਆਖ ਫ਼ਰੀਦ ਸੜਨ ਉਹ ਅੱਖੀਆਂ, ਜੋ ਲੱਗੀਆਂ ਤੋੜ ਨ ਚੜ੍ਹੀਆਂ, ਕਰਮਾਂ ਸੜੀਆਂ। *** ਅੱਧੀ ਅੱਧੀ ਰਾਤੀਂ ਨ ਛੇੜ ਮਹੀਂ ਨੂੰ, ਮੈਂ ਹੀਰ ਹੁੜੇਨੀਆਂ ਤੈਨੂੰ। ਬੂਟੇ ਬੂਟੇ ਨਾਂਗ ਪਲਮਦੇ, ਮੱਤਾਂ ਡੰਗ ਮਰੇਂਨੀਂ ਤੈਨੂੰ। ਚੂਚਕ ਬਾਬਲ ਦਾ ਕੀ ਕੁਝ ਵੈਸੀ, ਮੀਆਂ ਬਾਲ ਰੰਡੇਪਾ ਮੈਨੂੰ। ਗੁਲਾਮ ਫ਼ਰੀਦ ਤੂੰ ਦਿਲ ਦਾ ਮਾਹਰਮ, ਮੈਂ ਹਾਲ ਸੁਣੈਸਾਂ ਕੈਹਨੂੰ। *** ਆਸ਼ਕ ਦਾ ਦਿਲ ਕਾਅਬਾ ਹੋਂਦਾ ਏ, ਮਾਸ਼ੂਕ ਦਿਲ ਦੀ ਕਾਲੀ । ਮਾਸ਼ੂਕ ਮਰੇਂਦੇ ਦੇਹੁੰ ਡੀਵੀਂ ਡਾਕੇ, ਆਸ਼ਕ ਰਾਹਣ ਸੁਆਲੀ । ਆਸ਼ਕ ਪਟਣ ਨਾਹਰ ਇਸ਼ਕ ਦੀ, ਮਾਸ਼ੂਕ ਰਾਹਣ ਵਿਚ ਮਾਹਲੀਂ । ਫ਼ਾਜ਼ਲ ਇਸ਼ਕ ਪਕਾਇਆ ਉਹਨਾਂ, ਜਿਨ੍ਹਾਂ ਰਾਤ ਕਪੂਰ ਤੇ ਜਾਲੀ । *** ਆਤਣ ਬੈਠ ਰੁੰਨੀ ਦਿਲ ਭੈੜੀ, ਮੈ ਕੂੰ ਲੋਕ ਕਰੇਨ ਬਖੇੜੇ । ਅੰਮਾਂ ਬਾਬਾ ਕਹਿਰ ਕੀਤੋਈ, ਜਿਨ੍ਹਾਂ ਸੱਡ ਬਹਾਏ ਨੀ ਖੇੜੇ । ਹਿਕ ਦਿਲ ਆਪਣੀ ਉਹ ਲੈ ਗਿਆ ਰਾਂਝਣ, ਹਭੋ ਦੁਸ਼ਮਣ ਵੱਸਦੇ ਨੀ ਜਿਹੜੇ । ਰਾਂਝਣ ਰਾਂਝਣ ਵੱਤਾਂ ਕੁਕੇਂਦੀ, ਮੈਂ ਭੱਜ ਵੱਗਾਂ ਵਿਚ ਵੇਹੜੇ । *** ਆ ਵੇ ਮਾਹੀ ਤੈਂ ਕੂੰ ਅਲ੍ਹਾ ਘਿਨ ਆਵੇ, ਕਿਉਂ ਚਾਤੋ ਦਿਲ ਕੁਰਾੜੀ। ਉਮੈਦ ਹਾਈ ਲੱਖਾਂ ਦੀ ਮੈਕੂੰ, ਤੈਂ ਤਾਂ ਹਿਕਾਂ ਤੋੜ ਨ ਚਾਹੜੀ। ਡੇਖ ਕੇ ਹਾਲ ਗਰੀਬੀ ਦਾ, ਖਿਲ ਹੱਸ ਮਰੇਨਾ ਏਂ ਤਾੜੀ। ਮੰਦਾ ਥੀਵੇ ਫ਼ਰੀਦ ਉਨ੍ਹਾਂ ਦਾ, ਜਿਨ੍ਹਾਂ ਵੱਸਦੀ ਝੋਕ ਉਜਾੜੀ। *** ਆ ਵੇ ਮਾਹੀ ਤੈਂਡੇ ਆਵਣ ਦੇ, ਮੈਂ ਤਾਂ ਲੱਖ ਅਹਿਸਾਨ ਮਨੇਸਾਂ, ਕਦਾਂ ਲਹੇਸਾਂ । ਆਉਂਦਾ ਡੇਖ ਤਾਂ ਡੇਸਾਂ ਸਿਜਦੇ, ਇਸਤਕਬਾਲ ਕਰੇਸਾਂ, ਕਦਮ ਚੁਮੇਸਾਂ । ਵਕਤ ਆਵਣ ਗਲ ਲਾਵਣ ਦੇ ਥੀਂ, ਮੈਂ ਤਾਂ ਸਾਵਣ ਸਬਜ਼ੀਆਂ ਦੇਸਾਂ, ਛਡ ਛਡ ਵੇਸਾਂ । ਈਏਂ ਸੇਂਗੀਆਂ ਤਾਣ ਕਰੇਂਦੀਆਂ, ਤੂੰ ਸੱਡ ਤੈਂਡਾ ਹੁਸਨ ਡਖੇਸਾਂ, ਘੋਲ ਘਤੇਸਾਂ । ਆਖ ਨੌ-ਰੋਜ਼ਾ ਮਰ ਵੈਸੀਆ ਜਿੰਦੜੀ, ਮਿਠੜਾ ਜੋਬਨ ਡੇਸਾਂ, ਤਾਂ ਗਲ ਲੇਸਾਂ । *** ਆ ਵੇ ਮਾਹੀ ਮੰਨ ਨਾਮ ਖ਼ੁਦਾ ਦਾ, ਕਿਉਂ ਵਤਨਾਂ ਤੂੰ ਦਿਲ ਚਾਏ ਨੀਂ । ਛੋੜ ਟਿਕਾ ਵੇਂ, ਵਤਨ ਵਿਗਾਨੇਂ, ਵੰਝ ਪ੍ਰਦੇਸ ਸੁਹਾਏ ਨੀਂ । ਟੋਕਾਂ ਕਰਦੀਆਂ ਸੇਂਗੀਆਂ ਸਈਆਂ, ਖਿਲ ਦੇ ਹੱਕ ਸਮਝਾਏ ਨੀਂ । ਸਾਂਵਲ ਸਾਨੂੰ ਇਸ਼ਕ ਕੁਲਲੜੇ, ਕਾਈ ਰੁਕ ਦੇ ਚਣੇ ਚਬਾਏ ਨੀਂ । *** ਆ ਵੇ ਮਾਹੀ ਰੱਬ ਸਾਵਣ ਲਾਇਆ, ਦਰ ਦਰ ਹੋਈਆਂ ਝਿਕਾਂ । ਅੰਦਰ ਵੜਾਂ ਤਾਂ ਹੁਸੜ ਘਨੇਰਾ, ਬਾਹਰ ਨਿਕਲਾਂ ਤਾਂ ਧੁਪਾਂ । ਪੱਟ ਪੱਟ ਕਾਨੀਆਂ ਜ਼ੁਲਫ਼ਾਂ ਵਾਲੀਆਂ, ਖ਼ਤ ਮਾਹੀ ਵਲ ਲਿਖਾਂ । ਮੁਦਤ ਪਿਛੂੰ ਰੱਬ ਯਾਰ ਮਿਲਾਇਆ, ਹੁਣ ਗੱਲਾਂ ਕਰਾਂ ਜਾਂ ਰੁਸਾਂ । *** ਇਸ਼ਕ ਜਿਨ੍ਹਾਂ ਦੇ ਮਥੇ ਲਿਖਿਆ, ਉਹ ਹੈਨ ਦਰਵੇਸ਼ ਅੱਲਾਹ ਦੇ । ਕਰੇਨ ਬਖੀਲੀ ਬੱਧੇ ਜਾਵਣ; ਉਹ ਭਾਰੇ ਚਾ ਗੁਨਾਹ ਦੇ । ਉੱਮਤ ਖਾਸ ਨਬੀ ਦੀ ਜਿਹੜੇ, ਉਹ ਪਹੁਤੇ ਵਿਚ ਦਰਗਾਹ ਦੇ । ਉਹ ਛੁਟ ਜਾਵਣ ਪਾਕ ਜਨਾਬੂੰ, ਜਿਹੜੇ ਬੱਧੇ ਨਾਲ ਸ਼ਰ੍ਹਾ ਦੇ । *** ਇਸ਼ਕ ਤੇ ਆਤਸ਼ ਦੋਹੇਂ ਬਰਾਬਰ, ਜ਼ਰਾ ਆਤਸੂੰ ਇਸ਼ਕ ਚੰਗੇਰਾ। ਆਸ਼ਕ ਸਾੜੇ ਕੱਖ ਤੇ ਕਾਨੇਂ, ਅੱਲਾ ਇਸ਼ਕ ਸੜੇਂਦਾ ਈ ਜੇਰਾ। ਆਤਸ਼ ਬੁਝਦੀ ਨਾਲ ਪਾਣੀ ਦੇ, ਦਸੋ ਇਸ਼ਕ ਦਾ ਦਾਰੂੰ ਕੇਹੜਾ। ਇਸ਼ਕ ਦਾ ਤਾ ਠੰਡਾ ਥੀਵੇ, ਜਿਦੂੰ ਦਿਲਬਰ ਪਾਵਸੁ ਫ਼ੇਰਾ। *** ਸੱਸੀ ਨੂੰ ਮਾਂ ਮੱਤੀ ਦੇਂਦੀ, ਧੀਆਂ ਛੱਡ ਬਲੋਚਾਂ ਦੀ ਯਾਰੀ। ਅਗਲੀ ਰਾਤ ਮਕਾਮ ਜਿਨ੍ਹਾਂ ਦਾ, ਪਿਛਲੀ ਰਾਤ ਤਿਆਰੀ। ਉਚੇ ਟਿਬੇ ਚੜ ਚੜ ਤਕਸੇਂ, ਜਾਂਦੇ ਉਠ ਕਤਾਰੀ। ਰੁਲ ਮਰਸੇਂ ਤੂੰ ਵਿਚ ਥੱਲਾਂ ਦੇ, ਤੇ ਰੁਲਸੀਂ ਉਮਰਾ ਸਾਰੀ । *** ਸਾਵਣ ਮਾਹ ਸਈਆਂ ਸੀਸ ਗੁੰਦਾਏ, ਮੈਂਡੇ ਜ਼ੁਲਫ਼ਾਂ ਗਲ ਵਿਚ ਪਈਆਂ। ਸੱਸੀ ਵਾਂਗ ਸੁਤੀ ਛੱਡ ਟੁਰਿਆ, ਮੈਂ ਰਾਹ ਤਕੇਂਦੀ ਰਹੀਆਂ। ਪੀਂਘ ਹੁਲਾਰੇ ਚੜ੍ਹਨੀਂ ਹਾਈਆ, ਜੇਹੜੀ ਵਾਂਗ ਗੰਦਲ ਟੁੱਟ ਪਈਆਂ। ‘ਹਸਨ' ਨਿਮਾਣੀ ਕਿਥੇ ਕਜਲਾਂ ਘੱਥਾਂ, ਮੈਂਡੇ, ਨੈਣੀਂ ਨਦੀਆਂ ਵਹੀਆਂ। *** ਸਾੜ ਘਤਾਂ ਤੈਨੂੰ ਬੋਛਣਾਂ, ਤੂੰ ਤਾਂ ਆਸ਼ਕਾਂ ਮੂਲ ਨ ਭਾਵੇਂ । ਮਰੀ ਬੁਣੇਂਦੀਂ, ਸੜੀ ਤਣੇਂਦੀ, ਤੂੰ ਕੱਤਦੀ ਦਾ ਸਿਰ ਖਾਵੇਂ । ਜਿਹੜੇ ਵੇਲੇ ਸਾਨੋ ਆਮਦਾ ਵੇਖੇ, ਝੁਕ ਝੁਕ ਮੂੰਹ ਤੇ ਆਵੇਂ । ਜਿਵੇਂ ਸਾਕੂੰ ਰੰਜਾਈਓ ਬੋਛਣਾਂ, ਸ਼ਾਲਾ ! ਆਪ ਵੀ ਰੰਜਿਆ ਜਾਵੇਂ । *** ਸੂਰਤ ਵਾਲੇ ਮਾਣ ਕਰੇਂਦੇ, ਟੁਰਦੇ ਸੀਨਾ ਕਢ ਕੇ। ਸੂਰਤ ਦੀ ਮਗਰੂਰੀ ਕੋਲੂੰ, ਸਾਡੀ ਗਲ ਨ ਸੁਣਦੇ ਖੜ੍ਹਕੇ। ਲਗਨੀ ਭਾਹ ਤੇ ਹੋਵਨ ਸੁਆਹ, ਸ਼ਾਲਾ! ਜਾਵੀ ਸੀਨਾ ਸੜ ਕੇ। ਆਖ ਫ਼ਰੀਦ ਜਿਨ੍ਹਾਂ ਯਾਰ ਰਿੰਝਾਏ, ਉਹ ਸੇਜ ਨ ਮਾਨਣ ਚੜ੍ਹ ਕੇ। *** ਹਾਲ ਮੈਂਡਾ ਅੱਲਾ ਪਾਕ ਜਾਣੇਂ, ਤੇ ਮੈਨੂੰ ਲੋਕ ਕਹਿਣ ਪਰਮੇਹੇ। ਆਖ ਗਏ ਤੇ ਵਲ ਨ ਆਏ, ਸਾਡੇ ਯਾਰ ਵੀ ਈਹੋ ਜੇਹੇ। ਕੂੜੇ ਕੌਲ ਇਕਰਾਰ ਕੀਤੋਂ ਨੇਂ, ਤੇਰੇ ਬੇ-ਇਤਬਾਰ ਸੁਨੇਹੇ। ਆਖ ਫ਼ਰੀਦ ਜਿਥੇ ਨੇਹੁੰ ਲੱਗਾ, ਓਥੇ ਲੇਖੇ ਕਰਨੇਂ ਕੇਹੇ। *** ਕਾਸਦ ਪਠਾਂ ਯਾ ਮੈਂ ਆਪ ਵੰਝਾਂ, ਲਿਖਾਂ ਚਿੱਠੀਆਂ ਜਾਂ ਹਾਲ ਪਛਾਵਾਂ। ਪਾੜ ਕੇ ਚੋਲਾ, ਲਾਜ ਵਾਲਾ। ਗਲ ਕਫ਼ਨੀਂ ਪ੍ਰੀਤ ਦੀ ਪਾਵਾਂ। ਛੋੜ ਕੇ ਝੇੜੇ ਖੇੜਿਆਂ ਵਾਲੇ, ਬੂਹੇ ਯਾਰ ਦੇ ਅਲਖ ਜਗਾਵਾਂ। ਆਪਣੀ ਤੋੜ ਫ਼ਰੀਦ ਨਿਭਾਵਾਂ, ਅਗੂੰ ਭਾਵਾਂ ਖਾਹ ਨਾ ਭਾਵਾਂ। *** ਕੇਹੀ ਖੁਸ਼ਖਬਰੀ ਆਣ ਸੁਣਾਈ, ਤੈਂਡੇ ਯਾਰ ਦੀ ਆਮਦ ਅਜ ਏ । ਸੁਣਨ ਸੇਤੀ, ਨਿਹਾਲ ਥੀ ਗਈਅਮ, ਅਤੇ ਮੂਝ ਗਈ ਸੱਭ ਭੱਜ ਏ । ਸ਼ਮਸ਼ੋ-ਕਮਰ ਥੀਂ ਪਾਸੇ ਖੜਸਨ, ਤੇ ਡੇਖ ਉਂ ਦੀ ਧਜ ਵਜ ਏ । 'ਆਰਜ਼' ਜੇ ਰੱਬ ਰਾਜ਼ੀ ਹੋਸੀ, ਤਾਂ ਦੀਦਾਰੇ ਕਰੇਸੂੰ ਰੱਜ ਏ । *** ਕੇਡੇ ਗਿਲੇ ਘਲੇ ਨੀਂ ਦੀਗਰ, ਮੈਂਡੇ ਦਿਲ ਦੀ ਹਿਕ ਨ ਸੁਣੀਆਂ । ਟੁਰ ਗਏ ਤੋਂਹ ਸੱਜਣ ਦੇ ਪਿਛੂੰ, ਮੈਂ ਵੱਧ ਮੁਹਾਠਾਂ ਰੁੰਨੀਆਂ । ਕੁਠਾ ਦਿਲ ਕੀਤੋ ਈ ਬੇਰੇ, ਕੇਈ ਝੋਕਾਂ ਹੋਈਆਂ ਸੁੰਞੀਆਂ । ਰਾਹ ਢੂੰਡੇਂਦੀ ਬੌਰੀ ਥਈਅਮ, ਮੈਂਡੇ ਦਿਲ ਦੀ ਕਾਈ ਨ ਪੁੰਨੀਆਂ । *** ਚੜ੍ਹ ਚੜ੍ਹ ਵੇਖਾਂ, ਬਾਰ ਜੰਗਲ ਕੂੰ, ਵੈਂਦੇ ਨੀ ਹੋਤ ਕਤਾਰੀ । ਡਰਦੀ ਮਾਰੀ ਸਦ ਨ ਮਾਰਾਂ, ਮੱਤਾਂ ਫ਼ਰਕ ਪਵੇ ਵਿਚ ਯਾਰੀ । ਉੱਡਿਆ ਬਾਜ਼ ਹੱਥੀਂ ਨਾ ਆਵੇ, ਮੈਂ ਕੇ ਕਰਾਂ ਵਿਚਾਰੀ । ਬਾਦਸ਼ਾਹ ਕੂੰ ਪਮਦੇ ਕਜ਼ੀਏ, ਇਹ ਸੱਸੀ ਕੌਣ ਵਿਚਾਰੀ । *** ਚੰਨ ਮੁਬਾਰਕ ਮੈਂ ਕੈਂਹਿ ਨੂੰ ਆਖਾਂ, ਮੇਰੇ ਬੇਲੀ ਜਾਂਦੇ ਨੀ ਰੁਠੇ । ਗਲੀਆਂ ਦੇ ਵਿਚ ਫ਼ਿਰਨ ਨਿਮਾਣੇਂ, ਜਿਹੜੇ ਦੂੰਹ ਨੈਣਾਂ ਦੇ ਕੁਠੇ । ਹਿੰਝੂ ਝੜ ਚੋਲੀ ਤੇ ਪਈਆਂ, ਜਿਵੇਂ ਮੀਂਹ ਸਾਵਣ ਦੇ ਵੁਠੇ । ਆ ਸਜਨੁ ਰਲ ਗਲ ਮਿਲਾਹੇਂ, ਕਿਤੇ ਮਰ ਵੀ ਨ ਵੰਝੀਏ ਰੁਠੇ । *** ਜਿਤ ਵਲ ਯਾਰ ਉਤੇ ਵਲ ਕਾਅਬਾ, ਮੈਂ ਹਜ ਕਰਾਂ ਦਿਹੁੰ ਰਾਤੀਂ । ਅਮਲਾਂ ਨਾਲ ਭਰੇਂਦੇ ਨੀਂ ਸਖਣੇ, ਓਥੇ ਕੌਣ ਪੁਛੇਂਦਾ ਏ ਜ਼ਾਤੀ । ਨ ਗੁਣ ਰੂਪ ਨ ਦੌਲਤ ਪੱਲੇ, ਹਿਕ ਓਂਦੀ ਜ਼ਾਤ-ਪਛਾਤੀ । ਆ ਵੜ ਸਾਂਵਲ ਮੇਰੇ ਵੇਹੜੇ, ਮੈਂ ਘਤਸਾਂ ਘੋਲ ਹਯਾਤੀ । *** ਜੀਭ ਕਲਮ ਦਿਲ ਕਾਗਲ ਥਿਆ, ਤੇ ਮੱਸ ਅਖੀਂ ਦਾ ਕਜਲਾ । ਹਭੋ ਗਿਲੇ ਤੈਂਡੇ ਵਟਲੇ ਕੀਤੋਮੁ ਹਿਕ ਨ ਤੈਂ-ਦਿਰ ਅੱਲਾ । ਨੇਕਾਂ ਕੇਹੀਆਂ ਕੀਤੀਆਂ ਨੀਂ ਸਜਣ, ਸਾਨੂੰ ਤੋਂਹੁ ਬਣਾਇਆ ਈ ਝੱਲਾ । ਝੱਲ ਵਲੱਲੇ ਅਸੀਂ ਤੈਂਡੇ ਹਾਸੇ, ਸਾਨੂੰ ਦਿੱਤਾ ਈ ਕੂੜ ਮੁਲੱਲਾ । *** ਦਰਦ-ਵੰਦਾਂ ਦੇ ਪਖੂ ਹਾਸੇ, ਕੋਈ ਬੇ-ਦਰਦਾਂ ਗਜ਼ ਮਾਰੇ। ਖੰਡ ਤੇ ਖੀਰ ਕੋਲੂੰ ਬੇਲੀ ਮਿਠੇ, ਹੁਣ ਖਾਰ ਤੂੰ ਹੋਏ ਨੁ ਖਾਰੇ। ਨਾਲ ਫੁੱਲਾਂ ਦੇ ਭੁਲਦੇ ਹਾਸੇ, ਜਿਹੜੇ ਹੋਣ ਪੱਥਰਾਂ ਤੂੰ ਭਾਰੇ। ਤਾੜੀ ਮਾਰ ਉਡਾਇਓ ਨਾਹੀਂ, ਅਸੀਂ ਆਪੇ ਉੱਡਣ ਹਾਰੇ। *** ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇਂ। ਵਿਚੇ ਝਗੜੇ ਤੇ ਵਿਚੇ ਝੇੜੇ, ਵਿਚੇ ਵੰਝ ਮੁਹਾਣੇਂ। ਜਿਤੀਆਂ ਤੱਨ ਮਰੇ ਤੇ ਲੱਗੀਆਂ, ਹਿੱਕ ਲੱਗ ਨੀਂ ਤਾਂ ਜਾਣੇਂ। ਨੰਗੇ ਪਿੰਡੇ ਮੇਰੇ ਚੋਟਾਂ ਲੱਗੀਆਂ, ਰੋਂਦੇ ਨੀਂ ਨੈਣ ਨਿਮਾਣੇ। *** ਦੀਗਰ ਵੇਲਾ ਵਖਤ ਕੁਵੇਲਾ, ਪਈ ਵਟੇਨੀਆਂ ਧਾਗੇ । ਉੱਡ ਵੰਝ ਕਾਗ ਕੇ ਜਿੰਦੜੀ ਅੜ ਗਈ, ਜਿਥੇ ਯਾਰ ਅਸਾਡੇ । ਅਖੀਂ ਕੋਲੂੰ ਯਾਰ ਦੁਰਾਡੇ ਤੇ, ਦਿਲ ਕੋਲੂੰ ਮੂਹੇ ਮੁਹਾਬੇ । ਸੁਤੀ ਪਈ ਰੱਬ ਯਾਰ ਮਿਲਾਇਅਮ, ਤੇ ਜਾਗੇ ਭਾਗ ਅਸਾਡੇ । *** ਦੀਗਰ ਵੇਲਾ ਵਖ਼ਤ ਕੁਵੇਲਾ, ਮੈਂ ਪਈ ਖਡੇਨੀਆਂ ਗੁਡੀਆਂ । ਟੁਰ ਗਏ ਸੱਜਣਾਂ ਪਿਛੋਂ', ਮੈਂ ਕੂੰ ਤੀਰ ਮਰੇਂਦੀਆਂ ਨੀਂ ਝੁਗੀਆਂ । ਮੋੜ ਮੁਹਾਰਾਂ ਤੇ ਆ ਘਰ ਬਾਰਾਂ, ਕੇਹੀਆਂ ਕੀਤੀ ਵੈਨਾਂ ਏਂ ਠੱਗੀਆਂ । ਦਿਲ ਖੁਸ਼ ਯਾਰ ਪਿਆਰੇ ਬਾਝੂੰ, ਖ਼ਬਰਾਂ ਕਿਸੇ ਨ ਬੁਝੀਆਂ । *** ਦੁਆ ਸਲਾਮ ਘਿਧੀ ਵੰਝ ਮੇਰਾ, ਜੇ ਤੂੰ ਵੈਨਾ ਏਂ ਲੰਮੇਂ । ਆਖੇਂ ਯਾਦ ਕਰੇਂਦੇ ਨੀ ਬੇਲੀ, ਜਿਹੜੇ ਨਾਲ ਤੁਸਾਂ ਦੇ ਜੰਮੇਂ । ਹਿਕੋ ਤੈਂ ਕੂੰ ਪਿਆਰ ਕਿਤੋ ਸੇ, ਹੋਰ ਸੱਟ ਘੱਤੇ ਲੱਭ ਤੰਮੇਂ । ਵੱਸਦੀ ਝੋਕ ਉਜਾੜ ਕੇ ਸਾਂਵਲ, ਤੂੰ ਲਗਿਓਂ ਕੇਹੜੇ ਕੰਮੇਂ । *** ਦੁਆ ਸਲਾਮ ਡਵਾਹਿਏ ਚਾ ਮੈਂਡਾ, ਸਾਂਵਲ ਯਾਰ ਪੁੰਨਣ ਨੂੰ । ਡਿਹਾਂ ਰਾਤ ਮੈਂ ਇਵੇਂ ਤੱਕਾਂ, ਜਿਵੇਂ ਲੋਕ ਤਕੈਂਦੇ ਚੰਨ ਨੂੰ। ਅੰਦਰ ਸਾਡਾ ਫੋਲ ਕੇ ਡੇਖੋ ਜਿਵੇਂ ਰੂੜਾ ਪਵਨੁ ਬੰਨ ਨੂੰ। ਆਖ ਫ਼ਰੀਦ ਮਿਲ ਯਾਰ ਵੰਝੇ ਤਾਂ, ਆਇਆ ਵੇਲਾ ਵਖਤ ਮਰਨ ਨੂੰ। *** ਨਮਾਜ਼ ਪੜਾਂ ਕਿ ਮੈਂ ਤੈਂ ਵਲ ਵੇਖਾਂ, ਮੈਨੂੰ ਕਾਅਬਾ ਭੁਲ ਗਿਓ ਈ । ਖਿਨ ਵਿਚ ਥੀ ਗਈਅਮ ਮੈਂ ਕਾਫ਼ਰ, ਤੇਰਾ ਨਜ਼ਰੀਂ ਬੁੱਤ ਪਿਓ ਈ । ਫ਼ਜ਼ਲ ਤੇਰੇ ਥੀਂ ਮੈਂ ਕਾਫ਼ਰ ਨੂੰ, ਅਜ ਅਲ੍ਹਾ ਦਿਸ ਪਿਓ ਈ । ਸੱਤ ਬਹਿਸ਼ਤਾਂ ਮੇਰੀ ਝੋਲ ਵਿਚ ਪਈਆਂ, ਤੋਂਹੁ ਕੇਡਾ ਕਰਮ ਕਿਤੋਈ । *** ਨ ਮੈਂ ਸੋਹਣੀਂ, ਨ ਗੁਣ ਪੱਲੇ, ਮੈਂ ਕਿਸ ਦਾ ਮਾਣ ਕਰੇਸਾਂ । ਚਾਰੇ ਕੰਨੀਆਂ ਮੇਰੀਆਂ ਚਿਕੜ ਭਰੀਆਂ, ਮੈਂ ਕੇਹੜੀ ਮਲ ਮਲ ਧੋਸਾਂ । ਮੈਲ ਘਨੇਰੀਂ ਤੇ ਸਾਬਣ ਥੋੜਾ, ਮੈਂ ਬਹਿ ਪੱਤਣਾਂ ਤੇ ਰੋਸਾਂ । ਪਾਕ ਪਲੀਤੀ ਮੇਰੀ ਉਸ ਦਿਨ ਵੈਸੀ, ਜਦ ਯਾਰ ਦੀ ਬਾਂਦੀ ਥੀਸਾਂ । *** ਨ ਵੜ ਵੇਹੜੇ ਸੋਹਣਿਆਂ ਦੇ, ਤੂੰ ਤਾਂ ਸੂਰਤ ਵੇਖ ਕੇ ਭੁਲ ਵੈਸੇਂ । ਕਦਰ ਨਾ ਹੋਸੀ ਕਉਡੀ ਦਾ, ਤੂੰ ਅਸਲੋਂ ਥੀਂ ਬੇ-ਮੁਲ ਵੈਸੇਂ । ਨ ਕਰ ਨਾਮ ਬਦਨਾਮ ਆਪਣਾ, ਤੂੰ ਤਾਂ ਆਸ਼ਕ ਜੱਗ ਵਿਚ ਹੁਲ ਵੈਸੇਂ । ਖਿਲ ਹੱਸ ਕੇ ਦਿਲ ਖਸ ਘਿਨਸਨ, ਬੇ-ਵੱਸ 'ਆਰਜ਼' ਤੂੰ ਰੁਲ ਵੈਸੇਂ । *** ਨੈਣ ਵਕੀਲ ਤੇ ਨੈਣ ਬਪਾਰੀ, ਤੇ ਨੈਣ ਕਰੇਂਦੇ ਨੀ ਹੱਟੀਆਂ । ਨੈਣ ਨੈਣਾਂ ਤੇ ਦੇਣ ਗਵਾਹੀਆਂ, ਨੈਣ ਭਰੇਂਦੇ ਨੀ ਚੱਟੀਆਂ । ਨੈਣ ਨੈਣਾਂ ਨੂੰ ਜ਼ਖਮ ਕਰੇਂਦੇ, ਤੇ ਨੈਣ ਬੰਨੇਂਦੇ ਨੀ ਪੱਟੀਆਂ । ਆਖ ਮੀਆਂ ਊਹਾਂ ਨੈਣ ਭਲੇਰੇ, ਜਿਨ੍ਹਾਂ ਲਜ਼ਤਾਂ ਇਸ਼ਕ ਦੀਆਂ ਚਖੀਆਂ । *** ਬਾਗ਼ ਤੇਰੇ ਦਾ ਸੰਤਰਾ ਹੋਵਾਂ, ਸ਼ਾਖੂੰ ਤੋੜ ਸਟੀਵਾਂ ਆਵਾਂ ਹੱਥ ਮਾਸ਼ੂਕਾਂ ਦੇ, ਮੈਂ ਮੱਲੀਆਂ ਡਲੀਆਂ ਥੀਵਾਂ। ਚੂਸਣ ਚੂਸ ਸੁਟਣ ਵਿਚ ਬੇਲੇ, ਮੈਂ ਪੈਰਾਂ ਹੇਠ ਲਤੜੀਵਾਂ। ਦੇਵਣ ਬਹਾਰੀ, ਸਾੜਣ ਮੈਕੂੰ, ਸਜਣ ਸੇਕੇ ਤੇ ਮੈਂ ਜੀਵਾਂ। *** ਮੁਫ਼ਤ ਖਰੀਦ ਕਰੇ ਕੋਈ ਸਾਕੂੰ, ਜਿਹੜਾ ਹਾਲ ਡਿਵੇ ਸਜਨਾਂ ਦਾ। ਜੈਂ ਡੇਹੁੰਦੇ ਲੰਘ ਸਜਣ ਸਧਾਣੇਂ, ਵੈਂਦਾ ਜੋਫ਼ ਜਿਗਰ ਨੂੰ ਖਾਂਦਾ। ਮਲ੍ਹਮਾਂ ਪੱਟੀਆਂ ਤਾਂ ਮੈਂ ਬੱਧ-ਬੱਧ ਥੱਕੀਆਂ, ਮੇਰਾ ਡੇਹੁੰ ਡੇਹੁੰ ਫੁਟ ਚਚਲਾਂਦਾ। ਆਖ ਗੁਲਾਮ ਸੋਹਣੇ ਯਾਰ ਸਾਨੂੰ, ਸਾਡੀਆਂ ਖਬਰਾਂ ਕੋਈ ਨ ਲਾਹੰਦਾ। *** ਮੁੱਦਤ ਹੋਈ ਲੈਲਾ ਮੋਈ, ਮਜਨੂੰ ਆਣ ਖੜਾ ਕਬਰ ਤੇ । ਹਾਲ ਫ਼ਕੀਰੀ ਸ਼ੌਕ ਮਿਲਨ ਦਾ, ਆਣ ਖੜਾ ਚੁਪ ਕਰ ਤੇ । ਲੈਲਾ ਦੇ ਹੱਥ ਦੋਵੇਂ ਕਾਦਰ, ਉਠੀ ਖਲੀ ਕਲਮਾਂ ਪੜ ਤੇ । ਆਖ ਗੁਲਾਮ ਅਜੇਹਾ ਯਾਰ ਹੋਵੀ, ਜਿਹੜਾ ਪੁਹਤੇ ਆਣ ਕਬਰ ਤੇ । *** ਮੈਂ ਸੁੰਞੀ ਮੇਰੀ ਕਿਸਮਤ ਸੁੰਞੀ, ਤੂੰ ਤਾਰਾ ਹੇਂ ਫ਼ਜ਼ਰ ਦਾ। ਤੈਂਨੂੰ ਮਾਣ ਹੁਸਨ ਦਾ ਜੀਵੇਂ, ਮੈਂ ਕੂੰ ਮਾਣ ਸੱਬਰ ਦਾ। ਡਾਢਾ ਇਸ਼ਕ ਕੁਵਲੜਾ ਹੋਂਦਾ ਏ, ਜਿਵੇਂ ਹੋਂਦਾ ਡੁਖ ਕਬਰ ਦਾ । ਆਖ ਗੁਲਾਮ ਢਠੀ ਦਰ ਤੇਰੇ, ਤੂੰ ਹੇਂ ਹਾਦੀ ਏਸ ਬਸ਼ਰ ਦਾ। *** ਯਾਰ ਅਸਾਡੇ ਸੱਤਰਾਂ ਵਾਲੇ, ਅਸੀਂ ਨੰਗ-ਮੁਨੰਗੇ ਰਾਂਹਦੇ । ਧੀਦੋ ਨਾਮ ਤੇ ਜ਼ਾਤ ਰੰਝੇਟਾ, ਅਸੀਂ ਮੁੜ ਵੀ ਚਾਕ ਸਦਾਂਦੇ । ਕੰਡ ਵਲਾਇਮ, ਤਖ਼ਤ ਹਜ਼ਾਰਿਓਂ, ਅਸੀਂ ਚੋਰ ਥਏ ਵੱਤਨਾਂ ਦੇ । 'ਆਰਜ਼' ਅਰਜ਼ ਕਬੂਲ ਨ ਥੀਂਦੀ, ਵੱਤ ਵੀ ਯਾਰ ਨ ਮਨ ਤੂੰ ਲਾਹੰਦੇ । *** ਯਾਰ ਦੇ ਨਾਲ ਪਿਆਰ ਘਨੇਰਾ ਏ, ਜਿਹੜਾ ਕੀਤੀ ਵੈਂਦਾ ਏ ਠੱਗੀ । ਈਹੋ ਉਮੈਦ ਸਜਨ ਤੇ ਨਾਹੀਆ, ਸਾਨੂੰ ਵੈਂਦਾ ਏ ਰਾਹੇ ਛੱਡੀ । ਮਾਰ ਕੇ ਸਾਂਗ ਇਹ ਨੈਣਾਂ ਵਾਲੀ, ਕਾਈ ਕਾਨੀਂ ਜ਼ਿਗਰ ਵਿਚ ਗੱਡੀ । ਸਾਥ ਪਿਆ ਨੂੰ ਕੋਈ ਨ ਮੋਂਹਦਾ, ਮੈਂ ਲੁਟੀਆਂ ਦਾਮਣ ਲੱਗੀ । *** ਰੱਤਾ ਬੋਛਣ ਮੈਂ ਰੰਗ ਵੈਸਾਂ, ਤੂੰ ਆਉਸੇਂ ਖੁਸ਼ੀ ਮਨੇਸਾਂ । ਠੁੰਮਕ ਠੁੰਮਕ ਤੇਰੇ ਕਦਮ ਚੁਮੇਸਾਂ, ਤੈਨੂੰ ਅਖੀਆਂ ਵਿਚ ਬਹੇਸਾਂ । ਲਹਿ ਲਹਿ ਵੰਞਣ ਮੇਰੀਆਂ ਹਭੋ ਸਿਕੂੰ, ਤੇਰਾ ਹਭੋ ਭਾਰਾ ਦੇਸਾਂ । ਸਾਜ਼ ਵਜੇਸਣ ਭੰਡ ਮਿਰਾਸੀ, ਮੈਂ ਮੁਜਰਾ ਆਪ ਕਰੇਸਾਂ । *** ਰੁਤੂੰ ਵਾਲੀਆਂ, ਰੱਬ ਲਾਏ ਨੀਂ ਸਾਵਣ, ਕਾਈ ਮੀਂਹ ਮੇਹਰ ਦੇ ਵੱਸ ਗਏ। ਟੁਰ ਗਏ ਯਾਰ ਦਿਲਾਂ ਦੇ, ਨ ਕੋਈ ਪਤਾ ਨਿਸ਼ਾਨੀ ਦੱਸ ਗਏ। ਊਹਾ ਵੇਲੇ ਸਾਨੂੰ ਚੇਤੇ ਆਵਣ, ਜਦੂੰ ਨਾਲ ਅਸਾਂ ਦੇ ਹੱਸ ਗਏ। ਗੁਲਾਮ ਫ਼ਰੀਦ ਉਹ ਸਜਣ ਨਾਹ ਨੀਂ, ਜਿਹੜੇ ਛੋੜ ਸੁਤੀ ਨੂੰ ਨੱਸ ਗਏ। *** ਲੋਕ ਕਹਿਣ ਜੋ ਮਜਨੂੰ ਨੂੰ, ਤੇਰੀ ਲੈਲਾ ਕਾਲੀ ਮੱਸ ਏ। ਮਜਨੂੰ ਮੋੜ ਜਵਾਬ ਦਿਤੋ ਸੋ, ਮੱਸ ਕੀਤਾ ਬੇ- ਵੱਸ ਏ। ਮੱਸ ਲਿਖੇਂਦੀ ਕੁਰਾਨ-ਕਤਾਬਾਂ, ਮੱਸ ਲਿਖੇਂਦੀ ਖੱਤ ਏ । ਆਖ ਫ਼ਰੀਦ ਜੇ ਮੱਸ ਨ ਹੋਂਦੀ, ਕੌਣ ਲਿਖਾਂਦਾ ਖੱਤ ਏ । *** ਲੋਕੀ ਆਹੁੰਦੇ ਲੰਮਾ ਭੈੜਾ, ਤੇ ਲੋਕ ਲੰਮੇਂ ਦੇ ਬਾਂਦੇ। ਜੇਕਰ ਲੰਮਾ ਭੈੜਾ ਹੋਂਦਾ, ਦਰਿਆ ਲੰਮੇ ਕਿਉਂ ਵਾਹੰਦੇ। ਜੇਕਰ ਲੰਮਾਂ ਭੈੜਾ ਹੋਂਦਾ, ਦੇਹੁੰ ਲੰਮੇਂ ਕਿਉਂ ਲਾਹੰਦੇ। ਆਖ ਫ਼ਰੀਦ ਸਾਨੂੰ ਲੰਮਾ ਚੰਗਾ, ਸਾਡੇ ਯਾਰ ਜੁ ਲੰਮੇਂ ਰਾਹੰਦੇ।

  • ਮੁੱਖ ਪੰਨਾ : ਪੰਜਾਬੀ ਦੋਹੜੇ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ