Punjabi Dohre-Baran Mahine

ਪੰਜਾਬੀ ਦੋਹੜੇ ਬਾਰਾਂ ਮਹੀਨੇ


ਚੇਤਰ ਮਾਹ ਕੂੰ ਖਿੜੇ ਸ਼ਗੂਫੇ,
ਹੱਸਨ ਫੁਲ ਤੇ ਕਲੀਆਂ ।
ਚਹਿਕੇ ਬੁਲਬੁਲ ਟਹਿਕਣ ਰੁਖੜੇ,
ਜੱਗ ਮਾਣੇ ਰੰਗ ਰਲੀਆਂ ।
ਕੂਕ ਕੂਕ ਹਿਕ ਮਾਰਨ ਨਾਅਰੇ,
ਜੋ ਕੋਇਲਾਂ ਕਾਗਾਂ ਛਲੀਆਂ ।
ਮੈਂਡੇ ਵਾਂਗ ਉਹ ਰੋਂਦੀਆਂ ਵਤਨ,
ਜੋ ਤੀਰ ਇਸ਼ਕ ਦੇ ਸੱਲੀਆਂ ।

ਵਸਾਖ ਮਹੀਨੇ ਬਿਰਹਾ ਜਾਗਾ,
ਕੇਈ ਵਾਂਊ ਵੀ ਤੱਤੀਆਂ ਹੋਈਆਂ ।
ਪਿਰ ਵਿਛੁੰਨੀ ਲੁਕ ਲੁਕ ਰੁੰਨੀਂ,
ਅੱਖੀਂ ਵੀ ਰੱਤੀਆਂ ਹੋਈਆਂ ।
ਡੀਵੇ ਬੁਝੇ ਹਨੇਰਾ ਥੀਆ,
ਹਬੋ ਮਤੀੱ ਕੁਮੱਤੀਆਂ ਹੋਈਆਂ ।
ਅਖ 'ਹਸਨ' ਫੁਲ ਖੰਭੜੀ ਥੀਏ,
ਤੇ ਕੂੜਾ ਪੱਤੀਆਂ ਹੋਈਆਂ ।

ਜੇਠ ਮਹੀਨੇ ਚੈਨ ਗੁਵਾਇਆ,
ਮੈਂ ਕੂੰ ਸਾੜਨ ਤੱਤੀਆਂ ਵਾਵਾਂ ।
ਜ਼ਾਲਮ ਮਾਪੇ ਆਤਣ ਦੁਸ਼ਮਣ,
ਮੈਂ ਕਿਤ ਵਲ ਕੰਡ ਵਲਾਵਾਂ ।
ਹਿਕੋ ਰਾਂਝਣ ਊਹਾ ਰੁਠ ਟੁਰਿਆ,
ਮੈਂ ਕਿਸ ਵਿਧ ਜਾ ਮੰਨਾਵਾਂ ।
ਆਖ 'ਹਸਨ' ਜੇ ਰਾਂਝਣ ਆਵੇ,
ਮੈਂ ਅੱਖੀਆਂ ਵਿਚ ਬਿਠਾਵਾਂ ।

ਹਾੜ ਮਹੀਨੇ ਮਾਹੀ ਟੁਰਿਆ,
ਸਾਡੇ ਨੈਣ ਵੀ ਰਹੇ ਤ੍ਰਿਹਾਏ ।
ਹਿਕੋ ਛੱਲਾ ਸਾਕੂੰ ਦੇ ਗਿਆ ਨਿਸ਼ਾਨੀ,
ਜਿਹੜਾ ਵਲ ਵਲ ਭਾਹ ਪਿਆ ਲਾਏ ।
ਹਭੋ ਸਿਕੂੰ ਮੇਰੀਆਂ ਲਹਿ ਲਹਿ ਵੰਞਣ,
ਜੇ ਕਿਦੂੰ ਰੰਝੇਟਾ ਆਏ ।
ਫਿਟੇ ਥਏ ਮੇਰੇ ਪੇਕੇ ਸਾਹੁਰੇ,
ਊਹਾ ਉਜੜੀ ਝੋਕ ਵਸਾਏ ।

ਸਾਵਣ ਮਾਹ ਸਈਆਂ ਸੀਸ ਗੁੰਦਾਏ,
ਮੈਂਡੇ ਜ਼ੁਲਫ਼ਾਂ ਗਲ ਵਿਚ ਪਈਆਂ ।
ਸੱਸੀ ਵਾਂਗ ਸੁਤੀ ਮੁਠ ਟੁਰਿਆ.
ਮੈਂ ਰਾਹ ਤਕੇਂਦੀਂ ਰਹੀਆਂ ।
ਪੀਂਘ ਹੁਲਾਰੇ ਚੜ੍ਹ ਨੀਂ ਹਾਈਆਂ,
ਜੇਹੜੀ ਵਾਂਗ ਗੰਦਲ ਟੁਟ ਪਈਆਂ ।
'ਹਸਨ' ਨਿਮਾਣੀ ਕੱਥੇ ਕਜਲ ਘੱਤਾਂ,
ਮੈਂਡੇ ਨੈਣੂੰ ਨਦੀਆਂ ਨੀ ਵਹੀਆਂ ।

ਭਾਦਰੋਂ-ਮਾਂਹ ਕਾਹਰ ਦਾ ਮੱਚਕਾ,
ਤੇ ਬਦਲ ਪਾਉਣ ਸ਼ਰਾਟੇ ।
ਯਾਦ ਮਾਹੀ ਦੀ ਮੈਕੂੰ ਚਾਹ ਮਿਲਣ ਦੀ,
ਮੇਰੇ ਨਾੜੀ ਛੁਟਣ ਸਨਾਟੇ ।
ਖੋਜ ਊਂਦੇ ਵਿਚ ਟੁਰਦਿਆਂ ਟੁਰਦਿਆਂ,
ਕਦੀ ਮੈਂ ਮਰ ਵੈਸਾਂ ਵਾਟੇ ।
'ਹਸਨ' ਨ ਪੂਰੇ ਥੀਣ ਹਸ਼ਰ ਤੱਕ,
ਜੋ ਪਏ ਇਸ਼ਕ ਵਿਚ ਘਾਟੇ ।

ਅਸੁਣ ਆਪ ਆਇਆ ਕਲ੍ਹ ਮਾਹੀ,
ਅਸੀਂ ਉਸ ਦੀ ਕੰਡ ਪਛਾਤੀ ।
ਠੁੰਮਕ ਠੁੰਮਕ ਸਾਡੇ ਲੰਘਿਆ ਕੋਲੂੰ,
ਅਸਾਂ ਊਂਦੀ ਟੋਰ ਸੰਞਾਤੀ ।
ਭੜਕੀ ਭਾਹ ਕਲੇਜੇ ਅੰਦਰ,
ਉਸ ਲਾਈ ਚਿਣਗ ਚੁਆਤੀ ।
ਆਖ 'ਹਸਨ' ਉਹ ਕੀਕੁਣ ਜੀਵੇ,
ਜੈਂਦੀ ਕੰਤ ਨ ਪੁਛੇ ਵਾਤੀ ।

ਕੱਤਕ ਕੂੰਜ ਵਾਂਗ ਕੁਰਲਾਈਆਂ,
ਮੈਂ ਕੂਕ ਸੁਣਾਵਾਂ ਜੱਗ ਨੂੰ ।
ਬਾਉਰੀ ਥੀ ਗਈਓਮ ਵਿਚ ਝੋਰੇ,
ਮੈਂ ਬੜਾ ਹਸਾਇਆ ਜੱਗ ਨੂੰ ।
ਢਾਂਡੀ ਬਾਲ ਹੱਡ ਬਾਲਣ ਕੀਤੋਨ,
ਮੈਂ ਕਿਵੇਂ ਬੁਝਾਵਾਂ ਅੱਗ ਨੂੰ ।
ਆਖ ਹਸਨ ਮੈਂਡੇ ਨੈਣ ਤਰਸਦੇ,
ਊਂਦੀ ਸ਼ਮਲੇ ਵਾਲੀ ਪੱਗ ਨੂੰ ।

ਮੱਘਰ ਮਾਂਹ ਮੁਮਤਾਜ਼ ਮਹੀਨਾ,
ਜਦੋਂ ਆਵਣ ਊਂਦਾ ਸੁਣੀਵੇ ।
ਰਾਹ ਉਹਦੇ ਤੇ ਬਾਲ ਰਖੇਸਾਂ,
ਦੋਂਹ ਨੈਣਾਂ ਦੇ ਡੀਵੇ ।
ਈਦ ਨ ਥੀਂਦੀ ਆਸ਼ਕ ਲੋਕਾਂ,
ਜੋ ਨ ਚੰਦ ਦਸੀਵੇ ।
ਆਖ 'ਹਸਨ' ਜਿਨਾ ਸਜਣ ਮਿਲਿਆ,
ਉਹ ਬਿਨ ਪੀਤੀ ਤੋਂ ਖੀਵੇ ।
੧੦
ਪੋਹ ਮਹੀਨੇ ਪਾਲਾ ਪੰਮਦਾ ਤੇ,
ਰਾਤਾਂ ਲੰਬੀਆਂ ਆਈਆਂ ।
ਸੇਜ ਸੁਖਾਵੀਂ ਵੱਢ ਵੱਢ ਖਾਵੇ,
ਭੱਠ ਪਈਆਂ ਲੇਫ਼ ਤੁਲਾਈਆਂ ।
ਪੱਤਰ ਖੜਕਣ ਉਠ ਉਠ ਨੱਸਾਂ,
ਗਲ ਵਿਚ ਜ਼ੁਲਫ਼ਾਂ ਪਾਈਆਂ ।
ਹਾਲ ਮੇਰੇ ਦੇ ਤਾਰੇ ਸ਼ਾਹਦ,
ਜਿਹੜੇ ਭਰ ਭਰ ਦੇਣ ਗਵਾਹੀਆਂ ।
੧੧
ਮਾਂਘ ਮਹੀਨੇ ਮਾਸ਼ਾ ਅੱਲਾ,
ਉਹ ਪਰਤਣਗੇ ਹਿਕ ਬਾਰੀ ।
ਚੂੜੇ, ਬੀੜੇ, ਮੁਸਾਗ ਤੇ ਕਜਲਾ,
ਮੈਂ ਸਾਂਭ ਰੱਖਾਂ ਫੁਲਕਾਰੀ ।
ਆਵੇ ਕਾਸਦ, ਕੋਈ ਦਏ ਸੁਨੇਹੜਾ,
ਮੈਂ ਘੋਲ ਸਦਕੜੇ ਵਾਰੀ ।
ਆਖ 'ਹਸਨ' ਮੈਨੂੰ ਅੱਲਾ ਬਖ਼ਸ਼ੇ,
ਮੈਂ ਨਾਰੀ ਔਗੁਣ ਹਾਰੀ ।
੧੨
ਫਗਣ ਮਾਹ ਫ਼ਰਿਆਦ ਅਸਾਡੀ,
ਜੇ ਸੁਣੀਂ ਗਈ ਸਰਕਾਰੇ ।
ਭੁਲ ਵੈਸਣ ਇਹ ਡੁਖਾਂ ਵਾਲੇ,
ਜੋ ਰੋ ਰੋ ਦੇਹੁੰ ਗੁਜ਼ਾਰੇ ।
ਆਉਸੀ ਤਦੂੰ ਬਸੰਤ ਅਸਾਡੀ,
ਤਾਂ ਖਿੜਸਨ ਫੁਲ ਹਜ਼ਾਰੇ ।
ਮਿਲਿਆਂ ਬਾਝ ਜੇ ਮੋਏ ਰੱਬਾ,
ਤਾਂ ਸਾਡੇ ਮੇਲ ਕਰੀਂ ਦਰਬਾਰੇ ।

  • ਮੁੱਖ ਪੰਨਾ : ਪੰਜਾਬੀ ਦੋਹੜੇ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ