Punjabi Poetry : Surjit

ਪੰਜਾਬੀ ਕਵਿਤਾਵਾਂ : ਸੁਰਜੀਤ (ਟੋਰਾਂਟੋ)



1. ਦਾਜ ਦਾ ਸੰਦੂਕ

ਮੈਂ ਐਂਵੇਂ ਆਪਣੇ ਦਾਜ ਦਾ ਸੰਦੂਕ ਅੱਜ ਖੋਲ੍ਹ ਬੈਠੀ ਹਾਂ ! ਮਿਕਨਾਤੀਸੀ ਸੁਪਨੇ ਮੁਹੱਬਤ ਦੇ ਰੰਗਾਂ ਨਾਲ ਨਗੰਦ ਇਸ ਸੰਦੂਕ ਵਿਚ ਮੈਂ ਰੱਖੇ ਸਨ ! ਸੱਜਰੀਆਂ ਸਾਂਝਾਂ ਦੇ ਚਾਵਾਂ ਦੀਆਂ ਲੜੀਆਂ ਗੁੰਦ ਇਹ ਸੰਦੂਕ ਮੈਂ ਲਬਾ ਲਬ ਭਰਿਆ ਸੀ ! ਪਰ ਵਰਿੁਆਂ ਬਾਦ ਅੱਜ ਜਦੋਂ ਮੈਂ ਇਸਨੂੰ ਖੋਲਿਐ ਤਾਂ ਵੇਖਿਐ ਮੇਰੇ ਸੁਫ਼ਨਿਆਂ ਦੀਆਂ ਲੇਫ਼ ਤਲਾਈਆਂ ਪਈਆਂ ਪਈਾਆਂ ਬੋਦੀਆਂ ਹੋ ਗਈਆਂ ਨੇ ! ਆਪਣੀਆਂ ਰੀਝਾਂ ਦੀ ਤਾਂ ਕੋਈ ਤਹਿ ਮੈਂ ਅਜੇ ਖੋਲ੍ਹ ਕੇ ਵੀ ਨਹੀਂ ਵੇਖੀ ! ਇਸ ਸੰਦੂਕ ਵਿਚ ਮੁਹੱਬਤ ਦੀ ਥਾਂ ਕਿੰਨੀਆਂ ਰੁਸਵਾਈਆਂ ਜਮਾਂ ਹੋ ਗਈਆਂ ਨੇ ਜਿਨ੍ਹਾਂ ਨੂੰ ਮੈਂ ਹੋਰ ਗੁੱਠੇ ਲਾ ਕੇ ਰੱਖ ਦਿਤੈ ਕਿ ਕਿਧਰੇ ਉਦਰੇਵਿਆਂ ਦੀ ਕੋਈ ਹੋਰ ਪਰਤ ਨਾ ਖੁੱਲ੍ਹ ਜਾਵੇ ਕਿ ਜ਼ਿੰਦਗੀ ਦੇ ਨਗੰਦੇ ਦਾ ਕੋਈ ਤੰਦ ਨਾ ਟੁੱਟ ਜਾਵੇ ! ਇਸ ਲਈ ਇਹ ਸੰਦੂਕ ਉਵੇਂ ਦਾ ਉਵੇਂ ਹੀ ਬੰਦ ਕਰ ਦਿੱਤੈ ਤੇ ਗਹਿਣਿਆਂ ਦੀ ਥਾਂ ਡੱਬੀ ਵਿਚ ਮੈਂ ਆਪਣਾ ਦਿਲ ਧਰ ਦਿੱਤੈ !

2. ਪੈਗੰਬਰ

ਉਹ - ਪਰਬੱਤ-ਟੀਸੀ 'ਤੇ ਖੜਾ ਸੀ ਬਾਹਾਂ ਉੱਪਰ ਵੱਲ ਚੁੱਕੀ ਸ਼ਾਂਤ, ਅਡੋਲ ਅੰਬਰ ਵੱਲ ਤੱਕਦਾ ! ਉੱਜਲੇ ਪਹਿਰਨਾਂ ਵਿਚ ਸੀ ਉਹ ਉਕਾਬ ਵਾਂਗੂ ਸੱਜਦਾ ! ਉਹਦੇ ਸਾਂਹਵੇ ਇਕ ਸਿਰ ਝੁੱਕਿਆ ਫਿਰ ਦੋ ਤਿੰਨ, ਚਾਰ... ਸਿਰ ਝੁੱਕਦੇ ਗਏ ਸਿਰਾਂ ਦਾ ਇਕ ਹਜੂਮ ਜਿਹਾ ਇਕ ਹੜ੍ਹ ਜਿਹਾ ਆ ਗਿਆ ਉਹਦੇ ਸਾਂਹਵੇਂ- ਉਹ ਜੋ ਪਰਬਤ ਟੀਸੀ 'ਤੇ ਸ਼ਾਂਤ, ਅਡੋਲ ਖੜਾ ਸੀ ਉੱਪਰ ਵੱਲ ਤੱਕਦਾ ! ਝੁਕੇ ਹੋਏ ਸਿਰਾਂ ਦੇ ਕਾਫ਼ਲੇ ਨੂੰ ਮੁਖਾਤਿਬ ਹੋ ਉਹ ਬੋਲਿਆ- ਅੱਗੇ ਵਧੋ… ਮੇਰੇ ਬਰਾਬਰ ਆਉ ਪੈਰਾਂ ਨੂੰ ਧਰਤੀ 'ਤੇ ਟਿਕਾਉ ਇੰਞ ਮਹਿਸੂਸ ਕਰੋ ਕਿ ਤੁਹਾਡਾ ਸਿਰ ਆਸਮਾਨ ਨੂੰ ਛੂਹ ਰਿਹੈ ਤੇ ਬਾਹਾਂ ਨੂੰ ਇੰਞ ਫੈਲਾਉ ਕਿ ਚਾਰੇ ਦਿਸ਼ਾਵਾਂ ਨਾਲ ਤੁਹਾਡਾ ਕਲਾਵਾ ਭਰ ਗਿਐ ! ਆਪਣੀਆਂ ਨਜ਼ਰਾਂ ਨੂੰ ਆਸਮਾਨ ਦੇ ਤਾਰਿਆਂ ਵਿਚ ਜੜ ਦੇਵੋ ਆਪਣੇ ਹਿਰਦੇ ਵਿਚ ਲੋਕਾਂ ਲਈ ਕਰੁਣਾ ਭਰ ਦੇਵੋ ! ਵਾਤਾਵਰਣ ਵਿਚ ਆਪਣੇ ਸਾਹਾਂ ਦੀ ਰਾਗਨੀ ਨੂੰ ਮਹਿਸੂਸ ਕਰੋ ! ਹੌਲੀ ਹੌਲੀ ਆਪਣੇ ਤੀਜੇ ਨੇਤਰ ਨੂੰ ਖੁੱਲਣ ਦਿਉ ਆਪਣੇ ਅੰਦਰਲੇ ਇਨਸਾਨ ਨੂੰ ਜਾਗਣ ਦਿਉ ਤੇ ਫੇਰ ਤੁਸੀਂ ਸਤਰੰਗੀ ਪੀਂਘ 'ਤੇ ਚੜ੍ਹ ਦਰਸ਼ਕ ਵਾਂਗ ਆਪਣੀ ਜਿੰਦਗੀ ਨੂੰ ਤੱਕੋ ! ਆਉ ਅੱਗੇ ਤਾਂ ਵਧੋ... ਤੁਸੀਂ ਸਾਰੇ ਪੈਗੰਬਰ ਹੋ... ਜ਼ਰਾ ਅੱਗੇ ਤਾਂ ਵਧੋ... !

3. ਪੂਰਣ ਵਿਰਾਮ

ਤ੍ਰਬੱਕ ਕੇ ਅੱਖ ਖੁੱਲਦੀ ਹੈ ਰੋਜ਼ ਸਵੇਰੇ... ਉਫ਼ ! ਅੱਜ ਫੇਰ ਲੇਟ ਹੋ ਗਈ ! ਅੱਭੜਵਾਹੇ ਭੱਜਦੀ ਹਾਂ ਇਸ਼ਨਾਨ ਘਰ ਨਾਸ਼ਤੇ ਜੋਗਾ ਸਮਾਂ ਹੀ ਨਹੀਂ ਬਚਦਾ ਕਾਰ ਵਿਚ ਹੀ ਪੀ ਲੈਂਦੀ ਹਾਂ- ਇਕ ਕੱਪ ਕਾਫ਼ੀ ਬਸ ! ਪਹੁੰਚਦੀ ਹਾਂ ਦਫ਼ਤਰ ਫ਼ਾਈਲਾਂ ਦਾ ਢੇਰ ਟੈਲੀਫ਼ੂਨ ਦੀਆਂ ਘੰਟੀਆਂ ਦਾ ਸ਼ੋਰ ਸਹਿਕਰਮੀਆਂ ਨਾਲ ਸ਼ਿਸ਼ਟਾਚਾਰ ਬੌਸ ਲਈ ਅਦਬ ਦਾ ਸਵਾਂਗ- ਕਰਦੀ ਹਾਂ ਰੋਜ਼ ਕਿੰਨੇ ਨਾਟਕ ਨਿਭਾਉਂਦੀ ਹਾਂ ਕਿੰਨੇ ਕਿਰਦਾਰਾਂ ਦਾ ਰੋਲ ਰੋਟੀ ਖਾਣ ਦੀ ਵਿਹਲ ਨਹੀਂ ਮੇਰੇ ਕੋਲ ! ਘਰ ਪਰਤਦੀ ਹਾਂ... ਘਰ ਦਾ ਕੋਨਾ ਕੋਨਾ ਪੁਕਾਰਦੈ- ਕੰਮ ! ਕੰਮ ! ਕੰਮ ! ਘਰ ਨੂੰ ਮੇਰੀ ਲੋੜ ਹੈ ਦਫ਼ਤਰ ਨੂੰ ਮੇਰੀ ਲੋੜ ਹੈ ਬੱਚਿਆਂ ਨੂੰ ਮੇਰੀ ਲੋੜ ਹੈ ਉਹਨਾਂ ਦੇ ਪਿਉ ਨੂੰ ਮੇਰੀ ਲੋੜ ਹੈ ! ਤੇ ਮੇਰੀ ਲੋੜ ਦੀ ਕੀ ਪਰਿਭਾਸ਼ਾ ਹੈ ?

4. ਕੀਰਤਪੁਰ ਵੱਲ

ਸੰਸਾ ਹੈ ਮੈਨੂੰ ਕਿ ਹੁਣ ਨਹੀਂ ਨਸੀਬ ਹੋਣੀ ਮੈਨੂੰ ਮੇਰੇ ਪਿੰਡ ਦੀ ਜੂ੍ਹ ! ਮੈਂ ਪਰਵਾਸ ਵਿਚ ਹੀ ਭੁਗਤਦੇ ਰਹਿਣੈ ਇਹ ਉਮਰ ਕੈਦ ਬਾਮੁਸ਼ੱਕਤ ਬਾਇਖਤਿਆਰ ਮੇਰੀ ਜਿੰਦੜੀਏ ਬਾ-ਮੁਲਾਹਜ਼ਾ ਹੋਸ਼ਿਆਰ ! ਸੰਸਿਆਂ ਦੀ ਇਸ ਕਾਲ ਕੋਠੜੀ ‘ਚ ਨਾ ਕੋਈ ਦੀਵਾ ਨਾ ਬੱਤੀ ਯਾਦਾਂ ਦੀ ਲੋਅ 'ਚ ਸੁਣਦੀ ਹਾਂ ਬੁੱਲੇ ਦੀਆਂ ਕਾਫ਼ੀਆਂ ਨਾਨਕ ਦਾ ਸੰਗੀਤ ਰੋਜ਼ ਬਣਾਉਂਦੀ ਹਾਂ ਤਦਬੀਰਾਂ ਇਸ ਉਮਰ ਕੈਦ ਨੂੰ ਤੋੜਣ ਦੀਆਂ ਰੋਜ਼ ਭੇਜਦੀ ਹਾਂ ਸਲਾਮ ਆਪਣੇ ਪਿੰਡ ਨੂੰ ਰੋਜ਼ ਦਿੰਦੀ ਹਾਂ ਸੁਨੇਹੇ ਆਪਣੇ ਪੁਰਖਿਆਂ ਨੁੰ ! ਆਪਣੇ ਬੱਚਿਆਂ ਨੂੰ ਬਾਬਾ ਦੀਪ ਸਿੰਘ ਦੇ ਤਲੀ ਤੇ ਸਿਰ ਧਰਨ ਦੀਆਂ ਚਮਤਕਾਰੀ ਗੱਲਾਂ ਸੁਣਾਉਂਦੀ ਹਾਂ ਆਪਣੇ ਸੂਰਬੀਰਾਂ ਯੋਧਿਆਂ ਦੀਆਂ ਤਸਵੀਰਾਂ ਦਿਖਾਉਂਦੀ ਹਾਂ ! ਉਂਗਲੀ ਫੜ੍ਹ ਲੈ ਜਾਂਦੀ ਹਾਂ ਇਹਨਾਂ ਨੂੰ ਐਤਵਾਰ-ਸਕੂਲ ਤਾਂ ਕਿ ਇਹ ਪੰਜਾਬੀ ਬੋਲਣ ਪੰਜਾਬੀ ਲਿਖਣ ! ਜਾ ਪਹੁੰਚਦੀ ਹਾਂ ਹਰ ਮੇਲੇ 'ਚ ਕਿ ਜਾਣ ਲਵੇ ਮੇਰੀ ਅਗਲੀ ਪੀੜੀ ਆਪਣਾ ਸਭਿੱਆਚਾਰ ਆਪਣਾ ਸੰਗੀਤ ! ਪਰ ਉਹ ਸਿਰਫ਼ ਸਿਰ ਹਿਲਾਉਂਦੇ ਨੇ ਵਿਦੇਸ਼ੀ ਭਾਸ਼ਾ ‘ਚ ਕੁਛ ਬੋਲਦੇ ਨੇ ਜੋ ਮੈਨੂੰ ਸਮਝ ਨਹੀਂ ਆਉਂਦਾ ! ਮੈਂ ਸੋਚਦੀ ਰਹਿੰਦੀ ਹਾਂ ਕਿ ਕਿਹੜੀ ਭਾਸ਼ਾ 'ਚ ਸੰਵਾਦ ਰਚਾਵਾਂ ਕਿ ਉਹ ਸਮਝ ਸਕਣ ਮੇਰੀ ਗੱਲ, ਮੇਰੀ ਜ਼ੁਬਾਨ, ਮੇਰੇ ਸੰਸੇ, ਮੇਰੇ ਡਰ ! ਸੰਸਾ ਹੈ ਕਿ ਪਰਵਾਸ ਵਿਚ ਗੁਆਚ ਜਾਏਗੀ ਮੇਰੀ ਅਗਲੀ ਪੀੜ੍ਹੀ, ਮੇਰਾ ਸੱਭਿਆਚਾਰ, ਮੇਰੇ ਸੰਸਕਾਰ ! ਬਹੁਤ ਜੀਅ ਕਰਦੈ ਇਸ ਕੈਦ ‘ਚੋਂ ਨਿਕਲਾਂ ਇਨ੍ਹਾਂ ਨੂੰ ਲੈ ਚਲਾਂ ਉਸ ਥਾਂ ਜਿ੍ਥੇ ਕੌੜੇ ਰੀਠੇ ਮਿੱਠੇ ਹੋਏ ਸੀ ਜਿੱਥੇ ਬਾਬੇ ਨੇ ਹੇਠਾਂ ਡਿਗਦੇ ਪੱਥਰ ਪੰਜੇ ਨਾਲ ਥੰਮੇ ਸੀ ! ਪਰ ਉਹ ਸਮਾਂ ਆਵੇਗਾ ਕਦ ? ਡਰ ਹੈ ਮੈਨੂੰ ਗਰੀਨ ਕਾਰਡ ਦੀ ਉਡੀਕ ਕਰਦਿਆਂ ਕਿਤੇ ਵਕਤ ਇੰਜ ਹੀ ਬੀਤ ਜਾਵੇ ਨਾ ਤੇ ਮੈਂ ਕਦੇ ਇਸ ਨਗਰੀ ਦੇ ਤਲਿੱਸਮ ਨੂੰ ਤਿਆਗ ਹੀ ਨਾ ਸਕਾਂ ਤੇ ਮੇਰੀ ਬਜਾਇ ਮੇਰਾ ਡੱਬੇ ਬੰਦ ਵਜੂਦ ਹੀ ਮੇਰੇ ਪਿੰਡ ਪਰਤੇ ਜਾਂ ਕੁੱਜੇਬੰਦ ਮੇਰੀ ਰਾਖ ਕੀਰਤਪੁਰ !

5. ਉਤਸਵ

ਉਸ ਦਿਨ ਪਤਝੜ ਨੇ ਹੌਲ਼ੀ ਜਿਹੀ ਮੈਨੂੰ ਕਿਹਾ- ਵੇਖਦੀ ਏਂ ਕੇਸਰੀ ਅੰਬਰ ਤੋਂ ਸਰਕਦਾ ਸਰਕਦਾ ਸੂਰਜ ਸਹਿਜੇ ਸਹਿਜੇ ਧਰਤੀ ਦੀ ਧੁੰਨੀ ਨੂੰ ਜਾ ਲੱਗੈ ! ਅਚਾਨਕ ਬਾਰੀ 'ਚੋਂ , ਇਕ ਮੱਧਮ ਜਿਹੀ ਆਵਾਜ਼ ਉੱਭਰੀ ਮੈਂ ਵੇਖਿਆ ਰੁੱਖ ਤੋਂ ਡਿੱਗ ਕੇ ਇਕ ਸੁੱਕਾ ਪੱਤਾ ਸਹਿਮਿਆ ਜਿਹਾ ਧਰਤੀ 'ਤੇ ਪਿਆ ਥਰ-ਥਰ ਕੰਬ ਰਿਹਾ ਸੀ ! ਮੈਂ ਤ੍ਰਭਕੀ ਆਪ ਮੁਹਾਰੇ ਧਿਆਨ ਉਚਕ ਕੇ ਪਿਤਾ ਜੀ ਦੇ ਕਮਰੇ ਵੱਲ ਦੌੜਿਆ! ਸੁੰਨੇ ਜਿਹੇ ਕਮਰੇ 'ਚ ਇਕੱਲੇ ਬੈਠੇ ਅਠਾਨ੍ਹਵੇਂ ਵਰ੍ਹਿਆਂ ਦੇ ਬਜ਼ੁਰਗ- ਮੇਰੇ ਪਿਤਾ ਟੀ. ਵੀ. 'ਤੇ ਚੱਲ ਰਿਹਾ ਕ੍ਰਿਕਟ ਦਾ ਮੈਚ ਵੇਖ ਰਹੇ ਸਨ ! ਮਸਾਂ ਸਾਹ ਵੱਲ ਹੋਇਆ ਸੀ ਕਿ ਚਾਣਚੱਕ ਵਾਤਾਵਰਣ ਵਿਚ ਇਕ ਹੋਰ ਆਵਾਜ਼ ਨਿੱਤਰੀ! ਇਸ ਬਾਰ ਤੱਕਿਆ ਤਾਂ ਕੋਈ ਸੁੱਕਾ ਪੱਤਾ ਨਹੀਂ ਸੀ ਡਿੱਗਿਆ ਸਗੋਂ ਮੇਰੇ ਪਿਤਾ ਨੇ ਉੱਚੇ ਠਹਾਕੇ ਤੋਂ ਬਾਅਦ ਜ਼ੋਰ ਦੀ ਤਾੜੀ ਮਾਰੀ ਸੀ, ਸ਼ਾਇਦ ਉਨ੍ਹਾਂ ਦੀ ਚਹੇਤੀ ਟੀਮ ਜਿੱਤ ਗਈ ਸੀ! ਮੈਂ ਹੱਸ ਪਈ, ਅੰਬਰ ਵੱਲ ਤੱਕਿਆ- ਬਾਰੀ 'ਚੋਂ ਨਿੱਕਲ਼ ਕੇ ਪੂਰੇ ਦਾ ਪੂਰਾ ਸੰਧੂਰੀ ਸੂਰਜ ਮੇਰੇ ਪਿਤਾ ਦੇ ਕਮਰੇ 'ਚ ਭਰ ਆਇਆ ਸੀ ! ਮੈਂ ਹੌਲੇ ਜਿਹੇ ਪਤਝੜ ਨੂੰ ਆਖਿਆ- ਜੇ ਜਿਊਣ ਦਾ ਵੱਲ ਆ ਜਾਵੇ ਤਾਂ ਹਰ ਵਰੇਸ ਉਤਸਵ ਹੁੰਦੀ ਏ!

6. ਸਾਡੀ ਪ੍ਰਯੋਗਸ਼ਾਲਾ

ਅਸੀਂ ਕੁੜੀਆਂ ਲੀਰਾਂ ਦੀਆਂ ਗੁੱਡੀਆਂ ਬਣਾਉਂਦੀਆਂ ਸੂਈ ਧਾਗੇ ਨਾਲ਼ ਉਹਨਾਂ ਦੇ ਨੈਣ ਨਕਸ਼ ਕਸ਼ੀਦਦੀਆਂ ਪਟੋਲਿਆਂ ਨਾਲ਼ ਉਹਨਾਂ ਨੂੰ ਸਜਾਉਂਦੀਆਂ ਅਤੇ ਮਾਂ ਦੀਆਂ ਚੁੰਨੀਆਂ ਦੀ ਸਾੜ੍ਹੀ ਬਣਾ ਉੱਚੀ ਅੱਡੀ ਦੇ ਸੈਂਡਲ ਪਾ ਪਾਊਡਰ ਸੁਰਮੇ ਸੁਰਖ਼ੀਆਂ ਲਾ ਲੁਕ ਲੁਕ ਕੇ ਘਰ ਘਰ ਖੇਡਦੀਆਂ ! ਰੁੱਸਦੀਆਂ ਮੰਨਦੀਆਂ ਗੁੱਡੀਆਂ-ਗੁੱਡਿਆਂ ਦੇ ਵਿਆਹ ਕਰਦੀਆਂ ਅਚੇਤ ਹੀ ਸਿੱਖ ਗਈਆਂ ਸਿਊਣਾ-ਪਰੋਣਾ ਕੱਸੀਦੇ ਕੱਢਣਾ ਘਰ ਬਣਾਉਣਾ ਅਤੇ ਬੱਚੇ ਪਾਲਣਾ ! ਬਚਪਨ ਤੋਂ ਜਵਾਨੀ ਜਲੰਧਰ ਤੋਂ ਜਰਮਨੀ ਅਸੀਂ ਜ਼ਿੰਦਗੀ ਭਰ ਬਸ ਘਰ ਘਰ ਦੀ ਖੇਡ ਹੀ ਖੇਡਦੀਆਂ ਰਹੀਆਂ ! ਅਸੀਂ ਮਰ ਮਰ ਕੇ ਜੀਵੀਆਂ ! ਸਾਡੇ ਲਈ ਬਚਪਨ ਵੀ ਭਵਿੱਖ ਦੀ ਪ੍ਰਯੋਗਸ਼ਾਲਾ ਹੀ ਸੀ ਮਹਿਜ਼ ! *** ਹੁਣ ਕੁੜੀਆਂ… ਬਾਰਬੀ ਡੌਲਾਂ ਨੂੰ ਬਾਜ਼ਾਰੀ ਵਸਤਰਾਂ ਨਾਲ਼ ਸਜਾਉਂਦੀਆਂ ਦਿਲ ਭਰ ਜਾਏ ਤਾਂ ਵਗਾਹ ਕੇ ਮਾਰਦੀਆਂ ਬੇਪਰਵਾਹ 'ਬਿਊਟੀ ਐਂਡ ਬੀਸਟ, ਐਲਿਸ ਇਨ ਵੰਡਰਲੈਂਡ, ਲਿਟਲ ਮਰਮੇਡ' ਵਰਗੀਆਂ ਫ਼ਿਲਮਾਂ ਵੇਖਦੀਆਂ 'ਫ਼ੇਅਰੀ ਟੇਲਜ਼' ਪੜ੍ਹਦੀਆਂ ਆਪਣੇ ਆਪ ਨੂੰ ਪਰੀਆਂ ਤੋਂ ਘੱਟ ਨਾ ਸਮਝਦੀਆਂ, ਨੈੱਟ ਕੰਪਿਊਟਰਾਂ ਸੈੱਲ ਫ਼ੋਨਾਂ ਨਾਲ਼ ਜੁੜੀਆਂ ਕਦੇ ਪੁਲਾੜ ਕਦੇ ਖ਼ਲਾਅ ਵਿਚ ਜਾ ਉੜੀਆਂ ! ਵਿਆਹ ਬੱਚੇ ਘਰ ਇਹਨਾਂ ਦੀ ਆਪਣੀ ਚੋਣ ਇਨ੍ਹਾਂ ਲਈ ਇਨ੍ਹਾਂ ਸ਼ਬਦਾਂ ਦੇ ਮਾਇਨੇ ਹੋਰ! ਇਹਨਾਂ ਦੇ ਬਚਪਨ ਵਿਚ ਉਤੇਜਨਾ ਇਹਨਾਂ ਦੇ ਜੀਵਨ ਵਿਚ ਚੇਤਨਾ ਆਪਣੀਆਂ ਸ਼ਰਤਾਂ ਤੇ ਜਿਊਂਦੀਆਂ ਇਹ ਕੁੜੀਆਂ!

7. ਸ਼ਬਦਾਂ ਨੂੰ ਚੁੱਪ ਰਹਿਣ ਦੇ

ਜੇ ਚੁੱਪ ਨੇ ਸ਼ਬਦ ਤਾਂ ਚੁੱਪ ਰਹਿਣ ਦੇ ! ਤੇਰੇ ਮੁਖੌਟੇ ਹੇਠੋਂ ਤੇਰਾ ਚਿਹਰਾ ਕੁਝ ਕਹਿੰਦੈ ਮੈਨੂੰ ਵੇਖ ਲੈਣ ਦੇ! ਤੈਨੂੰ ਮੁਖੌਟੇ ਬੜੇ ਸਜਦੇ ਨੇ ਤੂੰ ਇਹਨਾਂ ਨੂੰ ਇੱਦਾਂ ਹੀ ਪਾਈ ਰੱਖ ! ਠਹਿਰ ਮੈਨੂੰ ਵੀ ਅਣਜਾਣ ਹੋਣ ਦਾ ਕੋਈ ਸਾਂਗ ਰਚ ਲੈਣ ਦੇ ! ਆ ! ਫੇਰ ਬੈਠਦੇ ਹਾਂ ਗੂੜ੍ਹੀ ਚੁੱਪ ਦੀ ਛਾਂਵੇਂ ਦੱਬੇ ਹੋਏ ਅਹਿਸਾਸਾਂ ਨੂੰ ਹੋਰ ਦਬਾ ਲਵਾਂਗੇ ! ਇਹ ਚੁੱਪ ਕਦੇ ਕੋਈ ਕਹਾਣੀ ਕਹਿ ਹੀ ਦੇਵੇਗੀ, ਜਦੋਂ ਕਦੇ ਬਰਸਾਤ ਹੋਵੇਗੀ ਤੇਰੇ ਮੇਕਅੱਪ ਦੀ ਪਰਤ ਉੱਤਰੇਗੀ, ਧੁੱਪ ਨਿੱਖਰੇਗੀ ਤਾਂ ਤੇਰੇ ਚਿਹਰੇ 'ਤੇ ਉੱਕਰੀ ਇਕ ਇਕ ਝੁਰੜੀ ਨਿੱਖਰੇਗੀ ! ਅਜੇ ਤਾਂ ਤੇਰੇ ਮੇਕਅੱਪ ਦੀ ਪਰਤ ਬੜੀ ਗੂੜ੍ਹੀ ਹੈ ਅਜੇ ਤਾਂ ਲੁਕੀ ਹੋਈ ਤੇਰੇ ਮੱਥੇ ਦੀ ਹਰ ਤਿਊੜੀ ਹੈ ਅਜੇ ਤਾਂ ਚੁੱਪ ਰਹਿਣ ਦੀ ਮਜਬੂਰੀ ਹੈ ! ਅਜੇ ਤੂੰ ਮੁਖੌਟੇ ਇੱਦਾਂ ਹੀ ਪਾਈ ਰੱਖ ਸਮਝਣ ਵਾਲੇ ਸਭ ਸਮਝਦੇ ਨੇ!

8. ਨੌਂ ਸੁਫ਼ਨੇ

ਚੜ੍ਹਦੇ ਸੂਰਜ ਦਾ ਸੰਧੂਰੀ ਰੰਗ ਮਿੱਟੀ ਦੀ ਖ਼ਾਮੋਸ਼ੀ 'ਚ ਘੁਲ਼ ਗਿਆ ਧਰਤੀ ਅਤੇ ਅੰਬਰ ਦਾ ਗੰਧਰਵ ਹੋਇਆ ! ਟਿਕ ਟਿਕ ਟਿਕ ਸਮਾਂ ਤੁਰਿਆ, ਸਿੱਪੀ ਨੀਂਦਰੋਂ ਜਾਗ ਪਈ- ਉਸ ਦੇ ਰੂਪ ਦੇ ਘੁੰਗਰੂ ਛਣਕੇ ਬੀਜ ਨੇ ਅੰਗੜਾਈ ਲਈ ਉਸ ਦੀ ਧੁੰਨੀ ਹੇਠਾਂ ਹਲਚਲ ਹੋਈ- ਉਸ ਨੇ ਸਿਲਾਈਆਂ ਚੁੱਕ ਲਈਆਂ ਤੇ ਕੋਈ ਗੀਤ ਬੁਨਣ ਲੱਗੀ! ਘੁਰੇ ਦਰ ਘੁਰੇ ਉਸ ਨੇ ਨੌਂ ਸੁਫ਼ਨੇ ਬੁਣੇ! ਦਸਵਾਂ ਸੁਫ਼ਨਾ ਉਸ ਨੂੰ ਜਦ ਆਇਆ ਝੋਲੀ ਵਿਚ ਇਕ ਮੋਤੀ ਥਿਆਇਆ ਆਪਣੀ ਪੂਰੀ ਹਸਤੀ ਨਾਲ ਉਸਨੇ ਸਿਰਜਣਾ ਦਾ ਇਕ ਗੀਤ ਗਾਇਆ! ਲੋਰੀਆਂ ਗੁਣਗੁਣਾਉਂਦੀ ਉਸ ਦੀ ਹਰ ਰਾਤ ਸੀਨੇ ਉਸ ਦੇ 'ਚੋਂ ਸਿੰਮਦਾ ਅੰਮ੍ਰਿਤ ਪੂਰੇ ਚੰਨ ਨਾਲ ਭਰ ਜਾਂਦੀ ਉਸ ਦੀ ਪਰਾਤ! ਵਿਸਮਾਦਿਤ ਹੋ ਉਹ ਸੁਫ਼ਨੇ ਨੂੰ ਤੱਕਦੀ ਸਾਰੀ ਕਾਇਨਾਤ ਉਸ ਦੀ ਝੋਲੀ 'ਚ ਖਿੜ ਖਿੜ ਹੱਸਦੀ ! ਜਦ ਤੱਕ ਚੜ੍ਹਦੇ ਸੂਰਜ ਦਾ ਸੰਧੂਰੀ ਰੰਗ ਮਿੱਟੀ ਦੀ ਖ਼ਾਮੋਸ਼ੀ 'ਚ ਘੁਲ਼ੇਗਾ ਬ੍ਰਹਿਮੰਡੀ ਊਰਜਾ ਕਿਣਕੇ 'ਚ ਸਿਮਟੇਗੀ ਸਿੱਪੀ ਦੇ ਗਰਭ 'ਚ ਜਾ ਉਤਰੇਗੀ ਮਾਂ ਸਿਲਾਈਆਂ ਚੁੱਕੇਗੀ ਘੁਰੇ ਪਾਏਗੀ ਸੁਫ਼ਨੇ ਬੁਣੇਗੀ ਪੀੜਾ ਸਹੇਗੀ ਲੋਰੀਆਂ ਗਾਏਗੀ!

9. ਮੈਂ ਇੰਤਜ਼ਾਰ ਕਰਾਂਗੀ ...

ਬਰਫ਼ ਦੇ ਸ਼ਹਿਰ 'ਚੋਂ ਲੰਘ ਰਹੀ ਸਾਂ, ਕੀ ਵੇਖਦੀ ਹਾਂ ਕਿ ਉਸ ਦੀ ਬੰਸਰੀ 'ਚੋਂ ਸੁਰ ਹੀ ਗ਼ਾਇਬ ਹਨ ! ਜ਼ਰਾ ਅੱਗੇ ਵਧੀ, ਤਾਂ ਇਸ ਸ਼ਹਿਰ ਦੀ ਤਿਲ੍ਹਕਣਬਾਜ਼ੀ 'ਚ ਮੈਂ ਆਪਣੇ ਗੀਤ ਗੁਆ ਆਈ ! ਹੋਰ ਅੱਗੇ ਵਧੀ ਤਾਂ ਕੁਝ ਬੂਹਿਆਂ 'ਤੇ ਉੱਕਰਿਆ ਹੋਇਆ ਸੀ ਕਿ ਇਹਨਾਂ ਦਰਾਂ 'ਤੇ ਸਜਦਾ ਕਰੋਗੇ ਤਾਂ ਤੁਹਾਡੇ ਕੱਦ ਵਧਾ ਦਿੱਤੇ ਜਾਣਗੇ ! ਕਿਉਂ ਕਰਦੀ ਸਜਦੇ ?? ਮੈਂ ਬਰਫ਼ ਦੀਆਂ ਕੰਧਾਂ ਠੋਰਨ ਤੁਰ ਪਈ, ਇਕ ਬੇਰਹਿਮ ਖ਼ਾਮੋਸ਼ੀ ਪੱਸਰੀ ਹੋਈ ਸੀ ਆਰ-ਪਾਰ ! ਉਹ ਤਾਂ ਆਰਸੀਆਂ ਕੋਲੋਂ ਵੀ ਨਹੀਂ ਸਨ ਡਰਦੇ ਇਕ ਝੂਠਾ ਦਾਅਵਾ ਘੜ ਲੈਂਦੇ ਸਨ ਬੇਖ਼ੌਫ਼ ! ਰੋਜ਼ ਚੌਂਕ 'ਚ ਖੜ੍ਹੇ ਗਿਰਜੇ 'ਚੋਂ ਇਕ ਆਵਾਜ਼ ਉਭਰਦੀ ਸੀ ਕਿ ਸੱਚ- ਤੁਹਾਡੇ ਸ਼ੀਸ਼ੇ ਦੇ ਘਰਾਂ 'ਚੋਂ ਨਿੱਕਲ਼ ਕੇ ਸ਼ਹਿਰ ਦੇ ਚੌਰਾਹੇ 'ਚ ਨੰਗਾ ਨੱਚ ਰਿਹੈ ਜੇ ਚਾਹੋ ਤਾਂ ਅੰਦਰ ਆ ਕੇ ਕਨਫ਼ੈਸ਼ਨ ਕਰ ਸਕਦੇ ਹੋ ! ਪਰ ਉਹ ਆਪਣੇ ਸਿਰਾਂ 'ਤੇ ਕਲਗ਼ੀਆਂ ਲਾ, ਚਾਨਣ-ਮੁਨਾਰੇ ਬਣ, ਹੱਥਾਂ ਚ ਮਸ਼ਾਲਾਂ ਫੜ, ਦਿਗਦਰਸ਼ਕ ਬਣ ਕੇ ਸਜੇ ਰਹੇ ! ਇਹ ਸ਼ਹਿਰ ਮੈਨੂੰ ਬਰਫ਼ੀਲਾ ਮਾਰੂਥਲ ਜਾਪਿਆ ਹੈ- ਬਹੁਤ ਖ਼ੂਬਸੂਰਤ ਹੈ ਕਕਰੀਲੀ ਰੇਤ ਬਹੁਤ ਚਮਕਦੀ ਹੈ ਅਬਰਕ ਪਰ ਇਥੇ ਕਵਿਤਾ ਦਮ ਤੋੜ ਦਿੰਦੀ ਹੈ ! ਦੋਸਤੀ ਦੀ ਕੋਈ ਫ਼ਸਲ ਵੀ ਤਾਂ ਨਹੀਂ ਉੱਗਦੀ ਇੱਥੇ ! ਅਕਸਰ ਵੜ ਸਕਦੀ ਸਾਂ ਆਪਣੇ ਅੰਦਰ ਲੱਭ ਪੈਂਦਾ ਸੀ ਖ਼ਲਾਅ ਉਸ ਖ਼ਲਾਅ 'ਚੋਂ ਲੱਭ ਪੈਂਦੀਆਂ ਸਨ ਕੁਝ ਨਜ਼ਮਾਂ ਹੁਣ ਜਦ ਵੀ ਬੰਸਰੀ ਦੀ ਹੂਕ ਸੁਣਦੀ ਹਾਂ- ਪੂਰੇ ਦਾ ਪੂਰਾ ਜੰਗਲ ਭੱਜਿਆ ਆਉਂਦਾ ਹੈ ਮੇਰੇ ਅੰਦਰ ਲੱਭਦਾ ਹੋਇਆ ਆਪਣੀ ਗੁਆਚੀ ਹੋਈ ਬੰਸਰੀ! ਕਮਲ਼ਾ ਨਹੀਂ ਜਾਣਦਾ ਕਿ ਬਹੁਤ ਕੁਝ ਜੰਮ ਜਾਂਦੈ ਬਰਫ਼ੀਲੇ ਮੌਸਮਾਂ ਅੰਦਰ, ਦੱਬੀਆਂ ਵਸਤਾਂ ਲੱਭਣ ਲਈ ਬਰਫ਼ ਪਿਘਲਣ ਦਾ ਇੰਤਜ਼ਾਰ ਕਰਨਾ ਪੈਂਦੈ ! ਮੈਂ ਬਰਫ਼ ਪਿਘਲਣ ਤੱਕ ਇੰਤਜ਼ਾਰ ਕਰਾਂਗੀ!

10. ਮੋਮਬੱਤੀਆਂ

ਮੋਮਬੱਤੀਆਂ ਜਗਦੀਆਂ ਲੋਅ ਦਿੰਦੀਆਂ ਜਲ਼ ਕੇ ਢਲ਼ਦੀਆਂ ਮੁੱਕ ਜਾਂਦੀਆਂ ! ਮੋਮਬੱਤੀਆਂ - ਛੋਟੀਆਂ, ਵੱਡੀਆਂ ਲੰਮੀਆਂ, ਮੱਧਰੀਆਂ ਮੋਟੀਆਂ, ਪਤਲੀਆਂ ਜਲ਼ਣ ਲਈ ਬਣਦੀਆਂ ! ਕੁਝ ਖ਼ੂਸ਼ਬੂਦਾਰ ਮਹਿਕ ਵੰਡਦੀਆਂ ਆਪਾ ਵਾਰਦੀਆਂ ਮੁੱਕ ਜਾਂਦੀਆਂ ! ਕੁਝ ਘਰ ਦੇ ਡਰਾਇੰਗ ਰੂਮ 'ਚ ਸਜੀਆਂ ਰਹਿੰਦੀਆਂ, ਸਾਲਾਂ ਬੱਧੀ ਇੰਤਜ਼ਾਰ ਕਰਨ ਨੂੰ ਬਣਦੀਆਂ ! ਕੁਝ ਜਲ਼ਦੀਆਂ ਕਿਸੇ ਦਰਗਾਹ 'ਤੇ ਜਾਂ ਕਿਸੇ ਮਜ਼ਾਰ 'ਤੇ ਕੁਝ ਮੈਲ਼ੀਆਂ ਹੋ ਜਾਂਦੀਆਂ ਪਈਆਂ ਗ਼ੈਰਾਂ ਦੀ ਪਨਾਹ 'ਚ ! ਕੁਝ ਮੋਮਬੱਤੀਆਂ ਆਪ ਤਾਂ ਜਲ਼ਦੀਆਂ ਘਰ ਵੀ ਜਲ਼ਾ ਦਿੰਦੀਆਂ! ਮੋਮਬੱਤੀ ਦਾ ਧਰਮ ਜਲ਼ਣਾ ! ਮੋਮਬੱਤੀ ਦਾ ਕਰਮ ਜਲ਼ਣਾ !

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ