Punjabi Poetry : Sukhkirat Singh Dhillon

ਪੰਜਾਬੀ ਕਵਿਤਾਵਾਂ : ਸੁਖਕੀਰਤ ਸਿੰਘ ਢਿੱਲੋਂ



1. ਕੁਝ ਛੱਪ ਕੇ ਵਿਕਦੇ ਨੇ

ਕੁਝ ਛੱਪ ਕੇ ਵਿਕਦੇ ਨੇ, ਕੁਝ ਵਿਕ ਕੇ ਛੱਪਦੇ ਨੇ, ਫ਼ਰਕ ਬੜਾ ਹੁੰਦਾ ਅਖਬਾਰਾਂ ਅਖਬਾਰਾਂ 'ਚ । ਕੁਝ ਜਗੀਰਾਂ ਦੇ ਮਾਲਿਕ ਨੇ, ਕੁਝ ਜ਼ਮੀਰਾਂ ਦੇ ਮਾਲਿਕ ਨੇ, ਫ਼ਰਕ ਬੜਾ ਹੁੰਦਾ ਸਰਦਾਰਾਂ ਸਰਦਾਰਾਂ 'ਚ । ਕੁਝ ਕੁਰਸੀ ਲਈ ਲੜਦੇ ਨੇ, ਕੁਝ ਕੌਮ ਲਈ ਲੜਦੇ ਨੇ, ਫ਼ਰਕ ਬੜਾ ਹੁੰਦਾ ਜਥੇਦਾਰਾਂ ਜਥੇਦਾਰਾਂ 'ਚ । ਕੁਝ ਹੱਕਾਂ ਲਈ ਚਲਦੀਆਂ ਨੇ, ਕੁਝ ਹਾਕਮ ਲਈ ਚਲਦੀਆਂ ਨੇ, ਫ਼ਰਕ ਬੜਾ ਹੁੰਦਾ ਤਲਵਾਰਾਂ ਤਲਵਾਰਾਂ 'ਚ । ਕੁਝ ਗਰੀਬੀ ਮੁਕਾਉਂਦੀਆਂ ਨੇ, ਕੁਝ ਗਰੀਬ ਮੁਕਾਉਂਦੀਆਂ ਨੇ, ਫਰਕ ਬੜਾ ਹੁੰਦਾ ਸਰਕਾਰਾਂ ਸਰਕਾਰਾਂ 'ਚ । ਕੁਝ ਕੀਮਤ ਲਈ ਲਿਖਦੇ ਨੇ, ਕੁਝ ਕੀਮਤੀ ਲਿਖਦੇ ਨੇ, ਫ਼ਰਕ ਬੜਾ ਹੁੰਦਾ ਕਲਮਕਾਰਾਂ ਕਲਮਕਾਰਾਂ 'ਚ ।

2. ਡਰਾਉਂਦੀ ਹਕੂਮਤ ਡੰਡੇ ਤੋਂ

ਡਰਾਉਂਦੀ ਹਕੂਮਤ ਡੰਡੇ ਤੋਂ ਖੁਦ ਡਰਦੀ ਕਾਲੇ ਝੰਡੇ ਤੋਂ ਖੋਹ ਕੇ ਵੀ ਲੈਣਾ ਪੈਂਦਾ ਏ ਹੱਕ ਮਿਲਦਾ ਨਹੀਂ ਜਦ ਮੰਗੇ ਤੋਂ ਮੁਲਖ ਅਜਾਦ ਵੀ ਹੋਇਆ ਸੀ ਬਸੰਤੀ ਚੋਲਾ ਰੰਗੇ ਤੋਂ ਜੇ ਇਹ ਸੋਚ ਕੇ ਚੁੱਪ ਕਰਗੇ ਕਿ ਲੈਣਾ ਆਪਾਂ ਪੰਗੇ ਤੋਂ ਫਿਰ ਸਦਾ ਹੀ ਕੁਚਲੇ ਜਾਉਂਗੇ ਕਦੇ ਭਗਮੇ ਤੋਂ ਕਦੇ ਪੰਜੇ ਤੋਂ ਉਹ ਫਾਇਦਾ ਚੁੱਕੀ ਜਾਂਦੇ ਨੇ ਸਾਡੇ ਜਾਤਾਂ ਵਾਲੇ ਵੰਡੇ ਤੋਂ ਅਸੀਂ ਫਿਰ ਵੀ ਖੁਸ਼ ਹੋਈ ਜਾਨੇ ਹਾਂ ਢਿੱਡੋਂ ਭੁੱਖੇ ਪਿੰਡੇ ਨੰਗੇ ਤੋਂ ਪਹਿਲਾਂ ਗੁਲਾਮ ਸੀ ਆਪਾਂ ਗੋਰੇ ਦੇ ਹੁਣ ਹੋ ਚੱਲੇਂ ਆਂ ਕਾਲੇ ਰੰਗੇ ਤੋਂ ਜੇ ਇਹ ਸੋਚ ਕੇ ਚੁਪ ਕਰਗੇ ਕਿ ਲੈਣਾ ਆਪਾਂ ਪੰਗੇ ਤੋਂ ਫਿਰ ਸਦਾ ਹੀ ਕੁਚਲੇ ਜਾਉਂਗੇ ਕਦੇ ਭਗਮੇ ਤੋਂ ਕਦੇ ਪੰਜੇ ਤੋਂ

3. ਤਪਦੀਆਂ ਧੁੱਪਾਂ 'ਚ ਜਿਵੇਂ ਕੋਈ ਛਾਂ ਲਗਦੀ ਐ

ਤਪਦੀਆਂ ਧੁੱਪਾਂ 'ਚ ਜਿਵੇਂ ਕੋਈ ਛਾਂ ਲਗਦੀ ਐ ਕੁਝ ਇਸ ਤਰ੍ਹਾਂ ਮੈਨੂੰ ਮੇਰੀ ਮਾਂ ਲਗਦੀ ਐ ਘੁੱਪ ਹਨੇਰਾ ਫੈਲ ਜਾਵੇ ਜੇ ਦੂਰ ਤੀਕਰ ਕਿਤੇ ਓਥੇ ਕੱਲੀ ਜਿਵੇਂ ਰੋਸ਼ਨ ਕੋਈ ਸ਼ਮ੍ਹਾਂ ਲਗਦੀ ਐ ਕੁਝ ਇਸ ਤਰ੍ਹਾਂ.. ਹੜ੍ਹਾਂ ਚ ਡੁੱਬਦੇ ਕਿਸੇ ਪਿੰਡ ਦੇ ਵਸਨੀਕਾਂ ਨੂੰ ਜਿਵੇਂ ਕੀਮਤੀ ਕੋਈ ਓਥੇ ਉੱਚੀ ਥਾਂ ਲਗਦੀ ਐ ਕੁਝ ਇਸ ਤਰ੍ਹਾਂ.. ਬੇਸ਼ਕ ਵਿੱਥ ਪਾ ਗਿਆ ਹੱਡਾਂ ਨਾਲੋਂ ਮਾਸ ਉਹਦਾ ਪਰ ਮੁਹੱਬਤ ਮੇਰੇ ਲਈ ਹਾਲੇ ਜਵਾਂ ਲਗਦੀ ਐ ਕੁਝ ਇਸ ਤਰ੍ਹਾਂ.. ਜੇ ਪੁੱਛੋਂ ਕਿੰਨਾ ਵਿਰਾਟ ਹੈ ਕਿਰਦਾਰ ਉਸਦਾ ਸੱਚ ਦਸਾਂ ਮੈਨੂੰ ਤਾਂ ਉਹ ਆਸਮਾਂ ਲਗਦੀ ਐ ਕੁਝ ਇਸ ਤਰ੍ਹਾਂ.. ਹਿਸਾਬ ਕਿਤਾਬ ਲਾਉਣ ਬੈਠਾਂ ਉਸਦੇ ਪਿਆਰਾਂ ਦਾ ਮੇਰੀ ਗਿਣਤੀ ਯੋਗਤਾ ਦੀ ਹੁੰਦੀ ਭਿਆਂ ਲਗਦੀ ਐ ਕੁਝ ਇਸ ਤਰ੍ਹਾਂ ਮੈਨੂੰ ਮੇਰੀ ਮਾਂ ਲਗਦੀ ਐ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ