Punjabi Poetry : Sohan Singh Seetal

ਪੰਜਾਬੀ ਕਵਿਤਾਵਾਂ : ਸੋਹਣ ਸਿੰਘ ਸੀਤਲ

1. ਜਦੋਂ ਮੈਂ ਗੀਤ ਲਿਖਦਾ ਹਾਂ

ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ
ਜੋ ਸੁੱਤੀਆਂ ਥੱਕ ਕੇ ਰੀਝਾਂ
ਉਨ੍ਹਾਂ ਨੂੰ ਫਿਰ ਜਗਾ ਲੈਂਦਾਂ

ਮਿਰੀ ਸਾਥਣ, ਮਿਰੀ ਹਾਨਣ
ਜਦੋਂ ਡੋਲੇ 'ਚ ਆਈ ਸੀ
ਸੀ ਬਾਹੀਂ ਛਣਕਦਾ ਚੂੜਾ
ਹੱਥੀਂ ਮਹਿੰਦੀ ਲਗਾਈ ਸੀ
ਮੈਂ ਓਸੇ ਯਾਦ ਦਾ ਪੱਲਾ ਉਠਾ
ਇਕ ਝਾਤ ਪਾ ਲੈਂਦਾਂ
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ

ਮੈਂ ਚੰਦ ਚੰਦਾਂ 'ਚ ਘਿਰਿਆ ਵੇਖਿਆ ਸੀ
ਫਿਰ ਭੁਲਾਇਆ ਨਹੀਂ
ਲੰਘਾਈਆਂ ਸੈਂਕੜੇ ਪੁੰਨਿਆਂ
ਨਜ਼ਰ ਵਿਚ ਇਕ ਟਿਕਾਇਆ ਨਹੀਂ
ਜਦੋਂ ਚਾਹਵਾਂ ਮੈਂ
ਚੇਤਾ ਲੌਂਗ ਦਾ ਕਰ
ਦਿਨ ਚੜ੍ਹਾ ਲੈਂਦਾਂ
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ

ਉਹੋ ਗਾਨੇ ਦੀ ਛੁਹ ਪਹਿਲੀ
ਅਤੇ ਦੀਦਾਰ ਉਹ ਪਹਿਲਾ
ਪੁਰਾਣਾ ਹੋਣ ਨਹੀਂ ਦਿੱਤਾ
ਮੈਂ ਸੱਜਰਾ ਪਿਆਰ ਉਹ ਪਹਿਲਾ
ਮੈਂ ਉਸ ਸ਼ਰਮਾ ਰਹੀ 'ਹਾਂ ਜੀ' ਨੂੰ
ਸ਼ਬਦਾਂ ਵਿਚ ਵਟਾ ਲੈਂਦਾਂ ।
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ

ਕਿਤੋਂ ਚਾਂਦੀ ਦੇ ਬੋਰਾਂ ਦਾ
ਜਾਂ ਮਿੱਠਾ ਸਾਜ਼ ਸੁਣਦਾ ਹਾਂ
ਮੈਂ ਪਹਿਲੀ ਧੜਕਦੇ ਦਿਲ ਦੀ
ਉਹੀ ਆਵਾਜ਼ ਸੁਣਦਾ ਹਾਂ
ਸੁਣੇ ਜੋ ਫਰਕਦੇ ਬੁੱਲ੍ਹੋਂ
ਉਹੋ ਟੱਪੇ ਦੁਰ੍ਹਾ ਲੈਂਦਾਂ
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ

ਪਛੜਦੀ ਉਮਰ ਹੈ ਜਿਉਂ ਜਿਉਂ
ਤਰੱਕੀ ਹੈ ਖ਼ਿਆਲਾਂ ਦੀ
ਭੁਲੇਖਾ ਖਾਣ ਪਏ ਮਿੱਤਰ
ਸਫ਼ੈਦੀ ਵੇਖ ਵਾਲਾਂ ਦੀ
ਮੈਂ ਸ਼ਾਇਰ ਹਾਂ
ਤੇ ਚਾਹਵਾਂ ਜੇਹੋ ਜਹੀ
ਦੁਨੀਆਂ ਬਣਾਂ ਲੈਂਦਾਂ
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ

(੩੦-੫-੧੯੫੭)

2. ਝਾਂਜਰ ਨਾ ਛਣਕਾ

ਝਾਂਜਰ ਨਾ ਛਣਕਾ,
ਗੋਰੀਏ !
ਝਾਂਜਰ ਨਾ ਛਣਕਾ

ਇਕਧਰ ਮਸਜਿਦ,
ਇਕਧਰ ਮੰਦਰ,
ਤੇਰੀ ਵਿੱਚ ਅਟਾਰੀ
ਦੇਣੀ ਬਾਂਗ ਮੌਲਵੀ ਭੁੱਲਾ
ਭੁੱਲਾ ਭਜਨ ਪੁਜਾਰੀ
ਅਹੁ ਤੱਕ,
ਬੁੱਤ ਲੈਂਦੇ ਅੰਗੜਾਈਆਂ
ਵੌੜਾਂ ਲਵੇ ਖ਼ੁਦਾ

ਝਾਂਜਰ ਨਾ ਛਣਕਾ,
ਗੋਰੀਏ !
ਝਾਂਜਰ ਨਾ ਛਣਕਾ

ਮੱਧਮ ਚਾਲ ਧਰਤ ਦੀ ਪੈ ਗਈ
ਚੱਲੇ ਅਝਕ ਸਤਾਰੇ
ਬਣਿਆਂ ਫੇਰ ਦਲਾਲ ਇੰਦਰ ਦਾ
ਚੰਦ ਝਾਤੀਆਂ ਮਾਰੇ
ਭਰਮ ਪਿਆ ਜੇ ਕੋਈ ਦੇਵਤਾ,
ਪਰਲੋ ਦੇਊ ਲਿਆ

ਝਾਂਜਰ ਨਾ ਛਣਕਾ,
ਗੋਰੀਏ !
ਝਾਂਜਰ ਨਾ ਛਣਕਾ

ਕਿਸ ਗਿਣਤੀ ਵਿਚ ਮਾਤ-ਲੋਕ ਦੇ
ਭੁੱਖੇ ਜਤੀ ਵਿਚਾਰੇ
ਸੁਰਗ ਲੋਕ 'ਚੋਂ ਪਰਤ ਆਉਣਗੇ
ਭਗਤ, ਔਲੀਏ, ਸਾਰੇ
ਮੂੰਹ 'ਤੇ ਪੱਲਾ ਲੈ ਮੁਟਿਆਰੇ !
ਨਾ ਕੋਈ ਚੰਦ ਚੜ੍ਹਾ

ਝਾਂਜਰ ਨਾ ਛਣਕਾ,
ਗੋਰੀਏ !
ਝਾਂਜਰ ਨਾ ਛਣਕਾ

ਮੈਂ ਸ਼ਾਇਰ ਦਿਲ ਜਜ਼ਬਿਆਂ ਭਰਿਆ
ਕਾਬੂ ਰਹਿਣਾ ਨਾਹੀਂ
ਅਸੀਂ ਤਾਂ ਹੰਝੂਆਂ ਵਿਚ ਡੁਬ ਮਰੀਏ
(ਏਥੇ)
ਨੈਂ ਵਗਦੀ ਅਸਗਾਹੀਂ
ਆਸ਼ਕ ਲੱਗਣਾ ਪਾਰ ਨਾ ਲੋੜਨ
ਠਿਲ੍ਹਦੇ ਜਦ ਦਰਿਆ
ਝਾਂਜਰ ਨਾ ਛਣਕਾ,
ਗੋਰੀਏ !
ਝਾਂਜਰ ਨਾ ਛਣਕਾ

ਝਾਂਜਰ ਨਾ ਛਣਕਾ,
ਗੋਰੀਏ !

(੧੨-੫-੧੯੫੭)

3. ਤਮਾਸ਼ਾਈ

ਇਹ ਦੁਨੀਆਂ ਇਕ ਅਖਾੜਾ ਹੈ ਤੇ ਖਲਕਤ ਹੈ ਤਮਾਸ਼ਾਈ
ਮੈਂ ਜੀਵਨ ਖੇਡ ਵਿਚ ਭੁੱਲਦੇ ਬੜੇ ਬੁਧਵਾਨ ਵੇਖੇ ਨੇ।

ਜੋ ਉਡਦੇ ਅਰਸ਼ ਤੇ ਪਲ ਵਿਚ ਪਟਕਦੇ ਫਰਸ਼ ਤੇ ਵੇਖੇ
ਤੇ ਪੈਰਾਂ ਵਿਚ ਰੁਲਦੇ ਕਈ ਚੜ੍ਹੇ ਅਸਮਾਨ ਵੇਖੇ ਨੇ।

ਤਖਤ ਤੇ ਬੈਠਿਆਂ ਹੈ ਵੇਖਿਆ ਬੇਘਰ ਗੁਲਾਮਾਂ ਨੂੰ
ਤੇ ਮੰਗਦੇ ਭੀਖ ਗਲੀਆਂ ਵਿਚ ਕਈ ਸੁਲਤਾਨ ਵੇਖੇ ਨੇ।

ਜਿਨ੍ਹਾਂ ਮਹਿਲਾਂ ‘ਚ ਕਲ੍ਹ ਤੀਕਰ ਹੁੰਦਾ ਸੀ ਨਾਚ ਪਰੀਆਂ ਦਾ
ਮੈਂ ਪੈਂਦੇ ਕੀਰਨੇ ਅੱਜ ਉਹ ਬਣੇ ਸ਼ਮਸ਼ਾਨ ਵੇਖੇ ਨੇ।

ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ
ਉਹ ਬੇਹਿਆਂ ਟੁਕੜਿਆਂ ਨੂੰ ਤਰਸਦੇ ਇਨਸਾਨ ਵੇਖੇ ਨੇ।

ਜਿਨ੍ਹਾਂ ਦੇ ਸਾਮ੍ਹਣੇ ਝੁਕਦੇ ਸੀ ਲੱਖਾਂ ਸਿਰ ਜੁਆਨਾਂ ਦੇ
ਮੈਂ ਗੈਰਾਂ ਸਾਮ੍ਹਣੇ ਝੁਕਦੇ ਉਹੀ ਬਲਵਾਨ ਵੇਖੇ ਨੇ।

ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬਾਊਂਦੇ ਸੀ ਜ਼ਮਾਨੇ ਨੂੰ
ਮੈਂ ਕਾਇਰਾਂ ਜਿਉਂ ਵਿਲ੍ਹਕਦੇ ਉਨ੍ਹਾਂ ਦੇ ਅਰਮਾਨ ਵੇਖੇ ਨੇ।

ਕਹਾਂ ਕੀ? ਬੇਇਲਮ, ਬੇਸਮਝ ਲੋਕਾਂ ਦੀ ਹਜੂਰੀ ਵਿਚ
ਅਕਲ ਦੇ ਕੋਟ ਹੱਥ ਬੱਧੀ ਖਲੇ ਹੈਰਾਨ ਵੇਖੇ ਨੇ।

ਲਟਕਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ
ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ।

ਚਲਾਉਂਦੇ ਵੇਖਿਆ ਛੁਰੀਆਂ ਹੈ ਕਈਆਂ ਸਾਧ-ਸੰਨਤਾਂ ਨੂੰ
ਤੇ ਮੰਦਰ ਦੇ ਪੁਜਾਰੀ ਵੇਚਦੇ ਇਮਾਨ ਵੇਖੇ ਨੇ।

ਗਲੇ ਮਿਲਦੇ ਮੁਹੱਬਤ ਨਾਲ ਮੈਂ ਵੇਖੇ ਨੇ ਦੁਸ਼ਮਣ ਵੀ
ਤੇ ਮਿਤਰਾਂ ਵਿਚ ਹੁੰਦੇ ਲਹੂ ਦੇ ਘਮਸਾਨ ਵੇਖੇ ਨੇ।

ਅਨੋਖੇ ਰੰਗ ਨੇ ਕੁਦਰਤ ਦੇ ਜਾਣੇ ਕੌਣ ‘ ਸੀਤਲ ‘ ਜੀ
ਮੈਂ ਉਜੜੇ ਵੱਸਦੇ ਤੇ ਵੱਸਦੇ ਵੀਰਾਨ ਵੇਖੇ ਨੇ।

4. ਗੂੰਗਾ ਏ ਪਿਆਰ

ਗੂੰਗਾ ਏ ਪਿਆਰ ਮੇਰਾ
ਮੂੰਹੋਂ ਨ ਬੋਲ ਸਕਦਾ
ਮਿਤਰਾਂ ਦੇ ਕੋਲ ਵੀ ਨਾ
ਦਿਲ ਨੂੰ ਮੈਂ ਫੋਲ ਸਕਦਾ।

ਅਗ ਅਪਣੇ ਆਪ ਲਾਕੇ
ਰਖਦਾਂ ਦਬਾ ਦਬਾ ਕੇ
ਬੁੱਲ੍ਹਾਂ ਤੇ ਮੁਹਰ ਚੁਪ ਦੀ
ਜੋ ਮੈਂ ਨ ਖੋਲ ਸਕਦਾ।

ਹੰਝਵਾਂ ਦੀ ਇਹ ਰਵਾਨੀ
ਉਸਦੀ ਸਮਝ ਨਿਸ਼ਾਨੀ
ਝੋਲੀ ਚ ਲੈ ਰਿਹਾ ਹਾਂ
ਭੋਇੰ ਨ ਰੋਲ ਸਕਦਾ।

ਇਹ ਗ਼ਮ ਤੇ ਇਹ ਜਵਾਨੀ
ਸਭ ਉਸਦੀ ਮਿਹਰਬਾਨੀ
ਵਸਦੀ ਜੋ ਫੁਰਨਿਆਂ ਵਿਚ
ਫਿਰ ਵੀ ਨਾ ਟੋਲ ਸਕਦਾ।

5. ਸੂਲੀ ਚੜ੍ਹ ਮਨਸੂਰ ਪੁਕਾਰੇ ਇਓਂ ਦਿਲਦਾਰ ਮਨਾਈਦਾ-ਗ਼ਜ਼ਲ

ਸੂਲੀ ਚੜ੍ਹ ਮਨਸੂਰ ਪੁਕਾਰੇ ਇਓਂ ਦਿਲਦਾਰ ਮਨਾਈਦਾ
ਖੱਲ ਲੁਹਾ ਤਬਰੇਜ਼ ਕਹੇ ਇਓਂ ਗਲੀ ਸਜਣ ਦੀ ਜਾਈਦਾ।

ਆਰੇ ਦੇ ਨਾਲ ਚੀਰ ਜ਼ਕਰੀਆ ਜਦ ਦੋ-ਫਾੜੇ ਕੀਤੋ ਨੇ
ਹਰ ਹਿੱਸੇ ਚੋਂ ਇਹ ਸਦ ਆਵੇ ਮਰਕੇ ਪਿਆਰਾ ਪਾਈਦਾ।

ਕੰਨ ਪੜਵਾਏ ਮੁੰਦਰਾਂ ਪਾਈਆਂ ਛੱਡਕੇ ਤਖਤ ਹਜਾਰੇ ਨੂੰ
ਯਾਰ ਪਿਛੇ ਦੁਸ਼ਮਣ ਦੇ ਬੂਹੇ ਮੁੜ ਮੁੜ ਅਲਖ ਜਗਾਈਦਾ।

ਵਹਿੰਦੀਆਂ ਨਹਿਰਾਂ ਸੁਕੀਆਂ 'ਸੀਤਲ' ਸੁਣਕੇ ਮੌਤ ਪਿਆਰੇ ਦੀ
ਤੇਸਾ ਮਾਰ ਲੁਹਾਰ ਪੁਕਾਰੇ ਇਓਂ ਕਰ ਇਸ਼ਕ ਨਿਭਾਈਦਾ।

ਪੱਟ ਦਾ ਮਾਸ ਖੁਆਕੇ ਆਸ਼ਕ ਦੱਸਿਆ 'ਹੱਦ ਇਸ਼ਕ ਦੀ ਇਹ'
ਕੱਚੇ ਘੜੇ ਤੇ ਨੈਂ ਵਿਚ ਡੁਬ ਕੇ ਹੱਦੋਂ ਵੀ ਟਪ ਜਾਈਦਾ।

6. ਸਿਰ ਝੁਕਾਂਦੇ ਨੇ

ਸਦਾ ਇਕ ਸਾਰ ਨਹੀਂ ਰਹਿੰਦੇ,
ਜ਼ਮਾਨੇ ਬਦਲ ਜਾਂਦੇ ਨੇ
ਜੋ ਸਿਰ ਚੁੱਕਣ ਨਹੀਂ ਦੇਂਦੇ
ਕਦੇ ਆ ਸਿਰ ਝੁਕਾਂਦੇ ਨੇ।

ਪਤਾ ਲੱਗੈ, ਸਮਾਧੀ ਮਰਦ
ਦੀ ਦੁਸ਼ਮਣ ਉਸਾਰਨਗੇ
ਜੋ ਕਲ੍ਹ ਬਦਨਾਮ ਕਰਦੇ ਸੀ
ਉਹ ਅਜ ਚੰਦੇ ਲਿਖਾਂਦੇ ਨੇ।

ਉਹ ਆਵਣਗੇ ਤਿਰੇ ਦਰ ਤੇ
ਜਿਆਰਤ ਵਾਸਤੇ ਇਕ ਦਿਨ
ਜਿਨ੍ਹਾਂ ਸਿਰ ਲੋਕ ਤੇਰੇ ਖੂਨ
ਦਾ ਇਲਜਾਮ ਲਾਂਦੇ ਨੇ।

7. ਸਿਆਣੇ

ਮੇਰੇ ਦਿਲ ਦੀ ਲੱਗੀ ਨੂੰ ਕੋਈ ਨਾ ਜਾਣੇ
ਥਕੇ ਨਬਜ਼ ਟੁਹ ਟੁਹ ਹਜ਼ਾਰਾਂ ਸਿਆਣੇ।

ਹਿਜਰ ਦੇ ਵਿਛਾਉਣੇ ਇਹ ਸੂਲਾਂ ਦੀ ਸੇਜਾ
ਮੇਰੇ ਵਾਂਗ ਹੈ ਕੋਈ ਜੋ ਹੱਸ ਹੱਸ ਕੇ ਮਾਣੇ।

ਮਹੀਂਵਾਲ ਮਿਰਜ਼ਾ ਇਹ ਪੁੰਨੂੰ ਜਾਂ ਰਾਂਝਾ
ਮਿਰੇ ਇਸ਼ਕ ਅੱਗੇ ਇਹ ਜਾਪਣ ਅੰਞਾਣੇ।

ਮਰੇ ਖਾਕੇ ਇੱਕੋ ਹਿਜਰ ਦੀ ਕਟਾਰੀ
ਜਰੇ ਜਿਉਂਦੇ ਜੀ ਜੋ ਉਹਨੂੰ ਜੱਗ ਜਾਣੇ।

ਮੈਂ ਹੱਥੀਂ ਜਲਾਈ ਸ਼ਮ੍ਹਾਂ ਸੜਨ ਬਦਲੇ
ਕਿਆ ਰੀਸ ਕਰਨੀ ਪਤੰਗੇ ਨਿਮਾਣੇ।

ਕਦੋਂ ਇਸ਼ਕ ਦੀ ਅੱਗ ਦਬਦੀ ਦਬਾਇਆਂ
ਜੇ ਹੱਸਾਂ ਤਾਂ ਚਮਕਣ ਹਜ਼ਾਰਾਂ ਟਟਾਹਣੇ।

ਨਹੀਂ ਚਾਹ ਮੈਨੂੰ ਕਿਨਾਰੇ ਲਗਣ ਦੀ
ਚਰਾਗੀ ਨੇ ਗ਼ੈਰਤ ਦੀ ਮੰਗਦੇ ਮੁਹਾਣੇ।

ਉਹਨਾਂ ਨੂੰ ਮੈਂ ਪੂਜਾਂ ਜੋ ਰਾਹੀਂ ਨੇ ਡੁੱਬੇ
ਦਇਆ ਉਹਨਾਂ ਉੱਤੇ ਜੋ ਪਹੁੰਚੇ ਟਿਕਾਣੇ।

ਵਿਗਾੜੇਗੀ ਕੀ ਅੱਗ ਦੋਜ਼ਖ਼ ਦੀ ਮੇਰਾ
ਕਦੋਂ ਸੁਖ ਬਹਿਸ਼ਤਾਂ ਦੇ ਆਸ਼ਕ ਨੇ ਮਾਣੇ।

ਜਿਉਂਦਾ ਹਾਂ ਇਸ ਸਿਰੜ ਦੇ ਮੈਂ ਸਹਾਰੇ
ਕਹੇ ਨਾ ਕੋਈ ਹਾਰ ਮੰਨ ਲਈ ਫਲਾਣੇ।

8. ਜ਼ਬਾਨੀ

ਭਲਾ ਸੀ ਮੇਰੇ ਤੇ ਨ ਆਉਂਦੀ ਜਵਾਨੀ
ਮਿਰੀ ਬਾਤ ਬਣਦੀ ਨ ਦੁਖ ਦੀ ਕਹਾਨੀ।

ਉਗਲਨੇ ਨੇ ਪੈਂਦੇ ਗ਼ਮਾਂ ਦੇ ਅੰਗਾਰੇ
ਜਦੋਂ ਕਹਿਣਾ ਪੈਂਦਾ ਹੈ ਅਪਣੀ ਜ਼ਬਾਨੀ।

ਖ਼ੁਸ਼ੀ ਨਾਲ ਗ਼ਮ ਹਰ ਖ਼ੁਸ਼ੀ ਤੋਂ ਵਟਾਏ
ਜ਼ਮਾਨਾ ਕਹੇ ਇਹ ਤੂੰ ਕੀਤੀ ਨਦਾਨੀ।

ਰਹੀ ਜ਼ਿੰਦਗੀ ਦੀ ਇਹੋ ਰਾਸ ਪੱਲੇ
ਇਹ ਹਉਕੇ ਇਹ ਹੰਝੂ ਨੇ ਉਸਦੀ ਨਸ਼ਾਨੀ।

ਕਮਾਇਆ ਕਿਸੇ ਨਾ ਮੁਹੱਬਤ ਚੋਂ ਕਹਿੰਦੇ
ਅਮਰ ਪਦਵੀ ਪਾਈ ਮੈਂ ਦੇ ਜਾਨ ਫਾਨੀ।

9. ਪਿਆਲਾ

ਇਸ਼ਕ ਪਿਆਲਾ ਵਿਹੁ ਦਾ ਵੇਖੋ
ਆਸ਼ਕ ਪੀਂਦਾ ਗਟ ਗਟ ਗਟ।

ਓਧਰ ਪਿਆਰਾ ਤੇਗ ਹੁਸਨ ਦੀ
ਸਾਣ ਚੜ੍ਹਾਵੇ ਝਟ ਝਟ ਝਟ ।

ਹੱਸੇ, ਖੇਡੇ, ਮਾਰੇ ਛਾਲਾਂ
ਤੇਗ ਉਲਾਰੇ ਹਟ ਹਟ ਹਟ ।

ਆਸ਼ਕ ਦਾ ਦਿਲ ਕੀਮਾਂ ਕਰਦਾ
ਨਾਜ਼ ਛੁਰੀ ਥੀਂ ਕਟ ਕਟ ਕਟ।

ਓਸ ਦੀ ਰੱਤ ਦੇ ਵਿਚ ਧੋਵੇ
ਖੱਲ ਸੇ ਦੀ ਛਟ ਛਟ ਛਟ।

ਆਹ! ਆਸ਼ਕ ਦੀ ਗਰਦਨ ਕਰੜੀ
ਇਕ ਨਿ ਦਹਿੰਦੀ ਸਟ ਸਟ ਸਟ।

'ਸੀਤਲ' ਫੇਰ ਪਿਆਲਾ ਭਰਕੇ
ਆਖੇ, ਪੀ ਲੈ ਗਟ ਗਟ ਗਟ।

10. ਲੇਲੀ

ਜੰਗਲ ਦੇ ਵਿਚ ਭੌਂਦਾ ਫਿਰਦਾ, ‘ਲੇਲੀ ਲੇਲੀ' ਕਰਦਾ
ਲੇਲੀ ਦਾ ਜੋ ਨਾਮ ਸੁਣਾਵੇ, ਸਿਰ ਕਦਮਾਂ ਤੇ ਧਰਦਾ।

ਹਥ ਵਿਚ ਤਸਬੀ, ਤਿਲਕ ਮਥੇ ਤੇ, ਨਾ ਪੰਡਤ ਨਾ ਹਾਜੀ
‘ਲੇਲੀ ਹੂ' ਦੀ ਬਾਂਗ ਪੁਕਾਰੇ, ਲੇਲੀ ਨਾਮ ਉਚਰਦਾ।

ਤਕ ਉਸ ਇਸ਼ਕ ਦੀਵਾਨੇ ਤਾਂਈ, ਜਾਹਿਦ ਦਿਲ ਵਿਚ ਸੋਚੇ
‘ਪਹਿਰਾਵਾ ਸੂਫੀ ਦਾ ਜਾਪੇ, ਕੰਮ ਕਰੇ ਕਾਫਰ ਦਾ’।

ਪੁੱਛਣ ਲੱਗਾ, “ ਓ ਮਜਨੂੰ ! ਓ ਲੇਲੀ ਦੇ ਦੀਵਾਨੇ
ਛੱਡ ਖੁਦਾ ਨੂੰ ਬੁੱਤਾਂ ਅੱਗੇ, ਕਿਓਂ ਤੂੰ ਸਿਜਦੇ ਕਰਦਾ" ।

“ਕੌਣ ਖੁਦਾ ? ਤੇ ਕਿੱਥੇ ਵਸਦੈ ?” ਮੋੜ ਕਿਹਾ ਆਸ਼ਕ ਨੇ
“ਮੈਂ ਤਾਂ ਇਕ ਲੇਲੀ ਨੂੰ ਜਾਣਾ ਭੇਤੀ ਨਹੀਂ ਈਸ਼ਰ ਦਾ”।

ਜਾਹਿਦ ਕਿਹਾ, “ਰਬ ਹਰ ਜ਼ੱਰੇ ਵਿਚ ਹਰ ਰੰਗ ਦੇ ਵਿਚ ਵਸਦੈ”
“ਲੈਲੀ ਵਿਚ ਵੀ ਵਸਦੈ?” “ਹਾਂ ਸਭ ਨੂਰ ਉਸੇ ਅਨਵਰ ਦ ”।

“ਤਾਂ ਨਾ ਵਰਜ” ਕਿਹਾ ਮਜਨੂੰ ਨੇ, “ਲੈਲੀ ਨਾਮ ਜਪਣ ਦੇ
ਮਿਲ ਪਏਗਾ ਰਬ ਆਪੇ, ਜਿਸ ਦਿਨ ਮੇਲ ਹੋਊ ਦਿਲਬਰ ਦਾ”।

11. ਮੈਂ ਉਸਨੂੰ ਪਿਆਰ ਕਰਦਾ ਹਾਂ

ਬੜਾ ਸਾਦਾ ਜਿਹਾ ਇਨਸਾਨ ਹੈ
ਇਨਸਾਨ ਹੈ ਐਪਰ
ਉਹ ਮੇਰੀ ਨਜ਼ਰ ਵਿਚ
ਮਾਨੁੱਖਤਾ ਦੀ ਸ਼ਾਨ ਹੈ ਐਪਰ
ਨਾ ਲਾਲਚ ਸੁਰਗ ਦਾ ਉਸਨੂੰ
ਤੇ ਭੈ ਨਰਕਾਂ ਦਾ ਖਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਕਿਸੇ ਵੱਡੇ ਦੀ, ਉਹ ਛੋਟਾ
ਖ਼ੁਸ਼ਾਮਦ ਕਰ ਨਹੀਂ ਸਕਦਾ
ਕਿਸੇ ਮਾੜੇ 'ਤੇ ਧੱਕਾ ਵੇਖ ਹੁੰਦਾ
ਜਰ ਨਹੀਂ ਸਕਦਾ
ਬਿਨਾਂ ਕਾਰਨ, ਕਿਸੇ ਚੰਗੇ ਬੁਰੇ ਦਾ
ਦਿਲ ਦੁਖਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਬੜਾ ਪੱਕਾ ਹੈ ਉਹ
ਕੁਛ ਆਪਣੇ ਮਿਥਵੇਂ ਅਸੂਲਾਂ 'ਤੇ
ਮਗਰ ਸ਼ਰਧਾ ਨਹੀਂ
ਆਪੇ ਬਣੇ ਭੇਖੀ ਰਸੂਲਾਂ 'ਤੇ
ਕਹੇ ਕੋਈ ਲੱਖ ਉਸਨੂੰ
ਇੱਕ ਵੀ ਦਿਲ 'ਤੇ ਲਿਆਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਉਹ ਮੰਨਦੈ ਧਰਮ,
ਪਰ ਉਹ ਧਰਮ ਲੋਕਾਂ ਤੋਂ ਨਿਆਰਾ ਏ
ਨਾ ਝਗੜਾ 'ਵਰ' 'ਸਰਾਪਾਂ' ਦਾ
ਤੇ ਨਾ 'ਪੁੰਨਾਂ' ਦਾ ਲਾਰਾ ਏ
ਹੈ ਇੱਕੋ ਅੰਦਰੋਂ ਬਾਹਰੋਂ
ਕਦੇ ਸ਼ਕਲਾਂ ਵਟਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਉਹ 'ਨੇਕੀ' ਤੇ 'ਬਦੀ' ਦੋ ਸ਼ਬਦ
ਸੁਣ ਸੁਣ ਕੇ ਨਾ ਘਬਰਾਂਦਾ
ਜੇ ਕੁਛ ਚੰਗਾ ਕਰੇ,
ਲੀਡਰ ਬਣਨ ਲਈ ਸ਼ੋਰ ਨਹੀਂ ਪਾਂਦਾ
ਤੇ ਜੇ ਹੋ ਜੈ ਗੁਨਾਂਹ
ਤਾਂ ਪਰਦਿਆਂ ਦੇ ਵਿਚ ਲੁਕਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਨਾ ਢਾਹ ਕੱਖਾਂ ਦੀਆਂ ਕੁੱਲੀਆਂ
ਧਰਮ ਮੰਦਰ ਬਨਾਂਦਾ ਏ
ਨਾ ਲੀਰਾਂ ਪਾਟੀਆਂ ਧੂਹ ਕੇ
ਚੰਦੋਏ ਈ ਚੜ੍ਹਾਂਦਾ ਏ
ਤੇ ਖੋਹ ਮਜ਼ਦੂਰ ਦੀ ਰੋਟੀ
ਉਹ ਕਿਧਰੇ ਜੱਗ ਲਵਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਉਹ ਬਹੁਤੀ ਫੇਰ ਮਾਲਾ
ਰੱਬ ਨੂੰ ਹੈਰਾਨ ਨਹੀਂ ਕਰਦਾ
ਤੇ ਅਪਣੇ ਭਜਨ ਦੇ ਬਲ
ਕਿਸੇ ਤੋਂ ਤਾਵਾਣ ਨਹੀਂ ਭਰਦਾ
ਉਹ ਆਪਣੀ ਪਾਰਸਾਈ ਦਾ
ਕਿਸੇ 'ਤੇ ਰੁਹਬ ਪਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਸਫ਼ਾਰਸ਼ ਸੁਣ ਕੇ ਬਖ਼ਸ਼ੂ,
ਉਸਨੂੰ ਲਾਈਲੱਗ ਨਹੀਂ ਮੰਨਦਾ
ਉਹ ਉਸਨੂੰ ਇਕ ਧੜੇ ਦਾ
ਰਿਸ਼ਵਤੀ,
ਜਾਂ ਠੱਗ ਨਹੀਂ ਮੰਨਦਾ
ਇਸੇ ਲਈ, ਭੁੱਲ ਕਰਕੇ
ਸੁੱਖਣਾ ਸੁੱਖ, ਬਖ਼ਸ਼ਵਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਨਾ ਉਹ ਸ਼ੈਤਾਨ ਹੈ,
ਨਾ ਦੇਵਤਾ ਬਣ ਕੇ ਵਿਖਾਂਦਾ ਏ
ਕਿੱਤੇ ਘੁੱਟ ਪੀ ਬਹੇ,
ਤਾਂ ਪੀ ਕੇ ਨਾ ਮੰਦਰ 'ਚ ਜਾਂਦਾ ਏ
ਕਹੋ:
ਕਾਫ਼ਰ ਹੈ ਉਹ,
ਪਰ ਭੇਖ ਸੰਤਾਂ ਦਾ ਬਣਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਕਦੇ ਉਹ ਆਪਣੀ ਮਿਹਨਤ ਤੋਂ ਵਧੇਰੇ
ਦਾਤ ਨਹੀਂ ਮੰਗਦਾ
ਤੇ ਆਪਣਾ ਹੱਕ
ਤਾਕਤ ਨਾਲ ਵੀ ਲੈਣੋ ਨਹੀਂ ਸੰਗਦਾ
ਹੈ 'ਸੀਤਲ' ਬੇ-ਨਿਆਜ਼ ਇਤਨਾ
ਕਿਤੇ ਪੱਲਾ ਫੈਲਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਮੈਂ ਉਸਨੂੰ ਪਿਆਰ ……
(੩੦-੧੦-੫੮)

12. ਜੇ ਮੈਂ ਨਾ ਹੁੰਦਾ, ਖ਼ੁਦਾ ਨਾ ਹੁੰਦਾ

ਹੈ ਇਕ 'ਤੇ ਨਿਰਭਰ ਦੂਏ ਦੀ ਹਸਤੀ
ਜੇ ਇਕ ਨਾ ਹੁੰਦਾ, ਦੂਆ ਨਾ ਹੁੰਦਾ
ਸਥਾਨ ਹਰ ਇਕ ਦਾ ਅਪਨਾ ਅਪਨਾ
ਨਾ ਖੋਟਾ ਹੁੰਦਾ, ਖਰਾ ਨਾ ਹੁੰਦਾ

ਜੇ ਮੈਨੂੰ ਕਰਤਾ ਨੇ ਸਾਜਿਆ ਏ
ਤਾਂ ਮੈਂ ਵੀ ਕੀਤਾ ਏ ਉਸਨੂੰ ਪਰਗਟ
ਮਿਰੀ ਤੇ ਉਸਦੀ ਹੈ ਹੋਂਦ ਸਾਂਝੀ
ਜੇ ਮੈਂ ਨਾ ਹੁੰਦਾ, ਖ਼ੁਦਾ ਨਾ ਹੁੰਦਾ

ਉਹ ਪਾਰ ਲਾਊ ਉਸੇ ਦਾ ਬੇੜਾ
ਜੋ ਆਪ ਡੁੱਬਣ ਦਾ ਡਰ ਸਹੇੜੂ
ਉਹ ਕਿਸਦੇ ਦੱਸੋ ਗੁਨਾਂਹ ਬਖ਼ਸ਼ਦਾ ?
ਜੇ ਕੀਤਾ ਮੈਂ ਕੁਛ ਬੁਰਾ ਨਾ ਹੁੰਦਾ

ਐ ਨੇਕ-ਬਖ਼ਤੋ ! ਤੁਹਾਡੀ ਦੁਨੀਆਂ
ਵਜੂਦ ਵਿਚ ਹੀ ਨਾ ਆਈ ਹੁੰਦੀ
ਜੇ ਪਿਰਥਮੇ ਮੈਂ ਗੁਨਾਂਹ ਕਰਕੇ
ਬਹਿਸ਼ਤ 'ਚੋਂ ਨਿਕਲਿਆ ਨਾ ਹੁੰਦਾ

ਗੁਨਾਂਹ ਮਿਰੇ 'ਤੇ ਆਬਾਦ ਦੁਨੀਆਂ
ਗੁਨਾਂਹ 'ਤੇ ਨਿਰਭਰ ਹੈ ਕੁਲ ਇਬਾਦਤ
ਮਨੌਣ ਦੀ ਲੋੜ ਹੀ ਨਾ ਪੈਂਦੀ
ਜੇ ਮੇਰੇ ਨਾਲ ਉਹ ਖ਼ਫ਼ਾ ਨਾ ਹੁੰਦਾ

ਮੈਂ ਅੰਸ ਉਸਦੀ, ਮੈਂ ਉਸਦਾ ਹਿੱਸਾ
ਮਿਰੇ ਤੇ ਉਸ ਵਿਚ ਨਾ ਫ਼ਰਕ ਸੀ ਕੋਈ
ਜੇ ਆਪ ਹੀ ਮੈਂ ਨਾ ਹੁੰਦਾ ਨੀਵਾਂ
ਤਾਂ ਉਸਦਾ ਇਹ ਮਰਤਬਾ ਨਾ ਹੁੰਦਾ

ਜੋ ਉਸਨੂੰ ਭਾਲਣ ਵੀਰਾਨਿਆਂ ਵਿਚ
ਮੈਂ ਵੇਖ ਉਹਨਾਂ ਨੂੰ ਹੱਸ ਛੱਡਦਾਂ
ਕਿਉਂਕਿ ਰਚਨਾ ਤੋਂ ਰਚਨਹਾਰਾ
ਕਦੇ ਵੀ 'ਸੀਤਲ' ਜੁਦਾ ਨਾ ਹੁੰਦਾ
(੧੬-੧੦-੫੮)

13. ਇਹ ਦੁਨੀਆਂ ਤੇ ਅਗਲੀ ਦੁਨੀਆਂ

ਆਹ ਲੈ ਸਾਧਾ ! ਅਪਣੀ ਅਗਲੀ ਦੁਨੀਆਂ ਸਾਂਭ ਲੈ
ਮੇਰੀ ਦੁਨੀਆਂ ਮੈਨੂੰ ਮੇਰੀ ਮਰਜ਼ੀ ਨਾਲ ਸਜਾਣ ਦੇ

ਤਪੀਆ ! ਹੋਵਣ ਤੈਨੂੰ ਤੇਰੇ ਸੁਰਗ ਸੁਹੰਢਣੇ
ਏਸੇ ਧਰਤੀ ਉੱਤੇ ਮੈਨੂੰ ਸੁਰਗ ਬਨਾਣ ਦੇ

ਤੇਰੇ ਕਲਪ-ਬਿਰਛ ਦੀ ਛਾਂ ਵੱਲ ਮੈਂ ਨਹੀਂ ਝਾਕਦਾ
ਬੰਜਰ ਪੁੱਟ ਪੁੱਟ ਮੈਨੂੰ ਏਥੇ ਬਾਗ਼ ਲਗਾਣ ਦੇ

ਧ੍ਰਿੱਗ ਉਸ ਬੰਦੇ ਨੂੰ, ਜੋ ਖ਼ਾਹਸ਼ ਕਰੇ ਉਸ ਜੰਨਤ ਦੀ
ਜਿੱਥੋਂ ਕੱਢਿਆ ਬਾਬਾ ਆਦਮ ਨਾਲ ਅਪਮਾਨ ਦੇ

ਮਾਲਾ ਫੇਰੇਂ, ਉੱਚੀ ਕੂਕੇਂ, ਨਜ਼ਰਾਂ ਹੂਰਾਂ 'ਤੇ
ਤੈਨੂੰ ਆਉਂਦੇ ਨੇ ਢੰਗ ਅੱਲਾਹ ਨੂੰ ਭਰਮਾਣ ਦੇ

ਪਰੀਆਂ ਸੁਰਗ ਦੀਆਂ ਦੀ ਝਾਕ ਤੁਸਾਂ ਨੂੰ ਸੰਤ ਜੀ !
ਮੇਰੀ ਇਕ ਸਲੋਨੀ, ਉਹਦੀਆਂ ਰੀਝਾਂ ਲਾਹਣ ਦੇ

ਤੇਰੇ ਠਾਕਰ ਨੂੰ ਵੀ ਭੋਗ ਲੁਆ ਲਊਂ ਮਿਸ਼ਰ ਜੀ !
ਰੋਂਦੇ ਭੁਹਲੇ ਦਾ ਤਾਂ ਪਹਿਲਾਂ ਮੂੰਹ ਜੁਠਾਣ ਦੇ

ਵਿਹਲਾ ਹੋ ਕੇ ਬਾਬਾ ! ਮਾਲਾ ਵੀ ਮੈਂ ਫੇਰ ਲਊਂ
ਸਭ ਨੇ ਖਾਣਾ ਜਿੱਥੋਂ, ਪੈਲੀ ਨੂੰ ਸੀ ਲਾਣ ਦੇ

ਕਰ ਲਊਂ ਪੂਜਾ ਤੇਰੇ ਅਰਸ਼ੀਂ ਵੱਸਣ ਵਾਲੇ ਦੀ
ਪਹਿਲਾਂ ਬੰਦੇ ਦੀ ਤਾਂ ਮੈਨੂੰ ਟਹਿਲ ਕਮਾਣ ਦੇ

'ਸੀਤਲ' ਚੰਗਾ ਬਣ ਇਨਸਾਨ, ਜੋ ਤੇਰਾ ਧਰਮ ਹੈ
ਕਾਹਨੂੰ ਫਿਰਦੈਂ ਪਿੱਛੇ ਪੰਡਤ ਦੇ ਭਗਵਾਨ ਦੇ
(੧੧-੮-੫੭)

14. ਕਲਿਜੁਗ, ਕਿ ਸਤਜੁਗ

ਭੁੱਲੀ ਦੁਨੀਆਂ ਐਵੇਂ ਕਲਜੁਗ ਕਲਜੁਗ ਕੂਕਦੀ
ਮੈਨੂੰ ਸਤਜੁਗ ਆਉਂਦਾ ਦੀਹਦਾ ਵਿਚ ਜਹਾਨ ਦੇ

ਜਿਹੜਾ ਆਦਮ ਇਕ ਦਿਨ ਖੱਡਾਂ ਦੇ ਵਿਚ ਰਹਿੰਦਾ ਸੀ
ਉਹਦੇ ਪੁੱਤਰ ਉਡਦੇ ਫਿਰਦੇ ਵਿਚ ਅਸਮਾਨ ਦੇ

ਨਜ਼ਰਾਂ ਲੈਂਦੇ ਸੀ ਜੋ ਕਰਾਮਾਤ ਦੇ ਮਾਣ 'ਤੇ
ਹੱਥ ਬੰਨ੍ਹ ਖਲੇ ਦੇਵਤੇ ਅੱਗੇ ਸਾਇੰਸਦਾਨ ਦੇ

ਭੁੱਲੇ ਲੋਕੀਂ ਇਕ ਦਿਨ ਵਿਹਲੜ ਨੂੰ ਸੀ ਪੂਜਦੇ
ਚੰਗੇ ਕਾਮੇ ਨੂੰ ਅਜ ਸਮਝਦਾਰ ਸਨਮਾਨ ਦੇ

ਦੁਨੀਆਂ ਭੇਖਾਂ ਦੀ ਥਾਂ ਅਮਲਾਂ ਵੱਲੇ ਵਿੰਹਦੀ ਏ
ਜਾਂਦੇ ਅਰਥ ਬਦਲਦੇ ਦਿਨ ਦਿਨ ਧਰਮ ਈਮਾਨ ਦੇ

ਮਾਲਾ ਵਾਲੇ ਦੀ ਥਾਂ ਇੱਜ਼ਤ ਅੱਜ ਮਜ਼ਦੂਰ ਦੀ
ਚੱਲੇ ਬਦਲ ਨਜ਼ਰੀਏ ਆਦਮ ਦੀ ਸੰਤਾਨ ਦੇ

ਇਕ ਦਿਨ ਪੇਸ਼ ਹੋਣਗੇ ਫਟੀਆਂ ਲੀਰਾਂ ਸਾਮ੍ਹਣੇ
ਫਿਰਦੇ ਰੇਸ਼ਮ ਵਿਚ ਜੋ ਚੇਲੇ ਲੁਕੇ ਸ਼ੈਤਾਨ ਦੇ

ਜਿੰਨ੍ਹਾਂ ਕੁੱਲੀਆਂ ਵਿਚ ਨਾ ਸੂਰਜ ਡਰਦਾ ਝਾਕਦਾ
ਇਕ ਦਿਨ ਮਹਿਲ ਹੋਣਗੇ ਓਥੇ ਸ਼ਾਹੀ ਸ਼ਾਨ ਦੇ

ਇਕ ਦਿਨ ਲਾਲੋ ਘਰ ਵੀ ਭੋਗ ਪਦਾਰਥ ਹੋਣਗੇ
ਹੋਸਣ ਦੂਰ ਭੁਲੇਖੇ ਭਾਗੋ ਦੇ ਪੁੰਨ ਦਾਨ ਦੇ

ਰੱਬ ਦਾ ਰੂਪ ਸਮਝ ਇਨਸਾਨ ਮਿਲੂ ਇਨਸਾਨ ਨੂੰ
ਦਰਸ਼ਨ ਬੰਦੇ ਵਿਚੋਂ ਹੋਵਣਗੇ ਭਗਵਾਨ ਦੇ

ਪੂਰੇ ਬੋਲ ਹੋਣਗੇ ਆਖ਼ਰ ਬਾਬੇ ਨਾਨਕ ਦੇ
ਦੁਨੀਆਂ ਸੁਰਗ ਬਣੇਗੀ ਵੱਸਣ ਯੋਗ ਇਨਸਾਨ ਦੇ

ਚਾਨਣ ਹੋ ਜੂ 'ਸੀਤਲ' ਫੈਲੂ ਧਰਮ ਅਕਾਲ ਦਾ
ਪਰਦੇ ਦੂਰ ਹੋਣਗੇ ਭਰਮ ਅਤੇ ਅਗਿਆਨ ਦੇ
(੮-੧੦-੫੬)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ