ਤੇਰੀ ਸਾਂਝ ਤੋਂ ਵੱਖਰਾ ਹੋਣਾ ਨਹੀਂ ਲੋਚਦਾ ਹੈ ਮਨ
ਸਗੋਂ ਇਸ ਨਾਲੋਂ ਤਾਂ
ਕਿਤੇ ਦੂਰ ਕੱਲਿਆਂ ਈ
ਮਰ ਜਾਣਾ ਚਾਹੁੰਦਾ ਹੈ ਮਨ
ਤੂੰ ਕਿਉਂ ਪਰੇਸ਼ਾਨ ਸੀ ਮੇਰੀ ਏਸ ਸਾਂਝ ਤੋਂ
ਕਿ....ਮੇਰੀ 'ਸੋਚ' ਵਿਚ
ਤੇਰੀ 'ਆਮਦ'
ਸਦਾ ਲਈ ਕੈਦ ਹੋ ਗਈ
ਤੂੰ ਤੇ ਆ ਕੇ ਟੁਰ ਗਿਓਂ
ਪਰ
ਇਹ ਸਾਂਝ ਗਹਿਰੀ ਛਾਪ ਛੱਡ ਗਈ
ਹੁਣ ਤੁਹੀਓੁਂ ਕੁਝ ਕਰ,
ਸਾਂਝ ਤਾਂ ਮਿਟਾ ਗਿਓਂ
ਪਰ 'ਛਾਪ' ਵੀ ਮਿਟਾਵੇਂ
ਮੈਂ ਤਾਂ ਤੈਨੂੰ ਜਾਣਾਂ
ਏਸ 'ਛਾਪ' ਨੂੰ ਮਿਟਾਉਂਦਿਆਂ
ਜੇ ਹੋਰ...
'ਛਾਪ'
ਨਾ ਛੱਡਦਾ ਜਾਂਏਂ ਤੇ
ਮੈਂ ਤਾਂ ਤੈਨੂੰ ਜਾਣਾਂ
ਅਣਖ ਮੇਰੀ ਤੈਂ ਮਾਰ ਮੁਕਾਈਆ
'ਮੈਂ' ਵਿੱਚ 'ਮੈਂ' ਨਾ ਰਹੀ ਸੱਜਣਾ
ਬੱਸ ਇੱਕ ਏਰਾਂ ਆ ਤੇ ਦੇਖ
ਬੇਨੂਰ ਚੇਹਰਾ, ਧੱਸੀਆਂ ਅੱਖਾਂ,
ਅਜਬ ਜਿਹੀ ਕਾਇਆ, ਹਰੀਆਂ ਨਾੜਾਂ,
ਇਕੋ-ਈ ਝੋਰਾ ਤੇ ਇਕੋ-ਈ ਟੱਪਲਾ
ਤੇਰੀ ਦੀਦ, ਤੇਰੀ ਦੀਦ,
ਤੇ ਬੱਸ ਤੇਰੀ ਦੀਦ.
ਤੜਕੇ ਉੱਠ ਹੱਥ ਮੂੰਹ ਧੋ
ਪਹਿਲਾਂ ਰੱਬ ਦਾ ਨਾਂ ਲਵੀਂ
ਉਹ ਤੈਨੂੰ ਬੱਲ, ਬੁੱਧੀ ਤੇ ਵਿੱਦਿਆ ਦੇਵੇ
ਇਹ ਅਰਦਾਸ ਜੋਦੜੀ ਕਰੀਂ
ਤੂੰ ਚੁੱਲ੍ਹਾ ਚੌਂਕਾ ਸਾਫ ਕਰ
ਰੋਟੀ ਪਾਣੀ ਸਭ ਤਿਆਰ ਕਰੀਂ
ਭਾਡੇ- ਟੀਂਡੇ ਸਾਂਭ, ਕੱਪੜੇ ਮਸ਼ੀਨਾਂ ਚ' ਪਾ
ਜਲਦੀ ਜਲਦੀ ਸਫਾਈ ਕਰੀਂ
ਜੇਕਰ ਚਾਰ ਪ੍ਰਾਹੁਣੇ ਘਰ ਆ ਗਏ ਤੇਰੇ
ਤਾਂ ਸਾਰਾ ਇੰਤਜ਼ਾਮ ਨੌਂ ਬਰ ਨੌਂ ਕਰੀਂ
ਤੇਰੇ ਘਰ ਦੇ ਫੁੱਲ-ਬੂਟੇ ਤੇ ਪੰਛੀ
ਸਭ ਦਾ ਤੂੰ ਖਿਆਲ ਕਰੀਂ
ਗੁਆਂਢੀ ਤੇ ਰਿਸ਼ਤੇਦਾਰੀ ਸਭ ਨਾਲ
ਗੂੜ੍ਹੀ ਸਾਂਝ ਆਲਾ ਪਿਆਰ ਧਰੀਂ
ਜੇ ਕੋਈ ਮੱਥੇ ਵੱਟ ਪਾਵੇ
ਤੈਨੂੰ ਤਾਂ ਆਪ ਹੀ ਓਹਦਾ ਹੀਲਾ ਕਰੀਂ
ਜਦ ਮਾੜ੍ਹੀ ਮੋਟੀ ਊਣਤਾਈ ਹੋ ਜਾਵੇ
ਤਾਂ ਹੱਥੀਂ ਬੱਧੀਂ ਮੁਆਫੀ ਵੀ ਮੰਗ ਲਵੀਂ
ਕੁਛ ਨਹੀੰ ਜਾਣਾ ਤੇਰਾ
ਮਾੜ੍ਹੇ ਨੂੰ ਗਲ ਨਾਲ ਲਾ ਲਵੀਂ
ਦੋ ਚਾਰ ਆਨੇ ਕੱਢ ਆਪ ਦੀ
ਨੇਕ ਕਮਾਈ ਚੋਂ
ਕੋਈ ਨੇਕੀ ਦੀ ਦੁਕਾਨ ਤੇ ਖਰਚ ਆਵੀਂ
ਕੋਈ ਬੀਮਾਰ ਹੋ ਜਾਵੇ ਘਰ ਚ' ਤਾਂ ਤੂੰ
ਭਗਤ ਪੂਰਨ ਵਾਂਗਰਾਂ ਸੇਵਾ ਕਰੀਂ
ਜੋ ਗਿਆਨ ਹੈ ਤੇਰੇ ਕੋਲ ਸਾਰਾ
ਉਹ ਸਾਰਾ ਹੀ ਤੂੰ ਵੰਡ ਦੇਵੀਂ
ਤੂੰ ਰਜਨੀ ਵਰਗੀ ਪਤਨੀ ਬਣ
ਕਾਗੋ ਹੰਸ ਹੁੰਦੇ ਵੇਖ ਲਵੀਂ
ਪਰਵਾਰ ਦੀ ਲਹਿੰਦੀ ਚੜ੍ਹਦੀ ਵੇਲੇ
ਛੋਟੇ ਵੱਡੇ ਦੀ ਰਹਿ ਨੁਮਾਈ ਕਰੀਂ
ਕੁਝ ਨੀ ਮਿਲਣਾ ਇਨ੍ਹਾਂ ਗੱਲਾਂ ਨੂੰ
ਨਿਭਾਉਣ ਬਦਲੇ,
ਨਾ ਹੀ ਕਿਸੇ ਤਮਗੇ ਦੀ ਕੋਈ ਆਸ ਰੱਖੀਂ
ਮੈਂ ਜਾਣਦੀ ਹਾਂ ਕਿ ਬਹੁਤ ਸੁਘੜ, ਸਿਆਣੀ ਤੇ
ਸਮਝਦਾਰ ਹੈਂ ਤੂੰ
ਮੇਰੇ ਇਨ੍ਹਾਂ ਸ਼ਬਦਾਂ ਨੂੰ ਆਪ ਦੇ ਜ਼ਹਿਨ ਚ' ਵਸਾ
ਹਰ ਦਮ ਹੀ ਆਪ ਦਾ ਨਿਭਾਅ ਕਰੀਂ
ਜੇ ਮੈਂ ਭੁੱਲ ਗਈ ਏਥੇ ਲਿਖਣਾ ਕੁਝ
ਤਾਂ ਹੱਥੀਂ ਬੱਧੀਂ ਤੂੰ ਮੈਨੂੰ ਮਾਫ ਕਰੀਂ
ਮੈਂ ਅੰਗ ਸੰਗ ਰਹਾਂਗੀ ਸਦਾ ਤੇਰੇ
ਤੂੰ ਆਪ ਦੀ ਰੱਬੀ ਸ਼ੁਹਬਤ ਆਲਾ ਰੰਗ
ਕੁੱਲ ਦੁਨੀਆ ਤੇ ਚਾੜ੍ਹ ਦੇਵੀਂ
ਇਹ ਅੰਬਰ, ਇਹ ਧਰਤ, ਇਹ ਰੁੱਖ ਤੇ
ਪੌਣ ਪਾਣੀ ਨੌਂ ਨਿਧਾਂ ਤੇ ਬਾਰ੍ਹਾਂ ਸਿਧਾਂ ਦੇਣ ਤੈਨੂੰ
ਤੂੰ ਆਪ ਦਾ ਮਨ ਸਦਾ ਹੀ ਨੀਂਵਾਂ ਰੱਖੀਂ
ਤੂੰ ਆਪ ਦਾ ਮਨ ਸਦਾ ਹੀ ਨੀਂਵਾਂ ਰੱਖੀਂ...
ਇਸ਼ਕ ਦੀ ਚੇਟ ਤੇ ਜੇ ਡੰਕਾ ਨਾ ਵੱਜੇ
ਤਾਂ ਕੀ ਸੁਆਦ ?
ਅਨਹਦ ਨਾਦ ਜੇ ਨਾਂ ਧੁਰ ਅੰਦਰ ਪਹੁੰਚੇ
ਤਾਂ ਕੀ ਸੁਆਦ ?
ਜੇ ਤੇਰੇ ਅੱਖਰ ਨਾ ਸੁੱਚੇ ਮੋਤੀ ਲਿਸ਼ਕੇ
ਤਾਂ ਕੀ ਸੁਆਦ ?
ਰਾਹੀਂ ਤੁਰਦਿਆਂ ਜੇ ਨਾ ਪੈੜਾਂ ਛੱਡੇਂ
ਤਾਂ ਕੀ ਸੁਆਦ ?
ਸੰਘਰਸ਼ਾਂ ਜੇ ਨਾ ਯੁਗ ਪਲਟੀ ਕੀਤੇ
ਤਾਂ ਕੀ ਸੁਆਦ ?
ਤੇਰਿਓ ਗੱਲ ਜੇ ਤੇਰੀ ਹੀ ਨਾ ਅੋਲਾਦ ਮੰਨੇਂ
ਤਾਂ ਕੀ ਸੁਆਦ ?
ਦਲੀਲਾਂ ਦੇ ਕੇ ਵੀ ਜੇ ਨਾ ਆਪਣੀ ਗੱਲ ਮਨਾਵੇਂ
ਤਾਂ ਕੀ ਸੁਆਦ ?
ਪੜ੍ਹ ਲਿਖ ਕੇ ਵੀ ਜੇ ਜਾ ਵਿਦੇਸ਼ਾਂ ਦੀ ਖਾਕ ਛਾਣੇਂ
ਤਾਂ ਕੀ ਸੁਆਦ ?
ਇੱਕ ਕਵਿਤਾ ਲਿਖਾਂ ਮੇਰਾ ਜੀਅ ਕਰਦਾ
ਮੈਂ ਕਵਿਤਾ ਲਿਖਾਂ ਕਿਸਾਨਾਂ ਦੀ
ਜੋ ਸੜਕੀਂ ਆ ਗਏ ਧਰਨੇ ਤੇ
ਮੈਂ ਕਵਿਤਾ ਬਣਾਂ ਉਨ੍ਹਾਂ ਪੁਲਸਿਆਂ ਦੀ
ਜੋ ਡੰਡੇ ਈ ਮਾਰਦੇ ਰਹਿੰਦੇ ਨੇ
ਥਾਂ ਥਾਂ ਤੇ ਰਿਸ਼ਵਤ ਲੈਂਦੇ ਨੇ
ਕਵਿਤਾ ਬਣਾਂ ਉਨ੍ਹਾਂ ਅਧਿਆਪਕਾਂ ਦੀ
ਜੋ ਔਖੇ ਹੋ ਅੱਜ ਕੱਲ੍ਹ ਟੈਕਨੋਲਜੀ ਨਾਲ ਪੜ੍ਹਾਉਂਦੇ ਨੇ
ਕਵਿਤਾ ਬਣਾਂ ਉਨ੍ਹਾਂ ਗਰੀਬ ਮਜ਼ਲੂਮ ਬੱਚਿਆਂ ਦੀ
ਜੋ ਝੁੱਗੀਆਂ ਦੇ ਵਿੱਚ ਰੁਲਦੇ ਨੇ
ਇੱਕ ਕਵਿਤਾ ਬਣਾਂ ਉਨ੍ਹਾਂ ਪਰਦੇਸਿਆਂ ਦੀ
ਜੋ ਮਾਤ ਭੋਇੰ ਨੂੰ ਹਰ ਦੰਮ ਹੀ ਤਰਸਦੇ ਨੇ
ਮੈਂ ਕਵਿਤਾ ਬਣਾਂ ਉਨ੍ਹਾਂ ਬੋਹੜਾਂ, ਪਿੱਪਲਾਂ, ਨਿੰਮਾਂ ਦੀ
ਜੋ ਜਾਂਦੇ ਪਏ ਗੁਆਚਦੇ ਨੇ
ਮੈਂ ਕਵਿਤਾ ਲਿਖਾਂ ਉਨ੍ਹਾਂ ਖੇਡਾਂ, ਫੁਲਕਾਰੀਆਂ ਤੇ ਗੰਦਲਾਂ ਦੀ
ਜੋ ਮੇਰੀ ਜੰਮਣ ਭੋਇੰ ਦਾ ਵਿਰਸਾ ਨੇ,
ਮੈਂ ਕਵਿਤਾ ਬਣਾਂ ਉਨ੍ਹਾਂ ਡਾਕਟਰਾਂ ਦੀ
ਜੋ ਕਿਡਨੀਆਂ ਅੱਜ ਕੱਲ੍ਹ ਕੱਡਦੇ ਨੇ
ਇੱਕ ਕਵਿਤਾ ਬਣਾਂ ਮੈਂ ਗੁਰੂਆਂ ਦੀ
ਜੋ ਜ਼ਿੰਦਗੀ ਜ਼ਿਉਣਾ ਸਿਖਾਉਂਦੇ ਨੇ
ਇੱਕ ਕਵਿਤਾ ਬਣਾਂ ਉਨ੍ਹਾਂ ਸਭਨਾਂ ਦੀ ਜੋ
ਆਪਣੀ ਅਧੂਰੀ ਕਹਾਣੀ ਨੂੰ ਰੋਂਦੇ ਨੇ
ਇੱਕ ਕਵਿਤਾ ਲਿਖਾਂ ਮੈਂ ਉਨ੍ਹਾਂ ਮਾਂਵਾਂ ਦੀ
ਜਿਹਦੇ ਪੁੱਤ ਨਸ਼ਿਆਂ ਦੀ ਖਾਰ ਖਾਂਦੇ ਨੇ
ਇੱਕ ਕਵਿਤਾ ਲਿਖਾਂ ਉਨ੍ਹਾਂ ਲੇਲਿਆਂ ਦੀ
ਜਿਨ੍ਹਾਂ ਨੂੰ ਬਘਿਆੜ ਰਾਹਾਂ ਚ' ਖਾ ਜਾਂਦੇ ਨੇ
ਇੱਕ ਕਵਿਤਾ ਬਣਾਂ ਉਨ੍ਹਾਂ ਕੁੜੀਆਂ ਦੀ
ਜੋ ਮਰ ਮਰ ਹੁੱਜਤਾਂ ਸਹਿੰਦੀਆਂ ਨੇ
ਇੱਕ ਕਵਿਤਾ ਲਿਖਾਂ ਮੈਂ ਚਰਖੇ ਦੀ
ਜਿਹਦੇ ਤੱਕਲੇ ਤੇ ਤੰਦਾਂ ਟੁੱਟ ਗਏ ਨੇ
ਫੇਰ ਮੈਂ ਸੋਚਾਂ ਇਹ ਤਾਂ ਸਾਰੀ ਕਾਂਵਾਂ ਰੌਲੀ
ਮੇਰੀ ਕਵਿਤਾ ਕਿਸੇ ਨਾ ਪੜ੍ਹਨੀ ਹੈ
ਮੇਰੀ ਕਵਿਤਾ ਵਿੱਚ ਨਾ ਸੁਆਦ ਕੋਈ
ਕਿਸੇ ਡਾਹਢੇ ਦਾ ਇਹ ਅਭਿਸ਼ਾਪ ਹੋਈ
ਹੁਣ ਕੌਣ ਮੁਨੀ ਅਵਤਾਰ ਲਵੇ
ਜੋ ਮੇਰੀ ਇਸ ਕਵਿਤਾ ਨੂੰ ਤਾਰ ਦਵੇ
ਇਸ ਬੇਸੁਆਦੀ ਕਵਿਤਾ ਨੂੰ
ਤੇ ਇਹਦੇ ਸਾਰੇ ਅੱਖਰਾਂ ਨੂੰ
ਉਹ ਆ ਕੇ ਆਪਣਾ ਵਰਦਾਨ ਦਵੇ
ਅੰਬੇਡਕਰੀ ਵਿੱਦਿਆ ਤੇ ਗੌਤਮ ਦੀ ਸ਼ਾਂਤੀ ਪਸਾਰ ਦਵੇ
ਮੇਰਾ ਹਰਿਆ-ਭਰਿਆ ਪੰਜਾਬ ਕਰੇ
ਮੇਰਾ ਹਰਿਆ-ਭਰਿਆ ਪੰਜਾਬ ਕਰੇ
ਜਿੱਥੇ ਲਫਜ਼ਾਂ ਦੀ ਦਰਗਾਹ ਹੋਵੇ
ਸਰਤਾਜ ਦਾ ਸੁੱਚਾ ਸੁਰ ਹੋਵੇ
ਹੁਣ ਨਾ ਕੋਈ 'ਬਿਰਹਾ ਤੂੰ ਸੁਲਤਾਨ' ਕਹੇ
ਤੇ ਚਿੜੀਆਂ ਨੂੰ ਸਾਂਭਣ ਵਾਲਾ
ਅੋਰਤਾਂ ਨੂੰ ਉਦਾਸੀਆਂ ਤੇ ਭੇਜਣ ਵਾਲਾ
ਜੰਗਲਾਂ ਦੀ ਅੱਗ ਸਮਝਾਉਣ ਵਾਲਾ ਕੋਈ
ਕੋਈ ਸੁਖਵਿੰਦਰ ਅੰਮ੍ਰਿਤ ਵਾਲਾ
ਬੁਲੰਦ ਖਿਆਲ ਘਰ ਘਰ ਵਸੇ
ਮੇਰਾ ਹਰਿਆ-ਭਰਿਆ ਪੰਜਾਬ ਕਰੇ
ਮੇਰਾ ਹਰਿਆ-ਭਰਿਆ ਪੰਜਾਬ ਕਰੇ
ਕੌਣ ਕਹਿੰਦਾ ਹੈ ਕਿ
ਵਿਛੜ ਜਾਵੇ ਜੇ ਰੂਹ ਕੋਈ
ਤਾਂ ਚੇਤਾ ਭੁੱਲ ਹੀ ਜਾਂਦਾ ਹੈ ?
ਚੇਤਾ ਤਾਂ ਅੰਗ ਸੰਗ ਰਹਿੰਦਾ ਹੈ
ਗਲ ਦੇ ਆਉਂਦੇ ਜਾਂਦੇ ਸਾਹ ਵਾਂਗਰਾਂ
ਦਿਲ ਦੀ ਧੜਕਣ ਵਾਂਗਰਾਂ
ਅੱਖ, ਨੱਕ, ਕੰਨ੍ਹ ਦੇ
ਦੇਖਣ, ਸੁੰਘਣ ਤੇ ਸੁਣਨ ਵਾਂਗਰਾਂ,
ਚੇਤਾ ਤੀਬਰ ਹੋ ਜਾਂਦਾ ਹੈ
ਕਮਾਨ ਤੇ ਚੜ੍ਹੇ ਤੀਰ ਵਾਂਗਰਾਂ
ਮਾਂ ਤੇ ਧੀ ਦੇ ਮੋਹ ਵਾਂਗਰਾਂ
ਪਿੰਡ ਦੀ ਜੂਹ ਵਾਂਗਰਾਂ
ਚੇਤਾ ਗੱਡ ਹੋ ਜਾਂਦਾ ਹੈ
ਸਦਾ ਸਦਾ ਲਈ ਮੀਲ ਪੱਥਰ ਵਾਂਗਰਾਂ
ਚੇਤਾ ਤਾਂ ਸਗੋਂ ਹੋਰ ਵੀ ਚੇਤੰਨ ਹੋ ਜਾਂਦਾ ਹੈ
ਰਾਤ ਦੇ ਪਹਿਰੇ ਦਾਰ ਵਾਂਗਰਾਂ
ਗੱਲ ਗੱਲ ਤੇ ਵਿੜਕਾਂ ਰੱਖਦਾ ਹੈ
ਤੇ ਆਪਣੀਆਂ ਸ਼ਕਤੀਆਂ ਨੂੰ ਪ੍ਰਬਲ ਕਰ ਲੈਂਦਾ ਹੈ
ਕਿਸੇ ਸਿੱਧ ਯੋਗੀ ਆਗਰਾਂ
ਚੇਤਾ ਤਾਂ ਜਿਵੇਂ ਆਪ ਉਸ ਵਿਛੜੇ ਦੀ
ਰੂਹ ਤੇ ਕਲਬੂਤ ਦਾ ਜ਼ਾਮਾ ਪਾ
ਲਿਸ਼ ਲਿਸ਼ ਕਰਦਾ
ਇੱਕ ਜ਼ੀਂਦਾ ਜਾਗਦਾ ਇਨਸਾਨ ਬਣ ਜਾਂਦਾ ਹੈ
ਜੋ ਅੰਗ ਸੰਗ ਵਿਚਰਦਾ ਹੈ ਸਦਾ ਸਦਾ
ਚੇਤਾ ਚੇਤੰਨ ਹੋ ਜਾਂਦਾ ਹੈ
ਹਾਰੇ ਹੋਏ ਨਿਪੁੰਨ ਖਿਡਾਰੀ ਵਾਂਗਰਾਂ
ਫੇਰ ਟਿਕਦਾ ਨਹੀਂ ਸਗੋਂ
ਉਬਾਲੇ ਖਾਦਾ ਹੈ
ਉੱਬਲਦੇ ਹੋਏ ਦੁੱਧ ਵਾਂਗਰਾਂ
ਚੇਤਾ ਅਚੇਤ ਮਨ ਵਿੱਚ ਵਸ ਜਾਂਦਾ ਹੈ
ਅਕਲਾਂ ਦੇਣ ਵਾਲੀ ਮਾਂ ਦੇ ਹੱਥ ਦੀ
ਕਰਾਰੀ ਮੂੰਹ ਤੇ ਲੱਗੀ ਚਪੇੜ ਵਾਂਗਰਾਂ
ਚੇਤਾ ਥੰਮਦਾ ਨਹੀਂ ਤੇ ਖੜਕਦਾ ਰਹਿੰਦਾ ਹੈ
ਮੰਦਰ ਤੇ ਟੰਗੇ ਘੜਿਆਲ ਵਾਂਗਰਾਂ
ਚੇਤਾ ਸੰਨ੍ਹ ਲਾਈ ਰੱਖਦਾ ਹੈ
ਕਾਲੀਆਂ ਰਾਤਾਂ ਦੇ ਕਾਲੇ ਚੋਰ ਵਾਂਗਰਾਂ
ਚੇਤਾ ਅਡੋਲ ਟਿਕਿਆ ਰਹਿੰਦਾ ਹੈ
ਕਿਸੇ ਸ਼ਿਕਾਰੀ ਦੀ ਤਨੀ ਹੋਈ ਬੰਦੂਕ ਵਾਂਗਰਾਂ
ਚੇਤਾ ਢੀਠ ਹੋਜਾਂਦਾ ਹੈ
ਕਿਸੇ ਅੜਬ ਸ਼ਰਾਰਤੀ ਬੱਚੇ ਵਾਂਗਰਾਂ
ਫੇਰ ਕੋਈ ਗੱਲ ਨੀ ਸੁਣਦਾ
ਚੇਤਾ ਪਰਦੇਸੀਂ ਬੈਠਿਆਂ ਦੀ ਮੱਤ ਮਾਰ ਲੈਂਦਾ ਹੈ
ਕਿਸੇ ਸ਼ੁਦਾਈ ਵਾਂਗਰਾਂ
ਇਹ ਆਪੇ ਜੁੜਦਾ ਰਹਿੰਦਾ ਹੈ
ਪੁਲ ਤੇ ਪੌੜੀਆਂ ਆਂਗਰਾਂ
ਇਹ ਆਪਣਾ ਉੱਸਰਣਾ ਤੇ ਨਿੱਸਰਣਾ
ਆਪ ਤੈਅ ਕਰਦਾ ਹੈ ਸੂਰਜ ਵਾਂਗਰਾਂ
ਪਰ ......
ਚੇਤਾ ਅੰਗ ਸੰਗ ਰਹਿੰਦਾ ਹੈ
ਹਰੇਕ ਗੱਲ ਦਾ
ਤੇ
ਹਰੇਕ ਰੂਹ ਦਾ
ਕਦੇ ਭੁੱਲਦਾ ਨਹੀਂ
ਕੌਣ ਕਹਿੰਦਾ ਹੈ ਕਿ
ਵਿਛੜ ਜਾਵੇ ਜੇ ਰੂਹ ਕੋਈ
ਤਾਂ ਚੇਤਾ ਭੁੱਲ ਹੀ ਜਾਂਦਾ ਹੈ ?
ਚੇਤਾ ਤਾਂ ਅੰਗ ਸੰਗ ਰਹਿੰਦਾ ਹੈ ਸਦਾ ਸਦਾ .......
ਮੈਂ ਡਾਰ ਤੋਂ ਵਿਛੜ ਗਏ
ਪੰਛੀ ਜਿਹੀ ਹਾਂ
ਖੁੱਲ੍ਹੇ ਅਸਮਾਨ ਵਿੱਚ ਵਿਚਰ ਰਹੀ ਹਾਂ
ਇਕੱਲੀ ਆਂ
ਪਰ----ਫੇਰ ਵੀ
ਉਡੀਕਦੀ ਆਂ
ਕਿ ਕੋਈ ਇੱਕ ਈ ਮਿਲ ਜਾਵੇ
ਤੇ ਡਾਰ ਜਿਹੀ ਗੱਲ ਬਣ ਜਾਵੇ
ਤੇ ਮੈਂ ਵੀ ਆਖਾਂ ਕਿ
ਹੁਣ ਮੈਂ ਜਿਉਂਦੀ ਆਂ
'ਉਹ ਇੱਕ' ਤੇ ਇਹ ਮੁਰਾਦ
ਖਿੰਡੀ ਡਾਰ ਜਿਹੇ ਨੇ
ਤੇ ਮੈਂ ਇਨ੍ਹਾਂ ਅੱਖਰਾਂ ਵਾਂਗ
ਦੋਹਾਂ ਨੂੰ ਇਕੱਠਿਆਂ ਕਰਨਾ
ਲੋਚਦੀ ਆਂ !
ਕਿੰਨਾ ਚੰਗਾ ਹੁੰਦਾ ਜੇ
'ਤੂੰ' ਤੇ 'ਮੈਂ' 'ਅਸੀਂ' ਹੁੰਦੇ
'ਇਹ' ਤੇ 'ਉਹ' 'ਸਾਡਾ' ਹੁੰਦਾ
'ਤੇਰਾ' ਤੇ 'ਮੇਰਾ' 'ਆਪਣਾ' ਹੁੰਦਾ
ਪਰ ਸਾਰਾ ਕੁਛ ਜਾਤ ਪਾਤ
ਤੇ ਧਰਮ ਚ' ਗੜੱਚ ਹੋ ਗਿਆ
ਤੇ ਅਸੀਂ ਇਹ ਸਭ ਕੁਝ
ਅੱਖੀਂ ਵੇਖ
ਤਨ ਤੇ ਹੰਢਾ
ਕੋਈ ਵੀ ਪੇਸ਼ ਨਾ ਜਾਂਦੀ ਦੇਖ
ਏਸ ਮਹਾਂਕੁੰਭ ਦੇ ਹਰ-ਹਰ ਕਹਿਣ ਵਾਲੇ ਨਾਂਗੇ ਸਾਧੂ ਹੋ ਗਏ
ਤੇ ਹੁੰਦੇ ਵੀ ਕਿਉਂ ਨਾ .....
ਅਸੀਂ ਕੋਈ ਭਾਸ਼ਾ, ਉਹਦੀ ਮੁਹਾਰਨੀ, ਲਿਪੀ
ਵਿਆਕਰਨ, ਲਗਾਂ, ਮਾਤਰਾਂਵਾਂ, ਤੇ ਸ਼ਬਦਾਂ ਦੇ ਹੇਰ ਫੇਰ ਤੋਂ
ਡੂੰਘੇ ਅਰਥਾਂ ਦੀ ਮੁਹਾਰਤ ਨੂੰ ਹਾਸਲ ਕਰਨ ਵਾਲੇ
ਮੁਹੱਬਤ ਜ਼ਿੰਦਾਬਾਦ ਕਹਿਣ ਵਾਲੇ
ਹੋਣ ਹਾਰ ਵਿਦਵਾਨ ਨਹੀਂ ਸੀ ........ !
ਮੇਰੀ ਜੋ ਗੁਰੂ ਦੀ ਨਗਰੀ
ਕਰਤਾਰਪੁਰ ਕਹਾਉਂਦੀ ਸੀ
ਓਥੇ ਹਰ ਸਾਲ ਵਿਸਾਖੀ ਲੱਗਦੀ ਸੀ
ਮੇਰੀ ਭੂਆ, ਮਾਸੀ ਆਉਂਦੀ ਸੀ
ਬਹੁਤ ਹੀ ਰੌਣਕ ਹੁੰਦੀ ਸੀ
ਚਾਚੇ ਮਾਮੇ ਰਲ ਕੇ ਸਾਰੇ
ਤੜਕੇ ਨਾਉਣ ਨੂੰ ਜਾਂਦੇ ਸੀ
ਸਾਰਾ ਗ੍ਰੌਹ ਧੋ ਕੇ ਫੇਰ
ਮੱਥੇ ਟੇਕਣ ਜਾਂਦੇ ਸੀ
ਘਰ ਨੂੰ ਮੁੜ ਕੇ ਆਉਂਦਿਆਂ ਨੂੰ
ਸਭ ਮਿਲ ਕੇ ਬਹੁਤ ਕੁਝ ਖਾਂਦੇ ਸੀ
ਉਹ ਹਾਸੇ ਠੱਠੇ ਤੇ ਪਿਆਰ ਨਾਲ
ਦੁਬਾਰਾ ਫੇਰ ਦੀ ਮੇਲੇ ਜਾਂਦੇ ਸੀ
ਪੰਘੂੜੇ, ਗੋਲ -ਗੱਪੇ, ਤੇ ਜ਼ਲੇਬੀ
ਬੜੀ ਗਹਿਰੀ ਬਾਤ ਬਣਾਈ ਸੀ
ਭੀੜ ਭੜੱਕੇ ਚ' ਧੂੜਾਂ ਪੱਟਦੇ
ਅਸੀਂ ਸ਼ਾਮੀਂ ਪਈ ਘਰਾਂ ਨੂੰ ਆਉਂਦੇ ਸੀ
ਉਹ ਮੇਰੀ ਜੋ ਗੁਰੂ ਦੀ ਨਗਰੀ ਸੀ
ਓਥੇ ਹਰ ਸਾਲ ਵਿਸਾਖੀ ਲੱਗਦੀ ਸੀ
ਇੱਕ ਕੱਚੀ ਮਿੱਟੀ ਦੀ ਬੁਗਨੀ ਸੀ
ਓਹਦਾ ਲਾਲ ਸੂਹਾ ਜਿਹਾ ਰੰਗ ਸੀ
ਤੇ ਹੱਥੀਂ ਫੜਨੇ ਨੂੰ ਬੜੀ ਠੰਢੀ ਸੀ
ਓਸ ਬੁਗਨੀ ਚ' ਮੈਂ ਧੇਲੇ ਪਾਕੇ
ਤੇ ਰੋਜ਼ ਹੀ ਬਹੁਤ ਖਣਕਾਉਂਦੀ ਸੀ
ਸ਼ੋਰ ਬੜਾ ਮੈਂ ਪਾਉਂਦੀ ਸੀ
ਕੱਢ -ਕੱਢ ਪੈਸੇ ਵਾਪਸ ਪਾਵਾਂ
ਵੱਸ ਏਹੀ ਕੰਮ ਮੈਂ ਕਰਦੀ ਸੀ
ਮੇਰੀ ਬੁਗਨੀ ਤੇ ਧੇਲੇ ਮੈਨੂੰ
ਪੈਸੇ ਦੀ ਬਰਕਤ ਸਮਝਾਈ ਸੀ
ਧੇਲਾ ਧੇਲਾ ਜੋੜਦੀ ਨੇ ਮੈਂ
ਕੱਖਾਂ ਤੋਂ ਲੱਖ ਬਣਾਏ ਸੀ
ਲ਼ੱਖ ਬਣਾ ਕੇ ਸਾਰੇ ਹੀ ਹੀਲੇ
ਫਿਰ ਬੈਠ ਜ਼ਹਾਜੇ ਆ ਗਈ ਸੀ
ਉਹ ਭੂਆ, ਮਾਸੀ, ਮਾਮੇ, ਚਾਚੇ
ਤੇ ਬੁਗਨੀ ਧੇਲੇ ਆਲੇ ਮੇਲੇ
ਮੁਲਕ ਬੇਗਾਨੇ ਗੁਆਚ ਗਏ ਨੇ
ਟੁੱਟ ਗਈ ਬੁਗਨੀ ਗੁਆਚ ਗਿਆ ਮੇਲਾ
ਹੱਥ ਸਦਾ ਹੀ ਘੁੱਟਦਾ ਰਹਿੰਦਾ
ਜਦ ਵੀ ਕਰਾਂ ਹੁਣ ਖਰਚੇ ਮੈੰ
ਬੈਠੀ ਸੋਚਾਂ ਹੁਣ ਕੀਕਣ ਪਾਂਵਾਂ
ਓਹੀ ਪੁਰਾਣੀਆਂ ਬਾਤਾਂ ਮੈਂ
ਜਾਨ ਮੇਰੀ ਦਾ ਕਜ਼ਿਆ ਉਲਝ ਗਿਆ
ਤੇ ਬੈਠੀ ਅੱਖਰਾਂ ਦੇ ਪੂਰਨੇ ਪਾਂਵਾਂ ਮੈਂ
ਇਨ੍ਹਾਂ ਲੱਖਾਂ ਨਾਲ ਕਿੱਥੋਂ ਲਿਆਵਾਂ
ਉਹੀ ਰੂਹਦਾਰੀ ਆਲੇ ਮੇਲੇ ਮੈਂ
ਮੇਰੀ ਜੋ ਗੁਰੂ ਦੀ ਨਗਰੀ
ਕਰਤਾਰਪੁਰ ਕਹਾਉਂਦੀ ਸੀ
ਓਥੇ ਹਰ ਸਾਲ ਵਿਸਾਖੀ ਲੱਗਦੀ ਸੀ
ਇੱਕ ਚਿੜੀ ਬਰੂਹੋਂ ਪਾਰ ਉੱਡੀ
ਤੇ ਪਰਲੇ ਪਾਸੇ ਦਾ ਜ਼ਹਾਨ ਵੇਖ ਆਈ
ਕਿ ਜਦ ਵਾਪਸ ਪਰਤੀ
ਤਾਂ ਕਾਗਾਂ ਓਹਦੀ ਚੋਗ ਖੋਹ ਲਈ
ਆਲ੍ਹਣਾ ਢਾਹ ਦਿੱਤਾ
ਡਾਰੋਂ ਵਿਛੋੜਾ ਪਾ ਦਿੱਤਾ
ਓਸ ਉਮਰ ਭਰ ਕੱਲਿਆਂ ਰਹਿਣ ਦਾ
ਫਤਵਾ ਵੀ ਲਾ ਦਿੱਤਾ
ਚਿੜੀ ਕੁਰਲਾ ਤਰਲਾ ਕੀਤਾ
ਕਾਂਵਾਂ ਕਾਂ ਕਾਂ ਕਰ ਓਹਨੂੰ ਪਾਗਲ ਕਰ ਦਿੱਤਾ
ਹੁਣ ਉਹ ਚਿੜੀ ਆਪਣੀ ਚੀਂ ਚੀਂ ਨਾਲ
ਜੀ, ਜੀਅ, ਜੀਵ ਤੇ ਜੀਣ ਦੇ ਅਰਥ ਲੱਭਦੀ
ਕੱਲੀ ਉੱੜਦੀ ਰਹਿੰਦੀ ਹੈ
ਜੇ ਕਿਤੇ ਤੁਹਾਡੇ ਵਿਹੜੇ ਆ ਗਈ
ਤਾਂ ਬੁੱਧੀ ਜੀਵੀਓ, ਸੋਚ ਲੈਣਾ ਕਿ ਕੀ ਕਰਨਾ ਹੈ ?
ਪਿੰਜਰੇ ਚ' ਪਾਉਣਾ ਹੈ ?
ਪਰਲੇ ਪਾਸੇ ਨੂੰ ਭੇਜ ਦੇਣਾ ਹੈ ?
ਫਤਵਾ ਲਾਈ ਰੱਖਣਾ ਹੈ ?
ਜਿਉਣਾ ਹਰਾਮ ਕਰ ਦੇਣਾ ਹੈ ?
ਕਿ ਮਾਰ ਦੇਣਾ ਹੈ ?
ਕੀ ਕਰਨਾ ਹੈ ?!
ਸੋਚ ਲੈਣਾ
ਸੋਚ ਲੈਣਾ
ਕੋਈ ਪੀਰ ਸੱਚਾ ਜੇ ਕਿਤੇ ਮੈਨੂੰ ਥਿਆਵੇ
ਦੁੱਧੀਂ ਧੋਵਾਂ ਬਰੂਹਾਂ, ਦਰ ਕਰਾਂ ਮੈਂ ਸੁੱਚੇ
ਬਣਾਵਾਂ ਨਿਆਜ਼ਾਂ, ਵਜ਼ਾਵਾਂ ਚਿਮਟੇ
ਖੇਲ੍ਹਦੀ ਮੇਰੀ ਰੂਹ ਬਿੰਦ ਨਾ ਥੱਕੇ
ਬਾਲਾਂ ਚਿਰਾਗ, ਚੜਾਵਾਂ ਚੁੰਨੀਆਂ
ਨੋਟਾਂ ਰੇ ਹਾਰ ਵੀ ਵੰਨ -ਸੁਵੰਨੇ
ਰੂਹਾਨੀਅਤ ਚ' ਰੂਹ ਮੇਰੀ ਪਾਵੇ ਲੁੱਡੀਆਂ
ਸੱਚੀ -ਸੁੱਚੀ ਲੋਰ ਦੇ ਪਾਂਵਾਂ ਘੁੱਟ ਘੁੱਟ ਜੱਫੇ
ਪਰ
ਐਸਾ ਪੀਰ ਮੁਰਸ਼ਦ ਤਾਂ ਮੈਂ ਮਿਲਦਾ ਵੇਖਿਆ
ਸਿਰਫ
ਸੰਗਲਾਂ ਦੀ ਸੱਟੇ
ਸੰਗਲਾਂ ਦੀ ਸੱਟੇ
ਮੇਰੀ ਬੀਬੀ
ਜਦ ਮੈਂ ਵਧੀਆ ਨੰਬਰ ਲਿਆਉਂਦੀ
ਤਾਂ ਕਹਿੰਦੀ :
'ਬਚ ਕੇ ਰਹਿ
ਤੈਨੂੰ ਲੋਕਾਂ ਦੀ ਹਾਅ ਲੱਗ ਜਾਣੀ !'
ਜਦ ਅਸੀਂ ਸਾਰੇ ਭੇਣ ਭਰਾ
ਕੱਠੇ ਕਿਤੇ ਜਾਣ ਲਈ ਤਿਆਰ ਹੁੰਦੇ
ਤਾਂ ਕਹਿੰਦੀ :
'ਹਾਏ ਰੱਬਾ !' ਲੋਕਾਂ ਦੀ ਹਾਅ ਬਹੁਤ ਬੁਰੀ ਆ
ਤੁਹਾਨੂੰ ਕਿੱਥੇ ਲਕੋ ਲਵਾਂ !'
ਮੈਂ ਨੌਕਰੀ ਤੇ ਲੱਗੀ ਤਾਂ ਆਹਦੀ:
'ਕੋਈ ਪੁੱਛੇ ਤਾਂ ਆਪਣੀ ਤਨਖਾਹ ਨਾ ਦੱਸੀਂ
ਹਾਅ ਪੈ ਜਾਣੀ !'
ਫੇਰ ਮੇਰਾ ਭਰਾ ਬਾਹਰ ਜਾਣ ਨੂੰ ਤਿਆਰੀ ਕਰਨ ਲੱਗਾ
ਪੇਪਰ ਆ ਗਏ ਤਾਂ ਬੀਬੀ ਕਹਿੰਦੀ :
'ਹਾਅ ਲੱਗ ਜਾਣੀ, ਜਦ ਤੱਕ ਪਰਦੇਸੀਂ ਪਹੁੰਚ ਨਾ ਜਾਵੇ
ਦੱਸਿਓ ਨਾ ਕਿਸੇ ਨੂੰ !'
ਫੇਰ ਜਦੋਂ ਸਾਡੇ ਵਿਆਹ ਹੋ ਗਏ ਤੇ ਅਸੀਂ
ਸਾਰੇ ਭੈਣ ਭਰਾ ਇੱਕ ਇੱਕ ਕਰ ਪਰਦੇਸੀਂ ਆ ਗਏ
ਬੀਬੀ ਨੂੰ ਪਤਾ ਲੱਗਿਆ ਅਸੀਂ ਫੇਸ ਬੁੱਕ ਤੇ ਬਹੁਤ ਫੋਟੋਆਂ ਪਾਉਂਣੇ ਆਂ
ਆਂਹਦੀ :
'ਲੋਕਾਂ ਦੀ ਨਜ਼ਰ ਬਹੁਤ ਬੁਰੀ ਆ
ਬਚ ਕੇ ਰਿਹੋ, ਕਦੀ ਫੋਟੋ ਨਾ ਪਾਇਓ !'
ਗਹਾਂ ਚਲ ਕੇ ਅਸੀਂ ਭੈਣ ਭਰਾ ਮਾਂ ਬਾਪ ਬਣ ਗਏ
ਤੇ ਮਾਂ ਆਂਹਦੀ :
'ਆਪਣੇ ਬੱਚਿਆਂ ਨੂੰ ਲਕੋ ਕੇ ਰੱਖੋ
ਇਹ ਬਹੁਤ ਸੋਹਣੇ ਆ
ਕਿਤੇ ਹਾਅ ਈ ਨਾ ਪੈ ਜਾਵੇ !'
ਫੇਰ ਸਾਡਾ ਘਰ ਬਦਲ ਕੇ ਕੱਚੇ ਤੋਂ ਪੱਕਾ ਹੋ
ਗਿਆ ਤੇ ਬੀਬੀ ਨਜ਼ਰ ਵੱਟੂ ਟੰਗਣ ਲੱਗੀ
ਘਰ, ਮੋਟਰ, ਕਾਰਾਂ ਵੀ ਆਈਆਂ ਤਾਂ
ਹਾਅ ਦੀ ਫਿਕਰ ਮੁਹਰੇ
ਫੇਰ ਮੈਂ ਤੰਗ ਆ ਕੇ ਆਖਰ ਨੂੰ ਕਹਿ ਹੀ ਦਿੱਤਾ:
'ਬੀਬੀ, ਇਹ ਹਾਅ ਸਾਰੀ ਉਮਰ ਆਪਣੇ ਨਾਲ
ਇੱਕ ਛੋਟੀ ਜਿਹੀ ਬਿੰਦੀ ਲਾ
ਹਾਅ ਤੋਂ ਹਾਂ ਕਿਉਂ ਨਾ ਬਣ ਸਕੀ ?
ਸਾਰਾ ਸੰਸਾਰ ਹੀ ਇਹਤੋਂ ਬਚਿਆ ਰਹਿੰਦਾ'
ਬੀਬੀ ਆਂਹਦੀ :
'ਵਾਖਰੂ !'
'ਹਾਂ ਜੀ !'
'ਹਾਂ ਜੀ, ਹਾਂ ਜੀ !!'
ਜਾਗ ਪਏ ਨੇ ਲੋਕ
ਜਾਗ ਪਏ ਨੇ ਲੋਕ ਹੁਣ ਨਾ ਰਹਿਣ ਡਰ ਕੇ
ਘਰੋਂ ਤੁਰ ਪਏ ਨੇ ਗੁਰੂਆਂ ਦੀ ਓਟ ਧਰ ਕੇ
ਕੋਈ ਪੁਲਿਸ,ਬੈਰੀਕੇਡ ਰਾਹਾ ਰੋਕ ਨਾ ਸਕੇ
ਪਾਣੀ ਦੀ ਫੁਹਾਰ ਵੀ ਇਹ ਬੰਦ ਕਰ ਗਏ !
ਤਗੜੇ ਇਹ ਜੁੱਸੇ ਕੱਦ-ਕਾਠ ਰੱਖਦੇ
ਰਾਹਾਂ ਦੇ ਰੋੜੇ ਵੀ ਸਿਜਦੇ ਨੇ ਕਰਦੇ
ਸਬਰ,ਸਿਦਕ,ਸਿਰੜ ਦਾ ਨੇ ਦੰਮ ਭਰਦੇ
ਤਾਂਹੀਂ ਹੌਂਸਲੇ ਵੀ ਆਪਣੇ ਬੁਲੰਦ ਰੱਖਦੇ
‘ਖਾਲਸੇ ਦੀ ਏਡ’ਨੇ ਸਿਰ ਮੱਥੇ ਧਰ ਲਏ
ਤੇ ਆੜ੍ਹੀਆਂ ਨਾਲ ਆੜ੍ਹੀ ਆਣ ਖੜ੍ਹ ਗਏ
ਬੀਬੀ ਅਤੇ ਬਾਬਾ ਪਹਿਲਾਂ ਪਾਠ ਪੜ੍ਹਦੇ
ਲੰਗਰ ਦਾਲ-ਰੋਟੀ, ਦਾ ਤਿਆਰ ਕਰਦੇ
ਗੁਰੂਆਂ ਪਿਆਰਿਆਂ ਦੀ ਓਟ ਸਦਕੇ
ਭੁੱਖੇ ਤੇ ਗਰੀਬ ਜਾਣ ਰੱਜ-ਰੱਜ ਕੇ
ਦਿਲੋਂ ਦੇਣ ਇਹ ਦੁਆਂਵਾਂ ‘ਸੁਖੀ ਰਹੋ ਵਸਦੇ!’
ਸਕੂਨ ਨਾਲ ਬੈਠ ਹੱਸ-ਹੱਸ ਖਾਂਵਦੇ
ਤੰਬੂਆਂ ਦੇ ਵਿੱਚ ਵੀ ਸਕੂਲ ਖੁੱਲ੍ਹ ਗਏ
ਨਿੱਕੇ-ਨਿੱਕੇ ਬਾਲ ‘ਤੇਰਾ-ਤੇਰਾ’ ਸਿੱਖਦੇ
ਰਾਈ,ਰੱਤੀ, ਮਾਸ਼ਾ ਨਾਲੇ ਯੋਗਾ ਸਿੱਖਦੇ
‘ਓਮ’ ਬੋਲਦੇ ਤੇ ‘ਇੱਕ ਓਮ ਕਾਰ’ ਜਪਦੇ
ਮੀਡੀਏ ਦੇ ਮੂਹਰੇ ਵੀ ਜ਼ਰਾ ਨਾ ਝਕਦੇ
ਵੋਲੰਟੀਅਰਜ਼ ਦੇ ਸਿਰਾਂ ਤੇ ਅਸ਼-ਅਸ਼ ਕਰਦੇ
ਤਾਣੇ ਜੋ ਤੰਬੂਰੇ ਸਿੰਗੂ ਬਾਰਡਰ ਦੇ ਉੱਤੇ
ਇਹਦੇ ਜਾਹੋ-ਜਲਾਲ ਦੂਰ ਤਾਂਈਂ ਬੋਲਦੇ
ਦੂਰ ਬੈਠ ਪਰਦੇਸੀਂ ਮੇਰੀ ਪੇਸ਼ ਨਾ ਚੱਲੇ
ਕੋਈ ਕੱਢ ਮੇਰਾ ਦਿਲ ਝੱਟ ਦਿੱਲੀ ਨੂੰ ਘੱਲੇ
ਅੱਖਾਂ ਭਰ-ਭਰ ਵੇਖਾਂ ਨਿੱਕੇ ਬਾਲ ਠਰ੍ਹਦੇ
ਨਿੱਕੇ-ਨਿੱਕੇ ਬਾਲ ਵੀ ਜ਼ਰਾ ਨਾ ਡਰਦੇ
ਪਰ ਨਰੜਾਂ ਦੇ ਕੰਨਾਂ ਤੇ ਨਾ ਜੂੰ ਸਰਕੇ
ਇਹ ਤਾਂ ਐਸੀ ਢਾਬ ਉੱਤੇ ਰਹਿਣ ਚੜ੍ਹਕੇ
ਮਰਿਆਂ ਦੇ ਦੁੱਖ ਤੇ ਵੀ ਨਾ ਸੀਅ ਕਰਦੇ
ਹੁੰਦੀ ਜੇ ਸੁਮੱਤ ਇਹਨਾਂ, ਕਲੈਣ੍ਹੇ ਤੇ ਕੁਮੱਤੇ
ਕਾਲੇ ਇਹ ਕਨੂੰਨ ਭਲਾ ਕਿਉਂ ਘੜਦੇ !
ਜੇ ਲਾਲੋ ਅਤੇ ਭਾਗੋ ਵਾਲੀ ਸਾਖੀ ਪੜ੍ਹਦੇ
ਹੱਕ-ਸੱਚ ਦੀ ਕਮਾਈ ਤੇ ਨਾ ਲੱਤ ਮਾਰਦੇ
ਨਾਲੇ ਵੀਹ ਰੁਪਈਆਂ ਦਾ ਵੀ ਮੁੱਲ ਜਾਣਦੇ
ਲੰਗਰ ਵੀਹ ਰੁਪਈਆਂ ਵਾਲਾ ਦਿਨ-ਰਾਤ ਵਰਤੇ
ਹਿੰਦੂ ਮੁਸਲਮਾਨ ਸਭ ਕੱਠੇ ਇੱਕ ਥਾਂ ਤੇ ਕਰਤੇ
ਇੱਕ ਦੂਜੇ ਦੇ ਦੁੱਖਾਂ ਤੇ ਸੀ ਉਹ ਹਓਕੇ ਭਰਦੇ
ਕਰਾਂ ਦਿਲੋਂ ਮੈਂ ਦੁਆਂਵਾਂ ਦੋਵੇਂ ਹੱਥ ਜੋੜ ਕੇ
ਸਿਰ ਧਰ ਤਾਜ਼ ਮੁੜਨ ਜੰਗ ਸਰ ਕਰਕੇ
ਜੁੜੀ ਰਹੇ ਇਹਦੀ ਤੰਦ ਕਦੀ ਨਾ ਤਿੜਕੇ
ਭਾਈਆਂ ਨੂੰ ਭਾਈ ਸਦਾ ਈ ਰਹਿਣ ਮਿਲਦੇ
ਦਿੱਲੀਏ ਨੀ ਦਿੱਲੀਏ, ਕਰ ਕੁਛ ਅੜੀਏ,
ਦਰ ਆਏ ਨੇ ਸੁਆਲੀ ਤੇਰੇ ਸਿਰ ਚੜ੍ਹ ਕੇ
ਰਹੇ ਗੁਰੂਆਂ ਦੀ ਮਿਹਰ,’ਕਿਸਾਨੀ’ ਦੇ ਉੱਤੇ
ਮਨੁੱਖਤਾ ਦਾ ਦਿਲ ਇਹਦੇ ਵਿੱਚ ਧੜਕੇ
ਮੈਂ ਵਾਰੀ -ਵਾਰੀ ਜਾਂਵਾਂ ,ਨਾਲੇ ਜੀ ਸਦਕੇ
ਦਿਲਾਂ ਨੂੰ ਦਿਲਾਂ ਦੇ ਰਹਿਣ ਇਹ ਰਾਹ ਸਜਦੇ
ਜਾਗ ਪਏ ਨੇ ਲੋਕ ਹੁਣ ਨਾ ਰਹਿਣ ਡਰ ਕੇ
ਘਰੋਂ ਤੁਰ ਪਏ ਨੇ ਗੁਰੂਆਂ ਦੀ ਓਟ ਧਰ ਕੇ ।