Punjabi Kavita
  

Punjabi Poetry : Rewail Singh Italy

ਪੰਜਾਬੀ ਕਵਿਤਾਵਾਂ ਰਵੇਲ ਸਿੰਘ ਇਟਲੀ1. ਆਦਮ ਬਾਬਾ

ਤੇਰਾ ਵੀ ਹੈ, ਆਦਮ ਬਾਬਾ। ਮੇਰਾ ਵੀ ਹੈ, ਆਦਮ ਬਾਬਾ। ਸਭ ਦਾ ਸਾਂਝਾ, ਆਦਮ ਬਾਬਾ, ਇਹੋ ਸਿਖਾਂਦਾ, ਆਦਮ ਬਾਬਾ । ਫਿਰ ਕਿਉਂ ਹੁੰਦਾ ਖੂਨ ਖਰਾਬਾ। ਜੰਗਲ ਕੱਟਦਾ, ਧਰਤੀ ਪੱਟਦਾ, ਚਾਰੇ ਪਾਸੇ, ਫੇਰ ਸੁਹਾਗਾ। ਆਪਣੀ ਹੋਂਦ ਬਣਾਉਣ ਬਦਲੇ, ਮਾੜੇ ਤੇ ਰੱਖਦਾ ਕਿਉਂ ਦਾਬਾ। ਥਾਂ ਥਾਂ ਤੇ ਪ੍ਰਦੂਸ਼ਣ, ਵੰਡਦੈ, ਆਪੇ ਕਰਕੇ ਸ਼ੋਰ ਸ਼ਰਾਬਾ।, ਆਦਮ ਹੀ ਹੈ ਚੱਕੀ ਫਿਰਦਾ, ਆਦਮ ਬੋ ਦਾ ਤੱਕੜੀ ਛਾਬਾ। ਵੇਖ ਰਿਹਾ ਆਦਮ ਦੇ ਕਾਰੇ, ਚੁੱਪ ਹੈ ਬੈਠਾ ਆਦਮ ਬਾਬਾ।

2. ਤਿਆਰੀ ਖਿੱਚੀ ਹੈ

ਅਸਾਂ ਵੀ ਤੇਰੇ ਸ਼ਹਿਰ ਜਾਣ ਲਈ ਤਿਆਰੀ ਖਿੱਚੀ ਹੈ। ਬਸ ਹੋਣੀ ਨੂੰ ਗਲ਼ ਲਾਉਣ ਲਈ, ਤਿਆਰੀ ਖਿੱਚੀ ਹੈ। ਤਾਂ ਕੀ ਹੋਇਆ, ਜੁਗਨੂੰ ਹਾਂ, ਦੀਵੇ ਹਾਂ, ਚੰਗਿਆੜੇ ਹਾਂ, ਹਿੰਮਤ ਨੂੰ ਅਜ਼ਮਾਉਣ ਲਈ, ਤਿਆਰੀ ਖਿੱਚੀ ਹੈ। ਜੰਗਲ ਦਾ ਹੈ ਦਾ ਰਾਜ, ਕਾਲ਼ੇ, ਕੂੜ ਕਾਨੂੰਨਾਂ ਦਾ, ਏਹੋ ਗੱਲ ਸਮਝਾਉਣ ਲਈ, ਤਿਆਰੀ ਖਿੱਚੀ ਹੈ। ਇਹ ਪੱਤ ਝੜ ਦੇ ਮੌਸਮ ਤਾਂ ਆਉਂਦੇ ਜਾਂਦੇ ਰਹਿਣੇ ਨੇ, ਜਿੱਤਾਂ ਦੇ ਗਲ਼ ਹਾਰ ਪੁਵਾੳਣ ਲਈ, ਤਿਆਰੀ ਖਿੱਚੀ ਹੈ। ਤਾਂ ਕੀ ਹੋਇਆ ਥਾਂ ਥਾਂ, ਕਿੱਲਾਂ ਤਾਰਾਂ ਵਿਛੀਆਂ ਨੇ, ਅਸਾਂ ਵੀ ਟੱਪ ਕੇ ਜਾਣ ਲਈ ਤਿਆਰੀ ਖਿੱਚੀ ਹੈ। ਅਸੀਂ ਵੀ ਹਾਂ, ਤੱਕ ਰੋਕਾਂ ਉਤੇ, ਬੀਜ ਰਹੇ ਹਾਂ ਫੁੱਲ, ਸਬਰਾਂ ਨੂੰ ਅਜ਼ਮਾਉਣ ਲਈ, ਤਿਆਰੀ ਖਿੱਚੀ ਹੈ। ਇਹ ਸਭ ਰੋਕਾਂ ਟੋਕਾਂ ਹੁੰਦੀਆਂ ਨੇ ਬਸ ਪਰਖਣ ਲਈ, ਏਸ ਘੜੀ ਇਮਤਹਾਣ ਲਈ, ਤਿਆਰੀ ਖਿੱਚੀ ਹੈ। ਬੇਸ਼ਕ ਨੇ, ਮੂੰਹ ਜ਼ੋਰ ਹਵਾਵਾਂ, ਤੂਫਾਨਾਂ ਦਾ ਸ਼ੋਰ ਬੜਾ, ਹਿੱਕਾਂ ਨੂੰ ਅਜ਼ਮਾਉਣ ਲਈ ਤਿਆਰੀ ਖਿੱਚੀ ਹੈ। ਹਾਕਮ ਦੀ ਜੇ ਨੀਤ ਬੁਰੀ ਹੈ, ਹਰ ਵਾਰੀ ਟਾਲਣ ਦੀ, ਅਸਾਂ ਵੀ ਗੱਲ ਮਨਵਾਉਣ ਲਈ, ਤਿਆਰੀ ਖਿੱਚੀ ਹੈ। ਰੱਖਣੀ ਨਹੀਂ ਹੈ ਵਿੱਚ ਵਿਚਾਲ਼ੇ ਇੱਕ ਪਾਸੇ ਲਾ ਦੇਣੀ, ਕਿਸ਼ਤੀ ਕੰਢੇ ਲਾਉਣ ਲਈ ਬਸ ਤਿਆਰੀ ਖਿੱਚੀ ਹੈ। ਸਮਿਆਂ ਦੀ ਹਿੱਕ ਉੱਤੇ ਲਿਖ ਜਾਣਾ ਇਤਹਾਸ ਨਵਾਂ, ਹਰ ਪੰਨਾ ਲਿਖਵਾਉਣ ਲਈ ਬਸ ਤਿਆਰੀ ਖਿੱਚੀ ਹੈ।

3. ਤੈਨੂੰ ਮਿਲ ਕੇ

ਤੈਨੂੰ ਮਿਲਕੇ ਦੁਖ ਸੁਖ ਕਰਕੇ, ਮਨ ਕੁਝ ਹੌਲਾ ਹੋ ਜਾਂਦਾ ਹੈ। ਮਨ ਤੇ ਲੱਦਿਆ ਭਾਰ ਮਣਾਂ ਮੂੰਹ, ਮਾਸਾ ਤੋਲ਼ਾ ਹੋ ਜਾਂਦਾ ਹੈ। ਤੂੰ ਵੀ ਖੂਬ ਹੰਡਾਏ ਦੁੱਖ ਸੁੱਖ ਤੇ ਮੈਂ ਵੀ ਵੇਖੇ ਘੁੱਪ ਹਨੇਰੇ, ਤਕੀਆਂ ਸ਼ਾਮਾਂ ਕਾਲਖ ਭਰੀਆਂ, ਵੇਖੇ ਬਲ਼ਦੇ ਸ਼ਾਮ ਸਵੇਰੇ, ਸੋਚਾਂ ਵਿੱਚ ਜਦ ਡੁਬਿਆਂ ਦਾ, ਮਨ ਅੰਨ੍ਹਾਂ ਬੋਲ਼ਾ ਹੋ ਜਾਂਦਾ ਹੈ। ਤੈਨੂੰ ਮਿਲਕੇ ਦੁੱਖ ਸੁੱਖ ਕਰਕੇ, ਮਨ ਕੁਝ ਹੌਲਾ ਹੋ ਜਾਂਦਾ ਹੈ। ਗੰਮ ਸਾਗਰ ਦੀ ਹਾਥ ਨਾ ਲਭਦੀ, ਜੀਵਣ ਬੇੜੀ ਡੱਕੋ ਡੋਲੇ, ਚਾਰ ਚਫੇਰੇ ਘੁੰਮਣ ਘੇਰੀ ਹੋਵੇ, ਸੁੱਤੀਆਂ ਯਾਦਾਂ ਕੌਣ ਫਰੋਲੇ, ਮਨ ਮੰਦਰ ਦਾ ਮਹਿਲ ਸਜਾਇਆ ਖੰਡਰ ਖੋਲਾ ਹੋ ਜਾਂਦਾ ਹੈ। ਤੈਨੂੰ ਮਿਲ ਕੇ ਦੁੱਖ ਸੁਖ ਕਰਕੇ, ਮਨ ਕੁਝ ਹੌਲ਼ਾ ਹੋ ਜਾਂਦਾ ਹੈ। ਪਿਆਰ ਮੁੱਹਬਤ, ਸਾਂਝਾਂ ਦੇ ਪਲ਼.ਹੁੰਦੇ ਬਹੁਤ ਭੁਲਾਉਣੇ ਔਖੇ, ਆਪਣੇ ਹੱਥੀ ਬਾਲ ਮੁਆਤੇ, ਸੁਪਨੇ ਰਾਖ ਬਣਾਉਣੇ ਔਖੇ, ਕਦੇ ਕਦੇ ਸੋਚਾਂ ਦਾ ਹਰ ਪਲ਼ ਵਾਅ –ਵਰੋਲ਼ਾ ਹੋ ਜਾਂਦਾ ਹੈ। ਝੂਠੀਆਂ ਕਸਮਾਂ ਝੂਠੇ ਵਾਅਦੇ, ਦੁਨੀਆ ਦੀ ਹੈ ਰੀਤ ਪਰਾਣੀ, ਇਹ ਖੁਦ ਗਰਜ਼ੀ ਲੋਕਾਂ ਦੀ ਹੈ, ਪੈਰ ਪੈਰ ਤੇ ਨਵੀਂ ਕਹਾਣੀ, ਸੁਣ ਸੁਣ ਕੇ ਕਈ ਨਵੀਆਂ ਗੱਲਾਂ, ਰੋਲ ਘਚੋਲ਼ਾ ਹੋ ਜਾਂਦਾ ਹੈ। ਉੱਚੀ ਨੀਂਵੀਂ ਜੇ ਕੋਈ ਹੋ ਗਈ ਸਾਥੋਂ, ਸਜਨਾ ਮੂੰਹ ਨਾ ਮੋੜੀਂ, ਜਦੋਂ ਤੀਕ ਨੇ ਸਾਹ ਤਨ ਵਿਚ, ਸਾਂਝਾਂ ਦੀ ਇਹ ਡੋਰ ਨਾ ਤੋੜੀਂ, ਕਲਮਾਂ ਦੀਆਂ ਕਈ ਬਾਤਾਂ ਲਿਖ ਕੇ, ਖਾਲੀ ਝੋਲ਼ਾ ਹੋ ਜਾਂਦਾ ਹੈ। ਤੈਨੂੰ ਮਿਲਕੇ ਦੁੱਖ ਸੁੱਖ ਕਰਕੇ ਮਨ ਕੁੱਝ ਹੌਲ਼ਾ ਹੋ ਜਾਂਦਾ ਹੈ।

4. ਮਿੱਟੀ

ਮਿੱਟੀ ਨੂੰ ਹੀ ਖਾ ਗਈ ਮਿੱਟੀ, ਮਿੱਟੀ ਵਿੱਚ ਸਮਾ ਗਈ ਮਿੱਟੀ। ਮਿੱਟੀ ਹੱਸੇ, ਮਿੱਟੀ ਰੋਵੇ, ਮਿੱਟੀ ਦੇ ਗੁਣ ਗਾ ਗਈ ਮਿੱਟੀ। ਕਿਧਰੇ ਮਿੱਟੀ, ਮਿੱਟੀ ਖਤਾਰ, ਵੈਰ ਵਿਰੋਧ ਕਮਾ ਗਈ ਮਿੱਟੀ। ਕਿਧਰੇ ਮਿੱਟੀ ਮਿੱਟੀ ਬਦਲੇ, ਥਾਂ ਥਾਂ ਅੱਗਾਂ ਲਾ ਗਈ ਮਿੱਟੀ। ਖੇਡ ਨਿਰਾਲੀ ਇਸ ਮਿੱਟੀ ਦੀ, ਕਈਆਂ ਨੂੰ ਭਰਮਾ ਗਈ ਮਿੱਟੀ। ਮਿੱਟੀ ਸਾਕ -ਸੰਬੰਧੀ ਮਿੱਟੀ, ਰਿਸ਼ਤੇ ਕਈ ਬਣਾ ਗਈ ਮਿੱਟੀ। ਜਦ ਮਿੱਟੀ ਤੇ ਬਣੀ ਮੁਸੀਬਤ, ਤਦ ਕੰਨੀ ਖਿਸਕਾ ਗਈ ਮਿੱਟੀ। ਤੇਰੇ ਵਰਗੀ ਹੋਰ ਨਾ ਮਿੱਟੀ, ਮਿੱਟੀ ਨੂੰ ਸਮਝਾ ਗਈ ਮਿੱਟੀ। ਮਿੱਟੀ ਕੰਨੀਂ ਪਾ ਗਈ ਮਿੱਟੀ। ਜਿਸ ਕਾਰੀਗਰ ਨੇ ਮਿੱਟੀ ਘੜੀ, ਉਸਦਾ ਭੇਦ ਨਾ ਪਾ ਗਈ ਮਿੱਟੀ।

5. ਰੱਬਾ ਸੁਹਣਿਆ

ਬੜੇ ਤੇਰੇ ਰੰਗ ਨੇ ਨਿਆਰੇ ਰੱਬਾ ਸੁਹਣਿਆ, ਵੱਖ ਵੱਖ ਰੰਗਾਂ ਚ, ਸ਼ਿੰਗਾਰੇ ਰੱਬਾ ਸੁਹਣਿਆ। ਮੰਦਰਾਂ ਚ, ਢੂੰਡੇ ਕੋਈ ਮਸੀਤਾਂ, ਵਿੱਚ ਢੂੰਡੇ, ਲਾ ਕੇ ਕੋਈ ਸਮਾਧੀ, ਪਿਆ ਅੰਦਰਾਂ, ਚ ਢੂੰਡੇ, ਲੋਚੇ ਪਿਆ ਤੱਕਣੋਂ ਦੀਦਾਰੇ ਰੱਬਾ ਸੁਹਣਿਆ। ਕਰਾਂ ਤੇਰੀ ਕਾਰੀਗਰੀ ਨੂੰ ਸਲਾਮ, ਹੱਥ ਜੋੜ ਕੇ ਹਰ ਵੇਲ਼ੇ ਸ਼ਾਮ ਤੇ ਸਵੇਰੇ ਰੱਬਾ ਸੁਹਣਿਆ, ਸੁਹਣੀਆਂ ਬਣਾਈਆਂ ਕਿਵੇਂ ਵੱਖ ਵੱਖ ਸੂਰਤਾਂ, ਵੱਖ ਵੱਖ ਰੰਗਾਂ, ਚ ਸਜਾਈਆਂ ਕਿਵੇਂ ਮੂਰਤਾਂ, ਭਰਾਂ ਤੇਰੀ ਹੋਂਦ ਦੇ ਹੁੰਗਾਰੇ ਰੱਬਾ ਸੁਹਣਿਆ। ਮੌਲ਼ਦੀਆਂ ਰੁੱਤਾਂ ਦੇ ਨਜ਼ਾਰੇ ਵੀ ਅਜੀਬ ਨੇ, ਭਰੇ ਨੇ ਆਕਾਸ਼ੀਂ, ਚੰਦ ਤਾਰੇ ਵੀ ਅਜੀਬ ਨੇ, ਵਾਰੇ ਵਾਰੇ ਜਾਂਵਾਂ ਤੈਥੋਂ ਵਾਰੇ ਰੱਬਾ ਸੁਹਣਿਆ।

6. ਸਰਦੂਲ ਸਕੰਦਰ

ਤੁਰ ਗਿਆ ਇਉਂ, ਸਰਦੂਲ ਸਕੰਦਰ। ਘੁਲ਼ ਗਿਆ ਲੂਣ, ਸਮੁੰਦਰ ਅੰਦਰ। ਰਾਗ ਅਤੇ ਸੁਰਤਾਲ ਦਾ ਸ਼ਾਹ ਸੀ, ਲਫਜ਼ਾਂ ਦੀ ਸੁੱਚੀ ਦਰਗਾਹ ਸੀ, ਮਨਮੌਜੀ ਤੇ ਬੇਪ੍ਰਵਾਹ ਸੀ, ਮਾਂ ਪੰਜਾਬੀ ਦਾ ਹਮਰਾਹ ਸੀ, ਕਈ ਗੀਤਾਂ ਦੇ ਲਾਉਂਦਾ ਲੰਗਰ, ਤੁਰ ਗਿਆ ਇਉਂ ਸਰਦੂਲ ਸਕੰਦਰ। ਦੁਖਾਂ ਸੁਖਾਂ ਦੀਆਂ ਬਾਤਾਂ ਪਾ ਕੇ, ਹਿਜਰਾਂ ਦੇ ਗੀਤਾਂ ਨੂੰ ਗਾ ਕੇ । ਸਭਨਾਂ ਦੇ ਮਨ ਨੂੰ ਪਰਚਾ ਕੇ, ਦੁਖਾਂ ਸੁਖਾਂ ਦਾ ਸਮਾ ਹੰਢਾ ਕੇ, ਛਡ ਦੁਨੀਆਂ ਦੇ ਕਲਾ ਕਲੰਦਰ, ਤੁਰ ਗਿਆ ਇਉਂ ਸਰਦੂਲ ਸਕੰਦਰ। ਕੱਲ ਸੀ ਜੇਹੜਾ ਧਰਤੀ ਉਤੇ, ਅੱਜ ਉਹ ਧਰਤੀ ਹੇਠਾਂ ਹੋਇਆ, ਉਸ ਦਾ ਜਾਣਾ ਜਿਸ ਨੇ ਸੁਣਿਆ, ਅੱਜ ਉਹ ਅੱਖਾਂ ਭਰ ਕੇ ਰੋਇਆ, ਮੈਂ ਵੀ ਉਸ ਨੂੰ ਭੇਟ ਕਰਨ ਲਈ, ਸ਼ਬਦਾਂ ਦਾ ਇਹ ਹਾਰ ਪ੍ਰੋਇਆ। ਵਾਰੀ ਵਾਰੀ ਨਿਗਲ ਗਿਆ ਹੈ, ਸਮਿਆਂ ਦਾ ਇਹ ਦੂਤ ਪਤੰਦਰ, ਤੁਰ ਗਿਆ ਇਉਂ ਸਰਦੂਲ ਸਕੰਦਰ। ਉਹ ਸੀ ਰੋਡ ਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ. ਜਿੱਧਰੋਂ ਵੀ ਕੋਈ ਚੜ੍ਹੇ ਸਵਾਰੀ. ਏਦਾਂ ਦੀ ਸੀ ਉਸ ਦੀ ਯਾਰੀ, ਇਹ ਸੀ ਉਸ ਦਾ ਮਸਜਦ ਮੰਦਰ, ਤੁਰ ਗਿਆ ਇਉਂ ਸਰਦੂਲ ਸਕੰਦਰ। ਤੁਰ ਗਿਆ ਬੇਸ਼ਕ ਯਾਦ ਰਹੇਗਾ, ਗੀਤਾਂ ਵਿੱਚ ਆਬਾਦ ਰਹੇਗਾ, ਬੱਝਾ ਨਹੀਂ ਆਜ਼ਾਦ ਰਹੇਗਾ, ਬਣ ਮਿੱਠੀ ਆਵਾਜ਼ ਰਹੇਗਾ, ਜਦ ਤਕ ਹੈ ਇਹ ਧਰਤੀ ਅੰਬਰ, ਇਉਂ ਤੁਰ ਗਿਆ ਸਰਦੂਲ ਸਕੰਦਰ, ਖੁਰ ਗਿਆ ਲੂਣ ਸਮੰਦਰ ਅੰਦਰ।

7. ਜ਼ਿੰਦਗੀ

ਮਨ ਦੀ ਕਿਤਾਬ ਜ਼ਿੰਦਗੀ । ਹੈ ਲਾ ਜੁਵਾਬ ਜ਼ਿੰਦਗੀ । ਬਹੁ-ਅਰਥ ਹੈ ਇਹ ਜ਼ਿੰਦਗੀ , ਸੰਘਰਸ਼ ਹੈ ਇਹ ਜ਼ਿੰਦਗੀ। ਹੈ ਤਾਲ ਮੇਲ ਜ਼ਿੰਦਗੀ, ਹੈ ਅਜਬ ਖੇਲ ਜ਼ਿੰਦਗੀ। ਹੈ ਸਫਰ ਵਾਂਗ ਜ਼ਿੰਦਗੀ, ਉਡਦਾ ਉਕਾਬ ਜ਼ਿੰਦਗੀ। ਵਾਂਗਰ ਗੁਲਾਬ ਜ਼ਿੰਦਗੀ। ਕੰਡਿਆਂ,ਚ ਵੀ ਹੈ ਜ਼ਿੰਦਗੀ, ਫੁੱਲਾਂ ਚ, ਵੀ ਹੈ ਜ਼ਿੰਦਗੀ। ਬੜੀ ਕੀਮਤੀ ਹੈ ਜ਼ਿੰਦਗੀ, ਦੁੱਖ ਸੁਖ ਰਲ਼ੀ ਹੈ ਜ਼ਿੰਦਗੀ। ਕਿਸੇ ਦੇ ਕੰਮ ਆਵੇ ਜ਼ਿੰਦਗੀ, ਤਾਂਹੀਉਂ ਹੀ ਹੈ ਇਹ ਜ਼ਿੰਦਗੀ। ਤਾਂਹੀਉਂ ਹੀ ਹੈ ਇਹ ਜ਼ਿੰਦਗੀ।

8. ਫੀਤਾ ਫੀਤਾ

ਫੀਤੀ ਫੀਤੀ ਹੋਏ ਜੋ ਲੀੜਾ, ਉਸ ਲੀੜੇ ਦਾ ਸੀਣਾ ਕੀ, ਜ਼ਹਿਰਾਂ ਘੁਲ਼ਿਆ ਹੋਵੇ ਪਾਣੀ, ਉਸ ਪਾਣੀ ਦਾ ਪੀਣਾ ਕੀ, ਯਾਰ ਮਾਰ, ਤੇ ਕੁੜੀ ਮਾਰ ਤੋਂ, ਵੱਡਾ ਹੋਰ ਕਮੀਣਾ ਕੀ। ਜਿਸ ਰਾਜੇ ਦੀ ਪਰਜਾ ਦੁਖੀ, ਉਸ ਹਾਕਮ ਦਾ ਜੀਣਾ ਕੀ।