Punjabi Poetry : Ratanpal Doodian

ਪੰਜਾਬੀ ਕਵਿਤਾਵਾਂ : ਰਤਨਪਾਲ ਡੂਡੀਆਂ



1. ਖ਼ਿਆਲ

ਖਿਆਲ ਤਾਂ ਅਕਸਰ ਬਣਵਾਸੀ ਪੰਛੀ ਹੁੰਦੇ ਨੇ ਕਦੇ ਕਦਾਈਂ ਬੱਸ ਐਵੇਂ ਹੀ ਜੰਗਲ਼ ਕੋਲ਼ੋ ਡਰ ਜਾਂਦੇ ਨੇ ਖਿਆਲ ਤਾਂ ਅਕਸਰ ਚਿੜੀਆਂ ਦਾ ਚਰਚੋਲ੍ਹਰ ਹੁੰਦੇ ਕਦੇ ਕਦਾਈਂ ਬੱਸ ਐਵੇਂ ਹੀ ਚੁੱਪ ਦਾ ਪਾਣੀ ਭਰ ਜਾਂਦੇ ਨੇ ਖਿਆਲ ਤਾਂ ਅਕਸਰ ਤਾਰਿਆਂ ਵਾਂਗੂੰ ਬਿਖਰੇ ਮੋਤੀ ਕਦੇ ਕਦਾਈਂ ਬੱਸ ਐਵੇਂ ਹੀ ਮਾਲ਼ਾ ਬਣ ਗਲ਼ ਪੈ ਜਾਂਦੇ ਨੇ ਖਿਆਲ ਤਾਂ ਅਕਸਰ ਅੰਬਰ ਜਿੰਨੇ ਉੱਚੇ ਹੁੰਦੇ ਕਦੇ ਕਦਾਈਂ ਬੱਸ ਐਵੇਂ ਹੀ ਧਰਤੀ ਉੱਤੇ ਲਹਿ ਜਾਂਦੇ ਨੇ ਖਿਆਲ ਤਾਂ ਅਕਸਰ ਰੂਹਾਂ ਦੀ ਫੁਲਕਾਰੀ ਕੱਢਦੇ ਕਦੇ ਕਦਾਈਂ ਬੱਸ ਐਵੇਂ ਹੀ ਪੋਟਿਆਂ ਦੇ ਵਿੱਚ ਪੁੜ ਜਾਂਦੇ ਨੇ ਖਿਆਲ ਤਾਂ ਅਕਸਰ ਹਿਮਾਲਾ ਦੇ ਹਿਮ ਕਲਸ ਨੇ ਕਦੇ ਕਦਾਈਂ ਬੱਸ ਐਵੇਂ ਹੀ ਨਦੀਆਂ ਬਣ ਕੇ ਰੁੜ੍ਹ ਜਾਂਦੇ ਨੇ ਖਿਆਲ ਤਾਂ ਅਕਸਰ ਹੇਕਾਂ ਵਰਗੇ ਬੋਲ ਨੇ ਹੁੰਦੇ ਕਦੇ ਕਦਾਈਂ ਬੱਸ ਐਵੇਂ ਹੀ ਵੰਝਲੀਆਂ ਨੂੰ ਡੰਗ ਜਾਂਦੇ ਨੇ ਖਿਆਲ ਤਾਂ ਅਕਸਰ ਦੁਖਦੇ ਦਿਲ ਦੇ ਸੱਜਣ ਹੁੰਦੇ ਕਦੇ ਕਦਾਈਂ ਬੱਸ ਐਵੇਂ ਹੀ ਨੀਵੀਂ ਪਾ ਕੇ ਲੰਘ ਜਾਂਦੇ ਨੇ ...

2. ਪੈਰਾਂ ਹੇਠ ਲਿਖੇ ਸਰਨਾਵੇਂ

ਪਾਣੀਆਂ ਦੀ ਤਖਤੀ 'ਤੇ ਲਿਖਦੀ ਸੁਪਨਿਆਂ ਦੇ ਪੈਰੀਂ ਝਾਂਜਰਾਂ ਪਾਉਂਦੀ ਪੁਰਖਿਆਂ ਦੀਆਂ ਬੇਵਸੀਆਂ ਦਾ ਗੀਤ ਗੁਣਗੁਣਾਉਂਦੀ ਸੋਚਦੀ ਹਾਂ ਕੋਈ ਪੈਗ਼ਾਮ ਤਾਂ ਜ਼ਰੂਰ ਹੋਵੇਗਾ ਮੇਰੇ ਨਾਂ ਦਾ ਪਰ ਕਿਹੜੇ ਸਿਰਨਾਵੇਂ ਤੇ ਆਵੇਗਾ ਕੋਈ ਕਾਸਦ ? ਸਾਡੇ ਸਿਰਨਾਵੇਂ ਤਾਂ ਸਾਡੇ ਪੈਰਾਂ ਹੇਠ ਲਿਖੇ ਹੁੰਦੇ ਨੇ....... ਜਿਸ ਦਿਨ ਮੈਂ ਕਬੀਲੇ ਸੰਗ ਆਈ ਸੀ ਤੇਰੇ ਗਰਾਂ ਕੀਤਾ ਸੀ ਸਵਾਗਤ ਫੁੱਲ ਬਰਸਾ ਕੇ ਗੁਲਮੋਹਰ ਦੇ ਜੀਣ ਜੋਗੇ ਰੁੱਖ ਨੇ ਵਜਾ ਰਹੇ ਸਨ ਇਲਾਹੀ ਛੈਣੇ ਬੋਹੜਾਂ ਤੇ ਪਿੱਪਲਾਂ ਦੇ ਸਾਵੇ ਪੱਤਰ ਅੰਗ ਅੰਗ ਚ ਭਰ ਗਈ ਸੀ ਖੁਸ਼ਬੋਈ ਤੇਰੇ ਸੱਥ ਦੀ ਮਹਿਕਦੀ ਮਿੱਟੀ ! ਜਿਸ ਦਿਨ ਮੈਂ ਤੱਕਲ਼ੇ ਖੁਰਚਣੇ ਲੈ ਕੇ ਲੰਘੀ ਸੀ ਤੇਰੇ ਦਰਾਂ ਮੂਹਰੋਂ ਹਰਿਆਵਲਾਂ ਨੇ ਤੋੜ ਦਿੱਤਾ ਸੀ ਮਾਰੂਥਲਾਂ ਦਾ ਭਰਮ ਜਦੋਂ ਤੂੰ ਤੱਕਿਆ ਸੀ ਨੀਝ ਲਾ ਕੇ ਜੱਗ ਦੇ ਸਾਰੇ ਬਾਂਸ ਲੱਗੇ ਸਨ ਵੰਝਲੀਆਂ ਵਰਗੇ ! ਜਦੋਂ ਮੈਂ ਝਾਰਨਾ ਬਣਾ ਕੇ ਤੇਰੇ ਘਰ ਫੜਾਉਣ ਆਈ ਜੀ ਆਇਆਂ ਨੂੰ ਕਹਿੰਦੀਆਂ ਤੇਰੀਆਂ ਨਜ਼ਰਾਂ ਲੈ ਗਈਆਂ ਸਨ ਮਿਣ ਕੇ ਮੇਰੇ ਦਿਲ ਦੇ ਭੁਚਾਲ਼ ਗਾਏ ਸਨ ਘੋੜੀਆਂ ਤੇ ਸੁਹਾਗ ਤੇਰੇ ਪਿੰਡ ਦੀਆਂ ਜੱਗ ਜਿਊਦੀਆਂ ਹਵਾਵਾਂ ਨੇ ਲੰਘ ਗਏ ਸਨ ਚਾਰ ਦਿਹਾੜੇ ਚਾਰ ਪਲ ਬਣ ਕੇ ! ਮੈਂ ਭੁੱਲ ਨਹੀਂ ਸਕਦੀ ਉਨ੍ਹਾਂ ਸੁਲੱਖਣੀ ਘੜੀਆਂ ਨੂੰ ਭੁਲਦਾ ਵੀ ਕੌਣ ਹੁੰਦਾ ਹੈ ਹਿੱਕ ਉੱਤੇ ਲੱਗੀਆਂ ਤੀਆਂ ਦਾ ਤਿਉਹਾਰ .... ਇੱਕ ਪਿੰਡ ਤੋਂ ਦੂਜੇ ਪਿੰਡ, ਦੂਜੇ ਪਿੰਡ ਤੋਂ ਤੀਜੇ ਜਦੋਂ ਚੰਦ ਕੁ ਦਿਨਾਂ ਲਈ ਭੱਠੀਆਂ ਤਾਉਂਦਾ ਹੈ ਕਬੀਲਾ ਸੋਚਦੀ ਹਾਂ ਕੋਈ ਪੈਗ਼ਾਮ ਤਾਂ ਜ਼ਰੂਰ ਹੋਵੇਗਾ ਮੇਰੇ ਨਾਂ ਦਾ ਪਰ ਕਿਹੜੇ ਸਿਰਨਾਵੇਂ ਤੇ ਆਵੇਗਾ ਕੋਈ ਕਾਸਦ !? ਸਾਡੇ ਸਿਰਨਾਵੇਂ ਤਾਂ ਸਾਡੇ ਪੈਰਾਂ ਹੇਠ ਲਿਖੇ ਹੁੰਦੇ ਨੇ !!!

3. ਨੀ ਧਰਤੀ ਮੇਰੀਏ

ਕਿਤੇ ਤਾਂ ਰੋਟੀ ਲਾਡ ਲਡਾਉਂਦੀ, ਕਿਤੇ ਤਾਂ ਰੋਟੀ ਮਾਂ ਮਤਰੇਈ । ਕਿਤੇ ਤਾਂ ਰੋਟੀ ਮਲਿਕ ਭਾਗੋ, ਕਿਤੇ ਤਾਂ ਰੋਟੀ ਮਿਲੇ ਨਾ ਬੇਹੀ। ਕਿਤੇ ਤਾਂ ਰੋਟੀ ਰਿਆਸਤ ਵਰਗੀ, ਕਿਤੇ ਤਾਂ ਰੋਟੀ ਹਰਮ ਦੇ ਜੇਹੀ । ਇਸ ਰੋਟੀ ਨੇ ਇਸ ਬੰਦੇ ਦੇ, ਕੀ ਕੀ ਭੇਸ ਵਟਾਏ ! ਨੀ ਧਰਤੀ ਮੇਰੀਏ ! ਇੱਥੋਂ ਦਾ ਜਾਂਬਾਜ਼ ਕਰਿੰਦਾ, ਮਿੱਟੀ ਦੇ ਨਾਲ਼ ਮਿੱਟੀ ਹੁੰਦਾ, ਸਿੰਜ ਕੇ ਆਪਣਾ ਖੂਨ - ਪਸੀਨਾ, ਰੋਟੀ ਬੀਜਣ ਜਾਏ । ਨੀ ਧਰਤੀ ਮੇਰੀਏ ! ਪਰ ਫਿਰ ਸਾਨੂੰ ਗ਼ਮ ਹੈ ਡਾਢਾ, ਜੇ ਕੋਈ ਰੋਟੀ ਬੀਜਣ ਵਾਲ਼ਾ, ਜੇ ਕੋਈ ਰੋਟੀ ਵੱਢਣ ਵਾਲ਼ਾ, ਰੋਟੀ ਬਿਨ ਮਰ ਜਾਏ । ਨੀ ਧਰਤੀ ਮੇਰੀਏ ! ਇੱਥੇ ਸਿਰ 'ਤੇ ਬੱਠਲ਼ ਵਾਲ਼ਾ, ਮੀਂਹ - ਨ੍ਹੇਰੀ ਸੰਗ ਸਿੱਝਣ ਵਾਲ਼ਾ, ਧੁੱਪਾਂ ਦੇ ਵਿੱਚ ਰਿੱਝਣ ਵਾਲ਼ਾ, ਬੰਗਲਾ ਸਿਰਜਣ ਜਾਏ । ਨੀ ਧਰਤੀ ਮੇਰੀਏ ! ਪਰ ਫਿਰ ਸਾਨੂੰ ਗ਼ਮ ਹੈ ਡਾਢਾ, ਜੇ ਮਹਿਲਾਂ ਦਾ ਸਿਰਜਕ ਹੋ ਕੇ, ਨੀਲੇ ਅੰਬਰ ਥੱਲੇ ਸੌਂ ਕੇ, ਸਾਰੀ ਉਮਰ ਹੰਢਾਏ, ਨੀ ਧਰਤੀ ਮੇਰੀਏ !

4. ਮੂਰਛਿਤ ਹਾਸੇ

ਜੇ ਤੂੰ ਕਿਸੇ ਲੱਖ - ਕਰੋੜੀ ਮਾਪਿਆਂ ਦਾ ਨੌਂ ਲੱਖਾ ਹਾਰ ਨਾ ਹੁੰਦੀ ਕਿਸੇ ਕਾਮੇ ਦੀ ਹਿੱਕ ਉਤਲੀ ਜੁਗਨੀ ਹੁੰਦੀ ਤਾਂ ਮੌਸਮਾਂ ਦਾ ਰੰਗ ਕੁਝ ਹੋਰ ਹੋਣਾ ਸੀ। ਹੌਕਿਆਂ ਦੇ ਜੰਗਲ਼ 'ਚ ਮੂਰਛਿਤ ਹੋਏ ਹਾਸਿਆਂ ਦਾ ਤੈਨੂੰ ਭੇਤ ਹੋਣਾ ਸੀ । ਪਰ ਕਾਹਦਾ ਉਲਾਂਭਾ ਤੈਨੂੰ ? ਮੈਨੂੰ ਵੀ ਤਾਂ ਪਤਾ ਨਹੀਂ ਸੀ ਕਿ ਤਰਕ ਸੰਗਤ ਨਹੀਂ ਹੁੰਦੀ ਗਡੀਰੇ ਨੂੰ ਉਡਣ-ਖਟੋਲਾ ਬਣਾਉਣ ਦੀ ਤਰਕੀਬ ! ਉਨ੍ਹਾਂ ਦਿਨਾਂ ਸੰਗ ਜਦੋਂ ਖਹਿ ਜਾਂਦੀ ਹੈ ਯਾਦ ਖੁੱਭ ਜਾਂਦੇ ਨੇ ਬਾਂਸ ਦੀ ਛਿਲਤ ਦੇ ਵਾਂਗ ! ਜਦੋਂ ਸਦਾ ਹੁੰਦੀ ਸੀ ਦਿਵਾਲੀ ਅੱਠੇ ਪਹਿਰ ਰਹਿੰਦੀ ਸੀ ਬਸੰਤ ਜਦੋਂ ਕੋਈ ਫ਼ਰਕ ਨਹੀਂ ਸੀ ਲੱਗਦਾ ਗਡੀਰੇ ਤੇ ਜਹਾਜ਼ ਵਿੱਚ ! ਜਦੋਂ ਸਾਡਾ ਨਿੱਕਾ ਜਿਹਾ ਘਰ ਆਪਣੀਆਂ ਖੇਡਾਂ ਲਈ ਹੁੰਦਾ ਸੀ ਖੁੱਲ੍ਹਾ ਮੈਦਾਨ ਜਦੋਂ ਆਪਣੇ ਬਚਪਨ ਦੇ ਹਾਸੇ ਹੋਏ ਸੀ ਜਵਾਨ ਜਦੋਂ ਮੈਂ ਬਣਦਾ ਸੀ ਬੇੜੀ ਤੇ ਤੂੰ ਬਾਦਵਾਨ । ਆਪਾਂ ਹੋਰ ਵੱਡੇ ਹੋਏ ਜਦੋਂ ਤੂੰ ਧਰਤੀ ਨੂੰ ਕਲੀ ਕਰਵਾਉਣ ਵਰਗੀ ਰੱਖ ਦਿੱਤੀ ਸ਼ਰਤ । ਟੀਸੀ ਦੇ ਬੇਰ ਵਰਗੀਆਂ ਡਿਗਰੀਆਂ ਖ਼ਾਤਰ ਵਿਕ ਗਈਆਂ ਮੇਰੀ ਮਾਂ ਦੀਆਂ ਬਾਂਕਾਂ ਤੇ ਛਾਪਾਂ। ਵਿਕ ਗਿਆ 'ਇੱਕੋ ਤਵੀਤ ਉਹਦੇ ਘਰ ਦਾ' ਵੀ। ਜਦੋਂ ਟੀਸ ਟੀਸ ਕਰਨ ਲੱਗ ਪਈਆਂ ਡਿਗਰੀਆਂ ਮੈਂ ਸੁੱਟ ਦਿੱਤਾ ਇਨ੍ਹਾਂ ਮੈਲ਼ੇ ਕਾਗਜ਼ਾਂ ਨੂੰ ਸਦਾ ਲਈ ਮਾਂ ਦੇ ਸੰਦੂਕ ਵਿੱਚ । ਰਾਜਗਰਦੀ ਦੀ ਲਾਲਸਾ ਨੇ ਕਈਆਂ ਲਈ ਬਣਾ ਦਿੱਤੀ ਵੱਖਰੀ ਕਤਾਰ ਕੁਝ ਲੰਘ ਗਏ ਨੀਲੇ ਘੋੜਿਆਂ 'ਤੇ ਹੋ ਕੇ ਸਵਾਰ ਸਮੇਂ ਦੀ ਤੇਜ਼ ਤੋਰ ਨਾਲ਼ ਸਿਰਫ ਤੂੰ ਹੀ ਨਹੀਂ ਬਦਲੀ ਬਦਲ ਗਿਆ ਸਾਰੇ ਮੌਸਮਾਂ ਦਾ ਮਿਜਾਜ਼ ਤੇਰਾ ਖੁੱਲ੍ਹਾ - ਡੁੱਲ੍ਹਾ ਘਰ ਬਣ ਗਿਆ ਸਮੁੰਦਰੀ ਜਹਾਜ਼ ਮੇਰੇ ਨਿੱਕੇ ਜਿਹੇ ਘਰ ਨੂੰ ਵਹਾ ਕੇ ਲੈ ਗਏ ਬੇਈਮਾਨ ਹੜ੍ਹ ਪਰ ਕਾਹਦਾ ਉਲਾਂਭਾ ਤੈਨੂੰ ਮੈਨੂੰ ਵੀ ਤਾਂ ਪਤਾ ਨਹੀਂ ਸੀ ਕਿ ਤਰਕ ਸੰਗਤ ਨਹੀਂ ਹੁੰਦੀ ਗਡੀਰੇ ਨੂੰ ਉਡਣ-ਖਟੋਲਾ ਬਣਾਉਣ ਦੀ ਤਰਕੀਬ

5. ਮਨ ਦਾ ਸ਼ੀਸ਼ਾ

ਹਰ ਰੋਜ਼ ਗਰਦ ਪੈ ਜਾਂਦੀ ਹੈ ਘਰ 'ਚ । ਹਰ ਰੋਜ਼ ਝਾੜਦੀ ਹਾਂ ਸੁਬ੍ਹਾ ਸਵੇਰੇ । ਸ਼ੀਸ਼ੇ ਵਾਂਗ ਲਿਸ਼ਕਾ ਕੇ ਰੱਖਦੀ ਹਾਂ ਸੱਭੇ ਵਸਤਾਂ। ਇੱਕ ਦਿਨ ਅਚਾਨਕ ਖ਼ਿਆਲ ਆਇਆ : ਮਨ ਦਾ ਸ਼ੀਸ਼ਾ ਤਾਂ ਕਦੇ ਝਾੜਿਆ ਹੀ ਨਹੀਂ ! ਉਹਦੇ ਉੱਤੇ ਤਾਂ ਜੰਮ ਗਈਆਂ ਨੇ ਤੈਹਾਂ ਤੇ ਤੈਹਾਂ! ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਪਰ ਨਹੀਂ ਧੋਤਾ ਗਿਆ ਮਨ ਦਾ ਸ਼ੀਸ਼ਾ ਸਗੋਂ ਹੋਰ ਚੜ੍ਹਦੀਆਂ ਰਹੀਆਂ ਤੈਹਾਂ 'ਤੇ ਤੈਹਾਂ । ਦਾਨ ਪੁੰਨ ਕੀਤੇ ਤੇ ਨਾਮ ਧਿਆਏ ਤੀਰਥਾਂ ਮੇਲਿਆਂ 'ਤੇ ਲੰਗਰ ਵੀ ਲਾਏ ਫਿਰ ਵੀ ਧੁੰਦਲੇ ਦਾ ਧੁੰਦਲਾ ਹੀ ਰਿਹਾ ਮਨ ਦਾ ਸ਼ੀਸ਼ਾ ! ਥੱਕ ਹਾਰ ਕੇ ਮੈਂ ਲੱਭਣ ਚੱਲ ਪਈ ਸਬਰ, ਸੰਤੋਖ, ਸਮਤਾ, ਹਲੀਮੀ ਤੇ ਫੱਕਰ ਫਕੀਰੀ ਦੀਆਂ ਜੜ੍ਹੀਆਂ ਬੂਟੀਆਂ ਨੂੰ । ਲੱਭ ਕੇ ਪੀਠ ਲਈਆਂ ਜਨ - ਮਨ ਦੇ ਰਸੀਲੇ ਖਰਲ 'ਚ । ਬੇਨਾਗਾ ਫੱਕੀ ਲੈਣੀ ਸ਼ੁਰੂ ਕੀਤੀ ਸੁਬ੍ਹਾ ਸ਼ਾਮ। ਬਹੁਤ ਹੀ ਹੋਈ ਮੈਂ ਹੈਰਾਨ ਲੱਥਣੀਆਂ ਸ਼ੁਰੂ ਹੋ ਗਈਆਂ ਤੈਹਾਂ ! ਤੇ ਹੌਲ਼ੀ ਹੌਲ਼ੀ ਇੱਕ ਇੱਕ ਕਰਕੇ ਲਹਿ ਗਈਆਂ ਸਾਰੀਆਂ ਹੀ ਤੈਹਾਂ ! ਹੁਣ ਮੈਂ ਘਰ ਦੀ ਸਫਾਈ ਤੋਂ ਪਹਿਲਾਂ ਨਿੱਤ ਤੱਕਦੀ ਹਾਂ ਮਨ ਦਾ ਸ਼ੀਸ਼ਾ । ਨਿੱਤ ਝਾੜਦੀ ਹਾਂ ਮਨ ਦਾ ਸ਼ੀਸ਼ਾ । ਹੁਣ ਤਾਂ ਝਮਝਮ ਕਰਦਾ ਹੈ ਮਨ ਦਾ ਸ਼ੀਸ਼ਾ !!!

6. ਗਾਚੀ ਕੱਢ ਕੇ ਲਾਇਆ ਬੂਟਾ

ਚੰਨ ਦੇ ਟੁਕੜੇ ਵਰਗੀ ਜਦੋਂ ਵਿਦਾ ਹੋਈ ਮੇਰੀ ਧੀ ਪ੍ਰਤੱਖ ਮਹਿਸੂਸ ਹੋਈ ਸੀ ਘੁੰਮ ਰਹੀ ਧਰਤੀ ਦੀ ਰਫਤਾਰ ਨਦੀ ਦੇ ਪਾੜ ਵਾਂਗ ਖੁਰ ਰਿਹਾ ਸੀ ਮੇਰਾ ਜਿਗਰ ! ਉਸ ਦੇ ਵਿਦਾ ਹੋਣ ਤੋਂ ਦੋ ਦਿਨ ਪਹਿਲਾਂ ਮੈਂ ਗਾਚੀ ਕੱਢ ਲਿਆਇਆ ਸੀ ਇੱਕ ਛੈਲ ਜਿਹੇ ਬੂਟੇ ਦੀ ਸੋਚਿਆ ਜਦੋਂ ਚਿੱਤ ਘਾਊਂ ਮਾਊਂ ਹੋਇਆ ਕਰੇਗਾ ਗੱਲਾਂ ਕਰਿਆ ਕਰਾਂਗਾ ਉਸ ਬੂਟੇ ਨਾਲ਼ ਕੁਝ ਪੁੱਛਿਆ ਕਰਾਂਗਾ ਕੁੱਝ ਦੱਸਿਆ ਕਰਾਂਗਾ ! ਜਦ ਧੀ ਵਿਦਾ ਕਰ ਕੇ ਘਰ ਆਇਆ ਉਸ ਬੂਟੇ ਦੇ ਵੱਡੇ ਵੱਡੇ ਪੱਤਰ ਪੂਰੀ ਤਰ੍ਹਾਂ ਝੁਕੇ ਹੋਏ ਸਨ ਧਰਤੀ ਵੱਲ ਜਿਵੇਂ ਸ਼ਰਨ ਮੰਗ ਰਹੇ ਹੋਣ ਧਰਤੀ ਤੋਂ ਜਦੋਂ ਦੋ ਕੁ ਦਿਨਾਂ ਬਾਅਦ ਪੇਕੇ ਆਈ ਮੇਰੀ ਧੀ ਉਸਦੀ ਮਾਂ ਨੇ ਆਲ਼ਾ ਦੁਆਲ਼ਾ ਵੇਖ ਕੇ ਹੌਲ਼ੀ ਦੇਣੇ ਪੁੱਛਿਆ ਪ੍ਰਾਹੁਣੇ ਦਾ ਸੁਭਾ ਠੀਕ ਲੱਗਿਆ ਪੁੱਤ ਧੀ ਨੀਵੀਂ ਪਾ ਕੇ ਮਿੰਨਾ ਜਿਹਾ ਮੁਸਕਰਾਈ ਖਿੜ ਗਈ ਮੱਕੀ ਦੀ ਖਿੱਲ ਵਾਂਗ ਉਸ ਦੀ ਮਾਂ !! ਧੀ ਦੇ ਜਾਣ ਪਿੱਛੋਂ ਜਦੋਂ ਮੈਂ ਬੂਟੇ ਨਾਲ ਗੱਲਾਂ ਕੀਤੀਆਂ ਇੰਝ ਹੋ ਗਏ ਸਨ ਉਸ ਦੇ ਪੱਤਰ ਜਿਵੇਂ ਲੰਮੀ ਉਡਾਣ ਭਰਨ ਤੋਂ ਐਨ ਪਹਿਲਾਂ ਹੋ ਜਾਂਦੇ ਹਨ, ਕਿਸੇ ਪੰਛੀ ਦੇ ਪਰ ਮੈਂ ਧਰਤੀ ਨੂੰ ਕੀਤਾ ਪ੍ਰਣਾਮ ਮੇਰੀ ਗਾਚੀ ਨੂੰ ਸਵੀਕਾਰ ਕਰਨ ਲਈ! ਮਹੀਨੇ ਕੁ ਬਾਅਦ ਦੂਜੀ ਵਾਰ ਪੇਕੇ ਆਈ ਮੇਰੀ ਧੀ ਹੱਸ ਹੱਸ ਕੇ ਦੱਸ ਰਹੀ ਸੀ ਉਨ੍ਹਾਂ ਦੇ ਐਨੇ ਕਮਰੇ ਨੇ ਉਨ੍ਹਾਂ ਦਾ ਵੱਡਾ ਲਾਣਾ ਹੈ ਉਨ੍ਹਾਂ ਦੇ ਔਹ ਹੈ ਉਨ੍ਹਾਂ ਦੇ ਵੋ ਹੈ ਧੀ ਦੇ ਜਾਣ ਪਿੱਛੋਂ ਮੈਂ ਦੇਖਿਆ ਗਾਚੀ ਕੱਢਣ ਤੋਂ ਪਹਿਲਾਂ ਵਾਂਗ ਹੀ ਟਹਿਕ ਟਹਿਕ ਕਰ ਰਹੇ ਸਨ ਮੇਰੇ ਬੂਟੇ ਦੇ ਪੱਤਰ ! ਜਦੋਂ ਚਾਰ ਕੁ ਮਹੀਨਿਆਂ ਬਾਅਦ ਤੀਜੀ ਵਾਰ ਪੇਕੇ ਆਈ ਮੇਰੀ ਧੀ ਉਸ ਦਾ 'ਉਨ੍ਹਾਂ ਦਾ, 'ਉਨ੍ਹਾਂ ਦੇ' ਬਦਲ ਗਿਆ ਸੀ 'ਸਾਡੇ' 'ਸਾਡੇ' ਵਿੱਚ ਮੈਂ ਦੇਖਿਆ ਕੱਢਣ ਲੱਗ ਪਿਆ ਸੀ ਨਵੇਂ ਪੱਤਰ ਗਾਚੀ ਕੱਢ ਕੇ ਲਾਇਆ ਹੋਇਆ ਮੇਰਾ ਛੈਲ ਛਬੀਲਾ ਬੂਟਾ !!!

7. ਮੈਨੂੰ ਯਾਦ ਹੈ

ਕੰਮੋ ਧੀਏ ਮੈਨੂੰ ਉਹ ਵਿਸਾਖੀ ਕਦੇ ਨਹੀਂ ਭੁੱਲਦੀ ਅੱਜ ਫਿਰ ਯਾਦ ਆ ਰਿਹਾ ਹੈ ਮੇਰਾ ਬਾਪੂ । ਮੈਨੂੰ ਯਾਦ ਹੈ ਮੇਰਾ ਬਾਪੂ ਉਸ ਦਿਨ ਸੁਰਮਾ ਪਾ ਕੇ ਬੰਨ੍ਹਿਆ ਕਰਦਾ ਸੀ ਤੁਰਲੇ ਵਾਲ਼ੀ ਸੁਰਮਈ ਪੱਗ। ਮੁੱਛਾਂ ਕੁੰਢੀਆਂ ਕਰ ਕੇ ਵੇਖਿਆ ਕਰਦਾ ਸੀ ਬਾਲੋ ਦੀ ਤਸਵੀਰ ਵਾਲ਼ੇ ਜੇਬੀ ਗੋਲ਼ ਸ਼ੀਸ਼ੇ ਚੋਂ ਆਪਣਾ ਮੂੰਹ । ਮੈਨੂੰ ਯਾਦ ਹੈ ਉਸ ਦਿਨ ਮੇਰਾ ਬਾਪੂ ਬਿਨਾ ਹਾੜ੍ਹੀ ਵੇਚੇ ਵੱਟਿਆਂ ਬਿਨ ਲੰਬੜ ਤੇ ਸ਼ਾਹ ਦਾ ਹਿਸਾਬ ਕੱਟਿਆਂ ਮੇਲੇ ਚਲਾ ਗਿਆ ਸੀ ਹੱਥ ਵਿਚ ਸੰਮਾਂ ਵਾਲ਼ੀ ਡਾਂਗ ਫੜ ਕੇ । ਮਗਰੋਂ ਸਤਾਰਾਂ ਵਿੱਘਿਆਂ ਦੀ ਕਣਕ ਦੇ ਬੋਹਲ਼ ਉੱਤੇ ਸ਼ਾਹ ਤੇ ਲੰਬੜ ਮਾਰ ਗਏ ਸੀ ਡਾਕਾ ਫਿਰ ਵੀ ਉਨ੍ਹਾਂ ਕੱਟਿਆ ਨਹੀਂ ਸੀ ਹਿਸਾਬ ਦੇ ਗਏ ਸਨ ਕੁਰਕੀ ਦੀ ਘੁਰਕੀ ਉਦੋਂ ਵਖਤਾਂ ਨੇ ਹੋਰ ਦਬੋਚ ਲਿਆ ਸਾਨੂੰ ਜਦੋਂ ਪਰਨੋਟਾਂ ਤੇ ਲੱਗੇ ਅੰਗੂਠਿਆਂ ਨੇ ਕਰਵਾ ਦਿੱਤਾ ਸੀ ਬਾਪੂ ਨੂੰ ਸੀਖਾਂ ਦੇ ਹਵਾਲੇ ! ਮੈਨੂੰ ਯਾਦ ਹੈ ਉਦੋਂ ਜੇਲ੍ਹ ਨੇ ਕੁਝ ਦਿਨ ਹੀ ਨਿਗਲ਼ੇ ਸਨ ਬਾਪੂ ਦੇ ਰੁੱਖੇ ਮਿੱਸੇ ਹੌਕੇ ਜਦੋਂ ਧੂਹ ਕੇ ਲੈ ਗਿਆ ਸੀ ਜ਼ੈਲਦਾਰ ਖੇਤ ਜਾਂਦੀ ਤੇਰੀ ਵੱਡੀ ਮਾਸੀ ਨੂੰ ਤੇ ਤੇਰੀ ਮਾਸੀ ਨੇ ਫੜ ਲਿਆ ਸੀ ਪਿੰਡ ਦੇ ਸਾਂਝੇ ਖੂਹ 'ਚੋਂ ਆਪਣਾ ਪਰਛਾਵਾਂ ! ਕੰਨੋਂ ਕੰਨੀ ਤੁਰੀ ਹੋਈ ਇਹ ਖਬਰ ਜਦੋਂ ਪਾਰ ਲੰਘੀ ਜੇਲ੍ਹ ਦੀਆਂ ਉੱਚੀਆਂ ਲੰਮੀਆਂ ਅਤੇ ਮੋਟੀਆਂ ਕੰਧਾਂ ਵਿੱਚੋਂ । ਕੰਧਾਂ ਦਿਆਂ ਕੰਨਾਂ ਨੇ ਸੁਣੀ ਸੀ ਬਾਪੂ ਦੀ ਦਹਾੜ ਹੋ ਗਿਆ ਸੀ ਜੇਲ੍ਹ ਦੀ ਕੋਠੜੀ 'ਚ ਭਰਾੜ । ਮੈਨੂੰ ਯਾਦ ਹੈ ਮੂੰਹ ਹਨੇਰੇ ਘਰ ਵੜਨ ਤੋਂ ਪਹਿਲਾਂ ਬਾਪੂ ਨੇ ਨੁਹਾ ਦਿੱਤੀ ਸੀ ਸੰਮਾਂ ਵਾਲੀ ਡਾਂਗ ਜ਼ੈਲਦਾਰ ਦੇ ਮੈਲ਼ੇ ਖੂਨ ਨਾਲ਼ । ਫਿਰ ਲੱਗਦੇ ਹੱਥ ਤੁਰ ਪਿਆ ਸੀ ਲੰਬੜ ਤੇ ਸ਼ਾਹ ਦਾ ਹਿਸਾਬ ਕੱਟਣ !

8. ਮੈਂ ਤਰਕਸ਼ ਨਹੀਂ ਟੰਗਾਂਗੀ

ਖਾਪ ਪੰਚਾਇਤਾਂ ਦੇ ਵਾਰਸੋ ! ਤੁਹਾਨੂੰ ਕੀ ਦਿਲਚਸਪੀ ਹੈ ਮੈਨੂੰ ਰੋਹੀ ਦੀ ਕਿੱਕਰ ਦੇ ਜਾਤੂ ਨਾਲ਼ ਨੂੜਨ ਦੀ? ਜਦੋਂ ਕਿ ਮੈਨੂੰ ਪਸੰਦ ਹੈ ਤੂਤ ਦਾ ਛੈਲ ਮੋਛਾ ! ਸਾਰਾ ਪਿੰਡ ਹੀ ਕਿਉਂ ਪੈ ਗਿਆ ਹੈ ਵੈਰ ਮੇਰੇ ? ਮੈਂ ਕਿਉਂ ਪਰਾਈ ਹੋ ਗਈ ਆਪਣੇ ਹੀ ਘਰ 'ਚ ? ਚੌਹੀਂ ਪਾਸੀਂ ਕੰਧਾਂ ਹੀ ਕੰਧਾਂ ਹੇਠਾਂ ਧਰਤੀ ਉੱਤੇ ਛੱਤਾਂ ਬੰਦ ਦਰਵਾਜ਼ੇ ਲੱਗੇ ਪਹਿਰੇ ! ਮਾਂ ! ਤੂੰ ਕਿਉਂ ਮੱਥੇ 'ਤੇ ਹੱਥ ਧਰਿਆ ? ਮੈਨੂੰ ਨਹੀਂ ਚਾਹੀਦੇ ਕਿਸੇ ਦੇ ਮੁਰੱਬੇ ਨਾ ਹੀ ਚਾਹੀਦੇ ਨੇ ਸੋਨੇ ਦੇ ਕਲਸਾਂ ਵਾਲ਼ੇ ਦੁਰਗ ਚਾਹੀਦੀ ਹੈ ਸੁਰਗਾਂ ਦੇ ਝੂਟਿਆਂ ਵਾਲ਼ੀ ਕੁੱਲੀ ਬਾਬਲ ! ਕਿਉਂ ਛੱਡ ਦਿੱਤਾ ਮੇਰੇ ਨਾਲ਼ ਬੋਲਣਾ ? ਮੇਰੇ ਅੰਦਰ ਵੀ ਤੇਰੇ ਕਾਕਿਆਂ ਵਾਂਗ ਧੜਕਦਾ ਹੈ ਸੂਹੇ ਰੰਗ ਦਾ ਦਿਲ ਕੁੱਖ ਦੀ ਸਾਂਝ ਵਾਲ਼ਿਓ ! ਤੁਸੀਂ ਕਿਉਂ ਕਰ ਲਏ ਨੇ ਸੰਦ ਤਿੱਖੇ ? ਸੱਪ ਵੀ ਮਾਰਨ ਤੇ ਸੋਟੀ ਵੀ ਬਚਾਉਣ ਵਾਲ਼ੀ ਸ਼ੈਤਾਨ ਭਾਬੀਏ ! ਤੂੰ ਕਿਉਂ ਧਰ ਦਿੱਤੀ ਹੈ ਪੜਛੱਤੀ ਤੋਂ ਲਾਹ ਕੇ ਮੇਰੇ ਐਨ ਸਾਹਮਣੇ, ਕਾਣਸ ਉੱਤੇ, ਨਰਮੇ 'ਤੇ ਛਿੜਕਣ ਵਾਲੀ ਦਵਾਈ ? ਮੈਨੂੰ ਵੱਢਣ ਟੁੱਕਣ ਵਾਲ਼ਿਓ ! ਮੈਂ ਗਮਲੇ ਚ ਉੱਗਿਆ ਲਾਜਵੰਤੀ ਦਾ ਬੂਟਾ ਨਹੀਂ ਨਾ ਕੋਈ ਥੋਹਰ ਉਜਾੜਾਂ ਚ ਉੱਗੀ ਹੋਈ ਨਾ ਹੀ ਤੁਹਾਡੀ ਸ਼ਰਧਾ ਦੇ ਦੇਵਤੇ ਲਈ ਖਿੜਿਆ ਹੋਇਆ ਫੁੱਲ । ਮੈਂ ਤਾਂ ਤੀਰ ਹਾਂ ਲੁਹਾਰ ਦੀ ਭੱਠੀ ਚੋਂ ਤਾਅ ਕੇ ਨਿੱਕਲ਼ਿਆ ਹੋਇਆ । ਜ਼ਰ-ਜ਼ਮੀਨ, ਸ਼ਾਨ - ਬਾਨ ਧਰਮ - ਮਜ਼ਹਬ ਤੇ ਖ਼ਾਨਦਾਨ ਸਾਰੀਆਂ ਬੋਦੀਆਂ ਰਸਮਾਂ ਨੂੰ ਮੈਂ ਸਾੜ ਆਈ ਹਾਂ ਮੜ੍ਹੀਆਂ 'ਚ ! ਮੇਰੇ ਵਾਰਸੋ ! ਜੇ ਤੁਸੀਂ ਅੰਬ ਨੂੰ ਰਿੰਡ ਕਹਿਣ ਦੀ ਹਿੰਡ ਨਹੀਂ ਛੱਡਦੇ ਤਾਂ ਯਾਦ ਰੱਖਿਓ ਮੈਂ ਕਦੇ ਵੀ ਉਸ ਦਾ ਤਰਕਸ਼ ਜੰਡ 'ਤੇ ਨਹੀਂ ਟੰਗਾਂਗੀ !!

9. ਦੁਪਾਏ

ਅਖ਼ਬਾਰ ਭਰੇ ਹੁੰਦੇ ਨੇ ਹਰ ਰੋਜ਼ ਕਤਲੋਗਾਰਤ ਤੇ ਕਾਲੀਆਂ ਕਰਤੂਤਾਂ ਨਾਲ਼ । ਹੇਰਾਫੇਰੀ, ਰਿਸ਼ਵਤਖੋਰੀ, ਕਾਲ਼ਬਜ਼ਾਰੀ, ਸੀਨਾਜ਼ੋਰੀ ਡਾਕੇ ਚੋਰੀ, ਚੋਰੀਮੋਰੀ ਆਦਿ ਆਦਿ ਦੀਆਂ ਖ਼ਬਰਾਂ ਨਾਲ਼ । ਚੁਪਾਏ ਤੋਂ ਦੁਪਾਏ ਹੋ ਗਏ ਹਾਂ ਅਸੀਂ ਦੁਪਾਏ ਤੋਂ ਪਰਾਏ ਹੋ ਗਏ ਹਾਂ ਅਸੀਂ । ਅਖ਼ਬਾਰ ਭਰੇ ਹੁੰਦੇ ਨੇ ਹਰ ਰੋਜ਼ ......

10. ਕੁੱਤੇ

ਨੋਚ ਦਿੰਦੇ ਨੇ ਖਾ ਜਾਂਦੇ ਨੇ ਪਾੜ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਤੇ ਵੱਡਿਆਂ ਨੂੰ ਵੀ ਹੱਡਾਰੋੜੀ ਦੇ ਕੁੱਤੇ ਕਿਸੇ ਸੁੰਨਸਾਨ ਜਗ੍ਹਾ ਤੋਂ ਮਿਲੀ ਹੈ ਗੰਭੀਰ ਹਾਲਤ 'ਚ ਦਸ ਕੁ ਸਾਲਾਂ ਦੀ ਬੱਚੀ ਜੋ ਨੋਚੀ ਹੈ ਹੱਡਾ ਰੋੜੀ ਦੇ ਬਿਨਾਂ ਪੂਛ ਵਾਲ਼ੇ ਕੁੱਤਿਆਂ ਨੇ !

11. ਤਿੰਨ ਬਾਂਦਰ

ਜੇ ਕਿਧਰੇ ਬੁਰਾ ਹੋ ਰਿਹਾ ਹੋਵੇ ਅਸੀਂ ਵੇਖਦੇ ਨਹੀਂ ਜੇ ਕੋਈ ਬੁਰਾ ਕਹਿ ਰਿਹਾ ਹੋਵੇ ਅਸੀਂ ਸੁਣਦੇ ਨਹੀਂ ਅਸੀਂ ਬੁਰਿਆਂ ਨੂੰ ਵੀ ਬੁਰਾ ਨਹੀਂ ਬੋਲਦੇ ਸਾਡੇ ਧੁਰ ਅੰਦਰ ਤੱਕ ਵੱਸੇ ਹੋਏ ਨੇ ਤਿੰਨ ਬਾਂਦਰ

12. ਦਰੀਆਂ

ਮੇਰੀ ਨਾਨੀ ਨੇ ਮੇਰੀ ਮਾਂ ਲਈ ਮੇਰੀ ਮਾਂ ਨੇ ਮੇਰੇ ਲਈ ਮੈਂ ਆਪਣੀ ਧੀ ਲਈ ਬੁਣੀਆਂ ਦਰੀਆਂ । ਬੁਣ ਬੁਣ ਕੇ ਪੇਟੀ 'ਚ ਰੱਖੀਆਂ ਮੋਰ ਤੋਤਿਆਂ ਵਾਲ਼ੀਆਂ ਦਰੀਆਂ । ਇੱਕ ਪੇਟੀ 'ਚੋਂ ਨਿੱਕਲ਼ ਕੇ ਦੂਜੀ ਪੇਟੀ ਤੱਕ ਤੁਰਦੀਆਂ ਰਹਿੰਦੀਆਂ ਹਨ ਦਰੀਆਂ । ਡੂੰਘੀ ਸਾਂਝ ਹੁੰਦੀ ਹੈ ਧੀਆਂ ਤੇ ਦਰੀਆਂ ਦੀ !

13. ਗੁਆਂਢੀ

ਅਜੀਬ ਅਜਨਬੀ ਹੋ ਗਏ ਨੇ ਗੁਆਂਢੀ ਪੂਰੇ ਤਾਂ ਮਿਲਦੇ ਹੀ ਨਹੀਂ ਕੇਵਲ ਸਿਰ ਮਿਲਦੇ ਹਨ ਚਾਰਦੀਵਾਰੀ ਦੇ ਉੱਪਰੋਂ ਇੱਧਰੋਂ - ਉੱਧਰ, ਉਧਰੋਂ -ਇੱਧਰ ਖਾਮੋਸ਼ ਘੁੰਮਦੇ ਹੋਏ

14. ਮੈਂ ਬੰਦਾ ਨਹੀਂ ਹਾਂ

ਖ਼ਬਰਦਾਰ ! ਮੈਨੂੰ ਬੰਦਾ ਕਹਿਣ ਵਾਲ਼ਿਓ ਮੈਂ ਹਾਂ ਬਾਂਦਰ ਬਾਂਦਰ ਦੀ ਔਲਾਦ ਮੈਂ ਹਾਂ ਹਿੰਦੂ, ਮੁਸਲਮਾਨ, ਮੈਂ ਹਾਂ ਸਿੱਖ, ਈਸਾਈ, ਮੈਂ ਹਾਂ ਜੈਨੀ, ਬੋਧੀ, ਪਾਰਸੀ, ਯਹੂਦੀ ਅਤੇ ਹੋਰ ਵੀ ਬੜਾ ਕੁਝ ਪਰ ਮੈਂ ਬੰਦਾ ਨਹੀਂ ਹਾਂ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ