Punjabi Kavita
  

Punjabi Poetry : Rashpinder Sroye

ਪੰਜਾਬੀ ਕਵਿਤਾਵਾਂ ਰਸ਼ਪਿੰਦਰ ਸਰੋਏ1. ਬ਼ਾਗ

ਇਸ਼ਕੇ ਦੀ ਬੂਟੀ ਮੇਰੇ ਦਿਲ ਵਿੱਚ ਉੱਗ ਪਈ। ਤੇਰੇ ਚੇਤੇਆਂ ਦੀ ਸੂਈ ਪੋਟਿਆਂ ਤੇ ਖੁੱਭ ਗਈ। ਫੁੱਟੀਆਂ ਨੇਂ ਜੋ ਸਾਡੇ ਚਾਵਾਂ ਦੀਆਂ ਕਲੀਆਂ ਕੱਚੀ ਰੁੱੱਤੇ ਜਾਵੇ ਨਾਂ ਕੋਈ ਤੋੜ ਸੋਹਣਿਆ। ਬਾਗਾਂ ਵਿੱਚ ਬੈਠੀ ਵੇ ਮੈਂ ਬਾਗ ਕੱਢਦੀ ਮੋਰਨੀ ਨਾਲ ਪਾ ਬੈਠੀ ਮੋਰ ਸੋਹਣਿਆ। ਸੋਚਾਂ ਦੇ ਗੁਲਾਬੀ ਜਿਹੇ ਧਾਗੇ ਨਾਲ ਵੇ ਤੇਰੀ ਯਾਦ ਵਿੱਚ ਪਾਈਆਂ ਵੇਲ-ਬੂਟੀਆਂ। ਵੱਜ ਗਏ ਨੇਂ ਲੱਛੇ ਤੋਪੇ ਸਾਡੀ ਮੱਤ ਨੂੰ ਤੇਰੀਆਂ ਵੇ ਬਾਤਾਂ ਤਾਰਿਆਂ ਤੋਂ ਗੁੱਝੀਆਂ। ਨਮੂਨੇ ਵੇ ਬਵੰਜਾ ਪਾਏ ਤੇਰੀ ਦੀਦ ਦੇ ਲਾ-ਲਾ ਕੇ ਰੀਝਾਂ ਨਾਲ ਜੋੜ ਸੋਹਣਿਆ। ਬਾਗਾਂ ਵਿੱਚ ਬੈਠੀ ਵੇ ਮੈਂ ਬਾਗ ਕੱਢਦੀ ਮੋਰਨੀ ਨਾਲ ਪਾ ਬੈਠੀ ਮੋਰ ਸੋਹਣਿਆ। ਕੰਨ ਲਾ ਕੇ ਸੋਹਣਿਆ ਵੇ ਤੇਰੀ ਹਿੱਕ ਤੇ ਸੁਣ ਲਵਾਂ ਗੀਤ ਵੇ ਮੈਂ ਤੇਰੇ ਦਿਲ ਦਾ। ਇੱਕੋ ਏ ਨਜ਼ਾਰਾ ਹਾਏ ਵੇ ਤੇਰੇ ਮੁੱਖ ਦਾ ਵੇਖ ਕੇ ਵੇ ਨੈਣਾਂ ਨੂੰ ਸਕੂਨ ਮਿਲਦਾ। ਸਾਹਮਣੇ ਬਿਠਾ ਕੇ ਤੈਨੂੰ ਤੱਕਾਂ ਚੰਨ ਵੇ ਮੇਰੇ ਬਿਨ੍ਹਾਂ ਵੇਖੇ ਨਾਂ ਕੋਈ ਹੋਰ ਸੋਹਣਿਆ। ਬਾਗਾਂ ਵਿੱਚ ਬੈਠੀ ਵੇ ਮੈਂ ਬਾਗ ਕੱਢਦੀ ਮੋਰਨੀ ਨਾਲ ਪਾ ਬੈਠੀ ਮੋਰ ਸੋਹਣਿਆ। ਸਾਹਾਂ ਦੀਆਂ ਚਿੱਠੀਆਂ ਵੇ ਤੇਰੇ ਨਾਮ ਤੇ ਕਾਸਦ ਹਵਾਵਾਂ ਅੱਜ ਲੈ ਉੱਡੀਆਂ। ਤੇਰੀਆਂ ਹੀ ਬਾਤਾਂ ਪਾਵਾਂ ਰੁੱਖਾਂ ਨਾਲ ਵੇ ਭਰਨ ਹੁੰਗਾਰਾ‌ ਬੈਠੀਆਂ ਜੋ ਘੁੱਗੀਆਂ। ਤੇਰਾ ਵੇ ਸੁਨੇਹਾ ਕਾਵਾਂ ਕੋਲੋਂ ਪੁੱਛਦੀ ਚਿੜੀਆਂ ਦਾ ਕੀ ਏ ਏਥੇ ਜ਼ੋਰ ਸੋਹਣਿਆ। ਬਾਗਾਂ ਵਿੱਚ ਬੈਠੀ ਵੇ ਮੈਂ ਬਾਗ ਕੱਢਦੀ ਮੋਰਨੀ ਨਾਲ ਪਾ ਬੈਠੀ ਮੋਰ ਸੋਹਣਿਆ। ਜੱਗ ਤੋਂ ਛੁਪਾ ਕੇ ਨਾਭੀ ਚੀਰੇ ਵਾਲਿਆ ਪਿਆਰ ਦਾ ਵੇ ਫੁੱਲ ਲਾਇਆ ਤੇਰੇ ਵਰਗਾ। ਮਹਿਕਾਂ ਜਾ ਕੇ ਭੌਰਿਆਂ ਨੂੰ ਦੇਣ ਖ਼ਬਰਾਂ ਵੇ ਥੋੜਾ ਥੋੜਾ ਰਹਿੰਦਾ ਮੇਰਾ ਦਿਲ ਡਰਦਾ। ਮੁਹੱਬਤਾਂ ਦੇ ਪਿੰਡ ਖੁਸ਼ੀਆਂ ਨੂੰ ਲੁੱਟਦੇ ਫਿਰਦੇ ਨੇਂ ਹਾਸਿਆਂ ਦੇ ਚੋਰ ਸੋਹਣਿਆ। ਬਾਗਾਂ ਵਿੱਚ ਬੈਠੀ ਵੇ ਮੈਂ ਬਾਗ ਕੱਢਦੀ ਮੋਰਨੀ ਨਾਲ ਪਾ ਬੈਠੀ ਮੋਰ ਸੋਹਣਿਆ।

2. ਭੈਣੇ ਮੇਰੀਏ

ਉੱਠ ਕੇ ਨਿੱਤ ਗੁਟਕਾ ਪੜਦੀ ਸੀ ਬੇਬੇ ਨਾਲ ਧੰਦੇ ਕਰਦੀ ਸੀ। ਹੁਣ ਔਖਾ ਤੇਰੇ ਬਿਨਾਂ ਸਰਦਾ ਏ। ਨੀਂ ਤੇਰਾ ਵੀਰਾ ਚੇਤੇ ਕਰਦਾ ਏ। ਅੱਖੀਆਂ ਚੋਂ ਪਾਣੀ ਭਰਦਾ ਏ। ਭੈਣੇ ਮੇਰੀਏ ਨੀਂ ਭੈਣੇ ਮੇਰੀਏ।। ਤੇਰੇ ਜਿਹਨੇਂ ਰਚਾਏ ਕਾਜ ਕੁੜੇ। ਦਰੀਆਂ ਤੋਂ ਬਣਾਏ ਦਾਜ ਕੁੜੇ। ਜਿੱਥੇ ਜਾਂਵੇ ਕਰੇਂ ਤੂੰ ਰਾਜ ਕੁੜੇ। ਏਸੇ ਕਰਕੇ ਧੁੱਪਾਂ ਵਿੱਚ ਸੜਦਾ ਏ। ਨੀਂ ਤੇਰਾ ਵੀਰਾ ਚੇਤੇ ਕਰਦਾ ਏ। ਅੱਖੀਆਂ ਚੋਂ ਪਾਣੀ ਭਰਦਾ ਏ। ਭੈਣੇ ਮੇਰੀਏ..... ਉਹਨੂੰ ਮਾਣ ਤੇਰੇ ਤੇ ਆਇਆ ਨੀਂ। ਤੂੰ ਦਾਗ ਨਾਂ ਪੱਗ ਨੂੰ ਲਾਇਆ ਨੀਂ। ਤੇਰਾ ਇੱਕ-ਇੱਕ ਬੋਲ ਪੁਗਾਇਆ ਨੀਂ। ਉਂਝ ਨਾਲ ਤੇਰੇ ਭਾਂਵੇ ਲੜਦਾ ਏ। ਨੀਂ ਤੇਰਾ ਵੀਰਾ ਚੇਤੇ ਕਰਦਾ ਏ। ਅੱਖੀਆਂ ਚੋਂ ਪਾਣੀ ਭਰਦਾ ਏ। ਭੈਣੇ ਮੇਰੀਏ.... 'ਏ ਕੁੜੀਆਂ ਚਿੜੀਆਂ ਨੇਂ, ਇਹਨਾਂ ਨੇਂ ਉੱਡ ਜਾਣਾ। ਪਰਦੇਸ ਚ ਵੱਸ ਜਾਣਾ, ਮਹਿਲਾਂ ਵਿੱਚ ਪੁੱਜ ਜਾਣਾ। ਦਿਲ ਵਿੱਚ ਚਾਂਵਾਂ ਨੂੰ, ਇਹ ਦੱਬਣਾ ਸਿੱਖੀਆਂ ਨੇਂ। ਬਾਪੂ ਦੀਆਂ ਲਾਡਲੀਆਂ,ਵੀਰੇ ਦੀਆਂ ਨਿੱਕੀਆਂ ਨੇਂ।' ਰੱਬਾ ਰੱਖੀਂ ਸਲਾਮਤ ਧੀਆਂ ਨੂੰ‌। ਹਰ ਘਰ ਦੀਆਂ ਪੱਕੀਆਂ ਨੀਹਾਂ ਨੂੰ। ਤੈਨੂੰ ਲੈਣ ਆਉਗਾ ਤੀਆਂ ਨੂੰ। ਜਦ ਸਾਉਣ ਪਹਿਲੜਾ ਵਰਦਾ ਏ। ਨੀਂ ਤੇਰਾ ਵੀਰਾ ਚੇਤੇ ਕਰਦਾ ਏ। ਅੱਖੀਆਂ ਚੋਂ ਪਾਣੀ ਭਰਦਾ ਏ। ਭੈਣੇ ਮੇਰੀਏ.....

3. ਮਾਂ ਦੀ ਸਿਫਤ

ਜਦ ਵੀ ਤੇਰੇ ਬਾਰੇ ਲਿਖਣਾ ਚਾਹਿਆ ਨਹੀਂ ਲਿਖ ਸਕਿਆ। ਕੋਈ ਸ਼ਬਦ ਹੀ ਨਹੀਂ ਮਿਲਿਆ ਜੋ ਤੇਰੇ ਗੁਣਾਂ ਨਾਲ ਇਨਸਾਫ ਕਰ ਸਕੇ।

4. ਜੰਗਲ ਵਿੱਚ ਕਿਸੇ ਪੱਤੀ ਨੇ ਸੁਣਿਆ ਸੀ

ਮੈਂ ਮਹਿਸੂਸ ਕੀਤਾ ਤੈਨੂੰ ਹਰ ਪਲ ਹਰ ਛਿਣ ਆਪਣੇ ਅੰਦਰ, ਆਪਣੇ ਇਰਦ-ਗਿਰਦ। ਫਕੀਰ ਕਦੇ ਤਸਵੀਰਾਂ ਨਹੀਂ ਪੂਜਦੇ।

5. ਵਿਚਾਰਾਂ ਦਾ ਧਨੀ

ਹਾਰ ਤੋਂ ਹਿੰਮਤ ਪਿਆਰ ਤੋਂ ਪਵਿੱਤਰਤਾ ਮਾਂ ਤੋਂ ਮੰਦਰ ਜਿਵੇਂ ਜਿਵੇਂ ਮੇਰੀ ਸੋਚ ਦਾ ਦਾਇਰਾ ਵੱਧਦਾ ਗਿਆ ਮੈਂ ਅਮੀਰ ਹੁੰਦਾ ਗਿਆ।

6. ਗਿਆਨ ਯੁੱਧ

ਸਭ ਤੋਂ ਭਿਆਨਕ ਜੰਗ ਹੁੰਦੀ ਹੈ, ਆਪਣੇ - ਆਪ ਨਾਲ। ਜਿਸ ਦਿਨ ਇਹ ਛਿੜ ਗਈ ਬਾਰਡਰਾਂ ਦਾ ਲੋਹਾ ਕਬਾੜ ਦੀਆਂ ਦੁਕਾਨਾਂ ਤੇ ਚਿੱਥ ਪਿਆ ਮਿਲੇਗਾ। ਕੰਡੇਦਾਰ ਤਾਰਾਂ, ਮਾਂਵਾਂ - ਭੈਣਾਂ ਪੱਟ ਲੈ ਜਾਣਗੀਆਂ । ਆਪਣੇ ਘਰੇ, ਗਿੱਲੇ ਕੱਪੜੇ ਸੁਕਾਉਣ ਲਈ।

7. ਕਾਇਨਾਤ ਦੀ ਵੇਦਨਾ

ਇਹ ਗਿੱਠ-ਮੁੱਠੀਏ ਜੇ ਗੇਂਦੜੇ ਅੱਜ ਅੱਡੀਆਂ ਚੁੱਕ ਖੜੇ। ਧਰਤੀ ਦੀਆਂ ਹਰੀਆਂ ਕਲਗੀਆਂ ਦੇ ਨੈਣਾਂ ਵਿੱਚ ਮੋਤੀ ਜੜੇ। ਕੋਈ ਖਿੜਿਆ ਕਿਓੜਾ ਮੁਹੱਬਤੀ ਵਰਖਾ ਦੀ ਝਾਕ ਕਰੇ। ਕਿਸੇ ਅੱਖ ਦਾ ਅੰਬਰ ਨਿਚੋੜੇਆ ਹੋਏ ਦਿਲ ਦੇ ਪੱਤ ਹਰੇ। ਨੀਂ ਕੋਈ ਦੇਵੋ ਚਾਰ ਕਸੁੰਭੜੇ ਸਾਡੇ ਚਾਅ ਨੂੰ ਰੰਗ ਚੜੇ। ਇਹ ਇਸ਼ਕ ਬਲੌਰੀ ਫਬੰਬੀਆਂ ਭਲਾ ਕੀਕਣ ਕੌਣ ਫੜੇ। ਇਨਾਂ ਕਾਸ਼ਨੀ ਫੁੱਲਾਂ ਦੇ ਵਾਂਗਰਾ ਕੋਈ ਆਥਣ ਦਾ ਵਸਲ ਪੜੇ। ਆਈ ਪੰਜ ਤੱਤਾਂ ਵਿੱਚ ਲਿਪਟ ਕੇ ਮੇਰਾ ਰੂਹ ਵਿੱਚ ਸਾਂਹ ਰਲੇ ਕਿਸੇ ਪੱਟ ਲੇ ਮੇਰੇ ਕੇਸ ਨੀਂ ਹੋਏ ਸਬਜ਼ ਮੈਦਾਨ ਰੜੇ। ਨੀਂ ਵੇਖ ਗੁਲਾਬੀ ਪੱਤੀਆਂ ਜਿਨਾਂ ਦੇ ਕੰਡੜੇ ਕੰਤ ਖੜੇ। ਪਰ ਮੇਰਾ ਭੈੜਾ ਕੰਤ ਨੀਂ ਹਾਲੇ ਮੇਰੇ ਨਾਲ ਲੜੇ। ਜਿਹਦਾ ਗਿਆ ਤਨ-ਮਨ ਵਲੂੰਦਰਿਆ ਹੋਰ ਕਿੰਨਾਂ ਦਰਦ ਜਰੇ। ਸਾਡੇ ਦਿਲ ਦੇ ਮਾਨਸਰੋਵਰ ਵਿੱਚ ਕੋਈ ਕਾਲਾ ਜਹਿਰ ਭਰੇ। ਨੀਂ ਅੱਜ ਮੈਂ ਦੁੱਖੜੇ ਆਪਣੇ ਬੁਲਬੁਲ ਦੇ ਕੰਠ ਭਰੇ। ਕੋਈ ਪੀਸ ਪਿਆਰ ਦਾ ਅਲਸੀ ਸਾਡੇ ਅਲਸਰ ਦੀ ਜੜ ਧਰੇ। ਮੈਂ ਹੋਇਆ ਚੈਰੀ ਹਾਣਦਾ ਮੇਰਾ ਇੱਕ ਇੱਕ ਸਾਂਹ ਮਰੇ। ਨੀਂ ਸਾਡਾ ਇੱਕ ਇੱਕ ਸਾਹ ਠਰੇ।

8. ਕਿਸਾਨ

ਸ਼ਾਇਦ ਤੁਸੀਂ ਇਹ ਗੱਲ ਭੁੱਲੇ ਫਿਰਦੇ ਓ। ਜਿਸ ਦਾਤਰੀ ਨਾਲ ਅੰਨਦਾਤਾ ਕਣਕਾਂ ਵੱਢ ਕੇ ਥੋਡਾ ਢਿੱਡ ਭਰਦਾ ਹੈ। ਉਹੀ ਦਾਤਰੀ ਥੋਡੇ ਗਲ 'ਚ ਪਾ ਕੇ ਆਪਣਾ ਹੱਕ ਖੋਹ ਵੀ ਸਕਦਾ ਹੈ। ਪਰ ਉਹ "ਜੈ ਜਵਾਨ, ਜੈ ਕਿਸਾਨ" ਦਾ ਨਾਹਰਾ ਹਾਲੇ ਭੁੱਲਿਆ ਨਹੀਂ ਵੀਰ।

9. ਪੰਜਾਬ

ਕੋਈ ਤਾਂ ਮੇਰੀ ਫਰਿਆਦ ਸੁਣੋ ਮੈਂ ਫਿਕਰਾਂ ਵਿੱਚ ਸਤਾਇਆ ਹਾਂ। ਜਿਹਦੀ ਮਾਂ ਪੰਜਾਬੀ ਬੋਲੀ ਏ ਮੈਂ ਓਸ ਪੰਜਾਬੋਂ ਆਇਆ ਹਾਂ। ਮੇਰੇ ਮੱਥੇ ਵਿੱਚ ਬੁੱਲਾ ਨੱਚਦਾ ਏ ਕੰਨਾਂ ਵਿੱਚ ਵਾਰਿਸ ਗੂੰਝੇ ਜੀ। ਮੈਂਨੂੰ ਗੁੜ੍ਹਤੀ ਪੀਰ-ਫ਼ਕੀਰਾਂ ਦੀ ਪੁੱਤ ਬਿਰਹੜਾ ਅੱਥਰੂ ਪੂੰਝੇ ਜੀ। ਹਨ੍ਹੇਰੇ ਦੇ ਵਿੱਚ ਡਿੱਗਿਆ ਜੋ ਨਾਨਕ ਨੇਂ ਰੁਸ਼ਨਾਇਆ ਹਾਂ। ਜਿਹਦੀ ਮਾਂ ਪੰਜਾਬੀ ਬੋਲੀ ਏ ਮੈਂ ਓਸ ਪੰਜਾਬੋਂ ਆਇਆ ਹਾਂ। ਇੱਕ ਹਵਾ ਕੁਲੈਹਣੀ ਚੱਲੀ ਜੋ ਹੱਡ ਮੇਰੇ ਅੱਜ ਖੋਰ ਗਈ। ਸੰਤਾਲੀ ਦਿਲਾਂ ਚੋਂ ਲੱਥੀ ਨਾਂ ਚਰਾਸੀ ਲੱਕ ਨੂੰ ਤੋੜ ਗਈ। ਮੈਂ ਰਿਜ਼ਕ ਦਿੱਤਾ ਸੀ ਜਿਨ੍ਹਾਂ ਨੂੰ ਉਨ੍ਹਾਂ ਨੇਂ ਮੰਗਣ ਲਾਇਆ ਹਾਂ। ਜਿਹਦੀ ਮਾਂ ਪੰਜਾਬੀ ਬੋਲੀ ਏ ਮੈਂ ਓਸ ਪੰਜਾਬੋਂ ਆਇਆ ਹਾਂ। ਸੀ ਦਿਲ ਦੇ ਟੁਕੜੇ ਦੋ ਮੇਰੇ ਅੱਡੋ ਅੱਡ ਹੋਕੇ ਬਹਿ ਗਏ। ਪਹਿਲਾਂ ਸੱਤ ਤੋਂ ਪੰਜ ਹੋਏ ਅੱਜ ਦੋ ਹੀ ਪੱਲੇ ਰਹਿ ਗਏ। ਦੇਓ ਪਿਆਰ ਦੀ ਬੂੰਦ ਕੋਈ ਮੈਂ ਜਨਮਾਂ ਤੋਂ ਤ੍ਰਿਹਾਇਆ ਹਾਂ। ਜਿਹਦੀ ਮਾਂ ਪੰਜਾਬੀ ਬੋਲੀ ਏ ਮੈਂ ਓਸ ਪੰਜਾਬੋਂ ਆਇਆ ਹਾਂ। ਆਓ ਵੀਰੇ ਹੁਣ ਸਾਂਭ ਲਈਏ ਬੋਹੜ-ਨਿੰਮਾਂ ਦੀਆਂ ਛਾਂਵਾਂ ਨੂੰ। ਵਾਰਿਸ ਉਡੀਕਦੇ ਖੇਤਾਂ ਨੂੰ ਸਾਡੇ ਪੁੱਤ ਉਡੀਕਦੀਆਂ ਮਾਂਵਾਂ ਨੂੰ। ਮੈਂ ਗੀਤ ਹਾਂ ਬਾਗੀ ਲੇਖਕ ਦਾ ਇੱਕ ਟੁੱਟੀ ਕਲਮ ਦਾ ਜਾਇਆ ਹਾਂ। ਜਿਹਦੀ ਮਾਂ ਪੰਜਾਬੀ ਬੋਲੀ ਏ ਮੈਂ ਓਸ ਪੰਜਾਬੋਂ ਆਇਆ ਹਾਂ।

10. ਜਿੰਦੇ ਮੇਰੀਏ

ਅੜੀਓ ਨੀਂ ਮੈਂ ਚੁੰਨੀ ਰੰਗਾਂਈ ਚੁੰਨੀ ਰੰਗਾਂਈ ਸੂਰਜ ਤੋਂ। ਚੁੰਨੀ ਦਾ ਰੰਗ ਮੁੱਖ ਤੇ ਚੜਿਆ ਜਿਵੇਂ ਲਾਲੀ ਉੱਡੇ ਪੂਰਬ ਤੋਂ। ਗੁੱਝੇ ਗੁੱਝੇ ਨੈਣਾਂ ਦੇ ਵਿੱਚ ਲੁਕਾਈ ਫਿਰੇਂ ਕਮਾਨ ਜਿੰਦੇ ਮੇਰੀਏ। ਤੂੰ ਕੱਢਣੀ ਕਿਸੇ ਦੀ ਜਾਨ ਜਿੰਦੇ ਮੇਰੀਏ... ਕੱਲ ਹੀ ਨੀਂ ਮੈਂ ਉੱਚੀ ਹੋਈ ਨੀਂਵੀ ਰਹਿ ਗਈ ਕੰਧ ਕੁੜੇ। ਅੱਜ ਧਰਤੀ ਦਾ ਮੱਥਾ ਠਣਕਿਆ ਦਿਨ ਦੀਵੀ ਚੜਗੇ ਚੰਦ ਕੁੜੇ। ਫੱਗਣ ਦੀ ਰੁੱਤ ਫੁੱਲਾਂ ਵਾਂਗੂੰ ਖਿੜੇ ਨੇਂ ਮੇਰੇ ਗੁਮਾਨ ਜਿੰਦੇ ਮੇਰੀਏ... ਮੇਰਾ ਨਖਰਾ ਖੁੱਲਾ ਡੁੱਲਾ ਏ ਉਝਂ ਆਕੜ ਰੱਖਦੀ ਕਸਵੀਂ ਨੀ। ਮੇਰੀ ਚਾਂਦੀ ਵਾਲੀ ਝਾਂਜਰ ਸੰਗ ਫਿਰੇ ਖਹਿੰਦੀ ਜੁੱਤੀ ਫਸਵੀਂ ਨੀ। ਡਲਕਾਂ ਮਾਰੇ ਜੋਬਨ ਨੀਂ ਮੈਂ ਹੋਈ ਬੱਲੀ ਦੀ ਹਾਣ। ਜਿੰਦੇ ਮੇਰੀਏ.. ਹਾਲੇ ਤਾਂ ਮਿੱਠੀਆਂ ਚੋਟਾਂ ਨੇ ਬਣਨਾਂ ਦਿਲਾਂ ਦੀ ਠੇਸ ਕੁੜੇ। ਨਾਗ ਕਾਲੇ ਵਿੱਚ ਢਲ ਚੁੱਕੇ ਮੇਰੇ ਕੋਹ ਕੋਹ ਲੰਮੇ ਕੇਸ ਕੁੜੇ। ਜਿਵੇਂ ਝੰਗ ਸਿਆਲੋਂ ਆਈ ਕੋਈ ਨੱਢੀ ਬਣੀ ਰਕਾਨ ਜਿੰਦੇ ਮੇਰੀਏ....

11. ਖੇਤਾਂ ਦੀ ਲਿਪੀ

ਕੁੱਪਾਂ ਦੇ ਜੂੜੇ। ਗੰਨੇਆਂ ਦੇ ਬੋਦੇ। ਪਹੀਆਂ ਦੇ ਪਰਾਂਦੇ। ਛਾਂਵਾਂ ਦੇ ਕੇਸ। ਸੱਗੀ ਫੁੱਲ ਵਾਲੀਆਂ ਟਾਹਲੀਆਂ। ਸੰਦਲੀ ਹਵਾਵਾਂ। ਮਹਿਕਾਂ ਦਾ ਕਚੀਰਾ। ਇੰਝਣ - ਮੋਟਰਾਂ ਦੀ ਛਣਕਾਰ। ਖਾਲਾਂ ਚ ਵਗਦੇ ਪਾਣੀਆਂ ਦੇ ਗੀਤ ਸੋਨੇ ਦੇ ਕਰਚੇ। ਭਰੂਪਣ ਰੁੱਤਾਂ। ਅੱਲੜ ਜਿਹੀਆਂ ਅੰਬੀਆਂ। ਬਾਬੇਆਂ ਦੀਆਂ ਮਟੀਆਂ। ਧੁੱਪਾਂ ਦਾ ਜੋਬਨ। ਚੌਂਦਾ ਦੁਪਹਿਰਾ। ਗੰਢੇ ਛਿੱਤਰ। ਬੋਲਦੇ ਡਰਨੇ। ਸ਼ੌਂਕੀ ਕਾਮੇ। ਬੜਾ ਸੋਹਣੈ ਮੇਰੇ ਬਾਪੂ ਦਾ ਇਹ ਕਿਸਾਨਕੋਸ਼।

12. ਧਰਤੀ

ਕਦੇ-ਕਦੇ ਤੇਰੇ ਵਿੱਚੋਂ ਮੈਂਨੂੰ ਤੂੰ ਨਹੀਂ ਦਿਖਦੀ ਕਦੇ-ਕਦੇ ਜਦ ਤੂੰ ਕੋਈ ਗੱਲ ਕਰਨ ਬਹਿੰਨੀ ਐਂ ਲੱਗਦੈ ਜਿਵੇਂ ਮੇਰੀ ਦਾਦੀ ਬੋਲਦੀ ਹੋਵੇ 'ਤੈਨੂੰ ਬਾਤ ਫੇਰ ਸਣਾਊਂ! ਜੇ ਹੰਗੂਰਾ ਭਰੇਂਗਾ।' ਕਦੇ-ਕਦੇ ਤੇਰੀ ਆਵਾਜ਼ ਮੈਨੂੰ ਇੰਝ ਰੋਕ ਲੈਂਦੀ ਏ ਜਿਵੇਂ ਉਹ ਮੇਰੀ ਬੇਬੇ ਦੀ ਆਵਾਜ਼ ਹੋਵੇ। ਜਿਹੜੀ ਅਕਸਰ ਮੈਨੂੰ ਕਾਲਜ ਜਾਂਦੇ ਨੂੰ ਪਿੱਛੋਂ ਬੋਲ ਮਾਰ ਕੇ ਕਹਿੰਦੀ ਆ 'ਵੇ ਆ ਗੋਹੇ ਆਲਾ ਬੱਠਲ ਚਕਾ ਕੇ ਜਾਈਂ।' ਤੇ ਉਦੋਂ ਡਰ ਹੁੰਦਾ ਕਿਤੇ ਕੱਪੜਿਆਂ ਤੇ ਦਾਗ ਵੀ ਨਾ ਪੈਜੇ ਤੇ ਮਾਂ ਇਹ ਭਰਿਆ ਭੱਠਲ ਕਿਵੇਂ ਲੈ ਕੇ ਜਾਵੇਗੀ । ਤੈਨੂੰ ਪਤਾ ਕਦੇ ਕਦੇ ਤੂੰ ਮੈਂਨੂੰ ਮੇਰੀ ਵੱਡੀ ਭੈਣ ਲੱਗਦੀ ਏਂ ਜਦ ਮੈਂ ਤੇਰੇ ਨਾਲ-ਨਾਲ ਤੁਰਦਾਂ ਤੇ ਤੇਰੀ ਉਂਗਲ ਫੜ ਲੈਂਨਾ। ਨਿੱਕੇ ਹੁੰਦੇ ਵੱਡੀ ਭੈਣ ਅਕਸਰ ਮੈਂਨੂੰ ਲੈ ਜਾਂਦੀ ਸੀ ਉਂਗਲ ਨਾਲ ਲਾਕੇ ਜਿੱਥੇ ਤੀਆਂ ਲੱਗਦੀਆਂ। ਤੇ ਮੇਰੇ ਕੰਨ ਵੀ ਨਾਂ ਪੱਕਦੇ। ਕਦੇ ਤੇਰੇ ਤਨ ਤੇ ਕੋਈ ਪਿਆ ਨੀਲ ਦੇਖਦਿਆਂ ਮੇਰਾ ਦਿਲ ਕਰਦੈ ਮੈਂ ਤੇਰੇ ਪੱਗ ਬੰਨ੍ਹ ਦੇਵਾਂ, ਨੀਲ ਦੇਖਦਿਆਂ ਮੈਨੂੰ ਮੇਰੇ ਬਾਪੂ ਦਾ ਉਹ ਮੋਢਾ ਯਾਦ ਆਉਂਦੈ ਜਿਸ ਤੇ 24 ਘੰਟੇ ਕਹੀ ਟਿਕੀ ਰਹਿੰਦੀ ਏ। ਕਦੇ ਕਦੇ ਇਹ ਤਮਾਮ ਰਿਸ਼ਤੇ ਜਾਪਦੈ ਜਿਵੇਂ ਰੁੱਖ ਹੋਣ ਤੇ ਤੂੰ ਧਰਤੀ । ਬਸ ਕਦੇ ਕਦੇ ਮੈਂਨੂੰ ਤੇਰੇ 'ਚੋਂ ਤੂੰ ਨਹੀਂ ਦਿਸਦੀ।

13. ਪੰਛੀ

ਰੁੱਖਾਂ ਦੇ ਕੱਟਣ ਨਾਲ ਨਰਾਜ਼ ਹੋ ਗਏ ਨੇ। ਪੰਛੀ ਦਾਣਾ ਚੁਗਣ ਵੀ ਨਹੀਂ ਆਉਂਦੇ ਹੁਣ ਘਰਾਂ ਵਿੱਚ। ਤੇ ਕੋਈ ਬੁਲਬੁਲ ਵੀ ਨਹੀਂ ਬੈਠਦੀ ਹੁਣ ਸ਼ੇਅਰ ਤੇ। ਲੇਖਕ - ਗੁਲਜ਼ਾਰ ਅਨੁਵਾਦ - (ਰਸ਼ਪਿੰਦਰ ਸਰੋਏ)

14. ਘੇਰਾ

ਤੇਰੇ ਬਾਰੇ ਲਿਖਣਾ ਜਿਵੇਂ ਤਾਰੇ ਗਿਣਨ ਦਾ ਕਾਰਜ ਆਰੰਭਿਆ ਹੋਵੇ। ਜਿਵੇਂ ਧਰਤੀ ਦਾ ਧੁਰਾ ਮਾਪਣਾ ਹੋਵੇ। ਜਾਂ ਜਿਵੇਂ ਅੰਬਰ ਦਾ ਖੇਤਰਫਲ ਕੱਢਣਾ ਹੋਵੇ। ਬਿਆਨਤਾ ਦੀ ਹਿੱਕ ਬਾਲਣੀ ਹੋਵੇ। ਜਾਂ ਫਿਰ। ਛੱਡ! ਤੇਰੇ ਬਾਰੇ ਭਲਾਂ ਕਿੱਥੋਂ ਲਿਖ ਕੇ ਕਿੱਥੇ ਛੱਡਿਆ ਜਾਵੇ? ਹੋਰਾਂ ਕੋਲ ਤੇਰੇ ਬਾਰੇ ਲਿਖਣ ਲਈ ਕੁਝ ਨਾਂ ਕੁਝ ਹੈ। ਕਿਸੇ ਕੋਲ ਤਾਂ ਬਹੁਤ ਕੁਝ ਹੈ। ਸਾਰੇ ਸ਼ਬਦ ਬੇਅੰਤ ਨੇ, ਬੇਮਿਸਾਲ ਨੇ, ਬੇਹੱਦ ਆਕਰਸ਼ਕ ਨੇ। ਪਰ ਮੇਰੇ ਵੇਲੇ ਤਾਂ ਮੇਰੀ ਕਲਮ ਦੀ ਜੁਬਾਨ ਹੀ ਠੱਕੀ ਜਾਂਦੀ ਆ ਤੇਰੇ ਬਾਰੇ ਲਿਖਣ ਲੱਗਿਆਂ। ਤੇਰੇ ਬਾਰੇ ਲਿਖਣ ਦੀ ਜਦ ਮੈਂ ਸ਼ੁਰੂਆਤ ਕਰਾਂਗਾ ਤਾਂ ਮੈਂਨੂੰ ਨਹੀਂ ਲੱਗਦਾ ਕਿ ਮੈਂ ਕਦੇ ਰੁੱਕ ਪਵਾਂਗਾ! ਮੈਂਨੂੰ ਲੱਗਦਾ ਮੈਂ ਮੁੱਕ ਜਾਵਂਗਾ। ਤੇਰੇ ਬਾਰੇ ਲਿਖਦਿਆਂ-ਲਿਖਦਿਆਂ। ਸੱਚੀਂ ਧੰਨ ਨੇ ਉਹ ਜੋ ਤੈਨੂੰ ਕੁਝ ਕੁ ਵਰਕੇਆਂ ਵਿੱਚ ਸਮੇਟ ਦਿੰਦੇ ਨੇ। ਕੁਝ ਕੁ ਲਫ਼ਜ਼ਾਂ ਵਿੱਚ ਤੇਰੀ ਸੁੰਦਰਤਾ ਬਿਆਨ ਕਰਦੇ ਨੇ। ਨਹੀ! ਮੈਂ ਇਹ ਲਿਖਣ ਦੇ ਮਾਮਲੇ 'ਚ ਬੜਾ ਕੱਚਾ ਹਾਂ। ਮੈਂ ਤਾਂ ਹਾਲੇ ਬੱਚਾ ਹਾਂ। ਮੈਂ ਭਲਾਂ ਕਿਹੜੀ ਭਾਸ਼ਾ ਵਿੱਚ ਤੇਰੇ ਬਾਰੇ ਲਿਖਾਂ? ਹਾਂ ਤੇਰੇ ਬਾਰੇ ਲਿਖਣਾ, ਤੇਰੇ ਬਾਰੇ ਲਿਖਣਾ ਜਿਵੇਂ ਤਾਰੇ ਗਿਣਨ ਦਾ ਕਾਰਜ ਆਰੰਭਿਆ ਹੋਵੇ। ਜਿਵੇਂ ਧਰਤੀ ਦਾ ਧੁਰਾ ਮਾਪਣਾ ਹੋਵੇ। ਜਿਵੇਂ ਅੰਬਰ ਦਾ ਖੇਤਰਫਲ ਕੱਢਣਾ ਹੋਵੇ। ਬਿਆਨਤਾ ਦੀ ਹਿੱਕ ਬਾਲਣੀ ਹੋਵੇ। ਜਾਂ ਫਿਰ ਹਵਾ ਦੀ ਸੁੰਦਰਤਾ ਦਾ ਨਕਸ਼ ਉਲੀਕਣਾ ਹੋਵੇ। ਤੇਰੇ ਬਾਰੇ ਲਿਖਣਾ ਮੇਰੇ ਬੱਸ ਤੋਂ ਬਾਹਰ ਆ।

15. ਰਜ਼ਾ

ਉਹ ਤੇਰੇ ਪਰਲੇ ਦੁਆਰ ਤੇ ਹੈ। ਮੈਂ ਤੇਰੇ ਉਰਲੇ ਦੁਆਰ ਤੇ ਹਾਂ। ਜਦੋਂ ਅਸੀਂ ਦੋਵੇਂ ਆਪਣੇ-ਆਪਣੇ ਦੁਆਰ ਤੋਂ ਅੱਗੇ ਲੰਘ ਆਏ। ਓਦੋਂ ਅਸੀਂ ਗੁਰੂ ਦੁਆਰੇ ਵਿੱਚ ਹੋਵਾਂਗੇ ਮੇਰੇ ਸਾਹਿਬ!

16. ਇਕਾਂਤ

ਮੈਂ ਤਾਂ ਚਾਹੁੰਨਾਂ ਕਿਸੇ ਇਕਾਂਤ 'ਚ ਬਹਿ ਕੇ ਆਪਾਂ ਬਾਬੇ ਨਾਨਕ ਬਾਰੇ ਗੱਲਾਂ ਕਰੀਏ। ਤੇ ਤੂੰ ਮੈਂਨੂੰ ਇੰਨ੍ਹਾਂ ਸ਼ਬਦਾਂ ਦੇ ਅਰਥ ਦੱਸੇਂ 'ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ'

17. ਨਜ਼ਰ

ਮੈਂ ਜਦ ਵੀ ਉਸ ਲਈ ਉਸਨੂੰ ਲਿਖ ਕੇ ਵਖਾਉਂਦਾ ਉਹ ਬਹੁਤ ਕੁਝ ਆਖਦੀ। "ਬਹੁਤ ਸੋਹਣਾ! ਹਾਏ ਕਿੰਨਾਂ ਸੋਹਣਾ ਲਿਖਿਆ! ਆਫ਼ਰੀਨ!! " ਮੈਂ ਚੁੱਪ ਹੋ ਜਾਂਦਾ। ਇੱਕ ਵਰਕਾ ਜੋ ਮੈਂ ਉਸ ਲਈ ਲਿਖਿਆ ਸੀ। ਮੈਂ ਵਰ੍ਹਿਆਂ ਪਿੱਛੋਂ ਮੁੜ ਕੇ ਉਸਨੂੰ ਆਣ ਵਖਾਇਆ। ਉਹ ਪੜ੍ਹਦੀ ਰਹੀ ਕੁਝ ਨਾ ਬੋਲੀ। ਤੇ ਉਸਦੇ ਨੈਣਾਂ ਦਾ ਸੁਰਮਾ ਉਹਦੇ ਅਸ਼ਕ ਵਿੱਚ ਰਲਗੱਡ ਹੋਕੇ ਲਿਖਤ ਤੇ ਆ ਡੁੱਲ੍ਹਿਆ। ਉਸ ਛਿਣ ਮੈਂ ਬੋਲਿਆ "ਤੇਰੀ ਇਹੀ ਚੁੱਪ ਮੈਂ ਬਹੁਤ ਪਹਿਲਾਂ ਮੰਗਦਾ ਸੀ। ਜਦੋਂ ਤੇਰੇ ਇਸ ਸੁਰਮੇ ਦਾ ਟਿੱਕਾ ਮੈਂ ਆਪਣੀ ਮੁਹੱਬਤ ਦੀ ਗੱਲ੍ਹ ਤੇ ਲਾ ਦਿੰਦਾ। ਲੋਕਾਂ ਦੀ ਨਜ਼ਰ ਲੱਗਣ ਤੋਂ ਬਚਾਉਣ ਲਈ।

18. ਸਦੀਵੀ

ਰੁੱਤਾਂ ਕਿਸੇ ਦੀ ਰੀਸ ਨਾਲ ਨਹੀਂ ਚੜ੍ਹਦੀਆਂ। ਪੌਣਾਂ ਨੇ ਬਦਲੇ 'ਚ ਕਦੇ ਕੁਝ ਨਹੀਂ ਮੰਗਿਆ। ਸੂਰਜ ਨੇ ਹਮੇਸ਼ਾ ਚੰਨ ਦਾ ਮਾਣ ਰੱਖਿਆ ਹੈ। ਫਿਰ ਮੈਂ ਕਿਸੇ ਇੱਕ ਦਿਨ ਆਪਣੀ ਮੁਹੱਬਤ ਦਾ ਢਿੰਢੋਰਾ ਕਿਉਂ ਪਿੱਟਾਂ?

19. ਕੀਟਸ ਦੇ ਨਾਂ

ਕਿੰਨੇ ਚੜ੍ਹਦੇ ਸੂਰਜ ਆਥਣ ਦੀ ਬਲੀ ਚੜ੍ਹੇ ਤੇਰੀ ਰਾਹ ਵੇਖਦੇ ਵੇਖਦੇ। ਸੁਬਕ ਜਿਹੀ ਨਜ਼ਮ ਤੇਰੇ ਮੁੱਖ ਵਰਗੀ ਜੋ ਸੌਂਪਣੀ ਸੀ ਕਾਗਜ਼ਾਂ ਦੀ ਬੁੱਕਲ ਵਿੱਚ ਸ਼ਬਦਾਂ ਦੀ ਗੁੜ੍ਹਤੀ ਦੇ ਕੇ ਹੁਣ ਹੌਲੀ-ਹੌਲੀ ਦਮ ਤੋੜ ਰਹੀ ਐ ਸਾਹਾਂ ਦੇ ਗਰਭ ਵਿੱਚ।

20. ਗਿਣਤੀ

ਮੈਂ ਤੇਰੇ ਲਈ ਚੰਨ-ਤਾਰੇ ਤੋੜ ਕੇ ਨਹੀਂ ਲਿਆ ਸਕਦਾ। ਪਰ ਰੋਜ਼ ਤੈਨੂੰ ਅਸਮਾਨ ਵੱਲ ਤੱਕਣ ਦਾ ਹੱਕ ਦਵਾ ਸਕਦਾਂ, ਜਿੱਥੇ ਤਾਰੇ ਸਾਹ ਲੈਂਦੇ ਨੇ ਤੈਨੂੰ ਦੇਖ ਕੇ। ਤੇ ਚੰਨ ਦਾ ਗੁਮਾਨ ਵੀ ਟੁੱਟ ਜਾਂਦੈ‌। ਮੈਂ ਤੇਰੇ ਲਈ ਮਹਿਲ ਨਹੀਂ ਬਣਾ ਸਕਦਾ। ਪਰ ਦੇਖ ਤੇਰੇ ਆਉਣ ਨਾਲ ਇਸ ਵਿਰਾਨ ਜਗ੍ਹਾ ਉੱਤੇ ਮੁਹੱਬਤ ਉੱਗ ਆਈ। ਮੈਂ ਤੇਰੇ ਲਈ ਹੁਣ ਘਰ ਬਣਾ ਸਕਦਾ ਹਾਂ। ਮੈਂ ਹਰ ਪਲ ਤੈਨੂੰ ਯਾਦ ਨਹੀਂ ਕਰ ਸਕਦਾ ਸਾਹਾਂ ਦੀ ਕਦੇ ਗਿਣਤੀ ਨਹੀਂ ਹੁੰਦੀ।