ਦਾਣੇ ਪਾ ਕੇ ਤੇ ਪੁਚ ਪੁਚ ਕਰਕੇ
ਜ਼ਾਲਮ ਜਾਲ ਦੇ ਵਿਚ ਫਸਾ ਲੈਂਦੇ
ਕਿਤੇ ਫ਼ਰਕ ਨਹੀਂ ਆਲਮਾਂ ਫ਼ਾਜ਼ਲਾਂ 'ਚ
ਮੱਥੇ ਰਗੜ ਕੇ ਇੰਝ ਘਸਾ ਲੈਂਦੇ
ਸਾਰੀ ਜ਼ਿੰਦਗੀ ਇਹ ਰੁਆਂਵਦੇ ਨੇ
ਚੰਦ ਦਿਨ ਤੇ ਪਹਿਲੇ ਹਸਾ ਲੈਂਦੇ
ਕਸੂਰਮੰਦ ਜੋ ਅਸਲ ਨੇ ਨਸਲ ਹੁੰਦੇ
ਗੱਲ ਸਾਫ਼ ਹੀ ਦੱਸ ਦਸਾ ਲੈਂਦੇ
ਹੋਵੇ ਗ਼ਲਤ ਇਲਫ਼ਾਜ਼ ਤੇ ਨਹੀਂ ਇਤਰਾਜ਼ ਕਰਨਾ
(ਦੋਸਤੋ) ਬੇਇਲਮ ਅਨਪੜ੍ਹ ਹਾਂ ਮੈਂ
ਕਾਰੀਗਰ ਕਾਮਲ ਮੈਨੂੰ ਨਹੀਂ ਮਿਲਿਆ
ਏਸੇ ਵਾਸਤੇ ਰਿਹਾ ਅਣਘੜ ਹਾਂ ਮੈਂ
ਗੰਨੇ ਵਾਂਗ ਕਮਾਦ ਦੇ ਸ਼ਕਲ ਮੇਰੀ
ਖੋਖਾ ਰਸਾਂ ਬਾਝੋਂ ਵਿੱਚੋਂ ਨੜ ਹਾਂ ਮੈਂ
ਕਸੂਰਮੰਦ ਭਰਿਆ ਬੋਲਦਾ ਨਹੀਂ
ਖਾਲੀ ਕਰਦਾ ਹੀ ਬੜ ਬੜ ਹਾਂ ਮੈਂ
ਹਰ ਕਿਸੇ ਨੂੰ ਕਿਸੇ ਤੇ ਮਾਣ ਹੁੰਦਾ
ਮਾਣ ਕਿਸੇ ਨੂੰ ਵਧੇਰਿਆਂ ਪੁੱਤਰਾਂ ਦਾ
ਦੌਲਤ ਮਾਲ ਦਾ ਕਿਸੇ ਨੂੰ ਮਾਣ ਯਾਰੋ
ਕਿਸੇ ਨੂੰ ਮਾਣ ਏ ਘੋੜਿਆਂ ਸ਼ੁਤਰਾਂ ਦਾ
ਅਕਲ ਇਲਮ ਦਾ ਕਿਸੇ ਨੂੰ ਮਾਣ ਯਾਰੋ
ਕਿਸੇ ਨੂੰ ਮਾਣ ਵਧੇਰਿਆਂ ਟੁੱਕਰਾਂ ਦਾ
ਕਸੂਰਮੰਦ ਨੂੰ ਤੇਰਾ ਏ ਮਾਣ ਮੌਲਾ
ਹਰ ਹਾਲ ਗੁਜ਼ਾਰਦਾ ਏ ਸ਼ੁਕਰਾਂ ਦਾ
ਜਾਣ ਵਾਲਿਆ ਜਾਨ ਦੀ ਖ਼ੈਰ ਹੋਵੀ
ਜਾਣ ਲੱਗਿਆਂ ਇੰਜ ਤੇ ਜਾਈਦਾ ਨਹੀਂ
ਜਾਈਏ ਦਿਲਾਂ ਦੀ ਸੁਣ ਸੁਣਾ ਕੇ ਤੇ
ਵਹਿਮ ਕਿਸੇ ਦੇ ਦਿਲ ਵਿਚ ਪਾਈਦਾ ਨਹੀਂ
ਜੇ ਹੋਵੇ ਖ਼ਤਾ ਤੇ ਭੁਲਾ ਦਈਏ
ਜਾਣ ਬੁੱਝ ਕੇ ਦਿਲ ਠੁਕਰਾਈਦਾ ਨਹੀਂ
ਕਸੂਰ ਮੰਦ ਸਿਆਣਿਆਂ ਆਖਿਆ ਏ
ਹਿਸਾਬ ਸੱਜਣਾਂ ਨਾਲ਼ ਮੁਕਾਈਦਾ ਨਹੀਂ