Punjabi Poetry : Navdeep Singh Mundi

ਪੰਜਾਬੀ ਕਵਿਤਾਵਾਂ : ਨਵਦੀਪ ਸਿੰਘ ਮੁੰਡੀ



1. ਤੂੰ ਆ ਕਦੇ

ਤੇਰੇ ਜਾਣ ਤੋਂ ਬਾਅਦ ਹਰ ਟਾਹਣੀ ਓਦਰੀ ਪਈ ਹੈ ਪੱਤਾ ਪੱਤਾ ਮੁਰਝਾਇਆ ਪਿਐ ਕੋਈ ਨਵੀਂ ਕਰੂੰਬਲ ਨਹੀ ਫੁੱਟੀ ਬੂਰ ਨਹੀਂ ਪਿਆ ਕਲੀ ਫੁੱਲ ਨਹੀਂ ਬਣੀ ਤੂੰ ਆ ਕਦੇ ਤਾਂ ਜੋ ਕੁਦਰਤ ਆਪਣੇ ਰੰਗ 'ਚ ਆਵੇ !

2. ਮੁਹੱਬਤ

ਮੈਂ ਜਦ ਵੀ ਨਫ਼ਰਤ ਕੀਤੀ ਹਾਰਿਆ ਹਾਂ ਹਮੇਸ਼ਾਂ ਮੁਹੱਬਤ ! ਤੇਰਾ ਧੰਨਵਾਦ ਤੂੰ ਮੈਨੂੰ ਹਾਰਨ ਨਹੀਂ ਦਿੱਤਾ

3. ਕਰੋਨਾ, ਚੂਹੇ, ਮਨੁੱਖ ‘ਤੇ ਕੁਦਰਤ

100 ਦੇਸ਼ਾਂ ਦੇ ਹਜ਼ਾਰਾਂ ਵਿਗਿਆਨੀ ਲੱਗੇ ਹੋਏ ਨੇ ਕਰੋਨਾ ਵਾਇਰਸ ਦੀ ਦਵਾਈ ਬਨਾਉਣ ਮਨੁੱਖ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਹਰ ਦੇਸ਼ ਹੋਇਆ ਪਿਆ ਪੱਬਾਂ ਭਾਰ ਕੁਦਰਤ ਨਾਲ ਛੇੜਖ਼ਾਨੀ ਕਰਦਾ-ਕਰਦਾ ਮਨੁੱਖ ਆਪ ਹੀ ਆਪਣੇ ਬਣਾਏ ਜਾਲ ਵਿੱਚ ਫਸ ਗਿਆ ਪਰ ਕੁਦਰਤ ਨਾਲ ਖੇਡਣਾ ਅਜੇ ਵੀ ਜਾਰੀ ਹੈ ਮਨੁੱਖ ਦੇ ਰਿਹਾ ਬੇਜੁਬਾਨ ਜਾਨਵਰਾਂ ਦੀ ਬਲੀ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕੁਦਰਤ ਮਨੁੱਖ ਨੂੰ ਫਿਰ ਮਾਫ ਕਰ ਦੇਵੇਗੀ ਤੇ ਹੋ ਜਾਵੇਗਾ ਵਿਗਿਆਨੀਆਂ ਵੱਲੋਂ ਕਰੋਨਾ ਦਵਾਈ ਦੀ ਖੋਜ ਦਾ ਕੰਮ ਮੁਕੰਮਲ ਮਨੁੱਖ ਖ਼ੁਸ਼ੀ ਵਿੱਚ ਚਾਂਭਲ ਜਾਵੇਗਾ ਤੇ ਹੁੱਬ-ਹੁੱਬ ਕੇ ਆਪਣੀ ਪ੍ਰਾਪਤੀ ਦੇ ਗੀਤ ਗਾਵੇਗਾ ਤੇ ਬੇਜੁਬਾਨ ਚੂਹੇ, ਬਾਂਦਰਾਂ ਦੀ ਬਲੀ ਜਾਰੀ ਰਹੇਗੀ

4. ਸਾਡੀ ਮਾਂ

ਠੰਡ ਹੈ ਧੁੰਦ ਹੈ ਤੇ ਦੋਸਤ ਦੀ ਮਾਂ ਦੇ ਭੋਗ 'ਤੇ ਜਾਣ ਦਾ ਸਫ਼ਰ ਹੈ ਸਫ਼ਰ ਦੌਰਾਨ ਯਾਦ ਕਰਦਾਂ ਮੈਂ ਆਪਣੀ ਮਾਂ ਦੀਆ ਕੁਰਬਾਨੀਆਂ ਦੋਸਤ ਵੱਲੋਂ ਦੱਸੀਆਂ ਉਸ ਦੀ ਮਾਂ ਦੀਆਂ ਕੁਰਬਾਨੀਆਂ ਦੋਵੇਂ ਮਾਵਾਂ ਨੂੰ ਚਿਤਵਦੇ ਉਹ ਮੈਨੂੰ ਲੱਗਦੀਆਂ ਇੱਕੋ ਜਿਹੀਆਂ ਹੁਣ ਮੈਂ ਦੋਸਤ ਦੀ ਮਾਂ ਦੇ ਭੋਗ 'ਤੇ ਨਹੀਂ ਸਾਡੀ ਮਾਂ ਦੇ ਭੋਗ 'ਤੇ ਜਾ ਰਿਹਾਂ

5. ਮਾਂ

ਕਈ ਸਾਲਾਂ ਤੋਂ ਮਾਂ ਪਾਠ ਕਰਦੀ ਹੈ ਮੈਂ ਵਿਆਖਿਆ ਪੁੱਛਦਾ ਹਾਂ ਮਾਂ ਕੁਝ ਨਹੀਂ ਬੋਲਦੀ ਚੁੱਪ ਚਾਪ ਪਾਠ ਕਰਦੀ ਰਹਿੰਦੀ ਹੈ ਮੈਂ ਨਾਸਤਿਕ ਕਹਿ ਦਿੰਦਾ ਕੀ ਫਾਇਦਾ ਇੰਜ ਪਾਠ ਕਰਨ ਦਾ ਉਹ ਲੀਨ ਰਹਿੰਦੀ ਹੈ ਪਾਠ ਵਿਚ ਜਿਵੇਂ ਮੈਂ ਕੁੱਝ ਕਿਹਾ ਹੀ ਨਹੀਂ ਵਰ੍ਹਿਆਂ ਬਾਅਦ ਅੱਜ ਚਾਨਣ ਹੋਇਆ ਘਰ ਦੀ ਖੁਸ਼ਹਾਲੀ ਦਾ ਰਾਜ

6. ਨਤਮਸਤਕ

ਤੂੰ ਹੋ ਆ ਨਤਮਸਤਕ ਜਿੱਥੇ ਹੋਣਾ ਹੈ ਮੇਰੀ ਗੱਲ ਹੋਰ ਹੈ ਮੈਨੂੰ ਤੇਰੇ ‘ਚੋਂ ਰੱਬ ਦਿਸਦਾ

7. ਫੁੱਲਾਂ ਦਾ ਸ਼ਹਿਰ

ਮੈਂ ਗਿਆ ਸੀ ਫੁੱਲਾਂ ਦੇ ਸ਼ਹਿਰ ਉੱਥੇ ਪੱਥਰ ਦੇਖਿਆ ਪੱਥਰ ਕੋਲ ਖੜ੍ਹਦਿਆਂ ਤੇਰੀ ਯਾਦ ਮੱਲੋ ਮੱਲੀ ਆ ਗਈ ਹਾਏ ! ਤੂੰ ਤੇ ਪੱਥਰ ਕਿੰਨੇ ਇੱਕੋ ਜਿਹੇ

8. ਗੁਬਾਰੇ ਵੇਚਦਾ ਮੁੰਡਾ

ਗੁਬਾਰੇ ਵੇਚਦਾ ਮੁੰਡਾ ਪੈਲੇਸ ਦੇ ਬਾਹਰ ਖੜ੍ਹਾ ਬੜੀ ਲਾਲਸਾ ਨਾਲ ਦੇਖਦਾ ਵਿਆਹ ਵਿੱਚ ਲੱਗੀਆਂ ਸਟਾਲਾਂ ਤੇ ਤੱਕਦੇ ਭਾਂਤ-ਭਾਂਤ ਦੇ ਖਾਣਿਆ ਵੱਲ ਉਸ ਦਾ ਵੀ ਚਿੱਤ ਕਰਦੈ ਖਾਣ ਦੇ ਲਈ ਲਜ਼ੀਜ਼ ਖਾਣਾ __ ਮੇਰੀ ਬੇਟੀ ਦੇਖਦੀ ਉਸ ਨੂੰ ਭਰਦੀ ਹੈ, ਹਉਂਕਾ ਤੇ ਆਪਣੇ ਖਾਣੇ ਲਈ ਭਰੀ ਪਲੇਟ ਫੜ੍ਹਾ ਕੇ ਮੈਨੂੰ ਕਹਿੰਦੀ ਹੈ ਦੇ ਆਓ ਪਾਪਾ ਖਾਣਾ ਉਸ ਮੁੰਡੇ ਨੂੰ __ ਮੈਂ ਤ੍ਰਭਕ ਜਾਂਦਾ ਹਾਂ ਮੈਂ ਆਪ ਮਹਿਮਾਨ ਹਾਂ ਵਿਆਹ ਚ ਬੇਟੀ ਉਦਾਸ ਹੋ ਜਾਂਦੀ ਹੈ ਇੱਕ ਬਾਪ ਕਿੱਥੇ ਦੇਖ ਸਕਦਾ ਹੈ ਬੇਟੀ ਨੂੰ ਉਦਾਸ __ ਮੈਂ ਗੁਬਾਰਾ ਲੈਣ ਦੇ ਪੱਜ ਮੁੰਡੇ ਨੂੰ ਦੇ ਆਉਂਦਾ ਹਾਂ ਕੁਝ ਪੈਸੇ ਮੇਰੀ ਬੇਟੀ ਹੋ ਜਾਂਦੀ ਹੈ ਖੁਸ਼ __ ਮੈ ਸੋਚਦਾਂ ਮੁੰਡੇ ਦੇ ਬਾਪ ਨੇ ਕਿਵੇਂ ਤੋਰਿਆ ਹੋਵੇਗਾ ਪੜ੍ਹਨ ਦੀ ਉਮਰੇ ਗੁਬਾਰੇ ਵੇਚਣ ਮੈਂ ਫਿਰ ਉਦਾਸ ਹੋ ਜਾਂਦਾ ਹਾਂ

9. ਸ਼ੈਂਡਲੀਅਰ

ਮਕਾਨ ਬਣੇ ਨੂੰ ਕਈ ਸਾਲ ਹੋ ਗਏ ਸਾਰਾ ਮਕਾਨ ਮੁਕੰਮਲ ਹੈ ਬਸ ਇਕ ਜਗ੍ਹਾ ਖਾਲ਼ੀ ਹੈ ਆਰਕੀਟੈਕਟ ਕਹਿੰਦਾ ਸੀ ਸ਼ੈਂਡਲੀਅਰ ਲਈ ਛੱਡੀ ਹੈ ਤਾਰਾਂ ਲਮਕ ਰਹੀਆਂ ਨੇ ਉਹ ਮੰਗ ਕਰਦੀਆਂ ਸ਼ੈਡਲੀਅਰ ਲੱਗ ਜਾਵੇ ਪਰ ਮੇਰਾ ਉੱਕਾ ਵੀ ਚਿੱਤ ਨਹੀਂ ਕਰਦਾ ਸ਼ੈਡਲੀਅਰ ਲਾਉਣ ਨੂੰ ਹੁਣ ਤਾਂ ਘਰਦੇ ਵੀ ਹੰਭ ਗਏ ਕਹਿ ਕੇ ਪਰ ਮੇਰੇ ਤੋਂ ਸ਼ੈਡਲੀਅਰ ਨਹੀਂ ਲੱਗਿਆ ਸ਼ੈਡਲੀਅਰ ਕਦੇ ਵੀ ਮੈਨੂੰ ਖ਼ੁਸ਼ੀ, ਖੇੜੇ ਜਾਂ ਰੌਸ਼ਨੀ ਦਾ ਪ੍ਰਤੀਕ ਨਹੀਂ ਲੱਗਿਆ ਸਗੋਂ ਗਰੀਬ ਨੂੰ ਚਿੜ੍ਹਾਉਂਦਾ ਸਤਾਉਂਦਾ ਲੱਗਿਆ ਅਮੀਰ ਤੇ ਗਰੀਬ ਦੇ ਪਾੜੇ ਨੂੰ ਵਧਾਉਂਦਾ ਇਕ ਸੂਚਕ ਲੱਗਿਆ ਹੁਣ ਮੇਰੇ ਤੇ ਸ਼ੈਡਲੀਅਰ ਵਿਚ ਪਾੜਾ ਵਧਦਾ ਜਾ ਰਿਹਾ ਤੇ ਮੈਂ ਮੰਨਦਾ ਮੇਰੇ ਤੋਂ ਸ਼ੈਡਲੀਅਰ ਨਹੀਂ ਲੱਗਣਾ

10. ਆਰਕੈਸਟਰਾ

ਆਰਕੈਸਟਰਾ ਵਿੱਚ ਨੱਚਦੀਏ ਕੁੜੀਏ ! ਘੂਰਦੇ ਨੇ ਅੱਖਾਂ ਪਾੜ-ਪਾੜ ਤੇਰੇ ਅੰਗਾਂ ਨੂੰ ਉਹ ਵੀ ਦੋਸ਼ੀ ਨੇ ਤੇਰੇ ਹਾਲਾਤ ਦੇ ਇਹਨਾਂ ਨੂੰ ਕੋਈ ਝੋਰਾ ਨਹੀਂ ਤੇਰੀ ਮਜਬੂਰੀ ਦਾ ਇਹ ਤਾਂ ਆਪਣੇ ਸੁਆਦਾਂ ਦੇ ਗੁਲਾਮ ਨੇ ਭੋਲੀ ਕੁੜੀਏ ! ਤੂੰ ਐਵੇਂ ਨਾ ਭੁਲੇਖਾ ਪਾਲ ਬੈਠੀਂ ਕਿ ਇੱਥੇ ਸਾਰੇ ਹੀ ਕੰਜਕਾਂ ਦੇ ਪੁਜਾਰੀ ਨੇ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ