Punjabi Kavita
  

Punjabi Poetry : Malkiat Sohal

ਪੰਜਾਬੀ ਕਵਿਤਾਵਾਂ ਮਲਕੀਅਤ 'ਸੁਹਲ'



1. ਗ਼ਜ਼ਲ-ਦਰਦ ਭਰੀ ਹੈ ਦਾਸਤਾਂ

ਦਰਦ ਭਰੀ ਹੈ ਦਾਸਤਾਂ ਯਾਰੋ ਸੁਣਾਵਾਂ ਕਿਸ ਤਰਾਂ ? ਪੀੜਾਂ ਪ੍ਰੋਤੇ ਜਿਸਮ ਨੂੰ ਦਸੋ ਵਿਖਾਵਾਂ ਕਿਸ ਤਰ੍ਹਾਂ ? ਕਾਵਾਂ ਦੀ ਨਜ਼ਰ ਖਾ ਗਈ ਘੁੱਗੀਆਂ ਦੇ ਟੁੱਟੇ ਆਲ੍ਹਣੇ । ਸ਼ੇਰਾਂ ਦੇ ਝੁੰਡ 'ਚੋਂ ਆਕੇ ਭੇਡਾਂ ਬਚਾਵਾਂ ਕਿਸ ਤਰ੍ਹਾਂ ? ਖਾਵਾਂ ਤਾਂ ਪੈਦਾ ਕੋਹੜ ਹੈ ਛੱਡਾਂ ਤਾਂ ਲਾਹਨਤ ਆਖਦੇ, ਸੰਸਾਰ ਦੇ ਸੰਤਾਪ ਨੂੰ ਹੱਸਕੇ ਹੰਢਾਵਾਂ ਕਿਸ ਤਰ੍ਹਾਂ ? ਬੁਰਕੇ ਮਜ਼ਬਾਂ ਦੇ ਪਾ ਜੋ ਖੂਨ ਪੀਂਦੇ ਵਤਨ ਦਾ, ਮਨੁੱਖਤਾ ਦੇ ਵੈਰੀਆਂ ਨੂੰ ਮੈਂ ਹਟਾਵਾਂ ਕਿਸ ਤਰ੍ਹਾਂ ? “ਸੁਹਲ” ਤੇਰੇ ਸ਼ਹਿਰ ਵਿਚ ਕਿਉਂ ਸਹਿਮੀਆਂ ਨੇ ਕੰਜਕਾਂ ? ਮੌਤ ਦਾ ਡਰ ਚੰਦਰਾ ਏਥੋਂ ਉਡਾਵਾਂ ਕਿਸ ਤਰ੍ਹਾਂ ?

2. ਏਥੇ ਰੱਖ

ਹੁਣ ਹੱਕ ਅਸਾਡਾ ਏਥੇ ਰੱਖ। ਜਾਲਮ ਦੀ ਹੈ ਕਾਣੀ ਅੱਖ। ਏਕੇ ਵਿਚ ਹੈ ਬਰਕਤ ਹੁੰਦੀ ਮਾਸ-ਨਹੁੰ ਹੋਣੇ ਨਹੀਂ ਵੱਖ। ਜਿਹੜਾ ਸਾਡੀ ਕ੍ਰਿਤ ਖੋਹੇਗਾ ਉਦ੍ਹਾ ਵੀ ਨਹੀਂ ਰਹਿਣਾ ਕੱਖ। ਮਜਦੂਰ 'ਤੇ ਕਿਸਾਨ ਮੋਰਚਾ ਦਿਨੋਂ- ਦਿਨ ਰਿਹਾ ਹੈ ਭੱਖ। 'ਸੁਹਲ' ਸਾਡੀ ਜਿੱਤ ਹੋਏਗੀ ਐਵੇਂ ਨਾ ਹੁਣ ਮੌਹੁਰਾ ਚੱਖ਼।

3. ਜੁਗ ਜੁਗ ਜੀਵੇ ਕਿਸਾਨ

ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। ਦੁਨੀਆਂ ਦੇ ਇਸ ਅੰਨਦਾਤੇ ਦਾ, ਰੁੱਤਬਾ ਬੜਾ ਮਹਾਨ। ਅਸਲ ਵਿੱਚ ਕ੍ਰਿਸਾਨ ਹੀ, ਧਰਤੀ ਮਾਂ ਦਾ ਜਾਇਆ ਹੈ। ਲੋਕੋ ਇਸ ਦੀ ਮਿਹਨਤ ਦਾ, ਮੁੱਲ ਕਿਸੇ ਨਾ ਪਾਇਆ ਹੈ। ਢਿੱਡ ਭਰਦਾ ਹੈ ਦੁਨੀਆਂ ਦਾ ‘ਤੇ ਉੱਚੀ ਇਸ ਦੀ ਸ਼ਾਨ, ਜੀਊਂਦਾ ਰਹੇ ਮਜ਼ਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। ਦੁਨੀਆ ਦੇ ਇਸ ਅੰਨਦਾਤੇ ਦਾ, ਰੁੱਤਬਾ ਬੜਾ ਮਹਾਨ। ਖਾਣ-ਪੀਣ ਨੂੰ ਦੇਸ਼ ਹੈ ਸਾਰਾ, ‘ਤੇ ਡਾਂਗਾਂ ਖਾਏ ਕਿਸਾਨ। ਹੱਕ ਆਪਣੇ ਲਈ ਵਾਰ ਕੇ ਜਾਨਾਂ, ਹੋ ਜਾਵਣ ਕੁਰਬਾਨ। ਕਿਸਾਨ ਮਾਰੂ ਬਿੱਲ ਬਣਾ ਕੇ, ਫਿਰ ਝੂਠੇ ਦੇਣ ਬਿਆਨ, ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। ਦੁਨੀਆ ਦੇ ਇਸ ਅੰਨਦਾਤਾ ਦਾ, ਰੁੱਤਬਾ ਬੜਾ ਮਹਾਨ। ਵਿਕਣ ਵਾਲਾ ਹੈ ਦੇਸ਼ ਰਹਿ ਗਿਆ, ਕੀ ਕੀਤਾ ਸਰਕਾਰਾਂ। ਅਮੀਰਾਂ ਤੇ ਰਜਵਾੜਿਆਂ ਰਲ ਕੇ, ਖਾਧਾ ਦੇਸ਼ ਗ਼ਦਾਰਾਂ। ‘ਅਨੀਂ ਪ੍ਹੀਵੇ ਤੇ ਕੁੱਤੇ ਚੱਟਣ, ਸਿਆਸਤ ਬੜੀ ਸ਼ੈਤਾਨ, ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। ਦੁਨੀਆ ਦੇ ਇਸ ਅੰਨਦਾਤਾ ਦਾ, ਰੁੱਤਬਾ ਬੜਾ ਮਹਾਨ। ‘ਸੁਹਲ’ ਦੇਸ਼ ਬਚਾਵਣ ਤੁਰ ਪਏ, ਭਾਰਤ ਦੇ ਅੰਨਦਾਤੇ। ਕੁਰਬਾਨੀਆਂ ਦੇ ਕੇ ਖ੍ਹੋਲ ਦੇਣਗੇ, ਨਵੇਂ ਯੁਗ ਦੇ ਖਾਤੇ। ਕਾਰਪੋਰੇਟ ਘਰਾਣਿਆਂ ਵਾਲੀ, ਹੋ ਜਾਊ ਬੰਦ ਦੁਕਾਨ, ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ-ਜੁਗ ਜੀਵੇ ਕਿਸਾਨ। ਦੁਨੀਆ ਦੇ ਇਸ ਅੰਨਦਾਤੇ ਦਾ, ਰੁੱਤਬਾ ਬੜਾ ਮਹਾਨ।

4. ਦਿੱਲੀ ਦੀ ਹਿੱਕ ਉੱਤੇ

ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ। ਪੈਰਾਂ ਥੱਲੇ ਸੱਪਾਂ ਦੀਆਂ, ਸਿਰੀਆਂ ਜੋ ਨੱਪਦੇ। ਟੱਪ ਕੇ ਉਹ ਦਿੱਲੀ ਦਿਆਂ, ਬਾਡਰਾਂ ਤੇ ਨੱਚਦੇ। ਹੁਣ ਦੇਸ਼ ਦੇ ਹਾਕਮ ਵੀ, ਹੋ ਗਏ ਨੇ ਹੈਰਾਨ, ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ। ਕੈਸਾ ਹਾਲ ਹੋਇਆ ਹੈ, ਅੱਜ ਅੰਨਦਾਤੇ ਦਾ। ਦਰਦ ਨਾ ਸੁਣੇ ਕੋਈ, ਜੱਗ ਦੇ ਵਿਧਾਤੇ ਦਾ। ਸੀਸ ਨਿਵਾਈਏ ਜਿਹੜੇ , ਹੋ ਗਏ ਕੁਰਬਾਨ, ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ। ਪੋਹ ਦੇ ਮਹੀਨੇ ਵਿਚ, ਧੁੰਦ ਦੀਆਂ ਛਾਵਾਂ ਜੀ। ਲੰਗਰ ਪਕਾਉਂਦੀਆਂ ਨੇ, ਭੈਣਾ ਤੇ ਮਾਵਾਂ ਜੀ। ਮਜ਼ਦੂਰਾਂ ਅਤੇ ਬੱਚਿਆਂ ਦਾ, ਚੜ੍ਹਿਆ ਤੂਫ਼ਾਨ, ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ। “ਸੁਹਲ” ਇਹ ਕਨੂੰਨ ਕਾਲੇ, ਵਾਪਿਸ ਕਰਾਂਵਾਂਗੇ ਲੈ ਕੇ ਹੱਕ ਆਪਣੇ, ਤਾਂ ਹੀ ਘਰ ਜਾਵਾਂਗੇ। ਇਹ ਝੂਠੀਆਂ ਬੁਝਾਰਤਾਂ ਨਹੀਂ ਸਾਨੂੰ ਪ੍ਰਵਾਨ, ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ।

5. ਆਪਣੀ ਹੀ ਕੁੱਲੀ

ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਮਜ਼ਾ ਬੜਾ ਆਉਂਦਾ ਹੈ ਆਪਣੀ ਕਮਾਈ ਦਾ। ਆਪਣਾ ਹੀ ਕਰੀਦਾ ਆਪਣਾ ਹੀ ਖਾਈਦਾ। ਰੁੱਖੀ-ਸੁੱਕੀ ਰੋਟੀ ਦਿਓ ਅੱਜ਼ਬ ਹੀ ਨਜ਼ਾਰਿਉ, ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਬਾਲੜੀ ਦੇ ਸਿਰ ਉਤੇ ਚੁੰਨੀ ਲੀਰੋ- ਲੀਰ ਹੈ। ਹੱਥ ਅੱਡ ਮੰਗਣੇ ਦੀ ਪੈਰਾਂ ‘ਚ ਜੰਜੀਰ ਹੈ। ਕਿਹਨੂੰ ਹਾਲ ਦਸਾਂ ਮੈਂ ਇਹ ਰੰਗਲੇ ਚੁਬਾਰਿਓ, ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਭੁੱਖਾ- ਭਾਣਾਂ ਵੇਖੋ ਅੱਜ ਸੁੱਤਾ ਪਰਵਾਰ ਹੈ। ਪੀ ਕੇ ਸਾਡਾ ਖ਼ੂਨ ਕੋਈ ਮਾਰਦਾ ਡੱਕਾਰ ਹੈ। ਕੱਡਿਉ ਨਾ ਗਾਲਾਂ ਕੋਈ ਝਿੱੜਕਾਂ ਨਾ ਮਾਰਿਓ, ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਬੜਾ ਕੁਝ ਆਖਿਆ ਹੈ ਇਹਨਾਂ ਸਰਕਾਰਾਂ ਨੂੰ। ਕੌਣ ਪੁੱਛਦਾ ਹੈ ਏਥੇ ਦੇਸ਼ ਦੇ ਗ਼ਦਾਰਾਂ ਨੂੰ। ਲਹੂ ਸਾਡਾ ਪੀਣਾ ਛੱਡੋ ਵੇ ਖ਼ੂਨੀ ਹੱਤਿਆਰਿਓ, ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਔਹ!ਬੰਗਲਾ ਬਣਾਇਆ ਜਦ ਵਢੇ੍ਹ ਸ਼ਾਹੂਕਾਰ ਦਾ। ਉਹੀ “ਸੁਹਲ” ਉਤੇ ਵੇਖੋ ਜੁਲਮ ਗੁਜ਼ਾਰਦਾ। ਹਾਮੀਂ ਮੇਰੀ ਭਰੋ ਤੁਸੀਂ ਚੰਨ ਤੇ ਸਿਤਾਰਿਓ, ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

6. ਆਪਣੀ ਬਾਤ

ਸੁਣੋ- ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਕਰਨੀ- ਕਥਨੀ ਦਾ ਹੈ ਅੰਤਰ। ਝੂੱਠ- ਸੱਚ ਦਾ ਮਾਰ ਕੇ ਮੰਤਰ। ਉਨ੍ਹਾਂ ਦੀ ਕੈਸੀ ਹੈ ਔਕਾਤ, ਸੁਣੋ- ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਵਿਚ ਮੈਦਾਨੇ ਜਿੱਤਣਾ ਹਰਨਾ। ਗਲੀਂ-ਬਾਤੀਂ ਨਹੀਂ ਜੇ ਸਰਨਾ। ਕਿਦ੍ਹੇ ਘਰ ਵਿਚ ਆਊ ਸੁਗਾਤ, ਸੁਣੋ -ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਸਮੇਂ-ਸਮੇਂ ਸਰਕਾਰਾਂ ਆਈਆਂ। ਲੋਕਾਂ ਨੇ ਬੜੀਆਂ ਅਜ਼ਮਾਈਆਂ। ਜਨਤਾ ਦੇ ਮਾੜੇ ਕਿਉਂ ਹਾਲਾਤ, ਸੁਣੋ -ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਵੋਟਰ ਦਾ ਹੈ,ਲੀਡਰ ਨੂੰ ਮਿਹਣਾ। ਇਨ੍ਹਾਂ ਦੋਸ਼ ਹੈ ਕਿਸ ਨੂੰ ਨੂੰ ਦੇਣਾ। ਕਿਰਤੀ ਘਰ ਕਾਹਦੀ ਪਰਭਾਤ; ਸੁਣੋ -ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਵੋਟਾਂ ‘ਚ ਨੇਤਾ,ਦੇਣ ਸਫਾਈਆਂ। ਥੱਕਣ ਨਾ ਕਰਦੇ ਵਡਿਆਈਆਂ। ਸਿਆਸਤ ਦੀ ਨਾ ਕੋਈ ਜਮਾਤ, ਸੁਣੋ -ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਕਈ ਛੱੜੇ ਜਾਂ ਰੰਡੇ ਫਿਰਦੇ ਨੇਤਾ। ਕਿਉ ਜਨਤਾ ਦਾ ਭੁਲਿਆ ਚੇਤਾ। ਕੁਰਸੀ ਦੀ ਉਹ ਰਖਣ ਚਾਹਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਕਿਸਾਨ ਅਤੇ ਮਜ਼ਦੂਰ ਹੀ ਮਰਦੇ। ਜੋ ਖੁਦਕਸ਼ੀਆਂ ਕਿਉਂ ਨੇ ਕਰਦੇ। ਉਹਨਾਂ ਦੇ ਘਰ ਦੇ ਸੁਣੋ ਹਾਲਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਸ਼ੌਂਕਣ ਵਾਂਗ ਪਏ ਲੜਦੇ ਲੀਡਰ। ਕੜੱਛੀ-ਚਮਚੇ ਉਨ੍ਹਾਂ ਦੇ ਰੀਡਰ। ਸਿਆਸਤ ਸਭ ਤੋਂ ਮਾੜੀ ਜਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਭਾਸ਼ਨ ‘ਚ ਇਨ੍ਹਾਂ ਦੇ ਨਖ਼ਰੇ ਵੇਖੋ। ਇਹ ਮਜ਼੍ਹਮੇਂ ਲਾਉਂਦੇ ਵੱਖਰੇ ਵੇਖੋ। ਤਾਂ ਨ੍ਹਾਰਿਆਂ ਦੀ ਹੁੰਦੀ ਬਰਸਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਇਕ ਦੂਜੇ ਤੇ ਨੇ ਦੋਸ਼ ਲਗਾਉਂਦੇ। ਜੋ ਭਲਾ ਦੇਸ਼ ਦਾ ਨਹੀਂਉਂ ਚਹੁਂਦੇ। ਵਿਰੋਧੀ ਧਿਰ ਉਹੋ ਜਿਹੀ ਜਮਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਇਹ ਭਾਰਤ ਦੇਸ਼ ਮਹਾਨ ਬੜਾ ਹੈ। ਪਰ! ਲੀਡਰ ਵੀ,ਸ਼ੈਤਾਨ ਬੜਾ ਹੈ। ‘ਸੁਹਲ’ ਵਿਖਾਉਂਦੇ ਨੇ ਕਰਾਮਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ।

7. ਅਵਗਤ ਰੂਹਾਂ

ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਸੱਸੀ ਮਾਰੂਥਲ ‘ਚ ਸੜ ਗਈ। ਪੁਨੂੰ-ਪਨੂੰ ਕਰਦੀ ਮਰ ਗਈ। ਬੇ-ਮੁੱਖ ਹੋਈਆਂ ਸਭੇ ਰਾਹਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਫਰੀਆਦ ਨੇ ਤੋੜ ਨਿਭਾਈ। ਸ਼ੀਰੀਂ ਪ੍ਰੇਮ ਦੀ ਬਾਜੀ ਲਾਈ। ਰਾਜੇ-ਰੰਕ ਨੇ ਇਸ਼ਕ ਗਾਥਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਮਹੀਂਵਾਲ ਪੱਟ ਚੀਰ ਕੇ ਰੱਖੇ। ਸੋਹਣੀ ਤੋਂ ਫਿਰ ਗਏ ਨਾ ਚੱਖੇ। ਹੁਣ ਕਿਦਾਂ ਕੱਚੇ ਘੜੇ ਤੇ ਆਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਮਿਰਜੇ ਯਾਰ ਦੀ ਹਿੱਣਕੇ ਬੱਕੀ। ਸਾਹਿਬਾਂ ਤਰਲੇ ਕਰ-ਕਰ ਥੱਕੀ। ਤਰਸ ਨਾ ਕੀਤਾ ਸਕੇ ਭਰਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਔਖਾ ਹੁੰਦਾ ਇਸ਼ਕ ਨਿਭਾਉਣਾਂ। ਸੌਖਾ ਨਹੀ ਹੈ ਸਿਰੇ ਚੜ੍ਹਾਉਣਾਂ। ਕਿਹੜੇ ਇਸ਼ਕ ਦਾ ਗੀਤ ਸੁਣਾਵਾਂ ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਹੁਣ ਤਾਂ ਕਬਰਾਂ ਰਾਜ ਨਾ ਖੋਲ੍ਹਣ। ਪਰਬਤ-ਟਿੱਲੇ ਕੁਝ ਨਾ ਬੋਲਣ। ਸੁਖੀ ਨਾ ਧੀਆਂ,ਭੈਣਾਂ, ਮਾਵਾਂ। ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਮਾਰ ਵਗੀ ਹੈ ਸਮੇਂ ਨੂੰ ਐਸੀ। ਖ਼ੁਦਕਸ਼ੀਆਂ ਦੀ ਗੱਲ ਹੈ ਕੈਸੀ। ਪਈਆਂ ਨੇ ਗਲ ਕਈ ਬਲਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਸੱਚਾ ਪਿਆਰ ਕਿਤੇ ਨਾ ਲੱਭੇ। ਵੇਖ ਲਿਆ ਸਭ ਸੱਜੇ - ਖੱਬੇ। ਮੌਤ ਨਾਲ ਕਿਉਂ ਲੈਂਦੇ ਲਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ‘ਸੁਹਲ’ਸੋਚਾਂ ਖੂਹ ‘ਚ ਪਈਆਂ। ਸ਼ਰਮ-ਹਯਾਵਾਂ ਸਿਰਤੋਂ ਲਹੀਆਂ। ਹੋਰ ਨਾ ਰੱਬਾ! ਦਈਂ ਸਜ਼ਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਵਗਣ ਨਾ ਏਥੇ ਗੈਰ ਹਵਾਵਾਂ।

8. ਬਾਗਾਂ ਦੇ ਮਾਲੀ

ਸੁਣ ਬਾਗਾਂ ਦੇ ਪਿਆਰੇ ਮਾਲੀ, ਫੁੱਲ ਤੇਰੇ ਦਰ ਖੜੇ ਸਵਾਲੀ। ਫੁੱਲਾਂ ਨੂੰ ਤੂੰ ਪਾ ਕੇ ਪਾਣੀ, ਬਣ ਗਿਉਂ ਫੁੱਲਾਂ ਦਾ ਵਾਲੀ। ਧੰਨ ਹੈ ਤੇਰਾ ਠੰਢਾ ਜਿਗਰਾ, ਜਿਸ ਨੇ ਕੀਤੀ ਹੈ ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ ਜਦ ਫੁੱਲਾਂ ‘ਤੇ ਲਾਲੀ। ਕੁਦਰਤ ਨੇ ਹੈ ਮਾਣ ਵਧਾਇਆ, ਝੂਮ ਰਹੀ ਹੈ ਡਾਲੀ - ਡਾਲੀ। ਇਸ ਧਰਤੀ ‘ਤੇ ਕਿਰਤੀ ਬੰਦੇ, ਹੋਏ ਅਮਰ ਜਿਨ੍ਹਾਂ ਜਿੰਦ ਘਾਲੀ। “ਸੁਹਲ”ਫੁੱਲ ਨਾ ਮਿੱਧੇ ਜਾਵਣ, ਭਰ ਦੇ ਸਭ ਦੀ ਝੋਲੀ ਖਾਲੀ।

9. ਬੰਦਾ ਮਰਵਾਇਆ

ਧਰਮ ਦੇ ਨਾਂ ਤੇ ਹੋਣ ਡਰਾਮੇਂ। ਲੋਕਾਂ ਤੋਂ ਕਰਵਾਉਣ ਹੰਗਾਮੇਂ। ਭਾੜੇ-ਖੋਰੇ ਅੱਗ ਲਗਾਉਂਦੇ ਉਹ ਇਨ੍ਹਾਂ ਦੇ, ਜੀਜੇ- ਮਾਮੇਂ। ਇਹ ਨੇ ‘ਸ਼ੀਹ ਮੁੱਕਦਮ ਰਾਜੇ’ ਅੱਜ ਵੀ ਲੀਡਰ ਨੇ ਸ਼ਹਿਜ਼ਾਦੇ। ਪੁੱਠੀ ਗਿਣਤੀ ਰਹੇ ਸਿਖਾਉਂਦੇ ਬਾਬੇ - ਲੀਡਰ ਨੇ ਮਹਾਰਾਜੇ। ਮਾਂ ਬੋਲੀ ਨੂੰ ਭੁੱਲ ਗਏ ਜਿਹੜੇ ਕਿਵੇਂ ਪੈਣਗੇ ਮਾਂ ਦੇ ਚਰਨੀਂ। ਪੜ੍ਹਿਆ ਨਾ ਜੇ ਊੱੜਾ- ਐੜਾ ਉਨ੍ਹਾਂ ਨੇ ਪੈਂਤੀ ਕਿਥੋਂ ਪੜ੍ਹਨੀ। ਜੀਊਂਦੀ ਮਾਂ ਦਾ ਸੁੱਖ ਬੜਾ ਹੈ। ਮਾਂ ਮਰ ਜਾਵੇ ਦੁੱਖ ਬੜਾ ਹੈ। ਕਰਦਾ ਜੋ ਵੀ ਮਾਂ ਦੀ ਸੇਵਾ ਉਹ ਸਮਝਦਾਰ ਮਨੁੱਖ ਬੜਾ ਹੈ ਝਗੜੇ ਕਈ ਨੇ ਹੁਣ ਮਾਵਾਂ ਦੇ। ਕੁਝ ਝਗੜੇ ਨੇ ਦਰਿਆਵਾਂ ਦੇ। ਹਿੰਦੂ, ਮੁਸਲਮ ਅਤੇ ਈਸਾਈ ਹੁਣ ਦੰਗੇ ਸੂਰਾਂ, ਗਾਵਾਂ ਦੇ। ਇਹ ਗੱਲ ਸਭ ਨੂੰ ਕਹਿਣੀ ਹੈ। ਹੁਣ ਨੀਤ ਬਦਲਣੀਂ ਪੈਣੀ ਹੈ। ਪਰ! ਧਰਮ ਦੇ ਠੇਕੇਦਾਰਾਂ ਦੀ ਅਜੇ ਅੰਦਰੋਂ ਸੋਚ ਪੁਰਣੀ ਹੈ। ਹਿੰਦੂ-ਮੁਸਲਮ ਸੀ ਦੋਵੇਂ ਰੋਏ। ਉਹ ਨਹੀਂ ਭਾਂਬੜ ਮੱਠੇ ਹੋਏ। ਜੋ ਸੰਨ ਸੰਤਾਲੀ ਭਰੇ ਗਵਾਹੀ ਘਰ ਲੋਕਾਂ ਦੇ ਸੀ, ਢੱਠੇ ਹੋਏ। ਮਿਤੱਰਤਾ ਦੀ ਲਹਿਰ ਬਣਾਓ। ਖ਼ੁਦ ਵੀ ਸਮਝੋ ਤੇ ਸਮਝਾਓ। ਇਵੇਂ ਬੇੜੀ ਪਾਰ ਨਹੀਂ ਹੋਣੀ ਰਲ- ਮਿਲ ਸਾਰੇ ਚੱਪੂ ਲਾਓ। “ਸੁਹਲ”ਜੋ ਸੰਤਾਪ ਹੰਡਾਇਆ। ਨਹੀਉਂ ਜਾਣਾ ਕਦੇ ਭੁਲਾਇਆ। ਜਨੂਨੀਂ ਰਾਜਨੀਤਕ ਨੇ ਚਾਲਾਂ ਬੰਦੇ ਤੋਂ ਬੰਦਾ ਮਰਵਾਇਆ।

10. ਬਾਪੂ ਜਦ ਸ਼ਹਿਰ ਨੂੰ ਜਾਵੇ

ਬਾਪੂ ਜਦੋਂ ਸ਼ਹਿਰ ਨੂੰ ਜਾਵੇ, ਬੱਚਿਆਂ ਨੂੰ ਕਈ ਲਾਰੇ ਲਾਵੇ। ਪੋਤਾ ਕਹੇ ਜਹਾਜ਼ ਹੈ ਲੈਣਾ ਤੇ ਪੋਤੀ ਵੰਗਾਂ ਨੂੰ ਕੁਰਲਾਵੇ। ਸੋਚਾਂ ਦੇ ਵਿਚ ਪੈ ਗਿਆ ਬਾਪੂ,ਇਹ ਕੀ ਕਹਾਣੀ ਬਣ ਗਈ। ਪਾਣੀ ਪੀ ਕੇ ਬੈਠ ਗਿਆ, ਕੋਈ ਦਿਲ ਉਤੇ ਗੱਲ ਠੱਣ ਗਈ। ਪਰ! ਬਾਪੂ ਲਾਰੇ-ਬੁੱਤੇ ਲਾ ਕੇ, ਨਿੱਕਿਆਂ ਬਾਲਾਂ ਨੂੰ ਪਰਚਾਵੇ, ਪੋਤਾ ਕਹੇ ਜਹਾਜ਼ ਹੈ ਲੈਣਾ, ਤੇ ਪੋਤੀ ਵੰਗਾਂ ਨੂੰ ਕੁਰਲਾਵੇ। ਬਾਪੂ ਜਦੋਂ ਸ਼ਹਿਰ ਨੂੰ ਜਾਵੇ, ਬੱਚਿਆਂ ਨੂੰ ਕਈ ਲਾਰੇ ਲਾਵੇ। ਨਿੱਕੀ ਜਿਹੀ ਉਹ ਕਰ ਸ਼ਰਾਰਤ,ਪਉਂਦੇ ਮੈਨੂੰ ਨਵੀਂ ਬੁਝਾਰਤ। ਬਾਪੂ ਨੂੰ ਹੈ ਪੜ੍ਹਨੇ ਪਾਇਆ,ਨਿੱਤ ਲਿਖਾਉਂਦੇ ਨਵੀਂ ਇਬਾਰਤ। ਮੋਬਾਇਲ ਫੋਨ ਤੇ ਮਾਰੇ ਉਂਗਲੀ, ਬੱਬਲੂ ਮੈਨੂੰ ਇਉਂ ਸਮਝਾਵੇ, ਕਿ ਬਾਪੂ, ਜੈੱਟ ਜਹਾਜ਼ ਮੈਂ ਲੈਣਾ ਤੇ ਪੋਤੀ,ਵੰਗਾਂ ਨੂੰ ਕੁਰਲਾਵੇ। ਬਾਪੂ ਜਦੋਂ ਸ਼ਹਿਰ ਨੂੰ ਜਾਵੇ,ਤਾਂ ਬੱਚਿਆਂ ਨੂੰ ਕਈ ਲਾਰੇ ਲਾਵੇ। ਤੋਤਲੀਆਂ ਉਹ ਗੱਲਾਂ ਕਰਦੇ,ਝਿੱੜਕ ਮਾਰਿਆਂ ਨਹੀਉਂ ਡਰਦੇ। ਗੁੱਸੇ ਵਿਚ ਜਦੋਂ ਵੀ ਆਵਾਂ,ਉਹ ਦੌੜ ਕੇ ਮੇਰੀਆਂ ਲੱਤਾਂ ਫੜਦੇ। ਕਹਿੰਦੇ ਬਾਪੂ ਨੂੰ ਕੀ ਹੋਇਆ, ਦੋਵਾਂ ਚੋਂ ਨਾ ਕੋਈ ਸ਼ਰਮਾਵੇ, ਬਾਪੂ ਜਦੋਂ ਸ਼ਹਿਰ ਨੂੰ ਜਾਵੇ, ਤਾਂ ਬੱਚਿਆਂ ਨੂੰ ਕਈ ਲਾਰੇ ਲਾਵੇ। ਪੋਤਾ ਕਹੇ ਜਹਾਜ਼ ਹੈ ਲੈਣਾ ਤੇ ਪੋਤੀ ਵੰਗਾਂ ਨੂੰ ਕੁਰਲਾਵੇ। ਖਾਣ-ਪੀਣ ਦੀ ਆਏ ਨਾ ਤੰਗੀ, ਇਹੋ ਗੱਲ ਕੁਦਰਤ ਤੋਂ ਮੰਗੀ। ਬਜ਼ਰੁਗਾਂ ਦਾ ਮੰਨ ਖ਼ੁਸ਼ ਹੋ ਜਾਂਦਾ, ਵਿਹੜੇ ਖੇਡਣ ਜਦੋਂ ਭੁਝੰਗੀ। “ਸੁਹਲ” ਬੱਚੇ ਮਿੱਠਾ ਮੇਵਾ, ਹਰ ਕੋਈ ਸੀਨੇ ਨਾਲ ਲਗਾਵੇ, ਬਾਪੂ ਜਦੋਂ ਸ਼ਹਿਰ ਨੂੰ ਜਾਵੇ, ਤਾਂ ਬੱਚਿਆਂ ਨੂੰ ਕਈ ਲਾਰੇ ਲਾਵੇ। ਪੋਤਾ ਕਹੇ ਜਹਾਜ਼ ਹੈ ਲੈਣਾ ਤੇ ਪੋਤੀ ਵੰਗਾਂ ਨੂੰ ਕੁਰਲਾਵੇ।

11. ਬੜਾ ਤੰਗ ਕੀਤਾ

ਖੰਡ ਬੰਦ ਕੀਤੀ, ਕਿਸੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ,ਬੜਾ ਤੰਗ ਕੀਤਾ। ਘੋਟ - ਘੋਟ ਪੀਤੇ ਬੜੇ ਪੱਤੇ ਨਿੰਮ ਦੇ। ਪੰਸਾਰੀ ਤੋਂ ਲਿਆ ਕੇ ਖਾਧੇ ਬੀਜ ਕਿੰਮ ਦੇ। ਮੇਥੇ, ਅਜਵਾਇਣ ਨੂੰ ਵੀ ਢੰਗ ਨਾਲ ਪੀਤਾ, ਖੰਡ ਬੰਦ ਕੀਤੀ, ਕਿਸੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ,ਬੜਾ ਤੰਗ ਕੀਤਾ। ਰਗੜ ਧਤੂਰੇ ਦੀਆਂ, ਪੱਤੀਆਂ ਵੀ ਪੀਤੀਆਂ। ਦੇਸੀ ਚਾਹਾਂ ਤੱਤੀਆਂ-ਠੰਡੀਆਂ,ਵੀ ਪੀਤੀਆਂ। ਚੋੱਟੀ ਦੇ ਹੱਕੀਮਾਂ ਦਾ ਵੀ ਬੜਾ ਸੰਗ ਕੀਤਾ, ਖੰਡ ਬੰਦ ਕੀਤੀ, ਕਿਸੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ,ਬੜਾ ਤੰਗ ਕੀਤਾ। ਮਹਿੰਗੀ ਤੋਂ ਮਹਿੰਗੀ,ਦਵਾਈ ਖਾਧੀ ਰੱਜ ਕੇ। ਸੁੰਢ, ਕੱਚੀ ਹਲਦੀ ਵੀ, ਖਾਧੀ ਚੱਬ-ਚੱਬ ਕੇ। ਭੰਗ-ਬੀਜ, ਮੂਸਲੀ ਨੂੰ, ਚਾਲੀ ਡੰਗ ਪੀਤਾ, ਖੰਡ ਬੰਦ ਕੀਤੀ, ਕਿਸੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ, ਬੜਾ ਤੰਗ ਕੀਤਾ। ਟੀ.ਵੀ ਤੇ ਮੋਬਾਇਲ ਉਤੇ,ਇਹੋ ਮਸ਼ਹੂਰੀਆਂ। ਮੈਗੀ,ਪੀਜ਼ਾ,ਬਰਗ਼ਰ,ਨਾ ਖਾਉ ਛੋਲੇ ਪੂਰੀਆਂ। ਚਾਟ-ਮਸਾਲਿਆਂ ਦੇ ਨਾਲ ਬੜਾ ਜੰਗ ਕੀਤਾ, ਖੰਡ ਬੰਦ ਕੀਤੀ, ਕਦੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ, ਬੜਾ ਤੰਗ ਕੀਤਾ।

12. ਬਾਣੀ ਨਾਨਕ ਦੀ

ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਉ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ ਨਾਨਕ ਦੀ ਬੜੀ ਪਰਤੱਖ ਲੋਕੋ, ਜੇ ਸੱਚਾ ਤਾਂ,ਬਾਣੀ ਦਾ ਅੱਦਬ ਸੱਚਾ। ਘੋਰ ਪਾਪ ‘ਤੇ ਕੂੜ ਨੇ ਅੱਤ ਚੁੱਕੀ, ਹਨੇਰੀ ਕਹਿਰ ਦੀ ਚੱੜ੍ਹੀ ਹਰ ਪਾਸੇ। ਮਨ ਮੈਲੇ, ਦਿਲਾਂ ‘ਚ ਦੂਜ ਵਧ ਗਈ, ਬਾਬਰ ਬਾਣੀ ਪੜ੍ਹੀ ਗਈ ਹਰ ਪਾਸੇ। ਊਚ-ਨੀਚ ਦਾ ਹਰ ਥਾਂ ਬੋਲ-ਬਾਲਾ, ਝੁੱਰੀ ਫੜੀ ਕਿਸਾਈਆਂ ਹਰ ਪਾਸੇ। ਦੁੱਖ-ਦਰਦ ਨਾ ਕਿਸੇ ਦਾ ਕੋਈ ਜਾਣੇ, ਨਫ਼ਰਤ ਦਿਲਾਂ ‘ਚ ਘੜੀ ਹਰ ਪਾਸੇ। ਰਾਇ ਭੋਇ ਤਲਵੰਡੀ ਦੀ ਜੂਹ ਅੰਦਰ, ਤ੍ਰਿਪਤਾ ਮਾਤਾ ਨੇ,ਜੱਗ ਨੂੰ ਭਾਗ ਲਾਏ। ਗੁਰੁ ਨਾਨਕ ਜੀ ਪਰਗਟੇ ਜੱਗ ਅੰਦਰ, ਅੰਬਰ ਵਿਚ, ਹਵਾਵਾਂ ਨੇ ਰਾਗ ਗਾਏ। ਭੈਣ ਨਾਨਕੀ ਚਾਵਾਂ ‘ਚ ਹੋਈ ਦੂਣੀ, ਪਿਤਾ ਕਾਲੂ ਦੀ ਹੋਈ ਸੀ ਆਸ ਪੂਰੀ। ਪਰੀਆਂ, ਦੇਵਤੇ, ਪੀਰ ਪੈਗੰਬਰਾਂ ਦੀ, ਵਾਹਿਗੁਰੂ ਨੇ ਕੀਤੀ ਅਰਦਾਸ ਪੂਰੀ । ਤੇਰਾਂ-ਤੇਰਾਂ ਹੀ ਕਰ ਉਹ ਤੋਲਦਾ ਸੀ, ਗਰੀਬਾਂ ਵਾਸਤੇ ਹੋਈ ਸੀ ਰਾਸ ਪੂਰੀ। ਬਾਬਰ ਬਾਣੀ ਦਾ ਭੋਗ ਸੀ ਪੈਣ ਲੱਗਾ, ਲਿਤੜੇ ਲੋਕਾਂ ਦੀ ਹੋਈ, ਖ਼ਾਹਿਸ਼ ਪੂਰੀ। ਚਾਨਣ ਪਰੇਮ ਦਾ, ਵੰਡਿਆ ਹਰ ਪਾਸੇ, ਸਿੱਧੇ ਰਾਹੇ ਸੀ, ਪਾਂਵਦੇ, ਭੁੱਲਿਆਂ ਨੂੰ। ਭਾਈ ਲਾਲੋ ਦੇ ਘਰ ਨੂੰ , ਭਾਗ ਲਾਏ, ਛੱਡਕੇ ਮਲਕ ਦੇ ਖਾਣੇ,ਵਡਮੁਲਿਆਂ ਨੂੰ। ਚੜ੍ਹਦੇ, ਲਹਿੰਦੇ ਤੇ ਦੱਖਣ-ਪਹਾੜ ਵੱਲੇ, ਕਈ ਕੌਤਕ ਸੀ ਕਰਦਾ ਰਿਹਾ ਨਾਨਕ। ਸੱਚਾ ਸੌਦਾ ਸੀ,ਭੁੱਖਿਆਂ ਸਾਧੂਆਂ ਲਈ ਪੇਟ ਭੁੱਖਿਆਂ ਦੇ ਭਰਦਾ ਰਿਹਾ ਨਾਨਕ। ਜ਼ਬਰ-ਜੁਲਮ ਦੀ ਚੱਕੀ ਨੂੰ ਪੀਸਦੇ ਰਹੇ, ਜੋਖ਼ਮ ਜੇਹਲ ਦੇ ਜਰਦਾ ਰਿਹਾ ਨਾਨਕ। ਹੰਕਾਰ ਵਲੀ ਕੰਧਾਰੀ ਦਾ ਤੋੜਿਆ ਸੀ, ਸੱਚੀ ਸੋਚ ‘ਤੇ, ਖੜ੍ਹਦਾ ਰਿਹਾ ਨਾਨਕ। ਚਾਰੇ ਕੂੰਟਾਂ ਦੀ ਯਾਤਰਾ, ਕਰਨ ਪਿਛੋਂ, ਕਰਤਾਰਪੁਰ ਵਿਚ ਆ ਕੇ ਕਰੀ ਖੇਤੀ। ‘ਸੁਹਲ’ ਕਿਰਤ ਕਮਾਈ ਰਹੇ ਕਰਦੇ, ਤਾਂ ਹੀ ਉਨ੍ਹਾਂ ਦੀ,ਸੀ ਹਰੀ-ਭਰੀ ਖੇਤੀ।

13. ਭਾਂਬੜ ਬਲਦੇ

ਭਾਂਬੜ ਬਲਦੇ ਮੱਠੇ ਹੋ ਗਏ, ਸੁੱਤੀ ਅਲਖ਼ ਜਗਾਵੋ ਨਾ। ਜਾਣ ਬੁੱਝ ਕੇ ਬਲਦੀ ਉੱਤੇ, ਤੇਲ ਦੇ ਬਾਟੇ ਪਾਵੋ ਨਾ। ਬੀਤ ਗਿਆ ਜੋ ਬੀਤ ਗਿਆ ਕਿਉਂ ਉਹਨੂੰ ਪਛਤਾਉਂਦੇ ਹੋ, ਸੂਲਾਂ ਵਿੰਨੇ ਸ਼ਬਦਾਂ ਵਾਲਾ ਗੀਤ ਹੋਰ ਕੋਈ ਗਾਵੋ ਨਾ। ਪੱਥਰ ਦਿਲ ਜਿਨ੍ਹਾਂ ਵੀ ਕੀਤੇ ਉਹ ਵੀ ਏਥੋਂ ਤੁਰ ਗਏ ਨੇ, ਅੰਗਿਆਰਾਂ ਦੇ ਫ਼ੁੱਲਾਂ ਵਾਲੀ ਅਰਥੀ ਹੋਰ ਸਜਾਵੋ ਨਾ। ਬੰਦਾ ਗ਼ਲਤੀ ਦਾ ਹੈ ਪੁਤਲਾ ਸੱਭ ਫ਼#39;ਤੋਂ ਗ਼ਲਤੀ ਹੋ ਜਾਂਦੀ, ਭੁੱਲ ਕੇ ਗ਼ਲਤੀ ਹੋ ਜਾਏ ਤਾਂ ਉਸਦੇ ਸ਼ਗਨ ਮਨਾਵੋ ਨਾ। ਦੋਸ਼ਾਂ ਨੂੰ ਤਾਂ ਦੋਸ਼ ਦਿਉਗੇ ਕੀ ਕਹਿਣਾ , ਨਿਰਦੋਸ਼ਾਂ ਨੂੰ, ਜੱਗ ਤੇ ਕੋਈ ਨਿਰਦੋਸ਼ ਨਹੀ ਤਾਂ ਆਪਣੇ ਦੋਸ਼ ਲੁਕਾਵੋ ਨਾ। ਆਪਣੇ ਤੇ ਨਾ ਛਿੱਟੇ ਪੈ ਜਾਣ ਏਨਾਂ ਵੀ ਤਾਂ ਸੋਚ ਲਵੋ, ਛੱਜ‘ਚ ਪੈ, ਨਾ ਛੱਟੇ ਜਾਇਉ ਐਸਾ ਕਰਮ ਕਮਾਵੋ ਨਾ। “ਸੁਹਲ”ਬੰਦ ਕਰੋ ਇਹ ਰਾਗ ਜਿਗਰਾ ਫਟਦਾ ਜਾਂਦਾ ਏ, ਸਮਝਦਾਰ ਨੂੰ ਬੜਾ ਇਸ਼ਾਰਾ ਬਹੁਤਾ ਵੀ ਸਮਝਾਵੋ ਨਾ।

14. ਭੈੜੀਆਂ ਅਲਾਮਤਾਂ

ਭੈੜੀਆਂ ਅਲਾਮਤਾਂ ‘ਚ ਕੁਝ ਵੀ ਨਾ ਰਹਿੰਦਾ। ਸੱਚੀ ਗੱਲ ਸੱਜਣੋਂ, ਜਹਾਨ ਸਾਰਾ ਕਹਿੰਦਾ। ਸਿਰ ਫਿਰੇ ਬੰਦੇ ਨਾਲ, ਪੰਗਾ ਕਦੇ ਲਉ ਨਾ। ਚੋਰ- ਉਚੱਕੇ ਲਾਗੇ, ਭੁੱਲ ਕੇ ਵੀ ਬਹੁ ਨਾ। ਮਾੜਿਆਂ ਕੰਮਾਂ ਦਾ ਫ਼ਲ ਭੁਗਤਣਾ ਪੈਂਦਾ, ਭੈੜੀਆਂ ਅਲਾਮਤਾਂ ‘ਚ ਕੁਝ ਵੀ ਨਾ ਰਹਿੰਦਾ। ਇਹ ਗੱਲ ਸੱਜਣੋਂ, ਜਹਾਨ ਸਾਰਾ ਕਹਿੰਦਾ। ਬੇਈਮਾਨ ਬੰਦੇ ਨਾਲੋਂ ਖਾਣਾ-ਪੀਣਾ ਛੱਡ ਦਿਉ। ਉਹਦੀਆਂ ਚਲਾਕੀਆਂ,ਦਿਲ ਵਿਚੋਂ ਕਢ੍ਹ ਦਿਉ। ਜੋ ਸਦਾ ਬੁਰਾ ਸੋਚਦਾ ਹੈ, ਉੱਠਦਾ ਤੇ ਬਹਿੰਦਾ, ਇਹ ਗੱਲ ਸੱਜਣੋਂ, ਜਹਾਨ ਸਾਰਾ ਕਹਿੰਦਾ। ਭੈੜੀਆਂ ਅਲਾਮਤਾਂ ‘ਚ ਕੁਝ ਵੀ ਨਾ ਰਹਿੰਦਾ। ਯਾਰ-ਮਾਰ ਤਾਈਂ ਕਦੇ, ਭੁੱਲਕੇ ਬੁਲਾਇਉ ਨਾ। ਹੱਥ ਅਗੇ ਕਰੇ ਤਾਂ, ਹੱਥ ਵੀ ਮਿਲਾਇਉ ਨਾ। ਢਿੱਡੋਂ ਤੇਰੇ ਨਾਲ ਸਦਾ, ਰਹਿੰਦਾ ਹੈ ਜੋ ਖਹਿੰਦਾ, ਭੈੜੀਆਂ ਅਲਾਮਤਾਂ ‘ਚ ਕੁਝ ਵੀ ਨਾ ਰਹਿੰਦਾ। ਇਹ ਗੱਲ ਸਜਣੋਂ, ਜਹਾਨ ਸਾਰਾ ਕਹਿੰਦਾ। ਚੁਗਲਖੋਰ ਕਦੇ ਮਿੱਤ, ਹੁੰਦਾ ਨਹੀਂ ਪਿਆਰਿਉ। ਰੱਬੀ-ਰੂਪ ਬੰਦਿਆਂ ਨੂੰ, ਭੁੱਲ ਕੇ ਨਾ ਮਾਰਿਉ। “ਸੁਹਲ” ਝੂਠਾ ਬੰਦਾ ਸਦਾ,ਦੁੱਖੜੇ ਹੈ ਸਹਿੰਦਾ, ਸੱਚੀ ਗੱਲ ਸੱਜਣੋ, ਜਹਾਨ ਸਾਰਾ ਕਹਿੰਦਾ। ਭੈੜੀਆਂ ਅਲਾਮਤਾਂ ‘ਚ, ਕੁਝ ਵੀ ਨਾ ਰਹਿੰਦਾ।

15. ਬੁੱਢੇ ਬਾਪੂ ਨੂੰ

ਕੁਝ ਤਾਂ ਕਰ ਪਿਆਰ, ਬੁੱਢੇ ਬਾਪੂ ਨੂੰ। ਨਾ ਕਰ ਖੱਜਲ-ਖੁਆਰ, ਬੁੱਢੇ ਬਾਪੂ ਨੂੰ। ਧੁੱਪਾਂ- ਕੋਰੇ ਜਿਸ ਨੇਂ ਤੰਨ ਹੰਡਾਏ ਨੇ ਕਿਉਂ ਰਿਹੈਂ ਦਰਕਾਰ, ਬੁੱਢੇ ਬਾਪੂ ਨੂੰ। ਕ੍ਰਿਤ -ਕਮਾਈ ਕਰਕੇ, ਬੱਚੇ ਪਾਲੇ ਨੇ ਤੂੰ ਪੂਰਾ ਦੇ ਸਤਿਕਾਰ, ਬੁੱਢੇ ਬਾਪੂ ਨੂੰ। ਲੱਕੋਂ ਕੁੱਬਾ, ਅੰਨ੍ਹਾ- ਬੋਲਾ ਹੋਇਆ ਹੈ ਕਰ ਨਾ ਅਵਾਜ਼ਾਰ, ਬੁੱਢੇ ਬਾਪੂ ਨੂੰ। ਖੇਤਾਂ ਵਿਚ ਤਾਂ ਗੋਡੀ-ਟਾਪੀ ਕਰਦਾ ਸੀ ਹੁਣ ਐਵੇਂ ਨਾ ਦੁਰਕਾਰ, ਬੁੱਢੇ ਬਾਪੂ ਨੂੰ। ਅਨਪੜ੍ਹ ਬਾਪੂ ਗੱਲ ਸਿਆਣੀ ਕਰਦਾ ਏ ਕਿਉਂ ਤੂੰ ਰਿਹੋਂ ਵਿਸਾਰ, ਬੁੱਢੇ ਬਾਪੂ ਨੂੰ। ਪਿੱਟ-ਸਿਆਪਾ ਐਵੇਂ ਉਹਦਾ ਕਰਦੇ ਹੋ ਪਾਵੋ ਨਾ ਫ਼ਿੳਮਪ;ਟਕਾਰ, ਬੁੱਢੇ ਬਾਪੁ ਨੂੰ। ਹੁਣ ਖਾਣਾ-ਪੀਣਾ ਬਾਪੂ, ਛੱਡੀ ਜਾਂਦਾ ਏ ਨਿੱਤ ਚੜ੍ਹਿਆ ਰਹੇ ਬੁਖ਼ਾਰ, ਬੁੱਢੇ ਬਾਪੂ ਨੂੰ। “ਸੁਹਲ” ਸੌਖੇ ਹੋ ਕੇ ਸਭ ਨੇ ਬਹਿ ਜਾਣਾ ਜਦ ਚੁੱਕ ਲਊ ਕਰਤਾਰ, ਬੁੱਢੇ ਬਾਪੂ ਨੂੰ

16. ਚੰਨ ਚੜ੍ਹਾਏਗਾ

ਕੋਈ ਰਾਣੀ ਖ਼ਾਂ ਦਾ ਸਾਲਾ ਚੰਨ ਚੜ੍ਹਾਵੇਗਾ। ਲੋਕਾਂ ਵਿਚ ਉਹ ਆਪਣਾ ਨਾਂ ਚਮਕਾਵੇਗਾ। ਉਸ ਨੂੰ ਯਾਰੋ! ਗੱਲ ਬਣਾਉਣੀ ਆਉਂਦੀ ਹੈ ਉਹ ਗਲੀਂ- ਬਾਤੀਂ ਤਾਰੇ ਤੋੜ ਲਿਆਵੇਗਾ। ਹੱਥ ਜੋੜ ਕੇ ਗੱਲਾਂ ਵਿਚ ਭਰਮਾ ਲੈਂਦਾ ਬੇੜੀ ਨਾ ਉਹ ਪਾਰ ਕਿਸੇ ਦੀ ਲਾਵੇਗਾ। ਸੱਚ ਕਦੇ ਨਾ ਬੋਲੇ ਉਹਦੀ ਫ਼ਿੳਮਪ;ਦਰਤ ਹੈ ਫਸ ਗਿਆ ਜੋ ਉਸ ਨੂੰ ਪੜ੍ਹਨੇ ਪਾਵੇਗਾ। ਪੜ੍ਹਿਆ ਭਾਵੇਂ ਘੱਟ, ਹੈ ਵੱਧ ਵਕੀਲਾਂ ਤੋਂ ਝੱੂਠੀ ਗੱਲ ਨੂੰ ਸੱਚੀ ਕਰ ਵਿਖਾਵੇਗਾ। ਯਾਰਾਂ ਤੇ ਰਿਸਤੇਦਾਰਾਂ , ਤੋਬਾ ਕਰ ਦਿਤੀ ਜਿਹੜਾ ਅੜਿੱਕੇ ਚੱੜ੍ਹਿਆ,ਕਿਥੇ? ਜਾਵੇਗਾ। ਸੱਜਣ- ਮਿੱਤਰ ਮੂੰਹ ਫੇਰ ਕੇ ਲੰਘ ਜਾਂਦੇ ਹੁਣ ਫਿਰ ਉਹਨੂੰ ਕਿਹੜਾ ਕੋਲ ਬਿਠਾਵੇਗਾ। ਤਰ ਗਿਆ ਜੋ ਨਸ਼ਿਆਂ ਦੇ ਦਰਿਆਵਾਂ ਨੂੰ ਉਹ ਆਪਣੀ ਨੀਤੇ, ਆਪੇ ਗੋਤੇ ਖਾਵੇਗਾ। ਰੱਸੀ ਭਾਵੇਂ ਸੜ ਜਾਏ, ਵਲ ਨਾ ਜਾਂਦਾ ਹੈ “ਸੁਹਲ” ਕਿਥੋਂ -ਕਿਥੋਂ ਜਾਨ ਛੁਡਾਵੇਗਾ।

17. ਚੰਨ ਤਾਰਿਆਂ ਦੀ ਗੱਲ

ਕਰਦੇ ਰਹੇ ਨੇਤਾ ਚੰਨ ਤਾਰਿਆਂ ਦੀ ਗੱਲ। ਕਰੇ ਨਾ ਗਰੀਬ ਦਿਆਂ, ਢਾਰਿਆਂ ਦੀ ਗੱਲ। ਬੰਦਾ ਕਰੇ ਮਜ਼ਦੂਰੀ,ਤਾਂ ਵੀ ਪੈਂਦੀ ਨਹੀਂ ਪੂਰੀ ਕਰਦਾ ਉਹ ਸਦਾ, ਥੱਕੇ ਹਾਰਿਆਂ ਦੀ ਗੱਲ। ਜ੍ਹਿਦੇ ਬਾਲ ਭੁੱਖੇ ਭਾਣੇਂ ਦਿਲ ਉਸ ਦਾ ਜਾਣੇ ਕਰੇ ਉਹ ਹਮੇਸ਼ਾਂ ਹੀ, ਗੁਜ਼ਾਰਿਆਂ ਦੀ ਗੱਲ। ਮਹਿੰਗਾਈ ਦੀਆਂ ਸਿਖ਼ਰਾਂ,ਘਰ ਦਿਆਂ ਫਿਕਰਾਂ ਘਰ ਵਿਚ ਹੁੰਦੀ ਨਾ, ਫੁਹਾਰਿਆਂ ਦੀ ਗੱਲ। ਲੀਡਰਾਂ ਦੀ ਬੰਬੀ ਉਤੇ, ਬਿਜਲੀ ਨਾ ਗੁੱਲ ਹੋਵੇ ਕਰਾਂ ਕਿਵੇਂ ਉਹਨਾਂ, ਰਜਵਾੜਿਆਂ ਦੀ ਗੱਲ। ਬੇ ਰੁਜ਼ਗਾਰ ਤੁਰੇ, ਨਸ਼ਿਆਂ ਦੇ ਦੌਰ ਵਲ ਸਰਕਾਰ ਵੀ ਨਾ ਸੋਚਦੀ,ਗੁਜ਼ਾਰਿਆਂ ਦੀ ਗੱਲ। “ਸੁਹਲ”ਅੱਜ ਸੱਬਰਾਂ ‘ਤੇ ਜ਼ਬਰ ਦੀ ਸੱਟ ਵੱਜੀ ਸੁਣੇ ਨਾ ਕੋਈ ਏਥੇ, ਭੁੱਖ- ਮਾਰਿਆਂ ਦੀ ਗੱਲ।

18. ਬਿਰਹੋਂ ਦੀਆਂ ਪੀੜਾਂ

ਬਿਰਹੋਂ ਦੀਆਂ ਪੀੜਾਂ ਵਾਲੇ ਜ਼ਖ਼ਮਾਂ ‘ਤੇ ਲੂਣ ਸੁੱਟ, ਬੁਲ੍ਹਾਂ ਉਤੇ ਸਾਹਾਂ ਤਾਈਂ ਬਹੁਤਾ ਤੜਪਾਉ ਨਾ । ਹਿਜ਼ਰਾਂ ਦੀ ਮਾਰੀ ਹੋਈ ਮੁਕ ਚੱਲੀ ਜਿੰਦ ਮੇਰੀ, ਕਰ ਕੇ ਹੱਲਾਕ ਰੀਝਾਂ ਝੋਲੀ ਮੇਰੀ ਪਾਓ ਨਾ। ਹੋ ਨਾ ਜਾਣ ਗੁੰਗੇ ਬੋਲੇ ਗੀਤ ਮੇਰੇ ਸਬਰਾਂ ਦੇ, ਜੀਊਂਦੇ ਜੀਅ ਮੇਰੇ ‘ਤੇ ਇਹ ਕਹਿਰ ਕਮਾਉ ਨਾ। ਸੂਹੀ ਫ਼ੁੱਲਕਾਰੀ ਅੱਜ ਚਿੱਟੀ- ਚਿੱਟੀ ਜਾਪਦੀ ਏ, ਮਹਿੰਦੀ ਰੰਗੇ ਹੱਥਾਂ ਕੋਲੋਂ ਵਾਸਤੇ ਪਵਾਉ ਨਾ। ਸ਼ਗਨਾ ਦੀ ਡੋਲੀ ਅੱਡੀ ਗਮਾਂ ਦੀਆਂ ਚੂੜੀਆਂ ਨੇ, ਮਰ - ਮੁੱਕੀ ਝਾਂਜਰ ਨੂੰ “ਸੁਹਲ” ਦਫ਼ਨਾਉ ਨਾ।

19. ਬਿਰਹੋਂ ਦਾ ਸੁਲਤਾਨ

ਬਿਰਹੋਂ ਪੀੜਾਂ ਵਿਚ ਨਹੀਂ ਮੋਇਆ ਬਿਰਹੋਂ ਦਾ ਸੁਲਤਾਨ। ਸੀਨੇ ਵਿਚ ਸੀ ਦਰਦ ਇਸ਼ਕ ਦਾ ਗ਼ਮ ਤੋਂ ਸ਼ਿਵ ਕੁਰਬਾਨ। ਰੋਮ - ਰੋਮ ਵਿਚ ਉੱਠਣ ਪੀੜਾਂ ਸੀ ਪੀੜਾਂ ਦਾ ਵਰਦਾਨ। ਹਿਜ਼ਰ ਦਾ ਨਾਹੀਂ ਸੁਰਜ ਡੁੱਬਿਆ ਗ਼ਮ ਨੇ ਕੀਤਾ ਸੀ ਪ੍ਰੇਸ਼ਾਨ। ‘ਸੁਹਲ’ ਜਿੱਤ ਕੇ ਇਸ਼ਕ ਦੀ ਬਾਜੀ ਹੋ ਗਿਆ ਸ਼ਿਵ ਮਹਾਨ।

20. ਬੋਲੀ ਪਉਣ ਦਿਉ

ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ। ਦਿਉਰ ਦਾ ਵਿਆਹ ਅੱਜ ਗਿੱਧੇ ਵਿਚ ਨੱਚਣਾ। ਬਣ ਕੇ ਮੈਂ ਅੱਗ ਦਾ ਭਬੂਕਾ ਵੇਖੀਂ ਮੱਚਣਾ। ਬੋਲੀ ਵਿਚ ਲੰਮੀ ਹੇਕ ਲਉਣ ਦਿਉ, ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ। ਦਰਾਣੀਆਂ-ਜਠਾਣੀਆਂ ਵੀ ਮੇਰੇ ਨਾਲ ਨੱਚੀਆਂ। ਨਣਾਨਾਂ ਅੱਜ ਨੱਚੀਆਂ ਜੋ ਗੰਦਲਾਂ ਤੋਂ ਕੱਚੀਆਂ। ਹਾਣ ਦੀਆਂ ਕੁੜੀਆਂ ਨੂੰ ਅਉਣ ਦਿਉ, ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ। ਨੀਂ ਕੋਠੇ ਉਤੇ ਚੜ੍ਹ ਮੁੰਡੇ ਸੀੱਟੀਆਂ ਸੀ ਮਾਰਦੇ। ਟੁੱਟ ਪੈਣੇ ਦਿਉਰ ਉਤੋਂ ਗੀਟੀਆਂ ਸੀ ਮਾਰਦੇ। ਅੱਜ ਝਾਂਜਰਾਂ ਦੇ ਬੋਲ ਪੁਗਾਉਣ ਦਿਉ, ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ। ਨੀਂ ਗਿੱਧੇ ਵਿਚ ਹਾਣ ਦੀਆਂ ਨੱਚੀਆਂ ਬਥੇਰੀਆਂ। ਪਰ! ਮੈਂ ਲਿਆਂਦੀਆਂ ਸੀ ਗਿੱਧੇ ‘ਚ ਹਨੇਰੀਆਂ। ਗੀਤ ਮੈਨੂੰ ‘ਸੁਹਲ’ ਦੇ ਗਉਣ ਦਿਉ, ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ।

21. ਚਿੱਟੀ ਚਾਨਣੀ

ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਅਸਾਂ ਤਾਰਿਆਂ ਦੇ ਨਾਲ ਗੱਲਾਂ ਕੀਤੀਆਂ। ਉਹਨੂੰ ਦੱਸੀਆਂ ਜੋ ਸਾਡੇ ਸੰਗ ਬੀਤੀਆਂ। ਆਪਾਂ ਜ਼ਿੰਦਗੀ,ਗਮਾਂ ‘ਚ ਨਹੀਂ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਕਾਲੀ ਰਾਤ ਮਸਿੱਆ ਦੀ ਕਦੀ ਆਵੇ ਨਾ। ਸੁੱਤੀ ਹਿਜ਼ਰਾਂ ਦੀ ਪੀੜ ਨੂੰ ਜਗਾਵੇ ਨਾ। ਉਹ ਕਿਤੇ ਕਰ ਨਾ ਕਲੇਜਾ ਦੇਵੇ ਛਾਨਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਮੈਂ ਰਾਤੀਂ ਉੱਠ -ਉੱਠ ਲੋ ਵੇਖਾਂ ਚੰਨ ਦੀ। ਯਾਦਾਂ ਵਿਚ ਅੰਗੜਾਈਆਂ ਰਵਾਂ ਭੰਨਦੀ। ਉੱਭੇ-ਉੱਭੇ ਸਾਹਾਂ ਜਿੰਦ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। “ਸੁਹਲ’ ਬੱਦਲਾਂ ਦੇ ਉਹਲੇ ਚੰਨ ਹੋਵੇ ਨਾ। ਅੱਖਾਂ ਭਰ-ਭਰ ਯਾਦਾਂ ‘ਚ ਕੋਈ ਰੋਵੇ ਨਾ। ਹੌਕਿਆਂ ਦੀ ਅੱਗ ਨਹੀਂ ਬਾਲਣੀ ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ।

22. ਛੱਲੀਆਂ

ਭੁੱਨਾਂ ਛੱਲੀਆਂ, ਧੂਏਂ ਨੇ ਮੱਤ ਮਾਰੀ, ਵੇ ਚੱਬ ਲੈ ਤੂੰ ਆ ਕੇ ਛੱਲੀਆਂ। ਰੋਹੀ ਵਾਲੇ ਖ਼ੇਤ ਵਿਚ, ਦੂਰੋਂ ਲੱਭੇ ਤੂਤ ਵੇ। ਮੱਕੀ ਦੇ ਟਾਂਢ੍ਹਿਆਂ ਨੇ, ਕੱਤ ਲਿਆ ਸੂਤ ਵੇ। ਮੈਂ ਰਾਖੀ ਕਰਨ ਮੱਕੀ ਦੀ, ਘਰੋਂ ਚੱਲੀ ਆਂ, ਵੇ ਚੱਬ ਲੈ ਤੂੰ ਆ ਕੇ ਛੱਲੀਆਂ…………। ਦੋਧੀ ਛੱਲੀ ਖੇਤ ਵਿਚੋਂ, ਸੱਜਣਾ ਵੇ ਤੋੜ ਕੇ। ਮੈਂ ਰੱਬ ਕੋਲੋਂ ਖੈਰ ਮੰਗਾਂ, ਦੋਵੇਂ ਹੱਥ ਜੋੜ ਕੇ। ਅਸਾਂ ਰੱਾਖ਼ੀ ਕਰਦੇ, ਮਸੀਬਤਾਂ ਵੀ ਝੱਲੀਆਂ, ਵੇ ਚੱਬ ਲੈ ਤੂੰ ਆ ਕੇ ਛੱਲੀਆਂ………… । ਬੰਨੇਂ-ਬੰਨੇਂ ਆਵੀਂ ਚੰਨਾਂ,ਹੋਏ ਨਾ ਖੜਾਕਾ ਵੇ। ਨਿਕਲ ਨਾ ਜਾਏ ਮੇਰੇ, ਦਿੱਲ ਦਾ ਧੱੜਾਕਾ ਵੇ। ਬੈਠੀ ਮਣ੍ਹੇਂ ‘ਤੇ ਮੈਂ, ਸੋਹਣਿਆਂ ਵੇ ਕੱਲ੍ਹੀ ਆਂ, ਵੇ ਚੱਬ ਲੈ ਤੂੰ ਆ ਕੇ ਛੱਲੀਆਂ………… । ਤੇਰੇ ਲਈ ਤਾਂ ਮੇਰੇ ਕੋਲ, ਛੱਲੀਆਂ ਸੁਗਾਤ ਨੇ। ‘ਸੁਹਲ’ ਕੋਲੋਂ ਪੁੱਛ ਲੈਣਾਂ,ਮੇਰੇ ਕੀ ਹਾਲਾਤ ਨੇ। ਤੇਰੀਆਂ ਉੱਡੀਕਾਂ ‘ਚ,ਦੁਪਹਿਰਾਂ ਅੱਜ ਢਲੀਆਂ, ਵੇ ਚੱਬ ਲੈ ਤੂੰ, ਆ ਕੇ ਛੱਲੀਆਂ………… ।

23. ਤਨ ਤੋਂ ਨੰਗੇ

ਜਿਹੜੇ ਵੱਡੇ ਸ਼ਾਹੁਕਾਰ ਸਿ, ਤੁਰ ਗਏ ਤਨ ਤੋਂ ਨੰਗੇ ਲੋਕ। ਉਨ੍ਹਾਂ ਤਾਂ ਮਿੱਠੇ ਬੋਲ ਬੋਲਕੇ, ਪਰਦੇ ਪਿੱਛੇ ਨੇ ਡੰਗੇ ਲੋਕ। ਇਕ-ਦੂਜੇ ਦੇ ਸਿੰਗ ਫਸਾ ਕੇ ਪਿਛੋਂ ਸੁਲ੍ਹਾ ਕਰਾਉਂਦੇ ਰਹੇ, ਖ਼ੂਨ ਉਨ੍ਹਾਂ ਦਾ ਚਿੱਟਾ ਜਾਪੇ ਜੋ ਨਿੱਤ ਕਰਾਉਂਦੇ ਦੰਗੇ ਲੋਕ। ਕੰਜਕਾਂ ਦੇ ਉਹ ਪੈਰ ਪੂਜਦੇ ਬਲੀ ਚੜਾਉਂਦੇ ਕੰਜਕਾਂ ਨੂੰ, ਉਹਨਾਂ ਦੀ ਜੋ ਰੱਤ ‘ਚ ਰੰਗੇ ਜਾਪਣ ਉਹ ਬੇ- ਰੰਗੇ ਲੋਕ। ਆਪਣੇ ਜੰਮੇ ਸਿਰ ਤੇ ਚੁਕਣ ਦੂਜਿਆਂ ਦੇ ਲਈ ਪੁੱਟਣ ਖੂਹ, ਜਿਨ੍ਹਾਂ ਸਿਰ ਤੋਂ ਲਾਹੀ ਲੋਈ ਉਹ ਹੁੰਦੇ ਨੇ ਬੇ- ਸੰਗੇ ਲੋਕ। ਬਣ ਕੇ ਠੇਕੇਦਾਰ ਧਰਮ ਦੇ ਤਿੱਖ਼ੀ ਛੁਰੀ ਚਲਾਉਂਦੇ ਰਹੇ, ਲੋਕਾਂ ਨੂੰ ਉਹ ਕਰਦੇ ਨਫ਼ਰਤ “ਸੁਹਲ” ਜੋ ਬੇ- ਢੰਗੇ ਲੋਕ।

24. ਚਿੰਤਾ

ਚਿੰਤਾ ਮੰਨ ਨੂੰ ਢੋਰੇ ਵਾਂਗਰ ਖਾ ਜਾਂਦੀ ਹੈ। ਚੰਗੇ- ਭਲੇ ਨੂੰ ਰੋਗ ਅਵੱਲਾ ਲਾ ਜਾਂਦੀ ਹੈ। ਸੁੱਖ ਦੀ ਨੀਂਦਰ ਜਿਨ੍ਹਾਂ, ਉਮਰ ਗੁਜ਼ਾਰੀ ਹੋਵੇ, ਉਨ੍ਹਾਂ ਦੀ ਵੀ ‘ਚਿੰਤਾ’ ਨੀਂਦ,ਉੱਡਾ ਜਾਂਦੀ ਹੈ। ਗਮ ਦੇ ਸਾਗਰ ਗੋਤੇ ਖਾਂਦਾ ਰਹਿੰਦਾ ਜੋ ਫਿਰ, ‘ਚਿੰਤਾ’ ਘੁੱਮਣ ਘੇਰੀ ਵਿਚ, ਫਸਾ ਜਾਂਦੀ ਹੈ। ਕੈਂਸਰ ਬਣ ਕੇ ਖਾ ਜਾਏ ‘ਚਿੰਤਾ’ ਅੰਦਰ ਦੀ, ਪਤਾ ਨਹੀਂ ਉਹ ਕਿਹੜੇ ਰਸਤੇ,ਆ ਜਾਂਦੀ ਹੈ। ਪਾਠੁ-ਪੂਜਾ ਤੇ ਨਿੱਤ ਨੇਮ ਦੀ ਥਾਂ ਤੇ ‘ਚਿੰਤਾ’ ਦਹਿਸ਼ਤ ਭਰਿਆ ਗੀਤ ਨਵਾਂ ਹੀ,ਗਾ ਜਾਂਦੀ ਹੈ। ਸੱਭ ਖ਼ੁਸ਼ੀਆਂ ਹੱਾਸੇ ,ਖੰਭ ਲਗਾ ਕੇ ਉੱਡ ਜਾਂਦੇ, ਜਿਹੜੇ ਘਰ ਵੀ ‘ਚਿੰਤਾ’ ਫੇਰਾ ਪਾ ਜਾਂਦੀ ਹੈ। ਜੇ ‘ਚਿੰਤਾ’ ਰੋਗ ਦਾ ਫੇਰਾ ਘਰ ‘ਚ ਪੈ ਜਾਵੇ, ਅਮੀਰਾਂ ਨੂੰ ਵੀ ਪੁੱਠਾ ਰਾਹ ਦਿਖਲਾ ਜਾਂਦੀ ਹੈ। ਹੋ ਜਾਏ ਤਰਲੋ - ਮੱਛੀ ਬੰਦਾ ‘ਚਿੰਤਾ’ ਵਿਚ, ਅੱਬੜ- ਵਾਹੇ ਸੁਪਨੇ ਵਿਚ ਉਠਾ ਜਾਂਦੀ ਹੈ। “ਸੁਹਲ” ‘ਚਿੰਤਾ’ ਚਿਖਾ ਬਰਾਬਰ ਕਹਿੰਦੇ ਨੇ, ਬੰਦੇ ਨੂੰ ਉਹ ਤਾਰੇ ਦਿਨੇਂ ਵਿਖਾ ਜਾਂਦੀ ਹੈ।

25. ਚੋਣਵੇਂ ਸ਼ੇਅਰ

ਉੱਠੋ!ਜਾਗੋ!ਹੋਸ਼ ਕਰੋ ਕਲਮਾਂ ਵਾਲਿਓ। ਜ਼ੁਲਮ ਤੋਂ ਨਾ ਡਰੋ ਕਲਮਾਂ ਵਾਲਿਓ। **** ਜੰਗ ਜਨੂਨੀ ਮੁਕ ਜਾਂਦੀ ਹੈ, ਸਾਂਝਾਂ ਦੀ ਜੇ ਪਾਈਏ ਬਾਤ। ਦਿਲ ਮਿਲੇ ਤਾਂ ਮੁਰਸ਼ਦ ਮਿਲਦਾ ਕੁਦਰਤ ਦੀ ਕਰਾਮਾਤ। **** ਕੋਈ ਧੀ ਨੂੰ ਪੱਥਰ ਕਹਿੰਦਾ, ਕਹਿੰਦਾ ਕੋਈ ਕੁਲਹਿਣੀ। ਇਉਂ ਜਾਪੇ ਜਿਉਂ ਲੋਕਾਂ ਤਾਈਂ,ਹੋ ਗਈ ਹੈ ਸੰਗ੍ਰਹਿਣੀ। **** ਧੀ ਮਾਰ ਕੇ ਆਪਣੇ ਹੱਥੀਂ, ਕਈ ਮਾਂਵਾਂ ਦੁੱਖ ਪਾਇਆ। ਉਨ੍ਹਾਂ ਨੂੰ ਫ਼ਲ ਮਿਲ ਜਾਂਦਾ ਹੈ,ਜਿਨ੍ਹਾਂ ਕਹਿਰ ਕਮਾਇਆ। **** ਮਰਦਾ ਬੰਦਾ ਯਾਦ ਹੈ ਕਰਦਾ, ਮੰਗੇ ਮਾਂ ਤੋਂ ਪਾਣੀਂ। ਧਰਤੀ,ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ। **** ਨਸ਼ਿਆਂ ਦਾ ਵਗਦਾ ਦਰਿਆ, ਇਹਦੇ ਵਿਚ ਨਾ ਗੋਤੇ ਖਾ। ਨਸ਼ਿਆਂ ਦੀ ਥਾਂ ਕਰੋ ਪੜ੍ਹਾਈ, ਉੱਚੀ ਮੰਜ਼ਿਲ ਚੜ੍ਹਦਾ ਜਾ। **** ਛਾਂਵਾਂ ਦੀ ਜੋ ਠੰਡ ਭੁਲਾਵੇ, ਉਹਦੀ ਹੈ ਮੱਤ ਮਾਰੀ। ਘਰ ‘ਚ ਅੰਮੜੀ ਦੇ ਬੂਟੇ ਨੂੰ,ਫੇਰੋ ਨਾ ਕਦੇ ਆਰੀ। **** ਮਾਂ ਤੇ ਧੀ ਦਾ ਗੂੜ੍ਹਾ ਰਿਸ਼ਤਾ, ਇਹ ਸਾਡੀ ਜ਼ਿੰਦਗਾਨੀਂ। ਵਸਦਾ ਰਹੇ ਮਾਂਵਾਂ ਦਾ ਵਿਹੜਾ,ਧੀਆਂ ਧਰਮ ਨਿਸ਼ਾਨੀਂ। **** ਗੀਤ ਮੇਰੇ ਨੇ ਬਾਪੂ ਵਰਗੇ, ਮਾਂ ਜਿਹੀਆਂ ਕਵਿਤਾਵਾਂ। ਸੱਚ ਸਿੳਾਣੇ ਕਹਿ ਗਏ ਲੋਕੀਂ,ਮਾਂਵਾਂ ਠੰਡੀਆਂ ਛਾਂਵਾਂ। **** ਮਾਪਿਆਂ ਦੀ ਸੇਵਾ ਏਥੇ, ਕੁਝ ਹੀ ਲੋਕੀਂ ਕਰਦੇ ਨੇ। ਜਿਹੜੇ ਲੋਕੀਂ ਪੱੂਜਣ ਮਾਪੇ,ਜੱਗ ‘ਤੇ ਉਹੀ ਤਰਦੇ ਨੇ। **** ਮਾਪੇ ਗੁਰੁ ਨੇ ਹੁੰਦੇ ਪਹਿਲਾਂ ,ਦੂਜੇ ਗੁਰੁ ਅਧਿਆਪਕ ਨੇ। ਸਭ ਨੂੰ ਰਾਹ ਵਿਖਾਵਣ ਵਾਲੇ, ਇਹ ਦੋਵੇਂ ਸੰਥਾਪਕ ਨੇ। **** ਵਿਦਿਆ ਦਾ ਦਾਨ ਕਿਤੇ, ਐਵੇਂ ਨਾ ਗਵਾ ਦਿਉ। ਮਾਂ ਬੋਲੀ ਆਪਣੀ ਨੂੰ , ਐਵੇਂ ਨਾ ਭੁਲਾ ਦਿਉ।

26. ਚੁੱਪ ਕਰ ਜਾ

ਇਹ ਭੈੜਾ ਬੜਾ ਜਮਾਨਾ, ਸੁਣਕੇ ਚੁੱਪ ਕਰ ਜਾ। ਆਪਣਾ ਚਾਹੇ ਬੇਗਾਨਾ, ਸੁਣਕੇ ਚੁੱਪ ਕਰ ਜਾ। ਅੱਜ ਤਕ ਚਿੱਟਾ ਲਹੂ, ਕਿਸੇ ਨਾ ਡਿੱਠਾ ਹੈ ਯੁੱਗ ਪਲਟੇ ਦੀਨ ਇਮਾਨਾਂ,ਸੁਣਕੇ ਚੁੱਪ ਕਰ ਜਾ। ਸ਼ੀਸ਼ੇ ਵਰਗੇ ਦਿਲ ਟੁੱਟਣ, ਤਾਂ ਮਾੜਾ ਹੈ ਚਾਹੇ ਸੜਦਾ ਰਹੇ ਪਰਵਾਨਾ,ਸੁਣਕੇ ਚੁੱਪ ਕਰ ਜਾ। ਜੀਭਾਂ ਗੁੰਗੀਆਂ ਹੋਈਆਂ ਸੱਚ ਪੁਕਾਰਨ ਤੋਂ ਕੋਈ ਗਉਂਦਾ ਰਹੇ ਤਰਾਨਾਂ, ਸੁਣਕੇ ਚੁੱਪ ਕਰ ਜਾ। ਸ਼ਨੀ ਮੰਗਲ ਗ੍ਰਹਿ ਤਾਂ ਕੋਈ ਮਾੜੇ ਨਹੀਂ ਜੇ ਕੀਤੀ ਗੱਲ ਨਾਦਾਨਾ, ਸੁਣਕੇ ਚੁੱਪ ਕਰ ਜਾ। ਸੂਰਜ ਨੂੰ ਵੀ ਚੜ੍ਹਣਾ ਪੈ ਜਾਊ ਰਾਤਾਂ ਨੂੰ ਇਹ ਕੀਤੀ ਗੱਲ ਸ਼ੈਤਾਨਾਂ,ਸੁਣਕੇ ਚੁੱਪ ਕਰ ਜਾ। “ਸੁਹਲ” ਸਬਰ-ਪਿਆਲਾ ਪੀ ਕੇ ਤੁਰ ਜਾਵੀਂ ਹੁਣ ਰੱਬਾ ਤੇ ਭਗਵਾਨਾਂ, ਸੁਣਕੇ ਚੁੱਪ ਕਰ ਜਾ।

27. ਡਰੀਂ ਨਾ ਬੇਗ਼ਾਨਿਆਂ ਤੋਂ

ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਬਚ ਕੇ ਤੂੰ ਰਵ੍ਹੀਂ ਹੁਣ ਉਨ੍ਹਾਂ ਦੇ ਨਿਸ਼ਾਨਿਆਂ ਤੋਂ। ਮੈਂ ਆਪਣਾ ਹੀ ਸਮਝ ਕੇ, ਬੜਾ ਸਮਝਾਇਆ ਸੀ। ਗਲ ਵਿਚ ਲੈ ਕੇ ਉਹਨੂੰ, ਕੋਲ ਵੀ ਬਿਠਾਇਆ ਸੀ। ਤਾਂ ਸਮਝ ਨਾ ਆਵੇ ਉਹਦੇ,ਗੁੱਸੇ ਦੇ ਤਰਾਨਿਆਂ ਤੋਂ, ਬਚ ਕੇ ਤੂੰ ਰਵ੍ਹੀਂ ਹੁਣ ਉਨ੍ਹਾਂ ਦੇ ਨਿਸ਼ਾਨਿਆਂ ਤੋਂ। ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਉਹ ਝੂੱਠਾ ਜਿਹਾ ਨਾਟਕ ,ਬਣਾ ਕੇ ਸੱਚ ਆਖਦੇ। ਤਾਂ ਇਹੋ ਜਿਹੇ ਨਾ ਬੱਚੇ ਹੋਣ, ਲੋਕੋ! ਮਾਂ ਬਾਪ ਦੇ। ਲੋਕ ਹੈਰਾਨ ਰਹਿ ਗਏ ਉਹਦੇ ਕਾਰਨਾਮਿਆਂ ਤੋਂ, ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਬਚ ਕੇ ਤੂੰ ਰਵ੍ਹੀਂ ਹੁਣ ਉਨ੍ਹਾਂ ਦੇ ਨਿਸ਼ਾਨਿਆਂ ਤੋਂ। ਇਸ਼ਕੇ ‘ਚ ਦਿਤੀਆਂ ਸੀ ਜਿਹਨਾਂ ਕੁਰਬਾਨੀਆਂ। ਹੁਣ! ਪਿਆਰ ਵਿਚ ਗਾਲੀ ਜਾਂਦੇ ਨੇ ਜਵਾਨੀਆਂ। ਅਸ਼ਕੇ ਮੈਂ ਵਾਰੀ ਜਾਵਾਂ , ਭੂੰਡ ਪਰਵਾਨਿਆਂ ਤੋਂ, ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਬਚ ਕੇ ਤੂੰ ਰਵ੍ਹੀਂ ਹੁਣ ਉਨ੍ਹਾਂ ਦੇ ਨਿਸ਼ਾਨਿਆਂ ਤੋਂ। “ਸੁਹਲ” ਨੇ ਬੁਢਾਪੇ ਤਕ, ਹੈ ਬੜਾ ਕੁਝ ਸਿੱਖਣਾ। ਮਰੀ ਹੋਈ ਮੈਂ ‘ਗ਼ਜ਼ਲ’ ਦਾ, ਕਿਵੇਂ ਦੁੱਖ਼ ਲਿਖਣਾ। ਇਹ ਸ਼ੀਸ਼ਾ ਸੱਚ ਬੋਲਦਾ ਹੈ,ਪੁਛੋ ਜ਼ਿੰਦਗਾਨੀਆਂ ਤੋਂ. ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਬਚ ਕੇ ਤੂੰ ਰਵ੍ਹੀਂ ਹੁਣ, ਉਨ੍ਹਾਂ ਦੇ ਨਿਸ਼ਾਨਿਆਂ ਤੋਂ।

28. ਦੇਸ਼ ਮੇਰੇ ਦੇ ਨੇਤਾ

ਇਕ ਦੂਜੇ ਤੇ ਚਿੱਕੜ ਸੁੱਟਣ, ਦੇਸ਼ ਮੇਰੇ ਦੇ ਨੇਤਾ। ਕੁਰਸੀ ਖਾਤਰ ਮਿੱਟੀ ਪੁੱਟਣ, ਦੇਸ਼ ਮੇਰੇ ਦੇ ਨੇਤਾ। ਪੜ੍ਹੇ- ਲਿਖੇ ਤੇ ਬੜੇ ਸਿਆਣੇ ਬੋਲਣ ਊਟ-ਪੁਟਾਂਗ ਗੱਲਾਂ-ਗੱਲਾਂ ਵਿਚ ਹੀ ਕੁੱਟਣ, ਦੇਸ਼ ਮੇਰੇ ਦੇ ਨੇਤਾ। ਸ਼ੌਂਕਣ ਵਾਂਗਰ ਮਿਹਣੇ ਦਿੰਦੇ ਕਰਦੇ ਬੜੀ ਲੜਾਈ ਬਣ ਕੇ ਮੰਤਰੀ ਮੌਜਾਂ ਲੁੱਟਣ, ਦੇਸ਼ ਮੇਰੇ ਦੇ ਨੇਤਾ। ਧਰਮ ਦੇ ਨਾਂ ਤੇ ਮੰਗਣ ਵੋਟਾਂ ਲੋਕਾਂ ਨੂੰ ਭੜਕਾਉਂਦੇ ਬਾੱਬਿਆ ਦੇ ਉਹ ਗੋਡੇ ਘੁੱਟਣ, ਦੇਸ਼ ਮੇਰੇ ਦੇ ਨੇਤਾ। ‘ਸੁਹਲ’ ਜਿੱਤਣ ਦੇ ਲਈ ਐਵੇਂ ਝੱੂਠੇ ਲਾਰੇ ਲਉਂਦੇ ਸੱਚੀ ਗੱਲ ਨਾ ਮੂਹੋਂ ਚੋਂ ਫੁੱਟਣ, ਦੇਸ਼ ਮੇਰੇ ਦੇ ਨੇਤਾ।

29. ਦਿਲ ‘ਚ ਪਿਆਰ

ਮਿਲਣੇ ਦਾ ਕੋਈ ਤਾਂ ਬਹਾਨਾ ਚਾਹੀਦਾ। ਦਿਲ ‘ਚ ਪਿਆਰ ਦਾ ਤਰਾਨਾ ਚਾਹੀਦਾ। ਅੱਖਾਂ ਬੰਦ ਹੁੰਦੀਆਂ ਨਾ, ਜਾਗਦਾ ਜਹਾਨ ਹੈ। ਇਸ਼ਕ ਨਿਮਾਣਾ ਕਹਿੰਦੇ ਬੜਾ ਬਈਮਾਨ ਹੈ। ਮੁਹੱਬਤਾਂ ਦਾ ਕੋਈ ਤਾਂ ਦੀਵਾਨਾ ਚਾਹੀਦਾ, ਦਿਲ ਵਿਚ ਪਿਆਰ ਦਾ, ਤਰਾਨਾ ਚਾਹੀਦਾ। ਕਬੂਤਰਾਂ ਦੇ ਕੋਲ ਪਹਿਲੋਂ ਭੇਜਦੇ ਸੀ ਚਿੱਠੀਆਂ। ਲੱਗਦੀਆਂ ਸੱਜਣਾ ਨੂੰ ਬੜੀਆਂ ਹੀ ਮਿੱਠੀਆਂ। ਕੋਠੇ ਉਤੋਂ ਕਾਗ ਨਹੀ ਉਡਾਣਾ ਚਾਹੀਦਾ, ਦਿਲ ਵਿਚ ਪਿਆਰ ਦਾ ਤਰਾਨਾ ਚਾਹੀਦਾ। ਪ੍ਰੇਮ ‘ਚ ਉਮਰਾਂ ਦਾ, ਕੋਈ ਵੀ ਹਿਸਾਬ ਨਹੀ। ਖ਼ੂਨ ਵਾਲਾ ਰਿਸ਼ਤਾ , ਕਦੇ ਲਾ- ਜਵਾਬ ਨਹੀਂ। ਆਪਣੀ ਉਕਾਤ ‘ਚ ਹੀ ਰਹਿਣਾ ਚਾਹੀਦਾ. ਦਿਲ ਵਿਚ ਪਿਆਰ ਦਾ ਤਰਾਨਾ ਚਾਹੀਦਾ। “ਸੁਹਲ” ਵਾਂਗ ਰਿਸ਼ਤੇ, ਨਿਭਾਉਣੇ ਸਿੱਖ ਲਉ। ਗੱਲਾ ਸੱਚੀਆਂ ਨੂੰ, ਦਿਲਾਂ ਉੱਤੇ ਲਿਖ ਲਉ। ਖ਼ਾਨਦਾਨ ਵਿਚ ਨਹੀਂ , ਯਰਾਨਾ ਚਾਹੀਦਾ, ਦਿਲ ਵਿਚ ਪਿਆਰ ਦਾ ਤਰਾਨਾ ਚਾਹੀਦਾ।

30. ਦਿਲ ਦਾ ਮਹਿਰਮ

ਹੁਣ ਸੱਚੇ ਦਿਲ ਦੇ ਮਹਿਰਮ ਦੀ ਪਿਆਰ ਦੀ ਜੋਤ ਜਗਾ ਬੈਠੈ ਹਾਂ। ਜਿਸ ਤਨ ਲਾਗੇ , ਸੋਈਉ ਜਾਣੇ ਅਸੀਂ ਤਾ ਨਿਉਂ ਲਗਾ ਬੈਠੈ ਹਾਂ। ਕਿਸਮਤ ਦਾ ਸੀ ਬੰਦ ਦਰਵਾਜਾ ਰੋਸ਼ਨਦਾਨ ਤਾਂ ਖੁਲ੍ਹੇ ਨੇ , ਫਿਰ ਵੀ ਕਰਮਾਂ ਦੀਆਂ ਲਕੀਰਾਂ ਹੱਥਾਂ ਉਤੇ ਅਜ਼ਮਾ ਬੈਠੈ ਹਾਂ। ਇਸ਼ਕ ਦਾ ਨਾਂ ਤਾਂ ਹੈ ਕੁਰਬਾਨੀ ਕੁਰਬਾਨ ਵੀ ਹੋਣਾ ਚਹੁੰਦੇ ਹਾਂ, ਸੂਲੀ ਤੇ ਕਈ ਚੜ੍ਹਦੇ ਵੇਖੇ ਅਸੀਂ ਸੂਲਾਂ ਨੂੰ ਠੁੱਕਰਾ ਬੈਠੈ ਹਾਂ। ਜਿਤ ਲਉ ਬਾਜ਼ੀ ਜ੍ਹਿਨੇ ਜਿਤਣੀ ਇਸ਼ਕ ਦੀ ਖੇਡ ਅੱਵਲੀ ਹੈ, ਪਰੇਮ ਖੇਲਣ ਦਾਂ ਸਾਨੂੰ ਚਾਅ ਤਲੀ ਤੇ ਸੀਸ ਟਿਕਾ ਬੈਠੇ ਹਾਂ। ਇਕ ਬੇੜੀ ਤੇ ਪੈਰ ਜੋ ਰਖੋ ਤਾਂ ਪਾਰ ਉਤਾਰਾ ਹੋ ਜਾਂਦੈ, ਬਰੇਤੇ ਲਗੀ ਬੇੜੀ ਨੂੰ ਵੀ ਪ੍ਰੇਮ ਦਾ ਚੱਪੂ ਲਾ ਬੈਠੇ ਹਾਂ। ਸਮਝੋ ਗ਼ੈਰ, ਜਾਂ ਕਰੋ ਮੁਹੱਬਤ ਇਹ, ਤੁਸਾਂ ਦੀ ਮਰਜ਼ੀ ਹੈ, ਪਰ ਆਪਾਂ ਤਾਂ, ਸੱਜਣ ਬਦਲੇ ਆਪਣਾ ਆਪ ਲੁਟਾ ਬੈਠੇ ਹਾਂ। ਪਾਣੀ ਤੇ ਪਾ ਗਿਆ ਲਕੀਰਾਂ ਜੋ ਦਿਲ ਦਾ ਸੱਚਾ ਮਹਿਰਮ ਸੀ, "ਸੁਹਲ" ਉਸ ਦੀਆਂ ਯਾਦਾਂ ਨੂੰ ਸੀਨੇ ਵਿਚ ਲੁਕਾ ਬੈਠੇ ਹਾਂ।

31. ਦੀਵਾਲੀ ਦੀ ਵਧਾਈ

ਦੀਵਾਲੀ ਦੀ ਵਧਾਈ ਨਾ,ਤੂੰ ਕੀਤੀ ਮਨਜ਼ੂਰ ਵੇ। ਦੱਸ ਚੰਨਾ ਸੋਹਣਿਆਂ ਤੂੰ, ਮੇਰਾ ਕੀ ਕਸੂਰ ਵੇ। ਤੇਰੀਆਂ ਅਦਾਬੱਤਾਂ ਮੈਂ, ਕਰ-ਕਰ ਥੱਕੀ ਆਂ। ਸੱਬਰਾਂ ਦੇ ਘੁੱਟ ਵੇ ਮੈਂ, ਪੀ-ਪੀ ਕੇ ਰੱਜੀ ਆਂ। ਬਿਰਹੋਂ ਦੇ ਡੰਗ ਦਾ ਹੈ , ਚੜ੍ਹਿਆ ਸਰੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….। ਤੁਰ ਗਿੳਂੁ ਸੁਪਨੇ ‘ਚ , ਨਾਗ ਡੰਗ ਮਾਰ ਕੇ। ਕੀਤੇ ਜਗਰਾਤੇ ਤੇਰੇ, ਬਹਿ ਗਈ ਮੈਂ ਹਾਰ ਕੇ। ਕਿਹੋ ਜਿਹਾ ਪਿਆਰ ਦਾ ਹੈ ਲੋਕੋ! ਦਸਤੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….। “ਸੁਹਲ ਮਲਕੀਅਤ ਸਿਆਂ’ ਸੁਣ ਅਰਜੋਈ ਵੇ। ਤੇਰੇ ਬਾਝੋਂ ਸੱਜਣਾ ਮੈਂ, ਹੋਈ ਅੱਧਮੋਈ ਵੇ। ਸੱਜਣਾ ਦੇ ਬਾਝੋਂ ਕਿਸੇ ਕੰਮ ਦੀ ਨਾ ਹੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….।

32. ਦੋ ਸ਼ਿਕਾਰੀ

ਨੇਤਾ ਆਪਣੀ ਕੁਰਸੀ ਨਿੱਤ ਬਚਾਉਂਦੇ ਨੇ। ਲੋਕਾਂ ਨੂੰ ਤਾਂ ਦੰਗਿਆਂ ਵਿਚ ਮਰਵਾਉਂਦੇ ਨੇ। ਜੱਦੀ- ਪੁਸ਼ਤੀ ਮਾਣ ਹੈ ਜਿਸ ਨੂੰ ਗੱਦੀ ਤੇ ਜੋ ਪਿਤਾ ਪੁਰਖ਼ੀ ਅਪਣਾਂ ਹੱਕ ਜਮਾਉਂਦੇ ਨੇ। ਮਨਿਸਟਰ ਜੀ ਦਾ ਬੱਚਾ ਵੀ ਤਾਂ ਘੱਟ ਨਹੀਂ ਉਹ ਸਿੱਧੇ-ਸੱਾਦੇ ਲੋਕਾਂ ਨੂੰ ਦਬਕਾਉਂਦੇ ਨੇ। ਛਾੱਤੀ ਕਢ ਕੇ ਫਿਰਦੇ ਚਮਚੇ ਲੀਡਰ ਦੇ, ਕਤਲੇਆਮ ਤੇ ਅੱਗਾਂ ਇਹ ਹੀ ਲਉਂਦੇ ਨੇ। ਫਿਰ! ਦੂਜੇ ਪਾਸੇ ਗੱਦੀ ਵੇਖੋ ਬਾਬੇ ਦੀ, ਸੇਵਕ ਨੂੰ ਵੀ ਪੁੱਠਾ- ਪਾਠ ਪੜ੍ਹਾਉਂਦੇ ਨੇ। ਪਰ! ਗੱਦੀ ਦਾ ਹੈ ਮਾਲਕ ਪੁੱਤਰ ਬਾਬੇ ਦਾ ਸੇਵਕ ਤੇ ਵੀ, ਆਪਣਾ ਰੋਹਬ ਰਖਾਉਂਦੇ ਨੇ। ਸ਼ਰਧਾ ਦਾ ਦਸਵੰਧ ਹੈ ਮੌਜ-ਬਹਾਰਾ ਲਈ, ਬੱਕਰੇ ਬੋਹਲ ਦੇ ਰਾਖੇ, ਲੋਕ ਬਿਠਾਉਂਦੇੇ ਨੇ, ਮਿਲ ਕੇ ਕਰਨ ਹਲੱਾਲ ‘ਤੇ ਝਟਕਾਉਂਦੇ ਵੀ, ਇਹ ਤਾਂ ਹੇਠੋਂ-ਉੱਤੋਂ ਛੁਰੀ ਚਲਾਉਂਦੇ ਨੇ। “ਸੁਹਲ” ਦੋਵੇਂ ਸ਼ਿਕਾਰੀ,ਮਾਲਕ ਤੱਖ਼ਤਾਂ ਦੇ, ਘੁੱਗੀਆਂ ਤੇ ਵੀ ਹੱਥੀਂ ਜਾਲ ਵਿਛਾਉਂਦੇ ਨੇ।

33. ਦੂਰ ਨਹੀਂ ਨਨਕਾਣਾ

ਸੰਗਤੇ ਨਨਕਾਣੇ ਚਲੀਏ, ਹੁਣ ਦੂਰ ਨਹੀਂ ਨਨਕਾਣਾ, ਹੁਣ ਦੂਰ ਨਹੀਂ ਨਨਕਾਣਾ, …………………। ਗੁਰੁ ਨਾਨਕ ਅਵਤਾਰ ਧਾਰਿਆ,ਰਾਇ ਭੋਏ ਤਲਵੰਡੀ। ‘ਸਭੇ ਸਾਂਝੀਵਾਲ ਸਦਾਇਨ’ ਕੀਤੀ ਨਾ ਕੋਈ ਭੰਡੀ। ਮਾਂ ਤ੍ਰਿਪਤਾ ਤੇ ਮਹਿਤਾ ਕਾਲੂ, ਜੀ ਨੂੰ ਸੀਸ ਨਿਵਾਣਾਂ, ਹੁਣ ਦੂਰ ਨਹੀਂ ਨਨਕਾਣਾ,ਕੋਈ ਦੂਰ ਨਹੀਂ ਨਨਕਾਣਾ। ਗੁਰੁ ਨਾਨਕ ਨੇ ਜਨਮ ਲਿਆ,ਸੰਨ ਚੌਦਾਂ ਸੌ ਉੱਨ੍ਹਤਰ। ਕਰਤਾਰਪੁਰ ਜੋਤੀ ਜੋਤ ਸਮਾਏ,ਕਰਕੇ ਉਮਰਾਂ ਸੱਤਰ। ‘ਬਾਣੀ ਗੁਰੂ ਗੁਰੂ ਹੈ ਬਾਣੀ’ ਸਭ ਨੂੰ ਸ਼ਬਦ ਸੁਨਾਣਾ, ਹੁਣ ਦੂਰ ਨਹੀਂ ਨਨਕਾਣਾ,ਕੋਈ ਦੂਰ ਨਹੀਂ ਨਨਕਾਣਾ। ਬਾਬਾ ਨਾਨਕ ਪ੍ਰਗਟਿਆ, ਦੁਨੀਆਂ ਦਾ ਸਤਿਕਰਤਾਰ। ‘ਏਕ ਨੂਰ ਤੇ ਸਭੁ ਜਗੁ ਉੁਪਜਿਆ’ ਬੋਲੋ ੴ ਕਾਰ। ਬਾਣੀ ਪੜ੍ਹਦੇ- ਪੜ੍ਹਦੇ ਸਭ ਨੇ, ਨਾਨਕ ਨਾਮ ਧਿਆਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਕਰਤਾਰਪੁਰ ਦਾ ਖੁਲ੍ਹਾ ਲਾਂਘਾ, ਸੰਗਤਾਂ ਦਰਸ਼ਨ ਕਰਨੇ। ਅਸੀਂ ਮੱਥਾ ਟੇਕਣ ਜਾਣਾ ਜਿੱਥੇ,ਨਾਨਕ ਜੀ ਦੇ ਘਰ ਨੇ। ਨਨਕਾਣੇ ਸਾਹਿਬ ਸੰਗਤਾਂ ਲੰਗਰ,ਛੱਕਣਾ ਅਤੇ ਛੱਕਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ‘ਆਪੇ ਬੀਜਿ ਆਪੇ ਹੀ ਖਾਹੁ’ਗੁਰੂ ਨਾਨਕ ਦੇ ਗੁਣ ਗਾਉ ਕ੍ਰਿਤ ਕਮਾਈ ਕਰਕੇ ਲੋਕੋ “ਮੰਨ ਚਿੰਦਿਆ ਫਲੁ”ਪਾਉ। “ਸੁਹਲ” ਨਸ਼ਹਿਰੇ ਵਾਲੇ ਨੇ ਵੀ,ਸੰਗਤ ਦੇ ਨਾਲ ਜਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਆਉ ਸੰਗਤੇ ਚਲੀਏ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੁਰ ਨਹੀਂ ਨਨਕਾਣਾ, ਹੁਣ……………… ।

34. ਦੋਸ਼ੀ

ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ ਦੋਸ਼ ਦਿਉ ਨਾ ਹੋਰਾਂ ਨੂੰ। ਨੇਤਾ ਜੀ ਵੀ ਬੱਚ ਨਹੀਂ ਸਕਦੇ ਮੋਰ ਜੇ ਪੈ ਗਏ ਚੋਰਾਂ ਨੂੰ। ਜਨਤਾ ਨੇ ਜੋ ਮਾਣ ਬਖ਼ਸ਼ਿਆ ਉਸ ਤੇ ਕੁਝ ਵਿਚਾਰ ਕਰੋ। ਸਭ ਲੋਕੀਂ ਸਤਿਕਾਰ ਨੇ ਕਰਦੇ ਤੁਸੀਂ ਵੀ ਤਾਂ ਸਤਿਕਾਰ ਕਰੋ। ਇਹ ਗੱਲ ਮੈਂ,ਸਚੋ-ਸੱਚ ਸੁਣਾਈ ਹੁਣ ਤੂੰ ਪੁੱਛ ਲੈ ਹੋਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ, ਦੋਸ਼ ਦਿਉ ਨਾ ਹੋਰਾਂ ਨੂੰ। ਜੇ ਮਾਣ ਕਰੋ, ਸਨਮਾਨ ਮਿਲੇਗਾ ਗੁਰੁ-ਪੀਰਾਂ ਫ਼ੁਰਮਾਇਆ। ਕੋਈ ਵੀ ਕਿਸੇ ਦਾ ਹੱਕ ਨਾ ਖਾਵੇ ਦੁਨੀਆਂ ਨੂੰ ਸਮਝਾਇਆ। ਤੂੰ ਫ਼ੁੱਲਾਂ ਦੀ ਖ਼ੁਸ਼ਬੋਈ ਨੂੰ ਛਡ ਕੇ ਕਿਉਂ ਗਲ ਲਾਵੇਂ ਥੋਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ, ਦੋਸ਼ ਦਿਉ ਨਾ ਹੋਰਾਂ ਨੂੰ। ਹੁਣ ਕਰੀਂ ਭਲਾ ਤੂੰ ਸਭ ਲੋਕਾਂ ਦਾ ਲਾਲਚ ਦੇ ਵਿਚ ਆਵੀਂ ਨਾ। ਵੇਲਾ ਲੰਘਿਆ ਹੱਥ ਨਹੀਂ ਆਉਣਾ ਫਿਰ ਸੱਜਣਾਂ ਪਛਤਾਵੀਂ ਨਾ। ਹੁਣ ਸਿੱਧੇ ਰਾਹ ‘ਤੇ ਤੁਰਿਆ ਚੱਲ ਤੂੰ ਛੱਡ ਦੇ ਮਤਲਬਖ਼ੋਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ, ਦੋਸ਼ ਦਿਉ ਨਾ ਹੋਰਾਂ ਨੂੰ। ਤੱਕ ਲਉ ਜੇ ਆਪਣਾ ਪਰਛਾਵਾਂ ਲੋਕੀਂ ਕਰਨਗੇ ਹੱਥੀ ਛਾਵਾਂ। ਗਰੀਬ ਕੋਈ ਆਪਣਾਂ ਦੁੱਖ਼ ਸੁਣਾਵੇਂ ਉਹਨੰ੍ਹੂ ਆਪਣਾ ਦੇ ਸਿਰਨਾਵਾਂ। ਤੁਸੀਂ ਲੋਕਾਂ ਦੇ ਜੇ ਕੰਮ ਨਹੀਂ ਕਰਨੇ ਕੀ ਕਰਨਾਂ ਅਸੀਂ ਟੌਹਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ, ਦੋਸ਼ ਦਿਉ ਨਾ ਹੋਰਾਂ ਨੂੰ। ‘ਸੁਹਲ’ ਸਾਧਾਂ ਨੇ ਡੇਰਿਆਂ ਅੰਦਰ ਬੰਬ-ਬੰਦੂਕਾਂ ਤੇ ਰਖੇ ਖ਼ੰਜਰ। ਅੱਜ ਵੇਖੋ, ਤੁਸੀਂ ਬਨਾਉਟੀ ਬਾਬੇ ਪਹਿਰੇਦਾਰ ਵੀ ਰਖੇ ਅੰਦਰ। ਲੀਡਰ ਤੇ ਬਾਬੇ ,ਹੁਣ ਪਰਖੇ ਜਾਣੇਂ, ਜੋ ਖਾਂਦੇ ਰਹੇ ਕਮਜੋਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ ਦੋਸ਼ ਦਿਉ ਨਾ ਹੋਰਾਂ ਨੂੰ। ਨੇਤਾ ਜੀ ਵੀ ਬੱਚ ਨਹੀਂ ਸਕਦੇ ਮੋਰ ਜੇ ਪੈ ਗਏ ਚੋਰਾਂ ਨੂੰ।

35. ਗ਼ਜ਼ਲ-ਸੱਜਣ, ਮਿੱਤਰ, ਰਿਸ਼ਤੇਦਾਰ

ਸੱਜਣ, ਮਿੱਤਰ, ਰਿਸ਼ਤੇਦਾਰ । ਯਾਰ ਮਾਰ ਕਈ ਕਰਦੇ ਯਾਰ। ਸਿਰ ਤੋਂ ਪਾਣੀ ਲੰਘਣ ਲਗਾ, ਆਉ ਕਰੀਏ ਸੋਚ ਵੀਚਾਰ। ਆਪਣਾ ਬਣਦਾ ਟਾਂਵਾਂ ਟਾਂਵਾਂ, ਯਾਰ ਹੁੰਦੇ ਨੇ ਬੇ-ਸ਼ੁਮਾਰ। ਸਿਫ਼ਤਾਂ ਦੇ ਪੁਲ ਬੰਨ੍ਹੀ ਜਾਂਦੇ, ਭਾਵੇਂ ਡੋਬਣ ਅੱਧ-ਵਿਚਕਾਰ। ਚੁੱਲ੍ਹੇ ਅੱਡੋ-ਅੱਡੀ ਹੋ ਜਾਣ, ਇਕ ਦੂਜੇ ਤੋਂ ਖਾਂਦੇ ਖ਼ਾਰ। ਭੁੱਲਾ-ਚੁੱਕਾ ਆਏ ਪ੍ਰਾਹੁਣਾ, ਹੋ ਜਾਏ ਇਕ ਸੌ ਚਾਰ ਬੁਖ਼ਾਰ। ਦੋਸ਼ ਕਿਸੇ ਨੂੰ ਕੀ ਹੈ ਦੇਣਾ, ਪਹਿਲੋਂ ਆਪਣਾ ਆਪ ਸੁਆਰ।

36. ਜ਼ਿੰਦਗ਼ੀ ਦਾ ਸਫਰ

ਜ਼ਿੰਦਗ਼ੀ ਦੇ ਸਫਰ ਨੂੰ ਕਿਵੇਂ ਸੁਣਾਵਾਂ ਦੋਸਤੋ। ਮੇਰੇ ਸੰਗ ਜੋ ਬੀੱਤੀਆਂ ਕਿਵੇਂ ਲੁਕਾਵਾਂ ਦੋਸਤੋ। ਸੰਗਰਸ਼ ਦੇ ਰਾਹ ਤੇ ਉਮਰ ਸਾਰੀ ਤੁਰਨਾ ਪਿਆ ਹੁੰਦੀ ਰਹੀ ਸੀ ਚਰਚਾ ਗਲੀਆਂ ਗਰਾਵਾਂ ਦੋਸਤੋ। ਜ਼ਿੰਦਗ਼ੀ ‘ਚ ਮਿਲਿਆ ਨਾ ਕੋਈ ਰਾਹ ਦਸੇਰਾ ਹੱਥ ਰਖ ਕੇ ਵੀ ਕਿਸ ਨੂੰ ਦੇਵਾਂ ਦੁਆਵਾਂ ਦੋਸਤੋ। ਜ਼ਿੰਦਗ਼ੀ ਵਿਚ ਰਹੀਆਂ ਮਿਹਨਤਾਂ -ਮਜ਼ਬੂਰੀਆਂ ਇਨਕਲਾਬ ਦੇ ਨਾਹਰੇ ਨੂੰ ਕਿਵੇਂ ਛੁਪਾਵਾਂ ਦੋਸਤੋ। ਰੋਟੀ ਰੋਜੀ ਵਾਸਤੇ ਪੱਥਰਾਂ ਨੂੰ ਸੀਨੇ ਲਾ ਲਿਆ ਦਰਦ ਆਪਣੇ ਦਿਲ ਦਾ ਕਿਸਨੂੰ ਵਿਖਾਵਾਂ ਦੋਸਤੋ ਝੱਖੜਾਂ-ਤੂਫ਼ਾਨਾਂ ਸੰਗ ਵੀ,ਯਾਰੀ ਲਗਾਈ ਹੱਸ ਕੇ ਪਰ! ਆਪਣੇ ਸਿੱਦਕ ਨੂੰ, ਕਿਵੇਂ ਹਰਾਵਾਂ ਦੋਸਤੋ। ਹਿਮਤਾਂ ਤੋਂ ਜਾਚ ਸਿੱਖੀ, ਜ਼ਿੰਦਗ਼ੀ ਜੀਊਣ ਦੀ ਕਿਉਂ ਫਿਰ ਜ਼ਿੰਦਗ਼ੀ ਦੀ ਕਸਮ ਖਾਵਾਂ ਦੋਸਤੋ। ‘ਸੁਹਲ’ ਦੀ ਮਲਕੀਅਤ ਹੈ, ਬੱਸ!ਇਹੋ ਜ਼ਿੰਦਗ਼ੀ ਸਬਰ ਤੇ ਵਿਸ਼ਵਾਸ ਦੇ ਹੀ, ਗੀਤ ਗਾਵਾਂ ਦੋਸਤੋ।

37. ਆਪਣੀ ਮੰਜ਼ਿਲ ‘ਤੇ

ਮੈਂ ਆਪਣੀ ਮੰਜ਼ਿਲ ਤੇ ਚੱਲਦਾ ਰਿਹਾ ਹਾਂ। ਦੁੱਖ ਸੁੱਖ ਸਾਰੇ ਹੀ ਝੱਲਦਾ ਰਿਹਾ ਹਾਂ। ਮਿਹਨਤ,ਮਜ਼ੂਰੀ ਜਾਂ ਮਿਲ ਜਾਏ ਦਿਹਾੜੀ ਬੱਚਿਆਂ ਦੀ ਖਾਤਰ ਕਰਦਾ ਰਿਹਾ ਹਾਂ। ਕਾਮੇਂ ਦੀ ਮਿਹਨਤ ਨੂੰ ਭੁੱਲ ਜਾਂਦੇ ਲੋਕੀਂ ਮੈਂ ਏਸੇ ਹੀ ਦੁੱਖ ਵਿਚ ਮਰਦਾ ਰਿਹਾ ਹਾਂ। ਅਮੀਰਾਂ ਦੀ ਹਰ ਦਿਨ ਵਿਸਾਖੀ ਦੀਵਾਲੀ ਹਨੇਰੇ ‘ਚ ਹੌਕੇ ਮੈਂ ਭਰਦਾ ਰਿਹਾ ਹਾਂ। “ਸੁਹਲ” ਜੋ ਲੜਦੇ ਨੇ ਹੱਕਾਂ ਦੀ ਖਾਤਰ ਕੋਰੇ ਕੱਕਰ‘ਚ ਉਨ੍ਹਾਂ ਸੰਗ ਠਰਦਾ ਰਿਹਾ ਹਾਂ।

38. ਬਚ ਕੇ ਰਹਿ ਯਾਰਾ

ਭੈੜਾ ਬੜਾ ਜਮਾਨਾ ਬਚ ਕੇ ਰਹਿ ਯਾਰਾ। ਹੋਇਆ ਜੱਗ ਬੇਗਾਨਾ, ਬਚ ਕੇ ਰਹਿ ਯਾਰਾ। ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ ਕਾਲੇ ਨੇ ਟਿੰਡ ‘ਚ ਪਉਂਦੇ ਕਾਨਾਂ, ਬਚ ਕੇ ਰਹਿ ਯਾਰਾ। ਸ਼ਰੀਫ਼ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ ਫਿਰ ਪਉਂਦੇ ਚੋਗਾ-ਦਾਣਾ, ਬਚਕੇ ਰਹਿ ਯਾਰਾ। ਲੂੰਬੜ ਚਾਲਾਂ ਖੇਡ ਰਹੇ ਨੇ ਰਾਣੀ ਖ਼ਾਂ ਦੇ ਸਾਲੇ ਖਰਾਬ ਕਰਨਗੇ ਖਾਨਾਂ, ਬਚ ਕੇ ਰਹਿ ਯਾਰਾ। ਮੋਮੋ-ਠੱਗਣੀਆਂ ਕਰ ਗਲਾਂ, ਵੈਰ ਪੁਆਉਂਦੇ ਨੇ ਅੱਗ ਲਉਣੀ ਖੱਬੀਖਾਨਾਂ, ਬਚ ਕੇ ਰਹਿ ਯਾਰਾ। “ਸੁਹਲ” ਉਹ ਗੰਦੇ ਬੰਦੇ ਜੋ ਕਰਦੇ ਦੰਗੇ ਨੇ, ਨਿਭਾਉਂਦੇ ਨਹੀਂ ਯਰਾਨਾ, ਬਚ ਕੇ ਰਹਿ ਯਾਰਾ।

39. ਬਚਾ ਕੇ ਰਖੀਂ

ਧੁਰ ਅੰਦਰੋਂ ਰਚਨਾਵਾਂ ਲਿਖੀਆਂ, ਦਿਲ ਦੇ ਵਿਚ ਟਿਕਾ ਕੇ ਰਖੀਂ। ਐਵੇਂ ਨਾ ਕਿਤੇ ਗੁੱਮ ਹੋ ਜਾਵਣ, ਪੜ੍ਹ ਕੇ ਅਤੇ ਸੁਣਾ ਕੇ ਰਖੀਂ। ਇਹ ਤੇਰਾ ਅਨਮੋਲ ਖ਼ਜ਼ਾਨਾ ਵੇਖੀਂ ਕਿਧਰੇ ਗੁੰਮ ਨਾ ਜਾਵੇ, ਕੀੜ-ਪਤੰਗੇ ਖਾ ਨਾ ਜਾਵਣ ਚੰਗੀ ਤਰ੍ਹਾਂ ਬਚਾ ਕੇ ਰਖੀਂ। ਚੰਗੀਆਂ ਲਿਖਤਾਂ ਪੜ੍ਹਕੇ ਲੋਕੀਂ ਚੰਗੇ ਵੀ ਤਾਂ ਬਣ ਸਕਦੇ ਨੇ, ਤੂੰ ਸੁਤੇ ਹੋਇਆਂ ਲੋਕਾਂ ਤਾਈਂ ਕਵਿਤਾ ਪੜ੍ਹੀਂ, ਜਗਾ ਕੇ ਰਖੀਂ। ਕਲਮ ਤੇਰੀ ਨੇ ਸ਼ਬਦ ਲਿਖੇ ਜੋ ਪੜ੍ਹ ਕੇ ਲੋਕੀਂ ਕਰਨ ਵਿਚਾਰਾਂ, ਵੇਖੀਂ ਜੇ ਤੂੰ ਮਾੜਾ ਲਿਖਿਆ ਤਾਂ ਫਿਰ ਨਜ਼ਰ ਝੁਕਾ ਕੇ ਰਖੀਂ। ਕੱਚੀਆਂ ਸੋਚਾਂ, ਫੋਕੀਆਂ ਲਿਖਤਾਂ, ਐਸੀਆਂ ਲਿਖਤਾ ਦਾ ਕੀ ਲਿਖਣਾ ਆਪਣੇ ਹਰ ਇਕ ਅੱਖ਼ਰ ਤਾਈਂ ਚੰਗੀ ਤਰਾਂ ਪਕਾ ਕੇ ਰਖੀਂ। ਸੱਚੀਆਂ ਸੁੱਚੀਆਂ ਲਿਖਤਾਂ ਲਿਖ, ਮਾਨਵਤਾ ਦਾ ਕੱਦ ਵਧਾਈਂ, ਸ਼ੋਹਰਤ ਬਦਲੇ ਵਿਕ ਨਾ ਜਾਵੀਂ ਆਪਣਾ ਦਿਲ ਸਮਝਾ ਕੇ ਰਖੀਂ। ਥੋੜੇ ਵਿਚ ਗੁਜ਼ਾਰਾ ਕਰ ਲਈਂ ਮੰਨ ਦੀ ਭਟਕਣ ਛਡ ਕੇ ਰਖੀਂ, ਅੱਰਥ ਬੜੇ ਨੇ ਛੋਟੀ ਗਲ ਦੇ ਬਹੁਤੀ ਨਾ ਲਮਕਾ ਕੇ ਰਖੀਂ। ਬਈਮਾਨ ਤੇ ਚੁਗਲਖ਼ੋਰ ਨੂੰ ਵੇਖੀਂ ਕਿਧਰੇ ਮੂੰਹ ਨਾ ਲਾਵੀਂ ਅਕ੍ਰਿਤਘਣ ਜਿਹੇ ਬੰਦੇ ਤਾਈਂ ਥੋੜਾ ਕੁ ਧੱਮਕਾ ਕੇ ਰਖੀਂ। ਸੁੱਤੇ ਨੇ ਜੋ ਕਲਮਾਂ ਵਾਲੇ ਨੀਂਦ ਉਨ੍ਹਾਂ ਦੀ ਖੋ੍ਹਲ ਜ਼ਰਾ ਤੂੰ, ਗੀਤ ਲਿਖੇ ਜੋ ਲੱਚਰਤਾ ਦੇ ਉਹਨਾਂ ਨੂੰ ਸਮਝਾ ਕੇ ਰਖੀਂ। ਗੀਤ, ਗ਼ਜ਼ਲ, ਕਵਿਤਾਵਾਂ ਲਿਖ “ਸੁਹਲ” ਨੇਕ ਸਲ੍ਹਾਵਾਂ ਲਿਖ, ਸ਼ਬਦਾਂ ਦੀ ਟਕਸਾਲ ਦੇ ਉਤੇ ਹਰ ਸ਼ਿਅਰ ਟੁਣਕਾ ਕੇ ਰਖੀਂ।

40. ਬਦੀ ਦਾ ਰਾਵਣ

ਬਦੀ ਦੇ ਦਰਵਾਜੇ ਅੱਜ ਵੀ ਖੁੱਲ੍ਹੇ ਨੇ। ਪੜ੍ਹ ਕੇ ਵੇਦ-ਗਰੰਥਾਂ ਨੂੰ ਵੀ ਭੁੱਲੇ ਨੇ। ਜਨਤਾ ਅਤੇ ਹਕੂਮਤ ਵਿਚ ਵੀ ਪਾੜਾ ਹੈ ਰਾਵਣ ਦੇ ਤਾਂ ,ਹੁਣ ਵੀ ਝੰਡੇ ਝੁੱਲੇ ਨੇ। ਭੁੱਲ ਗਏ ਕੁਰਬਾਨੀ ਯੋਧੇ ਸ਼ੇਰਾਂ ਦੀ ਖ਼ੂਨ ਜਿਨ੍ਹਾਂ ਦੇ ਕੌਮਾਂ ਖਾਤਰ ਡੁੱਲ੍ਹੇ ਨੇ। ਬਦੀ ਦੀ ਅੱਗ ‘ਚ,ਰਾਵਣ ਸੜਿਆ ਸੀ ਭੇਤ ਬਦੀ ਦੇ ,ਅਗਨੀ ਅੰਦਰ ਖੁੱਲ੍ਹੇ ਨੇ। “ਸੁਹਲ’ ਠੰਡ ਕਲੇਜੇ ਕਿਹੜਾ ਪਾਵੇਗਾ ਪ੍ਰਵਚਨ ਪਾਖੰਡੀ ਸਾਧਾਂ ਦੇ ਬੇ-ਮੁੱਲੇ ਨੇ।

41. ਚਿੱਟੀ ਚਾਨਣੀ

ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਅਸਾਂ ਤਾਰਿਆਂ ਦੇ ਨਾਲ ਗੱਲਾਂ ਕੀਤੀਆਂ। ਉਹਨੂੰ ਦੱਸੀਆਂ ਜੋ ਸਾਡੇ ਸੰਗ ਬੀਤੀਆਂ। ਆਪਾਂ ਜ਼ਿੰਦਗੀ,ਗਮਾਂ ‘ਚ ਨਹੀਂ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਕਾਲੀ ਰਾਤ ਮਸਿੱਆ ਦੀ ਕਦੀ ਆਵੇ ਨਾ। ਸੁੱਤੀ ਹਿਜ਼ਰਾਂ ਦੀ ਪੀੜ ਨੂੰ ਜਗਾਵੇ ਨਾ। ਉਹ ਕਿਤੇ ਕਰ ਨਾ ਕਲੇਜਾ ਦੇਵੇ ਛਾਨਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਮੈਂ ਰਾਤੀਂ ਉੱਠ -ਉੱਠ ਲੋ ਵੇਖਾਂ ਚੰਨ ਦੀ। ਯਾਦਾਂ ਵਿਚ ਅੰਗੜਾਈਆਂ ਰਵਾਂ ਭੰਨਦੀ। ਉੱਭੇ-ਉੱਭੇ ਸਾਹਾਂ ਜਿੰਦ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। “ਸੁਹਲ’ ਬੱਦਲਾਂ ਦੇ ਉਹਲੇ ਚੰਨ ਹੋਵੇ ਨਾ। ਅੱਖਾਂ ਭਰ-ਭਰ ਯਾਦਾਂ ‘ਚ ਕੋਈ ਰੋਵੇ ਨਾ। ਹੌਕਿਆਂ ਦੀ ਅੱਗ ਨਹੀਂ ਬਾਲਣੀ ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ।

42. ਏਧਰ ਵੀ ਤੇ ਓਧਰ ਵੀ

ਧੀਆਂ ਆਪਣਾ ਫ਼ਰਜ ਨਿਭਾਵਣ, ਏਧਰ ਵੀ ਤੇ ਓਧਰ ਵੀ। ਕਿਉਂ ਨਾ ਸਾਰੇ ਖ਼ੁਸ਼ੀ ਮਨਾਵਣ, ਏਧਰ ਵੀ ਤੇ ਓਧਰ ਵੀ। ਮਾਂ ਬਾਪ ਤੇ ਭੈਣ ਭਰਾ, ਰੱਜ ਕੇ ਤੈਨੂੰ ਕਰਨ ਪਿਆਰ। ਉਹ ਤੈਥੋਂ ਸਦਕੇ-ਵਾਰੀ ਜਾਵਣ, ਏਧਰ ਵੀ ਤੇ ਓਧਰ ਵੀ। ਆਪਣੇ ਪੁਰਖ਼ਾਂ ਦੇ ਸੰਦੇਸ਼, ਦਿਲ ‘ਚ ਬੀਬਾ!ਸਾਂਭ ਕੇ ਰਖੀਂ। ਫਿਰ ਠੰਡ੍ਹੀ ਵਾ ਦੇ ਬੁੱਲੇ ਆਵਣ, ਏਧਰ ਵੀ ਤੇ ਓਧਰ ਵੀ। ਧੀਏ ਸਾਡੀਆਂ ਏਹੋ ਰੀਝਾਂ, ਜਿਥੇ ਜਾਵੀਂ ਮਾਣ ਵਧਾਵੀਂ। ਵਰ੍ਹਦਾ ਰਹੇ ਸੁੱਖਾਂ ਦਾ ਸਾਵਣ, ਏਧਰ ਵੀ ਤੇ ਓਧਰ ਵੀ। ਸੌ-ਹੱਥ ਰੱਸਾ,ਗੰਢ ਸਿਰੇ ਤੇ ਵੇਖੀਂ ਕਿਧਰੇ ਖੁਲ੍ਹ ਨਾ ਜਾਵੇ। “ਸੁਹਲ” ਤੇਰੇ ਸੋਹਲੇ ਗਾਵਣ, ਏਧਰ ਵੀ ਤੇ ਓਧਰ ਵੀ। ਧੀਆਂ ਆਪਣਾ ਫ਼ਰਜ ਨਿਭਾਵਣ ਏਧਰ ਵੀ ਤੇ ਓਧਰ ਵੀ।

43. ਇਲੈਕਸ਼ਨ

ਇਲੈਕਸ਼ਨ ਆਈ ਤਾਂ ਖੁੰਬਾਂ ਵਾਂਗਰ , ਉੱਗ ਪਏ ਮੇਰੇ ਪਿਆਰੇ ਨੇਤਾ। ਕਾਰਾਂ ਦੇ ਨਾਲ ਬੰਨ੍ਹ ਕੇ ਝੰਡੀਆਂ , ਹੁਣ ਫਿਰਦੇ, ਮਾਰੇ - ਮਾਰੇ ਨੇਤਾ। ਹਰ ਗਲੀ ਹਰ ਮੋੜ ਦੇ ਉਤੇ , ਥਾਂ - ਥਾਂ ਲੱਗੇ ਇਸ਼ਤਿਹਾਰ । ਲੋਹੜੀ ਅਤੇ ਵਿਸਾਖੀ ਲੰਘੀ , ਆਇਆ ਵੋਟਾਂ ਦਾ ਤਿਉਹਾਰ। ਜਿੱਧਰ ਵੇਖੋ , ਤਾਂ ਓਧਰ ਲੱਭੇ , ਸੱਭ ਸੜਕਾਂ 'ਤੇ ਉੱਡਦੀ ਧੂੜ । ਪਤਾ ਨਹੀਂ, ਇਸ ਦੌੜ ਦੇ ਅੰਦਰ , ਵਢ੍ਹਿਆ ਜਾਣਾਂ ਕਿਸ ਦਾ ਜੂੜ। ਸੋਚਾਂ ਦੇ ਵਿਚ ਡੁੱਬਾ ਰਹਿੰਦਾ , ਸੌਣਾ ਵੀ ਹੋ ਗਿਆ ਹਰਾਮ । ਸੁੱਤਾ ਪਿਆ ਵੀ ਬੋਲੀ ਜਾਵੇ , ਸਤਿ ਸ੍ਰੀ ਆਕਾਲ , ਜੈ-ਜੈ ਰਾਮ । ਨੇਤਾ ਜੀ ਦੇ ਚਮਚੇ - ਕੱੜਛੇ , ਉੱਚੀ - ਉੱਚੀ ਲਉਂਦੇ ਨਾਹਰੇ । ਗੱਭਰੂ , ਬੁੱਢੇ ਤੇ ਮੁਟਿਆਰਾਂ , ਵਿਚੇ ਫਿਰਦੇ ਛੱੜੇ ਕੁਆਰੇ । ਲਾੜੇ ਵਾਂਗਰ ਸੱਜਿਆ ਹੋਇਆ , ਗਲ ਵਿਚ ਹਾਰ ਪਵਾਈ ਜਾਂਦਾ । ਸ਼ਹਿਰਾਂ ਵਾਂਗਰ ਪਿੰਡ ਹੋਣਗੇ , ਸਭ ਨੂੰ ਲਾਰੇ ਲਾਈ ਜਾਂਦਾ । ਸਵਾਹ ਦਾ ਇਹਨੇ ਸਵਰਗ ਬਣਾਉਣਾ! ਗਰਾਂਟਾਂ ਪਹਿਲਾਂ ਰੱਜ ਕੇ ਖਾਊ । ਚੰਡੀਗੜ 'ਚ ਮਿਲ ਜਾਊ ਕੋਠੀ , ਪਿੰਡਾਂ ਵਿਚ ਕੀ ਮਿਲਣਾਂ ਭਾਊ? ਨੌਕਰ - ਚਾੱਕਰ ਅੱਗੇ - ਪਿੱਛੇ , ਤੇ ਅਫਸਰ ਮਾਰਨ ਪਏ ਸਲੂਟ। ਪਾਉਂਦਾ ਸੀ ਉਹ ਦੇਸੀ ਜੁੱਤੀ , ਪਰ!ਅੱਜ ਉਸ ਦੇ ਲਿਸ਼ਕਣ ਬੂਟ । ਚਿੱਟੀ ਕਾਰ ਤੇ ਬਾਣਾਂ ਚਿੱਟਾ , ਕਾਰ ਦੇ ਉੇੱਤੇ ਬੱਤੀ ਲਾਲ । ਸਿਰ ਉਹਦਾ ਸੀ ਚਿੱਟਾ ਝਾਟਾ , ਵੇਖੋ ਉੱਗ ਪਏ ਕਾਲੇ ਵਾਲ । ਆਪ ਤਾਂ ਦਸਵੀਂ ਫੇਲ੍ਹ ਸੁਣੀਂਦਾ, ਰੋਹਬ ਉਸਦਾ ਜਿਉਂ ਹੈ ਬੀ. ਏ। ਚਿੱਠੀ-ਪੱਤਰ ਸਮਝ ਨਾ ਆਵੇ, ਜੋ ਕੁਝ ਕਰਦਾ ਸੋ ਕਰਦੈ ਪੀ. ਏ। ਖ਼ੁੱਦਗ਼ਰਜ਼ ਜਿਹੇ ਲੀਡਰ ਬਾਝੋਂ, ਕੀ ਥੁੜਿਆ ਹੈ ? ਮੇਰੇ ਯਾਰ । ਇਹੋ ਜਿਹੇ ਮਲਾਹ ਦੇ ਹੱਥੋਂ , ਨਹੀਂ ਜੇ ਹੋਣਾਂ ਬੇੜਾ ਪਾਰ । ਅੰਨ੍ਹਾਂ - ਬੋਲਾ ਹੋ ਕੇ ਵੋਟਰ , ਉਂਗਲੀ ਫੜ ਕੇ ਤੁਰਿਆ ਜਾਵੇ। ਭਾਵੇਂ ਅੱਗੋਂ ਧੱਕੇ ਪੈ ਜਾਣ , ਤਾਂ ਵੀ ਉਹਨੂੰ ਸ਼ਰਮ ਨਾ ਆਵੇ। ਇਹ ਮੇਲਾ ਮੁੜ ਪੰਜੀਂ ਸਾਲੀਂ , ਹਰ ਗਲੀ ਹਰ ਮੋੜ ਤੇ ਲੱਗੂ। ਚੌਂਕ , ਬਜ਼ਾਰਾਂ ਦੇ ਵਿਚ ਵੇਖੀਂ , ਫਿਰ ਨੱਚੇਗਾ, ਉਹ ਜੱਗੂ ਫੱਗੂ। ਹੱਥ ਜੋੜ ਮਲਕੀਅਤ ਕਹਿੰਦਾ , ਇਨ੍ਹਾਂ ਤੋਂ ਕੋਈ ਜਾਨ ਛੁਡਾਵੇ । ਕੋਈ ਧੋਖ਼ੇਬਾਝ ਫਰੇਬੀ ਲੀਡਰ , ਨਾ ਕੋਈ "ਸੁਹਲ" ਦੇ ਵਿਹੜੇ ਆਵੇ।

44. ਦੂਰ ਨਹੀਂ ਨਨਕਾਣਾ

ਸੰਗਤੇ ਨਨਕਾਣੇ ਚਲੀਏ, ਹੁਣ ਦੂਰ ਨਹੀਂ ਨਨਕਾਣਾ, ਹੁਣ ਦੂਰ ਨਹੀਂ ਨਨਕਾਣਾ, …………………। ਗੁਰੁ ਨਾਨਕ ਅਵਤਾਰ ਧਾਰਿਆ,ਰਾਇ ਭੋਏ ਤਲਵੰਡੀ। ‘ਸਭੇ ਸਾਂਝੀਵਾਲ ਸਦਾਇਨ’ ਕੀਤੀ ਨਾ ਕੋਈ ਭੰਡੀ। ਮਾਂ ਤ੍ਰਿਪਤਾ ਤੇ ਮਹਿਤਾ ਕਾਲੂ, ਜੀ ਨੂੰ ਸੀਸ ਨਿਵਾਣਾਂ, ਹੁਣ ਦੂਰ ਨਹੀਂ ਨਨਕਾਣਾ,ਕੋਈ ਦੂਰ ਨਹੀਂ ਨਨਕਾਣਾ। ਗੁਰੁ ਨਾਨਕ ਨੇ ਜਨਮ ਲਿਆ,ਸੰਨ ਚੌਦਾਂ ਸੌ ਉੱਨ੍ਹਤਰ। ਕਰਤਾਰਪੁਰ ਜੋਤੀ ਜੋਤ ਸਮਾਏ,ਕਰਕੇ ਉਮਰਾਂ ਸੱਤਰ। ‘ਬਾਣੀ ਗੁਰੂ ਗੁਰੂ ਹੈ ਬਾਣੀ’ ਸਭ ਨੂੰ ਸ਼ਬਦ ਸੁਨਾਣਾ, ਹੁਣ ਦੂਰ ਨਹੀਂ ਨਨਕਾਣਾ,ਕੋਈ ਦੂਰ ਨਹੀਂ ਨਨਕਾਣਾ। ਬਾਬਾ ਨਾਨਕ ਪ੍ਰਗਟਿਆ, ਦੁਨੀਆਂ ਦਾ ਸਤਿਕਰਤਾਰ। ‘ਏਕ ਨੂਰ ਤੇ ਸਭੁ ਜਗੁ ਉੁਪਜਿਆ’ ਬੋਲੋ ਫ਼ਲਟ; ਕਾਰ। ਬਾਣੀ ਪੜ੍ਹਦੇ- ਪੜ੍ਹਦੇ ਸਭ ਨੇ, ਨਾਨਕ ਨਾਮ ਧਿਆਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਕਰਤਾਰਪੁਰ ਦਾ ਖੁਲ੍ਹਾ ਲਾਂਘਾ, ਸੰਗਤਾਂ ਦਰਸ਼ਨ ਕਰਨੇ। ਅਸੀਂ ਮੱਥਾ ਟੇਕਣ ਜਾਣਾ ਜਿੱਥੇ,ਨਾਨਕ ਜੀ ਦੇ ਘਰ ਨੇ। ਨਨਕਾਣੇ ਸਾਹਿਬ ਸੰਗਤਾਂ ਲੰਗਰ,ਛੱਕਣਾ ਅਤੇ ਛੱਕਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ‘ਆਪੇ ਬੀਜਿ ਆਪੇ ਹੀ ਖਾਹੁ’ਗੁਰੂ ਨਾਨਕ ਦੇ ਗੁਣ ਗਾਉ ਕ੍ਰਿਤ ਕਮਾਈ ਕਰਕੇ ਲੋਕੋ “ਮੰਨ ਚਿੰਦਿਆ ਫਲੁ”ਪਾਉ। “ਸੁਹਲ” ਨਸ਼ਹਿਰੇ ਵਾਲੇ ਨੇ ਵੀ,ਸੰਗਤ ਦੇ ਨਾਲ ਜਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਆਉ ਸੰਗਤੇ ਚਲੀਏ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੁਰ ਨਹੀਂ ਨਨਕਾਣਾ, ਹੁਣ……………… ।

45. ਗੁਰੁ ਦੇ ਲਾਲਾਂ

ਸਮਝ ਕੋਈ ਨਾ ਆਈ, ਗੁਰਾਂ ਦੇ ਲਾਲਾਂ ਦੀ। ਪੋਹ ਮਹੀਨਾ ਠੰਡ ਕਹਿਰ ਦੀ। ਸਾਖ਼ੀ ਹੈ ਸਰਹਿੰਦ ਸ਼ਹਿਰ ਦੀ। ਪ੍ਰਵਾਰ ਵਿਛੋਵਾ ਪੈ ਗਿਆ ਜਦ, ਕੈਸੀ ਬਣਤ ਬਣਾਈ, ਗੁਰਾਂ ਦੇ ਲਾਲਾਂ ਦੀ। ਠੰਡਾ ਬੁਰਜ ਬੜਾ ਸੀ ਉੱਚਾ। ਸਤਿਗੁਰਾਂ ਦਾ ਨਾਂ ਵੀ ਸੁੱਚਾ। ਪਿਤਾ ਗੋਬਿੰਦ ਸਿੰਘ ਤੇ ਵੀਰੇ, ਪੈ ਗਈ ਜਦੋਂ ਜੁਦਾਈ, ਗੁਰਾਂ ਦੇ ਲਾਲਾਂ ਦੀ। ਕੀ ਪਤਾ, ਕੀ ਆਫ਼ਤ ਗੁਜਰੀ। ਨਾਲ ਉਨ੍ਹਾਂ ਦੇ ਦਾਦੀ ਗੁਜਰੀ। ਸਾਖੀਆਂ ਦਾਦੀ ਪਈ ਸੁਣਾਵੇ, ਪੋਤੇ ਗੋਦੀ ਵਿਚ ਬਿਠਾਈ ਗੁਰਾਂ ਦੇ ਲਾਲਾਂ ਦੀ। ਜੋਰਾਵਰ ਸਿੰਘ ਨੌਂ ਸਾਲਾਂ ਦੇ। ਫ਼ਤਹਿ ਸਿੰਘ ਜੋ ਸੱਤ ਸਾਲਾਂ ਦੇ ‘ਸੁਹਲ’ ਦਾਦੀ-ਪੋਤਰਿਆਂ ਦੀ ਕਿਵੇਂ ਕਰਾਂ ਵਡਿਆਈ, ਗੁਰਾਂ ਦੇ ਲਾਲਾਂ ਦੀ।

46. ਗੰਗੂ ਰਸੋਈਆ

ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਗੁਰਾਂ ਦੇ ਰਸੋਈਏ ਨੇ ਜੋ ਜ਼ੁਲਮ ਕਮਾਇਆ ਸੀ। ਮਾਤਾ ਗੁਜਰੀ ਦੇ ਪੋਤੇ ਸਾਹਿਬਜ਼ਾਦੇ ਗੁਰਾਂ ਦੇ। ਤੋੜ ਨਾ ਨਿਭਾਏ ਗੰਗੂ ਵਾਇਦੇ ਕੀਤੇ ਗੁਰਾਂ ਦੇ। ਰੋਟੀ ਪਾਣੀ, ਲੰਗਰ ‘ਚ ਬੜਾ ਅਜ਼ਮਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਜ਼ੋਰਾਵਰ , ਫ਼ਤਹਿ ਸਿੰਘ ਨਾਲ ਮਾਤਾ ਗੁਜਰੀ ਸੀ। ਗੰਗੂ ,ਘਰ ਲੈ ਗਿਆ ਤੇ ਨੀਤ ਉਦ੍ਹੀ ਗੁਜਰੀ ਸੀ। ਗਹਿਣਾ-ਗੱਟਾ,ਧਨ ਸਾਰਾ ਗੰਗੂ ਨੇ ਲੁਕਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਹਨੇਰੇ ਵਿਚ ਉੱਠ ਗੰਗੂ ਪਹੁੰਚਾ ਸੂਬੇਦਾਰ ਕੋਲ। ਗੁਜਰੀ ਤੇ ਸਾਹਿਬਜ਼ਾਦੇ ਅੱਜ ਸੁੱਤੇ ਸੇਵਾਦਾਰ ਕੋਲ। ਦਾਦੀ ਤੇ ਦੋਵੇਂ ਪੋਤੇ ਫੜ ਠੰਡੇਬੁਰਜ ਬਿਠਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਪੋੱਤਿਆਂ ਨੂੰ ਗੋਦੀ ਵਿਚ ਸੁਣਾਉਂਦੀ ਸੀ ਸਾਖ਼ੀਆਂ। ਧਰਮ ਤੋਂ ਨਹੀਂ ਡੋਲਣਾ ਤੇ ਮੰਗਿਉ ਨਾ ਮਾਫ਼ੀਆਂ। ਛਾੱਤੀ ਨਾਲ ਲਾ ਕੇ ਦਾਦੀ ਬੜਾ ਸਮਝਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਮੋਤੀ ਰਾਮ ਮਹਿਰਾ ਵੇਖੋ ਸੇਵਾ ਸੀ ਕਮਾ ਗਿਆ। ਹਨੇਰੀ ਰਾਤ, ਚੋਰੀ ਚੋਰੀ ਦੁੱਧ ਉਹ ਪਿਆ ਗਿਆ। ‘ਸੁਹਲ’ ਮਾਤਾ ਗੁਜਰੀ ਨੇ ਬੜਾ ਦੁੱਖ਼ ਪਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ।

47. ਗੁਰ ਨਾਨਕ ਪਰਗਟਿਆ

ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਤ੍ਰਿਪਤਾ ਮਾਂ ਨੂੰ ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ ਮੱਥਾ ਟੇਕਣ, ਸੂਰਜ ਰਿਸ਼ਮਾਂ ਪਾਈਆਂ। ਮਹਿਤਾ ਕਾਲੂ ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਦੇਵੀ - ਦੇਵਤਿਆਂ ਸਭ ਮਿਲ ਕੇ, ਰੱਬ ਦਾ ਸ਼ੁਕਰ ਮਨਾਇਆ। ਕੱਤਕ ਦੀ ਪੂਰਨਮਾਸ਼ੀ ਨੂੰ ਫਿਰ, ਸਭ ਨੇ ਸੀਸ ਝੁਕਾਇਆ। ਖ਼ੁਸ਼ੀਆਂ ਵਿਚ ਹੀ ਭੈਣ ਨਾਨਕੀ; ਤੇਲ ਬੂਹੇ ਤੇ ਚੋਇਆ, ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਉਹ ਸੱਚਾਸੌਦਾ ਕਰਨ ਗਏ ਤਾਂ, ਭੁੱਖਿਆਂ ਤਾਈਂ ਰੱਜਾਇਆ। ਸੱਭ ਤੇਰਾ-ਤੇਰਾ, ਹੀ ਤੋਲਣ ਵਾਲਾ, ਘੱਾਟਾ ਨਜ਼ਰ ਨਾ ਆਇਆ। ਨਾਨਕ ਜਾਣੀ - ਜਾਣ ਗੁਰਾਂ ਨੇ; ਕੁਝ ਨਾ ਆਪ ਲਕੋਇਆ, ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ‘ਸੁਹਲ’ ਸਿੱਖੀ ਦਾ ਬੂਟਾ ਜੱਗ ਤੇ, ਗੁਰੁ ਨਾਨਕ ਨੇ ਲਾਇਆ। ਊਚ - ਨੀਚ ਦਾ, ਭੇਤ ਮਿਟਾ ਕੇ, ਸਭ ਨੂੰ ਗਲੇ ਲਗਾਇਆ। ਉਨ੍ਹਾਂ ਰੱਥੀਂ ਕਰਕੇ-ਕਿਰਤ ਕਮਾਈ: ਕਰਤਾਰਪੁਰੇ ਹੱਲ ਜੋਇਆ, ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। (ਵਿਸੇਸ਼- ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ)

48. ਹਿੰਦ ਦੀ ਚਾਦਰ

ਨੌਵੇਂ ਗੁਰੁ ਸਨ, ਤੇਗ ਬਹਾਦਰ। ਬਣ ਗਏ ਜੋ ਹਿੰਦ ਦੀ ਚਾਦਰ। ਚਾਰ ਸੌ ਸਾਲ ਦੀ ਸੁਣੋ ਕਹਾਣੀ ਸ਼ਹੀਦੀ ਗਾਥਾ ਹੈ,ਬੜੀ ਪੁਰਾਣੀ। ਜੋ ਹਰਗੋਬਿੰਦ ਸਾਹਿਬ ਦੇ ਪੁੱਤਰ ਜਿਨ੍ਹਾਂ ਦੇ ਗੋਬਿੰਦ ਸਿੰਘ ਸਪੁੱਤਰ। ਕਸ਼ਮੀਰੀ ਹਿੰਦੂ ਸੀ ਮੁਸਲਮ ਹੋਏ ਹੱਥ ਜੋੜਕੇ ਗੁਰਾਂ ਦੇ ਪਾਸ ਖਲੋਏ। ਅੱਜ ਡੁੱਬਦਾ ਹਿੰਦੂ ਧਰਮ ਬਚਾਉ ਹੁਣ ਸਾਡੇ ਤੇ ਵੀ, ਕਰਮ ਕਮਾਉ। ਹਿੰਦੂ ਧਰਮ ਦੀ ਲਾਜ ਬਚਾਉਣੀ ਔਰੰਗਜੇਬ ਨੂੰ ਗੱਲ ਸਮਝਾਉਣੀ। ਪੰਡਤਾਂ ਨਾਲ ਸੀ ਤੁਰ ਪਏ ਦਿੱਲੀ ਇਹ ਜਬਰ ਵੇਖ ਕੇ ਦਿੱਲੀ ਹਿੱਲੀ। ਹੁਣ ਹਿੰਦੂ ਨਹੀਂ ਬਣਨੇ ਮੁਸਲਮਾਨ ਤੂੰ ਬੇਸ਼ਕ ‘ਰੰਗਿਆ ਕਢ ਲੈ ਜਾਨ। ਔਰੰਗਜੇਬ ਸੀ ਹੁਕਮ ਸੁਣਾਇਆ ਦਿੱਲੀ ਦੇ ਵਿਚ ਸੀਸ ਕਟਾਇਆ। ਚਾਂਦਨੀ ਚੌਕ ਵਿਚ ਹੋਏ ਕੁਰਬਾਨ ਰਹੇਗਾ ਜੱਗ ਤੇ ‘ਸੁਹਲ’ ਨਿਸ਼ਾਨ।

49. ਨਾਨਕ ਦਾ ਉਪਦੇਸ਼

ਗੁਰੁ ਨਾਨਕ ਦਾ ਉਪਦੇਸ਼ ਦੁਨੀਆਂ ਤੇ ਹੈ ਨਿਆਰਾ। ਸੰਦੇਸ਼ ਗੁਰੂ ਦੀ ਬਾਣੀ ਦਾ ਲਗਦਾ ਬੜਾ ਪਿਆਰਾ। ਰੱਬ ਤੋਂ ਸੋਹਣੀ ਤਸਵੀਰ ਜੋ ਸੀ ਨਾਨਕੀ ਦਾ ਵੀਰ। ਮਹਿਤਾ ਕਾਲੂ ਨਾ ਸਮਝੇ ਕਿਉਂ ਰਹਿੰਦਾ ਦਿਲਗ਼ੀਰ। ਤ੍ਰਪਿਤਾ ਮਾਂ ਭੋਲੀ -ਭਾਲੀ ਘਰ ‘ਚ ਰਹੇ ਖੁਸ਼ਹਾਲੀ। ਜੋ ਦਰ ਉਹਦੇ ਆਇਆ ਜਾਵੇ ਨਾ ਕਦੇ ਵੀ ਖਾਲੀ। ਨਾਨਕ ਦੀ ਸੂਰਤ ਸੋਹਣੀ ਲਗੇ ਮੰਨ ਨੂੰ ਮਨਮੋਹਣੀ। ਸੂਰਜ ਦੇ ਵਾਂਗ ਮੁੱਖੜਾ ਕਿਸ ਨਾ ਨਜ਼ਰ ਲਾਉਣੀ। ਜੋ ਸੱਚਾ ਸੀ ਸੌਦਾ ਕਰਦੇ ਭੁੱਖੇ ਦਾ ਢਿੱਡ ਸੀ ਭਰਦੇ। ਬਾਬਰ ਦੀ ਚੱਕੀ ਪੀਂਹਦੇ ਜੁਲਮ ਤੋਂ ਨਾ ਉਹ ਡਰਦੇ। ਮੱਝਾਂ ਸੀ ਚਾਰਨ ਤੁਰਿਆ ਆਪਾ ਸਵਾਰਨ ਤੁਰਿਆ। ਸਤਿਨਾਮ-ਵਾਹਿਗੁਰੂ ਦੀ ਬਾਣੀ ਉਚਾਰਨ ਤੁਰਿਆ। ਵਹਿਮਾਂ-ਭਰਮਾਂ ਤੋਂ ਦੂਰ ਨਾਹੀਂ ਕਰਾਮਾਤ ਮਨਜ਼ੂਰ। ਪੂਰਬ,ਪੱਛਮ, ਉੱਤਰ,ਦੱਖਣ ਪੈਂਡਾ ਕੀਤਾ ਸੀ ਕੋਹਾਂ ਦੂਰ। ਬਾਣੀ ਹੈ ਅਪਰ- ਅਪਾਰ ਮਨੁੱਖਤਾ ਦਾ ਕਰੇ ਸੁਧਾਰ। ਨਾਨਕ ਹੈ ਸੱਚਾ ਅਵਤਾਰ ਜੱਪਦੇ ਰਹੇ ਸਤਿਕਰਤਾਰ। ਕ੍ਰਿਤ ਕਰਨੀ, ਵੰਡ ਛਕਣਾਂ ਪ੍ਰਮੇਸ਼ਰ ਦਾ ਨਾਮ ਜੱਪਣਾ। ਖੇਤੀ ਵੀ ਕਰਦੇ- ਕਰਦੇ ਬਾਣੀ ਨਾ ਪੜ੍ਹਦੇ ਥੱਕਣਾ। ‘ਸੁਹਲ’ਸਭ ਸੀਸ ਝੁਕਾਉ ਗੁਰਬਾਣੀ ਨੂੰ ਮਨ ਵਸਾਉ। ਬਾਣੀ ਨੂੰ ਸਮਝਣ ਖਾਤਰ ਆਪਣਾ ਵੀ ਮਨ ਬਣਾਉ।

50. ਜਦ ਲਾਗੋਂ ਦੀ ਲੰਘੇ

‘ਵਾ ਪੁਰੇ ਦੀ ਗੀਤ ਸੁਣਾਵੇਂ ਜਦ ਲਾਗੋਂ ਦੀ ਲੰਘੇ। ਕੁੜੀ ਕੋਈ ਵੰਗਾਂ ਛਣਕਾਵੇ ਜਦ ਲਾਗੋਂ ਦੀ ਲੰਘੇ। ਉੱਡਦਾ ਪੰਛੀ ਰੰਗ- ਬੇਰੰਗਾ ਚੂੰ- ਚੂੰ ਕਰਕੇ ਬੋਲੇ ਜਿਉਂ ਕਵੀ ਕੋਈ ਗੁਣਗੁਣਾਵੇ ਜਦ ਲਾਗੋਂ ਦੀ ਲੰਘੇ। ਕੂੰਜ ਡਾਰ ਤੋਂ ਵਿੱਛੜੀ ਹੋਈ ਵਾਂਗ ਸ਼ੁਦੈਣਾ ਜਾਪੇ ਚੀਕ-ਚਿਹਾੜਾ ਪਾ ਕੁਰਲਾਵੇ ਜਦ ਲਾਗੋਂ ਦੀ ਲੰਘੇ। ਕੋਈ ਪ੍ਰਦੇਸੀ ਰਾਹੀ ਭੁੱਲਾ,ਜਾਪ ਰਿਹਾ ਉਹ ਪਾਗ਼ਲ ਖਿੱੜ-ਖਿੱੜ ਹੱਸੇ ਅਤੇ ਹੱਸਾਵੇ ਜਦ ਲਾਗੋਂ ਦੀ ਲੰਘੇ। “ਸੁਹਲ”ਵੇਖੇ ਇਸ ਦੁਨੀਆਂ ਤੇ ਬੜੇ ਅਜ਼ਬ ਨਜ਼ਾਰੇ ਸੱਜਣ ਵੀ ਹੁਣ ਪਿੱਠ ਵਿਖਾਵੇ ਜਦ ਲਾਗੋਂ ਦੀ ਲੰਘੇ।

51. ਚੁੱਪ ਕਰ ਕੇ ਬਹਿ ਜਾ

ਕਿਉਂ ਕਰਦਾ ਏਂ ਤਕਰਾਰ, ਚੁੱਪ ਕਰਕੇ ਬਹਿ ਜਾ। ਤੂੰ ਪਰਖ਼ੀਂ ਸਾਡਾ ਪਿਆਰ, ਚੁੱਪ ਕਰਕੇ ਬਹਿ ਜਾ। ਬਣਕਿਸ਼ਤੀ ਦਾ ਮੈਂ ਚੱਪੂ ਮੈਂ ਜਾਨ ਤਲੀ ‘ਤੇ ਰੱਖੀ ਤੂੰ ਡੋਬੇਂ ਅੱਧ ਵਿਚਕਾਰ, ਚੁੱਪ ਕਰਕੇ ਬਹਿ ਜਾ। ਸੋਹਣੀ ਦੀ ਜੇ ਰੀਸ ਕਰੇਂ, ਏਡੀ ਤੂੰ ਨਹੀਂ ਸੋਹਣੀ ਦਸ ਕਿਵੇਂ ਕਰਾਂ ਇਤਬਾਰ,ਚੁੱਪ ਕਰਕੇ ਬਹਿ ਜਾ। ਸੱਸੀ ਦਾ ਨਾ ਲੈ ਪ੍ਰਛਾਵਾਂ,ਜੋ ਥਲਾਂ ਵਿਚ ਸੜ ਗਈ ਉਹਦੇ ਦਿਲ ਦਾ ਪੁਨੂੰ ਯਾਰ, ਚੁੱਪ ਕਰਕੇ ਬਹਿ ਜਾ। ਸ਼ੀਰੀਂ ਸ਼ੀਸ਼ੇ ਵਿਚੋਂ ਤੱਕੇ,ਉਹਨੂ ਭੁੱਲੇ ਨਾ ਫਰਿਆਦ ਉਹਦੇ ਸੱਚੇ ਕੌਲ ਇਕਰਾਰ, ਚੁੱਪ ਕਰਕੇ ਬਹਿ ਜਾ। ਹੀਰ ਵਿਚਾਰੀ ਚੂਰੀ ਕੁਟ ਕੇ, ਰਾਂਝੇ ਤਾਈਂ ਖੁਆਏ ਕੈਦੋ ਸੀ ਚਾਚਾ ਚੁਗਲੀਮਾਰ, ਚੁੱਪ ਕਰਕੇ ਬਹਿ ਜਾ। ਸਾਹਿਬਾਂ ਤਾਂ ਬੇੜੀ ਗਈ,ਬੱਸ!ਗਲੀਂ ਬਾਤੀਂ ਸਾਰ ਕੇ ਮਿਰਜ਼ਾ ਵੀ ਹਾਰ ਖਾ ਗਿਆ, ਚੁੱਪ ਕਰਕੇ ਬਹਿ ਜਾ। ‘ਸੁਹਲ’ ਇਨ੍ਹਾਂ ਦੇ ਕਾਰੇ, ਯਾਰੋ! ਢੱਕੇ ਰਹਿਣ ਦਉ ਸੱਚ ਲਿਖਿਆ ਕਾਦਰਯਾਰ, ਚੁੱਪ ਕਰਕੇ ਬਹਿ ਜਾ।

52. ਘਰ-ਘਰ ਪਾਏ ਸਿਆਪੇ

ਧੀਆਂ ਗੱਲ ਨਾ ਮੰਨਣ,ਤਾਂ ਕਾਹਦੇ ਮਾਪੇ ਨੇ। ਪੁੱਤਾਂ ਨੇ ਵੀ ਘਰ- ਘਰ ਪਾਏ ਸਿਆਪੇ ਨੇ। ਕਦਰ ਰਹੀ ਨਾ ਘਰ ਵਿਚ ਬੁਢ੍ਹੇ ਬਾਪੂ ਦੀ ਆਪੋ-ਆਪਣੇ ਸਭ ਨੇ ਰਾਗ ਅਲਾਪੇ ਨੇ। ਇਸ ਨਵੇਂ ਯੁਗ ਦਾ ਭੋਗ, ਛੇਤੀ ਪੈ ਜਾਣਾ ਬੱਚਿਆਂ ਦੇ ਮੂੰਹ ਜਾਪਣ, ਤਾੱਪੇ-ਤਾੱਪੇ ਨੇ। ਉਹ ਲੱਖ ਵਾਰੀ ਵੀ ਹੋਣ ਸਿਆਣੇ,ਚੰਗਾ ਹੈ ਪਰ! ਗ਼ੈਰਤ ਬਦਲੇ,ਬੇ-ਗੈਰਤ ਹੀ ਜਾਪੇ ਨੇ। ਕਈ ਅੱਖੋਂ ਅੰਨੇਂ, ਕੁਝ ਬੋਲੇ ਗੁੰਗੇ ਹੋ ਜਾਣੇ ਜੋ ਵਾਇਰਸ ਦੀਆਂ ਤਚੰਗਾਂ,ਮਾਰੇ ਛਾੱਪੇ ਨੇ। ‘ਸੁਹਲ’ ਨਸ਼ਿਆਂ ਨੇ, ਕਚੂੰਬਰ ਕਢ ਦੇਣਾਂ ਤਾਂ ਇਲਾਜ ਕਰਾਉਣਾਂ ਦਸੋ!ਕਿਦ੍ਹੇ ਭਾਪੇ ਨੇ।

53. ਹਮ-ਯਾਰ ਦੀ ਭਾਲ

ਹਮ-ਯਾਰ ਦੀ ਭਾਲ, ਸੀ ਮੈਂ ਕਰਦਾ ਰਿਹਾ। ਉਹ ਨਾ ਲੱਭਾ, ਮੈਂ ਤੜਫਦਾ, ਮਰਦਾ ਰਿਹਾ। ਅਹਿਸਾਨਾਂ ਦਾ ਅੱਰਥ, ਖਤਮ ਹੋ ਗਿਆ ਜੋ ਉਹ ਆਕੱੜ ਕੇ ਫਿਰਦਾ, ਮੈਂ ਡਰਦਾ ਰਿਹਾ। ਅਸਾਂ ਜ਼ਿੰਦਗ਼ੀ ‘ਚ ਬਹੁਤੇ ਨਾ ਸੱਜਣ ਬਣਾਏ ਤਾਂ ਫਿਰ ਵੀ ਸੱਜਣ ਬਿਨ, ਹੈ ਸਰਦਾ ਰਿਹਾ। ਹੁਣ ਮੌਸਮਾਂ ਵਾਂਗਰ ਵੀ, ਯਾਰ ਬਦਲ ਗਏ ਮੈਂ ਜਿਨ੍ਹਾਂ ਖਾਤਰ ਸੜਦਾ, ਤੇ ਠਰਦਾ ਰਿਹਾ। ‘ਸੁਹਲ’ ਸਬਰ ਦਾ ਜੇ, ਮੁੱਲ ਕੋਈ ਨਾ ਪਾਵੇ ਨਾ ਉਹ ਯਾਰ ਦਾ ਰਿਹਾ,ਨਾ ਘਰ ਦਾ ਰਿਹਾ।

54. ਹਾਰ ਗਿਆ

ਉਹ ਜਿੱਤੇ ਮੈਂ ਹਾਰ ਗਿਆ। ਮੈਂ ਜ਼ਿੰਦਗ਼ਾਨੀ ਵਾਰ ਗਿਆ। ਅੱਣਖ਼ ਆਪਣੀ ਵੇਚਣ ਖਾਤਰ ਹਰ ਹੱਟੀ , ਬਜ਼ਾਰ ਗਿਆ। ਦਿਲ ਮੇਰੇ ਦਾ ਕਾਤਿਲ ਕੋਈ ਸਿਰ ਤੋਂ ਪੱਗ ਉਤਾਰ ਗਿਆ। ਰੀਝਾਂ ਮੇਰੀਆਂ ਸਾੜ ਦੁਪਹਿਰੇ ਝੋਲੀ ਪਾ ਅੰਗਿਆਰ ਗਿਆ। ਵਿਧਵਾ ਧੀ ਦੇ ਅੱਖੋਂ ਹੰਝੂ ਦਿਲ ਤੇ ਖੰਜਰ ਮਾਰ ਗਿਆ। ਮੋਹ- ਮੱਮਤਾ ਦੇ ਪਿੱਛੇ ਬੰਦਾ ਆਖਰ ਛੱਡ ਸੰਸਾਰ ਗਿਆ। ਖ਼ੁਸ਼ੀਆਂ,ਮੌਜ, ਬਹਾਰਾਂ ਗਈਆਂ ਉਹ ਆਦਰ- ਸਤਿਕਾਰ ਗਿਆ। ਥਾਂ-ਥਾਂ ਸੁਣ ਕੇ ਰਾਮ-ਕਹਾਣੀ ਬਾਪੂ ਚੁੱਪੀ ਧਾਰ ਗਿਆ। “ਸੁਹਲ” ਫ਼ੁੱਲਾਂ ਵਰਗਾ ਪੱਥਰ ਚੁੱਪ ਕਰਕੇ ਕੋਈ ਮਾਰ ਗਿਆ।

55. ਹੁੰਦੀ ਏ ਹੁਣ ਚਰਚਾ

ਹੁੰਦੀ ਏ ਹੁਣ ਚਰਚਾ ਉਹਦੀ ਸ਼ਹਿਰਾਂ ਅਤੇ ਗਰਾਵਾਂ ਵਿਚ। ਸੰਭਲ-ਸੰਭਲ ਪੈਰ ਧਰੀਂ ਹੁਣ ਬਿਖੜੇ ਪੈਂਡੇ ਰ੍ਹਾਵਾਂ ਵਿਚ। ਰੱਬ ਦੀ ਮੂਰਤ ਵਰਗੀ ਸੂਰਤ ਇਹ ਦਾਗ਼ੀ ਨਾ ਹੋ ਜਾਵੇ, ਰੰਗ ਵਿਚ ਭੰਗ ਨਾ ਪੈ ਜਾਵੇ ਤੇਰੇ ਸੱਜਰੇ ਚਾਵਾਂ ਵਿਚ। ਰੂਹ ਹੋਵੇ ਅਸਮਾਨੀ ਉੱਡਦੀ ਪੈਰ ਜਿਮੀਂ ਤੇ ਰਖਿਆ ਕਰ, ਪ੍ਰੇਮ- ਮੁਹੱਬਤ ਵੰਡਦਾ ਰਹੀਂ ਸੱਜਣਾਂ, ਭੈਣਭਰਾਵਾਂ ਵਿਚ। ਗ਼ੈਰਾਂ ਸੰਗ ਨਾ ਯਾਰੀ ਲਾਵੀਂ ਉੁਹ ਅੱਧ ਵਿਚਾਲੇ ਡੋਬਣਗੇ, ਆਪਣੇ ਫਿਰ ਬਚਾਵਣਗੇ ਕਲਾਵੇ ਭਰਕੇ ਬਾਹਾਂ ਵਿਚ। ‘ਸੁਹਲ’ ਕਦੇ ਨਾ ਦਿਲ ਦੁਖਾਓ ਧਰਮੀਂ ਦਾ ਜਾਂ ਨਾਸਤਕ ਦਾ, ਵੇਖ ਰਹੋ ਹੋ, ਜੋ ਕੁਝ ਹੁੰਦਾ ਧਰਮਾਂ ਦੀਆਂ ਸਰਾਵਾਂ ਵਿਚ।