Punjabi Poetry (Part-2) : Karamjit Singh Gathwala

ਪੰਜਾਬੀ ਕਵਿਤਾ (ਭਾਗ-2) : ਕਰਮਜੀਤ ਸਿੰਘ ਗਠਵਾਲਾ

ਮੈਨੂੰ ਸ਼ਬਦ ਸਦਾਵਾਂ ਦਿੰਦੇ ਨੇ

ਮੈਨੂੰ ਸ਼ਬਦ ਸਦਾਵਾਂ ਦਿੰਦੇ ਨੇ, ਕੁਝ ਕਰਨ ਲਈ, ਕੁਝ ਕਰਨ ਲਈ ।
ਡਾਕੂ ਆਣ ਵੜੇ, ਸਭ ਉੱਠ ਖੜੇ, ਕੁਝ ਡਰਨ ਲਈ, ਕੁਝ ਮਰਨ ਲਈ ।

ਲਹਿਰਾਂ ਦੇ ਬੁਲਾਵੇ ਆਉਂਦੇ ਨੇ, ਤਾਂ ਖੂਨ ਉਬਾਲੇ ਖਾਂਦਾ ਏ;
ਲੋਕੀ ਭੱਜ ਉਨ੍ਹਾਂ ਵੱਲ ਜਾਂਦੇ ਨੇ, ਕੁਝ ਤੱਕਣ ਲਈ, ਕੁਝ ਤਰਨ ਲਈ ।

ਜੋ ਚੜ੍ਹਦਾ ਏ, ਉਹ ਲਹਿੰਦਾ ਏ, ਜੋ ਜਿੱਤਦਾ ਏ, ਕਦੇ ਢਹਿੰਦਾ ਏ;
ਇਹ ਹੈ ਆਵਾਜਾਈ ਟਿੰਡਾਂ ਦੀ, ਕੁਝ ਡੁਲ੍ਹਣ ਲਈ, ਕੁਝ ਭਰਨ ਲਈ ।

ਜਿਹੜਾ ਕੰਡਿਆਂ ਵਿੱਚ ਗੁਲਾਬ ਪਿਆ, ਕੱਢਣਾ ਏਂ ਤਾਂ ਕੰਡੇ ਚੁੱਭਣਗੇ;
ਕੁਝ ਰੱਤ ਵਗਾਉਣੀ ਪੈਂਦੀ ਏ, ਫੁੱਲ ਫੜਨ ਲਈ, ਤਲੀ ਧਰਨ ਲਈ ।

ਸੁਕਰਾਤ ਤੂੰ ਹੋਣਾ ਚਾਹੁੰਨਾ ਏਂ, ਪਰ ਜ਼ਹਿਰ ਪੀਣ ਤੋਂ ਡਰਨਾ ਏਂ;
ਮਰਨੋਂ ਪਹਿਲਾਂ ਮਰਨਾਂ ਪੈਂਦਾ ਏ, ਜੰਗ ਲੜਨ ਲਈ, ਸਰ ਕਰਨ ਲਈ ।

ਯਾਰ ਬਣਾਕੇ ਲੁੱਟਣਾ ਉਸਦੀ ਆਦਤ ਏ

ਯਾਰ ਬਣਾਕੇ ਲੁੱਟਣਾ ਉਸਦੀ ਆਦਤ ਏ
ਅੱਧ-ਵਿਚਕਾਰੇ ਟੁੱਟਣਾ ਉਸਦੀ ਆਦਤ ਏ

ਡਾਢੇ ਸਾਹਵੇਂ ਨੀਵੀਂ ਪਾਈ ਰਖਦਾ ਏ,
ਪਿੱਛੋਂ ਹੂਰੇ ਵੱਟਣਾ ਉਸਦੀ ਆਦਤ ਏ

ਰਾਹ ਕਿਸੇ ਦੇ ਕੌਣ ਸੰਵਾਰੇ ਖੇਚਲ ਏ
ਚੋਰੀਂ ਕੰਡੇ ਸੁੱਟਣਾ ਉਸਦੀ ਆਦਤ ਏ

ਦੂਰੋਂ ਸੁਣੇ ਫੁਕਾਰਾ ਨੇੜੇ ਲਗਦਾ ਨਹੀਂ
ਪਿਛੋਂ ਲੀਹ ਨੂੰ ਕੁੱਟਣਾ ਉਸਦੀ ਆਦਤ ਏ

ਬੂਟੇ ਲਾਏ ਸੋਹਣੇ ਨੇ ਇਹ ਵਾੜ ਕਰੋ
ਘੁੱਪ-ਹਨੇਰੇ ਪੁੱਟਣਾ ਉਸਦੀ ਆਦਤ ਏ

ਕੌਣ ਤੁਸੀਂ ਤੇ ਕੌਣ ਅਸੀਂ

ਜਿਦਣ ਦੀ ਉਸ ਭਰੀ ਉਡਾਰੀ, ਕੌਣ ਤੁਸੀਂ ਤੇ ਕੌਣ ਅਸੀਂ ?
ਪੈਦਲ ਟੁਰਦੇ ਕਰੀ ਸਵਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਖੇਤੀਂ ਜਾਂਦੇ 'ਕੱਠੇ ਹੋ ਕੇ, ਹੋਲਾਂ ਚੱਬਦੇ ਰਹਿੰਦੇ ਸਾਂ;
ਬੋਟੀ ਸੰਘੋਂ ਹੇਠ ਉਤਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਬੈਠ ਖੁੰਢਾਂ 'ਤੇ ਗੱਲਾਂ ਕਰਦੇ, ਉਸਦਾ ਉੱਚਾ ਹਾਸਾ ਸੀ;
ਬੈਠਾ ਵੇਖੋ ਉੱਚ ਅਟਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਗੱਲ ਸਾਦਗੀ ਨਾਲ ਸੀ ਕਰਦਾ, ਕਦੇ ਲੁਕੋ ਨਾ ਰਖਦਾ ਸੀ;
ਦਿਲ ਅੰਦਰ ਆ ਗਈ ਮੱਕਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਕਿਸੇ ਨੂੰ ਜਾਂ ਫਸਿਆ ਵੇਂਹਦਾ, ਉਸ ਵੱਲ ਭੱਜਾ ਆਉਂਦਾ ਸੀ;
ਆਪਣਿਆਂ ਸੰਗ ਕਰੀ ਗੱਦਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਪਪੀਹਾ ਪੀ ਪੀ ਕਹਿੰਦਾ ਜੋ ਕਿੰਨਾਂ ਚਿਰ ਹੋਰ ਤਰਸੇਗਾ

ਪਪੀਹਾ ਪੀ ਪੀ ਕਹਿੰਦਾ ਜੋ ਕਿੰਨਾਂ ਚਿਰ ਹੋਰ ਤਰਸੇਗਾ ?
ਬੱਦਲ ਜੋ ਗਰਜਦਾ ਫਿਰਦਾ ਕਦੇ ਨਾ ਕਦੇ ਤਾਂ ਬਰਸੇਗਾ ।

ਸੁਪਨੇ ਜੋ ਰਾਖ ਹੋ ਗਏ ਨੇ ਉਹਨਾਂ ਨੂੰ ਸਾਂਭ ਕੇ ਰੱਖੀਂ,
ਕਿਸੇ ਦਿਨ ਇਸ ਦੇ ਵਿੱਚੋਂ ਹੀ ਵੇਖੀਂ ਕੁਕਨੂਸ ਜਨਮੇਗਾ ।

ਤੇਰੀ ਉਹ ਗੱਲ ਨਹੀਂ ਮੰਨਦਾ ਏਸ ਤੇ ਰੋਸ ਫਿਰ ਕਾਹਦਾ,
ਤੂੰ ਆਪਣੀ ਗੱਲ ਆਖੀਂ ਜਾ ਕਦੀ ਉਹ ਜ਼ਰੂਰ ਸਮਝੇਗਾ ।

ਬੈਠਾ ਏ ਤੇਰੇ ਦਿਲ ਦੇ ਵਿੱਚ ਜਿਸ ਤੋਂ ਸਾਰੇ ਡਰਦੇ ਨੇ,
ਤੂੰ ਦਿਲ 'ਚ ਉਮੀਦ ਭਰਦਾ ਰਹਿ ਕਦੀ ਤਾਂ ਬਾਹਰ ਨਿਕਲੇਗਾ ।

ਤੂੰ ਹਰਦਮ ਦੁਆ ਕਰਦਾ ਰਹਿ ਉਹਦਾ ਹਰ ਕੰਮ ਹੋ ਜਾਵੇ,
ਸੁਬਹ ਜੋ ਦਰ ਤੇ ਮਿਲਿਆ ਸੀ ਤੈਨੂੰ ਮਨਹੂਸ ਸਮਝੇਗਾ ।

ਪੰਜਾਬੀ ਕਵਿਤਾ

ਕਵਿਤਾ ਦੇ ਜੰਗਲ ਵਿਚ ਘੁੰਮਦਾ ਹੋ ਬੇਹਾਲ ਗਿਆ ਹਾਂ ।
ਹੱਥ ਪੈਰ ਅੱਖਾਂ ਮਨ ਰਾਹੀਂ ਰਸਤਾ ਭਾਲ ਰਿਹਾ ਹਾਂ ।

ਕਿਤੇ ਰੋਸੜੇ ਕਿਤੇ ਸਮਾਧੀ ਕਿਤੇ ਘੁੱਟ-ਗਲਵਕੜੀ,
ਅੱਡੋ-ਅੱਡ ਨਜ਼ਾਰਿਆਂ ਦਾ ਮੈਂ ਵੇਖ ਕਮਾਲ ਰਿਹਾ ਹਾਂ ।

ਰਬਾਬ ਵੰਝਲੀ ਕਿਤੇ ਵਜਦੀ ਕਿਤੇ ਵੱਜੇ ਇਕਤਾਰਾ,
ਅਲਗੋਜੇ ਸਿਤਾਰਾਂ ਕਿਧਰੇ ਸੁਣ ਸੁਰ-ਤਾਲ ਰਿਹਾ ਹਾਂ ।

ਸ਼ਹੁ-ਸਾਗਰੀਂ ਮੋਤੀ ਵੇਖੇ ਮਨ ਇਹ ਭੱਜਾ ਜਾਵੇ,
'ਗੋਤਾ ਲਾਣ ਮੈਂ ਨਾ ਜਾਣਾ' ਇਹ ਕਹਿ ਟਾਲ ਰਿਹਾ ਹਾਂ ।

'ਰੋਹੀ' ਵਿੱਚ ਜਾ ਵੇਖਾਂ ਪੀਲੂ ਤੋੜਨ ਮੁਟਿਆਰਾਂ,
ਅੱਖਾਂ ਮੂੰਹ 'ਤੇ ਵਾਲਾਂ ਗੁੰਦੇ ਵਿੰਹਦਾ ਜਾਲ ਪਿਆ ਹਾਂ ।

ਸਿੰਧ ਵਿਚ ਕੋਈ ਵਜਦੀਂ ਆਵੇ ਮੂੰਹੋਂ ਫੁੱਲ ਕਰੇਂਦੇ,
ਭਰਨ ਝੋਲੀਆਂ ਲੋਕੀ ਕੁਝ ਕੁ ਮੈਂ ਸੰਭਾਲ ਰਿਹਾ ਹਾਂ ।

(ਹਮੇਸ਼ਾ ਲਈ ਅਧੂਰੀ ਰਚਨਾ)

ਮੈਂ ਕਵਿਤਾ ਕੋਈ ਕਿਉਂ ਲਿਖਦਾ ਹਾਂ

ਬਹੁਤੀ ਵਾਰ ਬੈਠ ਇਕੱਲੇ ਕੁਝ ਸੋਚਾਂ ਤਾਂ
ਮੇਰੇ ਮਨ ਦੇ ਸੁੰਞੇ ਖੂੰਜੇ ਮੁੜ ਮੁੜ ਆਵੇ,
ਮੈਂ ਕਵਿਤਾ ਕੋਈ ਕਿਉਂ ਲਿਖਦਾ ਹਾਂ ?
ਉਤਰ ਲਭਦਿਆਂ ਗੁਆਚ ਜਾਂਦਾ ਹਾਂ,
ਮਨ ਦੀਆਂ ਉਨ੍ਹਾਂ ਡੁੰਘਾਣਾਂ ਅੰਦਰ
ਜਿੱਥੋਂ ਕਿਰਣ ਖ਼ਿਆਲਾਂ ਦੀ ਕੋਈ,
ਗੋਤਾ ਮਾਰ ਮਰਜੀਵੜਿਆਂ ਜਿਉਂ
ਸ਼ਬਦ-ਮੋਤੀ ਕੋਈ ਢੂੰਡ ਲਿਆਵੇ,
ਤੇ ਇੰਞ ਕਰਕੇ ਕੱਠੇ ਕੁਝ ਮੋਤੀ,
ਉਹ ਬਿਨਾਂ ਸੂਈ ਤੋਂ ਹਾਰ ਬਣਾਵੇ
ਤੇ ਉਹੀ ਹਾਰ ਕਵਿਤਾ ਬਣ ਜਾਵੇ ।

ਨਦੀ ਦੇ ਕੰਢੇ ਤੁਰਦਾ ਜਾਵਾਂ
ਪਾਣੀ ਦੀ 'ਵਾਜ਼ ਪਿਆ ਸੁਣਦਾ
ਸੁਰ ਮਿਲਾਉਣ ਦੀ ਕੋਸ਼ਿਸ਼ ਕਰਦਾ
ਪਤਾ ਨਹੀਂ ਦੂਰ ਕਿੰਨੀਂ ਲੰਘ ਜਾਵਾਂ,
ਫਿਰ ਅਚਾਣਕ ਅੱਗੇ ਡੁੰਮ੍ਹ ਆ ਜਾਵੇ,
ਪਾਣੀ ਦੀ ਕਲਕਲ ਬੰਦ ਹੋ ਜਾਵੇ,
ਮਨ ਵਿਚ ਮੇਰੇ ਸ਼ਾਂਤੀ ਆਵੇ,
ਉਸ ਸ਼ਾਂਤੀ 'ਚੋਂ ਸ਼ਬਦਾਂ ਦਾ ਸੁਰ
ਉਭਰ ਆਵੇ ਤੇ ਮੁੜ ਗਾਵੇ,
ਤੇ ਇੰਞ ਗਾਉਂਦਿਆਂ ਕੋਈ ਗੀਤ,
ਗ਼ਜ਼ਲ, ਕਵਿਤਾ ਬਣ ਜਾਵੇ ।

  • ਮੁੱਖ ਪੰਨਾ : ਸੰਪੂਰਣ ਕਾਵਿ ਰਚਨਾਵਾਂ, ਕਰਮਜੀਤ ਸਿੰਘ ਗਠਵਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ