Punjabi Poetry : Kamal Kakrala

ਪੰਜਾਬੀ ਕਵਿਤਾਵਾਂ : ਕਮਲ ਕਕਰਾਲਾ



1. ਧਰੇਕ ਨੂੰ

ਹਰੇ ਹਰੇ ਪੱਤ ਤੇਰੇ ਪੀਲੀਆਂ ਨਿਮੋਲੀਆ ਨੈਣਾਂ ਵਿੱਚ ਜਾਂਦੇ ਨੇ ਸਮਾ ਅੱਲ੍ਹੜੇ ਧਰੇਕੇ ਹਾਏ ਨੀ ਚੜ੍ਹਦੀ ਵਰੇਸੇ ਹਾਏ ਨੀ ਚੱਕਿਆ ਨਾ ਜਾਂਦਾ ਤੈਥੋਂ ਚਾਅ ਵਿਹੜੇ ਦੀਆਂ ਵੇਲਾਂ ਨਾਲ ਕਰੇਂ ਛੇੜਖਾਨੀਆਂ ਨੀ ਉਮਰਾਂ ਤੋਂ ਵੱਡੀ ਏ ਖਤਾ ਪੁਰੇ ਨਾਲ ਕਿੱਕਲੀ ਤੇ ਪੱਛੋਂ ਨਾਲ ਦਾਈਏੇਂ ਖੇਡੇਂ ਭੋਰਾ ਤੈਨੂੰ ਚੜ੍ਹਦਾ ਨਾ ਸਾਹ ਦਿਨਾਂ ਵਿੱਚ ਕੋਠੇ ਜਿਡੀ ਹੋ ਗੀ ਮੁਟਿਆਰ ਨੀ ਤੂੰ ਤਾਰਿਆਂ ਦਾ ਪੁੱਛ ਦੀ ਏਂ ਭਾਅ ਅੱਲ੍ਹੜੇ ਧਰੇਕੇ ਹਾਏ ਨੀ ਚੜ੍ਹਦੀ ਵਰੇਸੇ ਹਾਏ ਨੀ ਚੱਕਿਆ ਨਾ ਜਾਂਦਾ ਤੈਥੋਂ ਚਾਅ ਤੋਤਿਆਂ ਦੀ ਜੋੜੀ ਤੇਰੇ ਹਾਣ ਪਰਵਾਨ ਦੀ ਨੀ ਰੱਜ ਰੱਜ ਕਰੇ ਤੈਨੂੰ ਪਿਆਰ, ਹੱਡੀਆਂ ਦਾ ਮੁੱਠ ਇੱਕ ਲੰਗੜਾ ਬਲੂੰਗੜਾ ਨੀ ਤਿੰਨੇ ਤੇਰੀ ਜੁੰਡਲੀ ਦੇ ਯਾਰ ਅੱਧੀ ਅੱਧੀ ਰਾਤ ਤੱਕ ਚੰਦ ਨਾਲ ਗੱਲਾਂ ਕਰੋ ਸਰਘੀ ਦਾ ਹੁੰਦਾ ਨੀ ਪਤਾ ਅੱਲ੍ਹੜੇ ਧਰੇਕੇ ਹਾਏ ਨੀ ਚੜ੍ਹਦੀ ਵਰੇਸੇ ਹਾਏ ਨੀ ਚੱਕਿਆ ਨਾ ਜਾਂਦਾ ਤੈਥੋਂ ਚਾਅ ਮਕੜੀ ਦੇ ਜਾਲਿਆਂ ਦੇ ਤਾਣ ਲਏ ਦੁਪੱਟੇ ਨੀ ਤੂੰ ਸ਼ਬਨਮ ਨੇਤਰੀਂ ਸਜਾ ਕੁੜੀਆਂ ਤੇ ਰੁੱਖਾਂ ਦੇ ਸੰਜੋਗ ਇੱਕੋ ਹੁੰਦੇ ਭੈੜੇ ਮੁਖੜੇ ਤੇ ਲੋਹੜੇ ਦੀ ਕਜ਼ਾ ਹਰੇ ਹਰੇ ਪੱਤੀਆਂ ਦੇ ਬੰਨ੍ਹ ਲਏ ਕਲੀਰੇ, ਕਾਂਟੇ ਲਏ ਨੇ ਕਰੁੰਬਲਾਂ ਦੇ ਪਾ ਅੱਲ੍ਹੜੇ ਧਰੇਕੇ ਹਾਏ ਨੀ ਚੜ੍ਹਦੀ ਵਰੇਸੇ ਹਾਏ ਨੀ ਚੱਕਿਆ ਨਾ ਜਾਂਦਾ ਤੈਥੋਂ ਚਾਅ ਅਧਖਿੜੇ ਫੁੱਲ ਤੇਰੇ ਕਣੀਆਂ 'ਚ ਨੱਚਦੇ ਬੀਹੀਆਂ 'ਚ ਨੱਚੇ ਜਿਓਂ ਨਚਾਰ, ਕਾਹੜੇ ਕੱਚੇ ਦੁੱਧ ਉੁੱਤੋਂ ਲਾਹਵੇ ਜਿਓਂ ਮਲਾਈ ਨੱਢੀ ਰੱਖਦੀ ਏ ਪੌਣਾ ਨੂੰ ਨਿਤਾਰ, ਪੈਰਾਂ 'ਚ ਕਸੁੰਭੜਾ ਨੇ ਆਣ ਮੰਜਾ ਡਾਹ ਲਿਆ ਅੜੀਖੋਰਾਂ ਨਾਲ ਪਿਆ ਵਾਹ ਅੱਲ੍ਹੜੇ ਧਰੇਕੇ ਹਾਏ ਨੀ ਚੜ੍ਹਦੀ ਵਰੇਸੇ ਹਾਏ ਨੀ ਚੱਕਿਆ ਨਾ ਜਾਂਦਾ ਤੈਥੋਂ ਚਾਅ..

2. ਮੇਰੇ ਪਿੰਡ ਦੀ ਜੂਹ

ਚੜ੍ਹਦੇ ਪਾਸੇ ਢਾਬ ਕੋਲ ਮਾੜੀ ਉੱਤੇ ਹੁੰਦੀ ਲੋਕ ਸਭਾ ਵਾਂਗ ਸਿਆਸਤ ਦੀ ਨੁਕਤਾਚੀਨੀ.. ਸਾਉਣ ਦੀ ਪਹਿਲੀ ਬਾਰਿਸ਼ ਵਾਂਗੂ ਮੁੜ੍ਹਕੇ ਚ ਗੜੁੱਚ ਪਥਵਾੜੇ ਪਾਥੀਆਂ ਪੱਥਦੇ ਗਹੀਰਾ ਬੰਨ੍ਹ ਦੇ ਗਿੱਠ ਲੰਮੇ ਘੁੰਡ... ਚਿਰਾਂ ਪਿਛੋਂ ਮਿਲਿਆਂ ਵਾਂਗ ਘੁੱਟ ਘੁੱਟ ਜੱਫੀਆਂ ਪਾਉਂਦੇ ਕਿਲਕਾਰੀਆਂ ਮਾਰਦੇ, ਪਹੇ ਦੇ ਪਾਪੂਲਰ.. ਨਵ ਵਿਆਹੀ ਸਿਲਕ ਦੀ ਚਾਦਰ ਵਾਂਗ ਸ਼ਿੰਗਾਰੀ ਟੂਮਾ ਨਾਲ ਲੱਦੀ ਨੂੰਹ .. ਸੁੱਖ ਲਾਹੁਣ ਕਾਹਲੀ ਕਾਹਲੀ ਖਾਨਗਾਹ ਤੇ ਦੀਵਾ ਜਗਾਉਣ ਜਾਂਦੀ ਬੇਬੇ... ਖੂਹ ਤੇ ਆਪਣੇ ਗੋਡਿਆਂ ਵਾਂਗ ਜਰਕਦੇ ਪਾਵਿਆਂ ਵਾਲੇ ਆਪਣੀ ਪੱਗ ਵਾਂਗ ਚਿੱਟੇ ਨਮਾਰ ਦੇ ਮੰਜੇ ਤੇ ਸੰਘਣੀ ਡੇਕ ਥੱਲੇ ਕਿਸੇ ਵਜ਼ੀਰ ਵਾਂਗ ਬੈਠਾ ਬਾਪੂ... ਤਰਕਾਲਾਂ ਵੇਲੇ ਅੱਲ੍ਹੜਾਂ ਵਾਂਗ ਸੰਗਦਾ ਸਾਕ ਦੀ ਗੱਲ ਕਰਨ ਆਇਆਂ ਨੂੰ ਬੂਹੇ ਓਹਲੇ ਵਿਰਲਾਂ ਥਾਣੀ ਝਾਕਦੀ ਕੁੜੀ ਵਾਂਗ ਗਹੀਰਿਆਂ 'ਚੋ ਝਾਤੀਆਂ ਮਾਰਦਾ ਸੂਰਜ... ਧਤੂਰਾ ਪੀਤੇ ਜੋਗੀ ਦੇ ਸਿਰ ਵਾਂਗੂੰ ਰੁੰਡ ਮਰੁੰਡ ਕਿੱਕਰਾਂ ਤੇ ਆਲ੍ਹਣਾ ਪਾਈ ਬੈਠਾ ਘੁਗੀਆਂ ਦਾ ਜੋੜਾ.. ਅਸਮਾਨੀ ਉਡਾਰੀਆਂ ਲਾਂਉਦੇ ਸ਼ਰੀਕਾਂ ਵਾਂਗ ਕਾਵਾਂ ਨਾਲ ਖਹਿੰਦੇ ਚੀਨੇ ਕਬੂਤਰ.. ਤੇੜ ਤੜਾਗੀ ਪਾਈ ਕੋਠੇ ਤੇ ਵੱਜਦੇ ਰਕਾਟ ਵਾਂਗ ਚਾਂਗਾਂ ਮਾਰਦਾ ਨੰਬਰਦਾਰਾਂ ਦਾ ਨਲੀਚੋਚਲ ਮੁੰਡਾ... ਮਾਘ ਦੀਆਂ ਸਰਦ ਰਾਤਾਂ ਵਿੱਚ ਕਣਕਾਂ ਨੂੰ ਪਾਣੀ ਲਾਉਂਦਾ ਸਰਪੰਚਾਂ ਦਾ ਨੌਕਰ ਭੀਮਾ.... ਮੜ੍ਹੀਆਂ ਕੋਲ ਟੋਬੇ ਵਿਚੋਂ ਟੈਰੀਕਾਟ ਦੀ ਚੁੰਨੀ ਨਾਲ ਲੁੱਕ ਕੇ ਮੱਛੀਆਂ ਫੜਦੇ ਖਾਨਾਬਦੋਸ਼ਾਂ ਦੇ ਨੰਗਧੜੰਗੇ ਨਿਆਣੇ... ਸਿੱਲੀ ਬਰੇਤੀ ਵਾਂਗ ਓਟੇ ਨਾਲ ਲੱਗਕੇ ਨਸਵਾਰ ਸੁੰਘਦਾ ਗਿੱਤਾ ਅਮਲੀ.. ਹੱਥੀਂ ਕੱਢੇ ਫੁਲਾਂ ਵਾਲਾ ਝੋਲਾ ਫੜੀ ਕੰਨੀ ਡੰਡੀਆਂ ਪਾ ਮੱਸਿਆ ਨਹਾਉਣ ਜਾਂਦੀ ਅਣਪੜ੍ਹ ਮੁਟਿਆਰ ਤੇ ਸ਼ਾਮ ਵੇਲੇ ਨਮਾਜ਼ ਤੇ ਰਹਿਰਾਸ ਦਾ ਸੰਗਮ ਮੈਨੂੰ ਮੇਰੇ ਪਿੰਡ ਦੀ ਜੂਹ 'ਚ ਆਉਣ ਤੋਂ ਬਾਅਦ ਈ ਨਸੀਬ ਹੁੰਦੇ ਨੇ...

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ