Punjabi Poetry : Kamaljit Kaur Kamal

ਪੰਜਾਬੀ ਕਵਿਤਾਵਾਂ : ਕਮਲਜੀਤ ਕੌਰ ਕਮਲ


1. ਆਧੁਨਿਕ ਨਾਰੀ

ਕਹਿਣ ਨੂੰ ਤਾਂ ਮੈਂ ਆਧੁਨਿਕ ਭਾਰਤ ਦੀ ਨਾਰੀ, ਪੜ੍ਹੀ ਲਿਖੀ ਮਰਦ ਦੇ ਮੋਢੇ ਨਾਲ ਮੋਢਾ ਜੋੜੀ, ਢੋਈ ਜਾਂਦੀ ਭਾਰ ਅੱਧਾ । ਪਰ ਕੀ ਮਰਦ ਨੇ ਵੀ ਇਸ ਆਧੁਨਿਕ ਸਮੇਂ ਦੇ ਨਾਲ, ਜੀਣਾ ਤੇ ਢਲਣਾ ਸਿਖਿਆ ਹੈ ? ਉਸਨੇ ਵੀ ਔਰਤ ਦੇ ਸਾਰੇ, ਕੰਮਾਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਜੀਣਾ ਸਿਖਿਆ ਹੈ ? ਕੀ ਬਦਲਦੇ ਸਮਿਆਂ ਨਾਲ ਸਿਰਫ ਔਰਤ ਨੇ ਹੀ ਬਦਲਣਾ ਹੁੰਦਾ ਹੈ ? ਮਰਦ ਉਵੇਂ ਦਾ ਉਵੇਂ ਹੀ ਹੈ । ਮੁੱਢ ਕਦੀਮ ਤੋਂ, ਘਰ ਦਾ ਮੁਖੀ ਹੁਕਮ ਚਲਾਉਣ ਵਾਲਾ, ਸਿਰ ਦਾ ਸਾਈਂ, ਪੂਜਣ ਯੋਗ ਦਰਜੇ ਵਾਲਾ ਵੀ ਕੀ ਬਦਲਿਆ ਹੈ ? ਨਹੀ ! ਨਾ ਉਹ ਬਦਲਿਆ ਹੈ ਤੇ ਨਾ ਹੀ ਬਦਲੇਗਾ, ਉਹ ਉਵੇਂ ਹੀ ਔਰਤ ਦਾ ਸੋਸ਼ਣ ਕਰਦਾ ਰਹੇਗਾ ! ਹੁਕਮ ਚਲਾਉਂਦਾ ਰਹੇਗਾ ! ਕਿਉਂਕਿ ਸਮਾਜ ਵਿੱਚ ਔਰਤ ਦੀ ਹੀ ਇੱਜ਼ਤ ਹੁੰਦੀ ਹੈ ਤੇ ਔਰਤ ਦੀ ਹੀ ਬੇਇੱਜ਼ਤੀ ! ਮਰਦ ਦੀ ਨਾ ਕੋਈ ਇੱਜ਼ਤ ਹੁੰਦੀ ਹੈ ਤੇ ਨਾ ਕੋਈ ਬੇਇਜ਼ਤੀ ! ਉਹ ਤਾਂ ਮੁਖੀ ਹੈ ਮੁਖੀ ! ਤੇ ਮੁਖੀ ਹੀ ਰਹੇਗਾ !!

2. ਮਹਾਨਤਾ ਦਾ ਦਰਜਾ

ਕਦੇ ਗੀਤਾਂ ਵਿੱਚ, ਕਦੇ ਲੇਖਾਂ ਵਿੱਚ ਮੈਨੂੰ ਮਹਾਨਤਾ ਦਾ ਦਰਜਾ ਦੇਣ ਵਾਲਿਓ ਮੈਨੂੰ ਮਹਾਨਤਾ ਤੋਂ ਜਿਆਦਾ ਬਰਾਬਰਤਾ ਦੀ ਲੋੜ ਹੈ ! ਜੰਮਣ ਵੇਲੇ ਖਿੜੇ ਮੱਥੇ, ਸਵਾਗਤ ਦੀ ਲੋੜ ਹੈ ! ਪਾਲਣ ਵੇਲੇ ਪੋਸ਼ਣ ਵੇਲੇ, ਵੀਰੇ ਵਾਂਗੂੰ ਖੇਡਣ ਕੁੱਦਣ ਤੇ ਲਾਡਾਂ ਭਰੀ ਬਾਪੂ ਦੀ ਗਲਵਕੜੀ ਦੀ ਲੋੜ ਹੈ ! ਮੁੰਡਿਆਂ ਦੇ ਮੁਕਾਬਲੇ ਪੰਜਾਬ 'ਚ ਘਟਦੀ ਕੁੜੀਆਂ ਦੀ ਜਨਸੰਖਿਆ ਹੈ ਜੋ ! ਉਸਨੂੰ ਬਰਾਬਰੀ ਦੀ ਲੋੜ ਹੈ ! ਮੈਨੂੰ ਮਹਾਨਤਾ ਦੀ ਨਹੀਂ ਮੈਨੂੰ ਬਰਾਬਰਤਾ ਦੀ ਲੋੜ ਹੈ ! ਆਏ ਦਿਨ ਹੁੰਦੇ ਨੇ ਜੋ, ਮੇਰੀ ਪੱਤ ਤੇ ਹਮਲੇ, ਬੇਡਰ ਹੋਕੇ ਸਮਾਜ ਵਿੱਚ ਵਿਚਰਨ ਤੇ ਸਨਮਾਨ ਨਾਲ ਜਿਊਣ ਦੀ ਲੋੜ ਹੈ ! ਮੈਨੂੰ ਮਹਾਨਤਾ ਦੀ ਨਹੀਂ ਮੈਨੂੰ ਬਰਾਬਰਤਾ ਦੀ ਲੋੜ ਹੈ !

3. ਅਸਾਂ ਹੁਣ ਨੀ ਜ਼ੁਲਮ ਨੂੰ ਸਹਿਣਾ

ਉੱਠੋ ਜਾਗੋ ਆਵੋ ਭੈਣੋ, ਤੋੜੋ ਇਹ ਦੀਵਾਰਾਂ ! ਸ਼ਰਮੋ ਸ਼ਰਮੀ ਕੁਝ ਨੀ ਹੋਣਾ, ਆਵੋ ਬੰਨ੍ਹ ਕਤਾਰਾਂ ! ਸਮਾਜ ਇਹ ਕਦੇ ਨਾ ਬਦਲੇ, ਸਾਨੂੰ ਬਦਲਣਾ ਪੈਣਾ ! ਜਿਹੜਾ ਮਰਦ ਜ਼ੁਲਮ ਹੈ ਕਰਦਾ, ਇਕ ਪਲ ਵੀ ਨਾਲ ਨਾ ਰਹਿਣਾ ! ਸਮਾਜ ਦੇ ਵਿਚ ਨਾ ਪਰਦਾ ਪਾਉਣਾ, ਹੋਕਾ ਦੇ ਦੇ ਕਹਿਣਾ ! ਕਾਹਦੀ ਸ਼ਰਮ ਕਾਹਦਾ ਹੈ ਪਰਦਾ, ਵਿੱਦਿਆ ਹੈ ਸਾਡਾ ਗਹਿਣਾ ! ਜੇ ਕੋਈ ਪੜ੍ਹਦਾ ਸੁਣਦਾ ਹੋਵੇ, ਅਸਾਂ ਹੁਣ ਨੀ ਜ਼ੁਲਮ ਨੂੰ ਸਹਿਣਾ ! ਅਸਾਂ ਹੁਣ ਨੀ ਜ਼ੁਲਮ ਨੂੰ ਸਹਿਣਾ ! (1-3 ਕਵਿਤਾਵਾਂ 'ਸਿਰਜਣਹਾਰੀਆਂ' ਵਿੱਚੋਂ ਹਨ)

4. ਵੇਖ ਆਈ ਵਿਸਾਖੀ ਏ, ਜੱਟ ਮੇਲੇ ਨੂੰ ਚੱਲ ਪਏ ਨੇ

ਵੇਖ ਆਈ ਵਿਸਾਖੀ ਏ, ਜੱਟ ਮੇਲੇ ਨੂੰ ਚੱਲ ਪਏ ਨੇ । ਹਾਸੇ ਜਿਹੇ ਖਿੰਡ ਗਏ ਨੇ, ਦੁੱਖੜੇ ਸਭ ਭੁੱਲ ਗਏ ਨੇ । ਨਾ ਤੰਗੀ ਤੁਰਸ਼ੀ ਏ ,ਦੁੱਖ ਨਦੀਆਂ ਵਿੱਚ ਰੁੜ੍ਹ ਗਏ ਨੇ। ਵੇਖ ਆਈ ਵਿਸਾਖੀ ਏ ,ਜੱਟ ਮੇਲੇ ਨੂੰ ਚੱਲ ਪਏ ਨੇ । ਇਤਿਹਾਸ ਦਿਲੋਂ ਨਾ ਭੁੱਲਦੇ ਨੇ, ਖ਼ੂਨ ਸ਼ਹੀਦਾਂ ਦੇ ਡੁੱਲ੍ਹਦੇ ਨੇ । ਉਹ ਖ਼ੂਨੀ ਸਾਕਾ ਏ, ਜ਼ਾਲਮ ਜੋ ਕਰ ਗਏ ਨੇ । ਉਸ ਬਾਗ਼ ਦੇ ਵਿੱਚੋਂ ਅੱਜ ਵੀ, ਹਾਏ ਗੋਲੇ ਵਰ੍ਹਦੇ ਨੇ । ਖ਼ੂਹ 'ਵਾਜ਼ਾਂ ਮਾਰਦਾ ਏ , ਰਸਤੇ ਵੀ ਕੁਰਲਾਵਣ। ਕੰਧਾਂ ਵੀ ਕੰਬਦੀਆਂ ਨੇ, ਬੇਦੋਸ਼ੇ ਨਾ ਮਾਰੇ ਜਾਵਣ । ਪਰ ਤਰਸ ਨਾ ਜ਼ਾਲਮ ਨੂੰ , ਵਾਕਾ ਹੀ ਕਰ ਦਿੱਤਾ । ਮਾਵਾਂ ਦੀਆਂ ਝੋਲੀਆਂ ਨੂੰ ਹਾਏ , ਖਾਲੀ ਕਰ ਦਿੱਤਾ । ਬਾਗ਼ ਜਲ੍ਹਿਆਂਵਾਲੇ ਨੂੰ , ਲਹੂ ਲੁਹਾਣ ਸੀ ਕਰ ਦਿੱਤਾ । ਫਿਰ ਆਈ ਵਿਸਾਖੀ ਏ , ਪਰ ਜ਼ਖ਼ਮ ਅਜੇ ਵੀ ਅੱਲੇ ਨੇ । ਹਾਏ ਸਾਡੀਆਂ ਕੌਮਾਂ ਨੇ ,ਦੁੱਖ ਬਹੁਤੇ ਹੀ ਝੱਲੇ ਨੇ । ਉਸ ਬਾਜਾਂ ਵਾਲੇ ਨੇ , ਧਰਮ ਇਨਸਾਨੀਅਤ ਬਣਾਇਆ ਏ । ਸਭ ਕੁਝ ਵਾਰਨ ਵਾਲਾ , ਧਨ ਉਸ ਕਮਾਇਆ ਏ । ਸੰਗਤ ਦੇ 'ਕੱਠ ਵਿੱਚੋਂ , ਆਵਾਜ਼ ਮਾਰ ਬੁਲਾਇਆ ਏ । ਕੋਈ ਸੱਚਾ ਆ ਜਾਵੇ,ਇਹ ਮੁੱਖੋਂ ਫੁਰਮਾਇਆ ਏ । ਨਾ ਜ਼ਾਤ ਕੋਈ ਮੰਨਾ , ਨਾ ਬੰਧਨ ਬਣਿਆ ਏ । ਇਹ ਧਰਮ ਅਵੱਲਾ ਏ , ਸਭ ਦੇ ਲਈ ਬਣਿਆ ਏ । ਭਾਈ ਅੱਗੇ ਆ ਜਾਵੋ, ਕੁਰਬਾਨੀ ਦੇ ਜਾਵੋ । ਅੱਜ ਸੀਸ ਜੋ ਮੰਗੇ ਨੇ , ਦੇਖੋ ਕੌਣ ਹਾਂ ਕਰਦਾ ਏ । ਸੰਗਤ ਪਈ ਤੱਕਦੀ ਸੀ , ਜੈਕਾਰੇ ਛੱਡਦੀ ਸੀ । ਵਾਰੋ-ਵਾਰੀ ਜੋ ਆਏ ਨੇ , ਉਹ ਪੰਜ ਪਿਆਰੇ ਨੇ । ਵੇਖ ਉਨ੍ਹਾਂ ਬਹਾਦਰਾਂ ਨੇ , ਗੁਰੂ ਸੁਹਣੇ ਜਿਹੇ ਪਾਏ ਨੇ । ਉਹ ਭਾਗਾਂ ਵਾਲੇ ਨੇ , ਜੋ ਸਿੰਘ ਸਜਾਏ ਨੇ । ਔਹ ਵੇਖ ਵਿਸਾਖੀ 'ਤੇ, ਜੋ ਸਿੰਘ ਸਜਾਏ ਨੇ । ਉਸ ਬਾਜਾਂ ਵਾਲੇ ਨੇ ,ਜੋ ਧਰਮ ਬਣਾ ਦਿੱਤਾ । ਭਟਕੇ ਹੋਏ ਲੋਕਾਂ ਨੂੰ , ਇਨਸਾਨ ਬਣਾ ਦਿੱਤਾ । ਗੂੰਜਾਂ ਅੱਜ ਵੀ ਪੈਂਦੀਆਂ ਨੇ, ਰੰਗ ਐਸਾ ਭਰ ਦਿੱਤਾ । ਵੇਖ ਸਾਰੀ ਲੁਕਾਈ ਨੂੰ ,ਉਸ ਸਵਰਗ ਬਣਾ ਦਿੱਤਾ । ਬਿਪਤਾ ਕਿਤੇ ਆ ਜਾਵੇ, ਪਰਲੋ ਜਦੋਂ ਝੁੱਲ ਜਾਵੇ । ਇਹ ਪੰਥ ਖਾਲਸਾ ਏ , ਹਰ ਥਾਂ ਜੋ ਚਾਲੇ ਭਾਵੇ । ਜਿੱਥੇ ਗੁਰੂ ਕਾ ਲੰਗਰ ਹੈ ,ਤੋਟ ਕਦੇ ਨਾ ਕੋਈ ਆਵੇ । ਵੇਖ ਇਸ ਦਰਵਾਜ਼ੇ ਤੋਂ , ਭੁੱਖਾ ਕਦੇ ਨਾ ਕੋਈ ਜਾਵੇ । ਕੌਮ ਸਾਜੀ ਹੋਈ ਉਸ ਦੀ , ਅੱਜ ਖ਼ੁਸ਼ੀਆਂ ਮਾਣਦੀ ਏ । ਰੱਖਿਆ ਵੀ ਕਰਦੀ ਏ , ਦੁਨੀਆਂ ਸਾਰੀ ਜਾਣਦੀ ਏ । ਕਿਰਤ ਅੱਜ ਵੀ ਕਰਦੇ ਨੇ , ਧੁੱਪਾਂ ਵੀ ਜਰਦੇ ਨੇ । ਖੇਤਾਂ ਵਿੱਚ ਜਾ-ਜਾ ਕੇ, ਦਿਨ ਰਾਤ ਇਹ ਮਰਦੇ ਨੇ । ਸੱਪਾਂ ਦੀਆਂ ਸਿਰੀਆਂ 'ਤੇ, ਇਹ ਪਾਲਦੇ ਫ਼ਸਲਾਂ ਨੇ । ਅਰਦਾਸਾਂ ਵੀ ਕਰਦੇ ਨੇ, ਕੁਦਰਤ ਤੋਂ ਡਰਦੇ ਨੇ । ਜਦ ਫ਼ਸਲਾਂ ਵਿਕ ਜਾਵਣ, ਭੰਗੜੇ ਪਏ ਪਾਉਂਦੇ ਨੇ । ਫਿਰ ਆਈ ਵਿਸਾਖੀ ਏ , ਜੱਟ ਮੇਲੇ ਨੂੰ ਚੱਲ ਪਏ ਨੇ । ਫਿਰ ਆਈ ਵਿਸਾਖੀ ਏ, ਮੇਲੇ ਨੂੰ ਚੱਲ ਪਏ ਨੇ ।

5. ਸਦਕੇ ਮੈਂ ਪੰਜਾਬ ਦੇ

ਇੱਕ ਰਾਹ ਜਾਂਦੇ ਹੋਈ ਰਾਹੀ ਨੂੰ, ਮੈਂ ਰੋਕ ਖੜ੍ਹਾਇਆ , ਫੇਰ ਮੈਂ ਪੁੱਛਿਆ ਉਸ ਤੋਂ, ਤੂੰ ਕਿੱਥੋਂ ਆਇਆ ? ਆਖਿਆ ਉਸ ਨੇ ਹੱਸ ਕੇ, ਮੈਂ ਅਰਸ਼ੋਂ ਆਇਆ , ਮਹਿਮਾ ਸੁਣ ਪੰਜਾਬ ਦੀ, ਮੈਂ ਵੇਖਣ ਆਇਆ । ਮੈਂ ਸੁਣਿਆ ਵਿੱਚ ਪੰਜਾਬ ਦੇ, ਅੰਨ ਦੇ ਭੰਡਾਰੇ, ਖਿੜੇ ਰਹਿੰਦੇ ਇਸ ਧਰਤੀ ‘ਤੇ, ਫੁੱਲਾਂ ਦੇ ਕਿਆਰੇ। ਕਿਰਤੀ ਕਾਮੇ ਲੋਕ ਨੇ , ਮਿਹਨਤ ਦੀ ਖਾਂਦੇ , ਭਾਈਚਾਰੇ ਦੀ ਲੋਰ ਵਿੱਚ , ਸਭ ਸਦਾ ਹੀ ਰਹਿੰਦੇ । ਗੱਭਰੂ ਤੇ ਮੁਟਿਆਰਾਂ ਦੇ, ਜੋਬਨ ਨੇ ਸੋਂਹਦੇ , ਬਜ਼ੁਰਗ ਢਾਣੀਆਂ ਜੋੜ ਕੇ, ਸੱਥਾਂ ਵਿੱਚ ਬਹਿੰਦੇ । ਰਾਹੀ ਨੂੰ ਮੈਂ ਆਖਿਆ, ਤੂੰ ਸੱਚ ਸੁਣਾਇਆ , ਪੁਰਾਣੇ ਉਸ ਪੰਜਾਬ ਨੂੰ , ਅੱਜ ਮੋੜ ਲਿਆਇਆ । ਪਰ ਮੇਰੇ ਉਸ ਪੰਜਾਬ ਨੇ, ਹੁਣ ਰੰਗ ਵਟਾਇਆ , ਬਿਰਖਾਂ ਨੂੰ ਵੱਢ-ਵੱਢ ਕੇ ,ਅਸੀਂ ਘਰੀਂ ਸਜਾਇਆ । ਨਸ਼ੇ ਨੇ ਸਾਡੀ ਜਵਾਨੀ ਨੂੰ, ਅੱਜ ਮਾਰ ਮੁਕਾਇਆ , ਕਈ ਤਰ੍ਹਾਂ ਦੇ ਰੂਪ ਨੇ, ਹੁਣ ਪੰਜਾਬ ‘ਚ ਵੱਸਦੇ । ਲੋੜ ਪੈਣ ‘ਤੇ ਧੀਆਂ ‘ਤੇ , ਤੇਜ਼ਾਬ ਨੇ ਸੁੱਟਦੇ , ਜੀਉਂਦੇ ਜੀ ਦਫ਼ਨਾਉਣ ਲਈ, ਡੂੰਘੇ ਟੋਏ ਪੁੱਟਦੇ । ਕੁਝ ਬਣਕੇ ਰਾਖੇ ਦੇਸ ਦੇ,ਜਨਤਾ ਨੂੰ ਲੁੱਟਦੇ , ਤੈਨੂੰ ਦੱਸ ਅੱਜ ਹੋਰ ਕੀ ? ਮੈਂ ਆਖ ਸੁਣਾਵਾਂ ? ਉਸ ਪਿਆਰੇ ਪੰਜਾਬ ਨੂੰ ਕਿੱਥੋਂ ਮੋੜ ਲਿਆਵਾਂ ? ਖ਼ੁਸ਼ੀਆਂ ਖੇੜਿਆਂ ਵਾਲੀਆਂ, ਜਿੱਥੇ ਸਨ ਬਹਾਰਾਂ , ਸਦਕੇ ਉਸ ਪੰਜਾਬ ਦੇ ਮੈਂ ਵਾਰੇ ਜਾਵਾਂ ! ਸਦਕੇ ਉਸ ਪੰਜਾਬ ਦੇ ਮੈਂ ਵਾਰੇ ਜਾਵਾਂ !

6. ਮਾਂ ਬੋਲੀਏ ਸਦਕੇ ਜਾਵਾਂ ਤੇਰੇ ਤੋਂ!

ਮਾਂ ਬੋਲੀਏ ਸਦਕੇ ਜਾਵਾਂ ਤੇਰੇ ਤੋਂ ! ਇੱਕ ਪਲ ਵੀ ਤੂੰ ਦੂਰ ਨਾ ਹੋਵੇ ਮੇਰੇ ਤੋਂ। ਤੂੰ ਤਾਂ ਮੇਰੇ ਦਿਲੋਂ ਜਾਨ ਵਿਚ ਵੱਸਦੀ ਏ, ਬੁੱਲ੍ਹਾਂ ਤੇ ਤੈਨੂੰ ਜਦੋਂ ਲਿਆਵਾਂ ਹੱਸਦੀ ਏ। ਕੋਈ ਜ਼ੁਬਾਂ ਨਾ ਮਿੱਠੀ ਲੱਗਦੀ ਤੇਰੇ ਤੋਂ , ਮਾਂ ਬੋਲੀਏ ਸਦਕੇ ਜਾਵਾਂ ਤੇਰੇ ਤੋਂ ! ਇੱਕ ਪਲ ਵੀ ਤੂੰ ਦੂਰ ਨਾ ਹੋਵੇ ਮੇਰੇ ਤੋਂ! ਗੁਰੂਆਂ ਨੇ ਦੇਖ ਤੇਰਾ ਮਾਣ ਵਧਾਇਆ ਏ ! ਬੁੱਲ੍ਹੇ ਵਰਗੇ ਸ਼ਾਇਰਾਂ ਵੀ ਅਪਣਾਇਆ ਏ । ਲੋਰੀਆਂ ਦਿੰਦੀ ਜਾਂਦੀ ਬੜੇ ਹੀ ਚਾਵਾਂ ਨਾਲ , ਛਮ-ਛਮ ਵਗਦੀ ਜਾਂਦੀ ਪੰਜ ਦਰਿਆਵਾਂ ਨਾਲ । ਕਿਉਂ ਮੁਨਕਰ ਹੁੰਦੇ ਜਾਂਦੇ ਅਸੀਂ ਹਾਂ ਤੇਰੇ ਤੋਂ , ਮਾਂ ਬੋਲੀਏ ਸਦਕੇ ਜਾਵਾਂ ਤੇਰੇ ਤੋਂ , ਇੱਕ ਪਲ ਵੀ ਤੂੰ ਦੂਰ ਨਾ ਹੋਵੇ ਮੇਰੇ ਤੋਂ। ਤੇਰੇ ਰੰਗ ਵਿਚ ਰੰਗੀਏ ਏਸ ਜਵਾਨੀ ਨੂੰ , ਚੜ੍ਹਦੇ ਸੂਰਜ ਵਾਂਗੂੰ ਰੰਗ ਲਾਸਾਨੀ ਨੂੰ । ਚੁੰਮ-ਚੁੰਮ ਮੱਥੇ ਲਾਈਏ ਹਾਏ ਉਸ ਕਾਨੀ ਨੂੰ, ਜੋ ਮੁੱਢੋਂ ਲਿਖਦੀ ਆਈ ਹੈ ਤੇਰੀ ਕਹਾਣੀ ਨੂੰ । ਵੱਧਦੀ ਫੁੱਲਦੀ ਰਹੇ ਸਦਾ ਚਾਰ ਚੁਫ਼ੇਰੇ ਤੋਂ ਮਾਂ ਬੋਲੀਏ ਸਦਕੇ ਜਾਵਾਂ ਤੇਰੇ ਤੋਂ ! ਇੱਕ ਪਲ ਵੀ ਤੂੰ ਦੂਰ ਨਾ ਹੋਵੇ ਮੇਰੇ ਤੋਂ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਮਲਜੀਤ ਕੌਰ ਕਮਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ