Punjabi Kavita
  

Punjabi Poetry : Harpreet Kaur Sandhu

ਪੰਜਾਬੀ ਕਵਿਤਾਵਾਂ ਹਰਪ੍ਰੀਤ ਕੌਰ ਸੰਧੂ1. ਯਕੀਨ ਰੱਖ

ਮੇਰਾ ਬੋਲਣਾ ਚਹਿਕਣਾ ਲਗਦਾ ਸੀ ਕਦੇ ਮੈਂ ਅਕਸਰ ਪੁੱਛਦੀ ਮੈਂ ਜ਼ਿਆਦਾ ਬੋਲਦੀ ਹਾਂ? ਨਹੀਂ! ਮੈਨੂੰ ਤਾਂ ਬਹੁਤ ਚੰਗਾ ਲਗਦਾ ਹੈ। ਤੇਰਾ ਜਵਾਬ ਹੁੰਦਾ ਚਹਿਕਣ ਨੂੰ ਤੂੰ ਫਿਰ ਚਿੜਚਿੜੇਪਣ ਵਿੱਚ ਬਦਲ ਦਿੱਤਾ ਅਚਨਚੇਤ ਮੇਰਾ ਬੋਲਣਾ ਨਹੀਂ ਤੂੰ ਬਦਲ ਗਿਆ ਸੀ। ਯਕੀਨ ਰੱਖ ਹੁਣ ਮੇਰੀ ਚੁੱਪ ਦੀ ਗਹਿਰਾਈ ਤੇਰੀ ਰੂਹ ਦੀਆਂ ਚੀਕਾਂ ਬਣ ਕੇ ਨਿਕਲੇਗੀ।

2. ਸੌਖਾ ਨਹੀਂ ਹੁੰਦਾ

ਕਹਿੰਦੇ ਨੇ ਸਭ ਤੋਂ ਔਖਾ ਹੁੰਦਾ ਪੁੱਤ ਦੀ ਅਰਥੀ ਚੁੱਕਣਾ ਪਿਓ ਦੇ ਮੋਢਿਆਂ ਤੇ ਸਾਰੀਆਂ ਆਸਾਂ ਉਮੀਦਾਂ ਦਾ ਸੁਆਹ ਹੋ ਜਾਣਾ ਚਿਤਾ ਦੀ ਅਗਨ ਵਿੱਚ। ਸੌਖਾ ਨਹੀਂ ਹੁੰਦਾ। ਪੁੱਤ ਲਈ ਵੀ ਸੌਖਾ ਨਹੀਂ ਪਿਤਾ ਦੇ ਜਨਾਜ਼ੇ ਨੂੰ ਮੋਢਾ ਦੇਣਾ ਜਿਸਦੀ ਉਂਗਲੀ ਫੜ ਕੇ ਤੁਰਨਾ ਸਿੱਖਿਆ ਜਿਸ ਦੇ ਸਿਰ ਤੇ ਹਵਾ ‘ਚ ਉੱਡਣਾ ਸਿੱਖਿਆ ਜੋ ਹੌਸਲਾ ਵੀ ਸੀ ਬੁਨਿਆਦ ਵੀ ਜਿਸ ਨੇ ਪੁੱਤਰ ਦੇ ਜਨਮ ਤੇ ਵੰਡੇ ਸੀ ਲੱਡੂ ਟੰਗੇ ਸੀ ਪੱਤੇ ਦਹਿਲੀਜ਼ ਤੇ ਬੰਦਨਬਾਰ। ਉਸ ਦੀ ਚਿਤਾ ਨੂੰ ਅਗਨ ਦੇਣੀ ਕਿੰਨੀ ਔਖੀ ਹੈ ਇਹ ਪੁੱਤ ਹੀ ਜਾਣਦਾ ਹੈ

3. ਕਣਕ ਕਿਸਾਨ ਦੀ

ਸੜਕਾਂ ਤੇ ਧਰਨੇ ਦੇ ਰਹੇ ਕਿਸਾਨ ਲਾਠੀਆਂ ਲੈ ਕੇ ਖੜ੍ਹੇ ਸਿਪਾਹੀ ਘਰੋਂ ਆਏ ਖਾ ਕੇ ਪਰੌਂਠੇ ਪਰੌਂਠੇ ਕਣਕ ਦੇ ਕਣਕ ਕਿਸਾਨ ਦੀ ਦਫ਼ਤਰਾਂ ਵਿੱਚ ਬੈਠੇ ਅਫ਼ਸਰ ਦੇ ਰਹੇ ਕਿਸਾਨ ਵਿਰੋਧੀ ਹੁਕਮ ਘਰੋਂ ਖਾ ਕੇ ਆਏ ਬ੍ਰਾਊਨ ਬ੍ਰੈੱਡ ਬ੍ਰੈਂਡ ਕਣਕ ਦੀ ਕਣਕ ਕਿਸਾਨ ਦੀ ਸੰਸਦ ਵਿੱਚ ਬੈਠੇ ਨੇਤਾ ਕੱਢ ਰਹੇ ਕਿਸਾਨ ਵਿਰੋਧੀ ਕਾਨੂੰਨ ਸੰਸਦ ਦੀ ਕੰਟੀਨ ਚੋਂ ਸਸਤੇ ਮੁੱਲ ਤੇ ਖਾ ਕੇ ਆਏ ਡੋਸੇ ਡੋਸੇ ਬਣੇ ਦਾਲ ਤੇ ਚੌਲ ਦੇ ਦਾਲ ਤੇ ਚੌਲ ਕਿਸਾਨ ਦੇ। ਖ਼ਬਰਾਂ ਕਰ ਰਹੇ ਪੱਤਰਕਾਰ ਘਰੋਂ ਖਾ ਕੇ ਆਏ ਪੂਰੀਆਂ ਪੂਰੀਆਂ ਆਟੇ ਦੀਆਂ ਆਟਾ ਕਣਕ ਦਾ ਕਣਕ ਕਿਸਾਨ ਦੀ ਟੀਵੀ ਮੂਹਰੇ ਬੈਠੇ ਅਸੀਂ ਸੁਣ ਰਹੇ ਤਕਰੀਰਾਂ ਖਾ ਕੇ ਬੈਠੇ ਭਠੂਰੇ ਭਠੂਰੇ ਮੈਦੇ ਦੇ ਮੈਦਾ ਕਣਕ ਦਾ ਤੇ ਕਣਕ ਕਿਸਾਨ ਦੀ।

4. ਤਿੰਨ ਸੌ ਸੱਠ ਡਿਗਰੀ

ਜ਼ਿੰਦਗੀ ਤੇ ਤਿੰਨ ਸੌ ਸੱਠ ਡਿਗਰੀ ਦੇ ਕੋਣ ਵਿਚ ਬਹੁਤ ਸਮਾਨਤਾ ਹੈ। ਤਿੰਨ ਸੌ ਸੱਠ ਡਿਗਰੀ ਦਾ ਚੱਕਰ ਜਿੱਥੋਂ ਸ਼ੁਰੂ ਹੁੰਦਾ ਉੱਥੇ ਹੀ ਆ ਕੇ ਖ਼ਤਮ ਹੋ ਜਾਂਦਾ। ਕੈਨਵਸ ਵੀ ਉਹੀ ਰਹਿੰਦਾ। ਰੰਗ ਵੀ ਉਹੀ। ਜ਼ਿੰਦਗੀ ਵੀ ਇਸੇ ਤਰ੍ਹਾਂ ਹੈ ਜਿੱਥੋਂ ਸ਼ੁਰੂ ਉੱਥੇ ਹੀ ਆ ਕੇ ਖ਼ਤਮ ਹੋਵੇ। ਜੋ ਦਿੰਦੇ ਹਾਂ ਉਹੀ ਮੁੜ ਆਉਂਦਾ ਜ਼ਿੰਦਗੀ ਦੀ ਤਸਵੀਰ ਦਾ ਕੋਈ ਦੂਜਾ ਪਾਸਾ ਨਹੀਂ ਹੁੰਦਾ। ਜਿੰਨਾ ਗੁੜ ਪਾਓ ਓਨਾ ਮਿੱਠਾ ਜਿੰਨਾ ਜ਼ਹਿਰ ਭਰੋ ਓਨਾ ਜ਼ਹਿਰੀ। ਉਹੀ ਵਾਪਸ ਤੁਹਾਡੀ ਝੋਲੀ ‘ਚ ਪੈਂਦਾ। ਬੱਸ ਸਮਾਂ ਲੱਗਦਾ ਜਵਾਬ ਮਿਲਣ ਵਿੱਚ ਪਰ ਲਾਜ਼ਿਮ ਹੈ ਜਵਾਬ ਮਿਲਣਾ ਜੇ ਕੋਈ ਸੋਚੇ ਬਦੀ ਕਰਕੇ ਨੇਕੀ ਖੱਟ ਲਵੇਗਾ ਨਾ ਮੁਮਕਿਨ ਇਹ ਤਾਂ ਤਿੰਨ ਸੌ ਸੱਠ ਡਿਗਰੀ ਦਾ ਮੋੜ ਹੈ ਵਾਪਸ ਉੱਥੇ ਹੀ ਲਿਜਾ ਕੇ ਖੜ੍ਹਾ ਕਰ ਦਊ ਜਿੱਥੋਂ ਤੁਰੇ ਸਾਂ।

5. ਪਿਆਰ ਮਗਰੋਂ

ਮੈਂ ਚੁੰਮਦੀ ਸੀ ਤੇਰੇ ਪੈਰਾਂ ਦੀਆਂ ਤਲੀਆਂ ਔਰਤ ਦੀ ਆਜ਼ਾਦੀ ਲਈ ਲੜਨ ਵਾਲੀ ਮੈਂ ਦੱਬਦੀ ਸੀ ਤੇਰੇ ਪੈਰ ਤੇਰੀਆਂ ਜੁਰਾਬਾਂ ਤੇਰੇ ਪੈਰਾਂ ਵਿੱਚ ਪਾਉਣਾ ਮੇਰਾ ਨਿਯਮ ਬਣ ਗਿਆ ਸੀ। ਇਹ ਗੁਲਾਮੀ ਨਹੀਂ ਪਿਆਰ ਸੀ ਆਪਣਾਪਣ ਸੀ ਮੈਂ ਜਿੰਨਾ ਝੁਕਦੀ ਗਈ ਤੂੰ ਆਕੜਦਾ ਗਿਆ ਪਿਆਰ ਤਾਕਤ ਹੁੰਦਾ ਹੈ ਕਮਜ਼ੋਰੀ ਨਹੀਂ ਅੱਜ ਦੇਖ ਮੈਂ ਤੇਰੇ ਤੋਂ ਵਿਛੜ ਕੇ ਤਾਕਤਵਰ ਹਾਂ ਤੂੰ ਮੈਨੂੰ ਛੱਡ ਕੇ ਕਮਜ਼ੋਰ ਹੋ ਗਿਆ ਹੈਂ ਕੌਣ ਕਹਿੰਦਾ ਹੈ ਪਿਆਰ ਕਮਜ਼ੋਰ ਕਰ ਦਿੰਦਾ ਹੈ ਪਿਆਰ ਕਰਨ ਵਾਲੇ ਇਰਾਦੇ ਦੇ ਪੱਕੇ ਜੋ ਵੀ ਕਰਦੇ ਹਨ ਸ਼ਿੱਦਤ ਨਾਲ ਫਿਰ ਉਹ ਪਿਆਰ ਹੋਵੇ ਜਾਂ ਨਫਰਤ।

6. ਸੁਫ਼ਨਾ ਅਤੇ ਦਰਦ

ਸੁਫ਼ਨੇ ਵਿੱਚ ਕਿਸੇ ਨੇ ਮੈਨੂੰ ਜ਼ਿੰਦਾ ਜਲਾ ਦਿੱਤਾ ਤ੍ਰਭਕ ਕੇ ਉੱਠੀ ਮੈਂ ਸਰੀਰ ਤੇ ਜਲਣ ਮਹਿਸੂਸ ਹੋਈ। ਯਾਦ ਆਈ ਮਨੀਸ਼ਾ ਕਿਵੇਂ ਸਹਿਣ ਕੀਤਾ ਹੋਣਾ ਤੂੰ ਜਿੰਦ ਇਕੱਲੀ ਤੇ ਦਰਿੰਦੇ ਚਾਰ ਨੋਚਿਆ ਹੋਏਗਾ ਤੈਨੂੰ ਕਿੰਨਾ ਦਰਦ ਕਿੰਨੀ ਲਾਚਾਰੀ ਕਿੰਨੀ ਬੇਬਸੀ ਫਿਰ ਕੱਟੀ ਤੇਰੀ ਜ਼ੁਬਾਨ ਤੇਰਾ ਦਰਦ ਇੰਨਾ ਜ਼ਿਆਦਾ ਮਹਿਸੂਸ ਹੋਣਾ ਵੀ ਹਟ ਜਾਂਦਾ ਇੱਕ ਹੱਦ ਤੋਂ ਗੁਜ਼ਰ ਜਾਣ ਤੋਂ ਬਾਅਦ ਤੋੜੀ ਰੀੜ੍ਹ ਦੀ ਹੱਡੀ ਮੇਰੀ ਬੱਚੀ ਇੰਨੀ ਤਕਲੀਫ ਕਾਸ਼ ਤੂੰ ਉਸੇ ਵੇਲੇ ਮਰ ਜਾਂਦੀ ਪਰ ਢੀਠ ਹੁੰਦੀਆਂ ਨੇ ਕੁੜੀਆਂ ਤੜਫੀ ਹਸਪਤਾਲ ਚ ਫਿਰ ਜੇ ਪ੍ਰਾਣ ਨਿਕਲੇ ਜਲਾ ਦਿੱਤਾ ਤੈਨੂੰ ਅੱਧੀ ਰਾਤ ਮੈਨੂੰ ਸੁਪਨੇ ਚ ਜਲ ਕੇ ਤੇਰੇ ਦਰਦ ਦਾ ਅਹਿਸਾਸ ਹੋਇਆ ਮੇਰੀ ਬੱਚੀ ਹੁਣ ਚੁਰਾਸੀ ਲੱਖ ਜੂਨਾਂ ਵਿੱਚੋਂ ਮਨੁੱਖੀ ਜੂਨ ਚ ਨਾ ਆਈਂ ਕੱਛੂਕੁੰਮਾ ਬਣੀਂ ਜਾ ਤਿਤਲੀ ਬਸ ਕਿਸੇ ਗਰੀਬ ਦੀ ਧੀ ਨਾ ਬਣੀ।

7. ਮਨੀਸ਼ਾ!

ਮੇਰੀ ਬੱਚੀ ਮੈਂ ਤੇਰਾ ਦਰਦ ਮਹਿਸੂਸ ਕਰਦੀ ਹਾਂ ਤੇਰਾ ਦਰਦ। ਸਰੀਰਕ ਕਸ਼ਟ ਅਸਹਿ ਮਾਨਸਿਕ ਬੋਝ ਅਕਹਿ ਰੀੜ੍ਹ ਦੀ ਹੱਡੀ ਦੇ ਨਾਲ ਟੁੱਟਿਆ ਹੋਣੈ ਤੇਰਾ ਵਿਸ਼ਵਾਸ ਰੱਬ ਨਾਂ ਦੀ ਚੀਜ਼ ਤੋਂ ਤੇਤੀ ਕਰੋੜ ਦੇਵੀ ਦੇਵਤਾ ਇੱਕ ਵੀ ਨਾ ਬਹੁੜਿਆ ਤੇਰੇ ਲਈ। ਜ਼ਾਲਮਾਂ ਲਈ ਤਾਂ ਪਹੁੰਚ ਗਏ ਵਰਦੀਆਂ ਪਾ ਕੁਰਸੀਆਂ ਵਾਲੇ। ਬੇਸ਼ੱਕ ਤੇਰੀ ਜ਼ਬਾਨ ਕੱਟ ਦਿੱਤੀ ਪਰ ਤੇਰੀ ਪੁਕਾਰ ਗੂੰਜ ਰਹੀ ਹੈ ਚਹੁੰ ਕੂੰਟਾਂ ‘ਚ ਤੇਰੀਆਂ ਚੀਕਾਂ ਮੈਨੂੰ ਸੌਣ ਨਹੀਂ ਦਿੰਦੀਆਂ ਕ੍ਰਿਸ਼ਨ ਕਿੱਥੇ ਹੈ? ਕਿਉਂ ਨਹੀਂ ਆਇਆ ਆਏਗਾ ਕਿਉਂ ? ਯਾਦਵਾਂ ਖ਼ਿਲਾਫ਼। ਤੂੰ ਦਰੋਪਦੀ ਤਾਂ ਨਹੀਂ ਹੈ ਮਨੀਸ਼ਾ! ਮੇਰੀ ਬੱਚੀ ਇਨਸਾਫ਼ ਦੀ ਉਮੀਦ ਨਾ ਰੱਖੀਂ। ਸ਼ੇਰਨੀ ਬਣ ਕੇ ਜੰਮ ਭਾਵੇਂ ਸੱਪਣੀ ਬਣ ਕੇ ਨਵੇਂ ਜਨਮ ਵਿੱਚ ਆ ਤੇ ਆਪਣਾ ਇਨਸਾਫ ਆਪ ਕਰ।

8. ਪਿਆਰ ਵਿੱਚ

ਸਭ ਸਾਂਝਾ ਹੁੰਦਾ ਪਿਆਰ ਵਿੱਚ ਫੇਰ ਕੀ ਸੁੱਚ ਕੀ ਤੇ ਜੂਠ ਕੀ? ਪਤਨੀ ਸਮਾਜਿਕ ਰੁਤਬੇ ਦੇ ਹੰਕਾਰ ਵਿੱਚ ਪ੍ਰੇਮਿਕਾ ਨੂੰ ਆਖਦੀ ਹੈ ਜੂਠ ਕਿਸੇ ਥਾਂ ਦੀ। ਉਹ ਨਹੀਂ ਜਾਣਦੀ ਸੁੱਚਾ ਪਿਆਰ ਤਾਂ ਮੈਂ ਮਾਣਿਆ ਬੇਗ਼ਰਜ਼ ਪਾਰਦਰਸ਼ੀ ਉਮਰ ਭਰ ਜੂਠ ਤਾਂ ਉਸ ਭੋਗਿਆ ਹੈ ਮੇਰਾ ਉਤਾਰ ਮੇਰਾ ਪਿਆਰ।

9. ਔਰਤ ਤੇ ਜ਼ਮੀਨ

ਆਦਮੀ ਸਿਰਫ਼ ਇੱਛਾਵਾਂ ਦਾ ਵਫਾਦਾਰ ਹੁੰਦਾ ਹੈ ਭਟਕਦਾ ਰਹਿੰਦਾ ਹੈ ਸਰੀਰ ਵਿੱਚ ਮਾਣਦਾ ਹੈ ਖੁਸ਼ਬੋ ਭੌਰੇ ਵਾਂਗ ਕਦੇ ਇਸ ਫੁੱਲ ਤੇ ਕਦੇ ਉਸ ਤੇ ਪਰਾਗ ਹੀ ਤਾਂ ਚਾਹੀਦਾ ਹੈ ਔਰਤ ਧਰਤੀ ਵਾਂਗ ਹੁੰਦੀ ਠੇਕੇ ਤੇ ਲਵੋ, ਅੱਧ ਤੇ ਭਾਵੇ ਆਪ ਬੀਜ ਲਵੋ ਉਸਨੇ ਹਰ ਹਾਲ ਕੁੱਖ ਹਰੀ ਕਰਨੀ ਫਸਲ ਦੀ ਤਰਾਂ ਦੇਣਾ ਤੁਹਾਡਾ ਅੰਸ਼। ਫਿਤਰਤ ਨਹੀਂ ਬਦਲੀ ਸਦੀ ਦਰ ਸਦੀ ਏਹੀ ਹੋਇਆ ਮਰਦ ਦੇ ਬੀਜ ਤੋਂ ਔਰਤ ਨੇ ਰੁੱਖ ਪੈਦਾ ਕੀਤੇ ਜੀਵਨ ਦੇ ਕੇ ਬੇਅੰਤ ਦੁੱਖ ਸਹੇ ਕਦੇ ਪਤਨੀ ਕਦੇ ਪ੍ਰੇਮਿਕਾ ਕਦੇ ਬਦਚਲਨ ਰੂਪ ਹੀ ਬਦਲੇ ਕਰਮ ਨਹੀਂ

10. ਬਹੁਤ ਕੁਝ ਕਹਿ ਗਿਆ

ਬਹੁਤ ਕੁਝ ਕਹਿ ਗਿਆ ਤੇਰਾ ਮੈਨੂੰ ਤੱਕਣਾ ਮੇਰੇ ਸਾਹਮਣੇ ਹੋ ਕੇ ਵੀ ਬਹੁਤ ਕੁਝ ਵਹਿ ਗਿਆ ਪਾਣੀ ਅੱਖਾਂ ਚੋਂ ਨਿੱਕੀਆਂ ਨਿੱਕੀਆਂ ਬੂੰਦਾਂ ਬਣ ਜਾਂਦਾ ਜਾਂਦਾ ਬਹੁਤ ਕੁਝ ਕਹਿ ਗਿਆ ਮੇਰਾ ਦਿਲ ਤੇਰੇ ਨਜ਼ਦੀਕ ਹੋ ਕੇ ਵੀ ਸਹਿ ਗਿਆ ਅੰਦਰ ਹੀ ਅੰਦਰ ਘੁਟਦਾ ਬਹੁਤ ਕੁਝ ਕਹਿ ਗਿਆ ਤੇਰੇ ਅੰਦਰ ਵੀ ਬਲਦਾ ਹੈ ਭਾਂਬੜ ਜੋ ਤੂੰ ਸਹਿ ਗਿਆ ਤੇਰੀ ਅੱਖਾਂ ਦਾ ਸੁੰਨਾਪਣ ਬਹੁਤ ਕੁਝ ਕਹਿ ਗਿਆ ਤੂੰ ਜੀ ਰਿਹਾ ਬੱਧਾ ਰੁੱਧਾ ਤੇਰਾ ਨਜ਼ਰ ਚੁਰਾਉਣਾ ਸਭ ਕੁਛ ਕਹਿ ਗਿਆ ਰੂਹ ਛੱਡ ਗਈ ਸਾਥ ਬਾਕੀ ਸਰੀਰ ਰਹਿ ਗਿਆ।

11. ਇੱਕ ਅੱਖਰ

ਇਕ ਅੱਖਰ ਦੋ ਵਾਰ ਇਕ ਹੋੜਾ ਇਕ ਬਿਹਾਰੀ ਬਸ ਇਕ ਸ਼ਬਦ ਨੇ ਬਦਲ ਦਿੱਤੀ ਮੇਰੀ ਜ਼ਿੰਦਗੀ। ਬਹੁਤ ਕੁਝ ਖੋਹ ਲਿਆ ਬਹੁਤ ਕੁਝ ਸਿਖਾ ਦਿੱਤਾ ਮੈਂਨੂੰ ਬਦਨਾਮ ਕਰਕੇ ਮਾਣ ਮਹਿਸੂਸ ਕਰਦਾ ਹੋਵੇਂਗਾ। ਜਾਹ!ਕਰੀ ਜਾ ਸੁਨਿਆਰੇ ਵਾਲੀ ਸੱਟ ਮੱਠੀ ਮੱਠੀ ਇਕ ਦਿਨ ਲੋਹਾਰ ਬਣਕੇ ਮੈਂ ਤੇਰੀ ਹਰ ਬੇਵਫਾਈ ਦਾ ਜਵਾਬ ਦੇਵਾਂਗੀ ਵਾਅਦਾ ਰਿਹਾ ਤੇਰੀ ਦਿੱਤੀ ਹਰ ਸ਼ੈਅ ਕਈ ਗੁਣਾ ਵਧਾ ਕੇ ਮੋੜਾਂਗੀ ਇੰਤਜ਼ਾਰ ਕਰ।

12. ਮਰ ਤਾਂ ਕਦੋਂ ਦੀ ਗਈ ਹੁੰਦੀ

ਮਰ ਤਾਂ ਕਦੋਂ ਦੀ ਗਈ ਹੁੰਦੀ ਮਰਨ ਨਹੀਂ ਦਿੰਦੇ ਅਲਮਾਰੀ ਚ ਲਟਕਦੇ ਨਵੇਂ ਸੂਟ। ਇੱਕ ਵਾਰ ਪਾ ਲਵਾਂ ਸੋਚ ਕੇ ਮਰਨਾ ਮੁਲਤਵੀ ਹੋ ਜਾਂਦਾ। ਮਰ ਤਾਂ ਕਦੋਂ ਦੀ ਗਈ ਹੁੰਦੀ ਮਰਨ ਨਹੀਂ ਦਿੰਦੇ ਲੌਕਰ ਵਿੱਚ ਪਏ ਗਹਿਣੇ ਸੋਚਦੀ ਹਾਂ ਇੱਕ ਵਾਰ ਪਾ ਕੇ ਮਟਕਾ ਲਵਾਂ। ਮੁਲਤਵੀ ਹੋ ਜਾਂਦਾ ਹੈ ਫੇਰ ਮਰਨਾ ਮਰ ਤਾਂ ਕਦੋਂ ਦੀ ਗਈ ਹੁੰਦੀ ਮਰਨ ਨਹੀਂ ਦਿੰਦਾ ਬੁੱਢੀ ਮਾਂ ਨੂੰ ਦਿੱਤਾ ਵਚਨ ਤੇਰੀ ਮਰੀ ਤੇ ਤੈਨੂੰ ਲੱਕਸ ਨਾਲ ਨੁਹਾ ਕੇ ਸੋਹਣਾ ਸੂਟ ਪਾ ਕੇ ਤੋਰਾਂਗੀ ਤੈਨੂੰ ਸਦਾ ਲਈ। ਮਰਨਾ ਫੇਰ ਹੋ ਜਾਂਦਾ ਹੈ ਮੁਲਤਵੀ ਮਰ ਤਾਂ ਕਦੋਂ ਦੀ ਗਈ ਹੁੰਦੀ ਅੱਖਾਂ ਅੱਗੇ ਆ ਜਾਂਦਾ ਹੈ ਤੇਰਾ ਚਿਹਰਾ ਸ਼ਾਇਦ ਕਦੇ ਜੇ ਦਿਲ ਕੀਤਾ ਤੇਰਾ ਮੈਨੂੰ ਮਿਲਣ ਨੁੰ ਮਰਨਾ ਫੇਰ ਹੋ ਜਾਂਦਾ ਹੈ ਮੁਲਤਵੀ। ਮਰ ਤਾਂ ਕਦੋਂ ਦੀ ਗਈ ਹੁੰਦੀ ਮਰਨ ਨਹੀਂ ਦਿੰਦੀਆਂ ਆਸਾਂ ਮੇਰੀਆਂ ਤੇ ਨਿੰਦਿਆ ਦੂਜਿਆਂ ਦੀਆਂ।

13. ਜਾਹ ਮੁੜ ਜਾ

ਜੋ ਦਿਲ ਵਿੱਚ ਹੈ ਸਾਫ਼ ਕਹਿ ਦੇ ਕਿਉਂ ਪਰਦੇ ਪਾਉਂਦਾ ਹੈ ? ਕਦੀ ਹਾਂ ਤੇ ਕਦੀ ਨਾਂਹ ਆਪਣੇ ਆਪ ਨੂੰ ਨਾ ਤੜਪਾ ਇਸ ਦਲੇਰੀ ਦਾ ਨਾਂ ਹੈ ਜੋ ਡਰਦਾ ਹੈ ਉਹ ਇਸ਼ਕ ਨਹੀਂ ਕਰ ਸਕਦਾ ਦਿਲ ਦੀ ਸੁਣ ਜਾਂ ਦੁਨੀਆਂ ਦੀ ਦੋਹਾਂ ਦਾ ਤਾਲਮੇਲ ਕਦੀ ਨਹੀਂ ਹੋਇਆ ਜਾਂ ਤਾਂ ਆ ਜਾ ਇਕੱਠੇ ਜਿਊਂਦੇ ਹਾਂ ਦੇਖੀ ਜਾਊ ਜੋ ਹੋਊ ਜਾਂ ਫਿਰ ਮੁੜ ਜਾ ਬਣ ਜਾਂ ਲਕੀਰ ਦਾ ਫ਼ਕੀਰ ਟੁਰਿਆ ਜਾਹ ਲੋਕਾਂ ਦੇ ਮਗਰ ਬਣ ਜਾ ਭੀੜ ਦਾ ਹਿੱਸਾ ਪਾਣੀ ਦੇ ਵਹਾਅ ਦੇ ਉਲਟ ਤਰ ਕੋਈ ਨਹੀਂ ਕਰ ਸਕਦਾ ਨਾ ਆਪ ਭੁਲੇਖੇ ਵਿੱਚ ਪੈ ਨਾ ਮੈਨੂੰ ਪਾ ਭੁਲੇਖੇ ਮੁੜ ਜਾ ਅਜੇ ਵੀ ਵਕਤ ਹੈ ਵੇਖੀਂ ਇਸ ਕਸ਼ਮਕਸ਼ ਵਿਚ ਕਿਤੇ ਦੋਵੇਂ ਪਾਸੇ ਨਾ ਗੁਆ ਬੈਠੀਂ। ਮੇਰੀ ਫ਼ਿਕਰ ਨਾ ਕਰ ਮੈਂ ਤਾਂ ਰਮਤਾ ਜੋਗੀ ਆਂ ਤੂੰ ਮੁੜ ਜਾ ਤੈਥੋਂ ਰੁਲਿਆ ਨਹੀਂ ਜਾਣਾ ਸੋਹਲ ਸਰੀਰ ਕੁਮਲਾ ਜਾਣਾ ਵਕਤ ਦੇ ਥਪੇੜਿਆਂ ਨਾਲ ਇਸ਼ਕ ਦਾ ਪੈਂਡਾ ਬਿਖੜਾ ਹੈ ਜਾਹ ਮੁੜ ਜਾ।

14. ਸ਼ਾਇਦ ਜ਼ਰੂਰੀ ਸੀ

ਸ਼ਾਇਦ ਜ਼ਰੂਰੀ ਸੀ ਤੇਰੇ ਤੋਂ ਵਿੱਛੜਨਾ ਆਪਣੇ ਆਪ ਨੂੰ ਮਿਲਣਾ ਤੇਰਾ ਹਰ ਕਦਮ ਮੇਰੇ ਤੋਂ ਦੂਰ ਜਾਣਾ ਮੇਰਾ ਪਲ ਆਪਣੇ ਆਪ ਨੂੰ ਪਾਉਣਾ ਦਿਲ ਦਿਮਾਗ ਜ਼ਿੰਦਗੀ ਵਿਚ ਤੂੰ ਹਰ ਥਾਂ ਕੱਲ੍ਹ ਤੀਕ ਘੇਰੀ ਹੋਈ ਸੀ ਜਿੱਥੇ ਜਿੱਥੇ ਤੂੰ ਸੀ ਉੱਥੇ ਹੁਣ ਮੈਂ ਹੀ ਮੈਂ ਹਾਂ ਯਾਦ ਕਰਦੀ ਹਾਂ ਤੈਨੂੰ ਅਕਸਰ ਕਦੇ ਉਦਾਸ ਹੋ ਕੇ ਕਦੇ ਗੁੱਸੇ ਵਿੱਚ ਤੂੰ ਫ਼ਾਸਲੇ ਪੱਖੋਂ ਦੂਰ ਹੋ ਕੇ ਵੀ ਦਿਲੋਂ ਦੂਰ ਨਹੀਂ ਹੋਇਆ ਤੇਰੇ ਜਾਣ ਪਿੱਛੋਂ ਮਿਲੀ ਹਾਂ ਆਪਣੇ ਆਪ ਨੂੰ ਹੁੰਦਾ ਹੈ ਕਈ ਵਾਰ ਇਸ ਤਰ੍ਹਾਂ ਕੋਈ ਆਪਣਾ ਦੂਰ ਹੋ ਜਾਵੇ ਤਾਂ ਦੁਖਦਾ ਹੈ ਦਿਲ ਪਰ ਇਕ ਸਕੂਨ ਵੀ ਤਾਂ ਮਿਲਦਾ ਹੈ ਅਜ਼ਾਦੀ ਦਾ ਆਪਣਾ ਹੀ ਆਨੰਦ ਹੈ ਆਪਣੀ ਛਾਂ ਆਪ ਬਣਨ ਦਾ ਆਪਣਾ ਹੀ ਆਨੰਦ ਹੈ ਵਿੱਛੜਨਾ ਜ਼ਰੂਰੀ ਸੀ ਤੇਰੇ ਤੋਂ ਆਪਣੇ ਆਪ ਨੂੰ ਪਾਉਣ ਲਈ

15. ਸੁਣਿਆ ਸੀ

ਸੁਣਿਆ ਸੀ ਪਿਆਰ ਕਮਜ਼ੋਰ ਕਰ ਦਿੰਦਾ ਮੈਨੂੰ ਤਾਂ ਮਜ਼ਬੂਤ ਕਰ ਗਿਆ ਕਈ ਕੁਛ ਸਿਖਾ ਗਿਆ ਵਫਾ, ਬੇਵਫਾਈ, ਧੋਖਾ, ਚੁੱਪ ਬੇਰਹਿਮੀ ਤੇ ਬਦਨਾਮੀ ਤੇਰੇ ਪਿਆਰ ਦੇ ਤੋਹਫ਼ੇ ਸਭ ਕਬੂਲ ਨੇ ਸਿਖਾ ਦਿੱਤਾ ਤੂੰ ਅਪਣੇ ਆਪ ਨਾਲ ਜੀਣਾ ਆਪਣੇ ਲਈ ਜੀਣਾ ਸਬਕ ਜੋ ਮਾਂ ਨਾ ਦੇ ਸਕੀ ਇਲਮ ਜੋ ਪਿਓ ਨੇ ਨਾ ਦਿੱਤਾ ਝਿੜਕ ਜੋ ਭਰਾ ਨੇ ਨਾ ਮਾਰੀ ਸੱਟ ਜੋ ਖ਼ੁਦਾ ਨੇ ਨਾ ਲਾਈ ਤੂੰ ਸਭ ਕੁਝ ਦੇ ਗਿਆ ਸਭ ਸਿਖਾ ਗਿਆ। ਬਹੁਤ ਯਕੀਨ ਸੀ ਤੇਰੇ ਤੇ ਰੱਬ ਮੰਨਿਆ ਸੀ ਤੈਨੂੰ ਸਮਝਾ ਦਿੱਤਾ ਤੂੰ ਮੈਨੂੰ ਪਿਆਰ ਵਿੱਚ ਵੀ ਮਰਦ ਰੱਬ ਜਿਹਾ ਨਹੀਂ ਬਣਦਾ ਹਵਸ ਤੇ ਲਾਲਚ ਵਿੱਚ ਭਟਕਿਆ ਹੈਵਾਨ ਹੀ ਰਹਿੰਦਾ ਹੈ। ਤੇਰਾ ਪਿਆਰ ਮੈਨੂੰ ਇਨਸਾਨ ਬਣਾ ਗਿਆ।

16. ਬੂਟੇ ਤੋਂ ਬੂਟਾ ਬਣੇ

ਰੁੱਖ ਦੇ ਤਣੇ ਤੋਂ ਟੁੱਟੀ ਹੋਈ ਟਾਹਣੀ ਡਿਗਦੀ ਹੈ ਧਰਤੀ ਤੇ ਵਿਛੋੜਾ ਦੋਵਾਂ ਨੂੰ ਸਹਿਣਾ ਪੈਂਦਾ ਹੈ। ਤੁਰ ਪੈਂਦੀ ਹੈ ਟਾਹਣੀ ਨਵੀਂ ਰਾਹ ਤੇ ਇਕ ਨਵਾਂ ਪੌਦਾ ਬਣ ਪੁੰਗਰਦੀ ਹੈ। ਬੂਟੇ ਤੋਂ ਬੂਟਾ ਬਣੇ। ਇਕ ਦਿਨ ਉਸੇ ਬੂਟੇ ਦਾ ਰੂਪ ਸਰੂਪ ਬਣੇ ਸਹਿਜ ਸੁਭਾਅ ਜਿਸ ਤੋਂ ਟੁੱਟ ਕੇ ਡਿੱਗੀ ਸੀ ਓਹ ਲਾਵਾਰਿਸ ਬਣ ਇੱਕ ਦਿਨ। ਮਿੱਟੀ ਦੀ ਮਜ਼ਬੂਤ ਪਕੜ ਉਸਨੂੰ ਸੁੱਕਣ ਨਹੀਂ ਦਿੰਦੀ ਮਿੱਟੀ ਤੇ ਪਾਣੀ ਦਾ ਸੁਮੇਲ ਉਸ ਨੂੰ ਇੱਕ ਨਵਾਂ ਜਨਮ ਦਿੰਦਾ ਹੈ ਉਸੇ ਤਰ੍ਹਾਂ ਜਿਵੇਂ ਧੀ ਮਾਂ ਬਾਪ ਤੋਂ ਵਿੱਛੜ ਇਕ ਨਵਾਂ ਸੰਸਾਰ ਸਿਰਜਦੀ ਹੈ।

17. ਮੈਂ ਨਾਲ ਹਾਂ ਸਦਾ

ਤੇਰੀਆਂ ਅੱਖਾਂ ਦਾ ਸੁੰਨਾਪਣ ਤੇਰਾ ਪਾਸਾ ਵੱਟ ਕੇ ਲੰਘ ਜਾਣਾ ਹਾਵ ਭਾਵ ਰਹਿਤ ਚਿਹਰਾ ਹਲਕੀ ਜਿਹੀ ਸੋਜ਼ਿਸ਼ ਜਿਵੇਂ ਸਦੀ ਦਾ ਉਨੀਂਦਾ ਹੋਵੇ ਸਮਝਦੀ ਆਂ ਤੂੰ ਕਹਿਣਾ ਹੈ ਬਹੁਤ ਕੁਛ ਪਰ ਕਹਿ ਨਹੀਂ ਸਕਦਾ। ਤੇਰੀ ਹਾਲਤ ਕੌਣ ਸਮਝ ਸਕਦਾਨ ਮੇਰੇ ਤੋਂ ਸਿਵਾ ਖੁਸ਼ ਰਹਿ ਕਿਹੜਾ ਸਦਾ ਜੀਣਾ ਮੈ ਤੇਰੇ ਨਾਲ ਹਾਂ ਹਮੇਸ਼ਾ ਤੇਰੇ ਅੰਤਰ ਮਨ ਵਿੱਚ ਦੇਵਾਂਗੀ ਤੇਰਾ ਸਾਥ ਤੂੰ ਇਕੱਲਾ ਨਹੀਂ ਮੈ ਨਾਲ ਹਾਂ ਤੇਰੇ ਸਦਾ

18. ਗਵਾਹੀ

ਦੋ ਸਰੀਰਾਂ ਦੇ ਇਕ ਹੋਣ ਦਾ ਗਵਾਹ ਸਮਾਜ ਕਾਨੂੰਨ ਨੂੰ ਮੰਨਦਾ ਜਾਂ ਧਰਮ ਗ੍ਰੰਥਾਂ ਨੂੰ ਅਸੀ ਕਿੱਥੋਂ ਲਿਆਵਾਂਗੇ ਗਵਾਹ। ਸਾਡੀਆਂ ਰੂਹਾਂ ਦੇ ਮੇਲ ਦੀ ਗਵਾਹ ਹੈ ਕੁਦਰਤ ਚੰਨ ਤੇ ਤਾਰੇ ਸਾਰੇ ਦੇ ਸਾਰੇ। ਕੱਤਕ ਦੀ ਹਵਾ ਅੱਧੀ ਰਾਤ ਵੇਲ ਬੂਟੇ ਖੇਤਾਂ ਵਿਚਲੀਆਂ ਸੁੰਨਸਾਨ ਪਗ-ਡੰਡੀਆਂ। ਦੂਰ ਸ਼ੈਲਰ ਦੀ ਫਲੱਡ ਲਾਈਟ ਚੁਬੱਚਾ ਉਸਦੇ ਵਿਚ ਉੱਛਲਦਾ ਕੁੱਦਦਾ ਪਾਣੀ ਮਿੱਟੀ ਵੱਟਾਂ ਖ਼ਾਲ ਵਿਚਲੀ ਕਾਹੀ ਇਹ ਸਭ ਕਿਵੇਂ ਦੇਣਗੇ ਗਵਾਹੀ।

19. ਔਰਤ ਲਈ

ਔਰਤ ਲਈ ਮਰਦ ਸੰਘਣੀ ਛਾਂ ਹੁੰਦਾ ਹਮੇਸ਼ਾਂ ਉਸਦੀ ਛਾਂ ਹੇਠ ਮਨ ਰਹਿਣਾ ਲੋਚਦੈ। ਜੇ ਕਿਰ ਜਾਣ ਪੱਤੇ ਚੁਭਣ ਲੱਗੇ ਧੁੱਪ ਵਿਰਲਾਂ ਵਿਚੋਂ ਸਮਝ ਜਾਂਦੀ ਥਾਂ ਬਣ ਰਹੀ ਕਿਸੇ ਤੀਜੇ ਦੀ। ਜਾਣਦੀ ਦਿਲ ਦੀ ਗਹਿਰਾਈ ਵਿਚ ਇਹ ਵਿਰਲ ਉਸ ਆਪ ਬਣਾਈ ਕੋਸ਼ਿਸ਼ ਨਹੀਂ ਕਰਦੀ ਭਰਨ ਦੀ ਹੋਰ ਦੂਰ ਹੋ ਜਾਂਦੀ ਸਿਰ ਚੜ੍ਹ ਅਹਮ ਦੇ ਹੁਣ ਧੁੱਪ ਸਿੱਧੀ ਸਿਰ ਤੇ ਆ ਗਈ ਇਸ ਤਰਾਂ ਹੀ ਤਿੜਕਦੇ ਨੇ ਰਿਸ਼ਤੇ ਜੇ ਟੁੱਟਿਆਂ ਨੂੰ ਨਾ ਜੋੜੀਏ ਪਿਆਰ ਨਾਲ। ਚੱਲ ! ਟੁੱਟਣੋਂ ਬਚੀਏ।