ਓ ਕਵੀਆ, ਤੂੰ ਸਮੇਂ-ਸਮੇਂ ਸਿਰਢੁਕਵੇਂ ਗੀਤ ਸੁਣਾਇਆ ਕਰ।
ਸੋਗ ਸਮੇਂ ਤੂੰ ਰੰਗ ਰਲ਼ੀਆਂ ਦੇ ਰਾਗ ਨਾ ਕੰਨੀਂ ਪਾਇਆ ਕਰ।
ਪੱਤ-ਝੜ ਦੀ ਰੁੱਤ ਵਿੱਚ ਵੀ ਤੈਨੂੰ ਰਾਗ ਰੰਗ ਹੀ ਸੁੱਝਦੇ ਨੇ
ਨਿਘਰੇ ਥੇਹ ਤੇ ਬਹਿ-ਬਹਿ ਕੇ ਨਾ ਗੀਤ ਬਾਗ ਦੇ ਗਾਇਆ ਕਰ।
ਫੁੱਟ, ਦਵੈਤ, ਈਰਖਾ, ਘਿਰਣਾ, ਫਿਰਕੇਦਾਰੀ, ਖੁਦਗਰਜ਼ੀ,
ਢਾਹ ਜੀਵਨ ਨੂੰ ਲਾ ਰਹੀਆਂ ਨੇ ਸੁੱਤੇ ਮਰਦ ਜਗਾਇਆ ਕਰ।
ਕੂੜੇ ਮਾਣ-ਤਾਣ ਦੇ ਬਦਲੇ ਆਪਣੇ ਆਪ ਨੂੰ ਵੇਚੀਂ ਨਾ।
ਜੱਗ ਦੇ ਮੂੰਹ ਲੱਗਣੋਂ ਜਾਸੇਂ ਨਾ ਲੂਣ ਕਿਸੇ ਦਾ ਖਾਇਆ ਕਰ।
ਨੈਣਾਂ ਦੀ ਤੱਕੜੀ ਵਿੱਚ ਰੱਖ ਕੇ ਆਪਣੇ ਅਤੇ ਬੇਗਾਨੇ ਨੂੰ
ਚਾਨਣ ਦੇ ਵਿੱਚ ਤੋਲ-ਤੋਲ ਕੇ ਸਭ ਨੂੰ ਫਰਕ ਵਿਖਾਇਆ ਕਰ।
ਕਲਮ ਤੇਰੀ ਹੈ ਤਿੱਖੀ ਐਸੀ ਪਾੜ ਧਰੇ ਜੋ ਪੱਥਰ ਦਿਲ,
ਜਿਹੜਾ ਕੰਡਾ ਚੁਭੇ ਫੁੱਲਾਂ ਨੂੰ ਉਸ ਤੇ ਤੀਰ ਚਲਾਇਆ ਕਰ।
ਮਿਲ ਬੈਠਣ ਦੇ ਅੰਮ੍ਰਿਤ ਦੀ ਜੇ ਬੂੰਦ ਪਪੀਹਾ ਮੰਗਦਾ ਏ,
‘ਦਿਲਬਰ’ ਦਰਦ ਓਸ ਦਾ ਪੀ ਕੇ ਨੈਣੋਂ ਨੀਰ ਵਹਾਇਆ ਕਰ।
ਜਿੱਥੋਂ ਦੁੱਧ ਪੀਤਾ ਫੱਕੀ ਸੱਜਰੀ ਹਵਾ
ਸਾਨੂੰ ਦੇਸ ਪਿਆਰਾ ਹੈ।
ਜਿੱਥੇ ਵਸਦੇ ਭਰਾ ਸੱਜਣ ਦੁੱਖ ਦੀ ਦੁਆ
ਜ਼ਿੰਦਗੀ ਦਾ ਸਹਾਰਾ ਹੈ।
ਦੱਸੇ ਜੀਵਨ ਦੇ ਰਾਹ
ਦਿੰਦਾ ਪ੍ਰੀਤਾਂ ਦਾ ਚਾਅ
ਅੱਖੀਆਂ ਦਾ ਸਿਤਾਰਾ ਹੈ।
ਇਸ ਨੂੰ ਭਾਗ ਲੱਗਣ
ਵਾਸੀ ਕੰਮ ਵਿੱਚ ਮਘਨ
ਏਹੋ ਸੁੱਖ ਦਾ ਭੰਡਾਰਾ ਹੈ।
ਸਤਲੁਜ, ਬਿਆਸ ਰਲ਼ੇ
ਗੰਗਾ ਜਮਨਾ ਚੱਲੇ
ਵਿੱਚੋਂ ਚੱਕਿਆ ਕਿਨਾਰਾ ਹੈ।
ਇਸ ਦੀ ਰਾਖੀ ਲਈ
ਜਿੰਦ ਮਚਲ ਰਹੀ
ਸਾਡਾ ਏਕੇ ਦਾ ਨਾਅਰਾ ਹੈ।
ਮਾਲਾ ਹੱਥੋਂ ਛੋੜ, ਪੁਜਾਰੀ,
ਮਾਲਾ ਹੱਥੋਂ ਛੋੜ
ਮੂੰਹ ਤੇਰੇ ਅੰਨ ਪਾਂਦੇ ਜਿਹੜੇ
ਰੱਤ ਦਿਨ ਰਾਤ ਸੁਕਾਂਦੇ ਜਿਹੜੇ
ਸਭ ਤੋਂ ਪਹਿਲਾਂ ਪਰ ਉਨ੍ਹਾਂ ਦੀ
ਪੂਜਾ ਦੀ ਹੈ ਲੋੜ, ਪੁਜਾਰੀ……….
ਛੱਡ ਦੇ ਸੰਖ, ਖੜਾਵਾਂ ਟੱਲੀਆਂ
ਫੜ ਲੈ ਕਹੀਆਂ, ਸਲੰਘ, ਤੰਗਲੀਆਂ
ਤੇਰੀ ਭਗਤੀ ਤਾਂ ਦੁਨੀਆਂ ਨੂੰ
ਰਹੀ ਕੁਰਾਹੇ ਰੋੜ, ਪੁਜਾਰੀ…….
ਜਿਹੜੇ ਆਪਣੇ ਘਰ ਨੂੰ ਭੁੱਲਦੇ
ਕੱਖਾਂ ਵਾਂਗੂੰ ਗਲ਼ੀਏਂ ਰੁਲ਼ਦੇ
ਅਰਸ਼-ਉਡਾਰੀ ਦਾ ਛੱਡ ਖਹਿੜਾ
ਧਿਆਨ ਫ਼ਰਸ਼ ਵੱਲ ਮੋੜ, ਪੁਜਾਰੀ…….
ਜੋਤ ਜਗੇ ਮੰਦਰ ਵਿੱਚ ਤੇਰੀ
ਬਾਹਰ ਖਲੋਤੀ ਰਾਤ ਹਨੇਰੀ
ਹਿਰਦੇ ਦੀ ਜੁਆਲਾ ਭੜਕਾ ਕੇ
ਸੁੰਨ ਸਮਾਧੀ ਤੋੜ, ਪੁਜਾਰੀ…….
ਦੇਸ਼ ਕੌਮ ਦੇ ਘੇਰੇ ਛੱਡ ਕੇ
ਜ਼ਾਤ ਮਜ਼੍ਹਬ ਦੇ ਫਸਤੇ ਵੱਢ ਕੇ
ਸਰਬ-ਸਾਂਝ ਦੇ ਭਜਨ ਸਦੀਵੀ
ਵਿੱਚ ਆਪਣਾ ਮਨ ਜੋੜ, ਪੁਜਾਰੀ…….
ਮਾਂ ਵਰਗਾ ਕੋਈ ਦੁਨੀਆਂ ਉੱਤੇ ਸੱਚਾ ਸੇਵਾਦਾਰ ਨਹੀਂ।
ਛਲੀਆ ਤੇ ਖ਼ੁਦਗਰਜ਼ ਏਸ ਦਾ,ਵਹੁਟੀ ਵਰਗਾ ਪਿਆਰ ਨਹੀਂ।
ਭੁੱਖੀ ਰਹਿ ਕੇ ਦਏ ਖਾਣ ਨੂੰ ਜੋ ਕੁਝ ਬੱਚਾ ਮੰਗ ਕਰੇ
ਮੋਹ ਖ਼ਜ਼ਾਨੇ ਦੀ ਕੀਮਤ ਕੋਈ ਦੇ ਸਕਦੀ ਸਰਕਾਰ ਨਹੀਂ।
ਦੁੱਧ, ਪਿਆਰ ਬੱਚੇ ਨੂੰ ਦੇ ਕੇ ਉਸ ਤੋਂ ਕੁੱਝ ਨਾ ਮੰਗਦੀ ਏ
ਜੱਗ ਤੇ ਕੋਈ ਨਿਰਲੋਭ ਅਜਿਹਾ, ਕਰਦਾ ਪਰਉਪਕਾਰ ਨਹੀਂ।
ਬੇਫਿਕਰੀ ਤੇ ਸੁਖ ਦੀ ਨੀਂਦਰ, ਗੋਦ ਇਹਦੀ ਵਿੱਚ ਵਸਦੇ ਨੇ,
ਬੱਚੇ ਦੀ ਖ਼ੁਸ਼ਹਾਲੀ ਲੋੜੇ, ਆਪਣੀ ਦੇਹ ਦੀ ਸਾਰ ਨਹੀਂ।
ਵਾਰ ਦਿਆਂ ਮੈਂ ਤਖ਼ਤ ਦੁਨੀ ਦੇ , ਗੱਦੀਓਂ ਸੱਖਣੀ ਗੋਦੀ ਤੋਂ,
ਮਾਂ ਦੀ ਛੱਪਰੀ ਤੋਂ ਸੁਖਦਾਇਕ ਰਾਜਿਆਂ ਦੇ ਦਰਬਾਰ ਨਹੀਂ।
ਕੁਦਰਤ ਮਾਂ ਨੇ, ਇਸ ਮਾਂ ਦੇ ਦਿਲ, ਪਾਲਣ ਸ਼ਕਤੀ ਪਾਈ ਏ,
‘ਦਿਲਬਰ’ ਜੇ ਨਾ ਮੁਹੱਬਤ ਹੋਵੇ, ਤਦ ਫ਼ਲਦਾ ਸੰਸਾਰ ਨਹੀਂ।
ਉਮਰ ਛੁਟੇਰੀ, ਕਾਹਲ਼ੀ, ਕਾਹਲ਼ੀ ਮਹਿਕਾਂ ਵੰਡਣ ਕਲੀਆਂ।
ਟਾਹਣੀ ਨਾਲ਼ ਨਾ ਹਰ ਦਮ ਝੂਟਣ ਕਈ ਮਿੱਟੀ ਵਿੱਚ ਰਲ਼ੀਆਂ।
ਇਸ ਦੀ ਤੇ ਚਿੰਤਾ ਨਹੀਂ ਓੜਕ ਸਭਨਾਂ ਨੇ ਤੁਰ ਜਾਣਾ।
‘ਦਿਲਬਰ’ ਸ਼ੋਕ ਉਨ੍ਹਾਂ ਨੂੰ ਹੈ ਜੋ ਬਿਨ ਖਿੜਿਆਂ ਝੜ ਚੱਲੀਆਂ।