ਸਾਡੇ ਏਥੇ
ਸਭ ਕੁਝ ਆਮ ਜਿਹਾ ਹੈ,
ਘਰਾਂ ਵਿਚ ਜਦ ਮਰਜ਼ੀ ਦਾਖਲ ਹੋ ਕੇ, ਕੋਈ ਵਰਦੀ ਵਾਲਾ
ਨਹੀਂ ਲੈਣ ਲੱਗ ਜਾਂਦਾ ਹੈ ਤਲਾਸ਼ੀ,
ਅਤੇ ਨਾ ਹੀ ਸਾਡੇ ਘਰਾਂ ਦੀ ਧੀਆਂ-ਭੈਣਾਂ ਦੀਆਂ ਅਲਮਾਰੀਆਂ ਤੋਂ,
ਉਨ੍ਹਾਂ ਦੀ ਅੰਗ ਵਸਤਰ ਕੱਢ ਕੇ
ਉਨ੍ਹਾਂ ਨੂੰ ਦੀਵਾਰਾਂ ਤੇ ਲੱਗੀਆਂ ਕਿੱਲੀਆਂ ਤੇ ਟੰਗ ਕੇ
ਜ਼ਲੀਲ ਕਰਦਾ ਹੈ,
ਸਾਡੇ ਖੇਤਾਂ ਵਿਚ
ਜਦ ਮਰਜ਼ੀ ਨਹੀਂ ਗਿਰਦੇ ਅਸਮਾਨ ਤੋਂ
ਬੰਬ ਅਤੇ ਗੋਲੇ
ਨਾ ਹੀ ਸਾਡੇ ਜਿਊਂਦੇ ਬੱਚੇ,
ਜਿਉਂਦੇ ਬੰਬ ਨੂੰ ਹੱਥ ਲਾ ਕੇ ਮਰ ਜਾਂਦੇ ਹਨ,
ਜਾਂ ਬੀਜ ਦਿੰਦੇ ਹਨ ਕੋਈ ਐਸੀ ਫਸਲ
ਜਿਨ੍ਹਾਂ ਵਿਚੋਂ ਬੰਦੂਕਾਂ ਪੈਦਾ ਹੋਣ,
ਸਾਡੇ ਘਰਾਂ ਦੇ ਜਵਾਨ ਮੁੰਡਿਆਂ ਨੂੰ
ਯਕਦਮ ਸੜਕ ਤੇ ਚਲਦੇ ਹੋਏ ਕੋਈ
ਗੋਲੀ ਮਾਰ ਮੁੱਧੇ ਮੂੰਹ ਨਹੀਂ ਗਿਰਾਉਂਦਾ,
ਅਤੇ ਨਾ ਹੀ ਕੋਈ ਉਹਨਾਂ ਨੂੰ ਅੱਤਵਾਦੀ ਕਹਿ ਕਿ,
ਇੰਝ ਘਰੋਂ ਲੈ ਜਾਂਦਾ ਹੈ ਕਿ ਉਹ ਵਾਪਸ ਨਹੀਂ ਮੁੜਦੇ,
ਪਿਛਲੀ ਸਦੀ ਦੀਆਂ ਇਹ ਗੱਲਾਂ ਹੁਣ ਏਥੇ ਨਹੀਂ ਘਟਦੀਆਂ ,
ਕਿ ਅਸੀਂ ਅਮਨ ਪਸੰਦ ਲੋਕ ਹਾਂ,
ਪਰ ਫਿਰ ਵੀ
ਅਸੀਂ ਉਨ੍ਹੀਂ ਹੀ ਸ਼ਿੱਦਤ ਨਾਲ ਜ਼ਲੀਲ ਕੀਤੇ ਜਾਂਦੇ ਹਾਂ,
ਪੁਲਿਸ ਥਾਣਿਆਂ ਤੇ ਚੌਕੀਆਂ ਵਿੱਚ
ਜਦ ਕਦੇ ਅਸੀਂ ਆਪਣੀ ਕਿਸੇ ਬੇ ਆਬਰੂ ਹੋਈ ਧੀ ਲਈ
ਇਨਸਾਫ਼ ਮੰਗਣ ਜਾਂਦੇ ਹਾਂ,
ਓਨੀ ਹੀ ਬੇਸ਼ਰਮੀ ਨਾਲ ਸਾਡੀਆਂ ਧੀਆਂ ਦੇ ਚਰਿੱਤਰ ਉਛਾਲੇ ਜਾਂਦੇ ਹਨ,
ਸਾਡੇ ਕਿਸਾਨ ਪਤਾ ਨਹੀਂ ਕੀ ਬੀਜਦੇ ਹਨ ਖੇਤਾਂ ਵਿੱਚ,
ਕਿ ਫਸਲ ਦੇ ਨਾਲ ਨਾਲ ਪੈਦਾ ਹੋ ਜਾਂਦੇ ਹਨ
ਤਮਾਮ ਕਾਰਨ ਆਤਮ ਹੱਤਿਆਵਾਂ ਦੇ,
ਨੌਕਰੀ ਲੱਭਣ ਸਵੇਰੇ ਘਰੋਂ ਨਿਕਲੇ ਸਾਡੇ ਜਵਾਨ,
ਪਤਾ ਨਹੀਂ ਕਿਉਂ ਆਥਣ ਵੇਲੇ
ਮੂਧੇ ਮੂੰਹ
ਕਿਸੇ ਸੁੰਨਸਾਨ ਪਾਰਕ ਵਿੱਚ ਨਸੇ ਵਿਚ ਧੁੱਤ ਨਜ਼ਰ ਆਉਂਦੇ ਹਨ,
ਅਸੀਂ ਅਮਨ ਪਸੰਦ ਲੋਕ ਹਾਂ,
ਪਰ ਫਿਰ ਵੀ ਕਿਉਂ ਹਰ ਦਿਨ
ਡਰੇ ਸਹਿਮੇ ਰਹਿੰਦੇ ਹਾਂ, ਤੁਹਾਡੇ ਵਾਂਗ
ਅਣਜਾਣੀ ਸ਼ੰਕਾਵਾਂ ਨਾਲ ਘਿਰੇ
ਅਜੀਬ ਗੱਲ ਹੈ!
ਜਦੋਂ ਜਨਮ ਲੈਂਦੀ ਹੈ ਕੋਈ ਕਵਿਤਾ
ਉਦੋਂ ਉਹ ਨੰਗੀ ਹੀ ਹੁੰਦੀ ਹੈ,
ਕਿਸੇ ਸੋਚ ਵਿਚ ਉਧੜਦੇ ਨੰਗੇ ਵਿਚਾਰਾਂ ਵਾਂਗ,
ਫੇਰ ਵੀ ਪਤਾ ਨਹੀਂ ਕਿਉਂ
ਸਾਨੂੰ ਕਵਿਤਾਵਾਂ ਨੂੰ ਕੱਪੜਿਆਂ ਨਾਲ ਸਜਾਉਣ ਦੀ ਆਦਤ ਜਿਹੀ ਹੋ ਗਈ ਹੈ,
ਸੁਣਿਆ ਹੈ,
ਨਗਨਤਾ ਜਾਂ ਤਾਂ ਕਲਾਤਮਕ ਨਜ਼ਰ ਆਉਂਦੀ ਹੈ
ਜਾਂ ਫਿਰ ਅਸ਼ਲੀਲ,
ਪਰ ਕਿੱਥੇ ਹੁੰਦਾ ਹੈ ਕੁਝ ਕਲਾਤਮਕ ਜਿਹਾ ਭੁੱਖੇ ਢਿੱਡ ਦੀ ਕਥਾ ਕਹਿੰਦੀ ਕਵਿਤਾ ਵਿਚ,
ਕਿ ਭਰਿਸ਼ਟਾਚਾਰ ਦੀ ਗੱਲ ਕਰਦੀ ਕਵਿਤਾ ਨਹੀਂ ਗੁਮਾਨ ਕਰਦੀ ਕਿਸੇ ਕਲਾਕਾਰੀ ਦਾ,
ਕਵਿਤਾਵਾਂ ਜਦੋਂ ਇਨਸਾਫ਼ ਮੰਗਣ ਅੱਗੇ ਆਉਂਦੀਆਂ ਹਨ,
ਤਾਂ ਉਹ ਬੇਇਨਸਾਫ਼ੀ ਵਾਂਗ ਹੀ ਨੰਗ ਧੜੰਗ ਕਿਸੇ ਲਾਚਾਰ ਦਲਿਤ ਉਤ ਪੀੜਨ ਵਾਂਗ,
ਦੌੜਦੀ ਹੈ ਸੜਕ ਦੇ ਵਿਚੋ-ਵਿਚ,
ਨਾਰੀ ਦੇ ਨੰਗੇ ਜਿਸਮ ਤੋਂ ਸ਼ੁਰੂ ਹੋ ਕੇ
ਪੁਰਸ਼ ਦੀ ਨੰਗੀ ਸੋਚ ਤੱਕ ਸਿਮਟਦੀ ਹੈ
ਲਿੰਗ ਭੇਦ ਦੀ ਕਥਾ ਕਹਿੰਦੀ ਕਵਿਤਾ,
ਰਹਿਣ ਦਿਓ ਇਸ ਕਵਿਤਾ ਨੂੰ, ਇੱਕ ਅਸ਼ਲੀਲ ਕਵਿਤਾ ਹੀ
ਕਿ ਇਨਕਲਾਬ ਨਾ ਕਦੇ ਕਲਾਤਮਕ ਹੋਏ ਨਾ ਹੋਣਗੇ......
ਇੱਕ ਔਰਤ ਜੀਵਨ ਭਰ ਵਿੱਚ ਕਿੰਨੀਆਂ ਰੋਟੀਆਂ ਲਈ ਆਟਾ ਗੁੰਨਦੀ ਹੈ?
ਇੱਕ ਆਦਮੀ ਸਾਰੀ ਜ਼ਿੰਦਗੀ ਵਿਚ ਆਪਣੇ ਮੋਢੇ ਤੇ ਕਿੰਨਾ ਰਾਸ਼ਨ ਢੋ ਕੇ ਘਰ ਲਿਆਉਂਦਾ ਹੈ!
ਇਕ ਬੱਚਾ ਆਪਣੀ ਮਾਂ ਨੂੰ ਕਿੰਨੀ ਵਾਰ ਕਹਿੰਦਾ ਹੈ ਕਿ ਉਹ ਭੁੱਖਾ ਹੈ!
ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੇਣ ਨਾਲੋਂ ਵਧੇਰੇ ਮਹੱਤਵਪੂਰਣ ਹੈ, ਇਹ ਉੱਤਰ ਲੱਭਣਾ,
ਕਿੰਨੀ ਵਾਰ ਉਸ ਔਰਤ ਨੂੰ ਗੁੰਨਣ ਲਈ ਆਟਾ ਨਹੀਂ ਮਿਲਿਆ?
ਕਿੰਨੀ ਵਾਰ ਉਸ ਆਦਮੀ ਦੇ ਮੋਢੇ ਬੋਝ ਤੋਂ ਖਾਲੀ ਰਹਿ ਗਏ ਹਨ?
ਉਹ ਭੁੱਖਾ ਬੱਚਾ ਕਿੰਨੀ ਵਾਰ ਰੋਟੀ ਮੰਗੇ ਬਿਨਾਂ ਰਹਿ ਗਿਆ,
ਇੱਕ ਨਦੀ ਦੀ ਧਾਰਾ ਵਿਚ ਸ਼ੁਰੂ ਤੋਂ ਅੰਤ ਤੱਕ ਕਿੰਨਾ ਪਾਣੀ ਵਗਦਾ ਹੈ!
ਕਿੰਨੇ ਲੋਕਾਂ ਨੇ ਨਦੀ ਦੀ ਸੁੱਧ ਧਾਰਾ ਵਿੱਚ ਡੁਬਕੀ ਲਾਈ?
ਕਿੰਨੇ ਖੇਤਾਂ ਨੂੰ ਇਸ ਦੇ ਪਾਣੀ ਨਾਲ ਸਿੰਜਿਆ ਗਿਆ!
ਇਸ ਸਭ ਤੋਂ ਵਧੇਰੇ ਇਹ ਜਾਣਨਾ ਚੰਗਾ ਰਹੇਗਾ,
ਕੀ ਇਸ ਨਦੀ ਦਾ ਪਾਣੀ ਅਜੇ ਵੀ ਕਿਸੇ ਦੀ ਪਿਆਸ ਬੁਝਾਉਣ ਦੇ ਯੋਗ ਹੈ?
ਕਿੰਨੇ ਖੇਤਾਂ ਨੇ ਦਰਿਆ ਵਿੱਚ ਪ੍ਰਦੂਸ਼ਿਤ ਪਾਣੀ ਦੇ ਜ਼ਹਿਰ ਨੂੰ ਪੀ ਲਿਆ?
ਕਿੰਨੀਆਂ ਮੱਛੀਆਂ ਸਾਹ ਲੈਣ ਵਿੱਚ ਅਸਮਰਥ ਹਨ, ਜਾਂ ਉਨ੍ਹਾਂ ਦੀਆਂ ਕਿੰਨੀਆਂ ਕਿਸਮਾਂ ਖ਼ਤਰੇ ਵਿੱਚ ਹਨ?
ਰਾਜਸ਼ਾਹੀ ਨੇ ਲੋਕਾਂ ਦੇ ਕਿੰਨੇ ਅਧਿਕਾਰਾਂ ਨੂੰ ਦਬਾ ਦਿੱਤਾ?
ਤਾਨਾਸ਼ਾਹੀ ਹੁਣ ਤੱਕ ਕਿੰਨੇ ਸਾਹ ਲੈ ਚੁੱਕੀ ਹੈ?
ਕਿੰਨੀਆਂ ਲਾਸ਼ਾਂ ਦੇ ਢੇਰ ਤੇ ਜਿੱਤ ਦੇ ਝੰਡੇ ਗੱਡੇ ਗਏ ਹਨ?
ਇਸ ਤੋਂ ਵੱਧ ਦੱਸਣਾ ਜ਼ਰੂਰੀ ਹੈ
ਕੀ ਲੋਕਤੰਤਰ ਨੇ ਹਰੇਕ ਦੇ ਜੀਵਨ ਨੂੰ ਬਰਾਬਰ ਕੀਤਾ,
ਕਿੰਨੇ ਅਮੀਰਾਂ ਅਤੇ ਕਿੰਨੇ ਗਰੀਬਾਂ ਵਿਚਲਾ ਅੰਤਰ ਖਤਮ ਹੋਇਆ?
ਕਿੰਨੇ ਲੋਕ ਆਪਣੇ ਬਰਾਬਰ ਅਧਿਕਾਰਾਂ ਨਾਲ ਬਰਾਬਰ ਬਣ ਸਕੇ....
ਸਿਰਫ ਨਸਲਾਂ ਹੀ ਅਲੋਪ ਨਹੀਂ ਹੁੰਦੀਆਂ,
ਕਈ ਵਾਰ ਅਲੋਪ ਹੋ ਜਾਂਦੇ ਹਨ ਇਨਕਲਾਬ ਵੀ,
ਜਦੋਂ ਨਸਲਾਂ ਅਲੋਪ ਹੋ ਜਾਂਦੀਆਂ ਹਨ ਤਾਂ
ਲਾਸ਼ਾਂ ਮਿੱਟੀ ਵਿੱਚ ਦਫ਼ਨ ਹੋ, ਛੱਡ ਜਾਂਦੇ ਹਨ ਨਿਸ਼ਾਨ ਕੋਈ
ਫਾਸਿਲਜ਼ ਬਣ ਕੇ,
ਅਤੇ ਜਦੋਂ ਇਨਕਲਾਬ ਨੂੰ ਦਫ਼ਨਾਇਆ ਜਾਂਦਾ ਹੈ
ਮਨ ਦੀਆਂ ਡੂੰਘੀਆਂ ਨਿਰਾਸਤਾ ਵਿਚ
ਉਹ ਦੂਰ ਤੱਕ ਛੱਡ ਜਾਂਦੇ ਹਨ
ਲੰਮੇ ਸਮੇਂ ਦਾ ਖਾਲੀ ਪਨ, ਉਦਾਸੀ ਅਤੇ ਬਹੁਤ ਸਾਰਾ ਅਤਿਆਚਾਰ,
ਲੇਕਿਨ ਇਕ ਅਲੋਪ ਨਸਲ ਦੀ ਥਾਂ ਲੈਣ ਲਈ ਜਿਵੇਂ,
ਨਵੀਆਂ ਨਸਲਾਂ ਪੈਦਾ ਹੋ ਜਾਂਦੀਆਂ ਹਨ,
ਇਨਕਲਾਬ ਵੀ ਮੁੜ ਆਉਣਗੇ ਨਵੇਂ ਪ੍ਰਤੀਕਾਂ ਵਿਚ ਢਲ ਕੇ
ਅਤੇ ਅੱਗ ਵਾਂਗੂੰ ਫੈਲ ਕੇ ਮਿਟਾ ਦੇਣਗੇ
ਅਤਿਆਚਾਰ ਦੇ ਸਾਰੇ ਜੰਗਲ
ਬਸ ਇਕ ਚੰਗਿਆੜੀ ਪੈਦਾ ਹੋਣ ਦੀ ਦੇਰ ਹੈ……
ਹਰ ਵਾਰ ਕਵਿਤਾ ਲਿਖੀ ਨਹੀਂ ਜਾਂਦੀ,
ਕਦੇ-ਕਦੇ ਇਹ ਹੰਢਾਈਂ ਵੀ ਜਾਂਦੀ ਹੈ,
ਜਿਵੇਂ ਹੰਢਾਉਂਦਾ ਹੈ ਮੌਸਮ ਦੀ ਤਲਖੀ ਨੂੰ ਆਪਣੇ ਤਨ ਤੇ ਕੋਈ ਗਰੀਬ,
ਜਿਵੇਂ ਬੁਖ਼ਾਰ ਦੇ ਤਾਪ ਨੂੰ ਮਹਿਸੂਸ ਕਰਦਾ ਹੈ ਕੋਈ ਸਰੀਰ,
ਜਾਂ ਫਿਰ ਹੰਢਾ ਲੈਂਦਾ ਹੈ ਲੰਮੀ ਵਾਟ ਤੇ ਤੁਰਦਿਆਂ
ਆਪਣੇ ਪੈਰਾਂ ਤੇ ਪਏ ਛਾਲਿਆਂ ਨੂੰ ਇਕ ਮਜ਼ਦੂਰ,
ਜਾਂ ਲੋਚਦਾ ਹੈ ਸਮੁਹਿਕ ਖ਼ੁਦਕੁਸ਼ੀ ਨੂੰ
ਕਰਜ਼ੇ ਹੇਠ ਡੁੱਬ ਗਿਆ ਕੋਈ ਪਰਿਵਾਰ,
ਜਾਂ ਕੋਈ ਕਿਰਾਏਦਾਰ ਬਰਦਾਸ਼ਤ ਕਰਦਾ ਹੈ,
ਨਾ ਬਰਦਾਸ਼ਤ ਯੋਗ ਗੱਲਾਂ ਮਕਾਨ ਮਾਲਕ ਦੀਆਂ,
ਕਵਿਤਾ ਪ੍ਰੇਮ ਵੀ ਹੰਢਾਉਂਦੀ ਹੈ ਆਪਣੇ ਤਨ ਅਤੇ ਮਨ ਤੇ,
ਕਿਸੇ ਨਵ-ਵਿਆਹੀ ਮੁਟਿਆਰਾਂ ਵਾਂਗ,
ਕਵਿਤਾ ਕਾਮ ਵਿਚ ਵੀ ਡੁੱਬ ਜਾਂਦੀ ਹੈ,
ਕੋਈ ਲੋਭੀ ਅਤੇ ਲਾਲਸੀ ਇਨਸਾਨ ਬਣ ਕੇ,
ਸ਼ੈਤਾਨ ਵੀ ਬਣ ਜਾਂਦੀ ਹੈ ਇਕ ਵਰਗਲਾਉਂਦੀ ਹੋਈ ਕਵਿਤਾ,
ਹੰਢਾ ਲੈਣ ਦੋ ਇਸ ਵਾਰ ਕਵਿਤਾ ਨੂੰ,
ਸਾਰਾ ਦਰਦ ਸਾਰੀ ਤਲਖੀਆਂ ਤੇ ਸਾਰਾ ਕੋਝਾ ਮਜ਼ਾਕ ਆਪਣੇ ਅੱਖਰਾਂ ਵਿਚ,
ਕਿ ਜਦੋਂ-ਜਦੋਂ ਵੀ ਕਵਿਤਾ ਲਿਖੀ ਨਹੀਂ ਹੰਢਾਈ ਜਾਂਦੀ ਹੈ,
ਉਦੋਂ ਉਹ ਕਵਿਤਾ ਕਾਗਜ ਤੇ ਲਿਖੀਂ ਇੱਕ ਕਵਿਤਾ ਨਾਂ ਹੋ ਕੇ,
ਇੱਕ ਜਿਉਂਦੀ-ਜਾਗਦੀ ਕਵਿਤਾ ਬਣ ਜਾਂਦੀ ਹੈ….