Punjabi Poetry : Haraf Rajan

ਪੰਜਾਬੀ ਕਵਿਤਾਵਾਂ : ਹਰਫ਼ ਰਾਜਨ

1. ਪੈਰਾਂ ਹੇਠ ਨਾ ਧਰਤੀ ਖੜ੍ਹਦੀ

ਪੈਰਾਂ ਹੇਠ ਨਾ ਧਰਤੀ ਖੜ੍ਹਦੀ,
ਜਦ ਸੱਜਣ ਦਗਾ ਕਮਾਉਂਦੇ ਨੇ,
ਅਕਸਰ ਭੁੱਲ ਜਾਂਦੇ ਨੇ ਉਹ ,
ਜੋ ਬਹੁਤਾ ਪਿਆਰ ਜਤਾਉਂਦੇ ਨੇ।

2. ਸੱਜਣਾ ਦੇ ਦੇਸ

ਜਦੋਂ ਇਸ਼ਕੇ ਦੇ ਰਾਹਾਂ ਵਿੱਚ ਬੋਚ-੨ ਪੱਬ ਧਰੇ,
ਲੱਗਦੀਆਂ ਰੁੱਤਾਂ ਸਭੇ ਚੰਗੀਆਂ।
ਹੋਵੇ ਨਾ ਕੋਈ ਸ਼ੋਰ ਬੱਸ ਛਾਈ ਹੋਵੇ ਚੁੱਪ,
ਫਿਰ ਵੱਜਣ ਹਵਾਵਾਂ 'ਚ ਸਾਰੰਗੀਆਂ।
ਕੋਈ ਮਿੱਠਾ-੨ ਗੀਤ ਗਾਵੇ, ਮੋਰਨੀ ਜਿਓਂ ਪੈਲਾਂ ਪਾਵੇ,
ਹੋਣ ਕਾਸ਼ਨੀ ਬਰੂਹਾਂ ਸੱਤ ਰੰਗੀਆਂ,
ਦੂਰ ਕਿਸੇ ਬਾਗਾਂ ਵਿੱਚ ਲੰਘ ਜਾਵੇ ਜਿੰਦ ਸਾਡੀ,
ਇਹੋ ਜਿਹੀਆਂ ਦਾਤਾਂ ਅਸੀਂ ਮੰਗੀਆਂ।
ਨਿੱਤ ਬੱਦਲਾਂ ਤੇ ਤਾਰਿਆਂ ਦੀ ਹੋਵੇ ਮੁਲਾਕਾਤ,
ਸਾਡੇ ਮੇਲ ਲਈ ਜਿਓਂ ਕਰਦੇ ਤਿਆਰੀਆਂ।
ਇਕ ਮਿਕ ਹੋਜੇ ਕਿਤੇ ਜੋੜੀ ਤੇਰੀ ਮੇਰੀ,
ਲਾਈਆਂ ਤਾਕਤਾਂ ਜਿਓਂ ਰੱਬ ਨੇ ਵੀ ਸਾਰੀਆਂ।
ਸੁਣ ਹਵਾ ਦਿਆ ਬੁੱਲਿਆ ਵੇ ਲੰਘਿਆ ਜੇ ਓਥੋਂ ਕਿਤੇ,
ਚਿੱਠੀ ਮੇਰੀ ਯਾਰ ਨੂੰ ਫੜਾਈਂ ਵੇ।
ਜਿੱਥੇ ਚਿੱਟੀਆਂ ਪਹਾੜੀਆਂ ਤੇ ਫੁੱਲਾਂ ਜਿਹੀਆਂ ਝਾੜੀਆਂ ਨੇ,
ਸਾਨੂੰ ਸੱਜਣਾ ਦੇ ਦੇਸ਼ ਲੈਕੇ ਜਾਈਂ ਵੇ।

ਮੁਸਾਫਿਰਾਂ ਦੇ ਵਾਂਗੂ ਦੱਸ ਕਿਥੋਂ ਤੀਕ ਪੁੱਜਣਾ ਏ
ਕੀ ਪਤਾ ਕਿਥੋਂ ਪੈਣਾ ਮੁੜਨਾ,
ਲੱਖਾਂ ਵਿੱਚ ਭਾਵੇਂ ਵੇ ਤੂੰ ਹਾਕ ਮਾਰ ਵੇਖ ਲਵੀਂ
ਕਿਸੇ ਨੇ ਨਾ ਨਾਲ ਤੇਰੇ ਤੁਰਨਾ।
ਸਾਗਰਾਂ 'ਚ ਕਦੋਂ ਤੀਕ ਚੱਲੂ ਦੱਸ ਬੇੜੀ
ਪੈਣਾ ਕਿਤੇ ਤਾਂ ਕਿਨਾਰਿਆਂ ਤੇ ਰੁਕਣਾ ,
ਮਿਹਨਤਾਂ ਤੇ ਰੱਖ ਤੂੰ ਯਕੀਨ ਹਿੱਕ ਠੋਕ
ਪੈਜੂ ਔਕੜਾਂ ਨੂੰ ਆਪੇ ਮੂਹਰੇ ਝੁਕਣਾ।
ਵੇਖ ਕੇ ਤਰੱਕੀਆਂ ਕਿਉਂ ਉੱਤੋਂ ਲੋਕੀ ਹੋਣ ਨੇੜੇ
ਪਿੱਠ ਤੇ ਚਲਾਉਂਦੇ ਪਿੱਛੋਂ ਆਰੀਆਂ,
ਇਹਨਾਂ ਪਿਆਰ ਦੇ ਸੌਦਾਗਰਾਂ ਨੇ ਲੈਣਾ ਤੈਨੂੰ ਲੁੱਟ,
ਬੰਦ ਰੱਖੀਂ ਦਿਲ ਵਾਲੇ ਬੂਹੇ-ਬਾਰੀਆਂ।
ਸਭ ਭੁੱਲਾਂ ਚੁੱਕਾਂ ਮਾਫ ਰੱਖੀਂ, ਮਨ ਨੂੰ ਤੂੰ ਸਾਫ ਰੱਖੀਂ,
ਖੁਸ਼ੀਆਂ ਦੇ ਬੀਜ ਤੂੰ ਉਗਾਈਂ ਵੇ।
ਜਿਥੇ ਚਿੱਟੀਆਂ ਪਹਾੜੀਆਂ ਤੇ ਫੁੱਲਾਂ ਜਿਹੀਆਂ ਝਾੜੀਆਂ ਨੇ,
ਸਾਨੂੰ ਸੱਜਣਾ ਦੇ ਦੇਸ ਲੈਕੇ ਜਾਈਂ ਵੇ।

ਮਜਬੂਰੀਆਂ ਦੇ ਮਾਰੇ ਜਦੋਂ ਅੱਕ ਪੈਂਦਾ ਚੱਬਣਾ ਬਈ,
ਹੁੰਦੀਆਂ ਨੇ ਬਾਤਾਂ ਕਈ ਦੁਖਾਣੀਆਂ,
ਡਾਢਾ ਦੁੱਖ ਦੁਨੀਆ ਤੇ ਵੇਖਿਆ ਨਾ ਜਾਵੇ ਰੱਬਾ,
ਦਸ ਕਦੋਂ ਤੱਕ ਮੰਨੀ ਜਾਵਾਂ ਹੋਣੀਆਂ।
ਮੱਥੇ ਦੀਆ ਲੀਕਾਂ ਨਾਲ ਪੈਂਦਾ ਨੀ ਫਰਕ ਕੋਈ,
ਘਰੇ ਬਹਿਕੇ ਪੈਂਦੀਆਂ ਨੀ ਪੂਰੀਆਂ।
ਚੁੱਕ ਲੈ ਕਲਮ ਕੰਨੀ ਫੜ ਕਿਸੇ ਗੀਤ ਵਾਲੀ,
ਰਹਿਣ ਦਈਂ ਨਾ ਕੋਈ ਸੱਧਰਾਂ ਅਧੂਰੀਆਂ।
ਜ਼ਿੰਦਗੀ ਦੇ ਦਿਨ ਛੋਟੇ, ਮੰਜ਼ਿਲਾਂ ਦੇ ਪੈਂਡੇ ਔਖੇ,
ਬੋਚ ਬੋਚ ਧਰੀਂ ਤੂੰ ਵਿੱਚ ਪੈਰ ਵੇ,
ਸਿਖਰਾਂ ਤੇ ਪੁੱਜ ਕੇ ਵੀ ਰਾਜਨਾ ਵੇ ਰਹੀਂ ਸਦਾ,
ਮੰਗਦਾ ਤੂੰ ਸੱਜਣਾ ਦੀ ਖੈਰ ਵੇ।
ਲਿਖ ਦਿਲ ਤੇ ਪੈਗਾਮ ਰੱਖੀਂ, ਇਕੋ ਬੱਸ ਨਾਮ ਰੱਖੀਂ
ਜਾਂਦੇ ਓਹਦੇ ਵੱਲ ਰਾਹ ਰੋਸ਼ਨਾਈ ਵੇ,
ਜਿੱਥੇ ਚਿੱਟੀਆਂ ਪਹਾੜੀਆਂ ਤੇ ਫੁੱਲਾਂ ਜਿਹੀਆਂ ਝਾੜੀਆਂ ਨੇ,
ਸਾਨੂੰ ਸੱਜਣਾ ਦੇ ਦੇਸ ਲੈਕੇ ਜਾਈਂ ਵੇ।

3. ਹਿੰਦ-ਪਾਕ ਦੋ ਦੇਸ਼ ਇਕ ਹਾਲ !

ਹੱਥ ਬੰਨ੍ਹੇ ਸਭ ਦੇ ਮੁਲਕ ਮੇਰੇ ਦਿਆਂ ਚੋਰਾਂ ਨੇ,
ਕੁਝ ਨਸ਼ਿਆਂ ਨੇ ਪੱਟਿਆ, ਕੁਝ ਪੱਟਿਆ ਰਿਸ਼ਵਤਖੋਰਾਂ ਨੇ।
ਇਥੇ ਠਰਕੀ ਰੇਪੀ ਬਾਬੇ ਵੀ ਹਜ਼ਾਰਾਂ ਨੇ,
ਇਥੇ ਲੁੱਚੇ ਲੀਡਰ, ਵਿੱਚ ਘੁੰਮਦੇ ਚਿੱਟੀਆਂ ਕਾਰਾਂ ਦੇ।
ਇਹ ਕਹਿੰਦੇ ਸੌਂ ਜਾਓ, ਸੁੱਤੇ ਰਹੋ ਤੇ ਉਠਿਓ ਨਾ,
ਕੋਈ ਜਾਗ ਜਾਵੇ ਤਾਂ ਚਲਦੀਆਂ ਫਿਰ ਤਲਵਾਰਾਂ ਨੇ।
ਪਰ ਕੋਈ ਕਿਓਂ ਜਾਗੇ ਹੁਣ ਕੋਈ ਜਾਗਣਾ ਚਾਹੁੰਦਾ ਨਹੀਂ,
ਅੱਗ ਗੁਆਂਢ ਵੇਖਕੇ ਸਾਡਾ ਦਿਲ ਘਬਰਾਉਂਦਾ ਨਹੀਂ।
ਪਰ ਬੁੱਢੇ ਹੱਡਾਂ ਦੇ ਦੁਖ ਵੀ ਰਾਜਨਾ ਭਾਰੇ ਨੇ,
ਤੇ ਜੁਆਨ ਲਹੂ ਤਾਂ ਘੁੱਪ ਨਸ਼ਿਆਂ ਨੇ ਠਾਰੇ ਨੇ।
ਹੁਣ ਪੰਥ ਦੇ ਠੇਕੇਦਾਰ ਐਯਾਸ਼ੀ ਕਰਦੇ ਨੇ,
ਧਰਮ ਦੇ ਨਾ ਤੇ ਖੂਬ ਸਿਆਸੀ ਕਰਦੇ ਨੇ।
ਇਥੇ ਬਲਾਤਕਾਰੀਆਂ ਦੇ ਵੱਡੇ ਵੱਡੇ ਡੇਰੇ ਨੇ,
ਅੱਜ ਅਕਾਲ ਤਖਤ ਵੀ ਠੇਕੇਦਾਰਾਂ ਨੇ ਘੇਰੇ ਨੇ।
ਇਥੇ ਚੋਰ ਸਮਝਦੇ ਖੁਦ ਨੂੰ ਰਾਜੇ ਸਿਆਸਤ ਦੇ,
ਇਹ ਤੋਹਫੇ ਮਿਲੇ ਨੇ ਸਾਨੂੰ ਵਿੱਚ ਵਿਰਾਸਤ ਦੇ?
ਲੜਾਕੇ ਹਿੰਦ-ਪਾਕ ਨੂੰ ਆਪ ਚੁਸਕੀਆਂ ਭਰਦੇ ਨੇ
ਕੀ ਫਰਕ ਪੈਂਦਾ ਏ ਪੁੱਤ ਤਾਂ ਮਾਵਾਂ ਦੇ ਮਰਦੇ ਨੇ।
ਕੁਝ ਪੁੱਤ ਨਸ਼ਿਆਂ ਨੇ ਮਾਰੇ ਕੁਝ ਮਾਰੇ ਬੇਰੁਜ਼ਗਾਰੀ ਨੇ,
ਬਾਕੀ ਜੋ ਬਚੇ ਸੀ ਉਹ ਖਿੱਚਲੇ ਜਹਾਜ਼ ਦੀ ਬਾਰੀ ਨੇ।
ਸੀ ਪਹਿਲਾਂ ਕਹਿੰਦੇ ਮਾਪੇ ਮੁੜ ਆ ਪੁੱਤਰਾ ਵਤਨਾ ਨੂੰ,
ਪਰ ਹੁਣ ਸੋਚ ਬਦਲ ਗਈ ਬੋਲ ਬਦਲ ਗਏ ਮਾਪਿਆਂ ਦੇ,
ਢਲੀਆਂ ਛਾਵਾਂ ਬੋਹੜ ਦੀਆਂ ਕਿੱਕਰਾਂ ਸੁੱਕੀਆਂ ਲਗਦੀਆਂ ਨੇ,
ਵਗਣ ਹਵਾਵਾਂ ਤੱਤੀਆਂ, ਸੱਥਾਂ ਸੁੰਨੀਆਂ ਲਗਦੀਆਂ ਨੇ,
ਢਲ ਗਏ ਦਿਨ ਜਵਾਨੀ ਢਲ ਗਈ ਪੁੱਤ ਨੂੰ ਉਡੀਕ ਦਿਆਂ,
ਲੰਘ ਗਿਆ ਵੇਲਾ ਮਿਲਣ ਦਾ, ਆਈਆਂ ਘੜੀਆਂ ਆਖੀਰ ਦੀਆਂ ।
ਸਾਉਣ ਮਹੀਨੇ ਜਦ ਵੀ ਬੱਦਲ ਚੜ੍ਹ ਕੇ ਆਉਂਦੇ ਨੇ,
ਚੇਤੇ ਵਿਛੜੇ ਪੁੱਤ ਦੇ ਸੀਨੇ ਮਾਂਵਾਂ ਦੇ ਅੱਗ ਲਾਉਂਦੇ ਨੇ।
ਜਵਾਨ ਦੇਸ਼ ਮੇਰੇ ਦੇ ਨਿੱਤ ਜਹਾਜੇ ਚੜ੍ਹ ਜਾਂਦੇ ,
ਪਿੱਛੇ ਠੇਡੇ ਖਾਣ ਨੂੰ ਬੁਢੜੇ ਮਾਪੇ ਛੱਡ ਜਾਂਦੇ।
ਬਚ ਗਈ ਬੇਰੁਜ਼ਗਾਰੀ ਨਸ਼ਿਆਂ ਦੇ ਵਿੱਚ ਸੜ ਚੱਲੀ,
ਅਰਥੀ ਬਾਪੂ ਦੀ ਵੀ ਗੈਰ ਮੋਢੇ ਤੇ ਚੜ੍ਹ ਚਲੀ
ਅਰਥੀ ਬਾਪੂ ਦੀ ਵੀ ਗੈਰ ਮੋਢੇ ਤੇ ਚੜ੍ਹ ਚਲੀ....

4. ਗੀਤ- ਤੇਰੀ ਚੁੰਨੀ

ਹੋ ਸਾਡਾ ਇਕ ਇਕ ਦਿਨ ਚੜ੍ਹੇ ਯਾਦ ਤੇਰੀ ਵਿੱਚ,
ਲੰਘੇ ਹੌਂਕਿਆਂ 'ਚ ਭਿੱਜੀ ਹੋਈ ਸ਼ਾਮ ਵੇ,
ਜਿਹੜੇ ਅੱਧੀਆਂ ਰਾਤਾਂ ਨੂੰ ਮੈਂ ਹਵਾਵਾਂ ਚ ਪੈਗਾਮ ਲਿਖਾਂ,
ਓਹਨਾ ਉੱਤੇ ਤੇਰਾ ਬਸ ਨਾਮ ਵੇ।
ਹੋ ਕਦੇ-੨ ਚਿੱਤ ਕਰੇ ਤਾਰਿਆਂ ਨੂੰ ਤੋੜ,
ਦੇਵਾਂ ਤੇਰਿਆਂ ਮੈਂ ਰਾਹਾਂ 'ਚ ਸਜਾ,
ਕਦੋਂ ਤੇਰੀ ਚੁੰਨੀ ਮੇਰੀ ਪੱਗ ਨਾਲ ਮਿਲੂ,
ਸਾਨੂੰ ਚੜ੍ਹਿਆ ਇਹ ਰਹਿੰਦਾ ਚੰਨੋ ਚਾਅ।

ਰੁੱਖਾਂ ਦਿਆਂ ਪੱਤਿਆਂ ਨਾਲ ਗੱਲਾਂ ਰਹਾਂ ਕਰਦਾ ਮੈਂ,
ਜਦੋਂ ਕਿਤੇ ਆਉਂਦੀ ਤੇਰੀ ਯਾਦ ਵੇ,
ਹੀਰਿਆਂ ਤੋਂ ਮਹਿੰਗਾ ਜੀਹਦਾ ਮੁੱਲ ਨਾ ਸੀ ਪੈਂਦਾ,
ਤੇਰੇ ਹਾਸਿਆਂ ਨੇ ਕੀਤਾ ਬਰਬਾਦ ਵੇ,
ਅੰਬਰਾਂ ਦਾ ਚੰਨ ਯਾਰਾ ਹੋਰ ਗੂੜ੍ਹਾ ਹੋ ਜਾਂਦਾ,
ਜਦੋਂ ਪਵਾਂ ਤੇਰੇ ਪਿੰਡ ਵਾਲੇ ਰਾਹ,
ਕਦੋਂ ਤੇਰੀ ਚੁੰਨੀ ਮੇਰੀ ਪੱਗ ਨਾਲ ਮਿਲੂ,
ਸਾਨੂੰ ਚੜ੍ਹਿਆ ਇਹ ਰਹਿੰਦਾ ਚੰਨੋ ਚਾਅ।

ਲੋਕਾਂ ਲਈ ਤਾਂ ਦਿਨ ਚੜ੍ਹੇ ਸੂਰਜਾਂ ਦੇ ਨਾਲ,
ਸਾਡਾ ਚੜ੍ਹਦਾ ਏ ਯਾਰਾ ਤੈਨੂੰ ਵੇਖ ਵੇ,
ਸਾਰੇ ਮੰਗਦੇ ਦੁਆਵਾਂ ਜਾਕੇ ਮੰਦਿਰ ਮਸੀਤੀਂ,
ਅਸੀਂ ਤੇਰਿਆ ਦਰਾਂ 'ਚ ਮੱਥਾ ਟੇਕਦੇ।
ਰੱਬਾ ਕਿਹੜੀ ਗੱਲੋਂ ਸਾਡਾ ਮੇਲ ਨਹੀਓਂ ਹੁੰਦਾ,
ਦੇਵੇਂ ਪੱਥਰਾਂ ਚੋ ਘਾਹ ਤੂੰ ਉਗਾਅ।
ਕਦੋਂ ਤੇਰੀ ਚੁੰਨੀ ਮੇਰੀ ਪੱਗ ਨਾਲ ਮਿਲੂ,
ਸਾਨੂੰ ਚੜ੍ਹਿਆ ਏ ਰਹਿੰਦਾ ਚੰਨੋ ਚਾਅ।

ਉਹ ਨੱਚਦੇ ਫ਼ਰੀਦਕੋਟ ਪੁਜੂਗੀ ਬਰਾਤ,
ਵਿੱਚ ਬੈਠੇ ਹੋਈਏ ਫੁੱਲਾਂ ਵਾਲੀ ਕਾਰ ਦੇ,
ਹੋ ਚਾਂਦੀ ਵਾਲੀ ਗੜਵੀ ਤੇ ਖੰਮ੍ਹਣੀ ਜੀ ਬੰਨ੍ਹ,
ਬੇਬੇ ਪੀਂਦੀ ਹੋਵੇ ਸਾਥੋਂ ਪਾਣੀ ਵਾਰ ਵੇ,
ਲਿਖ ਲਿਖ ਗੀਤ ਬੱਸ ਤੇਰੇ ਲਈ ਮੈਂ ਗਾਉਣੇ
ਵੇਖੀਂ ਚੱਲੂ ਤੇਰੇ ਰਾਜਨ ਦਾ ਨਾਂ
ਕਦੋ ਤੇਰੀ ਚੁੰਨੀ ਮੇਰੀ ਪੱਗ ਨਾਲ ਮਿਲੂ,
ਸਾਨੂੰ ਚੜ੍ਹਿਆ ਏ ਰਹਿੰਦਾ ਚੰਨੋ ਚਾਅ।

5. ਗੀਤ- ਤੇਰੇ ਸ਼ਹਿਰ

ਦੱਸ ਕੀ ਮੈਂ ਗਿਣਾਂ ਹੁਣ ਅੰਬਰਾਂ ਦੇ ਤਾਰੇ,
ਏਦੂੰ ਕੀਤੇ ਵੱਧ ਗਿਣਤੀ 'ਚ ਯਾਰਾ ਤੇਰੇ ਲਾਰੇ,
ਸਾਡੀ ਇਕੋ ਸੀ ਤਮੰਨਾ ਜਿੰਦ ਤੇਰੇ ਨਾਲ ਬਿਤਾਵਾਂ
ਨੀ ਮਿੱਟੀ ਵਿੱਚ ਰੋਲਤੇ ਨੇ ਖ਼ਵਾਬ ਮੇਰੇ ਸਾਰੇ,
ਲੈ ਮੈਂ ਚੁੱਕ ਲਈ ਕਲਮ, ਚੱਲੀ ਗੀਤਾਂ ਵਾਲੀ ਲਹਿਰ,
ਗਾਉਣ ਲੱਗੇ ਅਲਫ਼ਾਜ਼ ਤੇਰੇ ਹੁਸਨਾਂ ਦੇ ਕਹਿਰ।
ਤੇਰੇ ਸ਼ਹਿਰ ਵਾਲੀ ਨਹਿਰ ਜਿਥੇ ਕੱਟੀ ਸੀ ਦੁਪਹਿਰ
ਕਿਤੇ ਮਿਲਜੇ ਦੁਬਾਰਾ ਏਹੀ ਮੰਗਦੇ ਹਾਂ ਖੈਰ।।

ਮੰਨਿਆਂ ਤੂੰ ਹੀਰਿਆਂ ਦੀ ਛਾਂ ਦੇ ਵਿੱਚ ਪਲੀ ਏਂ,
ਸਾਡੀ ਨਿੱਕੀ ਜਿਹੀ ਜਿੰਦ ਯਾਰਾ ਫਿਕਰਾਂ 'ਚ ਢਲੀ ਏ,
ਹੋ ਮੇਰੇ ਮਨ ਦੀ ਪ੍ਰੀਤ, ਕਿਤੇ ਸੁਣ ਫਰਿਆਦ,
ਅਸੀਂ ਖੁਦ ਨਾਲੋਂ ਵੱਧ ਤੈਨੂੰ ਕਰਦੇ ਹਾਂ ਯਾਦ।
ਜਿਥੋਂ ਲੰਘ ਜਾਵੇਂ ਚੰਨਾ ਤੇਰੀ ਚੁੰਮਦੇ ਹਾਂ ਪੈੜ,
ਅਸੀਂ ਪਾਗਲਾਂ ਦੇ ਵਾਂਙ ਤੇਰੇ ਘੁੰਮਦੇ ਹਾਂ ਸ਼ਹਿਰ।
ਤੇਰੇ ਸ਼ਹਿਰ ਵਾਲੀ ਨਹਿਰ ਜਿਥੇ ਕੱਟੀ ਸੀ ਦੁਪਹਿਰ
ਕਿਤੇ ਮਿਲਜੇ ਦੁਬਾਰਾ ਇਹੀ ਮੰਗਦੇ ਹਾਂ ਖੈਰ....

6. ਅਸੀਂ ਕੱਚਿਆਂ ਰਾਹਾਂ 'ਚ ਉੱਗੀ ਘਾਹ ਵਰਗੇ

ਅਸੀਂ ਕੱਚਿਆਂ ਰਾਹਾਂ 'ਚ ਉੱਗੀ ਘਾਹ ਵਰਗੇ,
ਕਿਤੇ ਸਿਵਿਆਂ 'ਚ ਤਪਦੀ ਸਵਾਹ ਵਰਗੇ,
ਜਿਥੋਂ ਲੰਘਦੀ ਹਵਾ ਵੀ ਖੌਫ ਖਾਵੇ ਪਈ,
ਅਸੀਂ ਕਬਰਾਂ ਨੂੰ ਜਾਂਦੇ ਉਸ ਰਾਹ ਵਰਗੇ।
ਜੀਹਨੇ ਕਦੇ ਪਲ ਵੀ ਨਾ ਚੈਨ ਮਾਣਿਆ,
ਕਿਸੇ ਆਸ਼ਿਕ ਜਾਂ ਸ਼ਾਇਰ ਦੇ ਸਾਹ ਵਰਗੇ..

7. ਪੁੱਤ ਨੂੰ ਵੰਗਾਰ

ਉੱਠ ਪੁੱਤ ਹੀਰਿਆ ਵੇ, ਭੈਣਾਂ ਦਿਆ ਸੋਹਣਿਆਂ ਵੀਰਿਆ ਵੇ,
ਵੇ ਚੁੱਕ ਲੈ ਕਲਮ ਤੂੰ ਛੱਡ ਕੇ ਚਿੱਟਾ,
ਸੁਣਾਵਾਂ ਹਾਲ ਵੇ, ਸੁਣਾਵਾਂ ਹਾਲ ਮੈਂ ਅੱਖੀਂ ਡਿੱਠਾ,
ਵੇ ਮਹਿਲ ਖਵਾਬਾਂ ਦਾ, ਅੱਖੀਆਂ ਸਾਹਵੇਂ ਮੇਰੇ ਜੋ ਢਿਠਾ,
ਤੂੰ ਕਾਹਤੋਂ ਸੁੱਟੀ ਚੁੱਲ੍ਹੇ 'ਚ ਜਵਾਨੀ,
ਵੇ ਰੋਂਦੀਆਂ ਮਾਵਾਂ ਦੀ, ਰੋਂਦੀਆਂ ਮਾਵਾਂ ਦੀ ਰੁਲੀ ਜ਼ਿੰਦਗਾਨੀ,
ਵੇਖ ਚੁਨੜੀ ਭੈਣ ਦੀ ਵੇ ਰੁਲਦੀ ਜਾਵੇ, ਵੀਰਿਆ ਤੈਨੂੰ ਵਾਸਤੇ ਪਾਵੇ,
ਵੇ ਚੱਲ ਹੁਣ ਉਠ ਹੌਂਸਲੇ ਨਾਲ, ਬਾਪੂ ਦੀ ਰੁਲਦੀ ਪੱਗ ਸੰਭਾਲ,
ਆ ਜ਼ਰਾ ਵੇਖੀਂ ਵੇ ਆਪਣੀ ਬੋਲੀ, ਵਿਰਸੇ ਦਾ ਹਾਲ,
ਆ ਜ਼ਰਾ ਵੇਖੀਂ ਵੇ...

ਵੇ ਦੱਸ ਹੁਣ ਰਾਜਨ ਓਏ, ਵੇ ਦੱਸ ਕੀ ਲਿਖੀਏ ਤੇ ਕੀਹਦੇ ਬਾਰੇ,
ਇਹ ਸਭ ਸਿਆਸਤਾਂ ਦੇ ਪਾਏ ਪਵਾੜੇ,
ਕੁਰਸੀ ਦੇ ਪਿੱਛੇ ਹੀ, ਇਹਨਾਂ ਦਿੱਤੀ ਮੁਲਕ ਦੀ ਕੁਰਬਾਨੀ,
ਵੇ ਸਾਡੀ ਭੁੰਨ ਕੇ ਚੁੱਲ੍ਹੇ 'ਚ ਜਵਾਨੀ,
ਇਹ ਸੇਕਣ ਅੱਗਾਂ ਨਸ਼ੇ ਦੇ ਦਾਨੀ,
ਗਵਾਹਾਂ ਜੋਗੀ ਨਾ ਛੱਡ ਦੇ ਨਿਸ਼ਾਨੀ,
ਸਿਵਿਆਂ ਵਿੱਚ ਭੁੰਨ 'ਤੀ ਟੌਰ ਮਸਤਾਨੀ,
ਵੇ ਰੋਂਦੀਆਂ ਮਾਵਾਂ ਦੀ, ਰੋਂਦੀਆਂ ਮਾਵਾਂ ਦੀ ਰੁਲੀ ਜ਼ਿੰਦਗਾਨੀ,
ਵੇ ਧਰਤ ਪੰਜਾਬ ਵੇਖ ਕੁਰਲਾਵੇ,
ਵੇ ਪੁੱਤਰਾ ਤੈਨੂੰ ਵਾਸਤੇ ਪਾਵੇ,
ਵੇ ਚੱਲ ਹੁਣ ਉਠ ਹੌਂਸਲੇ ਨਾਲ, ਬਾਪੂ ਦੀ ਰੁਲਦੀ ਪੱਗ ਸੰਭਾਲ,
ਆ ਜ਼ਰਾ ਵੇਖੀਂ ਵੇ, ਆਪਣੀ ਬੋਲੀ ਵਿਰਸੇ ਦਾ ਹਾਲ,
ਆ ਜ਼ਰਾ ਵੇਖੀਂ ਵੇ....

8. ਅੱਜ ਵੀ ਮੇਰਾ ਦੇਸ ਮਹਾਨ ਹੈ ?

ਮੁੱਕ ਗਈਆਂ ਜ਼ਮੀਰਾਂ ਇਥੇ, ਬਸ ਦਿਖਾਵਿਆਂ ਦਾ ਤੂਫ਼ਾਨ ਹੈ,
ਹੁਣ ਤੁਸੀਂ ਦੱਸੋ ਮੈਂ ਕਿੰਝ ਆਖਾਂ ਅੱਜ ਵੀ ਮੇਰਾ ਦੇਸ਼ ਮਹਾਨ ਹੈ।
ਦੇਸ਼ ਤਾਂ ਬਣਦਾ ਲੋਕਾਂ ਨਾਲ ਇਥੇ ਲੋਕੀ ਚਲਦੇ ਨੋਟਾਂ ਨਾਲ,
ਅੱਜ ਵਿਕਾਊ ਹਰ ਇਨਸਾਨ ਹੈ,
ਹੁਣ ਤੁਸੀਂ ਦੱਸੋ ਮੈਂ ਕਿੰਝ ਆਖਾਂ ਅੱਜ ਵੀ ਮੇਰਾ ਦੇਸ਼ ਮਹਾਨ ਹੈ।

ਮੁੱਢ ਤੋਂ ਹੀ ਕੁੜੀਆਂ ਨੂੰ ਯਾਰਾ ਮਰਦਾਂ ਵਿਚ ਬੋਲਣ ਨਹੀਂ ਦਿੰਦੇ,
ਕਿਉਂ ਸਤੀ ਸਾਵਿਤ੍ਰੀ ਸੀਤਾ ਦਾ ਇਤਿਹਾਸ ਫਰੋਲਣ ਨਹੀਂ ਦਿੰਦੇ।
ਇਕ ਦ੍ਰੋਪਤੀ ਦੀ ਇਜ਼ਤ ਖਾਤਿਰ, ਵੈਰੀਆਂ ਦੀ ਸਭਾ ਵਿੱਚ ਵੀ,
ਕ੍ਰਿਸ਼ਨ ਦੌੜ ਕੇ ਆਣ ਖਲੋ ਗਏ ਸੀ,
ਪਰ ਆਪਣੇ ਮੰਦਰਾਂ ਵਿੱਚ ਰੁਲਦੀ ਚਾਰ ਸਾਲ ਦੀ ਬੱਚੀ ਵਾਰੀ,
ਭਗਵਾਨ ਕਿਥੇ ਜਾਕੇ ਸੌਂ ਗਏ ਸੀ ।
ਕੀ ਇਸ ਪਿੱਛੇ ਰਾਜ਼ ਹੈ ਲੁਕਿਆ, ਕਿਓਂ ਖੋਲ੍ਹਣ ਦਿੰਦੇ ਨੀ ਇਤਿਹਾਸ ਨੂੰ ,
ਵਹਿਮਾਂ ਦੀਆਂ ਗੁੰਝਲਾਂ ਵਿੱਚ ਮੁੱਢ ਤੋਂ ਫਸਾਇਆ ਇਹਨਾਂ ਸਮਾਜ ਨੂੰ।
ਮੁੱਕ ਗਈਆਂ ਜ਼ਮੀਰਾਂ ਬੱਸ ਦਿਖਾਵਿਆਂ ਦਾ ਤੂਫਾਨ ਹੈ,
ਹੁਣ ਤੁਸੀਂ ਦੱਸੋ ਮੈਂ ਕਿੰਝ ਆਖਾਂ, ਅੱਜ ਵੀ ਮੇਰਾ ਦੇਸ ਮਹਾਨ ਹੈ।

ਆਪਣੇ ਪੁੱਤ ਦੇ ਸਾਹਾਂ ਖਾਤਿਰ ਹਾਥੀ ਦਾ ਸਿਰ ਸੀ ਕੱਟ ਆਏ,
ਕੀ ਗੁਨਾਹ ਸੀ ਉਸ ਬਚੜੇ ਦਾ ਜਿਹਨੂੰ ਸੁੱਤੇ ਪਏ ਨੂੰ ਵਢਾ ਆਏ
ਇਹੋ ਕਸੂਰ ਬਸ ਮਾਂ ਦਾ ਸੀ ਕੇ ਸੁੱਤਿਆਂ ਪੁੱਤ ਤੋਂ ਪਿੱਠ ਹੋਈ,
ਪਿੱਠ ਪਿੱਛੇ ਫਿਰ ਵਾਰ ਜੋ ਕੀਤਾ, ਇਹ ਕੈਸੀ ਜਿੱਤ ਹੋਈ।
ਪਰ ਮੁੱਢ ਤੋਂ ਲੈਕੇ ਅੱਜ ਤਕ ਇਥੇ ਗਰੀਬ ਹੀ ਮਰਦਾ ਆਉਂਦਾ ਏ,
ਓਹਦੀ ਜੈ ਜੈ ਕਾਰ ਹੁੰਦੀ, ਜਿਹੜਾ ਜ਼ੋਰ ਵਖਾਉਂਦਾ ਏ।
ਸੱਚ ਝੂਠ ਹੁਣ ਕੋਈ ਨਾ ਵੇਖੇ, ਰਾਜਨਾ ਪੈਸਾ ਇਕ ਈਮਾਨ ਹੈ।
ਹੁਣ ਤੁਸੀਂ ਦੱਸੋ ਮੈਂ ਕਿੰਝ ਆਖਾਂ, ਅੱਜ ਵੀ ਮੇਰਾ ਦੇਸ਼ ਮਹਾਨ ਹੈ।

ਮਿੱਟੀ ਵਿੱਚ ਮਿਲਾ ਕੇ ਰੱਖਤਾ ਸ਼ਹੀਦਾਂ ਦੀ ਕੁਰਬਾਨੀ ਨੂੰ,
ਕਿਉਂ ਸੜਕਾਂ ਉੱਤੇ ਰੋਲ ਦਿੱਤਾ ਗੁਰੂਆਂ ਦੀ ਗੁਰਬਾਣੀ ਨੂੰ।
ਬਾਬੇ ਨਾਨਕ ਦੀਆਂ ਦੱਸੀਆਂ ਹੋਈਆਂ ਗੱਲਾਂ ਸਾਰੀਆਂ ਭੁੱਲ ਗਏ,
ਪਾਖੰਡਾਂ ਦੀ ਅੱਜ ਭੇਡ ਚਾਲ ਵਿੱਚ ਪੜ੍ਹੇ ਲਿਖੇ ਵੀ ਰੁਲ ਗਏ।
ਰਾਜਨ ਯਾਰਾ ਕਿਉਂ ਤੂੰ ਸੋਚੇਂ, ਇਹ ਸਿਆਸਤਾਂ ਦਾ ਕੁਰਲਾਮ ਹੈ,
ਕਿਸੇ ਦਾ ਦੁਖ ਇਹ ਕੀ ਜਾਨਣ ਬਸ ਕੁਰਸੀ ਵਿੱਚ ਹੀ ਜਾਨ ਹੈ,
ਮੁੱਕ ਗਈਆਂ ਜ਼ਮੀਰਾਂ ਅਜ ਵਿਕਾਊ ਹਰ ਇਨਸਾਨ ਹੈ,
ਹੁਣ ਤੁਸੀਂ ਦੱਸੋ ਮੈਂ ਕਿੰਝ ਆਖਾਂ ਅੱਜ ਵੀ ਮੇਰਾ ਦੇਸ਼ ਮਹਾਨ ਹੈ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ