Punjabi Poetry : Haider Ali

ਪੰਜਾਬੀ ਕਵਿਤਾਵਾਂ : ਹੈਦਰ ਅਲੀ

1. ਤੈਨੂੰ ਕੋਈ ਨੀ ਰੋਕ ਸਕਦਾ

ਜੋ ਵੀ ਤੈਨੂੰ ਤੁਰਿਆ ਜਾਂਦਾ ਵੇਖ ਤੇਰੇ ਰਸਤੇ ਵਿਚ ਅਪਣੇ ਭਦੇ ਪਿੰਡਿਆਂ ਨੂੰ ਪਸਾਰ ਸੌਂ ਜਾਂਦੇ ਨੇ
ਇਹ ਵਖਤ ਦੇ ਮਾਰੇ ਉਸ ਕੁੱਤੇ ਵਾਂਗ ਨੇ ਜਿਹੜਾ
ਆਪਣੀ ਧੌਣ ਤੇ ਪਏ ਕੀੜਿਆਂ ਦਾ ਆਪ ਕੋਈ ਹੱਲ ਨੀ ਕਰ ਸਕਦਾ
ਇਕ ਲਾਚਾਰ ਤੇ ਵਿਚਾਰੇ ਵਾਂਗ ਕੋਈ ਠੋਸ ਜਗਾ ਭਾਲ ਰਹੇ ਨੇ
ਜਿਸ ਵਿਚ ਇਹ ਟੱਕਰ ਮਾਰ ਅਪਣੇ ਲਹੂ ਦਾ ਮੁਲ ਵਸੂਲ ਕਰ ਸਕਣ
ਪਰ ਅਸਲ ਚ ਇਹ ਭੌਂਤਰੇ ਹੋਏ ਨੇ ਤੇ ਇਹ ਬੇਖ਼ਬਰ ਨੇ ਇਸ ਗੱਲ ਤੋਂ
ਕਿ ਕੋਈ ਅੱਗ ਨੂੰ ਅੱਗ ਚ ਕਿਵੇਂ ਝੋਂਕ ਸਕਦਾ
ਤੂੰ ਚਲਦਾ ਰਹਿ, ਤੂੰ ਫਿਕਰ ਨਾ ਕਰ ਤੈਨੂੰ ਕੋਈ ਨੀ ਰੋਕ ਸਕਦਾ।

ਜੇ ਗ਼ਰੀਬੀ ਵਿਚ ਮਰ ਗਿਆ ਤਾ ਤਕਦੀਰ ਨੂੰ ਦੋਸ਼ ਨਾ ਦੇਵੀਂ
ਨਾ ਦੋਸ਼ ਦੇਵੀਂ ਤੇਰੀ ਹੀ ਬਣਾਈ ਆ ਲੋਟੂ ਸਰਕਾਰ ਨੂੰ
ਕੋਈ ਤੇਰੇ ਤੇ ਇਹਸਾਨ ਕਰਨ ਆਊੁ ਇਹ ਭੁਲੇਖਾ ਹੈ ਹਕ਼ੀਕ਼ਤ ਨਈਂ
ਤੇਜ ਤਰਾਰ ਕੋਈ ਤਲਵਾਰ ਜੋ ਮਾਸ ਨੂੰ ਚੀਰ ਖੂਨ ਬਾਹਰ ਕੱਢ ਲੈਂਦੀ ਆ
ਉਸ ਖੂਨ ਦੇ ਵਾਂਗ ਨਿਕਲ ਆਪਣੀ ਮਾਂ ਦੀ ਕੁਛੜ 'ਚੋਂ ਤੇ ਲਲਕਾਰ
ਆਪਣੀਆਂ ਆਉਣ ਵਾਲੀਆ ਨਸਲਾਂ ਨੂੰ ਕਿ ਤੂੰ ਕੀ ਛੱਡ ਕੇ ਜਾ ਰਿਹਾ
ਓਹਨਾਂ ਲਈ
ਜੋ ਚਾਪਲੂਸੀ ਤੇ ਦੱਲਿਆਂ ਵਾਂਗ ਤੇਰੀ ਗੀਬਾਤ ਕਰਦੇ ਨੇ
ਜਿਹਨਾਂ ਦੀਆ ਸਾਹਾਂ ਵਾਲੀਆਂ ਨਾਲੀਆਂ 'ਚ ਗੰਦ ਤੇ ਬਸ ਗੰਦ ਭਰ ਗਿਆ ਹੈ
ਇਹ ਗੰਦੀ ਨਸਲ ਦੇ ਕੀੜੇ ਤੈਨੂੰ ਤੋੜ ਨਹੀਂ ਸਕਦੇ
ਤੂੰ ਚਲਦਾ ਰਹਿ, ਤੂੰ ਫਿਕਰ ਨਾ ਕਰ ਤੈਨੂੰ ਇਹ ਰੋਕ ਨਹੀਂ ਸਕਦੇ।

ਜੋ ਖੁਰਦਰੇ ਹੋਏ ਸ਼ੀਸ਼ੇ ਤੈਨੂੰ ਤੇਰੀ ਸ਼ਕਲ ਬਦਸੂਰਤ ਦਿਖੌਂਦੇ ਨੇ
ਜੋ ਮੂੰਹ ਨੂੰ ਬੰਦ ਕਰ ਤੇਰੇ ਤੋਂ ਥੁਕਦੇ ਨੇ
ਆਪਣੇ ਸਰੀਰ ਤੇ ਆਏ ਮੁੜ੍ਹਕੇ ਨਾਲ ਇਹਨਾਂ ਦਾ ਹਿਸਾਬ ਕਰ
ਬੰਦਾ ਨਹੀਂ ਤੂਫ਼ਾਨ ਬਣ
ਅੱਗ ਨਾਲ ਯਾਰਾਨਾ ਲੈ ਤੇ ਏਹਦੀ ਕੁੱਖ 'ਚ ਬਹਿ ਕੇ
ਕਿਸੇ ਪਲ ਰਹੇ ਭਲਵਾਨ ਦੇ ਵਾਂਗ ਆਪਣੇ ਆਪ ਨੂੰ ਪਾਲ਼
ਤੇ ਫੇਰ ਤੇਰੀ ਹੱਡੀਆਂ ਤੇ ਆਈ ਖੱਲ ਨੂੰ ਤੇ ਤੇਰੇ ਆਉਣ ਵਾਲੇ ਕੱਲ੍ਹ ਨੂੰ
ਕੋਈ ਤੋੜ ਨੀ ਸਕਦਾ ਕੋਈ ਮਰੋੜ ਨੀ ਸਕਦਾ
ਤੂੰ ਚਲਦਾ ਰਹਿ, ਤੂੰ ਫਿਕਰ ਨਾ ਕਰ ਤੈਨੂੰ ਕੋਈ ਰੋਕ ਨੀ ਸਕਦਾ।

ਸੋਚ ਬਾਲਿਆਂ ਦੀ ਛੱਤ ਦੇ ਥੱਲੇ ਕਰਵਟਾਂ ਲੈਂਦੇ ਤੇਰੇ ਬਾਪ ਨੂੰ
ਸੋਚ ਆਪਣੀ ਮਾਂ ਦੀਆਂ ਪਾਟੀਆਂ ਬੇੜੀਆਂ ਨੂੰ
ਕਿਸੇ ਮਰੇ ਹੋਏ ਮੁਰਦੇ ਤੇ ਪਏ ਕੱਫਨ ਦੇ ਵਾਂਗ ਆਪਣੇ ਚੇਹਰੇ ਤੇ ਪਰਦੇ ਨਾ ਪਾ
ਇਹ ਕਿਸੇ ਕਾਇਰ ਦੀ ਜਿਓਂਦੀ-ਜਾਗਦੀ ਲਾਸ਼ ਹੋ ਸਕਦੀ ਆ ਪਰ ਤੇਰੀ ਨਹੀਂ
ਕਿਸੇ ਅਰਬੀ ਦੇ ਪੀਂਦੇ ਹੋਏ ਕਾਹਵੇ ਦੀਆ ਚੁਸਕੀਆਂ ਦੇ ਵਾਂਗ ਜ਼ਿੰਦਗੀ ਨੂੰ ਪੀ
ਤੇ ਮਹਿਸੂਸ ਕਰ ਤੱਪਦੇ ਮਾਰੂਥਲ 'ਚ ਵਗਦੀ ਠੰਡੀ ਸੀਤ ਨੂੰ
ਇਹ ਸਰਕਾਰੀ ਬੰਦੂਕਾਂ ਤੇ ਨੀਤੀਆਂ ਨੂੰ ਦੇਖ ਤੇਰੇ ਪੈਰ ਲੜਖੜਾ ਕਿਉਂ ਰਹੇ ਨੇ
ਤੇਰਾ ਜਿਸਮ ਤਾਂ ਜ਼ੁਲਮ ਤੇ ਤਸੱਦਦ ਨਾਲ ਭਰਿਆ ਹੋਇਆ
ਫੇਰ ਕਿਵੇਂ ਕੋਈ ਤੇਰੀ ਛਾਤੀ ਚ ਕਾਰਤੂਸਾਂ ਨੂੰ ਠੋਕ ਸਕਦਾ
ਤੂੰ ਚਲਦਾ ਰਹਿ, ਤੂੰ ਫਿਕਰ ਨਾ ਕਰ ਤੈਨੂੰ ਕੋਈ ਨੀ ਰੋਕ ਸਕਦਾ ।

2. ਪਰ ਮੈਨੂੰ ਪ੍ਰਵਾਹ ਨੀ

ਟੀ ਵੀ ਚੈਨਲ ਤੇ ਅਖ਼ਬਾਰ ਆਪਣੀ ਦੋ ਵਖ਼ਤ ਦੀ ਰੋਟੀ ਦੀ ਫਿਕਰ ਚ ਵਿੱਕ ਚੁਕੇ ਨੇ
ਇਹ ਰੀਂਗਦੇ ਹੋਏ ਕਿਸੇ ਕੀੜੇ ਦੇ ਵਾਂਗ ਆਪਣੇ ਰਿਜ਼ਕ ਨੂੰ ਬਚੌਣ ਦੀ ਕੋਸ਼ਿਸ਼ ਕਰਦੇ ਨੇ
ਤੁਸੀਂ ਕਸ਼ਮੀਰ ਲਾਕ-ਡਾਓਨ ਦੀ ਗੱਲ ਕਰ ਲੋ ਜਾਂ ਫਿਰ ਪੰਜਾਬ ਚ ਹੋਏ ਬੰਬ ਧਮਾਕਿਆਂ ਦੀ
ਤੁਹਾਨੂੰ ਗੁੱਸੇ ਦੀ ਅੱਗ ਵਿੱਚ ਮੀਚੀਆਂ ਮੁਠੀਆਂ, ਬੇਵਸੀ 'ਚ ਰੇਤੇ 'ਚ ਵੱਜਦੇ
ਪੈਰ ਤੇ ਛਾਤੀ ਪਿਟਦੀਆਂ ਕੁਛ ਔਰਤਾਂ ਤੋਂ ਸਿਵਾ ਕੁਛ
ਨਹੀਂ ਦਿਖੇਗਾ
ਮੇਰੇ ਇਸ ਵਰਕੇ ਦੀ ਹਿੱਕ ਤੇ ਲਿਖੇ ਅੱਖਰਾਂ ਨੂੰ ਛਾਪਣ ਦਾ ਖੌਫ਼ ਤਾਂ ਹੋਏਗਾ
ਪਰ ਮੈਨੂੰ ਪ੍ਰਵਾਹ ਨੀ

ਤੁਸੀਂ ਹੱਥਾਂ ਚ ਬੰਦੂਕ ਚੱਕੋ ਤੇ ਬੰਦੂਕ ਦਾ ਮੂੰਹ ਕਿਸੇ ਮੰਤਰੀ ਜਾ ਲੀਡਰ ਵੱਲ ਨੂੰ ਖੋਲ੍ਹ ਘੋੜਾ ਨਪ ਦਵੋ
ਤੁਹਾਨੂੰ ਇਹਨਾ ਲੀਡਰਾਂ ਤੇ ਮੰਤਰੀਆਂ ਦੇ ਘਰ ਵੈਣ ਪੈਂਦੇ ਦੇਖ ਸਕੂਨ ਜਰੂਰ ਆਊਗਾ
ਪਰ ਤੁਸੀਂ ਵੇਖੋਗੇ ਟੀ ਵੀ ਚੈਨਲ ਤੇ ਸਚੀ ਖ਼ਬਰ
ਤੁਸੀਂ ਵੇਖੋਗੇ ਅੱਖ ਝਪਕਣ ਦੇ ਵਾਂਗ ਤੁਹਾਨੂੰ ਕਿਵੇਂ ਗਿਰਫ਼ਤਾਰ ਕਰ ਲਿਆ ਜਾਂਦਾ
ਕਿਉਂਕਿ ਤੁਹਾਡੇ ਗਲੇ ਚ ਪਾਏ ਗ਼ੁਲਾਮੀ, ਬੇਵਸੀ ਤੇ ਗਰੀਬੀ ਦੇ ਪਟਿਆਂ ਤੋਂ ਤੁਹਾਡੀ ਪਛਾਣ ਕਰ ਲਈ ਜਾਂਦੀ ਆ
ਮੇਰੀ ਇਸ ਬੇਖੌਫ਼ ਕਵਿਤਾ ਦੇ ਬੋਲ ਕਿਸੇ ਕਾਇਰ ਅਫ਼ਸਰ ਦੀ ਕੁਰਸੀ ਵਾਂਗ ਘੁੰਮਦੇ ਨਈਂ
ਮੈਂ ਪਿਛਲੇ ੪ ਸਾਲਾਂ ਤੋਂ ਜੇਲ੍ਹ ਚ ਰਹਿੰਦਾ ਆ ਰਿਹਾ ਹਾਂ ਤੇ ਮੈਂ ਅਪਣੇ ਮਰੇ ਹੋਏ ਦੇ ਖ਼ੂਨ ਨਾਲ ਲਿਖਿਆ ਹੈ
ਤੁਸੀਂ ਕਿਸੇ ਭ੍ਰਿਸ਼ਟਾਚਾਰ ਨੂੰ ਆਖੋ ਕੇ ਮੇਰੀ ਇਹ ਕਵਿਤਾ ਪੜ੍ਹ ਕੇ ਸੁਣਾਏ
ਮੈਂ ਦਾਵਾ ਕਰਦਾ ਹੈ ਓਹਦੇ ਪੜ੍ਹਦੇ ਦੇ ਬੁਲ੍ਹਾਂ ਦੇ ਕੰਬ ਜਾਣ ਦਾ
ਮੈਂ ਦਾਵਾ ਕਰਦਾ ਹਾਂ ਓਹਦੇ ਖੜ੍ਹੇ ਦੀਆ ਲੱਤਾਂ ਦੇ ਕੰਬ ਜਾਣ ਦਾ
ਮੈਂ ਦਾਵਾ ਕਰਦਾ ਹਾਂ ਓਹਦੇ ਮੇਰੇ ਵੱਲ ਵੱਧਦੇ ਕਦਮ ਤੇ ਮੈਨੂੰ ਜੇਲ੍ਹ 'ਚ ਡੱਕਣ ਦੀ ਉਸ ਦੀ ਨੀਯਤ ਦਾ
ਪਰ ਮੈਨੂੰ ਪ੍ਰਵਾਹ ਨੀ

ਤੁਸੀਂ ਆਪਣਿਆ ਬੱਚਿਆਂ ਨੂੰ ਬੰਬ ਤਿਆਰ ਕਰਨ ਦਾ ਵੱਲ ਕਿਉਂ ਨੀ ਸਿੱਖਾ ਦਿੰਦੇ
ਓਹਨਾਂ ਨੂੰ ਇਹ ਜਹਾਲਤ ਚ ਕੁਰਲੌਂਦੀ ਜ਼ਿੰਦਗੀ ਨਾਲੋਂ ਮੌਤ ਕਿਉਂ ਨੀ ਦੇ ਦਿੰਦੇ
ਅਸਲ 'ਚ ਤੁਸੀਂ ਗਿੱਝ ਗਏ ਹੋ ਦਰ-ਦਰ ਤੇ ਬਿਰਕਨਾ
ਤੁਸੀਂ ਥੁੱਕ ਕੇ ਚੱਟਣ ਦੇ ਆਦੀ ਹੋ ਗਏ ਹੋ
ਮੇਰੀ ਇਸ ਕਵਿਤਾ ਦੇ ਅੱਖਰ ਹੁਣ ਤੁਹਾਨੂੰ ਜਗਾਉਣਗੇ
ਤੁਹਾਨੂੰ ਤੁਹਾਡੀ ਮਰੀ ਹੋਈ ਜ਼ਮੀਰ ਤੇ ਲਾਹਨਤਾਂ ਪਾਉਣਗੇ
ਤੁਹਾਨੂੰ ਮੇਰੀ ਬੁਰਾਈ ਕਰਨ ਤੇ ਮਜ਼ਬੂਰ ਕਰ ਦੇਣਗੇ
ਪਰ ਮੈਨੂੰ ਪ੍ਰਵਾਹ ਨੀ

3. ਹਾਂ! ਅਸੀਂ ਜਿਓਂਦੇ ਆਂ

ਸਾਡਾ ਖੂਨ ਤੁਹਾਨੂੰ ਪਿਲਾਉਣ ਲਈ
ਤਖਤਾਂ ਤੇ ਤੁਹਾਨੂੰ ਬਿਠਾਉਣ ਲਈ
ਜੋ ਕੁੱਛ ਵੀ ਸਾਡੇ ਘਰਾਂ ਚ ਬਚਿਆ ਹੈ
ਸੱਭ ਕੁੱਛ ਤੁਹਾਡੇ ਤੋਂ ਲੁਟਾਉਣ ਲਈ
ਹਾਂ! ਅਸੀਂ ਜਿਓਂਦੇ ਆਂ, ਹਾਂ! ਅਸੀਂ ਜਿਓਂਦੇ ਆਂ

ਖੂਨ ਪੀਣਿਆਂ ਦਾ ਬੜਾ ਸਾਰਾ ਕਾਫ਼ਲਾ ਤੁਸੀਂ ਲੈ ਕੇ ਆਉਣਾ
ਅਸੀਂ ਤੁਹਾਡਾ ਸਵਾਗਤ ਇਕ ਬਾਰ ਫੇਰ ਕਰਾਂਗੇ
ਮਾਸ ਤਾ ਤੁਸੀਂ ਪਿਛਲੀ ਬਾਰ ਲੈ ਗਏ ਸੀ
ਇਸ ਬਾਰ ਤੁਹਾਨੂੰ ਆਪਣੀਆਂ ਹੱਡੀਆਂ ਦੇਵਾਂਗੇ
ਮੁਫ਼ਤ ਚ ਸੱਭ ਕੁੱਛ ਤੁਹਾਡੇ ਤੋਂ ਲੁਟਾਉਣ ਲਈ
ਬਜ਼ਾਰਾਂ ਚ ਆਪਣੇ ਆਪ ਨੂੰ ਬਿਕਾਉਣ ਲਈ
ਹਾਂ! ਅਸੀਂ ਜਿਓਂਦੇ ਆਂ,ਹਾਂ! ਅਸੀਂ ਜਿਓਂਦੇ ਆਂ

ਝੂਠ, ਫਰੇਬ ਤੇ ਲਾਰਿਆਂ ਦੇ ਹਾਰ ਤੁਸੀਂ ਬਣਾ ਹੀ ਲਏ ਹੋਣੇ
ਸਾਡੀਆ ਬਾਹਵਾਂ ਤਿਆਰ ਨੇ ਓਹਨਾ ਹਾਰਾਂ ਨੂੰ ਅਪਣੇ ਗਲਾਂ ਚ ਪਾਉਣ ਲਈ
ਸਾਡਿਆਂ ਚੇਹਰਿਆਂ ਤੇ ਆਇਆ ਨੂਰ, ਤੇ ਸਾਡੇ ਵਸਦੇ ਘਰ
ਹਾਂ! ਹੁਣ ਤਿਆਰ ਨੇ ਬਦਰੰਗ ਤੇ ਬੇਅਬਾਦ ਹੋਣ ਲਈ
ਤੁਸੀਂ ਮਾਈਕ ਫੜ ਕੇ ਸਟੇਜਾਂ ਤੋਂ ਸਾਨੂੰ ਭਾਸ਼ਣ ਦਵੋ
ਸਾਡਾ ਹੀ ਪੈਸਾ ਆਪਣੀਆਂ ਰੈਲੀਆਂ, ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਤੇ ਖਰਚ ਕਰੋ
ਕਿਸੇ ਗਰੀਬ ਦੀ ਮੇਹਨਤ ਨਾਲ ਭਿਜੀ ਹੋਈ ਕਮੀਜ਼ ਦੇ ਵਾਂਗ ਸਾਨੂੰ ਨਿਚੋੜ ਦਵੋ
ਤਾਂ ਵੀ ਅਪਣੇ ਖੂਨ ਦੇ ਰਿਸ਼ਤੇ ਤੁਹਾਡੇ ਤੋਂ ਲੁਟਾਉਣ ਲਈ
ਹਾਂ! ਅਸੀਂ ਜਿਓਂਦੇ ਆਂ ਹਾਂ! ਅਸੀਂ ਜਿਓਂਦੇ ਆਂ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ