Punjabi Poetry : Gursahib Singh Sahi

ਪੰਜਾਬੀ ਕਵਿਤਾਵਾਂ : ਗੁਰਸਾਹਿਬ ਸਿੰਘ ਸਾਹੀ



1. ਅੱਖ ਦਾ ਦੋਸ਼

ਏਨ੍ਹਾਂ ਅੱਖੀਆਂ ਦਾ ਦੱਸਾਂ ਕੀ ਏ ਹਾਲ ਸੋਹਣਿਆ, ਲੜ ਗਈਆਂ ਜਦੋਂ ਦੀਆਂ ਤੇਰੇ ਨਾਲ ਸੋਹਣਿਆ। ਹੁਣ ਲੰਘਦੇ ਮਹੀਨੇ ਵਾਂਗ ਸਾਲ ਸੋਹਣਿਆ, ਲੜ ਗਈਆਂ ਜਦੋਂ ਦੀਆ ਤੇਰੇ ਨਾਲ ਸੋਹਣਿਆ। ਪਤਾ ਹੁੰਦਾ ਜਿੰਦੜੀ ਜੇ ਏਦਾਂ ਤੰਗ ਹੋਣਾ ਸੀ, ਅੱਧੀ ਅੱਧੀ ਰਾਤ ਉੱਠ ਚੋਰੀ ਚੋਰੀ ਰੋਣਾ ਸੀ। ਜਿਹੜਾ ਪੁੱਛਦਾ ਏ ਦੇਵਾਂ ਓਹਨੂੰ ਟਾਲ ਸੋਹਣਿਆ, ਲੜ ਗਈਆਂ ਜਦੋਂ ਦੀਆਂ ਤੇਰੇ ਨਾਲ ਸੋਹਣਿਆ। ਜੀਆਂ ਵਿੱਚ ਰਹਿੰਦਿਆਂ ਵੀ ਕੱਲੀ ਕੱਲੀ ਰਹਿਨੀ ਆਂ, ਹੋਇਆ ਕੀ ਏ ਤੈਨੂੰ ਤਾਨ੍ਹੇ ਸਭ ਦੇ ਮੈਂ ਸਹਿਨੀ ਆਂ, ਤੇਰੇ ਬਿਨਾ ਹੋਈ ਜਿੰਦਗੀ ਬੇਹਾਲ ਸੋਹਣਿਆ, ਲੜ ਗਈਆਂ ਜਦੋਂ ਦੀਆਂ ਤੇਰੇ ਨਾਲ ਸੋਹਣਿਆ। ਤੇਰੇ ਬਿਨਾ ਸਾਹੀ ਹੁਣ ਮੇਰਾ ਨਾ ਗੁਜਾਰਾ ਵੇ, ਤੂੰ ਹੀ ਬੱਸ ਹੁਣ ਇਕ ਮੇਰਾ ਹੈਂ ਸਹਾਰਾ ਵੇ, ਲੈਜਾ ਤੱਤੜੀ ਨੂੰ ਆ ਕੇ ਤੂੰ ਵੀ ਨਾਲ ਸੋਹਣਿਆ, ਲੜ ਗਈਆਂ ਜਦੋਂ ਦੀਆਂ ਤੇਰੇ ਨਾਲ ਸੋਹਣਿਆ, ਏਨਾ ਅੱਖੀਆਂ ਦਾ ਦੱਸਾਂ ਕੀ ਏ ਹਾਲ ਸੋਹਣਿਆ।

2. ਉਡੀਕ

ਕਿੱਦਾਂ ਵਕਤ ਲੰਘਾਉਨੀ ਆਂ, ਦਿਨੇ ਤੇਰੇ ਲਾਰੇ, ਰਾਤ ਨੂੰ ਤਾਰੇ ਮੈਂ ਗਿਣ ਗਿਣ ਹਾਰੀ, ਏ ਉਮਰ ਗੁਜ਼ਾਰੀ, ਮੈ ਵਾਂਗ ਸ਼ਦਾਈਆਂ ਤਰਲੇ ਕਰਦੀ। ਇਸ ਇਸ਼ਕ ਅਵੱਲੇ ਨੇ, ਕੀਤਾ ਮੈਨੂੰ ਝੱਲਾ, ਤੇਰਾ ਦਿੱਤਾ ਛੱਲਾ ਵੇਖ ਵੇਖ ਰੋਵਾਂ, ਜਦੋਂ ਕੱਲੀ ਹੋਵਾਂ ਏਹ ਲਾਪਰਵਾਹੀਆਂ ਤੇਰੀਆਂ ਜਰਦੀ। ਕੀ ਹਾਲ ਬਣਾਇਆ ਏ, ਲੋਕੀ ਮੈਨੂੰ ਕਹਿੰਦੇ, ਜਦੋਂ ਵੀ ਵੇਂਹਦੇ, ਰਾਸ ਨਾ ਆਈਆਂ, ਤੇਰੇ ਨਾਲ ਲਾਈਆਂ ਬਾਜ਼ੀ ਇਸ਼ਕੇ ਦੀ, ਜਾਵਾਂ ਨਿਤ ਹਰਦੀ। ਸਾਹੀ ਜ਼ਿੰਦਗੀ ਮੁੱਕ ਚੱਲੀ ਤੇਰਾ ਸਾਲ ਨਾ ਮੁੱਕਿਆ, ਵਕਤ ਆ ਢੁੱਕਿਆ ਆਖਰੀ ਸਾਹਾਂ, ਮੈਂ ਕਰਾ ਦੁਆਵਾਂ ਵੇ ਮੈਂ ਮਰਦੀ ਮਰਦੀ। ਮੋਹ ਦੁਨੀਆਂਦਾਰੀ ਦਾ ਰਿਹਾ ਨਾ ਕੋਈ, ਜਦ ਤੋਂ ਤੇਰੀ ਹੋਈ ਮੈਂ ਨਾ ਸਮਝਾਂ, ਤੇਰੀਆਂ ਰਮਜ਼ਾਂ, ਪੱਲੇ ਨਾ ਪੈਣ, ਹਿਜਰ ਵਿਚ ਸੜਦੀ।

3. ਵਿਛੋੜਾ

ਜਦੋਂ ਦੀਆਂ ਤੇਰੇ ਨਾਲ ਅੱਖੀਆਂ ਮੈਂ ਲਾਈਆਂ ਨੇ, ਨੈਣਾਂ ਵਿਚੋਂ ਨੀਂਦ ਗਈ ਏ ਖੋ, ਮੇਰੇ ਸੋਹਣਿਆ ਤੂੰ ਵੀ ਤਾਂ ਰਤੀ ਕੁ ਮੇਰਾ ਹੋ। ਗੈਰਾਂ ਨਾਲ ਲਾਈਆਂ ਤੂੰ ਤਾਂ ਕਦਰਾਂ ਨਾ ਪਾਈਆਂ ਵੇ, ਏਹਨੂੰ ਤਾਂ ਨਈਂ ਕਹਿੰਦੇ ਚੰਨਾ ਮੋਹ। ਸਾਰਾ ਦਿਨ ਤੱਕਦੀ ਆਂ, ਬੂਹੇ ਵਿੱਚ ਖੜ੍ਹ ਕੇ ਖੌਰੇ ਕਿਤੋਂ ਆਵੇਂ ਤੂੰ ਵੀ ਘੋੜੇ ਉੱਤੇ ਚੜ੍ਹ ਕੇ, ਪਰ ਤੇਰੀ ਦੀਦ ਨੇ ਗਿਣਾਏ ਤਾਰੇ ਅੰਬਰਾਂ ਦੇ, ਰਾਤ ਮੁੱਕੀ ਚੜ੍ਹ ਗਈ ਏ ਲੋ। ਮੇਰਿਆ ਸੋਹਣਿਆਂ... ਕੀਤਾ ਸੀ ਤੂੰ ਵਾਅਦਾ ਸਾਥ ਉਮਰਾਂ ਦਾ ਹੋਵੇਗਾ, ਜਿੱਥੇ ਤੂੰ ਖੜ੍ਹੇਂਗੀ ਤੇਰੇ ਨਾਲ ਮੈਂ ਖਲੋਵਾਂਗਾ, ਹੱਸਣਾ ਭੁੱਲੀ ਏ ਜੱਟੀ ਤੇਰੇ ਹੀ ਵਿਜੋਗ ਵਿੱਚ, ਕਮਲੀ ਹੋ ਗਈ ਏ ਰੋ ਰੋ ਮੇਰਿਆ ਸੋਹਣਿਆਂ... ਕਦੋਂ ਸਾਹੀ ਆਵੇਂਗਾ ਤੂੰ ਕਿਹੜਾ ਓਹ ਸਾਲ ਵੇ ਕਦੋਂ ਆ ਕੇ ਵੇਖੇਂਗਾ ਤੂੰ ਮੇਰਾ ਕਿੱਦਾਂ ਹਾਲ ਵੇ, ਅੱਖੀਆਂ ਵਿਚਾਰੀਆਂ ਵੀ ਵੱਸ 'ਚ ਨਾ ਰਹੀਆਂ ਹੁਣ, ਕਚੇ ਕੋਠਿਆਂ ਦੇ ਵਾਂਗੂੰ ਪੈਣ ਚੋ, ਮੇਰੇ ਹਾਣੀਆ ਤੂੰ ਤਾਂ ਰਤੀ ਕੁ ਮੇਰਾ ਹੋ

4. ਸਿਫ਼ਤ

ਓਹਦੇ ਬੁੱਲ੍ਹਾ ਦਾ ਰੰਗ ਗੁਲਾਬੀ ਏ, ਗੱਲਾ ਦੀ ਲਾਲੀ ਨਾਬੀ ਏ,। ਡਿੱਗ ਡਿੱਗ ਪੈਂਦੇ ਚੋਬਰ ਸਾਰੇ, ਨੀਲੇ ਨੈਣ ਵੀ ਕਰਨ ਸ਼ਰਾਬੀ ਏ,। ਓਹ ਹੱਸੇ ਤਾਂ ਕਾਇਨਾਤ ਹੱਸੇ, ਓਹਨੂੰ ਦਿਲ ਵਾਲੀ ਵੀ ਕੌਣ ਦੱਸੇ,। ਬੋਲੀ ਵੀ ਸ਼ਹਦ ਤੋਂ ਮਿੱਠੀ ਏ ਕੋਏਲਾਂ ਦੇ ਅੰਦਰ ਜਾਣ ਡੱਸੇ। ਚਾਲ ਮਾਤ ਪਾਉਂਦੀ ਮੁਰਗਾਬੀ ਨੂੰ, ਜਦ ਤੁਰਦੀ ਗਿੱਲੀਆਂ ਵੱਟਾਂ ਤੇ,। ਭੁੱਲ ਜਾਵਣ ਮਿਣਤੀ ਸੌਦੇ ਦੀ ਜਦੋਂ ਵੇਖਣ ਬਾਣੀਏ ਹੱਟਾਂ ਤੇ,। ਮੈਂ ਵੀ ਪਿੱਛਾ ਪਿਆ ਕਰਦਾ ਹਾਂ, ਦਿਲ ਤੇ ਪੱਥਰ ਧਰਦਾ ਹਾਂ,। ਏਹ ਤਾਂ ਹੁਣ ਓਹਦੀ ਮਰਜੀ ਏ ਪਰ ਏਦਰੋਂ ਹਾਂ ਦੀ ਉਡੀਕ ਕਰਦਾ ਹਾਂ।

5. ਬੇਦਰਦੀ ਸੱਜਣ

ਹਾਲੇ ਵੀ ਥੱਕਿਆ ਨਈ ਮੈਂ ਏਨਾ ਭੀੜਾਂ ਤੋਂ, ਤੂੰ ਕੁਝ ਹੋਰ ਤਰੀਕਾ ਲੱਭ, ਦਿਲ ਨੂੰ ਦਖਾਉਣ ਦਾ, ਰਾਤਾਂ ਨੂੰ ਰਵਾਉਣ ਦਾ,ਕੋਈ ਹੋਰ ਸਲੀਕਾ ਲੱਭ, ਅਜੇ ਤਾਂ ਤੇਰੇ ਤਸ਼ੱਦਦ ਮੈਨੂੰ ਸ਼ੋਇਆ ਵੀ ਨਈ, ਅਜੇ ਤਾਂ ਜਿੰਦਾ ਹਾਂ ਮੈ ਮੋਇਆ ਵੀ ਨਈ, ਵਾਹ ਓਏ ਬੇਦਰਦੀ, ਜਿੰਨੀ ਮਰਜੀ ਲਾ ਵਾਅ ਓਏ ਬੇਦਰਦੀ, ਏਨੇ ਨਾਲ ਹੁਣ ਕੁਝ ਨਈ ਹੋਣਾ, ਤੂੰ ਕੋਈ ਹੋਰ ਤਰੀਕਾ ਲੱਭ ਦਿਲ ਨੂੰ ਦਖਾਉਣ ਦਾ,ਰਾਤਾਂ ਨੂੰ ਰਵਾਉਣ ਦਾ, ਕੋਈ ਹੋਰ ਸਲੀਕਾ ਲੱਭ,। ਮੁਸ਼ਕਿਲਾਂ ਨਾਲ ਤੇ ਹੁਣ ਮੁਹੱਬਤ ਹੋਰ ਗੂੜ੍ਹੀ ਹੋਈ ਜਾਂਦੀ ਏ, ਜਿਦਾ ਕਿਸੇ ਰੁੱਖ ਨਾਲ ਕਿਸੇ ਵੇਲ ਦੀ ਹੋਵੇ, ਮੇਰੇ ਲਈ ਤਾਂ ਏਹ ਸਭ ਜੀਣ ਦਾ ਜਰੀਆ ਏ ਹੁਣ, ਤੇਰੇ ਲਈ ਚਾਹੇ ਗੱਲ ਕਿਸੇ ਖੇਲ ਦੀ ਹੋਵੇ, ਕੀ ਏ ਬੇਇਨਸਾਫੀ ਨਈ ਤੇਰੀ ? ਕੀ ਏ ਗੁਸਤਾਖੀ ਨਈ ਤੇਰੀ?? ਮੇਰੀ ਮੁਸਕਾਨ ਨੂੰ ਮੇਰੀ ਦਲੇਰੀ ਸਮਝੀ ਸੱਜਣਾ ਨਾ ਨਾ ਏ ਮਾਫ਼ੀ ਨਈ ਤੇਰੀ, ਤੂੰ ਕੁੱਝ ਹੋਰ ਤਰੀਕਾ ਲੱਭ, ਦਿਲ ਨੂੰ ਦਖਾਉਣ ਦਾ, ਰਾਤਾਂ ਚ ਰਵਾਉਣ ਦਾ, ਕੋਈ ਹੋਰ ਸਲੀਕਾ ਲੱਭ,

6. ਦੁੱਖ ਲਗਦਾ

ਹੱਕ ਸੱਚ ਦੇ ਨਾਲ ਕਮਾਈ ਦੌਲਤ, ਲਈ ਕੋਈ ਚੋਰ ਜਾਵੇ ਬੜਾ ਦੁੱਖ ਲੱਗਦਾ, ਕੋਮਲ ਨਰਗਸੀ ਕਲੀਆਂ ਦੇ ਬਾਗ਼ ਅੰਦਰ, ਕੇ ਉੱਗ ਥੋਰ ਜਾਵੇ ਬੜਾ ਦੁੱਖ ਲੱਗਦਾ, ਗਾਇਕ ਮਹਿਫਿਲ ਦੇ ਵਿੱਚ ਗਾਏ ਨਜ਼ਮ ਸੋਹਣੀ, ਤੇ ਪਈ ਸ਼ੋਰ ਜਾਵੇ ਬੜਾ ਦੁੱਖ ਲੱਗਦਾ, ਗੁੱਡੀ ਅੱਧ ਅਸਮਾਨੀ ਚੜੀ ਹੋਵੇ, ਤੇ ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦਾ, ਤੇ ਬੜੀ ਮੇਹਨਤ ਦੇ ਨਾਲ ਬਣਾਇਆ ਸੱਜਣ ਸਾਹੀ, ਲਈ ਕੋਈ ਹੋਰ ਜਾਵੇ ਬੜਾ ਦੁੱਖ ਲਗਦਾ।

7. ਬਿਰਹੋਂ ਦੇ ਹੰਝੂ

ਬਿਰਹੋਂ ਦਾ ਰੋਗ ਚੰਦਰਾ, ਰੱਬਾ ਲੱਗ ਨਾ ਕਿਸੇ ਨੂੰ ਜਾਵੇ, ਦੁਆ ਵੀ ਨਈ ਕੰਮ ਕਰਦੀ, ਨਾ ਹੀ ਅਸਰ ਦਵਾ ਵਿਖਾਵੇ, ਤੱਕਦੀਆਂ ਰਹਿਣ ਅੱਖੀਆਂ, ਨਿਗ੍ਹਾ ਵਾਰ ਵਾਰ ਬੂਹੇ ਵੱਲ ਜਾਵੇ, ਟਿਪ ਟਿਪ ਕਹਿਣ ਅੱਥਰੂ ਕਿਤੋਂ ਸੱਜਣ ਮੇਰਾ ਆ ਜਾਵੇ, ਪਾਣੀ ਤੋਂ ਅਲਗ ਹੋ ਕੇ ਮੱਛੀ ਕਿੱਦਾ ਰਹਿੰਦੀ ਏ, ਟੁੱਟੀ ਹੋਈ ਟਾਹਣੀ ਬਿਨਾ ਰੁੱਖ ਕਿੱਦਾ ਰਹਿੰਦੀ ਏ, ਵਿਛੋੜੇ ਨਾਲੋ ਮੌਤ ਆ ਜਾਵੇ, ਦਿਲ ਮੇਰਾ ਇਹੋ ਵਾਰ ਵਾਰ ਚਾਵੇ, ਟਿਪ ਟਿਪ ਕਹਿਣ ਅੱਥਰੂ, ਕਿਤੋਂ ਸੱਜਣ ਮੇਰਾ ਆ ਜਾਵੇ, ਮੰਜਿਲਾ ਦਾ ਰਾਵਾ ਨਾਲ ਰਿਸ਼ਤਾ ਜੋ ਹੁੰਦਾ ਏ, ਜਿੰਦਗੀ ਦਾ ਸਾਹਾ ਨਾਲ ਰਿਸ਼ਤਾ ਜੋ ਹੁੰਦਾ ਏ, ਹਵਾ ਵਿੱਚ ਨਾਲ ਡੋਰ ਦੇ, ਜਿਦਾ ਉੱਡਦੀ ਪਤੰਗ ਵੇਖ ਜਾਵੇ, ਟਿਪ ਟਿਪ ਕਹਿਣ ਅੱਥਰੂ, ਕਿਤੋਂ ਸੱਜਣ ਮੇਰਾ ਆ ਜਾਵੇ, ਕਮਲ ਤੇ ਆ ਕੇ ਦੇਖ ਭੌਰਾ ਜਿਦਾ ਮੁਕਦਾ, ਅੱਗ ਉੱਤੇ ਆ ਕੇ ਪਰਵਾਨਾ ਜਿਦਾ ਮੁਕਦਾ, ਮੈਂ ਪੱਲੇ ਅੱਡ ਅੱਡ ਮੰਗਦੀ, ਸਾਹੀ ਮੌਤ ਚੰਦਰੀ ਨਾਂ ਆਵੇ, ਟਿਪ ਟਿਪ ਕਹਿਣ ਅੱਥਰੂ, ਕਿਤੋਂ ਸੱਜਣ ਮੇਰਾ ਆ ਜਾਵੇ,

8. ਸੱਚ

ਕਈ ਵਾਰੀ ਜਵਾਬ ਨਾਲੋਂ ਚੁੱਪ ਚੰਗੀ ਹੁੰਦੀ ਏ, ਸ਼ੌਰੇ ਚ ਨਈ ਪੱਕਦੀ ਹੁੰਦੀ ਧੁੱਪ ਚੰਗੀ ਹੁੰਦੀ ਏ, ਲਤੜ ਲਤੜ ਕੇ ਜਿਨਾ ਮਰਜੀ ਪਾ ਲੈ ਤੂੜੀ ਨੂੰ, ਭਿੱਜਦੀ ਨਈ ਹੁੰਦੀ ਜਿੱਥੇ ਕੁੱਪ ਚੰਗੀ ਹੁੰਦੀ ਏ,, ਸੁੱਕੀਆਂ ਦੇ ਨਾਲ ਲੱਗ ਗਿੱਲੀ ਬਲ ਜਾਂਦੀ ਏ, ਮਾਂ ਦੀ ਦਲੇਰੀ ਅੱਗੇ ਮੌਤ ਟੱਲ ਜਾਂਦੀ ਏ, ਸਾਬਣ ਤੂੰ ਲਾ ਲਾ ਉਂਝ ਸੈਂਪੂ ਧੋ ਲੈ ਹੱਥਾਂ ਨੂੰ, ਦਿਲ ਚੋ ਤਾਂ ਮੈਲ ਚੰਗੀ ਸੋਚ ਮਲ ਜਾਂਦੀ ਏ, ਵਾਲਾ ਦੇ ਵਿੱਚ ਅਡ਼ਕਾ ਪਈਆਂ, ਪੈਰਾਂ ਦੇ ਵਿਚ ਸ਼ਾਲੇ ਨੇ, ਯਾਰ ਖੁਦਾ ਨੂੰ ਲੱਭਦੇ ਲੱਭਦੇ ਆ ਕੀ ਹਾਲ ਬਣਾ ਲਏ ਨੇ, ਹੰਝੂਆਂ ਦੇ ਨਾਲ ਲੀਕਾ ਬਣੀਆਂ, ਮਾਸ ਵੀ ਖੁਰਿਆ ਚੇਹਰੇ ਤੋਂ, ਉਮਰ ਤੇਰੀ ਹੁਣ ਚਿਖਾ ਦੇ ਨੇੜੇ ਯਾਰ ਨਾ ਮੁੜਿਆ ਤੇਰੇ ਤੋਂ, ਤੇਰੇ ਜਾਣ ਪਿਛੋਂ ਰੂਹ ਤੇ ਤਾਲੇ ਲੱਗ ਗਏ ਨੇ ਭਟਕੇ ਭਟਕੇ ਫਿਰਦੇ ਹਾਂ ਜਾਲੇ ਲੱਗ ਗਏ ਨੇ ਆਉਣ ਨਈ ਕੋਈ ਦਿੱਤਾ ਦਿਲ ਵਾਲੇ ਦਰ ਦੇ ਅੰਦਰ, ਰੋ ਰੋ ਹੰਝੂਆਂ ਦੇ ਸਾਹੀ ਪਰਨਾਲੇ ਵੱਗ ਗਏ ਨੇ

9. ਅਜ਼ਾਦੀ

ਸੁਣਿਆ ਅੱਜ ਦਿਨ ਹੈ ਅਜ਼ਾਦੀ ਦਾ, ਕਈਆਂ ਲਈ ਖੁਸ਼ੀ ਤੇ ਕਈਆਂ ਦੀ ਬਰਬਾਦੀ ਦਾ, ਮੈਂ ਕਿੱਦਾ ਭੁੱਲਾ ਪਿੰਡ ਜੰਡੂ ਸਾਹੀ ਸੀ ਡੇਰਾ, ਤਹਿਸੀਲ ਸੀ ਡਸਕਾ ਤੇ ਜਿਲਾ ਸਿਆਲਕੋਟ ਮੇਰਾ, ਰਾਤ ਕਿੱਥੇ ਭੁੱਲਦੀ ਸੁਨੇਹਾ ਜਦੋਂ ਆਇਆ ਸੀ, ਛੱਡ ਦਿਓ ਘਰ ਤੁਸੀ ਕਹਿੰਦਾ ਹਮਸਾਇਆ ਸੀ, ਸੋਚ ਸੋਚ ਸਭ ਦੀਆਂ ਅੱਖਾਂ ਹੋਈਆਂ ਸਿੱਲੀਆਂ ਰੋਂਦੀਆਂ ਸੀ ਮਝਾਂ ਗਾਵਾਂ ਰੋਣ ਕਿਲੇ ਕਿੱਲੀਆਂ, ਬਰਕਤ ਸ਼ਰੀਫ਼ ਤੇ ਸਾਧੂ ਜਹੇ ਯਾਰਾਂ ਨੂੰ, ਛੱਡ ਆਏ ਪਿੰਡ ਨਾਲੇ ਸਭ ਮੌਜ ਬਹਾਰਾਂ ਨੂੰ, ਜੇਹੜੇ ਸੀ ਕਰੀਬ ਓਹੀ ਦੂਰ ਹੋਈ ਜਾਂਦੇ ਸੀ, ਆਪਣੇ ਹੀ ਆਪਣਿਆਂ ਨੂੰ ਵੱਢ ਵੱਢ ਖਾਂਦੇ ਸੀ, ਸਿਆਸਤ ਸੀ ਅਮੀਰਾਂ ਦੀ, ਗਰੀਬਾਂ ਦੀ ਤਾਂ ਜਾਨ ਸੀ, ਹਰ ਪਾਸੇ ਦਿਸਦਾ ਲਾਸ਼ਾ ਦਾ ਸ਼ਮਸ਼ਾਨ ਸੀ, ਲਾਸ਼ਾ ਉਤੋਂ ਦੇਖੇ ਜਦੋਂ ਲੰਘਦੇ ਓਹ ਗੱਡੇ ਸੀ, ਕਈਆਂ ਤਾਂ ਨਿਆਣੇ ਓਦੋਂ ਆਪ ਵੱਢ ਛੱਡੇ ਸੀ, ਕਈ ਦਿਨ ਲੱਗੇ ਆਉਂਦੇ ਡੇਰੇ (ਡੇਰਾ ਬਾਬਾ ਨਾਨਕ )ਸਾਨੂੰ ਤੁਰ ਕੇ, ਸੋਚਦੇ ਸੀ ਕਦੋਂ ਜਾਣਾ ਪਿੱਛੇ ਆਪਾ ਮੁੜ ਕੇੇ, ਕਈਆਂ ਨੂੰ ਗਵਾਇਆ ਜੇਹੜੇ ਆਪਣੇ ਅਜ਼ੀਜ਼ ਸੀ, ਕੈਸੀ ਏ ਅਜ਼ਾਦੀ ਜੋ ਗਵਾਚੀ ਲਭੀ ਚੀਜ਼ ਸੀ ਵੰਡਿਆ ਨਾ ਗਿਆ ਭਾਰਤ, ਵੰਡ ਸੀ ਪੰਜਾਬ ਦੀ, ਲੜਾਈ ਨਾ ਗੁਲਾਮੀ ਦੀ ਸੀ, ਏ ਤਾਂ ਸਾਹੀ ਸੀ ਖਿਤਾਬ ਦੀ ਏ ਤਾਂ ਸਾਹੀ ਸੀ ਖਿਤਾਬ ਦੀ

10. ਦਿਲ ਕਿ ਅੱਖ?

ਪਤਾ ਨੀ ਕਿਉਂ ਐਵੇਂ ਕੱਲ੍ਹ ਦਾ, ਦਿਲ ਮੇਰੀ ਨਹੀਂਓਂ ਮੰਨਦਾ, ਪੁੱਛੀਏ ਤਾਂ ਦਸਦਾ ਵੀ ਨਈਂ, ਏਦੇ ਦਿਲ ਵਿਚ ਕੀ ਏ ਚਲਦਾ ਮੰਨਿਆਂ ਕਿ ਹੋਈ ਗਲਤੀ, ਅੱਖੀਆਂ ਤੋਂ ਜਾਣ ਬੁੱਝ ਕੇ ਸੋਚੇ ਬਿਨਾ ਬੂਹਾ ਖੋਲ੍ਹਿਆ, ਵਾਜ਼ ਵੀ ਨਾ ਦਿੱਤੀ ਪੁੱਜ ਕੇ ਕੈਸੀ ਗੁਸਤਾਖੀ ਹੋ ਗਈ,ਕਰ ਕੇ ਦੀਦਾਰ ਚੰਨ ਦਾ, ਪਤਾ ਨੀ ਕਿਉਂ ਐਵੇਂ ਕੱਲ੍ਹ ਦਾ,ਦਿਲ ਮੇਰੀ ਨਹੀਂਓਂ ਮੰਨਦਾ, ਪੁੱਛੀਏ ਤਾਂ ਦਸਦਾ ਵੀ ਨਈਂ,ਏਦੇ ਦਿਲ ਵਿਚ ਕੀ ਏ ਚਲਦਾ ਸਾਰਿਆਂ ਤੋਂ ਅੱਡ ਹੋ ਗਏ, ਕੱਲੇ ਕੱਲੇ ਰਹਿਣ ਲਗ ਪਏ ਇਸ਼ਕਪੁਣੇ ਚ ਲੋਕ ਵੀ, ਝੱਲੇ ਝੱਲੇ ਕਹਿਣ ਲਗ ਪਏ ਕਿੱਥੇ ਜਾ ਕੇ ਗੱਲ ਮੁੱਕਣੀ, ਪਤਾ ਨਹੀਂਓਂ ਓਸ ਸੰਨ ਦਾ, ਪਤਾ ਨੀ ਕਿਉਂ ਐਵੇਂ ਕੱਲ੍ਹ ਦਾ,ਦਿਲ ਮੇਰੀ ਨਹੀਂਓਂ ਮੰਨਦਾ, ਪੁੱਛੀਏ ਤਾਂ ਦਸਦਾ ਵੀ ਨਈਂ,ਏਦੇ ਦਿਲ ਵਿਚ ਕੀ ਏ ਚਲਦਾ ਅੱਜਕਲ੍ਹ ਗੱਲਾ ਕਰਦੇ, ਗੱਲਾਂ ਕਰਦੇ ਬਾਗਾਂ ਚ ਫੁੱਲ ਕਲੀਆਂ, ਭੌਰਿਆਂ ਨੂੰ ਸ਼ੱਕ ਹੋ ਗਿਆ, ਤਾਂਹੀ ਜਾਪਦਾ ਓਨ੍ਹਾਂ ਨੇ ਅੱਖਾਂ ਮਲੀਆਂ, ਕਦੀ ਕਦੀ ਡਰ ਲਗਦਾ, ਡਰ ਲਗਦੈ ਕਸੂਤੇ ਛੱਲ ਦਾ, ਪਤਾ ਨੀ ਕਿਉਂ ਐਵੇਂ ਕੱਲ੍ਹ ਦਾ,ਦਿਲ ਮੇਰੀ ਨਹੀਂਓਂ ਮੰਨਦਾ, ਪੁੱਛੀਏ ਤਾਂ ਦਸਦਾ ਵੀ ਨਈਂ,ਏਦੇ ਦਿਲ ਵਿਚ ਕੀ ਏ ਚਲਦਾ ਅੰਬਰਾਂ ਦੇ ਤਾਰੇ ਪੁੱਛਦੇ, ਕਿਹੜਾ ਬੈਠ ਕੇ ਸਾਡੇ ਨਾਲ ਗੱਲਾਂ ਕਰਦੈ, ਬੱਦਲਾਂ ਨੂੰ ਦੇਵੇ ਝਿੜਕਾਂ, ਅਖੇ ਆਣ ਕੇ ਵਿਚਾਲੇ ਸਾਡੇ ਖੜਦੈ, ਚੇਹਰਾ ਤਾਂ ਉਦਾਸ ਲਗਦਾ, ਲੱਗੇ ਆਸ਼ਿਕਾਂ ਦੇ ਦੇਸ਼ ਵੱਲ ਦਾ, ਪਤਾ ਨੀ ਕਿਉਂ ਐਵੇਂ ਕੱਲ੍ਹ ਦਾ,ਦਿਲ ਮੇਰੀ ਨਹੀਂਓਂ ਮੰਨਦਾ, ਪੁੱਛੀਏ ਤਾਂ ਦਸਦਾ ਵੀ ਨਈਂ,ਏਦੇ ਦਿਲ ਵਿਚ ਕੀ ਏ ਚਲਦਾ ਸਾਹੀ ਤਾਂ ਉਡੀਕ ਕਰਦਾ, ਕਦ ਅਉਣੀਆ ਵਸਲ ਦੀਆ ਘੜੀਆਂ, ਦਿਲ ਵਿਚ ਚਾਅ ਨੇ ਰੱਜ ਕੇ, ਓਹਨੇ ਪਾਲੀਆਂ ਨੇ ਰੀਝਾਂ ਨਾਲੇ ਬੜੀਆਂ, ਆਖਰੀ ਸਾਹਾਂ ਦੇ ਤੱਕ ਓਹ, ਵੇਖੀਂ ਤੇਰੇ ਨਾਲ ਚੱਲਦਾ, ਪਤਾ ਨੀ ਕਿਉਂ ਐਵੇਂ ਕੱਲ੍ਹ ਦਾ,ਦਿਲ ਮੇਰੀ ਨਹੀਂਓਂ ਮੰਨਦਾ, ਪੁੱਛੀਏ ਤਾਂ ਦਸਦਾ ਵੀ ਨਈਂ,ਏਦੇ ਦਿਲ ਵਿਚ ਕੀ ਏ ਚਲਦਾ

11. ਕਮਾਲ

ਕਮਾਲ ਹੋਈ ਏ ਕੱਚੀਆਂ ਦੇ ਤਾਂ ਬਾਲੇ ਖੁਰਨੋਂ ਰਹਿ ਗਏ ਸੀ, ਪੱਕੀਆਂ ਤੇ ਤਰਪਾਲਾਂ ਪਾਈ ਜਾਂਦੇ ਨੇ, ਜੀਂਦੇ ਜੀਅ ਨਾ ਪੁੱਛਿਆ ਹਾਲ ਬਜ਼ੁਰਗਾਂ ਦਾ, ਮਰਨ ਪਿਛੋਂ ਫੇਰ ਮਾਲਾ ਪਾਈ ਜਾਂਦੇ ਨੇ, ਕਈ ਕਰਦੇ ਨੇ ਸਿਜਦਾ ਚੜ੍ਹਦੇ ਸੂਰਜ ਨੂੰ, ਕਈ ਏਸੇ ਲਈ ਤਿਰਕਾਲਾਂ ਪਾਈ ਜਾਂਦੇ ਨੇ, ਡਰਦੇ ਨੇ ਕਈ ਟੰਗਦੇ ਨੀਂਬੂ ਮਰਚਾਂ ਨੂੰ, ਕਈ ਗੱਲ੍ਹ ਤੇ ਟਿੱਕਾ ਕਾਲਾ ਲਾਈ ਜਾਂਦੇ ਨੇ, ਰੱਬ ਦਾ ਘਰ ਤਾਂ ਸਾਹੀ ਸਭ ਦਾ ਸਾਂਝਾ ਸੀ, ਪਰ ਅੱਜਕਲ੍ਹ ਘਰ ਓਹਦੇ ਨੂੰ ਤਾਲਾ ਲਾਈ ਜਾਂਦੇ ਨੇ, ਕੀ ਲਿਖਦਾ ਹਾਂ ਸਮਝ ਕਈਆਂ ਨੂੰ ਘੱਟ ਆਵੇ, ਉਂਝ ਕੁਝ ਯਾਰ ਧਮਾਲਾਂ ਪਾਈ ਜਾਂਦੇ ਨੇ,

12. ਇਜ਼ਾਜ਼ਤ

ਅੱਛਾ ਠੀਕ ਹੈ ਹੁਣ ਨਈ ਵਾਜ ਮਾਰਨੀ, ਜਾ ਐਸ਼ ਕਰ ਸਾਡੇ ਵਲੋਂ ਹੁਣ ਛੁੱਟੀਆਂ ਨੇ, ਹਰ ਵਾਰੀ ਤੂੰ ਗਲਤੀ ਕਰ ਕੇ ਮੰਨਦਾ ਨਈ, ਲਿਫੀਆਂ ਨਾ ਜੋਂ ਝੱਖੜਾਂ ਦੇ ਵਿਚ ਟੁੱਟੀਆਂ ਨੇ, ਜੇ ਕੋਈ ਪੁੱਛੇ ਅੱਖੀਆਂ ਕਿਉਂ ਨੇ ਲਾਲ ਹੋਈਆਂ, ਆਖ ਦਿਆਂਗੇ ਮਿਰਚਾਂ ਅਸੀਂ ਵੀ ਕੁੱਟੀਆਂ ਨੇ, ਛੱਡ ਕੇ ਸੱਜਣਾਂ ਤਾਨੇ ਬੇਵਫਾਈਆਂ ਤੂੰ, ਦਿਲ ਦੀਆਂ ਰੀਝਾਂ ਦਿਨੇ ਦੁਪਹਿਰੇ ਲੁੱਟੀਆਂ ਨੇ, ਹੱਥੀਂ ਚਾੜ ਕੇ ਵੇਲ਼ਾ ਅੰਬਰੀ ਇਸ਼ਕ ਦੀਆਂ ਆਪਣੇ ਹੱਥੀਂ ਜੜ ਤੋਂ ਆਖਿਰ ਪੁੱਟੀਆਂ ਨੇ ਯਾਦ ਰੱਖੀ ਪਾਣੀ ਮਿਲਦਾ ਜੜ ਤੋਂ ਰੁੱਖਾਂ ਨੂੰ, ਲਗਰਾ ਚਾਹੇ ਹਜਾਰ ਟਾਹਣੀ ਤੋਂ ਫੁੱਟੀਆਂ ਨੇ ਸਾਹੀ ਤੈਨੂੰ ਯਾਦ ਰਹੂ ਏਹ ਪੱਕਾ ਏ, ਤੂੰ ਭਾਵੇਂ ਚਿੱਠੀਆਂ ਪਾੜ ਵਗਾਹ ਕੇ ਸੁੱਟੀਆਂ ਨੇ

13. ਏਦਾ ਨਾਂ ਕਰੀ

ਚੁੱਕ ਤੇ ਲੱਗ ਕੇ ਸੱਜਣਾਂ ਵੇ ਤੂੰ ਗੈਰਾ ਦੀ, ਬਦਲ ਲਈ ਨਾ ਝਾਂਜਰ ਆਪਣੇ ਪੈਰਾਂ ਦੀ। ਬੇਸ਼ਕ ਜਾਪੇ ਹੌਲੀ ਖੜਕਾ ਘੱਟ ਕਰੇ, ਪਰ ਏ ਸਮਝੀ ਪਿਆਰ ਹੈ ਕੀਮਤ ਕਹਿਰਾਂ ਦੀ। ਛੱਡ ਦੇ ਨਈ ਜਮੀਨ, ਕਿਨਾਰੇ ਆਪਣੀ ਨੂੰ, ਗੱਲ ਨਈ ਕਰਦਾ ਮੈਂ ਝੂਠੀਆਂ ਲਹਿਰਾਂ ਦੀ। ਉੰਝ ਤਾਂ ਰੱਬ ਦਾ ਨਾਮ ਜਦੋਂ ਜੀ ਮਰਜੀ ਲੈ, ਅਖੇ, ਛੇਤੀ ਪਹੁੰਚੇ ਅਰਜੀ ਪਹਿਲੇ ਪਹਿਰਾ ਦੀ। ਪਿੰਡ ਵਿੱਚ ਰਹਿੰਦਾ ਸਾਹੀ ਬੁੱਲੇ ਲੁੱਟਦਾ ਏ, ਹਵਾ ਰਾਸ ਨਾ ਆਵੇ ਵੱਡਿਆਂ ਸ਼ਹਿਰਾਂ ਦੀ। ਵੈਸੇ ਤਾਂ ਨਈ ਸ਼ਾਮ ਸਵੇਰੇ ਹੱਥ ਆਉਂਦਾ, ਪਰਛਾਵਾਂ ਵੀ ਲੱਭਦਾ ਛਾਂ ਦੁਪਹਿਰਾਂ ਦੀ।

14. ਪਿਆਰ

ਤੂੰ ਕੋਲ ਹੋਵੇ ਤਾਂ ਇੰਜ ਲਗਦਾ, ਅਸਮਾਨ ਕਲਾਵੇ ਭਰ ਲਿਆ ਏ, ਉਂਗਲਾਂ ਨਾਲ ਉੱਪਰ ਨਾਮ ਲਿਖ ਕੇ, ਚੰਨ ਤਾਰਾ ਨਾਂਵੇ ਕਰ ਲਿਆ ਏ, ਕਿਉਂ ਕਾਲ ਕਰੇ ਤੂੰ ਜਾਣੇ ਦੀ ਅਸੀ ਰੱਜ ਕੇ ਤੈਨੂੰ ਤੱਕਿਆ ਨਾ, ਸਾਡਾ ਇਸ਼ਕ ਸਮੁੰਦਰ ਸਬਰਾ ਦਾ, ਹੁਣ ਸੱਜਣਾਂ ਜਾਵੇ ਡੱਕਿਆ ਨਾ, ਕਿੰਝ ਕਰਾ ਬਿਆਂ ਮੈਂ ਬੁੱਲਾਂ ਤੋਂ, ਤਿੰਨ ਲਫ਼ਜ਼ ਵੀ ਭਾਰੇ ਲੱਗਦੇ ਨੇ, ਤੇਰੇ ਗੱਲਾ ਦੇ ਵਿਚ ਟੋਏ ਜੇਹੜੇ ਸਾਨੂੰ ਦਿਨੇ ਦੁਪਹਿਰੇ ਠੱਗਦੇ ਨੇ, ਸਾਨੂੰ ਪਾਉਣ ਝਕਾਨੀ ਸੱਪਾਂ ਦੀ, ਮੁੱਖ ਤੇ ਜੋ ਜੁਲਫਾਂ ਦੇ ਛੱਲੇ ਨੇ, ਸਦੀਆਂ ਤੋਂ ਆਸ਼ਕ ਪਾਗਲ਼ ਸੀ ਤੇ ਅੱਜ ਵੀ ਸਾਹੀ ਝੱਲੇ ਨੇ,

15. ਸਿੱਖ

ਬਲਦੀ ਤੇ ਛੱਡ ਤੇਲ ਪਾਉਣਾ , ਨਫ਼ਰਤ ਦੀ ਅੱਗ ਬਜਾਉਣਾ ਸਿੱਖ, ਪਲ ਪਲ ਵਿਚ ਵੱਟ ਲੈਣਾ ਮੂੰਹ ਲੜ ਕੇ, ਕਦੀ ਰੁੱਸਿਆਂ ਨੂੰ ਮਨਾਉਣਾ ਸਿੱਖ, ਦੇਣ ਜੋ ਠੰਡੀਆਂ ਛਾਵਾਂ , ਸਾਫ ਹਵਾਵਾਂ ਤੈਨੂੰ, ਓਹ ਰੁੱਖ ਮਿੱਟੀ ਵਿਚ ਲਾਉਣਾ ਸਿੱਖ, ਰੋਂਦੇ ਨੂੰ ਦੇਖ ਨਾ ਮੂੰਹ ਮੋੜੀ, ਕਦੀ ਉਸ ਵਿਚਾਰੇ ਨੂੰ ਹਸਾਉਣਾ ਸਿੱਖ, ਸਿੱਖ ਸਾਹੀ ਕਿੱਦਾ ਪਹਿਚਾਣ ਬਣਦੀ ਵਿੱਚ ਦੁਨੀਆ ਦੇ, ਆਲਸ ਨੂੰ ਵਿਚ ਬਾਜ਼ੀ ਜ਼ਿਦ ਹਰਾਉਣਾ ਸਿੱਖ,

16. ਹਿੰਮਤੀ

ਓ ਮੰਜਿਲਾਂ ਤੇ ਕਦੀ ਪਹੁੰਚਦੇ ਨਾਂ, ਜੇਹੜੇ ਤੁਰਨ ਵੇਲੇ ਹੀ ਥੱਕ ਜਾਂਦੇ, ਜਜ਼ਬੇ ਹੋਣ ਤਾਂ ਨਤੀਜੇ ਮਿਲ ਜਾਂਦੇ, ਉਂਝ ਬਿਨ ਸਬਰਾਂ ਤੋਂ ਲੱਖਾਂ ਅੱਕ ਜਾਂਦੇ, ਲੋਹਾ ਲੱਗਦਾ ਪਾਰ ਨਾਲ ਜੁੜ ਕੇ ਲੱਕੜ, ਬਿਨਾ ਜੁੜੇ ਤਾਂ ਹੋ ਵੱਖੋ ਵੱਖ ਜਾਂਦੇ , ਪਨਕ ਲੱਗ ਜਾਏ ਕੇ ਏਥੇ ਖਤਰਾ ਏ, ਸ਼ੇਹਦ ਪੀ ਕੇ ਰਾਤਾਂ ਚ ਉੱਡ ਮੱਖ ਜਾਂਦੇ, ਹੁੰਦੀ ਪਹਿਚਾਣ ਦੂਰੋਂ ਪੱਗ ਸਰਦਾਰ ਦੀ ਤੋਂ, ਉਂਝ ਭੀੜ ਚ ਤੁਰਦੇ ਲੱਖ ਜਾਂਦੇ , ਆਪ ਪੱਕ ਕੇ ਡਿੱਗੇ ਦਾ ਮਜ਼ਾ ਹੋਰ ਹੁੰਦਾ, ਅੰਬ ਨਾਲ ਦਵਾਈ ਦੇ ਤਾਂ ਪੱਕ ਜਾਂਦੇ , ਜਿਨਾ ਦੇ ਦਿਲ ਚ ਕੌਮ ਦਾ ਪਿਆਰ ਹੁੰਦਾ, ਸਿਰ ਦੇ ਕੇ ਇਜ਼ਤਾਂ ਰੱਖ ਜਾਂਦੇ

17. ਫ਼ਿਕਰ ਨਾ ਕਰ

ਫ਼ਿਕਰ ਨਾ ਕਰ ਸਾਹੀ ਏਥੇ ਕਰਾਮਾਤਾਂ ਹੁੰਦੀਆਂ ਨੇ, ਸੂਰਜ ਅੱਗੇ ਵੱਸ ਨਾ ਚਲਦਾ ਉਂਝ ਕਾਲੀਆਂ ਰਾਤਾਂ ਹੁੰਦੀਆਂ ਨੇ, ਜਿਸ ਦਿਨ ਆਇਆ ਵਕਤ ਮਾਰ ਕੇ ਤੇਰੇ ਲਈ ਲਲਕਾਰਾ, ਦੇਖੀ ਕੱਢ ਦਊ ਕਸਰਾਂ ਰਹਿਦੀਆਂ ਹਾਲ ਬਦਲ ਜਾਊ ਸਾਰਾ, ਬਣੂ ਹਕੀਕ਼ਤ ਸੁਫ਼ਨੇ ਵਿੱਚ ਜੋ ਮੁਲਾਕਾਤਾਂ ਹੁੰਦੀਆਂ ਨੇ, ਸੂਰਜ ਅੱਗੇ ਵੱਸ ਨਾ ਚਲਦਾ ਉਂਝ ਕਾਲੀਆਂ ਰਾਤਾਂ ਹੁੰਦੀਆਂ ਨੇ ,,,

18. ਦਿੱਲੀ

ਨਾ ਕੋਈ ਹਿੰਦੂ ਸਿੱਖ ਨਾ ਕੋਈ ਮੁਸਮਾਨ ਈ, ਓਹ ਅੱਲਾ ਦੇ ਬੰਦਿਆਂ , ਮੂਹਰੇ ਵੀ ਇਨਸਾਨ ਈ, ਰੰਗ ਲਹੂ ਦਾ ਲਾਲ ਤੇਰਾ ਏ, ਓਹਦਾ ਵੀ ਲਾਲ ਈ, ਸਮਝ ਕਿਉਂ ਨਾਂ ਆਏ ਤੈਨੂੰ, ਸਰਕਾਰਾਂ ਦੀ ਚਾਲ ਈ

19. ਏਦਾ ਹੁੰਦਾ

ਦਿਲ ਜੇਕਰ ਬੇਨਕਾਬ ਹੁੰਦੇ , ਤਾਂ ਕੀ ਕੀ ਯਾਰਾ ਫਸਾਦ ਹੁੰਦੇ, ਤੂੰ ਭੁੱਲਣ ਦਾ ਨਾ ਰਾਹ ਲੱਭਦਾ, ਅਸੀ ਅੱਜ ਵੀ ਤੈਨੂੰ ਯਾਦ ਹੁੰਦੇ, ਜਾਂ ਤੂੰ ਜਾਂ ਮੈਂ ਆਬਾਦ ਹੁੰਦੇ , ਜਾਂ ਦੋਨੋ ਬਰਬਾਦ ਹੁੰਦੇ , ਤੈਨੂੰ ਵੀ ਪਤਾ ਏ ਲੱਗ ਜਾਂਦਾ , ਕੀ ਫ਼ਕ਼ੀਰ ਕੀ ਸਾਦ ਹੁੰਦੇ , ਸਾਹੀ ਦੱਸਣ ਦੀ ਨਾ ਲੋੜ ਪੈਂਦੀ, ਬੱਸ ਜੋਂ ਹੁੰਦੇ ਤੇਰੇ ਬਾਅਦ ਹੁੰਦੇ,

20. ਤਸਵੀਰ

ਦੁਨੀਆਂ ਤਾਂ ਰਹੀ ਸਾਨੂੰ ਤਾਨੇ ਮਾਰਦੀ, ਜੋ ਲੱਗੇ ਸਾਡੀ ਹਿੱਕ ਤੇ ਤੀਰ ਬਣਕੇ, ਏਨਾ ਕੌੜਿਆਂ ਲਫਜ਼ਾ ਨੂੰ ਰੱਖਿਆ ਸਾਂਭ ਹਰ ਪਲ, ਨਾ ਬਾਹਰ ਨਿਕਲੇ ਅੱਖਾਂ ਚੋਂ ਨੀਰ ਬਣ ਕੇ, ਲੱਖ ਮੁਸ਼ਕਿਲਾਂ ਆਈਆਂ ਜਦ ਸਾਡੇ ਅੱਗੇ, ਅਸੀਂ ਓਹਨਾ ਲਈ ਲਛਮਣ ਲਕੀਰ ਬਣ ਗਏ, ਮੇਹਨਤ ਕੀਤੀ ਨੂੰ ਲੱਗੇ ਅੱਜ ਚੰਨ ਚਾਰ, ਤਾਂਹੀ ਅਸੀ ਅੱਜ ਰੰਕ ਤੋਂ ਵਜੀਰ ਬਣ ਗਏ, ਸਾਹੀ ਮੰਨਦੇ ਨੇ ਅੱਜ ਲੋਕ ਤਾਂਹੀ ਸਾਨੂੰ, ਜੋ ਘਰ ਘਰ ਦੀ ਕੰਧ ਤੇ ਤਸਵੀਰ ਬਣ ਗਏ ।

21. ਅਸਲ ਸ਼ਹੀਦ

ਮੱਥਾ ਜੇਹੜੇ ਜਾਲਮ ਹਕੂਮਤਾਂ ਨਾ ਲਾਉਂਦੇ ਨੇ, ਦੁਨੀਆਂ ਚ ਨਾਮ ਸਦਾ ਓਹੀ ਚਮਕਾਉਂਦੇ ਨੇ, ਮਰਦੇ ਨਈ ਕਦੀ ਭਾਵੇਂ ਲੱਖ ਜਾਣ ਮਾਰੇ ਉਹ, ਅਮਰ ਸ਼ਹੀਦ ਸਦਾ ਓਹੀ ਅਖਵਾਉਂਦੇ ਨੇ, ਦੁਨੀਆਂ ਦੀ ਮੰਡੀ ਵਿੱਚ ਵਿਕਦੇ ਨਈ ਕਦੀ ਓਹ, ਅਣਮੁੱਲੀ ਕੀਮਤ ਸਦਾ ਈ ਓਹ ਪਾਉਂਦੇ ਨੇ, ਚੜ ਗਏ ਚੜਖੜੀਆਂ ਤੇ ਆਰਿਆਂ ਨਾ ਚੀਰੇ ਗਏ, ਮਤੀਦਾਸ ਮਨੀ ਸਿੰਘ ਬੰਦ ਬੰਦ ਕਟਵਾਉਂਦੇ ਨੇ, ਧਰਮ ਲਈ ਜਿੰਨਾ ਨੇ ਜਿਉਣਾ ਸਦਾ ਸਿੱਖਿਆ ਏ, ਰੰਬੀ ਨਾਲ ਕੇਸਾਂ ਦੀ ਥਾਂ ਖੋਪੜ ਲਹਾਂਉਦੇ ਨੇ, ਤਾਰੂ ਸਿੰਘ ਵਰਗੇ ਵੀ ਯੋਧੇ ਨਿਤ ਜੰਮਣੇ ਨਈ, ਖੋਪੜ ਲਹਾ ਕੇ ਵੀ ਜੇਹੜੇ ਮਸਕਰਾਉਂਦੇ ਨੇ, ਮੇਰੇ ਨਾਲੋ ਮੌਤ ਪਹਿਲਾਂ ਤੇਰੀ ਅਉਣੀ ਵੈਰੀਆ, ਜੁੱਤੀਆਂ ਨਾ ਵੈਰੀ ਨੂੰ ਫੇਰ ਮੂਰੇ ਓਹ ਲਾਉਂਦੇ ਨੇ, ਪਹਿਲਾਂ ਸੀ ਬੈਰਾਗੀ ਜੇਹੜੇ ਮਾਦੋਦਾਸ ਵਰਗੇ ਵੀ, ਬੰਦਾ ਬਣ ਫੇਰ ਓਹ ਸਰਹਿੰਦ ਖੜਕਾਉਂਦੇ ਨੇ, ਡੋਲਿਆ ਨੀ ਬੰਦਾ ਸਿੰਘ ਜੁਲਮੀ ਹਕੂਮਤ ਅੱਗੇ, ਭਾਵੇਂ ਦਿਲ ਪੁੱਤ ਦਾ ਓਹ ਮੂੰਹ ਵਿੱਚ ਪਾਉਂਦੇ ਨੇ, ਰਾਜੇ ਤਾਂ ਏ ਦੁਨੀਆਂ ਚ ਹੋਏ ਭਾਵੇ ਲੱਖਾਂ, ਸ਼ੇਰ ਏ ਪੰਜਾਬ ਰਣਜੀਤ ਜਏ ਅਖਵਾਉਂਦੇ ਨੇ, ਡਰਨਾ ਤਾਂ ਕੀ ਸੀ ਕੋਲੋਂ ਗੋਰਿਆਂ ਦੇ ਓਹਨਾ, ਓਹ ਤਾਂ ਪੰਜਾਬ ਨੂੰ ਹੀ ਅਫ਼ਗ਼ਾਨਿਸਤਾਨ ਨਾਲ ਲਾਉਂਦੇ ਨੇ, ਓਹਨਾ ਦਾ ਵੀ ਨਾਮ ਸਦਾ ਰਹੂ ਜਿੰਦਾ ਜੱਗ ਉੱਤੇ, ਉਮਰਾਂ ਵਡੇਰੀਆਂ ਚ ਜੋ ਖੰਡਾਂ ਖੜਕਾਉਂਦੇ ਨੇ, ਸੀਸ ਭਾਵੇਂ ਕੱਟ ਹੋਜੇ ਕੋਈ ਪਰਵਾਹ ਨਾਹੀਂ, ਬਿਨਾ ਸੀਸ ਦੀਪ ਸਿੰਘ ਵੈਰੀ ਨੂੰ ਮਕਾਉਂਦੇ ਨੇ, ਕੱਲ ਦੀਆਂ ਗੱਲਾਂ ਅਜੇ ਭਗਤ ਸਿਓਂ ਸਰਾਭੇ ਦੀਆਂ, ਹੱਸ ਕੇ ਜੋ ਰੱਸੇ ਗਲ ਫਾਂਸੀਆਂ ਦੇ ਪਾਉਂਦੇ ਨੇ , ਗੋਲੀਆਂ ਚਲਾ ਕੇ ਵੈਰੀ ਭੱਜਿਆ ਮੈਦਾਨੋਂ, ਲੰਡਨ ਚ ਹੱਥ ਉੱਦਮ ਸਿੰਘ ਦੇ ਓਹ ਆਉਂਦੇ ਨੇ, ਭੁੱਲਿਆਂ ਨਈ ਸਾਕਾ ਸਾਨੂੰ ਜੱਲਿਆਂ ਦੇ ਬਾਗ ਵਾਲਾ, ਗੋਲੀ ਫੇਰ ਡਾਇਰ ਦੀ ਓਹ ਹਿਕ ਚ ਚਲਾਉਂਦੇ ਨੇ, ਅੰਮ੍ਰਿਤ ਛਕਾ ਕੇ ਨਾਲੇ ਸਿੰਘ ਸਜਾ ਕੇ, ਚਿੜੀਆਂ ਦੇ ਨਾਲ ਜੇਹੜੇ ਬਾਜਾ ਨੂੰ ਲੜਾਉਂਦੇ ਨੇ, ਹੀਰਿਆਂ ਨਾਲ ਜੜੇ ਜੇਹੜੇ ਪਲੰਗਾਂ ਉੱਤੇ ਸਾਉਂਦੇ ਹੋਣ, ਭਾਣਾ ਮੰਨ ਟਿੰਡ ਦਾ ਸਿਰਹਾਣਾ ਵੀ ਓਹ ਲਾਉਂਦੇ ਨੇ, ਧਰਮ ਨੂੰ ਬਚਾਉਣ ਲਈ ਜੇਹੜਾ ਵਾਰ ਪਰਿਵਾਰ ਦਵੇ, ਬਾਜਾ ਵਾਲੇ ਓਹ ਤਾਂ ਸਰਬੰਸਦਾਨੀ ਅਖਵਾਉਂਦੇ ਨੇ, ਅੱਜਕਲ ਕਿੱਥੇ ਨੇ ਉਹ ਸੂਰਮੇ ਸ਼ਹੀਦ ਸਾਹੀ , ਨਾਮ ਆਪਣਾ ਜੋ ਇਤਿਹਾਸ ਚ ਲਿਖਾਉਂਦੇ ਨੇ, ਜਿੱਤਣ ਦੀ ਰੱਖਦੇ ਨੇ ਆਦਤ ਹਮੇਸ਼ਾ ਜੇਹੜੇ, ਹਾਰ ਕੇ ਵੀ ਮੋਰਚੇ ਓਹ ਫਤਿਹ ਕਰਵਾਉਂਦੇ ਨੇ

22. ਅਣਜਾਣਪੁਣਾ

ਸ਼ਾਇਦ ਮੈਥੋਂ ਔਕਾਤ ਤੋਂ ਵਧੇਰੇ ਮੰਗ ਹੋ ਗਿਆ, ਮੇਰੇ ਲਈ ਏ ਦਰ ਤੇਰਾ ਤਾਂਹੀ ਤੰਗ ਹੋ ਗਿਆ, ਅੱਖੀਆਂ ਦਾ ਦੋਸ਼ ਸਾਰਾ ਦਿਲ ਦਾ ਕਸੂਰ ਨਈ, ਮੇਰਾ ਜ਼ਿੰਦਗੀ ਜਿਉਣ ਦਾ ਅਜ਼ੀਬ ਢੰਗ ਹੋ ਗਿਆ, ਪਤਾ ਨਈ ਸੀ ਇਸ਼ਕ਼ ਵੀ ਤਬਾਹੀ ਦਾ ਵਸੀਲਾ ਏ, ਟੁੱਟਣਾ ਏ ਦਿਲ ਭਾਵੇਂ ਲੱਖ ਤੇਰਾ ਹੀਲਾ ਏ, ਦੱਸਣਾ ਸੀ ਰੋਗ ਜਦੋਂ ਸਾਹੀ ਸੰਗ ਹੋ ਗਿਆ, ਸ਼ਾਇਦ ਮੈਥੋਂ ਔਕਾਤ ਤੋਂ ਵਧੇਰੇ ਮੰਗ ਹੋ ਗਿਆ।

23. ਕਿਸਾਨ

ਪੱਕੀ ਫਸਲ ਏ ਮੀਂਹ ਨਾਂ ਲੈਜੇ, ਕੀਤੀ ਕੱਤਰੀ ਖੂਹ ਚ ਨਾ ਪੈਜੇ, ਹੌਂਸਲਾ ਰੱਖਿਓ ਦਿਲ ਨਾ ਛਡਿਓ, ਮਹਿਲ ਆਸਾਂ ਦਾ ਫੇਰ ਨਾ ਢੇਹਜੇ, ਦਿਲ ਉਂਜ ਭਾਵੇਂ ਉਦਾਸ ਏ ਥੋੜਾ, ਸ਼ਰਬਤ ਵੀ ਅੱਜ ਲਗਦਾ ਕੌੜਾ, ਸਬਰ ਸੰਤੋਖ ਤੋਂ ਪੂੰਗਰੇ ਆਪਾਂ, ਜਿੱਤ ਕੇ ਪੰਜਾਬ ਨੂੰ ਪਾਉਣਾ ਮੋੜਾ, ਆਪਣਿਆ ਤੇ ਉਂਗਲ ਚੁੱਕਣੀ, ਇਸ ਤਰਾ ਤਾਂ ਗੱਲ ਨਈ ਮੁੱਕਣੀ, ਰਲ ਕੇ ਦੁਵਿਧਾ ਦੂਰ ਕਰੋ ਜੇ, ਮੁਸ਼ਕਿਲ ਓਸੇ ਥਾਂ ਤੇ ਰੁਕਣੀ, ਕੋਈ ਨਰਮੀ ਕੋਈ ਗਰਮ ਖਿਆਲੀ, ਪਰ ਹਰ ਇਕ ਹੈ ਪੰਜਾਬ ਦਾ ਵਾਲੀ, ਟੀਚਾ ਦੋਵਾਂ ਦਾ ਇਕ ਜੇ ਹੋਜੇ , ਜਾਪਣ ਜਿਦ੍ਹਾ ਕਾਲੀ ਟਾਹਲੀ

24. ਸੱਜਣ

ਦੋਹਾਂ ਵਿਚ ਹੀ ਹੱਲ ਹੋਜੇ ਤਾਂ ਚੰਗਾ ਏ, ਰੁੱਸ ਕੇ ਵੀ ਜੇ ਗੱਲ ਹੋਜੇ ਤਾਂ ਚੰਗਾ ਏ, ਲੋਕ ਬਣਾਉਣ ਤਮਾਸ਼ਾ ਨਇਓ ਘੱਟ ਕਰਦੇ, ਸਾਹੀ ,ਸੱਜਣ ਸੱਜਣ ਦੇ ਵੱਲ ਹੋਜੇ ਤਾਂ ਚੰਗਾ ਏ। ਭਲੇਮਾਣਸ ਨੂੰ ਅੱਜਕਲ੍ਹ ਕਿਥੇ ਜੀਣ ਦਿੰਦੇ, ਜੇਕਰ ਥੋੜਾ ਛੱਲ ਹੋਜੇ ਤਾਂ ਚੰਗਾ ਏ,

25. ਉਡੀਕ

ਬੜੀ ਉਡੀਕ ਸੀ ਆਵਣ ਦੀ ਓਹ ਆਇਆ ਨਈ,, ਪਰ ਇਸ ਵਾਰ ਓਨੇ ਕੋਈ ਬਹਾਨਾ ਲਾਇਆ ਨਈ,,, ਦਸਿਆ ਮੈਨੂੰ ਆ ਕੇ ਚਿੜੀਆਂ ਕਾਵਾਂ ਨੇ,, ਮੰਨ ਲੈਨੇਂ ਆਂ ਰੱਬ ਨੇ ਆਖਿਰ ਚਾਹਿਆ ਨਈ,, ਕੋਈ ਕੰਮ ਜ਼ਰੂਰੀ ਜਾਂ ਮਜਬੂਰੀ ਹੋਊ,, ਖਤ ਚਿਰਾਂ ਦਾ ਜੇਹੜਾ ਓਹਨੇ ਪਾਇਆ ਨਈ, ਅਸੀ ਦੀਵਾਨੇ ਅੱਜ ਵੀ ਪੈਲੋ ਵਾਂਗ ਬੜੇ, ਕਦੇ ਵਾਅ ਕੇ ਓਹਦਾ ਨਾਮ ਦੁਬਾਰਾ ਢਾਇਆ ਨਈ, ਸਾਹੀ ਇਸ ਜਨਮ ਚ ਨਹੀਂ ਤਾਂ ਅਗਲੇ ਫੇਰ ਸਹੀ,, ਵਖਤ ਵਕਤ ਤੋਂ ਮੈਂ ਵੀ ਕਦੀ ਘਬਰਾਇਆ ਨਈ,,,

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ