Amarpreet Singh Jhita
ਅਮਰਪ੍ਰੀਤ ਸਿੰਘ ਝੀਤਾ

Punjabi Kavita
  

Punjabi Poetry Amarpreet Singh Jhita

ਪੰਜਾਬੀ ਕਵਿਤਾ ਅਮਰਪ੍ਰੀਤ ਸਿੰਘ ਝੀਤਾ

1. ਰਾਹ ਦਸੇਰੇ

ਦੀਵੇ ਦੀ ਬੱਤੀ ਦੇ ਵਾਂਗਰ, ਖੁਦ ਬਲ ਕਰਦੇ ਦੂਰ ਹਨੇਰੇ।
ਭਵਿੱਖ ਦੇਸ ਦਾ ਰੌਸ਼ਨ ਕਰਦੇ, ਸਾਡੇ ਨੇ ਇਹ ਰਾਹ ਦਸੇਰੇ।
ਬਾਲ ਤਕਦੇ ਰਾਹ ਨੇ ਰਹਿੰਦੇ, ਆ ਕੇ ਨਿੱਤ ਸਕੂਲ ਸਵੇਰੇ।
ਬਾਲਾਂ ਦੇ ਮਨ ਖਿੜ ਜਾਂਦੇ ਨੇ, ਜਦ ਮਿਲਦੇ ਨੂਰਾਨੀ ਚਿਹਰੇ।
ਫਿਰ ਮਜ਼ਮੂਨ ਵੀ ਲੱਗਣ ਸੌਖੇ, ਪੜ੍ਹਾਏ ਇਨ੍ਹਾਂ ਹੁੰਦੇ ਜਿਹੜੇ।
ਸਬਕ ਇਨ੍ਹਾਂ ਤੋਂ ਜੋ ਸਿੱਖ ਜਾਂਦਾ, ਲੁੱਟਦਾ ਮੌਜਾਂ ਖੁਸ਼ੀਆਂ ਖੇੜੇ।
ਕੋਈ ਮੁਸ਼ਕਿਲ ਨਾ ਹੋਵੇ ਭਾਰੂ, ਭਾਂਵੇ ਪੰਧ 'ਚ ਹੋਣ ਅੰਧੇਰੇ।
ਖੁਦ ਬਲ ਹੋਰਾਂ ਨੂੰ ਜਗਾਉਂਦੇ, ਰੌਸ਼ਨ ਕਰਦੇ ਸਭ ਦੇ ਵਿਹੜੇ।
ਗੁਰੂ ਬਰਾਬਰ ਨਾ ਕੋਈ ਹੋਵੇ, ਨਾ ਕੋਈ ਹੋਣਾ ਨੇੜੇ-ਤੇੜੇ।
ਸਬਰ, ਸੰਤੋਖ ਅਤੇ ਸਚਾਈ, ਗੁਣ ਮੈਂ ਦੱਸਾਂ ਕਿਹੜੇ ਕਿਹੜੇ?
ਕੌਮ ਨਿਰਮਾਤਾ ਬਣਨਾ ਔਖਾ, ਭਾਂਵੇ ਜੱਗ 'ਚ ਕੰਮ ਬਥੇਰੇ।
'ਅਮਰਪ੍ਰੀਤ' ਇਹ ਪਾ ਜਾਂਦੇ ਨੇ, ਕਿੱਤੇ ਦੇ ਸੰਗ ਲੈ ਕੇ ਫੇਰੇ।

2. ਜੰਗ

ਰੱਬ ਅੱਗੇ ਕਰੋ ਅਰਜੋਈ
ਅਮਨ ਸ਼ਾਂਤੀ ਨਾ ਹੋਵੇ ਭੰਗ।
ਨਾਗਾਸਾਕੀ, ਹੀਰੋਸ਼ੀਮਾ
ਦੇਖੋ ਕੀ ਕਰ ਦਿੰਦੀ ਜੰਗ?
ਜੋ ਵੀ ਇਸ ਰਾਹ ਤੁਰਿਆ
ਉਹ ਵੀ ਹੋ ਜਾਂਦਾ ਹੈ ਤੰਗ।
ਕੋਈ ਜਿੱਤੇ ਭਾਂਵੇ ਹਾਰੇ
ਦੋਹਾਂ ਨੂੰ ਕਰ ਦੇਵੇ ਨੰਗ।
ਫ਼ੌਜੀ ਮਰਦੇ ਦੋਹੀਂ ਪਾਸੇ
ਹਾਕਮ ਕਦੀ ਨਾ ਕਰਦੇ ਸੰਗ।
ਮਾਂਵਾਂ ਦੇ ਪੁੱਤ ਇਹ ਖਾਵੇ
ਸੁਹਾਗਣਾਂ ਦੇ ਖੋਹੇ ਸੂਹੇ ਰੰਗ।
ਜੀਅ-ਜੰਤ ਨੂੰ ਕਰੇ ਤਬਾਹ
ਖੁਸ਼ਹਾਲੀ ਨੂੰ ਜਾਵੇ ਡੰਗ।
ਦੇਸਾਂ 'ਚ ਕਦੀ ਜੰਗ ਨਾ ਲੱਗੇ
ਕੱਢੋ ਅਮਨ ਸ਼ਾਂਤੀ ਦਾ ਢੰਗ।
ਸੁਖੀ ਵੱਸਣ ਸਭ ਨਗਰ ਖੇੜੇ
ਅਮਰਪ੍ਰੀਤ ਦੀ ਇਹੋ ਮੰਗ।

3. ਧੰਨ ਗੁਰੂ ਨਾਨਕ ਦੇਵ ਜੀ ਆਏ

ਧੰਨ ਗੁਰੂ ਨਾਨਕ ਦੇਵ ਜੀ ਆਏ,
ਜੋ ਧਿਆਵੈ ਉਹ ਸੁਖ ਪਾਏ।

ਪਿਤਾ ਗੁਰਾਂ ਦੇ ਸ੍ਰੀ ਮਹਿਤਾ ਕਾਲੂ,
ਮਾਤਾ ਤਰਿਪਤਾ ਜੀ ਦੇ ਜਾਏ।
ਜਨਮ ਧਾਰਿਆ ਰਾਏ ਭੋਇ ਦੀ ਤਲਵੰਡੀ,
ਵੀਰ ਬੇਬੇ ਨਾਨਕੀ ਜੀ ਦੇ ਕਹਾਏ।

ਸੱਚਾ ਸੌਦਾ ਕੀਤਾ ਬਚਪਨ ਵੇਲੇ,
ਬੈਠੇ ਸਾਧੂਆਂ ਨੂੰ ਲੰਗਰ ਛਕਾਏ।
ਜਦ ਬੈਠੇ ਵਿੱਚ ਮੋਦੀਖਾਨੇ,
ਤੇਰਾ ਤੇਰਾ ਆਖ ਤੱਕੜ ਤੁਲਾਏ।

ਇੱਕੋ ਰੱਬ ਹੈ ਨਾ ਕੋਈ ਦੂਜਾ,
ਖੰਡਨ ਕੀਤੀ ਇਹਨਾਂ ਮੂਰਤੀ ਪੂਜਾ।
ਫੋਕਟ ਕਰਮਾਂ ਨੂੰ ਸੀ ਭੰਡਿਆ,
ਪਾਂਧੇ ਨੂੰ ਵੀ ਸਬਕ ਪੜ੍ਹਾਏ।

ਚਾਰ ਉਦਾਸੀਆਂ ਲਈ ਜਦ ਨਿਕਲੇ,
ਭਾਈ ਮਰਦਾਨਾ ਜੀ ਨਾਲ ਆਏ।
ਸੱਜਣ ਠੱਗ ਨੂੰ ਸਿੱਧੇ ਰਸਤੇ ਪਾਇਆ,
ਭਾਈ ਲਾਲੋ ਦੇ ਭਾਗ ਜਗਾਏ।

ਨਾਮ ਜਪਣ ਤੇ ਕਿਰਤ ਕਰਨ ਦੇ,
ਗੁਣ ਵੰਡ ਕੇ ਛਕਣ ਦੇ ਸਿਖਾਏ।
ਜਦ ਪਹੁੰਚੇ ਵਿੱਚ ਮੱਕੇ ਮਦੀਨੇ,
ਚਾਰੇ ਪਾਸੇ ਰੱਬ ਦਿਖਾਏ।

ਸਿਧ ਗੋਸ਼ਟ ਕੀਤੀ ਨਾਲ ਜੋਗੀਆਂ,
ਗ੍ਰਹਿਸਤ ਜੀਵਨ ਦੇ ਸੱਚ ਸਮਝਾਏ।
ਵਿਆਹ ਹੋਇਆ ਨਾਲ ਮਾਤਾ ਸੁਲੱਖਣੀ,
ਘਰ ਦੋ ਪੁੱਤਰਾਂ ਭਾਗ ਲਗਾਏ।

ਵਹਿਮ ਭਰਮ 'ਚੋਂ ਲੋਕਾਂ ਨੂੰ ਕੱਢਿਆ,
ਤਰਕ ਦੇ ਕੇ ਸੱਚ ਸਮਝਾਏ।
'ਸੋ ਕਉ ਮੰਦਾ ਆਖੀਐ' ਕਹਿ ਕੇ,
ਔਰਤਾਂ ਦੇ ਮਾਣ ਸੀ ਵਧਾਏ।

ਦਿੱਤਾ ਗੁਰਬਾਣੀ ਦਾ ਰੂਹਾਨੀ ਤੋਹਫਾ,
ਨਾਮ ਅਮਰ ਗੁਰਾਂ ਦਾ ਧਿਆਏ।
ਧੰਨ ਗੁਰੂ ਨਾਨਕ ਦੇਵ ਜੀ ਆਏ,
ਜੋ ਧਿਆਵੈ ਉਹ ਸੁਖ ਪਾਏ।

4. ਜ਼ਿੰਦਗੀ ਜਿਊਣ ਦਾ ਢੰਗ-ਗ਼ਜ਼ਲ

ਹਰ ਪਲ ਦਾ ਮੈਂ ਲੁਤਫ਼ ਉਠਾਵਾਂ,
ਜੇ ਰੱਬ ਦਾ ਮੈਂ ਸ਼ੁਕਰ ਮਨਾਵਾਂ।

ਜੇ ਕੁਝ ਦੇ ਸਕਦਾਂ ਹੈਂ ਤੂੰ, ਤਾਂ
ਦੇ ਦੇ ਸਭ ਨੂੰ ਢੇਰ ਦੁਆਵਾਂ।

ਜੇਕਰ ਚੰਗਾ ਬੋਲ ਨ ਹੋਵੇ,
ਮੰਦਾ ਵੀ ਨਾ ਬੋਲ ਸੁਣਾਵਾਂ।

ਰੱਬ ਵੀ ਖ਼ੁਸ਼ ਹੋ ਜਾਵੇ, ਜੇਕਰ,
ਕੋਈ ਰੋਂਦਾ ਬਾਲ ਹੱਸਾਵਾਂ।

ਕਿਸਮਤ ਕੁਝ ਵੀ ਨਾ ਹੁੰਦੀ ਹੈ,
ਕੀਤੇ ਕਰਮਾਂ ਦਾ ਫਲ ਪਾਵਾਂ।

ਪ੍ਰੀਤ ਅਮਰ ਤਾਂ ਹੋਵੇਗੀ ਜੇ,
ਸੱਚੇ ਦਿਲ ਤੋਂ ਰੱਬ ਧਿਆਵਾਂ।

5. ਦਿਲ ਦੇ ਅੰਦਰ

ਈਸ਼ਵਰ, ਅੱਲਾ, ਸਭ ਪੈਗੰਬਰ,
ਵਸਦੇ ਮੇਰੇ ਦਿਲ ਦੇ ਅੰਦਰ।

ਬਾਹਰ ਕਿਧਰੇ ਨਾ ਉਹ ਮਿਲਿਆ,
ਭਾਂਵੇ ਜਾਵਾਂ ਮਸਜਿਦ, ਮੰਦਰ।

ਸਭ ਕੁਝ ਉਹਦੇ ਹੁਕਮ 'ਚ ਚੱਲੇ,
ਧਰਤੀ, ਸੂਰਜ ਤੇ ਇਹ ਚੰਦਰ।

ਕਣ ਕਣ ਦੇ ਵਿਚ ਉਹਦਾ ਵਾਸਾ,
ਮਿੱਟੀ, ਪਾਣੀ ਤੇ ਵਿਚ ਅੰਬਰ।

ਉਹਨੂੰ ਮਿਲਣਾ ਔਖਾ ਨਾਹੀ,
ਪਹਿਲਾਂ ਮਨ ਨੂੰ ਜਿੱਤ ਪਤੰਦਰ।

ਪ੍ਰੀਤ ਸਦਾ ਖੁਸ਼ ਰਹਿਣਾ ਸਿੱਖ ਲੈ,
ਬਖਸ਼ੇ ਉਹਦੇ ਭਾਣੇ ਅੰਦਰ।

6. ਸਾਡੀ ਮਾਂ ਬੋਲੀ ਪੰਜਾਬੀ

ਸਾਡੀ ਮਾਂ - ਬੋਲੀ ਪੰਜਾਬੀ,
ਸਾਡੇ ਵਿਰਸੇ ਦੀ ਇਹ ਚਾਬੀ।

ਪੈਂਤੀ ਅੱਖਰ ਇਸਦੇ ਗਹਿਣੇ,
ਇਸਦੀ ਤਾਂ ਹੈ ਠਾਠ ਨਵਾਬੀ।

ਬਖਸ਼ੀ ਹੈ ਤਰਤੀਬ ਗੁਰਾਂ ਨੇ,
ਇਹ ਬੋਲੀ ਨਾ ਸਿਰਫ ਕਿਤਾਬੀ।

ਘੋਲੇ ਮਾਖਿਉ ਵਰਗੀ ਮਿੱਠਤ,
ਕਰਦੇ ਕੀਰਤਨ ਜਦ ਰਬਾਬੀ।

ਇਹ ਤਾਂ ਸਭਨਾਂ ਦੇ ਮਨ ਮੋਹੇ,
ਜਿਉਂ ਫੁੱਲਾਂ ਵਿਚ ਫੁੱਲ ਗੁਲਾਬੀ।

ਸੀਤਲ ਭਾਸ਼ਾ ਮਨ ਨੂੰ ਠਾਰੇ,
ਜਿੱਦਾਂ ਹੋਵੇ ਨੀਰ ਚਨਾਬੀ।

ਜੋ ਵੀ ਮਾਂ ਬੋਲੀ ਨੂੰ ਭੁਲਿਆ,
ਕਾਦ੍ਹਾ ਫਿਰ ਉਹ ਹੈ ਪੰਜਾਬੀ।

ਪ੍ਰੀਤ ਅਮਰ ਕਰ ਮਾਂ ਬੋਲੀ ਨੂੰ,
ਜਿੱਤੇਗਾ ਹਰ ਦੌੜ ਖਿਤਾਬੀ।

7. ਤੇਰਾ ਮੇਰਾ ਕਾਦ੍ਹਾ ਰੌਲਾ

ਹਿਰਦੇ ਮੇਰੇ ਵੱਸ ਓ ਮੌਲਾ,
ਗਾਵਾਂ ਤੇਰਾ ਜੱਸ ਓ ਮੌਲ਼ਾ।

ਤੇਰਾ ਮੇਰਾ ਕਾਦ੍ਹਾ ਰੌਲ਼ਾ,
ਏਨਾ ਮੈਨੂੰ ਦੱਸ ਓ ਮੌਲ਼ਾ।

ਅੰਬਰ ਸਾਂਝਾ, ਸੂਰਜ ਸਾਂਝਾ,
ਧਰਤੀ ਵੰਡੀ ਬਸ ਓ ਮੌਲ਼ਾ।

ਧਰਤੀ ਤਾਂ ਮਾਂ ਸਭ ਦੀ ਹੋਵੇ,
ਗੋਦ 'ਚ ਲੈਂਦੀ ਕਸ ਓ ਮੌਲ਼ਾ।

ਬੋਲਣ ਪੰਛੀ ਅਪਣੀ ਬੋਲੀ,
ਘੋਲਣ ਕੰਨੀ ਰਸ ਓ ਮੌਲ਼ਾ।

ਮਾਂ ਬੋਲੀ ਪੰਜਾਬੀ ਮੇਰੀ,
ਕਿਉਂ ਨਾ ਬੋਲਾਂ ਹਸ ਓ ਮੌਲ਼ਾ।

ਤੇਰੇ ਨਾਂ 'ਤੇ ਪਾਇਆ ਲੋਕਾਂ,
ਜਾਤਾਂ ਦਾ ਘੜਮੱਸ ਓ ਮੌਲਾ।

ਸਾਨੂੰ ਜਾਤਾਂ ਦੇ ਵਿਚ ਵੰਡਿਆ,
ਅਪਣੀ ਜਾਤੀ ਦੱਸ ਓ ਮੌਲ਼ਾ।

ਸਾਰੀ ਕੁਦਰਤ ਸਭ ਦੀ ਸਾਂਝੀ,
ਬੰਦਾ ਕਿਉਂ ਬੇਵਸ ਓ ਮੌਲ਼ਾ।

ਅਮਰਪ੍ਰੀਤ ਸਭਨਾਂ ਵਿਚ ਹੋਵੇ,
ਏਹੋ ਮੰਗਾਂ ਬਸ ਓ ਮੌਲ਼ਾ।

8. ਨਵਾਂ ਵਰ੍ਹਾ

ਜੀਅ-ਜੰਤ, ਸੂਰਜ ਤੇ ਤਾਰੇ,
ਇਹ ਤਾਂ ਨੇ ਪੁਰਾਣੇ ਈ ਸਾਰੇ।
ਈਸਵੀ ਵਰ੍ਹਾ ਚੜ੍ਹਨ ਦੀਆਂ,
ਦੇਣ ਮੁਬਾਰਕਾਂ ਸਭ ਪਿਆਰੇ।
ਜੇ ਨੀਤਾਂ ਨਾਲ ਕੰਮ ਨਹੀਂ ਕਰਨੇ,
ਕਰਦੇ ਰਹਿਣਾ ਪੁੱਠੇ ਕਾਰੇ।
ਖੁੰਝਿਆ ਵੇਲਾ ਮੁੜ ਨਾ ਆਵੇ,
ਹੋਵੇਗਾ ਚਿੱਤ ਖਾਨੇ ਚਾਰੇ।
ਨਵੀਆਂ ਉਮੰਗਾਂ ਮਨ 'ਚ ਲੈ ਕੇ,
ਪੂਰੇ ਕਰੀਂ ਚਾਅ ਤੂੰ ਸਾਰੇ।
ਲੋੜਵੰਦਾਂ ਦੀ ਕਰੀਂ ਸਹਾਇਤਾ,
ਜਿਹੜੇ ਬੈਠੇ ਨੇ ਤੇਰੇ ਸਹਾਰੇ।
ਜੋ ਨਾ ਕਰਦੇ ਕਦਰ ਸਮੇਂ ਦੀ,
ਰਹਿ ਜਾਂਦੇ ਉਹ ਕਰਮਾਂ ਮਾਰੇ।
ਮਿਹਨਤ ਉੱਤੇ ਤੂੰ ਕਰੀਂ ਭਰੋਸਾ,
ਵਿਚ ਨਾ ਆਈਂ ਸਿਆਸੀ ਲਾਰੇ।
ਨਵੇਂ ਵਰ੍ਹੇ ਦੀ ਹੋਵੇ ਵਧਾਈ,
ਖੁਸ਼ ਰਹਿਣ ਸਭ ਮਿੱਤਰ ਪਿਆਰੇ।
ਅਮਰਪ੍ਰੀਤ ਕਰੇ ਅਰਦਾਸਾਂ,
ਖੁਸ਼ੀਆਂ ਆਵਣ ਵਿਹੜੇ ਸਾਰੇ।

9. ਆਤਮ-ਚਿੰਤਨ

ਹਉਮੈ ਨਹੀਂ ਮੁਕਾ ਪਾਇਆ ਮੈਂ।
ਭਾਂਵੇ ਗੁਰੂ ਘਰ ਜਾ ਆਇਆ ਮੈਂ।

ਬਾਬੇ ਆਖਿਆ ਲਾਲੋ ਬਣਜਾ,
ਭਾਗੋ ਬਣ ਪਛਤਾਅ ਆਇਆ ਮੈਂ।

ਬਾਬੇ ਆਖਿਆ ਕਿਰਤ ਹੈ ਕਰਨੀ,
ਰਾਹ ਖੇਤ ਵਿਚ ਵਾਹ ਆਇਆ ਮੈਂ।

ਬਾਬਾ ਨਾਨਕ ਸੰਗ ਗਰੀਬਾਂ ਦੇ,
ਚੌਧਰ ਨੂੰ ਦਿਖਾ ਆਇਆ ਮੈਂ।

ਕਰਾਂ ਸੇਵਾ ਮੈਂ ਲੋੜਵੰਦਾਂ ਦੀ,
ਇਹੀ ਰੌਲਾ ਪਾ ਆਇਆ ਮੈਂ।

ਸੱਤਾ ਹਾਸਿਲ ਕਰਨ ਦੀ ਖਾਤਰ,
ਭਰਾ-ਭਰਾ ਲੜਾ ਆਇਆ ਮੈਂ।

ਨਾਲ ਮੇਰੇ ਕੁਝ ਨਹੀਓਂ ਜਾਣਾ,
ਕੌੜਾ ਸੱਚ ਭੁਲਾ ਆਇਆ ਮੈਂ।

ਜਦੋਂ ਗੁਰਬਾਣੀ ਮਨ ਵਸਾਈ,
ਜਾਪੇ ਸਭ ਕੁਝ ਪਾ ਆਇਆ ਮੈਂ।

ਸੱਚੀ ਸੁੱਚੀ ਕਿਰਤ ਹੀ ਕਰਨੀ,
ਜ਼ਮੀਰ ਨੂੰ ਜਗਾ ਆਇਆ ਮੈਂ।

ਹੱਕ ਪਰਾਇਆ ਕਦੀ ਨਾ ਖਾਓ,
ਖੁਦ ਨੂੰ ਵੀ ਸਮਝਾ ਆਇਆ ਮੈਂ।

ਅਮਰਪ੍ਰੀਤ ਉਹਦੇ ਸੰਗ ਐਸੀ,
ਮਨ ਦੇ ਅੰਦਰ ਵਸਾ ਆਇਆ ਮੈਂ।

10. ਕਲਮ ਮੇਰਾ ਹਥਿਆਰ

ਮੇਰੀ ਹਰਫਾਂ ਸੰਗ ਦੋਸਤੀ, ਮੇਰੀ ਕਲਮ ਮੇਰਾ ਹਥਿਆਰ।
ਕਰ ਚਾਰੇ ਖਾਨੇ ਚਿੱਤ ਦੇਊ, ਜਦ ਕੀਤਾ ਇਹਦੇ ਨਾਲ ਵਾਰ।
ਕਰ ਰੂਹ ਤੱਕ ਦੇਊ ਛੱਲਣੀ, ਫੱਟ ਡੂੰਘੇ ਨਾਲੋਂ ਤਲਵਾਰ।
ਫਿਰ ਰੂਹ ਪਾਊਗੀ ਲਾਹਨਤਾਂ, ਕਿਉਂ ਬਣਿਆ ਧਰਤੀ 'ਤੇ ਭਾਰ।
ਝੂਠ ਬੋਲ ਤੂੰ ਸੱਤਾ ਲੈ ਲਈ, ਮਾਫ ਕਰੂ ਨਾ ਪਰਵਰਦਿਗਾਰ।
ਭਰਾ ਭਰਾ ਦਾ ਵੈਰੀ ਬਣਿਆ, ਕਰ ਨਫਰਤ ਦੀ ਖੜੀ ਦੀਵਾਰ।
ਬਾਹਾਂ ਕੀਤੀਆਂ ਸੁੰਨੀਆਂ, ਜਿੱਥੇ ਚੂੜਾ ਕਰੇ ਛਣਕਾਰ।
ਤੇਰੀ ਪੱਤ ਦੀ ਰਾਖੀ ਕਰਦਿਆਂ, ਝੱਲਿਆ ਵੈਰੀ ਦਾ ਹਰ ਵਾਰ।
ਹੋ ਕੇ ਦੂਣ ਸਵਾਏ ਨਿਕਲੇ, ਤੋੜਿਆ ਦੁਸ਼ਮਣ ਦਾ ਹੰਕਾਰ।
ਕੌਮ ਮੇਰੀ ਦੇ ਝੰਡੇ ਝੂਲਦੇ, ਮੈਨੂੰ ਆਖਣ ਸਭ ਸਰਦਾਰ।
ਮੇਰਾ ਸ਼ਬਦ ਗੁਰੂ ਸੰਗ ਮੇਰੇ, ਬਖਸ਼ਿਆ ਮੇਰੇ ਸਿਰਜਣਹਾਰ।
ਸੱਚ ਕਲਮ ਮੇਰੀ ਨੇ ਲਿਖਣਾ, ਹਮੇਸ਼ਾ ਕਰੇਗੀ ਖ਼ਬਰਦਾਰ।
ਦੇਸ,ਕੌਮ ਦੀ ਸੇਵਾ ਕਰ ਲੈ, ਨਹੀਂ ਤਾਂ ਜੀਊਣਾ ਹੈ ਬੇਕਾਰ।
ਤੇਰੇ ਨਾਲ ਨਾ ਕੁਝ ਜਾਵਣਾ, ਨਹੀਂ ਰਹਿਣੀ ਇਹ ਮੌਜ ਬਹਾਰ।
ਜੋ ਜਾਨ ਦੇਸ ਲਈ ਵਾਰਦੇ, ਚੇਤੇ ਕਰਨ ਲੋਕ ਵਾਰ-ਵਾਰ।
ਪਾ ਜਾਂਦੇ ਅਮਰਪ੍ਰੀਤ ਉਹ, ਕਰਦੇ ਨਾਲ ਦੇਸ ਜੋ ਪਿਆਰ।

11. ਰੁੱਖ ਤੇ ਮਨੁੱਖ

ਤਪਿਆ ਪਿਆ ਸੀ ਜੇਠ ਮਹੀਨਾ।
ਸਭ ਨੂੰ ਆ ਰਿਹਾ ਸੀ ਪਸੀਨਾ।
ਤਪਦੀਆਂ ਲੂੰਆਂ ਲੂਹਾ ਲਾਇਆ।
ਹਰ ਜੀਅ ਜੰਤ,ਸ਼ੈਅ ਨੂੰ ਤਪਾਇਆ।
ਹਰ ਕੋਈ ਭਾਲੇ ਬਸ ਠੰਢੀ ਛਾਂ।
ਰੁੱਖਾਂ ਬਾਝੋਂ ਦਿਸੇ ਖਾਲੀ ਥਾਂ।
ਕੰਕਰੀਟ ਦੇ ਜੰਗਲ ਉਸਾਰੇ।
ਰੁੱਖ ਤੁਸੀਂ ਕਿਉਂ ਹੈ ਵਿਸਾਰੇ?
ਲਾਲਚ ਨੇ ਸਾਰਾ ਜੰਗਲ ਖਾਇਆ।
ਕੋਈ ਰੁੱਖ ਮੁੜ ਕਦੀ ਨਾ ਲਾਇਆ।
ਮੈਨੂੰ ਵੱਢਣ ਲਈ ਆਏ ਮਨੁੱਖ।
ਕਦੋਂ ਮੁੱਕੇਗੀ ਇਹਨਾਂ ਦੀ ਭੁੱਖ?
ਸਿਖਰ ਦੁਪਹਿਰਾ ਜਦ ਚੜ੍ਹ ਆਇਆ।
ਗਰਮੀ ਨੇ ਸਭ ਨੂੰ ਬੜਾ ਤੜਫਾਇਆ।
ਜਦ ਨੇੜੇ ਨਾ ਦਿਸੀ ਕੋਈ ਠੰਢੀ ਥਾਂ।
ਫਿਰ ਬਹਿ ਕੇ ਲੱਗੇ ਮਾਣਨ ਮੇਰੀ ਛਾਂ।
ਤੱਕਣ ਲੱਗੇ ਮੈਨੂੰ ਲਾ ਕੇ ਰੀਝ।
ਗੌਹ ਨਾਲ ਵਾਚਣ ਹਰ ਇੱਕ ਚੀਜ਼।
ਮੇਰੇ 'ਤੇ ਬਣੇ ਨੇ ਅਨੇਕਾਂ ਆਲ੍ਹਣੇ।
ਬੱਚੇ ਪੰਛੀਆਂ ਇਹਨਾਂ 'ਚ ਪਾਲਣੇ।
ਜਦੋਂ ਪੰਛੀਆਂ ਨੇ ਬੋਲ ਸੁਣਾਏ।
ਬੋਲ ਮਿੱਠੜੇ ਨੇ ਮਨਾਂ ਨੂੰ ਭਾਏ।
ਬੈਠੇ ਮਨੁੱਖ ਕੁਝ ਬੁੜਬੁੜਾਏ।
ਆਪਣੇ ਆਪ 'ਤੇ ਸੀ ਪਛਤਾਏ।
ਜਦੋਂ ਠੰਢੀ ਠੰਢੀ ਹਵਾ ਸੀ ਵਗੀ।
ਅੱਖ ਉਹਨਾਂ ਦੀ ਪਲਾਂ 'ਚ ਲਗੀ।
ਭੁੱਖ ਨੇ ਫਿਰ ਉਹਨਾਂ ਨੂੰ ਜਗਾਇਆ।
ਇੱਕ ਜਣਾ ਮੇਰੇ ਫਲ ਤੋੜ ਲਿਆਇਆ।
ਇੱਕ ਨੂੰ ਕੁਝ ਫਿਰ ਯਾਦ ਹੈ ਆਇਆ।
ਮੈਂ ਤਾਂ ਰੁੱਖ ਏਥੇ ਵੱਢਣ ਆਇਆ!
ਫਿਰ ਆਪਣੇ ਆਪ 'ਤੇ ਪਛਤਾਇਆ।
ਉਹਨੇ ਸਾਥੀਆਂ ਨੂੰ ਸਮਝਾਇਆ।
ਮਿੱਤਰੋ! ਰੁੱਖ ਅਸੀਂ ਵੱਢਦੇ ਜਾਂਦੇ।
ਪਰ ਨਵਾਂ ਰੁੱਖ ਕੋਈ ਨਾ ਲਗਾਂਦੇ।
ਜੇ ਇਹਨਾਂ ਨੂੰ ਵੱਢਦੇ ਜਾਵਾਂਗੇ।
ਫਿਰ ਸਾਫ ਹਵਾ ਕਿਧਰੋਂ ਪਾਵਾਂਗੇ?
ਸਰੀਰ 'ਤੇ ਜਦ ਫੋੜਾ ਫਿੰਨਸੀ ਆਈ।
ਫਿਰ ਨਿੰਮ ਹੀ ਘੋਟ ਘੋਟ ਸੀ ਲਗਾਈ।
ਇਹ ਤਾਂ ਸਾਡੇ ਨੇ ਪਾਲਣਹਾਰੇ।
ਸਾਰੀ ਕੁਦਰਤ ਇਹਨਾਂ ਸਹਾਰੇ।
ਫਲ, ਫੁੱਲ, ਲੱਕੜ ਤੇ ਛਾਂ ਨੇ ਦਿੰਦੇ।
ਬੈਠਣ ਲਈ ਠੰਢੀ ਥਾਂ ਨੇ ਦਿੰਦੇ।
ਬਚਪਨ ਦੀ ਗੱਲ ਹੈ ਚੇਤੇ ਆਈ।
ਪੀਂਘ ਜਦੋਂ ਸੀ ਟਾਹਣੇ 'ਤੇ ਪਾਈ।
ਟਾਹਣੀਆਂ ਉੱਤੇ ਫਿਰ ਜਾ ਜਾ ਬਹਿਣਾ।
ਆਪਣੇ ਮਨਾਂ ਦੀ ਇਹਨਾਂ ਨੂੰ ਕਹਿਣਾ।
ਕਰਕੇ ਕੁਝ ਉਹ ਸੋਚ ਵਿਚਾਰ।
ਕੁਝ ਕਰਨ ਲਈ ਹੋਏ ਤਿਆਰ।
ਮੈਨੂੰ ਗਲ ਆਪਣੇ ਨਾਲ ਲਾਇਆ।
ਚੁੱਕ ਕੁਹਾੜਾ ਪਰਾਂ ਵਗਾਇਆ।
ਅਸੀਂ ਤਾਂ ਹਾਂ ਭੁੱਲਣਹਾਰੇ ਮਨੁੱਖ।
ਤੁਸੀਂ ਤਾਂ ਸਾਡੇ ਪਾਲਣਹਾਰੇ ਰੁੱਖ।
ਫਿਰ ਉਹਨਾਂ ਨੇ ਇਹ ਗੱਲ ਆਖੀ।
ਰਲ ਮਿਲ ਕਰਾਂਗੇ ਤੁਹਾਡੀ ਰਾਖੀ।
ਇਹ ਸੁਣ ਮੈਨੂੰ ਖੁਸ਼ੀ ਬੜੀ ਹੀ ਹੋਈ।
ਚੰਗੀ ਲੱਗੀ ਉਹਨਾਂ ਦੀ ਅਰਜੋਈ।
ਕੁਝ ਨੂੰ ਲੱਗੀਏ ਵਾਂਗ ਅਸੀਂ ਮਾਂਵਾਂ।
ਮਾਂ ਦੀ ਬੁੱਕਲ ਵਰਗੀ ਦਿੰਦੇ ਛਾਂਵਾਂ।
ਕੁਝ ਲਈ ਬਾਪੂ ਤੇ ਵਾਂਗ ਭਰਾਵਾਂ।
ਕਿੰਨੇ ਸਾਰੇ ਰਿਸ਼ਤੇ ਨਿਭਾਵਾਂ।
ਅਮਰਪ੍ਰੀਤ ਇੱਕ ਦੂਜੇ ਨਾਲ ਪਾਈਏ।
ਰੁੱਖ ਤੇ ਮਨੁੱਖ ਦੀ ਹੋਂਦ ਬਚਾਈਏ।

12. ਕਿਤਾਬਾਂ

ਕੁਝ ਪੰਨਿਆਂ ਦਾ 'ਕੱਠ ਕਹਾਉਂਦੀਆਂ ਨੇ ਕਿਤਾਬਾਂ।
ਜਾਦੂ ਸ਼ਬਦਾਂ ਦਾ ਅੰਦਰ ਸਮੋਉਂਦੀਆਂ ਨੇ ਕਿਤਾਬਾਂ।
ਗਿਆਨ ਨਾਲ ਮਨ ਰੁਸ਼ਨਾਉਂਦੀਆਂ ਨੇ ਕਿਤਾਬਾਂ।
ਸਭ ਭਰਮ ਭੁਲੇਖੇ ਇਹ ਹਟਾਉਂਦੀਆਂ ਨੇ ਕਿਤਾਬਾਂ।
ਸੁੱਤੇ ਪਿਆ ਨੂੰ ਵੀ ਇਹ ਜਗਾਉਂਦੀਆਂ ਨੇ ਕਿਤਾਬਾਂ।
ਭੁੱਖ ਢਿੱਡ ਨਾਲੋਂ ਮਨ ਦੀ ਮਿਟਾਉਂਦੀਆਂ ਨੇ ਕਿਤਾਬਾਂ।
ਸਾਡੇ ਹੱਕ ਕੌਣ ਖੋਵੈ ਇਹ ਸਿਖਾਉਂਦੀਆਂ ਨੇ ਕਿਤਾਬਾਂ।
ਹੱਕ ਕਿੰਝ ਨੇ ਲੈਣੇ ਇਹ ਸਮਝਾਉਂਦੀਆਂ ਨੇ ਕਿਤਾਬਾਂ।
ਸਾਡੇ ਡਰ ਸਭੈ ਦੂਰ ਮਨੋਂ ਭਜਾਉਂਦੀਆਂ ਨੇ ਕਿਤਾਬਾਂ।
ਫਿਰ ਸੂਰਬੀਰ ਦੇਸ ਦੇ ਬਣਾਉਂਦੀਆਂ ਨੇ ਕਿਤਾਬਾਂ।
ਚੁੱਪ ਰਹਿ ਕੇ ਬਹੁਤ ਕੁਝ ਬੋਲਦੀਆਂ ਨੇ ਕਿਤਾਬਾਂ।
ਬਣ ਸਾਡਾ ਮਿੱਤਰ ਮਨ ਫਰੋਲਦੀਆਂ ਨੇ ਕਿਤਾਬਾਂ।
ਜਦੋਂ ਖੋਲ੍ਹ ਇਹ ਪੜ੍ਹਾਂ ਅੱਖਾਂ ਖੋਲਦੀਆਂ ਨੇ ਕਿਤਾਬਾਂ।
ਮੈਨੂੰ ਜਾਪੇ ਮੇਰੇ ਨਾਲ ਇਹ ਬੋਲਦੀਆਂ ਨੇ ਕਿਤਾਬਾਂ।
ਨਾਲ ਬ੍ਰਹਿਮੰਡ ਦੇ ਗਿਆਨ ਜੋੜਦੀਆਂ ਨੇ ਕਿਤਾਬਾਂ।
ਸਾਰੇ ਅੰਧਵਿਸ਼ਵਾਸ ਇਹ ਤੋੜਦੀਆਂ ਨੇ ਕਿਤਾਬਾਂ।
ਅਗਿਆਨਤਾ ਦਾ ਡਰ ਮਨੋਂ ਮੋੜਦੀਆਂ ਨੇ ਕਿਤਾਬਾਂ।
ਸਾਡੇ ਮਨ ਮੰਦਰ 'ਚੋਂ ਝੂਠ ਰੋੜਦੀਆਂ ਨੇ ਕਿਤਾਬਾਂ।
ਸਭਿਆਚਾਰ ਨਾਲ ਲੈ ਕੇ ਆਉਂਦੀਆਂ ਨੇ ਕਿਤਾਬਾਂ।
ਪੜ੍ਹੀ ਮਨ ਲਾ ਕੇ ਜਾਪੂ ਗਾਉਂਦੀਆਂ ਨੇ ਕਿਤਾਬਾਂ।
ਪੜ੍ਹਨ ਵਾਲਿਆਂ ਦੀ ਖੈਰ ਚਾਹੁੰਦੀਆਂ ਨੇ ਕਿਤਾਬਾਂ।
ਗੂੜ੍ਹੀ ਅਮਰਪ੍ਰੀਤ ਇਹ ਪਾਉਂਦੀਆਂ ਨੇ ਕਿਤਾਬਾਂ।

13. ਅਮਰਪ੍ਰੀਤ

ਮੁਹੱਬਤ ਤੈਨੂੰ ਕਿੰਝ ਕਰ ਬੈਠਾਂ,
ਪਿਆਰ ਜੋ ਪਹਿਲਾ ਭੁੱਲ ਨਾ ਪਾਈ।
ਤੇਰੇ ਸੰਗ ਮਨ ਭਿੱਜਦਾ ਨਾਹੀਂ,
ਕਿਉਂ ਤੇਰੀ ਜਿੰਦਗੀ ਵਿੱਚ ਆਈ?
ਜਦ ਵੀ ਮੀਚ ਲਵਾਂ ਮੈਂ ਅੱਖਾਂ,
ਪ੍ਰੀਤ ਦੀ ਯਾਦ ਰਹੇ ਮਨ 'ਤੇ ਛਾਈ।
ਨੇੜੇ ਰਹਿ ਕੇ ਦੂਰ ਹੀ ਹਾਂ ਮੈਂ,
ਕੋਲ ਆਪਣੇ ਤੂੰ ਭਾਂਵੇਂ ਰੱਖ ਬਿਠਾਈ।
ਉਹਨੂੰ ਭੁੱਲ ਜਾ ਕਰਾਂ ਮੈਂ ਕੋਸ਼ਿਸ਼,
ਪਰ ਯਾਦ ਨਾ ਜਾਵੇ ਮਨੋਂ ਮਿਟਾਈ।
ਰੂਹ ਮੇਰੀ ਦਾ ਉਹੀਓ ਮਾਲਕ,
ਜਿੰਦ ਆਪਣੀ ਮੈਂ ਉਹਦੇ ਲੇਖੇ ਲਾਈ।
ਮੁੱਖ 'ਚੋਂ ਉਹਦਾ ਨਾਮ ਹੀ ਉਚਰਾਂ,
ਹੋਰ ਸਭ ਕੁਝ ਹੀ ਹਾਂ ਬੈਠੀ ਭੁਲਾਈ।
ਅਮਰਪ੍ਰੀਤ ਨਾ ਮੁਕਦੀ ਉਹਦੀ,
ਇਸ਼ਕ ਉਹਦੇ 'ਚ ਹੈ ਹੋਸ਼ ਗਵਾਈ।

14. ਸੰਘਰਸ਼

ਸਭ ਸੰਘਰਸ਼ ਜੇ ਰੱਲ ਕਰਾਂਗੇ।
ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।

ਹੱਕਾਂ ਲਈ ਜੋ ਲੜਦੇ ਲੋਕ,
ਸੱਚ ਲਈ ਉਹੀ ਖੜ੍ਹਦੇ ਲੋਕ।
ਆਪਣੇ ਹੱਕਾਂ ਦੀ ਗੱਲ ਕਰਾਂਗੇ।
ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।

ਜ਼ਾਬਰ ਅੱਗੇ ਨਹੀਂ ਡਰਾਂਗੇ।
ਡਰਕੇ ਘਰ 'ਚ ਨਹੀਂ ਵੜਾਂਗੇ।
ਸੱਚ ਦੀ ਗੱਲ ਹਰ ਪਲ ਕਰਾਂਗੇ।
ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।

ਲਾਠੀ,ਗੋਲੀ ਤੋਂ ਨਹੀਂ ਹਾਂ ਡਰਦੇ।
ਇਹਦੇ ਮਾਰਿਆ ਨਹੀਂ ਹਾਂ ਮਰਦੇ।
ਸੀਨਾ ਤਾਣ ਇਹਦੇ ਵੱਲ ਕਰਾਂਗੇ।
ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।

ਸੁੱਤਾ ਹਾਕਮ ਕਿਵੇਂ ਜਗਾਉਣਾ?
ਲੁੱਚਾ ਜ਼ਾਬਰ ਕਿਵੇਂ ਡਰਾਉਣਾ?
ਸਭਦੇ ਏਕੇ ਨਾਲ ਚੱਲ ਕਰਾਂਗੇ।
ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।

ਅਮਰਪ੍ਰੀਤ ਜਦ ਰਹਾਂਗੇ ਇੱਕ।
ਜ਼ਾਲਮ ਦੀ ਭੰਨ ਦੇਵਾਂਗੇ ਹਿੱਕ।
ਹਰ ਕਦਮ ਜਿੱਤ ਵੱਲ ਕਰਾਂਗੇ।
ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।
ਸਭ ਸੰਘਰਸ਼ ਜੇ ਰੱਲ ਕਰਾਂਗੇ।

15. ਪਾਂਧਾ ਪੜ੍ਹਨੇ ਪਾਇਆ

ਸਤਿਗੁਰ ਸੱਤ ਵਰ੍ਹਿਆਂ ਦੇ ਹੋਏ।
ਰਹਿੰਦੇ ਭਗਤੀ ਦੇ ਵਿਚ ਖੋਏ।

ਮਹਿਤਾ ਜੀ, ਪਾਂਧੇ ਘਰ ਆਏ।
ਬਾਲਕ ਨਾਨਕ ਪੜ੍ਹਨੇ ਪਾਏ।

ਪਾਂਧਾ ਗੋਪਾਲ ਜਿਨ੍ਹਾਂ ਦਾ ਨਾਂ।
ਦਿੰਦੇ ਸਿੱਖਿਆ ਇੱਕੋ ਥਾਂ।

ਗਣਿਤ ਵਿਸ਼ਾ ਸਨ ਆਪ ਪੜ੍ਹਾਉਂਦੇ।
ਦੂਰੋਂ ਨੇੜੋਂ ਬਾਲਕ ਆਉਂਦੇ।

ਗਿਣਤੀ ਬੋਲਣ ਨਾਲ ਬੁਲਾਉਂਦੇ।
ਬਾਲਕ ਹੇਕਾਂ ਲਾ ਲਾ ਗਾਉਂਦੇ।

ਫੱਟੀ ਉੱਤੇ ਪੂਰਨੇ ਪਾਉਂਦੇ।
ਬਾਲਕ ਫੱਟੀ ਲਿਖ ਦਿਖਾਉਂਦੇ।

ਬਾਲਕ ਗਿਣਤੀ ਬੋਲਣ ਲਾਏ।
ਨਾਨਕ ਜੀ ਸਨ ਕੋਲ ਬਿਠਾਏ।

ਬਾਲਕ ਨਾਨਕ ਕੁਝ ਨਾ ਬੋਲੇ।
ਪਾਂਧਾ ਜੀ ਆ ਕੋਲੇ ਬੋਲੇ।

ਨਾਨਕ ਗਿਣਤੀ ਬੋਲ ਸੁਣਾਓ।
ਫੱਟੀ 'ਤੇ ਵੀ ਅੰਕ ਬਣਾਓ।

ਸਤਿਗੁਰ ਨਾਨਕ ਕਲਮ ਉਠਾਈ।
ਫੱਟੀ ਪੱਟਾਂ ਉੱਤੇ ਟਿਕਾਈ।

੧ਓ ਜਦ ਲਿਖ ਦਿਖਾਇਆ।
ਪਾਂਧਾ ਸੋਚਾਂ ਦੇ ਵਿਚ ਪਾਇਆ।

ਪਾਂਧਾ ਬੋਲੇ ਇਹ ਕੀ ਪਾਇਆ?
ਭੇਦ ਗੁਰਾਂ ਨੇ ਫਿਰ ਸਮਝਾਇਆ।

ਸ਼ਰਧਾ ਵਿਚ ਪਾਂਧਾ ਜੀ ਬੋਲੇ।
ਸਾਰੀ ਵਿਦਿਆ ਤੇਰੇ ਕੋਲੇ।

ਮਹਿਤਾ ਜੀ ਨੂੰ ਹਾਲ ਸੁਣਾਇਆ।
ਨਾਨਕ, ਪਾਂਧਾ ਪੜ੍ਹਨੇ ਪਾਇਆ।

16. ਸੱਚੇ ਨਾਮ ਦਾ ਧਾਗਾ

ਮਹਿਤਾ ਜੀ ਦੇ ਮਨ ਵਿਚ ਆਈ।
ਰਸਮ ਜਨੇਊ ਜਾਵੇ ਕਰਾਈ।

ਪੰਡਤ ਹਰਦਿਆਲ ਜੀ ਘਰ ਆਏ।
ਸ਼ੁਭ ਦਿਨ ਰਿਸ਼ਤੇਦਾਰ ਬੁਲਾਏ।

ਪੰਡਤ ਜੀ ਨੇ ਹਵਨ ਸਜਾਇਆ।
ਬਾਲਕ ਨਾਨਕ ਕੋਲ ਬਿਠਾਇਆ।

ਪੰਡਤ ਜੀ ਨੇ ਮੰਤਰ ਪੜ੍ਹਿਆ।
ਹੱਥ ਫਿਰ ਬਾਬਾ ਜੀ ਦਾ ਫੜਿਆ।

ਬਾਬਾ ਜੀ ਨੇ ਤਦ ਫਰਮਾਇਆ।
ਕਿਉਂ ਜਾਂਦਾ ਹੈ ਇਹ ਪਹਿਨਾਇਆ?

ਪੰਡਤ ਜੀ ਗੱਲ ਇਹ ਸਮਝਾਉਂਦੇ।
ਉੱਚ ਜਾਤੀ ਵਾਲੇ ਇਹ ਪਾਉਂਦੇ।

ਇਸ ਨੂੰ ਪਹਿਨ ਬਣੇਗਾ ਚੰਗਾ।
ਫਿਰ ਨਾ ਪੈਂਦਾ ਕੋਈ ਪੰਗਾ।

ਅਗਲੇ ਜਨਮ ਤੱਕ ਰਹਿੰਦਾ ਨਾਲੈ।
ਪੁੱਤਰਾ! ਤੂੰ ਵੀ ਗਲ ਇਹ ਪਾ ਲੈ।

ਬਾਬਾ ਜੀ ਨੇ ਸੱਚ ਸੁਣਾਇਆ।
ਕਿਉਂ ਹੈ ਝੂਠ ਤੁਸਾਂ ਫੈਲਾਇਆ।

ਇਹ ਧਾਗਾ ਤਾਂ ਗਲ ਸੜ ਜਾਏ।
ਸੱਚੇ ਨਾਮ ਦਾ ਹੀ ਕੰਮ ਆਏ।

ਕੀਤੇ ਕਰਮਾਂ ਦਾ ਫਲ ਪਾਉਣਾ।
ਫਿਰ ਹੀ ਚੰਗਾ ਮੰਦਾ ਅਖਵਾਉਣਾ।

ਸੱਚੇ ਨਾਮ ਦਾ ਧਾਗਾ ਪਾਓ।
ਜੇਕਰ ਹੈ ਤਾਂ ਦੇਰ ਨਾ ਲਾਓ।

ਚੁੱਪ ਕਰ ਪੰਡਤ ਜੀ ਬਹਿ ਗਏ।
ਜਾਂਦੇ ਹੋਏ ਇਹ ਗੱਲ ਕਹਿ ਗਏ।

ਨਾਨਕ ਹੈ ਜਗ ਤਾਰਨ ਆਇਆ।
ਅਮਰ ਗੁਰਾਂ ਨੂੰ ਸੀਸ ਝੁਕਾਇਆ।

17. ਜਗ ਤਾਰਨ ਗੁਰ ਨਾਨਕ ਆਇਆ

ਸੂਰਜ ਚੜ੍ਹਿਆ ਮਿਟਿਆ ਨ੍ਹੇਰਾ।
ਚਮਕਾਂ ਮਾਰੇ ਨੂਰੀ ਚਿਹਰਾ।
ਵਿਚ ਤਲਵੰਡੀ ਨੂਰ ਉਪਾਇਆ।
ਜਗ ਤਾਰਨ ਗੁਰ ਨਾਨਕ ਆਇਆ।

ਬਾਲਕ ਹੋਇਆ ਭਾਗਾਂ ਵਾਲਾ।
ਨੂਰੀ ਮੁਖ 'ਤੇ ਤੇਜ ਨਿਰਾਲਾ।
ਦਾਈ ਦੌਲਤਾਂ ਹਾਲ ਸੁਣਾਇਆ।
ਜਗ ਤਾਰਨ ਗੁਰ ਨਾਨਕ ਆਇਆ।

ਮਹਿਤਾ ਕਾਲੂ ਜੀ ਖੁਸ਼ ਹੋਏ।
ਰੌਸ਼ਨ ਹੋਇਆ ਰਾਏ ਭੋਏ।
ਮਾਤਾ ਤ੍ਰਿਪਤਾ ਜੀ ਲਾਡ ਲਡਾਇਆ।
ਜਗ ਤਾਰਨ ਗੁਰ ਨਾਨਕ ਆਇਆ।

ਪੰਡਤ ਜੀ ਨੂੰ ਫਿਰ ਬੁਲਵਾਇਆ।
ਨਾਨਕ ਨਾਮਕਰਨ ਕਰਵਾਇਆ।
ਸਭ ਨੂੰ ਨਾਮ ਬੜਾ ਮਨ ਭਾਇਆ।
ਜਗ ਤਾਰਨ ਗੁਰ ਨਾਨਕ ਆਇਆ।

ਬੇਬੇ ਨਾਨਕੀ ਨੂੰ ਚਾਅ ਚੜਿਆ।
ਨਾਨਕ ਵੀਰਾ ਕੁੱਛੜ ਫੜਿਆ।
ਕੁੱਛੜ ਚੁੱਕ ਕੇ ਖੂਬ ਖਿਡਾਇਆ।
ਜਗ ਤਾਰਨ ਗੁਰ ਨਾਨਕ ਆਇਆ।

ਦੇਵੇ ਰਾਇ ਬੁਲਾਰ ਵਧਾਈ।
ਨੂਰੀ ਸੂਰਤ ਮਨ ਨੂੰ ਭਾਈ।
ਸ਼ਰਧਾ ਦੇ ਵਿਚ ਸੀਸ ਝੁਕਾਇਆ।
ਜਗ ਤਾਰਨ ਗੁਰ ਨਾਨਕ ਆਇਆ।
ਕਲਿ ਤਾਰਣ ਗੁਰ ਨਾਨਕ ਆਇਆ।

18. ਤੇਰਾ ਤੇਰਾ ਤੋਲਦੇ

ਮੁੱਖੋਂ ਸਤਿਨਾਮੁ ਗੁਰੂ ਜੀ ਨੇ ਬੋਲਦੇ।
ਮੋਦੀਖਾਨੇ ਬੈਠੇ ਤੇਰਾ ਤੇਰਾ ਤੋਲਦੇ।

ਸੁਲਤਾਨਪੁਰ ਗੁਰਾਂ ਲਾਈਆਂ ਰੌਣਕਾਂ,
ਮਿੱਠੇ-ਮਿੱਠੇ ਬੋਲ ਮਿਸ਼ਰੀ ਘੋਲਦੇ।

ਵਹਿਮਾਂ ਭਰਮਾਂ ਤੋਂ ਸਭ ਨੂੰ ਹੀ ਰੋਕਦੇ,
ਸੱਚੀ ਗੱਲ ਕਹਿਣ ਤੋਂ ਕਦੇ ਨਾ ਡੋਲਦੇ।

ਵਾਹਿਗੁਰੂ ਸਾਡੇ ਅੰਦਰ ਹੀ ਲੱਭਣਾ,
ਲੋਕੋ! ਬਾਹਰ ਫਿਰਦੇ ਹੋ ਕੀ ਟੋਲਦੇ?

ਭਰ ਭਰ ਝੋਲੀਆਂ ਨੇ ਦਾਣੇ ਵੰਡਦੇ,
ਨੱਕੋ ਨੱਕ ਰਹਿਣ ਦਾਣੇ ਵਿਚ ਢੋਲ ਦੇ।

ਮੋਦੀਖਾਨਾ ਵਾਧੇ 'ਚ ਰਹੇ ਚਲਦਾ,
ਦੋਖੀ ਹੋਏ ਦੰਗ ਹਿਸਾਬ ਫਰੋਲਦੇ।

ਬਾਬੇ ਦੀਆਂ ਰਮਜ਼ਾਂ ਉਹ ਹੀ ਜਾਣਦਾ,
ਬਾਬੇ ਦੇ ਬਚਨਾਂ ਨੂੰ ਜਿਹੜੇ ਗੌਲਦੇ।

ਅਮਰ ਝੁਕਾਉਂਦੀ ਸੀਸ ਦੁਨੀਆਂ ਸਾਰੀ,
ਧੰਨ ਗੁਰੂ ਨਾਨਕ ਹੀ ਸਾਰੇ ਬੋਲਦੇ।

19. ਚਾਰਨ ਮੱਝੀਆਂ ਬਣ ਕੇ ਪਾਲੀ

ਮੱਝਾਂ ਚਾਰਨ ਸਤਿਗੁਰ ਲਾਏ।
ਕਹਿਣਾ ਮੰਨ ਪਿਤਾ ਦਾ ਆਏ।
ਜੋ ਨੇ ਜਗ ਸਾਰੇ ਦੇ ਵਾਲੀ।
ਚਾਰਨ ਮੱਝੀਆਂ ਬਣ ਕੇ ਪਾਲੀ।

ਰੱਬ ਦੀ ਉਸਤਤਿ ਹੀ ਮਨ ਭਾਏ।
ਹਰ ਪਲ ਭਗਤੀ ਵਿਚ ਹੀ ਲਾਏ।
ਇੱਕ ਪਲ ਬਹਿ ਸਕਦੇ ਨਾ ਖਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।

ਸਾਥੀ ਪਾਲੀ ਕੋਲ ਬਿਠਾਏ।
ਸਭ ਨੂੰ ਸ਼ਬਦ ਗੁਰਾਂ ਨੇ ਸੁਣਾਏ।
ਮੁਖ 'ਤੇ ਚਮਕਾਂ ਮਾਰੇ ਲਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।

ਮੱਝਾਂ ਜਦ ਖੇਤ ਵਿਚ ਵੜੀਆਂ।
ਮਿੱਧਣ ਫਸਲਾਂ ਖੇਤ ਖੜੀਆਂ।
ਗੁੱਸੇ ਵਿਚ ਆ ਬੋਲੇ ਹਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।

ਮਹਿਤਾ ਜੀ ਨੇ ਪੁੱਤਰ ਬੁਲਾਇਆ।
ਨਾਨਕ ਇਹ ਕੀ ਚੰਦ ਚੜਾਇਆ।
ਕੀਤੀ ਕਿਉਂ ਨਾ ਤੂੰ ਰਖਵਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।

ਸਾਰੀ ਗੱਲ ਗੁਰਾਂ ਨੇ ਆਖੀ।
ਮੇਰੀ ਨਾ ਕੋਈ ਗੁਸਤਾਖੀ।
ਦੇਖੋ ਖੇਤਾਂ ਦੀ ਹਰਿਆਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।

ਰਾਇ ਬੁਲਾਰ ਗੱਲਾਂ ਸੁਣ ਆਇਆ।
ਫਿਰ ਖੇਤਾਂ ਵੱਲ ਗੇੜਾ ਲਾਇਆ।
ਖੇਤਾਂ ਵਿਚ ਪੂਰੀ ਖੁਸ਼ਹਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।

ਸਤਿਗੁਰ ਕੈਸਾ ਖੇਲ ਰਚਾਇਆ।
ਅਮਰ ਸਮਝ ਨਾ ਕੋਈ ਪਾਇਆ।
ਸਤਿਗੁਰ ਜੀ ਦੀ ਲੀਲਾ ਨਿਰਾਲੀ।
ਚਾਰਨ ਮੱਝੀਆਂ .................।
ਜੋ ਨੇ ਜਗ ........................।

20. ਧੰਨ ਗੁਰੂ ਨਾਨਕ ਜੀ ਆਏ

ਵਿਚ ਨਨਕਾਣੇ ਭਾਗ ਲਗਾਏ,
ਧੰਨ ਗੁਰੂ ਨਾਨਕ ਜੀ ਆਏ।

ਮਹਿਤਾ ਕਾਲੂ ਜੀ ਦੇ ਪੁੱਤਰ,
ਮਾਤਾ ਤ੍ਰਿਪਤਾ ਜੀ ਦੇ ਜਾਏ।

ਬੇਬੇ ਨਾਨਕੀ ਜੀ ਦੇ ਵੀਰੇ,
ਸਭ ਨੂੰ ਸੱਚੇ ਰਸਤੇ ਪਾਏ।

ਫੱਟੀ 'ਤੇ ਓਅੰਕਾਰ ਬਣਾਇਆ,
ਪਾਂਧੇ ਨੂੰ ਵੀ ਸਬਕ ਪੜ੍ਹਾਏ।

ਵੀਹ ਰੁਪਏ ਦਾ ਲੰਗਰ ਲਾਇਆ,
ਸੱਚਾ ਸੌਦਾ ਕਰ ਘਰ ਆਏ।

ਕਿਰਤ ਕਰਨ ਤੇ ਨਾਮ ਜੱਪਣ ਦੇ,
ਵੰਡ ਛਕਣ ਦੇ ਹੁਕਮ ਸੁਣਾਏ।

ਊਚ ਨੀਚ ਦਾ ਭੇਦ ਮਿਟਾਇਆ,
ਮਰਦਾਨਾ ਜੀ ਮੀਤ ਬਣਾਏ।

ਕੌਡੇ,ਸੱਜਣ ਨੂੰ ਸਮਝਾਇਆ,
ਭਾਈ ਲਾਲੋ ਜੀ ਗਲ ਲਾਏ।

ਪੀਰ ਵਲੀ ਦੀ ਆਕੜ ਭੰਨੀ,
ਬਾਬਰ ਵੀ ਆ ਭੁੱਲ ਬਖਸ਼ਾਏ।

ਮਹਿਲ ਗੁਰਾਂ ਦੇ ਬੀਬੀ ਸੁਲੱਖਣੀ,
ਦੋ ਪੁੱਤਰਾਂ ਨੂੰ ਲਾਡ ਲਡਾਏ।

ਗੁਰਬਾਣੀ ਦੀ ਬਖਸ਼ਿਸ਼ ਕੀਤੀ,
ਵਿਚ ਖੇਤਾਂ ਦੇ ਹੱਲ ਚਲਾਏ।

ਰੋਗੀ ਦਾ ਵੀ ਕੋਹੜ ਹਟਿਆ,
ਚਰਨ ਗੁਰਾਂ ਜਦ ਕੁੱਲੀ ਪਾਏ।

ਸਭ ਦੇ ਸਾਂਝੇ ਬਾਬਾ ਨਾਨਕ,
ਅਮਰ ਗੁਰਾਂ ਦਾ ਨਾਮ ਧਿਆਏ।

ਵਿਚ ਤਲਵੰਡੀ ਭਾਗ ਲਗਾਏ,
ਸਤਿਗੁਰ ਨਾਨਕ ਜੀ ਆਏ।

21. ਧੰਨ ਤੇਰੇ ਲਾਲਾਂ ਦੇ ਜੇਰੇ-ਚਾਰ ਸਾਹਿਬਜ਼ਾਦੇ

ਲੰਮੀਆਂ ਸੀ ਵਾਟਾਂ,
ਪੋਹ ਦੀਆਂ ਰਾਤਾਂ।
ਕਿੰਝ ਸਨ ਪੰਧ ਨਿਬੇੜੇ?
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਲਾਲਾਂ ਦੇ ਜੇਰੇ।

ਧਰਮ ਦੀ ਖਾਤਰ,
ਬਣੇ ਹਿੰਦ ਦੀ ਚਾਦਰ।
ਨੌਂਵੇਂ ਗੁਰੂ ਸ੍ਰੀ ਤੇਗ ਬਹਾਦਰ।
ਪੋਤੇ ਚੱਲੇ ਉਸੇ ਰਾਹ,
ਛੱਡ ਖੁਸ਼ੀਆਂ ਤੇ ਖੇੜੇ।
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਲਾਲਾਂ ਦੇ ਜੇਰੇ।

ਤੁਹਾਡੀ ਅੱਖੀਆਂ ਦੇ ਤਾਰੇ,
ਮਾਤਾ ਸੁੰਦਰੀ ਦੇ ਪਿਆਰੇ।
ਚਾਰੇ ਵੀਰ ਜਦੋਂ ਆਉਂਦੇ,
ਰਲ ਸ਼ਬਦ ਸੁਣਾਉਂਦੇ।
ਜਦੋਂ ਅਨੰਦਪੁਰ ਲਾਏ ਸੀ ਡੇਰੇ।
ਮੇਰੇ ਸੱਚੇ ਪਾਤਸ਼ਾਹ!
ਧੰਨ ਤੇਰੇ ਲਾਲਾਂ ਦੇ ਜੇਰੇ

ਔਖੀ ਘੜੀ ਜਦੋਂ ਆਈ,
ਜਾਨ ਤਲੀ 'ਤੇ ਘੁਮਾਈ।
ਸਿੰਘ ਰਹੇ ਸੀ ਅਡੋਲ,
ਰਹੇ ਵਾਹਿਗੁਰੂ ਬੋਲ।
ਪਾਏ ਮੁਗਲਾਂ ਜਦੋਂ ਸੀ ਘੇਰੇ।
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਲਾਲਾਂ ਦੇ ਜੇਰੇ।

ਸਰਸਾ ਨਦੀ ਦੇ ਕਿਨਾਰੇ,
ਵਿਛੜੇ ਵੀਰੇ ਸੀ ਚਾਰੇ।
ਦੋ ਪੁੱਜੇ ਚਮਕੌਰ,
ਦੋ ਪੁੱਜੇ ਕਿਤੇ ਹੋਰ।
ਝੱਲੇ ਦੁੱਖ ਸੀ ਉਨ੍ਹਾਂ ਨੇ ਬਥੇਰੇ।
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਲਾਲਾਂ ਦੇ ਜੇਰੇ।

ਕੱਚੀ ਗੜ੍ਹੀ ਗਈ ਘੇਰੀ,
ਲਾਈ ਵੱਡਿਆਂ ਨਾ ਦੇਰੀ।
ਬਾਬਾ ਅਜੀਤ ਸਿੰਘ ਜੀ,
ਦਿਖਾਈ ਬਹਾਦਰੀ ਬਥੇਰੀ।
ਲਾੜੀ ਮੌਤ ਸੰਗ ਲੈ ਲਏ ਫੇਰੇ।
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਲਾਲਾਂ ਦੇ ਜੇਰੇ।

ਛੋਟੇ ਵੀਰ ਜੁਝਾਰ ਜੀ,
ਜਿੰਦ ਗਏ ਵਾਰ ਜੀ।
ਹੋਏ ਅੱਖਾਂ ਅੱਗੇ ਕੁਰਬਾਨ,
ਪਿਤਾ ਦਸ਼ਮੇਸ਼ ਦੇ ਜਵਾਨ।
ਹੰਝੂ ਅੱਖੀਆਂ 'ਚੋਂ ਤੁਸੀਂ ਨਾ ਕੇਰੇ।
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਲਾਲਾਂ ਦੇ ਜੇਰੇ।

ਮਾਤਾ ਗੁਜਰੀ ਦੇ ਸੰਗ,
ਦੋਵੇਂ ਛੋਟੇ ਫਰਜੰਦ।
ਪਿੰਡ ਖੇੜੀ ਜਦੋਂ ਆਏ,
ਜਾਹ ਗੰਗੂ ਪਾਪੀ ਨੇ ਫੜਾਏ।
ਠੰਢੇ ਬੁਰਜ 'ਚ ਕੱਟੇ ਦਿਨ ਬਥੇਰੇ।
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਪੁੱਤਰਾਂ ਦੇ ਜੇਰੇ।

ਵੀਰੇ ਜੋਰਾਵਰ ਨੇ,
ਸੀਨੇ ਫਤਹਿ ਨੂੰ ਲਗਾਇਆ।
ਦਾਦੀ ਗੁਜਰੀ ਜੀ ਨੇ,
ਦੋਹਾਂ ਪੋਤਿਆਂ ਨੂੰ ਸਮਝਾਇਆ।
ਬੱਚਿਓ! ਡੋਲ ਨਾ ਜਾਣਾ।
ਸਿੱਖੀ ਸਿਦਕ ਨਿਭਾਣਾ।
ਰਤੀ ਭਰ ਵੀ ਨਾ ਡਰ ਆਏ ਚਿਹਰੇ।
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਲਾਲਾਂ ਦੇ ਜੇਰੇ।

ਦੋਵੇਂ ਕਚਹਿਰੀ ਜਦੋਂ ਆਏ।
ਜੈਕਾਰੇ ਉਹਨਾਂ ਸੀ ਬੁਲਾਏ।
ਈਨ ਨਾ ਮੰਨੀ,ਨਾ ਗਏ ਸੀ ਡਰਾਏ।
ਦਿੱਤੇ ਜ਼ਾਲਮਾਂ ਸੀ ਲਾਲਚ ਬਥੇਰੇ।
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਪੁੱਤਰਾਂ ਦੇ ਜੇਰੇ।

ਵਜ਼ੀਰ ਖ਼ਾਨ ਬੁਖਲਾਇਆ,
ਫਤਵਾ ਗੁੱਸੇ 'ਚ ਸੁਣਾਇਆ।
ਚਿਣ ਦੇਵੋ ਵਿੱਚ ਕੰਧ।
ਸਾਕਾ ਹੋਇਆ ਸਰਹਿੰਦ।
ਗਏ ਨੀਂਹਾਂ 'ਚ ਚਿਣੇ ਲਾਲ ਤੇਰੇ।
ਮੇਰੇ ਸੱਚੇ ਪਾਤਸ਼ਾਹ !
ਧੰਨ ਤੇਰੇ ਲਾਲਾਂ ਦੇ ਜੇਰੇ।

ਚਾਰਾਂ ਵੀਰਾਂ ਦੇ ਸ਼ਹੀਦੀ,
ਮਹਿਲ ਸਿੱਖੀ ਦੇ ਉਸਾਰੇ।
'ਅਮਰ' ਸੀਸ ਝੁਕਾਈਏ,
ਜਾਈਏ ਇਨ੍ਹਾਂ ਤੋਂ ਬਲਿਹਾਰੇ।
ਬਣੇ ਚਾਰ ਸਾਹਿਬਜ਼ਾਦੇ ਰਾਹ ਦਸੇਰੇ।
ਮੇਰੇ ਸੱਚੇ ਪਾਤਸ਼ਾਹ!
ਧੰਨ ਤੇਰੇ ਪੁੱਤਰਾਂ ਦੇ ਜੇਰੇ ।

22. ਬਾਬਾ ਜੀ ਤੁਹਾਡੇ ਲਾਲਾਂ ਨੇ ...... (ਗੀਤ)

(ਛੋਟੇ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ ਫਤਿਹ ਬੁਲਾਉਂਦੇ ਹਨ।
ਉਸ ਵੇਲੇ ਦਾ ਹਾਲ ਕਵਿਤਾ ਰਾਹੀਂ...)

ਬਾਬਾ ਜੀ ਤੁਹਾਡੇ ਲਾਲਾਂ ਨੇ, ਰਚ ਦਿੱਤੀ ਏ 'ਅਮਰ' ਕਹਾਣੀ।
ਸਿੱਖੀ ਸਿਦਕ ਨਿਭਾਇਆ ਐਸਾ, ਤੱਕਦੇ ਰਹਿ ਗਏ ਸਾਰੇ ਪ੍ਰਾਣੀ।

ਵਜ਼ੀਦੇ ਦੇ ਦਰਬਾਰ 'ਚ ਆ ਕੇ, ਗੱਜ ਕੇ ਫਤਿਹ ਬੁਲਾਈ।
ਉਮਰ ਨਿਆਣੀ ਭਾਂਵੇ ਸੀ, ਗੱਲ ਵੱਡਿਆਂ ਵਾਂਗ ਸਮਝਾਈ।
ਬਿਨਾਂ ਡਰ ਦੇ ਆਖਣ ਗੱਲਾਂ, ਜਿਉਂ ਵਗੇ ਦਰਿਆਈ ਪਾਣੀ।
ਬਾਬਾ ਜੀ ਤੁਹਾਡੇ ਲਾਲਾਂ ਨੇ .............

ਠੰਢਾ ਬੁਰਜ ਵੀ ਨਿੱਘਾ ਲੱਗੇ, ਜਦ ਦਾਦੀ ਲਵੇ ਕਲਾਵੇ।
ਮੇਰੇ ਬੱਚਿਓ! ਡੋਲ ਨਾ ਜਾਣਾ, ਦੋਹਾਂ ਨੂੰ ਦਾਦੀ ਸਮਝਾਵੇ।
ਯਾਦ ਰੱਖਣਾ ਹੈ ਦਾਦਾ ਜੀ ਦੀ, ਸ਼ਹੀਦੀ ਨਾ ਮਨੋਂ ਭੁਲਾਣੀ।
ਦਾਦਾ ਜੀ ਤੁਹਾਡੇ ਪੋਤਿਆਂ ਨੇ .............

ਪੋਹ ਦੀ ਸਰਦੀ ਹੱਡੀਆਂ ਚੀਰੇ, ਅੰਗ ਅੰਗ ਪਾਏ ਨੀਲੇ।
ਭੁੱਖਣ ਭਾਣਿਆਂ ਦਾ ਦਿਲ ਲਾਏ ਦਾਦੀ ਕਰੇ ਕੁਝ ਹੀਲੇ।
ਬੁੱਕਲ ਦੇ ਵਿੱਚ ਜਾ ਕੇ ਬਹਿ ਗਏ ਗਾਉਂਦੇ ਨੇ ਗੁਰਬਾਣੀ।
ਮਾਤਾ ਜੀ ਤੁਹਾਡੇ ਲਾਲਾਂ ਨੇ .............

ਲੱਖਾਂ ਲਾਲਚ ਦੇਵੇ ਸੂਬਾ, ਰਤੀ ਭਰ ਵੀ ਲਾਲ ਨਾ ਡੋਲੇ।
ਹੱਥਾਂ ਉੱਤੇ ਮਾਰਨ ਛਟੀਆਂ, ਮੁੱਖੋਂ ਸੀਅ ਤੱਕ ਵੀ ਨਾ ਬੋਲੇ।
ਦਸ਼ਮੇਸ਼ ਪਿਤਾ ਦੇ ਬੱਚੇ ਹਾਂ, ਸਾਨੂੰ ਐਵੀਂ ਨਾ ਸੂਬਿਆ ਜਾਣੀ।
ਬਾਬਾ ਜੀ ਤੁਹਾਡੇ ਲਾਲਾਂ ਨੇ ............

ਈਨ ਨਾ ਮੰਨੀ ਲਾਲਾਂ ਨੇ, ਸੂਬਾ ਸਰਹਿੰਦ ਨੂੰ ਗੁੱਸਾ ਆਇਆ।
ਚਿਣ ਦੇਵੋ ਦੀਵਾਰਾਂ ਅੰਦਰ, ਕਾਜ਼ੀ ਨੇ ਫਤਵਾ ਸੁਣਾਇਆ।
ਨੀਹਾਂ ਦੇ ਵਿੱਚ ਖੜ੍ਹ ਕੇ ਪੜ੍ਹਦੇ, ਜਪੁਜੀ ਸਾਹਿਬ ਦੀ ਬਾਣੀ।
ਦਾਦੀ ਜੀ ਤੁਹਾਡੇ ਪੋਤਿਆਂ ਨੇ ............

ਨਿੱਕੀਆਂ ਨਿੱਕੀਆਂ ਜਿੰਦਾਂ ਸਨ, ਕਰ ਗਈਆਂ ਵੱਡੇ ਸਾਕੇ।
ਸੀਸ ਝੁਕਾਊ ਸਾਰੀ ਦੁਨੀਆਂ, ਵਿੱਚ ਸਰਹਿੰਦ ਦੇ ਜਾ ਕੇ।
ਕੌਮ ਦੀ ਖਾਤਰ ਜਾਨ ਵਾਰ ਗਏ, ਸਾਡੇ ਬੱਚਿਆਂ ਦੇ ਹਾਣੀ।
ਗੁਰੂ ਗੋਬਿੰਦ ਜੀ ਦੇ ਲਾਲਾਂ ਨੇ ............
ਬਾਬਾ ਜੀ ਤੁਹਾਡੇ ਲਾਲਾਂ ਨੇ, ਰਚ ਦਿੱਤੀ ਏ 'ਅਮਰ' ਕਹਾਣੀ।

23. ਪ੍ਰਾਰਥਨਾ - ਦੋ ਹੱਥ ਜੋੜ ਕਰਾਂ ਬੇਨਤੀ

ਦੋ ਹੱਥ ਜੋੜ ਕਰਾਂ ਬੇਨਤੀ, ਜਗ ਦੇ ਪਾਲਣਹਾਰੇ।
ਸਾਨੂੰ ਵਿਦਿਆ ਦਾਨ ਬਖਸ਼ਣਾ, ਮੇਰੇ ਸਿਰਜਣਹਾਰੇ।

ਮੱਤ ਮੇਰੀ ਨੂੰ ਉੱਚਾ ਰਖਿਓ, ਮਨ ਨੂੰ ਰਖਿਓ ਨੀਵਾਂ।
ਭੁੱਲ ਕੇ ਵੀ ਮੈਂ ਮਾਣ ਕਰਾਂ ਨਾ, ਰਜ਼ਾ ਤੇਰੀ 'ਚ ਜੀਵਾਂ।
ਸਭ ਜੀਵਾਂ ਵਿੱਚ ਤੈਨੂੰ ਤੱਕਾਂ, ਮੇਰੇ ਮਾਲਕ ਪਿਆਰੇ।
ਦੋ ਹੱਥ ਜੋੜ ਕਰਾਂ ਬੇਨਤੀ.................

ਦਇਆ, ਨਿਮਰਤਾ ਗੁਣ ਬਖਸ਼ੀਓ, ਹੋਈਏ ਆਗਿਆਕਾਰੀ।
ਮਿਲ-ਜੁਲ ਰਹਿਣ ਦੀ ਆਦਤ ਪਾਓ, ਬਣੀਏ ਪਰਉਪਕਾਰੀ।
ਮੇਰੇ ਔਗੁਣ ਬਖਸ਼ ਲਵੀਂ ਤੂੰ, ਦਾਤਾ ਬਖਸ਼ਣਹਾਰੇ।
ਦੋ ਹੱਥ ਜੋੜ ਕਰਾਂ ਬੇਨਤੀ..................

ਸੱਚ ਬੋਲਣ ਦਾ ਜੇਰਾ ਰੱਖਾਂ, ਮਿਹਨਤ ਕਰਦਾ ਜਾਵਾਂ।
ਸੱਚੀ-ਸੁੱਚੀ ਕਿਰਤ ਕਮਾ ਕੇ, ਹੱਕ ਦੀ ਰੋਟੀ ਖਾਵਾਂ।
ਹਉਮੈ ਦੇ ਵਿੱਚ ਡੁਬ ਨਾ ਜਾਵਾਂ, ਤਾਰਉ ਤਾਰਨਹਾਰੇ।
ਦੋ ਹੱਥ ਜੋੜ ਕਰਾਂ ਬੇਨਤੀ.................

ਊਚ-ਨੀਚ ਦਾ ਭੇਦ ਮਿਟਾ ਕੇ, ਸਭ ਨੂੰ ਗਲੇ ਲਗਾਵਾਂ।
ਮਾਨਵਤਾ ਦੀ ਸੇਵਾ ਉੱਚੀ, ਸਭ ਨੂੰ ਇਹ ਸਮਝਾਵਾਂ।
'ਅਮਰਪ੍ਰੀਤ' ਗੁਣ ਗਾਵੇ ਤੇਰੇ, ਤੈਥੋਂ ਹੈ ਬਲਿਹਾਰੇ।
ਦੋ ਹੱਥ ਜੋੜ ਕਰਾਂ ਬੇਨਤੀ..................
ਸਾਨੂੰ ਵਿਦਿਆ ਦਾਨ ਬਖਸ਼ਣਾ, ਮੇਰੇ ਸਿਰਜਣਹਾਰੇ।