Punjabi Dohe : Pritam Dhanjal

ਪੰਜਾਬੀ ਦੋਹੇ : ਪ੍ਰੀਤਮ ਧੰਜਲ




ਦੋਹੇ

ਨੌਂ ਦਰਵਾਜ਼ੇ ਧਰਤ ਹੈ, ਅੰਬਰ ਦਸਵਾਂ-ਦੁਆਰ, ਦਸਵੇਂ-ਦੁਆਰ ਦੇ ਵਿਚ ਹੈ, ਹਰ ਧਰਤੀ ਦੀ ਸਾਰ। (੧) ਅੰਬਰ ਤਾਂ ਬਸ ਇਕ ਹੈ, ਧਰਤੀਆਂ ਲੱਖ ਹਜ਼ਾਰ, ਇਹਨਾਂ ਨੇ ਹੀ ਚੁੱਕਿਆ, ਤੱਤਾ ਠੰਡਾ ਭਾਰ। (੨) ਅੰਬਰ ਤਾਂ ਹਰ ਥਾਂ ‘ਖੜਾ’, ਧਰਤੀਆਂ ਦੀ ਹੈ ‘ਚਾਲ’, ਜੋ ਅੰਬਰ 'ਚੋਂ ਡਿੱਗ ਪਵੇ, ਧਰਤੀਆਂ ਲੈਣ ਸੰਭਾਲ। (੩) ਧਰਤੀ ਸੈਆਂ ਕਿਸਮ ਦੀ, ਸੂਖ਼ਮ ਤੇ ਅਸਥੂਲ, ਇਸ ਦੇ ਅੰਦਰ ਛੁਪ ਰਿਹਾ, ਹਰ ਇਕ ਸ਼ੈਅ ਦਾ ਮੂਲ। (੪) ਅ-ਕਾਸ਼ ਵਿਚ ਧਰਤੀਆਂ, ਕਾਸ਼ ਪੁਚਾਵੰਦੀਆਂ, ਸੂਰਜ, ਤਾਰੇ, ਖਿੱਤੀਆਂ, ਚੰਦ ਕਹਾਵੰਦੀਆਂ। (੫) ‘ਧਰਤ ਨਿਮਾਣੀ’ ਨਾ ਕਹੋ, ਧਰਤੀ ਦਾ ਵੀ ਮਾਣ, ਧੁੱਦਲ ਨੂੰ ਜੇ ਮਾਰੀਏ, ਸਿਰ ਤੇ ਪੈਂਦੀ ਆਣ। (੬) ਦਸਵਾਂ-ਦੁਆਰ ‘ਹਨੇਰ’ ਹੈ, ਜੇ ਨਾ ਧਰਤੀ ਦੀ ਲੋਏ, ਹੋਵਣ ਲੱਖਾਂ ਨਿਅਮਤਾਂ, ਇਕ ਨਾ ਪ੍ਰਗਟ ਹੋਏ। (੭) ਨਿੱਤ ਹੀ ਧਰਤੀਆਂ ਜੰਮਦੀਆਂ, ਨਿੱਤ ਹੀ ਮਰਦੀਆਂ, ਇਸ ਨ੍ਹੇਰੇ ਆਕਾਸ਼ ਵਿਚ, ਚਾਨਣ ਕਰਦੀਆਂ। (੮) ਸੂਰਜ ਵਰਗੀ ਧਰਤ ਵੀ, ਕਦੇ ਕਦੇ ਆਵੇ, ਚਾਰ ਚੁਫ਼ੇਰੇ ਦੇਰ ਤਕ ਚਾਨਣ ਕਰ ਜਾਵੇ। (੯) ਕਹਿੰਦੇ ਨੇ, “ਹਰ ਦੇਵਤਾ ਮਿੱਟੀ ਨੂੰ ਤਰਸੇ।” ਮਿੱਟੀ ਮਿਲੇ ਤਾਂ ਏਸ ਜੱਗ, ਥਾਂ ਥਾਂ ‘ਤੇ ਭਟਕੇ। (੧੦) ਭਟਕਣ ਸਭ ਦੀ ਨਾਲ ਹੈ, ਚਾਨਣ ਜਾਂ ਨ੍ਹੇਰਾ, ਭਟਕਣ ਮਿਟੇ, ਜੇ ਹੋ ਜਾਏ, ਤੇਰਾ ਹੀ ਤੇਰਾ। (੧੧) ਹਰ ਝਗੜੇ ਦਾ ਹਰ ਜਗਹ ਮੂਲ ਬਣੇ ਅਨੰਦ, ਆਪਣੇ ਪੈਰੀਂ ਆਪ ਹੀ ਸੂਲ ਬਣੇ ਅਨੰਦ। (੧੨) ਇੱਛਾ ਪ੍ਰਗਟ ਹੋਣ ਦੀ, ਚਾਨਣ ਨੂੰ ਲੋਚੇ, ਉਂਜ ਤਾਂ ਨ੍ਹੇਰੇ ਵਿਚ ਵੀ ਹੈਨ ਅਨੰਦ ਬੜੇ। (੧੩) ਤੂੰ ਤੇ ਚਾਨਣ ਮੰਗ ਲਏ, ਪਰ ਉਸ ਦਾ ਕੀ ਹੋਏ, ਜਿਸ ਦੀ ਨਜ਼ਰ ਹੀ ਮਿਟ ਜਾਏ, ਜੇ ਉਹ ਜਾਵੇ ਲੋਏ। (੧੪) ਸਤਿ ਅ-ਸਤਿ ਦੇ ਫ਼ਰਕ ਨੂੰ, ਭਲਾ ਉਹ ਜਾਣੇ ਕੀ! ਜਿਸ ਦੀ ਉਮਰਾ ‘ਓਸ’ ਦੀ ਰਜ਼ਾ ‘ਚ ਗੁਜ਼ਰ ਗਈ। (੧੫) ਧਰਮ ਵੀ, ਦੇਖੋ ਧਰਮੀਓਂ! ਕਿਹੜੇ ਰਾਹ ਪਏ, ਰਜ਼ਾ ਦੀ ਗੱਲ ਵੀ ਕਰ ਰਹੇ, ਸੁਖ ਵੀ ਮੰਗ ਰਹੇ। (੧੬) ਰੱਬ ਹੁਣ ਤਕ ਦਿਸ ਜਾਵੰਦਾ, ਜੇ ਉਹ ਹੁੰਦਾ ਨੂਰ, ਨ੍ਹੇਰਾ ਨ੍ਹੇਰੇ ਨਾ ਦਿਸੇ, ਨਾ ਨੇੜੇ ਨਾ ਦੂਰ। (੧੭) ਤੂੰ ਆਖੇਂ, “ਉਹ ਨੂਰ ਹੈ”।, ਮੈਂ ਆਖਾਂ, “ਉਹ ਨ੍ਹੇਰ”। ਜੇ ਉਹ ਦੋਵੇਂ ਹੈ ਨਹੀਂ, ਤਾਂ ਉਹ ਰੱਬ ਨਹੀਂ ਫੇਰ। (੧੮) ਫਿਰ ਫਿਰ ਕੇ ਜੱਗ ਦੇਖਿਆ, ਸਭ ਜੱਗ ਇਕ ਸਮਾਨ, ਬੰਦਾ ਹੀ ਹੈਵਾਨ ਹੈ, ਬੰਦਾ ਹੀ ਭਗਵਾਨ। (੧੯) ਫਿਰ ਫਿਰ ਕੇ ਜੱਗ ਦੇਖਿਆ, ਜੰਤੁ ਹੀ ਬਣਿਆਂ ਜੰਤ, ਨਾ ਤੇ ਆਦਿ ਹੀ ਯਾਦ ਹੈ, ਨਾ ਹੀ ਯਾਦ ਹੈ ਅੰਤ। (੨੦) ਫਿਰ ਫਿਰ ਕੇ ਜੱਗ ਦੇਖਿਆ, ਸੱਚ ਦੀ ਸੁਣੀ ਪੁਕਾਰ, ਝੂਠੇ ਉਸ ਨੂੰ ਦੱਬ ਰਹੇ, ਪਾ ਇੱਛਾ ਦਾ ਭਾਰ। (੨੧) ਫਿਰ ਫਿਰ ਕੇ ਜੱਗ ਦੇਖਿਆ, ਅੰਨ੍ਹੇ ਹੋਏ ਧਰਮ, ਮਾਰਗ-ਦਰਸ਼ਕ ਵਾਲੜੇ, ਕਰਦੇ ਨੇ ਪਰ ਕਰਮ। (੨੨) ਫਿਰ ਫਿਰ ਕੇ ਜੱਗ ਦੇਖਿਆ, ਦੋ ਚਿੱਤੀਂ ਪਿਆ, ਇਕ ਚਿੱਤ ਵਿਕਸੇ, ਦੂਸਰਾ ਪਿੱਛੇ ਖਿੱਚ ਰਿਹਾ। (੨੩) ਫਿਰ ਫਿਰ ਕੇ ਜੱਗ ਦੇਖਿਆ, ਇਹ ਜੱਗ ਇਕ ‘ਸਵੇਰ’ ਦੇਖਣ ਵਾਲੇ ਦੇਖਦੇ, ਅੰਨ੍ਹਿਆਂ ਦੇ ਲਈ ਨ੍ਹੇਰ। (੨੪) ਜੀਣਾ ਹੈ ਤਾਂ ‘ਸ਼ੌਕ’ ਦਾ, ਨਾ ਬਹਾਨੇ ਭਾਲ, ਮਰਨਾ ਹੈ ਤਾਂ ‘ਸ਼ਾਨ’ ਦਾ, ਨਹੀਂ ਬਹਾਨੇ ਨਾਲ। (੨੫) ‘ਇਕ’ ਇੱਛਾ ਸੀ ‘ਹੋਣ’ ਦੀ, ਜਨਮ ਤਾਂ ਪਾ ਲਿਆ, ਜਿਸ ਨੇ ਲਾਹਾ ਨਾ ਲਿਆ, ਓਸ ਗਵਾ ਲਿਆ (੨੬) ਪੁਰਖ ਹੈਂ ਜੇ, ਨਿਰਭਉ ਰਹਿ, ਨਾਲੇ ਰਹਿ ਨਿਰਵੈਰ, ਕਦੇ ਕਿਸੇ ਨੂੰ ਸਮਝਣਾ, ਨਾ ਆਪਣਾ, ਨਾ ਗ਼ੈਰ। (੨੭) ਹਉਮੈ ਦੀ ਹੱਦ ਤੋਂ ਪਰੇ, ਪ੍ਰੀਤਮ! ਸੁਖ ਪਿਆ, ਜੋ ਇਹ ਸੀਮਾਂ ਟੱਪ ਗਿਆ, ਉਸ ਨੇ ਪਾ ਲਿਆ। (੨੮) ‘ਦਰਸ਼ਨ’ ਉਹ ਹੀ ਲੋਚਦੇ, ਰੱਬ ਨਾ ਜਿਨ੍ਹਾਂ ਪਾਸ, ‘ਤੀਜੀ ਅੱਖ’ ਜੇ ਕੋਲ ਹੈ, ਤਾਂ ਨਹੀਂ ਆਸ ਨਿਰਾਸ। (੨੯) ਕਰਨੀ ਹੈ ਤਾਂ ਤਾਂ ਕਰ ਸਦਾ, ‘ਤੀਜੀ ਅੱਖ’ ਦੀ ਭਾਲ, ਪ੍ਰੀਤਮ! ਉਹ ਬਾਹਰ ਨਹੀਂ, ਉਹ ਤੇਰੇ ਹੀ ਨਾਲ। (੩੦)

ਸਾਗਰ ਨਾਲ ਸੰਬੰਧਿਤ ਦੋਹੇ

ਸਾਗਰ ਦੇ ਵਿਚ ਤੁਰ ਪਿਆ, ਗੋਡੇ ਗੋਡੇ ਨੀਰ, ਨਾ ਕੋਈ ਪਿੱਛੇ ਪੈੜ ਹੈ, ਨਾ ਹੀ ਦਿਸੇ ਅਖ਼ੀਰ। (੩੧) ਸਾਗਰ ਦੇ ਵਿਚ ਤੁਰ ਪਿਆ,ਰੂਹ ਹੋਈ ਆਜ਼ਾਦ, ਅੰਬਰ ਵੀ ਅਗਾਧ ਹੈ, ਸਾਗਰ ਵੀ ਅਗਾਧ। (੩੨) ਸਾਗਰ ਦੇ ਵਿਚ ਤੁਰ ਪਿਆ, ਬੁੱਧੀ ਹੋਈ ਬਿਬੇਕ, ਮੰਜ਼ਿਲ ਹਰ ਇਕ ਦਿਸ਼ਾ ਹੈ, ਰਸਤੇ ਹੈਨ ਅਨੇਕ। (੩੩) ਸਾਗਰ ਦੇ ਵਿਚ ਤੁਰ ਪਿਆ, ਕੁਝ ਡਰ, ਕੁਝ ਉਤਸ਼ਾਹ, ਡਰ ਹੀ ਬੰਨ੍ਹੇ ਹੌਸਲਾ, ਰੋਚਕ ਹੋਵੇ ਰਾਹ। (੩੪) ਸਾਗਰ ਦੇ ਵਿਚ ਤੁਰ ਪਿਆ, ਮੇਰਾ ‘ਪ੍ਰੀਤਮ’ ਨਾਲ, ਸਾਰੀ ਦੁਨੀਆਂ ਕੋਲ ਹੈ, ਹੋਰ ਨਹੀਂ ਹੈ ਭਾਲ। (੩੫) ਸਾਗਰ ਦੇ ਵਿਚ ਤੁਰ ਪਿਆ, ਬਾਦਬਾਨ ਦੀ ਟੇਕ, ਕੁਦਰਤ ਦੇਵੇ ਸਾਥ ਤਾਂ ਬਾਹਾਂ ਮਿਲਣ ਅਨੇਕ। (੩੬) ਸਾਗਰ ਦੇ ਵਿਚ ਤੁਰਦਿਆਂ, ਪਾਣੀ ਗਏ ਝਕੋਲ਼, ਬਣੇ ਝਕੋਲੇ ਰਹਿਣਗੇ, ਕੁਝ ਦਿਨ ਸਾਗਰ ਕੋਲ। (੩੭) ਸਾਗਰ ਦੇ ਵਿਚ ਤੁਰਦਿਆਂ, ਇਹ ਹੋਇਆ ਅਹਿਸਾਸ, ਮੈਂ ਨਿਗੂਣੀ ਬੂੰਦ ਹਾਂ, ਸਾਗਰ ਵਿਚ ਹੈ ਵਾਸ। (੩੮) ਸਾਗਰ ਦੇ ਵਿਚ ਤੁਰਦਿਆਂ, ਇਕ ਥਾਂ ਸੋਚ ਖਲੋਏ, ਸਾਗਰ ਨਾ ਸਾਗਰ ਬਣੇ, ਜੇ ਕੋਈ ਬੂੰਦ ਨਾ ਹੋਏ। (੩੯) ਸਾਗਰ ਦੇ ਵਿਚ ਤੁਰਦਿਆਂ, ਬੱਦਲ ਬਣਿਆਂ, ਸਾਥ, ਕਿੰਨੇ ਗੇੜੇ ਮਾਰਨੇ, ਕੋਈ ਨਾ ਆਵੇ ਹਾਥ। (੪੦) ਸਾਗਰ ਦੇ ਵਿਚ ਤੁਰਦਿਆਂ, ਸੋਚ ਜਾਂ ਥੱਲੇ ਜਾਏ, ਕੀ ਜੀਣਾ ਉਨ੍ਹਾਂ ਪਾਣੀਆਂ! ਜੋ ਨਾ ਉੱਪਰ ਆਏ। (੪੧) ਸਾਗਰ ਦੇ ਵਿਚ ਤੁਰਦਿਆਂ, ਦਿਸਿਆ ਮਾਇਆ ਜਾਲ਼, ਮੋਤੀਆਂ ਦਾ ਵੀ ਸੰਗ ਹੈ, ਮਗਰ-ਮੱਛਾਂ ਦੇ ਨਾਲ। (੪੨) ਸਾਗਰ ਦੇ ਵਿਚ ਤੁਰਦਿਆਂ, ਸੋਚ ਇਹ ਅਕਸਰ ਆਏ, ਐਨੇ ਦਰਿਆ ਪੀਂਦਿਆਂ, ਇਸ ਦੀ ਪਿਆਸ ਨਾ ਜਾਏ। (੪੩) ਸਾਗਰ ਦੇ ਵਿਚ ਤੁਰਦਿਆਂ, ਪ੍ਰੀਤਮ! ਇਹ ਸੋਚਾਂ, ਬੂੰਦਾ ਵਰ੍ਹੀਆਂ ਕਈ ਯੁਗ, ਸਾਗਰ ਬਣਿਆਂ ਤਾਂ। (੪੪) ਧਰਤ ਸੀ ਗੋਲਾ ਅਗਨ ਦਾ, ਠੰਡਾ ਕਰਨ ਲਈ, ਮੀਂਹ ਵਰ੍ਹਿਆ, ਸਾਗਰ ਬਣੇ, ਲੱਗੇ ਯੁਗ ਕਈ। (੪੫) ਸਾਗਰ ਦੇ ਵਿਚ ਨਾਗ ‘ਤੇ, ਵਿਸ਼ਨੂੰ ਦਾ ਅਵਤਾਰ, ਨਾਭ-ਕੰਵਲ ‘ਚੋਂ ਉਪਜਿਆ, ਇਹ ਸਾਰਾ ਸੰਸਾਰ। (੪੬) ਸਾਗਰ ਦੇ ਵਿਚ ਦੇਖਿਆ, ਜੀਵਨ ਪ੍ਰਗਟ ਹੋਏ, ‘ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭ ਕੋਇ’। (੪੭) ਸਾਗਰ ਦੇ ਹੜ੍ਹ ਤੋਂ ਬਚੇ, ਮਾਲ ਅਤੇ ਪਰਿਵਾਰ, ਕਿਸ਼ਤੀ ਆਪ ਬਣਾ ਕੇ, ਹੋਇਆ ‘ਨੂਹ’ ਤਿਆਰ। (੪੮) ‘ਭਉ-ਜਲ’ ਸੋਚ ਹੈ ਆਖ਼ਰੀ, ਧਰਮੀ ਦੇਣ ਮਿਸਾਲ, ਮੰਦੇ ਕੰਮੀਂ ਹੋਏਗਾ, ਜਾਣਾ ਪਾਰ ਮੁਹਾਲ। (੪੯) ਉਨ੍ਹਾਂ ਲਈ ਜਲ ‘ਭਉ’ ਨਹੀਂ, ਜਿਹੜੇ ਚੱਲਦੇ ਠੀਕ, ਨਾ ਡਰਦੇ ਉਹ ਸਾਗਰੋਂ, ਰਹਿੰਦੇ ਜੋ ਨਜ਼ਦੀਕ। (੫੦) ਅੰਦਰੋਂ ਬਾਹਰੋਂ ਮਾਣਦੇ, ਗੋਦ ਖੇਲੰਦੇ ਲੋਕ, ‘ਭਉ-ਜਲ’ ਤੋਂ ਘਬਰਾਵੰਦੇ, ਦੂਰ ਵਸੰਦੇ ਲੋਕ। (੫੧) ਚੰਗੇ ਮੰਦੇ ਖਹਿਬੜੇ, ਸਾਗਰ-ਮੰਥਨ ਹੋਏ, ਚੰਗੇ, ਮੰਦੇ ਬਣ ਗਏ, ‘ਅੰਮ੍ਰਿਤ’ ਲਿਆ ਲਕੋਏ। (੫੨) ਸਾਗਰ, ਸਾਡੀ ਹੋਂਦ ਹੈ, ਜਦ ਵੀ ਮੰਥਨ ਹੋਏ, ‘ਅੰਮ੍ਰਿਤ’ ਹੋਵੇ ਜਾਂ ‘ਵਿਸ਼’ ਇਸ ਦੇ ਅੰਦਰ ਦੋਏ। (੫੩) ਚੌਦਾ ਰਤਨ ਜੇ ਕੱਢਣੇ, ਸਾਗਰ-ਮੰਥਨ ਲੱਗ, ਹੋਰ ਨਹੀਂ ਤਾਂ, ਮਿਲੇਗੀ ਪਾਣੀ ਵਿਚੋਂ ਅੱਗ। (੫੪) ਜੀਵਨ ਦੇਵਣ ਵਾਸਤੇ, ਸਾਗਰ ਬੜਾ ਬੇਅੰਤ, ਪਾਣੀ ਵਿਚ ਹੀ ਹੋ ਸਕਣ, ਲੱਖਾਂ ਕਿਸਮ ਦੇ ਜੰਤ। (੫੫) ਸਾਗਰ ਦੇ ਵਿਚ ਦੇਖਿਆ, ਉੱਪਰ ਬਹੁਤ ਜਨੂੰਨ, ਜਿਉਂ ਜਿਉਂ ਡੂੰਘਾ ਜਾਈਏ, ਤਿਉਂ ਤਿਉਂ ਵਧੇ ਸਕੂੰਨ। (੫੬) ਸਾਗਰ ਦੇ ਵਿਚ ਦੇਖਿਆ, ਹੁੰਦਾ ਹੈ ਅਨਿਆਏ, ਛੋਟੀ ਮੱਛਲੀ ਦੇਖ ਕੇ, ਵੱਢੀ ਉਸ ਨੂੰ ਖਾਏ। (੫੭) ਸਾਗਰ ਦੇ ਵਿਚ ਦੇਖਿਆ, ਅਚਿੰਤੇ ਬਾਜ ਪਿਆ, ਕੇਲ ਕਰੇਂਦੀ ਮੱਛਲੀ, ਉਠਾ ਕੇ ਲੈ ਗਿਆ। (੫੮) ਸਾਗਰ ਦੇ ਵਿਚ ਦੇਖਿਆ, ਬੇੜਾ ਹੋਇਆ ਚੂਰ, ਐਸਾ ਹੋਇਆ ਹਾਦਸਾ, ਡੁੱਬਾ ਭਰਿਆ ਪੂਰ। (੫੯) ਸਾਗਰ ਦੇ ਵਿਚ ਦੇਖਿਆ, ਪਾਣੀ ਹਿੱਲ ਗਿਆ, ਧਰਤੀ ਖਿੱਚੀ ਚੰਦ ਨੇ, ਇਹ ਪਿੱਛੇ ਰਹਿਆ। (੬੦) ਸਾਗਰ ਦੇ ਵਿਚ ਦੇਖਿਆ, ਸੂਰਜ ਖੇਲ ਦਿਖਾਏ, ਇਕ ਪਾਸੇ ਲੁਕ ਜਾਵੰਦਾ, ਦੂਜੇ ਨਜ਼ਰੀਂ ਆਏ। (੬੧) ਸਾਗਰ ਦੇ ਵਿਚ ਦੇਖਿਆ, ਆਇਆ ਇਕ ਤੂਫ਼ਾਨ, ਕਿਸੇ ਗਵਾਇਆ ਮਾਲ-ਧਨ, ਕਿਸੇ ਗਵਾਈ ਜਾਨ। (੬੨) ਸਾਗਰ ਦੇ ਵਿਚ ਦੇਖਿਆ, ਐਸਾ ਜੁੱਟ ਪਿਆ, ਦਿਨ-ਦਿਹਾੜੇ ਜਾਵੰਦਾ, ਬੇੜਾ ਲੁੱਟ ਲਿਆ। (੬੩) ਸਾਗਰ ਦੇ ਵਿਚ ਦੇਖਿਆ, ਗਹਿਰੀ ਨਦੀ ਵਗੇ, ਪਾਣੀ ਦਾ ਹੈ ‘ਵਹਿਣ’ ਤੇ ‘ਕੰਢੇ’ ਪਾਣੀ ਦੇ। (੬੪) ਪੌਣ, ਪਾਣੀ, ਜੀਅ ਵੱਖਰੇ, ਵੱਖਰੇ ਰੰਗ ‘ਤੇ ਤਾਣ, ਹਰ ਸਾਗਰ ਦੀ ਆਪਣੀ ਹੁੰਦੀ ਹੈ ਪਹਿਚਾਣ। (੬੫) ਨਾਮ ਤਾਂ ਬੇਸ਼ੱਕ ਵੱਖਰੇ, ਰੂਹ ਵੱਖਰੀ ਨਾ ਭਾਲ, ਸਾਗਰ, ਸਾਗਰ ਮਿਲੇਗਾ ਹਰ ਇਕ ਨਾਮ ਦੇ ਨਾਲ। (੬੬) ਸਾਗਰ ਦੇ ਸੌ ਨਾਮ ਨੇ, ਪਰ ਇੱਕੋ ਦਸਤੂਰ, ਵੱਡੇ ਵੱਡੇ ਹੋ ਗਏ, ਨਾਮ ਸੱਤ ਮਸ਼ਹੂਰ। (੬੭) ਇਕ ਚੌਥਾਈ ਧਰਤ ਹੈ, ਸਾਗਰ ਦੇ ਵਿਚਕਾਰ, ਕਈ ਹਜ਼ਾਰਾਂ-ਗੁਣਾ ਹੈ ਪਰ ਧਰਤੀ ਦਾ ਭਾਰ। (੬੮) ਸਾਗਰ ਨੇ ਕੀ ਪਤਇਆ! ਵੱਡਾ ਕਰਕੇ, ਨ੍ਹੇਰ, ਹਰ ਪਾਸੇ ਤੇ ਹਰ ਜਗਹ ਧਰਤੀ ਰੱਖੀ ਘੇਰ। (੬੯) ਜਦ ਵੀ ਹੋਇਆਂ ਟਾਕਰਾ, ‘ਧਰਤੀ’ ‘ਸਾਗਰ’ ਦਾ, ਧਰਤੀ ਪਿੱਛੇ ਹਟ ਗਈ, ਸਾਗਰ ਹੀ ਵਧਿਆ। (੭੦) ਸਾਗਰ ਦਾ ਇਕ ਬੱਚੜਾ, ਧਰਤੀ ਰੱਖਿਆ ਘੇਰ, ਜਲ ਥਲ, ਥਲ ਜਲ ਹੋ ਜਾਏ, ਇਹ ਸਮਿਆਂ ਦਾ ਫੇਰ। (੭੧) ਸਾਗਰ ਵਿਚ ਟਾਪੂ ਬੜੇ, ਹੁੰਦੇ ਹੈਨ ਕਮਾਲ, ਚਾਰ-ਚੁਫ਼ੇਰੇ ਪਸਰਿਆ, ਓਥੇ ਮਾਇਆ ਜਾਲ। (੭੨) ਥਲ ਮਾਰੂਥਲ ਬਿਖੜੇ, ਸਾਗਰ ਬੜੇ ਕਮਾਲ, ਠ੍ਹਿਲੇ ਬੇੜੇ ਵਣਜ ਦੇ ਅਤੇ ਯਾਤਰੂ ਨਾਲ। (੭੩) ਲੱਗੇ ਸ਼ਹਿਰ ਦਾ ਸ਼ਹਿਰ ਹੀ, ਬੇੜਾ ਤਰਦਾ ਜਾਏ, ਹਰ ਸੈਲਾਨੀ ਏਸ ਦਾ, ਮੌਜਾਂ ਕਰਦਾ ਜਾਏ। (੭੪) ਸਾਗਰ ਦੀ ਕੀ ਦੇਣ ਹੈ! ਇਸ ਗੱਲੋਂ ਅਨਜਾਣ, ਸਣੇ ਮੁਰਦਿਆਂ ਸੁੱਟਦੇ, ਕੂੜਾ ਕਰਕਟ ਆਣ। (੭੫) ਵਾਤਾਵਰਣ ਹੈ ਕਰ ਗਿਆ, ਸਾਗਰ ਨੂੰ ਖਾਰਾ, ਹੁੰਦਾ ਹੁੰਦਾ ਹੋ ਗਿਆ ਇਹ ਪਾਣੀ ਭਾਰਾ। (੭੬) ਸਾਗਰ ਜਿਹੜਾ ਸੂਰਜੋਂ ਬਹੁਤੀ ਦੂਰ ਰਿਹਾ, ਨਿੱਘ ਨਾ ਮਿਲਿਆ ਓਸ ਨੂੰ, ਬਰਫ਼ ਹੀ ਬਣ ਗਿਆ। (੭੭) ਸਾਗਰ, ਗਲੀਆਂ ਵਿਚ ਹੈ, ਸ਼ਹਿਰ ਹੈ ਲਾਸਾਨੀ, ਦੇਖਣ ਦੇ ਲਈ ਆਵੰਦੇ, ਲੱਖਾਂ ਸੈਲਾਨੀ। (੭੮) ਵੱਖਰੀ ਵੱਖਰੀ ਥਾਂ ‘ਤੇ, ਪਾਣੀ ਨੇ ਵੱਖਰੇ, ਸਾਗਰ ਦੇ ਵਿਚ ਹੋਣ ਨਾ, ਬੂਟੇ ਕੰਵਲ ਦੇ। (੭੯) ਜਦ ਜਰਵਾਣੇ ਠ੍ਹਿਲ ਪਏ, ਜੰਗੀ ਬੇੜੇ ਲੈ, ਸਾਗਰ ਰਣ-ਭੂਮੀ ਬਣੀ, ਮਾਰੂਪਨ ਦੀ ਨੈ। (੮੦) ਧਰਤੀ ਵਿਚ ਤੌਫ਼ੀਕ ਨਾ ਕਿ ਜੀਵਨ ਉਪਜਾਏ, ਧਰਤੀ ਆਬ ਸੁਮੇਲ ਹੈ, ਜੋ ਇਹ ਰਚਨ ਰਚਾਏ। (੮੧) ਧਰਤੀ ਵੱਡੀ ਉਮਰ ਦੀ, ਸਾਗਰ ਹੈ ਛੋਟਾ, ਪਰ ਚੌਥਾਈ ਇਕ ਹੈ ਧਰਤੀ ਦਾ ਟੋਟਾ। (੮੨) ਸਾਗਰ ਹੈ, ਤਾਂ ਚੱਲਦਾ, ਕਈਆਂ ਦਾ ਰੁਜ਼ਗਾਰ, ਵੱਡਿਆਂ ਕੰਮਾਂ ‘ਚੋਂ ਹੈ, ਮੱਛੀਆਂ ਦਾ ਵਪਾਰ। (੮੩) ਸਾਗਰ ਹੀ ਹੈ ਉਹ ਥਾਂ, ਜਿੱਥੇ ਐਸਾ ਹੋਏ, ਬਿਨ ਵਾਹਿਆਂ, ਬਿਨ ਗੁੱਡਿਆਂ, ਭੋਜਨ ਪੈਦਾ ਹੋਏ। (੮੪) ਭੁੱਖ ਮਿਟਾਵਣ ਵਾਸਤੇ, ਧਰਤੀ ਨਾ ਸਮਰੱਥ, ਅੱਗ ਬੁਝਾਵੇ ਢਿੱਡ ਦੀ, ਸਾਗਰ ਦਾ ਵੀ ਹੱਥ। (੮੫) ਘਟਣਾਵਾਂ ਅਣਹੋਣੀਆਂ ਸਾਗਰ ਦੇ ਵਿਚ ਹੋਣ, ਜਿਸ ਜਗਹ ‘ਤੇ ਬਣ ਰਹੀ ਬਰਮਿਊਡਾ ਤਿਕੋਣ। (੮੬) ਸਾਗਰ ਦੇ ਵਿਚ ਜਲ-ਪਰੀ ਦੇਵੀ ਦਾ ਅਸਥਾਨ, ਦਿੱਤਾ ਏਸ ਮਨੁੱਖ ਨੂੰ, ਜੀਵਨ ਦਾ ਵਰਦਾਨ। (੮੭) ਜਲ-ਪਰੀ ਦੇਵੀ, ਜਿਵੇਂ ਦੋ ‘ਖਾਣੀ’ ਦਾ ਮੇਲ, ਅੰਡਜ, ਜੇਰਜ ਦੋਹਾਂ ਦਾ, ਪ੍ਰੀਤਮ! ਇਕ ਸੁਮੇਲ। (੮੮) ਸਾਗਰ ਦਾ ਕੀ ਆਖਣਾ! ਵੱਡਾ ਬੇ-ਪਰਵਾ, ਕਦੇ ਇਹ ਬੇੜੇ ਡੋਬਦਾ, ਕਦੇ ਇਹ ਦੇਵੇ ਰਾਹ। (੮੯) “ਜਲ ਸੰਗਿ ਰਾਤੀ ਮਾਛੁਲੀ, ਨਾਨਕ ਹਰਿ ਮਾਤੇ”, ਮੈਂ ਅਕਸਰ ਇਹ ਸੋਚਦਾਂ, ‘ਪ੍ਰੀਤਮ’ ਹੈ ਕਿੱਥੇ! (੯੦)

ਕੁਝ ਹੋਰ ਦੋਹੇ

ਜੀਵਨ ਵਿਚੋਂ ਛੱਡ ਦਿਓ, ਕੋਝੇ ਬਣੇ ਸੰਬੰਧ, ਇਸ ਤੋਂ ਪਹਿਲਾਂ ਕਿ ਬਣਨ ਉਹ ਖ਼ੁਸ਼ੀਆਂ ਲਈ ਫੰਧ। (੯੧) ਲੈਣੇ ਦੇਣੇ ਵਾਲੜੇ, ਹੁੰਦੇ ਜੋ ਸੰਬੰਧ, ਲੈਣਾ ਦੇਣਾ ਨਾ ਜਚੇ ਤਾਂ ਆਵੇ ਦੁਰਗੰਧ। (੯੨) ਜੋ ਕਰਨਾ ਹੈ ਕਰ ਸਦਾ ਉਹ ਜੁੱਰਤ ਦੇ ਨਾਲ ਮਿਲਣ ਜਾਂ ਵਿਛੜਨ ਵਾਸਤੇ, ਕੋਈ ਮੋੜ ਨਾ ਭਾਲ। (੯੩) ਜੋ ਜੀਵਨ ‘ਚੋਂ ਲੰਘਦੇ, ਉਹ ਦਿਨ ਮੁੜ ਨਾ ਆ’ਣ, ਚਾਰ ਦਿਨਾਂ ਦੀ ਜ਼ਿੰਦਗੀ, ਝਗੜੇ ਨਾ ਖਾ ਜਾਣ। (੯੪) ਸੌ ਥਾਂ ਦੁਨੀਆਂ ਦੱਸਦੀ, ਸੌ ਰਾਹ ਦੁਨੀਆਂ ਕੋਲ, ਪਰ ਸਦਾ ਹੀ ਮੰਨਣਾ ਆਪਣੇ ਦਿਲ ਦੇ ਬੋਲ (੯੫) ਕਿਸੇ ਵੀ ਥਾਂ ਤੋਂ ਤੁਰਨ ਦੀ ਜਦ ਕਰਨੀ ਤਦਬੀਰ, ‘ਲੋਕ-ਲਾਜ’ ਨਾ ਬਣ ਜਾਏ, ਪੈਰਾਂ ਦੀ ਜ਼ੰਜੀਰ। (੯੬) ‘ਅਗਨ-ਪ੍ਰੀਖਿਆ’ ਦੇਣ ਨੂੰ, ਜੇ ਨਹੀਂ ਰਾਮ ਤਿਆਰ, ਹਰਜ ਨਾ ‘ਸੀਤਾ’ ਵਾਸਤੇ ਕਰ ਦੇਣਾ ਇਨਕਾਰ। (੯੭) ਏਨਾ ਨੇੜ ਵੀ ਨਾ ਕਰੋ, ਦੂਰੀ ਬਣੇ ਆਜ਼ਾਰ, ਏਨਾ ਦੂਰ ਵੀ ਨਾ ਰਹੋ, ਕਿ ਦਿਸੇ ਨਾ ਪਾਰ। (੯੮) ਜਿਸ ਨੇ ਪਾਈ ਨੇੜਿਓਂ ਜੀਵਨ ਉੱਤੇ ਝਾਤ, ਉਹ ਦਿਨ ਨੂੰ ਦਿਨ ਆਖਦਾ ਤੇ ਰਾਤ ਨੂੰ ਰਾਤ। (੯੯) ਰਿਸ਼ਤਾ ਉਹ ਹੈ ਜਿਸ ਵਿਚ, ‘ਹੀਣ-ਭਾਵ’ ਨਾ ਹੋਏ, ‘ਓੜਕ ਤਕ ਨਿਭ ਜਾਣ’ ਜੇ ਹੋਣ ਬਰਾਬਰ ਦੋਏ। (੧੦੦)

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੀਤਮ ਧੰਜਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ