Punjabi Children Poetry : Rabinder Singh Rabbi

ਬਾਲ ਰਚਨਾਵਾਂ : ਰਾਬਿੰਦਰ ਸਿੰਘ ਰੱਬੀ



1. ਆਇਆ ਅਖ਼ਬਾਰ

ਆਇਆ ਅਖ਼ਬਾਰ ਪਾਪਾ ਆਇਆ ਅਖ਼ਬਾਰ, ਆਲਸ ਤਿਆਗ ਕੇ ਸੁਣਾਓ ਸਮਾਚਾਰ । ਬਾਲ ਗੀਤ ਹੋਊ ਜਾਂ ਹੋਊਗੀ ਕਹਾਣੀ, ਜਾਂ ਮੈਨੂੰ ਦੱਸੋ ਕਿਹੜੀ ਫਿਲਮ ਹੈ ਆਉਣੀ। ਕਾਰਟੂਨ ਦੇਖਦਾ ਹਾਂ ਮੈਂ ਵਾਰ - ਵਾਰ, ਆਇਆ ਅਖ਼ਬਾਰ ਪਾਪਾ ਆਇਆ ਅਖ਼ਬਾਰ, ਮਾਰ - ਕਾਟ ਦੀ ਕੋਈ ਖ਼ਬਰ ਨਾ ਸੁਣਾਇਓ, ਲੁੱਟ - ਖੋਹ ਦੀ ਗੱਲ ਮੇਰੇ ਕੰਨਾਂ ’ਚ ਨਾ ਪਾਇਓ। ਸਾਝਰੇ ਹੀ ਇਹ ਨਹੀਂ ਸਕਦਾ ਸਹਾਰ, ਆਇਆ ਅਖ਼ਬਾਰ ਪਾਪਾ ਆਇਆ ਅਖ਼ਬਾਰ, ਕਾਰਟੂਨ ਹੋਏ ਜੇ, ਜ਼ਰੂਰ ਪਾਪਾ ਪੜ੍ਹਿਓ, ਚੁਟਕਲੇ ਪਹਿਲਾਂ ਜੇ ਸੁਣਾਉਣੇ ਰਤਾ ਖੜ੍ਹਿਓ। ਹੱਸਣੇ ਲਈ ਕਰਾਂ ਪਹਿਲਾਂ ਆਪ ਨੂੰ ਤਿਆਰ, ਆਇਆ ਅਖ਼ਬਾਰ ਪਾਪਾ ਆਇਆ ਅਖ਼ਬਾਰ, ਗੌਰ ਨਾਲ ਦੇਖੋ, ਵਿੱਚ ਹੋਣੀਆਂ ਬੁਝਾਰਤਾਂ, ਤੁਹਾਡੀ ਨਾਂਹ - ਨਾਂਹ ਵਿੱਚ ਹੁੰਦੀਆਂ ਸ਼ਰਾਰਤਾਂ। ਕਰਦੇ ਹੋ ਰੱਬੀ ਨਾਲ ਇੱਦਾਂ ਹਰ ਵਾਰ, ਆਇਆ ਅਖ਼ਬਾਰ ਪਾਪਾ ਆਇਆ ਅਖ਼ਬਾਰ, ਆਲਸ ਤਿਆਗ ਕੇ ਸੁਣਾਓ ਸਮਾਚਾਰ ।

2. ਕਬੱਡੀ

ਕੱਠੇ ਹੋ ਕੇ ਕਦੇ-ਕਦੇ ਖੇਡਦੇ ਕਬੱਡੀ। ਖ਼ੁਸ਼ੀ ਵਿੱਚ ਲੱਗਦੀ ਨਾ ਧਰਤੀ ਨੂੰ ਅੱਡੀ। ਨਿੱਕੇ ਜਿਹੇ ਘੇਰੇ ਨੂੰ ਕਹੀ ਨਾਲ ਪੁੱਟ ਕੇ। ਕੱਖ, ਕੰਡਾ, ਕੱਚ ਉਹਦੇ ਵਿੱਚੋਂ ਬਾਹਰ ਸੁੱਟ ਕੇ। ਨਿੰਦੇ ਅਤੇ ਸੋਨੀ ਰਲ ਜੜ੍ਹੀ ਬੂਟੀ ਵੱਢੀ। ਕੱਠੇ ਹੋ ਕੇ ਕਦੇ-ਕਦੇ ਖੇਡਦੇ ਕਬੱਡੀ। ਬਾਪੂ ਆਪਣੇ ਨੂੰ ਸੁੱਖਾ ਬੁਲਾ ਕੇ ਲਿਆਇਆ। ਟਰੈਕਟਰ ਨੂੰ ਫ਼ਾਲੇ ਪਾ ਜ਼ਰਾ ਕੁ ਘੁਮਾਇਆ। ਬਣਿਆ ਮਲਾਈ, ਖੜ੍ਹਨੇ ਨੂੰ ਜਗ੍ਹਾ ਛੱਡੀ। ਕੱਠੇ ਹੋ ਕੇ ਕਦੇ-ਕਦੇ ਖੇਡਦੇ ਕਬੱਡੀ। ਖੁੱਲੀ ਕੈਂਚੀ ਅਤੇ ਕੱਪੜੇ ਨੂੰ ਨਹੀਂ ਫੜਨਾ, ਨਾ ਹੀ ਛਾਲ ਮਾਰ ਕੇ ਕੰਧਾੜੇ ਯਾਰੋ ਚੜਨਾ। ਕਬੱਡੀ-ਕਬੱਡੀ ਕਹਿਣਾ ਕੌਡੀ-ਕੌਡੀ ਕਹਿੰਦਾ ਲੱਡੀ। ਕੱਠੇ ਹੋ ਕੇ ਕਦੇ-ਕਦੇ ਖੇਡਦੇ ਕਬੱਡੀ। ਹੋ ਕੇ ਤਿਆਰ ਮੜੌਲੀ ਨਾਲ ਪੰਗਾ ਪਾਇਆ। ਮੋਰਿੰਡੇ ਦਿਆਂ ਮੁੰਡਿਆਂ ਨੇ ਸਭ ਨੂੰ ਹਰਾਇਆ। ਰੱਬੀ ਛੁਹਲੇ ਇੰਨੇ, ਸਾਰੇ ਦੇਖਣ ਮੂੰਹ ਟੱਡੀ। ਕੱਠੇ ਹੋ ਕੇ ਕਦੇ-ਕਦੇ ਖੇਡਦੇ ਕਬੱਡੀ।

3. ਚੱਲਦੇ ਫੁਹਾਰੇ

ਬੜੇ ਸੋਹਣੇ ਲੱਗਦੇ ਨੇ ਚੱਲਦੇ ਫੁਹਾਰੇ, ਤੱਕ ਕੇ ਉਨ੍ਹਾਂ ਨੂੰ ਆਉਂਦੇ ਸੁਰਗੀ ਨਜ਼ਾਰੇ। ’ਕੱਠੇ ਪਾਣੀ ਸੁੱਟਦੇ ਨੇ ਅੰਬਰ ’ਤੇ ਚਾਰ , ਹੇਠੋਂ ਚੱਕ ਪਾਣੀ ਉੱਤੇ ਦਿੰਦੇ ਨੇ ਖਿਲਾਰ। ਘੁੰਮਦੇ ਨੇ ਜਦੋਂ ਬੜੇ ਜਾਪਦੇ ਨਿਆਰੇ, ਬੜੇ ਸੋਹਣੇ ਲੱਗਦੇ ਨੇ ਚੱਲਦੇ ਫੁਹਾਰੇ, ਇੱਕ ਦੂਸਰੇ ਦੇ ਉੱਤੋਂ ਦੂਰੋਂ ਪਾਣੀ ਪਾਂਵਦੇ, ਪਾਣੀ ਦੀਆਂ ਬੂੰਦਾਂ ਵਿੱਚ ਭਿੱਜ-ਭਿੱਜ ਜਾਂਵਦੇ। ਜਾਪਦੀਆਂ ਬੂੰਦਾਂ ਜਿਵੇਂ ਟਿਮਕਦੇ ਤਾਰੇ, ਬੜੇ ਸੋਹਣੇ ਲੱਗਦੇ ਨੇ ਚੱਲਦੇ ਫੁਹਾਰੇ, ਹਾਥੀ ਦੇ ਮੂੰਹ ਵਾਲਾ ਚੱਲਦਾ ਫੁਹਾਰਾ, ਜਿਵੇਂ ਕੋਈ ਕਿਸਾਨ ਹੋਏ ਸਿੰਜਦਾ ਕਿਆਰਾ। ਚੰਡੀਗੜ੍ਹ ਵਿੱਚ ਨੇ ਇਹ ਖਿੱਲਰੇ ਸਿਤਾਰੇ, ਬੜੇ ਸੋਹਣੇ ਲੱਗਦੇ ਨੇ ਚੱਲਦੇ ਫੁਹਾਰੇ, ਸਾਝਰੇ ਹੀ ਤੱਕੋ ਇਨ੍ਹਾਂ ਨੂੰ ਰੂਹ ਭਰ ਕੇ, ਦਿਨ ਸਾਰਾ ਗੁਜਰੇਗਾ ਹਾਸਾ ਠੱਠਾ ਕਰ ਕੇ। ਰੱਬੀ ਜਿੰਦ ਵਿੱਚ ਖੇੜਾ ਭਰਦੇ ਨੇ ਸਾਰੇ, ਬੜੇ ਸੋਹਣੇ ਲੱਗਦੇ ਨੇ ਚੱਲਦੇ ਫੁਹਾਰੇ, ਤੱਕ ਕੇ ਉਨ੍ਹਾਂ ਨੂੰ ਆਉਂਦੇ ਸੁਰਗੀ ਨਜ਼ਾਰੇ। (26ਜੂਨ 1995)

4. ਸਾਡੀ ਘਲਾੜੀ

ਆ ਜਾ! ਇੱਕ ਵਾਰ ਦੇਖ ਸਾਡੀ ਤੂੰ ਘਲਾੜੀ। ਇੰਨੀ ਗੂੜ੍ਹੀ ਪੈਣੀ ਮੁੜ ਟੁੱਟਣੀ ਨਾ ਆੜੀ । ਮੇਰਾ ਬਾਪੂ ਦੇਖ ਗੰਨੇ ਵੱਢ ਕੇ ਲਿਆਇਆ। ਮਿੱਠਾ-ਮਿੱਠਾ ਰਸ ਉਹਨੇ ਸਭ ਨੂੰ ਪਿਆਇਆ। ਖਾ ਕੇ ਅਨੰਦ ਆਵੇ , ਨੱਚੋ ਮਾਰ ਤਾੜੀ। ਆ ਜਾ! ਇੱਕ ਵਾਰ ਦੇਖ ਸਾਡੀ ਤੂੰ ਘਲਾੜੀ। ਗੌਰ ਨਾਲ ਸੁਣ ਆਪਾਂ ਲਾਲ਼ਾ ਖਾ ਕੇ ਜਾਣਾ। ਉਹ ਤੋਂ ਪਹਿਲਾਂ ਟੱਪ-ਟੱਪ ਮੋਟਰ 'ਚ ਨਾਉਣਾ। ਲਾਲ਼ਾ ਖਾ ਕੇ ਨਾਉਣਾ , ਬਾਪੂ ਕਹੇ ਗੱਲ ਮਾੜੀ। ਆ ਜਾ! ਇੱਕ ਵਾਰ ਦੇਖ ਸਾਡੀ ਤੂੰ ਘਲਾੜੀ। ਹੋਇਆ ਕੀ ਜੇ ਥੋੜ੍ਹਾ ਬਹੁਤਾ ਪੈਂਡਾ ਏ ਵਧੇਰੇ। ਤੁਰ ਪੈਣਾ ਯਾਰਾ ਆਪਾਂ ਘਰੋਂ ਹੀ ਸਵੇਰੇ। ਨਿਕਲੀ ਨਾ ਹੋਊ ਅਜੇ ਸੂਰਜ ਦੀ ਫਾੜੀ। ਆ ਜਾ! ਇੱਕ ਵਾਰ ਦੇਖ ਸਾਡੀ ਤੂੰ ਘਲਾੜੀ। ਤੂਤ ਥੱਲੇ ਬਹਿਕੇ ਆਪਾਂ ਗੀਤ ਸੁਹਣੇ ਗਾਉਣੇ ਅਮਰੂਦ ਉੱਤੇ ਚੜ੍ਹਕੇ , ਪੱਕੇ - ਪੱਕੇ ਖਾਣੇ। ਜੀਅ ਲੱਗੇ ਪੂਰਾ, ਚਾਹੇ ਸਾਉਣ ਹੋ ਜਾਂ ਹਾੜੀ। ਆ ਜਾ! ਇੱਕ ਵਾਰ ਦੇਖ ਸਾਡੀ ਤੂੰ ਘਲਾੜੀ। ਸੁਰਗਾਂ ਦੇ ਆਂਵਦਾ ਨਜ਼ਾਰਾ ਸਾਡੇ ਖੂਹ। ਆ ਕੇ ਖਿੜ ਜਾਂਦੀ , ਸੱਚੀ – ਮੁੱਚੀ ਮੇਰੀ ਰੁਹ। 'ਰੱਬੀ' ਪੜ੍ਹ ਲਿਖ ਮੈਂ ਵੀ ਕਰੂੰ ਖੇਤੀ ਬਾੜੀ। ਆ ਜਾ! ਇੱਕ ਵਾਰ ਦੇਖ ਸਾਡੀ ਤੂੰ ਘਲਾੜੀ। ਇੰਨੀ ਗੂੜ੍ਹੀ ਪੈਣੀ ਮੁੜ ਟੁੱਟਣੀ ਨਾ ਆੜੀ। (1993)

5. ਭੁੱਲ-ਚੁੱਕ ਮਾਫ਼

ਮਾਫ਼ ਕਰੋ ਭੁੱਲ-ਚੁੱਕ, ਭੁੱਲ -ਚੁੱਕ ਮਾਫ਼ ਕਰੋ, ਕਰ ਦਿਓ ਭੁੱਲ –ਚੁੱਕ ਮਾਫ਼। ਗੰਦ ਜਿਹੜਾ ਪਾਇਆ ਹੋਇਆ ਤੁਹਾਡੇ ਹੀ ਬਰੂਹਾਂ ਉੱਤੇ, ਝੱਟ-ਪੱਟ ਕਰ ਦੇਣਾ ਸਾਫ਼। ਕੋਈ ਬਣ ਖੇਡੇ ਸ਼ੇਰ, ਕੋਈ ਖ਼ਰਗੋਸ਼, ਕੋਈ ਬਣ ਬੈਠ ਗਿਆ ਇੱਥੇ ਹਾਥੀ। ਕੋਈ ਚੀਤਾ , ਬਘਿਆੜ, ਬਾਂਦਰ, ਲੰਗੂਰ, ਸਭ ਖੇਡਦੇ ਸੀ ਰਲ-ਮਿਲ ਸਾਥੀ। ਪੰਛੀਆਂ ਦੀ ਡਾਰ ਝੱਟ- ਪੱਟ ਹੀ ਖਿਸਕ ਗਈ, ਜਦੋਂ ਉਹਨਾਂ ਤੱਕਿਆ ਜਿਰਾਫ਼। ਮਾਫ਼ ਕਰੋ ਭੁੱਲ-ਚੁੱਕ, ਭੁੱਲ-ਚੁੱਕ ਮਾਫ਼ ਕਰੋ, ਕਰ ਦਿਓ ਭੁੱਲ-ਚੁੱਕ ਮਾਫ਼। ਮੋਰ ਬਣ ਕੋਈ ਇੱਥੇ ਪੈਲਾਂ ਪਾ ਰਿਹਾ ਸੀ ,ਕੋਈ ਟਰੈਂ-ਟਰੈਂ ਕਰਦਾ ਸੀ ਤੋਤਾ ਕਿਧਰੇ ਸੀ ਭਾਲੂ, ਰਿੱਛ, ਲੂੰਬੜ ਤੇ ਗੈਂਡਾ ਕਿਤੇ, ਕਿਤੇ ਦਿਸਦਾ ਸੀ ਵੀਰੋ ਖੋਤਾ ਪੂਰਾ ਸ਼ੋਰ ਪਾਇਆ ਇਨ੍ਹਾਂ ਪਿੱਛੋਂ ਜੀ ਤੁਹਾਡੇ, ਹੇਠਾਂ ਆ ਗਿਆ ਸਫਾਈ ਦਾ ਗਰਾਫ਼ ਮਾਫ਼ ਕਰੋ ਭੁੱਲ-ਚੁੱਕ, ਭੁੱਲ -ਚੁੱਕ ਮਾਫ਼ ਕਰੋ,ਕਰ ਦਿਓ ਭੁੱਲ-ਚੁੱਕ ਮਾਫ਼। ਚਿੜੀਆਂ ਦੀ ਚੀਂ-ਚੀਂ,ਕਬੂਤਰਾਂ ਦੀ ਗੁਟਰ-ਗੂੰ, ਕੋਇਲ ਦੀ ਮਿੱਠੀ ਕੂ-ਕੂ ਬਾਲਾਂ ਸੰਗ ਖੇਡਦੇ ਜੇ ਤੱਕਦੇ ਤੁਸੀਂ ਵੀ ਇੱਥੇ, ਤੁਹਾਡੀ ਖਿੜ ਜਾਣੀ ਹੈ ਸੀ ਰੂਹ 'ਰੱਬੀ' ਇਸ ਧਮਾਂ-ਚੌਂਕੜੀ 'ਚ ਪਤਾ ਨਹੀਂ ਕਦੋਂ , ਗੁੱਸਾ ਬਣ ਉੱਡ ਗਿਆ ਭਾਫ ਮਾਫ਼ ਕਰੋ ਭੁੱਲ-ਚੁੱਕ, ਭੁੱਲ -ਚੁੱਕ ਮਾਫ਼ ਕਰੋ, ਕਰ ਦਿਓ ਭੁੱਲ-ਚੁੱਕ ਮਾਫ਼।

6. ਵੀਰ ਕਿਤਾਬ ਲਿਆਇਆ

ਮੇਰਾ ਵੀਰ ਮੇਰੇ ਲਈ ਕਿਤਾਬ ਏ ਲਿਆਇਆ। ਪੜ੍ਹ ਕੇ ਸੰਭਾਲ ਰੱਖੀਂ ਉਹਨੇ ਸਮਝਾਇਆ । ਉਹਦੇ ਉੱਤੇ ਹਰੀ ਜਿਹੀ ਜਿਲਦ ਬੰਨੀ ਹੋਈ ਏ। ਮੂਹਰਲੇ ਸਫੇ 'ਤੇ ਬੈਠੀ ਨਿੱਕੀ ਕੁੜੀ ਕੋਈ ਏ। ਹੱਥ ਵਿੱਚ ਜਿਸਦੇ ਕੈਦਾ ਹੈ ਫੜਾਇਆ। ਮੇਰਾ ਵੀਰ ਮੇਰੇ ਲਈ ਕਿਤਾਬ ਏ ਲਿਆਇਆ। ਲੈਅ ਬੱਧ ਛਪੀਆਂ ਨੇ ਸਭ ਕਵਿਤਾਵਾਂ, ਪੜ੍ਹਾਂ ਵਾਰ-ਵਾਰ ਜਿਹਨੂੰ ਪੜ੍ਹਨਾਂ ਮੈਂ ਚਾਹਵਾਂ। ਦਿਲ ਹੋਇਆ ਖ਼ੁਸ਼ੀ ਨਾਲ ਦੂਣ ਸਵਾਇਆ। ਮੇਰਾ ਵੀਰ ਮੇਰੇ ਲਈ ਕਿਤਾਬ ਏ ਲਿਆਇਆ। ਰੰਗਦਾਰ ਤਸਵੀਰਾਂ ਉਹਦੇ ਉੱਤੇ ਵਾਹੀਆਂ ਨੇ। ਦੇਖਣ ਕਿਤਾਬ ਹੋਰ ਕੁੜੀਆਂ ਵੀ ਆਈਆਂ ਨੇ। ਮਗਰੋਂ ਪੜ੍ਹਾਈ , ਪਹਿਲਾਂ ਉਂਝ ਹੀ ਸਤਾਇਆ। ਮੇਰਾ ਵੀਰ ਮੇਰੇ ਲਈ ਕਿਤਾਬ ਏ ਲਿਆਇਆ। ਕਿਤਾਬਾਂ ਦੇ ਨਾਲ ਮੇਰਾ ਵਧਿਆ ਪਿਆਰ ਜੀ। ਹਰ ਸਮੇਂ ਉਸ ਦਾ ਮੈਂ ਰੱਖਦੀ ਖਿਆਲ ਜੀ। ਰੱਬੀ ਨੇ ਕਿਤਾਬਾਂ ਨੂੰ ਹੈ ਮਨ 'ਚ ਵਸਾਇਆ। ਮੇਰਾ ਵੀਰ ਮੇਰੇ ਲਈ ਕਿਤਾਬ ਹੈ ਲਿਆਇਆ।

7. ਮੇਰੀ ਮੰਮੀ ਕਰੇ ਤਾਂ ਹੀ ਬਹੁਤ ਪਿਆਰ

ਉੱਠਦੇ ਸਵੇਰੇ ਹਾਂ ਤੇ ਹੋਂਵਦੇ ਤਿਆਰ। ਮੇਰੀ ਮੰਮੀ ਕਰੇ ਤਾਂ ਹੀ ਬਹੁਤ ਪਿਆਰ। ਪਾਪਾ ਮੇਰਾ ਉੱਠਿਆ ਤਾਂ ਉੱਠ ਗਏ ਸਾਰੇ। ਨ੍ਹਾ ਧੋ ਕੇ ਪੁੱਜ ਜਾਂਦੇ ਹਾਂ ਗੁਰਦੁਆਰੇ। ਕੀਰਤਨ ਸੁਣਦਾ ਹਾਂ ਨਾਲ ਸਤਿਕਾਰ। ਮੇਰੀ ਮੰਮੀ ਕਰੇ ਤਾਂ ਹੀ ਬਹੁਤ ਪਿਆਰ। ਚੁੱਕ ਫੱਟੀ ਬਸਤਾ ਚੱਲ ਪਏ ਸਕੂਲੇ। ਕਰਦੇ ਪੜ੍ਹਾਈ, ਅੱਧੀ ਛੁੱਟੀ ਲੈਂਦੇ ਝੂਲੇ। ਸੜਕ ’ਤੇ ਜਾਣ ਤੋਂ ਪੈਂਦੀ ਹੈ ਸੀ ਮਾਰ। ਮੇਰੀ ਮੰਮੀ ਕਰੇ ਤਾਂ ਵੀ ਬਹੁਤ ਪਿਆਰ। ਕੰਮ ਮੇਰੀ ਭੈਣ ਜੀ ਦਿੰਦਾ ਇੰਨਾ ਸਾਰਾ। ਥੱਕ ਜਾਂਦਾ ਕਰ-ਕਰ ਨਿੱਬੜੇ ਨਾ ਯਾਰਾ। ਪਾਪਾ ਨਾਲ ਜਾ ਨਹੀਂ ਹੁੰਦਾ ਜੀ ਬਜ਼ਾਰ। ਮੇਰੀ ਮੰਮੀ ਕਰੇ ਤਾਂ ਵੀ ਬਹੁਤ ਪਿਆਰ। ਸ਼ਾਮੀਂ ਸਾਰੇ ਕੱਠੇ ਹੋ ਕੇ ਬੈਠ ਰੋਟੀ ਖਾਂਦੇ। ਆਪੋ ਆਪਣੀਆਂ ਨਾਲੇ ਗੱਲਾਂ ਨੇ ਸੁਣਾਉਂਦੇ। ਰੱਬੀ ਸਾਰੇ ਲੈਂਦੇ ਇੱਕ ਦੂਜੇ ਦੀ ਹਾਂ ਸਾਰ। ਮੇਰੀ ਮੰਮੀ ਕਰੇ ਤਾਂ ਹੀ ਬਹੁਤ ਪਿਆਰ। ਮੇਰੀ ਮੰਮੀ ਕਰੇ ਤਾਂ ਹੀ ਬਹੁਤ ਪਿਆਰ।

8. ਮਦਾਰੀ

ਮਾਮਾ ਜੀ, ਮਾਮਾ ਜੀ, ਡਮਰੂ ਹੈ ਵੱਜਦਾ। ਵਿੱਚ ਹੈ ਮੈਦਾਨ ਦੇ ਮਦਾਰੀ ਗੱਜਦਾ। ਕਿੰਨਾ ਘੇਰਾ ਚੌੜਾ, ਕਿੰਨੀ ਭੀੜ ਖੜੀ ਏ। ਰੀਝ ਤਮਾਸ਼ਾ ਦੇਖਣ ਦੀ ਬੜੀ ਏ। ਦੇਖ-ਦੇਖ ਨਹੀਓਂ ਮੇਰਾ ਦਿਲ ਰੱਜਦਾ। ਮਾਮਾ ਜੀ, ਮਾਮਾ ਜੀ, ਡਮਰੂ ਹੈ ਵੱਜਦਾ। ਮਠਿਆਈ ਮਿੰਟਾਂ ਵਿੱਚ ਲੈ ਆਂਵਦਾ। ਕੱਪੜੇ, ਰੁਪਈਏ, ਰੇਡੀਓ ਮੰਗਾਵਦਾ। ਨਿੱਕਾ ਜਿਹਾ ਰੇਡੀਓ ਬੜਾ ਹੀ ਸੱਜਦਾ। ਮਾਮਾ ਜੀ, ਮਾਮਾ ਜੀ, ਡਮਰੂ ਹੈ ਵੱਜਦਾ। ਅੱਗ ਦਿੰਦਾ ਬਾਲ ਪਾ ਕੇ ਲੱਕੜਾਂ ’ਤੇ ਪਾਣੀ। ਚਾਹੇ ਵਿਗਿਆਨ , ਜਾਪੇ ਜਾਦੂ ਦੀ ਕਹਾਣੀ। ਮੰਗਣ ਦੇ ਨਾਲੋਂ ਹੈ ਇਹ ਕੰਮ ਚੱਜਦਾ। ਮਾਮਾ ਜੀ, ਮਾਮਾ ਜੀ, ਡਮਰੂ ਹੈ ਵੱਜਦਾ। ਨਿੱਕੀ ਜਿਹੀ ਕੁੜੀ ਡਿੱਗ ਗਸ਼ ਖਾਂਵਦੀ। ਜੀਭ ਕੱਟੀ ਦੇਖ ਹੋਸ਼ ਗੁੰਮ ਜਾਂਵਦੀ। ਬੱਚਾ ਕੋਈ ਬੈਠੇ ਕੋਈ ਡਰ ਭੱਜਦਾ। ਮਾਮਾ ਜੀ, ਮਾਮਾ ਜੀ, ਡਮਰੂ ਹੈ ਵੱਜਦਾ।

9. ਖੱਟੇ - ਮਿੱਠੇ ਬੇਰ

ਖੱਟੇ - ਮਿੱਠੇ ਬੇਰ ਤੋੜਾਂ, ਖੱਟੇ - ਮਿੱਠੇ ਬੇਰ । ਕਿਤੇ ਮਾਲੀ ਬਾਗ ਦਾ ਨਾ ਲਵੇ ਸਾਨੂੰ ਘੇਰ । ਸਕੂਲ ਵਿਚੋਂ ਆ ਕੇ ਸੰਗ ਆੜੀਆਂ ਦੇ ਨਾਲ । ਗਾਉਂਦੇ ਜਾਂਦੇ ਗਾਣੇ ਅਸੀਂ ਤਾੜੀਆਂ ਦੇ ਨਾਲ । ਹੈ ਨੀਂ ਊਚ ਨੀਚ ਨਾ ਹੀ ਦਿਲ ‘ਚ ਘੁਮੇਰ । ਖੱਟੇ - ਮਿੱਠੇ ਬੇਰ ਤੋੜਾਂ, ਖੱਟੇ - ਮਿੱਠੇ ਬੇਰ । ਬਾਪੂ ਰੋਕੇ , ਬੇਬੇ ਰੋਕੇ , ਵੀਰ ਸਮਝਾਏ । ਅਸੀਂ ਹਾਂ ਖਰੂਦੀ , ਸਾਨੂੰ ਸਮਝ ਨਾ ਆਏ । ਸਾਲ ਬਾਅਦ ਪੱਕਣੇ ਨੇ ਬੇਰ ਯਾਰ ਫੇਰ । ਖੱਟੇ - ਮਿੱਠੇ ਬੇਰ ਤੋੜਾਂ, ਖੱਟੇ - ਮਿੱਠੇ ਬੇਰ । ਕੰਡਿਆਂ ਤੋਂ ਬਚ - ਬਚ ਉੱਤੇ ਚੜ੍ਹਨਾ । ਫੇਰ ਵੰਡ ਪਾਉਣ ਲੱਗੇ ਪੈਂਦਾ ਲੜਨਾ । ਮਿੰਟਾਂ ਵਿਚ ਪੱਲਿਆਂ ‘ਚ ਲਾ ਲੈਂਦੇ ਢੇਰ । ਖੱਟੇ - ਮਿੱਠੇ ਬੇਰ ਤੋੜਾਂ, ਖੱਟੇ - ਮਿੱਠੇ ਬੇਰ । ਸਾਨੂੰ ਨਹੀਂਓਂ ਸੋਚ ਰਹਿੰਦੀ ਇਸ ਜੱਗ ਦੀ । ਇਹਦੀ ‘ਕੱਲੀ ‘ਕੱਲੀ ਚੀਜ਼ ਖੋਟੀ ਲੱਗ ਦੀ । ਸਾਡੇ ਕੋਲੋਂ ਖੋਹ ਕੇ ਬੇਰ ਦਿੰਦੇ ਪਰ੍ਹਾਂ ਗੇਰ । ਖੱਟੇ - ਮਿੱਠੇ ਬੇਰ ਤੋੜਾਂ, ਖੱਟੇ - ਮਿੱਠੇ ਬੇਰ । ਕਿਤੇ ਮਾਲੀ ਬਾਗ ਦਾ ਨਾ ਲਵੇ ਸਾਨੂੰ ਘੇਰ ।

10. ਮੀਂਹ ਪਵੇ ਜ਼ੋਰ- ਜ਼ੋਰ

ਮੀਂਹ ਪਵੇ ਜ਼ੋਰ- ਜ਼ੋਰ। ਅਸੀਂ ਕਹੀਏ ਹੋਰ - ਹੋਰ। ਘਰ ਪੂੜੇ ਅਤੇ ਖੀਰ, ਰਲ ਖਾਈਏ ਭੈਣ ਵੀਰ। ਉੱਤੋਂ ਬੱਦਲਾਂ ਦਾ ਸ਼ੋਰ, ਮੀਂਹ ਪਵੇ ਜ਼ੋਰ- ਜ਼ੋਰ ਮੀਂਹ ਦੇ ਵਿੱਚ ਕੁੱਝ ਨਾਉਂਦੇ, ਜਦੋਂ ਡਿੱਗੇ ਰੌਲਾ ਪਾਉਂਦੇ। ਰਹੀ ਬਦਲ ਏ ਤੋਰ, ਮੀਂਹ ਪਵੇ ਜ਼ੋਰ- ਜ਼ੋਰ ਕੋਇਲ ਬਾਗ ਵਿੱਚ ਕੂਕੇ, ਪੰਛੀ ਨੇਰੀ ਵਾਂਗ ਸ਼ੂਕੇ। ਦੇਖ ਘਟਾ ਘਨਘੋਰ, ਮੀਂਹ ਪਵੇ ਜ਼ੋਰ- ਜ਼ੋਰ ਕਿਊ - ਕਿਊ ਦੀ ਅਵਾਜ਼, ਸਿਰ ਮੋਰਨੀ ਦੇ ਤਾਜ਼, ਖੜਾ ਦੇਖਦਾ ਏ ਮੋਰ, ਮੀਂਹ ਪਵੇ ਜ਼ੋਰ- ਜ਼ੋਰ ਮੀਂਹ ਲੋਕਾਂ ਦੀ ਪੁਕਾਰ, ਆਈ ਰੁੱਖਾਂ ’ਤੇ ਬਹਾਰ। ਰਿਹਾ ਮੀਂਹ ਝਕਝੋਰ, ਮੀਂਹ ਪਵੇ ਜ਼ੋਰ- ਜ਼ੋਰ ਹੀਰੇ ਵਾਂਗ ਹੀ ਹੈ ਕਣੀ, ਜਿਉਂ ਮੋਤੀ ਸੰਗ ਬਣੀ। ਤੱਕ ਚੜ੍ਹੇ ਰੱਬੀ ਲੋਰ, ਮੀਂਹ ਪਵੇ ਜ਼ੋਰ- ਜ਼ੋਰ ਅਸੀਂ ਕਹੀਏ ਹੋਰ - ਹੋਰ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਾਬਿੰਦਰ ਸਿੰਘ ਰੱਬੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ