Punjab Sirlekh (Kavita) : Satgur Singh

ਪੰਜਾਬ ਸਿਰਲੇਖ (ਕਵਿਤਾ) : ਸਤਗੁਰ ਸਿੰਘ



ਇੱਕ ਸਵੇਰ ਦਾ ਦ੍ਰਿਸ਼ (ਵੱਖਰੇ ਨਾਂਵਾਂ ਨਾਲ਼)

ਚਿੜੀ ਚਹਿਕਦੀ ਨਾਲ਼ ਜਾ ਫ਼ਜਰ ਫੁੱਟੀ, ਰਾਹ ਲਏ ਨੇ ਪਕੜ ਪਧਾਂਣੀਆਂ ਨੇ। ਸੁਬ੍ਹਾ ਸੱਜਰੀ ਜਦੋਂ ਨੂਰ ਖਲੇਰਦੀ ਏ, ਚਾਰੇ ਕੁੰਟਾਂ 'ਚ ਸਰਘੀਆਂ ਤਾਣੀਆਂ ਨੇ। ਰਾਤ ਰਹਿੰਦਿਆਂ ਰਿੜਕਣੇ ਰੰਗ ਦਿੱਤੇ, ਹੁਸਨ ਸੱਜਰੇ ਨਾਲ ਸੁਆਣੀਆਂ ਨੇ। ਪਿਆਰੇ ਪੂਰਬ ਨੇ ਸੁਰਖ਼ ਸਜਾ ਚੀਰਾ, ਕਿਰਨਾਂ ਕਲਗੀ ਤੇ ਲਿਸ਼ਕਾਣਾਂ ਨੇ। ਚਾਟੀ ਵੇਲੜੇ ਚੁੱਲ੍ਹਿਆਂ ਚਿਣਗ ਲਾਈ, ਹੋਈਆਂ ਦੁੱਧ 'ਚ ਮਸਤ ਮਧਾਣੀਆਂ ਨੇ। ਚੂੜੇ ਛਣਕਦੇ, ਘੁੰਗਰੂ ਖਣਕਦੇ ਨੇ, ਧੰਮੀ ਵੇਲੜੇ ਸੱਦਾਂ   ਸੁਹਾਣੀਆਂ ਨੇ। ਛਾਹ ਹੁੰਦਿਆਂ ਛਾਹਾਂ ਦੇ ਭਰ ਛੰਨੇ, ਦਿੱਤੇ ਕੰਤਾਂ ਨੂੰ ਮਹਿਰ ਮੁਕਲਾਣੀਆਂ ਨੇ। ਅਗਰਸੰਧਿਆ ਅੱਖਾਂ ‘ਚ ਪਈ ਰੜਕੇ, ਸੇਜਾਂ ਰਾਤ ਨੂੰ ਜਿੰਨ੍ਹਾਂ ਨੇ ਮਾਣੀਆਂ ਨੇ। ਤਾਰਾ ਉੱਚਦੇ ਬਾਂਹਾਂ ‘ਚੋਂ ਉੱਠ ਚੱਲੇ, ਰੀਝਾਂ ਭੋਗੀਆਂ ਰਾਤੀ ਜਿੰਨ੍ਹਾਂ ਹਾਣੀਆਂ ਨੇ। ਸਿਰੋੜੀ ਨੂੰ ਸਿਰੜ ਦੇ ਨਾਲ਼ ਜਾਗੇ,ਸਿਆੜਾਂ ਜਿਮੀਂ ਦੀਆਂ ਜਿੰਨ੍ਹਾਂ ਬਨਾਣੀਆਂ ਨੇ। ਵੇਲੇ ਪਾਕ ਦੇ ਪਸ਼ੂ ਪਸ਼ਮਾਂਮਦੇ ਨੇ, ਦੋਹਣੇ ਧੋਵਦੇ, ਧਾਰਾਂ ਚਾਅ ਚਾਣੀਆਂ ਨੇ। ਵੱਡੇ ਵੇਲੇ ਨੂੰ ਢੱਗੇ ਉਠਾਲਦੇ ਨੇ, ਧੋਣੀਂ  ਤੁਰਤ ਪੰਜਾਲੀਆਂ ਟਿਕਾਣੀਆਂ ਨੇ। ਹਰਨਾਲੀ ਚੁੱਕਦੇ, ਹੱਕ ਨੂੰ ਯਾਦ ਕਰਦੇ,ਤੌਣਾਂ ਹੱਕ ਦੀਆਂ ਜਿੰਨ੍ਹਾਂ ਕਮਾਣੀਆਂ ਨੇ। ਖਿੱਤੀ ਖਿਸਕੀ, ਖੇਤਾਂ ਨੂੰ ਤੁਰਦ ਹੋਏ, ਜਾਣ ਛਾਬਣੀ ਖ਼ਤਾਂ ਦੀਆਂ ਢਾਣੀਆਂ ਨੇ। ਭਿਆਗ ਵੇਲੜੇ ਕਈ ਭਾਗ ਜਗਾਵਂਦੇ ਨੇ, ਪੜ੍ਹਦੇ ਭਾਗਵਤਾਂ ਗਾਂਵਦੇ ਬਾਣੀਆਂ ਨੇ। ਮੁਤੇਰ ਹੁੰਦਿਆਂ ਮੁੱਲਾਂ ਨੇ ਬਾਂਗ ਦਿੱਤੀ, ਹਕੀਕਤਾਂ ਹੱਕ ਦੀਆਂ ਸੁਣਾਣੀਆਂ ਨੇ। ਵੇਲੇ ਭੌਰ ਦੇ, ਭੌਰ ਤੇ ਪੀਰ ਜਾਗੇ, ਮਹਿਕਾਂ ਜਿੰਨ੍ਹਾਂ ਨੇ ਦੂਰ ਖਿੰਡਾਣੀਆਂ ਨੇ। ਪੁਰਨੂਰ ਨੂੰ ਨਬੀ ਚਿਤਾਰ ਲਈਏ, ਨੌਕਾਂ ਜਿਸਨੇ ਪਾਰ ਲਿਜਾਣੀਆਂ ਨੇ। ਪਰਾ ਫਾਟ ਨੂੰ ਪਵਨ ਨੇ ਪੈਲ ਪਾਈ, ਮੋਰ ਕੂਕਰਾਂ ਦਰਦ ਰੰਝਾਣੀਆਂ ਨੇ। ਝਾਲਾਘੇ ਹੀ ਚਰਖੜੇ ਡਾਹ ਛੱਡੇ, ਧੁੰਮਾਂ ਤ੍ਰਿੰਙਣਾ ਵਿੱਚ ਧੁੰਮਾਣੀਆਂ ਨੇ। ਪੀਰ ਵੇਲੜੇ ਨਵਾਂ ਹੀ ਰਾਗ ਛੋਹਿਆ ਢਾਬਾਂ, ਕੱਸੀਆਂ, ਖੂਹਾਂ ਦੇ ਪਾਣੀਆਂ ਨੇ। ਫ਼ਜਰ ਸੱਜਰੀ ਸੁਆਦਲਾ ਸੁਆਦ ਆਵੇ, ਬੁੱਲ੍ਹੇ ਹਵਾ ਦੇ ਫੱਕੇ ਗਊ-ਜਾਣੀਆਂ ਨੇ । ਲੋਪਾਟੀ ਨੂੰ ਜੱਟਕੜਾ ਗੀਤ ਗਾਇਆ,ਸਤਗੁਰਾ ਸ਼ਬਦ ਦੀਆਂ ਸ਼ਾਹਣੀਆਂ ਨੇ। **** ਹੋਠ ਸੂਹੇ  ਹਜ਼ੀਰ, ਲਾਲ ਕੋਕਣ ਦੰਦ ਬਲਖ਼ ਦੇ ਮੋਤੀ ਜੜ੍ਹਾਂਵਦੀ ਏ। ਜ਼ੁਲਫ ਪੇਚ ਵੇਲ ਜਾ ਨਾਗ ਕੁੰਡਲ, ਜੱਫੀ ਚੰਨ ਦੇ ਮੁੱਖ ਨੂੰ ਪਾਂਵਦੀ ਏ। ਕਾਤਲ ਅੱਖੀਆਂ ਇਸ਼ਕ ਫ਼ਾਹੀਆਂ, ਧਾੜ ਹਿੰਦ 'ਤੇ ਨਾਦਰ ਨਿਜ਼ਾਮ ਦੀ ਏ। ਤਖ਼ਤ ਤਾਊਸ ਹੈ ਛਾਤੀ ਤਾਨਸੈਨੀ, ਕਾਨੀ ਸਾਰ ਦੀ ਸੀਨੇ ਚੁਭਾਂਵਦੀ ਏ। ਕੱਦ ਕੁਤਬ, ਪਸ਼ਮ ਪੇਡੂ ਤੇ ਧੁੰਨੀ  ਕੇਸਰ ਕਫ਼ੂਰ ਮਹਿਕਾਂਵਦੀ ਏ। ਗਰਦਨ ਗੋਰੀ, ਸਾਹਾਂ ਦਾ ਪੂਰ ਦਿਸੇ, ਸੁਰਾ ਸੁਰਾਹੀ ਨਜ਼ਰ ਆਂਵਦੀ ਏ। ਗੱਲਾਂ ਕਰਦੀ, ਗੱਲਾਂ ਲਾਲ ਹੋਵਣ, ਗਲ਼ੇ ਲਗੋਜਿਆਂ ਦੇ ਮਚਾਂਵਦੀ ਏ। ਨੂਰ ਕੋਹ, ਬਦਖ਼ਸ਼ੀ ਲਾਲ ਬਖਤਾਂ, ਕਟਕ 'ਤੇ ਕਟਕ ਚੜ੍ਹਂਵਦੀ ਏ। ਮੱਥਾ ਮਦ ਮੱਤਾ, ਭਵਾ ਕਹਿਰ ਕਾਨੀ, ਸੁਰਮਾ ਮਸਣ ਦਾ ਮਟਕਾਂਵਦੀ ਏ। ਪਾਲ਼ੀ ਹਿੱਕੜੀ ਵਾਂਗਰ ਪਾਲਿਆਂ ਦੇ, ਪਾਲੀ ਪਾਲ਼ਿਆਂ ਵਿੱਚ  ਭੁਜਾਂਵਦੀ ਏ। ਜੌੜੇ ਪਹੁਤਿਆਂ 'ਚੋਂ ਕਟਕ ਲੰਘੇ, ਤਬੀਤ ਹਿੱਕ 'ਤੇ ਏਦਾਂ ਟਿਕਾਂਵਦੀ ਏ। ਮਦ ਮੂਰਤ ਕਲਬੂਤ ਤਰਾਸ਼ ਐਸੀ, ਸੋਨ-ਪਰੀਆਂ ਨੂੰ ਹਾਨਤ ਆਂਵਦੀ ਏ। ਝੂਮਕੇ ਡਲ਼ਕਦੇ ਡੇਲੇ ਡਾਲੀ ਦੇ, ਬਿਜਲੀ ਲੌਲ ਦੇ ਵਿੱਚ ਜੜਾਂਵਦੀ ਏ। ਸੁੱਚੀ ਸ਼ਾਮ, ਸ਼ਾਮ ਸ਼ਹਿਰ ਵਰਗੀ, ਬੈਠੀ ਸ਼ਾਮ ਸੰਗ, ਸ਼ਮਾਂ ਸੁਹਾਂਵਦੀ ਏ। ਅੱਲ੍ਹੜ ਅੰਤ ਹੈ ਅੱਲੀਆਂ ਆਤਣਾਂ ਦਾ,ਸ਼ਾਹਣੀ ਵਾਂਗ ਨਾ ਹੱਥ ਧਰਾਂਵਦੀ ਏ। ਮਟਕ ਮਮੋਲੀ ਬਟੇਰ ਬਾਂਕੀ ਚੁਸਤ ਚਕੋਰ ਤੋਂ ਢੇਰ ਸਦਾਂਵਦੀ ਏ। ਮਿਰਗ ਚੀਨੜੇ ਵਾਂਗ ਤੁਰਦੀ, ਭੁਜੰਗ ਛੰਦ ਨੂੰ ਲਟਕ ਸਿਖਾਂਵਦੀ ਏ। ਗਾਂਵਦੀ, ਫੁੱਲ ਖਿੜਾਂਵਦੀ, ਹੰਸ 'ਡਾਂਵਦੀ, ਮੋਤੀ ਸਿੱਪ 'ਚੋਂ ਪਟਕਾਂਵਦੀ ਏ। ਮਛਰੇ ਮਜ਼ਨੂੰਆਂ ਦੇ ਕਰ ਮੌਜੇ, ਨਾਲ ਮੌਜ ਦੇ ਪੈਰਾਂ ਵਿੱਚ ‘ਚ ਪਾਂਵਦੀ ਏ। ਭਾਗਭਰੀ ਜਾਪਦੀ  ਕੰਤ ਕੋਲ ਬੈਠੀ, ਕਦੇ ਪ੍ਰਦੇਸੀ ਨੂੰ ਪਈ ਤਕਾਵਦੀ ਏ। ਦੁੱਧ ਚੋੰਵਦੀ ਦੁੱਧ ਦੇ ਵਰਗੀ, ਨਾਲ ਨਜ਼ਰਾਂ ਮਲਾਈਆਂ ਲਾਂਹਵਦੀ ਏ। ਕਾਮ ਲਾਚੜੀ, ਮਸਤ ਹਾਥੜੀ, ਦੁੰਦਾਂ ਮਾਰਦੀ, ਟੋਗ ਨਾ ਡਾਂਹਵਦੀ ਏ। ਲੋਟਣ ਪਾਂਵਦੀ, ਲਟੋਰ ਓਡਾਂਵਦੀ, ਲਾਟ ਵਿਖਾਂਵਦੀ ਗੋਲੀ ਲਾਮ ਦੀ ਏ। ਪੈਰੀਂ ਝੰਜ਼ਾਂ, ਝੰਜ਼ਾਂ 'ਚ ਗਾਣ ਘੁੰਗਰੂ, ਵਿੱਚ ਘੁੰਗਰੂਆਂ ਯਾਰ ਨਚਾਂਵਦੀ ਏ। ਜੋਬਨ ਜਨਮ ਹੈ  ਜਜ਼ਬਿਆਂ ਦਾ, ਜੋਸ਼ ਖਿੜਦਾ ਹੋਸ਼ੀ ਕੁਮਲਾਂਵਦੀ ਏ। ਇਸ਼ਕ ਵਾਸ਼, ਰੂਹ 'ਸਬਾਤ ਬੂਟੀ, ਯਾਰ ਬੱਦਲੀ ਹੁਸਨ ਵਰਾਂਵਦੀ ਏ। ਤਾਰ ਮਲੂਕ ਦੀ, ਤੋਰ ਮੁਕਬਲੇ ਦੀ, ਤੁਕ ਪਹਿਲੀ ਵਾਰਿਸ ਕਲਾਮ ਦੀ ਏ। ਬੂਟੀ ਬਾਗ ਦੀ, ਗੰਦਲ ਸਾਗ ਦੀ, ਮਣੀ ਬਲੌਰ ਕੋਈ ਸ਼ਹਿਰ ਸ਼ਾਮ ਦੀ ਏ। ਹੀਰ ਹੁਸਨ ਹੈ ਖ਼ੁਦਾ ਦੀ ਹੱਟੜੀ ਦਾ, ਕੋਕਲ ਕਾਸਦੀ  ਫੁਰਮਾਂਵਦੀ ਏ। ਰਾਂਝਾ ਹੀਰ ਦੀ, ਖ਼ੁਦਾ ਪੀਰ ਦੀ, ਕੁਦਰਤ ਕਾਦਰ ਦੀ ਕਾਰ ਕਮਾਂਵਦੀ ਏ। *** ਨੱਕ ਤਿੱਲੀ ਗਹਿਣਾ ਮੇਖ ਵਰਗਾ, ਉੱਤੇ ਨਗ ਦਾਣਾ ਸਰ੍ਹੋਂ  ਜੜਾਂਵਦੀ ਏ । ਬਲਾਕ, ਕੋਕਾ, ਲੌਂਗ, ਨੁਕਰਾ, ਪਾ ਕੇ ਮੁੜ-ਮੁੜ ਨੱਕ 'ਚ ਦਿਖਾਂਵਦੀ ਏ। ਪੌਂਡਾਂ ਪੰਦਰਾਂ ਨੂੰ ਪੱਟ ਵਿੱਚ ਗੁੰਦ ਕੇ, ਤੱਗਾ ਬਣਾਇ ਕੇ ਗਲ਼ੇ ਝਮਕਾਂਵਦੀ ਏ। ਸਿੱਕੇ ਸੋਨੇ ਦੇ ਠਣਕਦੇ, ਗਲ਼ ਕੰਚਨੀ, ਬਾਘ-ਬੁਘਤੀ ਫੇਰ ਸਦਾਂਵਦੀ ਏ। ਤਿੰਨ ਕੋਨੜਾ ਤਵੀਤ ਇਨਾਮ ਸੁਣੀਂਦਾ, ਧੌਣ ਨਗਾਂ ਵਾਲੀ ਜੁਗਨੀ ਸੁਹਾਵਦੀ ਏ । ਰਾਣੀ ਕੋਕਲਾਂ ਦੇ ਵਾਂਗੂੰ ਰਾਣੀਹਾਰ ਪਾਇਕੇ, ਗੁਲੂਬੰਦ ਨੂੰ ਗਲ਼ੇ ਲਿਸ਼ਕਾਂਵਦੀ ਏ। ਹੱਸ-ਹੱਸ ਮਿਲੇ ਹੱਸ ਉਹਦੀ ਹਿੱਕ ਦਾ, ਜੱਫੀ ਹੁਸਨਾਂ ਦੀ ਹੱਸ ਜਦੋਂ ਪਾਂਵਦੀ ਏ। ਹਿੱਕੜੀ 'ਤੇ ਉੱਤੇ ਹੌਲਦਿਲੀ ਰੱਖ ਕੇ, ਹੌਲ਼ੇ ਦਿਲਿਆਂ ਦੇ ਹੌਲ ਦਿਲੀਂ ਪਾਂਵਦੀ ਏ। ਮਾਲਾ,ਲੌਕਟ,ਚੌਟਾਲਾ,ਸੈਟ ਨੌਂ ਰਤਨਾ, ਜ਼ੰਜੀਰੀ ਖੂਬ- ਖੂਬ ਗਲ਼ 'ਚ ਅਲਾਂਵਦੀ ਏ। ਪਿੱਪ-ਪੱਤੀਆਂ ਨੂੰ ਲੋਹੜੇ ਦਾ ਗੁਮਾਨ ਹੋਂਵਦਾ,ਗੋਰੇ ਕੰਨਾਂ ਵਿੱਚ ਜਦੋਂ ਲਮਕਾਂਵਦੀ ਏ। ਡੇਗੇ ਬਿਜਲੀ, ਬੁਜਲੀਆਂ ਪਾਏ ਕੇ ਤੇ, ਮੇਰੂ ਕੰਨਾਂ ਵਾਲੇ ਮੋਕਲੇ ਕਰਵਾਂਵਦੀ ਏ। ਪਰੀ ਬੰਦ ਨੂੰ ਸਜਾ ਕੇ ਵਿੱਚਕਾਰ ਚੂੜੀਆਂ, ਗਲਵੱਕੜੀਆਂ ਹੁੱਬ-ਹੁੱਬ ਪਾਂਵਦੀ ਏ। ਕਲੀਚੜੀ ਨੂੰ ਪਾ ਕੇ ਮੁਟਿਆਰ ਚੀਚੜੀ, ਆਰਸੀ ਅੰਗੂਠੇ 'ਚ ਸਜਾਂਵਦੀ ਏ। ਸੋੰਹਦੇ ਜੂੜੇ ਵਿੱਚ ਮੋਤੀ ਬਘਿਆੜੀਆਂ,ਗੁੰਦ ਮੀਢੀਆਂ ਨੂੰ ਸੱਗੀਆਂ ਟਿਕਾਂਵਦੀ ਏ। ਲਾਲੀ ਚੂਸਦੀ ਬੁੱਲ੍ਹਾਂ ਦੀ ਸਾਰੀ, ਮਛਲੀ ਜੋ ਨੱਕ ਵਿਚ ਨਚਾਂਵਦੀ ਏ। ਬਿਛੂ ਪੈਰਾਂ ਵਿੱਚ ਪਾਏ,ਬਿੱਛੂ ਡੰਗ ਮਾਰਦੇ, ਬਾਂਕੀ ਛਣ-ਛਣ ਹੁੰਦੀ ਜਦੋਂ ਜਾਂਵਦੀ ਏ। ਢੇਡੂ,ਡੰਡੀਆਂ, ਲੋਟਣ, ਬਾਲੀ, ਝੂਮਕੇ, ਸੋਨ ਚਿੜੀਆਂ ਨੂੰ ਕੰਨੀ ਚਹਿਕਾਂਵਦੀ ਏ । ਸਤਗੁਰ ਸਿੰਘਾ ਬਾਂਕਾਂ ਤੈਂ ਲੈ ਕੇ ਦਿੱਤੀਆਂ, ਨਾਮ ਓਪਰੇ ਦਾ ਬੋਲੇ ਖਣਕਾਂਵਦੀ ਏ। *** ਪੱਲਾ ਹੀਰ ਦਾ ਸੈਦੇ ਨੂੰ ਫੜਾਇ ਕੇ ਤੇ, ਬੂਟਾ ਅੰਬ ਦਾ ਉਜਾੜੀਂ ਲਾਇ ਦਿੱਤਾ। ਲੋਕੀ ਮੰਦੜਾ ਮੁੱਖੋਂ ਅਲਾਇ ਦੇ ਨੇ, ਵਿੱਚ ਦਾਲ ਦੇ ਕੋਕੜ ਰਲਾਏ ਦਿੱਤਾ। ਸਖੀਆਂ ਆਖਦੀਆਂ ਚਾਚੇ ਚੁਚਕਾ ਵੇ, ਕੋਲੇ ਕੂੰਜ ਦੇ ਬਾਜ਼ ਬਹਾਇ ਦਿੱਤਾ। ਬੋੜੇ ਖੂਹ ਵਿੱਚ ਬੱਚੀ ਨੂੰ ਬੋੜਦੇ ਨੇ,ਪਰੇ ਪਧਾਂਣੀਆਂ ਨੇ ਆਖ ਸੁਣਾਇ ਦਿੱਤਾ। ਧੀ ਦੇ ਦੇ ਧੀਦੋ ਨੂੰ ਮਾਰ ਧਾਹਾਂ, ਦਿਓਤਾ ਦਰਦ ਦਾ ਜਿਮੀ ਪਟਕਾਇ ਦਿੱਤਾ। ਖੜਦੁੰਬਿਆਂ, ਮੀਣਿਆਂ, ਲੰਙਿਆਂ ਨੇ, ਕਰਬਲਾ ਸਿਆਲਾਂ ਦਾ ਬਣਾਏ ਦਿੱਤਾ। ਫੌਜ ਫਿਰਾਕ ਦੀ ਚਾੜ ਭਾਰੀ, ਅੱਗੇ ਸ਼ੌਕ ਦਾ ਸੈਨਾਪਤੀ ਖੜਾਇ ਦਿੱਤਾ। ਕਾਜ਼ੀ ਸ਼ਮਸਦੀਨ ਕੁਚੱਜੜੇ ਨੇ,ਸਵਾਬ ਹੀਰ ਦੇ ਵਿਆਹ ਦਾ ਬਣਾਇ ਦਿੱਤਾ। ਚਾਉ ਹੀਰ ਦਾ ਬਲੀਆਂ ਬੇਗਮਾਂ ਦਾ, ਕਿਸੇ ਸ਼ੈਤਾਨ ਨੇ ਬੰਨ੍ਹ ਬਿਠਾਏ ਦਿੱਤਾ। ਚੰਨ ਚਮਕਦਾ ਜਿਮੀਂ ਨਾ ਭਾਂਵਦਾ ਸੀ, ਭੋਰਾ ਪੁੱਟ ਕੇ ਕਿਤੇ ਦਫ਼ਨਾਇ ਦਿੱਤਾ। ਮੁਤਾਲਾ ਇਲਮ ਦਾ ਕਰਨ ਵਾਲਿਆਂ ਨੇ,ਗੱਦੋ ਵਾਂਗਰਾਂ ਲਿਟ ਦਿਖਾਇ ਦਿੱਤਾ। ਭੰਡਾਂ ਲਾਗੀਆਂ ਮੋਮਨਾਂ ਕਾਜੀਆਂ ਨੇ,ਕਜੀਆ ਹੀਰ ਦੇ ਇਸ਼ਕ ਦਾ ਮੁਕਾਇ ਦਿੱਤਾ। ਸਤਗੁਰ ਸਿੰਘਾਂ ਸੱਠ ਸਹੇਲੀਆਂ ਵਾਲੜੀ ਦਾ,ਚੋਰ-ਚੁੱਪ ਜਿਉਂ ਕਾਜ ਮੁਕਾਇ ਦਿੱਤਾ।

ਹੁਸਨ

ਜੋਗ ਵਰਗਾ ਹੁਸਨ ਹੈ ਜੱਟੀਆਂ ਦਾ, ਜਾਦੂ ਵਰਗਾ ਜਾਣ ਬੰਗਾਲਣਾ ਦਾ । ਰਾਗ ਵਰਗਾ ਵਾਨਸੇਟੀਆਂ ਦਾ, ਪਹਿਲੇ ਤੋੜ ਤੋਂ ਪਹਿਲਾ ਕਲਾਲਣਾ ਦਾ। ਧਾਗਾ ਪੱਟ ਦਾ ਸਿਲਕ ‘ਤੇ ਦਰਜਣਾ ਦਾ,ਦੰਮੜੀ ਜੇਹਾ ਹੈ ਦਲਾਲਣਾ ਦਾ । ਮੌਜ ਵਾਂਗ ਜੀਓ ਦੇ ਵਿੱਚ ਉੱਠਦਾ ਹੈ ਪਾਤਣਾ, ਤਾਰੂਆਂ, ਮਲਾਲਣਾ ਦਾ । ਨਖਰੇ ਕੱਜਦਾ ਨਰਾਂ ਤੋਂ ਨਾਇਣਾਂ ਦਾ,ਭੋਰੇ ਛੁਪਦਾ ਰਹੇ ਸਦਾ ਲਾਲਣਾਂ ਦਾ। ਪਰਾਗੇ ਭੁੰਨਦਾ ਰਹੇ ਭਠਝੋਕਣਾਂ , ਖੁੱਲ੍ਹਾ ਚਰਾਂਵਦਾ ਜੀਓ ਗਵਾਲਣਾ ਦਾ। ਨੱਚੇ ਸੂਲੀ ਚੜ ਕੇ ਨਟਣੀਆਂ ਦਾ, ਜ਼ਖ਼ਮੀ ਫੁੱਲ ਤੋਂ ਹੋਂਵਦਾ ਮਾਲਣਾ ਦਾ। ਭੋਰੇ ਵਾਂਗਰਾਂ ਭੋਰਦਾ ਭੀਲਣਾ ਦਾ,ਲੱਜ ਪਾਲਦਾ ਬੇਲੇ ਚ ਮਹੀਂ ਪਾਲਣਾ ਦਾ। ਚੌਂਕੀਦਾਰੀਆਂ ਕਰੇ ਬਰਵਾਲੀਆਂ ਦਾ, ਡੌਰੂ ਵਜਾਂਵਦਾ ਠੂਮਰੀ-ਠਾਲਣਾ ਦਾ। ਸੂਈਆਂ ਵੇਚਦਾ ਫਿਰੇ ਮਨਹਾਰੀਆਂ ਦਾ, ਹੱਥ ਦੇਖਦਾ ਫਿਰੇ ਰਾਵਲਾਲਣਾ। ਭੰਡ ਛੱਡਦਾ ਪਰੇ 'ਚ ਭੰਡਣਾ ਦਾ,ਬਹਿ ਕੇ ਸੇਜ ਤੇ ਵਿਲਕੇ ਮਾਲਜਲਣਾ ਦਾ। ਮਹਿੰਗਾ ਕੇਸਰੋਂ ਬੜਾ ਲਲਾਰਨਾ ਦਾ,ਖੁਸ਼ਬੂ ਬੁਰਕਦਾ ਫਿਰੇ ਗੰਧਾਲਣਾ ਦਾ। ਲਟਦਾ ਝੁੱਗੀ ਚ ਰਹੇ ਪਖਵਾਰੀਆਂ ਦਾ,ਚੌਵੀ ਕੈਰਟ ਕੰਚਨ ਤਸਾਲਣਾਂ ਦਾ। ਚੜ੍ਹ ਹਾਥੀ ‘ਤੇ ਮਸਤਦਾ ਮਹਾਵਤਣੀ ਦਾ,ਛਮਕਾਂ ਮਾਰੇ ਕਿਬਲਜਾਲਣਾ ਦਾ। ਤੌਣਾਂ ਤਛਦਾ ਫਿਰੇ ਤਖਾਣੀਆਂ ਦਾ, ਸੂਹਾ ਸ਼ੁਰਖ ਹੁੰਦਾ ਲੋਹਾ ਜਾਲਣਾਂ ਦਾ। ਖੇਹ ਖਾਵਦਾ ਖੁਦਾ ਦੀ ਸਾਧਣੀ ਦਾ, ਖੌਫ ਖਾਂਵਦਾ ਕਦੋਂ ਮਹੀਵਾਲਣਾਂ ਦਾ? ਗਲ਼ਾ ਸੰਖ ਦਾ ਪਾਟੇ ਮਹੰਤਣੀ ਦਾ, ਦਰ-ਦਰ ਘੁੰਮਦਾ ਫਿਰੇ ਹਰਵਾਲਣਾਂ ਦਾ। ਬੈਠੇ ਹੁਸਨ 'ਤੇ ਹੁਸਨ ਨੂੰ ਫੁੰਡ ਦੇਵੇ, ਹਸਰ ਹੁਸਨ ਹੈ ਗੁਲੇਲਣਾ ਦਾ। ਲੀਕ ਲਾਂਵਦਾ ਹੁਸਨ ਕੋੜਮੇ ਨੂੰ, ਸੱਸੀਆਂ, ਸੋਹਣੀਆਂ, ਮਲਕ, ਸਿਆਲਣਾ ਦਾ। ਹੁਸਨ ਮੂਲ ਨਾ ਮਜ਼ਾ ਦਿੰਦਾ, ਕਾਮਸੇਤੀਆਂ, ਬੜਬੋਲੀਆਂ ਚੰਮ-ਚੰਡਾਲਣਾ ਦਾ। ਧਾਗਾ ਪੱਟ ਦਾ ਸਿਲਕ ਤੇ ਦਰਜਣਾ ਦਾ,ਦੰਮੜੀ ਪੈਸਾ ਹੈ ਲਾਲਚੀ ਲਾਲਣਾਂ ਦਾ।  ਢੋਲ ਵਜਾਂਵਦਾ ਫਿਰੇ  ਭਰਾਇਣਾ ਦਾ,ਰਾਸ ਧਾਰਦਾ ਰਹੇ ਵੀਰਰਾਧਣਾ ਦਾ। ਕਮਾਨਾਂ ਵਰਗਾ ਹੈ ਕੰਮਗਰੇਟੀਆਂ ਦਾ, ਖਿਡੌਣਾ ਮਿੱਟੀ ਦਾ  ਕੁੰਗਰਾਲਣਾ ਦਾ। ਸਤਗੁਰ ਸਿੰਘਾ ਹੁਸਨ ਨਾ ਪੂਰ ਚੜ੍ਹਦਾ, ਓਲੋਹਾਰੀਆਂ ਬਾਰ੍ਹਾਂ-ਤਾਲ਼ਣਾ ਦਾ।

ਭੌਰੇ ਦੀ ਸ਼ਹਾਦਤ

ਜੱਟੀ ਕੁਰਲਾਂਵਦੀ ਜੱਟ ਤੋਂ ਵੱਖ ਹੋਈ, ਵੇਖਾਂ ਜੱਟ ਵੀ ਕਾਂਗ-ਕੁਰਲਾਂਵਦਾ ਕਿ ਨਈਂ। ਬਾਛਕ-ਨਾਗ ਦੇ ਮਸਤਕੋਂ ਮਣੀ ਕੱਢੀ, ਮੱਥਾ ਸਿੱਲ਼ ਦੇ ਮੱਥੇ ਪਟਕਾਂਵਦਾ ਕਿ ਨਈਂ। ਰਾਣੀ-ਮੱਖੀ ਨੂੰ ਮਖੀਰ ਤੋਂ ਜੁਦਾ ਕੀਤਾ,ਸ਼ਹਿਦ-ਸ਼ੀਰਾ ਜ਼ਹਿਰ ਹੋ ਜਾਂਵਦਾ ਕਿ ਨਈਂ। ਸੁੰਞੀਆਂ ਬੇਰੀਆਂ ਹਰੀਅਲਾਂ ਹੜੱਪੀਆਂ ਨੇ,ਮਾਲੀ ਆਣ ਕੇ ਕੋਈ ਉਡਾਂਵਦਾ ਕਿ ਨਈਂ। ਇੱਕ ਭੌਰੇ ਦੀ ਪੱਤੀ ‘ਚ ਜਾਨ ਫਾਥੀ, ਸਿਦਕ ਨਾਲ਼ ਸ਼ਹੀਦੀ ਪਾਂਵਦਾ ਕਿ ਨਈਂ। ਸੂਹਾ ਸਾਲੂ ਪਾਇਆ ਤੱਕ ਸਚੇਲੜਾ, ਚੋਲ਼ਾ ਗੇਰੂਏ ਰੰਗ ਦਾ ਰੰਗਾਂਵਦਾ ਕਿ ਨਈਂ। ਕਰਮ-ਕੱਚੜੀ ਨੇ ਰਿਜ਼ਕ ਵਿਸਾਰ ਦਿੱਤਾ,ਪਸ਼ਕੰਦ, ਧਤੂਰਾ, ਭੰਗ,ਖਾਂਵਦਾ ਕਿ ਨਈਂ। ਮੋਈ ਕੂਕਦੀ ਗਈ ਵੱਲ ਖੇੜਿਆਂ ਦੇ, ਨਾਥ-ਧੂਣੇ ਦੇ ਵੱਲੜੇ ਜਾਂਵਦਾ ਕਿ ਨਈਂ। ਸੱਜਰਾ ਸੱਜਣਾ ਦਾ ਸੀਨੜੇ ਸੱਲ ਖਾ ਕੇ,ਬਾਂਕੇ-ਬੋਦੜੇ ਰਗੜ ਮੁਨਾਂਵਦਾ ਕਿ ਨਈਂ। ਲਾਲ ਪਰਾਂਦੀ ਸਖੀਆਂ ਗੁੱਤੀਂ ਗੁੰਦ ਛੱਡੀ, ਸੇਲੀ, ਕੁੱਲਾ, ਮਾਲ਼ਾ,ਸਜਾਂਵਦਾ ਕਿ ਨਈਂ। ਲੋਕ-ਲਾਜ ਦੇ ਓਹਨੇ ਕਲੀਰੇ ਬੰਨ੍ਹੇ, ਬੇੜੀ ਜੋਗ ਦੀ ਪੈਂਰੀ ਪਵਾਂਵਦਾ ਕਿ ਨਈਂ। ਬੰਸਰੀ ਹਰ ਲਈ ਜਾਨੀ ਦੇ ਨਾਮ ਵਾਲ਼ੀ,ਕਿੰਙੀ,ਨਾਦ ਤੇ ਸੰਖ ਵਜਾਂਵਦਾ ਕਿ ਨਈਂ। ਝੱਲਾ ‘ਹਰਿ ਹੀ ਹਰਿ’ ਦਾ ਛੱਡ ਸਿਮਰਾ,ਮੁੱਖੋਂ ‘ਹੀਰ ਹੀ ਹੀਰ’ ਰਟਾਂਵਦਾ ਕਿ ਨਈਂ। ਬਦ-ਦੁਆ ਲੱਗੀ ਕਿਸੇ ਸਾਂਈ ਪੀਰ ਪੈਰੋਂ, ਵੇਖਾਂ ਫ਼ਜਲ ਕਿਤੋਂ ਕਮਾਂਵਦਾ ਕਿ ਨਈਂ। ਕੰਨ-ਬੋਤਲੀ ਓਸ ਨੇ ਪਾਏ ਗਹਿਣੇ, ਬੁੰਦੇ ਲਾਹ ਕੇ ਮੁੰਦਰਾਂ ਪਾਂਵਦਾ ਕਿ ਨਈਂ।

ਸਦੀ ਦੀ ਸੇਜ਼

ਗੰਗ ਭੱਟ ਅਕਬਰ ਦਰਬਾਰ ਹੋਇਆ, 'ਕਾਜ਼ੀ ਹੀਰ ਦਾ ਸੰਵਾਦ' ਰਚਾਉਂਦਾ ਏ । ਸ਼ਬਦ ਦਮੋਦਰ ਦੇ ਸਬ੍ਹਾ ਵਾਂਗ ਸੱਜਰੇ , ਪੋਥੀ 'ਪੁਸ਼ਯ' ਦੀ ਚੋ ਕੇ ਲਿਆਂਵਦਾ ਏ । ਸ਼ਾਹ ਜਹਾਨ ਮੁਕਬਲ ਮਕਬੂਲ ਹੋਇਆ, ਬੂਟਾ ਹੀਰ ਦੇ ਖਿਆਲ ਦਾ ਨਵਾਂ ਲਾਂਵਦਾ ਏ । ਦੁੱਧ ਕਾੜ੍ਹ ਕੇ ਮੁਕਬਲੇ ਦੀ ਕਾੜ੍ਹਨੀ ਦਾ, ਵਾਰਿਸ ਜਟਕਾ ਜਾਗ ਪਿਆ ਲਗਾਂਵਦਾ ਏ । ਪੀਲੂ ਰਿੜਕਦਾ ਰਮਜ਼ਾਂ ਦੀ ਭਰ ਚਾਟੀ, ਸੱਦਾਂ ਸ਼ੌਂਕ ਦੀਆਂ ਸਿਰਾ ਸੁਣਾਂਵਦਾ ਏ । ਚੰਦ ਸਿਆਲਕੋਟੀ ਸੀਹਰਫੀਆਂ ‘ਚ ਲਿਖੇ, ਛੱਜੂ ਮਿਰਜ਼ੇ ਨੂੰ ਬੋਲੀਆਂ ਚ ਗਾਂਵਦਾ ਏ । ਸਾਦਕ  ਅਰਬ 'ਚ ਨਸਰ ਹੋਇਆ, ਲੈਲਾ ਮਜਨੂੰ ਨੂੰ ਮਜਨੂੰ ਲੈਲਾ 'ਚ ਉਲਟਾਂਵਦਾ ਏ । ਨਾਨਕ ਨਬੀ ਨਾਮ ਬੜਾ ਨਸਰ ਹੋਇਆ, ਵਿੱਚ ਭੋਗ ਦੇ ਜੋਗ ਨੂੰ ਗਾਂਵਦਾ ਏ । ਸਾਵੀ ਸ਼ਪਰੀ ਤੇ ਸੂਹੇ ਸ਼ੁਖਨ ਸਾਦੇ, ਸ਼ਾਹ ਹੁਸੈਨ ਵੀ ਮਾਧੋ ਸਦਾਂਵਦਾ ਏ । ਬੂਹੇ ਬਹਿਸ਼ਤਾਂ ਦੇ ਬੈਠ ਸੁਲਤਾਨ ਬਾਹੂ, ਤਾਮੇ ਧਰਮ ਦੇ  ਮਜ਼ੇ ਨਾਲ ਖਾਂਵਦਾ ਏ । ਕਾਫ਼ ਕਾਦਰਯਾਰ ਪੂਰਨ ਕਲਾਮ ਆਖੇ, ਜੋਗ ਮਤ ਨੂੰ ਬੂਹੇ ਬਹਾਂਵਦਾ ਏ । ਸੋਲਾਂ ਸਾਲ ਦੀ ਲੂਣਾ ਦੇ ਗਾ ਸੋਹਿਲੇ, ਸੋਲਾਂ ਦਿਨਾਂ 'ਚ ਕਿੱਸਾ ਬਣਾਂਵਦਾ ਏ । ਰੌਸ਼ਨਦੀਨ ਹੋਇਆ ਜੱਗ-ਜਹਾਨ ਰੌਸ਼ਨ, ਕਿੱਸਾ ਲਿਖ ਕੇ ਪਿੱਛੋਂ ਪਛਤਾਂਵਦਾ ਏ । ਮੁਹੰਮਦ ਬਖਸ਼ ਦੇ ਹੈਨ ਤੌਰ ਤਰੱਕੜੇ, ਚਿੱਠੀਆਂ ਕਵਿਤਾ ਦੇ ਵਿੱਚ ਪਾਂਵਦਾ ਏ । ਹਦਾਇਤਉਲਾ ਹੋਇਆ ਹੌਲ਼ਾ ਕਲਾਧਾਰੀ, ਚੜ੍ਹਦੇ ਚੇਤ ਨੂੰ ਅੰਬ ਪਕਾਂਵਦਾ ਏ । ਮੀਆਂ ਮਜ਼ਨੂੰ ਵਕਤ ਵਰਤਮਾਨ ਬਾਲਾ, ਲੰਘੀ ਸਦੀ ਲਈ ਸੇਜ਼ ਵਿਛਾਂਵਦਾ ਏ । ਦਰਦ ਪੀਰ, ਹੌਂਕੇ ਮਾਂ, ਵਾਰਿਸ ‘ਹੀਰ’ ‘ਚ ਅਲਫਾਜ਼ ਕੇਹੇ ਸਜਾਂਵਦਾ ਏ । ਚੀਰਾ ਸਰਪੇਚ, ਲੰਮੜੇ ਕੇਸ ਬਾਂਕੇ, ਸਤਗੁਰ ‘ਵਾਰਿਸ’ ਨੂੰ ਪਿਆ ਹਢਾਂਵਦਾ ਏ । **** ਹੀਰ ਆਖਦੀ  ਹੰਕਾਰੇ  ਜੋ ਸਭ ਮਾਰੇ, ਹੰਕਾਰ ਮਾਰਿਆ ਰਾਜਿਆਂ ਰਾਣਿਆਂ ਨੂੰ । ਕਹਿੰਦੇ ਕਹਾਉੰਦਿਆਂ ਨੂੰ  ਹੰਕਾਰ ਮਾਰੇ, ਹੰਕਾਰ ਗਿਆ ਬਹੁਤੇ ਸਿਆਣਿਆਂ ਨੂੰ ।       ਰੋ-ਰੋ ਗਏ ਨੇ ਏਸ ਜਹਾਨ ਉਤੋਂ, ਏਸ ਲੁੱਟਿਆ ਫਿਰਹੌਨ ਦਿਆਂ ਲਾਣਿਆਂ ਨੂੰ । ਹਾਥੀ ਹੰਕਾਰ ਕੇ ਨਾਗਣੀ ਮੱਥੇ ਖਾਵੇ, ਫਿਰੇ ਲਿਤਾੜਦਾ ਦੋਜਖ਼ ਜਾਣਿਆਂ ਨੂੰ । ਕਾਰੂ ਢਾਹਿਆ ਖਜ਼ਾਨੇ ਬੇਸ਼ੁਮਾਰ ਵਾਲਾ, ਸੁੰਨੇ ਛੱਡ ਗਿਆ ਸੱਭੇ ਟਿਕਾਣਿਆਂ ਨੂੰ । ਰਾਂਝਾ ਰਿਹਾ ਹੁਸਨ ਦਾ ਮਾਣ ਕਰਦਾ, ਹੀਰ ਛੱਡ ਗਈ ਤੰਬੂਆਂ ਤਾਣਿਆਂ ਨੂੰ । ਹੱਥ ਸਾਢੇ ਤਿੰਨ ਜ਼ਿਮੀਂ ਮਿਲਖ ਤੇਰੀ, ਬੰਦਿਆ ਵਲੇਂ ਕਿਉਂ ਐਡੇ ਵਲਾਣਿਆਂ ਨੂੰ । ਕਾਗਜ਼ ਵਾਂਗਰਾਂ ਕੰਚਨ ਜਿਹੇ ਸਾੜ ਦਿੱਤੇ,ਕੀ ਕਹੀਏ ਲੰਕ ਦੇ ਮਹਾਂਰਾਣਿਆਂ ਨੂੰ ? ਰੱਬ ਹੀ ਮੋੜਦਾ ਸ਼ੁਕਰ ਨਾਹਰੀ, ਮੱਤ ਜਾਂਵਦੀ ਖੱਡੀਲਿਆਂ ਵਾਹਣਿਆਂ ਨੂੰ । **** ਪੂਛ ਕੁੱਤੇ ਦੀ ਸਿੱਧੀ ਤੀਰ ਹੋਜੇ, ਬਾਰ੍ਹਾਂ-ਤਾਲ਼ੀ ਜਾ ਮਕਰ ਪਸਾਰਦੀ ਏ। ਫੇਲ ਵਿਦਿਆ ਵੇਦ ਦੀ ਹੋ ਜਾਏ ਬੱਚਾ, ਚਕਰਵਿਊ ਚਾਲ ਦਾ ਖਿਲਾਰਦੀ ਏ। ਬੁਰੇ ਲੇਖ ਜਿੰਨ੍ਹਾਂ ਦੇ ਜੰਮੇ ਰਾਂਝਾ, ਤਕਦੀਰ ਖੋਟੀ ਜਦ ਹੀਰ ਪਧਾਰਦੀ ਏ। ਭੇਜੇ ਖਤੀਆਂ ਪੜ੍ਹਨ ਦਾ ਨਾਮ ਲੈ ਕੇ, ਰੌਸ਼ਨਦੀਨ ਜਿਉਂ ਕਾਵਿ ਉਚਾਰਦੀ ਏ। ਮਾੜੇ ਚੰਗੇ  ਨੂੰ ਜਿਹੜੀ ਵਿਚਾਰਦੀ ਏ, ਬੀਬੀ ਬੇਟੀ ਪਰਵਦਗਾਰ ਦੀ ਏ। ਦਰਦ ਪਿਆਰਾ ਹਾਏ! ਮਾਣੀਏ,ਵੇਖ ਹੌਂਕਿਆਂ ‘ਚ ਅਸਾਨੂੰ ਕਲਮ ਸੁਆਰਦੀ ਏ। ਸਤਗੁਰ ਸਿੰਘਾ ਬੇਸ਼ਰਮ ਸ਼ਰਮਾਏੋਦਾਰੀ,ਚਾਕਣਾ ਭੋਗਦੀ, ਚਾਕਾਂ ਨੂੰ ਮਾਰਦੀ ਏ।

ਕੁੜੀਆਂ ਸਹੁਰੇ ਜਾਂਦੀਆ ਨੂੰ.....

ਸਰਵਣ ਪਾਣੀ ਭਰਦੇ ਨੂੰ, ਤੀਰ ਕੋਈ ਡੰਗ ਬਹਿੰਦਾ ਹੈ। ਕੁੜੀਆਂ ਸਹੁਰੇ ਜਾਂਦੀਆਂ ਨੂੰ, ਪਿੰਡ ਅਲਵਿਦਾ ਕਹਿੰਦਾ ਹੈ। ਸੂਹੀ ਮਹਿੰਦੀ ਲਾਚੜ ਫੜਦੀ ਹੈ, ਸੁਰਮੇ ਨੂੰ ਸ਼ਰਮ ਜਿਹੀ ਚੜ੍ਹਦੀ ਹੈ। ਮਦ ਜ਼ਰੀ ਦੇ ਜ਼ਰਦ ਸਿਰਹਾਣੇ ਨੇ, ਚਾਅ-ਚੋਜ਼ ਵੀ ਚਾਂਭਲ ਜਾਣੇ ਨੇ। ਲਾਲ ਡੋਰੇ ‘ਚ ਸੁਰਖ਼ੀ ਆਣੀ ਹੈ, ਲਿਫ਼ ਨਾਬਰਦਾਰੀ ਜਾਣੀ ਹੈ। ਚਾਰ ਲਾਵਾਂ ਜਿਹਦੇ ਨਾਲ਼ ਲਈਆਂ ਨੇ, ਚਾਰ ਯੁੱਗਾਂ ਤੀਕ ਨਿਭਾਣੀ ਹੈ। ਗੋਲਾਂ ਨੇ ਰੇਤਾ ਰੰਗਣਾ ਹੈ, ਜਦ ਪਿੱਪਲੀ ਪਾਸੋਂ ਲੰਘਣਾ ਹੈ। ਇਸ ਟੀਰ-ਟੱਬਰ ਦੀ ਛਿੰਦੀ ਨੇ, ਬੋਹੜਾਂ ਕੋਲ਼ੋਂ ਸੰਗਣਾ ਹੈ। ਵੜ-ਵੇਦ ਪਿੰਡਾ ਦੇ ਦੱਸਣੇ ਨੇ, ਸ਼ਹਿਰਾਂ ਦੀ ਬੋਲੀ ਸਿੱਖਣੀ ਹੈ। ਇਹ ਤਕਦੀਰੋਂ ਥੁੜੀਆਂ ਨੇ, ਤਕਦੀਰ ਬੇਗਾਨੀ ਲਿਖਣੀ ਹੈ। ਤੱਕ ਵੇਲਾਂ ਵਾਂਗੂੰ ਵਧਦੀਆਂ ਨੂੰ, ਬਾਪੂ ਦਾ ਦਿਲ ਡਰਦਾ ਹੈ। ਕੱਚੀ ਕੰਧ ਦੀਆ ਸਿਰੀਆਂ ‘ਤੇ ਸੁਪਨੇ ਵਿੱਚ ਇੱਟਾਂ ਧਰਦਾ ਹੈ। ਕੂੰਜਾਂ, ਕਣਕਾਂ ਨੂੰ ਮਿਹਣਾ ਹੈ, ਜੇ ਵਿੱਚ ਵਿਸਾਖੇ ਰਹਿਣਾ ਹੈ। ਤੱਤੀ-ਰੁੱਤ ਵਿੱਚ ਕੁੜੀਆਂ ਲਈ, ਘਰ ਮਾਹੀ ਦਾ ਗਹਿਣਾ ਹੈ। ਸੂਹੀ ਸ਼ਗਨਾਂ ਦੀ ਫੁਲਕਾਰੀ ਨਾ' ਨਾਭੀ ਚੀਰਾ ਖਹਿੰਦਾ ਹੈ। ਕੁੜੀਆਂ ਸਹੁਰੇ ਜਾਂਦੀਆਂ ਨੂੰ, ਪਿੰਡ ਅਲਵਿਦਾ ਕਹਿੰਦਾ ਹੈ। ਜਲ ਮਿੱਠ ਜਾਂਦਾ ਖੂਹਾਂ ਦਾ, ਜਦ ਰੂਹਾਂ ‘ਚ ਰੰਗਤ ਰਸਦੀ ਹੈ। ਫਿਰ ਫੱਗਣ ਚੇਤ ਦੀ ਧੁੱਪ ਜਿਹੀ, ਸੂਲਾਂ ਦੇ ਪਿੰਡੇ ਡਸਦੀ ਹੈ। ਠੀਕਰ ਪਹਿਰੇ ਦਿੰਦੀਆਂ ਨੇ, ਖ਼ਾਬਾਂ, ਸੁਰਖ਼ਾਬ-ਖ਼ਿਆਲਾਂ ਨੂੰ। ਨਾਲ਼ੇ ਚੁੰਨੀਆਂ ਵਿੱਚ ਤਰੁੱਪਦੀਆਂ ਨੇ, ਦੁੱਧ-ਮੋਤੀ ਬਦਖਸ਼ ਲਾਲਾਂ ਨੂੰ। ਜਦ ਮਹਿਕ-ਪੰਜ਼ੇਬੀ ਪੌਣ ਕੋਈ, ਨਾਭੀ ਜਿਹੇ ਨਗਮੇ ਗਾਉਂਦੀ ਹੈ। ਨਿੰਮਾਂ ਨੂੰ ਚਾਸ਼ਣ ਚੜ੍ਹਦੀ ਹੈ, ਅੱਕਾਂ ਵਿੱਚ ਖੰਡ ਸਮਾਉਂਦੀ ਹੈ। ਮੌਜ-ਮੇਲੇ, ਰਸਮ, ਤਿਉਹਾਰ ਜਿਹੇ, ਹਨ ਕੁੜੀਆਂ ਦੇ ਇੰਤਜ਼ਾਰ ਜਿਹੇ। ਵੀਰੋ ਦੇ ਦਿਓ ਜੋ ਵੀ ਸਰਦਾ ਹੈ, ਸਾਡਾ ਮੰਗਣ ਨੂੰ ਜੀਅ ਕਰਦਾ ਹੈ। ਜਦੋਂ ਮਿਟਰੰਗੀਆ ਕੰਧਾਂ ਤੋਂ ਸੂਹੀ ਲਾਂਗੜ ਭੁਰਦੀ ਹੈ। ਓਦੋਂ ਅੰਮੀ ਸਾਨੂੰ ਤੋਰਨ ਦੇ ਖ਼ਾਬਾਂ ਦੇ ਵਿੱਚ ਖੁਰਦੀ ਹੈ। ਇਹਨਾਂ ਦਾ ਲਖ ਸ਼ੁਕਰਾਨਾ ਹੈ, ਇਹਨਾਂ ਨੂੰ ਢੇਰ 'ਜਾ ਸਿਜਦਾ ਹੈ। ਖ਼ੌਰੇ ਕਿਉਂ ਇਹਨਾਂ ਦੇ ਗੀਤਾਂ ਵਿੱਚ, ਦਿਲ ‘ਜਾ ਮੇਰਾ ਭਿੱਜਦਾ ਹੈ। ਪੀਘਾਂ ਬਣ ਹਾਕਰ ਲਾ ਲੈਨਾ, ਅੜੀਓ ਇੱਕ ਝੂਟਾ ਰਹਿੰਦਾ ਹੈ। ਕੁੜੀਆਂ ਸਹੁਰੇ ਜਾਂਦੀਆਂ ਨੂੰ, ਪਿੰਡ ਅਲਵਿਦਾ ਕਹਿੰਦਾ ਹੈ।

ਤੀਰ-ਤੱਕਲਿਆਂ ਦੀ ਗੌਰਵ-ਗਾਥਾ

ਪੱਖੀਆਂ 'ਤੇ ਉਕਰੇ, ਉਨਾਬੀ ਸਵਈਏ ਤੱਕਲੇ ਦੀ ਗਾਥਾ, ਆ ਤੀਰਾਂ ਨੂੰ ਕਹੀਏ ! ਬੂਹੇ 'ਚ ਬਹਿ ਕੇ, ਪਾਈਆਂ ਮੈਂ ਘੁੱਗੀਆਂ ਬਾਪੂ ਦੇ ਸਿਰ 'ਤੇ, ਰੀਝਾਂ ਨੇ ਪੁੱਗੀਆਂ ਚੁੰਨੀਆਂ 'ਚੋਂ ਦਿਸਦਾ, ਚੀਰਾ ਅਵੱਲਾ ਕਲਗੀ ਨੂੰ ਟੁਕਦਾ, ਫ਼ਿਰੋਜੀ 'ਜਾ ਛੱਲਾ ਗਿੱਧਿਆਂ 'ਚ ਗਾਉਂਦੇ, ਫ਼ੱਕਰ ਗਵਈਏ ਤੱਕਲੇ ਦੀ ਗਾਥਾ, ਆ ਤੀਰਾਂ ਨੂੰ ਕਹੀਏ! ਇਸ਼ਕੇ ਦੀ ਬਰਛੀ, ਬਿਰਹਾ ਦਾ ਨੇਜਾ ਫੁੱਲਾਂ ਦੀ ਕੰਡ ਨੂੰ, ਸੂਲਾਂ ਦੀ ਸੇਜਾ ਜੂਝਣ ਦੀ ਜੁਰਅਤੀ, ਫੱਟੜਾਂ ਦੀ ਫੁਰਤੀ ਤਵਿਆਂ ਦੀ ਹਿੱਕ 'ਚੋਂ, ਨਿੱਕਲੇ ਝੱਟ ਬੁਰਕੀ ਰੁੱਕਿਆਂ ਨੂੰ ਪੜ੍ਹਦੇ , ਪੌਣ ਪੜ੍ਹਈਏ ਤੱਕਲੇ ਦੀ ਗਾਥਾ, ਆ ਤੀਰਾਂ ਨੂੰ ਕਹੀਏ! ਮੈਥੋਂ ਮਛਰੇ ਦੁਪੱਟੇ , ਨਾ ਜਾਣ ਸੰਭਾਲ਼ੇ ਸੂਹੇ ਸੂਟਾਂ 'ਚ ਕਿਹੜਾ, ਪੀੜਾਂ ਨੂੰ ਪਾਲ਼ੇ ? ਲੱਥਣ ਲਿਓੜਾਂ , ਕੱਚੀਆਂ ਨੇ ਕੰਧਾਂ ਕੱਤਣ ਤੋਂ ਪਹਿਲਾਂ , ਟੁੱਟਣ ਹੁਣ ਤੰਦਾਂ ਗਲ਼ੀਆਂ 'ਚ ਭੌਂਦੇ, ਅਵਾਰਾ ਭਵਈਏ ਤੱਕਲੇ ਦੀ ਗਾਥਾ, ਆ ਤੀਰਾਂ ਨੂੰ ਕਹੀਏ! ਜੁੱਤੀਆਂ ਦੇ ਘੂੰਗਰੂ ਤੇ ਪੱਖੀਆਂ ਦੇ ਮਣਕੇ ਮੇਰੀ ਸੰਗ ਤੋਂ ਗਏ , ਮੇਰੇ ਬੇਲੀ 'ਜੇ ਬਣਕੇ ਪਹਿਲੀ ਮਿਲਣੀ 'ਤੇ ਓਹਨੇ 'ਸੱਜਣ' ਕਿਹਾ ਕਹਿ ਘੁੱਗੀਆਂ ਨੂੰ 'ਜੀ-ਜੀ' ਨੱਚਣਾ ਪਿਆ ਸਭ ਛੱਡਣੇ ਪਏ ਮੈਂਨੂੰ ਪੁਰਾਣੇ ਰਵਈਏ ਤੱਕਲੇ ਦੀ ਗਾਥਾ , ਆ ਤੀਰਾਂ ਨੂੰ ਕਹੀਏ!

ਤੱਤੀਆਂ ਬਾਤਾਂ

ਜਿਮੀਂ ਆਪਣੀ ਹੋਏ ਲੱਖ ਮਾਰੂ, ਪਰਾਈ ਪੈਲ਼ੀ ਨਾ ਜੋਤਰਾ ਲਾਈਏ ਜੀ। ਮਾਲ ਹਰਾਮ ਦਾ ਓਵੇਂ ਤਿਆਗ ਦੇਈਏ, ਮਾਸ ਸੱਪ ਦਾ ਜਿਵੇਂ ਨਾ ਖਾਈਏ ਜੀ? ਕੰਨ ਪਾੜ ਕੇ ਜੋਗੀ ਜੇ ਬਣ ਜਾਈਏ, ਭਸਮ ਪਾਊਡਰ ਨਾਲ਼ ਨਾ ਘਸਾਈਏ ਜੀ। ਦੱਸੋ ਗੁੱਸੇ ‘ਤੇ ਕਿਵੇ ਰਹੇ ਕਾਬੂ, ਅੰਨ ਰੇਹਾਂ –ਸਪਰੇਹਾਂ ਵਾਲ਼ੇ ਖਾਈਏ ਜੀ। ਤਕਦੀਰ ਆਪੇ ਲੱਗੂ, ਤਦਬੀਰ ਅੱਗੇ, ਫ਼ਰਹਾਦ ਜਿਹਾ ਜਿਗਰਾ ਬਣਾਈਏ ਜੀ। ਮਧਾਣੀ ਸੋਚ ਦੀ ਪਾ ਸਮੇਂ ਦੀ ਚਾਟੀ ‘ਚ, ਛੰਦ ਮਖਣੀ ਜਿਹੇ ਕੱਢ ਲਿਆਈਏ ਜੀ। ਤੱਤ ਤੱਤੀਆਂ ਬਾਤਾਂ ‘ਚੋਂ ਕੱਢ ਲਈਏ, ਸਿਆਣਕੋਸ਼ ਤਾਹੀਂ ਲਿਖ ਪਾਈਏ ਜੀ। ਧੂਣੀ ਆਪਣੀ ਦੀ ਨਿੱਘ ਹੋਏ ਲੱਖ ਮੱਠੀ, ਅੱਗ ਬੇਗਾਨੀ ਨਾ ਸੇਕਣ ਜਾਈੇਏ ਜੀ ਕੱਕੜੀ ਅੱਕ ਦੀ ਪਾਉਣ ਦੀ ਮਨਸ਼ਾ ‘ਚ, ਹੱਥੋਂ ਅੰਬ ਸੰਧੂਰੀ ਨਾ ਗਵਾਈਏ ਜੀ। ਜਿਹੜੇ ਮਿਲਾਂਵਦੇ ਵਿਛੜੇ ਵੇਲੀਆਂ ਨੂੰ, ਨਾਥਾਂ ਉਹਨਾਂ ਨੂੰ ਹੀ ਧਿਆਈਏ ਜੀ। ਮੁੰਦਰਾਂ ਜਿਨ੍ਹਾਂ ਦੇ ਕੰਨਾ ‘ ਚ ਹੋਣ ਪਾਈਆਂ, ਉਨ੍ਹਾਂ ਨਾਲ਼ ਨਾ ਮੂਲ ਟਕਰਾਈਏ ਜੀ। ਸ਼ਾਦੀ ਬੇਟੀ ਦੀ, ਸੌਦਾ ਨਫ਼ੇ ਦਾ, ਬੋਲ ਵੱਡੇ ਦੇ ਕਦੇ ਨਾ ਪਲਟਾਈਏ ਜੀ। ਖਾਕ ਖਾਏ ਤੇ ਖਸਮ ਦੀ ਖੰਡ ਆਖੇ,ਐਸੇ ਫੱਕਰ ਤੋਂ ਸਦਕੜੇ ਜਾਈਏੇ ਜੀ। ਜਿਨਾਂ ਮੱਛਰਾਂ ਦੇ ਮਰਦ ਬਣਾ ਦਿੱਤੇ, ਉਨ੍ਹਾਂ ਮੁਰਸ਼ਦਾਂ ਨੂੰ ਸਿਰ ਤੇ ਚਾਈਏ ਜੀ। ਫਿਕਰ ਫਤੂਰ ਦਾ ਫੱਕਰ ਨਾਲ ਮੇਲ ਨਾਹੀਂ,ਮਨ ਮੌਜ ਦਾ ਮੇਲ ਮਿਲਾਈਏੇ ਜੀ। ਅਨਲਹੱਕ ਆਖਣਾ ਅਸਾਂ,ਅਸਾਂ ਦਾ ਅੰਤ ਹੋ ਕੇ,ਭਾਵੇਂ ਚਾ ਸੂਲੀ ਲਟਕਾਈਏ ਜੀ। ਜੀਂਦਾ ਰਹਿ ਪਿਆਰਿਆ' ਆਖ ਮੁੱਖੋਂ, ਸੂਮ ਸਖੀ ਨੂੰ ਆਪਣਾ ਬਣਾਈਏ ਜੀ। ਵਾਸ਼ ਹਿੰਗ ਦੀ ਵਾਂਗਰ ਫੈਲ ਜਾਣਾ, ਮੁੱਖੋਂ ਸੁਖਨ ਵੀ ਜਿਹੜਾ ਅਲਾਈਏ ਜੀ। ਸ਼ਕਲ ਸਰੀਫ ਦੀ ਅਕਲ ਕੰਜਰਾਂ ਦੀ, ਵਾਂਗ ਬਲੀ ਦੇ ਬੱਕਰੇ ਝਟਕਾਈਏ ਜੀ। ਹੁਕਮ ਮੰਨੀਏ ਹਾਕਮਾਂ ਹੱਕ ਵਾਲਿਆਂ ਦਾ,ਨਿਹੱਕਿਆਂ ਨੂੰ ਦੂਰੋਂ ਦੁਰਕਾਈਏ ਜੀ। ਵੈਰ ਵਾਦੀਆਂ ਜਿੰਨਾਂ ਨੂੰ ਭੈੜੀਆਂ ਨੇ,ਵਕਤ ਉਹਨਾਂ ਨਾਲ  ਨਾ ਵਿਹਾਈਏ ਜੀ। ਗੁਮਾਨ ਕਾਤਲ ਹੈ ਅਕਲ ਅਕੀਦਿਆਂ ਦਾ, ਪੱਲਾ ਏਸ ਤੋਂ ਮੂਲ ਛੁਡਾਈਏ ਜੀ। ਕਰਕੇ ਕਾਲੀਆਂ ਬੱਗੀਆਂ ਹਜ਼ਮਤਾਂ, ਲਾਜ਼ ਸਿਆਣਪਾਂ ਨੂੰ ਨਾ ਲਾਈਏ ਜੀ। ਬੈਠੇ ਦਫਤਰਾਂ ਅੰਦਰ ਨੇ ਹੱਥ ਅੱਡੀਂ,ਲਾਹਨਤ ਕਿਰਤ ਉਹਨਾਂ ਦੀ ਨੂੰ ਪਾਈਏ ਜੀ। ਚਿਹਰਾ ਚੋਪੜ ਆਰਸੀ ਨਾਲ ਵੇਖਣ, ਡੱਕਾ ਕੰਮ ਦਾ ਕੀ ਉਹਨਾਂ ਤੋਂ ਤੁੜਾਈਏ ਜੀ। ਖਾਣ ਹਰਾਮ ਤੇ ਤਾਂਘਣ ਗੈਰ ਰੰਨਾਂ, ਮਛਰੇ ਮਰਦਾਂ ਤੋ ਵਫਾ ਕੀ ਚਾਹੀਏ ਜੀ। ਤਾਜਨ ਤੁਰੀ ‘ਤੇ ਤਰਸ ਨੂੰ ਚਾੜ੍ਹ ਬੇਲੀ, ਬਿਖੜੇ ਰਾਹਾਂ ਵੱਲ ਨਾ ਦਬਕਾਈਏ ਜੀ। ਸੋਗੀ ਸਾਦਕਾਂ ਦੇ ਸਦਾ ਸੰਗ ਖੜੀਏ, ਸਮਾਂ ਸ਼ਾਦੀ ਦਾ ਭਾਵੇਂ ਅਟਕਾਈਏ ਜੀ। ਮੂੰਹ ਜੋੜ ਕੇ ਜਿਹੜੀ ਸਲਾਹ ਕੀਤੀ, ਹੇਕਾਂ ਜੋੜ ਨਾ ਉਹਨੂੰ ਪਰੇ ਉਡਾਈਏ ਜੀ। ਝੋਲੀ ਕਰੀਏ ਜੇ ਤਕੜੇ ਦੀ ਗੱਲ ਅੱਗੇ, ਜੁਬਾਂ ਮਾੜੇ ਦੀ ਵੀ ਨਾ ਉਲਟਾਈਏ ਜੀ। ਸਕੇ ਮਾਉ ਤੇ ਬਾਪ ਨਾਲ ਜੋ ਮੌਜਾਂ, ਉਹ ਸਕੇ ਭਾਈਆਂ ਤੋਂ ਮੂਲ ਨਾ ਚਾਹੀਏ ਜੀ। ਹੱਥੀਂ ਫੜ੍ਹ ਬੰਦੂਕ ਬਖਤੌਰ ਵਾਲੀ, ਗੋਲੀਆਂ ਗਾਲਾਂ ਦੀਆਂ ਨਾ ਚਲਾਈਏ ਜੀ। ਲਡਿੱਕੇ ਮਾਂ ਤੇ ਬਾਪ ਦੇ ਕੀ ਜਾਣਨ, ਰੋਟੀ ਕਿਹੜੇ ਢਡ ਦੇ ਨਾਲ ਕਮਾਈਏ ਜੀ। ਜਿੰਨਾਂ ਦੇ ਭਾਗੀਂ ਨਾ ਭਾਗਭਰੀਆਂ ਨੇ, ਸਿਹਰੇ ਬੰਨ੍ਹ ਕਿਧਰ ਨੂੰ ਲੈ ਜਾਈਏ ਜੀ। ਜਿਹਦੇ ਪੱਲੇ ਦਾਮ ਤੇ ਦਮ ਨਹੀਂ ਕਿੰਜ ਕੁਲੜੀਆਂ ਬਾਹਾਂ ਗਲ਼ ਪਵਾਈਏ ਜੀ। ਸ਼ੀਰ-ਸ਼ੱਕਰ ਸ਼ੁਪਾ ਕੇ ਜੇ ਖਾ ਲਈਏ, ਸੱਪ ਸ਼ਰੀਕੜੇ ਦੇ ਕਿੰਝ ਲੜਾਈਏ ਜੀ। *** ਜੱਟਾਂ ਵਾਲ਼ੀ ਅੜੀ ਚੱਲੇ ਨਾਲ ਵਪਾਰ ਵਿੱਚ, ਬਹੁਤਾ ਚਿਰ ਹੱਟੀ ਯਾਰੋ ਚੱਲੇ ਨਾ ਉਧਾਰ ਵਿੱਚ। ਤਿੰਨ ਚੀਜ਼ਾਂ ਵਿੱਚ ਕਦੇ ਰੱਖੀਏ ਨਾ ਓਹਲਾ, ਰੋਗ ਵਿੱਚ, ਭੁੱਖ ਵਿੱਚ, ਰੂਹਾਂ ਦੇ ਪਿਆਰ ਵਿੱਚ। ਆਦਮੀ ਗੱਦਾਰ ਵਿੱਚ, ਖੁੰਡੀ ਤਲਵਾਰ ਵਿੱਚ, ਨਾ ਰੱਖੀਏ ਭਰੋਸਾ ਯਾਰੋ ਕਦੇ ਗੁੰਡੀ ਨਾਰ ਵਿੱਚ। ਜੱਟ ਅਤੇ ਫੱਟ ਦੋਵੇਂ ਬੰਨ੍ਹ ਕੇ ਹੀ ਕਾਬੂ ਆਉਂਦੇ,ਆਉਦਾ ਊਠ ਕਾਬੂ ਜਿਵੇਂ ਬੰਨ ਕੇ ਮੁਹਾਰ ਵਿੱਚ। ਤੇਲੀ ਦਾ ਬਲ਼ਦ ਭਾਵੇਂ ਮਣਾਂ ਮੂੰਹੀ ਤੇਲ ਕੱਢੇ, ਰਹਿੰਦੇ ਸਦਾ ਸਿੰਗ ਉਹਦੇ ਖੁਸ਼ਕੀ ਦੀ ਮਾਰ ਵਿਚ। ਸ਼ੋਭਦਾ ਨਾ ਗਹਿਣਾ ਉਨਾ ਉਮਰ ਕੁਆਰ ਵਿੱਚ, ਫੱਬਦੀ ਵਿਹੁਲੀ ਜਿੰਨੀ ਕੀਤੇ ਹੋਏ ਸਿੰਗਾਰ ਵਿੱਚ। ਹੁੰਦਾ ਨਾ ਮਿਰਾਸੀ ਜਿਵੇਂ ਸੁਸਤ ਵਿਹਾਰ ਵਿੱਚ, ਨਿਚਲਤਾ ਨਾ ਆਉਂਦੀ ਤਿਵੇਂ ਹੀ ਨਚਾਰ ਵਿੱਚ। ਟੁੱਟੇ ਨਾ ਮੁਲਾਹਜ਼ਾ ਛੇਤੀ-ਛੇਤੀ ਉਸ ਬੰਦੇ ਦਾ, ਰੱਖਦਾ ਪਰੋ ਕੇ ਜਿਹੜਾ ‘ਹਾਂ’ ਨੂੰ ਇਨਕਾਰ ਵਿੱਚ। ਨਰਮੇ ਦੀ ਖੇਤੀ ਜਿੰਨੀ ਵਿਕਦੀ ਨਿਘਾਰ ਵਿੱਚ, ਓਦੂਂ ਵੱਧ ਮਹਿੰਗੀ ਹੁੰਦੀ ਕੌਟਨ  ਬਜਾਰ ਵਿਚ । ਮੁਛਲ ਦ ਭਾਅ,ਝੂਠ ਦਾ ਨਸ਼ਾ,ਭਾੜੇ ਦਾ ਗਵਾਹ, ਡੋਬ ਦਿੰਦੇ ਤਿੰਨੇ ਯਾਰੋ ਸਾਨੂੰ ਮੰਝਧਾਰ ਵਿੱਚ । ਪਾਪਾਂ ਵਾਲ਼ਾ ਮਹਿਲ ਉਹਨਾਂ ਸਿਖਰੋਂ ਸੀ ਡੇਗਣਾ, ਨਿੱਕੇ-ਨਿੱਕੇ ਬੱਚੇ ਤਾਂਹੀ ਖੜ੍ਹਗੇ ਦੀਵਾਰ ਵਿੱਚ। ਨਹੀਂ ਕਰਦੇ ਕਦਰ ਲੋਕੀ ਖੀਸੇ ਵਾਲ਼ੇ ਲਾਲਾਂ ਦੀ, ਘਰੋਂ ਬਾਹਰ ਕੱਢ ਦਿੰਦੇ ਰਾਤ ਠੰਡੀ ਠਾਰ ਵਿੱਚ।

ਮਿੱਟੀ ਦੇ ਮੋਰ

ਨਾਗ ਬਿਰਹੋਂ ਦਾ ਖਾਧਾ,ਵਸਲਾਂ ਦੇ ਮੋਰ ਨੇ। ਜਿੱਤ-ਮੁੱਕਟ ‘ਤੇ ਦਿੱਤੇ ਹੁੱਲੇ,ਮੋਰ-ਪੰਖ ਛੋਰ ਨੇ। ਜਿੱਥੇ ਪੀੜ-ਪਰਸ਼ਾਦ,ਕੌੜਾ ਮਹੁਰਾ ਵੀ ਸਵਾਦ। ਓਹਨੂੰ ਹਾਰਾਂ ਭਲਾਂ ਕਿੱਥੇ,ਜਿਹਦੀ ਜੰਗ ਹੀ ਅਰਾਧ? ਕੁਸ਼ਤੇ ਬਣਾਏ ਜਿੰਨ੍ਹਾਂ, ਸੰਖ਼ੀਏ ਦੇ ਘੁੱਟ। ਓਹ ਮਿੱਟੜੀ ਦੇ ਮੋਰ,ਕਦੇ ਹੁੰਦੇ ਨਹੀਂ ਟੁੱਟ। ਬਦਾਮੀ ਮੁੱਖ ‘ਤੇ ਚੁਆਤੀ,ਬੇ-ਨਜ਼ੀਰ, ਵਡਆਕੀ ਇਹ ਸੂਰਜਾਂ ਦੇ ਸਾਥੀ,ਭਾਵੇਂ ਕਾਲ਼ੇ ਘਣਕੋਰ ਨੇ। ਜਿੱਥੇ ਗੱਡੇ ਵੀ ਜਹਾਜ਼,ਤੰਬੂ-ਤੱਪੜ ਵੀ ਤਾਜ਼ ਵਿਧੀ-ਬਣੀ ਨੂੰ ਮਖ਼ੌਲਾਂ,ਹਾਥੀ ਹੌਸਲੇ ਫ਼ੌਲਾਦ ਜੰਗ-ਜੂਝ ਦੇ ਅਰਥ,ਨੂਰੀ-ਖੰਡੇ ਦੇ ਜਵਾਬ ਜਿੱਥੇ ਮੌਤ-ਮੂੰਹੇ ਸਾਜ਼,ਦਿਓ-ਦਮਾਮੇ ਦੇ ਸਵਾਬ ਰੂਹ-ਰੋਹੀ ਵਿੱਚ ਠੰਡ,ਸੂਹਾ-ਲਹੂ ਪਰਚੰਡ ਮਾਲ਼ਾ,ਮਣੀਆਂ ‘ਚੋਂ ਜੰਮੇ,ਤੀਰ, ਤੁੰਗ, ਬਾਰਾਂ ਬੋਰ ਨੇ। ਕੱਚੇ ਕੁੱਛੜ ਨਿਵਾਸੀ,ਸ਼ੀਰ-ਖੋਰੇ ਨੇ ਸ਼ਹੀਦ ਹਿਮਾਲਿਆ ਦੇ ਝੰਡੇ ਬਣੇ,ਨੇਜ਼ੇ, ਸੂਲ਼ੀ ਦੇ ਮੁਰੀਦ ਕਾਲ਼-ਕੋਠੜੀਆਂ ਵਿੱਚੋਂ ,ਸਾਜ਼-ਸੂਰੇ ਨੇ ਆਜ਼ਾਦ ਅੱਕ-ਪੱਤਰਾਂ ਦਾ ਜਿੱਥੇ,ਪੂੜੇ-ਮੱਠੀ ‘ਜਾ ਸਵਾਦ ਜਿੰਦੂ ਪੈੜਾਂ ਦੀ ਤਿਹਾਈ,ਮਿੱਧੇ ਪਾਣੀ ਪਰਛਾਈ ਰੂਹ-ਕਲੂਤ ਜੁਦਾ ਕੀਤੇ,“ਤੂੰ”, “ਮੈਂ” ਵਾਲ਼ੀ ਲੋਰ ਨੇ। ਨਾਗ ਬਿਰਹੋਂ ਦਾ ਖਾਧਾ,ਵਸਲਾਂ ਦੇ ਮੋਰ ਨੇ ਜਿੱਤ-ਮੁੱਕਟ ਦੇ ਦਿੱਤੇ ਹੁੱਲੇ,ਮੋਰ-ਪੰਖ ਛੋਰ ਨੇ। *** ਪੀਲ਼ੀ-ਪੂਰਬ ਲਗਾਵੇ ਟਿੱਕਾ, ਸੂਰਜ ਦੇ ਮੁੱਖ ‘ਤੇ ਏਦਾਂ ਮੁੱਕਟ ਸਜਾਵੇ ਤਿੱਖਾ,ਸੀਸ ‘ਤੇ ਦੁਪਹਿਰ ਵੇ ਕੇਸਰੀ ਪਲੰਘ ਸ਼ਾਮੀਂ,ਸੰਝ-ਰਾਣੀ ਭੇਂਟ ਕਰੇ ਖ਼ਾਬ ਸੁੱਚੜੇ ਵਿਖਾਓਣ,ਰਾਤੀ ਤਿੰਨੇ ਪਹਿਰ ਵੇ। ਲਿਤਾੜੀਆਂ ਨਾ ਜਾਣ, ਤਹਿਜ਼ੀਬ ਦੀਆਂ ਖੁੰਬਾਂ ਹੌਲ਼ੀ-ਹੌਲ਼ੀ ਧਰੀਂ ਯੁੱਗਾ ,ਧਰਤੀ ‘ਤੇ ਪੈਰ ਵੇ ਹਿੰਦ ਦੀ ਕਿਤਾਬ ਦਾ, ਪੰਜਾਬ “ਸਿਰਲੇਖ” ਰਿਹਾ ਤੇਗਾਂ ਵਾਲ਼ੇ ਮੁਲ਼ਕਾਂ ਦੀ ,ਕਰੀਂ ਕਦੇ ਸੈਰ ਵੇ। ਬੀੜਾਂ ਹੋਣੀਆਂ ਪ੍ਰੇਮ ਦੀਆਂ,ਝਨਾ ਵਿੱਚ ਡੋਬੀਆਂ ਲਹਿਰਾਂ ‘ਤੇ ਗੁਲਾਬੀ ਰੰਗ, ਰਿਹਾ ਤਾਂਹੀ ਤੈਰ ਵੇ ਹੁਸਨਾਂ ਦੇ ਵਾਲ਼ੀਆਂ ਤਾਂ,ਡੁੱਬ ਵਿਚਕਾਰ ਗਈਆਂ ਕੋਜ਼ੀਆਂ-ਕਜ਼ੋਰਾਂ ਸਭ, ਟੱਪ ਗਈਆਂ ਨਹਿਰ ਵੇ। ਅਲਸੀ ਦੇ ਲੀੜੇ ਵਾਂਗੂੰ,ਇਸ਼ਕੇ ਦੇ ਚੀਰਿਆਂ ਨੂੰ ਪੁੰਨਿਆ ਤੋਂ ਚੰਨਾ, ਤੂੰ ਬਚਾਈਂ ਵੇ ਸਿਆਹੀਆਂ ਕਸੇਰੇ ਦੀਆਂ,ਬਲ਼ਣੀ ‘ਚ ਘੋਲ਼ ਬੈਠੀ ਅਖਰੋਟਾਂ ਰੰਗੇ,ਝੱਗੜੇ ਰੰਗਾਈ ਵੇ। ਕਦੇ ਸੋਹਣੀ-ਸੱਸੀ ਆਖਦੇ,ਸਿਆਣੇ ਮੈਂਨੂੰ ਝੱਲੜੀ ਨੂੰ ਕਦੇ ਮੀਰਾਂ-ਮੀਰਾਂ ,ਆਖਦਾ ਜਹਾਨ ਵੇ ਕੰਦਰੀ-ਹਰਨ ਜਿਹੀ ,ਸਾਹਾਂ-ਸੀਨੇ ਵਾਸ਼ ਵਸੇ ਲੱਗੇ ਮੁਸ਼ਕੀ ‘ਜੇ,ਤਿੱਤਰ ਚੁਰਾਨ ਵੇ। ਰਠਿਆਂ-ਕਬੂਤਰਾਂ ਨੇ,ਹੀਸਾਂ ਵਿੱਚ ਬੋਟ ਪਾਲ਼ੇ ਸ਼ਿਕਰੇ ਪਹਾੜੀਆਂ ਦੇ,ਗਏ ਜਦੋਂ ਪਿੰਡ ਵੇ ਹੀਰਾ-ਕਣੀਆ-ਚੁਨੇਰੀਆਂ ‘ਤੇ,ਉੱਕਰੇ ਮਧਾਣੀ-ਫੁੱਲ ਕੰਦ-ਮਿਸ਼ਰੀ ਜਿਓਂ ,ਮਿੱਠੇ ਹੋ ਗਏ,ਕੌੜੇ ਰਿੰਡ ਵੇ। ਮੂੰਗਫਲ਼ੀ-ਮੂਸਲਾਂ ‘ਤੇ,ਹੋਏ ਕਾਕੜੇ-ਕੜੱਲ ਛੋਲੇ-ਤਿਲ਼, ਅਲਸੀ ਨੂੰ,ਮਾਰੇ ਲਿਸ਼ਕੋਈ ਵੇ ਬੋਤਾ ਜ਼ਰਕੀ ਦੇ ਝੁੱਲ ਵਾਲ਼ਾ,ਛਈ-ਛਈ ਤੋਰ ਜਾਨੀ ਪੇਕਿਆਂ ਦੇ ਪਿੰਡ ਨੂੰ,ਕੁਵੇਲ਼ਾ ਜਾਂਦਾ ਹੋਈ ਵੇ।

ਕੱਖ-ਕੁੱਖ-ਕ੍ਰਾਂਤੀ

ਗੈਰਤਾਂ ਦੇ ਠੱਪੇ ਲੱਗੇ, ਝੰਡਿਆਂ ਦੀ ਹਿੱਕ ਉੱਤੇ ਅਣਖਾਂ ਨੇ ਅੱਖ ਖੋਲ੍ਹੀ ,ਘੇਸਲਾਂ ਨੇ ਘੁੰਡ ਸੁੱਟੇ ਛਵੀਆਂ ਦੇ ਪਰ ਫੁੱਟੇ,ਚਿੜੀਆਂ ਦੇ ਖੰਭਾਂ ਵਿੱਚੋਂ ਵਰਨਾਂ ਦਾ ਟੁੱਟਣਾ ਹੀ,ਖੰਡੇ-ਬਾਟਿਆਂ ਦੇ ਜੋੜ ਨੇ। ਨਗਾਰਿਆਂ ਦੀ ਗੂੰਜ ਥੱਲੇ,ਜਜ਼ਬਿਆਂ ਨੇ ਪੈਲ ਪਾਈ ਨਾਗਾਂ ਵਾਂਗੂੰ ਵਰਮੀਂ ਵੜ੍ਹੇ,ਗ਼ਮ, ਖਾਰ, ਡਰ, ਵੈਰ ਨੇ ਮੌਸਮਾਂ ਨੇ ਲੀੜੇ ਵੰਡੇ,ਨਵ-ਰੁੱਤਾਂ ਨੇ ਲਿਬਾਸ ਪਾਏ ਜ਼ਰਦੀ-ਚਿਹਰੇ ਹੋਏ ਸਾਵੇ,ਖ਼ਿਆਲ-ਖ਼ਰੇ ਦੌੜਦੇ। ਮਿਹਰਾਂ ਦਿਆਂ ਨੇਜਿਆਂ, ਬੇਦਾਵਿਆਂ ਦੀ ਹਿੱਕ ਚਾਕੀ ਖਾਰੇ ਮਾਫ਼ੀਆਂ ਦੇ ਹੰਝੂ, ਮਿੱਠੇ-ਕੌਲ਼ਾਂ ਦਾ ਅਗਾਜ਼ ਨੇ ਇਹ ਜੋ ਰਾਜੇ, ਰਾਹੀ, ਜੋਗੀ,ਸੰਤ, ਕਵੀ, ਛੈਲ, ਸੂਰੇ ਕਲਗੀਂ, ਕੱਕੇ, ਘੋੜੇ,ਜਪੁ,ਜਾਪੁ, ਤਸਬੀ,ਬਾਜ਼ ਨੇ। ਹਰ ਘੜੀ ਸੀਸ ਮੰਗੇ,ਸੱਚ ਦੀ ਕਿਰਪਾਨ ਤਾਂ ਜ਼ਿੰਦਗੀ ਤੇ ਮੌਤ ਦੇ,ਇਹ ਖੇਲ ਵੀ ਅਜ਼ੀਬ ਨੇ ਤੰਬੂਆਂ ਦੇ ਝਾਲਰਾਂ ਤੋਂ,ਕਲਸਾਂ ਨੂੰ ਡਰ ਆਵੇ ਕੱਖਾਂ ਦੀਆ ਕੁੱਖਾਂ ‘ਚ,ਕ੍ਰਾਂਤੀਆ ਦੇ ਬੀਜ ਨੇ। ਬੋਝ ਨਹੀਂ ਵਹਿਮ ਨਹੀਂ,ਸ਼ੱਕ, ਸ਼ੋਕ, ਸਹਿਮ ਨਹੀ ਤੇਗਾਂ ਦਿਆਂ ਮੱਥਿਆਂ ‘ਤੇ,ਸ਼ਬਦਾਂ ਦਾ ਨੂਰ ਐ ਸਿੱਖੀ ਕੋਈ ਝੱਲ ਨਹੀ,ਜਜ਼ਬੇ ਦੀ ਛੱਲ ਨਹੀ ਸਿੱਖੀ ਤਾਂ ਸਰੂਰ ਐ,ਸ਼ਹਾਦਤਾਂ ਦਾ ਪੂਰ ਐ।

ਖ਼ਾਬਾਂ ਵਾਲ਼ੇ ਮੋਰ

ਸੂਹੀ ਮਾਂ ਦੀ ਫੁਲਕਾਰੀ, ਜੁੱਤੀ ਭਾਬੜੋ ਦੀ ਪਾਓਣ ਆਉਣ ਚੇਤਿਆਂ ‘ਚ ਕੂੰਜਾਂ,ਮੋਰ ਖ਼ਾਬਾਂ ਦੇ ਉਡਾਓਣ। ਅੰਮੀ-ਅੰਬੜੀ ਤੋਂ ਚੋਰੀ,ਚੂੜੇ, ਬਿੰਦੀਆਂ ਸਜਾਉਣ ਕਦੇ ਬਾਬਲੇ ਨੂੰ ਬਣ ਕੇ, ਸਿਆਣੀਆਂ ਦਿਖਾਓਣ ਖੜ-ਖੂਹਿਆਂ ਦੇ ਉੱਤੇ, ਘੜੱਲੀ-ਘੜਾ ਖੇਡ ਆਓਣ ਆਓਣ ਚੇਤਿਆਂ ‘ਚ ਕੂੰਜਾਂ, ਮੋਰ ਖ਼ਾਬਾਂ ਦੇ ਉਡਾਓਣ। ਸ਼ੋਖ਼ ਬੁੱਲ੍ਹੀਆਂ ‘ਚ ਗਾਣੇ, ਮਿੱਠੇ ਮਾਖਿਓ-ਮਖਾਣੇ ਕੋਸਾ ਹਿੱਕੜੀ ਦਾ ਸੇਕ, ਭੁੰਨੇ ਸੱਧਰਾਂ ਦੇ ਦਾਣੇ ਸਾਵੇ-ਸਾਵਣਾਂ ਦੀ ਰੁੱਤੇ, ਹਿੱਕ ਅੰਬਰਾਂ ਨੂੰ ਲਾਓਣ ਆਓਣ ਚੇਤਿਆਂ ‘ਚ ਕੂੰਜਾਂ,ਮੋਰ ਖ਼ਾਬਾਂ ਦੇ ਉਡਾਓਣ। ਤਾਰੇ ਲਗਦੇ ਬਰਾਤ, ਸਾਰਾ ਅੰਬਰ ਸਬਾਤ ਚੰਨ-ਚਾਨਣੀ ਦੀ ਲੱਗੇ, ਰੋਜ਼ ਪਹਿਲੜੀ 'ਜੀ ਰਾਤ ਛਿੱਦੀਆਂ-ਛਹੇੜੂਆਂ ਦੇ, ਦਹੀਂ ਵਟਣੇ ਬਣਾਓਣ ਆਓਣ ਚੇਤਿਆਂ ‘ਚ ਕੂੰਜਾਂ, ਮੋਰ ਖ਼ਾਬਾਂ ਦੇ ਉਡਾਓਣ।

ਕੱਚੇ-ਛਾਲੇ

ਕੌਣ ਪੂਣੀਆਂ ਸਫ਼ੈਦੀ, ਚੰਨ-ਚਰਖੇ ‘ਤੇ ਕੱਤੀਂ ਜਾਵੇ ਅੰਬਰਾਂ ਦੀ ਬੋਹਟੀ ‘ਚ, ਗਲ਼ੋਟੇ ਲੱਖਾਂ ਪਏ ਨੇ। ਗਾ ਕੇ ਲੋਕ-ਪੀੜਾਂ ਵਾਲ਼ੀ ਧੁਨ,ਪੌਣ ਟੂਣਾ ਕਰੀਂ ਜਾਵੇ ਮੌਸਮਾਂ ਦੇ ਕੋਇਆਂ ਵਿੱਚੋਂ, ਹੰਝੂ ਕਿਰ ਗਏ ਨੇ। ਬੁਰਾਂਸ ਦਿਆਂ ਫੁੱਲਾਂ ਵਾਂਗੂੰ, ਬੁੱਲ੍ਹਾਂ ਦੀ ਤਾਸੀਰ ਠੰਡੀ ਛਾਤੜੀ ਦੇ ਸੀਨੇ ਕਾਹਤੋਂ, ਲਾਵੇ ਬਲ਼ ਬਏ ਨੇ। ਜਿੱਥੋਂ ਜਿੱਥੋਂ ਸੱਸੀ ਲੰਘੀ, ਹੈ ਤਾਂ ਬਾਸੇ ਰੇਤ-ਕਣ। ਅੱਖ ਅਦਬਾਂ ਦੀ ਵੇਖੇ, ਤਾਂ ਕੱਚੇ-ਛਾਲੇ ਫਏ ਨੇ। ਕਾਹਦਾ ਸੁਰਮੇ ਦਾ ਦਾਣਾ, ਨੀਂ ਮੈਂ ਠੋਡੀ ‘ਤੇ ਟਿਕਾ ਬੈਠੀ ਕਲਮਾਂ ਦੇ ਲਫ਼ਜ਼, ਪਰਿੰਦੇ ਬਣ ਡਏ ਨੇ ਨੈਣਾਂ ਦਿਆਂ ਤਿੱਤਰਾਂ ਨੇ, ਚੱਬ ਲਈਆਂ ਰੱਤੀਆਂ। ਹਾਏ ਨੀ! ਪੀੜਾਂ ਤੱਤੀਆਂ, ਨਾ ਵੈਦ ਲੱਭ ਰਏ ਨੇ।

ਪੀੜ-ਪਿਓਂਦ

ਸੂਹੇ ਤੇ ਉਨਾਭੀ ਫੁੱਲ,ਖਿੜ ਗਏ ਨੇ ਓਥੇ ਜਿੱਥੇ ਦੱਬੇ ਕਦੇ,ਸਫ਼ੇ ਸੀ 'ਕੁਰਾਨ' ਦੇ ‘ਕੁਨ' ਹਿਰਦੇ ਦੇ ਕੰਨਾਂ,ਨਾਲ਼, ਸੁਣ-ਸੁਣ ਕੇ ਰਸ਼ੀਦ ਹੋਏ,ਕਮਲ਼ੇ ਜੁਬਾਨ ਦੇ। ਬਿਰਹਾ ਦੇ ਹੜ੍ਹ ਲੰਘੇ,ਚਾਵਾਂ ਪਿੰਡੇ ਪਣ੍ਹ ਜੰਮੀ ਉੱਤੇ ਮਾਰਦੇ ਅਡੱਪੀਆਂ,ਲੋਕੀ ਵੇ ਜਹਾਨ ਦੇ ਤੇਰੀ ਪੀੜ-ਪਿਉਂਦ ਚਾੜੀ,ਚਾਵਾਂ ਮਰਜਾਣਿਆਂ ਨੂੰ ਡਾਹਢੀ ਪੱਕਣ ‘ਤੇ ਆਈ,ਵੇਲ਼ੇ ਝੱਖੜ-ਤੂਫ਼ਾਨ ਦੇ। ਸੁੱਖ ਮੰਜਰੇ-ਕਮਾਦ ਹੋਏ,ਹਾਸੇ ਬੇਰ-ਰਸਮੋੜ ਹੋਏ ਉਹ ਕਨਸ਼ੂਹੇ ਖਾਧੇ,ਓਹ ਮੌਸਮ ਵੀਰਾਨ ਦੇ ਸ਼ੌਂਕ ਦੇ ਪਧਾਂਣੀਆਂ ਨੇ,ਸ਼ੋਕ ਵਾਲ਼ੇ ਰਾਹ ਲਏ ਹੋਏ ਛਾਪੇ ਦੇ ਸ਼ੌਕੀਨ,ਭੌਰੇ ਫੁੱਲਾਂ ਵਾਲ਼ੀ ਟਾਹਣ ਦੇ।

ਜਲ–ਜਮਣੀ

ਜਦੋਂ ਧੁੱਪ ਦੇ ਦੁਪੱਟਿਆਂ ‘ਚੋਂ,ਠਰੀ-ਪੌਣ ਲੰਘਦੀ ਅੱਖ-ਅੰਬਰੀ ਵੀ, ਕਾਸ਼ਨੀ ਸਲਾਈ ਮੰਗਦੀ ਕੂੰਜਾਂ ਸਿੱਖਦੀਆਂ ਮੋਰਾਂ ਕੋਲ਼ੋਂ, ਚੱਜ ਕੁੜੀਓ ਨੀਂ ਮੈਂਨੂੰ ਓਦੋਂ ਮੇਰਾ, ਉੱਚਾ ਲਗਦਾ ਸਫ਼ੈਦਿਆਂ ਤੋਂ ਕੱਦ ਕੁੜੀਓ ! ਕੱਚੀ-ਰੁੱਤ ਵਿੱਚ ਘਟਾ ,ਓਟੇ ਕੋਲ਼ੋ ਮੁੜਦੀ ਹਿੱਕ ਨਾਬਰੀ ‘ਜੀ, ਬੱਦਲਾਂ ਦੇ ਨਾਲ਼ ਜੁੜਦੀ ਲਵੇ ਸੂਸੀ ਚੁੰਨੀ ਅੰਬਰਾਂ ਨੂੰ , ਕੱਜ ਕੁੜੀਓ ਨੀ ਮੈਂਨੂੰ ਓਦੋਂ ਮੇਰਾ, ਉੱਚਾ ਲਗਦਾ ਸਫ਼ੈਦਿਆਂ ਤੋਂ ਕੱਦ ਕੁੜੀਓ ! ਕੌਣ ਰਗਾਂ ‘ਚ ਉਤਾਰ ਗਿਆ, ਜਲ-ਜਮਣੀ ਸੂਹੀ ਸਿੱਲ ਵਾਂਗੂੰ ਜਮੀ ਜਾਵੇ, ਖ਼ੂਨ-ਖਮਨੀ ਲੱਖਾਂ ਸੂਰਜਾਂ ਦਾ ਸੇਕ ਲਵਾਂ, ਚੱਬ ਕੁੜੀਓ ਨੀ ਮੈਂਨੂੰ ਓਦੋਂ ਮੇਰਾ ,ਉੱਚਾ ਲਗਦਾ ਸਫ਼ੈਦਿਆਂ ਤੋਂ ਕੱਦ ਕੁੜੀਓ ! ਅੱਕਾਂ ਦੀਆਂ ਡੋਡੀਆਂ ਦਾ,ਬਣੇ ਮਖਿਆਲ਼ ਚੂਪ ਲਵਾਂ ਕੱਕੜੀਆਂ,ਉੱਠਦੇ ਖ਼ਿਆਲ ਕੌੜ੍ਹ-ਜੜ੍ਹਾਂ ‘ਚ ਪਤਾਸੇ ਆਵਾਂ ਦੱਬ ਕੁੜੀਓ ਨੀ ਮੈਂਨੂੰ ਓਦੋਂ ਮੇਰਾ, ਉੱਚਾ ਲੱਗਦਾ ਸਫੈਦਿਆਂ ਤੋਂ ਕੱਦ ਕੁੜੀਓ !

ਸੱਚੀ ਸਰਕਾਰ ਦਾ ਰੁੱਕਾ

ਲਿਤਾੜ ਕੇ ਨਈਂ ਵੱਡੇ ਹੋਏ,ਸੰਵਾਰ ਕੇ ਨੇ ਅੱਗੇ ਹੋਏ ਓਹਨਾਂ ਜਿਹਾ ਕੌਣ,ਜੋ ਪਿਆਰ ਕੇ ਨੇ ਅੱਗੇ ਹੋਏ? ਰਹੇ ਕਮਲ਼ੇ ਸਦਾਓਂਦੇ,ਕਦੇ ਕਾਮਲ ਸੀ ਆਪ ਨੂੰ ਤਾਰਿਆਂ ਤੋਂ ਪਾਰ ਲੈ'ਜਾ,ਦੀਵਿਆਂ ਦੀ ਲਾਟ ਨੂੰ। ਝਨਾ ਵਾਂਗੂੰ ਕਰ ਚੌੜੇ, ਘੁੱਟੇ ਹੋਏ ਜਜ਼ਬੇ ਰਾਵੀ ਵੱਤ ਰੱਖ ਉੱਚੇ, ਖ਼ਿਆਲ ਖ਼ਰੇ ਵਗਦੇ ਗੰਗਾ ਵਾਂਗੂੰ ਕੰਠ ਰੱਖੀਂ, ਰਿਸ਼ੀਆਂ ਦੇ ਜਾਪ ਨੂੰ ਤਾਰਿਆਂ ਤੋਂ ਪਾਰ ਲੈ'ਜਾ,ਦੀਵਿਆਂ ਦੀ ਲਾਟ ਨੂੰ। ਪੀ ਕੇ ਊਠਣੀ ਦਾ ਦੁੱਧ,ਲਾਇਆ ਢਾਸਣਾ ਕਹਾਰ ਦਾ ਭੇਡਾਂ ਚੁੰਘ ਵੈਰੀ, ਤੈਂਨੂੰ, ਫਿਰਦਾ ਵੰਗਾਰਦਾ ਸੂਰਜਾਂ ਦੇ ਪੁੱਤਾ ਵੇ ਤੂੰ, ਅੱਗ 'ਲਾ ਦੇ ਲਾਖ਼ ਨੂੰ ਤਾਰਿਆਂ ਤੋਂ ਪਾਰ ਲੈ'ਜਾ, ਦੀਵਿਆਂ ਦੀ ਲਾਟ ਨੂੰ। ਸੋਚ-ਸੁਪਨੇ ‘ਚ ਰੁੱਕਾ ਆਇਆ ਸੱਚੀ ਸਰਕਾਰ ਦਾ ਦਿੱਤਾ ਬਦਲ ਅਕੀਦਾ ਤੁਸਾਂ, ਤੇਗ, ਦਸਤਾਰ ਦਾ ਹੁਣ ਖੰਡੇ ਤੋਂ ਮਿਟਾਓਣ ਲੱਗੇ, ਗੈਰਤਾਂ ਦੀ ਛਾਪ ਨੂੰ ਤਾਰਿਆਂ ਤੋਂ ਪਾਰ ਲੈ 'ਜਾ, ਦੀਵਿਆਂ ਦੀ ਲਾਟ ਨੂੰ।

ਖੁਰੇ ਹੋਏ ਬਾਵੇ

ਹੱਡਾਂ ਦੇ ਟੋਕਰੇ, ਸਾਹਾਂ ਨੇ ਚੁੱਕੇ ਮਿੱਟੀ ਤੋਂ ਮਿੱਟੀ ਦਾ, ਪੈਂਡਾ ਨਾ ਮੁੱਕੇ ਧੁੱਪਾਂ ਦੇ ਮੁਖੜੇ, ਜੋ ਕਿਰਨਾ ਦੇ ਪੋਟੇ ਖ਼ਿਆਲਾਂ ਦੇ ਪਿੰਡੇ ਨੇ, ਵੰਗਾ ਦੇ ਟੋਟੇ ਬੱਦਲਾਂ ਦੀ ਹਿੱਕ ‘ਤੇ, ਕਣੀਆਂ ਦਾ ਲਿਟਣਾ ਪਤਝੜ ਦੇ ਹੋਠਾਂ ਨੂੰ, ਪੌਣਾ ਦਾ ਚੁੰਮਣਾ ਰੁੱਤਾਂ ਨੇ ਰੰਗੇ ਨੇ, ਸੱਧਰਾਂ ਦੇ ਘੱਗਰੇ ਥਲ਼ਾਂ ‘ਚ ਖਿਲਰੇ ਨੇ, ਸਿਦਕਾਂ ਦੇ ਗਜਰੇ ਤਾਰਿਆਂ ਦੇ ਘੁੰਗਰੂ ਨੇ, ਖਿੱਤੀਆਂ ਦੇ ਗੇੜੇ ਤਾਜ਼ਾਂ ਦੇ ਗੁੰਬਦ ਨੇ, ਅੰਮੜੀ ਦੇ ਪੇੜੇ ਦੁਪੱਟਿਆਂ ਦਾ ਹੁਸਨ, ਰੋਹੀਆਂ ਛਟਨਾ ਕਜਲੇ ਦੀ ਚੂੰਡੀ ਨੇ, ਘਟਾ ਵਿੱਚ ਵਟਨਾ ਰੀਝਾਂ ਨਾਲ਼ ਕੱਢੇ ਜੋ, ਚਾਵਾਂ ਨਾ' ਪਰੋਏ ਭੌਰ ਵੇਲ਼ੇ ਉੱਠ ਪੈਣੇ, ਸੋਤਿਆਂ ਦੇ ਸੋਏ ਮਿੱਟੀ ਨਾ ਜੇ ਮਿੱਟੀਆਂ ਦਾ ਦਰਦ ਵੰਡਾਵੇ ਆਪਣੇ ਹੀ ਹੰਝੂਆਂ ਨਾ' ਖੁਰ ਜਾਂਦੇ ਬਾਵੇ।

ਸਾਂਝੇ ਵਿਹੜੇ

ਟੁੱਟੀ ਮਟਕੀ ਸੂਹੇ ਰੰਗਾਂ ਦੀ, ਵਟ ਗਿਆ ਰੰਗ ਬਨੇਰੇ ਦਾ। ਛੱਡ ਰਾਤਾਂ ਦੀਆਂ ਰੁਬਾਈਆਂ ਨੂੰ ,ਸਫ਼ਾ ਪੜ੍ਹੀਏ ਸੁਰਖ਼ ਸਵੇਰੇ ਦਾ। ਹੋਇਆ ਕੀ ਜੇ ਕਾਲ਼ੇ ਕੁੱਕੜਾਂ ਨੇ ? ਅਰਸ਼ਾਂ ਦੇ ਮੋਤੀ ਚੁਗ ਲਏ। ਸੋਗ ਛੱਡ ਕੇ ਛੁਪੇ-ਛੁਪਾਤਿਆਂ ਦਾ,ਮੁੱਖ ਚੁੰਮ ਸਰਘੀ ਦੇ ਚਿਹਰੇ ਦਾ। ਬੁੱਢੇ ਚੰਨ ਦੇ ਮੁੱਖੜੇ 'ਚੋਂ ਕਦ ਤੱਕ ਤੂੰ ਮੁੱਖੜੇ ਲੱਭੇਂਗਾ, ਆ ਗੀਤ ਗਾਈਏ ਹੁਣ ਦੀਵੇ ਦਾ, ਕਿਸੇ ਜੁਗਨੂੰ ਦੇ ਪਰ ਫੁਟੇਰੇ ਦਾ। ਇਕ ਤਵੇ 'ਤੇ ਪੱਕਦੀ ਰੋਟੀ ਦੀ, ਜੇ ਚਹੁ ਜੀਆਂ ਵਿੱਚ ਸਾਂਝ ਨਹੀਂ, ਕੀ ਕਰਨਾ ਸਾਂਝੇ ਚੁੱਲ੍ਹਿਆਂ ਦਾ ? ਕੀ ਕਰਨਾ ਸਾਂਝੇ ਵਿਹੜੇ ਦਾ?

ਬੇਟ ਦੇ ਵਾਸੀ

ਗਾਚੀ ਦੇ ਗੁੰਬਦ, ਬੇਟ ਦੇ ਵਾਸੀ ਮੂਸਲੀ-ਢਿੱਡ, ਦੈੜਾਂ ਦੀ ਚਰਬੀ ਢਾਬ ਦੀ ਅੱਖ, ਰੋਹੀ ਦੇ ਸੁਰਮੇ ਵਾਹਣਾਂ ਦੀ ਕੰਡ, ਬੂਈਂ ਦੇ ਬੋਦੇ ਕਮਾਦੀ-ਢਾਣੀ, ਸੰਦਲੀ-ਠੇਕੇ। ਭਾਦੋਂ ਦਾ ਗੁੱਸਾ, ਸਾਵਣੀ-ਝੱਲ ਸੰਧੂਰੀ-ਜਜ਼ਬੇ, ਅਟਕ ਦੀ ਛੱਲ ਮਿੱਟੀ-ਵਿਲਾਸ, ਪੌਣਾਂ ਦਾ ਸੂਣਾ ਵੈਰੀ ਦਾ ਵਾਰ, ਚੁਰਾਹੇ-ਟੂਣਾ ਵੇਲਾਂ ਦੇ ਵਲ਼, ਭੜ੍ਹੀਂ ਦੇ ਮੇਚੇ। ਸ਼ਿਆਮ ਦੇ ਪੈਰ, ਮਿਰਗੀ-ਡੇਲੇ ਅਰਸ਼ੀ ਥਲਾਂ ‘ਤੇ, ਕਿਰਨੀ-ਛਾਲੇ ਚੰਨ-ਚਰਾਹਾ, ਰਿਸ਼ਮਾਂ ਨੂੰ ਚਾਰੇ ਤਰਿਔਤੀ ਬੇਲਾ, ਡਲ਼ਕਾਂ ਮਾਰੇ ਡੇਰੇ ਦੇ ਟੱਲ, ਲਿਸ਼ਕਦੇ-ਕੈਂਠੇ। ਜੁਆਲ਼ਾ ਦੇ ਗਿੱਟੇ, ਸਲੇਟੀ-ਵੇਲਾਂ ਤੋਪਾਂ ਦੇ ਗਲ਼, ਮੋਤੜੀ-ਮਾਲ਼ਾ ਫ਼ਰਜ਼ੀ ਠੂਠੇ, ਗ਼ਰਜ਼ ਤੋ ਊਣੇ ਕਪਾਹਾਂ ਦੇ ਆਸ਼ਕ, ਬਲੌਰੀ-ਤਾਰੇ ਰਬਾਬੀ-ਟੁਣਕਾਂ, ਅਣੀਂ ਦੇ ਮੱਥੇ।

ਬੰਬਲੇ ਫ਼ਕੀਰ

ਮੈ ਫ਼ਾਰਖ਼ਤੀਆਂ ਹੀ,ਜਦ ਲਿਖ ਦਿੱਤੀਆਂ ਓਹ ਤਾਂ ਵੀ ਨਾ,ਨਾਤੇ ਤੋੜਦੀ ਹੈ ਫਾਲਨਾਮਿਆ ‘ਤੇ ਰਮਲ,ਸੁੱਟਦੀ ਹੈ ਕਦੇ ਫੁੱਲ ਬਿਲਾਨੀ,ਮਰੋੜਦੀ ਹੈ। ਜਦੋਂ ਇਸ਼ਕ ਅਵੱਲੜੇ ਨੇ,ਮੱਤ ਮਾਰੀ ਲੱਖ ਘੋੜ-ਸੁੰਮੀਆਂ ਭਾਵੇਂ ਚੱਬ ਲਈਂ ਬਿੱਛੂ-ਬੂਟੀ ਦੀ ਪੀੜ ਨਾ ‘ਰਾਮ ਆਓਣੀ ਭਾਂਵੇਂ ਬੰਬਲੇ ਫ਼ਕੀਰ,ਲੱਖ ਲੱਭ ਲਈਂ। ਸੂਹੀ ਟੋਪੀ ‘ਤੇ ਲਟਕਦੀ,ਫੁੰਮਣੀ ਨੂੰ ਦਸਤਾਰ ਦੀ ਕਲਗੀਂ ਨਾ ਰਾਸ ਆਈ ਓਹ ਮੰਜ਼ੂਰ-ਦੋਜ਼ਕ ਦਿਖਾਓਂਦੇ ਰਹੇ ਫਿਰਦੌਸ਼ੀ ਬਾਗ਼ ਦੀ ਸਾਨੂੰ ਵਾਸ਼ ਆਈ। ਘੋੜੀ-ਦੁੱਧ ਸਾੜ ਕੇ,ਸ਼ਰਾਬ ਪੀਤੀ ਦਾ ਜੋਗ-ਨਿੰਦਰਾ ਜਿਹਾ ਨਸ਼ਾ,ਲੱਗੀ ਝੋਕ ਦਾ ਕਾਮ ਕਮਲ਼ੇ ਨੇ,ਵੱਸ ਨਹੀਂ ਹੋਣਾ ਲੱਖ ਪੜ੍ਹ ਲਈਂ ਗ੍ਰੰਥ,ਭਾਵੇਂ ਕਵੀ ਕੋਕ ਦਾ।

ਪੀਰਾਂ ਦਾ ਪੱਬ

ਹਵਾਵਾਂ ਦੀ ਬਗਲ਼ੀ 'ਚ,ਸਾਹਵਾਂ ਦੇ ਦਾਣੇ ਇਹ ਧੜਕਦੇ ਸੀਨੇ, ਕਿਧਰੇ ਨਾ ਜਾਣੇ। ਮਿੱਟੀ ਦਾ ਕੀ ਐ,ਚੁੱਕ ਲਈਂ ਵੇ ਡਗਰੋਂ ? ਅੱਵਲ ਤੋਂ ਪਹਿਲਾਂ ਤੇ ਪਰਲੋ ਤੋਂ ਮਗਰੋਂ ਪਰ ਸਾਬਤ ਰਹਿਣਗੇ, ਰੂਹਾਂ ਦੇ ਬਾਣੇ। ਹਵਾਵਾਂ ਦੀ ਬਗਲ਼ੀ 'ਚ,ਸਾਹਵਾਂ ਦੇ ਦਾਣੇ। ਇਹ ਇਸ਼ਕ ਅਵੱਲੜਾ,ਅਣੂਆਂ ਦੀ ਅੱਖ ਹੈ ਫੁੱਲਾਂ ਤੇ ਬੈਠੇ,ਪਰਾਗਾਂ ਦਾ ਸੱਥ ਹੈ ਅੰਬਰਾ ਤੋਂ ਵੱਡੇ ਨੇ,ਇਹਦੇ ਤਾਂ ਗਾਣੇ। ਹਵਾਵਾਂ ਦੀ ਬਗਲ਼ੀ 'ਚ,ਸਾਹਵਾਂ ਦੇ ਦਾਣੇ। ਜੋ ਕਲਗੀ ਦੀ ਛੱਬ ਹੈ,ਜਾ ਪੀਰਾਂ ਦਾ ਪੱਬ ਹੈ ਸਾਡਾ ਤਾਂ ਬੀਬਾ ਉਹ,ਨਿੱਕਾ 'ਜਾ ਰੱਬ ਹੈ ਸਮਿਆਂ ਦੇ ਥਲ 'ਚੋਂ ,ਜੋ ਪੈੜਾਂ ਪਛਾਣੇ। ਹਵਾਵਾਂ ਦੀ ਬਗਲ਼ੀ 'ਚ,ਸਾਹਵਾਂ ਦੇ ਦਾਣੇ। ਸੱਚ ਮਘਦਾ ਹੈ ਕੋਲਾ,ਚੱਬਣਾ ਵੇ ਔਖਾ ਅੰਬਰ ਨੂੰ ਠੂਠੀ 'ਚ,ਦੱਬਣਾ ਵੇ ਔਖਾ ਪਰ ਦਬਦੇ ਮੈਂ ਵੇਖੇ,ਫ਼ੱਕਰਾਂ ਦੇ ਲਾਣੇ ।

ਮਹਿਕਾਂ ਦੀ ਡੋਲ਼ੀ

ਰੱਤੇ ਪੌਣਾਂ ਦਿਆਂ ਡੋਲ਼ਿਆਂ ‘ਚ, ਮਹਿਕਾਂ ਸਹੁਰੇ ਜਾਈਂ ਜਾਣ ਘੁੰਡਾਂ ਸੂਹਿਆਂ ‘ਚੋਂ ਝਾਈ ਜਾਣ, ਸੁੱਚੇ ਹੰਝੜੂ ਛੁਪਾਓਣ ਨੂੰ, ਬਾਪੂ ਅੰਬਰ ਵੀ ਰੋਏ, ਕੋਸੇ ਹੰਝੂਆਂ ਦੇ ਸੋਏ, ਵਣ-ਦਾੜ੍ਹੀ ‘ਚ ਲਕੋਏ ਭਿੱਜੀ ਧਰਤੀ ਦੀ ਚੁੰਨੀ, ਮਾਂ ਜਲੋ-ਜਲ ਰੁੰਨੀ, ਰੀਤ ਡੁੱਬੜੀ ਨਿਭਾਓਣ ਨੂੰ। ਕਰੀਰੀਂ ਫਸੀਆਂ ਨੇ ਲੌਣਾਂ, ‘ਤਾਂਹ ਚੁੱਕ ਲਈਆਂ ਧੌਣਾਂ ਪਾਓਣ ਪੱਤਰ-ਵਲ਼ੇਟੇ, ਘੜੀ ਅੱਜ ਦੀ ਲੰਘਾਓਣ ਨੂੰ, ਧੁੱਪਾਂ ਦੇ ਦੁਪੱਟੇ ਲੈ ਕੇ, ਰੁੱਤਾਂ ਵਰੋਸਾਏ ਗੀਤ, ਕਾਸ਼ਨੀ ਜਿਹੇ ਆਏ ਗੀਤ, ਸਲਾਮ-ਬੋਸੇ ਦੇਣ ਨੂੰ। ਨਦੀ ਦਿਆਂ ਤੱਟਾਂ ਉੱਤੇ ਚਾਨਣੀਆਂ ਨਹਾਈਂ ਜਾਣ, ਵਾਸ਼-ਵਟਣੇ ਘਸਾਈਂ ਜਾਣ, ਛਈ ਮੰਗਣੀ ਕਰਾਓਣ ਨੂੰ, ਸਾਵੇ-ਸਰੂਆਂ ਦਾ ਲਾ ਕੇ ਸੰਨ੍ਹ, ਘੱਗਰੇ ਚੁਰਾਵੇ ਚੰਨ, ਤਾਰੇ ਮਛਲੋਰ, ਸਾਰੇ ਬਣੇ ਹਮਚੋਰ, ਹੁੱਜ ਹੱਲਾ-ਸ਼ੇਰੀ ਦੇਣ ਨੂੰ। ਸ਼ਰੀਂਹ, ਸਣ ਤੇ ਸਰੇਟ, ਦੇਣ ਝਾਂਜਰਾਂ ਦੇ ਮੇਚ, ਕੂਕੀ ਟਿੱਬਿਆਂ ਦੀ ਰੇਤ, ਮਲਈ ਛੰਦ ਗਾਓਣ ਨੂੰ ਦੱਭ ਦੀਆਂ ਫੰਭੀਆਂ ਨੂੰ, ਜੋਬਨਾਂ ਦਾ ਚੰਭ ਚੜੇ, ਹੋਈਆਂ ਨੇ ਉਤਾਰੂ, ਗਲ਼ੇ ਬੱਦਲਾਂ ਨੂੰ ਲਾਓਣ ਨੂੰ।

ਮਹਿੰਦੀ ਵੇਦਨਾ

ਕੱਚੀ ਕੰਧ ਉੱਤੇ ਬਹਿਣ, ਸੁਰਮਈ ਘੁੱਗੀਆਂ ਲੱਗੇ ਉਜ਼ਰਾਂ ਦੇ ਕੋਲ਼ੋਂ, ਫ਼ਜ਼ਰਾਂ ਨੇ ਪੁੱਗੀਆਂ ਐਨਾ ਸਬਰ ਬਨੇਰਿਆਂ ਨਾ' ਮੋਹ ਪਾ ਲਿਆ ਗਈਆਂ ਦਾਣਿਆਂ ਭੁਲੇਖੇ ਕੱਚ ਰੋੜਾਂ ਚੁਗੀਆਂ ਚਿੱਟੇ ਅੰਬਰਾਂ ਨੂੰ ਕੱਜ, ਨੀਲੇ ਖੰਭ ਉੱਡਦੇ ਰਲ਼ ਤਿਤਲੀ ਦੇ ਪਰਾਂ ਨਾਲ਼, ਰੰਗ ਉੱਡਦੇ ਕਦੇ ਹੁਸਨਾਂ ਦੀ ਨਾਖ਼ੀ ਨਹੀਓਂ ਵਾੜੀ ਸੁੱਕਦੀ ਕੌਣ ਭੌਰਿਆਂ ਨੂੰ ਦੱਸੇ, ਨਹੀ ਵਾਸ਼ ਮੁੱਕਦੀ? ਆਪੇ ਵਰ੍ਹ ਪੈਣਾਂ ਮੀਂਹ ਮਿਲੇ ਸਾਗਰ ਨਦੀਂ ਸ਼ਿਵ-ਬੱਦਲਾਂ ਵਜਾਈਆਂ ਜਦੋਂ ਡੁਗ-ਡੁਗੀਆਂ। ਸ਼ੀਰ ਸੱਪ ਨੂੰ ਪਿਆਇਆ ਹੋਰ ਜ਼ਹਿਰੀ ਕਰ’ਤਾ ਆਇਆ ਹੰਸ ਹਿੱਸੇ, ਓਸਨੇ ਨਿਤਾਰ ਧਰ'ਤਾ ਲੰਘੇ ਸਮਾਂ ਚੌਂਕੀਦਾਰ ਹੋਕਾ ਉੱਚਾ ਕਰਕੇ ਘੂਕ ਕੰਦਰਾਂ ‘ਚ ਸੁੱਤੇ, ਮੱਥੇ ਕੂਹਣੀ ਧਰ ਕੇ ਰੌਣ ਲੈ ਗਿਆ ਮੁੱਕਟ ਸਾਡਾ ਸਾਥੋਂ ਹਰ ਕੇ ਅੱਖਾਂ ਚੇਤਨਾਂ ਦੀ ਰਾਣੀ ਦੀਆਂ ਪਈਆਂ ਸੁੱਜੀਆਂ। ਗੀਤ ਬੈਠੇ ਭੰਗ ਦਿਆਂ, ਬੂਟਿਆਂ ਨੂੰ ਵਲ਼ ਕੇ ਮਹਿੰਦੀ-ਵੇਦਨਾ ਨੂੰ ਲਾ'ਵੇ ਕਿਹੜਾ ਤਲ਼ੀ ਮਲ਼ ਕੇ? ਚੱਲੀਆਂ ਨੇ ਸੁਰਾਂ, ਪਰੀਆਂ ਦੇ ਪਿੰਡ ਨੂੰ ਕਵੀ ਦਿੰਦੇ ਨੇ ਮਰੋੜੇ, ਸ਼ਬਦਾਂ ਦੀ ਜਿੰਦ ਨੂੰ ਓਹਦੇ ਕੋਲ਼ ਯੱਕੇ ਚਾਰ, ਬੁਰੀ ਦਿਸਦੀ ਏ ਹਾਰ ਅਸਾਂ ਬੇਗੀ ਲੈਣੀ ਮਾਰ, ਪਿੱਛੋਂ ਸੁੱਟ ਦੁੱਗੀਆਂ।

ਭੇਡ ਪੋਥੀ

ਭਾਵੇਂ ਪਿਉਂਦੀਏ ਪੋਰੀਆਂ-ਪੋਰੀਆਂ ਨੂੰ ਵਿਗੜੇ ਪੋਤੜਿਆਂ ਦੇ ਨਾ ਸੁਜਾਨ ਹੁੰਦੇ। ਜਿਨ੍ਹਾਂ ਨੂੰ ਵਾਦੀ ਹੈ ਪੋਰਿਆਂ-ਪੋਰਿਆਂ ਦੀ ਓਹ ਮਰਦ ਨਾ ਕਦੇ ਬੇਈਮਾਨ ਹੁੰਦੇ। ਕਲਮ ਪੋਥੀ ਦੀ ਲੈ ਕੇ ਲਿਖੀਏ ਪੋਥੀ ਭੇਡ ਪੋਥੀ ਦੇ ਹੀ ਸਾਥੋਂ ਵਖਿਆਨ ਹੁੰਦੇ। ਜਿਹੜੇ ਬਸ਼ਰ ਨਾਲ਼ ਵਕਤ ਬਸਾਰ ਕੀਤਾ ਕਲਮ ਦੀ ਬਸਰ ਨਾਲ਼ ਓਹ ਬਸਰਮਾਨ ਹੁੰਦੇ। ਬਸਰ ਹੁੰਦੀ ਹੈ ਜਿੰਦਗੀ ਬਸ਼ਰ ਹੋ ਕੇ ਖੱਟੀ ਬਸਰੇ ਦੀ ‘ਤੇ ਨਹੀਂ ਬਸਵਾਨ ਹੁੰਦੇ।

ਗੁਲਾਬੀ-ਸੰਖ

ਵੇਲ਼ਾ ਮਜੋਹਾਜਰਾ, ਥੋੜ੍ਹਾ-ਥੋੜ੍ਹਾ ਸਾਜਰਾ ਤਲ਼ੀਆਂ 'ਤੇ ਲਾਇਆ ਗੁੰਨ੍ਹ ਮਹਿੰਦੀ ‘ਚ ਮਹਾਂਵਰਾ। ਮਸ਼ਰ-ਮਨੁੱਖ ਕੋਈ, ਸੁੱਕ ਗਿਆ ਰੁੱਖ ਕੋਈ ਸਿੱਟਿਆਂ ਦੀ ਕੁੱਖ ਵਿੱਚੋਂ, ਮੁੱਕ ਗਿਆ ਬਾਜਰਾ। ਉਂਘਲ ਜਿਹੀ ਅੱਖ ‘ਚ, ਪਿਆਜ਼ੀ ਜਿਹੀ ਨੀਮ ਸੀ ਹੁਸਨਾਂ ਦੇ ਜਭੇ ‘ਚ, ਕੀ ਸੂਰਜਾਂ ਦੀ ਕੀਮ ਸੀ ਮਾਣਮੱਤੀ, ਅੱਚਖ਼ੋਰੀ ਰਹਿੰਦੀ ਠੱਮਖ਼ੌਲ ਕਰਦੀ ਅੰਤੜੀ ਦੀ ਤਾਰ ਦਾ, ਦਰਦ ਹਾਲੇ ਤਾਜ਼ਰਾ। ਜ਼ਹਿਰੀ-ਰੱਤੀਆਂ ਦਾ ਹਾਰ, ਗਲ਼ ‘ਚ ਸਜਾ ਲਿਆ ਗੁਲਾਬੀ-ਸੰਖ ਨੂੰ ਵਲ਼ੇਟਾ, ਸੱਤ ਸੁਰਵਾਂ ਨੇ ਪਾ ਲਿਆ। ਕੁਫ਼ਤਾਂ ਦੇ ਵੇਲ਼ੇ ਮੁੱਲਾਂ, ਭੁੱਲ ਗਿਆ ਨਿਮਾਜ਼ ਨੂੰ ਪਿਆ-ਰੱਖੀਆਂ ਨੂੰ ਲੁੱਟ ਗਿਆ, ਸੁਰਮਾ ਕਜ਼ਾਕਰਾ। ਮੋਰੂ, ਮਿਰਚਾਂ ਦੇ ਪੱਤ ਸੁੱਟੋ, ਅਗਨੀ ਦੀ ਜੀਭ ‘ਤੇ ਅੱਤ-ਅੱਖੀਆਂ ਨੇ ਭੋਰ ਲਿਆ, ਮੁੰਡਾ ਮੁਸ਼ਕਾਜਰਾ। ਜਦੋਂ ਉੱਚੀ ਭਰਲਾਂਵ ਵਿੱਚ, ਪੀੜਾਂ ਨੂੰ ਉਚਾਰਦੀ ਓਹਦੀ ਝੀਕੀ ਕੁਰਲਾਂਵ, ਛੇੜੇ ਗੀਤ-ਗ਼ਜ਼ਲਾਜ਼ਰਾ।

ਸਰਬੱਤ ਦੀ ਛੱਤ

ਸਣ-ਖੰਡਾਂ ਦੀ ਪੰਜ਼ੇਬ, ਜਿੱਥੇ, ਸੂਹੇ ਫੁੱਲਾਂ ਦੀ ਰਕਾਬ ਹੋਵੇ ਜਿਹਦੀ ਮਹਿੰਦੀ ਰੰਗੀ ਵਾਸ਼,ਓਸ ਮਿੱਟੀ ਦਾ ਪੰਜਾਬ ਹੋਵੇ। ਚਾਅ-ਚੁਵੱਤਿਆਂ ਦਾ ਰਾਜ ਹੋਵੇ,ਸੰਖ, ਟੱਲ ਤੇ ਰਬਾਬ ਹੋਵੇ ਖੜ-ਖੰਡੇ ਗਲ਼ ਮਾਲ਼ਾ ਹੋਵੇ, ਟਿੰਡ-ਤਕੀਏ ‘ਤੇ ਤਾਜ਼ ਹੋਵੇ ਚੌਰ, ਜਾਪ, ਕੰਧ, ਗੜ੍ਹੀ, ਢੱਡ, ਕਲਗੀਂ ਤੇ ਬਾਜ਼ ਹੋਵੇ ਜਿਹਦੀ ਮਹਿੰਦੀ ਰੰਗੀ ਵਾਸ਼ ਓਸ ਮਿੱਟੀ ਦਾ ਪੰਜਾਬ ਹੋਵੇ। ਜਿੱਥੇ ਸਾਹਾਂ-ਲੱਸ਼ੇ ਤੀਰ ਤੇ ਮੁਕੱਦਰਾਂ ਦੇ ਫਾਲ਼ੇ ਤੋੜ ਦੇਣ ਫ਼ਜ਼ਲਾਹੀ, ਕੋਟਾਂ, ਕਿਲਿਆਂ ਦੇ ਤਾਲ਼ੇ ਸੋਹਲ-ਕਲਮਾਂ ਦੀ ਚੁੰਝ ਉੱਤੇ,ਰਣ-ਖੰਡਿਆਂ ਨੂੰ ਨਾਜ਼ ਹੋਵੇ ਜਿਹਦੀ ਮਹਿੰਦੀ ਰੰਗੀ ਵਾਸ਼,ਓਸ ਮਿੱਟੀ ਦਾ ਪੰਜਾਬ ਹੋਵੇ। ਜਿੱਥੇ ਸਰਬੱਤ ਦੀ ਛੱਤ ਥੱਲੇ,ਇਤਬਾਰ, ਇਕਰਾਰ, ਮੋਹ ਹੋਵੇ ਕੌਮਾਂ, ਮਜ਼ਹਬਾਂ ‘ਚ ਜਿੱਥੇ, ਚੰਨ-ਚਾਨਣੀ ਜਿਹਾ ਤਿਓ ਹੋਵੇ ਰੀਠੇ, ਅੱਕਾਂ, ਰਣ-ਰੱਕੜਾਂ ਦਾ, ਖਿੱਲਾਂ ਵਰਗਾ ਸਵਾਦ ਹੋਵੇ ਜਿਹਦੀ ਮਹਿੰਦੀ ਰੰਗੀ ਵਾਸ਼, ਓਸ ਮਿੱਟੀ ਦਾ ਪੰਜਾਬ ਹੋਵੇ।

ਮਿਰਜ਼ਈ ਜੰਡ

ਤੇਰਾ ਬੋਲਣਾ ਬੇਲੀਆ ਲਗਦਾ ਈ ਓਏ, ਕਿਸੇ ਛੀਂਬੇ-ਸਪੋਲੀਏ ਦੇ ਡੰਗ ਵਰਗਾ। ਅਲਸੀ, ਅਮਲਤਾਸ਼ ਦਿਆ ਬੂਟਿਆ ਵੇ,ਕਾਹਤੋਂ ਹੋ ਗਿਐਂ, ਕੜਬ ਦੀ ਕੰਡ ਵਰਗਾ। ਤਾਮੜ-ਧੁੱਪਾਂ ਜਿਉਂ ਪਿੰਡਾ ਮਚਾੜਦਾ ਏਂ, ਕਦੇ ਹੈਸੀਂ ਵੇ ਫੱਗਣ ਦੀ ਠੰਡ ਵਰਗਾ! ਮੌਜ ਬੇਲੇ ਦੀ ਸੈਂ, ਮੱਖਣ ਦਿਆ ਛੰਨਿਆ ਵੇ, ਹੁਣ ਜਾਪਦੈਂ ਮਿਰਜ਼ਈ ਜੰਡ ਵਰਗਾ। ਨਾਜ਼ਖ਼ੋਰਿਆ, ਮਕਰਬਾਜਾ,ਛਨੋਟਿਆ ਓਏ,ਕੁਆਰੀ-ਕਜ਼ਾਕਰਾਣੀ ਦੀ ਪੰਡ ਵਰਗਾ! ਨਾਲ਼ੇ ਤੋੜਦਾ ਏਂ ਤੇ ਨਾਲ਼ੇ ਬੋੜਦਾ ਏਂ, ਹਸ਼ਰ ਕੀਤਾ ਈ ਨਦੀ ਦੇ ਮੰਡ ਵਰਗਾ। ਤੂੰ ਲੋੜ ਲਈਂ ਪੀਰ ਜਾਂ ਮੁਰਸ਼ਦ ਕੋਈ, ਬਾਲ ਨਾਥ ਜਾਂ ਗੋਰਖ ਮਲੰਗ ਵਰਗਾ। ਸਾਨੂੰ ਲੱਗਸੀ ਸਵਾਦ ਹੀਰੇ ਦੀ ਰਾਖ ਦਾ ਵੇ, ਮਾਹੀ ਮਿਸਰ ਮੁਲ਼ਕ ਦੀ ਖੰਡ ਵਰਗਾ! ਬੰਨ੍ਹ ਗੱਠੜੀ, ਮੋਢੇ ‘ਤੇ ਸੁੱਟ ਖੇਸੀ, ਜਿਗਰਾ ਕੀਤਾ ਈ ਈਦ ਦੇ ਚੰਦ ਵਰਗਾ। ਉੱਠ ਤੁਰਿਆ ਕੋਈ ਅਬੇਰ ਵੇਲ਼ੇ, ਗਾਵੇ ਕੋਰੜਾ ਵਾਰਿਸ ਦੇ ਛੰਦ ਵਰਗਾ।

ਹਿਮਾਲਿਆਂ ਦੀ ਝੱਜਰੀ

ਮੁੱਢੋਂ ਧਰਤੀ ਦਾ ਤਾਜ਼ ਰਹੇ,ਅੰਬਰਾਂ ਦੇ ਤਾਰੇ ਨਾਭੀ ਚੁੰਨੀਆਂ ਦੀ ਹਿੱਕ ‘ਤੇ,ਤਲਿਸਮੀ-ਸਿਤਾਰੇ ਮਹਿੰਦੀ-ਰੁੱਤੇ, ਫ਼ਬੀ ਹੋਣੀ,ਉਫ਼ਕ ਦੀ ਸ਼ਾਹ-ਪੱਟੀ ਕੋਰਾਂ,ਬਾਡਰਾਂ ਦੀ ਆਨ-ਸ਼ਾਨ,ਗੋਟੜੇ ਪਿਆਰੇ। ਪਾਲੀ-ਰਾਤੇ ਅੰਬਰਾਂ ‘ਤੇ, ਚੰਨ ਬਾਬਾ ਠਰੀਂ ਜਾਵੇ ਬਣ ਬੱਦਲਾਂ ਦਾ ਲੇਫ ਚੱਲੇ, ਹਵਾ, ਪਾਣੀ, ਕਣ ਸਾਰੇ ਹਿਮਾਲਿਆਂ ਦੀ ਝੱਜਰੀ ‘ਚੋਂ, ਮਿੱਠਾ-ਦਾਰੂ ਰਸੀਂ ਜਾਵੇ ਚੁਗ ਕੱਲਰਾਂ ਦਾ ਕੋੜ, ਉੱਗੇ ਗੁੱਟੇ-ਗੁਲਨਾਰੇ। ਥਲ਼ਾਂ ਰੰਗੇ ਸਾਲੂਆਂ ‘ਤੇ,ਸੱਸੀਆਂ ਦੀ ਪੀੜ ਪਾਓਣੀ ਕੁੱਠ, ਕੇਸਰ, ਕਪੂਰ,ਛਾਲੇ, ਧੁੱਪ ਦੇ ਫ਼ੁਹਾਰੇ ਖੇਸ, ਦਰੀਆਂ, ਗਲੀਚੇ, ਪ੍ਰੇਮ ਨੇਮ ਨਾਲ ਸੀਂਚੇ ਸੀਲ, ਸੰਜਮ, ‘ਖ਼ਲਾਕ,ਸਭ ਦਾਜ ਦੇ ਭੰਡਾਰੇ।

ਨਗਾਰੇ

ਫੂਕ ਟੋਟਰੂ ਦੀ ਨਾਲ਼, ਬੂਰ ਝੜਦੇ ਨਈਂ ਹੁੰਦੇ ਭੂੰਡ-ਭਬਕੀ ਦੇ ਕੋਲ਼ੋਂ, ਫੁੱਲ ਡਰਦੇ ਨਈਂ ਹੁੰਦੇ ਕਾਂ, ਘੋਗੜ, ਬਨੇਰਿਆਂ ਨੂੰ, ਢਾਓਦੇਂ ਨਈਂ ਹੁੰਦੇ ਨਗਾਰੇ ਗਿੱਦੜਾਂ ਦੀ ਖੱਲ ਦੇ, ਬਣਾਉਂਦੇ ਨਈਂ ਹੁੰਦੇ। ਜੋ ਕੁੜੀਆਂ ਨੂੰ ਬਾਘਣਾਂ, ਬਲਾਵਾਂ ਆਖਦੇ ਉਹ ਅੰਦਰੋਂ ਹੁੰਦੇ ਨੇ ਜਮਾਂ, ਢੇਰ ਰਾਖ ਦੇ ਨਿੰਦ ਦੂਜਿਆ ਨੂੰ ਜਿਹੜੇ ਨੇ ਫ਼ਕੀਰ ਬਣਦੇ ਉਹ ਕਲਮਾਂ ਦੇ ਮੇਚ ਕਦੇ, ਆਉਂਦੇ ਨਈਂ ਹੁੰਦੇ। ਬਿਨਾਂ ਨਾਰੀ ਦੇ ਪਿਆਰ ਤੋਂ, ਫ਼ਕੀਰੀ ਕਿਸ ਕੰਮ ਦੀ ਰੱਬ ਕਿਸ ਕੰਮ, ਰੱਬਗੀਰੀ ਕਿਸ ਕੰਮ ਦੀ? ਬੈਠੀ ਮਾਂ ਨੂੰ ਨਿਹਾਰ, ਦਿਓ ਧੀ ਨੂੰ ਸਤਿਕਾਰ ਸੁੱਚੇ ਰਿਸ਼ਤੇ ਖੁਦਾ ਤੋਂ, ਭਟਕਾਉਂਦੇ ਨਈਂ ਹੁੰਦੇ। ਵਾਕ-ਨਾਨਕੀ ਤੇ ਗੋਰਖੀ-ਖ਼ਿਆਲ ਨਈਂ ਮਿਲਦੇ ਦਵਾ-ਦਾਰੂ ਬਣਦੇ ਨਾ, ਪੱਤੇ ਬਿਲ ਦੇ ਚੰਨ, ਸੂਰਜ ਤਾਂ ਛੱਪੜਾਂ ‘ਚ ਨਹਾਉਂਦੇ ਨਈਂ ਹੁੰਦੇ ਤਾਰੇ ਦੀਵਿਆਂ ਦੇ ਉੱਤੇ, ਮੰਡਰਾਉਂਦੇ ਨਈਂ ਹੁੰਦੇ।

ਪਾਸ਼

ਡਾਲ਼ ਪਾਸ਼ ਦੀ ਜਿਨ੍ਹਾਂ ਪਾਸ਼-ਪਾਸ਼ ਕੀਤੀ, ਮਨਸੂਬੇ ਉਨ੍ਹਾਂ ਦੇ ਵੀ ਪਾਸ ਨਾ ਹੋਣਗੇ ਜੀ। ਦਾਲ਼-ਪਲੂਣੀ ਜਿਉਂ ਵਲਟੋਹੀ ‘ਚ ਰਿੱਝਦੀ ਹੈ, ਪੜਾਵੇ ਪਾਵਿਆਂ ਹੇਠ ਰੋਣਗੇ ਜੀ। ਮੁਸ਼ਕੀ-ਮਿਰਗਾਂ ਨੂੰ ਮਾਰਨਗੇ ਪਾਲ਼ਤੂ-ਪਲੰਗੇ,ਪਿਸ਼ੌਰ-ਝਿੰਗਾਂ ‘ਚੋਂ ਛਿੱਟੜੇ ਚੋਣਗੇ ਜੀ। ਪੈਲ਼ੀ-ਪਿੜ ਜਗਾਉਣ ਨੂੰ ਰੱਖੇ ਰੌਂਦ-ਰਖਵਾਲੇ, ਕਚਕੜਿਆਂ ਕੋਲ਼ ਬਹਿਣਗੇ ਜੀ। ਪਾਨਪਿੱਦੀਆਂ ਨੇ ਜੰਡਾਂ ਦੇ ਜਿੱਦਾਂ ਮੁੱਢ ਖਾਧੇ, ਕਾਲ਼ੇ-ਕਰਮੰਤੜੇ ਚੂੰਡ ਕੇ ਖਾਣਗੇ ਜੀ। ਜਲਜਮਣੀ ਨੇ ਰੱਤ ਜਦੋਂ ਜਮਾ ਦਿੱਤੀ, ਚੱਬੇ ਸੂਰਜ ਕੰਮ ਨਾ ਆਣਗੇ ਜੀ। ਮੂੰਹ-ਘਪਾੜੀਆਂ ‘ਚੋਂ ਪਾਪ ਦੀ ਲਾਰ ਡਿੱਗੂ, ਕੂੜੇ, ਕੂੜ ਦੀ ਗਾਥਾ ਦੁਹਰਾਣਗੇ ਜੀ। ਭੜਮੱਚੇ ਮੱਚਣੇ ਕਲੂ- ਲਹੂੰਡਿਆਂ ‘ਚ, ਪਾਪ-ਭਾਹ ਜਦੋਂ ਪੁੰਨ ਨਾਲ਼ ਟਕਰਾਣਗੇ ਜੀ। ਹੜਕ-ਭੜਕ ਹਸ਼ਰ ਤੀਕ ਸੁਣੀ ਜਾਣੀ,ਐਟੀਲੇ, ਹਲਾਕੂ, ਚੰਗੇਜ਼ ਕੁਰਲਾਣਗੇ ਜੀ। ਉਜ਼ਰ ਅੱਲਾ ਦਾ ਬਸਰ ਜੋ ਕਰਨਗੇ ਵੇ, ਓਦੋਂ ਅੰਨ੍ਹੇ ਮਖੀਰ ਨੂੰ ਜੱਫ਼ੀ ਪਾਣਗੇ ਜੀ। ਜਿੰਦ ਬਿਰਹਾ ‘ਚ ਪੀਲ਼ੀ-ਪਿੰਗ ਹੋਈ, ਅੰਗ ਪਿੰਡੇ ‘ਤੇ ਪਿਚਕਾਰੀ ਡੁਲ਼ਾਣਗੇ ਜੀ। ਨਕਾਰ ਵਸਦੇ ਪਿੰਡ ਫੇਰ ਉੱਜੜ ਜਾਣੇ, ਪੁੱਠੇ ਪੈਰਾਂ ਵਾਲ਼ੇ ਗੇੜੀ ਜਦੋਂ ਲਾਣਗੇ ਜੀ। ਲਿਖਣ ਬੈਠੇ ਸੀ ਅਕੱਥ ਦੀ ਕਥਾ,ਕੀ ਪਤਾ ਸੀ ਜਾਫ਼ਰ ਜਫ਼ਰਨਾਮਾ ਲਿਖਾਣਗੇ ਜੀ?

ਬਾਗ਼ੀ-ਬਸਰ

ਪਹਿਰ ਪਹਿਲੜੇ ਜਾਗਦੀ ਖਲ਼ਕ ਸਾਰੀ,ਪਹਿਰ ਦੂਜੜੇ ਰੋਗਰੱਤੇ ਕੁਰਲਾਂਵਦੇ ਨੇ ਅੱਧੀ ਲੰਘੀ ਤੋਂ ਚੋਰ ਤੇ ਯਾਰ ਜਾਗਣ, ਫ਼ਕੀਰ, ਹਾਲ਼ੀ, ਸੁਬ੍ਹਾ ਨੂੰ ਗਾਂਵਦੇ ਨੇ ਆਸ਼ਕ, ਭੌਰ, ਨਾਗ ਤੇ ਤਿੱਤਰ ਮੁਸ਼ਕੀ, ਕੱਖ ਹਿਲਦਿਆਂ ਹੀ ਉੱਠ ਜਾਂਵਦੇ ਨੇ ਪਾਣੀ, ਹਵਾ, ਜਿੰਦ ਤੇ ਦਿਲ-ਦਰਦੀ, ਲੱਖ ਤਦਬੀਰ ਦੇ ਮੁੜ ਨਾ ਆਂਵਦੇ ਨੇ ਮੁੱਛ ਮਛੋਰ ਦੀ, ਸੀਨਾ ਕੁਆਰ ਦਾ, ਮੁਹਾਰਾਂ ਤੋੜਨ ਦੇ ਮਤੇ ਪਕਾਂਵਦੇ ਨੇ ਆਖਣਾ ਕੂੜ ਉਹਨਾਂ ਦੀ ਦੋਸਤੀ ਨੂੰ, ਜਿਹੜੇ ਯਾਰ ਨੂੰ ਹੱਥੀਂ ਫੜਾਂਵਦੇ ਨੇ ਜਮਸ਼ੇਦ, ਸੁਕਰਾਤ ਤੇ ਪੁੰਨੂੰ ਦੇ ਬਾਟੇ, ਦੀਨ, ਦੁਨੀ, ਇਸ਼ਕ ਦੇ ਮਰਮ ਬਤਾਂਵਦੇ ਨੇ ਫੜੇ ਦਸਤੀਂ ਲੋਟੇ ਤੇ ਕਰਮ ਖੋਟੇ, ਲੋਟੇ ਟੁੱਟ ਜਾਣੇ, ਕਰਮ ਧੁਰ ਜਾਂਵਦੇ ਨੇ ਮਸੀਤ ਵਿੱਚ ਨਾ ਤੇਰੀ ਮਸ਼ੀਤ ਚਮਕੂ,ਆਮਿਓ-ਅਮਲ ਹੀ ਕਿਸਮਤ ਚਮਕਾਂਵਦੇ ਨੇ ਬਾਗ਼ੀ-ਬਸਰ ਜੋ ਅਦਾਲਤੀਂ ਹਾਰ ਜਾਂਦੇ, ਓਹ ਅੜਤਲ ਅੱਲਾ ਦੀ ਤਕਾਂਵਦੇ ਨੇ।

ਅੰਬਰਾਂ ਦੀ ਗਾਨੀ

ਸੂਹੇ ਸੋਹਲ ਪੋਟਿਆਂ ‘ਚੋਂ, ਨਾਭੀ ਰਾਗ ਛਿੜਦਾ ਆਠਰੀ ਪਹਾੜੀ ਵਿੱਚੋਂ, ਲਦੁੱਧੀ-ਨੀਰ ਗਿੜ੍ਹਦਾ ਕਿਤੇ ਨੇਜ਼ਿਆਂ ਦੀ ਅਣੀ, ਨਾਲ਼ ਸੀਨਾ ਭਿੜ੍ਹਦਾ ਮਹਿੰਦੀ-ਵੇਦਨਾ ਦੀ ਰੁੱਤੇ, ਸੁੱਚਾ ਪਿਆਰ ਖਿੜ੍ਹਦਾ। ਚੰਡੀ ਫ਼ਿਕਰਾਂ ਦੀ ਫ਼ਾਲ਼ੀ, ਚੀਰਦੀ ਸਰੀਰ ਨੂੰ ਗਮ, ਗੁੱਸੇ ਦੀ ਸਿਓਂਕ, ਲੱਗ ਗਈ ਸ਼ਤੀਰ ਨੂੰ ਫਲ਼ੇ ਵਾਸ਼ਨਾ ਦਾ ਰੁੱਖ, ਰੁੱਤਾਂ ਜੇ ਕੁਪੱਤੀਆਂ ਰਹੇ ਬਾਲ਼ਦਾ ਹਨ੍ਹੇਰੇ ‘ਚ, ਪਿਆਜ਼ੀ ਬੱਤੀਆਂ ਇਹਦਾ ਨਹੀਂ ਭਰੋਸਾ, ਭਾਵੇਂ ਮੁੱਕ ਜਾਵੇ ਬੋਸਾ ਨਹੀਂ ਕਰੀਂਦਾ ਵਸਾਹ, ਕਦੇ ਘਾਹ ਦੀ ਤਿੜ੍ਹ ਦਾ। ਸਾਵੇ ਪੱਤਿਆਂ ‘ਚੋਂ ਮੋਤੀ, ਤਿੱਪ-ਤਿੱਪ ਕਿਰਦੇ ਜਿਵੇਂ ਰੋਂਦੇ ਹੋਏ ਜੁਆਕ, ਹੌਲ਼ੀ-ਹੌਲ਼ੀ ਬਿਰਦੇ ਨੀਲੇ ਅੰਬਰਾਂ ਦੇ ਗਲ਼, ਗਾਨੀ ਸੱਤ ਰੰਗ ਦੀ ਕਿਤੇ ਕੁਆਰੀ ਨਦੀ, ਕੇਸਰੀ-ਸੰਧੂਰ ਮੰਗਦੀ ਨਹੀਂ ਹਿਜ਼ਰਾਂ ਦੇ ਨਾਲ਼, ਹੁੰਦਾ ਇਸ਼ਕ ਖ਼ਫ਼ਾ ਲੱਖ ਸੰਜਮਾਂ ਦੇ ਉੱਤੇ, ਭਾਵੇਂ ਕਾਮ ਚਿੜਦਾ।

ਕੁਤਬਾਂ ਤੋਂ ਪਾਰ

ਹੁਣ ਕਿਓਂ ਨਈਂ ਰੰਗ ਚੜ੍ਹਦਾ ਤੈਂਨੂੰ, ਸਖ਼ੀ, ਛੈਲ, ਸਰਤਾਜ਼ਾਂ ਦਾ ਹੁਣ ਕਿਓਂ ਨਈਂ ਤੂੰ ਸੁਗਲ਼ਕ ਰੱਖਦਾ,ਕਲਗੀ-ਕਣੀਆਂ, ਤਾਜ਼ਾਂ ਦਾ। ਲੁੱਟੀਆਂ ਦੇ ਕਿੱਸੇ ਕਾਹਤੋਂ, ਖੁੰਢਾਂ ‘ਤੇ ਦੱਸਦਾ ਏਂ ਕਿਸਮਤ ਤੋਂ ਹਾਰ ਰਹੇ ਜੋ, ਉਨ੍ਹਾਂ ‘ਤੇ ਹੱਸਦਾ ਏਂ। ਰੁਤਬੇ ਕੀ ਕਰਨੇ, ਜਿਹੜੇ, ਕੁਤਬਾਂ ਤੋਂ ਪਾਰ ਗਏ ਓਹਨਾਂ ਨੂੰ ਨਾਂ ਕੀ ਦੇਈਏ, ਜਿੱਤ ਕੇ ਜੋ ਹਾਰ ਗਏ? ਧੜਕਣ ਨਾਲ਼ ਮੇਲ਼ ਕਰਾਉਂਦੇ, ਜ਼ਿੰਦਗੀ ਦੇ ਸਾਜ਼ਾਂ ਦਾ ਹੁਣ ਕਿਓਂ ਨਈਂ ਰੰਗ ਚੜ੍ਹਦਾ ਤੈਂਨੂੰ,ਸਖ਼ੀ, ਛੈਲ, ਸਰਤਾਜ਼ਾਂ ਦਾ। ਹਿੰਦ ਦੇ ਮਸਤਕ ਉੱਤੇ, ਸਦੀਆਂ ਦੇ ਲੇਖ ਨਿਮਾਣੇ ਰੱਜਿਆਂ ਲਈ ਕਰਨ ਦੁਆਵਾਂ, ਢਿੱਡਾਂ ਤੋਂ ਭੁੱਖੇ-ਭਾਣੇ ਬਚਿਆ ਕੀ ਮਰਨੇ ਬਾਝੋਂ, ਤਪਦਾ ਸੀ, ਠਰ ਗਿਆ ਸਾਬਰ ? ਮੌਤ ਵੀ ਕਹਿ ਗਈ ਝੱਲੀ, ਜਾਨੀ ਤੈਂਨੂੰ ਜਨਮ ਮੁਬਾਰਕ ਚਿੜੀਆਂ ਨੂੰ ਹਰਫ਼ ਪੜ੍ਹਾ ਦਿਓ, ‘ਨੰਦਪੁਰ ਦੇ ਬਾਜਾਂ ਦਾ ਹੁਣ ਕਿਓਂ ਨਈਂ ਰੰਗ ਚੜ੍ਹਦਾ ਤੈਂਨੂੰ, ਸਖੀ, ਛੈਲ, ਸਰਤਾਜ਼ਾਂ ਦਾ।

ਅਦਬ ਅੱਖਰ ਦੀ ਖੇਤੀ

ਮਾਂ, ਮੜੀ, ਮਸੀਤ, ਮਾਲ਼ਾ, ਮੱਠ, ਮੰਦਰ ਅੰਮ੍ਰਿਤ ਕਦੇ ਹਰਿਮੰਦਰ ਹੋ ਗਿਆ ਸ਼ਬਦ-ਚਿੰਨ ਬਾਕੀ ਬਦਲ ਗਏ ਪਰ ‘ਮੰਮਾ' ਓਹੀ ਰਹਿ ਗਿਆ ਮੰਮਾ-ਮੱਕਾ, ਮਣਕਾ, ਮਕਾਂ ਹੈ ਲੱਖਰਾਹੀ ਇੱਕ ਮੰਜ਼ਿਲ ਦਾ ਨਾਂ ਹੈ ਰਟ-ਰੌਲ਼ੇ, ਨਸਲਾਂ, ਮਿਸਲਾਂ ਦੇ ਹੇਕਾਂ, ਬਾਂਗਾਂ, ਕੂਕਾਂ, ਵਿਸਲਾਂ ਦੇ “ਅੱਲਾ” ਅਦਬ ਅੱਖਰ ਦੀ ਖੇਤੀ ਹੈ ਅੱਖਰ ਹੀ ਅੱਖਰ ਦਾ ਭੇਤੀ ਹੈ ਸ਼ਬਦਾਂ ਦੇ ਅਕਾਰ ਬਦਲਦੇ ਲੋਕ ਕਹਿਣ, 'ਫ਼ਨਕਾਰ ਬਦਲਦੇ' ਬਚਨ, ਉਦੇਸ਼, ਸੁਨੇਹਾ ਓਹੋ ਵਕਤ, ਕਵੀ, ਕਥਾਕਾਰ ਬਦਲਦੇ ਸੰਬਾਦ ਹੁੰਦਾ ਹੈ, ਭੇੜ ਨਹੀਂ ਹੁੰਦਾ ਫ਼ੱਕਰ ਕਲਮ ਲਬੇੜ ਨਈਂ ਹੁੰਦਾ ਗ੍ਰੰਥਾਂ ਦੇ ਵਖਿਆਨ ਨਹੀਂ ਲੜ੍ਹਦੇ ਗੀਤਾ ਅਤੇ ਕੁਰਆਨ ਨਹੀਂ ਲੜ੍ਹਦੇ ਸਮਝ ਸੱਚ ਦੀ ਮਰ ਕੇ ਆਉਂਦੀ ਵਿੱਚ ਕਬਰਾਂ ਇਨਸਾਨ ਨਹੀਂ ਲੜ੍ਹਦੇ।

ਖਟਾਸ-ਮਸਤੀਆਂ

ਕੱਸੀਆਂ, ਨਾਲ਼ੇ, ਬਾਉਲੀਆਂ , ਖੂਹਾਂ, ਰੱਖਣ ਸਾਵੀਆਂ ਧਰਤਾਂ-ਜੂਹਾਂ। ਮੂੰਨਾਂ, ਰੋਜਾਂ, ਹਰਨਾਂ, ਸੇਹਾਂ, ਨਾਲ਼ ਇਹਨਾਂ ਦੇ ਫੱਬਣ ਥੇਹਾਂ । ਪਟਕੇ, ਪੱਗਾਂ, ਸਾਫ਼ੇ, ਦਸਤਾਰਾਂ, ਆਦਰ, ਮਾਣ , ਫਤਿਹ-ਫਨਕਾਰਾਂ । ਨੇਜ਼ੇ, ਛੁਰੇ, ਤੇਗ, ਤੀਰ-ਤਰਕਸ਼ਾਂ, ਖਟਾਸ-ਮਸਤੀਆਂ, ਜ਼ੋਰ-ਵਰਜ਼ਸਾਂ। ਢੋਲ ਢਮੱਕਾ, ਨਟ, ਨਾਚ , ਕਥਾਵਾਂ, ਸ਼ਰਧਾ, ਨਖ਼ਰਾ, ਚੱਜ਼, ਚੌੜ, ਦੁਆਵਾਂ। ਸੱਦ, ਝੋਕ, ਢੋਲਾ ਅਤੇ ਬਿਰਹੜੇ, ਸੱਜ-ਵਿਆਹੀਆਂ ਦੇ ਨੇ ਬੋਲੜੇ। ਧਮਾਲ਼ , ਖਲ਼ੀ, ਗਤਕੇ, ਹੇਮਲੇ, ਸੱਜਣਾਂ ਭਾਈਆਂ ਦੇ ਵਲਵਲ਼ੇ। ਜੰਗਮ, ਸੁਥਰਾ, ਭਗਤੀ, ਮਰਕਤ, ਡੇਰਿਆਂ -ਥਾਈਆਂ ਦੇ ਨੇ ਨਿਰਤਕ । ਧੂਣੇ, ਆਸਣ , ਸਣ-ਸੱਥਰ, ਟਿੱਲੇ, ਇਸ਼ਕ ਇਸ਼ਟ ਦਾ ਪੂਜਣ ਚੱਲੇ। ਬੁਦਕੂ , ਛੈਣੇ, ਤੂੰਬੇ, ਡਫ , ਠੀਕਰ, ਗੀਤ ਰੂਹਾਂ ਦੇ ਹਸ਼ਰਾਂ ਤੀਕਰ। ਜੰਡ , ਕਿੱਕਰ, ਨਿੰਮ , ਪਿੱਪਲ, ਬਰੋਟੇ, ਲੋਕ-ਭਾਵਾਂ ਦੇ ਨਫ਼ੇ ਤੇ ਟੋਟੇ। ਮੇਲੇ , ਮੜੀਆਂ 'ਤਸ਼ਵ ,'ਖਾਂਗਾਹਾਂ, ਲੋਕ-ਪਿਆਰ ਦੀਆਂ ਜਾਮਨ ਥਾਂਵਾਂ।

ਬੰਦੂਕ-ਪੰਧ

ਸਾਫ਼ੀ ਸਿਰ 'ਤੇ ਬੰਨ ਨਾ ਜਾਣੇ ਢਬ ਕੀ ਜਾਣੇ ਪੱਗਾਂ ਦਾ? ਮਿਰਗ-ਛੋਨਿਆਂ ਨੂੰ ਕੀ ਜਾਣੇ ਵਾਗੀ ਗਾਵਾਂ-ਮੱਝਾਂ ਦਾ? ਠੱਗ-ਬੂਟੀ ਕੀ ਕਰਨੀ ਓਹਨੇ ਅੱਖ-ਅਣੀ ਹੀ ਘਾਇਲ ਕਰੇ? ਬੰਦੂਕ-ਪੰਧ ਤੋਂ ਹਰਨੇ ਫੜਦਾ ਝੁੰਡ ਜਿਉਂ ਸ਼ੀਹਾਂ ,ਸੱਗਾਂ ਦਾ। ਦੀਦ-ਦਰਸ਼ ਨੂੰ ਭੋਗਣ ਪਿਛੋਂ ਚੰਨ-ਚੌਥ ਨਾ ਮਾੜਾ ਲੱਗੇ। ਫਿਰ ਬੇਰ-ਉਨਾਬੀ ਬਣ ਜਾਵੇ ਬੂਟਾ ਕਾਹੀ ਦੱਭਾਂ ਦਾ। ਸੁਆਹ-ਲਿੱਪੇ ਨੂੰ ਚੁਭਦੀ ਰਹਿੰਦੀ ਚਮਕ-ਸਨੂਰੀ ਪਿੰਡਿਆਂ ਦੀ। ਮੋਨ-ਮਦਾਰੀ ਦੱਸ ਕੀ ਸਮਝੇ ਰੁਖ ਮਹਿੰਦੀ-ਰੱਤੇ ਪੱਬਾਂ ਦਾ?

ਪੰਜਾਬੀ ਯੂਸਫ਼ਜਾਦਾ

“ਜੇ ਹੁੰਦਾ ਨਾ ਮੁਹੰਮਦ, ਮੈਂ ਬਣਾਉਂਦਾ ਨਾ ਅੰਬਰ”,ਲੌਲਾਕ ਨੇ ਆਖਿਆ ਸੀ, ਸੰਸਾਰ ਵਿੱਚੋਂ, ਹੁੰਦੀਂ ਜੱਟੀ ਨਾ ਜੇ ਸਜਨੋਟੀ-ਜੁਲੈਖਾਂ ਵਰਗੀ,ਜੱਟ ਲੈਂਦਾ ਨਾ ਜਨਮ ਯੂਸਫ ਪਰਿਵਾਰ ਵਿੱਚੋਂ ਮੱਸ-ਫੁੱਟਦੀ, ਫੁੱਟਦੀ ਪਹੁ-ਵਾਂਗ, ਸੂਹਾ ਸਵੇਰਾ ਵੇਖਦਾ, ਪੂਰਬ-ਪਖ਼ਾਰ ਵਿੱਚੋਂ ਉਮਰ-ਨਿੱਕੀ, ਫਿਤਰਤ-ਫ਼ੈਰਾਖ਼ੀ, ਲੈਲੀ-ਘੋੜਾ ਜਿਉਂ ਕਾਬਲ ਕੰਧਾਰ ਵਿੱਚੋਂ ਪੱਗ ਪਟਿਆਲਸ਼ੀ ਸਿਰ ਸੋਭਦੀ ਹੈ, ਕਲਗੀ-ਸਿਹਰਾ ਸ਼ੇਰੇ-ਪੰਜਾਬ ਦਰਬਾਰ ਵਿੱਚੋਂ ਹੱਥ ਤੇਗ ਹੈ ਵਲੀ-ਵਲਿੰਗਟਨ ਵਾਲ਼ੀ, ਖੱਸ ਲਈ ਹੈ ਗੋਰੀ ਸਰਕਾਰ ਵਿੱਚੋਂ ਹੱਥੀਂ ਮੁੰਦੀਆਂ ਅਜੀਜ ਦੇ ਪੁੱਤ ਜਿਹੀਆਂ, ਮਿਲਣ ਜੋ ਨਾ ਜ਼ੌਹਰ ਬਜ਼ਾਰ ਵਿੱਚੋਂ ਹੁੰਮਾ ਲੰਘਿਆ ਤੱਯੂਰ ਸਿਰ ਉੱਤੋਂ, ਖਜ਼ਾਨਾ ਲੁੱਟਿਆ ਕੁਬੇਰ, ਘਰ-ਵਾਰ ਵਿੱਚੋਂ ਗਲ਼ ਕੋਟ ਹਜ਼ਰਤ ਬਲਾਲ ਵਾਲ਼ਾ, ਬੂਟ ਯੂਰਪੀ ਮੁਲ਼ਕ ਬੁਲਗਾਰ ਵਿੱਚੋਂ ਸਤਫ਼ਨੀ ਸਿਆਲਾਂ ਦੀ ਕੀਲ਼ਣੇ ਨੂੰ, ਜੋਗੜਾ ਆਇਆ ਤਖ਼ਤ ਹਜ਼ਾਰ ਵਿੱਚੋਂ ਤੀਰ ਵੱਜਦੇ ਕਿਸੇ ਰਕੀਬੜੇ ਦੇ, ਬਲੌਰੀ ਛੱਬ ਸਦਕਾ ਲਾੜੇ ਦੇ ਸਿੰਗਾਰ ਵਿੱਚੋਂ ਜਿਉਂ ਉਲਕਾ ਜਿਮੀਂ ਦੀ ਖਿੱਚ ਕਰਕੇ, ਪੱਥਰ ਮਾਰਦੇ ਚੰਨ ‘ਤੇ ਅੰਜ਼ਲਾਰ ਵਿੱਚੋਂ *** ਮਿਰਜ਼ਾ ਨਾਮ ਗੁਮਾਨ ਦਾ, ਸਾਹਿਬਾ ਖੁਆਰੀ ਮੱਤ। ਧੀਦੋ ਰਾਂਝਾ  ਠੇਡੇ-ਠੋਕਰਾਂ ਤੇ ਹੀਰ ਬੜੀ ਬੇ-ਬੱਸ। ਸੱਸੀ ਸੁੱਚਾ ਨਾਮ ਹੈ ਸੋਜ਼ ਦਾ, ਪੁੰਨੂੰ ਪੌਣ ਦੀ ਗੱਠ। ਰੋਡਾ ਰਸ ਦਾ ਰੱਤਾ ਡੱਕਰਾ, ਜਲਾਲੀ ਜੇਠ ਦੀ ਲੱਟ। ਲੈਲਾ ਲਿਸ਼ਕਦੀ ਰਾਤ ਹੈ, ਮਜ਼ਨੂੰ ਇਸ਼ਕ ਦੀ ਅੱਤ। ਬੇਗੋ ਚੜਦਾ ਜੋਸ਼ ਹੈ ਵੇਗ ਦਾ, ਇੰਦਰ ਚੌੜ-ਚਪੱਟ। ਯੂਸਫ਼ ਕੋਸ਼ ਹੈ ਕਸਕ ਦਾ, ਜੁਲੈਖ਼ਾ ਹੁਸਨ ਦੀ ਹੱਟ। ਸ਼ੀਰੀ ਪਰਬਤ ਭੋਰਦੀ ਤੇ ਫਰਹਾਦ ਤੇਸੇ ਦੀ ਸੱਟ। ਦਮਯੰਤੀ ਸਤ ਦਾ ਦਮ ਹੈ, ਨਲ ਨਲੂਏ ਜਿਹਾ ਜੱਟ। ਲੂਣਾ ਭੁੱਖੀ ਹੈ ਇਨਸਾਫ ਦੀ, ਪੂਰਨ ਬੁਰੇਰੀ ਗੱਤ। ਇਥੇ ਕਬਰ ਹੰਢਾਵੇ ਸੇਜ਼ ਨੂੰ, ਕੰਚਨ ਉੱਤੇ ਨੱਚ। ਸੋਹਣੀ ਕੂਕਰ ਮੌਤ ਦੀ, ਮਾਹੀ ਮਹੀਵਾਲ ਜਲ ਭੱਤ। ਲੋਕੋ ਹਾਲੇ ਨਾ ਲੱਥਾ ਸੀਖ ਤੋਂ,ਮੱਛਲੀ ਹੋਇਆ ਪੱਟ। ਛਾਲ ਸ਼ੌਕ ਦੀ ਰਾਣੀ ਕੋਕਲਾਂ, ਹੋਡੀ ਹਠ ਦਾ ਮੱਟ । ਇਸ਼ਕ ਦੁਵੱਲੀ ਅੱਗ ਹੈ, ਪੈਂਦੀ ਮਚਦੀ-ਮਚਦੀ ਮੱਚ। ਸ਼ਬਦ ਸੰਵਾਰੀ ਸਾਹਿਬਾ,ਮੇਰਾ ਅਕਲ ਅਕੀਦਾ ਘੱਟ। ਮੇਰੀ ਕਾਲਖ ਕਾਤਲ ਕਲਮ ਨੂੰ ਦੇਈਂ ਨੂਰ ਦੀ ਲੱਪ। ਦਰਦੀ ਪੁਨੂੰ ਹੋਸ਼ੋਂ ਮਦਹੋਸ਼ ਨਾ, ਵਗਲੋਂ ਹੋ ਚੱਲਿਆ ਸੱਸ।

ਸ਼ੇਅਰ

ਕਿੱਦਾਂ ਕੀਲੀਏ, ਤੱਛਕਾਂ, ਬਾਸ਼ਕਾਂ, ਮੇਦਕਾਂ ਨੂੰ, ਬੀਨ ਕੋਈ ਨਹੀਂ ਅਸਰਦਾਰ ਮੀਆਂ? ਅਸਰਾਲ, ਖਰਲ, ਤਿੱਤਰੇ, ਉੱਡਣੇ, ਕਰੂੰਡੀਏ, ਕਲਗੀਧਾਰ, ਮਲੀ ਤੇ ਮਨੀਦਾਰ ਮੀਆਂ ਤੇਲੀਏ, ਕੋਚੇ, ਫ਼ਨਵਾਰੀਏ, ਬੁਰੜਾਂ ਦੀ, ਸਾਥੋਂ ਨਹੀਂ ਹੁੰਦੀ ਜ਼ਹਿਰ ਉਤਾਰ ਮੀਆਂ ਨਾਗ-ਵਠੂਹਿਆਂ ਤੋਂ ਕਿਤੇ ਵੱਧ ਜ਼ਹਿਰੀ ਨੇ, ਅਜ਼ਾਜ਼ੀਲ ਮਸਉਲ ਜੇਹੇ ਗ਼ਦਾਰ ਮੀਆਂ। *** ਮੁਲਾਹਜੇ ਕਲਾਲਣਾ, ਡੁਮੇਟੀਆਂ ਦੇ, ਮਰਤਬੇ, ਉਪਾਧੀਆਂ ਮੁੱਲਾਂ ਕਾਜ਼ੀਆਂ ਦੀਆਂ ਸੇਜਾਂ ਹੰਢਾਉਣੀਆਂ ਮਾਲਜਾਦੀਆਂ ਦੀਆਂ, ਗੱਲਾਂ ਕਰਨੀਆਂ ਆਜ਼ਾਦੀਆਂ ਦੀਆਂ ਭੇਸ ਅਣਖ ਆਣ ਸਿਦਕ ਸ਼ਰਾਫ਼ਤਾਂ ਦੇ, ਖੇਡਾਂ ਖੇਡਣੀਆਂ ਦਗੇਬਾਜੀਆਂ ਦੀਆਂ ਚੋਰ, ਵੇਸਵਾ, ਗ਼ਦਾਰ, ਭਾਨੀਮਾਰ ਚਾਰੇ, ਮੁੱਢੋਂ ਨਿਸ਼ਾਨੀਆਂ ਨੇ ਬਰਬਾਦੀਆਂ ਦੀਆਂ। *** ਇਹ ਕੰਮ ਹੈ ਪੱਕਿਆਂ ਮਕਰਬਾਜਾਂ ਦਾ, ਕਰਨਾ ਮੁਲ਼ਕ ਦਾ ਡੱਕਰਾ-ਡੱਕਰਾ ਜੀ ਫੱਟ ਯੁੱਧ ਦੇ ਝੱਲਣੇ ਢੇਰ ਔਖੇ, ਯੁੱਧ ਕਸਾਈ, ਸਿਪਾਹੀ ਸਭ ਬੱਕਰਾ ਜੀ ਮਿੱਠੀ ਜੀਭਾ ਅੰਦਰ, ਜਿਬ੍ਹਾ ਹੋਏ, ਛੁਪਾਈ ਰੰਗ ਬੈਠਾ ਮਹਿੰਦੀ-ਪੱਤਰਾ ਜੀ ਸੱਪ ਮਾਰਨਾ ਸੋਟੀ ਬਚਾ ਲੈਣੀ ਸਾਡਾ ਕੰਮ ਜਹਾਨ ਤੋਂ ਵੱਖਰਾ ਜੀ। *** ਚੰਦ ਚੌਦਵੀਂ ਦੀ ਰਾਤ ਵਿੱਚ ਕੋਈ ਕੋਈ ਤਾਰਾ,ਇੱਕ ਜਾਗਦਾ ਸਾਦਕ, ਦੂਜਾ ਜੱਟ ਹੈ ਵਿਚਾਰਾ ਚੱਲ ਲੰਮੀਆਂ ਨੇ ਵਾਟਾਂ ਏਦਾਂ ਹੋਣਾ ਨਈਂ ਗੁਜ਼ਾਰਾ,ਕਹੇ ਕਮਲੋਟਾ ਸ਼ਾਇਰ, ਤੇਰਾ ਰੱਬ ਹੈ ਸਹਾਰਾ।

ਕੁਝ ਟੋਟਕੇ ਜੱਟਕੇ ਜਿਹੇ..........

ਖੂਹ, ਖੂਹੀ ਤੇ ਸਿਆੜ। ਜੱਟ, ਸੀਰੀ ਤੇ ਕਿਰਾੜ। ਹਲ਼, ਫਾਲ਼ਾ ਅਤੇ ਹਾੜ। ਕੀਤੀ ਗੱਭਣ, ਉਜਾੜ੍ਹ।

ਜੰਡਾਂ ਦੀ ਚੁੱਪ

ਜੱਟ ਦੀ ਗੱਲ, ਪਈ ਹੈ ਚੱਲ, ਰਾਤ ਗਈ ਢਲ਼, ਵਾਹੁਣਾ ਹਲ਼ ਤੇ ਲਾਉਣਾ ਪਾਣੀ ਖੁੱਲ੍ਹੇ ਨੇ ਕੇਸ, ਮੋਢੇ ‘ਤੇ ਖੇਸ, ਬਿਰਾਗੀ ਭੇਸ, ਲਈ ਲਪੇਟ ਬਈ ਪੱਗ ਪੁਰਾਣੀ ਸੜਦੇ ਪੈਰ, ਉੱਤੋਂ ਦੁਪਹਿਰ, ਵਰਤਿਆ ਕਹਿਰ, ਨਾ ਜੱਟੀ ਆਈ ਖਸਮ ਨੂੰ ਖਾਣੀ ਮਸ਼ੀਨ ਪੁਰਾਣੀ, ਬੇਰੀ ਦੀ ਟਾਹਣੀ, ਜਿੰਦ ਨਿਮਾਣੀ,ਸਦਾ ਹੀ ਉਲਝੀ ਚੜਾਈ ਤਾਣੀ ਸੁੱਕੀ ਸੀ ਸੌਣੀ, ਹੋਈ ਨਾ ਰੌਣੀ, ਤੀਮੀ ਨੂੰ ਤੌਣੀ, ਪੇਕੇ ਨੂੰ ਚੱਲੀ, ਹੋ ਗਿਆ ਟੱਲੀ, ਪੈ ਗਿਆ ਬਾਹਰ ਤੇ ਹੋਇਆ ਬਿਮਾਰ, ਜੰਡਾਂ ਦੀ ਚੁੱਪ, ਕੜਕਦੀ ਧੁੱਪ, ਸੜ ਗਿਆ ਕੁੱਪ, ਬੋਲਿਆ ਹਾੜ੍ਹ, ਲਟਕਦੀ ਲਾਸ਼ ਵਿੱਚ ਉਜਾੜ। ਅੱਕ ਦੀ ਅੰਬੀ, ਕਾਹੀ ਦੀ ਫੰਬੀ, ਛੜੇ ਦੀ ਤੰਬੀ,ਵੈਲੀ ਨੂੰ ਮੰਗੀ ਚਾਰਾਂ ਦੇ ਲੇਖ ਮਾੜੇ ਆਪ ਸ਼ਰਾਬੀ, ਰੰਨ ਨਵਾਬੀ, ਖਚਰੀ ਭਾਬੀ, ਹੱਟ ਨੂੰ ਚਾਬੀ ਬਣਨ ਉਜਾੜੇ ਤੇਲੀ ਦਾ ਗੱਪ, ਬਿੱਲੀ ਦੀ ਅੱਖ, ਹੱਡਾਂ ਦੀ ਭੱਖ, ਸ਼ੂਕਰਿਆ ਸੱਪ ਨਾ ਜਾਂਦੇ ਆਲ਼ੇ ਮਾਛੀ ਦੀ ਰੰਨ, ਚੁਗਲ ਦਾ ਕੰਨ, ਜਰੀ ਗੰਨ, ਜੱਟ ਦੀ ਜੰਨ, ਨਾ ਬਣਨ ਵਸਾਹਾਂ ਵਾਲ਼ੇ ਬਾਂਦੀ ਤੇ ਬਿੱਲੀ, ਸ਼ਹਿਰ ਇੱਕ ਦਿੱਲੀ, ਰੰਡੀ ਦੀ ਚੇਲੀ, ਚਾਰੇ ਨਾ ਬੇਲੀ ਨਹੀਂ ਪਹੇਲੀ ਨਾਗ ਤੇ ਚੋਰ, ਸ਼ਾਹ ਸ਼ੂਦਖੋਰ, ਆਸ਼ਕ ਭੌਰ, ਛੜਾ ਦਿਓਰ ਰੱਖਣ ਅੱਖ ਮੈਲ਼ੀ ਨਿਮਾਣਾ ਸ਼ਾਇਰ, ਮੋਰ ਦਾ ਪੈਰ, ਫੋਕਾ ਫਾਇਰ, ਮੰਗਦਾ ਖੈਰ ਬਖ਼ਸ਼ਦੇ ਅਕਲਾਂ ਹੁਸਨ ਸੀ ਕਹਿਰ, ਖੁਦਾ ਨਾਲ਼ ਵੈਰ, ਨਾ ਸਕੀਆਂ ਤੈਰ,ਇਸ਼ਕ ਦੀ ਨ੍ਹੈਰ ਸੋਹਣੀਆਂ ਸ਼ਕਲਾਂ।

ਜੱਟ ਤੇ ਟਿੰਡ

ਲੱਗਿਆ ਕੱਟ ਤੇ ਉੱਠਿਆ ਜੱਟ, ਸੀਨੇ ਵਿੱਚ ਲੱਟ, ਅੱਤ ਦਾ ਵੱਟ, ਘੜੇ ਨਾ ਪਾਣੀ ਮੋਢੇ ਦਾ ਪਰਨਾ, ਕਹੇ ਕੀ ਡਰਨਾ,ਲਾ ਲੈ ਧਰਨਾ ਇੱਕ ਦਿਨ ਮਰਨਾ ਚੁੱਕ ਪਰਾਣੀ ਲੰਘਿਆ ਚੇਤ, ਪਈ ਸੀ ਮੇਖ, ਪੁੱਤ ਦੇ ਲੇਖ, ਟਰਾਲੀ ਵੇਚ ਲੈ ਲਿਆ ਜਾਮਾ ਕਿੱਲੇ ਸੀ ਚਾਰ, ਧੀ ਮੁਟਿਆਰ, ਤੀਮੀ ਬਦਕਾਰ,ਰੰਨਾ ਦਾ ਯਾਰ ਰੱਖ ਲਿਆ ਕਾਮਾ ਖਸਮ ਨਾਲ ਖਾਰ, ਬਥੇਰੇ ਯਾਰ, ਕਰੇ ਸ਼ਿੰਗਾਰ, ਕੰਮ ਨਾ ਕਾਰ ਬੜੇ ਨੇ ਔਖੇ ਪੁੱਤ ਜੁਆਰੀ, ਖੇਤ ਪਟਵਾਰੀ, ਚੁੱਪ ਫਿਰੇ ਧਾਰੀ, ਮਾਂ ਵਿਚਾਰੀ ਰਹਿਣ ਨਾ ਸੌਖੇ ਅਕਲ ਦੀ ਦੂਣੀ, ਸ਼ਕਲ ਦੀ ਚੌਣੀ, ਬਾਲ਼ਦੀ ਧੂਣੀ ਚੜ੍ਹ ਚੁਬਾਰੇ ਸੈਨਤਾਂ ਮਾਰੇ ਸਾਹਮਣੇ ਸੱਥ, ਲੜਾਵੇ ਅੱਖ, ਗਵਾ ਕੇ ਮੱਤ, ਗੁੱਤ ਦਾ ਸੱਪ ਦੰਦੀਆਂ ਮਾਰੇ ਘੱਟ ਹੋਏ ਦਾਜ, ਸੱਸ ਦੇ ਪਾਜ਼, ਨਾ ਕਰੇ ਲਿਹਾਜ਼, ਕਿੱਥੋ ਦੇਵੇ ਨੂੰਹ ਰਾਣੀ ਪੂੜੇ? ਇਸ਼ਕ ਦੀ ਜਾਗ, ਕੰਡਾ ਵੀ ਨਾਗ, ਲੱਗੇ ਹੋਏ ਦਾਗ ਸਦਾ ਹੀ ਰਹਿੰਦੇ ਗੂੜ੍ਹੇ ਐਬੀ ਦੀ ਯਾਰੀ, ਬੜੀ ਖੁਆਰੀ, ਭੋਗ ਕੇ ਨਾਰੀ, ਲੈ ਗਿਆ ਲਾਹ ਕੇ ਝਾਂਜਰਾਂ ਭਾਰੀ ਬਿਗਾਨੀ ਨਾਰੀ, ਸਿਰੇ ਦੀ ਯਾਰੀ, ਜੁੱਤੀ ਹਿਸਾਰੀ, ਲਵਾ ਕੇ ਸਾੜ੍ਹੀ ਵਢਾਉਂਦਾ ਹਾੜ੍ਹੀ ਸ਼ਾਹ ਦੀ ਹਿੰਡ, ਚੋਰ ਦਾ ਬਿੰਦ, ਜੱਟ ਤੇ ਟਿੰਡ, ਚਾਰਾਂ ਦਾ ਕੋਈ ਭਰੋਸਾ ਨਈਂ ਰਫ਼ਲ ਦੁਨਾਲੀ,ਨਜ਼ਰ ਟਿਕਾ ਲਈ, ਨਾ ਕਰਨੀ ਕਾਹਲ਼ੀ, ਜਾਂਦਾ ਫ਼ਾਇਰ ਫੋਕਾ ਨਈਂ ਬੁੜ੍ਹੇ ਨੂੰ ਠੰਡ, ਨਾਗ ਨੂੰ ਚੰਡ, ਬੇਰੀ ਨੂੰ ਖੰਡ, ਭਾਈ ਨੂੰ ਵੰਡ ਨੇ ਬੁਰੀਆਂ ਚਾਰੇ ਧੀ ਘਰੋਂ ਭੱਜੇ, ਸੀਨੇ ਗੋਲ਼ੀ ਵੱਜੇ, ਪਰਦੇ ਕੱਜੇ, ਖਸਮ ਤੋ ਨਾਰ ਨਾ ਜਾਣ ਸਹਾਰੇ ਲੁਟਦੇ ਮੰਗਾਂ, ਤੋੜਦੇ ਵੰਗਾਂ, ਲਾਹ ਕੇ ਸੰਗਾਂ ਸਤਗੁਰ ਸਿੰਘਾ ਸਮਾਂ ਨਾ ਚੰਗਾ ਰੋਂਦੀ ਮਾਂ, ਨਿਕਲਦੀ ਆਹ, ਸੁੱਕਦੇ ਸਾਹ, ਰੋਕਦਾ ਰਾਹ ਸੂਰਮਾ ਬੰਦਾ।

ਜੱਟ ਜੱਟੀ ਦਾ ਸੰਵਾਦ-ਹਲ਼ ਵਾਹੁਣ ਪਿੱਛੇ

ਕੀ ਹਲ਼ ਦਾ ਵਾਹੁਣਾ, ਢੋਲੇ ਲਾਉਣਾ, ਮਿਰਜ਼ਾ ਗਾਉਣਾ, ਛਾਂਵੇਂ ਸੌਣਾ, ਵਾਂਗ ਫਕੀਰਾਂ, ਸ਼ੌਕ-ਸਫ਼ੀਰਾਂ। ਮੈਂ ਤਾਮ ਪਕਾਮਾਂ,ਤਵਾ ਚੜ੍ਹਾਵਾਂ,ਤਪਦੇ ਪੋਟੇ, ਕਰਮ ਨੇ ਖੋਟੇ, ਗਰਮ ਤਸੀਰਾਂ, ਨਾ ਖੁਰਨ ਲਕੀਰਾਂ। ਜੱਟ ਅੱਗੋਂ ਬੜਕੇ, ਸਿਆੜੀਂ ਖੜ੍ਹਕੇ, ਪਿੰਡੇ ਦਾ ਮੁੜ੍ਹਕਾ, ਭੱਠੀ ਜਿਉਂ ਭੜ੍ਹਕੇ, ਪਰਾਣੀ ਸੁੱਟ ਕੇ, ਮੁੱਠੀ ਨੂੰ ਘੁੱਟ ਕੇ, ਪਰਨੇ ਦਾ ਪੂੰਝਾ ਮੱਥੇ ਨੂੰ ਪੁੱਟ ਕੇ। ਪਰਾਂ ਦੇ ਫੁੱਟਦੇ, ਨ੍ਹੇਰੇ ਦੇ ਟੁੱਟਦੇ, ਜੋੜ ਲਈ ਖੋਲ੍ਹੇ ਤੇ ਲਾ ਲਈਂ ਢੋਲੇ । ਨਿੱਕਾ ਜਿਹਾ ਤਾਰਾ ਪਛਾਹੀਂ ਚੜ੍ਹਿਆ,  ਸ਼ਾਮੋਂ ਕਾ ਕੁੱਕੜ ਵਿਹੜੇ ਆ ਵੜਿਆ। ਜੱਟੀ ਝੱਟ ਉੱਠੀ ਅਕਲ ਨੂੰ ਖਾਣੀ, ਦਿਹਾਤੀ ਪਰਨਾ, ਲਈ ਚੁੱਕ ਪੁਰਾਣੀ । ਭੱਤੇ ਦਾ ਵੇਲ਼ਾ ਕਦੋਂ ਦਾ ਲੰਘਿਆ, ਜੱਟੀ ਨੂੰ ਢੱਗਿਆਂ ਸੂਲੀ ‘ਤੇ ਟੰਗਿਆ, ਨਾ ਤੁਰਨ ਹਲ਼ਾਈ, ਦੇਣ ਨਾਲ ਡਾਹੀ, ਜੱਟ ਨਾ ਆਏ, ਤੱਕਦੀ ਰਾਹੀ। ਢਿੱਡ ਨੂੰ ਭੁੱਖ, ਪੈਰਾਂ ਨੂੰ ਰੇਤਾ, ਜਿੰਦ ਨੂੰ ਖਾਏ, ਕਹੇ ਦਾ ਚੇਤਾ। ਬਹੁੜੀਂ ਵੇ ਸਾਂਈਂਆ ! ਘੋਲ ਘੁਮਾਈਆਂ !  ਸੱਸੀ ਸੀ ਧੰਨ ਜਾ  ਤੂੰ ਵੇ ਮਾਹੀਆ। ਜੱਟ ਜੁਗਾੜੀ, ਅੱਤ ਸ਼ਿਕਾਰੀ, ਕਰੇ ਖੁਆਰੀ, ਰੋਹੀ ਦੇ ਰਿੰਡ ਦੇ ਤੁੰਮੇ ਨੇ ਆੜੀ। ਮੰਨ ਪਕਾਵੇ, ਲੀਰਾਂ ਪਾਵੇ, ਪਰੁਥਾ ਰੱਖਿਆ ਪਲੇਥਣ ਲਾਵੇ। ਚੁੱਭੇ ਜਿਹੇ ਚੁੱਲ੍ਹੇ ‘ਚ ਲੱਕੜਾਂ ਭਾਰੀ। ਜੇਠ ਦੀ ਗਰਮੀ, ਪੈਰਾਂ ਦੀ ਨਰਮੀ, ਪੈਰਾਂ ਨੂੰ ਖਾ ਗਈ ਬੁੱਲ੍ਹਾਂ ‘ਤੇ ਆ ਗਈ, ਡਲ਼ੇ ਦੀ ਸਖਤੀ, ਦੁਪਹਿਰੇ ਵਖਤੀਂ।  ਜੱਟ ਨੂੰ ਵੇਖ, ਧਰੇਕਾਂ ਹੇਠ, ਛੱਡ ਕੇ ਮੁੰਨੀ, ਵਿਹੁ ਵਿੱਚ  ਗੁੰਨੀ ,ਸ਼ਾਹ ਕੋਈ ਜਾਵੇ ਜੋ ਸੁੰਨੇ ਤਖ਼ਤੀ। ਹਾੜ੍ਹ ਦੀ ਅੱਗ ਨਾੜ ਨੂੰ ਸਾੜੇ, ਪਚਾਕੇ ਮਾਰੇ, ਕੱਚੀਆਂ ਪੱਕੀਆਂ ਸਵਾਦੀ ਬੜੀਆਂ । ਫੇਰ ਲੈ ਸੂਣੀ, ਕੱਤ ਲੈ ਪੂਣੀ, ਰਿੜਕ ਮਧਾਣੀ, ਬਣ ਸੁਆਣੀ, ਨਾ ਕਰ ਤੂੰ ਅੜੀਆਂ । ਹਲ਼ ਦਾ ਵਾਹੁਣਾ, ਸਬਰ ਸਿਉਣਾ, ਗੰਢੇ ਦੀ ਮਾਲਾ, ਗਲ਼ੇ ਵਿੱਚ ਪਾਉਣਾ, ਨਾ ਵਟਣ ਲਕੀਰਾਂ ਤੌਕ ਤੱਕਦੀਰਾਂ। ਜ਼ਿੱਦ ਦੀ ਸਉਲੀ, ਜਿੰਦ ਦੀ ਹੌਲੀ, ਭੁੱਖ ਦੀ ਮਾਰੀ ਚਲਾਕਣ ਨਾਰੀ ਖਾ ਗਈ ਲੀਰਾਂ ।

ਅੰਤਿਕਾ

ਰੇਤੇ-ਰਾਵਿਆਂ ਦੀ ਧੂੜ ਜਿਹੀ,ਜਾਂ ਖ਼ਲਾਅ ‘ਚ ਛੱਡਿਆ ਬਾਨ ਹਾਂ। ਸੰਨ ਚੁਰਾਸੀ ‘ਚ ਵਾਪਿਸ ਹੋ ਗਿਆ,ਨਿੱਕਾ ਜਿਹਾ ਸਨਮਾਨ ਹਾਂ। ਡਰਨੇ ਤੋਂ ਲਾਹ ਕੇ ਲੈ ਗਿਆ, ਜਿਸਨੂੰ ਸੀ ਗ਼ਰੀਬ ਕੋਈ ਜੱਟ ਨੇ ਲੜ੍ਹ ਕੇ ਮੋੜ ਲਿਆ, ਦੋ ਗ਼ਜ ਕੱਪੜਾ-ਥਾਨ ਹਾਂ। ਸਿੰਧ ਘਾਟੀ ਦੀ ਬੋਲੀ ਹਾਂ, ਜ਼ਹਿਰ ‘ਚ ਮਿਸ਼ਰੀ ਘੋਲ਼ੀ ਹਾਂ। ਜੋ ਵਿੱਚ ਮਿਆਨੇ ਜਰ ਗਈ, ਓਹ ਕੰਚਨੀ-ਕਿਰਪਾਨ ਹਾਂ। ਨਾ ਸ਼ਾਹੀ ਕੋਈ ਛਤਰ ਹਾਂ, ਨਾ ਧੂੜੱਤੀ ਘੁੱਪ-ਕਬਰ ਹਾਂ ਅੱਠੇ ਜੋ ਪਹਿਰ ਰਹੇ ਜਗਦਾ, ਸ਼ਿਵ ਪੁਰੀ-ਸ਼ਮਸ਼ਾਨ ਹਾਂ। ਜਿਸ ਦੀ ਅਜ਼ਬ-ਔਸ਼ਦੀ, ਨੀਰ ਨਦੀ ਦਾ ਰੋਕ ਗਈ। ਹਟੇ ਨਾ ਪਰ ਜਲਾਬ, ਓਹ, ਬਦਬਖ਼ਤ ਵੈਦ ਲੁਕਮਾਨ ਹਾਂ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਵਾਰਤਕ, ਸਤਗੁਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ