Punjab Dian Vaaran : Harinder Singh Roop

ਪੰਜਾਬ ਦੀਆਂ ਵਾਰਾਂ : ਹਰਿੰਦਰ ਸਿੰਘ ਰੂਪ

ਪੰਜਾਬ ਨੂੰ

ਓ ਕੁਦਰਤ ਦੇ ਸ਼ਿੰਗਾਰਿਆ,
ਓ ਮੇਰੇ ਦੇਸ ਪਿਆਰਿਆ।
ਹੇ ਰਿਸ਼ੀ ਬਣਾਉਣ ਵਾਲਿਆ,
ਹੇ ਵੇਦ ਰਚਾਉਣ ਵਾਲਿਆ!
ਹੈ ਮਿੱਠੇ ਸਾਦ ਮੁਰਾਦਿਆ,
ਮਨਮੋਹਨੇ ਸੁੱਧ ਸੁਭਾ ਦਿਆ।
ਪੰਜ ਵਹਿਣ ਵਗਾਵਣ ਵਾਲਿਆ।
ਦਸ ਗੁਰੂ ਖਿਡਾਵਣ ਵਾਲਿਆ।
ਪਾਪਾਂ ਨੂੰ ਮਾਰ ਮੁਕਾਣਿਆ,
ਹੱਕ ਖ਼ਾਤਰ ਜਿੰਦ ਲੁਟਾਣਿਆ।
ਹੇ ਭਾਰਤ ਦੇ ਮੂੰਹ ਮੱਥਿਆ,
ਅਣਖੀ ਤੀਰਾਂ ਦੇ ਭੱਥਿਆ।
ਹੇ ਖੁਲ੍ਹਾਂ ਦੇ ਮਤਵਾਲਿਆ,
ਸਭਰਾਂਵਾਂ ਚਿਲੀਆਂ ਵਾਲਿਆ।

ਹੇ ਪ੍ਰੇਮ ਝਨਾਂ ਦਿਆ ਮਾਲਕਾ,
ਹੇ ਰਾਂਝਣ ਦਿਆ ਪਾਲਕਾ।
ਕੋਮਲ ਹੁਨਰਾਂ ਦਿਆ ਬਾਦਸ਼ਾਹ,
ਹੇ ਵਾਰਸ ਦਿਆ ਵਾਰਸਾ।
ਹੇ ਚੰਨਾ ਸ਼ਾਹ ਚਾਤਾਂ ਦਿਆ।
ਹੇ ਇੰਦਰਾ ਬਰਸਾਤ ਦਿਆਂ ।
ਹੇ ਘਟਾ ਝੁਲਾਉਣ ਵਾਲਿਆ,
ਕੂਲ੍ਹਾਂ ਲਹਿਰਾਉਣ ਵਾਲਿਆ।
ਹੇ ਮੋਰ ਨਚਾਵਣ ਵਾਲਿਆ,
ਪੰਛੀ ਪਰਚਾਵਣ ਵਾਲਿਆ।
ਕਿਰਸਾਨਾਂ ਦਿਆ ਸਹਾਰਿਆ।
ਉੱਚੇ ਇਕਬਾਲ ਪਿਆਰਿਆ।
ਮੈਂ ਇਕੋ ਗੱਲ ਹਾਂ ਭਾਲਦਾ,
ਮਹਿਰਮ ਕਰ ਆਪਣੇ ਹਾਲ ਦਾ ।

ਪੰਜਾਬ ਦੀ ਜ਼ਬਾਨੀ

ਤੈਨੂੰ ਆਪਣੇ ਜਨਮ ਦਾ ਕੀ ਹਾਲ ਸੁਣਾਵਾਂ,
ਜੁੱਗਾਂ ਦੇ ਵਿਚ ਰਬ ਨੇ ਸਭ ਖਿੱਚ ਤਣਾਵਾਂ ।
ਗੁੱਡੀ ਮੇਰੀ ਹੋਂਦ ਦੀ ਆਕਾਸ਼, ਚੜ੍ਹਾਈ,
ਟਿੱਕੀ ਹੋਏ ਆਣ ਕੇ ਪਰਦੇਸੀ ਭਾਈ ।
ਮੇਰੇ ਪੁਤਰ ਆਰੀਆਂ ਨੇ ਬਹੁਤ ਦਬਾਏ,
ਬੇਟੇ ਚਤਰ ਸਿਆਣਿਆਂ ਤੋਂ 'ਦੈਂਤ` ਕਹਾਏ ।
ਜਿਸ ਦਮ ਰਲ ਕੇ ਆਰੀਏ ਸਨ ਯਗ ਰਚਾਂਦੇ,
ਪੁਤਰ ਖਿਝਦੇ ਆਣ ਕੇ ਹਡ ਹੈਸਨ ਪਾਂਦੇ।
ਬਾਜ਼ੀਗਰ ਸਾਂਹਸੀ ਸਭੇ ਨੇ ਓਹੋ ਪਿਆਰੇ,
ਹਨ ਇਤਿਹਾਸਕ ਅਰਸ਼ ਦੇ ਟੁਟੇ ਹੋਏ ਤਾਰੇ ।
ਗਲਾਂ ਮੈਨੂੰ ਬਹੁਤੀਆਂ ਓਦਾਂ ਦੀਆਂ ਭੁਲੀਆਂ,
ਕਿਨੀਆਂ ਸ਼ਾਨਾਂ ਮੇਰੀਆਂ ਭੰਗ ਭਾੜੇ ਰੁਲੀਆਂ।
ਤਖਸ਼ਲਾ ਵਿਚ ਬੋਧੀਆਂ ਉਹ ਵਹਿਣ ਵਹਾਇਆ,
ਸੁੱਕ ਕੇ ਵੀ ਜਿਸ ਜਗਤ ਨੂੰ ਹੈ ਬੁੱਤ ਬਣਾਇਆ।
ਸ਼ਾਹ ਸਿਕੰਦਰ ਸ਼ੂਕਦਾ ਮੇਰੇ ਵਲ ਚੜ੍ਹਿਆ,
ਜਿਤ ਕੇ ਵੀ ਉਹ ਹਾਰਿਆ ਤੇ ਕੱਖ ਨ ਖੜਿਆ।
ਚੜ੍ਹੀਆਂ ਸਦੀਆਂ ਤਕ ਕਈ ਪਰਦੇਸੀ ਛੱਲਾਂ,
ਲੋਕਾਂ ਦੇ ਜਿਗਰੇ ਗਏ ਪਈਆਂ ਨ ਠਲ੍ਹਾਂ।
ਮੈਨੂੰ ਸ਼ਰਮ ਹੈ ਆ ਰਹੀ ਜੋ ਹੋਇ ਕਾਰੇ,
ਚਪਣੀ ਵਿਚ ਡੁੱਬ ਨ ਮਰੇ ਮੇਰੇ ਪੁੱਤ ਸਾਰੇ!
ਉਹਨਾਂ ਅੰਦਰੀਂ ਡਰਦਿਆਂ ਅਣਖਾਂ ਮੁਕਵਾਈਆਂ,
ਉਹਨਾਂ ਜਿੰਦ ਪਿਆਰਿਆਂ ਨਾਰਾਂ ਲੁਟਵਾਈਆਂ।
ਉਹ ਗਜ਼ਨੀ ਵਿਕਦੇ ਰਹੇ, ਪਰ ਹੱਥ ਨ ਚੁਕਿਆ,
ਗੀਤ ਗੁਲਾਮੀ ਦੇ ਕਹੇ ਪਰ ਸਿੰਘ ਨ ਸੁੱਕਿਆ।
ਉਹਨਾਂ ਦਾ ਦਿਲ ਬੰਨ੍ਹਿਆ ਨ ਗੀਤਾ ਨੇ ਵੀ,
ਰਹੇ ਰਮੈਣਾਂ ਰਟਦੇ ਆਖਰ ਕੀਤਾ ਕੀ?
ਫੋਕਾ ਗਿਆਨ ਉਚਾਰਿਆ ਪਰ ਕੱਖ ਨ ਕੀਤਾ,
ਨੀਤੀ ਨੂੰ ਪੜ੍ਹਦੇ ਰਹੇ ਕੁਝ ਸਬਕ ਨ ਲੀਤਾ।

ਕਾਬਲ ਵਲੋਂ ਆ ਫਿਰੀ ਜਦ ਬਾਬਰਵਾਣੀ,
ਟੁੱਟੀ ਮੇਰੀ ਲੱਜ ਦੀ ਸਾਰੀ ਹੀ ਤਾਣੀ।
ਉਠਿਆ "ਚੇਲਾ ਮਰਦ ਕਾ" ਨ ਰੱਬੋਂ ਡਰਿਆ,
ਨੈਣੀਂ ਪਾਣੀ ਛਲਕਿਆ ਦਿਲ ਦਰਦਾਂ ਭਰਿਆ।
ਪਾਪ ਵਿਰੁੱਧ ਇਸ ਮਰਦ ਨੇ ਆਵਾਜ਼ ਉਠਾਈ,
ਮੇਰੇ ਅਣਖੀ ਮਹਿਲ ਦੀ ਨੀਂਹ ਰਖ ਵਖਾਈ।
ਹਿੰਦੂ ਮੁਸਲਮਾਨ ਦਾ ਇਸ ਏਕਾ ਚਾਹਿਆ,
ਉਡਦਾ ਜਾਂਦਾ ਹੌਸਲਾ ਇਸ ਪਕੜ ਬਹਾਇਆ।
ਸੋਹਣੀ ਲੋਕ-ਪਿਆਰ ਦੀ ਸੀ ਇਸ ਨੇ ਪੀਤੀ;
ਰੂਹ ਲਿਸ਼ਕਾਉਣ ਵਾਸਤੇ ਸੀ ਭਗਤੀ ਕੀਤੀ!

ਪੰਜਵੇਂ ਜਾਮੇ ਆਉਂਦਿਆਂ ਨੁਸਖੇ ਮੰਗਵਾ ਕੇ,
ਸਭੇ ਗਲਾਂ ਸੋਧ ਕੇ ਇਕ ਗਰੰਥ ਬਣਾ ਕੇ!
ਮੇਰੇ ਮਰਦੇ ਜਿਸਮ ਵਿਚ ਇਉਂ ਜੀਵਨ ਪਾਇਆ,
ਉੱਚੀ ਸੁੱਚੀ ਜ਼ਿੰਦਗੀ ਦਾ ਦੌਰ ਚਲਾਇਆ।
ਖੇਡੇ ਏਸੇ ਮਰਦ ਨੇ ਅੱਗ ਉਤੇ ਹੋਲੇ,
“ਹਰਗੋਬਿੰਦ" ਨੇ ਵਕਤ ਸਿਰ ਬਦਲਾਏ ਚੋਲੇ।

ਮੁੜ ਇਕ ਵਾਰੀ ਸ਼ਾਂਤੀ ਨੇ ਰਾਗ ਸੁਣਾਇਆ,
ਮਗਰੋਂ "ਦਸਵੇਂ" ਮਰਦ ਨੇ ਖੰਡਾ ਖੜਕਾਇਆ।
ਹਿੰਦੂ ਮੁਸਲਮ ਵਿੱਚ ਨ ਇਸ ਵਿੱਚ ਪਵਾਈ,
ਇਸਨੇ ਜ਼ਾਲਮ ਰਾਜ ਦੀ ਜੜ੍ਹ ਪੁਟ ਵਖਾਈ!
ਆਨੰਦਪੁਰੀ ਬਣਾ ਲਈ ਇਸ ਕਾਂਸ਼ੀ ਮੇਰੀ,
ਅਨਪੜ੍ਹਤਾ ਦੀ ਢਹਿ ਗਈ ਉਸ ਥਾਂ ਤੇ ਢੇਰੀ!
ਕਲਮ ਅਤੇ ਕਿਰਪਾਨ ਦੀ ਸੀ ਕੀਮਤ ਪਾਂਦਾ,
ਦੋਵੇਂ ਮੇਰੇ ਵਾਸਤੇ ਸੀ ਖੂਬ ਚਲਾਂਦਾ।
ਲਾਲਾਂ ਤੋਂ ਵਧ ਏਸ ਨੇ ਸੀ ਮੈਨੂੰ ਜਾਤਾ,
ਇਹਦੇ ਗਾਂਦੀ ਗੀਤ ਹੈ ਔਹ ਭਾਰਤ ਮਾਤਾ।

ਰਖੀ ਇਹਦੀ ਯਾਦ ਹੈ ਹਰ ਥਾਂ ਹਰ ਹਾਲੇ,
ਤਕ ਨ ਪੰਜ ਕਕਾਰ ਨੇਂ ਜੋ ਵਹਿਣ ਸੰਭਾਲੇ ।
ਘਿਉ ਖਿਚੜੀ ਦੇ ਵਾਂਗ ਸਾਂ ਮੈਂ ਤੇ ਇਹ ਹੋਏ,
ਦੁਖ ਹੋਇਆ ਸੀ ਇੱਕ ਨੂੰ ਦੋਵੇਂ ਸਾਂ ਰੋਏ ।
ਦੱਖਣੋਂ ਮੇਰੇ ਵਾਸਤੇ ਇਸ ਬੰਦਾ ਘਲਿਆ,
ਤਾਕਤ ਨੀਤੀ ਦਾ ਜਿਹਨੇ ਵਾਹਵਾਹ ਪਿੜ ਮਲਿਆ
ਦਿਤਾ ਜਿਸ ਨੇ ਆਣ ਕੇ ਸੀ ਖੂਬ ਹਲੂਣਾ,
ਮੈਂ ਤਾਂ ਇਹਨੂੰ ਵੇਂਹਦਿਆ ਹੋਇਆ ਸਾਂ ਦੂਣਾ।
ਸਚ ਪੁਛੇਂ ਤਾਂ ਏਸ ਨੇ ਸੀ ਜ਼ਿੰਦਗੀ ਪਾਈ,
ਬੁੱਝੀ ਹੋਈ ਸ਼ਾਨ ਸੀ ਬੰਦੇ ਚਮਕਾਈ।
ਕੀਤਾ ਨੀਤੀ ਰਾਜ ਦਾ ਇਸ ਕੰਮ ਅਨੋਖਾ,
ਦਿਤੀਆਂ ਏਸ ਸ਼ਹੀਦੀਆਂ ਰੰਗ ਚੜ੍ਹਿਆ ਚੋਖਾ !
ਬੰਦੇ ਸਦਕਾ ਆ ਗਿਆ ਮੇਰੇ ਵਿਚ ਜੇਰਾ,
ਨਾਦਰ ਸ਼ਾਹ ਦਾ ਤੋੜਿਆ ਮੈਂ ਜ਼ੋਰ ਬਥੇਰਾ ।

ਦਿੱਲੀ ਨੂੰ ਸਨ ਲੁਟ ਕੇ ਜਿਹੜੇ ਲੈ ਜਾਂਦੇ,
ਦੇਂਦਾ ਸਾਂ ਮੈਂ ਵਧ ਕੇ ਉਹਨਾਂ ਨੂੰ ਛਾਂਦੇ ।
ਕੀਤੇ ਭਾਰਤ ਵਾਸਤੇ ਮੈਂ ਘਲੂਘਾਰੇ,
ਬਾਂਰਾਂ ਮਿਸਲਾਂ ਉਠੀਆਂ ਕਈ ਡੁਬਦੇ ਤਾਰੇ ।
ਦੱਰੇ ਕੀਤੇ ਬੰਦ ਮੈਂ ਜਦ ਰਾਜ ਫਬਾਇਆ,
ਹਿੰਦੂ ਮੋਮਨ ਵੀਰ ਦਾ ਸੀ ਮਾਣ ਵਧਾਇਆ।
ਅਕਬਰ ਕੋਲੋਂ ਵਧ ਕੇ ਏੱਕਾ ਕਰ ਦੱਸਿਆ,
ਮੇਰੇ ਉਤੇ ਸੁਖ ਦਾ ਸੋਹਣਾ ਮੀਂਹ ਵੱਸਿਆ !
ਪਰ ਬੱਚੇ “ਰਣਜੀਤ" ਨੇ ਪਰਵਾਹ ਨ ਕੀਤੀ,
ਹੱਥ ਵਿਚ ਲੂਣ ਹਰਾਮੀਆਂ ਨੇ ਡੋਰੀ ਲੀਤੀ!
ਬੱਚੇ ਨੇ ਸਰਹੱਦ ਤੋਂ ਅੰਗਰੇਜ਼ ਬਹਾਏ,
ਗਲ ਕੀ ਆਪਣੇ ਰਾਜ ਨੂੰ ਇਸ ਜੰਦੇ ਲਾਏ!

ਅੱਖ ਮੀਟੀ "ਰਣਜੀਤ" ਨੇ ਫੁੱਟ ਨੇ ਅੱਖ ਖੋਲ੍ਹੀ,
ਮੇਰੀ ਦੌਲਤ ਪੱਤ ਦੀ ਖੇਡੀ ਗਈ ਹੋਲੀ।
ਫੇਰੂ ਦੇ ਵਿਚ ਵੈਰੀਆਂ ਨੂੰ ਡਾਡਾ ਡੱਕਿਆ,
ਮਗਰ ਪਹਾੜਾ ਸਿੰਘ ਨੂੰ ਮੈਂ ਰੋਕ ਨ ਸੱਕਿਆ!
ਸਭਰਾਵਾਂ ਦੇ ਵਿਚ ਸਾਂ ਬਿਨ ਦਾਰੂ ਲੜਿਆ,
ਤਲਵਾਰਾਂ ਨੂੰ ਸੂਤ ਕੇ ਮੈਂ ਤੋਪੀਂ ਵੜਿਆ।
ਮਾਹਨ ਹਿੰਦਸਤਾਨੜੇ ਅਜ ਡੀਂਗਾਂ ਬੜੀਆਂ,
ਪੂਰਬ ਦੀਆਂ ਰਜਮਟਾਂ ਸਨ ਉਸ ਦਿਨ ਚੜ੍ਹੀਆਂ!
ਭੁਲ ਰਿਹਾ ਹਾਂ ਆਪਣਾ ਮੈਂ ਚਿਲੀਆਂ ਵਾਲਾ,
ਜਿਸ ਦੀ ਗਰਮੀ ਪਾ ਗਈ ਦੁਸ਼ਮਨ ਨੂੰ ਪਾਲਾ।
ਸੁੁੱਟੀਆਂ ਮਾਨਕਿਆਲ ਵਿਚ ਚੁੰਮ ਚੁੰਮ ਤਲਵਾਰਾਂ,
ਮੁੜ ਨਹੀਂ ਆਣ ਬਹਾਦਰੀ ਨੇ ਲਈਆਂ ਸਾਰਾਂ।
ਉਸ ਦਿਨ ਮੇਰੀ ਆਸ ਦੀ ਸੀ ਟੁੱਟੀ ਡੋਰੀ,
ਲਕ ਦੂਹਰਾ ਸੀ ਹੋ ਗਿਆ ਡਿੱਗ ਪਈ ਡੰਗੋਰੀ।

ਆਖਰ ਬੱਗੇ ਹਾਕਮਾਂ ਦੇ ਹੱਥ ਵਿਚ ਆਇਆ,
ਵੱਸੇ ਮੁਗਲਾਂ ਵਾਂਗ ਨ, ਨਹੀਂ ਸਿਰ ਤੇ ਚਾਇਆ ।
ਇਹਨਾਂ ਮੇਰੀ ਧੌਣ ਤੇ ਨਹੀਂ ਛੁਰੀ ਚਲਾਈ,
ਪਰ ਪਤਾ ਨਹੀਂ ਲਗ ਰਿਹਾ ਰਤ ਕਿਧਰ ਧਾਈ ?
ਮੁੰਹ ਸਕਿਆ ਤੇ ਨਿਕਲੀਆਂ ਨੇ ਦੋਵੇਂ ਹੜਬਾਂ,
ਕੱਪੜੇ ਤਨ ਤੇ ਦਿਸ ਰਹੇ ਪਰ ਲਹੀਆਂ ਲੜਫਾਂ।
ਫਿੱਕੇ ਫਿੱਕੇ ਪੈ ਰਹੇ ਨੇ ਮੇਰੇ ਮੇਲੇ,
ਹਰ ਪਲ ਉੱਡੀ ਜਾ ਰਹੇ ਨੇਂ ਜੰਗਲ ਬੇਲੇ ।
ਸੱਕਦੇ ਜਾਂਦੇ ਵਹਿਣ ਨੇਂ ਪਾਣੀ ਮੁਲ ਮਿਲਦਾ,
ਮੱਛੀਆਂ ਖਾਨੀਂ ਪਾਈਆਂ ਦੁੱਖ ਦੱਸਣ ਦਿਲ ਦਾ।
ਨੰਬਰ ਲੱਗੇ ਟਾਹਲੀਆਂ ਨੂੰ ਤਕ ਲੈ ਜਾ ਕੇ,
ਜਿਉਂ ਛਾਵਾਂ ਤੇ ਲਗਣਾ ਹੈ ਟੈਕਸਾਂ ਆ ਕੇ ।

ਪੁਤਰ ਮੇਰੇ ਅਪਣੇ ਨਹੀਂ ਮੇਰੀ ਮੰਨਦੇ,
ਹਾਏ ! ਬਦੇਸ਼ੀ ਫੈਸ਼ਨਾਂ ਦੇ ਤਾਣੇ ਤਣਦੇ ।
ਆਪੇ ਸਿਰ ਮਨਵਾਉਣ ਦੇ ਫੜ ਲਏ ਨੇ ਚਾਲੇ ।
ਖੁਲ੍ਹੇ ਕੁੜਤੇ ਲਹਿ ਗਏ ਉਹ ਕਲੀਆਂ ਵਾਲੇ।
ਗਊ ਕਿਧਰੇ ਨਹੀਂ ਦਿਸ ਰਹੀ ਘਰ ਘਰ ਹਨ ਕੁੱਤੇ,
ਨਿਘਰੇ ਪਰ ਹਨ ਸਮਝਦੇ “ਹਾਂ ਅਰਸ਼ਾਂ ਉਤੇ"।
ਉਡ ਪੁਡ ਗਈਆਂ ਸੌਂਚੀਆਂ ਰੁਲ ਗਏ ਅਖਾੜੇ,
ਪੈ ਗਏ ਮੇਰੀ ਸਿਹਤ ਨੂੰ ਚੌਤਰਫੋਂ ਧਾੜੇ ।
ਗਤਕੇ ਨੇਜ਼ਾ ਬਾਜ਼ੀਆਂ ਛਡ ਬੈਠੇ ਸਾਰੇ,
ਚਿੜੀਆਂ ਛਿੱਕੇ ਫੜ ਲਏ ਮੇਮਾਂ ਦੇ ਕਾਰੇ ।

ਬਾਗ ਨ ਕੱਢਣ ਹੁਣ ਕਦੀ ਬੁਢੀਆਂ ਮੁਟਿਆਰਾਂ,
ਗੁਲ ਖਿੜਾਇਆ ਕਮਲੀਆਂ ਕੀ ਲਾਣ ਬਹਾਰਾਂ ?
ਭੁਲੀਆਂ ਡੋਹੇ ਦੇਵਣੇ ਤੇ ਗੀਤ ਬਨਾਣੇ ।
ਕੁੜੀਆਂ ਉਕਾ ਛਡ ਰਹੀਆਂ ਹਨ ਤ੍ਰਿੰਞਣ ਪਾਣੇ ।
ਰਹੀਆਂ ਨਹੀਂ ਕਹਾਣੀਆਂ ਮੇਰੇ ਰੰਗ ਰੱਤੀਆਂ।
ਗਈਆਂ ਬੁਝ ਬੁਝਾਰਤਾਂ ਅਕਲਾਂ ਦੀਆਂ ਬੱਤੀਆਂ ।
ਸੱਦਾਂ ਲਾਣੋਂ ਜੱਟ ਵੀ ਕੰਨੀ ਕਤਰਾਂਦੇ,
ਜੀਵਨ ਵਿਚ ਗੜੁੱਚੀਆਂ ਨਹੀਂ ਛਿੰਝਾ ਪਾਂਦੇ ।
ਢਾਢੀ ਨਹੀਂ ਸੁਣਾਉਂਦੇ ਅਗ-ਲਾਊ ਵਾਰਾਂ,
ਬੰਨ੍ਹਦੇ ਨਹੀਂ ਬਹਾਦਰੀ ਦੀਆਂ ਟੁੱਟੀਆਂ ਤਾਰਾਂ ।
ਛਾਈਂ ਮਾਈਂ ਹੋ ਗਿਆ ਭੰਡਾਂ ਦਾ ਹਾਸਾ ।
ਬਾਜ਼ੀਗਰਾਂ ਮਦਾਰੀਆਂ ਦਾ ਨਹੀਂ ਤਮਾਸ਼ਾ ।
ਮੇਰੇ ਟੋਟੇ ਕਰ ਰਹੇ ਮੇਰੇ ਪੁਤ ਪਿਆਰੇ,
ਆਪਸ ਦੇ ਵਿਚ ਖਹਿ ਰਹੇ ਕਰਮਾਂ ਦੇ ਮਾਰੇ ।
ਬੁਲ੍ਹੇ ਵਰਗਾ ਸਾਈਂ ਨਹੀਂ ਜੋ ਸਾਫ ਸੁਣਾਵੇ,
ਹਿੰਦੂ ਮੁਸਲਿਮ ਵੀਰ ਦਾ ਨ ਵੈਰ ਪਵਾਵੇ !
ਸ਼ਾਹ ਮੁਹੰਮਦ ਜਿਹੇ ਕਵੀ ਵੀਰਾਂ ਦੀਆਂ ਵਾਰਾਂ,
ਹੁਣ ਵੀ ਗਾਵਣ ਜੋ ਕਦੀ ਮੈਂ ਤਨ ਮਨ ਵਾਰਾਂ,

ਜਿਹੜੇ ਆਪਣੀ ਬੋਲੀਉਂ ਹਨ ਨਹੀਂ ਸ਼ਰਮਾਉਂਦੇ,
ਜਿਹੜੇ ਆਪਣੀ ਪੱਗ ਨੂੰ ਨਹੀਂ ਹੱਥ ਪਵਾਉਂਦੇ,
ਜੁਗ ਤੋਂ ਮੇਰੇ ਵਾਸਤੇ ਜੋ ਲੜਦੇ ਆਏ,
ਮੇਰੇ ਕਿਣਕੇ ਜਗ ਦੇ ਉਤੇ ਚਮਕਾਏ,

ਮੇਰੇ ਨਾਨਕ ਨੂੰ ਨਹੀਂ ਜੋ ਹੁਣ ਤਕ ਭੁਲੇ,
ਜੋ ਬਿਗਾਨੀ ਸਭਿਤਾ ਤੇ ਥੋੜ੍ਹਾ ਡੁਲ੍ਹੇ,
ਜੋ ਸ਼ਹੀਦੀ ਦਿਨ ਪਏ ਚਾ ਨਾਲ ਮਨਾਂਦੇ,
ਜੋ ਵੇਲੇ ਦੀ ਨਾੜ ਨੂੰ ਕੁਝ ਤਾੜੀ ਜਾਂਦੇ,
ਜੋ ਨੀਤੀ ਜਾਨਣ ਲਈ ਹਰ ਹੀਲੇ ਕਰਦੇ,
ਜਿਹੜੇ ਖਾਲਸ ਸਾਦਗੀ ਦੇ ਉੱਤੇ ਮਰਦੇ,
ਜਿਹੜੇ ਗੰਗ ਫਿਰਾਤ ਵਿਚ ਨਹੀਂ ਰੁੜ੍ਹਦੇ ਜਾਂਦੇ,
ਜਿਹੜੇ ਮੇਰੀ ਸਭਿਅਤਾ ਨੂੰ ਰਖਣਾ ਚਾਹੁੰਦੇ,
ਉਹਨਾਂ ਉਤੇ ਫਰਜ਼ ਦਾ ਤੂੰ ਰੂਪ ਚੜ੍ਹਾ ਦੇ,
ਮੇਰੀ ਕਵੀਆ ਪੁਤਰਾ ਇਉਂ ਆਸ ਪੁਗਾ ਦੇ ।

(ਮਾਨਕਿਆਲਾ=ਜਿਲਾ ਰਾਵਲਪਿੰਡੀ ਵਿਚ ਹੈ,
ਜਿੱਥੇ ਕੁਝ ਸਿੰਘਾਂ ਨੇ ਗੁਜਰਾਤ ਦੀ ਆਖਰੀ
ਲੜਾਈ ਲੜ ਕੇ ਮਜਬੂਰਨ ਹਥਿਆਰ ਚੁੰਮ
ਚੁੰਮ ਕੇ ਤੇ ਢਾਹਾਂ ਮਾਰ ਮਾਰ ਕੇ ਸੁੱਟੇ।

ਪਹਿਲੀ ਵਾਰ

੧.
ਉਹ ਆਗੂ ਕੀ ਜੋ ਵਕਤ ਸਿਰ ਅਪਣੇ ਦਾ ਨ ਬਦਲਾ ਦਵੇ ?
ਉਹ ਸਿਆਸਤ ਕੀ ਜੋ ਮੁਲਕ ਨੂੰ ਦੁੱਖਾਂ ਦੇ ਮੂੰਹ ਵਿਚ ਪਾ ਦਵੇ ।
ਦੱਸੋ ਨ ਉਹ ਵੀ ਅਕਲ ਹੈ ਜਿਹੜੀ ਨਕਸਾਨ ਕਰਾ ਦਵੇ ।
ਉਹ ਸ਼ਾਂਤੀ ਕੀ ਜੋ ਦੇਸ ਨੂੰ ਗਿੱਦੜ ਤੋਂ ਵਧ ਬਣਾ ਦਵੇ ।

੨.
ਗੁਰੂ ਹਰਗੋਬਿੰਦ ਨੇ ਸੋਚਿਆ ਕਿ ਸ਼ਾਂਤ ਮਈ ਪਲਟਾ ਦਿਆਂ ।
ਇਹਦਾ ਤਾਂ ਪਹਿਰਾ ਹੋ ਗਿਆ ਹੁਣ ਡੰਕਾ ਹੋਰ ਵਜਾ ਦਿਆਂ ।
ਪੰਜ ਗੁਰੂਆਂ ਤਾਰੀ ਧਰਤ ਜੋ ਉਹਨੂੰ ਜੱਗ ਤੇ ਚਮਕਾ ਦਿਆਂ ।
ਪੰਜ ਵਹਿਣਾ ਦੇ ਗੁਣ ਮੇਲ ਕੇ ਮੈਂ ਛੇਵਾਂ ਵਹਿਣ ਵਹਾ ਦਿਆਂ ।
ਹਿੰਮਤ ਦੀ ਪਿੱਠੇ ਫੇਰ ਹੱਬ ਆਲਸ ਦੇ ਹੱਡ ਕੜਕਾ ਦਿਆਂ ।
ਜੋ ਜ਼ਾਲਮ ਨੂੰ ਚੁੰਧਿਆ ਦਵੇ ਉਹ ਚਾਨਣ ਅਖੀਂ ਪਾ ਦਿਆਂ ।
ਜੋ ਤਾਕਤ ਰੋਕੇ ਜੀਣ ਤੋਂ ਉਹ ਜ਼ੋਰ ਨਖਿੱਧ ਬਣਾ ਦਿਆਂ ।
ਜੋ ਦਰਿਆ ਰੋੜ੍ਹੇ ਖੇਤੀਆਂ ਉਸ ਨੂੰ ਤੇ ਠੱਲਾਂ ਪਾ ਦਿਆਂ ।
ਕਰ ਕਰ ਕੇ ਨਿਤ ਸ਼ਕਾਰ ਮੈਂ ਸਿੱਖਾਂ ਨੂੰ ਹੁਨਰ ਸਿਖਾ ਦਿਆਂ ।
ਸਦੀਆਂ ਦੇ ਬੁਝੇ ਹੌਂਸਲੇ ਵਾਰਾਂ ਸੁਣਵਾ ਜਗਵਾ ਦਿਆਂ ।
ਵੇਲੇ ਸਿਰ ਝੱਟ ਲੰਘਾਣ ਨੂੰ ਇਕ ਕਿਲਾ ਜਿਹਾ ਬਣਵਾ ਦਿਆਂ ।
ਸਿੱਖਾਂ ਦਾ ਕਰ ਇਨਸਾਫ ਮੈਂ ਹੱਕ ਕੀ ਹੁੰਦਾ ? ਸਮਝਾ ਦਿਆਂ ।
ਹੱਕ ਲੈਣਾ ਹੀ ਹੈ ਜ਼ਿੰਦਗੀ ਰਮਜ਼ਾਂ ਦੀ ਰਮਜ਼ ਸੁਝਾ ਦਿਆਂ।

੩.
ਹੁਣ ਹੋਰ ਜ਼ਮਾਨਾ ਆਗਿਆ ਤੇ ਲਗੀਆਂ ਹੋਣ ਤਿਆਰੀਆਂ ।
ਇਸ ਤਰਫ ਪਲੱਥੇ ਬਾਜ਼ੀਆਂ ਤੇ ਓਧਰ ਘੋੜ ਅਸਵਾਰੀਆਂ ।
ਧੜਵਈਆਂ ਤੇਗਾਂ ਲੀਤੀਆਂ ਇਹ ਖੇਡਾਂ ਲਗੀਆਂ ਨਿਆਰੀਆਂ ।
ਵੇਂਹਦੇ ਵੇਂਹਦੇ ਹੋ ਚਲੀਆਂ ਖੇਤਾਂ ਤੋਂ ਵਧ ਕਿਆਰੀਆਂ ।
ਪਾਪਾਂ ਦੇ ਦੀਵੇ ਹਿਸ ਗਏ ਜਦ ਪੁੰਨਾਂ ਕਿਰਨਾਂ ਮਾਰੀਆਂ।
ਬੰਦਸ਼ ਸਿਰ ਨੀਵਾਂ ਪਾ ਲਿਆ ਤੇ ਲਗੀਆਂ ਹੋਣ ਖਵਾਰੀਆਂ ।

੪.
ਜਹਾਂਗੀਰ ਨੇ ਉਸ ਵਕਤ ਕਈ ਰੰਗ ਦਿਖਾਏ ।
ਮੀਰੀ ਪੀਰੀ ਦੇ ਧਨੀ ਵਿਚ ਜੇਲ ਪਵਾਏ ।
ਫੇਰ ਤਰੰਗਾਂ ਉਠੀਆਂ ਬੰਦੀਓਂ ਛੁਡਵਾਏ ।
ਮੁੜਕੇ ਨਾਲ ਰਲਾ ਲਏ ਫਿਰ ਦੂਰ ਬਹਾਏ ।
ਸਤਿਗੁਰ ਵੀ ਰਹੇ ਤਾੜ ਦੇ ਸਭ ਵਕਤ ਲੰਘਾਏ ।
ਸਿੱਖ ਸਾਰੇ ਸਨ ਸਹਿਕਦੇ ਵੇਲਾ ਹੱਥ ਆਏ ।

੫.
ਜਹਾਂਗੀਰ ਸੀ ਮਰ ਗਿਆ ਪੁਤ੍ਰ ਨੇ ਰਾਜ ਚਲਾਇਆ ।
ਮੁਗਲਾਂ ਦਾ ਉਡਕੇ ਬਾਜ਼ ਇਕ ਸਿੱਖਾਂ ਦੇ ਡੇਰੇ ਆਇਆ ।
ਸੋਹਣਾ ਚਿਟਾ ਭਾ ਗਿਆ ਤਾਮਾ ਦਖਵਾ ਫੜਵਾਇਆ ।
ਮੁਗਲਾਂ ਕਹਿ ਘਲਿਆ 'ਦੇ ਦਿਓ' ਇਨ੍ਹਾਂ ਨ ਪਕੜਾਇਆ ।
ਚੁਕ ਦੇਂਦੇ ਹੀ ਵੈਰੀਆਂ ਅਮ੍ਰਿਤਸਰ ਦਲ ਚੜ੍ਹਵਾਇਆ।
ਜਿਥੇ ਹੁਣ ਕਾਲਜ ਸੋਭਦਾ ਏਥੇ ਸਿੱਖਾਂ ਅਟਕਾਇਆ ।

੬.
ਓਧਰ ਹਠੀਏ ਖਾਨ ਸਨ ਏਧਰ ਸਿੱਖ ਭੜਕੇ ।
ਖੜ ਗਏ ਸਾਹਵੇਂ ਮੌਤ ਦੇ ਦੋਵੇਂ ਹੀ ਅੜਕੇ ।
ਸੂੰ ਸੂੰ ਕਰਕੇ ਗੋਲੀਆਂ ਲਾ ਦਿਤੇ ਤੜ ਕੇ ।
ਇਕ ਦੂਜੇ ਦੇ ਵਾਰ ਤੋਂ ਠੰਡੇ ਹੋਏ ਸੜਕੇ।
ਕੰਨ ਪਾਟੇ ਸਨ ਜ਼ੁਲਮ ਦੇ ਐਡੇ ਹੋਏ ਖੜਕੇ ।
ਬਿਦ ਬਿਦ ਬਦਲਾਂ ਵਾਂਗਰਾਂ ਦੋਵੇਂ ਦਲ ਕੜਕੇ ।
ਭਾਦੋਂ ਦੇ ਨਹੀਂ ਵਹਿਣ ਸਨ ਜੋ ਲਹਿੰਦੇ ਚੜ੍ਹਕੇ ।
ਤਰਲੇ ਪਾਏ ਨ ਕਿਸੇ ਰਤ ਅੰਦਰ ਹੜਕੇ ।
ਪਹਿਲੀ ਵਾਰੀ ਜੰਗ ਚੋਂ ਸਿੱਖ ਸਨ ਕੁਝ ਧੜਕੇ ।
ਮੁੱਖੀਏ ਸਿੱਖਾਂ ਦੇਖਿਆ ਤੇ ਬੋਲੇ ਖੜਕੇ !
"ਪਿਛਾਂ ਨਾ ਮੁੜਦਾ ਸੂਰਮਾ ਰਣ ਅੰਦਰ ਵੜਕੇ ।
'ਸੂਰਾ ਸੋ ਪਹਿਚਾਨੀਏ' ਮਰ ਜਾਓ ਪੜ੍ਹਕੇ ।
ਬਾਜ਼ ਨਹੀਂ ਜੇ, ਹੱਕ ਦਾ ਜੁਧ ਜਾਣਾਂ ਲੜਕੇ ।"

੭.
ਸਿੱਖ ਸੁਣਦੇ ਹੀ ਮੱਚ ਗਏ ਤੇਗਾਂ ਚਮਕਾਈਆਂ ।
ਉਹ ਅਣਖੀ ਬ੍ਹਾਵਾਂ ਉਠੀਆਂ ਤੇ ਲਹਿਰਾਂ ਲਾਈਆਂ ।
ਉਹ ਲੋਹ ਜ਼ਬਾਨਾ ਹਿਲੀਆਂ ਜਿੰਦਾਂ ਧਮਕਾਈਆਂ ।
ਉਹ ਪਈਆਂ ਬਿਜਲੀ ਦੀ ਤਰ੍ਹਾਂ ਕਈ ਦੇਹਾਂ ਢਾਈਆਂ।
ਉਨਾਂ ਨੇ ਵਧ ਵਧ ਕਾਲ ਨੂੰ ਦੇ ਦਿਤੀਆਂ ਸਾਈਆਂ ।
ਸਭ ਫੌਜਾਂ ਮੁਖਲਿਸ ਖਾਂ ਦੀਆਂ ਡਰੀਆਂ ਘਬਰਾਈਆਂ ।
ਉਹ ਓਧਰ ਪਤਰਾ ਵਾਚੀਆਂ ਜਿਥੋਂ ਸਨ ਆਈਆਂ ।
ਸਿੱਖਾਂ ਨੇ ਰਣ ਨੂੰ ਸਾਂਭਿਆ ਤੇ ਧੁੰਮਾਂ ਪਾਈਆਂ !
ਬਸ ਹੱਕ ਦੀ ਪਹਿਲੀ ਜਿਤ ਤੇ ਹੋਈਆਂ ਰੁਸ਼ਨਾਈਆਂ ।

ਦਸ਼ਮੇਸ਼ ਦੀ ਵਾਰ

੧.
ਦੱਸਿਆ ਔਰੰਗਜ਼ੇਬ ਨੇ ਜਦ ਹੱਥ ਕਰਾਰਾ,
ਉਸ ਵੇਲੇ ਇਨਸਾਫ ਦਾ ਨ ਚੱਲਿਆ ਚਾਰਾ ।
ਅੰਨ੍ਹੇਵਾਹ ਚੜ੍ਹਦਾ ਗਿਆ, ਮਜ਼ਹਬ ਦਾ ਪਾਰਾ ।
ਭੁੰਜੇ ਲੱਥਾ ਰਹਿਮ ਸੀ ਦੁੱਖ ਵੰਡਣ ਹਾਰਾ ।
ਪ੍ਰੀਤ ਮੁਹੱਬਤੋਂ ਸੱਖਣਾ ਹੋਇਆ ਹਿੰਦ ਸਾਰਾ ।
ਚੜ੍ਹਿਆ ਚੰਨ ਹਨੇਰ ਦਾ ਲੁੱਕਿਆ ਪੁੰਨ ਤਾਰਾ।

੨.
ਪੰਡਿਤ ਗਏ ਕਸ਼ਮੀਰ ਦੇ ਨੌਵੇਂ ਗੁਰ ਪਾਸ ।
"ਸਵਰਗਪੁਰੀ" ਕਸ਼ਮੀਰ ਦਾ ਹੋਇਆ ਹੈ ਨਾਸ ।
ਹਰ ਹਿੰਦੂ ਦੇ ਰੁਕ ਰਹੇ ਹਨ ਹਰ ਦਮ ਸਾਸ ।
ਅਸਲੀ ਮੋਮਨ ਰਾਜ ਤੋਂ ਹੋ ਰਹੇ ਨਿਰਾਸ ।
ਜ਼ੋਰੀਂ ਮੂੰਹੀਂ ਤੁੰਨ ਦੇ ਹੱਡ ਨਾਲੇ ਮਾਸ ।
ਭਾਗਾਂ ਭਰੀ ਭੋਂ ਕਹਿ ਰਹੀ ਕਰ ਪੂਰੀ ਆਸ ।
ਚੰਨ ਹੈਂ ਤੂੰ ਹੀ ਧਰਮ ਦਾ ਕੰਮ ਕਰਦੇ ਰਾਸ ।

ਕਿਹੜੇ ਦੁਖੜੇ ਦੱਸੀਏ ? ਹੇ ਦੀਨ ਦਿਆਲ,
ਜ਼ਾਲਮ ਛਿੱਤਰ ਸੀ ਰਹੇ ਜੰਜੂ ਦੇ ਨਾਲ !
ਸਿਰ ਤੇ ਹਰਦਮ ਕੜਕਦਾ ਸ਼ਰਏਈ ਕਾਲ ।
ਟਾਲ ਨ ਸੱਕਿਆ ਇਕ ਵੀ ਮਾਈ ਦਾ ਲਾਲ ।
ਪੈਰ ਪਾਪ ਦੇ ਲਗ ਗਏ ਪੁੰਨ ਮਾਰੀ ਛਾਲ ।
ਭੁੱਲੀ ਸਾਨੂੰ ਜਾ ਰਹੀ ਅਪਣੀ ਹੀ ਚਾਲ ।
ਔਰੰਗਜ਼ੇਬੀ ਹੁਕਮ ਦਾ ਆ ਰਿਹਾ ਭੁਚਾਲ,
ਇਟ ਇਟ ਸਾਰੀ ਹੋ ਗਈ ਮੰਦਰਾਂ ਦੀ ਪਾਲ।
ਫੁਟ ਫੁਟ ਚਸ਼ਮੇ ਰੋ ਰਹੇ ਤਕ ਸਾਡਾ ਹਾਲ ।
ਲਿੱਧੜ ਨੈਂ ਸਿਰ ਪਟਕਦੀ ਪੱਥਰਾਂ ਦੇ ਨਾਲ ।
ਵਾ ਠੰਢੀ ਹੈ ਹੋ ਗਈ ਪਈ ਬਰਫ ਨਢਾਲ ।
ਚੀਲਾਂ ਪਾਨ ਦੁਹਾਈਆਂ ਹੋ ਕੇ ਬੇਹਾਲ ।
ਸੱਭੇ ਦਿਓਤੇ ਕੰਦਰੀਂ ਆਏ ਹਾਂ ਭਾਲ।
ਤੂੰ ਹੀ ਸੁਕਦੀ ਕੌਮ ਦੀ ਸਾਈਆਂ ਜੜ ਪਾਲ ।
ਰਹੇ ਹੁਲਾਰੇ ਖਾਂਵਦੀ ਹੱਥਾਂ ਵਿਚ ਮਾਲ ।
ਤਿਲਕਾਂ ਵਾਲੇ ਜਾਨ ਨ ਭਾਰਥ ਤੋਂ ਭਾਲ ।

੩.
ਜਾ ਲੜੇ ਸੰਗ ਜ਼ੁਲਮ ਦੇ ਗੁਰ ਬਿਨ ਹਥਿਆਰ ।
ਬਾਲਕ ਗੋਬਿੰਦ ਰਾਏ ਨੇ ਬਾਪੂ ਨੂੰ ਵਾਰ,
ਸਾਫ਼ ਦਿਖਾਇਆ ਹਿੰਦ ਨੂੰ ਕੀ ਹੈ ਉਪਕਾਰ ?
ਠੰਡੀ ਅਗ ਲਗਣ ਲਗੀ ਹਰ ਹਿੱਕ ਵਿਚਕਾਰ ।
ਕਿੱਦਾਂ ਚਮਕੇ ? ਸਤਗੁਰੁ ਨੇ ਲੀਤਾ ਧਾਰ ।
ਕੰਮ ਨਹੀਂ ਬਨਣਾ ਇਸ ਵਕਤ ਬਿਨ ਇਕ ਤਲਵਾਰ ।
ਰਖੇ ਸੋਹਣੇ ਸੂਰਮੇ ਬਾਂਕੇ ਅਸਵਾਰ ।
ਫੌਜਾਂ ਹੀ ਬਚਵਾਨ ਆ ਜ਼ੁਲਮੋਂ ਸੰਸਾਰ ।
ਫੌਜਾਂ ਦਾ ਨਾਂ ਅਮਨ ਹੈ ਕੱਢਿਆ ਤਤਸਾਰ ।
ਵਧਦੇ ਦਲ ਨੂੰ ਦੇਖ ਕੇ ਰਾਜੇ ਬਦਕਾਰ,
ਚੜ੍ਹਦੇ ਦੇਖ ਇਕਬਾਲ ਨੂੰ ਖਾਂਦੇ ਸਨ ਖਾਰ ।

ਚੋਟਾਂ ਨਿਤ ਲਾਉਂਦੀ ਰਹੀ ਧੌਂਸੇ ਦੀ ਵਾਜ,
ਰਾਜੇ ਸਮਝੇ ਖਸਣਾ ਹੈ ਗੁਰ ਨੇ ਰਾਜ ।
ਸ਼ਾਹਾਂ ਨਾਲ ਰਿਆਸਤਾਂ ਦਾ ਰਹਿੰਦਾ ਪਾਜ ।
ਨਾਲ ਗੁਰੂ ਦੇ ਕਿਸ ਤਰ੍ਹਾਂ ਚਲਣਾ ਹੈ ਕਾਜ ?
ਜਿਹੜਾ ਆਖੇ ਇੱਕ ਹੈ ਸਭ ਰਾਜ ਸਮਾਜ ।
ਚਿੜੀਆਂ ਦੇ ਮੂੰਹ ਪਾ ਰਿਹਾ ਬਾਜਾਂ ਦਾ ਖਾਜ ।
ਜਾਣੇ ਸ਼ਹਿਨਸ਼ਾਹੀਅਤ "ਕੂੜਾਵਾ ਸਾਜ''।
ਮੰਨੇ ਇਕ ਅਕਾਲ ਨੂੰ ਛੱਡ ਕੁਲ ਰਵਾਜ ।
ਹੱਥ ਵਿਚ ਰਖਣਾ ਚਾਹੁੰਦਾ ਹੈ ਹੱਕ ਦਾ ਬਾਜ ।
ਰੱਖੇ ਕਲਗੀ ਅਣਖ ਦੀ ਅਕਲਾਂ ਦਾ ਤਾਜ ।
ਚੌਰੀ ਵਾਕਰ ਝੂਮਦੀ ਮੁਖ ਉਤੇ ਲਾਜ ।
ਆਖੇ ਆਖਰ ਹੋਏਗਾ ਹਿੰਦ ਵਿਚ ਸਵਰਾਜ ।

੪.
ਗੁਰ ਜਸ ਦੀ ਧੁਪ ਆ ਪਈ ਤੇ ਰਾਜੇ ਗਲ ਕੇ,
ਭੰਗਾਣੀ ਵਲ ਆਈਆਂ ਕਈ ਧਾਰਾਂ ਰਲ ਕੇ ।
ਪਟੇ ਖੜੱਪਿਆਂ ਦੀ ਤਰ੍ਹਾਂ ਚਲਦੇ ਸਨ ਵਲ ਕੇ ।
ਖੰਡੇ ਮੱਛਾਂ ਵਾਂਗਰਾਂ ਆਏ ਸਨ ਪਲ ਕੇ ।
ਸੰਸਾਰਾਂ ਦੇ ਵਾਕਰਾਂ ਖੰਡੇ ਸਨ ਝਲਕੇ ।
ਜਦ ਕੁਝ ਪੂਰ ਚੜ੍ਹਾ ਲਏ ਤਲਵਾਰਾਂ ਚਲ ਕੇ ।

ਤਦ ਏਧਰ ਦੇ ਸੂਰੇ ਧਾਏ ਗਰਜਦੇ ।
ਮੌਤੋਂ ਜ਼ਰਾ ਨ ਝੂਰੇ, ਖੰਡੇ ਵਾਹੁੰਦਿਆਂ ।
ਕਰਨ ਲਗ ਪਏ ਚੂਰੇ ਦੁਸ਼ਮਨ ਫੌਜ ਦੇ ।
ਨਾਗਣੀਆਂ ਨੇ ਪੂਰੇ ਮਾਰੇ ਡੰਗ ਆ ।

੫.
ਜ਼ਖਮ ਹੋਇਆ ਗੁਰਦੇਵ ਨੂੰ ਕੀ ਕਰਾਂ ਬਿਆਨ ?
ਜੋਸ਼ ਸੁਗੰਧੀ ਨਾਲ ਉਹ ਮੱਘ ਗਿਆ ਜਵਾਨ ।
ਸੱਟੇ ਲਾਂਬੇ ਅੱਗ ਦੇ ਖਿੱਚ ਖਿੱਚ ਕਮਾਨ।
ਫੂਕੇ ਧੋਖੇ ਦੇ ਧਣੀ ਕਪਟੀ ਭਲਵਾਨ ।
ਬੁੱਧੂ ਸ਼ਾਹ ਨੇ ਸੁਣ ਲਿਆ ਕਿ ਕਾਲੇ ਖਾਨ,
ਸਤਗੁਰ ਪਾਸ ਰਖਾਇਆ ਸੀ ਮੈਂ ਹਿੱਕ ਤਾਨ ।
ਗੁਰੂ ਦੇ ਸਾਹਵੇਂ ਲੜ ਰਿਹਾ ਹੈ ਓਹ ਸ਼ੈਤਾਨ।
ਜਾ ਰਲਿਆ ਸੰਗ ਰਾਜਿਆਂ ਦੇ ਬੇਈਮਾਨ ।
ਸ਼ੂਦਰ ਨੂੰ ਨਹੀਂ ਸਮਝਦੇ ਜੋ ਕਿ ਇਨਸਾਨ ।
ਜਿਹੜੇ ਨਾਲ ਔਰੰਗ ਦੇ ਯਾਰੀ ਪਏ ਲਾਨ,
ਓਹਨਾਂ ਦਾ ਤਾਂ ਤੋੜਨਾ ਹੈ ਅਜ ਹੀ ਮਾਨ।
ਰਖਣੀ ਹੱਕ ਦੇ ਰਾਜ ਦੀ ਹਿੰਦ ਉੱਤੇ ਸ਼ਾਨ ।
ਝਟ ਪਟ ਪੁੱਤ ਮੁਰੀਦ ਲੈ ਸਯਦ ਸੁਲਤਾਨ,
ਗੱਜਿਆ ਸ਼ੇਰਾਂ ਦੀ ਤਰ੍ਹਾਂ ਓਹ ਬੁੱਢਾ ਜਵਾਨ ।
ਰਾਜੇ ਰੂਜੇ ਭਜ ਗਏ ਲੈ ਜਿੰਦ ਪ੍ਰਾਣ ।
ਹਕ ਦੀ ਖਾਤਰ ਲੜ ਗਿਆ ਇਕ ਮੁਸਲਮਾਨ ।

ਰਾਜਿਆਂ ਦੇ ਕੰਮ ਰਹੇ ਗੁਰੂ ਸਾਰਦੇ ।
ਪੁੱਛਿਆ ਕਿੰਨੀ ਵਾਰੀ ਨਾਲ ਪਿਆਰ ਦੇ,
ਕਿਸ ਲਈ ਵਾਰ ਬਣੇ ਹੋ ਪਾਪ ਹੱਥਿਆਰ ਦੇ ?
ਇਕ ਮੁੱਠ ਹੋ ਕੇ ਦੱਸੋ ਹੱਥ ਤਲਵਾਰ ਦੇ ।
ਬਣੋ ਨ ਸਿੱਧੇ ਰਸਤੇ ਸ਼ਾਹੀ ਧਾਰ ਦੇ ।
ਕਿਉਂ ਭਾਰਥ ਦੀ ਚਰਣੀਂ ਅਗ ਖਲਾਰਦੇ ?
ਰਾਜੇ ਵੀ ਨ ਮੰਨੇ ਸਾੜੇ ਖਾਰ ਦੇ ।

੬.
ਸ਼ਾਹ ਨੂੰ ਖਬਰ ਪੁਚਾਈ, ਸਾਰੇ ਰਾਜਿਆਂ ।
"ਡਾਢੀ ਲਹਿਰ ਚਲਾਈ ਗੋਬਿੰਦ ਸਿੰਘ ਨੇ ।
ਫੌਜੀ ਕੌਮ ਬਣਾਈ ਜਾਂਦਾ ਜੇ ਪਿਆ ।
ਸਿੱਖਾਂ ਖੂਬ ਘੁਕਾਈ 'ਹੋਂਦਾ ਜ਼ੁਲਮ ਹੈ ।
ਹਾਕਮ ਤਾਂ ਮਨ ਭਾਈ ਕਰਦੇ ਨੇਂ ਪਏ ।
ਹਰ ਸਿਰ ਤੇ ਲਿਸ਼ਕਾਈ ਤੇਗ ਇਸਲਾਮ ਦੀ ।'
ਜਿੰਨੀ ਆਪ ਦਨਾਈ ਕਰਦੇ ਹੋ ਪਏ,
ਸਾਰੀ ਖੂਹ ਵਿਚ ਪਾਈ ਕਰ ਕੇ ਸਾਜ਼ਸ਼ਾਂ ।
ਭੋਂ ਨੂੰ ਜਾਣ ਦਬਾਈ ਮੁੱਛਾਂ ਚਾੜ੍ਹ ਕੇ ।
ਦੇਣ ਹਮੇਸ਼ਾਂ ਸਾਈ ਸਾਨੂੰ ਜੰਗ ਦੀ ।
ਸਾਡੀ ਖਬਰ ਨ ਕਾਈ ਲਈ ਹਜ਼ੂਰ ਨੇ ।
ਕ੍ਰਿਸ਼ਨ ਵਾਂਗ ਸਹਾਈ ਹੋਵੋ ਸ਼ਹਿਨਸ਼ਾਹ ।"
ਔਰੰਗ ਨੀਵੀਂ ਪਾਈ ਗਿਣਦਾ ਗੀਟੀਆਂ ।
ਸੇਵਾ ਜੀ ਨੇ ਲਾਈ ਹੈ ਅਗ ਦੂਰ ਤੋਂ ।
ਗੋਬਿੰਦ ਸਿੰਘ ਮਚਾਈ ਦਿੱਲੀ ਵਿਚ ਜਿਵੇਂ ।
ਮੁਗਲਾਂ ਨਿੱਤ ਦਬਾਈ ਧਰਤ ਪੰਜਾਬ ਦੀ,
ਤਾਂ ਵੀ ਗੁਰੂ ਬਣਾਈ ਏਥੋਂ ਕੌਮ ਆ ।
ਗਲ ਕੀ ਫੌਜ ਚੜਾਈ ਆਨੰਦ ਸ਼ਹਿਰ ਤੇ ।

੭.
ਭੀਮ ਚੰਦ ਰਾਜੇ ਨੇ ਕੱਛਾਂ ਮਾਰੀਆਂ।
ਬਾਜ਼ਯੀਦ ਤੋਂ ਹੋਈਆਂ ਜੁਗਤਾਂ ਭਾਰੀਆਂ।
ਅਜ ਬਾਗੀ ਦੀਆਂ ਕਰ ਕੇ ਦੱਸੋ ਖਵਾਰੀਆਂ ।
ਸੁਫਨਾ ਹੋਣ ਓਹ ਗੱਲਾਂ ਜੋ ਸੂ ਧਾਰੀਆਂ ।

ਗੱਜਿਆ ਵਾਂਗੂੰ ਕਾਲ ਦੇ ਰਣਜੀਤ ਨਗਾਰਾ।
ਰਾਜਿਆਂ ਦਾ ਧਮਕਿਆ ਦਲ ਪਾਪ ਪਿਆਰਾ।
ਗਰਦਾਂ ਸੂਰਜ ਢੱਕਿਆ ਕਰ ਧੁੰਦੂਕਾਰਾ ।
ਛੇਵੇਂ ਦਿਨ ਨ ਹੋਇਆ ਜਦ ਪਾਰ ਉਤਾਰਾ।
ਚੜ੍ਹਿਆ ਬਾਜਾਂ ਵਾਲੜਾ ਜਰਨੈਲ ਕਰਾਰਾ ।
ਰੱਤਾ ਵਹਿਣ ਵਹਾਇਆ ਕਿ ਜ਼ੁਲਮ ਕਨਾਰਾ,
ਆਪੇ ਅਪਣਾ ਕਰ ਲਵੇ ਨ ਪਵੇ ਕਸਾਰਾ ।
ਛੱਡਿਆ ਵਾਂਗੂੰ ਨਾਗ ਦੇ ਹਰ ਤੀਰ ਨਿਆਰਾ।
ਦਿਨ ਦੀਵੀਂ ਹੀ ਦਿੱਸਿਆ ਜ਼ਾਲਮ ਨੂੰ ਤਾਰਾ।

ਵੱਧਿਆ ਖਾਨ ਅਜ਼ੀਮ ਵੀ ਝਟ ਸੈਫ ਘੁਮਾਈ ।
ਗੁਰ ਨੇ ਦਾ ਬਚਾ ਲਿਆ ਤੇ ਤੇਗ ਚਲਾਈ ।
ਹੋਣੀ ਵਾਂਗੂੰ ਜਾਪਈ ਬਿਜਲੀ ਬਨ ਆਈ ।
ਜਿਸ ਦੇ ਸਿਰ ਤੇ ਜਾ ਚੜ੍ਹੀ ਰੱਤ ਗੰਗ ਵਹਾਈ ।

ਖਿੱਦੋ ਵਾਂਗੂੰ ਰੇੜ੍ਹਿਆ ਸਤਗੁਰ ਨੇ ਪੈਂਦਾ।
ਜਿਹੜਾ ਆਉਂਦਾ ਸਾਹਮਣੇ ਮੂੰਹ ਪਰਨੇ ਪੈਂਦਾ।
ਜਿੱਦਾਂ ਚਰਣੀਂ ਪੈਂਦਿਆਂ ਸੀ ਮਾਫੀ ਲੈਂਦਾ।
ਭੀਮਾ ਜ਼ਖਮੀ ਹੋ ਗਿਆ ਕਿੱਦਾਂ ਬਚ ਰਹਿੰਦਾ ?
ਮੂੰਹ ਭੌਂ ਜਾਂਦਾ ਓਸ ਦਾ ਜੋ ਆ ਕੇ ਖਹਿੰਦਾ।
ਕਲਗੀਧਰ ਦੇ ਵਾਰ ਤੋਂ ਦਲ ਮੁੜਿਆ ਛਹਿੰਦਾ ।
ਨੱਸਿਆ ਸਿਪਾਹਸਲਾਰ ਵੀ ਈਕਣ ਗਲ ਕਹਿੰਦਾ:-
"ਮਲਕੁਲ ਮੌਤ ਵੀ ਕੰਬਦੀ ਸਾਥੋਂ ਨਹੀਂ ਢਹਿੰਦਾ ।"

੮.
ਸੁਣਿਆ ਔਰੰਗਜ਼ੇਬ ਨੇ ਨੱਕ ਵਿਚੋਂ ਠੂੰਹੇਂ ਝਾੜਦਾ ।
ਪੁੱਛਿਆ ਕੀ ਗੁਰ ਵਿਚ ਆ ਗਿਆ ਜੋ ਮੁਗਲਾਂ ਨੂੰ ਹੈ ਦਾੜ੍ਹਦਾ ?
ਉਸ ਲਸ਼ਕਰ ਤਾ ਕੇ ਘੱਲਿਆ ਜਿਉਂ ਪਹਿਲਾ ਦਿਨ ਸੀ ਹਾੜ ਦਾ ।
ਜਾਲੰਧਰੋਂ ਸਫਦਰ ਖਾਨ ਵੀ ਚੜ੍ਹ ਆਇਆ ਸ਼ੇਖ਼ੀ ਸਾੜਦਾ।
ਪੁੱਛਦੇ ਸਨ ਕਿਹੜਾ ਪੀਰ ਹੈ ਮੁਗਲੇਈ ਰਾਜ ਉਖਾੜਦਾ ?
ਉਹ ਕਿਹੜਾ ਜਗ ਤੇ ਜੰਮਿਆ ਜੋ ਸ਼ਰਆ ਕਤੇਬਾਂ ਪਾੜਦਾ ?
ਕਲਗੀਧਰ ਵੀ ਰਾਹ ਦੇਖਿਆ ਪ੍ਰੀਤੀ ਲੁਟ-ਖੜਨੀ ਧਾੜ ਦਾ।

੯.
ਝੱਖੜ ਵਾਂਗ ਅਜੀਤ ਸਿੰਘ ਵੈਰੀ ਵਲ ਝੁੱਲਿਆ,
ਅਗਲੀਆਂ ਪਾਲਾਂ ਉੱਡੀਆਂ ਬਹੁਤਾ ਦਲ ਰੁੱਲਿਆ ।
ਧਰਤੀ ਪਿਆਸ ਬੁਝਾ ਲਈ ਏਨਾ ਲਹੂ ਡੁਲ੍ਹਿਆ ।
ਮਿੱਝਾਂ ਨਾੜਾਂ ਦੇਖ ਕੇ ਭੈਰਉਂ ਵੀ ਫੁੱਲਿਆ ।
ਕਲਗੀਧਰ ਦੀ ਤੇਗ ਦਾ ਸੀ ਜੌਹਰ ਖੁਲ੍ਹਿਆ ।

ਕਾਲੀ ਵਾਕਰ ਨੱਚ ਪਈ ਓਹ ਨਾਜ਼ੋ ਗੋਰੀ ।
ਰੱਤ ਦੇ ਅੰਦਰ ਵਹਿੰਦਿਆਂ ਉਹ ਰਹਿ ਗਈ ਤੋਰੀ ।
ਤਰਲੇ ਜ਼ਾਲਮ ਪਾਉਂਦੇ ਸਨ ਹੋ ਗਈ ਛੋਰੀ ।
ਜਿੰਦਾਂ ਸਾਹਵੇਂ ਲੁੱਟੀਆਂ ਨ ਕੀਤੀ ਚੋਰੀ ।

੧੦.
ਮੁੜ ਜਾਬਰ ਦਲ ਆ ਗਏ ਤੇ ਘੇਰਾ ਪਾਇਆ ।
ਭੁੱਖਾਂ ਮੂੰਹ ਦਖਾਇਆ ਸਿੰਘਾਂ ਨੂੰ ਤਾਇਆ ।
ਸੁੱਕੇ ਕਾਨੇ ਹੋ ਗਏ ਸਾਹ ਬਾਹਰ ਆਇਆ ।
ਸਿੰਘਾਂ ਦਾ ਦਿਲ ਡੋਲਿਆ ਨੱਸ ਜਾਣਾ ਚਾਹਿਆ ।
ਕਲਗੀਧਰ ਸਨ ਕਹਿ ਰਹੇ "ਕਿਉਂ ਚਿੱਤ ਡੁਲਾਇਆ ?"
ਸਿੰਘ ਸਮਝੇ ਨ ਦੂਰ ਦੀ ਹੱਠ ਰਖ ਵਖਾਇਆ ।
ਕਿਸ ਤੋਂ ਭੁੱਖ ਦੇ ਦੁਖ ਨੇ ਕੀ ਨਹੀਂ ਕਰਾਇਆ ?
ਓਹਨਾਂ ਜੀਭਾਂ ਕੱਢੀਆਂ ਇੰਜ ਚਮਕ ਸੁਣਾਇਆ:-
"ਕਿਉਂ ਸਮਝੌਤੇ ਛੱਡ ਕੇ ਦੁੱਖ ਗਲੇ ਪਵਾਇਆ ?
ਕੀ ਸੀ ਛਡਦੋਂ ਕੋਟ ਨੂੰ ਕਿਉਂ ਆਢਾ ਲਾਇਆ ?
ਤੂੰ ਤਾਂ ਪਿਛਲੇ ਜਨਮ ਦਾ ਹੈ ਵੈਰ ਕਮਾਇਆ।
ਸਿੱਖ ਨ ਤੇਰੇ ਹਾਂ ਅਸੀਂ ਕੰਨੀ ਹੱਥ ਲਾਇਆ !

ਸੂਰਜ ਕਿਰਨਾਂ ਸਾਂਭੀਆਂ ਪਈਆਂ ਤਰਕਾਲਾਂ।
ਹੋਣੀ ਦਾ ਮੂੰਹ ਦੱਸਿਆ ਸ਼ਾਮਾਂ ਦਿਆਂ ਵਾਲਾਂ ।
ਸਤਲੁਜ ਸੋਹਣਾ ਭੁੱਲਿਆ ਓਹ ਘੁਮਰਾਂ ਚਾਲਾਂ ।
ਪਿਪਲਾਂ ਤੇ ਨ ਲਾਈਆਂ ਪੌਣਾਂ ਨੇ ਛਾਲਾਂ ।
ਖਾਲੀ ਖਾਲੀ ਜਾਪੀਆਂ ਫਲ ਲੱਦੀਆਂ ਡਾਲਾਂ।
ਫਾਹ ਲੀਤਾ ਸਭ ਪੰਛੀਆਂ ਨੂੰ ਹਿਰਖ ਜੰਜਾਲਾਂ।
ਆਨੰਦਪੁਰੀ ਤੇ ਚੱਲੀਆਂ ਦੁਸ਼ਮਨ ਦੀਆਂ ਚਾਲਾਂ ।

ਉੱਲੂ ਗਿੱਦੜ ਬੋਲ ਪਏ ਸਨ ਉੱਚੀ ਸਾਰੀ ।
ਆਨੰਦ ਪੁਰੀਏ ਰੋ ਪਏ ਪਰ ਢਾਹ ਨ ਮਾਰੀ ।
ਚੁਪ ਚਪੀਤੇ ਤੁਰ ਪਈ ਗੁਰ ਦੀ ਅਸਵਾਰੀ ।
ਠਿੱਲ੍ਹੀ ਪਾਪੀ ਰੋੜ ਵਿਚ ਪੁੰਨ-ਬੇੜੀ ਨਿਆਰੀ ।
ਛੱਡ ਦਿੱਤੀ ਦਸ਼ਮੇਸ਼ ਨੇ ਗੁਰ ਤੇਗ ਕਟਾਰੀ ।
ਸੁੰਜੀ ਹੋਈ ਪੰਜਾਬ ਦੀ ਤਦ ਇਲਮ ਅਟਾਰੀ ।
ਜਿਤਦੀ ਸੀ ਜੋ ਸ਼ਾਹੀਆਂ ਅਜ ਆਪੇ ਹਾਰੀ ।
ਪੁਰੀ ਆਨੰਦ ਨੇ ਖੋਲ੍ਹ ਕੇ ਰੱਖੀ ਹਰ ਬਾਰੀ,
ਕਲਗੀਧਰ ਦਿੱਸਦਾ ਰਹੇ ਮੈਂ ਸਦਕੇ ਵਾਰੀ।
ਕਹਿੰਦੀ ਸੀ "ਅਜ ਵਿੰਨ੍ਹ ਗਈ ਹੈ ਹੋਣੀ ਡਾਰੀ ।
ਤਾਂ ਵੀ ਮਰਦੋਂ ਵਧ ਰਹਾਂ ਭਾਵੇਂ ਹਾਂ ਨਾਰੀ ।
ਮੈਂ ਸਿਰ ਉੱਤੇ ਰੱਖਿਆ ਇਕ ਸਿਰ ਉਪਕਾਰੀ।
ਤਨ ਵਿਚ ਸ੍ਰੀ ਦਸ਼ਮੇਸ਼ ਨੇ ਜੋ ਰੂਹ ਉਤਾਰੀ ।
ਖੇਹ ਹੋ ਜਾਵਾਂ ਜਾਏ ਨ ਜਿੰਦ ਬਖਸ਼ਣਹਾਰੀ ।

ਰਾਤ ਹਨੇਰੀ ਠੰਢ ਦੀ ਝੁਲ ਪਈ ਹਨੇਰੀ ।
ਰੁਖ ਚੀਕੇ ਸਨ ਜ਼ੋਰ ਨਾਲ ਕਿਉਂ ਪਾਈ ਫੇਰੀ ?
ਬਿਜਲੀ ਸੀ ਸਮਝਾ ਰਹੀ ਨ ਲਾਵੇ ਦੇਰੀ ।
ਦਗੜ ਦਗੜ ਸਨ ਜਾ ਰਹੇ ਢਾ ਆਲਸ ਢੇਰੀ ।
ਹਿੱਕ ਡਾਹ ਦਿੱਤੀ ਸੜਕ ਨੇ ਤਕ ਤਕ ਦਲੇਰੀ ।
ਪਰ ਸਰਸੇ ਤੇ ਆਨ ਕੇ ਸੈਨਾ ਗਈ ਘੇਰੀ ।
ਦੁਸ਼ਮਨ ਦੀ ਤਾਂ ਫੌਜ ਸੀ ਕਈ ਗੁਣਾਂ ਵਧੇਰੀ ।
ਏਧਰ ਮਸਾਂ ਛਟੈਂਕ ਸੀ ਤੇ ਓਹ ਪਨਸੇਰੀ ।
ਚੱਲੀ ਆਨ ਦੋ ਪਾਸਿਓਂ ਤਲਵਾਰ ਬਥੇਰੀ ।
ਸਾਬ ਗੁਰੂ ਦਾ ਖਿੰਡਿਆ ਪਈ ਮੇਰੀ ਤੇਰੀ ।

੧੧.
ਕੌਮ ਬਣਾਨੀ ਹੈ ਅਜੇ ਦਸਵੇਂ ਗੁਰ ਕਹਿ ਗਏ:-
"ਹੋਇਆ ਕੀ ਪਾਪ ਆ ਪਏ ਜੇ ਕਰ ਪੁੰਨ ਛਹਿ ਗਏ ।
ਓਹ ਨਕੰਮੇ ਹੋ ਗਏ ਜੋ ਦਿਲ ਢਾ ਬਹਿ ਗਏ ।
ਘਿਰ ਗਏ ਵਿਚ ਚਮਕੌਰ ਦੇ ਤੇ ਘੇਰੇ ਪੈ ਗਏ ।

ਸਿੰਘ ਅਜੀਤ ਆ ਗੱਜਿਆ ਭੱਜੇ ਹਰਨੋਟੇ ।
ਸੁੱਟੇ ਕਈ ਅਸਵਾਰ ਸਨ ਜਿਉਂ ਸਿੱਕੇ ਖੋਟੇ ।
ਓਹਦਾ ਘੋੜਾ ਫੇਹ ਗਿਆ ਕਈ ਡਾਢੇ ਝੋਟੇ ।
ਹੱਥੋਂ ਹੱਥ ਸਿਰ ਲਾਹ ਗਏ ਹੱਥ ਛੋਟੇ ਛੋਟੇ ।
ਖਬਰੇ ਫੜ ਲਈ ਤੇਗ ਸੀ ਓਹਦੇ ਹਰ ਪੋਟੇ,
ਕੱਤੇ ਤੱਕਲੇ ਕਾਲ ਤੇ ਉਸ ਖਾਨ ਭੋਰੋਟੇ ।
ਨਿੱਕੀ ਜਿੰਦ ਲਈ ਪੈ ਗਏ ਕਈ ਵੈਰੀ ਮੋਟੇ ।
ਜ਼ਾਲਮ ਵਲ ਮੂੰਹ ਰੱਖਿਆ ਉਹ ਦੇ ਹਰ ਟੋਟੇ ।

ਕੌਮ ਕਿਵੇਂ ਬਣਦੀ ਸਦਾ ਗੁਰ ਨੂੰ ਸਨ ਸਾਰਾਂ,
ਸੋਚ ਲਿਆ ਚੰਨ ਦੂਸਰਾ ਵੀ ਕਿਉਂ ਨ ਵਾਰਾਂ ?
ਲਾਲੀ ਚੜ੍ਹ ਪਈ ਲਾਲ ਨੂੰ ਸੁਣ ਸੋਚ ਵਿਚਾਰਾਂ ।
"ਤੋਰੋ ਮੈਨੂੰ ਵੀ ਪਿਤਾ ਤਲਵਾਰਾਂ ਮਾਰਾਂ ।
ਖਿੱਚਣ ਪਈਆਂ ਦੇਰ ਤੋਂ ਸ਼ਸਤਰ ਝਣਕਾਰਾਂ ।
ਅਸਲ ਵਿਚ ਇਹ ਹੈਨ ਕੀ ਹਨ ਦੇਸ-ਪੁਕਾਰਾਂ ।
ਸਿਰ ਉਤੇ ਹੱਥ ਰੱਖ ਦਿਓ ਜਾ ਦੁੱਖ ਨਿਵਾਰਾਂ ।"
ਸਤਗੁਰ ਜੀ ਨੇ ਚੁੰਮਿਆ ਮੁੱਖ ਨਾਲ ਪਿਆਰਾਂ ।
ਲਾਇਆ ਰੰਗ ਮਦਾਨ ਨੂੰ ਨਿੱਕੇ ਹਥਿਆਰਾਂ ।
ਮੜਿਆ ਮਘਦੀ ਅਗ ਚੋਂ ਕਿ ਪਿਆਸ ਉਤਾਰਾਂ ।
ਕਲਗੀਧਰ ਫੁਰਮਾਇਆ ਪੀ ਤੇਗੋਂ ਧਾਰਾਂ ।
ਦੇਖੀਂ ਕਾਇਰਾਂ ਵਾਲੀਆਂ ਕਰ ਬਹੀਂ ਨ ਕਾਰਾਂ ।
ਦੇਣਗੀਆਂ ਜਿੱਤ ਕੌਮ ਨੂੰ ਜੋ ਦਿੱਸਣ ਹਾਰਾਂ ।
ਡਿੱਗਿਆ ਕੀ ਓਹ ਮੁਲਕ ਨੂੰ ਲਾ ਗਿਆ ਬਹਾਰਾਂ।
ਹੋਂਦਾ ਵੇਦ ਵਿਆਸ ਜੇ ਤਾਂ ਗਾਂਦਾ ਵਾਰਾਂ ।

੧੨.
ਸਤਗੁਰ ਸੋਚ ਦੁੜਾਈ ਸ਼ਾਮਾਂ ਪੈਂਦਿਆਂ ।
ਪੂਣੀ ਵੀ ਨਹੀਂ ਪਾਈ ਕੱਤਣੀ ਗੋੜ੍ਹਿਓਂ ।
ਹੋਣੀ ਸੁਬਾਹ ਸਫਾਈ ਸਾਡੀ ਸਭ ਦੀ ।
ਜੇ ਕਰ ਅਕਲ ਦਖਾਈ ਪੂਰੀ ਤਾਂ ਪਵੂ ।
ਸਿਆਸਤ ਤੋੜ ਪੁਚਾਈ ਹੈ ਨਿੱਤ ਅਕਲ ਨੇ ।
ਅਕਲਾਂ ਬਾਝ ਸਹਾਈ ਕਿਹੜਾ ਹੋਂਵਦਾ ।
ਦਿਲ ਵਿਚ ਗੁਰਾਂ ਵਸਾਈ ਗੜ੍ਹੀਓਂ ਜਾਣ ਦੀ ।
ਸੰਤ ਸਿੰਘ ਨੂੰ ਲਾਈ ਕਲਗੀ ਤੇ ਜਿਗਾ।
ਜ਼ਾਲਮ ਅੱਖੀਂ ਪਾਈ ਮਿੱਟੀ ਆਪ ਨੇ ।
ਸਾਰੀ ਰਾਤੇ ਲੰਘਾਈ ਪੈਂਡਾ ਕਰਦਿਆਂ ।
ਜੁੱਤੀ ਤਾਂ ਅਰੜਾਈ ਚੁੰਮੇ ਚਰਣ ਆ ।
ਚਰਣੋਂ ਰੱਤ ਵਗਾਈ ਸੂਲਾਂ ਤਿੱਖੀਆਂ।
ਪੋਹ ਫ਼ੁਟਾਲੇ ਆਈ ਲਾਲੀ ਦਿਹੁੰ ਦੀ ।
ਮੁੱਕੀ ਦੁੱਖਾਂ ਜਾਈ ਰਾਤ ਹਨੇਰ ਦੀ ।
ਤਿੱਤਰਾਂ ਸਿਫਤ ਸੁਣਾਈ ਇੱਕੋ ਰੱਬ ਦੀ ।
ਜਿਵੇਂ ਗੰਧਰਬਾਂ ਲਾਈ ਆਸਾ ਵਾਰ ਆ ।
ਕੰਡਿਆਂ ਛੇਜ ਵਛਾਈ ਸਤਗੁਰ ਦੇ ਲਈ ।
ਸੱਜੀ ਭੁਜਾ ਟਿਕਾਈ ਹੇਠ ਸੀਸ ਦੇ ।
ਸੰਗ ਕਿਰਪਾਣ ਸਵਾਈ ਪਤਣੀ ਸਤਗੁਰੂ ।
ਨੀਂਦਰ ਅੱਖ ਮਲਾਈ ਇਹਨਾਂ ਨਾਲ ਆ ।
ਦਿਲ ਦੀ ਰਮਜ਼ ਬੁਝਾਈ ਸਤਗੁਰ ਹਸਦਿਆਂ ।
ਨੈਣਾਂ ਵਿਚ ਸਮਾਈ ਕੋਮਲ ਅੰਗਣੀ।
ਐਪਰ ਫਰਜ਼ ਨਸਾਈ ਪ੍ਰੀਤੀ ਨੀਂਦ ਤੋਂ ।

ਨਬੀ ਗ਼ਣੀ ਖਾਂ ਦੇਖਿਆ ਗੁਰ ਬਾਗ਼ੇ ਆਏ ।
ਬਾਗ਼ ਬਾਗ਼ ਉਹ ਹੋ ਗਏ ਸਿਰ ਚਰਣੀਂ ਪਾਏ ।
ਸਤਿਗੁਰ ਬਾਣਾ ਬਦਲਿਆ ਤੇ ਕੇਸ ਖਿੰਡਾਏ ।
ਖਾਨਾਂ ਚੁੱਕੀ ਪਾਲਕੀ ਦੁਸ਼ਮਨ ਚੋਂ ਧਾਏ ।
ਜਿਹੜਾ ਪੁੱਛੇ ਕੌਣ ਹੈ "ਹਨ ਪੀਰ" ਸੁਣਾਇਆ ।
ਰੱਖ ਲੀਤੀ ਸੀ ਹੱਕ ਦੀ, ਇਖਲਾਕ ਨਿਭਾਇਆ ।
ਅਜੇ ਖਾਂਨਾਂ ਨੇ ਹਿੰਦ ਤੇ ਇਹਸਾਨ ਚੜ੍ਹਾਇਆ ।
ਐਵੇਂ ਸਾਰੇ ਮੋਮਨਾਂ ਨੂੰ ਨਿੰਦ ਦਖਾਇਆ ।

ਮਾਹੀਏ ਹਾਲ ਸੁਣਾਇਆ ਆ ਸਰਹਿੰਦ ਦਾ।
ਕਲਗੀਧਰ ਫ਼ਰਮਾਇਆ ਸੁਣਦੇ ਸਾਰ ਹੀ ।
ਅਜ ਮੈਂ ਕਰਜ਼ਾ ਲਾਹਿਆ ਆਪਣੇ ਦੇਸ ਦਾ।
ਬੱਚਿਆਂ ਨੇ ਹੈ ਲਾਇਆ ਧਰਮੀ ਵੇਲ ਨੂੰ।
ਜਾਨੋ ਮੂਲ ਉਡਾਇਆ ਪਾਪੀ ਰੁੱਖ ਦਾ।
ਸਾਹ ਕੀ ਜਾ ਸੁਕਾਇਆ ਨੀਹੀਂ ਪੈਂਦਿਆਂ ।
ਉਹਨਾਂ ਸਾਸ ਚਲਾਇਆ ਭਾਰਤ ਵਰਸ਼ ਦਾ ।

੧੩.
ਲਿਖਿਆ ਔਰੰਗਜ਼ੇਬ ਨੂੰ ਕਿਉਂ ਦੇਵੇਂ ਤੜੀਆਂ ?
ਹੋਇਆ ਕੀ ਜੇ ਲੁੱਟੀਆਂ ਲਾਲਾਂ ਦੀਆਂ ਲੜੀਆਂ ।
ਹੈਨ ਬਰਾੜੀ ਹੀਰਿਆਂ ਦੀਆਂ ਖਾਨਾਂ ਬੜੀਆਂ ।
ਵਹਿਣ ਬਣੂੰ ਠੰਢ ਪਾਉਣਾ ਲਾਖਾਂ ਦੁੱਖ-ਝੜੀਆਂ ।
ਪਾਪਾਂ ਦੀਆਂ ਲਹਿਣੀਆਂ ਜੋ ਕਾਂਗਾਂ ਚੜ੍ਹੀਆਂ ।
ਦਾਰਾ ਦੀਆਂ ਆਦਤਾਂ ਕਿਉਂ ਤੈਥੋਂ ਹੜੀਆਂ ।
ਤੇਰੇ ਜਿਹੇ ਵੀਰ ਤੋਂ ਭੈਣਾਂ ਵੀ ਸੜੀਆਂ ।
ਸ਼ਰਆ ਤੁਅਸਬ ਵਾਲੀਆਂ ਹੁਣ ਖੇਡ ਨ ਜੜੀਆਂ।
ਰਹਿਮ ਨਿਆਂ ਦੀਆਂ ਨ ਬਣਾ ਗੋਰਾਂ ਤੇ ਮੜ੍ਹੀਆਂ ।
ਕਿਸ ਲਈ ਕੱਟੜਤਾ ਦੀਆਂ ਤਸਬੀਹਾਂ ਪੜ੍ਹੀਆਂ ?
ਨੀਵੇਂ ਉੱਚੇ ਹੋਣ ਦੇ ਆਵਣ ਦੇ ਘੜੀਆਂ ।
ਰਈਅਤ ਦੁੱਖ ਵਿਚ ਪਾਂਦਿਆਂ ਕਿਸ ਕੌਮਾਂ ਘੜੀਆਂ ?
ਕਰਦੇ ਸਾਂਝੇ ਰਾਜ ਦੀਆਂ ਨੀਹਾਂ ਖੜੀਆਂ ।
ਉਸਰਨ ਦੇ ਤੂੰ ਹਰ ਜਗਾ ਇਨਸਾਫੀ ਗੜੀਆਂ ।
ਕੜਕਣ ਦੇ ਹਰ ਛੱਤ ਤੋਂ ਅਨਿਆਈ ਕੜੀਆਂ ।
ਜ਼ੋਰਾਂ ਨਾਲ ਨਹੀਂ ਰਹਿਣੀਆਂ ਹਨ ਖੁਲ੍ਹਾਂ ਕੜੀਆਂ ।
ਅਕਬਰ ਜਿੰਨੀਆਂ ਵੀ ਨ ਲਾ ਸਿਆਸਤ ਨੂੰ ਕੜੀਆਂ ।
ਖਿੱਚੇ ਤੇਰੀ ਸਾਦਗੀ ਪਰ ਮੋਹਨ ਨ ਅੜੀਆਂ ।

ਔਰੰਗ ਮੂੰਹ ਵਿਚ ਪਾਈਆਂ ਉਂਗਲਾਂ ਪੜ੍ਹਿਦਆਂ,
ਆਸਾਂ ਨਹੀਂ ਲਫਾਈਆਂ ਹਾਲੀ ਵੀ ਗੁਰੁ ।
ਪਾਈਆਂ ਨਹੀਂ ਦੁਹਾਈਆਂ ਵਾਂਗਣ ਰਾਜਿਆਂ ।
ਅੱਖਾਂ ਉਪਰ ਲਾਈਆਂ ਅਲਾਹ ਵਲ ਸਦਾ ।
ਦਿਲ ਦੀਆਂ ਕਰਾਂ ਸਫਾਈਆਂ ਇਹਦੇ ਨਾਲ ਜੇ,
ਖਬਰੇ ਫ਼ੇਰ ਬਣਾਈਆਂ ਜਾਵਣ ਬਾਜ਼ੀਆਂ ।
ਦੱਖਣੋਂ ਖਬਰਾਂ ਆਈਆਂ ਔਰੰਗਜ਼ੇਬ ਨੂੰ ।

ਰਣ ਚੰਡੀ ਭੜਕਾਈਆਂ ਲਾਟਾਂ ਓਸ ਥਾਂ ।
ਓਧਰ ਹੋਈਆਂ ਧਾਈਆਂ ਰੋਗਾਂ ਨੱਪਿਆ ।
ਸ਼ਾਹ ਦੇ ਅੱਗੇ ਆਈਆਂ ਸੱਭੇ ਕੀਤੀਆਂ,
ਡਰਿਆ, ਖੋਲ੍ਹ ਵਿਖਾਈਆਂ ਨ ਅੱਖਾਂ ਕਦੀ ।
ਪੁਤਰਾਂ ਨੇ ਤਦ ਪਾਈਆਂ ਭਡੀਆਂ ਰਾਜ ਤੋਂ ।

ਗੁਰ ਖੰਡਾ ਖੜਕਾਇਆ ਨ ਆਪਣੇ ਲਈ ।
ਕਾਣਾ ਰਾਜਾ ਭਾਇਆ ਅੰਨ੍ਹਿਆਂ ਚੋਂ ਜਦੋਂ ।
ਸ਼ਾਹ ਬਹਾਦਰ ਆਇਆ ਦਿੱਲੀ ਤਖਤ ਤੇ ।
ਓਹਨੇ ਮੂੰਹ ਭਵਾਇਆ ਸੱਚੇ ਸ਼ਾਹ ਤੋਂ ।
ਦੱਖਣ ਦੇ ਵਲ ਧਾਇਆ ਵਾਲੀ ਹਿੰਦ ਦਾ।
ਖਾਨਾਂ ਵਾਰ ਚਲਾਇਆ ਨਿਮਕ ਹਰਾਮੀਆਂ ।
ਰੱਤੀ ਨਹਿਰ ਵਹਾਈ ਗੁਰ ਦੇ ਜੁੱਸਿਓਂ ।
ਸਮਝ ਸ਼ਕਤੀ ਧਾਈ ਰੋੜ੍ਹਨ ਦੈਤ ਨੂੰ :
ਸ੍ਰੀ ਗੁਰੂ ਤੇਗ ਚਲਾਈ ਪਾਰ ਬੁਲਾਇਆ ।
ਮਿਹਨਤ ਨਾਲ ਸਵਾਈ ਹੋਈ ਜ਼ਖਮ ਦੀ।
ਗਈ ਤਕਲੀਫ ਸਵਾਈ ਕੁਝ ਚਿਰ ਵਾਸਤੇ ।
ਸ਼ਾਹ ਨੇ ਚਾਲ ਚਲਾਈ ਦੁਖ ਜਗਾਨ ਦੀ,
ਇਕ ਕਮਾਨ ਪੰਚਾਈ ਪਾਸ ਹਜ਼ੂਰ ਦੇ,
ਚਿੱਲੇ ਜਦੋਂ ਚੜ੍ਹਾਈ ਸੱਚੇ ਪਾਤਸ਼ਾਹ,
ਕੀਤੀ ਤਦੋਂ ਚੜ੍ਹਾਈ ਅਗਲੇ ਦੇਸ ਨੂੰ ।

੧੪.
ਉਹ ਸਾਡੇ ਲਈ ਪਰਵਾਰ ਨੂੰ ਹਸ ਹਸ ਕੇ ਵਾਰ ਦਿਖਾ ਗਿਆ,
ਤੇ ਸਦਕੇ ਕਰਕੇ ਆਪ ਨੂੰ ਭਾਰਤ ਵਿਚ ਜੀਵਣ ਪਾ ਗਿਆ ।
ਫ਼ਰਜ਼ਾਂ ਦਾ ਸੱਥਰ ਮਾਣ ਕੇ ਗ਼ਰਜ਼ਾਂ ਦਾ ਤਖਤ ਹਲਾ ਗਿਆ ।
ਸ਼ਾਹੀ ਦੀ ਹਿਰਸ ਨੂੰ ਮਾਰ ਕੇ ਲੋਕਾਂ ਲਈ ਤੀਰ ਚਲਾ ਗਿਆ ।
ਉਸ ਰੋੜ੍ਹ ਦਖਾਇਆ ਛੂਤ ਨੂੰ ਅੰਮ੍ਰਿਤ ਦਾ ਵਹਿਣ ਵਹਾ ਗਿਆ।
ਬੁੱਧੂ ਸ਼ਾਹ ਨੂੰ ਹਿੱਕ ਲਾ ਗਿਆ ਨੰਦ ਲਾਲ ਨੂੰ ਸਿਰ ਤੇ ਚਾ ਗਿਆ ।
ਦਿਲ ਮੋਹਿਆ ਖਾਨਾਂ ਦਾ ਜਦੋਂ ਓਹਨਾਂ ਤੋਂ "ਪੀਰ" ਕਹਾ ਗਿਆ।
ਓਹ "ਮੰਦਰ" ਅਤੇ "ਮਸੀਤ" ਨੂੰ ਇਕ ਹੈ ਜੇ ਸਾਫ ਸੁਣਾ ਗਿਆ।
ਮੁੱਛਾਂ ਨੂੰ ਸੂਤੀ ਜਾਈਏ ਨਹੀਂ ਸਮਝੇ ਕੀ ਸਮਝਾ ਗਿਆ ?

ਬੰਦੇ ਦੀ ਵਾਰ

(ਪਹਿਲਾ ਅੱਧ)

੧.
ਪਾਪ ਨ ਪੰਜਾਬ ਦੇ ਜਦ ਹੰਭੇ ਸਾਰੇ ?
ਕਲਗੀਧਰ ਦੱਖਣ ਗਏ ਤੇ ਨਦੀ ਕਿਨਾਰੇ,
ਕਿੰਨਾ ਚਿਰ ਰਹੇ ਸੋਚਦੇ ਕਿ ਜਾਨ ਸਵਾਰੇ,
ਕਿਦਾਂ ਜਿਹੜੇ ਪੂਰਨੇ ਪਾਏ ਹਨ ਸਾਰੇ ?

੨.
ਡਿੱਠਾ ਛਤਰੀ ਮਰਦ ਇਕ ਤਿਆਗਾਂ ਮੂੰਹ ਢੁੱਕਿਆ ।
ਲਾਂਬਾ ਹੈ ਸੀ ਅੱਗ ਦਾ ਚਮਕਾਂ ਤੋਂ ਮੁੱਕਿਆ।
ਤੱਕਿਆ ਵਹਿਣ ਪਹਾੜ ਦਾ ਡਾਢਾ ਇਕ ਸੁੱਕਿਆ।
ਸ਼ੇਰ ਅਨੋਖਾ ਦੇਖਿਆ ਗਿੱਦੜਾਂ ਵਿਚ ਲੁੱਕਿਆ ।
ਤਾੜ ਲਿਆ ਇਸ ਮਰਦ ਨੇ ਜੇ ਬੀੜਾ ਚੁੱਕਿਆ ।
ਜ਼ਾਲਮ ਸਾਰੇ ਦੇਸ ਦਾ ਝੁੱਕਿਆ ਕਿ ਝੁੱਕਿਆ ।

੩.
ਕਲਗੀਧਰ ਦੀਆਂ ਓਸ ਤੇ ਜਦ ਅੱਖਾਂ ਬੱਝੀਆਂ ।
ਸਾਧੂ ਭੁੱਲਿਆ ਸਾਧਗੀ ਤਕ ਅੱਖੀਆਂ ਰੱਜੀਆਂ।
ਸੱਭੇ ਸੁਰਤਾਂ ਆਈਆਂ ਜੋ ਹੈਸਨ ਭੱਜੀਆਂ ।
ਅੰਦਰੋਂ ਕਾਇਰਤਾ ਦੀਆਂ ਉੱਡ ਗਈਆਂ ਧੱਜੀਆਂ ।

੪.
ਪੁੱਛਿਆ ਮੇਰੇ ਸਤਗੁਰੂ "ਕਿਉਂ ਵੇਸ ਵਟਾਇਆ ?"
ਦੱਸਿਆ "ਹਰਨੋਟਿਆ ਵੈਰਾਗ ਦਵਾਇਆ।"
ਪੁੱਛਿਆ ਮਾਧੋ ਦਾਸ ਨੇ "ਕਿਉਂ ਫੇਰਾ ਪਾਇਆ,
ਜਾਪੇ ਕੁਝ ਹੋ ਭਾਲਦੇ ਕੀ ਹੈ ਜੇ ਗਵਾਇਆ ?"
ਦੱਸਿਆ "ਪਿਆਰਾ" ਦੇਸ ਹੈ ਦੁੱਖਾਂ ਮੂੰਹ ਆਇਆ ।
ਜ਼ਾਲਮ ਨੇ ਪੰਜਾਬ ਨੂੰ ਹੈ ਬਹੁਤ ਰੁਲਾਇਆ।
ਹਿੰਦੂ ਮੁਸਲਿਮ ਵੀਰ ਦੇ ਵਿਚ ਵੈਰ ਪਵਾਇਆ।
ਦੋਹਾਂ ਨੂੰ ਇਕ ਰਾਹ ਤੋਂ ਹੈ ਖੂਬ ਭੁਲਾਇਆ।
ਮੈਂ ਓਹਨਾਂ ਦੀ ਚਾਲ ਵਿਰੁੱਧ ਸੀ ਕਦਮ ਉਠਾਇਆ,
ਤੇ ਬਾਪੂ ਗੁਰਦੇਵ ਨੂੰ ਦਿੱਲੀ ਪੁਚਵਾਇਆ।
ਠੀਕਰ ਫੋੜ ਦਲੀਸ ਸਿਰ ਗੁਰ ਸਵਰਗ ਸਧਾਇਆ ।
ਵਾਰੇ ਕਿੰਨੇ ਸਿੱਖ ਮੈਂ ਪਰਵਾਰ ਘੁਮਾਇਆ ।"
ਸਾਧੂ ਰੋਇਆ ਅਕਲ ਤੇ ਕਿਉਂ ਵਕਤ ਗਵਾਇਆ ?
ਕਿਸ ਲਈ ਆਪਣੀ ਕੌਮ ਤੋਂ ਮੂੰਹ ਮੋੜ ਦਖਾਇਆ ?
ਹਰਨੀ ਨੂੰ ਕੀ ਮਾਰਿਆ ਅੱਗਾ ਮਰਵਾਇਆ।
ਤੜਫੇ ਕੀ ਹਰਨੋਟੜੇ ਅਜ ਦਿਲ ਤੜਫਾਇਆ ।
ਕਾਹਨੂੰ ਹੱਥੋਂ ਸਮਝ ਨੇ ਸੀ ਤੀਰ ਛੁਡਾਇਆ ।
ਪਛਤਾਵੇ ਨੇ ਵਿੰਨਿਆ ਡਾਢਾ ਵਿਲਲਾਇਆ ।
"ਬੰਦਾ" ਹਾਂ ਮੈਂ ਆਪ ਦਾ ਸਿਰ ਚਰਣੀਂ ਪਾਇਆ ।
ਕਲਗੀਧਰ ਨੇ ਓਸ ਨੂੰ ਸੀ ਸੀਨੇ ਲਾਇਆ।
ਓਹ ਭਲਾ ਕੀ ਭੁੱਲਿਆ ਜੋ ਸ਼ਾਮੀਂ ਆਇਆ।
ਲੋਕਾਂ ਲਈ ਜੋ ਜਾਗਿਆ ਉਸ ਜੀਵਣ ਪਾਇਆ ।

੫.
ਬੰਦੇ ਨੇ ਹੱਥ ਬੰਨ੍ਹ ਕੇ ਇੰਜ ਅਰਜ਼ ਸੁਣਾਈ:-
"ਜਿਨਾਂ ਪੰਜਾਂ ਪਾਣੀਆਂ ਦੀ ਆਬ ਗਵਾਈ,
ਭੋਂ ਜਿਨਾਂ ਕਸ਼ਮੀਰ ਦੀ ਹੈ ਨਰਕ ਬਣਾਈ,
ਕਮਜ਼ੋਰਾਂ ਦੇ ਵਾਸਤੇ ਜੋ ਹੈਨ ਕਸਾਈ,
ਜਿਹੜੇ ਜ਼ੁਲਮਾਂ ਦੀ ਸਦਾ ਪਏ ਕਰਨ ਕਮਾਈ,
ਗੁਰੂ ਨਾਨਕ ਦੇ ਰਾਹ ਨੂੰ ਪਏ ਜਾਣ ਭੁਲਾਈ,
ਜਿਨ੍ਹਾਂ ਦੇਸੀ ਹੁਨਰ ਦੇ ਸਿਰ ਭੱਸ ਹੈ ਪਾਈ,
ਓਹਨਾਂ ਨੂੰ ਸੁਰ ਕਰਦਿਆਂ ਦਿਲ ਦੇ ਵਿਚ ਆਈ ।"
ਜਿਹੜੀ ਅਰਜਨ ਦੇਵ ਨੇ ਹੈ ਵੇਲ ਵਧਾਈ,
ਓਹਨੂੰ ਸਿੰਜਾਂ ਖੂਨ ਨਾਲ ਏਹੋ ਮਨ ਭਾਈ ।

੬.
ਬਾਜਾਂ ਵਾਲੇ ਆਖਿਆ "ਨਿੱਤ ਸੋਚ ਦੁੜਾਈਂ ।
ਬਣ ਗਈ ਭੋਂ ਪੰਜਾਬ ਦੀ ਜਾ ਪਰਤ ਨ ਆਈਂ।
ਬੀਰਤਾ ਤੇ ਅਣਖ ਦੀ ਤੂੰ ਜੋਗ ਚਲਾਈਂ ।
ਮਿਹਨਤ ਅਤੇ ਅਸੂਲ ਦਾ ਤੂੰ ਕੇਰਾ ਲਾਈਂ ।
ਸੋਚ ਸੁਹਾਗਾ ਫੇਰ ਕੇ ਹੱਕ ਕਣਕ ਉਗਾਈਂ।
ਪੈਲੀ ਡੰਗਰ ਢੋਰ ਤੋਂ ਤੂੰ ਨ ਉਜੜਾਈਂ ।
ਉਤਸ਼ਾਹ ਸੱਚ ਦੇ ਕਾਮਿਆਂ ਨੂੰ ਗਿਰਦ ਬਹਾਈਂ ।
ਮੁਸਲਮ ਹਿੰਦੂ ਵੀਰ ਨੂੰ ਖੁਦ ਹੱਕ ਪੁਚਾਈਂ ।"

੭.
ਚੁਣਵੇਂ ਦਾਨੇ ਸਿੰਘ ਪੰਜ ਗੁਰੂ ਦਿੱਤੇ ਨਾਲ।
"ਆਹ ਲੈ ਮੇਰੇ ਬੰਦਿਆ ਪੰਜ ਤੀਰ ਸੰਭਾਲ ।
ਤੇਰੇ ਪੈਰਾਂ ਵਿਚ ਰਹੂ ਜ਼ਾਲਮ ਦਾ ਕਾਲ ।
ਤੇਰੇ ਅਟਕਣ ਵਿਚ ਵੀ ਦਿੱਸੇਗੀ ਚਾਲ।"
ਚੱਲਿਆ ਵਲ ਪੰਜਾਬ ਦੇ ਉਹ ਹੱਕ ਭੁਚਾਲ ।

੮.
"ਖੁਫੀਆ ਚਿੱਠੀਆਂ ਪਾਵੋ" ਬੰਦੇ ਆਖਿਆ
"ਈਕਣ ਕਲਮ ਚਲਾਵੋ ਜੀਕਣ ਮੈਂ ਕਹਾਂ।
ਮੈਨੂੰ ਵੀਰ ਭਰਾਵੋ ਸਤਗੁਰ ਭੇਜਿਆ।"
ਨਾਲ ਮੇਰੇ ਰਲ ਜਾਵੋ ਜਮਨਾ ਲੰਘ ਕੇ ।
ਲੋਕਾਂ ਨੂੰ ਸਮਝਾਵੋ ਖੋਲ੍ਹਣ ਅੱਖੀਆਂ ।
ਖੂਬ ਹੱਥਿਆਰ ਬਣਾਵੋ ਆਇਆ ਵਕਤ ਹੈ ।
ਵੱਡਾ ਵਹਿਣ ਵਗਾਵੋ ਮੈਨੂੰ ਮਿਲਦਿਆਂ ।
ਗੁੱਝੀ ਅੱਗ ਮਚਾਵੋ ਸਾਰੇ ਦੇਸ ਤੇ ।
ਵੇਲਾ ਨ ਖੁੰਝਾਵੋ ਦੱਸੋ ਸਿਆਣਪਾਂ ।
ਪਾਪੀ ਪਾਰ ਬੁਲਾਵੋ ਹਿੰਮਤ ਕਰ ਲਵੋ।
ਅਪਣੇ ਪੈਰ ਜਮਾਵੋ ਥਿੜਕ ਨ ਜਾਵਣਾ।
ਦਿਲ ਮੂਲੋਂ ਨ ਢਾਵੋ ਹੱਕ ਲਈ ਲੜ ਮਰੋ।
ਸਤਜੁਗ ਫੇਰ ਦਖਾਵੋ ਇਕ ਮੁਠ ਹੋਂਦਿਆਂ ।
ਮਿਹਨਤ ਸਫਲ ਕਰਾਵੋ ਦੋ ਸੌ ਸਾਲ ਦੀ।

੯.
ਸੋਆਂ ਪੁਜੀਆਂ ਸਾਰੇ ਆਇਆ ਮਰਦ ਹੈ ।
ਸੁਣਦੇ ਸਾਰ ਤਿਆਰੇ ਕੀਤੇ ਬਹੁਤਿਆਂ ।
ਘੋੜੇ ਪਕੜ ਸਿਧਾਰੇ ਕਿੰਨੇ ਸੂਰਮੇ ।
ਚੁਣ ਚੁਣ ਤੇਗੇ ਭਾਰੇ ਬੋਰੀ ਸਾਂਭ ਕੇ,
ਜਿਉਂ ਚੱਲੇ ਵਣਜਾਰੇ ਵਣਜਾਂ ਦੇ ਲਈ ।
ਜਿਹੜੇ ਹੱਕ ਪਿਆਰੇ ਬੰਦੇ ਨੂੰ ਮਿਲੇ।

੧੦.
ਖ਼ਾਨ ਵਜ਼ੀਰ ਸਰਹਿੰਦ ਦਾ ਅਤ ਦਾ ਹੰਕਾਰੀ।
ਆਲੀ ਮਾਲੀ ਸਿੰਘ ਨੂੰ ਉਸ ਬੋਲੀ ਮਾਰੀ ।
ਗੋਬਿੰਦ ਸਿੰਘ ਦੁਖ ਦੇਖ ਕੇ ਲਾ ਗਿਆ ਉਡਾਰੀ ।
ਗੁਰ ਆਇਆ ਜੇ ਯਾਰ੍ਹਵਾਂ ਵੱਡਾ ਹੱਠ ਧਾਰੀ।
ਚੜ੍ਹ ਗਈ ਉਹਨੂੰ ਜ਼ੁਲਮ ਦੀ ਬਦ ਬਖਤ ਖੁਮਾਰੀ।
ਆਵੇਗੀ ਸਰਹਿੰਦ ਵਿਚ ਓਹਦੀ ਵੀ ਵਾਰੀ।
ਮਾਰੋ ਟੱਕਰਾਂ ਓਸ ਨਾਲ, ਜਿਸ ਛਿੰਜ ਖਲਾਰੀ ।
ਵਿੰਨ੍ਹ ਗਈ ਦੋਵੇਂ ਕਾਲਜੇ, ਇਹ ਤੇਜ਼ ਕਟਾਰੀ ।
"ਦੇ ਕੇ ਤਲਬਾਂ ਸਾਡੀਆਂ, ਕਿਉਂ ਪੱਤ ਉਤਾਰੀ ?"
ਬੰਨ੍ਹੇ ਪਰ ਉਹ ਖੁਲ ਗਏ ਬਾਂਕੇ ਬਲਕਾਰੀ ।
ਬੰਦੇ ਦੇ ਦਲ ਵਿਚ ਰਲੇ ਉਹ ਅਣਖ-ਪੁਜਾਰੀ ।
ਵੀਰਾਂ ਵਾਕਰ ਜਾ ਮਿਲੇ ਜੋਧੇ ਉਪਕਾਰੀ ।

੧੧.
ਹੁਣ ਤਾਂ ਬੰਦੇ ਸਿੰਘ ਨੇ ਫੌਜ ਵਧਾ ਲਈ ।
ਸੋਣੀ ਪੱਤ ਦੀ ਆਕੜ ਓਸ ਨਵਾ ਲਈ ।
ਸ਼ਾਹੀ ਮਾਇਆ ਜਾਂਦੀ ਲੁੱਟ ਲੁਟਾ ਲਈ ।
ਕੈਂਥਲੀਏ ਸਨ ਧਾਏ ਧੌਣ ਭਣਾ ਲਈ ।
ਅੰਤ ਸਮਾਣੇ ਉਤੇ ਨਜ਼ਰ ਟਕਾ ਲਈ।

੧੨.
ਓਥੋਂ ਦੇ ਵਾਸੀ ਸਨ ਜ਼ੁਲਮ ਕਮਾ ਗਏ,
ਸਰਹਿੰਦੀ ਸਾਕੇ ਵਿਚ ਹੱਥ ਵਖਾ ਗਏ,
ਨੌਵੇਂ ਗੁਰ ਦੇ ਕਾਤਿਲ ਸਿਰ ਭੰਨਵਾ ਗਏ ।
ਜ਼ਾਲਮ ਜੜ੍ਹ ਪੁਟਵਾਵੇ ਸਾਫ ਸੁਝਾ ਗਏ ।

੧੩.
ਤਿੜ ਤਿੜ ਕਰ ਕੇ ਸੜ ਗਿਆ ਓਹ ਸ਼ਹਿਰ ਸਮਾਣਾ ।
ਅੱਗ ਗੁੱਸਾ ਖਾ, ਖਾ ਗਈ, ਪਾਪਾਂ ਖਾਨਾਂ ਦਾ ਖਾਨਾ।
ਹਰ ਇਕ ਗਲੀਓਂ ਸੜ ਗਿਆ ਸੀ ਪਾਪ-ਘਰਾਨਾ।
ਬੰਦਾ ਵਾਹਵਾ ਜਾਣਦਾ ਸੀ ਜ਼ੁਲਮ ਦਬਾਣਾ ।
ਕਹਿੰਦਾ ਸੀ "ਹੁਣ ਡਰਦਿਆਂ ਨ ਵਕਤ ਗਵਾਣਾ।
ਲੋਹਿਆ ਲੋਹੇ ਨਾਲ ਹੀ ਹੈ ਕੱਟਿਆ ਜਾਣਾ।
ਸਾਡੀ ਮਾਰੀ ਤੇਗ ਤੋਂ ਸੁਖ ਲਊ ਜ਼ਮਾਨਾ" ।
ਫਤਹ ਸਿੰਘ ਦਾ ਲਾਇਆ ਉਸ ਪੱਕਾ ਠਾਣਾ।
ਮੰਨਣਾ ਪਿਆ ਕਪੂਰੀਏ ਨੂੰ ਰਬ ਦਾ ਭਾਣਾ।
ਹਰ ਜਾ ਉੱਤੋਂ ਫੰਡਿਆ ਹੁਣ ਪਾਪ ਨਸ਼ਾਨਾ ।

੧੪.
ਬੰਦੇ ਕਿਹਾ ਸੂਰਿਓ ਸਰਹਿੰਦ ਸਰ ਕਰਨਾ।
ਤਲੀਆਂ ਤੇ ਸਿਰ ਧਰ ਲਵੋ ਜਾਨੋਂ ਨਹੀਂ ਡਰਨਾ ।
ਬਾਹਵਾਂ ਦੇ ਹੀ ਨਾਲ ਨਹੀਂ ਸਾਡਾ ਕੁਝ ਸਰਨਾਂ।
ਵੇਲਾ ਤਕ ਜਿੰਦ ਹੂਲਣੀ ਐਵੇਂ ਨਹੀਂ ਮਰਨਾ ।
ਮੰਨਣਾ ਜੱਥੇਦਾਰ ਨੂੰ ਜੇ ਹੈ ਜੇ ਤਰਨਾ ।

੧੫.
ਆਗੂ ਵੱਲੇ, ਸੱਭੇ ਤੱਕੇ ।
ਹੁਕਮ ਸੁਣਾਵੇ, ਛੇਤੀ ਚਾੜ੍ਹੇ ।
ਗਿਣ ਗਿਣ ਲਈਏ, ਬਿਦ ਬਿਦ ਬਦਲੇ ।
ਦੇਸ ਦੇ ਬਦਲੇ ਜੀਵਣ ਦਈਏ ।

੧੬.
ਹੱਲੇ ਦੀਆਂ, ਸੁਣ ਸੁਣ ਸੋਆਂ ।
ਮੁੰਹ ਨੇਂ ਉਤਰੇ, ਸਭ ਖਾਨਾਂ ਦੇ ।
ਸੱਚਾ ਨੰਦ ਦੇ ਤਾਂ ਦਮ ਨਿਕਲੇ,
ਸਾਹਿਬਜ਼ਾਦੇ ਆਉਂਦੇ ਚੇਤੇ ।
ਸੋਚ ਸੁਚਾ ਕੇ, ਮਤਾ ਪਕਾ ਕੇ,
ਸੁੱਚਾ ਨੰਦ ਦਾ ਬੰਦਾ ਚੁਣਿਆ,
ਕਿ ਓਹ ਬੰਦੇ ਲੈ ਕੇ ਜਾਵੇ,
ਗਹਿ ਗਚ ਹੋਂਦੇ ਜੁੱਧ ਦੇ ਵੇਲੇ,
ਵਕਤ ਤਾੜ ਕੇ ਏਧਰ ਨੱਸੇ,
ਹਲ ਚਲ ਪਾ ਕੇ ਕੰਮ ਸਵਾਰੇ ।"
ਖਾਨ ਵਜ਼ੀਰੇ ਫੇਰ ਕਿਹਾ ਇਹ-
"ਜੇਕਰ ਸਾਡੀ ਚਾਲ ਨ ਚੱਲੀ।
ਤਾਂ ਦੱਸੋ ਕੀ ਇੱਜ਼ਤ ਰਹਿਣੀ ?
ਸ਼ਹਿਰ ਸਮਾਣੇ ਵਾਂਗ ਨ ਹੋਵੇ,
ਕਹਿਰਾਂ ਭਰਿਆ, ਏਥੇ ਹੱਲਾ,
ਹੋਣ ਨ ਦਈਏ । ਖਬਰਾਂ ਲਈਏ,
ਦੁਸ਼ਮਨ ਦੀਆਂ ।ਮੈਂ ਚਿਰ ਦੀਆਂ
ਕਮਰਾਂ ਕੱਸੀਆਂ, ਵਾਰੋ ਜਾਨਾਂ।
ਹਾਥੀ ਮੇਰੇ, ਜਾਸਨ ਵੱਧ ਕੇ ।
ਤੋਪਾਂ ਬੜੀਆਂ, ਕੱਠੀਆਂ ਹੋਈਆਂ,
ਤੇ ਬੰਦੂਕਾਂ ਜਾਨ ਨ ਗਿਣੀਆਂ ।
ਓਧਰ ਟੁੱਟੇ, ਭਾਲੇ ਨੇਜ਼ੇ,
ਤੇ ਤਲਵਾਰਾਂ ਖੁੰਡੀਆਂ ਹੋਈਆਂ ।
ਏਧਰ ਵੀ ਤੇ ਮਰਦ ਬਥੇਰੇ ।
ਪਿੰਡੀਂ ਜਾਵੋ ਆਖ ਸੁਣਾਵੋ-
'ਜੰਗ ਜਹਾਦੀ ਮਚਣਾ ਭਾਰੀ ।
ਚੜ੍ਹ ਕੇ ਆਏ ਕਾਫਰ ਟੋਲੇ ।
ਗ਼ਾਜ਼ੀ ਬਨ ਕੇ ਹੱਥ ਦਖਾਨੇ ।
ਬਾਝ ਤੁਹਾਡੇ ਕਿਹੜਾ ਮੋੜੇ ?
ਰੋਜ਼ੇ ਰਖਣੇ ਮੁੱਕ ਜਾਵਣਗੇ,
ਤੇ ਕੁਰਬਾਨੀ ਉੱਡ ਪੁੱਡ ਜਾਣੀ।
ਨਾਮ ਅਲਾਹ ਦਾ ਕਿਸ ਨੇ ਲੈਣਾ ?
ਦੀਨ ਅਸਾਡਾ ਜਾਂਦਾ ਦਿਸਦਾ,
ਰੰਗ ਮਜ਼ਹਬ ਦਾ ਦਿਓ ਲੜੋ ਚਾ।
ਜੋ ਆਵਣਗੇ ਲੜ ਜਾਵਣਗੇ ।"
ਜਿਤ ਜਾਵਾਂਗੇ ਐਸ਼ ਕਰਾਂਗੇ ।

੧੭.
ਸੁਣ ਕੇ ਕੂਕ ਇਸਲਾਮ ਦੀ ? "ਆ ਲੱਥੇ ਮਜ਼੍ਹਬੀ ਬਾਵਲੇ ।
ਸਾਵਣ ਦੀ ਰੁੱਤੇ ਜਿਸ ਤਰ੍ਹਾਂ ਗੱਜ ਬਦਲ ਆਵਨ ਸਾਵਲੇ।
ਹਿੱਕਾਂ ਨੂੰ ਜੋਸ਼ ਉਭਾਰਦਾ ਤੇ ਜਾਨੋ ਚਿਹਰੇ ਚਾਵਲੇ।
ਕਿਸ ਕਾਫਰ ਦੀਨ ਦਬਾਵਨਾ ਪੁੱਛਣ ਤੇ ਹੋਣ ਉਤਾਵਲੇ ?
ਆਖਣ ਤੇਗਾਂ ਦੇ ਜਾਲ ਵਿਚ "ਅਜ ਹੋਣੀ ਕਾਫਰ ਆ ਵਲੇ ।"

੧੮.
ਸੁਣੋ ਨ ਵਿਚ ਸਰਹਿੰਦ ਦੇ ਸੱਟ ਧੌਂਸੇ ਮਾਰੀ।
ਤੱਕੋ ਖਾਨ ਵਜ਼ੀਰ ਨੂੰ ਚੜ੍ਹਿਆ ਹੰਕਾਰੀ ।
ਹਾਥੀ ਘੋੜੇ ਰਿਹਲਕੇ ਲਾਓ ਲਸ਼ਕਰ ਭਾਰੀ।
ਤਿੰਨ ਕੋਹ ਪਰੇ ਸਰਹੰਦ ਤੋਂ ਜਾ ਫੌਜ ਉਤਾਰੀ ।
ਮੱਲੇ ਸਭ ਨੇ ਮੋਰਚੇ ਹੋ ਰਹੀ ਤਿਆਰੀ।

੧੯.
ਜਿਸ ਦੀ ਬੜੀ ਉਡੀਕ ਸੀ ਉਹ ਦਿਨ ਵੀ ਆਇਆ
ਧਹਿ ਧਹਿ ਧੌਂਸਾ ਕੁੱਟਿਆ ਬੰਦਾ ਉਠ ਧਾਇਆ ।
ਅੱਗੇ ਝੰਡੇ ਝੂਲਦੇ ਦਲ ਪਿੱਛੇ ਲਾਇਆ ।
ਜੇਰੇ ਰੰਗੇ ਸੂਰਮੇਂ ਉਤਸ਼ਾਹ ਵਧਾਇਆ।
"ਗੁਰ ਮਾਰੀ" ਦਾ ਹੋ ਗਿਆ ਅਜ ਜਾਣ ਸਫਾਇਆ ।

੨੦.
ਕੁਝ ਸਾਥੀ ਨੰਦੇੜ ਦੇ ਸਰਦਾਰ ਬਣਾ ਕੇ,
ਸਭ ਨੂੰ ਜੱਥੇ ਸੌਂਪ ਕੇ ਮੌਕੇ ਸਮਝਾ ਕੇ,
ਪੈਦਲ ਅੱਗੇ ਘੋੜਿਆਂ ਨੂੰ ਪਿੱਛੇ ਲਾ ਕੇ,
ਸੰਗਲ ਵਾਂਗ ਬਣਾ ਲਿਆ ਦਲ ਪਲ ਵਿਚ ਆ ਕੇ ।
ਰੱਖੇ ਮੁਸ਼ਕਲ ਵਾਸਤੇ ਕੁਝ ਸਿੰਘ ਲੜਾਕੇ ।

੨੧.
ਐਲੀ ਐਲੀ ਕਰਦਿਆਂ ਔਹ ਆ ਗਏ ਖਾਨ ।
ਅੰਨ੍ਹੇ ਵਾਹ ਬੰਦੂਕਚੀ ਪਏ ਤੋੜੇ ਲਾਨ ।
ਬੰਦਾ ਤੀਰ ਚਲਾ ਰਿਹਾ ਖਿੱਚ ਖਿੱਚ ਕਮਾਨ ।
ਇਕ ਇਕ ਦਸ ਦਸ ਵਿੰਨ੍ਹਦਾ ਲਹਿੰਦੇ ਪਏ ਘਾਨ।
ਧੜ ਧੜ ਗੋਲੇ ਪੈ ਰਹੇ ਧਰਤੀ ਧਮਕਾਨ ।
ਜੋ ਲੁਟਣ ਲਈ ਆਏ ਸਨ ਸੋਨੇ ਦੀ ਖਾਨ ।
ਓਹਨਾਂ ਲੱਖਾਂ ਪਾ ਲਏ ਲੈ ਦੌੜੇ ਜਾਨ ।
ਨੱਠੇ ਸੁੱਚਾ ਨੰਦੀਏ ਕਿ ਸਿੰਘ ਘਭਰਾਨ ।
ਪਰ ਸਿੰਘਾਂ ਨੂੰ ਗੋਲਿਆਂ ਕੀਤਾ ਹੈਰਾਨ ।
ਸਫ ਨੂੰ ਟੁੱਟਾ ਦੇਖ ਕੇ ਟੁੱਟ ਪਏ ਪਠਾਨ ।
ਬਾਜ ਸਿੰਘ ਨੇ ਆਖਿਆ ਬੰਦੇ ਨੂੰ ਆਨ-
"ਬਾਜ਼ੀ ਜਾਂਦੀ ਜਾਪਦੀ ਜਾ ਲਾਵੋ ਤਾਨ।
ਭਂਬੜ ਬਣ ਕੇ ਆਗਿਆ ਭਾਰਾ ਬਲਵਾਨ,
ਜੇਰਾ ਬੁੱਝ ਸੀ ਚਲਿਆ ਲੱਗਾ ਭੜਕਾਨ ।
"ਈਕਣ ਗੋਬਿੰਦ ਸਿੰਘ ਦੀ ਰਖਣੀ ਜੇ ਸ਼ਾਨ,
ਜ਼ੁਲਮ ਗਵਾਉਣਾ ਕੀ ਤੁਸਾਂ ਜੇ ਛੱਡੇ ਪ੍ਰਾਣ ?
ਕੀ ਇਹ ਹੈ ਸਰਹਿੰਦੜੀ ਕੁਲ ਹਿੰਦੋਸਤਾਨ,
ਸਰ ਕਰ ਪੁੰਨ ਖਲਾਰਨਾ ਤਕ ਲਵੇ ਜਹਾਨ ?
ਮੋਮਨ ਦੀ ਪੱਤ ਰਹੇਗੀ ਹਿੰਦੂ ਦੀ ਆਨ।
ਲੱਗੇ ਹੋ ਹੱਕ ਆਪਣਾ ਕਿਉਂ ਆਪ ਗਵਾਨ ?
ਚੱਪਾ ਵੀ ਇਸ ਭੋਈਂ ਦਾ ਨ ਗੈਰ ਦਬਾਨ।
ਉੱਠੋ ਚਮਕੋ, ਦੇਸ ਤੋਂ ਹੋਵੋ ਕੁਰਬਾਨ।
ਸਿਰ ਫੇਹ ਸੁੱਟੋ ਇਸ ਤਰਾਂ ਨ ਫੇਰ ਉਠਾਨ।
ਤਾਣੋ ਧਣਖ ਭੁਲਾ ਦਿਓ ਸਭ ਭੈੜੀ ਬਾਨ ।
ਬੂਥੇ ਸਿੱਧੇ ਕਰ ਦਿਓ ਨ ਬੁਰਾ ਸੁਣਾਨ।
ਦੱਸੋ ਹੱਥ ਮੁੜ ਲਿਖਣ ਨ ਮੰਦੇ ਫੁਰਮਾਨ।
ਝਟ ਪਟ ਚਿੱਥੋ ਸੂਬੜਾ, ਭੱਖੋ ਸੁਲਤਾਨ।
ਨੀਹਾਂ ਵਿਚੋਂ ਲਾਲ ਦੋ ਔਹ ਪਏ ਬੁਲਾਨ।"

੨੨.
ਬੁੱਢੇ ਅਤੇ ਜਵਾਨ ਸੱਭ ਉਠ ਧਾਏ ਫਤਹ ਗਜਾਂਦਿਆਂ,
ਭੱਥਿਆਂ ਚੋਂ ਤੀਰ ਮੁਕਾਉਂਦਿਆਂ, ਤੇਗਾਂ ਉੱਤੇ ਹੱਥ ਪਾਂਦਿਆਂ,
ਖੰਡਿਆਂ ਨੂੰ ਖੂਬ ਭੁਵਾਉਂਦਿਆਂ ਕਿਰਪਾਨਾਂ ਨੂੰ ਚਮਕਾਂਦਿਆਂ,
ਖਾਨਾਂ ਨੂੰ ਪੈ ਗਏ ਖਾਣ ਨੂੰ, ਹੱਦੋਂ ਵੱਧ ਗੁੱਸਾ ਖਾਂਦਿਆਂ,
ਪਾ ਦਿੱਤੀ ਵਾਢੀ ਆਣ ਕੇ, ਮੁਗਲਾਂ ਵਿਚ ਪੈਰ ਜਮਾਂਦਿਆਂ,
ਢਾਲਾਂ ਨੂੰ ਅੱਗੇ ਡਾਂਹਦਿਆਂ, ਤਲਵਾਰਾਂ ਵਾਂਹਦੇ ਜਾਂਦਿਆਂ,
ਰਜ ਰਜ ਕੇ ਡੱਕਰੇ ਕਰਦਿਆਂ, ਦਿਲ ਲਾ ਲਾ ਆਹੂ ਲਾਂਹਦਿਆਂ,
ਮਿੱਝਾਂ ਦੇ ਛੱਪੜ ਲਾਉਂਦਿਆਂ, ਖੂਨਾਂ ਦੇ ਰੇੜ੍ਹ ਵਗਾਂਦਿਆਂ,
ਔਹ ਝਪਟੇ ਉਪਰ ਹਾਥੀਆਂ, ਕਈ ਹਿੱਸੇ ਫੌਜ ਮੁਕਾਂਦਿਆਂ,
ਠਾਠਾਂ ਦੇ ਵਾਕਰ ਚੜ੍ਹਦਿਆਂ, ਮੁੜ ਮੁੜ ਕੇ ਹੱਲੇ ਪਾਂਦਿਆਂ,
ਔਹ ਸ਼ੇਰ ਮੁਹੰਮਦ ਸੁੱਟਦਿਆਂ, ਆਹ ਅਲੀਖਵਾਜਾ ਢਾਂਦਿਆਂ,
ਤੋਪਾਂ ਮੂੰਹੀ ਸਿਰ ਤੁੰਨਦਿਆਂ, ਅੱਗਾਂ ਦੀ ਡਹਿਸ ਮੁਕਾਂਦਿਆਂ,
ਜਦ ਡਿੱਠਾ ਖਾਨ ਵਜ਼ੀਰ ਨੇ, ਵਧ ਆਇਆ ਜੋਸ਼ ਵਧਾਂਦਿਆਂ,
ਆਖੇ "ਹੁਣ ਏਥੇ ਮਰ ਲਵੋ ਫੜਨਾ ਹੈ ਇਹਨਾਂ ਜਾਂਦਿਆਂ,
ਨਹੀਂ ਬਾਝ ਹਕੂਮਤ ਜੀਵਣਾ ਲੜ ਜਾਵੋ ਵਾਹਾਂ ਲਾਂਦਿਆਂ,
ਗੱਠ ਕੇ ਤਲਵਾਰਾਂ ਚੱਲੀਆਂ ਲੋਥਾਂ ਦੇ ਬੁਰਜ ਬਨਾਂਦਿਆਂ,
ਹੁਣ ਗੁਥਮ ਗੁੱਥੇ ਹੋ ਗਏ ਹੱਥਿਆਰਾਂ ਨੂੰ ਤੁੜਵਾਂਦਿਆਂ,
ਮਾਰੋ ਮਾਰੋ ਵੀ ਆਖਦਾ, ਬੰਦੇ ਸਿੰਘ ਓਧਰ ਧਾਂਦਿਆਂ,
ਇਕ ਖਿਚ ਕੇ ਤੀਰ ਚਲਾਇਆ, ਜਿਸ ਸੱਦਿਆ ਖਾਨ ਮਚਾਂਦਿਆਂ,
ਖਾਂ ਡਾਢੇ ਕੀਤੇ ਵਾਰ ਦੋ, ਬੰਦੇ ਨੇ ਖੂਬ ਬਚਾਂਦਿਆਂ,
ਕੱਟ ਰਖਿਆ ਇਕੋ ਤੇਗ ਦਾ ਦੋ ਖਾਨ ਵਜ਼ੀਰ ਬਨਾਂਦਿਆਂ,
ਕੁਝ ਹੌਲਾ ਹੌਲਾ ਹੋ ਗਿਆ ਸਤਗੁਰ ਦਾ ਕਰਜ਼ ਚੁਕਾਂਦਿਆਂ,
ਹੋਏ ਤਿੱਤਰ ਸਭ ਜਹਾਦੜੇ ਬਾਜ਼ਾਂ ਤੋਂ ਜਾਨ ਛੁਡਾਂਦਿਆਂ ।

੨੩.
ਜੇਤੂ ਧੂੜ ਧੁਮਾਂਦਿਆਂ ਸਰਹਿੰਦ ਵਲ ਧਾਏ,
ਪਰ ਤੋਪਾਂ ਨੂੰ ਆਣ ਕੇ ਕੁਝ ਜਿਸਮ ਚੜ੍ਹਾਏ ।
ਆਖਰ ਨੱਪਿਆ ਕੋਟ ਨੂੰ ਪਾਪੀ ਅਰੜਾਏ ।
ਕਾਤਿਲ ਸਾਹਿਬਜ਼ਾਦਿਆਂ ਦੇ ਕੁਲ ਖਪਾਏ ।
ਜਰਵਾਣੇ ਘਰ ਲੁੱਟਦਿਆਂ ਨ ਦ੍ਰੇਗ ਕਮਾਏ ।

੨੪.
ਮੁੜ ਜਾਵੇ ਮਾਰੀ ਮਾਰ ਨ ਚਿੱਤ ਆਇਆ ਸਾਂਭ ਦਿਖਾਨ ਦਾ ।
ਸਿਆਸਤ ਹੈ ਮੁਲਕ ਸੰਭਾਲਣਾ ਬੰਦਾ ਇਹ ਗਲ ਸੀ ਜਾਣਦਾ ।
ਬਸ ਰਾਜ ਸੰਭਾਲਣ ਨਾਲ ਹੀ ਮਿੱਟ ਜਾਂਦਾ ਧਮਾਂ ਸ਼ਤਾਨ ਦਾ।
ਜਿਹੜਾ ਵੀ ਰਾਜ ਚਲਾਉਂਦਾ ਡਰ ਉਹਨੂੰ ਰਹਿੰਦਾ ਜਾਨ ਦਾ ।
ਹੁਣ ਭਾਲੀ ਉਹ ਥਾਂ ਜਿਸ ਜਗ੍ਹਾ ਸਾਇਆ ਵੀ ਨਹੀਂ ਸੀ ਖਾਨਦਾ।
ਮੁਖ਼ਲਿਸ ਪੁਰ ਕੋਟ ਸਵਾਰਿਆ ਨਾਂ ਰੱਖਿਆ ਲੋਹ ਗੜ੍ਹ ਸ਼ਾਨ ਦਾ ।
ਥਾਂ ਥਾਂ ਤੇ ਠਾਣੇ ਬਹਿ ਗਏ ਕੰਮ ਚਲਿਆ ਦਮ ਉਗਰਾਹਨ ਦਾ ।
ਸਿੱਕਾ ਸਤਗੁਰ ਦਾ ਤੋਰਿਆ ਖ਼ੁਸ਼ ਹੋਇਆ ਦਿਲ ਬਲਵਾਨ ਦਾ।
ਅਜ ਖੁਲ੍ਹ ਖਹਾਉਣੇ ਮੁਲਕ ਨੂੰ ਚੱਜ ਦੱਸਿਆ ਹੁਕਮ ਚਲਾਣ ਦਾ ।

ਅਨੋਖੀ ਵਾਰ

੧.
ਜੀ ਕੀਤਾ ਜੰਗ ਜੁੱਧ ਤੋਂ ਬਿਨਾਂ ਇਕ ਵਖਰੀ ਵਾਰ ਬਣਾ ਦਵਾਂ।
ਜੀਵਣ ਲਈ ਜੋ ਹਿੱਮਤ ਦਵੇ ਮੈਂ ਐਸੀ ਚੀਜ਼ ਸੁਣਾ ਦਵਾਂ ।

੨.
ਜਦ ਬੰਦਾ ਹੱਥੋਂ ਆਪਣੇ ਸਿੰਘਾਂ ਨੇ ਆਪ ਗਵਾ ਲਿਆ ।
ਗਲ ਦੇ ਵਿਚ ਖਫਣੀ ਪਾ ਲਈ ਹੱਥ ਦੇ ਵਿਚ ਠੂਠਾ ਚਾ ਲਿਆ ?
ਹੋ ਚੁੱਕੀਆਂ ਭੁੱਲਾਂ ਦੇਖ ਕੇ ਏਕਾ ਚਿੱਤ ਵਿਚ ਵਸਾ ਲਿਆ।
ਉਹ ਮਰਦ ਕੀ ਜਿਸ ਦੁੱਖ ਦੇਖ ਕੇ ਟੀਚੇ ਤੋਂ ਵੱਖਰਾ ਰਾਹ ਲਿਆ ?
ਓਹ ਜੀਵਣ ਕੀ ਜੋ ਬਿਨ ਮਤੇ ਕੌਡੀ ਬਦਲੇ ਲੁਟਵਾ ਲਿਆ ?
ਹੁਣ ਜ਼ੁਲਮ ਉਡਾਉਣਾ ਦੇਸ ਚੋਂ ਸਿੰਘਾਂ ਨੇ ਮਤਾ ਪਕਾ ਲਿਆ ।
ਕਿਣਕੇ ਵੀ ਅੱਖਾਂ ਚੁੱਕੀਆਂ ਹਿੰਦੂ ਮੁਸਲਮ ਪਰਤਾ ਲਿਆ ।
ਸਿੰਘਾਂ ਮਜ਼ਲੂਮਾਂ ਦੇ ਲਈ ਆਪਣਾ ਅੱਗਾ ਮਰਵਾ ਲਿਆ ।
ਪਰ ਜਸਪਤ ਵਰਗੇ ਬੰਦਿਆਂ ਇਹਨਾਂ ਉਤੇ ਹੱਥ ਪਾ ਲਿਆ ।
ਰੋੜੀ ਸਾਹਿਬ ਵੈਸਾਖ ਨੂੰ ਸਿੰਘਾਂ ਨੇ ਮੇਲਾ ਲਾ ਲਿਆ ।
ਜਸਪਤ ਮਨ ਆਈਆਂ ਕੀਤੀਆਂ ਸਿੰਘ ਉਹਦਾ ਸਿਰ ਲਾਹ ਲਿਆ ।
ਸਭ ਚੁਣ ਲਏ ਸਿੰਘ ਲਾਹੌਰ ਦੇ ਲੱਖ ਪੱਤ ਨੇ ਵੈਰ ਵਧਾ ਲਿਆ ।
ਕਹਿੰਦਾ ਸੀ ਆਪਣੇ ਵੀਰ ਦਾ ਬਦਲਾ ਸਿਰ ਉੱਤੋਂ ਲਾਹ ਲਿਆ।
ਉਸ ਜ਼ੁਲਮ ਨ ਤੱਕਿਆ ਵੀਰ ਦਾ ਸਿੰਘਾਂ ਤੇ ਹੱਥ ਚਲਾ ਲਿਆ ।
ਸਿੰਘਾਂ ਨੇ ਕਾਹਨੂੰ ਵਾਲ ਦੇ ਜੰਗਲ ਨੂੰ ਯਾਰ ਬਣਾ ਲਿਆ ।

੩.
ਲਖ ਪਤ ਘੇਰਾ ਪਾਇਆ ਸਿੰਘ ਡਾਢੇ ਅੱਕੇ ।
ਅੰਦਰ ਦੇ ਅੰਦਰ ਰਹੇ ਬਾਹਰੋਂ ਗਏ ਡੱਕੇ ।
ਫਲ ਨ ਰਿਹਾ ਸ਼ਿਕਾਰ ਕੁਝ ਭੁੱਖ ਕੀਤੇ ਧੱਕੇ ।
ਇਕ ਰਾਤੀ ਸਿੰਘ ਪੈ ਗਏ ਨ ਮੂਲੋਂ ਝੱਕੇ ।
ਮੋਏ ਕਿੰਨੇ ਪਹਿਰੂਏ ਉੱਡ ਗਏ ਫੱਕੇ ।
ਲਖਪਤੀਏ ਪਿੱਛੇ ਪਏ ਕਰਕੇ ਹੱਥ ਪੱਕੇ ।

੪.
ਨਿਕਲੇ ਲੜਦੇ ਜਾਂਦਿਆਂ ਪਰਬਤ ਵਲ ਧਾਏ ।
ਚੜ੍ਹਿਆ ਬੜਾ ਬਿਆਸ ਸੀ ਉਸ ਰੋਕ ਦਖਾਏ ।
ਪਰਬਤ ਦੂਜੇ ਬੰਨਿਓਂ ਸਨ ਸਾਹਵੇਂ ਆਏ ।
ਹੇਠੋ ਲਖਪਤ ਰਾਏ ਨੇ ਸਨ ਘੋੜੇ ਲਾਏ ।
ਉੱਤੋਂ ਰਾਜੇ ਪਰਬਤੀ ਆ ਘੇਰੇ ਪਾਏ ।
ਜਾਨੋ ਕਾਲੇ ਕਾਲ ਨੇ ਮੂੰਹ ਚਾਰ ਬਣਾਏ।
ਸੁੱਖਾ ਸਿੰਘ ਨੇ ਆਖਿਆ "ਕੁਝ ਪੇਸ਼ ਨ ਜਾਏ ।
ਪਰ ਉਹ ਕੀ ਸੂਰਮਾ ਦੁਖ ਤਕ ਘਭਰਾਏ ?"
ਸਭ ਨੇ ਪਰਬਤ ਚੜ੍ਹਨ ਦੇ ਲਈ ਪੈਰ ਵਧਾਏ।
ਘਿਸਰ ਘਿਸਰ ਕੇ ਜਾਂਦਿਆਂ ਸਨ ਜਿਸਮ ਛਲਾਏ ।
ਕੰਢੇ ਪਏ ਸਨ ਪੱਛ ਰਹੇ ਜ਼ਾਲਮ ਦੇ ਜਾਏ ।
ਕਿੰਨੇ ਤਿਲਕੇ ਚੋਟੀਓਂ ਰੁੱਖਾਂ ਅਟਕਾਏ ।
ਓੜਕ ਮੰਜਲ ਫੜ ਲਈ ਲਖ ਦੁਖ ਉਠਾਏ,

੫.
ਪਰਬਤ ਤਕ ਕੇ ਕਹਿ ਰਹੇ ਸਨ "ਸਿੰਘਾਂ ਨੇ ਹੀ,
ਕੀਤੀ ਵਾਕਰ ਮੋਮ ਦੇ ਹੈ ਹਿੱਕ ਅਸਾਡੀ ।"
ਪੱਥਰ ਵੀ ਸਨ ਬੋਲਦੇ "ਇਹ ਗਲ ਜਿਗਰੇ ਦੀ,
ਪਿੱਛੇ ਦੇਖੀ ਨਹੀਂ ਕਦੇ ਨਹੀਂ ਅੱਗੋਂ ਤਕਣੀ।"
ਰੁੱਖ ਕਹਿੰਦੇ ਸਨ "ਕਾਇਰਤਾ ਨਹੀਂ ਦਿਲ ਵਿਚ ਰੱਖੀ ।"
ਤਿੰਨ ਦਿਨ ਲੜਦੇ ਫਿਰਦਿਆਂ ਬਣਿਆ ਨ ਕੱਖ ਵੀ ।

੬.
ਗਲ ਕੀ ਸੱਭੇ ਤੰਗ ਸਨ ਤੇ ਪਿੱਛੇ ਹੋਏ ।
ਸਾਥੀ ਲਖਪਤ ਰਾਏ ਦੇ ਨੱਸੇ ਤੇ ਮੋਏ ।
ਸਿੰਘ ਬਿਆਸਾ ਚੀਰ ਕੇ ਥਲ ਵਿਚ ਖਲੋਏ ।
ਹਿੱਮਤ ਪੱਧਰੇ ਕਰ ਗਈ ਸਭ ਟਿੱਬੇ ਟੋਏ ।
ਥਲ ਵਿਚ ਕਿਰਨਾਂ ਲੱਥੀਆਂ ਮਚ ਪਈਆਂ ਸਾਰੇ ।
ਵਾ-ਪੰਛੀ ਨੇ ਓਸ ਥਾਂ ਨ ਖੰਭ ਫਟਕਾਰੇ ।
ਓਸ ਜਗ੍ਹਾ ਤੇ ਕਾਲ ਨੇ ਵੀ ਦਮ ਨ ਮਾਰੇ ।
ਥਲ ਸਿੰਘਾਂ ਨੂੰ ਲਾ ਰਿਹਾ ਸੀ ਜਲਦੇ ਲਾਰੇ ।
ਪੀਵਣ ਲਈ ਵਧਦੇ ਗਏ ਪੰਜਾਬ-ਦੁਲਾਰੇ ।
ਬੁੱਲ੍ਹ ਝੁਲਸੇ ਸੰਘ ਸੁਕ ਗਏ ਧੁੱਪ ਕਹਿਰ ਗੁਜ਼ਾਰੇ।
ਮੁੜ੍ਹਕਾ ਪੀਣਾ ਚਾਹੁੰਦੇ ਸਨ ਦੇਸ-ਪਿਆਰੇ ।
ਖੁਲ ਦੀ ਸੱਸੀ ਲੱਭਣੋਂ ਪੁੰਨੂੰ ਨ ਹਾਰੇ ।
ਤਲੀਆਂ ਕੋਲੇ ਹੋਈਆਂ ਸਿੰਘਾਂ ਦਸਤਾਰੇ,
ਸਿਰ ਤੋਂ ਲਾਹ ਲਾਹ ਬੰਨ੍ਹ ਲਏ ਸਨ ਪੈਰ ਵਿਚਾਰੇ।
ਓੜਕ ਹੀਲੇ ਕਰਦਿਆਂ ਲੰਘੇ ਦੁੱਖ ਭਾਰੇ ।
ਇਉਂ ਪੰਜਾਬੀ ਰਾਜ ਦੇ ਗਏ ਥੰਮ੍ਹ ਖਲ੍ਹਾਰੇ।

ਹਿੱਤ ਭਰੀ ਵਾਰ

(ਨਲੂਏ ਦੀ ਵਾਰ)

੧.
ਬੀਰਬਰ ਕਸ਼ਮੀਰ ਚੋਂ ਪੰਜਾਬੇ ਧਾਇਆ,
ਦਿਆ-ਪੁੰਜ ਰਣਜੀਤ ਦੇ ਦਰਬਾਰ ਚਿ ਆਇਆ ।
ਪਹਿਲਾਂ ਪੈਰੀਂ ਪੈ ਗਿਆ ਪਿੱਛੋਂ ਵਿਲਲਾਇਆ:-
"ਪੰਡਿਤ ਹਾਂ ਕਸ਼ਮੀਰ ਦਾ ਦੁੱਖਾਂ ਨੇ ਫਾਹਿਆ ।
ਮਰਗਾਂ ਨੂੰ ਤਾਂ ਹਾਕਮਾਂ ਸ਼ਮਸ਼ਾਨ ਬਣਾਇਆ ।
ਹਰਸਰ ਉੱਤੇ ਪਾਪੀਆਂ ਰਤ ਦਾ ਸਰ ਲਾਇਆ ।
ਵੱਟ ਕਚੀਚੀ ਜ਼ੁਲਮ ਦਾ ਹੈ ਨਾਗ ਲੜਾਇਆ ।
ਬਲ ਦੱਸਣ ਪਏ ਕਾਮ ਦਾ ਆਚਰਣ ਲੁਟਾਇਆ ।
ਕੁਦਰਤ ਕੋਲੋਂ ਵਖਰਾ ਕਸ਼ਮੀਰ ਵਸਾਇਆ ।
ਹਿੰਦੂ ਨੂੰ ਲੁੱਟ ਖਾ ਰਹੇ ਮੋਮਨ ਨੂੰ ਤਾਇਆ ।
ਕਰਨ ਵਗਾਰੀ ਓਸ ਨੂੰ ਜੋ ਅੱਗੇ ਆਇਆ ।
ਪੰਚਨਦ ਨੇ ਮਾਲਕਾ ਨਿੱਤ ਦੁੱਖ ਵੰਡਾਇਆ।
ਨੌਵੇਂ ਸ੍ਰੀ ਗੁਰਦੇਵ ਨੇ ਸੀ ਸੀਸ ਕਟਾਇਆ,
ਹੁਣ ਤੂੰ ਬਹੁੜੀ ਕਰ ਪਿਤਾ ਮੂੰਹ ਘਾ ਹੈ ਪਾਇਆ ।
ਵਾਂਗ ਯੁਧਿਸ਼ਟਰ ਜਾਪਦਾ ਹੈ ਤੇਰਾ ਸਾਇਆ ।
ਹਰ ਕਸ਼ਮੀਰੀ ਰੱਬ ਦੇ ਅੱਗੇ ਕੁਰਲਾਇਆ:-
'ਏਥੇ ਕਿਉਂ ਨਹੀਂ ਮਾਲਕਾ ਸਿਖ ਰਾਜ ਪੁਚਾਇਆ। "

੨.
ਦਾਨੇ ਮਹਾਰਾਜ ਨੇ ਸਰਦਾਰ ਬੁਲਾਏ !
ਪੰਡਿਤ ਕੋਲੋਂ ਇਕ ਵਾਰ ਮੁੜ ਦੁਖ ਸੁਣਵਾਏ ।
ਅੱਖੀ ਅਣਖਾਂ ਚਮਕੀਆਂ ਸਿਰ ਜੋਸ਼ ਝੁਮਾਏ ।
ਨਲੂਏ ਨੂੰ ਤਾਂ ਫਰਜ਼ ਨੇ ਆ ਲਾਂਬੇ ਲਾਏ,
ਗੱਜਿਆ "ਕਮਰਾਂ ਕੱਸ ਲਵੋ ਗੁਰੂ ਮਿਹਰ ਜਤਾਏ ।
ਸਾਡੇ ਹੁੰਦਿਆਂ ਚੰਦ ਤੇ ਕਿਉਂ ਰਾਹੂ ਆਏ ?
ਸਾਡੇ ਡੌਲੇ ਹੁੰਦਿਆਂ ਹੱਥੋਂ ਜ਼ੁਲਮ ਉਠਾਏ,
ਤਾਂ ਤੇ ਭੋਂ ਵਿਰ ਨਿਘਰੀਏ ਕਿਉਂ ਭੋਂ ਤੇ ਆਏ ?
ਵਡਾ ਲਸ਼ਕਰ ਲੈ ਚੜ੍ਹੋ ਡਰ ਜ਼ੁਲਮ ਨਸਾਏ,
ਸੱਪ ਤਾਂ ਜਾਵੇ ਸੋਧਿਆ ਸੋਟਾ ਬਚ ਜਾਏ ।"

੩.
ਮਹਾਰਾਜਾ ਰਣਜੀਤ ਸਿੰਘ ਚੜ੍ਹਿਆ ਲੈ ਦਲ ਨੂੰ ।
ਅੱਗੇ ਨਲੂਆ ਲਾਇਆ ਮਾਰਨ ਲਈ ਮਲ ਨੂੰ।
ਦਰਿਆ ਢੱਕੀਆਂ ਚੜ੍ਹ ਗਿਆ ਕਸ਼ਮੀਰ ਦੀ ਵਲ ਨੂੰ ।
ਰਾਜੌੜੀ ਦੇ ਹਾਕਮੇ ਡਿੱਠਾ ਇਸ ਗਲ ਨੂੰ ।
ਮੱਛਰਿਆ ਕਿ ਠਲ੍ਹ ਲਵੇ ਨਲਵੇਈ ਬਲ ਨੂੰ ।
ਤਿਣਕੇ ਕੀ ਸੀ ਰੋਕਣਾ ਤੂਫਾਨੀ ਜਲ ਨੂੰ।

੪.
ਸੋ ਪੁੱਜੀ ਜੰਗ ਦੇ ਵਾਸਤੇ ਪੁਣਛਈ ਖਾਨ,
ਕਰਦਾ ਪਿਆ ਤਿਆਰੀਆਂ ਵਾਹ ਲੱਗਾ ਲਾਨ ।
ਪੱਥਰ ਤੇ ਰੁਖ ਸੁੱਟ ਕੇ ਰਾਹ ਰੋਕੇ ਆਨ।
ਜਾਤੇ ਨਲੂਏ ਬੀਰ ਨੇ ਸਭ ਕੱਖ ਸਮਾਨ ।
ਬਸ ਕਿਲੇ ਦੇ ਸਾਹਮਣੇ ਮੱਚਿਆ ਘਮਸਾਨ ।
ਖੇਤ ਰਹੇ ਦੋ ਪਾਸਿਓਂ ਵੱਡੇ ਬਲਵਾਨ।
ਸ਼ੁਤਰੀ ਤੋਪਾਂ ਚੱਲੀਆਂ ਆ ਲੱਥੇ ਘਾਨ।
ਸਾਰੇ ਪਰਬਤ ਛਹਿ ਗਏ ਹੇਠਾਂ ਅਸਮਾਨ।
ਝਟ ਕਿਲੇ ਵਿਚ ਧਸ ਗਏ ਏਧਰ ਦੇ ਜਵਾਨ।
ਨਾੜਾਂ ਕਢੀਆਂ ਨੇਜ਼ਿਆਂ ਦਸ ਦਸ ਕੇ ਤਾਨ ।
ਚੰਡੀਆਂ ਚਲੀਆਂ ਚਮਕ ਕੇ ਦੈਂਤਾਂ ਨੂੰ ਖਾਨ ।
ਸਿਰ ਡਰਦੇ ਵਖ ਹੋ ਗਏ ਧੜ ਢੱਠੇ ਆਨ ।
ਬਨ ਗਈ ਧਰਤੀ ਉਸ ਵਕਤ ਮਿੱਝਾਂ ਦੀ ਖਾਨ ।
ਜਿੱਤ ਤੋਂ ਨਲੂਏ ਬੀਰ ਨੇ ਲੈ ਲੀਤਾ ਮਾਨ ।

੫.
ਹੁਣ ਸੂਬੇ ਕਸ਼ਮੀਰ ਨੂੰ ਡਰ ਲੱਗਾ ਖਾਨ ।
ਲੱਗਾ ਨਾਲ ਮੁਸਾਹਿਬਾਂ ਉਹ ਸੋਚ ਦੁੜਾਨ:-
"ਕਾਫਰ ਬਾਹਮਨ ਬੀਰਬਰ ਕੀਤਾ ਨੁਕਸਾਨ,
ਪੁੱਜੇ ਓਧਰ ਹੋਰ ਵੀ ਕਈ ਲੂਤੀ ਲਾਨ।
ਮੈਨੂੰ ਚੱਜ ਹੈ ਐਸ਼ ਦਾ ਸਕਦਾ ਹਾਂ ਮਾਨ ।
ਛਿੱਕੇ ਹੱਥ ਨ ਅਪੜੇ ਥੂਹ ਕਹਿੰਦੇ ਜਾਨ।
ਐਸ਼ ਨ ਕਰੇ ਜਹਾਨ ਵਿਚ ਜੇਕਰ ਸੁਲਤਾਨ ।
ਦੌਲਤ ਜੁੜਦੀ ਦੇਖ ਕੇ ਪਿੱਟ ਪੈਣ ਸ਼ਤਾਨ ।
ਜੇ ਜੋੜੋ ਨ ਦੌਲਤਾਂ ਤਾਂ ਵੀ ਜਿੰਦ ਖਾਨ ।
ਪੂਰੇ ਹੋਂਦੇ ਨਹੀਂ ਕਿਸੇ ਛਾਬੇ ਬੇਈਮਾਨ ।
ਚਾੜ੍ਹ ਲਿਆਂਦੇ ਸਿੰਘ ਨੇਂ ਜੇਕਰ ਭਲਵਾਨ,
ਏਧਰ ਵੀ ਅਫਗ਼ਾਨ ਨੇ ਲੜਨਾ ਹਿੱਕ ਤਾਨ ।
ਸੋਪੀਆਂ ਦਾ ਮਲੀਏ ਚਲ ਕੇ ਮੈਦਾਨ।
ਪਿਛਾਂਹ ਨਹੀਂ ਜੇ ਪਰਤਨਾ ਚੁਕ ਲਵੋ ਕੁਰਾਨ ।
ਦੱਸੋ ਤੇਗਾਂ ਸੂਤ ਕੇ ਅੱਲਾਹ ਦੀ ਸ਼ਾਨ ?
ਇਸ ਕਸ਼ਮੀਰ ਬਹਿਸ਼ਤ ਨੂੰ ਨਹੀਂ ਦੇਣਾ ਜਾਨ"।

੬.
ਸੋਪੀਆਂ ਵਿਚ ਢੋਈ ਫੌਜ ਅਫਗਾਨ ਨੇ,
ਸਾਹਵੇਂ ਦੁਜੀ ਹੋਈ ਦੇਸ ਪੰਜਾਬ ਦੀ ।
ਪਰਤ ਨ ਆਇਆ ਕੋਈ ਵਧਦੇ ਹੀ ਗਏ ।
ਤੋਪਾਂ ਚੱਕੀ ਝੋਈ ਕਾਲ ਰਜਾਨ ਦੀ ।
ਧਰਤੀ ਪਹਿਣ ਖਲੋਈ ਸਾੜ੍ਹੀ ਰੱਤ ਦੀ,
ਵਾਰ ਵੇਖ ਕੇ ਮੋਈ ਨਲੂਏ ਬੀਰ ਤੇ ।

੭.
ਦੀਵਾਨ ਚੰਦ ਜਰਨੈਲ ਤਾਂ ਦਿਨ ਢਲਦੇ ਫੌਜ ਵਧਾ ਗਿਆ ।
ਜੰਗਲ ਚੋਂ ਦਲ ਅਫਗ਼ਾਨ ਦਾ ਗਜ ਗਜ ਕੇ ਉਸ ਤੇ ਧਾ ਗਿਆ ।
ਐਨੀ ਅੱਗ ਲੱਗੀ ਤੇਗ਼ ਦੀ ਧੁੰਆਂ ਵੀ ਸਾਸ ਰੁਕਾ ਗਿਆ !
ਦੋ ਗੁੱਸੇ ਭਿੜ ਪਏ ਆਣ ਕੇ ਲਹੂ ਚੱਲਿਆ ਜਿੰਦ ਬਚਾ ਗਿਆ ।
ਨਲੂਆ ਸਿੰਘ ਘੋੜਾ ਆਪਣਾ ਝੱਖੜ ਦੇ ਵਾਂਗ ਝੁਲਾ ਗਿਆ ।
ਮਰਦਾਂ ਨੂੰ ਲੰਮਾ ਪਾ ਗਿਆ, ਪਲ ਦੇ ਵਿਚ ਰੁਖ ਪਲਟਾ ਗਿਆ ।
ਨਲੂਏ ਦੇ ਮੱਥੇ ਵੱਟ ਪਏ ਜਿਉਂ ਸੱਪ ਹੋਵੇ ਵਲ ਖਾ ਗਿਆ।
ਜਦ ਹਸ਼ਰ ਦਿਹਾੜੇ ਦੇਖਿਆ ਸਦੀਆਂ ਲਈ ਸ਼ਕਲ ਛੁਪਾ ਗਿਆ ।
ਹੁਣ ਸੂਬਾ ਜਾਬਰ ਖਾਨ ਵੀ ਨਲੂਏ ਦੇ ਸਾਹਵੇਂ ਆ ਗਿਆ ।
ਉਹ ਲਗਾ ਤੇਗ ਚਲਾਣ ਸੀ ਪਰ ਇਹ ਸਿੰਘ ਵਾਰ ਫਬਾ ਗਿਆ।
ਹੱਥ ਲਾਹ ਸੁੱਟਿਆ ਸੀ ਖਾਨ ਦਾ ਓਹ ਨੱਠਾ ਜਾਨ ਛੁਡਾ ਗਿਆ ।
ਜੋ ਦੁਸ਼ਮਨ ਬੇੜਾ ਦਿੱਸਿਆ ਓਹ ਨਲੂਆ ਡੋਬ ਡੁਬਾ ਗਿਆ ।
ਅਜ ਵੱਧਿਆ ਰਾਜ ਪੰਜਾਬ ਦਾ ਨਾਂਗੇ ਪਰਬਤ ਤਕ ਧਾ ਗਿਆ।

੮.
ਕਸ਼ਮੀਰੇ ਵਿਚ ਆਇਆ ਮੋਤੀ ਰਾਮ ਸੀ।
ਉਸ ਨ ਤੋੜ ਚੜ੍ਹਾਇਆ ਅਪਣੇ ਕੰਮ ਨੂੰ ।
ਨਲੂਆ ਬੀਰ ਪੁਚਾਇਆ ਸ਼ੇਰ ਪੰਜਾਬ ਨੇ,
ਹਰੀ ਸਿੰਘ ਜਤਲਾਇਆ ਸਾਰੀ ਉਮਰ ਹੀ,
ਖੰਡਾ ਨਹੀਂ ਚਲਾਇਆ ਰਾਜ ਕਮਾਨ ਦਾ,
ਮੈਂ ਨਹੀਂ ਹੁਨਰ ਭੁਲਾਇਆ ਦੱਸਿਆ ਕੌਮ ਨੂੰ ।
ਵੈਰੀ ਨੇ ਗੁਣ ਗਾਇਆ ਇਹਦੇ ਰਾਜ ਦਾ ।
ਮੋਮਨ ਨੂੰ ਹਿੱਕ ਲਾਇਆ ਭਾਈਆਂ ਦੀ ਤਰਾਂ ।
ਹਰੀ ਸਿੰਘ ਦਾ ਪਾਇਆ ਮੁੱਲ ਮਹਾਰਾਜ ਨੇ।
ਸਿੱਕਾ ਤੋਰ ਦੇਖਾਇਆ ਨਲੂਏ ਸਿੰਘ ਦਾ।

੯.
ਲਿਖਿਆ ਸ਼ੇਰ ਪੰਜਾਬ ਨੇ "ਹੇ ਨਲੂਏ ਬੀਰ,
ਚੜ੍ਹਨਾ ਹੈ ਸਰਹੱਦ ਤੇ ਛੱਡੋ ਕਸ਼ਮੀਰ,
ਲੈ ਦੇ ਕੇ ਇਕ ਆਪ ਹੋ ਸਰਹੱਦੀ ਪੀਰ,
ਵੈਰੀ ਸੁਣ ਕੇ ਨਾਮ ਨੂੰ ਹੋ ਜਾਂਦਾ ਤੀਰ,
ਆਪ ਪੰਜਾਬੀ ਰਾਜ ਦੀ ਘੜ ਲੌ ਤਕਦੀਰ ।
ਰੱਬ ਨ ਮੋੜੇ ਬੀਰ ਦੀ ਕੀਤੀ ਤਦਬੀਰ ।"
ਰਈਅਤ ਰੋਂਦੀ ਛੱਡ ਗਿਆ ਜਿਉਂ ਰਾਂਝਣ ਹੀਰ ।

ਵਾਰ ਸ਼ਹੀਦ ਸ਼ਾਮ ਸਿੰਘ ਜੀ ਦੀ

੧.
ਫੁੱਟ ਕਹਿੰਦੀ ਸੀ "ਰਣਜੀਤ ਦੇ ਪਿੱਛੋਂ ਤਾਂ ਹੱਥ ਦਖਾ ਦਿਆਂ ।
ਏਕਾ ਆਖੇ ਫੁੱਟ ਫੁੱਟ ਗਈ ਲੱਕ ਤੋੜਾਂ ਧੌਣ ਨਿਵਾ ਦਿਆਂ ।
ਪੰਜਾਂ ਵਹਿਣਾਂ ਦੇ ਦੇਸ ਨੂੰ ਕਈ ਹਿੱਸਿਆਂ ਵਿਚ ਵੰਡਾ ਦਿਆਂ ।
ਮੈਂ ਜੀਭ ਡਰਾਉਣੀ ਕਾਲ ਦੀ ਜਦ ਬੋਲਾਂ ਬੰਬ ਬੁਲਾ ਦਿਆਂ।
ਮੈਂ ਨਜ਼ਰ ਹਾਂ ਕਹਿਰਾਂ ਦੀ ਭਰੀ ਜਦ ਲਾਵਾਂ ਅੱਗ ਮਚਾ ਦਿਆਂ ।
ਬਾਂਹ ਡਾਢੀ, ਸੱਕੀਆਂ ਬਾਹੀਆਂ ਪਲ ਅੰਦਰ ਤੋੜ ਵਖਾ ਦਿਆਂ ।
ਚਿੱਤ ਆਵੇ ਖੜਗ ਨਿਹਾਲ ਨੂੰ ਮਿੱਟੀ ਦੇ ਵਿਚ ਮਲਾ ਦਿਆਂ,
ਹੱਥੇ ਪਾ ਸੰਧਾ ਵਾਲੀਏ, ਹੋਣੀ ਤੋਂ ਛਿੰਜ ਪਵਾ ਦਿਆਂ ।
ਮੈਂ ਸ਼ੇਰਾਂ ਤੋਂ ਵਧ ਸ਼ੇਰ ਨੂੰ ਗੋਲੀ ਦੇ ਨਾਲ ਉਡਾ ਦਿਆਂ ।
ਜੀ ਕਰਦਾ ਕਿ ਸਿੰਘ ਤੇਜ ਦੀ ਜੁੰਡੀ ਨੂੰ ਖੂਬ ਧੁਮਾ ਦਿਆਂ।
ਸਭਰਾਵਾਂ ਦੇ ਵਿਚ ਨਚਦਿਆਂ ਏਕੇ ਦੀ ਅਲਖ ਮੁਕਾ ਦਿਆਂ ।
ਸਤਲੁਜ ਨੂੰ ਰੱਤਾ ਕਰਦਿਆਂ, ਜਦ ਖੂਨੀ ਵਾਰ ਚਲਾ ਦਿਆਂ।

੨.
ਭੂਤਰ ਗਏ ਨੇ ਡੋਗਰੇ ਪਾਪੀ ਹੱਤਿਆਰੇ।
ਸ਼ਾਮ ਸਿੰਘ ਨੇ ਦੇਖ ਕੇ ਇਹਨਾਂ ਦੇ ਕਾਰੇ ।
ਆਖੇ "ਅਪਣੀ ਪੁੱਟ ਰਹੇ ਜੜ੍ਹ ਆਪ ਨਕਾਰੇ ।
ਭੁੱਲੇ ਨੇਂ ਰਣਜੀਤ ਨੂੰ ਕਰਮਾਂ ਦੇ ਮਾਰੇ ।
ਭੂਹੇ ਕਰਨ ਅੰਗ੍ਰੇਜ਼ ਨੂੰ ਜਿਸ ਕੌਲ ਵਿਸਾਰੇ,
ਨੱਪੀ ਜਾਏ ਪਰਗਣੇ ਨ ਖ਼ੌਫ ਚਿਤਾਰੇ ।
ਟੀਪੂ ਜਿਹੇ ਸੁਲਤਾਨ ਵੀ ਪਾੜੇ ਤੇ ਮਾਰੇ ।
ਆਇਆ ਵਣਜਾਂ ਕਰਨ ਸੀ ਅਜ ਰਾਜ ਸਵਾਰੇ ।"

੩.
ਦੋਵੇਂ ਹੱਥ ਬੰਨ੍ਹ ਉੱਠਿਆ ਆਖੇ "ਕਰਤਾਰ
ਢਾਲ ਬਣੇ ਅੰਗ੍ਰੇਜ਼ ਦੀ ਸਾਡੇ ਹੱਥਿਆਰ ।
ਫੇਰੂ ਦੇ ਵਿਚ ਇਸ ਲਈ ਜਿੱਤ ਕੇ ਗਏ ਹਾਰ ।
ਹੁਣ ਵੀ ਅਕਲਾਂ ਸੁਰ ਕਰੀਂ ਸਮਝਣ ਗ਼ੱਦਾਰ ।
ਮਿੱਟੀ ਮੇਰੇ ਦੇਸ ਦੀ ਨ ਕਰਨ ਖਵਾਰ ।
ਕਿਹੜਾ ਹੱਕ ਤੇ ਲੜ ਰਿਹਾ ਤੂੰ ਆਪ ਨਿਤਾਰ ?
ਭੋਲੇ ਸਮਝੀ ਜਾ ਰਹੇ ਮਰ ਗਈ "ਸਰਕਾਰ"।
ਮੈਨੂੰ ਵੀਰਾਂ ਚੁਣ ਲਿਆ ਹੈ ਜੱਥੇਦਾਰ ।
ਮੂੰਹ ਨ ਰਣ ਚੋਂ ਮੋੜੀਏ ਲਹਿ ਜਾਣ ਸਥਾਰ ।
ਡੋਬੀ ਖ਼ੂਨੀ ਵਹਿਣ ਵਿਚ ਭੋਂ ਦੇਵੀਂ ਤਾਰ ।
ਤੋਪਾਂ ਵੀ ਨਹੀਂ ਦਏਗਾ ਸਾਨੂੰ ਦਰਬਾਰ ।
ਦਿਲ ਵਿਚ ਤੇਰੀ ਆਸ ਰਖ ਹੱਥ ਵਿਚ ਤਲਵਾਰ,
ਦੱਸਣ ਚੱਲੇ ਸਿੰਘ ਨੇ ਬਸ ਦੇਸ-ਪਿਆਰ ।
ਕੂਕਰ ਦੇ ਸਿਰ ਹੱਥ ਧਰੀ ਤੂੰਹੇਂ "ਦਾਤਾਰ"।
ਬਸ ਅਰਦਾਸਾ ਸੋਧ ਕੇ ਉਠਿਆ ਸਰਦਾਰ ।
ਨੈਣਾਂ ਦੇ ਵਿਚ ਝੂੰਮਿਆ ਹੈ ਜੋਸ਼-ਖੁਮਾਰ ।
ਬੁੱਢੇ ਸਿਰ ਨੇ "ਚੁੱਕਿਆ ਹੱਦੋਂ ਵੱਧ ਭਾਰ ।
ਚੜ੍ਹਿਆ ਆਨ ਅਟਾਰੀਓਂ ਔਹ ਦੇਸ-ਪਿਆਰ ।
ਕੁਰਬਾਨੀ ਨੇ ਪਾਇਆ ਗਲ ਦੇ ਵਿਚ ਹਾਰ ।
ਪਿੱਛੇ ਲੱਗੇ ਸੂਰਮੇ ਚੁਣਵੇਂ ਅਸਵਾਰ ।
ਰਲਿਆ ਦਲ ਲਾਹੌਰ ਦਾ ਕਰ ਮਾਰੋ ਮਾਰ ।
ਉਤਰੇ ਪੁਤਲੇ ਅਣਖ ਦੇ ਸਤਲੁਜ ਦੇ ਪਾਰ।
ਚਿਹਰੇ ਦਗਦੇ ਦੇਖ ਕੇ ਬੁੱਝੇ ਬਦਕਾਰ ।
ਆਖਣ "ਇਹਨਾਂ ਕਿਸਤਰਾਂ ਖਾਣੀ ਹੈ ਹਾਰ" ?

੪.
ਫੇਰੂ ਸ਼ਹਿਰੋਂ ਤਮਕਦੇ ਗੋਰੇ ਨਹੀਂ ਆਏ ।
ਸਿੰਘਾਂ ਦੇ ਹੱਥ ਦੇਖ ਕੇ ਡਾਢੇ ਘਬਰਾਏ ।
ਦਿੱਲੀਓਂ ਕੁਮਕ ਉਡੀਕਦੇ ਕਈ ਰੋਜ਼ ਲੰਘਾਏ ।
ਸਿੰਘ ਚਾਹੁੰਦੇ ਨੇ ਏਧਰੋਂ ਹਮਲਾ ਹੋ ਜਾਏ ।
ਪਰ ਸਿੰਘ, ਸਿੰਘ ਗੁਲਾਬ ਨੇ ਰੋਕੇ, ਅਟਕਾਏ ।
ਟੁੱਕਰ ਪੈ ਗਏ ਓਸ ਨੂੰ ਦਲ ਕੌਣ ਚੜ੍ਹਾਏ ?
ਓੜਕ ਖੂਬ ਤਿਆਰੀਆਂ ਕਰ ਗੋਰੇ ਧਾਏ ।

੫.
ਓਧਰ ਅਫਸਰ ਕਈ ਖੜੇ, ਏਧਰ ਇੱਕੋ ਹੈ ਸਰਦਾਰ ।
ਓਧਰ ਇਕ ਮੁੱਠ ਕੰਮਪਨੀ, ਏਧਰ ਪਾਟਾ ਹੈ ਦਰਬਾਰ ।
ਓਧਰ ਸ਼ਾਹੀ ਦੀ ਹਵਸ ਹੈ, ਤੇ ਏਧਰ ਹੈ ਦੇਸ-ਪਿਆਰ ।
ਓਹ ਮਰਹੱਟੇ ਰਜਪੂਤੜੇ ਦੇਸੀ ਵੀਰਾਂ ਨੂੰ ਖਾਨਾ ਚਾਹੁਣ।
ਇਹ ਸਿੰਘ ਪੰਜਾਬੀ ਕੌਮ ਲਈ ਪੁਰਜ਼ਾ ਪੁਰਜ਼ਾ ਹੋ ਜਾਨਾ ਚਾਹੁਣ ।

੬.
ਲਾਲ ਸਿੰਘ ਮਿਸਰ ਨੇ ਦਗਾ ਕਮਾਇਆ।
ਸਾਰੇ ਜੁੱਧ ਦਾ ਨਕਸ਼ਾ ਓਸ ਪੁਚਾਇਆ।
ਸੱਜਾ ਪਾਸਾ ਹਲਕਾ ਓਸ ਜਤਾਇਆ ।
ਜੇਕਰ ਏਧਰ ਹੱਲਾ ਆਨ ਮਚਾਇਆ ।
ਸਿੰਘਾਂ ਦਾ ਤਦ ਪਲ ਵਿਚ ਹੋਊ ਸਫਾਇਆ ।
ਅੰਗ੍ਰੇਜ਼ਾਂ ਨੇ ਤੱਕਿਆ ਸ਼ੁਕਰ ਮਨਾਇਆ।

੭.
ਤੁਰਮਾਂ ਬਿਗਲਾਂ ਵੱਜੀਆਂ ਤੇ ਧੌਂਸੇ ਗੱਜੇ ।
ਬਿਦ ਬਿਦ ਗੋਲੀ ਦਾਗਦੇ ਨਹੀਂ ਡਰਦੇ ਭੱਜੇ ।
ਤੋਪਾਂ ਲਏ ਡਕਾਰ ਨੇਂ ਪਰ ਮੂੰਹ ਨਹੀਂ ਰੱਜੇ ।
ਗਜਦਾ ਇਕ ਸਰਦਾਰ ਹੈ ਹੋ ਖੱਬੇ ਸੱਜੇ ।
ਦੋ ਡੱਕ ਜਿਸਮ ਬਣਾ ਰਿਹਾ ਕਰ ਵਾਰ ਸੁਚੱਜੇ ।
ਆਖੇ "ਲੜ ਮਰ ਜਾਵਣਾ ਨਹੀਂ ਹੋਣਾ ਅੱਝੇ ।

੮.
ਡਾਢੇ ਭਖਵੇਂ ਜੰਗ ਚੋਂ ਤੇਜ ਸਿੰਘ ਧਾਇਆ ।
ਰਜਮਟ ਆਪਣੀ ਲੈ ਗਿਆ ਤੇ ਪੁਲ ਤੁੜਵਾਇਆ ।
ਸਿੰਘ ਡੋਲੇ ਗੋਰੇ ਵਧੇ ਤੇ ਸ਼ੋਰ ਮਚਾਇਆ ।
ਸੱਜੇ ਪਾਸੇ ਆ ਪਏ ਤੇ ਨੱਪ ਦਖਾਇਆ ।
ਸਿਰ ਦੇ ਉੱਤੇ ਸ਼ਾਮ ਸਿੰਘ ਬੰਨ੍ਹ ਖੱਫਣ ਆਇਆ ।
ਅੱਗੇ ਨਾਲੋਂ ਖ਼ੂਨ ਤਾਂ ਚੜ੍ਹ ਗਿਆ ਸਵਾਇਆ ।
ਜੰਗ ਦਾ ਬਣ ਕੇ ਆਤਮਾ ਹਰ ਪਾਸੇ ਧਾਇਆ ।

੯.
ਆਖੇ "ਸਭ ਰਾਹ ਬੰਦ ਜੇ ਦਿੱਲੀ ਵਲ ਧਾਵੋ ।
ਵੈਰੀ ਚਾਲ ਚਲਾ ਗਏ ਨ ਚਿੱਤ ਤੇ ਲਾਵੋ ।
ਚੜ੍ਹ ਪੌ ਤੇਗ਼ਾਂ ਚੁੰਮ ਕੇ ਹੜ੍ਹ ਰੋਕ ਦਖਾਵੋ ।
ਦੁਸ਼ਮਨ ਦੀ ਤਲਵਾਰ ਤੋਂ ਬਾਣੇ ਰੰਗਵਾਵੋ ।
ਵਰ ਲੌ ਲਾੜੀ ਮੌਤ ਨੂੰ ਨ ਪੈਰ ਹਟਾਵੋ ।
ਮਰਦੇ ਦਮ ਤਕ ਆਪਣੀ ਤਦਬੀਰ ਚਲਾਵੋ,
ਬੰਦੇ ਵਾਂਗ ਮੈਦਾਨ ਵਿਚ ਤਲਵਾਰਾਂ ਵਾਹਵੋ ।
ਹਰੀ ਸਿੰਘ ਦੇ ਨਾਮ ਨੂੰ ਨ ਦਿਲੋਂ ਭੁਲਾਵੋ ।
ਰੱਖਣਾ ਨਾਂ ਰਣਜੀਤ ਦਾ ਨ ਆਪ ਮਟਾਵੋ ।
ਧਰਤੀ ਕੂਕਾਂ ਦੇ ਰਹੀ ਝਟ ਆਨ ਬਚਾਵੋ ।
ਹਿੰਦੂ ਮੁਸਲਮ ਵੀਰ ਦੀ ਨ ਪੱਗ ਲੁਹਾਵੋ ।
ਪੰਜ ਪਿਆਰੇ ਪੰਜ ਵਹਿਣ ਜੇਨ ਹੱਥੋਂ ਗਵਾਵੋ ।
ਉੱਠੇ ਘਾਲਾਂ ਘਾਲ ਕੇ ਇਤਹਾਸ ਬਣਾਵੋ ।
ਬਿੱਲੇ ਨੂੰ ਜਿੱਤ ਭਾ ਪਵੇ ਭਾਵੇਂ ਹਰ ਜਾਵੋ ।"

੧੦.
ਤਪ ਗਏ ਸੂਰਜ ਵਾਂਗਰਾਂ ਸਿੰਘ ਪੈਂਦੀ ਸੱਟੇ ।
ਕੱਟੇ ਵੱਟ ਕਚੀਚੀਆਂ ਕਈ ਹੱਟੇ ਕੱਟੇ ।
ਗੜ ਗੜ ਗੋਲੇ ਪੈ ਰਹੇ ਨਹੀਂ ਮੂਲੋਂ ਹੱਟੇ।
ਸਿੰਘਾਂ ਤੇਗਾਂ ਨਾਲ ਹੀ ਕੀਤੇ ਦੰਦ ਖੱਟੇ ।

੧੧.
ਸ਼ਾਮ ਸਿੰਘ ਸਰਦਾਰ ਨੂੰ ਲਗਦੀ ਹੈ ਗੋਲੀ ।
ਜਾਣੇ ਰਾਧਾ ਅਣਖ ਦੀ ਨੇ ਖੇਡੀ ਹੋਲੀ ।
ਗੋਲੀ ਰਹਿੰਦੀ ਬੀਰ ਨਾਲ ਜਿਉਂ ਦਾਮਨ ਚੋਲੀ ।
ਜਾਪੇ ਹੋਣੀ ਵੀ ਬਣੀ ਹੈ ਇਹਦੀ ਗੋਲੀ ।
ਕੱਲਾ ਪਿੱਛੇ ਧੱਕਦਾ ਜੋ ਵਧਦੀ ਟੋਲੀ ।
"ਮਰਦ ਨ ਐਸਾ ਦੇਖਿਆ" ਇੰਜ ਹੋਣੀ ਬੋਲੀ ।
ਆਖੇ "ਦੂਲਾ ਲੈ ਲਵੇ ਅਜ ਜਿੱਤ ਦੀ ਡੋਲੀ ।"

੧੨.
ਗੋਰੇ ਤਾਂ ਸਰਦਾਰ ਤੇ ਗੋਲੀ ਵਰਸਾਂਦੇ ।
ਘੜੇ ਡਿਗਦੇ ਜਾ ਰਹੇ ਸਿੰਘ ਜੀ ਬਦਲਾਂਦੇ ।
ਰੱਤੇ ਵਹਿਣ ਸ੍ਰੀਰ ਚੋਂ ਵਹਿੰਦੇ ਪਏ ਜਾਂਦੇ ।
ਨਕਸ਼ਾ ਕਿਵੇਂ ਪੰਜਾਬ ਦਾ ਖੁਸ਼ ਹੋ ਖਿਚਵਾਂਦੇ ?
ਆਖਰ ਡਿੱਗੇ ਘੋੜਿਓਂ ਗੁਰ ਫਤਹ ਗਜਾਂਦੇ ।
ਲਾਹ ਗਏ ਭਾਗ ਪੰਜਾਬ ਦੇ ਸਾਹ ਜਾਂਦੇ ਜਾਂਦੇ ।

੧੩.
ਫੌਜਾਂ ਢਾਹਾਂ ਮਾਰੀਆਂ ਇਉਂ ਬਿਨ ਸਰਦਾਰ,
ਸ਼ਾਮ ਬਿਨਾਂ ਜਿਉਂ ਗੋਪੀਆਂ ਆ ਕਰਨ ਕਾਰ ।
ਸਤਲੁਜ ਰੁੰਨਾ ਜ਼ੋਰ ਨਾਲ ਔਹ ਟੱਕਰਾਂ ਮਾਰ ।
ਹੋ ਗਈ ਹੀਰੇ ਹਰਨ ਬਿਨ ਸਭ ਸੁੰਜੀ ਡਾਰ ।
+ਦਿਨ ਦੀਵੀਂ ਸ਼ਾਮ ਆ ਪਈ ਸਤਲੁਜੋ ਉਰਾਰ ।

__________
+ਇਹ ਲੜਾਈ ਕਿਸਤਰਾਂ ਲੜੀ ਗਈ ਕਨਿੰਘਮ ਜੀ ਲਿਖਦੇ ਹਨ:
... ..."Under such circumstances of discreet
policy and shameless treason was the battle
of sabraon fought."

ਅਖੀਰੀ ਵਾਰ

੧.
ਸਭਰਾਵਾਂ ਪਿੱਛੋਂ ਦੇਸ ਦਾ ਵਖਰਾ ਹੀ ਚਾਲਾ ਹੋ ਗਿਆ ।
ਜੋ ਨਿਤ ਲੈਂਦਾ ਸੀ ਮਾਮਲਾ ਉਹਦੇ ਸਿਰ ਹਾਲਾ ਹੋ ਗਿਆ।
ਆਜ਼ਾਦੀ ਦੀ ਗਰਮੀ ਗਈ ਬੰਦਸ਼ ਦਾ ਪਾਲਾ ਹੋ ਗਿਆ।
ਚੜ੍ਹਿਆ ਸੀ ਵਹਿਣ ਜਲਾਲ ਦਾ ਉਹ ਸੁੱਕਿਆ ਨਾਲਾ ਹੋ ਗਿਆ ।
ਗੋਰਾ ਤਾਂ ਸਾਹਿਬ ਬਣ ਗਿਆ ਤੇ ਨੌਕਰ ਕਾਲਾ ਹੋ ਗਿਆ।

੨.
ਬੰਦਸ਼ਾਂ ਨੇ ਮੁਲਤਾਨ ਤੇ ਆ ਚੰਦ ਚੜ੍ਹਾਇਆ।
ਮੂਲ ਰਾਜ ਦੀਵਾਨ ਨੇ ਹੈ ਭੜਥੂ ਪਾਇਆ ।
ਸਿੱਧੇ ਹੱਥੀਂ ਕਿਸ ਭਲਾ ਹੈ ਹੱਕ ਖੁਹਾਇਆ ?
ਕਿਸ ਨੇ ਮੁੱਛਾਂ ਚਾੜ੍ਹ ਕੇ ਹੈ ਸੀਸ ਨਿਵਾਇਆ ?
ਕਿਸ ਨੇ ਆਪਣੀ ਧੌਣ ਨੂੰ ਆਪੇ ਹੀ ਲਾਹਿਆ ?
ਕਿਸ ਨੇ ਹੱਸ ਕੇ ਬਾਂਦਰਾਂ ਨੂੰ ਲਾਲ ਫੜਾਇਆ ?
ਸ਼ੇਰ ਸਿੰਘ ਅੰਗ੍ਰੇਜ਼ ਸੰਗ ਮੁਲਤਾਨੇ ਧਾਇਆ ।
ਚਤਰ ਸਿੰਘ ਸਰਦਾਰ ਦਾ ਖਤ ਓਥੇ ਆਇਆ।

੩.
"ਪੁੱਤ ਫਰੰਗੀਆਂ ਦੇ ਕਦੀ ਨ ਗਾਈਂ ਸੋਹਲੇ ।
ਇਹ ਤਾਂ ਦਿਲ ਦੇ ਸਖ਼ਤ ਨੇਂ ਪਰ ਜਾਪਣ ਪੋਲੇ।
ਇਹਨਾਂ ਬਾਲ ਦਲੀਪ ਨੂੰ ਦੇਣੇ ਨਹੀਂ ਛੋਲੇ।
ਸਾਡੀ ਅਣਖ ਉਡਾ ਰਹੇ ਅਜ ਚਾਲ-ਵਰੋਲੇ ।
ਚੰਨ ਅਟਾਰੀ ਸ਼ਾਨ ਦੀ ਨ ਕਰ ਬਹੀਂ ਖੋਲੇ ।
ਸ਼ਾਮ ਸਿੰਘ ਸਰਦਾਰ ਦੇ ਕਰ ਪੂਰੇ ਬੋਲੇ-
"ਲਾਹ ਦੇਣੇ ਜੇ ਦੇਸ ਲਈ ਦੇਹਾਂ ਦੇ ਚੋਲੇ।
ਪਗ ਲਈ ਖੇਡੇ ਨ ਅਸੀਂ ਜੇ ਖ਼ੂਨੀ ਹੋਲੇ ।
ਸ਼ੇਰਾ ਮਿਲਣੇ ਨਹੀਂ ਕਦੀ ਸਿਰ ਲਈ ਪਰੋਲੇ।
ਤਕ ਨ ਸਾਡੇ ਦੇਸ ਦੀ ਬੇੜੀ ਪਈ ਡੋਲੇ ।
ਹਿੱਸੇ ਕਰ ਪੰਜਾਬ ਦੇ ਜਾਵਣਗੇ ਰੋਲੇ।
ਜੇ ਹੁਣ ਸਿਰ ਨ ਚੁੱਕਿਆ ਗਾਵਾਂਗੇ ਢੋਲੇ।
ਐਬਟ ਮੇਰੀ ਨੇਕੀਓਂ ਨਿਤ ਬਦੀਆਂ ਟੋਲੇ।
ਕੁਲ ਹਜ਼ਾਰਾ ਆਣ ਕੇ ਸਾਰੇ ਦੁਖ ਫੋਲੇ।
ਹੋ ਗਏ ਲਾਲ ਪਠਾਣ ਨੇ ਜਿਉਂ ਮਘਦੇ ਕੋਲੇ ।
ਕਹਿੰਦੇ ਕਸਮਾਂ ਖਾਂਦਿਆਂ "ਨਹੀਂ ਬਨਣਾ ਗੋਲੇ ।"
ਸਭ ਕੁਝ ਸਿੰਘ ਪਏ ਤਾੜਦੇ ਨ ਸਮਝੀਂ ਭੋਲੇ।
ਸੁਨਣ ਅਵਾਜ਼ ਜ਼ਮੀਰ ਦੀ ਨਹੀਂ ਕੰਨੋਂ ਬੋਲੇ ।

੪.
"ਭਾਲਣ ਸਿੰਘ ਸਰਦਾਰ ਨੂੰ ਜੋ ਲੱਗੇ ਮੋਹਰੇ ।
ਸਾਰੇ ਬੰਨ੍ਹੇ ਬਾਹਣਨੂੰ ਫੌਜਾਂ ਨੂੰ ਤੋਰੇ ।
ਤੋੜੇ ਨਾਲ ਸਿਆਣਪਾਂ ਜਨਰਲ ਦੇ ਡੋਰੇ ।
ਜਿੰਦਾਂ ਦੇ ਤਦ ਹਟਣਗੇ ਹਾੜੇ ਹਟਕੋਰੇ ।
ਲੱਕ ਬੰਨ੍ਹ ਚੰਨਾ ਮੇਰਿਆ ਨ ਖਾਵੀਂ ਝੋਰੇ ।
ਹੱਥਾਂ ਵਿਚੋਂ ਦੇਵਣੇ ਨਹੀਂ ਹੱਕ-ਕਟੋਰੇ ।
ਪ੍ਰੀਤੀ ਰੰਗਤ ਤੋਂ ਅਸੀਂ ਨਹੀਂ ਰਹਿਣਾ ਕੋਰੇ ।
ਵੀਰਾਂ ਵਾਂਗ ਪੰਜਾਬ ਵਿਚ ਰਖਾਂਗੇ ਗੋਰੇ ।"
੫.
ਸ਼ੇਰ ਸਿੰਘ ਨੇ ਪੜ੍ਹਦਿਆਂ ਹੈ ਨੀਵੀਂ ਪਾਈ:-
"ਸਾਢੇ ਤਿੰਨ ਸੌ ਸਾਲ ਦੀ ਰੁੜ੍ਹ ਗਈ ਕਮਾਈ ।
ਹੋਂਦੀ ਨਹੀਂ ਹੱਕਦਾਰ ਦੀ ਹੁਣ ਤੇ ਸੁਣਵਾਈ ।
ਸਾਨੂੰ ਮੂਰਖ ਆਖ ਕੇ ਛਾਂਟਣ ਦਾਨਾਈ।
ਦਿੱਤੇ ਤੋੜ ਵਿਛੜ ਨੇਂ ਸਾਡੇ ਹੀ ਭਾਈ ।
ਛਲੀਆਂ ਪਲ ਵਿਚ ਕਰ ਲਿਆ ਪਰਬਤ ਨੂੰ ਰਾਈ ।
ਬਾਲ ਦਲੀਪ ਨੂੰ ਚਾਹੁੰਦੇ ਕਰਨਾ ਈਸਾਈ ।
ਚਾਹੁੰਦੇ ਮੇਰੀ ਭੈਣ ਦੀ ਟੁੱਟੇ ਕੁੜਮਾਈ ।
ਰੈਜ਼ੀਡੈਂਟ ਤਾਵਾਨ ਦੀ ਸਿਰ ਫੌਜ ਚੜ੍ਹਾਈ ।
ਗਹਿਣੇ ਪਾ ਕਸ਼ਮੀਰ ਨੂੰ ਹੈ ਸ਼ਾਨ ਰੁਲਾਈ ।
ਬਹਿ ਗਈ ਮੁੱਠਾਂ ਮੀਟ ਕੇ ਹੁਣ ਜਿੰਦਾਂ ਮਾਈ ।
ਡੋਗਰਿਆਂ ਨੇ ਰਾਜ ਦੀ ਹੈ ਖੇਹ ਉਡਾਈ,
ਇਹਨਾਂ ਨਾਲ ਸਰਕਾਰ ਨੇ ਕਿਉਂ ਯਾਰੀ ਲਾਈ ?
ਗੰਢ ਨ ਦੰਦਾਂ ਤੋਂ ਖੁਲੀ ਜੋ ਹੱਥੀਂ ਪਾਈ ।
ਦੂਜੀ ਗਲ ਮਹਾਰਾਜ ਨੇ ਨ ਸੋਚ ਦੁੜਾਈ ।
ਸਿਰ ਅੰਗ੍ਰੇਜ਼ ਬਹਾਲਿਆ ਦਿਲ ਵਿਚ ਕੀ ਆਈ ?
ਝਿਜਕਦਿਆਂ ਅੰਗ੍ਰੇਜ਼ ਤੋਂ ਸੀ ਉਮਰ ਬਤਾਈ ।
ਗਲ ਕੀ ਨੌ ਨਿਹਾਲ ਨੇ ਸੀ ਸੂਝ ਦਿਖਾਈ ।
ਉਹਨੇ ਨਾਲ ਨਪਾਲੀਆਂ ਸੀ ਬਣਤ ਬਣਾਈ ।
ਹਾਏ ਜਲਦੀ ਗੁਜ਼ਰਿਆ ਨ ਛਿੜੀ ਲੜਾਈ !
ਘੜੀ ਨ ਆਉਂਦੀ ਇਹ ਕਦੀ ਜੋ ਅਜ ਹੈ ਆਈ ।
ਆਖੇ ਅਜ਼ਾਦੀ ਲਈ ਹੁਣ ਕਰੂੰ ਲੜਾਈ ।"
ਤੇਗ਼ ਮਿਆਨੋਂ ਕੱਢ ਕੇ ਉਸ ਹਿੱਕੇ ਲਾਈ ।

੬.
ਚਲੋ ਵੀ ਨ ਚੱਲੀਏ ਹੁਣ ਵਿਚ ਹਜ਼ਾਰੇ ।
ਐਬਟ ਦਾ ਮੁੰਹ ਤੱਕੀਏ ਕੀ ਸੋਚ ਵਿਚਾਰੇ ?
ਚਾਹੁੰਦਾ ਹੈ ਪੰਜਾਬ ਵਿਚ ਨ ਸਿੰਘ ਭਬਕਾਰੇ ।
ਚਤਰ ਸਿੰਘ ਵੀ ਦੇਖਦਾ ਹੈ ਸੱਭੇ ਕਾਰੇ ।
ਆਖੇ "ਵਿਚ ਗੁਲਾਮੀਆਂ ਦੇ ਦੁੱਖ ਨੇਂ ਭਾਰੇ ।
ਪੁੱਤਰ ਤੇ ਪਏ ਰਾਸ ਨੇਂ ਮੇਰੇ ਖਤ ਸਾਰੇ ।
ਵਾਰ ਅਖੀਰੀ ਕਰ ਲਵਾਂ ਮੈਂ ਬੁੱਢੇ ਵਾਰੇ" ।
ਕਿੰਨੇ ਗਾਂਢੇ ਗੰਢ ਕੇ ਉਸ ਪਿੰਡ ਸਵਾਰੇ !
ਗਿਆ ਸੰਦੇਸ ਪਸ਼ੌਰ ਨੂੰ ਕਰ ਲਵੋ ਤਿਆਰੇ ।
ਕਾਬਲ ਤਕ ਸਰਦਾਰ ਨੇ ਭੇਜੇ ਹਲਕਾਰੇ ।
ਲਿਖਦਾ ਹੈ ਅਮੀਰ ਨੂੰ "ਮੈਂ ਜਾਵਾਂ ਵਾਰੇ ।
ਵੈਰੀ ਨੂੰ ਤੂੰ ਆਣ ਕੇ ਦੱਸ ਹੱਥ ਕਰਾਰੇ ।
ਸਰਹੱਦ ਸਾਰੀ ਸਾਂਭ ਲਈਂ ਜੇ ਦੁਸ਼ਮਨ ਮਾਰੇ ।"
ਚੜ੍ਹਿਆ ਪੁੱਤ ਪੰਜਾਬ ਦਾ ਲੈ ਕੇ ਦਲ ਭਾਰੇ।
ਓਥੇ ਬਲਦੀ ਲਾ ਰਿਹਾ ਜਿਸ ਥਾਂ ਤੇ ਨਾਅਰੇ ।

੬.
ਹੋ ਗਏ ਖ਼ੁਸ਼ ਪਠਾਣ ਵੀ "ਹੁਣ ਸੁਣੂ ਰਸੂਲ ।
ਸਭਰਾਵਾਂ ਦਾ ਬਦਲਾ ਹੋ ਜਾਊ ਵਸੂਲ ।
ਸਿੰਘਾਂ ਖਾਤਰ ਦੇਣੀਆਂ ਹਨ ਜਾਨਾਂ ਹੂਲ।
ਮੁੜ ਕੇ ਸਾਂਝੇ ਰਾਜ ਦੀ ਘੜ ਲੈਣੀ ਚੂਲ" ।

੭.
ਸੋ ਪੁੱਜੀ ਕਿ ਚਤਰ ਸਿੰਘ ਜਿਹਲਮ ਦੇ ਵਲ ਹੈ ਆ ਗਿਆ ।
ਸ਼ੇਰ ਸਿੰਘ ਮੁਲਤਾਨ ਚੋਂ ਓਸੇ ਦੇ ਪਾਸੇ ਧਾ ਗਿਆ ।
ਖ਼ਤ ਕੀ ਲਿਖਿਆ ਅੰਗ੍ਰੇਜ਼ ਨੂੰ ਸੱਚ ਦੱਸਿਆ ਮਿਰਚਾਂ ਲਾ ਗਿਆ ।
ਮੁਕਦੀ ਗਲ ਦੇਸ-ਪ੍ਰੇਮ ਦਾ ਇਕ ਕਲਮੀ ਜੌਹਰ ਦਖਾ ਗਿਆ ।
ਹੁਣ "ਧਰਮ ਕਾ ਧੌਂਸਾ ਵੱਜਿਆ" ਹਰ ਥਾਂ ਤੇ ਖਬਰ ਪੁਚਾ ਗਿਆ ।

੮.
ਰਾਮ ਨਗਰ ਸਰਦਾਰਾਂ ਜਾ ਕੇ ਮੱਲਿਆ,
ਹੈਸਨ ਰੁੱਖ ਹਜ਼ਾਰਾਂ ਤੇ ਟਿੱਬੇ ਬੜੇ ।
ਤੋਪਾਂ ਦੀਆਂ ਮਾਰਾਂ ਖੋਹਣੀ ਖੋਹਣ ਕੀ ?
ਸਾਡੇ ਘੋੜ ਸਵਾਰਾਂ ਕੰਮ ਸਵਾਰਣਾ ।
ਹੱਥਲੇ ਹੀ ਹੱਥਿਆਰਾਂ ਕਰਨੀ ਮਾਰ ਹੈ।
ਵਾਹਨਗੇ ਤਲਵਾਰਾਂ ਸਾਡੇ ਸੂਰਮੇ ।
ਕਰ ਕੇ ਖੂਬ ਵਿਚਾਰਾਂ ਡੇਰੇ ਲਾ ਲਏ ।

੯.
ਓਧਰ ਫੌਜ ਫਰੰਗੀ ਆਈ ਘੂਰਦੀ ।
ਲੈ ਕੇ ਤੋਪਾਂ ਜੰਗੀ ਬੈਂਡ ਵਜਾਂਦਿਆਂ-
ਆਖੇ "ਸਿੰਘ ਨੇਂ ਢੰਗੀ ਚੁਣੇ ਮਦਾਨ ਤੇ
ਝੌਲੀ ਦਿੱਤੀ ਚੰਗੀ ਸਾਨੂੰ ਸੱਦ ਲਿਆ,
ਤਾਂ ਵੀ ਜਾਣੀ ਡੰਗੀ ਸੈਣਾ ਬੇ ਸੁਰੀ"।

੧੦.
ਸ਼ੇਰ ਸਿੰਘ ਦੇ ਜੱਥੇ ਤੋਪਾਂ ਦਾਗਦੇ ।
ਦੱਸੇ ਖੂਬ ਪਲੱਥੇ ਸ਼ੇਰ-ਪਿਆਰਿਆਂ ।
ਹਯੂਲਾਕ ਦੇ ਲੱਥੇ ਸਿਰ ਲੱਥ ਸੂਰਮੇ ।
ਲਾਹੇ ਪਹਿਲੇ ਹੱਥੇ ਔਹ ਕੁਝ ਸਿੰਘ ਆ,
ਸਿੰਘਾਂ ਡੱਮ੍ਹੇ ਮੱਥੇ ਨੇਜ਼ੇ ਲਾਂਦਿਆਂ ।
ਗੋਰੇ ਹੋਏ ਨਿਹੱਥੇ ਭੱਜੇ ਜਾ ਰਹੇ ।
ਅਜ ਕਾਲੀ ਨੇ ਨੱਥੇ ਕਾਲੇ ਪੂਰਬੀ ।

੧੧.
ਸਿੰਘਾਂ ਮੈਲਾਂ ਲਾਹੀਆਂ ਤੇਗਾਂ ਉਪਰੋਂ ।
ਦੱਸੀ ਸ਼ਾਨ ਮਝੈਲਾਂ ਦੇਸ ਪੰਜਾਬ ਦੀ ।
ਘੜੇ ਵਧ ਕੇ ਛੈਲਾਂ ਦੇ ਨੇ ਫਿਰ ਰਹੇ ।
ਜਿਉਂ ਬਾਗਾਂ ਵਿਚ ਪੈਲਾਂ ਪਾਂਦੇ ਮੋਰ ਨੇਂ ।

੧੨.
ਚੇਲੀਆਂ ਵਾਲੇ ਆਣ ਕੇ ਦੋਵੇਂ ਦਲ ਅਟਕੇ ।
ਦੋਨੋਂ ਗੋਲੇ ਦਾਗਦੇ ਰਣ ਅੰਦਰ ਡਟ ਕੇ ।
ਦੋਹਾਂ ਦੇ ਦਿਲ ਚੋਂ ਗਏ ਤੋਪਾਂ ਦੇ ਖਟਕੇ ।
ਪਾਟਣ ਜੁੱਸੇ ਇਸ ਤਰਾਂ ਜਿਉਂ ਫੁੱਟਣ ਮਟਕੇ ।
ਦੋਵੇਂ ਅੱਗੇ ਵਧਣ ਤੋਂ ਜਾਂਦੇ ਨਹੀਂ ਹਟਕੇ ।
ਗੁੱਥਮ ਗੁੱਥਾ ਹੋਂਦਿਆਂ ਤਲਵਾਰਾਂ ਪਟਕੇ ।
ਆ ਗਏ ਕਾਲ ਭੁਚਾਲ ਦੇ ਹੱਦੋਂ ਵੱਧ ਝਟਕੇ ।
ਸਿੰਘਾਂ ਸੂਤ ਸ੍ਰੋਹੀਆਂ ਕਰ ਸੁੱਟੇ ਝਟਕੇ ।
ਮੌਤ ਹਾਰ ਦੇ ਵਿਚ ਆਣ ਅਜ ਗਰੇ ਲਟਕੇ,
ਕਿੱਦਾਂ ਅਣਖ-ਪਿਆਰਿਆਂ ਦੱਸੇ ਹੱਥ ਵਟ ਕੇ ?

੧੩.
ਹੁਣ ਨਸ਼ਾ ਚੜਾਇਆ ਬੀਰਤਾ ਸਿੰਘ ਹੋ ਗਏ ਝੱਲੇ ।
ਔਹ ਤੱਕੋ ਦੇਸ-ਦੁਲਾਰਿਆਂ ਦੇ ਡਾਢੇ ਹੱਲੇ ।
ਅਜ ਚੜ੍ਹ ਕੇ ਕਿਹੜੀ ਕੰਪਨੀ ਸਿੰਘਾਂ ਨੂੰ ਠੱਲ੍ਹੇ ?
ਔਹ ਘੋੜੇ ਉਪਰ ਹੋ ਰਹੇ ਤੇ ਗੋਰੇ ਥੱਲੇ ।
ਅਜ ਸਿੰਘਾਂ ਦੀ ਤਲਵਾਰ ਨੂੰ ਯੂਰਪ ਕੀ ਝੱਲੇ ?
ਅਜ ਗਫ ਹੋਰਾਂ ਦੀ ਅਕਲ ਦੇ ਝੜ ਗਏ ਜੇ ਪੱਲੇ ।
ਅਜ ਪਿਛਲੇ ਜੰਗਾਂ ਦੀ ਤਰਾਂ ਨਹੀਂ ਚਾਲੇ ਚੱਲੇ ।
ਔਹ ਥੋੜੇ ਗੋਰੇ ਕਾਲ ਨੇ ਵਾਪਸ ਹਨ ਘੱਲੇ।
ਔਹ ਕਹਿੰਦੀ ਰੂਹ ਰਣਜੀਤ ਦੀ "ਵਾਹ ਬੱਲੇ ਬੱਲੇ।"

੧੪.
ਸੂਰਜ ਘਟਦਾ ਹੀ ਗਿਆ ਵਧਦੇ ਗਏ ਸਾਏ ।
ਡੁੱਬਾ ਸੂਰਜ ਆਸ ਦਾ ਗੋਰੇ ਘਬਰਾਏ ।
ਦਿਲ ਟੁੱਟੇ ਲੱਕ ਝੌਂ ਗਏ ਸਿਰ ਨੀਵੇਂ ਪਾਏ ।
ਬੁੱਲ੍ਹੀਂ ਜੀਭਾਂ ਫੇਰਦੇ ਜੰਗ ਰੰਗ ਉਡਾਏ ।
ਝੂਰੇ ਹਿੰਦੁਸਤਾਨੜੇ ਡਾਢੇ ਕੁਰਲਾਏ-
"ਭਈਆ ਭਾਈਓਂ ਸੰਗ ਕਿਉਂ ਹਯਾਂ ਲੜਨੇ ਆਏ ।"
ਸਿੰਘਾਂ ਫੱਟੜ ਸਾਂਭ ਕੇ ਫੱਟ ਬੰਨ੍ਹ ਦਖਾਏ ।
ਕਰ ਤਰਭਾਵਲ ਵੰਡਿਆ ਧੌਂਸੇ ਵਜਵਾਏ ।
ਜਿੱਤ ਦੀ ਮਸਤੀ ਆਣ ਕੇ ਸਰਦਾਰ ਸਵਾਏ ।
ਗੋਰੇ ਤਾਂ ਰਹੇ ਜਾਗਦੇ ਕਿ ਕੁਝ ਬਣ ਜਾਏ ।
ਮੁਕਦੀ ਗਲ ਕਿ ਮੋਰਚੇ ਗੁਜਰਾਤ ਬਣਾਏ ।
ਗਏ ਕਬੂਤਰ ਸਾਹਵਿਓਂ ਪਰ ਬਾਜ਼ ਨ ਧਾਏ ।
ਪਤਾ ਨਹੀਂ ਸਰਦਾਰ ਕਿਉਂ ਝਿਜਕੇ ਕਤਰਾਏ ।
ਗਫ ਨੇ ਤੋਪਾਂ ਵਡੀਆਂ ਗੋਲੇ ਮੰਗਵਾਏ,
ਤੇ ਦਰਬਾਰ ਲਾਹੌਰ ਨੇ ਬੰਦੇ ਪੁਚਵਾਏ ।
ਏਧਰ ਰਾਸ਼ਨ ਮੁੱਕ ਗਿਆ ਭੁੱਖ ਪੇਟ ਸੁਕਾਏ ।
ਚਤਰ ਸਿੰਘ ਸਰਦਾਰ ਦੇ ਹੁਣ ਸੱਦੇ ਆਏ ।
ਜੋ ਕੁਝ ਸਿੰਘਾਂ ਪਾਸ ਸੀ ਓਧਰ ਲੈ ਧਾਏ ।
ਏਥੇ ਨਿਮਕ ਹਰਾਮੀਆਂ ਨੇ ਗੁਲ ਖਿੜਾਏ।
ਗੋਰੇ ਗੋਲੇ ਸੁੱਟ ਰਹੇ ਅੰਬਰ ਥੱਰਰਾਏ ।
ਬਿਦ ਬਿਦ ਸੀਨੇ ਡਾਹ ਰਹੇ ਸਿੰਘਾਂ ਦੇ ਜਾਏ ।
ਨਿੱਕੀਆਂ ਤੋਪਾਂ ਨਾਲ ਹੀ ਕੁਝ ਮਿੰਟ ਲੰਘਾਏ ।
ਚਤਰ ਸਿੰਘ ਦੀ ਫੌਜ ਨੂੰ ਨ ਪੈਰ ਜਮਾਏ ।
ਦੌੜੇ ਜਿਹਲਮ ਦੀ ਤਰਫ ਜਿਉਂ ਲੱਖਾਂ ਪਾਏ ।
ਤਾਂ ਵੀ ਸਿੰਘ ਬਹਾਦਰਾਂ ਵਾਹ ਵਾਹਵਾ ਲਾਏ,
ਪਰ ਉਹ ਭਾਣੇ ਵਰਤ ਗਏ ਜੋ ਨਜ਼ਰੀਂ ਆਏ ।

(ਸਰਕਾਰ=ਮਹਾਰਾਜਾ ਰਣਜੀਤ ਸਿੰਘ ਨੂੰ ਸਭੇ ਸਰਕਾਰ ਕਹਿੰਦੇ ਸਨ;
ਚਾਹੁੰਦੇ ਮੇਰੀ ਭੈਣ ਦੀ ਟੁੱਟੇ ਕੁੜਮਾਈ=
ਸਰਦਾਰ ਚਤਰ ਸਿੰਘ ਅਟਾਰੀ ਵਾਲੇ ਦੀ ਸਪੁਤਰੀ
ਨਾਲ ਮਹਾਰਾਜਾ ਦਲੀਪ ਸਿੰਘ ਦੀ ਕੁੜਮਾਈ ਹੋ ਚੁੱਕੀ ਸੀ;
ਉਹਨੇ ਨਾਲ ਨਪਾਲੀਆਂ ਸੀ ਬਣਤ ਬਣਾਈ=
ਦੇਖੋ ਇਤਹਾਸ ਪਰਵੇਸ਼ਕਾ ਕਰਤਾ ਸ੍ਰੀ ਜੈ ਚੰਦ੍ਰ ਵਿਦਿਆ ਅਲੰਕਾਰ ।)

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਰੂਪ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ