Prem Baan : Giani Gurmukh Singh Musafir

ਪ੍ਰੇਮ ਬਾਣ : ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

1. ਚੋਜੀ ਪ੍ਰੀਤਮ

ਗ੍ਰਹਸਤੀ ਦੁਕਾਨਦਾਰ ਵਾਗੀ ਕਿਤੇ ਜ਼ਿਮੀਂਦਾਰ,
ਕਿਤੇ ਖਰੇ ਸੌਦਿਆਂ ਦਾ ਬਣਿਆ ਵਪਾਰੀ ਏ ।
ਮੌਲਵੀ ਦਾ ਮੌਲਵੀ ਤੇ ਵੈਦਾਂ ਦਾ ਵੀ ਵੈਦ ਕਿਤੇ,
ਪਾਂਧਿਆਂ ਦੇ ਪਾਂਧੇ ਪੱਟੀ ਨਾਮ ਦੀ ਉਚਾਰੀ ਏ ।
ਦੂਰ ਦੂਰ ਦੇਸ਼ਾਂ ਤੀਕ ਮਾਰੀ ਹੈ ਉਡਾਰੀ ਕਿਤੇ,
ਕਿਤੇ ਕੈਦ ਹੋ ਕੇ ਕੈਦ ਕੈਦੀਆਂ ਦੀ ਟਾਰੀ ਏ ।
ਪੀਰਾਂ ਵਿਚੋਂ ਪੀਰ ਤੇ ਫ਼ਕੀਰਾਂ ਚੋਂ ਫ਼ਕੀਰ ਵੱਡਾ,
ਵਲੀਆਂ ਦਾ ਵਲੀ ਗੁਰੂ ਨਾਨਕ ਨਿਰੰਕਾਰੀ ਏ ।

ਇਕੋ ਰੰਗ ਰੰਗ ਵਿਚ, ਸਾਰੇ ਰੰਗ ਰੰਗ ਦੇਵੇ,
ਜੋਈ ਰੰਗ ਵੇਖੋ ਦਿੱਸੇ ਅਜਬ ਲਿਲਾਰੀ ਏ ।
ਹਿੰਦੂ ਕਹਿਣ ਹਿੰਦੂ, ਅਤੇ ਮੁਸਲਮਾਨ, ਮੁਸਲਮਾਨ,
ਸਾਰੇ ਅਪਨਾਉਂਦੇ ਇਹ ਲੀਲ੍ਹਾ ਹੀ ਨਿਆਰੀ ਏ ।
ਜੋਈ ਵੇਖੋ ਸੋਈ ਦਿਸੇ ਜੋਈ ਚਾਹੋ ਸੋਈ ਪਾਉ,
ਦਾਰੂ ਅਕਸੀਰ ਤੇ ਮਦਾਰੀ 'ਸ਼ਾਹ-ਮਦਾਰੀ' ਏ ।
ਪੀਰਾਂ ਵਿਚੋਂ ਪੀਰ ਤੇ ਫ਼ਕੀਰਾਂ ਚੋਂ ਫ਼ਕੀਰ ਵੱਡਾ,
ਵਲੀਆਂ ਦਾ ਵਲੀ ਗੁਰੂ ਨਾਨਕ ਨਿਰੰਕਾਰੀ ਏ ।

2. ਦੱਸ ਜਾਵੀਂ

ਰਗ ਰਗ ਚੋਂ ਰੋਗੀ ਦਾ ਰੋਗ ਕੱਢਿਆ,
ਆਪ ਪੁੱਜ ਕੇ ਉਹਦੇ ਮਕਾਨ ਅੰਦਰ ।
ਚੋਟ ਸ਼ਬਦ ਦੀ ਨੇ ਲੋਟ ਪੋਟ ਕੀਤੇ,
ਮਾਨੀ ਮੱਤੇ ਸੀ ਬਹੁਤ ਜੋ ਮਾਨ ਅੰਦਰ ।
ਬਾਣ ਬਾਣੀ ਦੇ ਜਦੋਂ ਚਲਾਣ ਲੱਗੇ,
ਰੱਖ ਕੇ ਸੁਰਤ ਦੀ ਪੱਕੀ ਕਮਾਨ ਅੰਦਰ ।
ਆਪੋ ਆਪਣੇ ਫਿਕਰ ਦੇ ਵਿਚ ਪੈ ਕੇ,
ਉਠੇ ਕੰਬ ਉਹ ਪੰਜੇ ਜਵਾਨ ਅੰਦਰ ।
ਤੜਪ ਤੜਪ ਕੇ ਕਹਿਣ ਦੁਹਾਈ ਬਾਬਾ,
ਤੀਰ ਕੱਸਕੇ ਖ਼ਾਲੀ ਨਾ ਨੱਸ ਜਾਵੀਂ ।
ਜਾਨ ਵਾਲਿਆ, ਏਧਰੋਂ ਮਾਰਿਆ ਈ,
ਵਲ ਜੀਣ ਦਾ ਉਧਰੋਂ ਦੱਸ ਜਾਵੀਂ ।

ਇਹ ਤਾਂ ਫਰਕ ਖ਼ਾਲੀ ਸਾਡੀ ਸਮਝ ਦਾ ਏ,
ਭਾਵ ਮਾਰਨੇ ਤੋਂ ਨਹੀਂ ਹੈ ਮਾਰਨੇ ਦਾ ।
ਕਿਤੇ ਹੋਂਵਦਾ ਤਾਰ ਕੇ ਤਾਰ ਦੇਣਾ,
ਕਿਤੇ ਡੋਬਣੇ ਤੋਂ ਭਾਵ ਤਾਰਨੇ ਦਾ ।
ਕਿਤੇ ਕਿਤੇ ਤਾਂ ਹਾਰ ਵੀ ਜਿੱਤ ਹੁੰਦੀ,
ਕਿਤੇ ਜਿਤਣਾ ਭਾਵ ਹੈ ਹਾਰਨੇ ਦਾ ।
ਸਿਰਿਉਂ ਮਾਰ ਕੇ ਸਾਨੂੰ ਤੈਂ ਸਾਰਨਾ ਕੀ,
ਅਸਲ ਭਾਵ ਤਾਂ ਹੈ ਨਾ ਸੰਵਾਰਨੇ ਦਾ ।
ਬਸ ਢਿੱਲੇ ਹਾਂ ਤਾਂ ਜ਼ਰਾ ਕੱਸ ਜਾਵੀਂ,
ਰਾਹ ਭੁੱਲੇ ਹਾਂ ਤਾਂ ਫੇਰ ਦੱਸ ਜਾਵੀਂ ।
ਸੱਚੀ ਪੁੱਛੇਂ ਤਾਂ ਅਸੀਂ ਤਾਂ ਇਹੋ ਕਹਿਸਾਂ,
ਜਾਵੀਂ ਨੱਸ ਨਾ ਏਥੇ ਹੀ ਵੱਸ ਜਾਵੀਂ ।

ਪਹਿਲਾਂ ਆਖੀਏ, ਫੇਰ ਤੂੰ ਚਲਾ ਜਾਵੀਂ,
ਵਾਜਾਂ ਮਾਰਕੇ ਪਿਛੋਂ ਬੁਲਾਵੀਏ ਪਏ ।
ਪੱਥਰ ਮਾਰਕੇ ਵਲੀ ਕੰਧਾਰ ਵਾਂਙੂੰ,
ਰਹੀਏ ਝੂਰਦੇ ਫੇਰ ਪਛਤਾਵੀਏ ਪਏ ।
ਢੱਠੇ ਪਿਆਂ ਨੂੰ ਉੱਧਰ ਬਣਾਣ ਲੱਗੀਏ,
ਇੱਧਰ ਬਣੇ ਬਣਾਏ ਨੂੰ ਢਾਵੀਏ ਪਏ ।
ਘਰੋਂ ਟੋਰਕੇ ਵੀਰ ਦਿਲਗੀਰ ਹੋਈਏ,
ਭੈਣ ਨਾਨਕੀ ਵਾਂਗ ਘਬਰਾਵੀਏ ਪਏ ।
ਕਿਸੇ ਤਾਰ ਬੇਤਾਰ ਦੀ ਰਾਹੀਂ ਹੋ ਕੇ,
ਸਾਡੇ ਅੰਦਰਲੇ ਦੇ ਅੰਦਰ ਧੱਸ ਜਾਵੀਂ ।
ਫੇਰ ਰਹਿਵਣੀ ਨਾ ਲੋੜ ਕਹਿਵਣੇ ਦੀ,
ਰਾਹ ਭੁੱਲਿਆਂ ਨੂੰ ਫੇਰ ਦੱਸ ਜਾਵੀਂ ।

ਹੁਣ ਹਾਂ ਹੋਰ ਤੇ ਹੋਰ ਦੇ ਹੋਰ ਹੁਣ ਹਾਂ,
ਸੱਚੀ ਪੁਛੇਂ ਤਾਂ ਸਾਡਾ ਵਸਾਹ ਕੋਈ ਨਹੀਂ ।
ਉਥੇ ਉਹ ਤੇ ਇਥੇ ਹਾਂ ਆਹ ਅਸੀਂ,
ਐਵੇਂ ਉਹ ਕੋਈ ਨਹੀਂ ਅਸੀਂ ਆਹ ਕੋਈ ਨਹੀਂ ।
ਜੇ ਤੂੰ ਕਰੇਂ ਪੈਦਾ ਅਸੀਂ ਚਾਹ ਵਾਲੇ,
ਵੈਸੇ ਦਿਲ ਸਾਡੇ ਅੰਦਰ ਚਾਹ ਕੋਈ ਨਹੀਂ ।
ਅਸੀਂ ਸਾਰਿਆਂ ਰਾਹਾਂ ਤੇ ਚਲਣ ਵਾਲੇ,
ਏਸੇ ਵਾਸਤੇ ਤਾਂ ਸਾਡਾ ਰਾਹ ਕੋਈ ਨਹੀਂ ।
ਰਾਹ ਦੱਸ ਜਾਵੀਂ ਨਾਲੋਂ, ਇਹ ਚੰਗਾ,
ਰਾਹ ਦੱਸਦਾ ਰਹਿ ਸਦਾ ਦੱਸਦਾ ਰਹਿ ।
ਸਾਡੇ ਦਿਲ ਦਾ ਮਹਿਲ ਨਾ ਰਹੇ ਸੁੰਞਾ,
ਇਥੇ ਵੱਸਦਾ ਰਹਿ, ਸਦਾ ਵੱਸਦਾ ਰਹਿ ।

3. ਨੂਰ ਨਾਨਕ

ਨਹੀਂ ਵਿਚ ਕੈਦ ਮੰਦਿਰ, ਮਸਜਿਦ, ਧਰਮਸਾਲਾ,
ਹਰ ਮਕਾਨ ਅੰਦਰ ਲਾਮਕਾਨ ਸਮਝੋ ।
ਰੂਪ ਰੰਗ ਉਹਦਾ ਵਰਨ ਚਿਹਨ ਕੋਈ ਨਾ
ਰੰਗਾਂ ਸਾਰਿਆਂ ਵਿਚ ਵਰਤਮਾਨ ਸਮਝੋ ।
ਨਾਤਾ, ਦੋਸਤੀ, ਸਾਥ, ਸ਼ਰੀਕਤਾ ਨਹੀਂ
ਸਭ ਤੋਂ ਵੱਖਰਾ ਸਭਸ ਦੀ ਜਾਨ ਸਮਝੋ ।
ਦੇਸ਼, ਜ਼ਾਤ, ਮਜ਼ਹਬ, ਪੇਸ਼ਾ, ਖ਼ਿਆਲ ਕੋਈ
ਹਰ ਇਨਸਾਨ ਦੇ ਤਾਈਂ ਇਨਸਾਨ ਸਮਝੋ ।

ਜਾਣੋ ਸਭਸ ਵਿਚ ਜੋਤ ਪਰਮਾਤਮਾਂ ਦੀ
ਪਹਿਲਾਂ ਦੱਸਿਆ ਇਹੋ ਦਸਤੂਰ ਨਾਨਕ ।
ਸ਼ਰਧਾ ਨਾਲ ਪਾਇਆ ਸੁਰਮਾ ਏਕਤਾ ਦਾ
ਸਭਨਾਂ ਅੱਖੀਆਂ ਵਿਚ ਦਿੱਸੇ ਨੂਰ ਨਾਨਕ ।

ਸਮਝਣ ਵਾਲਿਆਂ ਨੇ ਕ੍ਰਿਸ਼ਨ ਸਮਝ ਲੈਣਾ
ਭਾਵੇਂ ਮੋਹਨ ਕਹਿ ਲੋ ਭਾਵੇਂ ਸ਼ਾਮ ਕਹਿ ਲੌ ।
ਨੀਯਤ ਵਿਚ ਜੇ ਭਾਵ ਹੈ ਪਿਆਰ ਵਾਲਾ
ਫ਼ਤਹਿ, ਬੰਦਗੀ, ਨਮਸਤੇ, ਸਲਾਮ ਕਹਿ ਲੌ ।
ਨਾਮਾਂ ਸਾਰਿਆਂ ਵਿਚ ਉਹਦਾ ਨਾਮ ਕੋਈ ਨਹੀਂ
ਇਸੇ ਲਈ ਉਹਦਾ ਕੋਈ ਨਾਮ ਕਹਿ ਲੌ ।
ਸਭਨਾਂ ਬੋਲੀਆਂ ਤਾਈਂ ਉਹ ਜਾਣਦਾ ਏ
ਭਾਵੇਂ ਕਹੁ ਅੱਲਾ ਭਾਵੇਂ ਰਾਮ ਕਹਿ ਲੌ ।

ਐਸੇ ਪ੍ਰੇਮ ਦੇ ਰੰਗ ਵਿਚ ਰੰਗਿਆ ਜੋ
ਉਹਨੇ ਸਮਝਿਆ ਠੀਕ ਜ਼ਰੂਰ ਨਾਨਕ ।
ਅੰਦਰ ਬਾਹਰ ਉਹਨੂੰ ਨਜ਼ਰੀਂ ਪਿਆ ਆਵੇ
ਨੂਰ ਨੂਰ ਨਾਨਕ, ਨੂਰ ਨੂਰ ਨਾਨਕ ।

ਰਿੱਛਾਂ ਬੰਦਰਾਂ ਦਾ ਪਹਿਲੋਂ ਹੱਕ ਹੁੰਦਾ
ਮਿਲਦਾ ਰੱਬ ਜੇ ਕਰ ਬਾਹਰ ਕੰਦਰਾਂ ਵਿਚ ।
ਪੰਡਤਾਂ, ਕਾਜ਼ੀਆਂ, ਭਾਈਆਂ ਦਾ ਮਸਲਾ ਜੇ
ਰੱਬ ਵੱਟਿਆਂ ਇੱਟਾਂ ਤੇ ਮੰਦਰਾਂ ਵਿਚ ।
ਇਹ ਵੀ ਧੋਖਾ ਜੇ ਕਿਤੇ ਨਾ ਸਮਝ ਲੈਣਾ
ਉਹ ਹੈ ਧਨੀਆਂ ਦਸਾਂ ਜਾਂ ਪੰਦਰਾਂ ਵਿਚ ।
ਨੀਵਾਂ ਸਿਰ ਕਰਕੇ ਮਾਰੇ ਝਾਤ ਜੇਹੜਾ
ਉਹਨੂੰ ਦਿਸੇਗਾ ਸਾਰਿਆਂ ਅੰਦਰਾਂ ਵਿਚ ।

ਘੜੇ ਆਪਣੇ ਰਹਿਣ ਲਈ ਬੁੱਤ ਉਹਨੇ
ਐਸੇ ਗਿਆਨ ਦੇ ਨਾਲ ਭਰਪੂਰ ਨਾਨਕ ।
ਨਾਨਕ ਓਸ ਵਿਚ ਹੈ, ਉਹ ਹੈ ਵਿਚ ਨਾਨਕ
ਓਸੇ ਨੂਰ ਤੋਂ ਨੂਰ ਇਹ ਨੂਰ ਨਾਨਕ ।

ਆ ਕੇ ਨਜ਼ਰ ਵੀ ਆਉਂਦਾ ਨਜ਼ਰ ਨਾਹੀਂ
ਕਿੱਸਾ ਜਾਣ ਲੌ ਮੂਸਾ ਤੇ ਤੂਰ ਦਾ ਏ ।
ਅਪਣੇ ਆਪ ਨੂੰ ਆਪ ਨੇ ਹੈ ਮਿਲਣਾ
ਪੈਂਡਾ ਬਹੁਤ ਨੇੜੇ ਫਿਰ ਵੀ ਦੂਰ ਦਾ ਏ ।
ਪਰਦਾ ਲਾਹ ਕੇ ਵੀ ਰਿਹਾ ਵਿਚ ਪਰਦੇ
ਆਇਆ ਨੂਰ ਉੱਤੇ ਪਰਦਾ ਨੂਰ ਦਾ ਏ ।
ਜਿਥੇ ਮਿਲਣ ਸੌਦੇ ਕੇਵਲ ਦਿਲਾਂ ਬਦਲੇ
ਓਥੇ ਕੰਮ ਕੀ ਅਕਲ ਸ਼ਊਰ ਦਾ ਏ ।

ਮਿਲੀਏ ਜਿਨਸ ਵਿਚ ਸਦਾ ਹਮ ਜਿਨਸ ਹੋ ਕੇ
ਇਹ ਸਿਧਾਂਤ ਜੇ ਸਿਰਫ਼ ਮਨਜ਼ੂਰ ਨਾਨਕ ।
ਬੂੰਦ ਵਿਚ ਸਾਗਰ, ਸਾਗਰ ਵਿਚ ਬੂੰਦਾਂ
ਰਲਿਆ ਨੂਰ ਹੋ ਕੇ ਅੰਦਰ ਨੂਰ ਨਾਨਕ ।

4. ਵਲੀਆਂ ਦਾ ਵਲੀ

ਪੰਡਤਾਂ ਦੇ ਸਿਰਾਂ ਉਤੋਂ ਹੌਮੈਂ ਵਾਲੀ ਪੰਡ ਲਾਹਕੇ,
ਠੱਗਾਂ ਨੂੰ ਵੀ ਠੱਗ, ਕਿਵੇਂ ਸੱਜਣ ਬਣਾਈ ਦਾ ।
ਜੁਗਤ ਨਾਲ ਜੋਗੀ ਦਾ ਅਜੋਗਪਣ ਦੂਰ ਕਰ,
ਦੱਸ ਦੇਣਾ ਏਦਾਂ, ਜੋਗ ਜੋਗੀਆਂ ਕਮਾਈ ਦਾ ।
ਪਾਣੀ ਪਾਣੀ ਪ੍ਰੋਹਤ ਕੀਤੇ ਨਹਿਰ ਕੱਟ ਪਾਣੀ ਵਾਲੀ,
ਸੁਣੀ ਜਾਂ ਕਹਾਣੀ ਪਾਣੀ ਪਿਤ੍ਰਾਂ ਪਿਲਾਈ ਦਾ ।
ਸਿਧੋ ! ਮਨ ਸੁਧ ਕਰੋ, ਹੌਮੈਂ ਨਾਲ ਯੁਧ ਕਰੋ,
ਸਾਧੋ ! ਮਨ ਸਾਧੇ ਬਿਨ ਸਾਧ ਨਾ ਸਦਾਈ ਦਾ ।
ਨੀਵਿਆਂ ਦੇ ਨਾਲ ਬੈਠ ਨੀਵੇਂ ਹੋ ਕੇ ਨੀਵਿਆਂ ਨੂੰ,
ਅੰਗ ਨਾਲ ਲਾ ਕੇ ਕਿਵੇਂ ਉਚ ਹੈ ਬਣਾਈ ਦਾ ।
ਭਾਗੋ ਮੰਦ ਭਾਗੀ ਦੀ ਤਿਆਗ ਸਭ ਖੀਰ ਪੂਰੀ,
ਕੋਧਰੇ ਦੀ ਰੋਟੀ ਜਾ ਕੇ ਲਾਲੋ ਪਾਸ ਖਾਈ ਦਾ ।
ਕੈਸੇ ਵਲ ਨਾਲ ਵਲ ਦੂਰ ਕੀਤਾ ਵਲੀ ਦਾ ਵੀ,
ਇਹੋ ਸੀਗਾ ਭਾਵ ਮਰਦਾਨੇ ਦੀ ਦੁਹਾਈ ਦਾ ।
ਪੰਜੇ ਦੀ ਨਿਸ਼ਾਨੀ ਤੋਂ ਕਹਾਣੀ ਸਭ ਜਾਣੀ ਜਾਂਦੀ,
ਵਲੀਆਂ ਦੇ ਤਾਈਂ ਕਿਵੇਂ ਸਿੱਧੇ ਰਾਹ ਪਾਈ ਦਾ ।
ਵੱਡੀ ਹੋਵੇ ਮਾਨਤਾ ਤੇ ਕਿੰਨਾ ਉਚ ਪੀਰ ਹੋਵੇ,
ਨਫਾ ਸੰਸਾਰ ਨੂੰ ਨਾ ਉਹਦੀ ਉਚਿਆਈ ਦਾ ।
ਬੇਰੀ ਨਾਲੋਂ ਬੇਰ ਫੇਰ ਔਣ ਹੱਥ ਖਾਣ ਲਈ,
ਇਕ ਹੱਥ ਨਾਲ ਜਦੋਂ ਡਾਲੀ ਨੂੰ ਝੁਕਾਈ ਦਾ ।
ਰੋਕ ਕੇ ਪਹਾੜੀ ਕੋਈ ਇਹ ਤਾਂ ਨਹੀਂ ਸੀ ਦੱਸਣਾ, ਕਿ
ਐਡੀ ਵਡੀ ਚੀਜ਼ ਕਿਵੇਂ ਹੱਥ ਤੇ ਟਿਕਾਈ ਦਾ ।
ਦੱਸਣਾ ਤਾਂ ਇਹੋ ਸੀਗਾ, ਉਹੋ ਫੇਰ ਦੱਸ ਦਿੱਤਾ,
'ਵਲੀਆਂ ਦੇ ਤਾਈਂ ਕਿਵੇਂ ਸਿੱਧੇ ਰਾਹ ਪਾਈ ਦਾ' ।
ਸੁਰਤ ਵਾਲਾ ਗੱਡਾ ਤੁਰਤ ਗੱਡ ਜਾਂਦਾ ਗਾਰ ਵਿਚ,
ਭਾਰ ਹੋਵੇ ਹੌਮੈਂ ਦਾ ਜਿ ਦਾਣਾ ਜਿੰਨਾ ਰਾਈ ਦਾ ।
ਆਈ ਜਦੋਂ ਹੌਮੈਂ, ਜਾਣ, ਗਿਆ ਮਾਨ, ਗਈ ਸ਼ਾਨ,
ਫੱਕਾ ਚੁਕਾ ਦੇਂਦੀ ਰਹਿਣ ਨਾਹੀਂ ਵਡਿਆਈ ਦਾ ।
ਵਲੀ ਕੰਧਾਰੀ ਹੰਕਾਰੀ ਦੀ ਸੁਰਤ ਹਾਰੀ,
ਲਾ ਕੇ ਚੋਟ ਕਾਰੀ ਕੀਕੂੰ ਉਹਨੂੰ ਸ਼ਰਮਾਈ ਦਾ ।
ਵਲੀਆਂ ਦਾ ਵਲੀ ਹੀ ਤਾਂ ਭਲੀ ਭਾਂਤ ਦਸੇ ਠੀਕ,
ਵਲੀਆਂ ਦਾ ਵਲ ਕਿਵੇਂ ਕਢ ਕੇ ਵਿਖਾਈ ਦਾ ।
ਵਲ ਵਾਲੇ ਵਲੀ ਤੋਂ ਉਹ ਅੱਲਾ ਵਾਲਾ ਵਲੀ ਬਣੇ,
ਇਕ ਪਾਸੋਂ ਪੁੱਟ ਕਿਵੇਂ ਦੂਜੇ ਬੰਨੇ ਲਾਈ ਦਾ ।
ਪੀਰਾਂ ਦੇ ਵੀ ਪੀਰ ਤੇ ਫਕੀਰਾਂ ਦੇ ਫਕੀਰ ਵੱਡੇ,
ਵਲੀਆਂ ਦੇ ਵਲੀ ਕੰਮ ਕੀਤਾ ਅਗਵਾਈ ਦਾ ।
ਭੋਗੀਆਂ ਦੇ ਭੋਗ ਛੁਡਵਾਏ ਤੇ ਹਟਾਏ ਰੋਗ,
ਅੰਤ ਕੌਣ ਪਾਵੇ ਉਹਦੀ ਕੀਮਤੀ ਦਵਾਈ ਦਾ ।
'ਨਾਨਕ' ਦੇ ਬਿਨਾਂ ਨਾ ਅਨਕ ਜਗ ਜਾਣਦਾ ਹੈ,
ਵਲੀਆਂ ਦੇ ਤਾਈਂ ਕਿਵੇਂ ਸਿੱਧੇ ਰਾਹ ਪਾਈ ਦਾ ।

5. ਨਿਰੰਕਾਰੀ

ਜੱਗ ਜੱਗ ਭੋਗੀ ਸੰਸਾਰੀ ਬਹੁ ਰੋਗੀ ਹੋਏ,
ਭਾਰਤ ਬੀਮਾਰ ਕੀਤਾ ਆਤਮ ਬੀਮਾਰੀ ਨੇ ।
ਖਹਿ ਖਹਿ ਆਪਸ ਦੀ ਪੰਡਤ ਮੌਲਾਣੇ ਸਿਆਣੇ,
ਸਭੀ ਮਸਤਾਨੇ ਕੀਤੇ ਤੱਸਬ ਖੁਮਾਰੀ ਨੇ ।
ਧਰਮ ਦੀ ਜਾਨ ਵਿਚ ਨਹੀਂ ਰਹੀ ਜਾਨ ਜਾਣੋਂ,
ਵੈਦ ਖੁਦ ਰੋਗੀ ਕੋਈ ਕੀਤੀ ਨਹੀਂ ਕਾਰੀ ਨੇ ।
ਧਰਮ ਪ੍ਰਚਾਰਨ ਹਿਤ ਰੋਗਾਂ ਨੂੰ ਟਾਰਨ ਹਿਤ,
ਲੀਤਾ ਅਵਤਾਰ ਗੁਰ ਨਾਨਕ ਨਿਰੰਕਾਰੀ ਨੇ ।

ਠੰਢੇ ਸਭ ਤਾ ਦਿਤੇ, ਭਾਂਬੜ ਮਚਵਾ ਦਿਤੇ,
ਸਾੜ ਕਰ ਸਵਾਹ ਦਿਤੇ, ਦਵੈਤ ਚੰਗਿਆਰੀ ਨੇ ।
ਦਾਤੇ ਨੂੰ ਛੋੜ ਦਿਤਾ, ਦਾਤ ਸੰਗ ਪਿਆਰ ਕੀਤਾ,
ਜ਼ਾਤਾਂ ਕਰਾਮਾਤਾਂ ਵਿਚ ਲੀਨ ਹੰਕਾਰੀ ਨੇ ।
ਥਾਉਂ ਥਾਂ ਉਪਾਸ਼ਨਾ ਦੀ ਵਾਸ਼ਨਾ 'ਚ ਫੱਸਾ ਜਗ,
ਏਕਤਾ ਦੀ ਪ੍ਰੀਤ ਵਾਲੀ ਰੀਤ ਜਾਂ ਵਿਸਾਰੀ ਨੇ ।
ਇਕੋ ਨਿਰੰਕਾਰੀ ਹੀ ਦਾ ਜਾਪ ਜਪਾਵਨ ਹਿਤ,
ਲੀਤਾ ਅਵਤਾਰ ਗੁਰ ਨਾਨਕ ਨਿਰੰਕਾਰੀ ਨੇ ।

6. ਨੂਰ ਦਿਸਿਆ

ਉਹ ਅਣਡਿੱਠ ਹੈ ਕੇਵਲ ਅਨੁਭਵ ਹੁੰਦਾ,
ਜਦੋਂ ਵੇਖਿਆ ਤਦੋਂ ਹੀ ਦੂਰ ਦਿਸਿਆ ।
ਜਿਉਂ ਜਿਉਂ ਵੇਖਿਆ, ਗਿਆ ਨਾ ਵੇਖਿਆ ਉਹ,
ਯਤਨ ਕਰਨ ਵਾਲਾ ਚੂਰ ਚੂਰ ਦਿਸਿਆ ।
ਉਹ ਨੇ ਉਲਟੀਆਂ ਅਖਾਂ ਚੁੰਧਿਆ ਦਿਤੀਆਂ,
ਜਦੋਂ ਤੂਰ ਦੇ ਉਤੋਂ ਜ਼ਹੂਰ ਦਿਸਿਆ ।
ਸਦਾ ਜਿਨਸ ਹਮ ਜਿਨਸ ਦਾ ਮੇਲ ਹੁੰਦਾ,
ਮਾਦੀ ਅੱਖਾਂ ਨੂੰ ਕਦੇ ਨਾ ਨੂਰ ਦਿਸਿਆ ।
ਮਾਰੋ ਅੰਦਰਲੇ ਦੇ ਅੰਦਰ ਝਾਤ ਜੇ ਕਰ,
ਫੇਰ ਵੇਖੋਗੇ ਹਾਜ਼ਰ ਹਜ਼ੂਰ ਦਿਸਿਆ ।
ਜੀਹਦੀਆਂ ਅੱਖਾਂ 'ਚ ਉਸਦਾ ਨੂਰ ਭਰਿਆ,
ਉਹਨੂੰ ਸਭਨੀ ਥਾਈਂ ਭਰਪੂਰ ਦਿਸਿਆ ।
ਉਹ ਸੀ ਨੂਰ ਤੇ ਉਹ ਵੀ ਸੀ ਨੂਰ ਹੀ ਇਕ,
ਹਾਂ ਫਿਰ ਨੂਰ ਨੂੰ ਨੂਰ ਜ਼ਰੂਰ ਦਿਸਿਆ ।
ਤੱਤੇ ਤਵੇ ਤੇ ਰੱਬ ਦਾ ਨੂਰ ਦਿਸਿਆ,
ਨਹੀਂ, ਬਲਦੀ ਨਾਰ ਚੋਂ ਨੂਰ ਦਿਸਿਆ ।

7. ਕੀ ਲਿਖਾਂ

ਮੈਂ ਤਾਂ ਸੋਚਦਾ ਸਾਂ ਬਾਜਾਂ ਵਾਲੜੇ ਲਈ,
ਛੋਟੀ ਜਹੀ ਇਸ ਕਲਮ ਤੋਂ ਕੀ ਲਿਖਾਂ ?
ਉਹਦੇ ਕੰਮ ਵਡੇ ਮੇਰੀ ਸਮਝ ਛੋਟੀ,
ਕੀ ਕੀ ਛੋੜ ਦੇਵਾਂ ਅਤੇ ਕੀ ਲਿਖਾਂ ?
ਖਾਲੀ ਕਹੀ ਜਾਵਾਂ, ਖ਼ਾਲੀ ਕਹੀ ਜਾਵਾਂ,
ਯਾ ਕਿ ਲਿਖਾਂ ? ਤਾਂ ਫੇਰ ਮੈਂ ਕੀ ਲਿਖਾਂ ?
ਪੀਰਾਂ ਪੀਰ ਲਿਖਾਂ ? ਗੁਰੂਆਂ ਗੁਰੂ ਲਿਖਾਂ,
ਵਲੀਆਂ ਵਲੀ ਲਿਖਾਂ ? ਦਸੋ ਕੀ ਲਿਖਾਂ ?
ਉਹ ਤਾਂ ਦੀਨ ਤੇ ਦੁਨੀ ਦਾ ਹੈ ਮਾਲਿਕ,
ਕਿਸੇ ਆਖਿਆ ਵਡਾ ਅਮੀਰ ਲਿਖ ਲੌ ।
ਰਖਿਆ ਉਸਨੇ ਆਪਣੇ ਪਾਸ ਕੁਝ ਨਹੀਂ,
ਏਸ ਵਾਸਤੇ ਉਹਨੂੰ ਫ਼ਕੀਰ ਲਿਖ ਲੌ ।

ਜ਼ਾਲਮ ਅਤੇ ਮਜ਼ਲੂਮ ਦੀ ਜੰਗ ਛਿੜ ਪਈ,
ਉਠਿਆ ਸੂਰਮਾ ਇਕ ਦਰਮਿਆਨ ਵਿਚੋਂ ।
ਦੁਖੀ ਅਤੇ ਦੋਖੀ ਨਾ ਕੋਈ ਰਹਿਣ ਪਾਵੇ,
ਆਈ ਸੱਦ ਇਹ ਉਹਦੀ ਜ਼ਬਾਨ ਵਿਚੋਂ ।
ਜਾਵੇ ਜਾਨ, ਜੇ ਕੌਮ ਦੀ ਜਾਨ ਰਹਿੰਦੀ,
ਲੈਣਾ ਲਾਹ ਕੀ ਹੋਰ ਜਹਾਨ ਵਿਚੋਂ ।
ਤੇਗ ਪਿਤਾ ਦੇ ਸਮੇਂ ਦੀ ਸ਼ਾਂਤ ਪਈ ਸੀ,
ਸਮਾਂ ਬਦਲਿਆ ਕਢੀ ਮਿਆਨ ਵਿਚੋਂ ।
ਕੀਤਾ ਸਾਫ ਮੈਦਾਨ ਤਲਵਾਰ ਫੜਕੇ,
ਏਸ ਲਈ ਤਾਂ ਅਤੀ ਬਲਬੀਰ ਲਿਖੋ ।
ਕਦੇ ਆਪ ਲੜਾਈ ਨੂੰ ਛੇੜਿਆ ਨਹੀਂ,
ਰਾਖਾ ਅਮਨ ਦਾ ਪੀਰ ਗੰਭੀਰ ਲਿਖੋ ।

8. ਸਭ ਦਾ ਪ੍ਰੀਤਮ

ਮੋਏ ਵਿਚ ਜਾਨ ਆਈ
ਆਪੇ ਦੀ ਪਛਾਣ ਆਈ ।
ਪਿਆ ਜੀਹਤੇ ਇਕੋ ਵੇਰ
ਮਿਹਰ ਝਲਕਾਰਾ ਏ ।
ਨੂਰ ਪਿਚਕਾਰੀ ਮਾਰੀ
ਦਿਲ ਵੇਹੜੇ ਨੂਰ ਹੋਏ,
ਚਾਨਣ ਪਸਾਰ ਮੇਟ
ਦਿਤਾ ਅੰਧਕਾਰਾ ਏ ।
ਕਠੇ ਕਰ ਬੀਰਤਾ,
ਗੰਭੀਰਤਾ, ਤਿਆਗ, ਰਾਜ,
ਪ੍ਰੇਮੀਆਂ ਨੂੰ ਪ੍ਰੇਮ-ਰਸ
ਪਾਪੀ ਨੂੰ 'ਦੁਧਾਰਾ' ਏ ।
ਇਕੋ ਭਾਵ ਦੋਹਾਂ ਦਾ,
ਪਛਾਣਿਆਂ ਪਛਾਣ ਆਵੇ ।
ਖੰਡਾ ਵੀ ਦੁਧਾਰਾ
ਮਾਨੋਂ ਪ੍ਰੇਮ-ਰਸ ਧਾਰਾ ਏ ।
ਛੋਹੇ, ਬਸ ਮੋਏ,
ਨਹੀਂ, ਮਰ ਕੇ ਅਮਰ ਹੋਏ,
'ਮੋਏ' ਕਿ 'ਅਮਰ' ਹੋਏ
ਡੂੰਘੀ ਇਹ ਵਿਚਾਰਾ ਏ ।
ਵੈਰੀ ਕੌਣ, ਮੀਤ ਕੌਣ,
ਮਰੇ ਕੌਣ, ਮਾਰੇ ਕੌਣ,
ਸਮਝ ਨਾ ਆਈ ਅਦਭੁਤ
ਇਹ ਨਜ਼ਾਰਾ ਏ ।
ਭੋਲੇ ਲੋਕ ਪੁਛਦੇ
ਪਿਆਰੇ ਦਸਮੇਸ ਜੀ ਨੇ,
ਕਿਹੜੇ ਪਾਸੇ ਹੋ ਕੇ
ਕਿਨ੍ਹਾਂ ਲਈ ਬੰਸ ਵਾਰਾ ਏ ?
ਸਾਰੇ ਪਾਸੇ ਉਸ ਦੇ
ਤੇ ਉਸਦਾ ਨਾ ਪਾਸਾ ਕੋਈ,
ਸਭ ਦਾ ਸਹਾਰਾ ਏ
ਉਹ ਪ੍ਰੀਤਮ ਪਿਆਰਾ ਏ ।

9. ਅਨੰਦ ਪੁਰੀ

ਦੱਸੀਂ ਪੁਰੀ ਅਨੰਦ ਦਿਆ ਵਾਸੀਆ ਵੇ,
ਅਪਨਾ ਸਾਥ ਸਾਰਾ ਕਿੱਥੇ ਛੋੜ ਆਇਓਂ ।
ਜੁੜਿਆ ਲੜੀ ਦੇ ਵਾਂਗ ਪਰਵਾਰ ਸੀਗਾ,
ਮੋਤੀ ਹਾਰ ਚੋਂ ਤੋੜ ਵਿਛੋੜ ਆਇਓਂ ।
ਸੋਹਣੇ ਬਾਗ਼ ਪ੍ਰਵਾਰ ਦੇ ਖੇਤ ਵਿਚੋਂ,
ਫੁੱਲ ਮਹਿਕਦੇ ਕਿੱਥੇ ਤ੍ਰੋੜ ਆਇਓਂ ।
ਕਿੱਥੇ ਮਾਤ ਪਿਆਰੀ ਕਿੱਥੇ ਲਾਲ ਚਾਰੇ,
ਕਿਥੇ ਬਾਜ ਘੋੜਾ ਵਾਗਾਂ ਮੋੜ ਆਇਓਂ ।
ਦਰਸ਼ਨ ਪਤੀ ਦਾ ਪਾਇਕੇ ਮਾਤ ਸੁੰਦਰੀ,
ਕਹਿੰਦੀ ਛੱਡਿਆ ਕਿੱਥੇ ਦੁਲਾਰਿਆਂ ਨੂੰ ।
ਮੇਰੇ ਬੇਟਿਆਂ ਜਿਗਰ ਦੇ ਟੋਟਿਆਂ ਨੂੰ,
ਮੇਰੀ ਅਖ ਦੇ ਚਮਕਦੇ ਤਾਰਿਆਂ ਨੂੰ ।

ਜਿੱਧਰ ਨਜ਼ਰ ਮਾਰਾਂ ਸੱਭੋ ਹੈਨ ਅਪਨੇ,
ਮੇਰ ਤੇਰ ਦਾ ਭੇਦ ਮਿਟਾ ਆਇਆ ।
ਉਹ ਤਾਂ ਕਰਜ਼ ਕਰਤਾਰ ਦਾ ਸਿਰ ਸੀਗਾ,
ਭਾਗਾਂ ਵਾਲੀਏ ਅੱਜ ਮੁਕਾ ਆਇਆ ।
ਹੋਇਆ ਕੀ ਜੇ ਧਰਮ ਦੀ ਆਨ ਬਦਲੇ,
ਚਾਰੇ ਲਾਲ ਅਪਣੇ ਅਸੀਂ ਵਾਰ ਬੈਠੇ ।
ਸਾਈਂ ਵਾਲੀਏ ਮਾਰ ਕੇ ਨਜ਼ਰ ਤਕ ਲੈ,
ਤੇਰੀ ਗੋਦੀ ਵਿਚ ਕਈ ਹਜ਼ਾਰ ਬੈਠੇ ।

ਅਸਾਂ ਸਖ਼ੀ ਫ਼ੱਯਾਜ਼ ਵੀ ਬਹੁਤ ਡਿੱਠੇ,
ਸੁਣੀ ਕਥਾ ਵੀ ਏ ਰਾਜੇ ਰਾਨੀਆਂ ਦੀ ।
ਧਨ ਦੇਣ ਵਾਲੇ ਮਨ ਦੇਣ ਵਾਲੇ,
ਤਨ ਦੇਣ ਵਾਲੇ ਬ੍ਰਹਮ ਗਿਆਨੀਆਂ ਦੀ ।
ਦਿੱਤਾ ਜਾਣਦੇ ਸਭੀ ਕਰਤਾਰ ਦਾ ਜੋ,
ਅਸਾਂ ਲਿਸਟ ਵੇਖੀ ਕਈਆਂ ਦਾਨੀਆਂ ਦੀ ।
ਕਲਗੀ ਵਾਲੜੇ ਗੁਰੂ ਦਾ ਨਾਮ ਲਿਆਂ,
ਹੱਦ ਮੁੱਕ ਜਾਂਦੀ ਕੁਰਬਾਨੀਆਂ ਦੀ ।
ਸੱਕੇ ਬੇਟਿਆਂ ਜਿਗਰ ਦੇ ਟੋਟਿਆਂ ਨੂੰ,
ਜ਼ਿੰਦਾ ਵਿਚ ਨੀਹਾਂ ਚਿਣਵਾਇ ਕਿਹੜਾ ।
ਸਿਹਰੇ ਬੰਨ੍ਹ ਸ਼ਹਾਦਤ ਦੇ ਆਪ ਹੱਥੀਂ,
ਧਰਮ ਹੇਤ ਸ਼ਹੀਦ ਕਰਇ ਕਿਹੜਾ ।

ਸਿਰ ਧਰ ਤਲੀ ਪ੍ਰੇਮ ਦੀ ਗਲੀ ਜਾਣਾ,
ਇਹ ਹੈ ਸਬਕ ਤੇਰਾ ਬਾਜਾਂ ਵਾਲਿਆ ਵੇ ।
ਕੌਮੀ ਪਿਆਰ ਤੇ ਧਰਮ ਦੀ ਅਣੀ ਵਾਲੇ,
ਸਦਾ ਸੀਸ ਦੇ ਕੇ ਇਹਨੂੰ ਪਾਲਿਆ ਵੇ ।
ਫੇਰ ਸਮੇਂ ਦਾ ਸਮੇਂ ਨੇ ਸਮਾਂ ਦਿੱਤਾ,
ਸਿੱਦਕ ਵਾਲਿਆਂ ਨਫ਼ਾ ਉਠਾਲਿਆ ਵੇ ।
ਐਪਰ ਗਿਆ 'ਮੁਸਾਫ਼ਰ' ਨ ਰਾਹ ਉਤੇ,
ਨਾ ਹੀ ਸਫ਼ਰ ਦੇ ਦੁਖ ਨੂੰ ਝਾਲਿਆ ਵੇ ।
ਪਾਵਨ ਦਰਸ ਤੇ ਓਹੀ ਦੀਦਾਰ ਕਰਦੇ,
ਉਠ, ਰਾਹ ਪਿਆਰੇ ਦਾ ਮੱਲਦੇ ਜੋ ।
ਪਹੁੰਚਨ ਵਤਨ ਪਿਆਰੇ ਦੇ ਓਹੀ ਬੰਦੇ,
ਪੀੜਾਂ ਵਿਚ ਮੁਸਾਫ਼ਰੀ ਝੱਲਦੇ ਜੋ ।

10. ਨਿਰਵੈਰ ਯੋਧਾ
(ਭਾਈ ਕਨ੍ਹਈਆ)

ਛਿੜਿਆ ਜੰਗ ਸੀ ਬੜੇ ਘਮਸਾਨ ਵਾਲਾ,
ਆਮ੍ਹੋ ਸਾਹਮਣੇ ਸੂਰਮੇ ਡਟੇ ਪਏ ਸਨ ।
ਲੱਤਾਂ ਟੁੱਟੀਆਂ ਛਾਤੀਆਂ ਫਾਟੀਆਂ ਸਨ,
ਸਿਰ ਕਈਆਂ ਜਵਾਨਾਂ ਦੇ ਫਟੇ ਪਏ ਸਨ ।
ਤੜਪ ਤੜਪ ਕੇ ਦੇਂਵਦੇ ਜਾਨ ਕਈ,
ਸਿਰ ਧੜਾਂ ਤੋਂ ਕਈਆਂ ਦੇ ਕਟੇ ਪਏ ਸਨ ।
ਸੂਹੇ ਸਾਗਰ ਦੀ ਉਪਰਲੀ ਸਤਹ ਉੱਤੇ,
ਮਾਨੋਂ ਲਾਸ਼ਿਆਂ ਤੇ ਲਾਸ਼ੇ ਅਟੇ ਪਏ ਸਨ ।
ਅਧ-ਮੋਇਆਂ ਦੇ ਮੂੰਹੋਂ ਆਵਾਜ਼ ਆਵੇ :
'ਹਾਇ ਹਾਇ ਪਾਣੀ, ਹਾਇ ਹਾਇ ਪਾਣੀ ।
ਕੋਈ ਅਗਲੇ ਲੋਕ ਦੇ ਪਾਂਧੀਆਂ ਨੂੰ,
ਜਾਂਦੀ ਵੇਰ ਦਾ ਆਇ ਪਿਲਾਇ ਪਾਣੀ ।'

ਚਲਦੇ ਤੀਰ ਤੇ ਤੀਰਾਂ ਦੀ ਛਾਉਂ ਹੇਠਾਂ,
ਮਾਨੋ ਸ਼ਾਮ, ਦੁਪਹਿਰ ਨੂੰ ਪਈ ਹੋਈ ਸੀ ।
ਇਕ ਤਾਂ ਜਾਨ ਪਏ ਦੇਂਵਦੇ ਤੀਰ ਖਾ ਕੇ,
ਇਕਨਾਂ ਵੇਖ ਜਾਨੋਂ ਜਾਨ ਗਈ ਹੋਈ ਸੀ ।
ਇਕਨਾਂ ਖਾਇਕੇ ਕਸਮ ਨੂੰ ਤੋੜ ਦਿੱਤਾ,
ਕਸਮ ਸਿਦਕ ਦੀ ਇਕਨਾਂ ਨੇ ਲਈ ਹੋਈ ਸੀ ।
ਇਥੇ ਸੋਚਣੇ ਦੀ ਵਿਹਲ ਕਿਸੇ ਨੂੰ ਨਾ,
ਮਾਰੋ ਮਾਰ ਵਾਲੀ ਰੌਲੀ ਪਈ ਹੋਈ ਸੀ ।
ਮਸ਼ਕ ਮੋਢੇ ਤੇ ਸਿਖ ਦਸ਼ਮੇਸ਼ ਜੀ ਦਾ,
ਬਿਨਾਂ ਵਿਤਕਰੇ ਪਾਣੀ ਪਿਲਾਈ ਜਾਂਦਾ ।
ਤੜਪ ਤੜਪ ਕੇ ਜਿਨ੍ਹਾਂ ਦੀ ਜਾਨ ਜਾ ਰਹੀ,
ਜਾਨ ਉਨ੍ਹਾਂ ਦੀ ਜਾਨ ਵਿਚ ਪਾਈ ਜਾਂਦਾ ।

ਕਿਸੇ ਆਖਿਆ ਜਾਏ ਦਸਮੇਸ਼ ਜੀ ਨੂੰ,
'ਸੱਚੇ ਪਾਤਸ਼ਾਹ ! ਜ਼ਰਾ ਖਿਆਲਿਆ ਜੇ ।
ਮੋਏ ਵੈਰੀਆਂ ਤਾਈਂ ਜਿਵਾਣ ਵਾਲਾ,
ਵੈਰੀ ਵਿਚ ਬੁਕਲ ਤੁਸਾਂ ਪਾਲਿਆ ਜੇ ।
ਵੇਖੋ, ਉਨ੍ਹਾਂ ਨੂੰ ਫੇਰ ਉਠਾਈ ਜਾਂਦਾ,
ਮਾਰ ਜਿਨ੍ਹਾਂ ਨੂੰ ਅਸਾਂ ਨੇ ਢਾਹ ਲਿਆ ਜੇ ।
ਲਿਆਵੇ ਵੈਰੀਆਂ ਤਾਈਂ ਫਿਰ ਹੋਸ਼ ਅੰਦਰ,
ਇਹਨੇ ਆਪਣਾ ਹੋਸ਼ ਭੁਲਾ ਲਿਆ ਜੇ' ।
ਗੁਰਾਂ ਕਿਹਾ, 'ਕਨ੍ਹਈਆ ਜੀ ! ਗੱਲ ਕੀ ਏ ?
ਅਪਣਾ ਅਤੇ ਬਿਗਾਨਾ ਵੀ ਭੁਲ ਗਿਆ ਏ' ?
ਲੱਗਾ ਕਹਿਣ ਅੱਗੋਂ, 'ਤੇਰੀ ਸ਼ਰਨ ਆ ਕੇ,
ਮੈਂ ਤੇ ਭੇਦ ਹਕੀਕਤ ਦਾ ਖੁਲ੍ਹ ਗਿਆ ਏ ।

ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ,
ਤੈਥੋਂ ਬਾਹਰ ਕੋਈ ਨਜ਼ਰ ਆਇਆ ਹੀ ਨਹੀਂ ।
ਜਿੱਥੇ ਚੋਆਂ ਪਾਣੀ ਤੇਰਾ ਮੂੰਹ ਦਿੱਸੇ,
ਕਿਸੇ ਗ਼ੈਰ ਦੇ ਮੂੰਹ ਵਿਚ ਪਾਇਆ ਹੀ ਨਹੀਂ ।
ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ,
ਤੈਂ ਨੇ ਦੂਈ ਦਾ ਪਾਠ ਪੜ੍ਹਾਇਆ ਹੀ ਨਹੀਂ ।
ਇਕ ਹੱਥ ਖੰਡਾ, ਦੂਜੇ ਹੱਥ ਅੰਮ੍ਰਿਤ,
ਕਿਸੇ ਹੋਰ ਨੇ ਏਦਾਂ ਪਿਲਾਇਆ ਹੀ ਨਹੀਂ' ।
ਸੁਣ ਕੇ ਗੁਰੂ ਜੀ ਬੋਲ : ਬਹਾਦਰੀ ਇਹ,
ਇਸੇ ਅਮਲ ਦੇ ਨਾਲ ਸਮਝਾ ਦਿਆ ਕਰ' ।
ਡੱਬੀ ਹੱਥ ਦੇ ਕੇ ਛਾਤੀ ਨਾਲ ਲਾਇਆ,
ਕਿਹਾ, ' ਫੱਟਾਂ ਤੇ ਮਲ੍ਹਮ ਵੀ ਲਾ ਦਿਆ ਕਰ' ।

11. ਬਾਣੀ

ਦਾਅਵਾ, ਕਿ ਹੈ ਇਹ ਸਭ ਦੀ
ਇਜ਼ਤ ਤੇ ਸ਼ਾਨ ਬਾਣੀ ।
ਸਭ ਦੇ ਪਰਾਣ ਬਾਣੀ
ਸਭ ਦੀ ਏ ਜਾਨ ਬਾਣੀ ।
ਸੁਚ, ਵਰਤ, ਨੇਮ, ਸੰਜਮ,
ਤੀਰਥ-ਸ਼ਨਾਨ ਬਾਣੀ ।
ਜਪ, ਤਾਪ, ਪਾਠ, ਪੂਜਾ,
ਦਾਨਾਂ ਦਾ ਦਾਨ ਬਾਣੀ ।
ਸਾਰੇ ਜਹਾਂ ਦੀ ਜੀਵਨ
ਅਕਸੀਰ ਨੂੰ ਛੁਪਾਇਆ ।
ਡਬੀ ਜ਼ਬਾਨ ਦੀ ਵਿਚ
ਹੀਰੇ ਤਈਂ ਲੁਕਾਇਆ ।
ਸਭਨਾਂ ਦੀ ਚੀਜ਼ ਸਾਂਝੀ,
ਕੰਮ ਸਾਰਿਆਂ ਦੇ ਆਵੇ ।
ਸਭਨਾਂ ਹੀ ਬੋਲੀਆਂ ਵਿਚ,
ਰੰਗ ਆਪਣਾ ਵਖਾਵੇ ।
ਐਸੀ ਇਹ ਦਾਤ ਰੱਬੀ,
ਖਰਚੋ ਤਾਂ ਥੁੜ੍ਹ ਨਾ ਜਾਵੇ ।
ਆਪਣਾ ਸਿਧਾਂਤ ਪਰਗਟ,
ਇਹ ਖੋਲ੍ਹ ਕੇ ਸੁਣਾਵੇ:-
'ਸਫਲਾ ਉਸੇ ਦਾ ਪੈਂਡਾ,
ਸਫਲਾ ਉਸੇ ਦਾ ਆਇਆ ।
ਹੈ ਨਾਮ ਜਿਸ 'ਮੁਸਾਫ਼ਿਰ',
ਜਪਿਆ ਅਤੇ ਜਪਾਇਆ ।

12. ਬਾਣੀ ਧਨ

ਖੁਲ੍ਹ-ਦਿਲਿਆਂ ਦੇ ਵਾਂਗੂੰ ਵੰਡੇ
ਖੁਲ੍ਹ ਖਰਚੇ ਖੁਲ੍ਹ ਖਾਵੇ,
ਐਸਾ ਧਨ ਮਿਲਿਆ ਗੁਰਸਿਖ ਨੂੰ,
ਜਿਸ ਦੀ ਤੋਟ ਨ ਆਵੇ ।

ਸਾਂਭ ਰਖਣ ਤੋਂ ਭਾਵ, ਅਦਬ ਸੀ,
ਪਰ ਉਲਟੀ ਇਸ ਸਮਝੀ,
ਭੁਖ ਨਾਲ ਲੱਖਾਂ ਪਏ ਤਰਸਣ,
ਵਰਤੇ ਨਾ ਵਰਤਾਵੇ ।

13. ਸੰਤ

ਕਿਸੇ ਕਪੜੇ ਲਾਹ ਸੁਆਹ ਮਲੀ,
ਕਿਸੇ ਸਾਧ ਸਦਵਾਇਆ ਨੰਗ ਹੋ ਕੇ ।
ਕਿਸੇ ਕਾਰ ਵਿਹਾਰ ਤੋਂ ਬਚਣੇ ਲਈ,
ਕਿਸੇ ਖਰਚ ਦੇ ਦੁਖ ਤੋਂ ਤੰਗ ਹੋ ਕੇ ।
ਕਿਸੇ ਸਮਝਿਆ ਇਹੋ ਹੀ ਸੰਤਤਾਈ,
ਤੁਰੇ ਫਿਰੀਏ ਸਿਰਫ਼ ਮਲੰਗ ਹੋ ਕੇ ।
ਕਿਸੇ ਜਾਣਿਆਂ ਜੱਗ ਦੇ ਧੰਦਿਆਂ ਨੂੰ,
ਦਈਏ ਛਡ ਤੇ ਰਹੀਏ ਨਿਸ਼ੰਗ ਹੋ ਕੇ ।
ਭੁਲੇ ਫਿਰਨ ਸਾਰੇ, ਪਤਾ ਕਿਸੇ ਨੂੰ ਨਹੀਂ,
ਇਹ ਸੰਤ ਪਦਵੀ ਕਿਵੇਂ ਪਾਈਦਾ ਏ ।
ਕਰੇ ਸਾਧ ਦੀ ਵਿਯਾਖਯਾ ਗੁਰੂ ਬਾਣੀ,
"ਆਪਾ ਵਾਰ ਕੇ ਸੰਤ ਸਦਾਈਦਾ ਏ" ।

ਸਭੋ ਕੁਝ ਛਡਿਆ ਤਾਂ ਵੀ ਕੀ ਛਡਿਆ,
ਜੇਕਰ ਛੱਡਿਆ ਦਿਲ ਚੋਂ ਚਾਹ ਨੂੰ ਨਹੀਂ ।
ਘਰ ਬਾਰ ਤੇ ਕਾਰ ਵਿਹਾਰ ਛਡਿਆ,
ਦਿਲੋਂ ਛਡਿਆ ਤੋਟੇ ਤੇ ਲਾਹ ਨੂੰ ਨਹੀਂ ।
ਛਡੇ ਸਾਕ ਕਬੀਲੇ ਤੇ ਪੁਤ ਧੀਆਂ,
ਫਿਰ ਵੀ ਛਡਿਆ ਉਹ ਤੇ ਆਹ ਨੂੰ ਨਹੀਂ ।
ਉਹਨੇ ਕਿਸੇ ਦੀ ਤਪਤ ਮਿਟਾਉਣੀ ਕੀ,
ਜੀਹਨੇ ਦਿਲੋਂ ਬੁਝਾਇਆ ਭਾਹ ਨੂੰ ਨਹੀਂ ।
ਜੋ ਬੇਚਾਹ ਹੋ ਕੇ ਪਹਿਲਾਂ ਛਡ ਦੇਵੇ,
ਫੇਰ ਫਿਰੇ ਕਹਿੰਦਾ, 'ਆਹ ਚਾਹੀਦਾ ਏ' ।
ਸਭੋ ਮਾਲ ਦੌਲਤ ਵਾਰ ਦੇਣ ਤੇ ਨਹੀਂ,
"ਆਪਾ ਵਾਰ ਕੇ ਸੰਤ ਸਦਾਈਦਾ ਏ" ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ